

ਸਿੱਖਾਂ ਵਿੱਚ ‘ਆਰਤੀ’ ਦਾ ਪ੍ਰਚਲਿਤ ਢੰਗ : ਗੁਰਮਤਿ ਸਿਧਾਂਤਾਂ ਵਿੱਚ ਬ੍ਰਾਹਮਣਵਾਦੀ ਪ੍ਰਦੂਸ਼ਣ ਦਾ ਪ੍ਰਤੱਖ ਪਰਮਾਣ (ਦੂਜਾ ਅਤੇ ਅੰਤਮ ਭਾਗ)
- ਰਵਿੰਦਰ ਸਿੰਘ ਪਿੰਜੌਰ -
ਲੜੀ ਜੋੜਨ ਲਈ ਪਿਛਲਾ ਅੰਕ ਪੜ੍ਹੋ ਜੀ
ਵਾਪਿਸ ਪਰਤਦੇ ਹਾਂ ਅਪਣੇ ਮੁੱਖ ਵਿਸ਼ੇ ਪ੍ਰਚਲਿਤ ਸਿੱਖ ਆਰਤੀ ਵੱਲ। ਇਥੋਂ ਤੱਕ ਦੀ ‘ਆਰਤੀ’ ਉਸ ਸਮੇਂ ਤੱਕ ਦੀ ਪ੍ਰਚਲਿਤ ਸਿੱਖ ਆਰਤੀ ਹੋਵੇਗੀ ਜਦੋਂ ਤੱਕ ਗੁਰਦੁਆਰਿਆਂ ਉੱਪਰ (ਹਮਦਰਦ ਬਣ ਕੇ) ਬ੍ਰਾਹਮਣਵਾਦੀ ਸੋਚ ਵਾਲੀ ਪੁਜਾਰੀ (ਅਨੇਕਾਂ ਨਾਵਾਂ ਹੇਠ) ਸ਼੍ਰੇਣੀ ਕਾਬਜ਼ ਹੋਣਾ ਸ਼ੁਰੂ ਹੋ ਗਈ ਸੀ। ਆਮ ਸਿੱਖ ਤਾਂ ਉਸ ਸਮੇਂ ਸਮਕਾਲੀ ਸਰਕਾਰਾਂ ਦੇ ਜ਼ਾਲਮ ਰਵੱਯੇ ਕਾਰਨ ਘਰ-ਘਾਟ ਛੱਡ ਕੇ ਜੰਗਲਾਂ, ਬੀਆਬਾਨਾਂ, ਪਹਾੜਾਂ ਆਦਿ ਵਿਚ ਰੁਪੋਸ਼ ਜ਼ਿੰਦਗੀ ਜਉਿਣ ਲਈ ਮਜ਼ਬੂਰ ਸੀ। ਇਸ ਮਜ਼ਬੂਰੀ ਦਾ ਪੂਰਾ ਫਾਇਦਾ ਇਸ ਬ੍ਰਾਹਮਣਵਾਦੀ ਪੁਜਾਰੀ ਸ਼੍ਰੇਣੀ ਨੇ ਉਠਾਇਆ। ਇਸੇ ਸਮੇਂ ਸਿੱਖ ਸਮਾਜ ਨੇ ਤੋਤਾਰਟਨੀਆਂ ਅਤੇ ਅੰਨ੍ਹੀ ਸ਼ਰਧਾ ਵਾਲੀ ਰੂਚੀ ਵੱਲ ਵਧਨਾ ਸ਼ੁਰੂ ਕੀਤਾ। ਇਸੀ ਦੌਰਾਨ ਬ੍ਰਾਹਮਣਵਾਦੀ (ਨਾਨਕਵਾਦ ਦੀ ਦੁਸ਼ਮਨ) ਸ਼ਕਤੀਆਂ ਵਲੋਂ ਸਿੱਖ ਸਮਾਜ ਦੇ ਵਿਹੜੇ ਵਿਚ ਖੰਡ ਵਿਚ ਲਪੇਟੇ ਜ਼ਹਿਰ ਵਾਂਗੂ ਬ੍ਰਾਹਮਣਵਾਦੀ ਲਿਖਤਾਂ ਸੁਟੀਆਂ ਗਈਆਂ। ਇਹੋ ਜਿਹੀ ਇਕ ਲਿਖਤ ਸੀ ‘ਬਚਿਤ੍ਰ ਨਾਟਕ’ ਜਿਸ ਨੇ ਸਿੱਖ ਸਮਾਜ ਦੀ ਜੀਵਨ ਜਾਚ ਨੂੰ ਗੁਰਮਤਿ ਨਾਲੋਂ ਤੋੜਣ ਵਿਚ ਬਹੁਤ ਵੱਡਾ ਰੋਲ ਅਦਾ ਕੀਤਾ। ਇਸ ਨੂੰ ਦਸਵੇਂ ਨਾਨਕ ਜੀ ਦੀ ਰਚਨਾ ਕਹਿ ਕੇ ਪ੍ਰਚਾਰਿਆਂ ਗਿਆ। ਵਿਸ਼ਵਾਸ ਦਿਲਾਉਣ ਲਈ ਇਹ ਝੂਠਾ ਪ੍ਰਾਪੇਗੰਡਾ ਕੀਤਾ ਗਿਆ ਕਿ ਇਸ ਗ੍ਰੰਥ ਦਾ ਸੰਕਲਨ ਭਾਈ ਮਨੀ ਸਿੰਘ ਜੀ ਨੇ ਕੀਤਾ ਹੈ। ਨਾਲ ਹੀ ਅੰਨ੍ਹੀ ਸ਼ਰਧਾ ਦਾ ਫਾਇਦਾ ਉਠਾਉਣ ਖਾਤਿਰ ਇਸ ਦਾ ਨਾਂ ਬਦਲ ਕੇ ‘ਦਸਮ ਗ੍ਰੰਥ’ ਰੱਖ ਦਿਤਾ ਗਿਆ।
ਗੱਲ ਚਲ ਰਹੀ ਸੀ ਪ੍ਰਚਲਿਤ ਆਰਤੀ ਦੀ। ਇਸ ਸਮੇਂ ਗੁਰਦੁਆਰਿਆਂ ਉਪਰ ਬ੍ਰਾਹਮਣਵਾਦੀ ਤਾਕਤਾਂ ਦੇ ਏਜੰਟ ‘ਪੁਜਾਰੀ’ ਪੂਰੀ ਤਰਾਂ ਕਾਬਜ਼ ਹੋ ਗਏ ਸਨ। ਇਹਨਾਂ ਆਰਤੀ ਵਿਚਲੇ ਸ਼ਬਦਾਂ ਨਾਲ ਦਸਮ ਗ੍ਰੰਥ ਦੀਆਂ ਕੁਝ ਕੱਚੀਆਂ ਰਚਨਾਵਾਂ ਵੀ ਸ਼ਾਮਿਲ ਕਰ ਦਿਤੀਆਂ। ਇਹ ਰਚਨਾਵਾਂ ਹਨ : ਚੰਡੀ ਚਰਿਤ੍ਰ ਵਿਚੋਂ ਦੋ ਸਵੱਯੇ, ਕ੍ਰਿਸ਼ਨਾਵਤਾਰ ਦਾ ਇਕ ਬੰਦ, ਰਾਮਾ ਅਵਤਾਰ ਦਾ ਇਕ ਬੰਦ, ਪ੍ਰਚਲਿਤ
ਨਿਤਨੇਮ ਵਿੱਚ ਬੇਨਤੀ ਚੌਪਈ ਤੋਂ ਬਾਅਦ ਪੜਿਆ ਜਾਂਦਾ ਇਕ ਦੋਹਰਾ, ਦਸਮ ਗ੍ਰੰਥ ਵਿਚੋਂ ਹੀ ਇਕ ਹੋਰ ਦੋਹਰਾ ਅਤੇ ਪ੍ਰਚਲਿਤ ਨਿਤਨੇਮ ਦੀ ਰਚਨਾ ‘ਜਾਪ’ ਦਾ ਆਖਰੀ ਬੰਦ। ਜ਼ਰੂਰੀ ਨਹੀ ਕਿ ਦਸਮ ਗ੍ਰੰਥ ਦੀਆਂ ਇਹ ਕੱਚੀਆਂ ਰਚਨਾਵਾਂ ਇਕੋ ਸਮੇਂ ਹੀ ਪ੍ਰਚਲਿਤ ਆਰਤੀ ਨਾਲ ਜੋੜ ਦਿਤੀਆਂ ਗਈਆਂ ਹੋਣ। ਹੋ ਸਕਦਾ ਹੈ ਇਹ ਰਚਨਾਵਾਂ ਸਮੇਂ ਅਨੁਸਾਰ ਹੌਲੀ- ਹੌਲੀ ਨਾਲ ਜੋੜੀਆਂ ਹੋਣ। ਜੋ ਵੀ ਹੈ, ਇਤਨਾ ਤਾਂ ਸਪਸ਼ਟ ਹੈ ਕਿ ਇਹ ਰਚਨਾਵਾਂ ਗੁਰਮਤਿ ਦੀ ਖੰਡਨਾ ਕਰਨ ਵਾਲੀਆਂ ਹਨ। ਇਹਨਾਂ ਦੀ ਵਾਰੀ-ਵਾਰੀ ਸੰਖੇਪ ਵਿਚਾਰ ਕਰ ਲੈਣੀ ਵੀ ਵਾਜ਼ਿਬ ਹੋਵੇਗੀ।
1) ਪਹਿਲੇ ਦੋ ਸਵੱਯੇ ‘ਚੰਡੀ ਚਰਿਤ੍ਰ’ ਨਾਮਕ ਰਚਨਾ ਵਿਚੋਂ ਹਨ। ਇਹ ਹਨ :
(ਉ) ਯਾਤੇ ਪ੍ਰਸੰਨਿ ਭਏ ਹੈ ਮਹਾਮੁਨਿ ਦੇਵਨ ਕੇ ਤਪ ਮੈ ਸੁਖ ਪਾਵੈਂ।
ਝਗ ਕਰੈ ਇਕ ਬੇਦ ਰਰੈ ਭਵਤਾਪ ਹਰੈ ਮਿਲਿ ਧਿਆਨਹਿ ਲਾਵੈਂ।
ਝਾਲਰ ਤਾਲ ਮ੍ਰਿਦੰਗ ਉਪੰਗ ਰਬਾਬ ਲੀਏ ਸੁਰ ਸਾਜ ਮਿਲਾਵੈਂ।
ਕਿੰਨਰ ਗੰਧ੍ਰਬ ਗਾਨ ਕਰੈ ਗਨਿ ਜੱਛ ਅਪੱਛਰ ਨਿਰਤ ਦਿਖਾਵੈਂ।
(ਅ) ਸੰਖਨ ਕੀ ਧੁਨਿ ਘੰਟਨਿ ਕੀ ਕਰਿ ਫੂਲਨ ਕੀ ਬਰਖਾ ਬਰਖਾਵੈ।
ਆਰਤੀ ਕੋਟ ਕਰੈ ਸੁਰ ਸੁੰਦਰ ਪੇਖ ਪੁਰੰਦਰ ਕੇ ਬਲਿ ਜਾਵੈਂ।
ਦਾਨਤ ਦੱਛਨ ਦੈ ਕੇ ਪ੍ਰਦੱਛਨ ਭਾਲ ਮੈ ਕੁੰਕਮ ਅੱਛਤ ਲਾਵੈਂ।
ਹੋਤ ਕੁਲਾਹਲ ਦੇਵਪੁਰੀ ਮਿਲਿ ਦੇਵਨ ਕੇ ਕੁਲਿ ਮੰਗਲਿ ਗਾਵੈਂ।
ਚੰਡੀ ਚਰਿਤ੍ਰ ਵਿਚ ਮਿਥਿਹਾਸਕ ਦੇਵੀ ਦੁਰਗਾ ਦੇ ਦੈਂਤਾਂ ਨਾਲ ਯੁੱਧ ਦਾ ਵਰਨਣ ਹੈ। ਇਹ ਰਚਨਾ ਪੂਰੀ ਤਰਾਂ ਗੁਰਮਤਿ-ਵਿਰੋਧੀ ਹੈ। ਵਿਚਾਰ ਅਧੀਨ ਸਵੱਯੇ ਇਸ ਮਿਥਿਹਾਸਕ ਕਥਾ ਅਨੁਸਾਰ ਉਸ ਸਮੇਂ ਦਾ ਵਰਨਣ ਕਰਦੇ ਹਨ ਜਦੋਂ ਦੁਰਗਾ ਨੇ ਮਹਿਂਖਾਸੁਰ ਦੈਂਤ ਨੂੰ ਮਾਰ ਕੇ ਇੰਦਰ ਨੂੰ ਦੁਬਾਰਾ ਰਾਜ ਗੱਦੀ ਦਾ ਤਿਲਕ ਲਗਾਇਆ।ਉਸ ਵੇਲੇ ਦੇਵਤਿਆਂ ਵਲੋਂ ਖੁਸ਼ੀਆਂ ਮਨਾਈਆਂ ਗਈਆਂ, ਨਿਰਤ ਕੀਤੇ ਗਏ। ਨਾਲ ਹੀ ਦੇਵਤਿਆਂ ਵਲੋਂ ਦੁਰਗਾ ਦੇਵੀਂ ਦੀ ਆਰਤੀ ਉਤਾਰੀ ਗਈ। ਇਹ ਦੋਵੇਂ ਸਵੱਯੇ ਦੇਵੀ ਪੂਜਾ ਨਾਲ ਸੰਬੰਧਿਤ ਹਨ ਜਿਸ ਦਾ ਗੁਰਮਤਿ ਨਾਲ ਕੋਈ ਦੂਰ ਦਾ ਵੀ ਲੈਣਾ ਦੇਣਾ ਨਹੀਂ ਹੈ। ਗੁਰਮਤਿ ਦੀ ਕਸਵੱਟੀ ਤੇ ਪਰਖਿਆਂ ਦੋਨੋਂ ਸਵੱਯੇ ਗੁਰਮਤਿ ਤੋਂ ਉਲਟ ਸਾਬਿਤ ਹੁੰਦੇ ਹਨ। ਵੈਸੇ ਤਾਂ ਪੂਰਾ ਚੰਡੀ ਚਰਿਤ੍ਰ (ਦਸਮ ਗ੍ਰੰਥ ਦੀਆਂ ਬਾਕੀ ਰਚਨਾਵਾਂ ਵਾਂਗੂ) ਹੀ ਗੁਰਮਤਿ ਦੇ ਉਲਟ ਹੈ। ਗੁਰਬਾਣੀ ਅਜਿਹੇ ਦੇਵੀ- ਦੇਵਤਿਆਂ ਬਾਰੇ ਸਮਝਾਉਂਦੀ ਹੈ :
ਦੇਵੀ ਦੇਵਾ ਮੂਲਿ ਹੈ ਮਾਇਆ।।
- - -
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ।।
ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ।।
ਭਾਵ ਇਨ੍ਹਾਂ ਦੇਵੀ-ਦੇਵਤਿਆਂ ਦੀ (ਕਾਲਪਨਿਕ) ਉਤਪਤੀ ਮਨੁੱਖ ਦੇ ਲਾਲਚ, ਡਰ ਆਦਿਕ ਮਾਇਆ ਕਾਰਨ ਹੋਈ ਹੈ ਅਤੇ ਇਹਨਾਂ ਦੀ ਪੂਜਾ ਪਾਣੀ ਉਤੇ ਪੱਥਰ ਤਰਾਉਣ ਦੀ ਕੋਸ਼ਿਸ਼ ਵਰਗਾ ਵਿਅਰਥ ਕੰਮ ਹੈ।
2) ਉਸ ਤੋਂ ਬਾਅਦ ਦਸਮ ਗ੍ਰੰਥ ਦੀ ਇਕ ਰਚਨਾ ਚੌਬੀਸ ਅਵਤਾਰ ਦੇ ਭਾਗ ‘ਕ੍ਰਿਸ਼ਨਾਵਤਾਰ’ ਵਿਚੋਂ ਲਿਆ ਇਕ ਬੰਦ ਹੈ। ਉਹ ਹੈ :
‘ਹੇ ਰਵਿ ਹੇ ਸਸਿ ਹੇ ਕਰੁਣਾਨਿਧ ਮੇਰੀ ਅਬੈ ਬਿਨਤੀ ਸੁਨ ਲੀਜੈ।।
ਔਰ ਨ ਮਾਂਗਤ ਹਉ ਤੁਮ ਤੇ ਕਛੁ ਚਾਹਤ ਹੋਂ ਚਿਤ ਮੈਂ ਸੋਈ ਕੀਜੈ।।
ਸ਼ਸਤ੍ਰਨ ਸੋਂ ਅਤਿ ਰਣ ਭੀਤਰ ਜੂਝ ਮਰੋਂ ਤਊ ਸਾਚ ਪਤੀਜੈ।।
ਸੰਤ ਸਹਾਇ ਸਦਾ ਜਗ ਮਾਇ ਕਿਰਪਾ ਕਰ ਸਯਾਮ ਇਹੈ ਬਰ ਦੀਜੈ।।
ਇਹ ਕਵੀ ਸਯਾਮ ਦੀ ਰਚਨਾ ਹੈ। ਕ੍ਰਿਸ਼ਨਾਵਤਾਰ ਕਵੀ ਸਯਾਮ ਦੀ ਰਚਨਾ ਹੈ ਜਿਸ ਵਿਚ ਅਸ਼ਲੀਲਤਾ ਅਤੇ ਬ੍ਰਾਹਮਣਵਾਦੀ ਅੰਸ਼ ਬਹੁਤ ਭਾਰੂ ਹਨ। ਕਵੀ ਸਯਾਮ ਚੰਡੀ ਅਤੇ ਮਹਾਂਕਾਲ ਦਾ ਪੁਜਾਰੀ ਸਾਕਤ ਮੱਤ ਦਾ ਕਵੀ ਸੀ। ਇਸ ਬੰਦ ਵਿੱਚ ਵੀ ਚੰਡੀ ਨੂੰ ਜਗਤ ਮਾਤਾ ਦੱਸ ਕੇ ਉਸ ਤੋਂ ਵਰ ਮੰਗ ਰਿਹਾ ਹੈ। ਜੋ ਗੁਰਮਤਿ ਸਿਧਾਂਤਾਂ ਦੀ ਸ਼ਰੇਆਮ ਵਿਰੋਧਤਾ ਹੈ। ਸਿਰਫ ਜੁੱਧ ਵਿਚ ਜੂਝਣ ਵਾਲੀ ਗੱਲ ਪੜ ਕੇ ਕੁਝ ਭੁਲੜ ਤੇ ਨਾਸਮਝ ਵੀਰ ਇਸ ਬੰਦ ਦੇ ਗੁਰਮਤਿ ਅਨੁਸਾਰੀ ਹੋਣ ਦਾ ਭੁਲੇਖਾ ਖਾ ਲੈਂਦੇ ਹਨ।
3) ਉਸ ਤੋਂ ਅਗਲਾ ਸਵੈਯਾ ਚੌਬੀਸ ਅਵਤਾਰ ਦੀ ਇਕ ਭਾਗ ‘ਰਾਮ ਅਵਤਾਰ’ ਵਿਚੋਂ ਲਿਆ ਗਿਆ ਹੈ। ਇਹ ਵੀ ਕਵੀ ਸਯਾਮ ਦੀ ਰਚਨਾ ਹੈ। ਇਹ ਸਵੈਯਾ ਪੰਥ ਦੀ ਨਾਸਮਝੀ, ਅਨਗਹਿਲੀ ਜਾਂ ਮਜ਼ਬੂਰੀਆਂ ਕਾਰਨ ‘ਸਿੱਖ ਰਹਿਤ ਮਰਿਯਾਦਾ’ ਬਣਾਉਣ ਵੇਲੇ ਨਿਤਨੇਮ ਦਾ ਹਿੱਸਾ ਰਹਿਨ ਦਿਤਾ ਗਿਆ। ਉਪਰੀ ਨਜ਼ਰ ਨਾਲ ਵੇਖਿਆਂ ਇਸ ਦੇ ਅਰਥ ਗੁਰਮਤਿ ਅਨੁਸਾਰੀ ਲਗਦੇ ਹਨ। ਪਰ ਜੇ ਪੂਰੀ ਰਚਨਾ (ਜਿਸ ਵਿਚੋਂ ਇਹ ਲਿਆ ਗਿਆ ਹੈ) ਵਿਚਾਰੀਏ ਤਾਂ ਇਹ ਗੁਰਮਤਿ ਤੋਂ ਉਲਟ ਸਾਬਿਤ ਹੋ ਜਾਂਦਾ ਹੈ। ਇਹ ਸਵੈਯਾ ਹੈ :
ਪਾਇ ਗਹੇ ਜਬ ਦੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨਯੋ।।
ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨਯੋ।।
ਸਿੰਮ੍ਰਿਤ ਸਾਸਤ੍ਰ ਬੇਦ ਸਬੈ ਬਹੁ ਭੇਦ ਕਹੈ ਹਮ ਏਕ ਨ ਜਾਨਯੋ।।
ਸ੍ਰੀ ਅਸਪਾਨ ਕ੍ਰਿਪਾ ਤੁਮਰੀ ਕਰਿ ਮੈ ਨ ਕਹਯੋ ਸਭ ਤੋਹਿ ਬਖਾਨਯੋ।।
ਅਸਲ ਗੱਲ ਇਹ ਹੈ ਕਿ ਬ੍ਰਾਹਮਣੀ ਮੱਤ ਵਿਚ ਬਹੁਤ ਵਿਰੋਧਾਭਾਸ ਹੈ। ਉਨ੍ਹਾਂ ਦੇ ਫਿਰਕੇ ਵੀ ਅਨੇਕਾਂ ਹਨ। ਹਰ ਇਕ ਫਿਰਕੇ ਦੇ ਮੁੱਖ ਇਸ਼ਟ ਵੀ ਅਲਗ-ਅਲਗ ਹਨ। ਜਦ ਕੋਈ ਇਕ ਫਿਰਕੇ ਨਾਲ ਸੰਬੰਧਿਤ ਕਵੀ ਲਿਖਦਾ ਹੈ ਤਾਂ ਉਹ ਅਪਣੇ ‘ਇਸ਼ਟ’ ਨੂੰ ਸਰਬ ਸ਼ਕਤੀਮਾਨ ਦਸਦਾ ਹੈ ਅਤੇ ਬਾਕੀ ਮਿਥਹਾਸਿਕ ਦੇਵੀ ਦੇਵਤਿਆਂ, ਅਵਤਾਰਾਂ ਨੂੰ ਨਖਿੱਧ ਜਾਂ ਤੁੱਛ ਵਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਸਯਾਮ ਕਵੀ ਮਹਾਂ ਕਾਲ ਦਾ ਉਪਾਸਕ ਹੈ। ਤਾਂ ਹੀ ਇਸ ਸਵੱਯੇ ਵਿਚ ਉਸਨੇ ਮਹਾਂ ਕਾਲ ਦੇ ਖੜਗ ਧਾਰੀ ਸਰੂਪ ਨੂੰ ਬਾਕੀ ਦੇਵਤਿਆਂ, ਅਵਤਾਰਾਂ ਤੋਂ ਸ਼੍ਰੋਮਣੀ ਦਸਿਆ ਹੈ।
ਨਿਤਨੇਮ ਦਾ ਹਿੱਸਾ ਬਣ ਜਾਨ ਕਾਰਨ ਧੱਕੇ ਨਾਲ ਹੀ ਜ਼ਿਆਦਾਤਰ ਵਿਆਖਿਆਕਾਰਾਂ ਨੇ ਇਥੇ ‘ਅਸਿਪਾਨ’ ਦਾ ਮਾਇਨਾ ‘ਵਾਹਿਗੁਰੂ’ ਕਰ ਦਿਤਾ ਹੈ।
4) ਇਸ ਤੋਂ ਅੱਗੇ ਦਸਮ ਗ੍ਰੰਥ ਦਾ ਹੀ ਇਕ ਦੋਹਰਾ ਦਰਜ ਕੀਤਾ ਗਿਆ ਹੈ ਜੋ ਪ੍ਰਚਲਿਤ ਨਿਤਨੇਮ ਵਿਚ ਬੇਨਤੀ ਚੌਪਈ ਤੋਂ ਬਾਅਦ ਉਪਰ ਵਾਲੇ ਸਵੱਯੇ (ਪਾਇ ਗਏ ਜਬ ਤੇ ਤੁਮਰੇ) ਤੋਂ ਬਾਅਦ ਪੜਿਆ ਜਾਂਦਾ ਹੈ। ਇਹ ਦੋਹਰਾ ਹੈ :
ਸਗਲ ਦੁਆਰ ਕੋ ਛਾਡਿ ਕੇ ਗਹਿਉ ਤੁਹਾਰੋ ਦੁਆਰ।
ਬਾਂਹਿ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ।
ਨਾਲ ਹੀ ਦਸਮ ਗ੍ਰੰਥ ਦਾ ਹੀ ਇਕ ਦੋਹਰਾ ਹੋਰ ਵੀ ਜੋੜਿਆ ਗਿਆ ਹੈ। ਉਹ ਹੈ :
ਐਸੇ ਚੰਡ ਪ੍ਰਤਾਪ ਤੇ ਦੇਵਨਿ ਬਡਿਉ ਪ੍ਰਤਾਪ।
ਤੀਨ ਲੋਕ ਜੈ ਜੈ ਕਰੇ ਰਰੈ ਨਾਮ ਸਤਿ ਜਾਪਿ।
ਇਥੇ ਪਹਿਲੇ ਦੋਹੇ ਵਿਚ ਕਵੀ ਨੇ ਭੁਲੇਖਾ ਪਾਉਣ ਵਾਸਤੇ ‘ਗੋਬਿੰਦ’ ਪਦ ਵਰਤ ਲਿਆ ਹੈ ਤਾਂ ਕਿ ਇਹ ਦਸਵੇਂ ਪਾਤਸ਼ਾਹ ਦੀ ਰਚਨਾ ਜਾਪੇ। ਦੂਜੇ ਦੋਹੇ ਵਿੱਚ ਫਿਰ ਉਹੀ ਦੇਵੀ-ਦੇਵਤਿਆਂ ਵਲੋਂ ਜੈ- ਜੈਕਾਰ ਦਾ ਜ਼ਿਕਰ ਹੈ ਜੋ ਗੁਰਮਤਿ ਸਿਧਾਂਤਾਂ ਦੇ ਉਲਟ ਹੈ।
5) ਪ੍ਰਚਲਿਤ ਆਰਤੀ ਦੇ ਅੰਤ ਵਿਚ ਜੋੜਿਆ ਗਿਆ ਬੰਦ ਦਸਮ ਗ੍ਰੰਥ ਦੀ ਇਕ ਰਚਨਾ ‘ਜਾਪ’ (ਜੋ ਪ੍ਰਚਲਿਤ ਨਿਤਨੇਮ ਦਾ ਵੀ ਹਿੱਸਾ ਹੈ। ਇਹ ਬੰਦ ਹੈ :
ਚਤ੍ਰ ਚਕ੍ਰ ਵਰਤੀ ਚਤ੍ਰ ਚਕ੍ਰ ਭੁਗਤੇ।
ਸੁਯੰਭਵ ਸੁਭੰ ਸਰਬ ਦਾ ਸਰਬ ਜੁਗਤੇ।
ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ।
ਸਦਾ ਅੰਗ ਸੰਗੇ ਅਭੰਗੰ ਬਿਭੁਤੇ।
ਤੱਤ ਗੁਰਮਤਿ ਨਾਲ ਸੰਬੰਧਿਤ ਕਈ ਲੇਖਕਾਂ ਨੇ ਦਲੀਲਾਂ ਅਤੇ ਖੋਜ ਨਾਲ ਇਹ ਸਾਬਿਤ ਕਰ ਦਿਤਾ ਹੈ ਕਿ ਦਸਮ ਗ੍ਰੰਥ ਦੀ ਕੋਈ ਵੀ ਰਚਨਾ ਗੁਰੂ ਕ੍ਰਿਤ ਨਹੀਂ ਹੈ। ਨਾਲ ਹੀ ਦਸਮ ਗ੍ਰੰਥ ਦੀਆਂ 99× ਰਚਨਾਵਾਂ ਗੁਰਮਤਿ ਸਿਧਾਂਤਾਂ ਤੋਂ ਉਲਟ ਹਨ। ਦਿਲਚਸਪ ਗੱਲ ਇਹ ਹੈ ਕਿ ਜਿਥੇ ਦਸਮ ਗ੍ਰੰਥ ਦੇ ਰਚਨਹਾਰਿਆਂ ਨੇ ਇਸ ਨੂੰ ‘ਗੁਰੂ ਗੁਰੂ ਗ੍ਰੰਥ’ ਜੀ ਦੇ ਬਰਾਬਰ ਸਾਈਜ਼ ਦੇ ਦਿਤਾ (ਗੁਰੂ ਗ੍ਰੰਥ, 1428 ਪੰਨੇ ਆਖਰੀ ਦੋ ਪੰਨੇ ਰਾਗਮਾਲਾ ਹੈ, ਜੋ ਗੁਰਬਾਣੀ ਨਹੀ ਹੈ। ਦਸਮ ਗ੍ਰੰਥ -1428 ਪੰਨੇ)। ਉਸੀ ਤਰਜ਼ ਤੇ ਇਸ ਪ੍ਰਚਲਿਤ ਆਰਤੀ ਵਿਚ ਵੀ ਗੁਰੂ ਗ੍ਰੰਥ ਸਾਹਿਬ (ਸੱਚੀ ਬਾਣੀ) ਅਤੇ ਦਸਮ ਗ੍ਰੰਥ (ਕੱਚੀ ਬਾਣੀ) ਦਾ ਵੀ ਸਾਈਜ਼ ਕਰੀਬ ਕਰੀਬ ਬਰਾਬਰ ਹੀ ਹੈ।
ਉਪਰੋਕਤ ਵਿਚਾਰ ਉਪਰੰਤ ਸਪਸ਼ਟ ਹੋ ਗਿਆ ਕਿ ਇਸ ਪ੍ਰਚਲਿਤ ਸਿੱਖ ਆਰਤੀ ਵਿਚ ਵਰਤੇ ਜਾਂਦੇ ਦਸਮ ਗ੍ਰੰਥ ਦੇ ਪਦ ਗੁਰਮਤਿ ਸਿਧਾਂਤਾਂ ਦੇ ਖਿਲਾਫ ਹਨ। ਹੋ ਸਕਦਾ ਹੈ ਇਸ ਮਿਲਾਵਟ ਦੇ ਵਿਰੁਧ ਕੁਝ ਅਵਾਜ਼ਾਂ ਉਠੀਆਂ ਹੋਵਨ ਪਰ ਵਿਰੋਧ ਸ਼ਾਇਦ ਬਹੁਤ ਤਿੱਖਾ ਨਹੀਂ ਸੀ। ਕਾਰਨ ਗੁਰ ਅਸਥਾਨਾਂ ਤੇ ਕਾਬਜ਼ ਬ੍ਰਾਹਨਵਾਦੀ ਸੋਚ ਪੁਜਾਰੀਆਂ ਸੋਚ ਵਾਲੇ ਪੁਜਾਰੀਆਂ ਨੇ ਆਮ ਸਿੱਖਾਂ ਨੂੰ ਗੁਰਬਾਣੀ ਵਿਚਾਰ ਤੋਂ ਹਟਾ ਕੇ ਤੋਤਾ ਰਟਨੀਆਂ, ਗੁਰਮਤਿ ਵਿਰੋਧੀ ਕਰਾਮਾਤੀ ਸਾਖੀਆਂ ਦੀ ਕਥਾ ਅਤੇ ਅੰਨ੍ਹੀ ਸ਼ਰਧਾ ਆਦਿ ਦੇ ਜਾਲ ਵਿਚ ਫਸਾ ਦਿਤਾ ਸੀ। ਬਾਕੀ ਰਹਿੰਦੀ ਸਹਿੰਦੀ ਕਸਰ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ (ਕਹਿਲਾਉਂਦੇ) ਰਾਜ ਵੇਲੇ ਪੂਰੀ ਹੋ ਗਈ। ਉਸਨੇ ਖਾਲਸਾਈ ਰਵਾਇਤਾਂ ਅਪਨਾਉਣ ਦੀ ਥਾਂ ਬ੍ਰਾਹਮਣਵਾਦੀ ਸੋਚ ਵਾਲੇ ਲੋਕਾਂ ਨੂੰ ਆਪਣੇ ਸਲਾਹਕਾਰ ਨਿਯੁਕਤ ਕਰ ਲਿਆ ਸੀ ਜਿਸ ਦਾ ਇਕ ਵੱਡਾ ਕਾਰਨ ਪੁਤਰ ਮੋਹ ਸੀ। ਤਾਂ ਹੀ ਉਸ ਸਮੇਂ ਤੱਕ ਸਿੱਖ ਸਮਾਜ ਦਾ ਸਿਧਾਂਤਕ ਪੱਧਰ ਇਤਨਾ ਗਿਰ ਗਿਆ ਸੀ ਕਿ ਆਮ ਕੇਸਾਧਾਰੀ ਹਿੰਦੂ ਦਾ ਹੀ ਰੂਪ ਸੀ। ਵਿਆਹ ਵੇਲੇ ਬੇਦੀ ਦੇ ਫੇਰੇ ਲਏ ਜਾਂਦੇ ਸਨ। ਸਿੱਖਾਂ ਵਿਚ ਸਾਰੇ ਬ੍ਰਾਹਮਨੀ ਕਰਮਕਾਂਡ ਅਤੇ ਅੰਧ ਵਿਸ਼ਵਾਸ ਪ੍ਰਚਲਿਤ ਹੋ ਚੁਕੇ ਸਨ। ਇਹ ਵੀ ਕਿਹਾ ਜਾਂਦਾ ਸੀ ਕਿ ਮਹਾਰਾਜਾ ਆਪ ਹਰ ਕੰਮ ਜੋਤਸ਼ੀ ਦੀ ਸਲਾਹ ਲੈ ਕੇ ਕਰਦਾ ਸੀ।
ਸਿੱਖ ਭੇਖ ਵਾਲੇ ਬ੍ਰਾਹਮਣਵਾਦੀ ਪੁਜਾਰੀਆਂ ਨੇ ਜਦ ਵੇਖਿਆ ਕਿ ਪ੍ਰਚਲਿਤ ਆਰਤੀ ਵਿਚ ਕੱਚੀਆਂ ਰਚਨਾਵਾਂ ਰਲਾਉਣ ਤੇ ਵੀ ਜ਼ਿਆਦਾ ਵਿਰੋਧ ਨਹੀ ਹੋਇਆ ਤਾਂ ਉਹਨਾਂ ਦੇ ਹੌਸਲੇ ਬਹੁਤ ਵੱਧ ਗਏ। ਹੁਣ ਉਹਨਾਂ ਨੇ ਅਗਲਾ ‘ਸਿਧਾਂਤ ਮਾਰੂ’ ਕਦਮ ਚੁਕਿਆ। ਉਹਨਾਂ ਨੇ ਸ਼ਾਮ ਵੇਲੇ ਪ੍ਰਚਲਿਤ ਆਰਤੀ ਕਰਦੇ ਸਮੇਂ ਟੱਲ ਖੜਕਾ ਕੇ, ਦੀਵੇ ਬਾਲ ਕੇ, ਕੇਸਰ ਆਦਿ ਦਾ ਟਿੱਕਾ ਲਾ ਕੇ, ਥਾਲ ਘੁਮਾ ਕੇ, ਫੁਲਾਂ ਦੀ ਬਰਖਾ ਆਦਿ ਰਾਹੀਂ ‘ਆਰਤੀ’ ਕਰਨੀ ਸ਼ੁਰੂ ਕਰ ਦਿਤੀ ਗਈ। ਗੁਰਦੁਆਰੇ ਨੂੰ ਬ੍ਰਾਹਮਨੀ ਮੰਦਿਰ ਦਾ ਰੂਪ ਦੇ ਦਿਤਾ ਗਿਆ। ਆਮ ਸਿੱਖ ਤਾਂ ਤੋਤਾ ਰਟਨੀਆਂ, ਅੰਨ੍ਹੀ ਸ਼ਰਧਾ ਦੀ ਨੀਂਦਰ ਸੁਤਾ ਪਿਆ ਸੀ (ਹੁਣ ਵੀ ਸੁਤਾ ਪਿਆ ਹੈ)। ਜਿਸ ਆਰਤੀ ਖੰਡਨ ਵਾਲੇ ਸ਼ਬਦ ਰਾਹੀਂ ਬ੍ਰਾਹਮਣੀ ਆਰਤੀ ਦਾ ਖੰਡਨ ਕਰਵਾਇਆ ਗਿਆ ਸੀ, ਉਸੇ ਸ਼ਬਦ ਨੂੰ ਪੜ੍ਹਦੇ ਹੋਏ ਆਮ ਸਿੱਖ ਉਹੀ ਬ੍ਰਾਹਮਣੀ ਆਰਤੀ ਕਰਨ ਲਗ ਪਿਆ। ਇਸ ਤੋਂ ਵੱਡਾ ਧ੍ਰੋਹ ਗੁਰੂ ਨਾਲ ਹੋਰ ਕੀ ਹੋ ਸਕਦਾ ਹੈ? ਹਾਲਾਤ ਇਥੋਂ ਤੱਕ ਬੱਦਤਰ ਹੋ ਗਏ ਕਿ ਸਮੇਤ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਜ਼ਿਆਦਾਤਰ ਗੁਰਦੁਆਰਿਆਂ ਵਿਚ ਦੇਵੀ-ਦੇਵਤਿਆਂ ਦੀ ਮੂਰਤੀਆਂ ਰੱਖ ਕੇ ਪੂਜਾ ਸ਼ੁਰੂ ਕਰ ਦਿਤੀ ਗਈ। ਸਿੱਖ ਸਮਾਜ ਵਾਪਿਸ ਉਸੀ ਹਾਲਤ ਵਿਚ ਪਹੁੰਚ ਗਿਆ ਜਿਥੋਂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਸੀ।
ਪਹਿਲੀ ਵਾਰੀ ਨਿਰੰਕਾਰੀ ਲਹਿਰ ਰਾਹੀਂ ਬਾਬਾ ਦਿਆਲ ਜੀ ਨੇ ਇਸ ਸਿਧਾਂਤਕ ਗਿਰਾਵਟ ਨੂੰ ਠੱਲ ਪਾਉਣ ਦੀ ਹਿੰਮਤ ਕੀਤੀ। ਪਰ ਪੁਜਾਰੀਆਂ ਅਤੇ ਅਗਿਆਨ ਕਾਰਨ ਅੰਨ੍ਹੇ ਹੋਏ ਆਮ ਸਿੱਖਾਂ ਨੇ ਉਹਨਾਂ ਦਾ ਬਾਈਕਾਟ ਕੀਤਾ। ਨਾਲ ਹੀ ਸਿੱਖ ਵਿਰੋਧੀ ਸ਼ਕਤੀਆਂ ਦੀ ਸਾਜਿਸ਼ਾਂ ਕਾਰਨ ਇਹ ਲਹਿਰ ਵੀ ਕੁਝ ਸਮੇਂ ਬਾਅਦ ਸਿਧਾਂਤਾਂ ਤੋਂ ਟੁਟ ਕੇ ਦੇਹਧਾਰੀ ਗੁਰੂਡੰਮ ਦੇ ਖਾਰੇ ਸਮੁੰਦਰ ਵਿਚ ਗਰਕ ਹੋ ਗਈ। ਦੁਜਾ ਵੱਡਾ ਜਤਨ ਸਿੰਘ ਸਭਾ ਲਹਿਰ ਵੇਲੇ ਹੋਇਆ। ਇਸ ਲਹਿਰ ਵਲੋਂ ਸਿਧਾਂਤਕ ਦ੍ਰਿੜਤਾ ਵਾਸਤੇ ਕਾਫੀ ਕੰਮ ਕੀਤਾ ਗਿਆ। ਪਰ ਪੁਜਾਰੀਆਂ ਅਤੇ ਉਹਨਾਂ ਦੇ ਹਥਠੋਕਿਆਂ ਨੇ ਇਹਨਾਂ ਵਿਚੋਂ ਕੁਝ ਵਿਦਵਾਨਾਂ ਦੇ ਬਾਈਕਾਟ (ਛੇਕਣ) ਦਾ ਡਰਾਮਾ ਕੀਤਾ। ਇਸ ਲਹਿਰ ਦਾ ਮੁੱਖ ਕੰਮ ਇਹ ਸੀ ਕਿ ਇਹਨਾਂ ਨੇ ਜ਼ਿਆਦਾਤਰ ਗੁਰਦੁਆਰਿਆਂ ਵਿਚੋਂ ਮੂਰਤੀਆਂ ਚੁਕਵਾ ਦਿਤੀਆਂ। ਨਾਲ ਹੀ ਜ਼ਿਆਦਾਤਰ ਗੁਰਦੁਆਰਿਆਂ ਵਿਚੋਂ ਥਾਲ ਘੁਮਾ ਕੇ ਕੀਤੀ ਜਾਂਦੀ ਆਰਤੀ ਬੰਦ ਕਰਵਾ ਦਿਤੀ। ਪਰ ਕਈਂ ਡੇਰੇਦਾਰਾਂ ਅਤੇ ਪੰਜਾਬ ਤੋਂ ਦੂਰ ਗੁਰਦੁਆਰਿਆਂ (ਹਜ਼ੂਰ ਅਤੇ ਪਟਨਾ ਸਾਹਿਬ ਆਦਿ) ਨੇ ਬ੍ਰਾਹਮਣਵਾਦੀ ਪ੍ਰਭਾਵ ਕਾਰਨ ਇਸ ਕਰਮਕਾਂਡੀ ਮਨਮੱਤ ਨੂੰ ਨਹੀਂ ਤਿਆਗਿਆ। ਦੁਜੀ ਗੱਲ ਸਿੰਘ ਸਭਾ ਲਹਿਰ ਵੇਲੇ ਬੇਸ਼ਕ ਥਾਲ ਘੁਮਾ ਕੇ ਆਰਤੀ ਕਰਨਾ ਬੰਦ ਹੋ ਗਿਆ ਪਰ ਕੱਚੀਆਂ ਰਚਨਾਵਾਂ ਦੀ ਮਿਲਾਵਟ ਵਾਲੀ ਆਰਤੀ ਪੜਨਾ ਬੰਦ ਨਹੀਂ ਹੋਇਆ। ਅੱਜ ਵੀ 95× ਗੁਰਦੁਆਰਿਆਂ (ਸਮੇਤ ਕਈ ਇਤਿਹਾਸਕ ਗੁਰਦੁਆਰਿਆਂ ਦੇ) ਇਹ ਮਿਲਗੋਭਾ ‘ਆਰਤੀ’ ਬੇਰੋਕਟੋਕ ਪੜੀ ਜਾ ਰਹੀ ਹੈ। ਕੁਝ ਦੋਸ਼ ਉਹਨਾਂ ਰਾਗੀਆਂ, ਕੀਰਤਨੀਆਂ ਦਾ ਵੀ ਹੈ ਜੋ ਬਿਨਾ ਸਮਝੇ ਵਿਚਾਰੇ ਇਸ ਦੀ ਤੋਤਾ ਰਟਨੀ ਕਰੀ ਜਾ ਰਹੇ ਹਨ। ਨਾਲ ਹੀ ਉਹ ਪ੍ਰਕਾਸ਼ਕ ਵੀ ਘੱਟ ਦੋਸ਼ੀ ਨਹੀਂ ਜਿਹੜੇ ਸਭ ਕੁਝ ਸਮਝਦੇ ਬੁਝਦੇ ਇਸ ਮਿਲਗੋਭੇ ਨੂੰ ਛਾਪੀ ਜਾ ਰਹੇ ਹਨ। ਮੌਜੂਦਾ ਸਮੇ ਵਿਚ ਵੀ ਤੱਤ ਗੁਰਮਤਿ ਦੇ ਕਈ ਪ੍ਰਵਾਨੇ ਇਹਨਾਂ ਮਨਮਤਾਂ ਦੇ ਖਿਲਾਫ ਪ੍ਰਚਾਰ ਵਿਚ ਲਗੇ ਹੋਏ ਹਨ। ਉਹਨਾਂ ਵਿਚੋਂ ਕਈਂ ਉਪਰ ਤਾਂ ਪੁਜਾਰੀਆਂ ਦੀ ਛੇਕਨ ਵਾਲਾ ਨਜ਼ਲਾ ਗਿਰ ਚੁਕਿਆ ਹੈ।
ਉਪਰੋਕਤ ਵਿਚਾਰ ਉਪਰੰਤ ਸਪਸ਼ਟ ਹੈ ਕਿ ਸਿੱਖ ਸਮਾਜ ਵਿਚ ਪ੍ਰਚਲਿਤ ਆਰਤੀ ਇਕ ਸਿਧਾਂਤਕ ਮਿਲਗੋਭਾ ਰਚਨਾ ਹੈ। ਪਰ ਫੇਰ ਵੀ ਜ਼ਿਆਦਾਤਰ ਸਿੱਖ ਗਿਆਨ ਦੀਆਂ ਅੱਖਾਂ ਅਤੇ ਕੰਨ ਬੰਦ ਕਰਕੇ ਇਸ ਉਤੇ ਝੁਮਦੇ ਵੇਖੇ ਜਾ ਸਕਦੇ ਹਨ। ਕਾਰਨ ਸਿਰਫ ਇਕ ਹੈ ਕਿ ਉਹ ਗੁਰਬਾਣੀ ਨੂੰ ਸਮਝਨ ਵਿਚਾਰਨ ਦੀ ਚੀਜ਼ ਨਹੀ ਸਮਝਦੇ ਬਲਕਿ ਸਿਰਫ ਕੰਨ ਰਸ ਵਾਸਤੇ ਕੀਰਤਨ ਸੁਣਦੇ ਹਨ ਜਾਂ ਫੇਰ ਤੋਤਾ ਰਟਨੀ ਵਾਂਗੂ ਪਾਠ ਕਰਦੇ ਹਨ। ਤਾਂ ਹੀ ਉਹਨਾਂ ਨੂੰ ਕੋਈ ਕੀਰਤਨ ਜਾਂ ਕਥਾ ਦੇ ਨਾਂ ਉਪਰ ਚਾਹੇ ਕਿਤਨੀ ਵੀ ਗੁਰਮੱਤਿ ਵਿਰੋਧੀ ਅਤੇ ਊਲ ਜਲੂਲ ਵਿਚਾਰ ਸੁਣਾ ਜਾਵੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ (ਵਿਰਲੀਆਂ ਜਾਗਰੂਕ ਰੂਹਾਂ ਨੂੰ ਛੱਡ ਕੇ)।
ਇਸ ਨਿਰਾਸ਼ਾਜਨਕ ਹਾਲਾਤ ਨੂੰ ਤਾਂ ਹੀ ਮੋੜਾ ਪਾਇਆ ਜਾ ਸਕਦਾ ਹੈ ਜੇ ਸਿੱਖ ਸਮਾਜ ਵਿਚ ਗੁਰਬਾਣੀ ਨੂੰ ਸਮਝਣ ਵਿਚਾਰਨ ਦਾ ਰੁਝਾਣ ਪੈਦਾ ਕੀਤਾ ਜਾ ਸਕੇ। ਨਾਲ ਹੀ ਇਹ ਵੀ ਯਾਦ ਰੱਖੋ ਨਾਨਕ ਸਾਹਿਬ ਨੇ ਧਰਮ ਵਿਚ ਪੁਜਾਰੀ ਸ਼੍ਰੇਣੀ ਦੀ ਹੋਂਦ ਨੂੰ ਮਾਰੂ ਦਸਿਆ ਸੀ। ਇਹ ਵੀ ਸੱਚ ਹੈ ਕਿ ਸਿੱਖਾਂ ਵਿਚ ਸਿਧਾਂਤਕ ਗਿਰਾਵਟ ਦੀ ਸ਼ੁਰੂਆਤ ਤਾਂ ਹੋਈ ਜਦੋਂ ਇਸ ਵਿਚ ਪੁਜਾਰੀ ਸ਼੍ਰੇਣੀ (ਪੂਜਾ ਦੇ ਧਨ ਤੇ ਪਲਣ ਵਾਲੀ) ਪਨਪਨਾ ਸ਼ੁਰੂ ਹੋਈ। ਵਾਪਿਸ ਗੁਰਮਤਿ ਦੇ ਰਾਹ ਤੇ ਜਾਉਣ ਵਿਚ ਵੀ ਤਾਂ ਹੀ ਕਾਮਯਾਬ ਹੋ ਸਕਾਂਗੇ ਜੇ ਸਿੱਖ ਧਰਮ ਵਿਚੋਂ ਪੁਜਾਰੀ ਸ਼੍ਰੇਣੀ ਦੀ ਹੋਂਦ ਨੂੰ ਖਤਮ ਕਰਨ ਦੇ ਉਪਰਾਲੇ ਕਰ ਸਕੀਏ। ਤਾਂ ਹੀ ਸਿੱਖ ਸਮਾਜ ਦਾ ਖਹਿੜਾ ਸਿਧਾਂਤਕ ਮਿਲਗੋਭਾ ਰੂਪੀ ਪ੍ਰਚਲਿਤ ਆਰਤੀ ਸਮੇਤ ਸਾਰੇ ਬ੍ਰਾਹਮਣਵਾਦੀ ਕਰਮਕਾਂਡਾਂ ਤੋਂ ਛੁਟ ਸਕਦਾ ਹੈ। ਤਾਂ ਹੀ ਅਸੀ ਨਾਨਕ ਸਾਹਿਬ ਜੀ ਦੇ ਸੱਚੇ ਸਿੱਖ ਕਹਿਲਾਉਣ ਲਾਇਕ ਹੋਵਾਂਗੇ। ਸਾਡੇ ਕੋਲ ਅਗਵਾਈ ਵਾਸਤੇ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਸੱਚ ਦੇ ਗਿਆਨ ਰੂਪੀ ਗੁਰੂ ਹੈ ਪਰ ਜੇ ਅਸੀਂ ਅਗਵਾਈ ਲੈਣਾ ਹੀ ਨਾ ਚਾਹੀਏ ਤਾਂ ਇਹ ਉਹੀ ਗੱਲ ਹੈ ਜਿਸ ਬਾਰੇ ਗੁਰਵਾਕ ਹੈ :
ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜੋ ਸਿਖਾ ਮਹਿ ਚੂਕ।।
ਅੰਧੇ ਏਕ ਨਾ ਲਾਗਈ ਜਿਉ ਬਾਂਸ ਬਜਾਈਐ ਫੂਕ।।
(1372)
ਪ੍ਰਚਲਿਤ ਸਿੱਖ ਆਰਤੀ ਦੇ ‘ਸਿਧਾਂਤਕ ਮਿਲਗੋਭੇਪਨ’ ਬਾਰੇ ਪੰਥ ਦੇ ਪ੍ਰਸਿੱਧ ਵਿਦਵਾਨ ਭਾਈ ਕਾਨ ਸਿੰਘ ਜੀ ਨਾਭਾ ਦੀ ਟਿੱਪਣੀ ਨਾਲ ਲੇਖ ਸਮਾਪਤ ਕਰਦੇ ਹਾਂ। ਉਹ ਗੁਰਮੱਤਿ ਮਾਰਤੰਡ ਭਾਗ ਪਹਿਲਾ ਦੇ ਪੰਨਾ 70 ਉਪਰ ਲਿਖਦੇ ਹਨ ੱਸਿੱਖ ਨਿਯਮਾਂ ਤੋਂ ਅਗਿਆਤ ਕਈਂ ਸਿੱਖ ਭਾਈ ਦੀਵੇ ਮਚਾ ਕੇ ਆਰਤੀ ਕਰਦੇ ਅਤੇ ਚੰਡੀ ਚਰਿਤ੍ਰ ਦਾ ਸਵੈਯਾ ‘ਸੰਖਨ ਕੀ ਧੁਨਿ ਘੰਟਨ ਕੀ ਕਰਿ ਫੂਲਨ ਕੀ ਬਰਖਾ ਬਰਖਾਵੈ’ ਪੜ ਕੇ ਸੰਖ ਵਜਾਉਂਦੇ, ਘੰਟੇ ਖੜਕਾਉਂਦੇ ਹੋਏ ਫੁਲ ਬਰਸਾਉਂਦੇ ਹਨ, ਜੋ ਦੇਵਤਿਆਂ ਵਲੋਂ ਕੀਤੀ ਦੁਰਗਾ ਦੀ ਆਰਤੀ ਦੀ ਨਕਲ ਹੈ। ਇਸੇ ਸਫੇ ਤੇ ਭਾਈ ਸਾਹਿਬ ਅੱਗੇ ਲਿਖਦੇ ਹਨ - ਅਸੀਂ ਹੈਰਾਨ ਹਾਂ ਉਹਨਾਂ ਭਾਈਆਂ ਦੀ ਬੁੱਧਿ ਪਰ, ਜੋ ਮੂਹੋਂ ਦੀਵਿਆਂ ਦੀ ਆਰਤੀ ਦਾ ਖੰਡਨ ਰੂਪ ਸ਼ਬਦ ਪੜਦੇ ਹਨ ਅਤੇ ਹੱਥਾਂ ਨਾਲ ਦੀਵੇ ਬਾਲ ਕੇ ਘੁਮਾਉਂਦੇ ਹਨ ਅਰਥਾਤ ਗੁਰੂ-ਸ਼ਬਦ ਵਿਰੁਧ ਕ੍ਰਿਆ ਕਰਦੇ ਹਨ।
popularised, sikh, aarti, arti, distorted, version, addition, anti-gurmat, poetry, brahminism, dasam granth, guru granth sahib, original aarti, guru nanak, final part, author, ravinder singh pinjore