

ਆਉ, ‘ਗੁਰੂ’ ਪਦ ਬਾਰੇ ਸੰਵਾਦ ਰਚਾਈਏ (ਭਾਗ-2)
- ਸਰਬਜੀਤ ਸਿੰਘ -
ਮੋ : 9871683322
ਪਿਛਲੇ ਅੰਕ ਵਿਚ ਅਸੀਂ ਦੇਹਧਾਰੀ ਦੀ ਬਜਾਏ ‘ਸ਼ਬਦ’ ਨੂੰ ਗੁਰੂ ਮੰਨਣ ਦੇ ਪ੍ਰਚਾਰੇ ਜਾ ਰਹੇ ਨੁਕਤੇ ਬਾਰੇ ਥੋੜੀ ਜਿਹੀ ਚਰਚਾ ਕੀਤੀ ਸੀ। ਇਸ ਨੁਕਤੇ ਨੂੰ ਜਾਇਜ਼ ਦੱਸਣ ਵਾਲੇ ਵੀਰ ਆਪਣੇ ਵਿਚਾਰ ਦੇ ਹੱਕ ਵਿਚ ‘ਸਿਧ ਗੋਸਟਿ’ ਦੀ ਇਹ ਤੁੱਕ ‘‘ਸਬਦੁ ਗੁਰੂ ਸੁਰਤਿ ਧੁਨਿ ਚੇਲਾ’’ ਪੇਸ਼ ਕਰਕੇ ਕਹਿੰਦੇ ਹਨ ਕਿ ਜਿਸ ਤਰ੍ਹਾਂ ਨਾਨਕ ਜੀ ‘ਸ਼ਬਦ’ ਨੂੰ ਆਪਣਾ ਗੁਰੂ ਮੰਨਦੇ ਸਨ, ਉਸੇ ਤਰ੍ਹਾਂ ਸਿੱਖਾਂ ਨੂੰ ਵੀ ‘ਸ਼ਬਦ’ ਨੂੰ ਹੀ ਆਪਣਾ ਗੁਰੂ ਮੰਨਣਾ ਚਾਹੀਦਾ ਹੈ। ਅਜਿਹੇ ਵੀਰਾਂ ਦਾ ਇਕ ਗੁੱਟ ‘ਸ਼ਬਦ’ ਦਾ ਅਰਥ ਨਿਰਾਕਾਰ ਪਰਮਾਤਮਾ ਕਰਕੇ ਕਹਿੰਦੇ ਹਨ ਕਿ ਸਾਨੂੰ ਆਪਣਾ ਗੁਰੂ ਸਿਰਫ਼ ਨਿਰਾਕਾਰ ਪਰਮਾਤਮਾ ਨੂੰ ਹੀ ਮੰਨਣਾ ਚਾਹੀਦਾ ਹੈ (ਨਾਨਕ ਨੂੰ ਨਹੀਂ)। ਜਦਕਿ (ਸੌਦਾ ਸੰਪਾਦਕ ਨਾਲ ਸਬੰਧਿਤ) ਇਕ ਹੋਰ ਗੁੱਟ ਸ਼ਬਦ ਬਾਰੇ ਪੂਰੀ ਜਾਣਕਾਰੀ ਦੇਣ ਦੀ ਬਜਾਏ ਇਹ ਕਹਿੰਦਾ ਹੈ ਕਿ ‘ਸ਼ਬਦ’ ਤਾਂ ਨਾਨਕ ਜਾਂ ਗੁਰੂ ਗ੍ਰੰਥ ਸਾਹਿਬ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਹੀ ਕਾਇਮ ਸੀ, ਇਸਲਈ ਸਿੱਖਾਂ ਨੂੰ ਉਸੇ ਸ਼ਬਦ ਦੀ ਅਰਾਧਨਾ ਕਰਨੀ ਚਾਹੀਦੀ ਹੈ ਅਤੇ ਗੁਰੂ ਮੰਨਣਾ ਚਾਹੀਦਾ ਹੈ, ਜਿਸ ਰਾਹੀਂ ਪਰਮਾਤਮਾ ਨੇ ਦੁਨੀਆ ਦੀ ਸਿਰਜਣਾ ਕੀਤੀ ਸੀ।
ਇਸ ਨੁਕਤੇ ’ਤੇ ਵਿਚਾਰ ਕਰਨ ਲਈ ਸਾਨੂੰ ਪਹਿਲਾਂ ਇਹ ਵਿਚਾਰ ਕਰਨਾ ਪਏਗਾ ਕਿ ਗੁਰੂ ਕੌਣ ਹੁੰਦਾ ਹੈ ਅਤੇ ਗੁਰਬਾਣੀ ਵਿਚ ‘ਸ਼ਬਦ’ ਦਾ ਭਾਵ-ਅਰਥ ਕੀ ਹੈ। ਆਮ ਜ਼ਿੰਦਗੀ ਦੇ ਸੰਦਰਭ ਵਿਚ ਗੁਰੂ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ, ਜੋ ਕਿਸੇ ਵਿਸ਼ੇ ਦਾ ਅਤਿ ਮਾਹਿਰ ਹੋਵੇ (ਅੰਗਰੇਜ਼ੀ ਵਿਚ ਵੀ ਹੁਣ ਮਾਹਿਰ ਵਿਅਕਤੀ ਲਈ ਗੁਰੂ ਲਫ਼ਜ਼, ਜਿਵੇਂ ਕੰਪਿਊਟਰ ਗੁਰੂ ਜਾਂ ਐਡ (advertisement) ਗੁਰੂ, ਦਾ ਉਪਯੋਗ ਕੀਤਾ ਜਾਣ ਲੱਗ ਪਿਆ ਹੈ) ਜਾਂ ਉਸ ਵਿਸ਼ੇ ਨੂੰ ਪੜ੍ਹਾਉਂਦਾ (ਟੀਚਰ) ਹੋਵੇ। ਗੁਰਮਤਿ ਫਿਲਾਸਫ਼ੀ ਦੇ ਸੰਦਰਭ ਵਿਚ, ਗੁਰੂ ਉਸ ਸ੍ਰੋਤ ਨੂੰ ਕਿਹਾ ਜਾ ਸਕਦਾ ਹੈ, ਜੋ ਖ਼ੁਦ ਸੱਚੇ ਗੁਣਾਂ ਦਾ ਸਦੀਵੀ ਤੌਰ ’ਤੇ ਧਾਰਨੀ ਹੋਵੇ ਅਤੇ ਹੋਰਨਾਂ ਮਨੁੱਖਾਂ ਨੂੰ ਆਤਮਕ ਵਿਕਾਰਾਂ ਤੋਂ ਮੁਕਤ ਹੋ ਕੇ ਸੱਚੇ ਗੁਣਾਂ ਦਾ ਧਾਰਨੀ ਹੋਣ ਦੀ ਪ੍ਰੇਰਨਾ ਪ੍ਰਦਾਨ ਕਰਦਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੁਨੀਆ ਨੂੰ ਸਿਰਜਣ ਵਾਲਾ ਨਿਰਾਕਾਰ ਪਰਮਾਤਮਾ/ਪਾਰਬ੍ਰਹਮ/ ਰੱਬ ਸੱਚੇ ਗੁਣਾਂ (ਜਿਵੇਂ ਕਿਸੇ ਨਾਲ ਵੈਰ ਨਾ ਹੋਣਾ, ਕਿਸੇ ਦਾ ਡਰ ਨਾ ਹੋਣਾ, ਜੀਆਂ ਦੀਆਂ ਕਮਜ਼ੋਰੀਆਂ /ਵਿਕਾਰਾਂ ਦੇ ਬਾਵਜੂਦ ਉਨ੍ਹਾਂ ਪ੍ਰਤੀ ਦਿਆਲੂ ਹੋਣਾ ਆਦਿਕ) ਨਾਲ ਭਰਪੂਰ ਹੈ। ਹਰ ਸਮੇਂ ਪਰਮਾਤਮਾ ਦੇ ਅੰਗ-ਸੰਗ ਸਹਾਈ ਹੋਣ ਦੀ ਭਾਵਨਾ ਨਾਲ ਮਨੁੱਖ ਨੂੰ ਬਹੁਤ ਮਾਨਸਿਕ ਬਲ ਮਿਲਦਾ ਹੈ ਅਤੇ ਉਸਦਾ ਕਿਰਦਾਰ ਉ¤ਚਾ ਰਹਿੰਦਾ ਹੈ। ਮਨੁੱਖ ਵੱਲੋਂ ਪਰਮਾਤਮਾ ਦੀ ਅਰਾਧਨਾ ਵੀ ਇਸੇ ਵਾਸਤੇ ਕੀਤੀ ਜਾਂਦੀ ਹੈ ਕਿ ਪਰਮਾਤਮਾ ਦੇ ਗੁਣਾਂ ਤੋਂ ਪ੍ਰੇਰਣਾ ਲੈ ਕੇ, ਉਸ ਵਾਂਗ ਹੀ ਵੱਧ ਤੋਂ ਵੱਧ ਸੱਚੇ ਗੁਣਾਂ ਵਾਲਾ ਬਣ ਸਕੇ। ਇਸਲਈ ਪਾਰਬ੍ਰਹਮ ਕੁਦਰਤੀ ਤੌਰ ’ਤੇ ਹਰ ਮਨੁੱਖ ਦਾ ਗੁਰੂ ਹੈ।
ਪਰ ਨਾਨਕ ਜੀ ਵੀ ਬਚਪਨ ਤੋਂ ਸੱਚੇ ਗੁਣਾਂ ਨਾਲ ਓਤ-ਪ੍ਰੋਤ ਸਨ। ਜ਼ਿੰਦਗੀ ਵਿਚ ਜਿਵੇਂ-ਜਿਵੇਂ
ਉਨ੍ਹਾਂ ਦਾ ਰੱਬੀ ਨੇਮਾਂ ਅਤੇ ਗੁਣਾਂ ਪ੍ਰਤੀ ਤਜ਼ਰਬਾ ਵਧਦਾ ਗਿਆ, ਉਹ ਹੋਰ ਵਧੇਰੇ ਗਿਆਨਵਾਨ ਤੇ
ਗੁਣਾਂ ਦੇ ਧਾਰਨੀ ਹੁੰਦੇ ਗਏ। ਇਨਸਾਨੀ ਜਿਸਮ ਅੰਦਰ ਕਿਸੇ ਵੀ ਮਨੁੱਖ ਵਿਚ ਜਿੰਨੇ ਵੀ ਸੱਚੇ ਰੱਬੀ
ਗੁਣ ਹੋ ਸਕਦੇ ਹਨ, ਉਹ ਸਭ ਨਾਨਕ ਜੀ ਵਿਚ ਵੀ ਸਨ (ਸਪਸ਼ਟ ਹੈ ਕਿ ‘ਸਰਬ-ਵਿਆਪਕ’ ਜਿਹੇ ਗੁਣ ਇਨਸਾਨੀ
ਜਿਸਮ ’ਤੇ ਲਾਗੂ ਨਹੀਂ ਹੋ ਸਕਦੇ)। ਆਪਣੇ ਗੁਣਾਂ ਅਤੇ ਗਿਆਨ ਦੇ ਅਧਾਰ ’ਤੇ ਉਨ੍ਹਾਂ ਨੇ ਮਨੁੱਖਤਾ
ਨੂੰ ਰੱਬੀ ਗੁਣਾਂ ਤੇ ਨੇਮਾਂ ਬਾਰੇ ਜਾਣਕਾਰੀ ਦੇਣ ਲਈ ਇਕ ਵਿਸ਼ੇਸ਼ ਵਿਚਾਰਧਾਰਾ ਦੀ ਸਿਰਜਣਾ ਕੀਤੀ,
ਜਿਸਨੂੰ ‘ਗੁਰਮਤਿ’ ਜਾਂ ‘ਨਾਨਕ’ ਵਿਚਾਰਧਾਰਾ ਕਿਹਾ ਜਾਂਦਾ ਹੈ। ਗੁਰਮਤਿ ਦੇ ਸਿਧਾਂਤਾਂ ਬਾਰੇ ਗੁਰੂ
ਨਾਨਕ ਸਾਹਿਬ ਨੇ ਕਾਵਿ ਸ਼ੈਲੀ ਵਿਚ ਬਹੁਤ ਸਾਰੇ ਉਪਦੇਸ਼ (ਗੁਰਬਾਣੀ) ਵੀ ਸਿਰਜੇ; ਜਿਨ੍ਹਾਂ ਦੀ ਪਾਲਨਾ
ਕਰਨ ਵਾਲਾ ਚੇਲਾ (ਸਿੱਖ) ਆਮ ਇਨਸਾਨਾਂ ਵਿਚ ਪਾਈਆਂ ਜਾਂਦੀਆਂ ਕਮਜ਼ੋਰੀਆਂ/ਔਗੁਣਾਂ ਤੋਂ ਯਕੀਨਨ ਮੁਕਤ
ਹੋ ਜਾਂਦਾ ਹੈ।
ਗੁਰੂ ਨਾਨਕ ਸਾਹਿਬ ਦੇ ਇਨ੍ਹਾਂ ਉਪਦੇਸ਼ਾਂ ਜਾਂ ਵਿਚਾਰਧਾਰਾ ਨੂੰ ਭਾਈ ਲਹਿਣਾ ਜੀ ਨੇ ਵੀ ਪੂਰਨ
ਸੂਝਬੂਝ ਨਾਲ ਅਪਣਾਇਆ (ਇਸ ਪ੍ਰਕ੍ਰਿਆ ਨੂੰ ਭਾਈ ਲਹਿਣਾ ਜੀ ਵਿਚ ਗੁਰੂ ਨਾਨਕ ਸਾਹਿਬ ਦੀ ਜੋਤਿ
ਵਿਲੀਨ ਹੋ ਜਾਣਾ ਵੀ ਕਿਹਾ ਜਾਂਦਾ ਹੈ, ਜਿਸ ਦਾ ਭਾਵ ਇਹ ਹੈ ਕਿ ਗੁਰੂ ਅੰਗਦ ਸਾਹਿਬ ਦੀ ਵਿਚਾਰਧਾਰਾ
ਪੂਰੀ ਤਰ੍ਹਾਂ ਗੁਰੂ ਨਾਨਕ ਸਾਹਿਬ ਵਾਲੀ ਹੋ ਗਈ - ਫ਼ਿਲਮੀ ਤਰਜ਼ ਵਾਲੀ ਕੋਈ ‘ਜੋਤਿ’ ਜਾਂ ‘ਲਾਈਟ’
ਗੁਰੂ ਅੰਗਦ ਸਾਹਿਬ ਵਿਚ ਨਹੀਂ ਸਮਾਈ ਸੀ), ਤਾਂ ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਨੂੰ ਜਾਗ੍ਰਿਤ
ਕਰਨ ਦੀ ਆਪਣੀ ਮੁਹਿੰਮ ਭਾਈ ਲਹਿਣਾ ਨੂੰ ਜੀ ਨੂੰ ‘ਗੁਰੂ’ (ਅੰਗਦ) ਵਜੋਂ ਸੌਂਪ ਦਿੱਤੀ। ਗੁਰੂ ਅੰਗਦ
ਸਾਹਿਬ ਨੇ ਇਹ ਜ਼ਿੰਮੇਵਾਰੀ ਨਿਭਾਉਣ ਲਈ ਅਮਰਦਾਸ ਜੀ ਨੂੰ ਗਿਆਨ ਤੇ ਗੁਣਾਂ ਦਾ ਖਜ਼ਾਨਾ ਬਖਸ਼ ਕੇ ਗੁਰੂ
ਦੇ ਰੂਪ ਵਿਚ ਤਿਆਰ ਕੀਤਾ। ਇਹ ਸਿਲਸਿਲਾ ਗੁਰੂ ਗੋਬਿੰਦ ਸਿੰਘ ਜੀ ਤੱਕ ਤੁਰਿਆ ਪਰ ਉਸ ਤੋਂ ਪਹਿਲਾਂ
ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਨੇ ਗੁਰਮਤਿ ਫਲਸਫ਼ੇ ਵਿਚ ਮਿਲਾਵਟ ਕਰਨ ਦੇ ਕੀਤੇ ਜਾ ਰਹੇ ਜਤਨਾਂ
ਦਾ ਟਾਕਰਾ ਕਰਨ ਲਈ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਖ਼ੁਦ ਦੇ ਉਪਦੇਸ਼ਾਂ (ਗੁਰਬਾਣੀ) ਅਤੇ ਗੁਰਮਤਿ
ਵਿਚਾਰਧਾਰਾ ਦੇ ਹਮ-ਖ਼ਿਆਲੀ ਭਗਤਾਂ, ਭੱਟਾਂ ਤੇ ਗੁਰਸਿੱਖਾਂ ਦੀਆਂ ਰਚਨਾਵਾਂ ਦੀ ਤਰਤੀਬਵਾਰ ਸੰਪਾਦਨਾ
ਕਰਕੇ ਉਨ੍ਹਾਂ ਨੂੰ ‘ਆਦਿ ਗ੍ਰੰਥ’ ਦੇ ਰੂਪ ਵਿਚ ਸੰਭਾਲ ਲਿਆ। ਛੇਵੇਂ, ਸੱਤਵੇਂ, ਅੱਠਵੇਂ ਤੇ ਦਸਵੇਂ
ਨਾਨਕ ਨੇ ਗੁਰਬਾਣੀ ਦੀ ਰਚਨਾ ਨਹੀਂ ਕੀਤੀ ਪਰ ਗੁਰਮਤਿ ਫਲਸਫੇ ਦਾ ਭਰਪੂਰ ਪ੍ਰਚਾਰ ਕੀਤਾ। ਗੁਰੂ
ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਰਚਨਾਵਾਂ ਨੂੰ ‘ਆਦਿ ਗ੍ਰੰਥ’ ਵਿਚ ਸ਼ਾਮਲ ਕਰ
ਸੱਚੇ ਗਿਆਨ ਦੇ ਇਸ ਖ਼ਜ਼ਾਨੇ ਨੂੰ ‘ਗੁਰੂ ਗ੍ਰੰਥ ਸਾਹਿਬ’ ਦੇ ਤੌਰ ’ਤੇ ਮੁਕੰਮਲ ਰੂਪ ਦਿੱਤਾ। ਗੁਰਮਤਿ
ਸਿਧਾਂਤਾਂ ਦਾ ਚੰਗੀ ਤਰ੍ਹਾਂ ਪ੍ਰਚਾਰ ਹੋ ਜਾਣ, ਇਨ੍ਹਾਂ ਸਿਧਾਂਤਾਂ ਦੇ ਅਧਾਰ ’ਤੇ ਸਿੱਖਾਂ ਦਾ
ਭਰਪੂਰ ਮਾਨਸਿਕ ਵਿਕਾਸ ਹੋ ਜਾਣ ਅਤੇ ਉਨ੍ਹਾਂ ਦਾ ਨਿਵੇਕਲਾ ਧਾਰਮਕ, ਸਮਾਜਕ ਤੇ ਸਿਆਸੀ ਤਾਣਾ-ਬਾਣਾ
ਤਿਆਰ ਹੋ ਜਾਣ (ਜਿਵੇਂ ਨਾਮ ਨਾਲ ਸਿੰਘ/ਕੌਰ ਲਗਾਉਣਾ, ਖੰਡੇ-ਬਾਟੇ ਦੀ ਪਾਹੁਲ ਲੈਣਾ ਆਦਿਕ) ਉਪਰੰਤ
ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਭਵਿੱਖ ਵਿਚ ਸਿਰਫ਼ ਗੁਰੂ ਗ੍ਰੰਥ ਸਾਹਿਬ ਤੋਂ ਹੀ ਸੇਧ ਲੈਣ
ਦਾ ਨਿਰਦੇਸ਼ ਦਿੱਤਾ।
ਇਸ ਤਰ੍ਹਾਂ, ‘ਨਾਨਕ’ ਸਿਰਫ਼ ਸਿੱਖ ਲਹਿਰ ਦੇ ਸੰਸਥਾਪਕ ਦਾ ਦੁਨਿਆਵੀ ਨਾਮ ਮਾਤਰ ਨਹੀਂ ਬਲਕਿ ਪਰਮਾਤਮਾ ਬਾਰੇ ਸੱਚਾ ਗਿਆਨ ਪ੍ਰਦਾਣ ਵਾਲੀ ਇਕ ਵਿਚਾਰਧਾਰਾ ਦਾ ਨਾਮ ਵੀ ਹੈ। ਇਸੇ ਵਾਸਤੇ ਇਸ ਵਿਚਾਰਧਾਰਾ ਵਿਚ ਕਾਵਿ-ਸ਼ੈਲੀ ਰਾਹੀਂ ਆਪਣੇ ਉਪਦੇਸ਼ ਦੇਣ ਵਾਲੇ ਹਰ ਗੁਰੂ-ਵਿਅਕਤੀ ਨੇ ਕਵੀ ਦੇ ਨਾਮ ਵਜੋਂ ਖ਼ੁਦ ਲਈ ‘ਨਾਨਕ’ ਲਫ਼ਜ਼ ਦਾ ਹੀ ਉਪਯੋਗ ਕੀਤਾ ਹੈ - ਅੰਗਦ, ਅਮਰਦਾਸ, ਰਾਮਦਾਸ ਆਦਿਕ ਨਹੀਂ। ਬਲਕਿ ਹਰ ਗੁਰ-ਵਿਅਕਤੀ ਨੇ ਉਪਦੇਸ਼ ਦੇ ਰਚਨਹਾਰ ਬਾਰੇ ਸਪਸ਼ਟ ਜਾਣਕਾਰੀ ਦੇਣ ਲਈ ‘ਮਹਲਾ 1’, ‘ਮਹਲਾ 2’ ਆਦਿਕ ਸਿਰਲੇਖਾਂ ਦੀ ਵਰਤੋਂ ਕੀਤੀ ਹੈ। ਯਾਨੀ, ਸਬੰਧਿਤ ਉਪਦੇਸ਼ ਪਹਿਲੇ, ਦੂਜੇ, ਤੀਜੇ, ਚੌਥੇ, ਪੰਜਵੇਂ ਜਾਂ ਨੌਵੇਂ ਗੁਰੂ-ਵਿਅਕਤੀ ਦੀ ਤਾਂ ਹੈ, ਪਰ ਇਨ੍ਹਾਂ ਸਭ ਦੀ ਵਿਚਾਰਧਾਰਾ ਇਕੋ ‘ਨਾਨਕ’ ਵਾਲੀ ਹੀ ਹੈ। ਭਾਵ, ਨਾਨਕ ਸਿਰਫ਼ ਕਿਸੇ ਖ਼ਾਸ ਮਹਾਂਪੁਰਖ ਦਾ ਪਛਾਣ-ਲਫ਼ਜ਼ ਮਾਤਰ ਨਹੀਂ ਬਲਕਿ ਇਕ ਮਹਾਨ ਵਿਚਾਰਧਾਰਾ ਦਾ ਨਾਮ ਹੈ।
ਇਸ ਨੂੰ ਇਕ ਹੋਰ ਮਿਸਾਲ ਨਾਲ ਸਮਝ ਸਕਦੇ ਹਾਂ। ਆਈਜ਼ੈਕ ਨਿਊਟਨ ਨਾਮ ਦੇ ਵਿਗਿਆਨੀ ਨੇ ਭੌਤਿਕ ਵਿਗਿਆਨ ਵਿਚ ਗਤੀ ਆਦਿਕ ਵਿਸ਼ਿਆਂ ਦੇ ਕੁਝ ਬੜੇ ਮੌਲਿਕ ਸਿਧਾਂਤਾਂ ਦੀ ਖੋਜ ਕੀਤੀ। ਜਿਵੇਂ ਇਹ ਕਿ ‘‘ਹਰ ਕ੍ਰਿਆ ਦੀ ਬਰਾਬਰ ਤੇ ਉਲਟੀ ਪ੍ਰਤੀਕ੍ਰਿਆ ਹੁੰਦੀ ਹੈ।’’ ਇਸ ਸਿਧਾਂਤ ਨੂੰ ਨਿਊਟਨ ਦਾ ਤੀਜਾ ਨੇਮ (third law) ਕਿਹਾ ਜਾਂਦਾ ਹੈ। ਇਸੇ ਸਿਧਾਂਤ ਦਾ ਉਪਯੋਗ ਕਰਕੇ ਰੋਲਰ ਸਕੈਟਸ ਵਰਗੇ ਆਮ ਜਿਹੇ ਖਿਡੌਣੇ ਤੋਂ ਲੈ ਕੇ ਪੁਲਾੜ ਵਿਚ ਜਾਣ ਵਾਲੇ ਅਤਿ ਜਟਿਲ ਰਾਕਟ ਤੱਕ ਤਿਆਰ ਕੀਤੇ ਜਾਂਦੇ ਹਨ। ਪਰ ਗੌਰਤਲਬ ਹੈ ਕਿ ਇਹ ਸਿਧਾਂਤ ਨਿਊਟਨ ਦੇ ਜਨਮ ਤੋਂ ਹਜ਼ਾਰਾਂ ਸਾਲ ਪਹਿਲਾਂ ਵੀ ਸੱਚ ਸੀ ਤੇ ਅੱਜ ਵੀ ਹੈ। ਇਸੇ ਤਰ੍ਹਾਂ, ਆਈਂਸਟਾਈਨ ਨਾਮ ਦੇ ਵਿਗਿਆਨੀ ਨੇ ‘ਥਿਉਰੀ ਆਫ਼ ਰਿਲੇਟੀਵਿਟੀ’ ਦੀ ਖੋਜ ਕੀਤੀ। ਪਰ ਇਸ ਸਿਧਾਂਤ ਨੂੰ ਹੁਣ ‘ਆਈਂਸਟਾਈਨ ਦੀ ਥਿਉਰੀ ਆਫ਼ ਰਿਲੇਟੀਵਿਟੀ’ ਕਿਹਾ ਜਾਂਦਾ ਹੈ। ਰਸਾਇਨ ਸ਼ਾਸਤਰ ਵਿਚ ਵੀ ਬਹੁਤ ਸਾਰੇ ਵਿਗਿਆਨੀਆਂ ਜਿਵੇਂ ਐਵੋਗੈਡਰੋ, ਬਾਇਲ, ਚਾਰਲਸ, ਡਾਲਟਨ, ਫੈਰੇਡ, ਗ੍ਰਾਹਮ, ਹੈਨਰੀ ਆਦਿਕ ਨੇ ਵੱਖ-ਵੱਖ ਸਿਧਾਂਤਾਂ ਦੀ ਖੋਜ ਕੀਤੀ। (ਇਹ ਮਿਸਾਲਾਂ ਇਸ ਵਾਸਤੇ ਦੇ ਰਹੇ ਹਾਂ ਤਾਂ ਕਿ ਤੱਤ ਗੁਰਮਤਿ ਪਰਵਾਰ ਵਾਲੇ ਵੀਰ ਜਾਂ ਉਨ੍ਹਾਂ ਦੀ ਵਿਚਾਰਧਾਰਾ ਨਾਲ ਸਹਿਮਤ ਹੋਰ ਕੋਈ ਸੱਜਣ ਇਹ ਨਾ ਸੋਚੇ ਕਿ ਇਨ੍ਹਾਂ ਕੋਲ ਮੁੜ-ਘਿੜ ਕੇ ਇਕ ਨਿਊਟਨ ਦੀ ਮਿਸਾਲ ਹੀ ਬਚੀ ਹੈ)। ਹੁਣ ਤੱਤ ਗੁਰਮਤਿ ਪਰਵਾਰ ਜਾਂ ਸੌਦਾ ਸੰਪਾਦਕ ਦੇ ਸਮਰਥਕ ਇਹ ਕਹਿਣਾ ਸ਼ੁਰੂ ਕਰ ਦੇਣ ਕਿ ਇਨ੍ਹਾਂ ਸਿਧਾਂਤ ਦਾ ਕੋਈ ਹੋਰ ਨਾਮ ਹੋਣਾ ਚਾਹੀਦਾ ਹੈ - ਨਿਊਟਨ ਦਾ ਸਿਧਾਂਤ, ਚਾਰਲਸ ਦਾ ਸਿਧਾਂਤ ਆਦਿਕ ਨਹੀਂ ਕਿਉਂਕਿ ਇਹ ਵਿਗਿਆਨ ਦੇ ਨੇਮ ਹਨ, ਕਿਸੇ ਵਿਅਕਤੀ ਵਿਸ਼ੇਸ਼ ਦੇ ਨੇਮ ਨਹੀਂ - ਤਾਂ ਕੀ ਇਹ ਤਰਕ ਜਾਇਜ਼ ਹੋਵੇਗਾ? ਕੀ ਦੁਨੀਆ ਭਰ ਵਿਚ ਅੱਜ ਤੱਕ ਹੋਏ ਵਿਗਿਆਨੀ, ਜਿਹੜੇ ਇਕ-ਦੂਜੇ ਵੱਲੋਂ ਖੋਜੇ ਗਏ ਸਿਧਾਂਤਾਂ ਦਾ ਉਪਯੋਗ ਕਰਕੇ ਵਿਗਿਆਨ ਦੇ ਵਿਕਾਸ ਨੂੰ ਬੇਮਿਸਾਲ ਬੁਲੰਦੀਆਂ ਤੱਕ ਲੈ ਗਏ ਹਨ, ‘ਬੰਦਾ-ਪੂਜ’ ਬਣ ਕੇ ਅਜਿਹਾ ਕਰ ਪਾਏ ਹਨ ਜਾਂ ਸਿਧਾਂਤ-ਪੂਜ ਬਣ ਕੇ?
ਇਸੇ ਤਰ੍ਹਾਂ, ਜੇਕਰ ਸੱਚੇ ਪਰਮਾਤਮਾ ਦੀ ਹੋਂਦ, ਉਸ ਦੇ ਸਰੂਪ, ਉਸਦੇ ਗੁਣ ਅਤੇ ਉਸਦੇ ਨੇਮਾਂ ਨੂੰ ਸਮਝ ਕੇ ਵੱਖ-ਵੱਖ ਸਿਧਾਂਤਾਂ ਦੀ ਖੋਜ ਕਰਨ ਵਾਲੇ ਮਹਾਂਪੁਰਖ ਦੇ ਨਾਮ ’ਤੇ ਇਸ ਸੱਚੀ ਵਿਚਾਰਧਾਰਾ ਨੂੰ ਨਾਨਕ ਵਿਚਾਰਧਾਰਾ ਕਿਉਂ ਨਹੀਂ ਕਿਹਾ ਜਾ ਸਕਦਾ? ਤੇ ਜੇਕਰ ਕਿਹਾ ਜਾ ਸਕਦਾ ਹੈ ਤਾਂ ਇਸਦਾ ਸਿੱਧਾ ਅਰਥ ਹੈ ਕਿ ਅਸੀਂ ਨਾਨਕ ਦੇ ਸਿਧਾਂਤਾਂ ਤੋਂ ਸੇਧ ਲੈ ਰਹੇ ਹਾਂ। ਤੇ ਜੇਕਰ ਅਸੀਂ ਉਨ੍ਹਾਂ ਦੇ ਸਿਧਾਂਤਾਂ ਤੋਂ ਸੇਧ ਲੈ ਰਹੇ (ਜਾਂ ਲੈਣ ਦਾ ਦਾਅਵਾ ਕਰਦੇ ਹਾਂ), ਤਾਂ ਯਕੀਨਨ ਅਸੀਂ ਉਨ੍ਹਾਂ ਨੂੰ ਗੁਰੂ ਮੰਨ ਰਹੇ ਹਾਂ। ਜੇਕਰ ਕਿਸੇ ਵਿਗਿਆਨ ਦੇ ਸਿਧਾਂਤ ਨੂੰ ਉਸਦੇ ਖੋਜੀ ਦਾ ਨਾਮ ਦੇਣ ਨਾਲ ਕੋਈ ਸ਼ਖ਼ਸੀ ਪੂਜਾ ਨਹੀਂ ਹੁੰਦੀ ਅਤੇ ਵਿਗਿਆਨੀ ਸਿਧਾਂਤ ਤੇ ਦਲੀਲ ਦਾ ਪੱਲਾ ਛੱਡੇ ਬਿਨਾਂ ਨਿੱਤ ਨਵੀਂਆਂ ਖੋਜਾਂ ਕਰ ਲੈਂਦੇ ਹਨ ਤਾਂ ਜੇਕਰ ਰੱਬੀ ਗਿਆਨ ਵਾਲੀ ਸੱਚ ਦੀ ਵਿਚਾਰਧਾਰਾ ਨੂੰ ਇਸਦੇ ਖੋਜੀ ਦਾ ਨਾਮ ਦੇ ਦਿੱਤਾ ਜਾਏ, ਤਾਂ ਉਹ ਸ਼ਖ਼ਸੀ ਪੂਜਾ ਕਿਵੇਂ ਹੋ ਜਾਂਦੀ ਹੈ ਜਾਂ ਉਸ ਨਾਲ ਸਿਧਾਂਤ ਤੇ ਦਲੀਲ ਦਾ ਪੱਲਾ ਕਿਵੇਂ ਛੁਟ ਜਾਂਦਾ ਹੈ? ਜੇਕਰ ਵਿਗਿਆਨ ਦੇ ਕਿਸੇ ਸਿਧਾਂਤ ਨੂੰ ਉਸਦੇ ਖੋਜੀ (ਜੋਕਿ ਇਕ ਮਨੁੱਖ ਹੀ ਹੁੰਦਾ ਹੈ) ਦਾ ਨਾਮ ਦੇਣਾ ਸ਼ਖ਼ਸੀ ਪੂਜਾ ਨਹੀਂ, ਤਾਂ ਰੱਬੀ ਗਿਆਨ ਦੇ ਤਰਕਸ਼ੀਲ, ਸੱਚੇ ਅਤੇ ਸਰਬ-ਪ੍ਰਵਾਨਿਤ ਸਿਧਾਂਤਾਂ ਨੂੰ ਇਨ੍ਹਾਂ ਦੇ ਖੋਜੀ (ਨਾਨਕ) ਦਾ ਨਾਮ ਦੇਣਾ ਸ਼ਖ਼ਸੀ ਪੂਜਾ ਕਿਵੇਂ ਹੋ ਜਾਂਦੀ ਹੈ? ਜੇਕਰ ਕਿਸੇ ਵਿਗਿਆਨਕ ਸਿਧਾਂਤ ਨੂੰ ਨਿਊਟਨ ਦਾ ਸਿਧਾਂਤ ਕਹਿਣਾ ਨਿਊਟਨ ਦੇ ਸ਼ਰੀਰ ਵੱਲ ਨਹੀਂ ਬਲਕਿ ਉਸਦੀ ਖੋਜ ਦਾ ਪ੍ਰਤੀਕ ਹੈ ਤਾਂ ਸੱਚੇ ਧਾਰਮਕ ਸਿਧਾਂਤਾਂ ਦੇ ਖੋਜੀ ਨਾਨਕ ਜੀ ਨੂੰ ‘ਗੁਰੂ’ ਕਹਿਣਾ ਉਨ੍ਹਾਂ ਦੇ ਸ਼ਰੀਰ ਦੀ ਪੂਜਾ ਕਿਵੇਂ ਹੋ ਗਈ?
ਅਜਿਹੇ ਵਿਚ ਨਾਨਕ ਨੂੰ ਗੁਰੂ ਕਹਿਣ ਵਿਚ ਕਿਸੇ ਸਿੱਖ ਨੂੰ ਕੀ ਦਿੱਕਤ ਹੈ, ਇਹ ਸਮਝਣਾ ਔਖਾ ਹੈ। ਜਿਹੜਾ ਵਿਅਕਤੀ ਖ਼ੁਦ ਨੂੰ ਸਿੱਖ (student) ਕਹਿੰਦਾ ਹੈ, ਉਸਦਾ ਯਕੀਨੀ ਤੌਰ ’ਤੇ ਕੋਈ ਗੁਰੂ (teacher) ਵੀ ਹੋਵੇਗਾ। ਜੇਕਰ ਉਹ ਗੁਰੂ, ਨਾਨਕ ਜੀ ਹਨ ਫਿਰ ਤਾਂ ਉਸ ਨੂੰ ‘ਗੁਰੂ ਕਾ ਸਿੱਖ’ ਕਿਹਾ ਜਾ ਸਕਦਾ ਹੈ। ਪਰ ਜੇਕਰ ਉਹ ਨਾਨਕ ਨੂੰ ਗੁਰੂ ਨਹੀਂ ਮੰਨਦਾ, ਤਾਂ ਯਕੀਨਨ ਉਹ ਗੁਰੂ ਕਾ ਸਿੱਖ ਨਹੀਂ ਹੈ। ਕਿਸੇ ਵੀ ਵਿਅਕਤੀ ਵਾਸਤੇ ਇਹ ਬੰਦਿਸ਼ ਨਹੀਂ ਕਿ ਉਹ ਨਾਨਕ ਨੂੰ ਹੀ ਗੁਰੂ ਮੰਨੇ - ਉਹ ਆਪਣੀ ਮਰਜ਼ੀ ਨਾਲ ਰਾਧਾ ਸੁਆਮੀ, ਨਕਲੀ ਨਿਰੰਕਾਰੀ, ਸੱਚਾ ਸੌਦਾ, ਸ੍ਰੀ ਸ੍ਰੀ ਰਵੀ ਸ਼ੰਕਰ ਜਾਂ ਦੁਨੀਆ ਭਰ ਵਿਚ ਸਥਾਪਿਤ ਵੱਖ-ਵੱਖ ਸੰਰਪਰਦਾਵਾਂ ਦੇ ਮੁਖੀਆਂ ਨੂੰ ਆਪਣਾ ਗੁਰੂ ਮੰਨਣ ਲਈ ਅਜ਼ਾਦ ਹੈ। ਪਰ ਇਕ ਗੱਲ ਸਪਸ਼ਟ ਹੈ ਕਿ ਜੇਕਰ ਉਹ ਨਾਨਕ ਨੂੰ ਗੁਰੂ ਨਹੀਂ ਮੰਨਦਾ, ਤਾਂ ਫਿਰ ‘ਗੁਰੂ ਕਾ ਸਿੱਖ’ ਨਾ ਹੋਣ ਕਾਰਨ, ਉਸਨੂੰ ਖ਼ੁਦ ਨੂੰ ਗੁਰੂ ਕੇ ਸਿੱਖ ਵਾਂਗ ਪੇਸ਼ ਕਰਕੇ, ਗੁਰਬਾਣੀ ਦੀਆਂ ਤੁੱਕਾਂ ਦੀ ਮਨ-ਮਰਜ਼ੀ ਨਾਲ (ਦੁਰ)ਵਰਤੋਂ ਕਰਨ ਦਾ ਕੋਈ ਅਧਿਕਾਰ ਨਹੀਂ। ਦੂਜੇ ਲਫ਼ਜ਼ਾਂ ਵਿਚ, ਨਾਨਕ ਨੂੰ ਗੁਰੂ ਅਤੇ ਖ਼ੁਦ ਨੂੰ ਉਨ੍ਹਾਂ ਦਾ ਸਿੱਖ ਨਾ ਮੰਨਣ ਵਾਲਿਆਂ ਨੂੰ, ਖ਼ੁਦ ਨੂੰ ਸਿੱਖ ਅਤੇ ਨਾਨਕ ਨੂੰ ਗੁਰੂ ਮੰਨਣ ਵਾਲਿਆਂ ਦਾ ਭਾਈਵਾਲ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਦਾ ਅਤੇ ਸਿੱਖਾਂ ਦਾ ਰਸਤਾ ਓਨਾ ਹੀ ਅੱਲਗ ਹੈ, ਜਿੰਨਾ ਸਿੱਖਾਂ ਤੇ ਰਾਧਾ ਸੁਆਮੀਆਂ / ਨਕਲੀ ਨਿਰੰਕਾਰੀ / ਸੱਚਾ ਸੌਦਾ / ਸ੍ਰੀ ਸ੍ਰੀ ਰਵੀ ਸ਼ੰਕਰ ਜਾਂ ਅਜਿਹੀਆਂ ਹੋਰ ਹਜ਼ਾਰਾਂ/ਲੱਖਾਂ ਸੰਪਰਦਾਵਾਂ ਦਾ। ਇਸਲਈ ਉਹ ਕ੍ਰਿਪਾਲਤਾ ਕਰਕੇ ਸਿੱਖਾਂ ਨੂੰ ਆਪਣੇ ਵਿਚ ਮਿਲਾਉਣ ਲਈ ‘‘ਨਾਨਕ ਨੂੰ ਗੁਰੂ ਕਹਿਣਾ ਸਿਧਾਂਤਕ ਗਲਤੀ ਹੈ’’ ਜਿਹਾ ਪ੍ਰਚਾਰ ਕਰਨ ਦੀ ਬਜਾਏ ਖੁੱਲੇ ਰੂਪ ਵਿਚ ਆਪਣਾ ਗੁਰੂ ਜਿਸ ਨੂੰ ਮਰਜ਼ੀ ਧਾਰ ਲੈਣ। ਪਰ ਉਨ੍ਹਾਂ ਵੱਲੋਂ ਖ਼ੁਦ ਨੂੰ ‘ਸਿੱਖ’ ਕਹਿਣਾ ਸਿੱਖ ਸਮਾਜ ਨਾਲ ਅਤੇ ਖ਼ੁਦ ਨਾਲ ਵੱਡਾ ਧੋਖਾ ਹੈ ਕਿਉਂਕਿ ਮਾਤਰ ਦਾੜ੍ਹੀ ਕੇਸ ਰੱਖਣ ਜਾਂ ਪਗੜੀ ਬੰਨਣ ਨਾਲ ਕੋਈ ਸਿੱਖ ਨਹੀਂ ਹੁੰਦਾ ਬਲਕਿ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਅਪਣਾਉਣ ਨਾਲ ਹੀ ਸਿੱਖ ਬਣਦਾ ਹੈ। ਪਰ ਹਾਸੋਹੀਣੀ ਗੱਲ ਹੈ ਕਿ ਕਈ ਸੱਜਣ ਵਿਚਾਰਧਾਰਾ ਅਪਣਾਏ ਹੋਣ ਦਾ ਦਾਅਵਾ ਤਾਂ ਕਰ ਰਹੇ ਹਨ ਪਰ ਗੁਰੂ ਨਾਨਕ ਨੂੰ ਅਪਣਾਉਣ ਤੋਂ ਸਾਫ਼ ਇਨਕਾਰੀ ਹਨ!!
ਇਹ ਵੀ ਗੌਰਤਲਬ ਹੈ ਕਿ ਅਜਿਹੇ ਵੀਰਾਂ ਵੱਲੋਂ ਸਿੱਖਾਂ ਨੂੰ ਭੰਬਲ-ਭੂਸੇ ਵਿਚ ਪਾਉਣ ਲਈ ਗੁਰਬਾਣੀ ਦੀਆਂ ਕੁਝ ਤੁਕਾਂ ਅਤੇ ਉਨ੍ਹਾਂ ਦੇ ਆਪਣੀ ਮਰਜ਼ੀ ਨਾਲ ਕੀਤੇ ਜਾ ਰਹੇ ਅਰਥਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਨੀਤੀ ਪੰਜਾਬ ਵਿਚ ਕਾਇਮ ਉਨ੍ਹਾਂ ਹਜ਼ਾਰਾਂ ਡੇਰੇਦਾਰਾਂ ਜਿਹੀ ਹੈ, ਜਿਹੜੇ ਸਿੱਖਾਂ ਨੂੰ ਗੁੰਮਰਾਹ ਕਰਨ ਲਈ ਗੁਰਬਾਣੀ ਦੀ ਹੀ ਦੁਰਵਰਤੋਂ ਕਰਦੇ ਹਨ। ਮਿਸਾਲ ਵਜੋਂ, ਰਾਧਾ ਸੁਆਮੀ ਸੰਪਰਦਾਅ ਵਾਲੇ ਵੀਰ ਗੁਰਬਾਣੀ ਵਿਚੋਂ ‘ਨਾਮ’ ਲਫ਼ਜ਼ ਦੀਆਂ ਤੁਕਾਂ ਦੀ ਚੋਣ ਕਰਕੇ ਉਨ੍ਹਾਂ ਦੇ ਆਪਣੀ ਸਹੂਲੀਅਮ ਮੁਤਾਬਿਕ ਅਰਥ ਕਰਕੇ ਸਿੱਖਾਂ ਨੂੰ ‘ਨਾਮ ਲੈਣ’ ਲਈ ਆਪਣੇ ਡੇਰੇ ਆਉਣ ਲਈ ਪ੍ਰੇਰਿਤ ਕਰਦੇ ਹਨ। ਇਹੀ ਕੁਝ ਨਕਲੀ ਨਿਰੰਕਾਰੀਆਂ, ਸੱਚਾ ਸੌਦਾ ਆਦਿਕ ਡੇਰਿਆਂ ਦੇ ਪ੍ਰਚਾਰਕਾਂ ਵੱਲੋਂ ਕੀਤਾ ਜਾ ਰਿਹਾ ਹੈ - ਗੁਰਬਾਣੀ ਦੀਆਂ ਤੁਕਾਂ ਸੁਣਾ ਕੇ ਹੀ ਸਿੱਖਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਕੁਝ ਉਸੇ ਤਰਜ਼ ’ਤੇ ਨਾਨਕ ਨੂੰ ਗੁਰੂ ਨਾ ਮੰਨਣ ਵਾਲੇ ਵੀਰ ਗੁਰਬਾਣੀ ਦੀਆਂ ਉਨ੍ਹਾਂ ਤੁਕਾਂ, ਜਿਨ੍ਹਾਂ ਵਿਚ ਨਿਰਾਕਾਰ ਪਰਮਾਤਮਾ ਨੂੰ ਗੁਰੂ ਕਿਹਾ ਗਿਆ ਹੈ, ਵਜੋਂ ਪੇਸ਼ ਕਰਕੇ ਸਿੱਖਾਂ ਨੂੰ ਆਪਣੀ ਵਿਚਾਰਧਾਰਾ (ਕਿ ਨਾਨਕ ਗੁਰੂ ਨਹੀਂ) ਦੇ ਹਾਮੀ ਬਣਾਉਣਾ ਲੋਚਦੇ ਹਨ। (ਚਲਦਾ)
ਨੋਟ : ਸਮੇਂ ਦੀ ਘਾਟ ਕਾਰਨ ਇਸ ਵਿਸ਼ੇ ’ਤੇ ਹੋਰ ਨਹੀਂ ਲਿਖਿਆ ਜਾ ਸਕਿਆ। ਪਰ ਅਗਲੇ ਅੰਕ ਵਿਚ ਅਸੀਂ ਉਸ ‘ਸ਼ਬਦ’ ਬਾਰੇ ਚਰਚਾ ਕਰਾਂਗੇ, ਜਿਹੜਾ ਨਾਨਕ ਦਾ ਗੁਰੂ ਸੀ ਅਤੇ ਜਿਸ ਬਾਬਤ ਕਈ ਕਥਿਤ ਸੂਝਵਾਨ ਪ੍ਰਚਾਰਕਾ ਵੱਲੋਂ ਵੀ ਭੁਲੇਖਾ ਖੜਾ ਕੀਤਾ ਜਾ ਰਿਹਾ ਹੈ।