

ਪੈਸਾ, ਲੋੜ ਅਤੇ ਲਾਲਸਾ
- ਬਲਕਾਰ ਸਿੰਘ ਸਮਰਾਲਾ -
ਅੱਜ ਦੇ ਪਦਾਰਥਵਾਦੀ ਯੁੱਗ ਵਿਚ ਪੈਸਾ ਸਭ ਤੋਂ ਵੱਧ ਮਹੱਤਵਪੂਰਨ ਚੀਜ਼ ਬਣ ਗਿਆ ਹੈ ਤਾਂ ਹੀ ਸਾਰੀ ਦੁਨੀਆਂ ਇਸ ਦੇ ਪਿੱਛੇ ਭੱਜੀ ਫਿਰਦੀ ਹੈ। ਕਿਸੇ ਫੱਕਰ ਸੁਭਾਅ ਵਾਲੇ ਵਿਅਕਤੀ ਨੂੰ ਪੈਸੇ ਦੀ ਭਾਵੇਂ ਬਹੁਤੀ ਲੋੜ ਮਹਿਸੂਸ ਨਾ ਹੁੰਦੀ ਹੋਵੇ ਪਰ ਇਕ ਆਮ ਦੁਨਿਆਵੀ ਬੰਦੇ ਲਈ ਪੈਸੇ ਤੋਂ ਬਿਨਾਂ ਗੁਜ਼ਾਰਾ ਕਰਨਾ ਅਸੰਭਵ ਹੈ। ਪੈਸਾ, ਕਿਉਂਕਿ ਵਸਤਾਂ ਦੀ ਪ੍ਰਾਪਤੀ ਲਈ ਮੁੱਖ ਮੁਦਰਾ ਦੇ ਤੌਰ ’ਤੇ ਵਰਤਿਆ ਜਾਂਦਾ ਹੈ, ਇਸ ਲਈ ਰੋਟੀ, ਕੱਪੜਾ, ਮਕਾਨ, ਸਿਹਤ ਅਤੇ ਸਿੱਖਿਆ ਵਰਗੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਤੋਂ ਇਲਾਵਾ ਆਧੁਨਿਕ ਸੁੱਖ-ਸਹੂਲਤਾਂ ਹਾਸਲ ਕਰਨ ਲਈ ਵੀ ਪੈਸੇ ਦੀ ਲੋੜ ਪੈਂਦੀ ਹੈ। ਇਹੀ ਕਾਰਨ ਹੈ ਕਿ ਹੁਣ ਹਰ ਕੋਈ ਵੱਧ ਤੋਂ ਵੱਧ ਪੈਸੇ ਪ੍ਰਾਪਤ ਕਰਨੇ ਚਾਹੁੰਦਾ ਹੈ।
ਪੈਸੇ ਨਾਲ ਜਿਥੇ ਉਪਰੋਕਤ ਚੀਜ਼ਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ, ਉਥੇ ਇਸ ਦੇ ਹੋਰ ਵੀ ਕਈ ਫਾਇਦੇ ਹਨ। ਇਕ ਕਹਾਵਤ ਹੈ, ‘ਜੀਹਦੇ ਘਰ ਦਾਣੇ, ਉਹਦੇ ਕਮਲੇ ਵੀ ਸਿਆਣੇ’। ਪੈਸੇ ਵਾਲੇ ਕਮਲੇ ਬੰਦੇ ਨੂੰ ਵੀ ਸਿਆਣਾ ਮੰਨਿਆ ਜਾਂਦਾ ਹੈ ਅਤੇ ਉਸ ਦੀ ਹਰ ਗੱਲ ਨੂੰ ਧਿਆਨ ਨਾਲ ਸੁਣ ਕੇ ਵਾਹ-ਵਾਹ ਕੀਤੀ ਜਾਂਦੀ ਹੈ ਜਦਕਿ ਗਰੀਬ ਆਦਮੀ ਨੂੰ ਸਿਆਣਾ ਹੋਣ ਦੇ ਬਾਵਜੂਦ ਵੀ ਮੂਰਖ ਹੀ ਕਿਹਾ ਜਾਂਦਾ ਹੈ। ਪੈਸੇ ਨਾਲ ਸਮਾਜ ਵਿਚ ਭਾਵੇਂ ਸੱਚਾ ਪਿਆਰ ਅਤੇ ਸਤਿਕਾਰ ਤਾਂ ਹਾਸਲ ਨਹੀਂ ਕੀਤਾ ਜਾ ਸਕਦਾ ਪਰ ਮਾਣ-ਸਨਮਾਣ ਜ਼ਰੂਰ ਮਿਲ ਜਾਂਦਾ ਹੈ। ਪੈਸੇ ਵਾਲੇ ਨੂੰ ਸਾਰੇ ਸਲਾਮਾਂ ਕਰਦੇ ਹਨ ਅਤੇ ਹਰ ਕੋਈ ਉਸ ਨਾਲ ਸਬੰਧ ਰੱਖਣਾ ਚਾਹੁੰਦਾ ਹੈ। ਪੈਸੇ ਦੇ ਜ਼ੋਰ ਨਾਲ ਸਾਧਾਰਨ ਵਿਦਿਆਰਥੀ ਵੀ ਵੱਡੇ-ਵੱਡੇ ਕੋਰਸਾਂ ਵਿਚ ਦਾਖਲੇ ਲੈ ਲੈਂਦੇ ਹਨ ਅਤੇ ਉੱਚੇ ਅਹੁਦੇ ਹਾਸਲ ਕਰ ਲੈਂਦੇ ਹਨ। ਪੈਸੇ ਨਾਲ ਚੋਣਾਂ ਜਿੱਤੀਆਂ ਜਾਂਦੀਆਂ ਹਨ ਅਤੇ ਸੱਤਾ ’ਤੇ ਕਬਜ਼ਾ ਕੀਤਾ ਜਾਂਦਾ ਹੈ। ਪੈਸੇ ਨਾਲ ਭਾਵੇਂ ਜ਼ਿੰਦਗੀ ਨਹੀਂ ਖਰੀਦੀ ਜਾ ਸਕਦੀ, ਪਰ ਬਿਮਾਰ ਹੋਣ ਦੀ ਸੂਰਤ ਵਿਚ ਵੱਡੇ-ਵੱਡੇ ਹਸਪਤਾਲਾਂ ਵਿਚ ਇਲਾਜ ਕਰਵਾਇਆ ਜਾ ਸਕਦਾ ਹੈ। ਧਨ ਇਕੱਠਾ ਕਰਕੇ ਕਈ ਆਦਮੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰ ਲੈਂਦੇ ਹਨ ਜਿਵੇਂ ਕਈ ਬਨਾਉਟੀ ਦੇਸ਼ ਭਗਤਾਂ ਨੇ ਆਪਣੇ ਕਾਲੇ ਧਨ ਨੂੰ ਘਰੇਲੂ ਮਾਰ ਤੋਂ ਬਚਾਉਣ ਲਈ ਅਤੇ ਸੰਕਟਕਾਲ ਵਾਸਤੇ ਵਿਦੇਸ਼ੀ ਬੈਂਕਾਂ ਵਿਚ ਜਮ੍ਹਾਂ ਕਰਵਾਇਆ ਹੋਇਆ ਹੈ। ਪੈਸੇ ਦੇ ਜ਼ੋਰ ਨਾਲ ਦੂਜਿਆਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਵਿਰੋਧੀਆਂ ਨੂੰ ਡਰਾਇਆ, ਧਮਕਾਇਆ ਅਤੇ ਮਰਵਾਇਆ ਵੀ ਜਾਂਦਾ ਹੈ। ਪੈਸੇ ਨਾਲ ਨਾਜਾਇਜ਼ ਕੰਮ ਕੀਤੇ ਅਤੇ ਕਰਵਾਏ ਜਾਂਦੇ ਹਨ ਅਤੇ ਪਕੜੇ ਜਾਣ ਦੀ ਸੂਰਤ ਵਿਚ ਬਰੀ ਵੀ ਹੋਇਆ ਜਾਂਦਾ ਹੈ। ਇਸ ਤਰ੍ਹਾਂ ਪੈਸਾ ਸਰੀਰਕ ਤੌਰ ’ਤੇ ਕਮਜ਼ੋਰ ਵਿਅਕਤੀ ਲਈ ਵੀ ਸ਼ਕਤੀ ਦਾ ਇਕ ਅਜਿਹਾ ਸਾਧਨ ਬਣ ਜਾਂਦਾ ਹੈ ਜੋ ਉਸ ਦੇ ਸਾਰੇ ਨਹੀਂ ਤਾਂ ਬਹੁਤ ਸਾਰੇ ਠੀਕ ਅਤੇ ਗਲਤ ਕੰਮ ਵੀ ਕਰਵਾ ਦਿੰਦਾ ਹੈ।
ਰੋਟੀ, ਕੱਪੜਾ, ਸਿਹਤ, ਸਿੱਖਿਆ ਅਤੇ ਜਾਇਜ਼ ਮਾਤਰਾ ਵਿਚ ਸੁੱਖ ਸਹੂਲਤਾਂ ਹਾਸਲ ਕਰਨ ਲਈ ਬਹੁਤ ਜ਼ਿਆਦਾ ਪੈਸੇ ਦੀ ਲੋੜ ਨਹੀਂ ਹੁੰਦੀ ਪਰ ਉਪਰੋਕਤ ਕਾਰਨਾਂ ਕਰਕੇ ਅੱਜ-ਕੱਲ੍ਹ ਬਹੁਤੇ ਲੋਕ ਵੱਧ ਤੋਂ ਵੱਧ ਪੈਸਾ ਇਕੱਠਾ ਕਰਨ ਦੀ ਦੌੜ ਵਿਚ ਸ਼ਾਮਲ ਹੋ ਗਏ ਹਨ। ਮਿਹਨਤ ਅਤੇ ਇਮਾਨਦਾਰੀ ਨਾਲ ਪੈਸਾ ਕਮਾ ਕੇ ਖੁਸ਼ਹਾਲ ਹੋਣਾ ਬੁਰੀ ਗੱਲ ਨਹੀਂ ਹੈ ਕਿਉਂਕਿ ਜ਼ਿੰਦਗੀ ਦਾ ਉਦੇਸ਼ ਸਿਰਫ ਪੇਟ ਭਰਨਾ ਹੀ ਨਹੀਂ ਹੈ ਸਗੋਂ ਬਿਹਤਰ ਸਾਧਨ ਪੈਦਾ ਕਰਕੇ ਜ਼ਿੰਦਗੀ ਨੂੰ ਸੁਖਾਵੀਂ ਅਤੇ ਮਾਣਨਯੋਗ ਬਣਾਉਣਾ ਵੀ ਹੈ। ਇਹੀ ਵਿਕਾਸ ਦੀ ਪ੍ਰਕਿਰਿਆ ਹੈ। ਆਰਥਿਕ ਖੁਸ਼ਹਾਲੀ ਬੌਧਿਕ ਅਤੇ ਨੈਤਿਕ ਵਿਕਾਸ ਵਿਚ ਵੀ ਸਹਾਈ ਹੋ ਸਕਦੀ ਹੈ। ਅਜਿਹਾ ਸਮਾਜਕ ਅਤੇ ਆਰਥਿਕ ਵਾਤਾਵਰਨ ਸਿਰਜਿਆ ਜਾ ਸਕਦਾ ਹੈ ਜਿਸ ਵਿਚ ਸਾਰੇ ਲੋਕਾਂ ਨੂੰ ਸਨਮਾਨਜਨਕ ਤਰੀਕੇ ਨਾਲ ਜ਼ਿੰਦਗੀ ਜਿਉਣ ਦੇ ਬਰਾਬਰ ਮੌਕੇ ਪ੍ਰਾਪਤ ਹੋ ਜਾਂਦੇ ਹਨ। ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਪੈਸੇ ਦੀ ਲੋੜ ਲਾਲਸਾ ਵਿਚ ਬਦਲ ਜਾਂਦੀ ਹੈ। ਲੋੜ ਕੁਦਰਤੀ, ਜ਼ਰੂਰੀ ਅਤੇ ਸੀਮਤ ਹੁੰਦੀ ਹੈ, ਜਿਸ ਦੀ ਪੂਰਤੀ ਨਾਲ ਸੁਧਾਰ ਹੁੰਦਾ ਹੈ ਪਰ ਲਾਲਸਾ ਗੈਰ-ਕੁਦਰਤੀ, ਬੇਲੋੜੀ ਅਤੇ ਅਸੀਮਤ ਹੋਣ ਕਰਕੇ ਬੁਰਾਈ ਬਣ ਜਾਂਦੀ ਹੈ ਜਿਸ ਦੀ ਹੋਂਦ ਸਮਾਜ ਵਿਚ ਵਿਗਾੜ ਪੈਦਾ ਕਰਦੀ ਹੈ ਅਤੇ ਇਸ ਤਰ੍ਹਾਂ ਦੂਜਿਆਂ ਦਾ ਹੱਕ ਮਾਰਿਆ ਜਾਂਦਾ ਹੈ। ਲੋੜ ਅਤੇ ਲਾਲਸਾ ਨੂੰ ਅਲੱਗ ਕਰਨ ਵਾਲੀ ਲਕੀਰ ਐਨੀ ਬਰੀਕ ਅਤੇ ਅਦਿੱਖ ਹੁੰਦੀ ਹੈ ਕਿ ਲਾਲਚੀ ਅਤੇ ਸਵਾਰਥੀ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਲੋੜ ਦੇ ਵਿਹੜੇ ਵਿਚੋਂ ਨਿਕਲ ਕੇ ਕਦੋਂ ਲਾਲਸਾ ਦੇ ਵਿਹੜੇ ਵਿਚ ਦਾਖਲ ਹੋ ਜਾਂਦਾ ਹੈ। ਜਦੋਂ ਪੈਸੇ ਦੀ ਲੋੜ ਲਾਲਸਾ ਬਣ ਜਾਵੇ ਤਾਂ ਨੈਤਿਕਤਾ ਅਤੇ ਇਮਾਨਦਾਰੀ ਦੀ ਮੌਤ ਹੋ ਜਾਂਦੀ ਹੈ ਅਤੇ ਬੇਈਮਾਨੀ ਅਤੇ ਭ੍ਰਿਸ਼ਟਾਚਾਰ ਦਾ ਜਨਮ ਹੋ ਜਾਂਦਾ ਹੈ।
ਅੱਜ ਦੇ ਬੇਅਸੂਲੇ ਯੁੱਗ ਵਿਚ ਇਸ ਤਰ੍ਹਾਂ ਦੇ ਲੋਕਾਂ ਨੂੰ ਭਾਵੇਂ ਬਹੁਤੀ ਆਂਚ ਨਹੀਂ ਆਉਂਦੀ ਕਿਉਂਕਿ ਬੇਈਮਾਨੀ ਨਾਲ ਕਮਾਏ ਧਨ ਦੀ ਵਰਤੋਂ ਕਰਕੇ ਉਹ ਬਹੁਤੀ ਵਾਰ ਬਚ ਹੀ ਜਾਂਦੇ ਹਨ ਪਰ ਪੈਸੇ ਦੀ ਲਾਲਸਾ ਬੰਦੇ ਦੇ ਮਾਨਵੀ ਗੁਣਾਂ ਨੂੰ ਜ਼ਰੂਰ ਖਤਮ ਕਰ ਦਿੰਦੀ ਹੈ ਅਤੇ ਉਹ ਸਾਰੇ ਰਿਸ਼ਤੇ-ਨਾਤੇ ਅਤੇ ਸਮਾਜ ਪ੍ਰਤੀ ਬਣਦੀ ਆਪਣੀ ਜ਼ਿੰਮੇਵਾਰੀ ਨੂੰ ਭੁੱਲ ਜਾਂਦਾ ਹੈ। ਇਹੀ ਲਾਲਸਾ ਕਈ ਵਾਰ ਉਸ ਦੀ ਸ਼ਾਨ ਅਤੇ ਰੁਤਬੇ ਨੂੰ ਵੀ ਮਿੱਟੀ ਵਿਚ ਮਿਲਾ ਦਿੰਦੀ ਹੈ। ਮਨੁੱਖ ਨੂੰ ਆਪਣੀਆਂ ਜਾਇਜ਼ ਲੋੜਾਂ ਪੂਰੀਆਂ ਕਰਨ ਲਈ ਮਿਹਨਤ ਅਤੇ ਇਮਾਨਦਾਰੀ ਨਾਲ ਪੈਸਾ ਕਮਾਉਣਾ ਚਾਹੀਦਾ ਹੈ। ਬੇਈਮਾਨੀ ਨਾਲ ਇਕੱਠੇ ਕੀਤੇ ਅਰਬਾਂ ਰੁਪਏ ਕਿਸੇ ਆਦਮੀ ਨੂੰ ਵੱਡੀ ਮਾਤਰਾ ਵਿਚ ਵੱਖ-ਵੱਖ ਪਦਾਰਥ ਤਾਂ ਉਪਲਬਧ ਕਰਵਾ ਸਕਦੇ ਹਨ ਪਰ ਉਸ ਨੂੰ ਸ਼ਾਂਤੀ ਨਹੀਂ ਦੇ ਸਕਦੇ। ਉਸ ਦਾ ਮਨ ਬੈਚੇਨ ਰਹਿੰਦਾ ਹੈ ਅਤੇ ਲਾਲਸਾਵਾਂ ਅਤ੍ਰਿਪਤ ਹੀ ਰਹਿੰਦੀਆਂ ਹਨ ਜੋ ਅਮਰਵੇਲ ਵਾਂਗ ਲਗਾਤਾਰ ਵੱਧਦੀਆਂ ਜਾਂਦੀਆਂ ਹਨ।