Subscription About Us Contact Us


ਕੀ ਪੰਜਾਬੀ ਬੋਲੀ 50 ਸਾਲਾਂ ਤੱਕ ਖ਼ਤਮ ਹੋ ਜਾਏਗੀ?

- ਡਾ: ਸਵਰਾਜ ਸਿੰਘ -

ਮਸ਼ਹੂਰ ਪੱਤਰਕਾਰ ਕੁਲਦੀਪ ਨਈਅਰ ਨੇ ਯੂਨੈਸਕੋ ਦੀ ਇਕ ਰਿਪੋਰਟ ਦਾ ਹਵਾਲਾ ਦੇ ਕੇ, ਜਿਸ ਵਿੱਚ ਕਿਹਾ ਗਿਆ ਸੀ ਕਿ ਪੰਜਾਬੀ ਬੋਲ 50 ਸਾਲਾਂ ਵਿੱਚ ਖ਼ਤਮ ਹੋ ਜਾਵੇਗੀ, ਪੰਜਾਬ ਵਿੱਚ ਇਸ ਵਿਸ਼ੇ ’ਤੇ ਗੰਭੀਰ ਚਰਚਾ ਛੇੜ ਦਿੱਤੀ ਹੈ। ਇਨ੍ਹਾਂ ਦਿਨਾਂ ਵਿੱਚ ਪੰਜਾਬ ਵਿੱਚ ਕਈ ਥਾਵਾਂ ’ਤੇ ਮਾਂ-ਬੋਲੀ ਦਿਵਸ ਮਨਾਇਆ। ਮੈਨੂੰ ਵੀ ਕਈ ਥਾਵਾਂ ’ਤੇ ਵਿਦਵਾਨਾਂ, ਬੁੱਧੀਜੀਵੀਆਂ, ਲੇਖਕਾਂ ਅਤੇ ਪੱਤਰਕਾਰਾਂ ਨਾਲ ਇਸ ਵਿਸ਼ੇ ’ਤੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ। ਬਹੁਤ ਸਾਰੇ ਲੋਕ ਪੰਜਾਬੀ ਬੋਲੀ ਦੇ ਭਵਿੱਖ ਬਾਰੇ ਬਹੁਤ ਚਿੰਤਤ ਹਨ ਕਿਉਂਕਿ ਉਹ ਜਾਣਦੇ ਹਨ ਕਿ ਬੋਲੀ ਕਿਸੇ ਸਭਿਆਚਾਰ ਦਾ ਅਧਾਰ ਹੁੰਦੀ ਹੈ ਅਤੇ ਬੋਲੀ ਦਾ ਗੁਆਚਣਾ ਸਭਿਆਚਾਰ ਦਾ ਗੁਆਚਣਾ ਹੈ। ਪੰਜਾਬੀ ਬੋਲੀ ਦੀ ਇਕ ਹੋਰ ਵਿਸ਼ੇਸ਼ਤਾਈ ਵੀ ਇਹ ਹੈ ਕਿ ਇਹ ਸਿੱਖ ਧਰਮ ਦਾ ਵੀ ਅਨਿੱਖੜਵਾਂ ਅੰਗ ਬਣ ਚੁੱਕੀ ਹੈ।

ਕੁਝ ਲੋਕਾਂ ਦਾ ਖ਼ਿਆਲ ਹੈ ਕਿ ਪੰਜਾਬੀ ਬੋਲੀ 50 ਸਾਲਾਂ ਵਿੱਚ ਖ਼ਤਮ ਹੋ ਹੀ ਨਹੀਂ ਸਕਦੀ ਕਿਉਂਕਿ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਅੱਜ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਗਿਣਤੀ ਦੇ ਅਧਾਰ ’ਤੇ ਪੰਜਾਬੀ ਸੰਸਾਰ ਦੀ ਤੇਰ੍ਹਵੀਂ ਵੱਡੀ ਬੋਲੀ ਹੈ। ਉਹ ਲੋਕ ਇਹ ਵੀ ਕਹਿੰਦੇ ਹਨ ਕਿ ਪੰਜਾਬ ਵਿਦੇਸ਼ਾਂ ਵਿੱਚ ਪ੍ਰਫੁੱਲਤ ਹੋ ਰਹੀ ਹੈ। ਮਿਸਾਲ ਵਜੋਂ, ਕੈਨੇਡਾ ਵਿੱਚ ਪੰਜਾਬੀ ਚੌਧੀ ਵੱਡੀ ਬੋਲੀ ਬਣ ਚੁੱਕੀ ਹੈ। ਮੈਂ ਆਪ ਸਿੰਘਾਪੁਰ ਜਾ ਕੇ ਦੇਖਿਆ ਕਿ ਸਿੰਘਾਪੁਰ ਵਿੱਚ ਪੰਜਾਬੀ ਨੂੰ ਉਹ ਸਥਾਨ ਹਾਸਲ ਹੈ ਜੋਕਿ ਪੰਜਾਬ ਵਿੱਚ ਵੀ ਨਸੀਬ ਨਹੀਂ ਹੋਇਆ। ਉੱਥੇ ਕੋਈ ਵੀ ਪੰਜਾਬੀ ਮੂਲ ਦਾ ਵਿਦਿਆਰਥੀ, ਪੰਜਾਬੀ ਪੜ੍ਹੇ ਬਿਨਾਂ ਹਾਈ ਸਕੂਲ ਦਾ ਸਰਟੀਫਿਕੇਟ ਹਾਸਲ ਨਹੀਂ ਕਰ ਸਕਦਾ ਅਤੇ ਕਿਸੇ ਵੀ ਪੰਜਾਬੀ ਮੂਨ ਦੇ ਸ਼ਖ਼ਸ ਨੂੰ ਪੰਜਾਬੀ ਪੜ੍ਹੇ ਬਿਨਾਂ ਸਰਕਾਰੀ ਨੌਕਰੀ ਨਹੀਂ ਮਿਲ ਸਕਦੀ। ਕੁਝ ਲੋਕ ਇਹ ਵੀ ਮਹਿਸੂਸ ਕਰਦੇ ਹਨ ਕਿ ਕਿਉਂਕਿ ਪੰਜਾਬ ਵਿੱਚ ਅਕਾਲੀਆਂ ਦੀ ਪੰਥਕ ਸਰਕਾਰ ਹੈ, ਇਸਲਈ ਪੰਜਾਬੀ ਦਾ ਭਵਿੱਖ ਸੁਰੱਖਿਆ ਹੈ।

ਪਰ ਜੇ ਅਸੀਂ ਭਾਵਨਾਵਾਂ ਤੋਂ ਉੱਪਰ ਉੱਠ ਕੇ ਇਸ ਮਸਲੇ ਨੂੰ ਗੰਭੀਰਤਾ ਅਤੇ ਸੁਹਿਰਦਤਾ ਨਾਲ ਵਿਚਾਰੀਏ ਤਾਂ ਇਹ ਗੱਲ ਬਿਲਕੁਲ ਅਸੰਭਵ ਨਹੀਂ ਲੱਗਦੀ ਕਿ ਪੰਜਾਬੀ ਬੋਲੀ ਦੀ ਹੋਂਦ ਸੱਚਮੁਖ ਖ਼ਤਰੇ ਵਿੱਚ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਸਾਮਰਾਜੀ ਸੰਸਾਰੀਕਰਨ ਨੇ ਦੂਜੇ ਸਭਿਆਚਾਰਾਂ ਨੂੰ ਖੋਰ ਕੇ ਉਨ੍ਹਾਂ ’ਤੇ ਪੱਛਮੀ ਸਰਮਾਏਦਾਰੀ ਦਾ ਗਲਿਆ-ਸੜਿਆ (ਡੈਕਡੈਂਟ ਵੈਸਟਰਨ ਕੈਪੀਟਲਿਸਟ ਕਲਚਰ) ਸਭਿਆਚਾਰ ਠੋਸਣ ਲਈ ਹਮਲਾ ਕਰ ਦਿੱਤਾ ਹੈ ਕਿਉਂਕਿ ਬੋਲੀ ਸਭਿਆਚਾਰ ਦਾ ਅਧਾਰ ਹੁੰਦੀ ਹੈ। ਇਸਲਈ ਕਈ ਬੋਲੀਆਂ ਹੁਣ ਤੱਕ ਖ਼ਤਮ ਹੋ ਚੁੱਕੀਆਂ ਹਨ। ਲਗਗਪ 2000 ਬੋਲੀਆਂ ਸੰਸਾਰ ਵਿੱਚੋਂ ਖ਼ਤਮ ਹੋ ਚੁੱਕੀਆਂ ਹਨ। ਪੰਜਾਬ ਦੀ ਦਸ਼ਾ ਬਾਕੀ ਭਾਰਤ ਨਾਲੋਂ ਮਾੜੀ ਹੈ ਕਿਉਂਕਿ ਹਰੇ ਇਨਕਲਾਬ ਦੇ ਰੂਪ ਵਿੱਚ ਪੰਜਾਬ ਦੇ ਪਹਿਲਾਂ ਹੀ ਇਕ ਸਾਮਰਾਜੀ ਹਮਲਾ ਹੋ ਚੁੱਕਿਆ ਹੈ ਅਤੇ ਹੁਣ ਸੰਸਾਰੀਕਰਨ ਦੇ ਰੂਪ ਵਿੱਚ ਪੰਜਾਬ ’ਤੇ ਦੂਜਾ ਹਮਲਾ ਹੋ ਰਿਹਾ ਹੈ। ਸੰਸਾਰੀਕਰਨ ਦੇ ਇਸ ਸਾਮਰਾਜੀ ਹਮਲੇ ਦੇ ਨਤੀਜੇ ਵਜੋਂ ਅੰਗਰੇਜ਼ੀ ਬੋਲੀ ਪੰਜਾਬੀ ਬੋਲ ’ਤੇ ਹਮਲਾ ਕਰ ਰਹੀ ਹੈ। ਪੰਜਾਬ ਵਿੱਚ ਧੜਾਧੜ ਅੰਗਰੇਜ਼ੀ ਸਕੂਲ ਖੁਲ੍ਹ ਰਹੇ ਹਨ। ਜਿਹੜੇ ਮਾਪੇ ਕਿਸੇ ਨਾ ਕਿਸੇ ਢੰਗ ਨਾਲ ਇਨ੍ਹਾਂ ਸਕੂਲਾਂ ਦੀ ਫੀਸ ਭਰ ਸਕਦੇ ਹਨ, ਉਹ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਹੀ ਭੇਜਦੇ ਹਨ ਕਿਉਂਕਿ ਉਹ ਇਹ ਮਹਿਸੂਸ ਕਰਦੇ ਹਨ ਕਿ ਸਿਰਫ਼ ਅੰਗਰੇਜ਼ੀ ਨਾਲ ਹੀ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋ ਸਕਦਾ ਹੈ।

ਬਹੁਤ ਸਾਰੇ ਲੋਕਾਂ ਵਿੱਚ ਇਹ ਭਾਵਨਾ ਪ੍ਰਬਲ ਹੈ ਕਿ ਅੱਜ ਦੇ ਕੰਪਿਊਟਰ ਯੁੱਗ ਵਿੱਚ ਸਿਰਫ਼ ਅੰਗਰੇਜ਼ੀ ਨਾਲ ਹੀ ਤਰੱਕੀ ਹੋ ਸਕਦੀ ਹੈ। ਯੂਰਪ ਵਿੱਚ ਜਰਮਨੀ, ਫਰਾਂਸ ਅਤੇ ਰੂਸ ਨੇ ਤਕਨਾਲੋਜੀ ਵਿੱਚ ਕਾਫੀ ਤਰੱਕੀ ਕੀਤੀ ਹੈ ਪਰ ਉਨ੍ਹਾਂ ਨੇ ਇਹ ਤਰੱਕੀ ਅੰਗਰੇਜ਼ੀ ਭਾਸ਼ਾ ਅਪਣਾ ਕੇ ਨਹੀਂ ਕੀਤੀ ਸਗੋਂ ਆਪੋ-ਆਪਣੀ ਮਾਂ-ਬੋਲੀ ਵਿੱਚ ਹੀ ਕੀਤੀ ਹੈ। ਏਸ਼ੀਆ ਵਿੱਚ ਅੱਜ ਤਿੰਨ ਸਭ ਤੋਂ ਵਿਕਸਿਤ ਦੇਸ਼ਾਂ ਯਾਨਿ ਜਪਾਨ, ਚੀਨ, ਅਤੇ ਦੱਖਣੀ ਕੋਰੀਆ ਨੇ ਕੰਪਿਊਟਰ ਤਕਨਾਲੋਜੀ ਆਪਣੀ ਬੋਲੀ ਵਿੱਚ ਅਪਣਾਈ ਹੈ। ਇਸ ਤੱਥ ਦੇ ਬਾਵਜੂਦ ਬਹੁਤ ਸਾਰੇ ਪੰਜਾਬੀ ਆਪਣੀ ਬੋਲੀ ਪ੍ਰਤੀ ਹੀਨ ਭਾਵਨਾ ਤੋਂ ਮੁਕਤ ਨਹੀਂ ਹੋਏ ਕਿ ਪੰਜਾਬੀ ਬੋਲੀ ਵਿੱਚ ਕੰਪਿਊਟਰ ਯੁੱਗ ਦੀ ਬੋਲੀ ਬਣਨ ਦੀ ਸਮਰੱਥਾ ਨਹੀਂ ਹੈ।

ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ’ਤੇ ਹਿੰਦੀ ਦਾ ਵੀ ਹਮਲਾ ਹੋਰ ਰਿਹਾ ਹੈ। ਪੰਜਾਬ ਵਿੱਚੋਂ ਪੰਜਾਬੀ ਵਾਲੀ ਵਸੋਂ ਦਾ ਲਗਾਤਾਰ ਅਤੇ ਵੱਡੀ ਪੱਧਰ ’ਤੇ ਪੱਛਮ ਪਰਵਾਸ ਹੋ ਰਿਹਾ ਹੈ ਅਤੇ ਹਿੰਦੀ ਬੋਲਣ ਵਾਲੀ ਵਸੋਂ ਦਾ ਲਗਾਤਾਰ ਆਵਾਸ ਹੋ ਰਿਹਾ ਹੈ। ਇਨ੍ਹਾਂ ਦੋਨਾਂ ਰੁਝਾਨਾਂ ਦਾ ਨਤੀਜਾ ਇਹੀ ਨਿਕਲੇਗਾ ਕਿ ਪੰਜਾਬ ’ਚ ਹਿੰਦੀ ਬੋਲਣ ਵਾਲੇ ਲੋਕਾਂ ਦੀ ਜਲਦੀ ਹੀ ਬਹੁ-ਗਿਣਤੀ ਹੋ ਜਾਵੇਗੀ। ਇਸ ਤੱਥ ਦਾ ਇਕ ਸੂਚਕ ਇਹ ਵੀ ਹੈ ਕਿ ਅੱਜ ਪੰਜਾਬ ਵਿੱਚ ਪੰਜਾਬੀ ਵਿੱਚ ਛਪਣ ਵਾਲੇ ਅਖ਼ਬਾਰਾਂ ਦੀ ਗਿਣਤੀ 7 ਲੱਖ ਹੈ ਜਦੋਂਕਿ ਹਿੰਦੀ ਅਖ਼ਬਾਰਾਂ ਦੀ ਗਿਣਤੀ 31 ਲੱਖ ਦੇ ਕਰੀਬ ਹੈ। ਇਹ ਇਕ ਕੌੜਾ ਸੱਚ ਹੈ।

ਇਹ ਕਹਿਣਾ ਅਤਿਕਥਨੀ ਨਹੀਂ ਹੋਏਗੀ ਕਿ ਪੰਜਾਬੀ ਭਾਈਚਾਰੇ ਵਿੱਚ ਇਹ ਪ੍ਰਭਾਵ ਅੱਜ ਵੀ ਪ੍ਰਬਲ ਹੈ ਕਿ ਸਿੱਖਾਂ ਦੀ ਬੋਲੀ ਪੰਜਾਬੀ, ਹਿੰਦੂਆਂ ਦੀ ਬੋਲੀ ਹਿੰਦੀ ਅਤੇ ਮੁਸਲਮਾਨਾਂ ਦੀ ਬੋਲੀ ਉਰਦੂ ਹੈ। ਵਿਦੇਸ਼ਾਂ ਵਿੱਚ ਵੀ ਸਿਰਫ਼ ਗੁਰਦੁਆਰਿਆਂ ਵਿੱਚ ਹੀ ਪੰਜਾਬੀ ਪੜ੍ਹਾਈ ਜਾਂਦੀ ਹੈ। ਮੈਂ ਅੱਜ ਤੱਕ ਨਾ ਤਾਂ ਕਿਸੇ ਮੰਦਰ ਅਤੇ ਨਾ ਹੀ ਕਿਸੇ ਮਸਜਿਦ ਵਿੱਚ ਪੰਜਾਬੀ ਦੀਆਂ ਕਲਾਸਾਂ ਲੱਗਦੀਆਂ ਦੇਖੀਆਂ ਹਨ।

ਭਾਵੇਂ ਕਿ ਇਹ ਸੱਚ ਹੈ ਕਿ ਵਿਦੇਸ਼ਾਂ ਵਿੱਚ ਪੰਜਾਬੀ ਪ੍ਰਫੁੱਲਿਤ ਹੋ ਰਹੀ ਹੈ ਪਰ ਸੱਚਾਈ ਇਹ ਵੀ ਹੈ ਕਿ ਵਿਦੇਸ਼ਾਂ ਵਿੱਚ ਹਾਲੇ ਪੰਜਾਬੀ ਦੀਆਂ ਜੜ੍ਹਾਂ ਨਹੀਂ ਲਗਦੀਆਂ। ਪੰਜਾਬੀ ਬੋਲੀ ਦੇ ਰੁੱਖ ਦੀਆਂ ਜੜ੍ਹਾਂ ਹਾਲੇ ਵੀ ਪੰਜਾਬ ਵਿੱਚ ਹੀ ਹਨ ਅਤੇ ਵਿਦੇਸ਼ਾਂ ਵਿੱਚ ਹਾਲੇ ਇਸ ਰੁੱਖ ਦੀਆਂ ਟਹਿਣੀਆਂ ਅਤੇ ਪੱਤੇ ਹੀ ਖਿੱਲਰੇ ਹਨ। ਬਹੁਤ ਸਾਰੇ ਪੰਜਾਬੀ ਪਰਵਾਰਾਂ ਦੇ ਬੱਚੇ ਨਾ ਤਾਂ ਪੰਜਾਬੀ ਬੋਲ ਸਕਦੇ ਹਨ ਅਤੇ ਨਾ ਹੀ ਲਿਖ ਸਕਦੇ ਹਨ (ਇਸ ਤੋਂ ਵੀ ਦੁਖਦਾਈ ਗੱਲ ਇਹ ਹੈ ਕਿ ਉਨ੍ਹਾਂ ਵਿੱਚ ਮਾਂ-ਬੋਲੀ ਪੰਜਾਬੀ ਸਿੱਖਣ ਅਤੇ ਬੋਲਣ ਪ੍ਰਤੀ ਕੋਈ ਉਤਸ਼ਾਹ ਵੀ ਨਹੀਂ)। ਭਾਰਤ ਦੇ ਸ਼ਹਿਰੀ ਪੰਜਾਬੀਆਂ ਦੇ ਪਰਵਾਰਾਂ ਦੀ ਵੀ ਇਹੀ ਹਾਲਤ ਹੈ, ਜਿੱਥੇ ਮਾਪੇ ਆਪਸ ਵਿੱਚ ਤਾਂ ਪੰਜਾਬੀ ਵਿੱਚ ਗੱਲਬਾਤ ਕਰਦੇ ਹਨ ਪਰ ਆਪਣੇ ਬੱਚਿਆਂ ਨਾਲ ਹਿੰਦੀ ਵਿੱਚ ਗੱਲਬਾਤ ਕਰਦੇ ਹਨ। ਸੋ ਪੰਜਾਬੀ ਸਿਰਫ਼ ਪਹਿਲੀ ਪੀੜ੍ਹੀ ਤੱਕ ਹੀ ਸੀਮਤ ਹੈ ਅਤੇ ਦੂਜੀ ਪੀੜ੍ਹੀ ’ਤੇ ਜਾ ਕੇ ਲਗਭਗ ਖ਼ਤਮ ਹੋ ਜਾਂਦੀ ਹੈ। ਇਸਲਈ ਜੇ ਪੰਜਾਬੀ ਦੀ ਜੜ੍ਹ ਕਮਜ਼ੋਰ ਹੋ ਗਈ, ਤਾਂ ਵਿਦੇਸ਼ਾਂ ਵਿੱਚ ਤਾਂ ਕੀ, ਇਹ ਭਾਰਤ ਵਿੱਚ ਵੀ ਬਹੁਤ ਕਮਜ਼ੋਰ ਦਸ਼ਾ ਵਿੱਚ ਪਹੁੰਚ ਜਾਏਗੀ। ਜੇਕਰ ਇਸਦੀ ਹੋਂਦ ਬਿਲਕੁਲ ਖ਼ਤਮ ਨਾ ਵੀ ਹੋਈ, ਤਾਂ ਵੀ ਇਸਦੀ ਦਸ਼ਾ ਮੌਜੂਦਾ ਸਮੇਂ ਵਿੱਚ ਸੰਸਕ੍ਰਿਤ ਭਾਸ਼ਾ ਵਰਗੀ ਹੋਣ ਦੀ ਭਾਰੀ ਸੰਭਾਵਨਾ ਹੈ।

decline, extinction, punjabi, language, unesco report, kuldeep nayyar, urban punjabi, mentality, hindi, english, author, dr. swaraj singh