Subscription About Us Contact Us


ਅਖੌਤੀ ਦਸਮ ਗ੍ਰੰਥ ਦਾ ਵਿਰੋਧ ਜਰੂਰੀ ਪਰ ਇਸ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ’ਤੇ ਕੀਤੇ ਜਾ ਰਹੇ ਹਮਲਿਆਂ ਵਿਰੁੱਧ ਲਾਮਬੰਦ ਹੋਣਾ ਜ਼ਰੂਰੀ

- ਕਿਰਪਾਲ ਸਿੰਘ ਬਠਿੰਡਾ -
(ਮੋ:) 9855480797

ਸਿੱਖਾਂ ਨੂੰ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਨ ਲਈ ਬਹੁਤ ਸਾਰੇ ਹੱਥ ਕੰਡੇ ਵਰਤੇ ਜਾ ਰਹੇ ਹਨ। ਪੰਜਾਬ ਵਿੱਚ ਵੱਡੀ ਪੱਧਰ ’ਤੇ ਦੇਹਧਾਰੀ ਗੁਰੂਡੰਮ ਅਤੇ ਸਾਧਾਂ ਦੇ ਟੋਲੇ ਪੈਦਾ ਕਰਨ ਤੋਂ ਇਲਾਵਾ ਸਾਧ ਪਿਆਰੇ ਭਨਿਆਰੇ ਵਲੋਂ ਭਵਸਾਗਰ ਗ੍ਰੰਥ, ਡੇਰਾ ਬੱਲਾਂ ਵਲੋਂ ਗੁਰੂ ਗ੍ਰੰਥ ਸਾਹਿਬ ’ਚੋਂ ਭਗਤ ਰਵਿਦਾਸ ਜੀ ਦੀ ਬਾਣੀ ਕੱਢ ਕੇ ਅਤੇ ਉਨ੍ਹਾਂ ਦੇ ਨਾਮ ’ਤੇ ਰਚੀ ਗਈ ਕੱਚੀ ਬਾਣੀ ਦਾ ਵੱਖਰਾ ਗ੍ਰੰਥ ਤਿਆਰ ਕਰਕੇ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ’ਤੇ ਪ੍ਰਕਾਸ਼ ਕਰਨਾ ਇਸੇ ਸਾਜਿਸ਼ ਦਾ ਇੱਕ ਹਿੱਸਾ ਹੈ। ਇਨ੍ਹਾਂ ਦੇਹਧਾਰੀ ਗੁਰੂਆਂ ਅਤੇ ਉਨ੍ਹਾਂ ਵਲੋਂ ਤਿਆਰ ਕੀਤੇ ਗ੍ਰੰਥਾਂ ਦਾ ਖ਼ਾਲਸਾ ਪੰਥ ਵਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਵੀਚਾਰਧਾਰਾ ਨੂੰ ਕੱਟਣ ਵਾਲਾ ਸਭ ਤੋਂ ਪੁਰਾਣਾ ਗ੍ਰੰਥ ਹੈ ਅਖੌਤੀ ਦਸਮ ਗ੍ਰੰਥ ਜਿਸ ਨੂੰ ਸਿੱਖ ਡੇਰੇਦਾਰਾਂ ਵਲੋਂ ਜਾਣੇ ਜਾਂ ਅਣਜਾਣੇ ’ਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਗ੍ਰੰਥ ਦੱਸ ਕੇ ਉਸ ਨੂੰ ਦੋ ਤਖ਼ਤਾਂ ਸਮੇਤ ਹੋਰ ਕਈ ਡੇਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਅਤੇ ਸਿਰਮੌਰਤਾ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਅਤੇ ਬਾਕੀ ਥਾਵਾਂ ’ਤੇ ਪ੍ਰਕਾਸ਼ ਕਰਨ ਲਈ ਯਤਨਸ਼ੀਲ ਹਨ। ਇਸ ਤੋਂ ਵੱਧ ਦੁੱਖ ਦੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ ਕਾਇਮ ਰੱਖਣ ਅਤੇ ਇਸ ਦਾ ਪ੍ਰਚਾਰ ਕਰਨ ਦੀ ਮੁੱਖ ਜਿੰਮੇਵਾਰੀ ਹੈ, ਉਹ ਵੀ ਕੁਰਸੀ ’ਤੇ ਸਦਾ ਲਈ ਟਿਕੇ ਰਹਿਣ ਲਈ ਆਪਣੀ ਰਾਜਨੀਤਕ ਭਾਈਵਾਲ ਭਾਜਪਾ/ਆਰ.ਐੱਸ.ਐੱਸ. ਨੂੰ ਖੁਸ਼ ਕਰਨ ਲਈ ਅਤੇ ਡੇਰੇਦਾਰਾਂ ਦੀਆਂ ਵੋਟਾਂ ਵਟੋਰਨ ਲਈ ਅਖੌਤੀ ਦਸਮ ਗ੍ਰੰਥ ਨੂੰ ਪ੍ਰਮੋਟ ਕਰਨ ’ਤੇ ਲੱਗੀ ਹੋਈ ਹੈ ਜਾਂ ਇਹ ਕਹਿ ਲਵੋ ਕਿ ‘ਕੁੱਤੀ ਚੋਰ ਨਾਲ ਮਿਲ ਗਈ ਹੈ’।

ਗਿਆਨੀ ਭਾਗ ਸਿੰਘ ਅੰਬਾਲਾ ਅਤੇ ਉਨ੍ਹਾਂ ਤੋਂ ਪਿੱਛੋਂ ਮਿਸ਼ਨਰੀ ਕਾਲਜਾਂ ਨੇ ਦਸਮ ਗ੍ਰੰਥ ਦੀ ਅਸਲੀਅਤ ਪ੍ਰਗਟ ਕਰਨ ਲਈ ਕਾਫੀ ਕੰਮ ਕੀਤਾ ਪਰ ਸ਼ੁਰੂਆਤੀ ਸਮਾਂ ਹੋਣ ਕਾਰਣ ਇਹ ਇੱਕ ਲਹਿਰ ਨਾ ਬਣ ਸਕੀ। ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਵਲੋਂ ਦਸਮ ਗ੍ਰੰਥ ਗੁਰਬਾਣੀ ਦੀ ਕਸਵੱਟੀ ’ਤੇ ਲਿਖਣ ਅਤੇ ਸਪੋਕਸਮੈਨ ਵਲੋਂ ਇਸ ਦਾ ਪ੍ਰਚਾਰ ਕਰਨ ’ਤੇ ਦਸਮ ਗ੍ਰੰਥ ਵਿਰੋਧੀ ਲਹਿਰ ਤੇਜ ਹੋਈ ਤਾਂ ਬਹੁਤ ਸਾਰੇ ਜਾਗਰੂਕ ਸਿੱਖ ਇਸ ਨਾਲ ਜੁੜ ਗਏ। ਇਹ ਸੌਦਾ ਸੰਪਾਦਕ ਦੀ ਅਗਿਆਨਤਾ ਕਹੀਏ ਜਾਂ ਬੇਈਮਾਨੀ ਕਿ ਆਰ.ਐੱਸ.ਐੱਸ. ਦੀਆਂ ਇਛਾਵਾਂ ਪੂਰ ਰਹੇ ਸਿੱਖ ਡੇਰੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋਏ ਜਾਗਰੂਕ ਸਿੱਖਾਂ ਨੇ ਵੱਡੀ ਪੱਧਰ ’ਤੇ ਇਸ ਦਾ ਸਾਥ ਦਿੱਤੇ ਜਾਣ ਕਾਰਣ ਇਸ ਦਾ ਦਿਮਾਗ ਸੱਤਵੇਂ ਅਸਮਾਨ ’ਤੇ ਚੜ੍ਹ ਗਿਆ ਤੇ ਉਹ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਤੋਂ ਬਾਅਦ ਪਹਿਲਾ ਅਜਿਹਾ ਵਿਅਕਤੀ ਸਮਝਣ ਦਾ ਭਰਮ ਪਾਲ ਬੈਠਾ ਕਿ ਸਿਰਫ ਉਹੀ ਬਾਬੇ ਨਾਨਕ ਦੇ ਅਸਲੀ ਸਿਧਾਂਤ ਨੂੰ ਸਮਝ ਸਕਿਆ ਹੈ। ਇਸ ਭਰਮ ਅਧੀਨ ਉਸ ਨੇ ਹੇਠ ਲਿਖੇ ਐਲਾਨ ਕੀਤੇ:-

1) ਗੁਰੂ ਨਾਨਕ ਨੇ ਸਰੀਰ ਨੂੰ ਗੁਰੂ ਨਹੀਂ ਮੰਨਿਆ। ਉਨ੍ਹਾਂ ਲਈ ਸ਼ਬਦ ਹੀ ਗੁਰੂ ਸੀ। ਇਸ ਲਈ ਉਨ੍ਹਾਂ ਵਲੋਂ ਕਿਸੇ ਵੀ ਸਰੀਰ ਵਾਲੇ ਮਨੁਖ ਨੂੰ ਗੁਰੂ ਮੰਨ ਕੇ ਮੱਥਾ ਟੇਕਣਾ, ਗੁਰਗੱਦੀ ਦੇਣਾ, ਸਹਿਜੇ ਕੀਤੇ ਸਵੀਕਾਰ ਨਹੀਂ ਹੁੰਦਾ। (ਰੋਜ਼ਾਨਾ ਸਪੋਕਸਮੈਨ 18 ਅਪ੍ਰੈਲ 2007)

2) ਗੁਰਬਾਣੀ ਦੇ ਗ੍ਰੰਥ ਨੂੰ ਗੁਰੂ ਦਾ ਸਥਾਨ ਦੇਣਾ, ਅਤੇ ਉਸ ਦੀ ਵਿਆਖਿਆ ਲਈ ਗ੍ਰੰਥੀ ਨਿਯੁਕਤ ਕਰਨਾ ਤਾਂ ਸਦੀਆਂ ਤੋਂ ਚਲਿਆ ਆ ਰਿਹਾ ਬ੍ਰਾਹਮਣੀ ਕਰਮ ਹੀ ਹੋ ਸਕਦਾ ਹੈ।... ਸੰਗਤਾਂ ਦੇ ਨੇਤਾ ਕਿਵੇਂ ਪ੍ਰਭਾਵਕਾਰੀ ਹੋ ਕੇ ਗੁਰੂ ਪਦ ਦੇ ਅਧਿਕਾਰੀ ਹੋਣ ਦੇ ਦਾਅਵੇਦਾਰ ਬਣੇ ਇਸ ਸਬੰਧੀ ਅਜੇ ਵਧੇਰੇ ਖੋਜ ਦੀ ਲੋੜ ਹੈ। (ਰੋਜ਼ਾਨਾ ਸਪੋਕਸਮੈਨ 2 ਮਈ 2007)

3) ਇਸੇ ਗੱਲ ਨੂੰ ਵਿਦਵਾਨ ਤਨਜ਼ ਭਰੇ ਸ਼ਬਦਾਂ ਵਿੱਚ ਕਹਿੰਦੇ ਹਨ ਕਿ ਗੁਰੂ ਨਾਨਕ ਦੀ ਗੁਰਮਤਿ ਨੂੰ ‘ਗ੍ਰੰਥ’ ਅਤੇ ‘ਪੰਥ’ ਦੇ ਹਵਾਲੇ ਕਰ ਕੇ ਉਸ ਦਾ ਸਮੁੱਚਾ ਰੂਪ ਹੀ ਬਦਲ ਦਿੱਤਾ ਗਿਆ।(ਰੋਜ਼ਾਨਾ ਸਪੋਕਸਮੈਨ 26 ਸਤੰਬਰ 2006)।

4) ਗੁਰੂ ਗ੍ਰੰਥ ਸਾਹਿਬ ਜੀ ਅੰਦਰ ਲਗਭਗ 5800 ਸ਼ਬਦ ਹਨ ਪਰ ਇਹ ਸ਼ਬਦ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਪਹਿਲਾਂ ਤਾਂ ਨਹੀਂ ਸਨ ਹੁੰਦੇ। ਉਦੋਂ ਬਾਬਾ ਨਾਨਕ ਨੇ ਕਿਹੜੇ ‘ਸ਼ਬਦ’ ਨੂੰ ‘ਗੁਰੂ’ ਕਿਹਾ ਸੀ? ਗੁਰੂ ਨਾਨਕ ਨੇ ਕਦੇ ਵੀ ਆਪਣੀ ਬਾਣੀ ਨੂੰ ‘ਸ਼ਬਦ’ ਨਹੀਂ ਕਿਹਾ। ਸਤਿਗੁਰੂ (ਅਕਾਲ ਪੁਰਖ ਦੇ ਸ਼ਬਦ ਨੂੰ ਹੀ ਗੁਰੂ ਕਿਹਾ।- (ਰੋਜ਼ਾਨਾ ਸਪੋਕਸਮੈਨ 23 ਜੂਨ 2010)।

5) ਸ਼ਬਦ (ਜਿਸ ਨੂੰ ਗੁਰੂ ਕਿਹਾ ਗਿਆ ਹੈ) ਅਕਾਲ ਪੁਰਖ ਦਾ ਉਹ ਸ਼ਬਦ ਹੈ ਜੋ ਉਸ ਨੇ ਸ੍ਰਿਸ਼ਟੀ ਦੀ ਰਚਨਾ ਕਰਨ ਵੇਲੇ ਉਚਾਰਿਆ ਸੀ ਤੇ ਜਿਸ ਵਿੱਚੋਂ ਸਾਰੀ ਦੁਨੀਆਂ ਦੇ ਫ਼ਲਸਫ਼ੇ, ਸ੍ਰਿਸ਼ਟੀ, ਗਿਆਨ, ਆਕਾਰ, ਜੀਵ-ਜੰਤੂ, ਮੌਤ-ਜੀਵਨ ਆਦਿ ਨਿਕਲੇ ਸਨ। ਅਕਾਲ ਪੁਰਖ ਦੇ ਉਸ ਸ਼ਬਦ ਤੋਂ ਬਾਹਰ, ਕੁਝ ਵੀ ਨਹੀਂ ਉਪਜ ਸਕਦਾ ਤੇ ਉਹ ਕੇਵਲ ਅਕਾਲ ਪੁਰਖ ਦਾ ਹੀ ਉਚਾਰਿਆ ਹੋਇਆ ਸ਼ਬਦ ਹੈ ਜਿਸ ਨੂੰ ਮਨੁੱਖੀ ਭਾਸ਼ਾ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮਨੁੱਖਾਂ ਦੀਆਂ ਬੋਲੀਆਂ ਵਿੱਚ ਵੀ, ਕਈ ਕਈ ਅੱਖਰਾਂ ਦੇ ਚਾਰ-ਚਾਰ, ਪੰਜ ਜਾਂ ਉਸ ਤੋਂ ਕੁਝ ਜ਼ਿਆਦਾ ਅਰਥ ਵੀ ਕੀਤੇ ਜਾ ਸਕਦੇ ਹਨ ਪਰ ਅਕਾਲ ਪੁਰਖ ਦੇ ਉਸ ‘ਸ਼ਬਦ’ (ਜਿਸ ਨੂੰ ਬਾਬਾ ਨਾਨਕ ਨੇ ‘ਗੁਰੂ’ ਆਖਿਆ ਹੈ, ਉਸ ਦੇ ਅਰਥਾਂ ਬਾਰੇ ਤਾਂ ਮਨੁੱਖ ਅੰਦਾਜ਼ਾ ਹੀ ਨਹੀਂ ਲਾ ਸਕਦਾ ਕਿਉਂਕਿ ਉਸ ਵਿਚੋਂ ਤਾਂ ਸਾਰੀ ਸ੍ਰਿਸ਼ਟੀ ਤੇ ਇਸ ਦਾ ਸਮੁੱਚਾ ਗਿਆਨ ਨਿਕਲਿਆ ਹੈ, ਤੇ ਇਸੇ ਲਈ ਉਹ ਸਾਡਾ ਗੁਰੂ ਹੈ। -ਰੋਜ਼ਾਨਾ ਸਪੋਕਸਮੈਨ (ਮੇਰੀ ਨਿਜੀ ਡਾਇਰੀ ਦੇ ਪੰਨੇ) 6 ਜੂਨ 2010.

ਉਪਰੋਕਤ ਅਤੇ ਇਸੇ ਤਰ੍ਹਾਂ ਦੀਆਂ ਅਨੇਕਾਂ ਹੋਰ ਲਿਖਤਾਂ ਸਿੱਧ ਕਰਦੀਆਂ ਹਨ ਕਿ ਸੌਦਾ ਸੰਪਾਦਕ ਗੁਰੂ ਗ੍ਰੰਥ ਸਾਹਿਬ ਨੂੰ ਵੀ ਗੁਰੂ ਨਹੀਂ ਮੰਨਦਾ। ਸਮੇਂ-ਸਮੇਂ ’ਤੇ ਇਸ ਨਾਲ ਡਟ ਕੇ ਖੜ੍ਹੇ ਵਿਦਵਾਨਾਂ ਨਾਲ ਇਸ ਸਬੰਧੀ ਵੀਚਾਰਾਂ ਹੁੰਦੀਆਂ ਤਾਂ ਉਹ ਇਹ ਹੀ ਜਵਾਬ ਦਿੰਦੇ ਕਿ ਉਹ ਮੰਨਦੇ ਹਨ ਕਿ ‘‘ਇਸ ਦੀਆਂ ਇਹ ਲਿਖਤਾਂ ਪੰਥ ਲਈ ਘਾਤਕ ਹਨ ਪਰ ਦੂਸਰੇ ਪਾਸੇ ਸੋਚੋ ਕਿ ਆਰ.ਐੱਸ.ਐੱਸ., ਦੇਹਧਾਰੀ ਗੁਰੂਆਂ, ਸੰਪ੍ਰਦਾਈਆਂ ਤੇ ਪੁਜਾਰੀਵਾਦ ਨੇ ਪੰਥ ’ਤੇ ਚਹੁੰ ਤਰਫਾ ਹਮਲਾ ਕੀਤਾ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਆਪਣਾ ਫ਼ਰਜ਼ ਭੁਲਾ ਕੇ ਉਨ੍ਹਾਂ ਦੀ ਪਿੱਠ ’ਤੇ ਖੜ੍ਹੇ ਹਨ। ਤਖ਼ਤਾਂ ਦੇ ਜਥੇਦਾਰ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਧੜੇ ਦੀਆਂ ਕਠਪੁਤਲੀਆਂ ਬਣੀਆਂ ਹੋਈਆਂ ਹਨ। ਇਹ ਸਾਰੇ ਮਿਲ ਕੇ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗੰ੍ਰਥ ਸਾਹਿਬ ਜੀ ਦੇ ਮੁਕਾਬਲੇ ’ਤੇ ਦੂਸਰਾ ਗੁਰੂ ਸਥਾਪਤ ਕਰਨ ਲਈ ਬਜ਼ਿੱਦ ਹਨ। ਪੰਜਾਬ ’ਚ ਐਸਾ ਕੋਈ ਹੋਰ ਮੀਡੀਆ ਨਹੀਂ ਜਿਹੜਾ ਆਪਣੀ ਕੋਈ ਖ਼ਬਰ ਲਾਉਂਦਾ ਹੋਵੇ। ਇਸ ਹਾਲਤ ’ਚ ਕਿਸੇ ਪਾਸੇ ਤੋਂ ਕੋਈ ਆਸ ਦੀ ਕਿਰਨ ਨਹੀਂ ਦਿਸਦੀ। ਆਪਣੇ ਕੋਲ ਇੱਕੋ ਇੱਕ ਮੀਡੀਆ ਹੈ ਸਪੋਕਸਮੈਨ ਜਿਸ ਨੇ ਕਾਫੀ ਹੱਦ ਤੱਕ ਪੁਜਾਰੀਵਾਦ ਅਤੇ ਡੇਰੇਦਾਰ ਸਾਧਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਜੇ ਆਪਾਂ ਇਸ ਦਾ ਵਿਰੋਧ ਕਰਕੇ ਇਸ ਨੂੰ ਕਮਜੋਰ ਕਰ ਲਿਆ ਤਾਂ ਉਹ ਫਿਰ ਸਿਰ ਚੁੱਕ ਲੈਣਗੇ।’’ ਉਹ ਸਿਆਸੀ ਨੁਕਤਾ ਸਮਝਾਉਂਦੇ ਹੋਏ ਇਹ ਵੀ ਕਹਿੰਦੇ ਹਨ ਕਿ ਪਹਿਲਾਂ ਇਸ ਤੋਂ ਕੰਮ ਲੈ ਲਈਏ ਅਸੀਂ ਇੰਨੇ ਭੋਲੇ ਨਹੀਂ ਕਿ ਅੱਖਾਂ ਮੀਚ ਕੇ ਇਸ ਦੇ ਮਗਰ ਹੀ ਤੁਰੇ ਜਾਵਾਂਗੇ। ਜਦੋਂ ਪਾਣੀ ਸਿਰ ਤੋਂ ਲੰਘਣ ਲੱਗਾ ਝੱਟ ਇਸ ਦਾ ਸਾਥ ਛੱਡ ਦੇਵਾਂਗੇ।

ਉਕਤ ਸਲਾਹਕਾਰਾਂ ਦੀ ਸਲਾਹ ਮੰਨ ਕੇ, ਮੈਂ ਵੀ ਕਾਫੀ ਸਮਾਂ ਸੌਦਾ ਸੰਪਾਦਕ ਦਾ ਸਾਥ ਦਿੱਤਾ। ਪਰ ਉਹ ਸਮਝ ਚੁੱਕਾ ਸੀ ਕਿ ਅਖ਼ਬਾਰ ਵਿੱਚ ਰਹਿੰਦੇ ਹੋਏ ਕਿਰਪਾਲ ਸਿੰਘ ਬਾਕੀ ਸਮਰਥਕਾਂ ਨੂੰ ਵੀ ਖ਼ਰਾਬ (ਜਾਗਰੁਕ) ਕਰ ਸਕਦਾ ਹੈ। ਇਸ ਲਈ ਉਸ ਨੇ ਮੈਨੂੰ ਬਾਹਰ ਕੱਢਣਾ ਹੀ ਠੀਕ ਸਮਝਿਆ। ਕਾਫੀ ਸਮਾਂ ਤਾਂ ਮੈਂ ਚੁੱਪ ਰਿਹਾ ਪਰ ਜਦ ਵੇਖਿਆ ਕਿ ਇਹ ਗੁਰੂ ਗੰ੍ਰਥ ਸਾਹਿਬ ਜੀ ’ਤੇ ਹਮਲੇ ਤੇਜ ਕਰ ਰਿਹਾ ਹੈ ਤਾਂ ਮੈਂ ਆਪਣਾ ਕੌਮੀ ਫ਼ਰਜ਼ ਸਮਝ ਕੇ ਸਿੱਖ ਸੰਗਤਾਂ ਨੂੰ ਜਾਗ੍ਰਿਤ ਕਰਨ ਲਈ ਇਸ ਦੇ ਅਖ਼ਬਾਰ ’ਚੋਂ ਮਿਤੀਆਂ ਸਹਿਤ ਹਵਾਲੇ ਦੇ ਕੇ ਲੇਖ ਲਿਖਣੇ ਸ਼ੁਰੂ ਕਰ ਦਿੱਤੇ। ਸੌਦਾ ਸੰਪਾਦਕ ਨੇ ਉਨ੍ਹਾਂ ਲੇਖਾਂ ਦਾ ਜਵਾਬ ਦੇਣ ਦੀ ਥਾਂ ਮੇਰੇ ’ਤੇ ਇਹ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਕਿ ਇਸ ਦੀਆਂ ਆਪਹੁਦਰੀਆਂ ਕਾਰਣ ਇਸ ਨੂੰ ਕੱਢ ਦਿੱਤਾ ਗਿਆ ਜਿਸ ਕਾਰਣ ਗੁੱਸੇ ਵਿੱਚ ਆਇਆ ਇਹ ਲਿਖ ਰਿਹਾ ਹੈ ਤੇ ਦੂਸਰੇ ਪਾਸੇ ਇਸ ਦੇ ਸਮਰਥਕ ਮੈਨੂੰ ਮਨਾਉਣ ਦਾ ਯਤਨ ਕਰਦੇ ਰਹੇ ਕਿ ਇਹ ਕੌਮ ਵਿੱਚ ਕਾਫੀ ਜਾਗ੍ਰਿਤੀ ਪੈਦਾ ਕਰ ਰਿਹਾ ਹੈ ਇਸ ਲਈ ਉਸ ਨਾਲ ਮਿਲ ਕੇ ਚੱਲਿਆ ਜਾਵੇ। ਇਸ ਦੀਆਂ ਉਕਤ ਲਿਖਤਾਂ ਵਲ ਧਿਆਨ ਦਿਵਾਉਣ ’ਤੇ ਉਨ੍ਹਾਂ ਦਾ ਜਵਾਬ ਇਹੀ ਹੁੰਦਾ ਸੀ ਕਿ ਅਸੀਂ ਸੰਪਾਦਕ ਨਾਲ ਗੱਲ ਕੀਤੀ ਹੈ ਉਹ ਤਾਂ 10 ਗੁਰੂਆਂ ਅਤੇ ਗੁਰੂ ਗੰ੍ਰਥ ਸਾਹਿਬ ਨੂੰ ਮੰਨਦੇ ਹਨ। ਇਥੋਂ ਤੱਕ ਮੈਂ ਇਨ੍ਹਾਂ ਵੀਰਾਂ ਦੀ ਸੁਹਿਰਦਤਾ ’ਤੇ ਕੋਈ ਸ਼ੱਕ ਨਹੀਂ ਸੀ ਕਰਦਾ ਪਰ ਉਸ ਅਖ਼ਬਾਰ ਲਈ ਪੱਤਰਕਾਰੀ ਕਰਨ ਤੋਂ ਇਨਕਾਰ ਕਰਦਾ ਰਿਹਾ ਕਿ ਜਦ ਤੱਕ ਉਹ ਆਪਣੀ ਨਿਜੀ ਡਾਇਰੀ ਜਾਂ ਸੰਪਾਦਕੀ ਵਿੱਚ ਸਪੱਸ਼ਟ ਨਹੀਂ ਕਰਦੇ, ਉਸ ਸਮੇਂ ਤੱਕ ਮੇਰਾ ਉਸ ਨਾਲ ਮਿਲ ਕੇ ਚੱਲਣਾ ਅਸੰਭਵ ਹੈ। ਅਖੀਰ 28 ਅਗੱਸਤ 2010 ਨੂੰ ਪ੍ਰੋ: ਇੰਦਰ ਸਿੰਘ ਘੱਗਾ ਅਤੇ ਸ: ਗੁਰਚਰਨ ਸਿੰਘ ਜਿਉੇਣਵਾਲਾ ਜੀ ਮੇਰੇ ਘਰ ਆਏ ਅਤੇ ਦੋ ਨੁਕਤਿਆਂ ’ਤੇ ਗੱਲਬਾਤ ਹੋਈ। ਪਹਿਲਾ ਨੁਕਤਾ ਸੀ ‘‘ਉਹ ਕਿਹੜਾ ਸ਼ਬਦ ਹੈ ਜਿਸ ਨੂੰ ਗੁਰੂ ਨਾਨਕ ਨੇ ਆਪਣਾ ਗੁਰੂ ਕਿਹਾ ਸੀ’’ ਅਤੇ ਦੂਸਰਾ ਸੀ ‘‘ਜੇਕਰ ਸਪੋਕਸਮੈਨ ਨਾਲ ਮਿਲ ਕੇ ਨਹੀਂ ਚੱਲ ਸਕਦੇ ਤਾਂ ਉਸ ਦਾ ਵਿਰੋਧ ਨਾ ਕਰੋ’’। ਮੈਂ ਆਪਣੇ ਕੋਲੋਂ ਕੋਈ ਗੱਲ ਵਧਾ ਚੜ੍ਹਾ ਕੇ ਨਹੀਂ ਲਿਖੀ ਬਲਕਿ ਉਨ੍ਹਾਂ ਵਲੋਂ ਪੁੱਛੇ ਗਏ ਸੁਆਲਾਂ ਦੇ ਹੀ ਉੱਤਰ ਦਿੱਤੇ ਜੋ ਇਨ੍ਹਾਂ ਨੇ ਕੀਤੇ ਸਨ। ਮੇਰੇ ਵਲੋਂ ‘ਗੁਰੂ ਨਾਨਕ ਦਾ ਗੁਰੂ ਕੌਣ’ ਲੇਖ ਛਪ ਜਾਣ ਪਿੱਛੋਂ ਇੱਕ ਪਾਸੇ ਤਾਂ ਇਹ ਵੀਰ ਦੋਸ਼ ਲਾ ਰਹੇ ਹਨ ਕਿ ਜਿਹੜੀਆਂ ਗੱਲਾਂ ਹੋਈਆਂ ਹੀ ਨਹੀਂ, ਉਨ੍ਹਾਂ ਨੂੰ ਉਛਾਲਣ ਵਿੱਚ ਇਹ ਪੱਤਰਕਾਰ ਬੜਾ ਮਾਹਰ ਹੈ ਅਤੇ ਦੂਸਰੇ ਪਾਸੇ ਸ: ਗੁਰਚਰਨ ਸਿੰਘ ਵਲੋਂ ਲਿਖਤੀ ਰੂਪ ਵਿੱਚ ਵੀ ਉਹ ਸਵਾਲ ਇੰਟਰਨੈੱਟ ’ਤੇ ਪਾਏ ਅਤੇ ਇਕਬਾਲ ਕੀਤਾ ਕਿ ਅਸੀਂ ਤਾਂ ਇਹੀ ਸਵਾਲ ਕੀਤੇ ਸਨ। ਸ: ਗੁਰਚਰਨ ਸਿੰਘ ਦੇ ਪੱਤਰ ਵਿਚੋਂ ਵੀ ਪੜ੍ਹ ਕੇ ਵੇਖ ਲਵੋ ਉਹ ਸਪੋਕਸਮੈਨ ਦੀਆਂ ਹਵਾਲੇ ਅਧੀਨ ਉਕਤ ਲਿਖਤਾਂ ਨਾਲ ਹੀ ਮਿਲਦੇ ਹਨ ਤੇ ਇਨ੍ਹਾਂ ਸਵਾਲਾਂ ਦੇ ਜਵਾਬ ਹੀ ਦਿੱਤੇ ਗਏ ਸਨ। ਇਸ ਲੇਖ ਨੇ ਸੌਦਾ ਸੰਪਾਦਕ ਅਤੇ ਉਸ ਦੇ ਸਮਰਥਕਾਂ ਨੂੰ ਬੇਹੱਦ ਤਕਲੀਫ ਪਹੁੰਚਾਈ, ਉਸ ਸਮੇਂ ਤੋਂ ਇੰਡੀਆ ਅਵੇਅਰਨੈੱਸ ਅਤੇ ਸਿੱਖ ਮਾਰਗ ’ਤੇ ਭਰਵੀਂ ਬਹਿਸ ਵੀ ਚੱਲ ਰਹੀ ਹੈ ਪਰ ਅੱਜ ਤੱਕ ਕਿਸੇ ਨੇ ਵੀ ਨਾ ਤਾਂ ਉਕਤ ਲਿਖਤਾਂ ਦਾ ਸਪੱਸ਼ਟੀਕਰਨ ਦਿੱਤਾ ਅਤੇ ਨਾ ਹੀ ਮੇਰੇ ਲੇਖ ਨਾਲ ਸਹਿਮਤੀ ਪ੍ਰਗਟ ਕੀਤੀ ਸਗੋਂ ਮੇਰੇ ’ਤੇ ਘਟੀਆ ਊਝਾਂ ਲਾ ਕੇ ਆਪਣੀ ਜਾਗਰੂਕਤਾ ਦਾ ਜਲੂਸ ਕੱਢ ਰਹੇ ਹਨ।

ਇੱਕ ਨੇ ਕਿਹਾ ਜੋਗਿੰਦਰ ਸਿੰਘ ਹਾਥੀ ਹੈ ਅਤੇ ਸਾਰੇ ਮਿਸ਼ਨਰੀ ਕੀੜੀ ਬਰਾਬਰ ਹਨ। ਦੂਜੇ ਨੇ ਕਿਹਾ ਕਿ ਘਰ ਵਿੱਚ ਬੈਠ ਕੇ ਹੋਈ ਗੱਲਬਾਤ ਨੂੰ ਮੀਡੀਏ ਵਿੱਚ ਲੈ ਜਾਣ ਦਾ ਤੁਹਾਡਾ ਕੀ ਮਤਲਬ ਹੋਇਆ। ਜੇ ਤਹਾਡਾ ਮਕਸਦ ਜੋਗਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਬਦਨਾਮ ਕਰਨ ਦਾ ਹੀ ਹੈ ਤਾਂ ਉਹ ਪੂਰਾ ਹੋ ਗਿਆ ਹੈ, ਹੁਣ ਕੋਈ ਹੋਰ ਗੱਲ ਕਰੋ। ਤੀਜੇ ਨੇ ਕਿਹਾ ਸਿਆਣੇ ਸੰਪਾਦਕ ਨੇ ਗੁਰਨਾਮ ਸਿੰਘ ਅਕੀਦਾ ਅਤੇ ਕਿਰਪਾਲ ਸਿੰਘ ਨੂੰ ਉਨ੍ਹਾਂ ਦੀਆਂ ਆਪ-ਹੁਦਰੀਆਂ ਕਾਰਨ ਕੱਢ ਦਿੱਤਾ ਤੇ ਹੁਣ ਉਹ ਕੱਢੇ ਹੋਏ ਪੱਤਰਕਾਰ ਉਸ ਨੂੰ ਬਦਨਾਮ ਕਰਨ ’ਤੇ ਲੱਗੇ ਹੋਏ ਹਨ। ਚੌਥੇ ਨੇ ਕਿਹਾ, ਜਿਹੜੀਆਂ ਗੱਲਾਂ ਕਦੀ ਹੋਈਆਂ ਹੀ ਨਹੀਂ ਉਨ੍ਹਾਂ ਨੂੰ ਉਛਾਲਣ ਵਿੱਚ ਤਾਂ ਇਹ ਪੱਤਰਕਾਰ ਬੜਾ ਮਾਹਰ ਹੈ ਪਰ ਜਿਹੜੀ ਗਿਆਨੀ ਹਰਿੰਦਰ ਸਿੰਘ ਅਲਵਰ ਨੇ ਬਚਿੱਤਰ ਨਾਟਕ ਚੋਂ ਤੁਕਾਂ ਪੜ੍ਹੀਆਂ ਅਤੇ ਕਰੋੜਾਂ ਸੰਗਤਾਂ ਨੇ ਟੀਵੀ ਚੈਨਲ ਰਾਹੀਂ ਸੁਣੀਆਂ, ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਕੇ ਉਸ ਨੇ ਸੰਗਤਾਂ ਨਾਲ ਧੋਖਾ ਕੀਤਾ ਹੈ। ਉਹ ਦੱਸੇ ਕਿ ਗਿਆਨੀ ਅਲਵਰ ਵਲੋਂ ਕਹੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਲਈ ਉਸ ਨਾਲ ਕਿੰਨੇ ਵਿੱਚ ਸੌਦਾ ਹੋਇਆ ਹੈ। ਪੰਜਵੇਂ ਨੇ ਕਿਹਾ ਇਸ ਗੁੰਮਨਾਮ ਜਿਹੇ ਵਿਅਕਤੀ ਦੇ ਲੇਖ ਅਤੇ ਟਿਪਣੀਆਂ ਸਪੋਕਸਮੈਨ ’ਚ ਛਪਣ ਕਰਕੇ ਇਸ ਦੀ ਪੰਥ ਵਿੱਚ ਪਹਿਚਾਣ ਬਣ ਗਈ ਤਾਂ ਇਸ ਦਾ ਦਿਮਾਗ ਖ਼ਰਾਬ ਹੋ ਗਿਆ ਹੈ ਅਤੇ ਇਸ ਦੇ ਆਪ-ਹੁਦਰੇਪਨ ਕਾਰਣ ਕੱਢੇ ਜਾਣ ’ਤੇ ਸਪੋਕਸਮੈਨ ਵਿਰੁਧ ਜ਼ਹਿਰ ਉਗਲਣ ਲੱਗ ਪਿਆ ਹੈ।

ਇਸੇ ਤਰ੍ਹਾਂ ਇਨ੍ਹਾਂ ਦੇ ਬਾਕੀ ਦੇ ਸਾਥੀ ਆਪ ਕਿਸੇ ਭੁਲੇਖੇ ਵਿੱਚ ਤਾਂ ਨਹੀਂ ਪਰ ਪਾਠਕਾਂ ਦਾ ਅਸਲੀ ਗੱਲ ਤੋਂ ਧਿਆਨ ਲਾਂਭੇ ਕਰਨ ਲਈ ਵੱਖ ਵੱਖ ਊਝਾਂ ਲਾਉਂਦੇ ਹੋਏ ਆਪਣੇ ਪਹਿਲਾਂ ਲਾਏ ਦੋਸ਼ਾਂ ਨੂੰ ਆਪ ਹੀ ਕੱਟ ਰਹੇ ਹਨ ਜਿਵੇਂ ਇੱਕ ਨੇ ਕਿਹਾ ਕਿ ਏਕਸ ਕੇ ਬਾਰਕ ਦੀਆਂ ਮੀਟਿੰਗਾਂ ਵਿੱਚ ਇਸ ਵਲੋਂ ਨਿਭਾਇਆ ਜਾਂਦਾ ਰੋਲ ਹੀ ਇਸ ਨੂੰ ਕੱਢਣ ਲਈ ਕਾਫੀ ਸੀ ਪਰ ਸਾਡੀ ਸਿਫ਼ਾਰਸ਼ ’ਤੇ ਇਸ ਨੂੰ ਕੁਝ ਸਮਾਂ ਹੋਰ ਦਿੱਤਾ ਗਿਆ ਪਰ ਇਹ ਫਿਰ ਵੀ ਆਪਹੁਦਰੀਆਂ ਕਰਨ ’ਤੇ ਨਾ ਰੁਕਿਆ ਤਾਂ ਇਸ ਨੂੰ ਕੱਢ ਦਿੱਤਾ ਗਿਆ। ਦੂਜੇ ਨੇ ਕਿਹਾ ਮੈਂ ਖ਼ੁਦ ਇਸ ਨੂੰ ਮੁੜ ਰੱਖਣ ਲਈ ਸ: ਜੋਗਿੰਦਰ ਸਿੰਘ ਕੋਲ ਲੈ ਕੇ ਜਾਂਦਾ ਰਿਹਾ ਹਾਂ ਪਰ ਉਹ ਨਹੀਂ ਮੰਨੇ। ਇਨ੍ਹਾਂ ਦਾ ਦੂਜਾ ਸਾਥੀ ਲਿਖਤੀ ਰੂਪ ਵਿੱਚ ਮੰਨ ਚੁੱਕਾ ਹੈ ਕਿ ਅਸੀਂ ਕਿਰਪਾਲ ਸਿੰਘ ਨੂੰ ਇਹ ਕਹਿਣ ਗਏ ਸੀ ਕਿ ਜੇ ਉਹ ਸਪੋਕਸਮੈਨ ਨਾਲ ਕੰਮ ਨਹੀਂ ਕਰ ਸਕਦੇ ਤਾਂ ਉਸ ਦਾ ਵਿਰੋਧ ਨਾ ਕਰਨ। ਇਹ ਕਥਨ ਇਨ੍ਹਾਂ ਦੇ ਪਹਿਲੇ ਕਥਨਾਂ ਨੂੰ ਕੱਟ ਰਿਹਾ ਹੈ ਕਿੳਂਕਿ ਇਨ੍ਹਾਂ ਅਨੁਸਾਰ ਮੈਂ ਤਾਂ ਮੁੜ ਸਪੋਕਸਮੈਨ ’ਚ ਪੱਤਰਕਾਰ ਬਣਨ ਲਈ ਇਨ੍ਹਾਂ ਦੀਆਂ ਮਿੰਨਤਾਂ ਕਰਦਾ ਹੀ ਰਿਹਾ ਹਾਂ, ਫਿਰ ਇਹ ਮੈਨੁੂੰ ਮਨਾਉਣ ਕੀ ਆਏ ਸਨ? ਜਿਸ ਵਿਸ਼ੇ ’ਤੇ ਲੇਖ ਲਿਖਿਆ ਜਾ ਰਿਹਾ ਹੈ ਉਸ ਸਦੰਰਭ ’ਚ ਅਜਿਹੇ ਸਪੱਸ਼ਟੀਕਰਨ ਦੇਣ ਦੀ ਕੋਈ ਲੋੜ ਨਹੀਂ ਪਰ ਟੂਕ-ਮਾਤਰ ਦੇਣ ਦੀ ਲੋੜ ਇਸ ਲਈ ਪਈ ਕਿਉਂਕਿ ਇਹ ਸਾਰੇ ਠੱਗਾਂ ਦੇ ਉਸ ਗਰੋਹ ਵਾਂਗ ਕੰਮ ਕਰ ਰਹੇ ਹਨ ਜਿਨ੍ਹਾਂ ਨੇ ਬੱਕਰੀ ਦਾ ਬੱਚਾ ਚੁੱਕੀ ਜਾਂਦੇ ਇਕ ਭੋਲੇ ਭਾਲੇ ਕਿਸਾਨ ਨੂੰ ਠੱਗਣ ਲਈ ਵੱਖ ਵੱਖ ਥਾਂਈ ਇੱਕ ਤੋਂ ਬਾਅਦ ਦੂਜੇ ਨੇ ਕਿਹਾ ਕਿ ਇਸ ਕਾਲੇ ਕੁੱਤੇ ਨੂੰ ਮੋਢਿਆਂ ’ਤੇ ਕਿਉਂ ਚੁੱਕੀ ਜਾਂਦਾ ਹੈਂ? 4-5 ਤੋਂ ਇੱਕੋ ਸਵਾਲ ਸੁਣ ਕੇ ਕਿਸਾਨ ਨੂੰ ਲੱਗਾ ਕਿ ਇਤਨੇ ਜਣੇ ਤਾਂ ਗਲਤ ਨਹੀਂ ਹੋਣਗੇ ਸ਼ਾਇਦ ਮੈਨੂੰ ਹੀ ਗਲਤੀ ਲੱਗੀ ਹੋਵੇ, ਇਸ ਲਈ ਉਸ ਨੇ ਉਹ ਪਠੋਰਾ ਸੁੱਟ ਦਿੱਤਾ ਜਿਸ ਨੂੰ ਪਿਛੇ ਆ ਰਹੇ ਠੱਗ ਨੇ ਚੁੱਕ ਲਿਆ।

ਇਸੇ ਤਰ੍ਹਾਂ ਅਸਲੀ ਗੱਲ ਤੋਂ ਧਿਆਨ ਹਟਾਉਣ ਲਈ ਇਹ ਸਾਰੇ ਹਿਜ਼ ਮਾਸਟਰਜ਼ ਵੋਇਸ (His Master's Voice) ਬਣ ਕੇ ਇੱਕ ਟੀਮ ਦੇ ਤੌਰ ’ਤੇ ਕੰਮ ਕਰ ਰਹੇ ਹਨ। .ਜਤ ਝ਼ਤਵਕਗ’ਤ ੜਰਜਫਕ ਕੌਣ ਹੁੰਦੇ ਹਨ ਇਸ ਦੀ ਵਿਆਖਿਆ ਕਰਨ ਦੀ ਇੱਥੇ ਲੋੜ ਨਹੀਂ ਕਿਉਂਕਿ ਗਿਆਨੀ ਹਰਿੰਦਰ ਸਿੰਘ ਅਲਵਰ ਇਸ ਦੀ ਬੜੇ ਵਿਸਥਾਰ ਨਾਲ ਗੁਰਦੁਆਰਾ ਬੰਗਲਾ ਸਾਹਿਬ ਤੋਂ ਚੜ੍ਹਦੀਕਲਾ ਟੀਵੀ ਰਾਹੀਂ ਵਿਆਖਿਆ ਕਰ ਚੁੱਕੇ ਹਨ। ਭਾਵੇਂ ਕਿ ਉਸ ਵੇਲੇ ਉਨ੍ਹਾਂ ਦਾ ਇਸ਼ਾਰਾ ਅਖੌਤੀ ਜਥੇਦਾਰਾਂ ਵਲ ਸੀ ਪਰ ਹਾਲਾਤ ਇਥੇ ਵੀ ਅਜੇਹੇ ਹਨ ਕਿ ਜਿਹੜੇ ਕਿਸੇ ਵੇਲੇ ਮੇਰੀ ਸਿਧਾਂਤਕ ਪਹੁੰਚ ਕਾਰਨ ਮੇਰੀ ਸਿਫਤ ਕਰਦੇ ਸਨ, ਉਹ ਹੀ ਅੱਜ ਮੇਰੇ ’ਤੇ ਊਝਾਂ ਲਗਾਉਣ ਲੱਗ ਪਏ ਹਨ।

ਆਪਣੇ ਮਿੱਤਰਾਂ ਦੀ ਅਜਿਹੀ ਹਾਲਤ ਵੇਖ ਕੇ ਜਿਥੇ ਦੁੱਖ ਹੋ ਰਿਹਾ ਹੈ ਉਥੇ ਇਨ੍ਹਾਂ ’ਤੇ ਤਰਸ ਵੀ ਆ ਰਿਹਾ ਹੈ। ਇਨ੍ਹਾਂ ਦੇ ਇਕ ਟੀਮ ਵਜੋਂ ਕੰਮ ਕਰਨ ਦਾ ਸਬੂਤ ਇਨ੍ਹਾਂ ਆਪ ਹੀ ਦੇ ਦਿੱਤਾ ਹੈ ਕਿ ਪਹਿਲਾਂ ਤਾਂ ਜਿਸ ਗੁਰਨਾਮ ਸਿੰਘ ਅਕੀਦੇ ਦੀ ਇਸ ਤੋਂ ਪਹਿਲਾਂ ਕਦੀ ਕੋਈ ਰਚਨਾ ਸਿੱਖ ਮਾਰਗ ’ਤੇ ਪਈ ਹੀ ਨਹੀਂ ਸੀ, ਉਸ ਦਾ ਨਾਮ ਇਨ੍ਹਾਂ ਦੇ ਇਕ ਸਾਥੀ ਨੇ ਖਾਹ-ਮਖਾਹ ਹੀ ਘਸੀਟਿਆ ਅਤੇ ਫਿਰ ਉਨ੍ਹਾਂ ਵਲੋਂ ਕੀਤੀ ਇਸ ਪੁੱਛ ‘ਅਖੌਤੀ ਦਸਮ ਗ੍ਰੰਥ ਦੇ ਨਾਂ ਉਤੇ ਕੀ ਫਿਰ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੁੜ ਸੰਪਾਦਨ ਕਰਨ ਦੇ ਹਾਮੀ ਹੋ?’ ਨੂੰ ਤਾਂ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕਰ ਰਹੇ ਹਨ ਪਰ ਪੂਰੀ ਟੀਮ ਦੇ ਦਸਖ਼ਤਾਂ ਹੇਠ ਉਨ੍ਹਾਂ ਨੂੰ ਦੋ ਚਿੱਠੀਆਂ ਲਿਖੀਆਂ ਜਿਨ੍ਹਾਂ ਦਾ ਤੱਤਸਾਰ ਸੀ, ‘‘ਸਾਨੂੰ ਤੁਹਾਡਾ ਨਵੀਂ ਬਹਿਸ ਸ਼ੁਰੂ ਕਰਨ ਦਾ ਸੱਦਾ ਪ੍ਰਵਾਨ ਹੈ। ਬਹਿਸ ਲਈ ਜਿਸ ਵਿਸ਼ੇ ਦੀ ਤੁਸੀ ਚੋਣ ਕੀਤੀ ਹੈ ਉਹ ਹੈ ‘ਅਖੌਤੀ ਦਸਮ ਗ੍ਰੰਥ’। ਇਸ ਬਹਿਸ ਵਿੱਚ ਕਿਸੇ ਤੀਜੇ ਵਿਅਕਤੀ ਦਾ ਨਾਮ ਨਹੀਂ ਆਉਣਾ ਚਾਹੀਦਾ। ਜੇ ਕਿਸੇ ਨਾਲ ਤੁਹਡਾ ਕੋਈ ਨਿਜੀ ਮੱਤਭੇਦ ਹੈ ਤਾਂ ਉਸ ਨੂੰ ਆਪਣੀ ਵੈਬ ਸਾਈਟ ‘ਇੰਡੋ ਪੰਜਾਬ’ ਤੇ ਨਜਿਠੋ।’

ਇਸ ਦਾ ਸਿੱਧਾ ਭਾਵ ਹੈ ਕਿ ਇਹ ਵੀਰ ਸੌਦਾ ਸੰਪਾਦਕ ਦੇ ਹੱਕ ਵਿੱਚ ਡਟ ਕੇ ਖੜ੍ਹੇ ਹਨ ਇਸੇ ਲਈ ਉਸ ਵਲੋਂ ਧਿਆਨ ਹਟਾ ਕੇ ਸਿਰਫ ਅਖੌਤੀ ਦਸਮ ਗ੍ਰੰਥ ਤੇ ਕੇਂਦਰਿਤ ਕਰਕੇ ਸੌਦਾ ਸੰਪਾਦਕ ਨੂ ਹੀਰੋ ਦੇ ਰੂਪ ’ਚ ਉਭਾਰਨਾ ਚਾਹੁੰਦੇ ਹਨ ਕਿ ਸਿਰਫ ਇਸ ਦੀ ਅਗਵਾਈ ’ਚ ਹੀ ਦਸਮ ਗੰ੍ਰਥ ਵਿਰੁੱਧ ਲੜਾਈ ਜਿਤੀ ਜਾ ਸਕਦੀ ਹੈ ਅਤੇ ਇਸ ਦਾ ਵਿਰੋਧ ਕਰਨ ਵਾਲੇ ਨਾਨਕ ਫ਼ਲਸਫ਼ੇ ਦੇ ਵਿਰੋਧੀ ਹਨ। ਜੇ ਇਨ੍ਹਾਂ ਦੀ ਭਾਵਨਾ ਸਹੀ ਹੁੰਦੀ ਤਾਂ ਇਨ੍ਹਾਂ ਦੇ ਨਾਲ ਦਸਤਖ਼ਤ ਕਰਨ ਵਾਲੇ ਇੱਕ ਸਾਥੀ ਨੂੰ ਪੁਛਦੇ ਕਿ ਕੀ ਤੇਰੀ ਤਸੱਲੀ ਹੋ ਗਈ ਹੈ ਕਿ ਗੁਰੂ ਨਾਨਕ ਨੇ ਕਿਹੜੇ ਸ਼ਬਦ ਨੂੰ ਗੁਰੂ ਆਖਿਆ ਸੀ? ਜੇ ਨਹੀਂ ਹੋਈ ਤਾਂ ਸਭ ਤੋਂ ਪਹਿਲਾਂ ਇਸ ਸਬੰਧੀ ਚੱਲ ਰਹੀ ਬਹਿਸ ਵਿੱਚ ਆਪਣਾ ਯੋਗਦਾਨ ਪਾਉਂਦੇ ਅਤੇ ਇਹ ਸਵਾਲ ਖੜ੍ਹਾ ਕਰਨ ਵਾਲੇ ਸੰਪਾਦਕ ਨੂੰ ਪੁੱਛਦੇ ਕਿ ਉਸ ਨੂੰ ਗੁਰੂ ਨਾਨਕ ਸਾਹਿਬ ਦੱਸ ਕੇ ਗਏ ਸਨ ਜਾਂ ਸਿੱਧਾ ਅਕਾਲ ਪੁਰਖ਼ ਨੇ ਆ ਕੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਕੋਈ ਸ਼ਬਦ ‘ਗੁਰੂ’ ਨਹੀਂ ਹੈ, ਗੁਰੂ ਤਾਂ ਆਹ ‘ਸ਼ਬਦ’ ਹੈ ਜਿਹੜਾ ਮੈਂ ਸ੍ਰਿਸਟੀ ਸਾਜਨ ਵੇਲੇ ਉਚਾਰਿਆ ਸੀ। ਕਿਉਂਕਿ ਸ੍ਰਿਸ਼ਟੀ ਸਾਜਨ ਵੇਲੇ ਹੋਰ ਕੋਈ ਦੂਜਾ ਮਨੁੱਖ ਤਾਂ ਉਸ ਵੇਲੇ ਹਾਜ਼ਰ ਹੀ ਨਹੀਂ ਸੀ। ਫਿਰ ਤੀਜਾ ਕਿਹੜਾ ਮਨੁੱਖ ਇਸ ਦੇ ਕੰਨ ਵਿੱਚ ਫੁਕ ਮਾਰ ਗਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਕੋਈ ਸ਼ਬਦ ਗੁਰੂ ਨਹੀਂ ਹੈ? ਜਦ ਤੱਕ ਸਾਨੂੰ ਆਪਣੇ ਗੁਰੂ ਸਬੰਧੀ ਹੀ ਜਾਣਕਾਰੀ ਨਹੀਂ ਉਸ ਦੇ ਨਾਮ ’ਤੇ ਬਹਿਸ ਕਰਨੀ "ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ" ਵਾਂਗ ਹੀ ਹੈ ਪਰ ਇਨ੍ਹਾਂ ਵੀਰਾਂ ਨੇ ਤਾਂ ਲੇਖੈ ਵਾਲੀ ਇੱਕ ਗੱਲ ਕਰਨ ਦੀ ਥਾਂ ਹਊਂਮੈ ਵਿੱਚ ਆ ਕੇ ਅਤੇ His Master's Voice ਬਣਕੇ ਨਿਜੀ ਦੂਸ਼ਣਬਾਜ਼ੀ ਕਰ ਕੇ ਝਖਣਾ ਝਾਖਣ ਤੋਂ ਸਿਵਾਏ ਹੋਰ ਕੁਝ ਨਹੀਂ ਕੀਤਾ।

ਸਿੱਖ ਮਾਰਗ ਦੇ ਸੰਪਾਦਕ ਸ: ਮੱਖਨ ਸਿੰਘ ਸਿੰਘ ਵਲੋਂ ਲਏ ਗਏ ਫੈਸਲੇ ਅਨੁਸਾਰ ਇਹ ਬਹਿਸ 31 ਦਸੰਬਰ ਤਕ ਚੱਲਣੀ ਹੈ ਇਸ ਲਈ ਉਸ ਤੋਂ ਪਹਿਲਾਂ-ਪਹਿਲਾਂ ਇਸ ਦਾ ਉੱਤਰ ਉਸ ਤੋਂ ਪੁੱਛ ਕੇ ਦੇਣ ਤਾਂਕਿ ਬਹਿਸ ਦਾ ਸੁਖਾਵਾਂ ਅੰਤ ਹੋ ਸਕੇ। ਨਹੀਂ ਤਾਂ ਇਹ ਸਮਝਿਆ ਜਾਵੇਗਾ ਕਿ ਇਸ ਬਹਿਸ ’ਚ ਹਿੱਸਾ ਲੈਣ ਵਾਲੇ ਅਤੇ ਉਸ ਦਾ ਸਮਰਥਨ ਕਰਨ ਵਾਲੇ, ਮੌਜੂਦਾ ਗੁਰੂ ਗ੍ਰੰਥ ਸਾਹਿਬ ਨੂੰ ਰੱਦ ਕਰਨ ਲਈ ਸਾਰੇ ਉਸ ਦੇ ਸਹਾਇਕ ਵਜੋਂ ਕੰਮ ਕਰ ਰਹੇ ਹਨ। ਕਿਉਂਕਿ ਗੁਰੂ ਗ੍ਰੰਥ ਸਾਹਿਬ ’ਚ ਬਾਕੀ 5 ਗੁਰੂਆਂ, ਸਮੂਹ ਭਗਤਾਂ ਅਤੇ ਭੱਟਾਂ ਦੀ ਬਾਣੀ ਨੂੰ ਤਾਂ ਉਹ ਪਹਿਲਾਂ ਹੀ ਨਾਨਕ ਫ਼ਲਸਫ਼ੇ ਦੀ ਵਿਰੋਧੀ ਗਰਦਾਨ ਚੁੱਕਿਆ ਹੈ ਅਤੇ ਅਸਲੀ ਨਾਨਕ ਬਾਣੀ ਬਾਰੇ ਲਿਖ ਚੁੱਕਿਆ ਹੈ ਕਿ ਉਹ ਸ੍ਰੀਚੰਦੀਆਂ ਨੇ ਸਾੜ ਦਿੱਤੀ ਸੀ। ਬੇਸ਼ੱਕ ਉਹ ਇਸ ਸਬੰਧੀ ਅਖੌਤੀ ਮੁਆਫ਼ੀ ਮੰਗਣ ਦਾ ਢਕਵੰਜ ਰਚ ਚੁੱਕਿਆ ਹੈ ਪਰ ਆਪਣੇ ਇਸ ਸਟੈਂਡ ’ਤੇ ਉਸੇ ਤਰ੍ਹਾਂ ਖੜ੍ਹਾ ਹੈ ਜਿਸ ਦੇ ਸਬੂਤ ਵਜੋਂ 21 ਦਸੰਬਰ ਦੀ ਸੰਪਾਦਕੀ ਵਿਚ ਹੀ ਭਾਈ ਕਾਨ੍ਹ ਸਿੰਘ ਨਾਭਾ ਦੇ ਹਵਾਲੇ ਨਾਲ ਲਿਖ ਚੁਕਿਆ ਹੈ ਕਿ ‘ਰਾਗਮਾਲਾ ਇਤਨੀ ਦੁਖਦਾਇਕ ਵਸਤੂ ਨਹੀਂ ਉਸ ਤੋਂ ਵੀ ਵਧੀਕ ਬੁਰੇ ਲੇਖ ਕਈ ਗੁਰੂ ਗੰ੍ਰਥ ਸਾਹਿਬਾਂ ਵਿੱਚ ਪਾਏ ਜਾਂਦੇ ਹਨ।’ ਹੋ ਸਕਦਾ ਹੈ ਕਿ ਭਾਈ ਕਾਹਨ ਸਿੰਘ ਨਾਭਾ ਦਾ ਸੰਕੇਤ ਉਨ੍ਹਾਂ ਖਾਰੀਆਂ ਬੀੜਾਂ ਵੱਲ ਹੋਵੇ ਜਿਹੜੀਆਂ ਰੱਦ ਕੀਤੀਆਂ ਜਾ ਚੁਕੀਆਂ ਹਨ। ਪਰ ਇਸ ਨੇ ਤਾਂ ਆਪਣੀ ਗੱਲ ਸਿੱਧ ਕਰਨ ਲਈ ਇਸ ਹਵਾਲੇ ਦੀ ਦੁਰਵਰਤੋਂ ਕਰ ਲਈ। ਜਾਗਰੂਕ ਕਹਾਉਣ ਵਾਲੇ ਉਸ ਦੇ ਸਮਰਥਕ ਚੁੱਪ ਹਨ ਤੇ ਜੇਕਰ ਕੋਈ ਹੋਰ ਇਸ ਵੱਲ ਧਿਆਨ ਦਿਵਾਉਣ ਦਾ ਯਤਨ ਕਰਦਾ ਹੈ ਤਾਂ ਉਸ ਦਾ ਹਾਲ ਇਹ ਤਾਜ਼ਾ ਚੱਲ ਰਹੀ ਬਹਿਸ ਦਾ ਕਚੂੰਬਰ ਕੱਢਣ ਵਾਂਗ ਕਰਦੇ ਹਨ।

ਵੀਰੋ ਯਾਦ ਰੱਖੋ ਗੁਰੂ ਗ੍ਰੰਥ ਸਾਹਿਬ ਦੀ ਸਿਰਮੌਰਤਾ ਕਾਇਮ ਰੱਖਣ ਲਈ ਅਖੌਤੀ ਦਸਮ ਗੰ੍ਰਥ ਦਾ ਵਿਰੋਧ ਜਰੂਰੀ ਹੈ, ਪਰ ਇਸ ਤੋਂ ਪਹਿਲਾਂ ਜਰੂਰੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਬਚਾਉਣਾ। ਦੱਸੋ ਇਸ ਦੀ ਹੋਂਦ ਬਚਾਉਣ ਲਈ ਤੁਸੀਂ ਕੀ ਕਰ ਰਹੇ ਹੋ? ਜੇ ਹੁਣ ਨਾ ਸੰਭਲੇ ਤਾਂ ਗੁਰੂ ਨਾਨਕ ਦਾ ਸਾਡੇ ਕੋਲ ਅਸਲੀ ਕੁਝ ਵੀ ਨਹੀਂ ਰਹਿਣਾ ਅਤੇ ਜਿਸ ਨੂੰ ਤੁਸੀਂ ਪੂਰਨ ਸੱਚ ਕਹਿ ਸਕੋਗੇ ਸ਼ਾਇਦ ਉਹ ਇਸ ਦੀਆਂ ਸੰਪਾਦਕੀਆਂ ਜਾਂ ਨਿਜੀ ਡਾਇਰੀਆਂ ਹੀ ਰਹਿ ਜਾਣ।

ਬੇਸ਼ੱਕ ਲੇਖ ਪਹਿਲਾਂ ਹੀ ਕਾਫੀ ਲੰਬਾ ਹੋ ਗਿਆ ਹੈ ਪਰ ਇਹ ਦੱਸੋ ਕਿ ਤੁਸੀਂ (ਸੌਦਾ ਸੰਪਾਦਕ ਦੇ ਅੰਨ੍ਹੇ ਸਮਰਥਕ) ਦਸਮ ਗ੍ਰੰਥੀਆਂ ਨਾਲੋਂ ਕਿਵੇਂ ਭਿੰਨ ਹੋ? ਦਸਮ ਗ੍ਰੰਥ ’ਚੋਂ ਕੁਝ ਤੁਕਾਂ ਦੇ ਹਵਾਲੇ ਦੇਣ ਵਾਲੇ ਨੂੰ ਉਹ ਕਹਿੰਦੇ ਹਨ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਨਿੰਦਾ ਕਰਦਾ ਹੈ। ਸੌਦਾ ਸੰਪਾਦਕ ਦੀ ਲਿਖਤਾਂ ’ਚੋਂ ਹਵਾਲੇ ਦੇਣ ਵਾਲੇ ਨੂੰ ਤੁਸੀਂ ਵੀ ਕਹਿੰਦੇ ਹੋ ਕਿ ਇਹ ਸਿਆਣੇ ਸੰਪਾਦਕ ਦੀ ਨਿੰਦਾ ਕਰਦਾ ਹੈ। ਦਸਮ ਗ੍ਰੰਥੀ ਕਹਿੰਦੇ ਹਨ ਕਿ ਦਸਮ ਗ੍ਰੰਥ ਦਾ ਵਿਵਾਦ ਖੜ੍ਹਾ ਕਰਨ ਵਾਲੇ ਪੰਥ ’ਚ ਫੁਟ ਪਾ ਰਹੇ ਹਨ। ਤੁਸੀਂ ਕਹਿ ਰਹੇ ਹੋ ਕਿ ਸੌਦਾ ਸੰਪਾਦਕ ਦਾ ਵਿਰੋਧ ਕਰਨ ਵਾਲੇ ਜਾਗਰੂਕ ਸਿੱਖਾਂ ਵਿੱਚ ਫੁਟ ਪਾ ਰਹੇ ਹਨ। ਦਸਮ ਗੰ੍ਰਥੀਏ ਕਹਿੰਦੇ ਹਨ ਕਿ ਦਸਮ ਗੰ੍ਰਥ ਦਾ ਵਿਰੋਧ ਕਰ ਰਹੇ ਅਖੌਤੀ ਵਿਦਵਾਨ ਜੇ ਪਿਆਰ ਨਾਲ ਸਮਝਾਇਆਂ ਨਾ ਸਮਝਣ ਤਾਂ ਉਨ੍ਹਾਂ ਨੂੰ ‘ਅਕਲਦਾਨ’ ਭਾਵ ਸੋਟੇ ਨਾਲ ਹੀ ਸਮਝਾਇਆ ਜਾ ਸਕਦਾ ਹੈ। ਤੁਹਾਡਾ ਇੱਕ ਸਾਥੀ ਵੀ ‘ਪਿਛਲੇ ਅਗਲੇ ਕਰਮਾਂ ਦੇ ਲੇਖੇ ਜੋਖੇ’ ਲੇਖ ਵਿੱਚ ਲਿਖ ਰਿਹਾ ਹੈ, ‘ਸਿਆਣਿਆਂ ਨੂੰ ਤਾਂ ਇਸ਼ਾਰਾ ਹੀ ਕਾਫੀ ਹੁੰਦਾ ਹੈ ਪਰ ...... ਨੂੰ ਡੰਡੇ ਨਾਲ ਸਮਝਾਇਆ ਜਾ ਸਕਦਾ ਹੈ।’ ਦਸਮ ਗੰ੍ਰਥੀਏ ਕਹਿੰਦੇ ਹਨ ਕਿ ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲਿਆਂ ਨੂੰ ਹੋਰ ਸਾਰੇ ਪੰਥਕ ਮੁੱਦੇ ਭੁੱਲ ਗਏ ਹਨ, ਸਿਰਫ ਦਸਮ ਗ੍ਰੰਥ ਦਾ ਵਿਰੋਧ ਵਿਚ ਹੀ ਕੌਮ ਨੂੰ ਵੰਡ ਕੇ ਸਾਰੀ ਪੰਥਕ ਸ਼ਕਤੀ ਜ਼ਾਇਆ ਕੀਤੀ ਜਾ ਰਹੀ ਹੈ। ਤੁਸੀਂ ਵੀ ਕਹਿ ਰਹੇ ਹੋ ਕਿ ‘‘ਇੰਡੀਆ ਅਵੇਅਰਨੈੱਸ ਦੇ ਸੰਪਾਦਕੀ ਮੰਡਲ ਨੂੰ ਪੰਥ ਦੇ ਹੋਰ ਸਾਰੇ ਮਸਲੇ ਵਿਸਰ ਗਏ ਲਗਦੇ ਹਨ। ਬਸ ਇਕੋ ਫੋਬੀਆ ਸਿਰ ਨੂੰ ਚੜ੍ਹਿਆ ਹੋਹਿਆ ਹੈ, ਸਪੋਕਸਮੈਨ ਅਤੇ ਉਸ ਦੇ ਸਹਿਯੋਗੀ ‘ਪੰਥ ਦੇ ਗੱਦਾਰ’ ਹਨ। ਲਗਦੈ ਇਹਨਾਂ ਕੋਲ ਪੰਥਕ ਮਸਲੇ ਵਿਚਾਰਨ ਦੀ ਸਮਰੱਥਾ ਖ਼ਤਮ ਹੋ ਗਈ ਹੈ।...’’ (ਜਿਵੇਂ ਗੁਰੂ ਨਾਨਕ ਸਾਹਿਬ ਅਤੇ ਗ੍ਰੰਥ ਸਾਹਿਬ ’ਤੇ ਹਮਲਾ ਕਰਨ ਵਾਲੇ ਮੱਕਾਰ ਵਿਅਕਤੀ ਬਾਰੇ ਸੰਗਤਾਂ ਨੂੰ ਸੁਚੇਤ ਕਰਨਾ ਅਤੇ ਉਸਦੀ ਮੱਕਾਰ ਵਿਚਾਰਧਾਰਾ ਨੂੰ ਵਿਚਾਰ ਕੇ ਗਲਤ ਨੁਕਤਿਆਂ ਦਾ ਖੰਡਨ ਕਰਨਾ ਕੋਈ ਪੰਥਕ ਮਸਲਾ ਹੀ ਨਹੀਂ ਹੈ !!) ਡੇਰੇਦਾਰ ਆਪਣੇ ਗੁਜਰ ਚੁਕੇ ਡੇਰੇਦਾਰਾਂ ਨੂੰ ਹੀ ਗੁਰੂ ਨਾਨਕ ਦਾ ਅਸਲੀ ਸਿਧਾਂਤ ਸਮਝਣ ਵਲਾ ਗਰਦਾਨ ਰਹ ਹਨ ਪਰ ਤੁਸੀਂ ਤਾਂ ਇੱਕ ਅਖ਼ਬਾਰ ਦੇ ਸੰਪਾਦਕ, ਜਿਹੜਾ 9 ਗੁਰੂਆਂ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਰੱਦ ਕਰ ਰਿਹਾ ਹੈ, ਦੇ ਕਥਨ ਨੂੰ ਹੀ ਅੰਤਮ ਸੱਚ ਮੰਨਣ ਲੱਗ ਪਏ ਹੋ। ਦਸਮ ਗ੍ਰੰਥੀਆਂ ਲਈ ਤੁਸੀਂ ਗੁਰਬਾਣੀ ਦੀ ਤੁਕ ਸੁਣਾਉਂਦੇ ਹੋ, ‘ਰੋਸੁ ਨ ਕੀਜੈ ਉਤਰੁ ਦੀਜੈ’। ਤੁਹਾਥੋਂ ਸਵਾਲ ਪੁੱਛਣ ਵਾਲਿਆਂ ਲਈ ਤਾਂ ਤੁਹਾਡਾ ਰੋਸ ਤੁਹਾਡੇ ਚਿੱਠੀ-ਪੱਤਰਾਂ ਵਿੱਚ ਹੀ ਨੱਕਾ ਨੱਕ ਭਰਿਆ ਪਿਆ ਹੈ। ਸੋ ਮੈਨੂੰ ਤਾਂ ਦੋਹਾਂ ਧਿਰਾਂ ਦੀ ਸੋਚਣੀ ਵਿੱਚ ਬਹੁਤਾ ਅੰਤਰ ਨਜ਼ਰ ਨਹੀਂ ਆਉਂਦਾ। ਜੇ ਕਿਸੇ ਨੂੰ ਆਉਂਦਾ ਹੈ ਤਾਂ ਕ੍ਰਿਪਾਲਤਾ ਕਰਕੇ ਮੈਨੂੰ ਦੱਸਣ ਦੀ ਖੇਚਲ ਕਰਨੀ ਜੀ।