

ਰੋਸੁ ਨ ਕੀਜੈ, ਉਤਰੁ ਦੀਜੈ
- ਪ੍ਰੋ: ਇੰਦਰ ਸਿੰਘ ਘੱਗਾ -
ਫੋਨ : 9855151699
ਇੰਡੀਆ ਅਵੇਅਰਨੈੱਸ ਦੇ ਅਕਤੂਬਰ 2010 ਅੰਕ ਵਿਚ ਪ੍ਰਕਾਸ਼ਿਤ ਸ੍ਰ: ਕ੍ਰਿਪਾਲ ਸਿੰਘ ਬਠਿੰਡਾ ਦੇ ਲੇਖ ‘‘ਗੁਰੂ ਦਾ ਗੁਰੂ ਕੌਣ’’ ਅਤੇ ਲੇਖ ਸਬੰਧੀ ਕੀਤੀ ਗਈ ਸੰਪਾਦਕੀ ਟਿੱਪਣੀ ਬਾਬਤ, ਪ੍ਰੋ: ਇੰਦਰ ਸਿੰਘ ਘੱਗਾ ਨੇ ਆਪਣਾ ਸਪਸ਼ਟੀਕਰਨ ਅਦਾਰੇ ਨੂੰ ਭੇਜਿਆ ਸੀ। ਨਵੰਬਰ 2010 ਅੰਕ ਵਿਚ ਇਹ ਸਪਸ਼ਟੀਕਰਨ ਜਿਉਂ ਦਾ ਤਿਉਂ ਪ੍ਰਕਾਸ਼ਿਤ ਕਰ ਦਿੱਤਾ ਗਿਆ ਪਰ ਇਸ ਵਿਚਲੇ ਬਹੁਤ ਸਾਰੇ ਨੁਕਤਿਆਂ ਨਾਲ ਸਹਿਮਤ ਨਾ ਹੋਣ ਕਾਰਨ ਲੇਖਕ ਸ੍ਰ: ਕ੍ਰਿਪਾਲ ਸਿੰਘ ਬਠਿੰਡਾ ਅਤੇ ਇੰਡੀਆ ਅਵੇਅਰਨੈੱਸ ਨੂੰ ਇਨ੍ਹਾਂ ਦਾ ਖੰਡਨ ਵਾਲੇ ਵਿਚਾਰ ਵੀ ਪੇਸ਼ ਕਰਨੇ ਗਏ, ਜੋ ਲੇਖ ਦੇ ਨਾਲ ਹੀ ਪ੍ਰਕਾਸ਼ਿਤ ਕਰ ਦਿੱਤੇ ਗਏ। ਪਰ ਪ੍ਰੋ: ਇੰਦਰ ਸਿੰਘ ਘੱਗਾ ਵੀ ਆਪਣੇ ਵਿਚਾਰਾਂ ਦੇ ਖੰਡਨ ਵਾਲੇ ਨੁਕਤਿਆਂ ਅਤੇ ਆਪਣੀ ਆਲੋਚਨਾ ਤੋਂ ਸਹਿਮਤ ਨਹੀਂ ਹਨ (ਜੋ ਉਨ੍ਹਾਂ ਦਾ ਹੱਕ ਵੀ ਹੈ)। ਇਸਲਈ ਉਨ੍ਹਾਂ ਨੇ ਮੁੜ ਤੋਂ ਆਪਣਾ ਇਕ ਨਵਾਂ ਵਿਸਥਾਰਕ ਸਪਸ਼ਟੀਕਰਨ/ਲੇਖ ਇੰਡੀਆ ਅਵੇਅਰਨੈੱਸ ਨੂੰ ਭੇਜਿਆ ਹੈ। ਇਸ ਲੇਖ ਵਿਚ ਸਾਡੇ ਵੱਲੋਂ ਚੁੱਕੇ ਗਏ ਕਾਫੀ ਸਾਰੇ ਨੁਕਤਿਆਂ/ਸਵਾਲਾਂ ਦਾ ਜਵਾਬ ਨਹੀਂ ਦਿੱਤਾ ਗਿਆ ਬਲਕਿ ਜ਼ਿਆਦਾਤਰ ਨੁਕਤਿਆਂ ਵਿਚ ਲੇਖਕ/ਸੰਪਾਦਕੀ ਮੰਡਲ ’ਤੇ ਜਜ਼ਬਾਤੀ ਅਤੇ ਅਧਾਰਹੀਨ ਕਿਸਮ ਦੇ ਇਲਜ਼ਾਮ ਲਗਾ ਕੇ ਆਪਣਾ ਪੱਖ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਰ ਵੀ, ਕਿਉਂਕਿ ਇੰਡੀਆ ਅਵੇਅਰਨੈੱਸ ਨੇ ‘ਗੁਰੂ’ ਮੁੱਦੇ ’ਤੇ ਉਨ੍ਹਾਂ ਦੀ ਆਲੋਚਨਾ ਕੀਤੀ ਸੀ, ਇਸਲਈ ਉਨ੍ਹਾਂ ਦਾ ਪੱਖ ਪਾਠਕਾਂ ਸਾਹਮਣੇ ਪੇਸ਼ ਕਰਨਾ ਸਾਡਾ ਫ਼ਰਜ਼ ਬਣਦਾ ਹੈ। ਪਰ ਕਿਉਂਕਿ ਹਾਲਾਂ ਵੀ ਅਸੀਂ ਉਨ੍ਹਾਂ ਦੇ ਨੁਕਤਿਆਂ ਤੋਂ ਸਹਿਮਤ ਨਹੀਂ ਅਤੇ ਸਾਨੂੰ ਇਨ੍ਹਾਂ ਦਲੀਲਾਂ ਵਿਚ ਕਈ ਕਮੀਆਂ ਪ੍ਰਤੀਤ ਹੁੰਦੀਆਂ ਹਨ, ਇਸਲਈ ਉਨ੍ਹਾਂ ਦੇ ਹਰ ਨੁਕਤੇ ਪ੍ਰਤੀ ਸਾਡਾ ਵਿਚਾਰ, ਉਸੇ ਨੁਕਤੇ ਨਾਲ ਹੀ ਪੇਸ਼ ਕੀਤਾ ਜਾ ਰਿਹਾ ਹੈ। ਪ੍ਰੋ: ਘੱਗਾ ਦਾ ਲੇਖ ਕਾਫੀ ਵਿਸਥਾਰਤ ਹੈ ਅਤੇ ਸਾਡੇ ਵੱਲੋਂ ਉਨ੍ਹਾਂ ਦੇ ਨੁਕਤਿਆਂ ਦਾ ਖੰਡਨ ਕਰਨ ਵਾਲੇ ਵਿਚਾਰਾਂ ਸਮੇਤ ਤਾਂ ਇਹ ਬਹੁਤ ਹੀ ਲੰਮਾਂ ਹੋ ਜਾਂਦਾ ਹੈ। ਭਾਵੇਂ ਇੰਡੀਆ ਅਵੇਅਰਨੈੱਸ ਦੀ ਕੋਸ਼ਿਸ਼ ਹੁੰਦੀ ਹੈ ਕਿ ਜੇਕਰ ਸੰਭਵ ਹੋਵੇ ਤਾਂ ਹਰ ਲੇਖ ਨੂੰ ਇਕ ਕਿਸ਼ਤ ਵਿਚ ਹੀ ਪ੍ਰਕਾਸ਼ਿਤ ਕੀਤਾ ਜਾਵੇ, ਪਰ ਕਈ ਪਾਠਕ ਸਾਡੇ ਨਾਲ ਗਿਲਾ ਕਰਦੇ ਹਨ ਕਿ ਇੰਡੀਆ ਅਵੇਅਰਨੈੱਸ ਦਾ ਕਾਫੀ ਸਾਰਾ ਹਿੱਸਾ ਸੌਦਾ ਸੰਪਾਦਕ ਦੀਆਂ ਗੁਰਮਤਿ-ਵਿਰੋਧੀ ਕਾਰਵਾਈਆਂ ਦੇ ਖੰਡਨ ਵਿਚ ਹੀ ਖਚਿਤ ਹੋ ਜਾਂਦਾ ਹੈ (ਪ੍ਰੋ: ਇੰਦਰ ਸਿੰਘ ਘੱਗਾ ਮੁਤਾਬਿਕ ਤਾਂ ਇੰਡੀਆ ਅਵੇਅਰਨੈੱਸ ਵਿਚ ਹੋਰ ਕੁਝ ਵੀ ਪ੍ਰਕਾਸ਼ਿਤ ਹੁੰਦਾ ਹੀ ਨਹੀਂ)। ਇਸਲਈ ਇੰਡੀਆ ਅਵੇਅਰਨੈੱਸ ਦੇ ਹਥਲੇ ਅੰਕ ਵਿਚ ਪ੍ਰੋ: ਘੱਗਾ ਦੇ ਨੁਕਤਿਆਂ ਅਤੇ ਉਨ੍ਹਾਂ ਪ੍ਰਤੀ ਲੇਖਕ ਸ੍ਰ: ਕ੍ਰਿਪਾਲ ਸਿੰਘ ਬਠਿੰਡਾ ਦਾ ਪੱਖ ਹੀ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਆਉਣ ਵਾਲੇ ਅੰਕਾਂ ਵਿਚ ਪ੍ਰੋ: ਘੱਗਾ ਦੇ ਲੇਖ ਦਾ ਬਾਕੀ ਹਿੱਸਾ ਪ੍ਰਕਾਸ਼ਿਤ ਕਰਕੇ ਉਸ ਦੇ ਨਾਲ ਹੀ ਸਾਡਾ ਪੱਖ ਵੀ ਪ੍ਰਕਾਸ਼ਿਤ ਕਰ ਦਿੱਤਾ ਜਾਏਗਾ। ਜੇਕਰ ਇਨ੍ਹਾਂ ਨੁਕਤਿਆਂ ਦੇ ਪ੍ਰਕਾਸ਼ਨ ਉਪਰੰਤ ਵੀ ਪ੍ਰੋ: ਇੰਦਰ ਸਿੰਘ ਘੱਗਾ ਆਪਣੇ ਵਿਚਾਰ ਪੇਸ਼ ਕਰਨਾ ਚਾਹੁਣਗੇ, ਤਾਂ ਉਨ੍ਹਾਂ ਦਾ ਪੱਖ ਫਿਰ ਤੋਂ ਪ੍ਰਕਾਸ਼ਿਤ ਕਰ ਕੇ ਉਸ ਬਾਬਤ ਆਪਣੇ ਵਿਚਾਰ ਪ੍ਰਗਅ ਕੀਤੇ ਜਾਣਗੇ। ਆਸ ਹੈ ਕਿ ਦੋਹਾਂ ਧਿਰਾਂ ਦੇ ਪੱਖ ਨੂੰ ਪੜ੍ਹ-ਵਿਚਾਰ ਕੇ ਪਾਠਕ ਖ਼ੁਦ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਸਕਣਗੇ।
ਅਗਸਤ 28 (2010) ਨੂੰ ਭਾਈ ਗੁਰਚਰਨ ਸਿੰਘ (ਕੈਨੇਡਾ) ਅਤੇ ਸੇਵਕ (ਇੰਦਰ ਸਿੰਘ ਘੱਗਾ) ਭਾਈ ਕਿਰਪਾਲ ਸਿੰਘ ਬਠਿੰਡਾ ਨੂੰ ਮਿਲਣ ਦੀ ‘ਅਵੱਗਿਆ’ ਕਰ ਬੈਠੇ। ਉਸ ਸਾਧਾਰਣ ਜਿਹੀ ਗੱਲਬਾਤ ਨੂੰ ਜੋ ਹਵਾ ਭਾਈ ਕਿਰਪਾਲ ਸਿੰਘ ਨੇ ਦਿੱਤੀ ਹੈ, ਹੋਰ ਕੋਈ ਨਹੀਂ ਦੇ ਸਕਦਾ। ਜਿੰਨੀ ਤੂਲ ਅੱਗੋਂ ਇੰਡੀਆ ਅਵੇਅਰਨੈੱਸ ਵਾਲਿਆਂ ਇਸ ਨੂੰ ਦਿੱਤੀ ਹੈ, ਉਹ ਭੀ ਆਪਣੀ ਮਿਸਾਲ ਆਪ ਹੈ। ਭਾਈ ਕਿਰਪਾਲ ਸਿੰਘ ਨੂੰ ਅਖ਼ਬਾਰ ਵਿਚੋਂ ਕੱਢੇ ਜਾਣ ਦਾ ਇੰਨਾ ਸਦਮਾ ਪਹੁੰਚਿਆ ਹੈ ਕਿ ਲੰਮਾਂ ਸਮਾਂ ਬੀਤ ਜਾਣ ’ਤੇ ਭੀ ਅਜੇ ਬੇਚੈਨ ਹੈ। ਸੰਪਾਦਕੀ ਮੰਡਲ ਨੂੰ ਪੰਥ ਦੇ ਹੋਰ ਸਾਰੇ ਮਸਲੇ ਵਿਸਰ ਗਏ ਲਗਦੇ ਹਨ। ਬਸ ਇਕੋ ਫੋਬੀਆ ਸਿਰ ਨੂੰ ਚੜ੍ਹਿਆ ਹੋਇਆ ਹੈ, ਸਪੋਕਸਮੈਨ ਅਤੇ ਉਸ ਦੇ ਸਹਿਯੋਗੀ ‘ਪੰਥ ਦੇ ਗੱਦਾਰ’ ਹਨ। ਲਗਦੈ ਇਹਨਾਂ ਕੋਲ ਪੰਥਕ ਮਸਲੇ ਵਿਚਾਰਨ ਦੀ ਸਮਰੱਥਾ ਖ਼ਤਮ ਹੋ ਗਈ ਹੈ। ਅਜਿਹੇ ਫਤਵੇ ਜਾਰੀ ਕਰਨ ਲਈ ਪਹਿਲਾਂ ‘ਪੰਜ ਤਖ਼ਤਾਂ’ ਦੀ ਦੁਰਵਰਤੋਂ ਕੀਤੀ ਜਾ ਰਹੀ ਸੀ, ਹੁਣ ਇਕ ‘ਤਖ਼ਤ’ ਇੰਡੀਆ ਅਵੇਅਰਨੈੱਸ ਵਾਲਿਆਂ ਨੇ ਉਸਾਰ ਲਿਆ ਲਗਦੈ। ਮਿਲ ਬੈਠਕੇ ਵਿਚਾਰ (ਜਾਂ ਸੰਵਾਦ) ਕਰਨ ਦੀ ਸਮਰੱਥਾ ਪਹਿਲਾਂ ਭਾਈ ਕਿਰਪਾਲ ਸਿੰਘ ਦੀ ਖ਼ਤਮ ਹੋਈ। ਬਾਅਦ ਵਿਚ ਸੰਪਾਦਕੀ ਅਦਾਰੇ ਵਾਲੇ ਭੀ ਉਸੇ ਰਾਹ ਚੱਲ ਪਏ।
ਸ੍ਰ: ਕ੍ਰਿਪਾਲ ਸਿੰਘ ਬਠਿੰਡਾ ਦਾ ਸਪਸ਼ਟੀਕਰਨ: ਪ੍ਰੋ: ਇੰਦਰ ਸਿੰਘ ਘੱਗਾ ਜੀ ਦੂਸਰਿਆਂ ਨੂੰ ਉਪਦੇਸ਼ ਦੇਣ ਲਈ ਤਾਂ ਉਕਤ ਗੁਰ ਫ਼ੁਰਮਾਨ (ਰੋਸੁ ਨ ਕੀਜੈ, ਉਤਰੁ ਦੀਜੈ) ਬਹੁਤ ਢੁਕਵਾਂ ਹੈ ਹੀ ਪਰ ਕਿੰਨਾ ਚੰਗਾ ਹੋਵੇ ਜੇ ਇਸ ’ਤੇ ਤੁਸੀਂ ਖ਼ੁਦ ਵੀ ਅਮਲ ਕਰ ਲਵੋ। ਤੁਹਾਡੇ ਉੱਤਰ ਵਿੱਚ ਵਰਤੀ ਗਈ ਭਾਸ਼ਾ ਤਾਂ ਇਹ ਹੀ ਦਰਸਾ ਰਹੀ ਹੈ ਕਿ ਤੁਹਾਡੇ ਵੱਲੋਂ ਨਸੀਹਤ ਦੇ ਤੌਰ ’ਤੇ ਸਾਨੂੰ ਸੁਣਾਏ ਜਾ ਰਹੇ ਗੁਰ ਫ਼ੁਰਮਾਨ ਦੇ ਐਨ ਉਲਟ, ਉੱਤਰ ਸੁਣ ਕੇ ਤੁਸੀਂ ਰੋਸ ਨਾਲ ਨੱਕਾ ਨੱਕ ਭਰ ਚੁੱਕੇ ਹੋ। ਸਪੋਕਸਮੈਨ ਨਾਲੋਂ ਤੋੜ ਵਿਛੋੜੇ ਦਾ ਮੈਨੂੰ ਤਾਂ ਕੋਈ ਗਮ ਨਹੀਂ ਪਰ ਤੁਹਾਡੇ ਅਤੇ ਤੁਹਾਡੀ ਸੋਚ ਵਾਲਿਆਂ ਦੀ ਅਣਥੱਕ ਕੋਸ਼ਿਸ਼ ਵੀ, ਜਦ ਉਸ ਦੀਆਂ ਨੀਤੀਆਂ ਕਾਰਣ ਮੈਨੂੰ ਮੁੜ ਉਸ ਨਾਲ ਸਹਿਯੋਗ ਕਰਨ ਲਈ ਮਨਾ ਨਾ ਸਕੀ, ਤਾਂ ਤੁਹਾਡੀ ਚਿੰਤਾ ਤੇ ਰੋਸ ਦਾ ਪ੍ਰਗਟਾਵਾ ਤੁਹਾਡੇ ਜਵਾਬ ਚੋਂ ਹੀ ਹੋ ਰਿਹਾ ਹੈ। ਤੁਹਾਡੇ ਵਲੋਂ ਕੀਤੀਆਂ ਟਿੱਪਣੀਆਂ ਦੇ ਤਰਤੀਬਵਾਰ ਜਵਾਬ ਪੜ੍ਹਨ ਦੀ ਖੇਚਲ ਕਰਨਾ ਜੀ।
(ਅੱਗੇ ਘੱਗਾ ਜੀ ਦੀ ਲਿਖਤ) ਇਕ ਇਕ ਕਰਕੇ ਬਚਗਾਨੀਆਂ ਊਂਜਾਂ ਦਾ ਜੁਆਬ ਪੜ੍ਹੋ -
ਸ਼ੰਕਾ 1) ਭਾਈ ਗੁਰਚਰਨ ਸਿੰਘ ਨੇ ਕਿਹਾ ਕਿ ‘‘ਜੋਗਿੰਦਰ ਸਿੰਘ (ਸਪੋਕਸਮੈਨ) ਹਾਥੀ ਦੀ ਨਿਆਈ ਹੈ। ਅਸੀਂ ਸਾਰੇ ਉਸ ਅੱਗੇ ਕੀੜੀਆਂ ਵਾਂਗ ਹਾਂ।’’
ਟਿੱਪਣੀ : ਇਸ ਉਦਾਹਰਣ ਦਾ ਜੁਆਬ ਭਾਈ ਕਿਰਪਾਲ ਸਿੰਘ ਨੇ ਦਿੰਦਿਆਂ ਦੋ ਸਫ਼ੇ ਕਾਲੇ ਕੀਤੇ ਹੋਏ ਹਨ। ਹਾਥੀ ਦੇ ਬੇਅੰਤ ਔਗਣ ਦੱਸਣ ਵਾਲੀਆਂ ਗੁਰਬਾਣੀ ਦੀਆਂ ਪੰਕਤੀਆਂ ਬਹੁਤ ਲਿਖੀਆਂ ਹਨ। ਕੀੜੀਆਂ ਦੀ ਵਡਿਆਈ ਭੀ ਬਿਆਨ ਕੀਤੀ ਗਈ ਹੈ। ਪਰ ਕੀ ਸਰੀਰ ਕਰਕੇ ਜੁਗਿੰਦਰ ਸਿੰਘ ਹਾਥੀ ਹੈ ਜਾਂ ਅਸੀਂ ਸਰੀਰ ਕਰਕੇ ਕੀੜੀਆਂ ਬਣ ਗਏ? ਜਦੋਂ ਕਿਤੇ ਗੁਰਬਾਣੀ ਵਿਚ ਕਿਸੇ ਪੌਰਾਣਕ ਪਾਤਰ ਦਾ ਨਾਮ ਵਰਤਿਆ ਦਿੱਸ ਪੈਂਦਾ ਹੈ, ਤਦੋਂ ਸੰਪਰਦਾਈ ਕਿਸਮ ਦੇ ਕਥਾਕਾਰ ਉਸ ਪੌਰਾਣਕ ਪਾਤਰ ਦਾ ਸਾਰਾ ‘ਇਤਿਹਾਸ’ ਬਿਆਨ ਕਰਨਾ ਸ਼ੁਰੂ ਕਰ ਲੈਂਦੇ ਹਨ। ਵਿਚਾਰ ਨੂੰ ਕੁਹਾਰੇ ਪਾਉਣ ਵਾਸਤੇ ਇਹੀ ਢੰਗ ਕਿਰਪਾਲ ਸਿੰਘ ਨੇ ਵਰਤਿਆ ਹੈ। ਅੱਗੋਂ ਛਾਪਣ ਵਾਲਿਆਂ ਨੂੰ ਇਹ ਵਿਸਥਾਰਤ ਕਥਾ ਬਹੁਤ ਵਧੀਆ ਲੱਗੀ ਤੇ ਛਾਪ ਦਿੱਤੀ।
ਸਪਸ਼ਟੀਕਰਨ 1) ਗੁਰਬਾਣੀ ’ਚ ਕਿਧਰੇ ਵੀ ਵੱਖ-ਵੱਖ ਜੀਆਂ ਦੇ ਸਰੀਰਾਂ ਦੀ ਤੁਲਨਾ ਨਹੀਂ ਕੀਤੀ ਗਈ, ਹਮੇਸ਼ਾ ਗੁਣਾਂ ਦੀ ਕੀਤੀ ਗਈ ਹੈ। ਗੁਰਚਰਨ ਸਿੰਘ ਜਿਉਣਵਾਲਾ ਨੇ ਵੀ ਜੋਗਿੰਦਰ ਸਿੰਘ ਨੂੰ ਸਰੀਰ ਕਰਕੇ ਹਾਥੀ ਨਹੀਂ ਕਿਹਾ ਸੀ ਅਤੇ ਮੈਂ ਵੀ ਨਹੀਂ। ਨਾ ਹੀ ਅਸੀਂ ਸਭ ਸਰੀਰ ਕਰਕੇ ਕੀੜੀਆਂ ਹਾਂ। ਹਾਥੀ ਦੇ ਔਗੁਣਾਂ ਅਤੇ ਕੀੜੀ ਦੇ ਗੁਣਾਂ ਬਾਰੇ ਚਰਚਾ ਕਰਦਿਆਂ ਮੈਂ ਜਿਹੜੇ ਗੁਰਬਾਣੀ ਦੇ ਪ੍ਰਮਾਣ ਦਿੱਤੇ ਹਨ ਜੇਕਰ ਉਹ ਤੁਹਾਨੂੰ ‘ਸਫ਼ੇ ਕਾਲੇ ਕਰਨਾ’ ਪ੍ਰਤੀਤ ਹੁੰਦਾ ਹੈ, ਤਾਂ ਤੁਹਾਡੀ ਇਹ ਸੋਚ ਤੁਹਾਨੂੰ ਮੁਬਾਰਕ। ਪਰ ਤੁਸੀਂ ਜਵਾਬ ਸਿਰਫ ਇਹ ਦੇਵੋ ਕਿ ਕੀ ਗੁਰਬਾਣੀ ਵਿੱਚ ਹਾਥੀ ਦੇ ਦੱਸੇ ਗਏ ਔਗੁਣ ਜੋਗਿੰਦਰ ਸਿੰਘ ਵਿੱਚ ਹਨ ਜਾਂ ਨਹੀਂ?
ਸ਼ੰਕਾ 2) ਅਖੇ ਸਪੋਕਸਮੈਨ ਦੇ ਕੰਧਾੜੇ ਚੜ੍ਹ ਕੇ ਭਾਈ ਜਸਜੀਤ ਸਿੰਘ ਟੋਨੀ ਨੇ ਭੀ ਪੰਜਾਬ ਵਿਚ ਭਲਵਾਨੀ ਗੇੜਾ ਲਾਇਆ ਸੀ। ਉਹ ਭੀ ਬਦੇਸ ਜਾ ਬੈਠਾ।
ਟਿੱਪਣੀ : ਜਸਜੀਤ ਸਿੰਘ ਟੋਨੀ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਾਸਤੇ ਵੱਡੀ ਰਕਮ ਖਰਚ ਕੀਤੀ। ਕਾਫੀ ਸਾਰੇ ਇਸ਼ਤਿਹਾਰ ਦਿੱਤੇ, ਇਕੱਠੇ ਕੀਤੇ। ਪੰਜਾਬ ਵਿਚ ਜੋ ਉਸ ਨਾਲ ਬਾਦਲ ਸਰਕਾਰ ਨੇ ਕੀਤੀ, ਉਸ ਬਾਰੇ ਬਿਆਨ ਦੇ ਕੇ ਉਹ ਵਾਪਸ ਚਲਾ ਗਿਆ। ਬਿਆਨ ਸੀ - ‘‘ਪੰਜਾਬ ਵਿਚ ਸਿਰਫ਼ ਉਹੀ ਕੰਮ ਹੁੰਦਾ ਹੈ, ਜੋ ਪੁਲਿਸ ਚਾਹੁੰਦੀ ਹੈ।’’ ਟੋਨੀ ਜੀ ਨਾਲ ਸਹਿਯੋਗ ਕਰਕੇ ਦਿੱਲੀ ਕਮੇਟੀ ਵਾਲਿਆਂ ਨੇ ਪੰਜਾਬ ਦੀਆਂ ਕਾਨਫਰੰਸਾਂ ਕਰਨੀਆਂ ਚਾਹੀਆਂ। ਉਨ੍ਹਾਂ ਨੂੰ ਬਾਦਲ ਦਲੀਆਂ ਵੱਲੋਂ ਗੁੰਡਾਗਰਦੀ ਨਾਲ ਰੋਕਿਆ ਗਿਆ। ਜਦੋਂ ਸਰਨਾ ਜੀ ਨੇ ਮਾਹਿਰ ਵਿਅਕਤੀਆਂ ਵੱਲੋਂ ਘਟਨਾ ਦੀ ਪੜਤਾਲ ਵਾਸਤੇ ‘ਦੋਆਬੀਆ ਕਮਿਸ਼ਨ’ ਬਣਾਇਆ, ਤਾਂ ਪੰਜਾਬ ਪੁਲਿਸ ਨੇ ਉਸ ਕਮਿਸ਼ਨ ਨੂੰ ਘਟਨਾ ਦੀ ਪੜਤਾਲ ਹੀ ਨਹੀਂ ਕਰਨ ਦਿੱਤੀ। ਇਹਨਾਂ ਸੱਚਾਈਆਂ ਤੋਂ ਤੁਸੀਂ ਬੇਖ਼ਬਰ ਹੋ? ਨਾਲੇ ਟੋਨੀ ਜੀ ਦਾ ਸਾਡੇ ਨਾਲ ਸਿੱਧਾ ਕੀ ਸਬੰਧ? ਸਾਡੀ ਗੱਲਬਾਤ ਵਿਚਕਾਰ ਉਹ ਕਿਉਂ?
ਸਪਸ਼ਟੀਕਰਨ 2) ਜਸਜੀਤ ਸਿੰਘ ਟੋਨੀ ਦਾ ਹਵਾਲਾ ਸਿਰਫ ਇਹ ਦਰਸਾਉਣ ਲਈ ਦਿੱਤਾ ਗਿਆ ਸੀ ਕਿ ਤੁਹਾਡੇ ਅਨੁਸਾਰ ਸਪੋਕਸਮੈਨ ਨੇ ਇਤਨੀ ਜਾਗ੍ਰਿਤੀ ਪੈਦਾ ਕਰ ਦਿੱਤੀ ਹੈ ਕਿ ਬਾਦਲ ਦੇ ਨੱਕ ਵਿੱਚ ਦਮ ਆ ਗਿਆ ਹੈ ਤਾਂ ਇਹ ਜਾਗ੍ਰਿਤੀ ਟੋਨੀ ਜੀ ਦੀ ਕੋਈ ਸਹਾਇਤਾ ਕਿਉਂ ਨਹੀਂ ਕਰ ਸਕੀ? ਇਤਨੀ ਜਾਗ੍ਰਿਤੀ ਦੇ ਹੁੰਦਿਆਂ ਉਨ੍ਹਾਂ ਨੂੰ ਪੰਜਾਬ ਛੱਡ ਕੇ ਕਿਉਂ ਜਾਣਾ ਪਿਆ? ਕ੍ਰਿਪਾ ਕਰਕੇ ਇਸ ਬਾਬਤ ਕੁਝ ਜਾਣਕਾਰੀ ਦੇਣ ਦੀ ਖੇਚਲ ਕਰੋ। ਫਿਰ, ਜੇਕਰ ਟੋਨੀ ਜੀ ਨਾਲ ਸਾਡਾ-ਤੁਹਾਡਾ ਕੋਈ ਸਬੰਧ ਨਹੀਂ, ਤਾਂ ਤੁਸੀਂ ਉਨ੍ਹਾਂ ਬਾਬਤ ਸਪਸ਼ਟੀਕਰਨ ਕਿਉਂ ਦੇ ਰਹੇ ਹੋ?
ਸ਼ੰਕਾ 3) ਇਹ ਲੋਕ ਪ੍ਰੋ: ਦਰਸ਼ਨ ਸਿੰਘ ਵੱਲੋਂ ਖੜੀ ਕੀਤੀ ਦਸਮ ਗ੍ਰੰਥ ਵਿਰੋਧੀ ਲਹਿਰ ਨੂੰ ਫੇਹਲ ਕਰਨ ਵਿੱਚ ਮੋਹਰੀ ਰੋਲ ਅਦਾ ਕਰਦੇ ਰਹੇ।
ਟਿੱਪਣੀ : ਮਿਤੀ 2-12-2009 ਨੂੰ ਪ੍ਰੋ: ਦਰਸ਼ਨ ਸਿੰਘ ਦੇ ਹੱਕ ਵਿਚ ਲੁਧਿਆਣਾ ਬਾਈਪਾਸ ਸਮਰਾਲਾ ਚੌਕ ਨੇੜੇ, ਇਕ ਸੈਮੀਨਾਰ ਰੱਖਿਆ ਗਿਆ ਸੀ। ਮੈਂ ਖੁਦ ਉਸ ਵਿਚ ਬੋਲਣ ਵਾਸਤੇ ਪਹੁੰਚਿਆ। ਹੋਰ ਗੁਰਸਿੱਖਾਂ ਸਮੇਤ ਮੈਨੂੰ ਉਥੇ ਪੁਲਿਸ ਤੋਂ ਗਾਲ੍ਹਾਂ ਖਾਦੀਆਂ ਪਈਆਂ। ਅਪਮਾਨ ਕਰਵਾਇਆ। ਇਥੇ ਆਏ ਬਾਦਲੀ ਗੁੰਡਾ ਬ੍ਰਿਗੇ ਵਾਲੇ ਗੁਰਦੀਪ ਸਿੰਘ ਗੋਸ਼ ਅਤੇ ਦਸ ਬਾਰ੍ਹਾਂ ਸਾਥੀਆਂ ਸਮੇਤ ਮੇਰੇ ’ਤੇ ਹਮਲਾ ਕੀਤਾ। ਖਿੱਚ ਧੂਹ ਕੀਤੀ, ਗੰਦੀਆਂ ਗਾਲਾਂ ਕੱਢੀਆਂ, ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਅਖੇ ‘‘ਤੂੰ ਦਸਮ ਗ੍ਰੰਥ ਦੇ ਵਿਰੁੱਧ ਬੋਲਦਾ ਹੈਂ।’’ ਅਫਸੋਸ ਕਿ ਥੋੜੇ ਦਿਨਾਂ ਮਗਰੋਂ ਪ੍ਰੋ: ਦਰਸ਼ਨ ਸਿੰਘ ਨਿਤਨੇਮ ਦੀਆਂ ਬਾਣੀਆਂ (ਦਸਮ ਗ੍ਰੰਥ ਵਿਚਲੀਆਂ) ਨੂੰ ਫਿਰ ਦਸਮੇ ਗੁਰੂ ਦੀ ਕਿਰਤ ਮੰਨਣ/ਬੋਲਣ ਲੱਗ ਪਿਆ। ਤੁਹਾਡੇ ਵਿਚ ਇੰਨੀ ਹਿੰਮਤ ਹੈ ਕਿ ਆਪਣੇ ਗੁਰੂ (ਤੁਹਾਡੀ ਭਾਸ਼ਾ ਵਿਚ ਲਿਖੀ ਗਈ ਗੱਲ) ਦਰਸ਼ਨ ਸਿੰਘ ਨੂੰ ਸਵਾਲ ਕਰ ਸਕੋ ਕਿ ਤਿੰਨ ਬਾਣੀਆਂ ਦਸਮ ਪਾਤਸ਼ਾਹ ਦੀਆਂ ਕਿਸ ਤਰ੍ਹਾਂ ਹਨ?
ਸਪਸ਼ਟੀਕਰਨ 3) ਪ੍ਰੋ: ਦਰਸ਼ਨ ਸਿੰਘ ਕਈ ਵਾਰ ਸਪੱਸ਼ਟ ਕਰ ਚੁੱਕਾ ਹੈ ਕਿ ਉਸ ਜਾਂ ਕਿਸੇ ਹੋਰ ਕੋਲ ਕੋਈ ਅਧਿਕਾਰ ਨਹੀਂ ਕਿ ਉਹ ਪੰਥਕ ਤੌਰ ’ਤੇ ਅੰਤਮ ਫੈਸਲਾ ਦੇ ਦੇਵੇ ਕਿ ਕਿਹੜੀ ਬਾਣੀ ਦਸ਼ਮੇਸ਼ ਜੀ ਦੀ ਬਾਣੀ ਹੈ ਅਤੇ ਕਿਹੜੀ ਨਹੀਂ। ਜਦ ਤੱਕ ਪੰਥਕ ਵਿਧੀ ਵਿਧਾਨ ਅਨੁਸਾਰ ਕੋਈ ਹੋਰ ਫੈਸਲਾ ਨਹੀਂ ਹੁੰਦਾ ਉਤਨਾ ਚਿਰ ਉਹ ਨਿੱਤਨੇਮ ਦੀ ਪੰਥ ਪ੍ਰਵਾਨਤ ਬਾਣੀ ਨੂੰ ਰੱਦ ਕਰਨ ਦਾ ਐਲਾਨ ਨਹੀਂ ਕਰ ਸਕਦੇ। ਪ੍ਰੋ: ਦਰਸ਼ਨ ਸਿੰਘ ਨੂੰ (ਬਿਨਾਂ ਕਿਸੇ ਸਬੂਤ ਦੇ ਹੀ) ‘ਸਾਡੀ ਬੋਲੀ’ ਦਾ ਨਾਂ ਦੇ ਕੇ ਸਾਡਾ ਗੁਰੂ ਐਲਾਨਣ ਦੀ ਤੁਹਾਡੀ ਬਚਕਾਨਾ ਹਰਕਤ ’ਤੇ ਤਰਸ ਕਰਨ ਤੋਂ ਇਲਾਵਾ ਅਸੀਂ ਕੁਝ ਨਹੀਂ ਕਰ ਸਕਦੇ। ਗੁਰਮਤਿ ਦਾ ਪ੍ਰੋ: ਅਖਵਾਉਣ ਦੇ ਨਾਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਸਿਰਫ ਉਸੇ ਨੂੰ ਕਿਹਾ ਜਾ ਸਕਦਾ ਹੈ ਜੋ ਆਪਣੀ ਨਵੀਂ ਫ਼ਿਲਾਸਫ਼ੀ ਦੇ ਕੇ ਕੋਈ ਵੱਖਰਾ ਪੰਥ ਜਾਂ ਸੰਪਰਦਾਅ ਬਣਾਉਣ ਦਾ ਦਾਅਵਾ ਪੇਸ਼ ਕਰੇ (ਜਿਵੇਂ ਸੌਦਾ ਸੰਪਾਦਕ ਸਿੱਖਾਂ ਨੂੰ ਗੁੰਮਰਾਹ ਕਰਕੇ ਆਪਣੀ ਨਵੀਂ ਸੰਪਰਦਾਅ ਬਣਾਉਣਾ ਚਾਹੁੰਦਾ ਹੈ, ਜਿਸ ਵਿਚ ਨਾਨਕ ਨੂੰ ਗੁਰੂ ਕਹਿਣਾ ਵੀ ਜੁਰਮ ਮੰਨਿਆ ਜਾਵੇ)। ਪ੍ਰੋ: ਦਰਸ਼ਨ ਸਿੰਘ ਨੇ ਐਸਾ ਦਾਅਵਾ ਕਦੀ ਨਹੀਂ ਕੀਤਾ ਸਗੋਂ ਹਮੇਸ਼ਾਂ ਉਹ ਪੰਥ ਪ੍ਰਵਾਨਤ ਮਰਿਆਦਾ ਦੀ ਗੱਲ ਕਰਦੇ ਹਨ। ਦੂਸਰੇ ਪਾਸੇ ਸੌਦਾ ਸੰਪਾਦਕ ਪੰਥਕ ਮਾਨਤਾਵਾਂ ਦੇ ਉਲਟ ਇਹ ਦਾਅਵਾ ਕਰਦਾ ਹੈ ਕਿ ‘‘ਸ਼ਬਦ ਗੁਰੂ’’ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਨਹੀਂ ਹੈ। ਮੌਜੂਦਾ ਗੁਰੂ ਗ੍ਰੰਥ ਸਾਹਿਬ ’ਚੋਂ ਬਾਕੀ ਪੰਜ ਗੁਰੂਆਂ, ਸਮੂਹ ਭਗਤਾਂ, ਗੁਰਸਿੱਖਾਂ ਦੀ ਬਾਣੀ ਅਤੇ ਭੱਟਾਂ ਦੇ ਸਵਈਏ ਕੱਢ ਕੇ ਉਸ (ਸੌਦਾ ਸੰਪਾਦਕ) ਵਲੋਂ ਖੋਜੀ ਗਈ ਨਾਨਕ ਬਾਣੀ ਦੀ ਅਸਲੀ ਪੋਥੀ ਦੇ ਅਧਾਰ ’ਤੇ ਗੁਰੂ ਗ੍ਰੰਥ ਸਾਹਿਬ ਦੀ ਮੁੜ ਸੰਪਾਦਨਾ ਦੀ ਲੋੜ ਹੈ। ਕੀ ਤਹਾਡੇ ਵਿੱਚ ਇਹ ਹਿੰਮਤ ਹੈ ਕਿ ਉਸ ਨੂੰ ਇਹ ਸੁਆਲ ਕਰ ਸਕੋ ਕਿ ਉਹ ਕਿਸ ਅਧਾਰ ’ਤੇ ਇਹ ਦਾਅਵਾ ਕਰ ਰਿਹਾ ਹੈ?
ਸ਼ੰਕਾ 4) ਅਸੀਂ ਗਿਆਨੀ ਬਲਜੀਤ ਸਿੰਘ - ਚੌਂਤਾ ਕਾਲਜ, ਕੰਵਰ ਮਹਿੰਦਰ ਪ੍ਰਤਾਪ ਸਿੰਘ - ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਪ੍ਰਿੰਸੀਪਲ ਹਰਭਜਨ ਸਿੰਘ - ਸਿੱਖ ਮਿਸ਼ਨਰੀ ਕਾਲਜ, ਪ੍ਰੋ: ਸਰਬਜੀਤ ਸਿੰਘ ਧੂੰਦਾ, ਪ੍ਰੋ: ਹਰਜਿੰਦਰ ਸਿੰਘ ਸਭਰਾ ਸਮੇਤ ਸਾਰਿਆਂ ਤੋਂ ਪੁੱਛਗਿੱਛ ਕੀਤੀ ਕਿ ‘‘ਗੁਰੂ ਪਦ’’ ਬਾਰੇ ਇੰਦਰ ਸਿੰਘ ਘੱਗਾ ਨੇ ਕੋਈ ਸਵਾਲ ਪੁੱਛਿਆ ਹੋਵੇ? ਸਾਰਿਆਂ ਨੇ ਹੀ ਨਾਂਹ ਕਰ ਦਿੱਤੀ?
ਟਿੱਪਣੀ : ਮੈਂ ਕੋਈ ਕਤਲ ਕਰਕੇ, ਜਾਂ ਡਾਕਾ ਮਾਰ ਕੇ ਦੌੜਿਆ ਮੁਜਰਿਮ ਨਹੀਂ ਹਾਂ ਕਿ ਤੁਸੀਂ ਪੁਲਸੀਏ ਬਣ ਕੇ ਮੇਰੇ ਪਿੱਛੇ ਪੜਤਾਲ ਕਰਦੇ ਫਿਰੋ। ਜਿਨ੍ਹਾਂ ਮਿਸ਼ਨਰੀਆਂ ਦੇ ਤੁਸੀਂ ਨਾਮ ਲਿਖੇ ਹਨ, ਮੈਂ ਇਨ੍ਹਾਂ ਦੇ ਨਾਮ ਤੁਹਾਨੂੰ ਨਹੀਂ ਲਿਖਵਾਏ ਸਨ। ਦੁਨੀਆ ਭਰ ਵਿਚ ਫੈਲੇ ਹੋਏ ਅਣਗਿਣਤ ਮਿਸ਼ਨਰੀ ਹਨ। ਜਿਸ ਕਿਸੇ ਨਾਲ ਵਿਚਾਰ ਰਲਦੇ ਹੋਣ, ਉਥ ਹੀ ਗੱਲਬਾਤ ਕੀਤੀ ਜਾ ਸਕਦੀ ਹੈ। ਕੀ ਤੁਸੀਂ ਸਾਰੇ ਮੇਰੀ ਪਸੰਦ ਦੀਆਂ ਗੱਲਾਂ ਕਰਦੇ ਹੋ? ਕੀ ਸਾਰੇ ਸਿੱਖਾਂ ਦਾ ਇਕ ਮੱਤ ਹੋਣਾ ਸੰਭਵ ਹੈ?
ਸਪਸ਼ਟੀਕਰਨ 4) ਤੁਸੀਂ ਇਹ ਤਾਂ ਮੰਨ ਲਿਆ ਕਿ ਗਿਆਨੀ ਬਲਜੀਤ ਸਿੰਘ - ਚੌਂਤਾ ਕਾਲਜ, ਕੰਵਰ ਮਹਿੰਦਰ ਪ੍ਰਤਾਪ ਸਿੰਘ - ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਪ੍ਰਿੰਸੀਪਲ ਹਰਭਜਨ ਸਿੰਘ - ਸਿੱਖ ਮਿਸ਼ਨਰੀ ਕਾਲਜ, ਪ੍ਰੋ: ਸਰਬਜੀਤ ਸਿੰਘ ਧੂੰਦਾ, ਪ੍ਰੋ: ਹਰਜਿੰਦਰ ਸਿੰਘ ਸਭਰਾ ਸਮੇਤ ਤੁਸੀਂ ਕਿਸੇ ਨਾਲ ਵੀ ‘ਗੁਰੂ ਪਦ’ ਬਾਰੇ ਕਦੀ ਗੱਲ ਨਹੀਂ ਕੀਤੀ ਪਰ ਜਿਨ੍ਹਾਂ ਨਾਲ ਕਥਿਤ ਤੌਰ ’ਤੇ ਗੱਲਬਾਤ ਕੀਤੀ ਸੀ, ਉਨ੍ਹਾਂ ਦੇ ਨਾਮ ਦੱਸਣ ਤੋਂ ਪਾਸਾ ਕਿਉਂ ਵੱਟਿਆ ਹੈ? ਅਤੇ ਪੁੱਛੇ ਜਾਣ ’ਤੇ ਤੁਹਾਡੀ ਬੁਖ਼ਲਾਹਟ ਵਿੱਚ ਇਤਨਾ ਵਾਧਾ ਕਿਉਂ ਹੋ ਰਿਹਾ ਹੈ? ਜਿਨ੍ਹਾਂ ਦੇ ਵਿਚਾਰ ਪਹਿਲਾਂ ਹੀ ਤੁਹਾਡੇ ਵਾਲੇ ਹੋਣ, ਉਨ੍ਹਾਂ ਨਾਲ ਕਿਸੇ ਵਿਸ਼ੇ ’ਤੇ ਗੱਲਬਾਤ ਕਰਨ ਦਾ ਕੀ ਲਾਭ ਹੋ ਸਕਦਾ ਹੈ? ਚਰਚਾ ਤਾਂ ਆਪਣੇ ਵਿਰੋਧੀ ਵਿਚਾਰਾਂ ਵਾਲਿਆਂ ਨਾਲ ਹੀ ਕੀਤੀ ਜਾ ਸਕਦੀ ਹੈ, ਜਿਸ ਵਿਚ ਕੁਝ ਦਲੀਲਾਂ ਉਹ ਦੇਣ ਤੇ ਕੁਝ ਤੁਸੀਂ ਦਿਓ, ਤਾਂ ਜੋ ਠੀਕ-ਗਲਤ ਦਾ ਫੈਸਲਾ ਹੋ ਸਕੇ। ਜਾਂ, ਤੁਸੀਂ ਆਪਣੇ ਵਿਰੋਧੀ ਵਿਚਾਰਾਂ ਵਾਲੇ ਵਿਅਕਤੀਆਂ ਨਾਲ ਚਰਚਾ ਕਰਨਾ ਹੀ ਨਹੀਂ ਚਾਹੁੰਦੇ?
ਸ਼ੰ: 5) ਭਾਈ ਸੁਰਜੀਤ ਸਿੰਘ ਮਿਸ਼ਨਰੀ ਦਿੱਲੀ ਵਾਲਿਆਂ ਨੇ ਦੱਸਿਆ ਕਿ ਇਹ ਦੋਵੇਂ (ਇੰਦਰ ਸਿੰਘ ਤੇ ਗੁਰਚਰਨ ਸਿੰਘ) ਦੋ ਕੁ ਸਾਲ ਪਹਿਲਾਂ ਮੇਰੇ ਕੋਲ ਆਏ ਸਨ। ਇਸੇ ਮਸਲੇ ਬਾਰੇ ਦੋ ਘੰਟੇ ਬਹਿਸ ਹੋਈ। ਮੈਂ ਪੂਰੀ ਨਿਸਾ ਕਰਵਾ ਕੇ ਭੇਜੇ।
ਟਿੱਪਣੀ : ਦੋ ਸਾਲ ਪਹਿਲਾਂ ਗੁਰਚਰਨ ਸਿੰਘ ਮੇਰੇ ਨਾਲ ਸੁਰਜੀਤ ਸਿੰਘ ਨੂੰ ਮਿਲਣ ਦਿੱਲੀ ਨਹੀਂ ਗਿਆ ਸੀ, ਬਲਕਿ ਪ੍ਰੋ: ਸੁਖਵਿੰਦਰ ਸਿੰਘ ਮਝੈਲ ਨਾਲ ਸੀ। ਗੁਰੂ ਪਦ ਬਾਰੇ ਵਿਚਾਰ ਨਹੀਂ ਹੋਈ ਸਗੋਂ ਆਵਾਗਵਣ ਤੇ 84 ਲੱਖ ਜੂਨਾਂ ਬਾਰੇ ਗੱਲਬਾਤ ਹੋਈ ਸੀ। ਅਸੀਂ ਆਵਾਗਵਣ ਦੇ ਵਿਰੁੱਧ ਸਾਂ, ਭਾਈ ਸੁਰਜੀਤ ਸਿੰਘ ਇਸ ਦੇ ਹੱਕ ਵਿਚ ਹੈ। ਆਵਾਗਵਣ ਦੇ ਪੱਖ ਵਿਚ ਸੁਰਜੀਤ ਸਿੰਘ ਦੇ ‘ਸਿੱਖ ਮਾਰਗ’ ਤੇ ਲੇਖ ਪੜ੍ਹੇ ਜਾ ਸਕਦੇ ਹਨ। ਝੂਠੀਆਂ ਗੱਲਾਂ ਲਿਖਣੀਆਂ ਤੁਹਾਨੂੰ ਕਿਵੇਂ ਚੰਗੀਆਂ ਲਗਦੀਆਂ ਹਨ?
ਸਪਸ਼ਟੀਕਰਨ 5) ਇਸ ਬਾਬਤ ਗਿਆਨੀ ਸੁਰਜੀਤ ਸਿੰਘ ਨਵੀਂ ਦਿੱਲੀ ਹੀ ਠੀਕ ਦੱਸ ਸਕਦੇ ਹਨ ਕਿਉਂਕਿ ਇਹ ਜਾਣਕਾਰੀ ਉਨ੍ਹਾਂ ਵੱਲੋਂ ਦਿੱਤੀ ਗਈ ਸੀ, ਮੇਰੀ ਨਿਜੀ ਦਾਅਵਾ ਨਹੀਂ ਸੀ। ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਤੁਸੀਂ ਸ੍ਰ: ਗੁਰਚਰਨ ਸਿੰਘ ਨਾਲ ਦਿੱਲੀ ਤਾਂ ਨਹੀਂ ਗਏ ਪਰ ਉਨ੍ਹਾਂ ਦੀ ਮੀਟਿੰਗ ਦੇ ਵਿਸ਼ੇ ਬਾਰੇ ਆਪ ਜੀ ਕੋਲ ਬੜੀ ਸਟੀਕ ਜਾਣਕਾਰੀ ਹੈ।
ਸ਼ੰਕਾ 6) ‘ਏਕਸ ਕੇ ਬਾਰਕ’ ਜਥੇਬੰਦੀ ਦੀਆਂ ਮੀਟਿੰਗਾਂ ਵਿਚ ਭਾਈ ਗੁਰਬਖਸ਼ ਸਿੰਘ ਲੁਧਿਆਣਾ ‘ਗੁਰੂ ਨਾਨਕ ਗੁਰੂ ਨਹੀਂ ਹੈ’, ਗੁਰਬਾਣੀ ਤੋਂ ਪਹਿਲਾਂ ਭੀ ਸ਼ਬਦ ਮੌਜੂਦ ਸੀ....।
ਟਿੱਪਣੀ : ਕਿਸੇ ਹੋਰ ਵੰਲੋਂ ਆਖਿਆ ਚੰਗਾ ਜਾਂ ਮਾੜਾ, ਮੈਂ ਉਸਦਾ ਜਿੰਮੇਵਾਰ ਕਿਵੇਂ ਹੋਇਆ? ਤੁਸੀਂ ਸਿੱਧੇ ਸਬੰਧਤ ਵਿਅਕਤੀ ਨਾਲ ਗੱਲਬਾਤ ਕਿਉਂ ਨਹੀਂ ਕਰਦੇ?
ਸਪਸ਼ਟੀਕਰਨ 6) ਚੰਗਾ ਹੋਇਆ ‘ਏਕਸ ਕੇ ਬਾਰਕ’ ਜਥੇਬੰਦੀ ਦੀਆਂ ਮੀਟਿੰਗਾਂ ਵਿਚ ਭਾਈ ਗੁਰਬਖਸ਼ ਸਿੰਘ ਲੁਧਿਆਣਾ ‘ਗੁਰੂ ਨਾਨਕ ਗੁਰੂ ਨਹੀਂ ਹੈ’, ‘ਗੁਰਬਾਣੀ ਤੋਂ ਪਹਿਲਾਂ ਭੀ ਸ਼ਬਦ ਮੌਜੂਦ ਸੀ....।’ ਸਬੰਧੀ ਵਿਚਾਰ ਨਾਲੋਂ ਤਾਂ ਤੁਸੀਂ ਨਾਤਾ ਤੋੜ ਰਹੇ ਹੋ ਪਰ ਜਿਸ ਸੌਦਾ ਸੰਪਾਦਕ ਨੇ ਸਭ ਤੋਂ ਪਹਿਲਾਂ ਇਹ ਵੀਚਾਰ ਚਰਚਾ ਛੇੜੀ ਉਸ ਦੇ ਸਮਰੱਥਨ ਵਿੱਚ ਇਸ ਤਰ੍ਹਾਂ ਡਟ ਕੇ ਖੜ੍ਹਨ ਦਾ ਕੀ ਕਾਰਣ ਹੈ? ਸਵਾਲ ਉਸ ਤੋਂ ਪੁੱਛੇ ਜਾ ਰਹੇ ਹਨ ਤੇ ਗੁੱਸੇ ’ਚ ਲਾਲ ਪੀਲੇ ਤੁਸੀਂ ਹੋ ਰਹੇ ਹੋ? ਆਪਣੇ ਜਵਾਬ ਤੋਂ ਤੁਸੀਂ ਅਸਿੱਧੇ ਤੌਰ ’ਤੇ ਇਹ ਵੀ ਮੰਨ ਰਹੇ ਹੋ ਕਿ ਭਾਈ ਗੁਰਬਖਸ਼ ਸਿੰਘ ਦੇ ਇਹ ਨਾਜਾਇਜ਼ ਸਨ। ਪਰ ਕੀ ਚੁੱਪੀ ਵੀ ਅਧੂਰੀ ਸਹਿਮਤੀ ਨਹੀਂ ਹੁੰਦੀ? ਕੀ ਮੀਟਿੰਗ ਵਿਚ ਤੁਹਾਡੇ ਸਾਹਮਣੇ ਜੇਕਰ ਕੋਈ ਵਿਅਕਤੀ ਏਨੇ ਗਲਤ ਵਿਚਾਰਾਂ ਦਾ ਪ੍ਰਚਾਰ ਕਰੇ, ਤਾਂ ਗੁਰਮਤਿ ਦੇ ਪ੍ਰੋਫੈਸਰ ਹੋਣ ਨਾਤੇ ਉਨ੍ਹਾਂ ਵਿਚਾਰਾਂ ਦਾ ਖੰਡਨ ਕਰਨਾ ਤੁਹਾਡਾ ਫਰਜ਼ ਨਹੀਂ ਬਣਦਾ ਸੀ? ਪਰ ਨਹੀਂ, ਤੁਸੀਂ ਇਨ੍ਹਾਂ ਵਿਚਾਰਾਂ ਦਾ ਖੰਡਨ ਕਿਵੇਂ ਕਰਦੇ? ਤੁਸੀਂ ਤਾਂ ਖ਼ੁਦ ਨਾਨਕ ਜੀ ਬਜਾਏ ਨਾਨਕ ਦੇ ਗੁਰੂ ਨੂੰ ਅਪਣਾਉਣ ਦੀ ਵਿਚਾਰਧਾਰਾ ਨੂੰ ਲੈ ਕੇ ਚੱਲ ਰਹੇ ਹੋ।
ਸ਼ੰਕਾ 7) ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਵਿਦਵਾਨਾਂ ਨੇ ਆਖਿਆ ਕਿ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ।
ਟਿੱਪਣੀ : ਭਾਈ ਜੀ! ਮੈਂ ਕਿਥੇ ਆਖਿਆ ਹੈ ਕਿ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦਾ? ਸ਼ਾਇਦ ਕੁਫ਼ਰ ਤੋਲਣ ਦਾ ਠੇਕਾ ਤੁਸੀਂ ਹੀ ਲੈ ਲਿਆ ਹੈ?
ਸਪਸ਼ਟੀਕਰਨ 7) ਮੈਂ ਕਿਧਰ ਲਿਖਿਆ ਹੈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਤੋਂ ਇਨਕਾਰ ਕੀਤਾ ਹੈ? ਕ੍ਰਿਪਾ ਕਰਕੇ ਮੇਰੇ ਲੇਖ ’ਚੋਂ ਉਸ ਪੰਕਤੀ ਦਾ ਹਵਾਲਾ ਦੇਣ ਦੀ ਖੇਚਲ ਕਰੋ। ਮੈਂ ਤੁਹਾਡੇ ਸੁਆਲ ਹੀ ਦੁਹਰਾਏ ਸਨ ਕਿ ਤੁਸੀਂ ਇਸ ਦੁਬਿਧਾ ਵਿੱਚ ਹੋ ਕਿ ਉਹ ਕਿਹੜਾ ਸ਼ਬਦ ਹੈ ਜਿਸ ਨੂੰ ਗੁਰੂ ਨਾਨਕ ਨੇ ਆਪਣਾ ਗੁਰੂ ਕਿਹਾ ਸੀ? ਆਪਣੇ ਪਹਿਲੇ ਲੇਖ ਵਿੱਚ ਤੁਹਾਡਾ ਬਿਨਾ ਨਾਮ ਲਿਆਂ ਸਿਰਫ ਇਹ ਸਿੱਧ ਕਰਨ ਦਾ ਯਤਨ ਕੀਤਾ ਸੀ ਕਿ ਗੁਰੂ ਗੰ੍ਰਥ ਸਾਹਿਬ ਵਿੱਚ ਦਰਜ਼ ਸਮੁੱਚੀ ਗੁਰਬਾਣੀ ਗੁਰੂ ਹੈ? ਜੇਕਰ ਉਸ ਨਾਲ ਤੁਹਾਡੀ ਤਸੱਲੀ ਨਹੀਂ ਹੋਈ ਤਾਂ ਤੁਸੀਂ ਉਸ ਸਬੰਧੀ ਆਪਣੇ ਵੱਖਰੇ ਵੀਚਾਰ ਦੇ ਸਕਦੇ ਸੀ ਪਰ ਇਤਨੇ ਲਾਲ ਪੀਲੇ ਹੋਣ ਦਾ ਕਾਰਨ ਸਮਝ ਵਿੱਚ ਨਹੀਂ ਆਉਂਦਾ।
ਸ਼ੰਕਾ 8) ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਬੰਧਕਾਂ ਨੇ ਆਖਿਆ ਕਿ ਇੰਦਰ ਸਿੰਘ ਸਾਡੇ ਕੋਲ ਮੁਲਾਜ਼ਮ ਨਹੀਂ ਹੈ।
ਟਿੱਪਣੀ : ਮੈਂ ਕਿਥੇ ਲਿਖਿਆ ਜਾਂ ਬੋਲਿਆ ਹੈ ਕਿ ਮੈਂ ਉਹਨਾਂ ਦਾ ਤਨਖ਼ਾਹਦਾਰ ਮੁਲਾਜ਼ਮ ਹਾਂ? ਮੈਂ ਜਿੰਨਾ ਸਮਾਂ ਕੀਤਾ ਹੈ, ਬਿਨਾਂ ਤਨਖ਼ਾਹ ਤੋਂ ਸੇਵਾ ਭਾਵ ਨਾਲ ਕੀਤਾ ਹੈ।
ਸ਼ੰਕਾ 9) ਗੁਰਮਤਿ ਗਿਆਨ ਕਾਲਜ ਦੇ ਪ੍ਰਿੰਸੀਪਲ ਨੇ ਆਖਿਆ ਕਿ ਅਸੀਂ ਇੰਦਰ ਸਿੰਘ ਅਤੇ ਗੁਰਚਰਨ ਸਿੰਘ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਹਾਂ।
ਟਿੱਪਣੀ : ਅਸੀਂ ਕਿਹੜੀ ਵੱਖਰੀ ਵਿਚਾਰਧਾਰਾ ਲੈ ਕੇ ਕੰਮ ਕਰ ਰਹੇ ਹਾਂ, ਜਿਸ ਨਾਲ ਕਾਲਜ ਵਾਲੇ ਸਹਿਮਤ ਨਹੀਂ? ਅਸਲ ਵਿਚ ਭਾਈ ਕ੍ਰਿਪਾਲ ਸਿੰਘ ਨੇ, ਆਪਣੀ ਆਦਤ ਅਨੁਸਾਰ, ਕਾਲਜ ਵਾਲਿਆਂ ਕੋਲ ਸਾਡੇ ਤੇ ਝੂਠੇ ਇਲਜ਼ਾਮ ਲਾਏ ਹੋਣਗੇ। ਉਨ੍ਹਾਂ ਨੇ ਡੰਗ ਟਪਾਉਣ ਲਈ ਇਸ ਭਾਈ ਤੋਂ ਖਹਿੜਾ ਛੁਡਾਉਣ ਲਈ ਕਹਿ ਦਿੱਤਾ ਹੋਵੇਗਾ ਕਿ ਸਾਰੀਆਂ ਗੱਲਾਂ ਨਾਲ ਕੋਈ ਭੀ ਸਹਿਮਤ ਨਹੀਂ ਹੋ ਸਕਦਾ। ਜੇ ਭਾਈ ਕਿਰਪਾਲ ਸਿੰਘ ਕੋਲ ਗੱਲਬਾਤ ਦਾ ਕੋਈ ਸਬੂਤ ਹੈ, ਤਾਂ ਪੇਸ਼ ਕਰੇ।
ਸਪਸ਼ਟੀਕਰਨ 8, 9) ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਾਲਿਆਂ ਨੇ ਜੋ ਦੱਸਿਆ, ਉਹੀ ਲਿਖਿਆ ਹੈ। ਵੱਖਰੀ ਵਿਚਾਰਧਾਰਾ ਇਹੀ ਹੈ ਕਿ ਉਹ ਗੁਰੂ ਨਾਨਕ ਨੂੰ ਹੀ ਗੁਰੂ ਮੰਨ ਰਹੇ ਹਨ ਜਦਕਿ ਤੁਸੀਂ ਉਸ ਸ਼ਬਦ ਗੁਰੂ ਦੀ ਖੋਜ ਕਰ ਰਹੇ ਜੋ ਗੁਰੂ ਨਾਨਕ ਦਾ ਗੁਰੂ ਸੀ। ਕਾਲਜ ਵਾਲਿਆਂ ਨਾਲ ਗੱਲਬਾਤ ਬਾਰੇ ਤੁਸੀਂ ਆਪਣੇ ਅੰਦਾਜ਼ੇ (ਇੰਜ ਹੋਇਆ ਹੋਵੇਗਾ) ਦੇ ਅਧਾਰ ’ਤੇ ਗੋਲਮੋਲ ਜਵਾਬ ਪੇਸ਼ ਕਰਦਿਆਂ ਮਾਤਰ ਏਨਾਂ ਕਿਹਾ ਹੈ ਕਿ ਤੁਸੀਂ ਉਨ੍ਹਾਂ ਦੇ ਤਨਖ਼ਾਹਦਾਰ (salaried) ਮੁਲਾਜ਼ਮ ਨਹੀਂ ਜਿਸ ਤੋਂ ਇਹ ਪ੍ਰਭਾਵ ਪੈਂਦਾ ਹੈ ਕਿ ਤੁਸੀਂ ਉਨ੍ਹਾਂ ਦੇ ਗੈਰ-ਤਨਖ਼ਾਹਦਾਰ (honrary) ਮੁਲਾਜ਼ਮ ਹੋ। ਕ੍ਰਿਪਾ ਕਰਕੇ ਇਹ ਤੱਥ ਵੀ ਸਪਸ਼ਟ ਕਰਨ ਦੀ ਖੇਚਲ ਕਰਨਾ ਜੀ। ਜਿਥੋਂ ਤੱਕ ਸਬੂਤ ਦੀ ਗੱਲ ਹੈ, ਜੇ ਕਾਲਜ ਦੇ ਪ੍ਰਬੰਧਕ ਇਸ ਤਰ੍ਹਾਂ ਦੀ ਹੋਈ ਗੱਲਬਾਤ ਤੋਂ ਲਿਖਤੀ ਤੌਰ ’ਤੇ ਇਨਕਾਰ ਕਰਨਗੇ ਤਾਂ ਸਬੂਤ ਵੀ ਪੇਸ਼ ਕਰ ਦਿੱਤਾ ਜਾਵੇਗਾ।
ਸ਼ੰਕਾ 10) ਅਸੀਂ ਤਨ-ਮਨ-ਧਨ ਨਾਲ ਅਖ਼ਬਾਰ ਵਾਸਤੇ ਕੰਮ ਕੀਤਾ, ਜੇਹਲ ਕੱਟੀ, ਪਰ ਉਨ੍ਹਾਂ ਸਾਡੀ ਕੀ ਕਦਰ ਪਾਈ?
ਟਿੱਪਣੀ : ਇਕ ਗੁੰਮਨਾਮ ਜਿਹਾ ਵਿਅਕਤੀ ਕਿਰਪਾਲ ਸਿੰਘ ਸਪੋਕਸਮੈਨ ਦਾ ਜ਼ਿਲਾ ਇੰਚਾਰਜ ਪੱਤਰਕਾਰ ਬਣ ਕੇ, ਸਿੱਖ ਪੰਥ ਵਿਚ ਚੰਗੀ ਪਛਾਣ ਬਣਾ ਗਿਆ। ਇਸ ਦੀਆਂ ਟਿੱਪਣੀਆਂ ਅਤੇ ਖ਼ਬਰਾਂ ਨੂੰ ਅਖ਼ਬਾਰੀ ਅਮਲੇ ਨੇ ਚੰਗੀ ਥਾਂ ਦੇ ਕੇ ਨਿਵਾਜਿਆ। ਇਸ ਭਾਈ ਦਾ ਦਿਮਾਗ ਚਕਰਾ ਗਿਆ। ਹਉਮੈ ਸਿਰ ਨੂੰ ਚੜ੍ਹ ਗਈ। ਇਹ ਭੁੱਲ ਗਿਆ ਕਿ ਜੁਗਿੰਦਰ ਸਿੰਘ ਇਸ ਦਾ ਬੌਸ ਹੈ। ਇਹ ਉਸਦਾ ਅਫ਼ਸਰ ਨਹੀਂ ਹੈ। ਜਿਸ ਤੋਂ ਤਨਖ਼ਾਹ ਲਵੇ, ਉਸੇ ਨੂੰ ਅੱਖਾਂ ਵਿਖਾਵੇ? ਮੈਂ ਖ਼ੁਦ ਇਸ ਨੂੰ ਜੋਗਿੰਦਰ ਸਿੰਘ ਕੋਲ ਗੱਲਬਾਤ ਵਾਸਤੇ ਲੈ ਕੇ ਜਾਂਦਾ ਰਿਹਾ। ਪਰ ਭਾਈ ਜੋਗਿੰਦਰ ਸਿੰਘ ਨੇ ਦੱਸਿਆ ਕਿ ਕਿਰਪਾਲ ਸਿੰਘ ਮੈਨੂੰ ਆਪਣੀ ਮਰਜ਼ੀ ਨਾਲ ਚਲਾਉਣਾ ਚਾਹੁੰਦਾ ਹੈ, ਜੋ ਸੰਭਵ ਨਹੀਂ ਹੈ। ਇਹ ਨੌਕਰੀ ਤੋਂ ਨਿਕਲਿਆ ਕਰਕੇ ਆਨੇ-ਬਹਾਨੇ ਜ਼ਹਿਰ ਘੋਲਦਾ ਹੈ। ਝਗੜਾ ਸਪੋਕਸਮੈਨ ਦੇ ਪ੍ਰਬੰਧਕ ਨਾਲ, ਗੁੱਸਾ ਮੇਰੇ ’ਤੇ ਕਿਉਂ? ਮੈਂ ਸਪੋਕਸਮੈਨ ਦਾ ਤਨਖ਼ਾਹਦਾਰ ਮੁਲਾਜ਼ਮ ਨਹੀਂ ਹਾਂ। ਸਵੈ-ਇੱਛਾ ਨਾਲ ਸਹਿਯੋਗ ਕਰ ਰਿਹਾ ਹਾਂ। ਕਿਰਪਾਲ ਸਿੰਘ ਦੀ ਇੱਛਾ ਮੁਤਾਬਕ ਮੈਂ ਅਖ਼ਬਾਰ ਨੂੰ ਨਹੀਂ ਛੱਡਣ ਲੱਗਾ।
ਸਪਸ਼ਟੀਕਰਨ 10) ਸਿੱਧਾ ਅਕਾਲਪੁਰਖ਼ ਨੂੰ ਗੁਰੂ ਮੰਨਣ ਦਾ ਦਾਅਵਾ ਕਰਨ ਵਾਲਿਓ ! ਤੁਹਾਡੀ ਕਰਮ ਸਿਧਾਂਤ ਥਿਊਰੀ ਅਨੁਸਾਰ ਤਾਂ ਬੰਦਾ ਖ਼ੁਦ ਜੈਸੇ ਕਰਮ ਕਰਦਾ ਹੈ ਵੈਸੇ ਫ਼ਲ ਹੀ ਉਹ ਇਸੇ ਜਨਮ ਵਿੱਚ ਪ੍ਰਾਪਤ ਕਰ ਲੈਂਦਾ ਹੈ। ਫਿਰ ਤੁਹਾਨੂੰ ਕਿਸ ਤਰ੍ਹਾਂ ਭਰਮ ਪੈ ਗਿਆ ਕਿ ਸੌਦਾ ਸੰਪਾਦਕ ਹੀ ਮੇਰੇ ਕਰਮ ਲਿਖਣ ਵਾਲਾ ਹੈ, ਉਸ ਨੇ ਹੀ ਪੰਥ ਵਿੱਚ ਮੇਰੀ ਚੰਗੀ ਜਾਣ ਪਹਿਚਾਣ ਕਰਵਾਈ ਨਹੀਂ ਤਾਂ ਮੈਂ ਗੁੰਮਨਾਮ ਹੀ ਮਰ ਜਾਣਾ ਸੀ? ਜੇ ਮੈਂ ਕਿਸੇ ਲਾਇਕ ਹੀ ਨਹੀਂ ਸੀ ਤਾਂ ਉਸ ਨੇ ਮੈਨੂੰ ਅਖ਼ਬਾਰ ਵਿਚ ਰੱਖਿਆ ਹੀ ਕਿਉਂ ਤੇ ਜ਼ਿਲੇ ਦਾ ਇੰਚਾਰਜ ਬਣਾਇਆ ਕਿਉਂ? ਜੇਕਰ ਮੇਰੀ ਲਿਖਤ ਸਮੱਗਰੀ ਵਿਚ ਕੋਈ ਤੱਤ ਨਹੀਂ ਸੀ ਤਾਂ ਉਸਨੇ ਮੇਰੀਆਂ ਲਿਖਤਾਂ ਪ੍ਰਕਾਸ਼ਿਤ ਕਿਉਂ ਕੀਤੀਆਂ? ਸਿੱਖ ਦਿਖਣ ਵਾਲੇ ਕਿਸੇ ਵਿਅਕਤੀ ਨੂੰ ਸਿੱਖੀ-ਵਿਰੋਧੀ ਪ੍ਰਚਾਰ ਤੋਂ ਰੁਕਣ ਦੀ ਬੇਨਤੀ ਕਰਨਾ ਉਸਨੂੰ ਅੱਖਾਂ ਦਿਖਾਉਣਾ ਹੁੰਦਾ ਹੈ? ਕੀ ਪੈਸਿਆਂ ਦੇ ਬਦਲੇ ਸਿੱਖ ਨੂੰ ਆਪਣੀ ਜ਼ਮੀਰ ਵੇਚ ਦੇਣੀ ਚਾਹੀਦੀ ਹੈ ਅਤੇ ਆਪਣੇ ‘ਬੌਸ’ ਦੀਆਂ ਸਿੱਖੀ-ਵਿਰੋਧੀ ਕਾਰਵਾਈਆਂ ਪ੍ਰਤੀ ਹਾਂ ਵਿਚ ਹਾਂ ਮਿਲਾਉਣੀ ਚਾਹੀਦੀ ਹੈ (ਜਿਵੇਂ ਤੁਸੀਂ ਸੌਦਾ ਸੰਪਾਦਕ ਦੀ ਹਰ ਗਲਤ ਕਾਰਵਾਈ ਨੂੰ ਜਾਇਜ਼ ਠਹਿਰਾ ਰਹੇ (ਹਚਤਵਜਖਿ ਕਰ ਰਹੇ) ਹੋ)? ਅਜਿਹਾ ਤੁਸੀਂ ਜਾਂ ਹੋਰ ਕੋਈ ਸੱਜਣ ਤਾਂ ਕਰ ਸਕਦਾ ਹੋਵੇਗਾ ਪਰ ਮੈਂ ਨਹੀਂ।
ਮੇਰੇ ’ਤੇ ਤਾਂ ਕੁਫ਼ਰ ਤੋਲਣ ਦਾ ਬੇਬੁਨਿਆਦ ਦੋਸ਼ ਲਾ ਰਹੇ ਹੋ ਪਰ ਕੀ ਤੁਸੀਂ ਇਹ ਲਿਖ ਕੇ ਕੁਫ਼ਰ ਨਹੀਂ ਤੋਲ ਰਹੇ ਕਿ ਤੁਸੀਂ ਖ਼ੁਦ ਮੈਨੂੰ ਜੋਗਿੰਦਰ ਸਿੰਘ ਕੋਲ ਗੱਲਬਾਤ ਵਾਸਤੇ ਲੈ ਕੇ ਜਾਂਦੇ ਰਹੇ? ਜੇਕਰ ਹਉਮੈ ਮੇਰੇ ਸਿਰ ’ਤੇ ਚੜ੍ਹ ਗਈ ਸੀ ਅਤੇ ਮੈਂ ਅਖ਼ਬਾਰ ਵਿਚ ਕੰਮ ਕਰਨ ਲਾਇਕ ਨਹੀਂ ਰਿਹਾ ਸੀ ਤਾਂ ਤੁਸੀਂ ਮੇਰੇ ਵਰਗੇ ਨਾਕਾਬਿਲ ਬੰਦੇ ਨੂੰ ਮੁੜ ਤੋਂ ਅਖ਼ਬਾਰ ਵਿਚ ਲਗਵਾਉਣ ਦੀ ਕੋਸ਼ਿਸ਼ ਕਿਉਂ ਕੀਤੀ?
ਜੇ 2007-2008 ਵਿੱਚ ਤਹਾਡੀ ਸਿਫ਼ਾਰਸ਼ ਦੇ ਬਾਵਜੂਦ ਵੀ ਸੌਦਾ ਸੰਪਾਦਕ ਮੈਨੂੰ ਰੱਖਣ ਲਈ ਤਿਆਰ ਨਹੀਂ ਸੀ ਤਾਂ 28 ਅਗਸਤ 2010 ਨੂੰ ਉਸ ਨਾਲ ਕੰਮ ਕਰਨ ਜਾਂ ਮਿਲ ਕੇ ਚੱਲਣ ਦੀ ਬੇਨਤੀ, ਕੀ ਸੋਚ ਕੇ ਕਰਨ ਆਏ ਸੀ? ਤੁਸੀਂ ਉਹ ਗੱਲਾਂ ਵੀ ਜਾਣਬੁੱਝ ਕੇ ਕਿਉਂ ਛੁਪਾ ਰਹੇ ਹੋ ਕਿ ਮੈਂ ਕਿਸ ਢੰਗ ਨਾਲ ਸੌਦਾ ਸੰਪਾਦਕ ਨੂੰ ਚਲਾਉਣਾ (ਉਸ ਨੂੰ ਗੁਰਮਤਿ ਵਿਰੋਧੀ ਨੀਤੀਆਂ ਅਪਣਾਉਣ ਤੋਂ ਰੋਕਨਾ) ਚਾਹੁੰਦਾ ਸੀ? ਆਨੇ-ਬਹਾਨੇ ਮੈਂ ਤੁਹਾਡੇ ਨਾਲ ਗੁੱਸੇ ਨਹੀਂ ਹੋ ਰਿਹਾ ਬਲਕਿ ਉਸ ਦੀ ਅਸਲੀਅਤ ਪ੍ਰਗਟ ਕੀਤੇ ਜਾਣ ’ਤੇ ਤੁਸੀਂ ਹੀ ਬਿਨਾ ਵਜ੍ਹਾ ਗੁੱਸੇ ਵਿੱਚ ਆ ਰਹੇ ਹੋ।
ਪ੍ਰਮਾਣ ਪ੍ਰਤੱਖ ਹੈ ਕਿ 28 ਅਗੱਸਤ ਨੂੰ ਸੌਦਾ ਸੰਪਾਦਕ ਦਾ ਤਹਾਡੇ ਰਾਹੀਂ ਹੀ ਪੁੱਛਿਆ ਗਿਆ ਸਵਾਲ ਕਿਹੜਾ ‘ਸ਼ਬਦ’ ਗੁਰੂ ਹੈ ਦਾ ਜਵਾਬ ਸੁਣ ਕੇ ਤੁਸੀਂ ਰੋਸ/ਗੁੱਸੇ ਵਿੱਚ ਇਤਨੇ ਬੌਖਲਾ ਗਏ ਹੋ ਗਏ ਕਿ ਸਿੱਧੇ ਰੂਪ ਵਿਚ ਉਸ ਨੂੰ ਕੱਟ ਵੀ ਨਹੀਂ ਰਹੇ ਅਤੇ ਅੱਜ ਤੱਕ ਇਹ ਵੀ ਨਹੀਂ ਮੰਨ ਰਹੇ ਕਿ ਗੁਰੂ ਗੰ੍ਰਥ ਸਾਹਿਬ ਤੋਂ ਬਾਹਰਲਾ ਕੋਈ ‘ਸ਼ਬਦ ਗੁਰੂ’ ਨਹੀਂ ਹੈ, ਜੋ ਹੈ ਉਹ ਗੁਰੂ ਗੰ੍ਰਥ ਸਾਹਿਬ ਵਿੱਚ ਹੀ ਹੈ। ਕਿਉਂਕਿ ਤੁਹਾਨੂੰ ਡਰ ਹੈ ਕਿ ਇਹ ਮੰਨਣ ਨਾਲ ਸੌਦਾ ਸੰਪਾਦਕ ਤਹਾਡੇ ਨਾਲ ਨਰਾਜ਼ ਹੋ ਜਾਵੇਗਾ ਤੇ ਤੁਹਾਨੂੰ ਸਪੋਕਸਮੈਨ ਛੱਡਣ ਦੀ ਲੋੜ ਨਹੀਂ ਪਏਗੀ ਸਗੋਂ ਆਪਣੇ ਆਪ ਹੀ ਤੁਹਾਡਾ ਨਾਮ ਉਸ ਵਿੱਚੋਂ ਉਸੇ ਤਰ੍ਹਾਂ ਗਾਇਬ ਹੋ ਜਾਵੇਗਾ ਜਿਸ ਤਰ੍ਹਾਂ ਮੇਰਾ, ਪ੍ਰੋ: ਦਰਸ਼ਨ ਸਿੰਘ, ਗੁਰਤੇਜ ਸਿੰਘ, ਰਾਜਿੰਦਰ ਸਿੰਘ, ਪ੍ਰਿੰ: ਨਰਿੰਦਰ ਸਿੰਘ ਜੰਮੂ, ਰਵਿੰਦਰ ਸਿੰਘ ਪਿੰਜੌਰ, ਅਮਰਜੀਤ ਸਿੰਘ ਚੰਦੀ, ਗੁਰਮੀਤ ਸਿੰਘ ਕਾਦੀਆਨੀ, ਭੁਪਿੰਦਰ ਸਿੰਘ ਕੋਹਾਲੀ, ਹਰਲਾਜ ਸਿੰਘ ਬਹਾਦਰਪੁਰ, ਗੁਰਨਾਮ ਸਿੰਘ ਅਕੀਦਾ ਆਦਿ ਦਾ ਹੋ ਚੁੱਕਾ ਹੈ। ਇਨ੍ਹਾਂ ਸਾਰਿਆਂ ਦਾ ਕਸੂਰ ਵੀ ਸਿਰਫ਼ ਇਹ ਹੀ ਹੈ ਕਿ ਉਹ ਇਸ ਦੇ ਅਜਿਹੇ ਬੇਹੂਦੇ ਕਥਨਾਂ ਨਾਲ ਸਹਿਮਤ ਨਹੀਂ ਹੁੰਦੇ। ਕੀ ਤੁਸੀਂ ‘ਸਾਰੀ ਜੰਨ ਕੁਪੱਤੀ, ਸੁਥਰਾ ਭਲਾ ਮਾਣਸ’ ਕਹਿ ਕੇ ਸਾਨੂੰ ਸਾਰਿਆਂ ਨੂੰ ਹੀ ਗਲਤ ਕਹਿਣਾ ਚਾਹ ਰਹੇ ਹੋ? ਯਾਦ ਰੱਖਿਓ ਗੁਰਤੇਜ ਸਿੰਘ ਅਤੇ ਰਜਿੰਦਰ ਸਿੰਘ ਤਾਂ ‘ੳ’ ‘ਅ’ ਹੀ ਬਣੇ ਸਨ, ਤੁਸੀਂ ਤਾਂ ‘ਸ’ ਜਾਂ ‘ਞ’ ਬਣ ਕੇ ਰਹਿ ਜਾਣਾ ਹੈ।
ਸ਼ੰਕਾ 11) ਇਹਨਾਂ ਨੇ ‘‘ਗੁਰੂ ਨਾਨਕ ਦਾ ਗੁਰੂ’’ ਬਾਰੇ ਨਵੀਂ ਬਹਿਸ ਛੇੜ ਕੇ ਪੰਥ ਦਾ ਨੁਕਸਾਨ ਕੀਤਾ ਹੈ, ਜੋ ਪੰਥ ਨਾਲ ਗੱਦਾਰੀ ਹੈ।
ਟਿੱਪਣੀ : ਅਸੀਂ ਨਾ ਤਾਂ ਬਹਿਸ ਕੀਤੀ, ਨਾ ਅਖ਼ਬਾਰਾਂ ਨੂੰ ਲੇਖ ਲਿਖੇ। ਨਾ ਕੋਈ ‘ਗੱਦਾਰੀ’ ਕੀਤੀ। ਸਗੋਂ ਘਰ ਵਿਚ ਬੈਠ ਕੇ ਭਰਾਵਾਂ ਵਾਂਗ ਕੀਤੀ ਗਈ ਗੱਲਬਾਤ ਨੂੰ ਕਿਰਪਾਲ ਸਿੰਘ ਨੇ ਅਖ਼ਬਾਰਾਂ ਵਿਚ ਛਪਵਾਇਆ ਹੈ। ਜੱਗ ਹਸਾਈ ਕੀਤੀ ਹੈ। ਕਿਸੇ ਹੋਰ ਦਾ ਗੁੱਸਾ ਸਾਡੇ ’ਤੇ ਕੱਢਿਆ ਹੈ।
ਸਪਸ਼ਟੀਕਰਨ) ‘ਗੁਰੂ ਨਾਨਕ ਦਾ ਗੁਰੂ’ ਕਿਹੜਾ ਸ਼ਬਦ ਹੈ ਇਸ ਬਾਰੇ ਤੁਸੀਂ ਜਨਤੱਕ ਰੂਪ ਵਿਚ ਬਹਿਸ ਭਾਵੇਂ ਛੇੜੀ ਹੋਵੇ ਪਰ ਇਹ ਬਹਿਸ ਛੇੜਨ ਵਾਲੇ ਦਾ ਏਨਾ ਡਟ ਕੇ ਸਮਰਥਨ ਕਰਨ ਅਤੇ ਮੇਰੇ ਵਰਗੇ ਲਿਖਾਰੀਆਂ ਨੂੰ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਕਰਕੇ ਸੌਦਾ ਸੰਪਾਦਕ ਦੀ ਉਕਤ ਨੀਤੀ ਨਾਲ ਮਿਲ ਕੇ ਚਲਾਉਣ ਦੀ ਕੋਸ਼ਿਸ਼ ਕਰਨ ਪਿੱਛੇ ਤੁਹਾਡੀ ਕਿਹੜੀ ਧਾਰਨਾ ਕੰਮ ਕਰ ਰਹੀ ਹੈ? ਤੁਹਾਡੇ ਨਾਲ ਹੋਈ ਗੱਲਬਾਤ ਦੇ ਅਧਾਰ ’ਤੇ ਮੇਰੇ ਵਲੋਂ ਅਖ਼ਬਾਰਾਂ ’ਚ ਲੇਖ ਛਪਣ ਨਾਲ ਜੱਗ ਹਸਾਈ ਨਹੀਂ ਹੋ ਰਹੀ ਸਗੋਂ ਉਸ ਪਿੱਛੋਂ ਤੁਹਾਡੇ ਵਲੋਂ ਅਪਣਾਏ ਜਾ ਰਹੇ ਬੌਖਲਾਹਟ ਭਰਪੂਰ ਵਤੀਰੇ ਨਾਲ ਹੋ ਰਹੀ ਹੈ।
ਸ਼ੰਕਾ 12) ਅਖੇ ਗੁਰਚਰਨ ਸਿੰਘ ਨੇ ਪਹਿਲਾਂ ਲੇਖ ਲਿਖ ਕੇ ਇੰਟਰਨੈੱਟ ’ਤੇ ਪਾਇਆ।
ਟਿੱਪਣੀ : ਇਹ ਕੋਰਾ ਝੂਠ ਹੈ ਕਿ ਪਹਿਲ ਭਾਈ ਗੁਰਚਰਨ ਸਿੰਘ ਨੇ ਕੀਤੀ। ਅਸਲੀਅਤ ਇਹ ਹੈ ਕਿ ਪਹਿਲਾਂ ਲੇਖ ਭਾਈ ਕਿਰਪਾਲ ਸਿੰਘ ਨੇ ਇੰਟਰਨੈੱਟ ’ਤੇ ਪਾਇਆ। ਭਾਈ ਗੁਰਚਰਨ ਸਿੰਘ ਨੇ ਉਸ ਦਾ ਜੁਆਬ ਦਿੱਤਾ ਸੀ। ਇਸ ਤੋਂ ਮਗਰੋਂ ਇੰਡੀਆ ਅਵੇਅਰਨੈੱਸ ਵਾਲਿਆਂ ਨੇ ਬਾਤ ਦਾ ਬਤੰਗੜ ਤੇ ਰਾਈ ਦਾ ਪਹਾੜ ਬਣਾਉਣ ਵਿਚ ਪੂਰੀ ਵਾਹ ਲਾ ਦਿੱਤੀ।
ਸਪਸ਼ਟੀਕਰਨ 12) ਮੇਰੇ ਵਲੋਂ ਪਹਿਲਾ ਲੇਖ 20 ਸਤੰਬਰ ਨੂੰ ਭੇਜਿਆ ਗਿਆ ਜਿਹੜਾ ਕੁਝ ਵੈੱਬਸਾਈਟਾਂ ’ਤੇ ਪੈਣ ਤੋਂ ਇਲਾਵਾ ‘ਸਿੱਖ ਵੀਕਲੀ ਕੈਨੇਡਾ’ ਦੇ 24 ਸਤੰਬਰ ਅੰਕ, ਇੰਡੀਆ ਅਵੇਰਨੈੱਸ ਅਕਤੂਬਰ ਅੰਕ, ਸੱਚ ਕੀ ਬੇਲਾ, ਗੁਰਮਤਿ ਲਹਿਰ ਆਦਿ ਹੋਰ ਕਈ ਰਸਾਲਿਆਂ ਵਿੱਚ ਛਪ ਗਿਆ। ਉਸ ਲੇਖ ਵਿਚ ਕਿਸੇ ਦਾ ਨਾ ਨਾਮ ਲਿਖਿਆ ਗਿਆ ਸੀ ਅਤੇ ਨਾ ਹੀ ਕਿਸੇ ’ਤੇ ਗਦਾਰ ਹੋਣ ਦੇ ਦੂਸ਼ਣ ਲਾਏ। ‘ਗੁਰੂ ਪਦ’ ਤੋਂ ਬਿਨਾਂ ਹੋਈ ਹੋਰ ਕਿਸੇ ਗੱਲਬਾਤ ਦੀ ਵੀ ਕੋਈ ਚਰਚਾ ਨਹੀਂ ਸੀ ਕੀਤੀ ਗਈ। ਗੁਰਚਰਨ ਸਿੰਘ ਜਿਉਣਵਾਲਾ ਨੇ ਜਿੱਥੇ ਨਾਮ ਨਾ ਲਿਖੇ ਜਾਣ ਕਰਕੇ ਮੈਨੂੰ ਕਮਜ਼ੋਰ ਵਿਅਕਤੀ ਦੱਸਿਆ, ਉਥੇ ਗੱਲਬਾਤ ਦੌਰਾਨ ਹੋਈਆਂ ਬਾਕੀ ਗੱਲਾਂ ਜਿਵੇਂ ਕਿ ਸੌਦਾ ਸੰਪਾਦਕ ਹਾਥੀ ਹੈ, ਅਸੀਂ ਉਸ ਦੇ ਮੁਕਾਬਲੇ ਕੀੜੀਆਂ ਹਾਂ, (ਜਿਨ੍ਹਾਂ ਨੂੰ ਮੈਂ ਆਪਣੇ ਲੇਖ ਵਿੱਚ ਛੋਹਿਆ ਤੱਕ ਨਹੀਂ ਸੀ) ਦਾ ਜ਼ਿਕਰ ਕਰਦਾ ਪੱਤਰ ਸਿੰਘ ਸਭਾ ਕੈਨੇਡਾ, ਸਿੰਘ ਸਭਾ ਯੂ.ਐਸ.ਏ., ਸਾਈਟਾਂ ’ਤੇ ਪਾਇਆ ਜਿਹੜਾ ‘ਸਿੱਖ ਵੀਕਲੀ ਕੈਨੇਡਾ’ ਦੇ 1 ਅਕਤੂਬਰ ਦੇ ਅੰਕ ਵਿੱਚ ਵੀ ਛਪਿਆ। ਪਰ ਉਸ ਪੱਤਰ ਵਿੱਚ, ਉਨ੍ਹਾਂ ਨਾ ਹੀ ਮੇਰੇ ਲੇਖ ਨਾਲ ਸਹਿਮਤ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਗੁਰਬਾਣੀ ਨੂੰ ਗੁਰੂ ਮੰਨਣ ਦੀ ਕੋਈ ਗੱਲ ਲਿਖੀ ਅਤੇ ਨਾ ਹੀ ਕਿਸੇ ਉਸ ਸ਼ਬਦ ਦੀ ਦੱਸ ਪਾਈ ਜਿਸ ਨੂੰ ਉਹ ਗੁਰੂ ਕਹਿਣਾ ਚਾਹੁੰਦੇ ਹਨ। ਜਿਉਣਵਾਲੇ ਦੇ ਇਸ ਪੱਤਰ ਦਾ ਜਵਾਬ ਹੀ ਮੇਰੇ ਵਲੋਂ ਭੇਜਿਆ ਗਿਆ ਜਿਹੜਾ ਕਈ ਵੈਬਸਾਈਟਾਂ ’ਤੇ ਪੈਣ ਤੋਂ ਇਲਾਵਾ ਇੰਡੀਆ ਅਵੇਅਰਨੈੱਸ ਨਵੰਬਰ ਅੰਕ ਵਿੱਚ ਛਪਿਆ ਜਿਸ ਕਾਰਣ ਸੰਵਾਦ ਬਹਿਸ ਵਿੱਚ ਬਦਲ ਗਿਆ ਤੇ ਜਿਸ ਨੂੰ ਤੁਸੀਂ ਆਪਣੀ ਬੌਖਹਲਾਹਟ ਭਰਪੂਰ ਲਿਖਤ ਨਾਲ ਹੁਣ ਨਿਜੀ ਦੂਸ਼ਣਬਾਜ਼ੀ ਵਿਚ ਬਦਲ ਰਹੇ ਹੋ। ਸਿੱਖ ਮਾਰਗ ’ਤੇ ਪਿਛਲੇ 3 ਮਹੀਨੇ ਤੋਂ ਇਸ ਵਿਸ਼ੇ ਤੋਂ ਚੱਲ ਰਹੀ ਬਹਿਸ ਵਿੱਚ ਤੁਹਾਡੇ ਹੋਰ ਵੀ ਕਈ ਸਾਥੀ ਯੋਗਦਾਨ ਪਾ ਰਹੇ ਹਨ ਪਰ ਕਿਸੇ ਨੇ ਸਿੱਧੇ ਰੂਪ ’ਚ ਇਹ ਜਵਾਬ ਨਹੀਂ ਦਿੱਤਾ ਕਿ ਜਿਹੜੇ ਸ਼ਬਦ ਨੂੰ ਤੁਸੀਂ ਗੁਰੂ ਕਹਿਣਾ ਚਾਹੁੰਦੇ ਹੋ, ਉਹ ਕਿਹੜਾ ਹੈ?
‘ਬੱਕਰਾ ਲੈ ਕੇ ਜਾ ਰਹੇ ਕਿਸੇ ਭੋਲੇ ਵਿਅਕਤੀ ਨੂੰ ਠੱਗਣ ਲਈ ਠੱਗਾਂ ਦੇ ਗਰੋਹ ਦੇ 4-5 ਵਿਅਕਤੀ ਰਸਤੇ ਵਿੱਚ ਖੜ੍ਹੇ ਕਰ ਕੇ ਹਰੇਕ ਵਲੋਂ ਹੀ ਬੱਕਰੇ ਨੂੰ ਕੁੱਤਾ ਦੱਸ ਕੇ ਅਖੀਰ ਉਸ ਨੂੰ ਇਸ ਭੁਲੇਖੇ ਵਿਚ ਪਾ ਹੀ ਦਿੱਤਾ ਕਿ ਇਤਨੇ ਬੰਦੇ ਤਾਂ ਗਲਤ ਨਹੀਂ ਹੋ ਸਕਦੇ ਸ਼ਾਇਦ ਮੈਂ ਹੀ ਕੁੱਤੇ-ਬੱਕਰੇ ਵਿੱਚ ਫ਼ਰਕ ਨਹੀਂ ਸਮਝ ਰਿਹਾ’ ਦੀ ਕਹਾਣੀ ਵਾਂਗ ਤੁਸੀਂ ਮੈਨੂੰ ਹੀ ਵਿਾਵਾਦ ਖੜ੍ਹਾ ਕਰਨ ਵਾਲਾ ਅਤੇ ਸਪੋਕਸਮੈਨ ’ਚੋਂ ਕੱਢਿਆ ਹੋਣ ਕਰਕੇ ਸੌਦਾ ਸੰਪਾਦਕ ਅਤੇ ਉਸ ਦੇ ਸਾਥੀਆਂ ਨੂੰ ਨਜ਼ਾਇਜ਼ ਤੌਰ ’ਤੇ ਭੰਡਣ ਵਾਲਾ ਦੱਸ ਰਹੇ ਹੋ ਤਾਂਕਿ ਜਾਂ ਤਾਂ ਮੈਂ ਹੀ ਤੁਹਾਡੇ ਕੂੜ ਪ੍ਰਚਾਰ ਤੋਂ ਡਰ ਕੇ ਚੁੱਪ ਹੋ ਜਾਵਾਂ ਜਾਂ ਪਾਠਕ ਸਾਡੀ ਨਿਜੀ ਲੜਾਈ ਸਮਝ ਕੇ ਸੌਦਾ ਸੰਪਾਦਕ ਵਲੋਂ ‘ਗੁਰੂ ਪਦ’ ਸਬੰਧੀ ਪਾਏ ਜਾ ਰਹੇ ਭੁਲੇਖਿਆਂ ਵੱਲ ਧਿਆਨ ਦੇਣਾ ਹੀ ਛੱਡ ਦੇਣ। ਪਰ ਚੇਤਾ ਰੱਖਿਓ ਬੋਲੇ ਅਤੇ ਲਿਖੇ ਗਏ ਕਿਸੇ ਵੀ ਝੂਠ ਦੇ ਅੱਗੇ ਮੈਂ ਗੋਡੇ ਟੇਕਣ ਵਾਲਾ ਨਹੀਂ ਹਾਂ। ਸੌਦਾ ਸੰਪਾਦਕ ਦੀਆਂ ਆਪ-ਹੁਦਰੀਆਂ ਵਲੋਂ ਮੇਰਾ ਤੇ ਸਿੱਖ ਸੰਗਤ ਦਾ ਧਿਆਨ ਲਾਂਭੇ ਕਰਨ ਲਈ ਬਾਤ ਦਾ ਬਤੰਗੜ ਤੁਸੀਂ ਬਣਾ ਰਹੇ ਹੋ ਜਦੋਂ ਕਿ ਇੰਡੀਆ ਅਵੇਅਰਨੈੱਸ ਵਾਲਿਆਂ ਨੇ ਆਪਣੇ ’ਤੇ ਝੂਠੇ ਇਲਜ਼ਾਮਾਂ ਦੀ ਬੁਛਾੜ ਬਰਦਾਸ਼ਤ ਕਰਕੇ ਵੀ ਇਸ ਦੀ ਅਸਲੀਅਤ ਪ੍ਰਗਟ ਕਰਨ ਦਾ ਤਹੱਈਆ ਕਰ ਲਿਆ ਹੈ।
(ਬਾਕੀ ਅਗਲੇ ਅੰਕ ਵਿਚ)