

ਪ੍ਰੋ: ਦਰਸ਼ਨ ਸਿੰਘ ਦੀ ਦਸਮ ਗ੍ਰੰਥ ਵਿਰੋਧੀ ਮੁਹਿੰਮ ਵਿੱਚ ‘ਸਿੱਖ ਪਾਰਲੀਮੈਂਟ’ ਦੀ ਭੂਮਿਕਾ ਕਿੰਨੀ ਕੁ ਸਾਰਥਕ ਹੋਵੇਗੀ?
- ਸਰਬਜੀਤ ਸਿੰਘ -
ਪ੍ਰੋ: ਦਰਸ਼ਨ ਸਿੰਘ ਸਿੱਖ ਕੌਮ ਦੇ ਉਹ ਸਤਿਕਾਰਤ ਪ੍ਰਚਾਰਕ ਹਨ, ਜੋ ਸਮੇਂ ਦੀ ਲੋੜ ਮੁਤਾਬਿਕ, ਮਹੱਤਵਪੂਰਨ ਵਿਸ਼ਿਆਂ ਦੀ ਚੋਣ ਕਰਕੇ ਸਿੱਖਾਂ ਨੂੰ ਸੇਧ ਦਿੰਦੇ ਰਹੇ ਹਨ। ਸਿੱਖ ਕੌਮ ’ਤੇ ਹੋਏ ਸਿੱਧੇ ਹਮਲਿਆਂ ਦੇ ਦੌਰ ਵਿੱਚ ਉਨ੍ਹਾਂ ਸਿੱਖਾਂ ਦਾ ਮਨੋਬਲ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਮੌਜੂਦਾ ਸਮੇਂ ਵਿੱਚ ਕੌਮ ’ਤੇ ਹੋ ਰਹੇ ਬੌਧਿਕ ਹਮਲਿਆਂ ਬਾਰੇ ਜਾਗਰੁਕ ਕਰ ਰਹੇ ਹਨ। ਇਸੇ ਕੜੀ ਵਿੱਚ ਉਨ੍ਹਾਂ ਵੱਲੋਂ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਸਰਬ-ਉੱਚਤਾ ਅਤੇ ਕੁਝ ਸ਼ਰਾਰਤੀ ਧਿਰਾਂ ਵੱਲੋਂ ‘ਗੁਰੂ’ ਵਾਂਗ ਪ੍ਰਚਾਰੇ ਜਾਂਦੇ ਗੰਦੀਆਂ ਕਵਿਤਾਵਾਂ ਵਾਲੇ ਅਖੌਤੀ ‘ਬਚਿੱਤਰ ਨਾਟਕ ਗ੍ਰੰਥ’ ਬਾਰੇ ਜਾਗਰੁਕ ਕਰਨ ਲਈ ਵੱਖ-ਵੱਖ ਢੰਗ ਤਰੀਕਿਆਂ ਰਾਹੀਂ ਇਕ ਸਾਰਥਕ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਵਿੱਚ ਜਿੱਥੇ ਉਹ ਕੀਰਤਨ ਦੌਰਾਨ ਖ਼ੁਦ ਵਿਆਖਿਆ ਕਰਕੇ ਸੰਗਤਾਂ ਨੂੰ ਦਸਮ ਗ੍ਰੰਥ ਵਿਚਲੀਆਂ ਗੁਰਮਤਿ-ਵਿਰੋਧੀ ਰਚਨਾਵਾਂ ਬਾਰੇ ਜਾਣਕਾਰੀ ਦਿੰਦੇ ਹਨ, ਉੱਥੇ ਮੁਹਿੰਮ ਨੂੰ ਤੇਜ਼ ਕਰਨ ਲਈ ਉਨ੍ਹਾਂ ਨੇ ਹੋਰਨਾਂ ਸਿੱਖਾਂ ਦੀ ਮਦਦ ਲੈਣ ਦੀ ਵੀ ਯੋਜਨਾ ਬਣਾਈ ਹੈ।
ਇਸੇ ਕੜੀ ਵਿੱਚ, ਪਿਛਲੇ ਦਿਨੀਂ ਦਿੱਲੀ ਵਿਖੇ ‘ਸਿੱਖ ਪਾਰਲੀਮੈਂਟ’ ਨਾਂ ਦੀ ਇਕ ਸੰਸਥਾ ਦਾ ਗਠਨ ਕੀਤਾ ਗਿਆ ਹੈ। ਇਸ ਸੰਸਥਾ ਦਾ ਮੰਤਵ ‘‘ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ ਕਾਇਮ ਕਰਨਾ ਅਤੇ ਗੁਰੂ ਅਸਥਾਨਾਂ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਇਕੋ-ਇਕ ਸਿੰਘਾਸਨ ਬਹਾਲ ਕਰਨਾ’’ ਦੱਸਿਆ ਗਿਆ ਹੈ। ਸੰਸਥਾ ਦੇ ਪੰਜ ਮੁੱਖ ਅਹੁਦੇਦਾਰ ਹਨ : ਸ੍ਰ: ਤਰਸੇਮ ਸਿੰਘ (ਮੈਂਬਰ-ਦਿ.ਸਿ.ਗੁ.ਪ੍ਰ. ਕਮੇਟੀ), ਸ੍ਰ: ਕੁਲਵੰਤ ਸਿੰਘ (ਇੰਚਾਰਜ-ਸਿੱਖ ਮਿਸ਼ਨਰੀ ਕਾਲਜ, ਦਿੱਲੀ ਸਰਕਲ), ਗਿਆਨੀ ਹਰਿੰਦਰ ਸਿੰਘ ਅਲਵਰ (ਕਥਾਵਾਚਕ), ਡਾ: ਹਰਜਿੰਦਰ ਸਿੰਘ ਦਿਲਗੀਰ (ਸਿੱਖ ਵਿਦਵਾਨ) ਅਤੇ ਸ੍ਰ: ਗੁਰਦਿਆਲ ਸਿੰਘ (ਮਿਸ਼ਨਰੀ)। ਦਿੱਲੀ ਕਮੇਟੀ ਪ੍ਰਧਾਨ ਦੇ ਇਕ ਨਜ਼ਦੀਕੀ ਵਿਅਕਤੀ ਸ੍ਰ: ਦਰਸ਼ਨ ਸਿੰਘ ਖ਼ੁਦ ਨੂੰ ਸੰਸਥਾ ਦਾ ‘ਕੋ-ਆਰਡੀਨੇਟਰ’ ਥਾਪਣ ਵਿੱਚ ਸਫ਼ਲ ਰਿਹਾ ਹੈ। ਕਿਉਂਕਿ ਪ੍ਰੋ: ਦਰਸ਼ਨ ਸਿੰਘ ਖ਼ੁਦ ਕੈਨੇਡਾ ਵਿੱਚ ਰਹਿੰਦੇ ਹਨ, ਇਸਲਈ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਇਹ ਸਭ ਲੋਕ ਅਤੇ ਸੰਸਥਾ ਦਾ ਕੋ-ਆਰਡੀਨੇਟਰ ਹੀ ਅਸਲ ਵਿੱਚ ਸੰਸਥਾ ਨੂੰ ਚਲਾਉਣਗੇ।
ਆਰਥਕ ਤੌਰ ’ਤੇ ਇਹ ਸੰਸਥਾ ਪੂਰੀ ਤਰ੍ਹਾਂ ਦਿੱਲੀ ਕਮੇਟੀ ਪ੍ਰਧਾਨ ਸ੍ਰ: ਪਰਮਜੀਤ ਸਿੰਘ ਸਰਨਾ ਉੱਤੇ ਨਿਰਭਰ ਹੈ, ਜਿਨ੍ਹਾਂ ਨੇ ਪ੍ਰੋ: ਦਰਸ਼ਨ ਸਿੰਘ ਨਾਲ ਆਪਣੇ ਚੰਗੇ ਸਬੰਧਾਂ ਦੇ ਮੱਦੇਨਜ਼ਰ ਗੁਰਦੁਆਰਾ ਕਮੇਟੀ ਦੇ ਦਫ਼ਤਰ ਵਿੱਚ ਉਪਲਬਧ ਇਕ ਕਮਰਾ ‘ਸਿੱਖ ਪਾਰਲੀਮੈਂਟ’ ਲਈ ਮੁਕੱਰਰ ਕਰ ਦਿੱਤਾ ਹੈ ਅਤੇ ਕੁਝ ਫਰਨੀਚਰ ਤੇ ਇਕਾਧ ਕੰਪਿਊਟਰ ਵੀ ਦੇ ਦਿੱਤਾ ਗਿਆ ਹੈ। ਅਜਿਹੇ ਵਿੱਚ ਸੰਸਥਾ ਦਾ ਭਵਿੱਖ ਕੋਈ ਉਤਸ਼ਾਹ-ਜਨਕ ਨਜ਼ਰ ਨਹੀਂ ਆਉਂਦਾ ਕਿਉਂਕਿ ਭਾਵੇਂ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਗੁਰਦੁਆਰਾ ਐਕਟ ਵਿੱਚ ਤਬਦੀਲੀ ਕਰਵਾ ਕੇ ਖ਼ੁਦ ਨੂੰ ਅਗਲੇ ਸਾਲ ਤੱਕ ਲਈ ਕਮੇਟੀ ਦਾ ਪ੍ਰਧਾਨ ਮੁਕੱਰਰ ਕਰ ਲਿਆ ਹੈ ਪਰ ਇਹ ਜ਼ਰੂਰੀ ਨਹੀਂ ਕਿ ਅਗਲੇ ਸਾਲ ਹੋਣ ਵਾਲੀਆਂ ਅੰਤ੍ਰਿੰਗ ਬੋਰਡ ਦੀਆਂ ਚੋਣਾਂ ਵਿੱਚ ਸਰਨਾ ਭਰਾ ਜਾਂ ਉਨ੍ਹਾਂ ਦਾ ਕੋਈ ਸਮਰਥਕ ਦਿੱਲੀ ਕਮੇਟੀ ਦਾ ਪ੍ਰਧਾਨ ਬਣ ਸਕੇ। ਜੇਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਵਿੱਚ ਬਾਦਲ ਦਲ ਦੇ ਆਗੂ ਜਿੱਤਦੇ ਹਨ, ਤਾਂ ਉਹ ਪ੍ਰੋ: ਦਰਸ਼ਨ ਸਿੰਘ ਨਾਲ ਰਜਿੰਸ਼ ਅਤੇ ਸੰਘ ਪਰਵਾਰ ਦੇ ਦਬਾਅ ਕਾਰਨ ਨਿਸ਼ਚਿਤ ਤੌਰ ’ਤੇ ਕਮੇਟੀ ਦਫ਼ਤਰ ਵਿੱਚੋਂ ‘ਸਿੱਖ ਪਾਰਲੀਮੈਂਟ’ ਦਾ ਬੋਰੀਆ-ਬਿਸਤਰਾ ਚੁਕਵਾ ਦੇਣਗੇ।
ਇਹ ਵੀ ਜਾਪਦਾ ਹੈ ਕਿ ਪ੍ਰੋ: ਦਰਸ਼ਨ ਸਿੰਘ ਵੱਲੋਂ ਕੀਰਤਨ-ਵਿਆਖਿਆ ਦੌਰਾਨ ਸੰਗਤਾਂ ਨੂੰ ਜਾਗ੍ਰਿਤ ਕਰਨ ਦੀ ਮੁਹਿੰਮ ਦੌਰਾਨ ਹੀ ਸਿੱਖ-ਵਿਰੋਧੀ ਤਾਕਤਾਂ ਨੇ ਇਹ ਨਿਰਣਾ ਲੈ ਲਿਆ ਸੀ ਕਿ ਪ੍ਰੋਫੈਸਰ ਦੀ ਇਸ ਮੁਹਿੰਮ ਨੂੰ ਕਿਸੇ ਨਾ ਕਿਸੇ ਤਰ੍ਹਾਂ ਗੁੰਮਰਾਹ ਕੀਤਾ ਜਾਏ, ਜਾਂ ਘੱਟੋ-ਘੱਟ ਇਸਦਾ ਪ੍ਰਭਾਵ ਘਟਾਇਆ ਜਾਏ। ਇਸੇ ਨੀਤੀ ਤਹਿਤ ‘ਸਿੱਖ ਪਾਰਲੀਮੈਂਟ’ ਸੰਸਥਾ (ਹਾਲਾਂਕਿ ਇਸ ਸੰਸਥਾ ਨਾ ਤਾਂ ਇਹ ਸਮੁੱਚੀ ਸਿੱਖ ਕੌਮ ਦੀ ਪ੍ਰਤੀਨਿਧਤਾ ਕਰ ਰਹੀ ਹੈ ਅਤੇ ਨਾ ਹੀ ਇਸਦੇ ਮੁਖੀ ਵੋਟ ਵਿਧੀ ਰਾਹੀਂ ਚੁਣੇ ਗਏ ਹਨ) ਦੀ ਸਥਾਪਨਾ ਤੋਂ ਪਹਿਲਾਂ ਹੋਈਆਂ ਮੀਟਿੰਗਾਂ ਵਿੱਚ ਕੁਝ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਗਿਆ ਕਿ ਸੰਸਥਾ ਖੁੱਲ ਕੇ ਸੱਚ ਦਾ ਪ੍ਰਚਾਰ ਨਾ ਕਰ ਸਕੇ।
ਮਿਸਾਲ ਵਜੋਂ, ਸੰਸਥਾ ਵਿੱਚ ਸਿਰਫ਼ ਦਿੱਲੀ ਦੇ ਸਿੱਖਾਂ ਨੂੰ ਮੁਖੀ ਬਣਾਇਆ ਗਿਆ ਹੈ ਜਦਕਿ ਦਸਮ ਗ੍ਰੰਥ ਦਾ ਵਧੇਰੇ ਪ੍ਰਚਾਰ ਅਤੇ ਇਸ ਪ੍ਰਤੀ ਵਧੇਰੇ ਸ਼ਰਧਾ ਪੰਜਾਬ ਦੇ ਡੇਰੇਦਾਰਾਂ ਅਤੇ ਪੰਜਾਬ ਤੋਂ ਬਾਹਰਲੇ ਤਖ਼ਤਾਂ ਦੇ ਪੁਜਾਰੀਆਂ ਵੱਲੋਂ ਦਰਸਾਈ ਜਾਂਦੀ ਹੈ। ਅਜਿਹੇ ਵਿੱਚ, ਲੋੜ ਸੀ ਕਿ ਇਸ ਵਿੱਚ ਸਾਰੇ ਭਾਰਤ, ਬਲਕਿ ਸਾਰੀ ਦੁਨੀਆ ਦੇ ਬਿਬੇਕਸ਼ੀਲ ਅਤੇ ਦਸਮ ਗ੍ਰੰਥ ਬਾਰੇ ਡੂੰਘੇ ਖੋਜ-ਕਾਰਜ ਕਰ ਚੁੱਕੇ ਗਿਆਨਵਾਨ ਸਿੱਖ ਵਿਦਵਾਨਾਂ (ਮਿਸਾਲ ਵਜੋਂ ਚੰਡੀਗੜ੍ਹ ਦੇ ਸ੍ਰ: ਗੁਰਤੇਜ ਸਿੰਘ, ਮੋਹਾਲੀ ਦੇ ਭਾਈ ਜਸਵਿੰਦਰ ਸਿੰਘ ਖ਼ਾਲਸਾ) ਅਤੇ ਪ੍ਰਚਾਰਕਾਂ ਨੂੰ ਸ਼ਾਮਲ ਕੀਤਾ ਜਾਂਦਾ। ਪਰ ਪ੍ਰੋ: ਦਰਸ਼ਨ ਸਿੰਘ ਦੇ ਆਸ-ਪਾਸ ਸਰਗਰਮ ਮੱਕਾਰ ਕਿਸਮ ਦੇ ਲੋਕਾਂ ਦੀ ਜੁੰਡਲੀ (ਸੰਜੋਗ ਨਾਲ ਇਸ ਜੁੰਡਲੀ ਦੇ ਆਗੂ ਦਾ ਨਾਮ ਵੀ ‘ਦਰਸ਼ਨ ਸਿੰਘ’ ਹੀ ਅਤੇ ਉਹੀ ਸੰਸਥਾ ਦਾ ਕੋ-ਆਰਡੀਨੇਟਰ ਵੀ ਹੈ। ਸੂਤਰਾਂ ਮੁਤਾਬਿਕ, ਇਹ ਵਿਅਕਤੀ ਖ਼ੁਦ ਵੀ ਦਸਮ ਗ੍ਰੰਥ ਦਾ ਸ਼ਰਧਾਲੂ ਹੈ ਅਤੇ ਇਸਨੇ ਦਿੱਲੀ ਦੇ ਸਿੱਖ ਆਗੂਆਂ ਦੀ ਚਾਪਲੂਸੀ ਕਰਕੇ ‘ਦਲਜੀਤ ਸਿੰਘ’ ਨਾਮ ਦੇ ਇਕ ਅਜਿਹੇ ਸ਼ੱਕੀ ਕਿਸਮ ਦੇ ਵਿਅਕਤੀ ਨੂੰ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ’ਤੇ ਕਾਬਿਜ਼ ਕਰਵਾਇਆ ਹੋਇਆ ਹੈ, ਜੋ ਖ਼ੁਦ ਦਸਮ ਗ੍ਰੰਥ ਦਾ ਕੱਟੜ ਸਮਰਥਕ ਹੈ। ਦਸਮ ਗ੍ਰੰਥ ਵਿਰੋਧੀ ਮੁਹਿੰਮ ਦੀ ਰੂਪਰੇਖਾ ਉਲੀਕਣ ਸਬੰਧੀ ਦਿੱਲੀ ਦੇ ਗੁ: ਰਕਾਬ ਗੰਜ ਸਾਹਿਬ ਵਿਖੇ ਹੋਈ ਪਹਿਲੀ ਮੀਟਿੰਗ ਵਿੱਚ ਸ਼੍ਰੋਮਣੀ ਖ਼ਾਲਸਾ ਪੰਚਾਇਤ ਚੰਡੀਗੜ੍ਹ ਦੇ ਭਾਈ ਰਜਿੰਦਰ ਸਿੰਘ ਖ਼ਾਲਸਾ ਵੱਲੋਂ ਦਸਮ ਗ੍ਰੰਥ ਸਬੰਧੀ ਕੁਝ ਤਿੱਖੀਆਂ ਟਿੱਪਣੀਆਂ ਕਰਨ ’ਤੇ ਸਭ ਤੋਂ ਪਹਿਲਾਂ ਇਹੀ ਦਰਸ਼ਨ ਸਿੰਘ ਹੀ ਭੁੜਕਿਆ ਸੀ) ਨੇ, ਸਨਮਾਨਯੋਗ ਸਾਬਕਾ ਮੁੱਖ ਸੇਵਾਦਾਰ ਦੇ ਮਨ ਵਿੱਚ ਇਨ੍ਹਾਂ ਵਿਦਵਾਨਾਂ ਦੇ ‘ਅਕਸ’ ਪ੍ਰਤੀ ਹਊਆ ਖੜਾ ਕਰਕੇ, ‘ਨਰਮ’ ਸੁਭਾਅ ਅਤੇ ‘ਟਕਰਾਅ’ ਤੋਂ ਬਚਣ ਦੀ ਨੀਤੀ ਅਪਣਾਉਣ ਵਾਲੇ ਲੋਕਾਂ ਨੂੰ ਸਿੱਖ ਪਾਰਲੀਮੈਂਟ ਦੇ ਮੁਖੀ ਬਣਵਾ ਦਿੱਤਾ ਹੈ। ਖ਼ਾਸਕਰ ਸਿੱਖ ਮਿਸ਼ਨਰੀ ਕਾਲਜ, ਦੇ ਸੀਨੀਅਰ ਅਹੁਦੇਦਾਰਾਂ ਦੀਆਂ ਨੀਤੀਆਂ ਕਿਸੇ ਤੋਂ ਛੁਪੀਆਂ ਹੋਈਆਂ ਨਹੀਂ, ਜੋ ਦਸਮ ਗ੍ਰੰਥ ਦਾ ਵਿਰੋਧ ਕਰਨ ਲਈ ਉਸੇ ‘ਸਿੱਖ ਰਹਿਤ ਮਰਿਆਦਾ’ ਦਾ ਸਹਾਰਾ ਲੈਣਾ ਲੋਚਦੇ ਹਨ, ਜਿਸ ਦੀ ਸ਼ੁਰੂਆਤ ਵਿੱਚ ਹੀ ਸਿੱਖਾਂ ਨੂੰ ‘‘ਦਸ ਗੁਰੂ ਸਾਹਿਬਾਨ ਦੀ ਬਾਣੀ’’ ਉੱਤੇ ‘ਨਿਸ਼ਚਾ’ ਕਰਨ ਦੀ ਹਦਾਇਤ ਦਿੱਤੀ ਗਈ ਹੈ।
ਇਸੇ ਤਰ੍ਹਾਂ, ਸਿੱਖ ਪਾਰਲੀਮੈਂਟ ਦਾ ਮੁੱਖ ਮੰਤਵ ਗੁਰਦੁਆਰਿਆਂ ਵਿੱਚੋਂ ਦਸਮ ਗ੍ਰੰਥ ਦਾ ਪ੍ਰਕਾਸ਼ (ਅਸਲ ਵਿੱਚ ਅੰਧਕਾਰ) ਹਟਵਾਉਣਾ ਮਿੱਥਿਆ ਗਿਆ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਗਿਣਤੀ ਦੇ ਕੁਝ ਗੁਰਦੁਆਰਿਆਂ/ਡੇਰਿਆਂ ਵਿੱਚੋਂ ਦਸਮ ਗ੍ਰੰਥ ਦੀਆਂ ਪ੍ਰਤੀਆਂ ਹਟਾ ਲਏ ਜਾਣ ਨਾਲ ਹੀ ਗੁਰੂ ਗ੍ਰੰਥ ਸਾਹਿਬ ਦਾ ਸਮੁੱਚਾ ਅਦਬ-ਸਤਿਕਾਰ ਕਾਇਮ ਹੋ ਜਾਏਗਾ? ਕੀ ਅਜਿਹਾ ਹੋ ਜਾਣ ਨਾਲ ਗੁਰਮਤਿ-ਵਿਰੋਧੀ ਤਾਕਤਾਂ ਅਤੇ ਅੰਨ੍ਹੀ ਸ਼ਰਧਾ ਵਾਲੇ ਸਿੱਖ ਦਸਮ ਗ੍ਰੰਥ ਵਿਚਲੀਆਂ ਬ੍ਰਾਹਮਣਵਾਦੀ ਰਚਨਾਵਾਂ ਦਾ ਕੀਰਤਨ ਕਰਨਾ, ਉਨ੍ਹਾਂ ਦੇ ਅਧਾਰ ’ਤੇ ਦੇਵੀ-ਦੇਵਤਿਆਂ ਦੀ ਉਸਤਿਤ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ‘ਤਪ’ ਕਰਕੇ, ਦੇਵੀ ਦੀ ਕ੍ਰਿਪਾ ਨਾਲ ‘ਖਾਲਸਾ’ ਸਾਜਣ ਵਾਲੇ ਗੁਰੂ ਵਜੋਂ ਪ੍ਰਚਾਰਨਾ ਬੰਦ ਕਰ ਦੇਣਗੇ? ਜ਼ਾਹਿਰ ਹੈ ਕਿ ਅਜਿਹਾ ਬਿਲਕੁਲ ਨਹੀਂ ਹੋਵੇਗਾ। ਬਲਕਿ ਗੁਰੂ ਸਾਹਿਬਾਨ ਦੇ ਜੀਵਨ ਕਾਲ ਬਾਰੇ ਗੁੰਮਰਾਹਕੁੰਨ ਪ੍ਰਚਾਰ ਅਤੇ ਸਿੱਖਾਂ ਨੂੰ ਮਨਮਤਿ ਨਾਲ ਜੋੜਨ ਦੀ ਸਮੱਸਿਆ ਜਿਵੇਂ ਦੀ ਤਿਵੇਂ ਕਾਇਮ ਰਹੇਗੀ।
ਅਜਿਹੇ ਵਿੱਚ ਪ੍ਰੋ: ਦਰਸ਼ਨ ਸਿੰਘ ਨੂੰ ਚਾਹੀਦਾ ਹੈ ਕਿ ਸਿੱਖ ਪਾਰਲੀਮੈਂਟ ਸੰਸਥਾ ਦਾ ਮੰਤਵ ਅਤੇ ਅਕਾਰ ਪੱਖੋਂ ਹੋਰ ਵਿਸਥਾਰ ਕਰਨ ਅਤੇ ਦਿੱਲੀ ਵਿੱਚ ਠਹਿਰਣ ਸਮੇਂ ਆਪਣੇ ਆਸ-ਪਾਸ ਸਰਗਰਮ ਰਹਿੰਦੇ ਦੋਗਲੇ ਕਿਸਮ ਦੇ ਵਿਅਕਤੀਆਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋਣ ਤੋਂ ਪਰਹੇਜ਼ ਕਰਨ।