Subscription About Us Contact Us


ਨਾਨਕਸ਼ਾਹੀ ਕੈਲੰਡਰ ਬਾਰੇ ਦਿੱਲੀ ਗੁਰਦੁਆਰਾ ਕਮੇਟੀ ਦਾ ਸਟੈਂਡ ਉਤਸ਼ਾਹਜਨਕ ਪਰ...

 - ਸਰਬਜੀਤ ਸਿੰਘ -
ਮੋ: 9871683322

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ’ਤੇ ਕਾਬਿਜ਼ ਭੇਖੀ ਸਿੱਖਾਂ ਵੱਲੋਂ ਆਰ.ਐਸ.ਐਸ. ਵਰਗੀਆਂ ਹਿੰਦੂਤਵੀ ਤਾਕਤਾਂ ਨਾਲ ਮਿਲ ਕੇ ਸਿੱਖਾਂ ਦਾ ਹਿੰਦੂਕਰਨ ਦੀਆਂ ਕਾਰਵਾਈਆਂ ਕੋਈ ਨਵੀਂ ਗੱਲ ਨਹੀਂ ਅਤੇ ਸਰਬ-ਪ੍ਰਵਾਣਿਤ ਨਾਨਕਸ਼ਾਹੀ ਕੈਲੰਡਰ ਵਿਚ ਕੀਤੀ ਗਈ ਤੋੜ-ਮਰੋੜ ਅਤੇ ਇਸ ਨੂੰ ਸਿੱਖ ਸਮਾਜ ’ਤੇ ਥੋਪਨ ਲਈ ਅਪਣਾਏ ਜਾ ਰਹੇ ਕੋਝੇ ਹਥਕੰਡੇ ਵੀ ਇਸੇ ਰੁਝਾਨ ਦੀ ਇਕ ਹੋਰ ਮਿਸਾਲ ਮਾਤਰ ਹੈ। ਭਾਵੇਂ ਨਾਨਕਸ਼ਾਹੀ ਕੈਲੰਡਰ ਨੂੰ ਬਾਦਲਕਿਆਂ ਅਤੇ ਆਰ.ਐਸ.ਐਸ./ਬੀਜੇਪੀ ਦੀ ਸ਼ਹਿ ’ਤੇ ਸ਼੍ਰੋਮਣੀ ਕਮੇਟੀ ਤੇ ਇਸ ਦੇ ਮੁਲਾਜ਼ਮ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਵੱਲੋਂ ਕਤਲ ਕਰਨ ਦੀ ਪ੍ਰਕ੍ਰਿਆ 2009 ਦੇ ਅੰਤ ਵਿਚ ਹੀ ਅਰੰਭ ਹੋ ਗਈ ਸੀ ਅਤੇ ਪੰਥਕ ਜਥੇਬੰਦੀਆਂ ਤੇ ਵਿਦਵਾਨਾਂ ਵੱਲੋਂ ਇਨ੍ਹਾਂ ਧਿਰਾਂ ਦੇ ਇਸ ਆਪ-ਹੁਦਰੇ ਤੇ ਬੇਸ਼ਰਮੀ ਭਰੇ ਕਾਰਜ ਦੀ ਉਦੋਂ ਤੋਂ ਹੀ ਨਿੰਦਾ ਕੀਤਾ ਜਾ ਰਹੀ ਸੀ, ਪਰ ਆਮ ਸੰਗਤਾਂ ਤੱਕ ਇਸ ਵਿਵਾਦ ਬਾਰੇ ਕੋਈ ਖਾਸ ਜਾਣਕਾਰੀ ਪੁੱਜ ਨਹੀਂ ਸਕੀ ਸੀ। ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਬਿਨ੍ਹਾਂ ਕਿਸੇ ਦਲੀਲ/ਤਰਕ ਦੇ ਅੱਗੇ ਕਰ ਦੇਣ ’ਤੇ ਉਠਿਆ ਵਿਵਾਦ ਵੀ ਕੁਝ ਵੱਡੀਆਂ ਗੁਰਦੁਆਰਾ ਕਮੇਟੀਆਂ ਤੱਕ ਹੀ ਸੀਮਤ ਰਹਿ ਗਿਆ ਸੀ।

ਪਰ ਹੁਣ ਇਸ ਸਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਸਤਵ ਨੂੰ ਸਰਬ-ਪ੍ਰਵਾਣਿਤ ਮਿੱਥੀ ਜਾ ਚੁੱਕੀ ਮਿਤੀ 5 ਜਨਵਰੀ ਤੋਂ 11 ਜਨਵਰੀ ਕਰ ਦੇਣ ਦਾ ਵਿਵਾਦ ਦਿਨ-ਬ-ਦਿਨ ਭਖਦਾ ਹੀ ਜਾ ਰਿਹਾ ਹੈ। ਇਸਦਾ ਮੁੱਖ ਕਾਰਨ ਇਹ ਹੈ ਕਿ ਸਥਾਨਕ ਗੁਰਦੁਆਰਿਆਂ ਵਿਚ ਸਾਰੇ ਗੁਰਪੁਰਬ ਨਹੀਂ ਮਨਾਏ ਜਾਂਦੇ ਪਰ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਲਗਭਗ ਹਰ ਗੁਰਦੁਆਰੇ ਵਿਚ ਮਨਾਇਆ ਜਾਂਦਾ ਹੈ। ਹੁਣ ਜਿਵੇਂ-ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਨੇੜੇ ਆ ਰਿਹਾ ਹੈ, ਗੁਰਦੁਆਰਾ ਕਮੇਟੀਆਂ ਵਿਚਕਾਰ ਗੁਰਪੁਰਬ ਦੀ ‘ਅਸਲ’ ਤਰੀਖ ਨੂੰ ਲੈ ਕੇ ਵਿਵਾਦ ਗਹਿਰਾਉਂਦਾ ਜਾ ਰਿਹਾ ਹੈ। ਜਿਨ੍ਹਾਂ ਗੁਰਦੁਆਰਿਆਂ ਦੇ ਪ੍ਰਬੰਧਕ ਕੁਝ ‘ਜਾਗਰੁਕ’ ਕਿਸਮ ਦੇ ਹਨ ਅਤੇ ਪੰਥਕ ਸਰਗਰਮੀਆਂ ’ਤੇ ਨਜ਼ਰ ਰੱਖਦੇ ਹਨ, ਉਨ੍ਹਾਂ ਤਾਂਬ੍ਰਾਹਮਣਸ਼ਾਹੀ (ਕਤਲ ਕਰਕੇ ਤੋੜ-ਮਰੋੜ ਦਾ ਸ਼ਿਕਾਰ ਨਾਨਕਸ਼ਾਹੀ) ਕੈਲੰਡਰ ਮੰਨਣ ਤੋਂ ਬਹੁਤ ਪਹਿਲਾਂ ਤੋਂ ਹੀ ਇਨਕਾਰ ਕੀਤਾ ਹੋਇਆ ਸੀ। ਪਰ ਜਿਨ੍ਹਾਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਅਜਿਹੇ ਮਸਲਿਆਂ ਬਾਰੇ ਕੋਈ ਜਾਣਕਾਰੀ ਨਹੀਂ, ਉਹ ਦੁਬਿਧਾ ਵਿਚ ਪਏ ਹੋਏ ਹਨ। ਉਨ੍ਹਾਂ ਦੀ ਦੁਬਿਧਾ ਦਾ ਲਾਭ ਚੁੱਕ ਕੇ, ਬ੍ਰਾਹਮਣਸ਼ਾਹੀ ਕੈਲੰਡਰ ਨੂੰ ਉਨ੍ਹਾਂ ’ਤੇ ਥੋਪਣ ਵਾਸਤੇ ਬਾਦਲ ਦਲ ਵੱਲੋਂ ਹਮੇਸ਼ਾ ਵਾਂਗ ਅਕਾਲ ਤਖ਼ਤ ਸਾਹਿਬ ਦੇ ਨਾਮ ਦੀ ਦੁਰਵਰਤੋਂ ਕਰਨ ਦੀ ਕਾਰਵਾਈ ਤੇਜ਼ੀ ਨਾਲ ਅਮਲ ਵਿਚ ਲਿਆਈ ਜਾ ਰਹੀ ਹੈ।

ਇਸੇ ਕੜੀ ਵਿਚ ਪਿਛਲੇ ਦਿਨੀਂ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿ: ਗੁਰਬਚਨ ਸਿੰਘ ਨੇ ਦਿੱਲੀ ਵਿਚ ਇਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਕੇ ਇਥੋਂ ਦੀ ਸਥਾਨਕ ਗੁਰਦੁਆਰਾ ਕਮੇਟੀਆਂ ਨੂੰ ਗੁਰਪੁਰਬ ਬ੍ਰਾਹਮਣਸ਼ਾਹੀ ਕੈਲੰਡਰ ਮੁਤਾਬਿਕ ਮਨਾਉਣ ਦਾ ‘ਆਦੇਸ਼’ ਜਾਰੀ ਕੀਤਾ। ਇਸ ‘ਆਦੇਸ਼’ ਨੂੰ ਜਾਰੀ ਕਰਨ ਦੇ ਮਨਸ਼ਿਆਂ ਅਤੇ ਇਸ ਨਾਲ ਸਬੰਧਿਤ ਹੋਰਨਾਂ ਮੁੱਦਿਆਂ ਬਾਰੇ ਹਥਲੇ ਅੰਕ ਵਿਚ ਹੀ ਪ੍ਰਕਾਸ਼ਿਤ, ਮੁੱਖ ਸੇਵਾਦਾਰ ਨੂੰ ਸੰਬੋਧਿਤ 31 ਸਵਾਲ ਪੜ੍ਹੇ ਜਾ ਸਕਦੇ ਹਨ, ਜਿਨ੍ਹਾਂ ਤੋਂ ਕੋਈ ਵੀ ਪਾਠਕ ਸਮਝ ਸਕਦਾ ਹੈ ਕਿ ਮੁੱਖ ਸੇਵਾਦਾਰ ਕੌਮ ਦੇ ਲੀਡਰ (ਜੋ ਬਣਨ ਦੀ ਅਸਲ ਵਿਚ ਉਨ੍ਹਾਂ ਦੀ ਕੋਈ ਹੈਸੀਅਤ ਵੀ ਨਹੀਂ) ਦੀ ਬਜਾਏ ਇਕ ਸਿਆਸੀ ਪਰਵਾਰ ਦੇ ਬੁਲਾਰੇ ਵਾਂਗ ਵਿਚਰ ਕੇ ਸਿੱਖਾਂ ਨੂੰ ਬ੍ਰਾਹਮਣਵਾਦ ਵੱਲ ਧੱਕਣ ਲਈ ਪੂਰਾ ਜੋਰ ਲਗਾ ਰਹੇ ਹਨ।

ਪਰ ਇਸ ਘਟਨਾਕ੍ਰਮ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦਾ ਸਟੈਂਡ ਕਾਫੀ ਉਤਸ਼ਾਹਜਨਕ ਰਿਹਾ ਹੈ। ਕਮੇਟੀ ਦੇ ਪ੍ਰਧਾਨ ਸ੍ਰ: ਪਰਮਜੀਤ ਸਿੰਘ ਸਰਨਾ ਨੇ ਨਾ ਸਿਰਫ਼ ਦਿੱਲੀ ਕਮੇਟੀ ਦੇ ਸਮਾਗਮਾਂ ’ਤੇ ਬ੍ਰਾਹਮਣਸ਼ਾਹੀ ਕੈਲੰਡਰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਬਲਕਿ ਸਥਾਨਕ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਵੀ ਸਰਬ-ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਹੀ ਅਪਣਾਏ ਰੱਖਣ ਲਈ ਪ੍ਰੇਰਿਤ ਕਰ ਰਹੇ ਹਨ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸ਼ਾਇਦ ਸ੍ਰ: ਸਰਨਾ ਦੀ ਪ੍ਰੇਰਨਾ ਸਦਕਾ ਹੀ ਸਰਬ-ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਅਪਣਾਇਆ ਹੈ। ਦਿੱਲੀ ਦੇ ਸਥਾਨਕ ਗੁਰਦੁਆਰਿਆਂ ਦੇ ਪ੍ਰਬੰਧਕ ਵੀ ਸਰਬ-ਪ੍ਰਵਾਨਿਤ ਕੈਲੰਡਰ ਅਪਣਾਉਣ ਨੂੰ ਹੀ ਤਰਜ਼ੀਹ ਦੇ ਰਹੇ ਹਨ। ਇਹ ਗੱਲ ਅਲੱਗ ਹੈ ਕਿ ਬਾਦਲ ਦਲ ਦੇ ਵਰਕਰ, ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਦੇ ਪੱਤਰ ਅਤੇ ਲੜਾਈ-ਝਗੜੇ ਰਾਹੀਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਬ੍ਰਾਹਮਣਸ਼ਾਹੀ ਕੈਲੰਡਰ ਅਪਣਾਉਣ ਲਈ ਹੀ ਜੋਰ ਪਾ ਰਹੇ ਹਨ।

ਜੋ ਵੀ ਹੋਏ, ਨਾਨਕਸ਼ਾਹੀ ਕੈਲੰਡਰ ਪ੍ਰਤੀ ਦਿੱਲੀ ਕਮੇਟੀ ਦੇ ਪ੍ਰਧਾਨ ਦੀ ਦ੍ਰਿੜ੍ਹਤਾ ਨੇ ਬਾਦਲਕਿਆਂ ਤੇ ਬ੍ਰਾਹਮਣਵਾਦੀਆਂ ਦੇ ਮੱਥੇ ਵਿਚ ਤੀੜੀਆਂ ਜ਼ਰੂਰ ਪਾ ਦਿੱਤੀਆਂ ਹਨ। ਕੋਈ ਵੱਡੀ ਗੱਲ ਨਹੀਂ ਹੋਵੇਗੀ ਜੇਕਰ ਉਹ ਹਮੇਸ਼ਾ ਵਾਂਗ ਪਰਮਜੀਤ ਸਿੰਘ ਸਰਨਾ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਕੇ ਪੰਥ ’ਚੋਂ ਛੇਕਣ ਦੀ ਕੋਸ਼ਿਸ਼ ਕਰਨ। ਇਸ ਖਤਰੇ ਨੂੰ ਜਾਣਦੇ-ਬੁਝਦਿਆਂ ਸ੍ਰੀ ਸਰਨਾ ਵੱਲੋਂ ਆਪਣੇ ਸਟੈਂਡ ’ਤੇ ਕਾਇਮ ਨਾਲ ਪੰਥਕ ਧਿਰਾਂ ਦਾ ਮਨੋਬਲ ਜ਼ਰੂਰ ਉ¤ਚਾ ਹੋਵੇਗਾ ਕਿਉਂਕਿ ਸਿਆਸਤ ਦੇ ਅਖਾੜਿਆਂ ਵਿਚ ਤਬਦੀਲ ਹੋ ਚੁੱਕੀਆਂ ਗੁਰਦੁਆਰਾ ਕਮੇਟੀਆਂ ਦੇ ਅਹੁਦੇਦਾਰ ਕਿਸੇ ਪੰਥਕ ਮੁੱਦੇ ’ਤੇ ਏਨੀ ਦ੍ਰਿੜ੍ਹਤਾ ਬਹੁਤ ਘੱਟ ਹੀ ਦਿਖਾਉਂਦੇ ਹਨ।

ਪਰ ਦਿੱਲੀ ਕਮੇਟੀ ਦੇ ਇਸ ਉਪਰਾਲੇ ਦੇ ਬਾਵਜੂਦ ਬ੍ਰਾਹਮਣਵਾਦੀਆਂ ਦੀ ਸਿੱਖੀ-ਵਿਰੋਧੀ ਮੁਹਿੰਮ ਨੂੰ ਸ਼ਾਇਦ ਹੀ ਕੋਈ ਫ਼ਰਕ ਪਵੇ। ਕਿਉਂਕਿ ਸਰਬ-ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਵਿਚ ਹੀ ਗੁਰਮਤਿ-ਵਿਰੋਧੀ ਬਹੁਤ ਸਾਰੀਆਂ ਖਾਮੀਆਂ ਹਨ। ਇਸ ਕੈਲੰਡਰ ਵਿਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਵੈਸਾਖ ਦੀ ਮਿਤੀ ਅਨੁਸਾਰ ਸਥਾਈ ਤੌਰ ’ਤੇ ਮਿੱਥਣ ਦੀ ਬਜਾਏ, ਇਸਨੂੰ ਕੱਤਕ ਦੀ ਪੂਰਨਮਾਸ਼ੀ ’ਤੇ ਨਿਰਭਰ ਰੱਖਣ ਦੀ ਹਾਸੋਹੀਣੀ ਕਾਰਵਾਈ (ਕਿਸੇ ਵੀ ਵਿਅਕਤੀ ਦਾ ਜਨਮਦਿਨ ਹਰ ਸਾਲ ਅਲੱਗ-ਅਲੱਗ ਮਿਤੀਆਂ ਨੂੰ ਕਿਵੇਂ ਆ ਸਕਦਾ ਹੈ) ਕੀਤੀ ਗਈ। ਇਹੀ ਨਹੀਂ, ਸੰਗਰਾਂਦ (ਸੂਰਜ ਦੀ ਪੂਜਾ), ਪੂਰਨਮਾਸ਼ੀ ਤੇ ਮੱਸਿਆ (ਚੰਦਰਮਾ ਦੀ ਪੂਜਾ) ਵਰਗੇ ਨਿਰੋਲ ਬ੍ਰਾਹਮਣਵਾਦੀ ‘ਪੁਰਬ’ ਵੀ ਨਾਨਕਸ਼ਾਹੀ ਕੈਲੰਡਰ ਵਿਚ ਸ਼ਾਮਲ ਕਰ ਲਏ ਗਏ। ਚਾਹੀਦਾ ਤਾਂ ਇਹ ਸੀ ਕਿ ਸਿੱਖ, ਨਾਨਕਸ਼ਾਹੀ ਕੈਲੰਡਰ ਵਿਚੋਂ ਇਨ੍ਹਾਂ ਗੁਰਮਤਿ-ਵਿਰੋਧੀ ਤਿੱਥਾਂ ਨੂੰ ਹਟਾਉਣ ਦੀ ਸੋਧ ਕਰਦੇ। ਪਰ ਉਸਦੀ ਬਜਾਏ ਹੁਣ ਸਿੱਖਾਂ ਲਈ ਇਸ ਖਾਮੀਆਂ-ਭਰਪੂਰ ਪਰ ਸਰਬ-ਪ੍ਰਵਾਨਿਤ ਕੈਲੰਡਰ ਨੂੰ ਬਚਾਉਣ ਲਈ ਹੀ ਸੰਘਰਸ਼ ਕਰਨਾ ਪੈ ਰਿਹਾ ਹੈ। ਭਾਵ, ਜੇਕਰ ਸਿੱਖ ਨਵੇਂ ਬ੍ਰਾਹਮਣਸ਼ਾਹੀ ਕੈਲੰਡਰ ਨੂੰ ਮੰਨਦੇ ਹਨ ਤਾਂ ਵੀ ਉਹ ਗੁਰਮਤਿ ਵਿਰੋਧੀ ਕਰਮ-ਕਾਂਡਾਂ ਵਿਚ ਫਸਣਗੇ ਅਤੇ ਜੇਕਰ ਸਰਬ-ਪ੍ਰਵਾਨਿਤ ਕੈਲੰਡਰ ਨੂੰ ਮੰਨਦੇ ਹਨ ਤਾਂ ਵੀ।

ਦਿ.ਸਿ.ਗੁ.ਪ੍ਰ. ਕਮੇਟੀ ਦੇ ਅਹੁਦੇਦਾਰਾਂ ਨੂੰ ਚਾਹੀਦਾ ਹੈ ਕਿ ਜੇਕਰ ਤਖ਼ਤਾਂ ਦੇ ਮੁੱਖ ਸੇਵਾਦਾਰ ਬ੍ਰਾਹਮਣਸ਼ਾਹੀ ਕੈਲੰਡਰ ਨੂੰ ਸੰਗਤਾਂ ’ਤੇ ਥੋਪਣ ਲਈ ਜਤਨਸ਼ੀਲ ਰਹਿੰਦੇ ਹਨ, ਤਾਂ ਉਹ ਵੀ ਨਾਨਕਸ਼ਾਹੀ ਕੈਲੰਡਰ ਦੇ ਪਹਿਲਾਂ ਪ੍ਰਚਲਿਤ ਸਰੂਪ ਨੂੰ ਲਾਗੂ ਕਰਨ ਦੀ ਬਜਾਏ ਇਸ ਨੂੰ ਨਿਰੋਲ ਗੁਰਮਤਿ ਅਧਾਰਿਤ ਬਣਾਉਣ ਲਈ ਬੁੱਧੀਜੀਵੀਆਂ ਤੇ ਪ੍ਰਚਾਰਕਾਂ ਦੇ ਸਹਿਯੋਗ ਨਾਲ ਇਕ ਸਰਗਰਮ ਮੁਹਿੰਮ ਚਲਾਉਣ, ਤਾਂ ਜੋ ਇਸ ਮੁੱਦੇ ਬਾਬਤ ਆਮ ਸਿੱਖਾਂ ਵਿਚ ਜਾਗ੍ਰਿਤੀ ਲਿਆ ਕੇ, ਉਨ੍ਹਾਂ ਦਾ ਸਮਰਥਨ ਹਾਸਲ ਕੀਤਾ ਜਾ ਸਕੇ ਅਤੇ ਨਾਨਕਸ਼ਾਹੀ ਕੈਲੰਡਰ ਨੂੰ ਹਰ ਕਿਸਮ ਦੀਆਂ ਖਾਮੀਆਂ ਤੋਂ ਮੁਕਤ ਕਰਕੇ ਅਪਣਾਉਣ ਲਈ ਪ੍ਰੇਰਿਆ ਜਾ ਸਕੇ। ਅਖੀਰ, ਜੇਕਰ ਨਾਨਕਸ਼ਾਹੀ ਕੈਲੰਡਰ ਅਪਣਾਉਣਾ ਹੀ ਹੈ ਤਾਂ ਇਸਨੂੰ ਨਾਨਕਸ਼ਾਹੀ ਫ਼ਲਸਫੇ ’ਤੇ ਅਧਾਰਿਤ ਕਿਉਂ ਨਾ ਕੀਤਾ ਜਾਏ?