

ਪੰਜਾਬ ਦੇ ਸਿੱਖਾਂ ਦੇ ਪਤਨ ਵਿੱਚ ‘ਜੱਟਵਾਦੀ’ ਮਾਨਸਿਕਤਾ ਦੀ ਭੂਮਿਕਾ
- ਅਜਮੇਰ ਸਿੰਘ -
ਪੰਜਾਬ ਦੇ ਜੱਟ ਭਾਈਚਾਰੇ ਦੀ ਮੁੱਢ-ਜਾਤ ਬਾਰੇ ਕਈ ਤਰ੍ਹਾਂ ਦੀਆਂ ਮਨੌਤਾਂ ਪ੍ਰਚਲਿਤ ਹਨ। ਵੱਧ ਭਾਰੂ ਵਿਚਾਰ ਇਹ ਹੈ ਕਿ ਇਸਦੇ ਵੱਡੇ-ਵੱਡੇਰੇ ਮੱਧ ਏਸ਼ੀਆ ਦੇ ‘ਹੂਨ’ ਅਤੇ ‘ਸਿਥੀਅਨ’ ਨਾਂ ਦੇ ਖ਼ਾਨਾਬਦੋਸ਼ ਕਬੀਲਿਆਂ ਨਾਲ ਤਾਲੁੱਕ ਰਖਦੇ ਸਨ, ਜਿਨ੍ਹਾਂ ਨੇ ਇਸ ਖਿੱਤੇ ਅੰਦਰ ਆਰਿਯਾਈ ਲੋਕਾਂ ਦੀ ਆਮਦ ਤੋਂ ਕਾਫੀ ਚਿਰ ਬਾਅਦ ਨਿਵਾਸ ਕਰਨਾ ਸ਼ੁਰੂ ਕੀਤਾ। ਕਿਉਂਕਿ ਇਨ੍ਹਾਂ ਕਬੀਲਿਆਂ ਦਾ ਕੋੲ ਪੱਕਾ ਠਿਕਾਣਾ ਨਹੀਂ ਸੀ ਅਤੇ ਉਨ੍ਹਾਂ ਦਾ ਜੀਵਨ ਨਿਰਬਾਹ ਜ਼ਿਆਦਾ ਕਰਕੇ ਮਾਰ-ਧਾੜ ਉੱਤੇ ਹੀ ਟਿਕਿਆ ਹੋਇਆ ਸੀ, ਇਸ ਕਰਕੇ ਦਲੇਰੀ ਤੇ ਲੜਾਕਪਣ ਇਨ੍ਹਾਂ ਦੇ ਖੂਨ ਵਿੱਚ ਹੀ ਘੁਲ-ਮਿਲ ਗਿਆ ਸੀ। ਉਨ੍ਹਾਂ ਦਾ ਨੰਬਰ ਸੰਸਾਰ ਦੇ ਨਾਮੀ ਮੁਹਿੰਮਬਾਜ਼ ਤੇ ਮਾਰ-ਖੋਰੇ ਟੋਲਿਆਂ ਵਿੱਚ ਆਉਂਦਾ ਹੈ। ਸਮਝਿਆ ਜਾਂਦਾ ਹੈ ਕਿ ਉਨ੍ਹਾਂ ਨੇ ਉਨ੍ਹਾਂ ਤੋਂ ਪਹਿਲਾਂ ਆਬਾਦ ਹੋਏ ਆਰਿਯਾਈ ਲੋਕਾਂ ਨੂੰ ਖਦੇੜ ਕੇ ਗੰਗਾ ਕੇ ਮੈਦਾਨ ਵੱਲ ਧੱਕ ਦਿੱਤਾ ਅਤੇ ਇਸ ਖਿੱਤੇ ਅੰਦਰ ਪੱਕੇ ਠਿਕਾਣੇ ਮਲ ਕੇ ਖੇਤੀ ਦਾ ਧੰਦਾ ਸ਼ੁਰੂ ਕਰ ਦਿੱਤਾ। ਇਸੇ ਵਜ਼੍ਹਾ ਕਰਕੇ ਗੰਗਾ ਦੇ ਮੈਦਾਨ ਵਿੱਚ ਬ੍ਰਾਹਮਣ ਪੁਜਾਰੀਵਾਦ ਦੇ ਅਸਰ ਹੇਠ ਪੈਦਾ ਹੋਏ ਸਭਿਆਚਾਰ ਦਾ ਬਾਹਰਲੇ ਹੋਰਨਾਂ ਕਿਸਾਨ ਭਾਈਚਾਰਿਆਂ ਉੱਤੇ ਦੇਖਣ ਨੂੰ ਮਿਲਦਾ ਹੈ। ਪੰਜਾਬੀ ਕਿਸਾਨ ਕਾਫੀ ਹੱਦ ਤਕ, ਅਤੇ ਕਾਫੀ ਦੇਰ ਤਕ, ਇਸ ਸਭਿਆਚਾਰ ਨਾਲੋਂ ਨਿਖੜਿਆ ਰਿਹਾ ਹੈ। ਕਬਾਇਲੀ ਨਮੂਨੇ ਦੀ ਆਰਥਕ ਤੇ ਭਾਈਚਾਰਕ ਬਣਤਰ ਤੇ ਪੰਜਾਬੀ ਪੇਂਡੂ ਕਿਸਾਨ ਸਪਿਰਟ ਭਰ ਦਿੱਤੀ, ਉਹ ਪੰਜਾਬੀ ਜੱਟ ਕਿਸਾਨ ਦੇ ਆਚਾਰ ਦਾ ਉਘੜਵਾਂ ਲੱਛਣ ਹੋ ਗੁਜ਼ਰੀ ਹੈ। ਉਸਦੇ ਸੁਭਾਅ ਤੇ ਆਚਰਨ ਦਾ ਦੂਜਾ ਅਹਿਮ ਲੱਛਣ ਸ਼ਖ਼ਸੀਅਤ ਪ੍ਰਸਤੀ ਹੈ। ਅਰਥਾਤ ਉਹ ਹੱਦ ਦਰਜੇ ਦਾ ਵਿਅਕਤੀਵਾਦੀ ਹੈ। ਆਮ ਤੌਰ ’ਤੇ ਜੱਟ ਉਹੀਓ ਕੁਝ ਕਰਦਾ ਹੈ, ਜੋ ਉਸ ਨੂੰ ਆਪ ਨੂੰ ਚੰਗਾ ਲੱਗਦਾ ਹੈ। ਇਸਦੇ ਹੋਰਨਾਂ ਦੀ ਜ਼ਿੰਦਗੀ ਉੱਤੇ ਪੈਣ ਵਾਲੇ ਪਰਭਾਵਾਂ ਦੀ ਉਸਨੂੰ ਬਹੁਤੀ ਪਰਵਾਹ ਨਹੀਂ ਹੁੰਦੀ। ਨਾ ਉਹ ਇਸ ਵਿੱਚ ਕਿਸੇ ਦਾ ਦਖ਼ਲ ਸਹਿਣ ਕਰਦਾ ਹੈ। ਉਸ ਵਿੱਚ ਭਰਪੂਰ ਸਵੈ-ਭਰੋਸਾ, ਜੋ ਅਕਸਰ ਘਮੰਡ ਦਾ ਰੂਪ ਧਾਰਨ ਕਰ ਲੈਂਦਾ ਹੈ, ਕਮਾਲ ਦਾ ਉੱਦਮ ਅਤੇ ਲੋਹੜੇ ਦੀ ਪਹਿਲ-ਕਦਮੀ ਹੈ। ਸੋ ਜਿੱਥੇ ਲੀਡਰਾਂ ਦੀ ਅਗਵਾਈ ਉਡੀਕੇ ਬਿਨਾਂ ਵਿਅਕਤੀਗਤ ਪਹਿਲ-ਕਦਮੀ ਤੇ ਉੱਦਮ ਦੀ ਲੋੜ ਹੈ, ਉੱਥੇ ਉਹ ਪੂਰਾ ਕਾਮਯਾਬ ਹੈ। ਪਰ ਜਿੱਥੇ ਕਾਮਯਾਬੀ ਲਈ ਚਿੰਤਨ ਅਤੇ ਜੱਥੇਬੰਦੀ ਦੀ ਲੋੜ ਪਈ ਤਾਂ ਉਹ ਅਕਸਰ ਫੇਲ੍ਹ ਹੋਇਆ। ਸਿਵਾਏ ਅਜਿਹੇ ਮੌਕਿਆਂ ਦੇ ਜਦ ਕਿਸੇ ਨਾਮਵਰ ਸ਼ਖ਼ਸੀਅਤ ਨੇ, ਜਾਂ ਸਾਂਝੇ ਆਦਰਸ਼ ਤੇ ਨਿਹਚਾ ਨੇ ਜਾਂ ਸਾਂਝੇ ਖ਼ਤਰੇ ਨੇ ਉਸਨੂੰ ਜੱਥੇਬੰਦ ਹੋਣ ਲਈ ਪ੍ਰੇਰਤ ਕਰਨ ਵਿੱਚ ਸਫਲਤਾ ਹਾਸਲ ਕਰ ਲਈ। ਜੱਟ ਕਿਸਾਨ ਅੰਦਰ ਰਾਜ-ਕਾਜ ਦਾ ਓਨਾ ਵੱਲ ਤੇ ਤਜ਼ਰਬਾ ਨਹੀਂ, ਜਿੰਨਾ ਖੇਤੀ ਦਾ ਹੈ। ਇਸੇ ਕਰਕੇ ਜਿੱਥੇ ਵੀ, ਅਤੇ ਜਦੋਂ ਵੀ, ਉਸ ਨੇ ਆਪਣੀ ਫਿਤਰਤ ਦੇ ਮਗਰ ਲੱਗ ਕੇ ਰਾਜ ਕਰਨ ਦਾ ਯਤਨ ਕੀਤਾ, ਤਾਂ ਉਹ ਅਕਸਰ ਫੇਲ੍ਹ ਹੋਇਆ ਹੈ।
ਜਾਤ-ਪਾਤ ਦੇ ਨਜ਼ਰੀਏ ਤੋਂ ਪੰਜਾਬ ਦਾ ਜੱਟ ਕਿਸਾਨ ਕਿਸੇ ਵੀ ਹੋਰ ਜਾਤੀ ਨੂੰ ਆਪਣੇ ਨਾਲੋਂ ਉੱਚਾ ਨਹੀਂ ਸਮਝਦਾ। ਉਸ ਵਿੱਚ ਸਾਰਿਆਂ ਨੂੰ ਟਿੱਚ ਕਰਕੇ ਜਾਣਨ ਦੀ ਭਾਵਨਾ ਤੇ ਰੁਚੀ ਬਹੁਤ ਬਲਵਾਨ ਹੈ। ਉਸ ਵਿੱਚ ਹਿੰਦੁਸਤਾਨ ਦੀਆਂ ਹੋਰਨਾਂ ਗੈਰ-ਬ੍ਰਾਹਮਣੀ ਜਾਂ ਗੈਰ-ਸਵਰਨ ਜਾਤੀਆਂ ਵਾਂਗ ਅਹਿਸਾਸੇ-ਕਮਤਰੀ ਪੈਦਾ ਨਹੀਂ ਹੋਇਆ, ਸਗੋਂ ਉਹ ਆਪਣੇ ਆਪ ਨੂੰ ਹੋਰਨਾਂ ਨਾਲੋਂ ਉੱਤਮ ਸਮਝਣ ਦਾ ਗੁਮਾਨ ਪਾਲਦਾ ਹੈ। ਜਦ ਉਹ ਆਰਥਕ ਤੌਰ ’ਤੇ ਆਪਣੇ ਪੈਰਾਂ ’ਤੇ ਹੁੰਦਾ ਹੈ ਤਾਂ ਉਸ ਦੀ ਇਹ ਭਾਵਨਾ ਸੱਤ ਅਸਮਾਨੀਂ ਜਾ ਚੜ੍ਹਦੀ ਹੈ। ਫਿਰ ਉਹ ਆਪਣੇ ਦਾਣਿਆਂ ਦੇ ਬੋਹਲ ’ਤੇ ਖੜ ਕੇ ਕੋਲੋਂ ਦੀ ਲੰਘ ਰਹੇ ਹਾਥੀ ’ਤੇ ਸਵਾਰ ਰਾਜੇ ਨੂੰ ਵੀ ‘ਕਤੂਰੇ’ ਦਾ ਭਾਅ ਪੁੱਛਣ ਤੋਂ ਗੁਰੇਜ਼ ਨਹੀਂ ਕਰਦਾ।
ਮੁੱਢ-ਕਦੀਮ ਤੋਂ ਹੀ ਪੰਜਾਬੀ ਜੱਟ ਕਿਸਾਨ ਦੀ ਜਮਹੂਰੀ ਸਪਰਿਟ, ਅਰਥਾਤ ਭਰਾਤਰੀ-ਭਾਵ, ਕੇਵਲ ਆਪਣੇ ਭਾਈਚਾਰੇ ਤੱਕ ਹੀ ਮਹਿਦੂਦ ਰਿਹਾ ਹੈ। ਖੇਤੀ ਦੇ ਧੰਦੇ ਵਿੱਚ ਮਸਰੂਫ ਹੋਣ ਵੇਲੇ ਤੋਂ ਹੀ ਉਹ ਪਿੰਡ ਦੀਆਂ ਹੋਰਨਾਂ ਜਾਤਾਂ ਨੂੰ ਜ਼ਮੀਨ ਦੀ ਮਾਲਕੀ ਵਿੱਚ ਭਾਈਵਾਲ ਬਣਾਉਣ ਵਾਸਤੇ ਤਿਆਰ ਨਾ ਹੋਇਆ। ਅਜਿਹਾ ਵਿਚਾਰ ਹੀ ਉਸ ਨੂੰ ਅੱਲ ਲਾ ਦਿੰਦਾ ਰਿਹਾ। ਇਸ ਇੱਕੋ ਗੱਲ ਵਿੱਚੋਂ ਹੀ ਉਸ ਦੀ ਜਮਹੂਰੀ ਸਪਰਿਟ ਅਤੇ ਇਨਸਾਫ ਦੀ ਭਾਵਨਾ ਵਿੱਚ ਮੌਜੂਦ ਕਾਣ ਦੀ ਅਸਲੀਅਤ ਸਾਫ਼ ਉਘੜ ਆਉਂਦੀ ਹੈ। ਜਿੱਥੇ ਇਹ ਗੱਲ ਉਸਦੀ ਵਡਿਆਈ ਵਿੱਚ ਜਾਂਦੀ ਹੈ ਕਿ ਉਸਨੇ ਮੁੱਢ ਕਦਮੀ ਤੋਂ ਹੀ ਬ੍ਰਾਹਮਣ ਦੀ ਉਹ ਛੱਟ ਨਹੀਂ ਪਵਾਈ ਅਤੇ ਉਹ, ਇਤਿਹਾਸ ਅੰਦਰ ਕਦੇ ਵੀ, ਹਿੰਦੂ ਸਮਾਜ ਅੰਦਰਲੀਆਂ ਉੱਚੀਆਂ ਜਾਤਾਂ ਅੱਗੇ ਕੀਰ ਬਣ ਕੇ ਵੱਸਣ ਲਈ ਤਿਆਰ ਨਹੀਂ ਹੋਇਆ, ਉੱਥੇ ਉਸਦੀ ਇਸ ਵਡਿੱਤਣ ਨੂੰ ਨਕਾਰਦਾ ਪੱਖ ਇਹ ਹੈ ਕਿ ਮਨੂੰਵਾਦ ਦੇ ਅਸਰ ਹੇਠ ਉਸ ਅੰਦਰ ਪਿੰਡ ਦੀਆਂ ਪਛੜੀਆਂ ਤੇ ਨੀਵੀਆਂ ਸਮਝੀਆਂ ਜਾਂਦੀਆਂ ਜਾਤੀਆਂ ਪ੍ਰਤੀ ਬਦਗੁਮਾਨੀ ਪੈਦਾ ਹੋ ਗਈ ਅਤੇ ਉਹ ਹਿੰਦੂ ਸਮਾਜ ਅੰਦਰਲੀਆਂ ਸਵਰਨ ਜਾਤੀਆਂ ਦੀ ਰੀਸੇ ਹੀ, ਉਨ੍ਹਾਂ ਨੂੰ ਆਪਣੇ ਨਾਲੋਂ ‘ਨੀਵੀਆਂ’ ਤੇ ‘ਨੀਚ’ ਸਮਝਣ ਲੱਗ ਪਿਆ।
ਜੱਟ ਕਿਸਾਨ ਅੰਦਰ ਮੌਜੂਦ ਬਰਾਬਰੀ, ਭਰਾਤਰੀ-ਭਾਵ ਅਤੇ ਲੜਾਕੂਪੁਣੇ ਦਾ ਜਜ਼ਬਾ ਹੀ, ਪਹਿਲਾਂ ਪਹਿਲ, ਉਸਨੂੰ ਸਿੱਖ ਲਹਿਰ ਵੱਲ ਪ੍ਰੇਰਤ ਕਰਨ ਵਾਲਾ ਭਾਰੂ ਤੱਤ ਬਣਿਆ। ਸਿੱਖ ਵਿਚਾਰਧਾਰਾ ਨੇ, ਸਿੱਖ ਲਹਿਰ ਦੀ ਚੜ੍ਹਤ ਦੇ ਸ਼ੁਰੂਆਤੀ ਦੌਰ ਅੰਦਰ, ਪੰਜਾਬ ਦੇ ਜੱਟ ਭਾਈਚਾਰੇ ਅੰਦਰ ਬਰਾਬਰੀ ਤੇ ਭਰਾਤਰੀ-ਭਾਵ ਦੇ ਆਦਰਸ਼ ਨੂੰ ਤਕੜਾ ਹੁਲਾਰਾ ਬਖਸ਼ਿਆ, ਪਰ ਇਹ ਥੋੜ-ਚਿਰਾ ਹੀ ਸਾਬਤ ਹੋਇਆ। ਇਸ ਦਾ ਅਸਰ ਜ਼ਿਆਦਾ ਚਿਰ ਕਾਇਮ ਨਾ ਰਹਿ ਸਕਿਆ। ਵੱਡਾ ਕਾਰਨ ਇਹ ਹੈ ਕਿ ਸਿੱਖ ਲਹਿਰ ਦੇ ਆਦਰਸ਼ਾਂ ਦਾ ਜੱਟ ਕਿਸਾਨੀ ਦੇ ਆਰਥਕ ਹਿਤਾਂ ਤੇ ਸਮਾਜੀ ਸੁਭਾਅ ਨਾਲ ਬਰ ਨਹੀਂ ਸੀ ਮਿਚਦਾ। ਕਿਉਂਕਿ ਸਿੱਖ ਲਹਿਰ ਦੇ ਬਰਾਬਰੀ ਤੇ ਭਰਾਤਰੀਂਭਾਵ ਦੇ ਆਦਰਸ਼ਾਂ ਨੂੰ ਅਮਲ ਅੰਦਰ ਸਾਕਾਰ ਕਰਨ ਲਈ, ਜੱਟ ਕਿਸਾਨ, ਪਿੰਡ ਦੀਆਂ ਹੋਰਨਾਂ ਦੱਬੀਆਂ-ਕੁਚਲੀਆਂ ਜਾਤਾਂ ਨਾਲ ਹੋਣੀ ਦੀ ਸਾਂਝ ਪਾਉਣ ਲਈ ਤਿਆਰ ਨਹੀਂ ਸੀ। ਉਹ ਉਨ੍ਹਾਂ ਨਾਲ ਆਰਥਕ ਖੇਤਰ ਅੰਦਰ ਜ਼ਮੀਨ ਵੰਡਾਉਣ ਤੇ ਸਮਾਜੀ ਖੇਤਰ ਅੰਦਰ ਉਨ੍ਹਾਂ ਨੂੰ ਆਪਣੇ ਬਰਾਬਰ ਦਾ ਰੁਤਬਾ ਦੇਣ ਲਈ ਰਾਜ਼ੀ ਨਹੀਂ ਸੀ। ਇਸ ਕਰਕੇ ਸਿੱਖ ਲਹਿਰ ਦੀ ਜਮਹੂਰੀ ਸਪਿਰਿਟ ਤੇ ਇਸਦਾ ਇਨਕਲਾਬੀ ਜੋਸ਼ ਜੱਟ ਕਿਸਾਨੀ ਦੇ ਆਰਥਕ ਹਿੱਤਾਂ ਤੇ ਸਮਾਜੀ ਸੁਭਾਅ ਨਾਲ ਟਕਰਾ ਕੇ ਮੱਠਾ ਪੈਣਾ ਸ਼ੁਰੂ ਹੋ ਗਿਆ। ਜਿੰਨਾ ਚਿਰ ਸਿੱਖ ਲਹਿਰ ਦੀ ਹਕੂਮਤ ਨਾਲ ਟੱਕਰ ਰਹੀ, ਓਨਾ ਚਿਰ ਇਸ ਵਿੱਚ ਆਦਰਸ਼ਕ ਜਾਨ ਕਾਇਮ ਰਹੀ। ਪਰ ਹਕੂਮਤ ਉੱਤੇ ਭਾਰੂ ਹੁੰਦੇ ਸਾਰ ਹੀ ਇਸਦਾ ਇਨਕਲਾਬੀ ਤੱਤ ਕਮਜ਼ੋਰ ਪੈਣਾ ਸ਼ੁਰੂ ਹੋ ਗਿਆ ਅਤੇ ਤਾਕਤ ਦੇ ਵਾਧੇ ਨਾਲ ਇਸ ਨੇ ਇਕਦਮ ਉਲਟ ਖ਼ਾਸਾ ਗ੍ਰਹਿਣ ਕਰਨਾ ਸ਼ੁਰੂ ਕਰ ਦਿੱਤਾ। ਕੁਝ ਚਿਰ ਬਾਅਦ ‘ਭਾਈ’, ‘ਸਰਦਾਰ’ ਬਣਨੇ ਸ਼ੁਰੂ ਹੋ ਗਏ। ਜੱਟਾਂ ਦਾ ਸਮਾਜਕ ਰੁਤਬਾ ਉੱਚਾ ਹੋ ਗਿਆ। ਸੱਤਾਵਾਨ ਹੋਣ ਨਾਲ ਉਸਦੀ ਆਰਥਕ ਪੋਜ਼ੀਸ਼ਨ ਤਕੜੀ ਹੋਣ ਲੱਗੀ। ਪਿੰਡ ਦੀਆਂ ਦੂਸਰੀਆਂ, ਜ਼ਮੀਨ-ਜਾਇਦਾਦੋਂ ਸੱਖਣੀਆਂ ਜਾਤੀਆਂ, ਉਵੇਂ ਦੀਆਂ ਉਵੇਂ ਰਹਿ ਗਈਆਂ। ਸਮਾਜ ਅੰਦਰ ਕਾਣੀ ਵੰਡ ਜਿਉਂ ਦੀ ਤਿਉਂ ਰਹੀ। ਮਿਸਲਾਂ ਦੇ ਮਗਰਲੇ ਦੌਰ ਤੇ ਉਸ ਤੋਂ ਬਾਅਦ ਦੇ ਅਮਲ ਨੇ ਇਸ ਧਾਰਨਾ ਦੀ ਜਚਵੀਂ ਪੁਸ਼ਟੀ ਕਰ ਦਿੱਤੀ ਕਿ ਅਜਿਹੇ ਆਦਰਸ਼, ਜੋ ਕਿਸੇ ਵਰਗ ਦੇ ਆਰਥਕ ਹਿੱਤਾਂ ਤੇ ਸਮਾਜੀ ਦਰਜੇ ਦੇ ਅਨੁਕੂਲ ਨਾ ਹੋਣ, ਉਹ ਸਮਾਂ ਪੈਣ ਨਾਲ ਦਬ ਮਿਟ ਜਾਂਦੇ ਹਨ। ਜਦ ਆਰਥਕ ਅਤੇ ਸਮਾਜੀ ਬਣਤਰ ਆਦਰਸ਼ਵਾਦ ਦੇ ਅਨੁਕੂਲ ਨਾ ਹੋਵੇ ਤਾਂ ਅਜਿਹਾ ਆਦਰਸ਼ਵਾਦ ਬਹੁਤਾ ਟਿਕਾਊ ਸਾਬਿਤ ਨਹੀਂ ਹੁੰਦਾ। ਕੁਝ ਗਿਣਵੇਂ-ਚੁਣਵੇਂ ਵਿਅਕਤੀਆਂ ਨੂੰ ਛੱਡ ਕੇ, ਆਮ ਜਨਤਾ ਵਾਸਤੇ ਉਹ ਕੁਝ ਦੇਰ ਪਿੱਛੇ ਓਨੇ ਸਾਰਥਕ ਨਹੀਂ ਰਹਿ ਜਾਂਦੇ। ਇਸ ਤਰ੍ਹਾਂ ਜੱਟ ਕਿਸਾਨ ਦੇ ਆਰਥਕ ਹਿੱਤ ਤੇ ਉਸਦੀਆਂ ਜਾਤ-ਪਾਤੀ ਭਾਵਨਾਵਾਂ ਹੌਲੀ-ਹੌਲੀ ਸਿੱਖ ਧਰਮ ਦੀ ਇਨਕਲਾਬੀ ਰੂਹ ਉੱਤੇ ਹਾਵੀ ਹੋ ਤੁਰੀਆਂ ਅਤੇ ਇਸ ਦੀ ਮੌਲਿਕ ਆਭਾ ਬਰਕਰਾਰ ਰੱਖਣੀ ਮੁਸ਼ਕਲ ਬਣ ਗਈ। ਫਿਰ ਵੀ ਸਿੱਖ ਧਰਮ ਪੰਜਾਬ ਅੰਦਰ ਜਾਤ-ਪਾਤੀ ਪ੍ਰਬੰਧ ਦਾ ਪੂਰੀ ਤਰ੍ਹਾਂ ਖ਼ਾਤਮਾ ਕਰਨ ਵਿੱਚ ਭਲੇ ਹੀ ਕਾਮਯਾਬ ਨਾ ਹੋ ਸਕਿਆ ਪਰ ਇਸਦੇ ਪੈਦਾ ਕੀਤੇ ਹੋਏ ਮਾਹੌਲ ਨੇ ਜਾਤ-ਪਾਤ ਪਰਣਾਲੀ ਦੇ ਕਾਫੀ ਕਿੰਗਰੇ ਭੋਰ ਦਿੱਤੇ। ਭਾਰਤ ਦੇ ਹੋਰਨਾਂ ਭਾਗਾਂ ਦੀ ਤੁਲਨਾ ਵਿੱਚ ਇਸ ਪ੍ਰਣਾਲੀ ਦੀ ਮਾਰ ਅਤੇ ਜਕੜ ਵਾਹਵਾ ਹੱਦ ਤੱਕ ਢਿੱਲੀ ਪੈ ਗਈ।
ਸੋ ਦੇਖਿਆ ਜਾਵੇ ਤਾਂ ਪੰਜਾਬ ਦੇ ਜੱਟ ਭਾਈਚਾਰੇ ਅੰਦਰ ਪਿੰਡ ਦੀਆਂ ਹੋਰਨਾਂ ਜਾਤੀਆਂ ਨਾਲ ਬਰਾਬਰੀ ਦੀ ਪੱਧਰ ’ਤੇ ਵਿਹਾਰ ਕਰਨ ਅਤੇ ਉਨ੍ਹਾਂ ਨੂੰ ਆਪਣੇ ਨਾਲ ਲੈ ਕੇ ਚੱਲਣ ਦੀ ਰੁਚੀ ਤੇ ਸਮਰੱਥਾ ਬਹੁਤ ਹੀ ਕਮਜ਼ੋਰ ਹੈ। ਆਪਣੇ ਰੋਜ਼-ਮਰ੍ਹਾ ਵਿਹਾਰ ਅੰਦਰ ਉਹ ‘ਨੀਵੀਆਂ/ਪਛੜੀਆਂ’ ਸਮਝੀਆਂ ਜਾਂਦੀਆਂ ਜਾਤਾਂ ਨੂੰ ਆਪਣੇ ਤੋਂ ਨਿਰੰਤਰ ਦੂਰ ਰੱਖਦਾ ਅਤੇ ਪਰ੍ਹਾਂ ਧਕਦਾ ਹੈ। ਉਸਦਾ ਇਹ ਵਿਹਾਰ ਅਤੇ ਵਤੀਰਾ ਦੂਸਰੀਆਂ ਜਾਤਾਂ ਅੰਦਰ ਉਸ ਪ੍ਰਤੀ ਲੁਕਵੀਂ ਨਫਰਤ ਤੇ ਨਾਪਸੰਦਗੀ ਦੇ ਭਾਵ ਪੈਦਾ ਕਰਦਾ ਹੈ ਅਤੇ ਉਨ੍ਹਾਂ ਨੂੰ ਜੱਟ ਵਰਗ ਦੀ ਤਕੜਾਈ ਅਤੇ ਚੜ੍ਹਤ ’ਚੋਂ ਆਪਣੇ ਲਈ ਹੋਰ ਵੱਧ ਬੁਰੇ ਦਿਨਾਂ ਦਾ ਆਭਾਸ ਹੋਣ ਲੱਗਦਾ ਹੈ। ‘ਹਰੇ ਇਨਕਲਾਬ’ ਦੀ ਆਮਤ ਅਤੇ ਇਸ ਨਾਲ ਜੱਟ ਵਰਗ ਦੀ ਆਰਥਕ ਦਸ਼ਾ ਤੇ ਰਾਜਸੀ ਤਾਕਤ ਵਿੱਚ ਹੋਏ ਚੋਖੇ ਵਾਧੇ ਨੇ, ਪਿੰਡਾਂ ਦੀਆਂ ਹੋਰਨਾਂ ਜਾਤੀਆਂ ਦੇ ਮਨਾਂ ਅੰਦਰ ਕੁਝ ਅਣਜਾਣੇ ਭੈਅ ਅਤੇ ਤੌਖ਼ਲੇ ਪੈਦਾ ਕਰ ਦਿੱਤੇ। ਜੱਟ ਭਾਈਚਾਰੇ ਦੇ ਹੱਥ ਵਿੱਚ ਰਾਜਸੀ ਤਾਕਤ ਆਉਣ ਨਾਲ, ਉਨ੍ਹਾਂ ਨੂੰ, ਉਸਦੀ ਜਾਤ ਹੰਕਾਰੀ ਭਾਵਨਾ ਦੇ ਹੋਰ ਵੀ ਅਸਮਾਨੀ ਚੜ੍ਹ ਜਾਣ ਅਤੇ ਦੂਸਰੀਆਂ ਜਾਤਾਂ ਨਾਲ ਹੋਰ ਵੱਧ ਬਦਤਮੀਜ਼ੀ ਨਾਲ ਪੇਸ਼ ਆਉਣ ਦੇ ਡਰ ਅਤੇ ਸੰਸਿਆਂ ਨੇ ਦਬੋਚ ਲਿਆ। ਕਿਉਂਕਿ ਖੇਤਰ ਆਰਥਕ ਹੋਵੇ ਜਾਂ ਸਮਾਜਕ ਜਾਂ ਫਿਰ ਰਾਜਸੀ, ਜੱਟ ਵਰਗ ਹੋਰਨਾਂ ਜਾਤੀਆਂ ਨੂੰ ਸਹਿ-ਭਾਗੀ ਬਣਾਉਣ ਦਾ ਕੌੜਾ ਅੱਕ ਕਤਈ ਤੌਰ ’ਤੇ ਨਹੀਂ ਚੱਬ ਸਕਦਾ। ਜਿਵੇਂ ਆਰਥਕ ਪੱਧਰ ’ਤੇ ਉਹ ਉਨ੍ਹਾਂ ਨੂੰ ਜ਼ਮੀਨ ਦੀ ਮਾਲਕੀ ’ਚ ਬਰਾਬਰ ਦੇ ਭਿਆਲ ਦੀ ਰੁਚੀ ਰੱਖਦਾ ਹੈ, ਉਵੇਂ ਹੀ ਉਹ, ਉਨ੍ਹਾਂ ਨੂੰ ਸੱਤਾ ਦੇ ਢਾਂਹੇ ਅੰਦਰ ਬਰਾਬਰ ਦਾ ਹਿੱਸਾ ਅਤੇ ਰੁਤਬਾ ਦੇਣ ਦੀ ਥਾਂ ਕੁਝ ਕੁ ਅਹੁਦਿਆਂ ਤੇ ਪਦਵੀਆਂ ਦੀ ‘ਵੱਢੀ’ ਦੇ ਕੇ ਵਰਚਾਉਣ ਦੀ ਧਾਰਨਾ ਪਾਲ ਕੇ ਚੱਲਦਾ ਹੈ।
ਪਿੰਡ ਦੀਆਂ ਹੋਰਨਾਂ ਜਾਤੀਆਂ ਅੰਦਰ, ਅਕਾਲੀ ਦਲ ਨੂੰ ਭਾਰੂ ਰੂਪ ਵਿੱਚ ਜੱਟ-ਕਿਸਾਨਾਂ ਦੀ ਪਾਰਟੀ ਵਜੋਂ ਦੇਖਣ ਦੀ ਸੋਚ ਅਤੇ ਭਾਵਨਾ ਪਹਿਲਾਂ ਹੀ ਕਾਫੀ ਪ੍ਰਬਲ ਸੀ। ਸੰਤ ਫਤਹਿ ਸਿੰਘ ਦੁਆਰਾ ਮਾਸਟਰ ਤਾਰਾ ਸਿੰਘ ਨੂੰ ਲਾਂਭੇ ਕਰਕੇ ਅਕਾਲੀ ਦਲ ਅਤੇ ਰਾਜਨੀਤੀ ਉੱਤੇ ਆਪਣੀ ਚੌਧਰ ਜਮਾ ਲੈਣ, ਅਤੇ ਇਸ ਤਰ੍ਹਾਂ, ਅਕਾਲੀ ਦਲ ਦੇ ਇਤਿਹਾਸ ਅੰਦਰ, ਪਹਿਲੀ ਵਾਰ, ਸ਼ਹਿਰੀ ਮੱਧਵਰਗੀ ਸਿੱਖ ਤਬਕੇ ਨੂੰ ਅਕਾਲੀ ਰਾਜਨੀਤੀ ਅੰਦਰ ਪੂਰੀ ਤਰ੍ਹਾਂ ਨੁਕਰੇ ਲਾ ਕੇ ਇਸ ਉੱਤੇ ਜੱਟ ਕਿਸਾਨ ਵਰਗ ਦੀ ਮੁਕੰਮਲ ਸਰਦਾਰੀ ਸਥਾਪਤ ਹੋ ਜਾਣ ਨਾਲ, ਪਿੰਡ ਦੀਆਂ ਹੋਰਨਾਂ ਜਾਤੀਆਂ ਅੰਦਰ ਇਹ ਅਹਿਸਾਸ ਹੋਰ ਵੀ ਮਜਬੂਤ ਹੋ ਉਠਿਆ। ਪੰਜਾਬੀ ਸੂਬੇ ਦੀ ਸਥਾਪਨਾ ਤੋਂ ਬਾਅਦ ਪੰਜਾਬ ਅੰਦਰ ਅਕਾਲੀ ਦਲ ਦੇ ਪ੍ਰਮੁੱਖ ਰਾਜਸੀ ਤਾਕਤ ਬਣ ਕੇ ਉਭਰ ਆਉਣ ਅਤੇ ਸੱਤਾ ਉੱਤੇ ਆਪਣਾ ਤਕੜਾ ਪਰਭਾਵ ਅਤੇ ਕੰਟਰੋਲ ਹਾਸਲ ਕਰ ਲੈਣ ਨਾਲ, ਪਿੰਡ ਦੀਆਂ ਦੂਸਰੀਆਂ ਜਾਤੀਆਂ ਅੰਦਰ ਬਰਾਬਰ ਦੇ ਹੱਕਾਂ ਤੇ ਮੌਕਿਆਂ ਤੋਂ ਵੰਚਤ ਹੋ ਜਾਣ ਦੀ ਭਾਵਨਾ ਜ਼ੋਰ ਫੜ ਗਈ ਅਤੇ ਉਨ੍ਹਾਂ ਓਟ ਲਈ ਆਲਾ-ਦੁਆਲਾ ਤੱਕਣਾ ਸ਼ੁਰੂ ਕਰ ਦਿੱਤਾ।
ਜਦ ਕਿਸੇ ਨਿਤਾਣੇ ਵਰਗ ਨੂੰ, ਇਤਿਹਾਸ ਅੰਦਰ, ਕਿਸੇ ਜ਼ੋਰਾਵਰ ਧਿਰ ਦੁਆਰਾ ਦਰ-ਕਿਨਾਰ ਕਰ ਦਿੱਤੇ ਜਾਣ ਦਾ ਡਰ ਅਤੇ ਖ਼ਤਰਾ ਮਹਿਸੂਸ ਹੁੰਦਾ ਹੈ, ਤਾਂ ਇਹ ਹਮੇਸ਼ਾ ਹੀ ਜ਼ਰੂਰੀ ਨਹੀਂ ਹੁੰਦਾ ਕਿਾ ਉਹ ਆਪਣੀ ਰੱਖਿਆ ਲਈ ਰਾਜਸੀ ਤੌਰ ’ਤੇ ਜੱਥੇਬੰਦ ਹੋ ਕੇ ਜ਼ੋਰਾਵਰ ਧਿਰ ਨਾਲ ਸਿੱਧੀ ਟਕੱਰ ਲਈ ਤਿਆਰ ਹੋ ਜਾਵੇ। ਇਹ ਰਾਹ ਹਮੇਸ਼ਾ ਏਨਾ ਸਹਿਜ ਨਹੀਂ ਹੁੰਦਾ, ਬਲਕਿ ਬਹੁਤ ਹੀ ਜ਼ੋਖਮ ਭਰਿਆ ਹੁੰਦਾ ਹੈ। ਇਸ ਦੀ ਤੁਲਨਾ ਵਿੱਚ, ਅਜਿਹੀ ਸਥਿਤੀ ਵਿੱਚ ਘਿਰੇ ਵਰਗ ਲਈ ਸਵੈ-ਰੱਖਿਆ ਦਾ ਇਕ ਵਧੇਰੇ ਸੁਰੱਖਿਅਤ ਅਤੇ ਵੱਧ ਕਾਰਗਰ ਢੰਗ ਇਹ ਹੁੰਦਾ ਹੈ ਕਿ ਉਹ ਆਪਣੇ ਵੱਖਰੇ ਅਧਿਆਤਮਕ ਰਹਿਬਰ ਸਿਰਜ ਲੈਂਦਾ ਹੈ ਅਤੇ ਉਨ੍ਹਾਂ ਦੀ ਓਟ ਤੱਕ ਲੈਂਦਾ ਹੈ। ਇਹ ਰਾਹ ਵੱਧ ਕਫਾਇਤੀ ਅਤੇ ਘੱਟ-ਖ਼ਤਰਿਆਂ ਭਰਿਆ ਹੁੰਦਾ ਹੈ। ਸੱਠਵਿਆਂ-ਸੱਤਰਵਿਆਂ ਵਿੱਚ ਪੰਜਾਬ ਅੰਦਰ ਜੱਟ ਕਿਸਾਨੀ ਦੀ ਚੜ੍ਹਤ ਤੋਂ ਤ੍ਰਭਕੇ ਕਮਜ਼ੋਰ ਪੇਂਡੂ ਵਰਗਾਂ ਅਤੇ ਪੰਜਾਬੀ ਸਮਾਜ ਦੀਆਂ ਹੋਰਨਾਂ ਪਛੜੀਆਂ ਸਮਝੀਆਂ ਜਾਂਦਆਂ ਜਾਤੀਆਂ ਅੰਦਰ ਇਹ ਵਰਤਾਰਾ ਜ਼ੋਰਦਾਰ ਰੂਪ ਵਿੱਚ ਪ੍ਰਗਟ ਹੋਇਆ। ਸਿੱਖ ਸਮਾਜ ਅੰਦਰਲੇ ਦੱਬੇ-ਕੁਚਲੇ ਤੇ ‘ਪਛੜੇ’ ਸਮਝੇ ਜਾਂਦੇ ਵਰਗਾਂ ਨੇ ਸਿੱਖ ਧਰਮ ਨਾਲੋਂ ਖੁੱਲ੍ਹੇ ਰੂਪ ਵਿੱਚ ਨਾਤਾ ਤੋੜਨ ਦੀ ਜਗ੍ਹਾ ਆਪਣੀਆਂ ਵੱਖਰੀਆਂ ਅਧਿਆਤਮਕ ਸ਼ਰਨਗਾਹਾਂ ਤਲਾਸ਼/ਸਿਰਜ ਲਈਆਂ। ਕੁਝ ਰਾਧਾ ਸੁਆਮੀ ਬਣ ਗਏ, ਕੁਝ ਨੇ ਸਿਰਸੇ ਦੇ ‘ਸੱਚੇ-ਸੌਦੇ’ ਦਾ ਆਸਰਾ ਤੱਕ ਲਿਆ, ਕੁਝ ਡੇਰਾ ਬਾਬਾ ਵਡਭਾਗ ਸਿੰਘ ਦੇ ਮੁਰੀਦ ਬਣ ਗਏ, ਕੁਝ ਨਿਰੰਕਾਰੀਆਂ ਦੇ ਭਰਮ-ਜਾਲ ਵਿੱਚ ਫਸ ਗਏ ਅਤੇ ਕੁਝ ਨਾਮਧਾਰੀਆਂ ਦੇ ਲੜ ਜਾ ਲੱਗੇ। ਬਾਕੀ ਦੇ, ਸਥਾਨਕ ਪੱਧਰਾਂ ’ਤੇ ਆਪਣਾ ਢਮਢਮਾ ਚਲਾ ਰਹੇ ਛੋਟੇ-ਮੋਟੇ ‘ਬਾਬਿਆਂ’ ਦੇ ਚਰਨੀਂ ਜਾ ਲੱਗੇ।
ਸਿੱਖੀ ਦੇ ਦ੍ਰਿਸ਼ਟੀਕੋਣ ਤੋਂ, ਇਹ ਵਰਤਾਰਾ ਸਿੱਖ ਧਰਮ ਨੂੰ ਵੱਡੀ ਢਾਹ ਲਾਉਣ ਦਾ ਸਾਧਨ ਬਣਿਆ ਤੇ ਬਣ ਰਿਹਾ ਹੈ। ਕਿਉਂਕਿ ਸਿੱਖ ਧਰਮ ਦੀ ਮੁੱਖ ਧਾਰਾ ਨਾਲੋਂ ਹੱਟ ਕੇ, ਗੁਰਮਤਿ ਵਿਚਾਰਧਾਰਾ ਦੇ ਨਿਖੇਧ ਵਿੱਚ ਉਭਰ-ਪਸਰ ਰਹੀਆਂ ਇਹ ਸੰਪਰਦਾਵਾਂ ਨਾ ਸਿਰਫ਼ ਸਿੱਖ ਸਮਾਜ ਦੀ ਏਕਤਾ ਨੂੰ ਫਿਰਕੇਦਾਰੀ ਦੀਆਂ ਵੰਡਾਂ ਨਾਲ ਲੀਰੋ-ਲੀਰ ਕਰ ਰਹੀਆਂ ਹਨ, ਸਗੋਂ ਅਲੱਗ-ਅਲੱਗ ਪੱਧਰ ’ਤੇ, ਅਲੱਗ-ਅਲੱਗ ਰੂਪਾਂ ਵਿੱਚ ਅਤੇ ਅਲੱਗ-ਅਲੱਗ ਮਾਤਰਾ ਵਿੱਚ ਸਿੱਖ ਵਿਚਾਰਧਾਰਾ ਦੀ ਨਿਰਮਲਤਾ ਤੇ ਪਾਕੀਜ਼ਗੀ ਨੂੰ ਵੀ ਪਲੀਤ ਕਰ ਰਹੀਆਂ ਹਨ। ਜੇਕਰ ਇਸ ਮਸਲੇ ’ਚ ਅਸਲੀ ਦੋਸ਼ੀਆਂ ਦਾ ਖੁਰਾ ਨੱਪਿਆ ਜਾਵੇ ਤਾਂ ਇਹ ਸਿੱਧਾ ਅਕਾਲੀ ਆਗੂਆਂ ਦੇ ਘਰੀਂ ਜਾ ਅਪੜਦਾ ਹੈ। ਅਕਾਲੀ ਆਗੂਆਂ ਨੇ ਇਸ ਵਰਤਾਰੇ ਨੂੰ ਦੋ ਪਾਸਿਆਂ ਤੋਂ ਉਗਾਸਾ ਦਿੱਤਾ। ਇਕ, ਸਿੱਖ ਸਮਾਜ ਅੰਦਰਲੇ ਗੈਰ-ਜੱਟ ਅਤੇ ਕਮਜ਼ੋਰ ਵਰਗਾਂ ਨੂੰ ਸੱਤਾ ਦੇ ਢਾਂਚੇ ’ਚੋਂ ਬਾਹਰ ਕੱਢ ਕੇ ਉਨ੍ਹਾਂ ਨੂੰ ਇਸ ਰਾਹ ਵੱਲ ਧੱਕਾ ਦੇ ਦਿੱਤਾ। ਦੂਜਾ, ਆਪਣੀ ਚੋਣ ਰਾਜਨੀਤੀ ਦੀਆਂ ਗਰਜ਼ਾਂ ਅਨੁਸਾਰ ਇਨ੍ਹਾਂ ਗੁਰਮਤਿ ਵਿਰੋਧੀ ਡੇਰਿਆਂ ਤੇ ਸੰਪਰਦਾਵਾਂ ਨਾਲ ਉਨ੍ਹਾਂ ਨਾ ਸਿਰਫ਼ ਸਿਧਾਂਤਕ ਪੱਧਰ ’ਤੇ ਸਮਝੌਤਾ ਕਰ ਲੈਣ ਦੀਆਂ ਕਰੁਚੀਆਂ ਪ੍ਰਗਟਾਈਆਂ ਸਗੋਂ ਉਨ੍ਹਾਂ ਨਾਲ ਗੁੱਝੇ, ਅਤੇ ਕਈ ਮਾਮਲਿਆਂ ’ਚ ਨੰਗੇ, ਸਬੰਧ ਬਣਾਉਣ/ਪਾਲਣ ਦੀ ਨੰਗੀ ਮੌਕਾਪ੍ਰਸਤੀ ਵੀ ਦਿਖਾਈ।
ਵੈਸੇ ਵੀ ਅਕਾਲੀ ਦਲ ਦੀ ਪੇਂਡੂ ਲੀਡਰਸ਼ਿਪ ਦੇ ਵਹਿਮਾਂਭਰਮਾਂ ਵਿੱਚ ਅੰਨ੍ਹਾ ਯਕੀਨ ਪਾਲਣ ਅਤੇ ਸਾਧਾਂ-ਸੰਤਾਂ ਅੱਗੇ ਨੱਕ ਰਗੜਨ ਵਰਗੇ ਗੁਰਮਤਿ-ਦੋਖੀ ਅਮਲਾਂ ਨੂੰ ਹੱਲਾ-ਸ਼ੇਰੀ ਦੇਣ ਵਾਲੇ ਪੇਂਡੂ ਸਭਿਆਚਾਰ ਦੇ ਖ਼ੁਦ ਗਹਿਰੇ ਅਸਰ ਹੇਠ ਹੋਣ ਕਰਕੇ, ਪਿਛਲੇ ਸਮੇਂ ਦੌਰਾਨ (ਪੰਜਾਬ ਵਿੱਚ) ਆਮ ਰੂਪ ਵਿੱਚ ਹੀ ਡੇਰਾ ਸਭਿਆਚਾਰ ਪ੍ਰਫੁਲਤ ਹੋਇਆ ਹੈ। ਜਿਸ ਦੇ ਨਤੀਜੇ ਵਜੋਂ ਰੋਜ਼-ਮਰ੍ਹਾ ਦੀ ਜ਼ਿੰਦਗੀ ਤੋਂ ਲੈ ਕੇ, ਧਾਰਮਕ ਤੇ ਰਾਜਸੀ ਖੇਤਰ ਤੱਕ, ਹਰ ਜਗ੍ਹਾ ‘ਸੰਤਾਂ/ਬਾਬਿਆਂ’ ਦਾ ਬਹੁਤ ਹੀ ਉਭਰਵਾਂ ਰੋਲ ਅਤੇ ਦਬਦਬਾ ਦੇਖਣ ਨੂੰ ਮਿਲ ਰਿਹਾ ਹੈ। ਜਿੰਨਾ ਚਿਰ ਅਕਾਲੀ ਦਲ ਦੀ ਲੀਡਰਸ਼ਿਪ ਸ਼ਹਿਰੀ ਮੱਧ-ਵਰਗੀ ਤੱਤਾਂ ਦੇ ਹੱਥ ਵਿੱਚ ਰਹੀ, ਓਨਾ ਚਿਰ ਇਨ੍ਹਾਂ ਰੁਝਾਨਾਂ ਅਤੇ ਅਮਲਾਂ ਨੇ ਦਬਵਾਂ ਰੂਪ ਅਖ਼ਤਿਆਰ ਕਰੀ ਰੱਖਿਆ। ਸਿੱਖ ਧਰਮ ਅੰਦਰ ‘ਡੇਰੇਦਾਰਾਂ’ ਤੇ ‘ਡੇਰਾ ਸਭਿਆਚਾਰ’ ਨੂੰ ਇੰਨੀ ਖੁੱਲ੍ਹੀ ਮਾਨਤਾ ਪੇਂਡੂ ਜੱਟ ਲੀਡਰਸ਼ਿਪ ਦੇ ‘ਰਾਜ’ ਅੰਦਰ ਹੀ ਹਾਸਲ ਹੋਈ ਹੈ।
ਅਜਿਹੇ ਲੜਾਕੂ ਤੇ ਸ਼ਖ਼ਸੀਅਤਪ੍ਰਸਤ ਕਬੀਲਿਆਂ ਦਾ ਇਹ ਖ਼ਾਸ ਲੱਛਣ ਹੈ ਕਿ ਉਹ ਬਾਹਰੀ ਖ਼ਤਰੇ ਦੇ ਖਿਲਾਫ਼ ਇਕੱਠੇ ਹੋ ਕੇ ਲੜਦੇ ਸਨ। ਬਾਹਰੀ ਖ਼ਤਰੇ ਖਿਲਾਫ਼ ’ਕੱਲਾ ’ਕੱਲਾ ਸਵਾ ਲੱਖ ਨਾਲ ਲੜ ਸਕਦਾ ਹੈ ਪਰ ਬਾਅਦ ਵਿੱਚ ਆਪਸ ਵਿੱਚ ਉਲਝ ਪੈਂਦੇ ਹਨ। ਖ਼ਾਨਾਬਦੋਸ਼ ਜੀਵਨ ਅੰਦਰ, ਕਦੇ ਸਵੈ-ਰੱਖਿਆ ਲਈ ਅਤੇ ਕਦੇ ਲੋੜ ਪੂਰੀ ਲਈ, ਲੜਨਾ ਉਨ੍ਹਾਂ ਦੀ ਲੋੜ ਬਣੀ ਰਹਿੰਦੀ ਸੀ। ਹੌਲੀ-ਹੌਲੀ ਇਹ ਉਨ੍ਹਾਂ ਦੀ ਆਦਤ ਬਣ ਗਈ। ਬਿਨਾਂ ਜ਼ਿਆਦਾ ਸੋਚੇ-ਵਿਚਾਰੇ ਅਤੇ ਸਿੱਟਿਆਂ ਤੋਂ ਬੇਪਰਵਾਹ, ਲੜਾਈ ਵਿੱਚ ਕੁੱਦ ਪੈਣਾ ਉਨ੍ਹਾਂ ਦੇ ਸੁਭਾਅ ਦਾ ਆਮ ਲੱਛਣ ਬਣ ਜਾਂਦਾ ਹੈ। ਇਸ ਲੱਛਣ ਨੂੰ ਘੜਨ-ਤਰਾਸ਼ਣ ਵਿੱਚ ਇਤਿਹਾਸਕ ਹਾਲਤਾਂ ਦਾ ਵੱਡਾ ਭਾਰੀ ਰੋਲ ਹੈ। ਬਰਬਰਤਾ ਦੇ ਯੁੱਗ ਅੰਦਰ ਉਨ੍ਹਾਂ ਨੂੰ ਨਿਰੰਤਰ ਵੱਡੀਆਂ ਆਫਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਇਹ ਆਫਤਾਂ ਬੂਹੇ ਉੱਤੇ ਦਸਤਕ ਦੇ ਕੇ ਨਹੀਂ ਸਨ ਆਉਂਦੀਆਂ, ਸੁੱਤਿਆਂ ਪਿਆਂ ਨੂੰ ਦਬੋਚ ਲੈਂਦੀਆਂ ਸਨ। ਉਨ੍ਹਾਂ ਨੂੰ ਬਾਹਰੀ ਹਮਲਿਆਂ, ਧਾੜਵੀਆਂ ਅਤੇ ਲੁਟੇਰੇ ਗਿਰੋਹਾਂ ਵਿਰੁੱਧ ਅਚਨਚੇਤ ਲੜਨਾ ਪੈਂਦਾ ਰਿਹਾ। ਉਨ੍ਹਾਂ ਨੂੰ ਲੜਨ ਤੋਂ ਪਹਿਲਾਂ ਲੜਾਈ ਬਾਰੇ ਸੋਚ-ਵਿਚਾਰ ਕਰਨ ਦਾ ਵਕਤ ਨਹੀਂ ਸੀ ਜੁੜਦਾ। ਇਸ ਕਰਕੇ ਹੌਲੀ-ਹੌਲੀ, ਲੰਮੇਂ ਇਤਿਹਾਸਕ ਅਮਲ ਅੰਦਰ, ਉਨ੍ਹਾਂ ਦੀ ਸੋਚਣ ਦੀ ਆਦਤ ਹੀ ਜਾਂਦੀ ਰਹੀ ਅਤੇ ਇਹ ਰੁਚੀ ਇਸ ਕਦਰ ਪੱਕੀ ਹੋ ਗਈ ਕਿ ਉਨ੍ਹਾਂ ਨੂੰ ਸੋਚਣ ਦੀ ਲੋੜ ਮਹਿਸੂਸ ਹੋਣੋਂ ਹੀ ਹੱਟ ਗਈ। ਇਤਿਹਾਸ ਅੰਦਰ ਯੁਗਾਂ ਦਾ ਪੈਂਡਾ ਤਹਿ ਕਰ ਲੈਣ ਤੋਂ ਬਾਅਦ ਵੀ ਇਨ੍ਹਾਂ ਕਬੀਲਿਆਂ ਦੇ ਸੁਭਾਅ ਅਤੇ ਵਿਹਾਰ ਉੱਤੇ ਇਸ ਰੁਚੀ ਦਾ ਗੂੜ੍ਹਾ ਅਸਰ ਮੌਜੂਦ ਹੈ। ਪੰਜਾਬ ਦੇ ਜੱਟ ਕਿਸਾਨ ਨੇ ਆਪਣਾ ਇਹ ‘ਵਿਰਸਾ’ ਖ਼ਾਸ ਤੌਰ ’ਤੇ ਸੰਭਾਲਿਆ ਹੋਇਆ ਹੈ ਅਤੇ ਅਜੋਕੀ ਅਕਾਲੀ ਰਾਜਨੀਤੀ ’ਚੋਂ ਇਸਦੀ ਗੂੜ੍ਹੀ ਭਾਅ ਪਰਤੱਖ ਨਜ਼ਰ ਆਉਂਦੀ ਹੈ।
ਇਤਿਹਾਸ ਅੰਦਰ ਤਜਰਬੇ ’ਚੋਂ ਇਸ ਗੱਲ ਦੀ ਵਾਰ-ਵਾਰ ਪੁਸ਼ਟੀ ਹੋਈ ਹੈ ਕਿ ਸਿੱਖ ਵਿਚਾਰਧਾਰਾ ਹੀ ਸੀ, ਜਿਸਨੇ ਜੱਟ ਕਿਸਾਨ ਦੇ ਸੁਭਾਅ ਅਤੇ ਆਚਰਨ ਉੱਤੇ ਇਨਕਲਾਬੀ ਪੁੱਠ ਚਾੜ੍ਹੀ ਸੀ। ਇਸ ਵਿਚਾਰਧਾਰਾ ਤੋਂ ਸੱਖਣਾ ਜੱਟ ਕਿਰਦਾਰ ਆਪਣੇ ਹਾਂਦਰੂ ਲੱਛਣ ਗੁਆ ਕੇ ਨਾਂਹ-ਵਾਚੀ ਹੋ ਨਿਬੜਦਾ ਹੈ। ਅਠਾਰ੍ਹਵੀਂ ਸਦੀ ’ਚ ਵੀ ਜੱਟ ਕਿਸਾਨਾਂ ਦੇ ਜਿਨ੍ਹਾਂ ਹਿੱਸਿਆਂ ਨੇ ਸਿੱਖ ਲਹਿਰ ਦੀ ਮੂਲ-ਆਤਮਾ ਨੂੰ ਗ੍ਰਹਿਣ ਨਹੀਂ ਸੀ ਕੀਤਾ, ਉਨ੍ਹਾਂ ਨੇ ਲਹਿਰ ਅੰਦਰ ਸ਼ਾਮਲ ਹੋ ਕੇ ਨਾਂਹ-ਵਾਚੀ ਅਮਲਾਂ ਤੇ ਰੁਝਾਨਾਂ ਨੂੰ ਤਕੜਾਈ ਬਖਸ਼ੀ। ਜਿਸ ਵਰਗ ਨੇ ਸਿੱਖੀ ਦੀ ਹਕੀਕੀ ਸਪਿਰਟ ਤੇ ਜਜ਼ਬੇ ਨੂੰ ਧੁਰ ਦਿਲੋਂ ਅਪਣਾਇਆ ਤੇ ਗ੍ਰਹਿਣ ਕੀਤਾ ਸੀ, ਉਨ੍ਹਾਂ ਨੇ ਪਾਕਿ ਤੇ ਬੁਲੰਦ ਇਖ਼ਲਾਕ ਦੇ ਉਹ ਜਲਵੇ ਦਿਖਾਹੇ ਕਿ ਕਾਜ਼ੀ ਨੂਰ ਮੁਹੰਮਦ ਵਰਗੇ ਕੱਟੜ ਦੁਸ਼ਮਣ ਵੀ ਪ੍ਰਭਾਵਿਤ ਤੇ ਅਚੰਭਵ ਹੋਣੋਂ ਨਾ ਰਹਿ ਸਕੇ। ਸੋ ਸਮੁੱਚੇ ਇਤਿਹਾਸਕ ਤਜਰਬੇ ’ਚੋਂ ਇਹ ਗੱਲ ਪਰਗਟ ਹੁੰਦੀ ਹੈ ਕਿ ਪੰਜਾਬ ਦਾ ਜੱਟ ਕਿਸਾਨ ਜਦ ਸਿੱਖੀ ਦੇ ਜਜ਼ਬੇ ਨੂੰ ਗ੍ਰਹਿਣ ਕਰ ਲੈਂਦਾ ਹੈ ਤਾਂ ਉਹ ਸ਼ੁੱਧ ‘ਸੋਨਾ’ ਬਣ ਜਾਂਦਾ ਹੈ ਅਤੇ ਜਦ ਉਹ ਇਸ ਜਜ਼ਬੇ ਤੋਂ ਵਿਰਵਾ ਹੋ ਜਾਂਦਾ ਹੈ ਤਾਂ ਉਹ ‘ਪਿੱਤਲ’ ਦੇ ਮੁੱਲ ਦਾ ਵੀ ਨਹੀਂ ਰਹਿੰਦਾ। ਬਤੌਰ ਨਿਰਾ ਜੱਟ, ਉਹ ਜਾਹਲ ਤੇ ਜਾਤ-ਅਭਿਮਾਨੀ ਹੋ ਨਿਬੜਦਾ ਹੈ। ਇਸ ਸਬੰਧੀ (ਮਰਹੂਮ) ਪ੍ਰੋ: ਕਿਸ਼ਨ ਸਿੰਘ ਦਾ ਇਹ ਨਿਰਣਾ ਬਹੁਤ ਹੀ ਟਿਕਾਣੇ ਦਾ ਹੈ ਕਿ ‘‘ਪੰਜਾਬ ਦੇ ਜੱਟ ਕਿਸਾਨ ਦੇ ਕਿਰਦਾਰ ਅੰਦਰ ਇਕ ਵੱਡਾ ਵਿਰੋਧਾਭਾਸ ਹੈ। ਇਸ ਵਿੱਚ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਸਤੇ ਐਨੀ ਡੂੰਘੀ ਵਫਾਦਾਰੀ ਹੈ, ਉੱਥੇ ਜੱਟਪੁਣੇ ਦਾ ਜਜ਼ਬਾ ਵੀ ਬਹੁਤ ਗਹਿਰਾ ਹੈ। ਜੱਟਪੁਣੇ ਦੇ ਜਜ਼ਬੇ ਦੇ ਦੋ ਪਹਿਲੂ ਹਨ। ਇਕ, ਇਹ ਇਸ ਨੂੰ ਕੀਰ ਹੋਣੋਂ ਬਚਾਉਂਦਾ ਹੈ (ਇਸ ਪੱਖੋਂ ਗੁਣਕਾਰੀ ਹੈ)। ਦੂਜਾ, ਇਹ ਦੀਰਘ ਰੋਗ ਹੈ... ਜੱਟਪੁਣੇ ਦਾ ਇਹ ਜਜ਼ਬਾ ਹੈ ਇੰਨਾ ਪਰਬਲ ਤੇ ਹੱਡੀਂ ਰਚਿਆ ਹੋਇਆ ਕਿ ਸਿਵਾਏ ਸਿੱਖੀ ਤੋਂ, ਸਿਵਾਏ ਗੁਰੂ ਸਾਹਿਬ ਦੇ ਜਜ਼ਬੇ ਤੋਂ, ਇਸ (ਜੱਟਪੁਣੇ) ਉੱਤੇ ਹੋਰ ਕੋਈ ਜਜ਼ਬਾ ਗਲਬਾ ਨਹੀਂ ਪਾ ਸਕਦਾ।’’
ਦੂਜੀ ਗੱਲ, ਜੇਕਰ ਜੱਟ ਕਿਸਾਨ ਰਾਜਸੀ ਤੌਰ ’ਤੇ ਚੇਤੰਨ ਨਹੀਂ, ਨਿਸ਼ਾਨਿਆਂ ਬਾਰੇ ਸਪਸ਼ਟ ਤੇ ਦ੍ਰਿੜ੍ਹ-ਚਿੱਤ ਨਹੀਂ, ਤਾਂ ਉਹ ਕਿਸੇ ਵੀ ਰਾਜਸੀ ਤਾਕਤ ਨਾਲ ਨਿਰਬਾਹ ਕਰ ਸਕਦਾ ਹੈ, ਉਸਦਾ ਹੱਥਠੋਕਾ ਬਣ ਸਕਦਾ ਹੈ; ਬਸ਼ਰਤੇ ਕਿ ਉਸਦੇ ਆਰਥਕ ਹਿੱਤਾਂ ਨੂੰ ਆਂਚ ਨਾ ਆਵੇ। ਜੇ ਕੋਈ ਹੁਕਮਰਾਨ ਤਾਕਤ ਉਸਦੇ ਆਰਥਕ ਹਿੱਤਾਂ ਨੂੰ ਸੱਟ ਨਾ ਮਾਰੇ ਅਤੇ ਉਸਦੀ ਸੀਮਤ ਜਿਹੇ ਦਾਇਰੇ ਵਾਲੀ ਅਜ਼ਾਦੀ ’ਚ ਦਖ਼ਲ ਨਾ ਦੇਵੇ, ਤਾਂ ਉਹ ਉਸ ਨਾਲ ਅਰਾਮ ਨਾਲ ਨਿਰਭਾਅ ਕਰ ਸਕਦਾ ਹੈ। ਇਹ ਗੱਲ ਬਰਤਾਨਵੀ ਰਾਜ ਵੇਲੇ ਵੀ ਪ੍ਰਗਟ ਹੋਈ ਸੀ ਅਤੇ ਅਜੋਕੇ ਸਮੇਂ ਵੀ ਸਾਹਮਣੇ ਆ ਰਹੀ ਹੈ।
ਰਾਜਸੀ ਚੇਤਨਾ ਤੋਂ ਕੋਰਾ ਜੱਟ ਕਿਸੇ ਵੀ ਰਾਜ-ਸ਼ਕਤੀ ਦਾ ‘ਬਹਾਦਰ ਜਵਾਨ’ ਬਣ ਕੇ ਆਪਣਾ ਅਤੇ ਹੋਰਨਾਂ ਦਾ ਨਾ ਸਿਰਫ਼ ਅਜਾਈਂ, ਸਗੋਂ ਨਿਹੱਕਾ ਲਹੂ ਡੋਲ੍ਹ ਸਕਦਾ ਹੈ। ਅਤੇ ਇਸ ਉੱਤੇ ਉਜੱਡ ਕਿਸਮ ਦਾ ਗਰੂਰ ਕਰ ਸਕਦਾ ਹੈ। ਅਸਲ ਵਿੱਚ ਜਿਸ ਨੂੰ ਪ੍ਰੋ: ਕਿਸ਼ਨ ਸਿੰਘ ਨੇ ‘ਜੱਟਪੁਣੇ’ ਦਾ ਨਾਉਂ ਦਿੱਤਾ ਹੈ, ਉਹ ਆਦਰਸ਼ਕ ਪ੍ਰੇਰਨਾ ਤੋਂ ਖ਼ਾਲੀ ਦਲੇਰੀ ਤੇ ਲੜਾਕੂਪੁਣਾ ਹੈ, ਜੋ ਕਿ ਬਗੈਰ ਸਾਧਿਆ ਹੋਇਆ, ਕਬਾਇਲੀ ਪੱਧਰ ਦਾ ਜਜ਼ਬਾ ਹੈ। ਸਿੱਖ ਲਹਿਰ ਦੇ ਰੂਪ ਵਿੱਚ ਕਬਾਇਲੀ ਪੱਧਰ ਤੋਂ ਉਚੇਰੇ ਸਮਾਜਕ ਨਿਸ਼ਾਨਿਆਂ ਲਈ ਜੱਦੋ-ਜਹਿਦ ਨੇ, ਜੱਟ ਕਿਸਾਨ ਦੇ ਚਰਿੱਤਰ ਨੂੰ ਨਵਾਂ ਰੂਪ ਚਾੜ੍ਹਿਆ। ਇਤਿਹਾਸ ਅੰਦਰ ਵੀ ਅਤੇ ਅਜੋਕੇ ਸਮੇਂ ’ਚ ਵੀ, ਜਿੱਥੇ ਇਹ ਨਿਸ਼ਾਨੇ ਗਾਇਬ ਹੋ ਗਏ, ਉੱਥੇ ਉਸਦਾ ਵਿਹਾਰ ਮੁੜ ਕਬਾਇਲੀ ਪੱਧਰ ’ਤੇ ਆ ਡਿਗਿਆ। ਜੇਕਰ ਉਸ ਨੂੰ ਕਿਸੇ ਇਨਕਲਾਬੀ ਆਦਰਸ਼ ਦੀ ਸੱਚਮੁੱਚ ਪਕੜ ਹੋ ਜਾਵੇ, ਉਹ ਸਿੱਖੀ ਦੀ ਸਪਿਰਿਟ ਨੂੰ ਹਕੀਕੀ ਰੂਪ ’ਚ ਗ੍ਰਹਿਣ ਕਰ ਲਵੇ ਤਾਂ ਉਹ ਬਹੁਤ ਦੁਸ਼ਵਾਰ ਹਾਲਤਾਂ ਵਿੱਚ ਵੀ ਇਰਾਦੇ ਦੀ ਅਡੋਲਤਾ ਪ੍ਰਗਟਾਅ ਸਕਦ ਅਤੇ ਸਿਦਕ ਦੇ ਨਵੇਂ ਕੀਰਤੀਮਾਨ ਸਥਾਪਕ ਕਰ ਸਕਦਾ ਹੈ; ਸਾਲਾਂ-ਬੱਧੀ ਬਲਕਿ ਦਹਾਕਿਆਂ-ਬੱਧੀ, ਅਤਿ ਦਰਜੇ ਦੀਆਂ ਮੁਸੀਬਤਾਂ ਤੇ ਤਸੀਹੈ ਝੱਲਣ ਦੇ ਬਾਵਜੂਦ, ਬਿਨਾਂ ਡੋਲੇ, ਬਿਨਾਂ ਝੁਕੇ, ਬਿਨਾਂ ਰੁਕੇ ਆਪਣੇ ਨਿਸ਼ਾਨੇ ਵੱਲ ਅਡੋਲ ਵੱਧ ਸਕਦਾ ਹੈ। ਨਾਉਮੀਦੀ ਦੀ ਹਾਲਤ ਵਿੱਚ ਵੀ ਕੁਰਬਾਨੀ ਤੇ ਬਹਾਦਰੀ ਦੇ ਬੇਜੋੜ ਜਲਵੇ ਦਿਖਾ ਸਕਦਾ ਹੈ। ਪਰ ਜਦ ਉਸ ਅੰਦਰ ਆਦਰਸ਼ ਦਾ ਜਜ਼ਬਾ ਕਮਜ਼ੋਰ ਪੈ ਜਾਵੇ ਤਾਂ ਉਸ ਅੰਦਰ ਖ਼ੁਦਪ੍ਰਸਤੀ, ਬੇਦਿਲੀ ਤੇ ਆਤਮ-ਸਮਰਪਣ ਕਰਨ ਦੀਆਂ ਰੁਚੀਆਂ ਸਿਰ ਚੁੱਕ ਲੈਂਦੀਆਂ ਹਨ ਅਤੇ ਉਹ ਸਸਤੇ ਭਾਅ (ਕਈ ਵਾਰ ਤਾਂ ਮੁਫਤੋ-ਮੁਫਤੀ ਹੀ) ਵਿਕਣ ਲਈ ਤਿਆਰ ਹੋ ਜਾਂਦਾ ਹੈ। ਅਜੋਕੇ ਸਰਮਾਏਦਾਰ ਯੁਗ ਨੇ ਉਸਦੀ ਸ਼ਖ਼ਸੀਅਤ ਪ੍ਰਸਤੀ ਅਤੇ ਖ਼ੁਦਗਰਜ਼ੀ ਉੱਤੇ ਨਵਾਂ ਜੋਬਨ ਚਾੜ੍ਹ ਦਿੱਤਾ ਹੈ ਅਤੇ ਇਨਕਲਾਬੀ ਆਦਰਸ਼ ਤੋਂ ਸੱਖਣਾ ਜੱਟ ਕਿਸਾਨ ਇਕ ਕਮਾਊ ਪਰ ਲਾਲਸਾਵਾਨ ਜੀਵ ਬਣ ਕੇ ਰਹਿ ਗਿਆ ਹੈ। ਇਹ ਅੰਸ਼ ਅਜੋਕੀ ਅਕਾਲੀ ਰਾਜਨੀਤੀ ਦੀ ਦਿਸ਼ਾ ਅਤੇ ਨੁਹਾਰ ਉੱਤੇ ਆਪਣਾ ਗਹਿਰਾ ਪ੍ਰਭਾਵ ਪ੍ਰਗਟਾਅ ਰਿਹਾ ਹੈ।
jatt, mentality, punjab, sikhs, casteism, influence, hinduism, barbarian, ego, self-esteem, enthusiasm, author, ajmer singh