Subscription About Us Contact Us


ਇੰਡੀਆ ਅਵੇਅਰਨੈੱਸ ਦੇ ਪਾਠਕਾਂ ਦੇ ਸਬਰ ਦਾ ਇਮਤਿਹਾਨ ਹੋਰ ਕਰੜਾ ਹੋਇਆ

- ਸਰਬਜੀਤ ਸਿੰਘ -

ਭਾਰਤ ਵਿੱਚ ਰਹਿ ਕੇ ਬ੍ਰਾਹਮਣਵਾਦੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲੇ ਹਰ ਸ਼ਖ਼ਸ, ਅਦਾਰੇ, ਸੰਗਠਨ, ਪਾਰਟੀ ਜਾਂ ਧਰਮ ਨੂੰ ਬ੍ਰਾਹਮਣਵਾਦੀਆਂ ਦੇ ਹਰ ਤਰ੍ਹਾਂ ਦੇ ਛਲ-ਕਪਟ ਅਤੇ ਅਨੈਤਿਕ ਚਾਲਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਇਸ ਵਿੱਚ ਕੁਝ ਵੀ ਗੈਰ-ਕੁਦਰਤੀ ਨਹੀਂ। ਮੱਕਾਰ ਲੋਕ ਆਪਣੀ ਵਿਚਾਰਧਾਰਾ ਦਾ ਪਰਦਾਫਾਸ਼ ਹੁੰਦਿਆਂ ਵੇਖ ਕੇ ਚੁਪਚਾਪ ਕਿਵੇਂ ਬੈਠੇ ਰਹਿ ਸਕਦੇ ਹਨ? ਇੰਡੀਆ ਅਵੇਅਰਨੈੱਸ ਖਿਲਾਫ਼ ਚਲੀਆਂ ਜਾਂਦੀਆਂ ਚਾਲਾਂ ਵੀ ਇਸੇ ਨੀਤੀ ਦਾ ਹੀ ਇਕ ਹਿੱਸਾ ਹਨ।

ਇਸ ਰਸਾਲੇ ਰਾਹੀਂ ਅਸੀਂ ਬ੍ਰਾਹਮਣਵਾਦੀਆਂ ਵੱਲੋਂ ਭਾਰਤੀ ਲੋਕਾਂ ਦੇ ਸ਼ੋਸ਼ਣ ਲਈ ਵਰਤੀਆਂ ਜਾਂਦੀਆਂ ਸੂਖਮ ਚਾਲਾਂ ਬਾਰੇ ਲੋਕਾਂ ਨੂੰ ਜਾਗਰੁਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸਦੇ ਇਲਾਵਾ, ਬ੍ਰਾਹਮਣਵਾਦੀਆਂ ਵੱਲੋਂ ਘੱਟ-ਗਿਣਤੀ ਕੌਮਾਂ, ਖ਼ਾਸਕਰ ਸਿੱਖਾਂ ਨੂੰ ਮਲੀਆਮੇਟ ਕਰਨ ਲਈ ਵਰਤੇ ਜਾਂਦੇ ਹਥਕੰਡਿਆਂ, ਜਿਵੇਂ ਇਨ੍ਹਾਂ ਕੌਮਾਂ ਵਿੱਚ ਆਪਣੇ ਏਜੰਟਾਂ ਨੂੰ ‘ਲੀਡਰਾਂ’ ਦੇ ਰੂਪ ਵਿੱਚ ਸਥਾਪਿਤ ਕਰਨਾ, ਡੇਰਾਵਾਦ/ਬਾਬਾਵਾਦ ਜ਼ਰੀਏ ਲੋਕਾਂ ਨੂੰ ਧਰਮ ਦੇ ਚੰਗੇ ਅਸੂਲਾਂ ਤੋਂ ਤੋੜ ਕੇ ਉਨ੍ਹਾਂ ਦਾ ਆਰਥਕ, ਸਰੀਰਕ ਤੇ ਮਾਨਸਿਕ ਸ਼ੋਸ਼ਣ ਕਰਨਾ, ਪੁਜਾਰੀਵਾਦ ਨੂੰ ਹੱਲਾਸ਼ੇਰੀ ਦੇ ਕੇ ਲੋਕਾਂ ਨੂੰ ਬ੍ਰਾਹਮਣਵਾਦ ਤੋਂ ਪ੍ਰੇਰਿਤ ਕਰਮ-ਕਾਂਡਾਂ ਵਿੱਚ ਉਲਝਾਈ ਰੱਖਣਾ ਆਦਿਕ ਬਾਰੇ ਇੰਡੀਆ ਅਵੇਅਰਨੈੱਸ ਵੱਲੋਂ ਹਮੇਸ਼ਾ ਤੱਥ-ਭਰਪੂਰ ਜਾਣਕਾਰੀ ਪੇਸ਼ ਕੀਤੀ ਜਾਂਦੀ ਰਹੀ ਹੈ।

ਇਹੀ ਕਾਰਨ ਹੈ ਕਿ ਇੰਡੀਆ ਅਵੇਅਰਨੈੱਸ ਵਿੱਚ ਕਾਂਗਰਸ, ਬੀਜੇਪੀ, ਅਕਾਲੀ ਦਲਾਂ, ਡੇਰੇਦਾਰਾਂ, ਪੁਜਾਰੀਆਂ, ਅਖੌਤੀ ਜੱਥੇਦਾਰਾਂ ਆਦਿਕ ਦੀਆਂ ਭ੍ਰਿਸ਼ਟ ਅਤੇ ਲੋਕ-ਮਾਰੂ ਨੀਤੀਆਂ ਬਾਰੇ ਆਦਿਕ ਬਾਰੇ ਲਗਭਗ ਹਰ ਅੰਕ ਵਿੱਚ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਹਰ ਨਵੇਂ ਅੰਕ ਦੇ ਪ੍ਰਕਾਸ਼ਨ ਨਾਲ ਸਾਡੇ ਨਵੇਂ ਦੁਸ਼ਮਣ ਪੈਦਾ ਹੋ ਜਾਂਦੇ ਹਨ। ਇਸਲਈ ਸੁਭਾਵਿਕ ਤੌਰ ’ਤੇ ਬ੍ਰਾਹਮਣਵਾਦੀ ਸੰਗਠਨ ਇੰਡੀਆ ਅਵੇਅਰਨੈੱਸ ਦਾ ਪ੍ਰਕਾਸ਼ਨ ਬੰਦ ਕਰਵਾਉਣਾ ਚਾਹੁੰਦੇ ਹਨ। ਪਰ ਇਸ ਮਕਸਦ ਦੀ ਪੂਰਤੀ ਲਈ ਜੇਕਰ ਉਹ ਸਾਡੇ ’ਤੇ ਸਿੱਧੇ ਹਮਲੇ ਕਰਨ, ਤਾਂ ਇਸ ਨਾਲ ਲਾਜ਼ਮੀ ਤੌਰ ’ਤੇ ਸਾਨੂੰ ਸਿੱਖਾਂ ਦੇ ਚੇਤੰਨ ਵਰਗ ਦੀ ਹਮਦਰਦੀ ਅਤੇ ਸਾਥ ਮਿਲ ਸਕਦਾ ਹੈ। ਇਸਲਈ ਭਾਰਤੀ ਸਰਕਾਰ ਦੀ ਨੱਕ ਥੱਲੇ ਰਹਿ ਕੇ ਵੀ ਬ੍ਰਾਹਮਣਵਾਦੀਆਂ ਖਿਲਾਫ਼ ਮੁਹਿੰਮ ਚਲਾਉਣ ਦੇ ਬਾਵਜੂਦ ਸਾਨੂੰ ਸਿੱਧੇ ਤੌਰ ’ਤੇ ਕੋਈ ਨੁਕਸਾਨ ਨਹੀਂ ਪੁਚਾਇਆ ਗਿਆ।

ਪਰ ਇੰਡੀਆ ਅਵੇਅਰਨੈੱਸ (ਅਤੇ ਹੋਰ ਕ੍ਰਾਂਤੀਕਾਰੀ ਰਸਾਲਿਆਂ) ਪ੍ਰਤੀ ਪਾਠਕਾਂ ਦੇ ਵਿਸ਼ਵਾਸ ਨੂੰ ਡਗਮਗਾਉਣ ਲਈ ਇਕ ਹਥਕੰਡਾ ਅਕਸਰ ਵਰਤਿਆ ਜਾਂਦਾ ਹੈ ਕਿ ਰਸਾਲੇ ਦੀਆਂ ਪ੍ਰਤੀਆਂ, ਜੋ ਡਾਕ ਰਾਹੀਂ ਪਾਠਕਾਂ ਤੱਕ ਪਹੁੰਚਦੀਆਂ ਹਨ, ਵਿੱਚੋਂ ਕੁਝ ਪ੍ਰਤੀਆਂ ਨੂੰ ਰਸਤੇ ਵਿੱਚ ਹੀ ਖੁਰਦ-ਬੁਰਦ ਕਰ ਦਿੱਤਾ ਜਾਂਦਾ ਹੈ। ਅਜਿਹਾ ਕਰਦਿਆਂ ਇਹ ਵੀ ਧਿਆਨ ਰੱਖਿਆ ਜਾਂਦਾ ਹੈ ਕਿ ਕਿਸੇ ਖੇਤਰ ਵਿੱਚ ਹਰ ਵਾਰ ਇਕੋ ਪਾਠਕ ਦੀ ਪ੍ਰਤੀ ਨੂੰ ਰੋਕਣ ਦੀ ਬਜਾਏ, ਵੱਖ-ਵੱਖ ਪਾਠਕਾਂ ਦੀਆਂ ਪ੍ਰਤੀਆਂ ਨੂੰ ਰੋਕ ਦਿੱਤਾ ਜਾਂਦਾ ਹੈ। ਇਸਲਈ ਸਾਨੂੰ ਹਰ ਮਹੀਨੇ ਵੱਖ-ਵੱਖ ਪਾਠਕਾਂ ਦੇ ਫੋਨ ਆਉਂਦੇ ਹਨ ਕਿ ਉਨ੍ਹਾਂ ਨੂੰ ਇਸ ਮਹੀਨੇ ਦਾ ਰਸਾਲਾ ਨਹੀਂ ਮਿਲਿਆ। ਪਰ ਜਦ ਅਸੀਂ ਕੰਪਿਊਟਰ ਵਿੱਚ ਆਪਣੇ ਪਾਠਕਾਂ ਦੀ ਲਿਸਟ ਚੈੱਕ ਕਰਦੇ ਹਾਂ, ਤਾਂ ਸਾਨੂੰ ਲਗਭਗ ਸਾਰੇ ਪਾਠਕਾਂ ਦੇ ਪਤੇ ਮਿਲ ਜਾਂਦੇ ਹਨ, ਜੋ ਇਸ ਤੱਥ ਦੀ ਤਸਦੀਕ ਕਰਦੇ ਹਨ ਕਿ ਸ਼ਿਕਾਇਤ-ਕਰਤਾ ਦਾ ਰਸਾਲਾ ਵੀ ਭੇਜੇ ਜਾਣ ਵਾਲੀ ਡਾਕ ਵਿੱਚ ਸ਼ਾਮਲ ਸੀ (ਪਰ ਉਹ ਬ੍ਰਾਹਮਣਵਾਦੀਆਂ ਦੇ ਹੱਥੇ ਚੜ੍ਹ ਗਿਆ)।

ਪਰ ਪਿਛਲੇ ਮਹੀਨੇ (ਜੂਨ ਵਿੱਚ) ਤਾਂ ਹੱਦ ਹੀ ਹੋ ਗਈ ਜਦੋਂ ਸਾਨੂੰ ਇੰਡੀਆ ਅਵੇਅਰਨੈੱਸ ਦੀਆਂ ਲਗਭਗ ਦੋ-ਤਿਹਾਈ ਪ੍ਰਤੀਆਂ ਵਾਪਸ ਭੇਜ ਦਿੱਤੀਆਂ ਗਈਆਂ। ਇਨ੍ਹਾਂ ਪ੍ਰਤੀਆਂ ਵਿੱਚ ਪਾਠਕਾਂ ਦੇ ਪਤੇ ਵਾਲੇ ਲੇਬਲ ਨੂੰ ਜਬਰੀ ਉਤਾਰਿਆ ਗਿਆ ਹੈ ਕਿਉਂਕਿ ਲੇਬਲ ਦੀ ਗੋਂਦ ਦਾ ਨਿਸ਼ਾਨ ਹਰ ਲਿਫਾਫੇ ’ਤੇ ਕਾਇਮ ਹੈ। ਇਸਦੇ ਇਲਾਵਾ ਕਈ ਲਿਫ਼ਾਫਿਆਂ ’ਤੇ ਲੱਗੇ ਲੇਬਲ ਅਧੂਰੇ ਫਟੇ ਹੋਏ ਵੀ ਹਨ। ਅਸੀਂ ਜਦ ਇਸ ਸਬੰਧ ਵਿੱਚ ਡਾਕ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਕਾਰਨ ਜਾਂ ਸਾਡੇ ਵੱਲੋਂ ਇਸ ਵਾਰ ਕਥਿਤ ਹਲਕੀ ਕਿਸਮ ਦੇ ਲੇਬਲ ਉਪਯੋਗ ਕਰਨ ਕਾਰਨ ਇਹ ਲੇਬਲ ਖ਼ੁਦ-ਬ-ਖ਼ੁਦ ਉਤਰ ਗਏ ਹਨ। ਜਦਕਿ ਸੱਚ ਇਹ ਹੈ ਕਿ ਬਰਸਾਤੀ ਮੌਸਮ ਤਾਂ ਹਰ ਸਾਲ ਆਉਂਦਾ ਹੈ ਅਤੇ ਸਿਰਫ਼ ਇੰਡੀਆ ਅਵੇਅਰਨੈੱਸ ਵਾਸਤੇ ਨਹੀਂ ਬਲਕਿ ਡਾਕ ਵਿਭਾਗ ਦੀਆਂ ਸੇਵਾਵਾਂ ਲੈਣ ਵਾਲੇ ਕਰੋੜਾਂ ਹੋਰਨਾਂ ਲੋਕਾਂ ਵਾਸਤੇ ਵੀ ਆਉਂਦਾ ਹੈ, ਫਿਰ ਹੋਰਨਾਂ ਲੋਕਾਂ ਦੇ ਰਸਾਲਿਆਂ/ਚਿੱਠੀਆਂ ’ਤੇ ਲੱਗੇ ਲੇਬਲ ਕਿਉਂ ਨਹੀਂ ਉਤਰੇ? ਜਿੱਥੋਂ ਤੱਕ ਲੇਬਲ ਦੇ ਸਤਰ ਦੀ ਗੱਲ ਹੈ, ਇੰਡੀਆ ਅਵੇਅਰਨੈੱਸ ਦੇ ਪ੍ਰਕਾਸ਼ਨ ਦੀ ਅਰੰਭਤਾ ਤੋਂ ਹੀ ਇਕੋ ਕੰਪਨੀ ਦੇ ਲੇਬਲ ਉਪਯੋਗ ਕਰਦੇ ਆ ਰਹੇ ਹਾਂ।

ਇੰਡੀਆ ਅਵੇਅਰਨੈੱਸ ਦੀਆਂ ਪ੍ਰਤੀਆਂ ਵਾਪਸ ਮੋੜਦਿਆਂ ਸਥਾਨਕ ਡਾਕਘਰ ਦਾ ਇਕ ਡਾਕੀਆ

ਜਾਪਦਾ ਹੈ ਕਿ ਕੁਝ ਮਹੀਨੇ ਬੜੇ ਸਧਾਰਨ ਪੱਧਰ ਦੀ ਪ੍ਰਿੰਟਿੰਗ ਉਪਰੰਤ ਜੂਨ ਅੰਕ ਵਿੱਚ ਫਿਰ ਤੋਂ ਪ੍ਰਿੰਟਿੰਗ ਸਤਰ ਵਿੱਚ ਸੁਧਾਰ ਹੋਣ ਨਾਲ ਬ੍ਰਾਹਮਣਵਾਦੀਆਂ ਦੀ ਇਸ ਆਸ ਨੂੰ ਭਾਰੀ ਠੇਸ ਪੁੱਜੀ ਕਿ ਹੁਣ ਦੇਰ-ਸਵੇਰ ਇੰਡੀਆ ਅਵੇਅਰਨੈੱਸ ਦਾ ਪ੍ਰਕਾਸ਼ਨ ਬੰਦ ਹੀ ਹੋ ਜਾਏਗਾ। ਇਸਲਈ ਬੌਖਲਾਹਟ ਵਿੱਚ ਆ ਕੇ ਉਨ੍ਹਾਂ ਨੇ ਇੰਡੀਆ ਅਵੇਅਰਨੈੱਸ ਨੂੰ ਬਹੁਗਿਣਤੀ ਪਾਠਕਾਂ ਤੱਕ ਨਾ ਪੁੱਜਣ ਦੇਣ ਦੀ ਵਿਉਂਤ ਬਣਾ ਲਈ ਹੈ। ਇਹੀ ਨਹੀਂ, ਸਾਡਾ ਮਨੋਬਲ ਗਿਰਾਉਣ ਲਈ, ਉਨ੍ਹਾਂ ਨੇ ‘ਨਾਲੇ ਚੋਰ, ਨਾਲੇ ਚਤਰ’ ਵਾਲੀ ਕਹਾਵਤ ਮੁਤਾਬਿਕ ਅਦਾਰਾ ਇੰਡੀਆ ਅਵੇਅਰਨੈੱਸ ’ਤੇ ਹੀ ਭਾਰੀ ਜ਼ੁਰਮਾਨਾ ਵੀ ਕਰ ਦਿੱਤਾ ਹੈ ਅਤੇ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਡਾਕ ਰਾਹੀਂ ਰਸਾਲਾ ਭੇਜਣ ਦਾ ਲਾਇਸੈਂਸ ਰੱਦ ਕਰਨ ਦੀ ਅਗਾਊਂ ਚੇਤਾਵਨੀ ਵੀ ਦੇ ਦਿੱਤੀ ਹੈ।

ਅਸੀਂ ਆਸ ਕਰਦੇ ਹਾਂ ਕਿ ਪਾਠਕ ਸਾਡੀਆਂ ਮਜਬੂਰੀਆਂ ਨੂੰ ਸਮਝਣਗੇ ਅਤੇ ਇੰਡੀਆ ਅਵੇਅਰਨੈੱਸ ਦੀ ਆਮਦ ਠੀਕ ਢੰਗ ਨਾਲ ਨਾ ਹੋ ਪਾਣ ਲਈ, ਸਾਡੇ ਨਾਲ ਨਰਾਜ਼ ਹੋਣ ਦੀ ਬਜਾਏ ਬ੍ਰਾਹਮਣਵਾਦ ਦਾ ਹੋਰ ਦ੍ਰਿੜ੍ਹਤਾ ਨਾਲ ਟਾਕਰਾ ਕਰਨ ਦਾ ਸੰਕਲਪ ਲੈਣਗੇ। ਜਿਹੜੇ ਖੁਸ਼ਕਿਸਮਤ ਪਾਠਕਾਂ ਨੂੰ ਰਸਾਲੇ ਦਾ ਹਥਲਾ ਅੰਕ ਪ੍ਰਾਪਤ ਹੋ ਗਿਆ ਹੈ ਪਰ ਪਿਛਲੇ ਮਹੀਨੇ ਦਾ ਅੰਕ ਪ੍ਰਾਪਤ ਨਹੀਂ ਹੋ ਪਾਇਆ, ਉਹ ਕ੍ਰਿਪਾ ਕਰਕੇ ਸਾਨੂੰ ਫੋਨ/ਪੱਤਰ ਰਾਹੀਂ ਸੂਚਿਤ ਕਰ ਦੇਣ, ਤਾਂ ਜੋ ਅਸੀਂ ਉਨ੍ਹਾਂ ਦੀ ਪ੍ਰਤੀ ਨੂੰ ਦੁਬਾਰਾ ਭੇਜ ਸਕੀਏ।

test, india awareness, readers, brahminist, conspiracies, revolutionary magazine, post office, postal department, removed, address, lables, clarification, non-delivery, magazine copies, sarabjeet singh