

ਕੀ ਲਛਮਣ ਚੇਲਾ ਰਾਮ ਜੀ ਸਚਮੁੱਚ ਗੁਰਮਤਿ (ਸਿੱਖੀ) ਦੇ ਪ੍ਰਚਾਰਕ ਹਨ?
- ਤੱਤ ਗੁਰਮਤਿ ਪਰਵਾਰ -
ਬ੍ਰਾਹਮਣੀ ਤਾਕਤਾਂ ਵਲੋਂ ਸ਼ੁਰੂਆਤ ਤੋਂ ਹੀ ਗੁਰਮਤਿ ਨੂੰ ਮਿਲਗੋਭਾ ਰੂਪ ਵਿਚ ਪ੍ਰਚਾਰਣ ਦੀ ਕੋਸ਼ਿਸ਼ ਹੁੰਦੀ ਰਹੀ ਹੈ। ਇਹ ਭਾਵੇਂ ਬਾਹਰ ਰਹਿ ਕੇ ਹੋਵੇ ਜਾਂ ਸਿੱਖ ਭੇਖ ਧਾਰਨ ਕਰਕੇ। ਇਹ ਵੀ ਸੱਚਾਈ ਹੈ ਕਿ ਨਾਨਕ ਪਾਤਸ਼ਾਹ ਜੀ ਨੇ ਦੂਰ ਦੁਰਾਡੇ ਜਾ ਕੇ ਸੰਗਤਾਂ ਕਾਇਮ ਕੀਤੀਆਂ। ਪਰ ਅਨੇਕਾਂ ਕਾਰਨਾਂ ਕਰਕੇ ਕਈ ਥਾਵਾਂ ਦੀ ਸੰਗਤ ਗੁਰਮਤਿ ਦੀ ਮੁੱਖ ਧਾਰਾ ਤੋਂ ਟੁਟ ਗਈਆਂ ਜਾਂ ਫੇਰ ਲਗਾਤਾਰ ਰਾਬਤਾ ਕਾਇਮ ਨਾ ਰਹਿ ਸਕਣ ਕਰਕੇ ਮੁੱਖ ਧਾਰਾ ਵਿਚ ਪੂਰੀ ਤਰਾਂ ਸਮਾਂ ਨਹੀਂ ਸਕੀਆਂ। ਇਸ ਤੱਥ ਦੇ ਬਹੁ ਪੱਖੀਂ ਕਾਰਨ ਅਤੇ ਰੂਪ ਹਨ। ਐਸੀ ਜ਼ਿਆਦਾਤਰ ਸੰਗਤਾਂ ਵਿਚ ਨਾਨਕ ਜੀ, ਗੁਰਬਾਣੀ ਆਦਿ ਬਾਰੇ ਸ਼ਰਧਾ ਤਾਂ ਕਾਇਮ ਰਹੀ ਸਿਧਾਂਤਕ ਦ੍ਰਿੜਤਾ ਕਾਇਮ ਨਹੀਂ ਰਹੀ। ਦੂਰ ਦੁਰਾਡੇ ਦੀ ਗੱਲ ਛੱਡੋ, ਇਹ ਵੀ ਸੱਚਾਈ ਹੈ ਕਿ 20 ਸਦੀ ਦੇ ਦੂਜੇ ਦਹਾਕੇ ਤੱਕ ਕੌਮ ਦੇ ਕੇਂਦਰੀ ਸਥਾਨ ਅੰਮ੍ਰਿਤਸਰ ਵਿਚ ਵੀ ਗੁਰਦੁਆਰਾ ਕੰਪਲੈਕਸ ਵਿਚ ਦੇਵੀ ਦੇਵਤਿਆਂ ਦੀ ਮੂਰਤੀਆਂ ਦੀ ਪੂਜਾ ਮਾਨਤਾ ਹੁੰਦੀ ਰਹੀ। ਇਸ ਹਾਲਾਤ ਦੇ ਕਈ ਕਾਰਨ ਹਨ ਜਿਸ ਦੀ ਵਿਚਾਰ ਇਥੇ ਕਰਨੀ ਵਿਸ਼ੇ ਤੋਂ ਬਾਹਰ ਹੈ। ਉਹ ਤਾਂ ਸਿੰਘ ਸਭਾ ਲਹਿਰ ਅਤੇ ਅਕਾਲੀ ਲਹਿਰ ਨੇ ਕੁਝ ਸੁਧਾਰ ਕਰ ਦਿਤਾ। ਪਰ ਇਹਨਾਂ ਦੀ ਪਹੁੰਚ ਸਿਰਫ ਕੇਂਦਰ ਨਾਲ ਜੁੜੇ ਸਿੱਖਾਂ ਤੱਕ ਹੀ ਰਹੀ। ਪਰ ਦੂਰ-ਦੁਰਾਡੇ ਤੱਕ ਇਸ ਦਾ ਅਸਰ ਨਾ ਦੇ ਬਰਾਬਰ ਸੀ। ਦੁਜਾ ਨੁਕਤਾ, ਪਿਛਲੇ 150-200 ਸਾਲਾਂ ਦੀ ਅਨਗਹਿਲੀ ਅਤੇ ਸਾਜਿਸ਼ਾਂ ਕਾਰਨ ਸਿੱਖ ਕੌੰਮ ਵਿਚ 'ਸਹਿਜਧਾਰੀ ਸਿੱਖ' ਨਾਂ ਦਾ ਤਬਕਾ ਪੱਕੇ ਤੌਰ ਤੇ ਪੈਦਾ ਹੋ ਚੁਕਿਆ ਸੀ।
![]() |
|
ਲਛਮਣ ਚੇਲਾਰਾਮ |
ਇਹ ਟਿੱਪਣੀ ਲਿਖਣ ਦਾ ਵਿਚਾਰ ਤੱਦੋਂ ਆਇਆ ਜਦੋਂ 25 ਨਵੰਬਰ 09 ਦੇ ਰੋਜ਼ਾਨਾ ਸਪੋਕਸਮੈਨ ਵਿਚ ਇਕ ਖਬਰ ਪੜੀ ਜਿਸ ਦਾ ਸਿਰਲੇਖ ਸੀ, "ਲਛਮਣ ਚੇਲਾਰਾਮ ਦਾ ਸਾਲ ਦੇ ਸਿੱਖ ਪ੍ਰਚਾਰਕ ਤੌਰ 'ਤੇ ਸਨਮਾਨ।" ਖਬਰ ਅਨੁਸਾਰ ਉਹ ਪਿਛਲੇ 50 ਸਾਲਾਂ ਤੋਂ ‘ਸਿੱਖੀ’ ਦਾ ਪ੍ਰਚਾਰ ਕਰ ਰਹੇ ਹਨ। ਉਹ ਸਿੱਖਾਂ ਅਤੇ ਸਿੰਧੀਆਂ ਵਿਚ ਇਕ ਪੁੱਲ ਵਜੋਂ ਕੰਮ ਕਰ ਰਹੇ ਹਨ। ਖਬਰ ਅਨੁਸਾਰ ਚੇਲਾਰਾਮ ਜੀ ਨੂੰ ਇਹ ਰੰਜ ਵੀ ਹੈ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆਵਾਂ ਦਾ ਪ੍ਰਚਾਰ ਕਰਣ ਵਿਚ ਨਾਕਾਮ ਰਹੇ ਹਨ ਅਤੇ ਬ੍ਰਾਹਮਣੀ ਰੀਤਾਂ ਦਾ ਪ੍ਰਚਾਰ ਕਰਦੇ ਹਨ। ਉਹਨਾਂ ਨੇ ਸਿੰਧੀਆਂ ਨੂੰ ਸਿੱਖੀ ਮੁਖਧਾਰਾ ਤੋਂ ਬਾਹਰ ਕਰ ਦੇਣ ਦਾ ਇਲਜ਼ਾਮ ਵੀ ਲਾਇਆ। ਖਬਰ ਅਨੁਸਾਰ ਉਹਨਾਂ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਜ-ਛੇ ਭਾਸ਼ਾਵਾਂ ਵਿਚ ਉਲਥਾ ਕੀਤਾ ਗਿਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ 100 ਤੋਂ ਵੱਧ ਪੁਸਤਕਾਂ ਵੀ ਲਿਖ ਚੁਕੇ ਹਨ। ਇਸ ਲਈ, ਖਬਰ ਅਨੁਸਾਰ, ਗੁਰਦੁਆਰਾ ਫਰੀਮਾਂਟ ਦੀ ਸੰਗਤ ਵਲੋਂ, ਉਹਨਾਂ ਨੂੰ ਸਾਲ ਦੇ ਸਿੱਖ ਪ੍ਰਚਾਰਕ ਦੇ ਤੌਰ ’ਤੇ ਸਨਮਾਨਿਆ ਗਿਆ।
ਲਛਮਣ ਚੇਲਾ ਰਾਮ ਸਿੰਧੀ ਜੀ ਪ੍ਰਤੀ ਛਪੀ ਇਸ ਖਬਰ ਦੇ ਆਧਾਰ ’ਤੇ ਆਉ ਨੁਕਤਾਵਾਰ ਕੁਝ ਵਿਚਾਰਾਂ ਸਾਂਝੀਆਂ ਕਰਦੇ ਹਾਂ।
1. ਨਿਰ-ਸੰਦੇਹ ਗੁਰਮਤਿ ਵਿਚਾਰਧਾਰਾ ਕਿਸੇ ਖਾਸ ਫਿਰਕੇ ਜਾਂ ਖਿੱਤੇ ਲਈ ਨਹੀਂ, ਬਲਕਿ ਸਮੁੱਚੀ ਮਨੁੱਖਤਾ ਲਈ ਹੈ। ਪਰ ਇਸ ਵਿਚਾਰਧਾਰਾ ਦੇ ਪੈਰੋਕਾਰ ਹੋਣ ਦਾ ਦਾਅਵਾ ਕਰਨ ਵਾਲਿਆਂ ਲਈ ਜ਼ਰੂਰੀ ਹੈ ਕਿ ਉਹ ਗੁਰਮਤਿ ਦੇ ਮੁੱਢਲੇ ਅਸੂਲਾਂ ਦੇ ਧਾਰਨੀ ਹੋਣ। ਇਹ ਗੱਲ ਸਾਰਿਆਂ ’ਤੇ ਲਾਗੂ ਹੁੰਦੀ ਹੈ, ਬੇਸ਼ਕ ਉਹ ਸਿੱਖ ਹੋਣ, ਸਿੰਧੀ ਹੋਣ ਜਾਂ ਹੋਰ ਕੋਈ। ਗੁਰਮਤਿ (ਸਿੱਖੀ) ਹੀ ਸ਼ਾਇਦ ਸੰਸਾਰ ਦੀ ਇਕੋ-ਇਕ ਵਿਚਾਰਧਾਰਾ ਹੈ ਜੋ ਅੰਧਵਿਸ਼ਵਾਸੀ ਅਤੇ ਅੰਨ੍ਹੀ ਸ਼ਰਧਾ ਨੂੰ ਨਹੀਂ, ਬਲਕਿ ਬਿਬੇਕ ਬੁੱਧੀ ਨੂੰ ਜ਼ਰੂਰੀ ਮੰਨਦੀ ਹੈ। ਨਿਸ਼ਕਾਮ ਪਰਉਪਕਾਰ ਜਿਥੇ ਗੁਰਮਤਿ ਦਾ ਸਭ ਤੋਂ ਮੁੱਖ ਅਸੂਲ ਹੈ। ਪਰ ਇਸ ਲਈ ਸਹਾਇਕ ਮੁੱਢਲੇ ਅਸੂਲਾਂ ਵਿਚ ਮੂਰਤੀ ਪੂਜਾ (ਕਿਸੇ ਵੀ ਰੂਪ ਵਿਚ), ਦੇਵੀ ਦੇਵਤਿਆਂ ਦੀ ਪ੍ਰਚਲਿਤ ਹੋਂਦ ਅਤੇ ਪੂਜਾ, ਅੰਧਵਿਸ਼ਵਾਸ ਆਦਿ ਦਾ ਖੰਡਨ ਵੀ ਸ਼ਾਮਿਲ ਹਨ। ਗੁਰਮਤਿ ਅੰਨ੍ਹੀ ਸ਼ਰਧਾ ਨੂੰ ਗਲਤ ਮੰਨਦੀ ਹੈ। ਅੰਨ੍ਹੀ ਸ਼ਰਧਾ ਤੋਂ ਭਾਵ ਹੈ ਕਿਸੇ ਮੱਤ ਨੂੰ (ਕਰਮਕਾਂਡੀ ਤੌਰ) ’ਤੇ ਮੰਨਣ ਦਾ ਦਾਅਵਾ ਕਰਨਾ, ਪਰ ਉਸ ਦੇ ਉਪਦੇਸ਼ਾਂ ’ਤੇ ਅਸਲ ਵਿਚ ਅਮਲ ਨਾ ਕਰਨਾ। ਅਖੰਡ ਪਾਠ, ਸੰਪਟ ਪਾਠ ਆਦਿ ‘ਗੁਰੂ ਗ੍ਰੰਥ ਸਾਹਿਬ ਜੀ’ ਪ੍ਰਤੀ ਅੰਨ੍ਹੀ ਸ਼ਰਧਾ ਦੀ ਕੁਝ ਮਿਸਾਲਾਂ ਹਨ। ‘ਗੁਰੂ ਗ੍ਰੰਥ ਸਾਹਿਬ ਜੀ’ ਵਿਚ ਅਸਲੀ ਸ਼ਰਧਾ ਉਹਨਾਂ ਵਿਚ ਦਿੱਤੇ ਉਪਦੇਸ਼ਾਂ ’ਤੇ ਅਮਲ ਕਰ ਲੈਣਾ ਹੀ ਹੈ।
2. ਗੱਲ ਕਰਦੇ ਹਾਂ ਸਿੰਧੀ ਭਾਈਚਾਰੇ ਦੀ। ਹਰ ਕਿਸੇ ਦੀ ਤਰਾਂ ਸਿੰਧੀ ਭਾਈਚਾਰੇ ਨੂੰ ਵੀ ‘ਗੁਰੂ ਗ੍ਰੰਥ ਸਾਹਿਬ ਜੀ’ ਵਿਚ ਅਕੀਦਤ (ਸ਼ਰਧਾ) ਰੱਖਣ ਦਾ ਪੂਰਾ ਹੱਕ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੀ ਮੁੱਢਲੇ ਗੁਰਮਤਿ ਸਿਧਾਂਤਾਂ ਵਿਰੁਧ (ਮੂਰਤੀ ਪੂਜਾ, ਦੇਵੀ ਦੇਵਤਿਆਂ ਦੀ ਪੂਜਾ ਆਦਿ) ਕਰਮਕਾਂਡ ਕਰਨਾ ਗੁਨਾਹ ਹੈ। ਜਾਣੇ ਜਾਂ ਅਨਜਾਣੇ ਵਿਚ ਕੀਤਾ ਇਹ ਕਰਮ ਕਿਸੇ ਵੀ ਦਲੀਲ ਜਾਂ ਸ਼ਰਧਾ ਦੇ ਆਧਾਰ ’ਤੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਸਿੰਧੀ ਭਾਈਚਾਰਾ ਹੋਵੇ, ਪਟਨੇ ਜਾਂ ਨਾਂਦੇੜ ਦੇ ਪੁਜਾਰੀ ਹੋਣ ਜਾਂ ਕੋਈ ਹੋਰ, ਐਸਾ ਕਰਮ(ਕਾਂਡ), ਐਸੀ ਸ਼ਰਧਾ ਨਜ਼ਾਇਜ਼ ਅਤੇ ਗਲਤ ਹੀ ਮੰਨੀ ਜਾਣੀ ਚਾਹੀਦੀ ਹੈ।
3. ਇਸ ਵਿਚ ਕੋਈ ਸੰਦੇਹ ਨਹੀਂ ਕਿ ਲਛਮਣ ਚੇਲਾ ਰਾਮ ਸਿੰਧੀ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਤਰਜ਼ਮਾ ਕਈਂ ਭਾਸ਼ਾਵਾਂ ਵਿਚ ਕੀਤਾ ਹੋਵੇਗਾ। ਇਹ ਵੀ ਸੱਚਾਈ ਹੋ ਸਕਦੀ ਹੈ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ 100 ਤੋਂ ਵੱਧ ਪੁਸਤਕਾਂ ਲਿਖੀਆਂ ਹੋਣ। ਇਹ ਵੀ ਸੱਚ ਹੋ ਸਕਦਾ ਹੈ ਕਿ ਉਹ ਗੁਰਬਾਣੀ ਦਾ ਬਹੁਤ ਸੁਰੀਲਾ ਕੀਰਤਨ ਕਰਦੇ ਹੋਣ। ਪਰ ਗੁਰਮਤਿ ਵਿਚ ਸਭ ਤੋਂ ਜ਼ਰੂਰੀ ਹੈ ਅਸੂਲਾਂ ਦਾ ਧਾਰਨੀ ਹੋਣਾ। ਪਰ ਇਸ ਕਸਵੱਟੀ ਲਛਮਣ ਚੇਲਾ ਰਾਮ ਜੀ ਦਾ ਜੀਵਨ ਸਟਾਇਲ ਵੇਖਿਆ ਜਾਵੇ ਤਾਂ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਚੇਲਾ ਰਾਮ ਜੀ ਦਾ ਦਿੱਲੀ ਵਿਚ ਪੂਸਾ ਰੋਡ ’ਤੇ ‘ਨਿਜ ਥਾਉਂ ਮੰਦਿਰ’ ਨਾਮਕ ਸਥਾਨ ਹੈ। ਇਸ ਮੰਦਿਰ ਵਿਚ ਬ੍ਰਾਹਮਣੀ ਤਾਕਤਾਂ ਦੀ ਸਿੱਖੀ ਨੂੰ ਮਿਲਗੋਭਾ ਬਣਾਉਣ ਦੀ ਤਰਜ਼ ’ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਨਾਲ ਨਾਲ ਕ੍ਰਿਸ਼ਨ ਨਾਲ ਸੰਬੰੀਧਤ ਰਾਸ ਲੀਲਾ ਵੀ ਕਰਨ ਦੀ ਖਬਰ ਹੈ। ਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਈਂ ਭਾਸ਼ਾਵਾਂ ਵਿਚ ਤਰਜ਼ਮਾ ਕਰਨ ਵਾਲੇ ਚੇਲਾ ਰਾਮ ਜੀ ਅਵਤਾਰਵਾਦ ਦੀ ਪ੍ਰਚਲਿਤ ਹੋਂਦ ਅਤੇ ਪੂਜਾ ਦਾ ਖੰਡਨ ਕਰਦੇ ਮੁਢਲੇ ਗੁਰਮਤਿ ਅਸੂਲ ਤੋਂ ਅੰਜਾਣ ਹਨ? ਕੀ ਐਸੇ ਗੁਰਮਤਿ ਵਿਰੋਧੀ ਕਰਮਕਾਂਡਾਂ ਨੂੰ ਉਤਸ਼ਾਹਿਤ ਕਰਣ ਕਰਕੇ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਹੋਣ ਦਾ ਦਾਅਵਾ ਬੇਮਾਅਣਾ ਸਾਬਿਤ ਨਹੀਂ ਹੋ ਜਾਂਦਾ? ਕੀ ਐਸੇ ਵਿਅਕਤੀ ਨੂੰ ਗੁਰਮਤਿ (ਸਿੱਖੀ) ਦਾ ਪ੍ਰਚਾਰਕ ਮੰਨਿਆ ਜਾ ਸਕਦਾ ਹੈ? ਕੀ ਐਸੇ ਵਿਅਕਤੀ ਨੂੰ ‘ਸਾਲ ਦਾ ਸਿੱਖ ਪ੍ਰਚਾਰਕ’ ਦਾ ਸਨਮਾਨ ਦੇਣ ਵਾਲੇ ਪ੍ਰਬੰਧਕ ਅਤੇ ਸੰਗਤ ਗੁਰਮਤਿ ਵਿਰੋਧੀ ਕਰਮ ਕਰਣ ਦੇ ਦੋਸ਼ੀ ਨਹੀਂ ਮੰਨੇ ਜਾਣੇ ਚਾਹੀਦੇ? ਕੀ ਉਹਨਾਂ ਨੂੰ ਪੂਰੇ ਸਾਲ ਵਿਚ ਸਹੀ ਗੁਰਮਤਿ ਦਾ ਪ੍ਰਚਾਰ ਕਰਨ ਵਾਲਾ ਹੋਰ ਕੋਈ ਪ੍ਰਚਾਰਕ ਨਹੀਂ ਮਿਲਿਆ? ਇਹਨਾਂ ਦੀ ਇਸ ਗੁਰਮਤਿ ਵਿਰੋਧੀ ਚਾਪਲੂਸੀ ਪਿੱਛੇ ਕੀ ਕਾਰਨ ਹਨ?
|
|
|
|
ਦਿੱਲੀ ਦੇ ਪੂਸਾ ਰੋਡ ਵਿਖੇ ਸ੍ਰੀ ਲੱਛਮਣ ਚੇਲਾ ਰਾਮ ਜੀ ਦੇ ਕਥਿਤ ਸਿੱਖੀ ਪ੍ਰਚਾਰ ਕੇਂਦਰ ਦੀ ਇਕ ਝਲਕ |
|
4. ਖਬਰ ਅਨੁਸਾਰ ਲਛਮਣ ਚੇਲਾ ਰਾਮ ਜੀ ਸਿੱਖ ਕੌਮ ਅਤੇ ਸਿੰਧੀ ਭਾਈਚਾਰੇ ਵਿਚ ਪੁੱਲ ਦਾ ਕੰਮ ਕਰ ਰਹੇ ਹਨ। ਕੀ ਚੇਲਾ ਰਾਮ ਜੀ ਸਿੰਧੀ ਭਾਈਚਾਰੇ ਵਲੋਂ ਬ੍ਰਾਹਮਣੀ ਤਰਜ਼ ’ਤੇ ਕੀਤੇ ਜਾ ਰਹੇ ਗੁਰਮਤਿ ਵਿਰੋਧੀ ਮਿਲਗੋਭਾ ਕਰਮਕਾਂਡਾਂ ਬਾਰੇ ਜਾਣੂ ਨਹੀਂ ਹਨ ? ਉਹਨਾਂ ਨੇ ਅਪਣੇ ਪ੍ਰਚਾਰ ਰਾਹੀਂ ਇਸ ਮਨਮੱਤ ਵਿਰੁਧ ਸਿੰਧੀ ਭਾਈਚਾਰੇ ਨੂੰ ਜਾਗਰੂਕ ਸ਼ਾਇਦ ਕਰਨ ਦਾ ਕਦੀਂ ਜਤਨ ਨਹੀਂ ਕੀਤਾ। ਉਹਨਾਂ ਦੀ ਅਪਣੀ ਜੀਵਨ ਜਾਚ ਹੀ ਜਦੋਂ ਮਿਲਗੋਭਾ ਤਰਜ਼ ਦੀ ਹੈ ਤਾਂ ਉਹਨਾਂ ਤੋਂ ਐਸੇ ਪ੍ਰਚਾਰ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ। ਕੀ ਐਸੇ ਵਿਅਕਤੀ ਨੂੰ ਇਸ ਮਾਮਲੇ ਵਿਚ ‘ਪੁੱਲ’ ਮੰਨਿਆ ਜਾ ਸਕਦਾ ਹੈ ?
5. ਖਬਰ ਅਨੁਸਾਰ ਚੇਲਾ ਰਾਮ ਜੀ ਨੂੰ ਇਹ ਵੀ ਰੰਜ ਹੈ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆਵਾਂ ਦਾ ਪ੍ਰਚਾਰ ਕਰਣ ਵਿਚ ਨਾਕਾਮ ਰਹੇ ਹਨ ਅਤੇ ਬ੍ਰਾਹਮਣੀ ਰੀਤਾਂ ਦਾ ਪ੍ਰਚਾਰ ਕਰਦੇ ਹਨ। ਇਹ ਗੱਲ ਬਿਲਕੁਲ ਠੀਕ ਹੈ। ਪਰ ਆਪ ਹੀ ਬ੍ਰਾਹਮਣੀ ਰੀਤਾ ਨਾਲ ਭਰਪੂਰ ਮਿਲਗੋਭਾ ਸਿੱਖੀ ਦਾ ਜੀਵਨ ਜੀ ਅਤੇ ਪ੍ਰਚਾਰ ਰਹੇ ਚੇਲਾ ਰਾਮ ਜੀ ਵਲੋਂ ਐਸੀ ਗੱਲ ਕਹਿਣੀ ਕੋਈ ਮਾਇਨੇ ਰੱਖਦੀ ਹੈ? ਕੀ ਉਹਨਾਂ ਨੂੰ ਪਹਿਲਾਂ ਅਪਣਾ ਸੁਧਾਰ ਨਹੀਂ ਕਰਨਾ ਚਾਹੀਦਾ ?
6. ਖਬਰ ਅਨੁਸਾਰ ਸਿੰਧੀ ਜੀ ਨੇ ਸਿੱਧੇ ਅਸਿੱਧੇ ਸਿੱਖਾਂ ’ਤੇ ਸਿੰਧੀਆਂ ਨੂੰ ਸਿੱਖੀ ਦੀ ਮੁੱਖਧਾਰਾ ਤੋਂ ਬਾਹਰ ਕਰ ਦੇਣ ਦਾ ਇਲਜ਼ਾਮ ਵੀ ਲਾਇਆ। ਸਿੱਖੀ ਦੀ ਇਕੋ ਇਕ ਮੁੱਖਧਾਰਾ ਹੈ ‘ਗੁਰਮਤਿ ਅਸੂਲਾਂ ਦਾ ਧਾਰਣੀ ਹੋਣਾ’। ਜੋ ਵੀ ਗੁਰਮਤਿ ਦੇ ਮੁੱਢਲੇ ਅਸੂਲਾਂ ਦਾ ਖੰਡਨ ਕਰਦਾ ਹੈ, ਉਹ ਇਸ ਮੁੱਖਧਾਰਾ ਤੋਂ ਆਪੇ ਹੀ ਬਾਹਰ ਹੋ ਜਾਂਦਾ ਹੈ, ਉਹ ਭਾਂਵੇ ਕੋਈ ਵੀ ਹੋਵੇ। ਕੀ ਇਸ ਕਸਵੱਟੀ ‘ਤੇ ਸਿੰਧੀ ਭਾਈਚਾਰਾ ਫੇਲ ਸਾਬਿਤ ਨਹੀਂ ਹੋ ਜਾਂਦਾ? ਕੀ ਚੇਲਾ ਰਾਮ ਜੀ ਦਾ ਇਹ ਇਲਜ਼ਾਮ ਬੇ-ਬੁਨਿਆਦ ਨਹੀਂ?
7. ਕੁਝ ਵਿਚਾਰ ਇਸ ਸੰਬੰਧੀ ‘ਸਪੋਕਸਮੈਨ’ ਦੀ ਪਹੁੰਚ ਬਾਰੇ। ਸਪੋਕਸਮੈਨ ਟ੍ਰਸਟ ਵਲੋਂ ਹਮੇਸ਼ਾ ਅਪਣੇ ਆਪ ਨੂੰ ਗੁਰਮਤਿ ਦਾ ਢੰਢੋਰਚੀ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਇਸ ਟ੍ਰਸਟ ਦੀ ਸਰਪ੍ਰਸਤੀ ਹੇਠ ਲਗਭਗ ਡੇਢ ਸਾਲ ਪਹਿਲਾਂ ‘ਏਕਸ ਕੇ ਬਾਰਿਕ’ ਨਾਮਕ ਜਥੇਬੰਦੀ ਬਣਾਈ ਗਈ। ਇਸ ਵਿਚ 50 ਪੰਥਕ ਵਿਦਵਾਨਾਂ ਦਾ ਇਕ ਪੈਨਲ ਬਣਾਉਣ ਦਾ ਫੈਸਲਾ ਕੀਤਾ ਗਿਆ। ਉਸ ਵਿਚੋਂ ਲਗਭਗ 36 ਵਿਦਵਾਨਾਂ ਦੇ ਨਾਂ ਦੀ ਘੋਸ਼ਨਾ ਵੀ ਕੀਤੀ ਗਈ। ਉਸ ਪੈਨਲ ਵਿਚ ਲਛਮਣ ਚੇਲਾ ਰਾਮ ਜੀ ਵੀ ਇਸ ਵਿਦਵਾਨ ਹਨ। ਇਸ ਬਾਰੇ ਕਈ ਸੰਸਥਾਵਾਂ ਵਲੋਂ ਸ਼ੰਕੇ ਕੀਤੇ ਗਏ, ਪਰ ਅੱਜ ਤੱਕ ਕੋਈ ਸਪਸ਼ਟੀਕਰਨ ਨਹੀਂ ਦਿਤਾ ਗਿਆ। ਕੁਝ ਮਹੀਨੇ ਪਹਿਲਾਂ ‘ਰੋਜ਼ਾਨਾ ਸਪੋਕਸਮੈਨ’ ਦੇ ਸੰਪਾਦਕੀ ਪੰਨੇ ’ਤੇ ਸਿੰਧੀ ਭਾਈਚਾਰੇ ਨਾਲ ਸੰਬੰਧਿਤ ਲੇਖ ‘ਮੁੱਖ ਲੇਖ’ ਵਜੋਂ ਛਾਪਿਆ ਗਿਆ। ਇਸ ਲੇਖ ਵਿਚ ਬੜੇ ਬੇਦਲੀਲੇ ਤਰੀਕੇ ਸਿੰਧੀ ਭਾਈਚਾਰੇ ਦੀ ਬ੍ਰਾਹਮਣੀ ਤਰਜ਼ ਦੀ ਕਰਮਕਾਂਡੀ ਮਿਲਗੋਭਾ ਜੀਵਨ ਜਾਚ ਨੂੰ ਜ਼ਾਇਜ਼ ਦਸਣ ਦੀ ਕੋਸ਼ਿਸ਼ ਕੀਤੀ ਗਈ। ਤੱਤ ਗੁਰਮਤਿ ਪਰਿਵਾਰ ਵਲੋਂ ਇਸ ਲੇਖ ਦੇ ਜਵਾਬ ਵਿਚ ਅਪਣਾ ਇਕ ਲੇਖ ਭੇਜਿਆ ਗਿਆ। ਪਰ ਨਿਰਪੱਖ ਅਤੇ ਸਵੱਛ ਪੱਤਰਕਾਰੀ ਦਾ ਹੋਕਾ ਦੇਣ ਵਾਲੇ ਸਪੋਕਸਮੈਨ ਵਿਚ ਦੁਜੇ ਪੱਖ ਨੂੰ ਕੋਈ ਥਾਂ ਨਾ ਦਿਤੀ ਗਈ ਤੇ ਨਾ ਹੀ ਕੋਈ ਸਪਸ਼ਟੀਕਰਨ ਦਿਤਾ ਗਿਆ। ਸਾਡਾ ਇਹ ਲੇਖ ਬਾਅਦ ਵਿਚ ਸਿੱਖ ਮਾਰਗ ਅਤੇ ਹੋਰ ਕਈ ਛਪਿਆ।
ਇਸ ਖਬਰ ਦੇ ਸੰਬੰਧ ਵਿਚ ਵੀ ਸਪੋਕਸਮੈਨ ਵਲੋਂ ਇਸ ਵਿਸ਼ੇ ’ਤੇ ਅਪਣੀ ਗੁਰਮਤਿ ਵਿਰੋਧੀ ਪਹੁੰਚ ਦਾ ਪ੍ਰਗਟਾਵਾ ਕੀਤਾ ਹੀ ਲਗਦਾ ਹੈ। ਇਸ ਖਬਰ ਨੂੰ ਪ੍ਰਮੁੱਖਤਾ ਦੇਂਦੇ ਹੋਏ ਪੰਥਕ ਮੰਨੇ ਜਾਂਦੇ 7 ਨੰਬਰ ਪੰਨੇ ’ਤੇ ਲਾਇਆ ਗਿਆ ਹੈ। ਇਸ ਖਬਰ ਵਿਚ ਪੱਤਰਕਾਰ ਵਲੋਂ ਇਸ ਵਰਤਾਰੇ ਦਾ ਖੰਡਨ ਕਰਣ ਦੀ ਥਾਂ ਉਸ ਦੀ ਪ੍ਰੋੜਤਾ ਹੀ ਕੀਤੀ ਗਈ ਲਗਦੀ ਹੈ। ਜੇ ਐਸਾ ਨਹੀਂ ਹੈ ਤਾਂ ਰੋਜ਼ਾਨਾ ਸਪੋਕਸਮੈਨ ਨੂੰ ਨਿਰਪੱਖਤਾ ਦਾ ਪ੍ਰਗਟਾਵਾ ਕਰਦੇ ਹੋਏ ਸਾਡਾ ਪੱਖ ਵੀ ਜ਼ਰੂਰ ਛਾਪਣਾ ਚਾਹੀਦਾ ਹੈ।
ਅੰਤ ਵਿਚ ‘ਤੱਤ ਗੁਰਮਤਿ ਪਰਿਵਾਰ’ ਸਪਸ਼ਟ ਕਰ ਦੇਣਾ ਚਾਹੁੰਦਾ ਹੈ ਕਿ ਸਿੱਖੀ (ਗੁਰਮਤਿ) ਦਾ ਹਰ ਕਿਸੇ ਲਈ, ਬਿਨਾਂ ਕਿਸੇ ਵਿਤਕਰੇ ਦੇ ਖੁੱਲਾ ਹੈ। ਪਰ ਇਸਦਾ ਪ੍ਰਚਾਰਕ ਕਹਾਉਣ ਵਾਲੇ ਵਾਸਤੇ ਮੁੱਢਲੇ ਗੁਰਮਤਿ ਅਸੂਲਾਂ ਦਾ ਧਾਰਨੀ ਹੋਣਾ ਜ਼ਰੂਰੀ ਹੈ। ਜੇ ਲਛਮਣ ਚੇਲਾ ਰਾਮ ਜੀ ਸਿੰਧੀ ਸਚਮੁੱਚ ਸਿੰਧੀ ਭਾਈਚਾਰੇ ਨੂੰ ਸਿੱਖੀ ਦੀ ਮੁੱਖਧਾਰਾ (ਗੁਰਮਤਿ ਮਾਰਗ) ਨਾਲ ਜੋੜਣ ਲਈ ਸੁਹਿਰਦ ਹਨ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪ ਮਿਲਗੋਭਾ ਜੀਵਨ ਜਾਚ ਦਾ ਤਿਆਗ ਕਰਨ ਅਤੇ ਨਾਲ ਹੀ ਸਿੰਧੀ ਭਾਈਚਾਰੇ ਨੂੰ ਮਿਲਗੋਭਾ ਜੀਵਣ ਜਾਚ ਤਿਆਗਣ ਲਈ ਪ੍ਰੇਰਣ। ਪਰਿਵਾਰ ਯਕੀਨ ਦੁਆਉਂਦਾ ਹੈ ਕਿ ਉਹਨਾਂ ਦੇ ਇਸ ਕਦਮ ਵਿਚ ਸਾਰੀਆਂ ਤੱਤ ਗੁਰਮਤਿ ਧਿਰਾਂ ਸਹਿਯੋਗ ਦੇਣਗੀਆਂ ਅਤੇ ਸੁਆਗਤ ਕਰਣਗੀਆਂ। ਨਾਲ ਹੀ ਸਪੋਕਸਮੈਨ ਦੇ ਪ੍ਰਬੰਧਕਾਂ ਨੂੰ ਵੀ ਬੇਨਤੀ ਹੈ ਕਿ ਇਸ ਵਿਸ਼ੇ ’ਤੇ ਦੋਗਲੀ ਨੀਤੀ ਅਪਣਾ ਕੇ ਪਾਠਕਾਂ ਨੂੰ ਗੁੰਮਰਾਹ ਨਾ ਕੀਤਾ ਜਾਵੇ।