

ਪ੍ਰੋ: ਦਰਸ਼ਨ ਸਿੰਘ ਨੂੰ ਸੁਧਾਰਵਾਦੀ ਲਹਿਰ ਦੀ ਅਗਵਾਈ ਸੰਭਾਲਣ ਦੀ ਸਲਾਹ ਦੇਣ ਵਾਲੇ
ਉਨ੍ਹਾਂ ਨਾਲ ਨਿੱਜੀ ਤੌਰ ’ਤੇ ਗੱਲਬਾਤ ਕਰਨ ਤੋਂ ਕਿਉਂ ਪਾਸ ਵਟਦੇ ਹਨ?
- ਕਿਰਪਾਲ ਸਿੰਘ, ਬਠਿੰਡਾ -
ਫੋਨ : 09855480797
ਈ-ਮੇਲ : kirpalsinghbathinda@gmail.com
ਕਈ ਵਿਅਕਤੀ ਸਲਾਹਾਂ ਤਾਂ ਬੜੀਆਂ ਸੋਹਣੀਆਂ ਦਿੰਦੇ ਹਨ ਪਰ ਕੁਝ ਗੁੱਝੇ ਕਾਰਣਾਂ ਕਰਕੇ ਉਨ੍ਹਾਂ ’ਤੇ ਖ਼ੁਦ ਹੀ ਅਮਲ ਨਹੀਂ ਕਰਦੇ। ਸਿੱਖ ਧਰਮ ’ਚ ਸਿਰਫ਼ ਸੁਧਾਰਵਾਦ ਹੀ ਨਹੀਂ ਬਲਕਿ ਇਨਕਲਾਬ ਲਿਆਉਣ ਦਾ ਦਾਅਵਾ ਕਰਨ ਵਾਲੇ ਸ: ਜੋਗਿੰਦਰ ਸਿੰਘ ਸਪੋਕਸਮੈਨ ਵੀ ਸੋਹਣੀਆਂ ਸਲਾਹਾਂ ਦੇਣ ਵਾਲਿਆਂ ’ਚੋਂ ਸਭ ਤੋਂ ਮੋਹਰੀ ਹਨ। 17 ਨਵੰਬਰ 09 ਨੂੰ ਅਕਾਲ ਤਖਤ ਦੇ ਪਾਵਨ ਨਾਮ ਦੀ ਦੁਰਵਰਤੋਂ ਦਾ ਕੁਹਾੜਾ ਵਰਤ ਕੇ ਪੁਜਾਰੀਆਂ ਵਲੋਂ ਪ੍ਰੋ: ਦਰਸ਼ਨ ਸਿੰਘ ਦੀ ਅਵਾਜ਼ ਨੂੰ ਬੰਦ ਕਰਵਾਉਣ ਲਈ ਉਨ੍ਹਾਂ ਦੇ ਧਾਰਮਿਕ ਸਟੇਜਾਂ ’ਤੇ ਬੋਲਣ ’ਤੇ ਪਾਬੰਦੀ ਲਾਉਣ ਅਤੇ 5 ਦਸੰਬਰ ਨੂੰ ਨਿਜੀ ਤੌਰ ’ਤੇ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਦੇ ਦਿੱਤੇ ਆਦੇਸ਼ ਪਿੱਛੋਂ ਸ: ਜੋਗਿੰਦਰ ਸਿੰਘ ਨੇ ਜੋ ਸਲਾਹਾਂ ਦਿੱਤੀਆਂ, ਉਹ ਸਭ ਦੇ ਸਾਹਮਣੇ ਹਨ। 18 ਨਵੰਬਰ ਦੀ ਸੰਪਾਦਕੀ ਵਿੱਚ ਪ੍ਰੋ: ਦਰਸ਼ਨ ਸਿੰਘ ਨੁੰ ਅਹਿਸਾਸ ਕਰਵਾਇਆ ਕਿ ਉਹ ਹੁਣ ਤਾਂ ਸਮਝ ਲੈਣ ਅਤੇ ਆਪਣੇ ਕਾਲ ਦੌਰਾਨ ਕੀਤੀਆਂ ਗਲਤੀਆਂ ਨੂੰ ਸਵੀਕਾਰ ਕਰਕੇ ਉਨ੍ਹਾਂ (ਜੋਗਿੰਦਰ ਸਿੰਘ) ਨਾਲ ਮਿਲ ਕੇ ਚੱਲਣ। 21 ਨਵੰਬਰ 09 ਨੂੰ ਸਿਧਾਂਤਕ ਲੜਾਈ ਲੜਨ ਲਈ ਮਿਲ ਕੇ ਚੱਲਣ ਦੀ ਸਲਾਹ ਦੇਣ ਦੇ ਨਾਲ ਹੀ ਉਨ੍ਹਾਂ ਨੂੰ ਵੀ ਪੁਜਾਰੀਵਾਦ ਦਾ ਹਿੱਸਾ ਦੱਸਦਿਆਂ ਸੁਧਾਰਵਾਦੀਆਂ ਨੂੰ ਇਹ ਸਲਾਹ ਵੀ ਦੇ ਦਿੱਤੀ ਕਿ ਪ੍ਰੋ: ਦਰਸ਼ਨ ਸਿੰਘ ਤੋਂ ਚੰਗਾ ਪੁਜਾਰੀ ਕਿੱਥੋਂ ਲੈ ਆਉਗੇ? ਉਨ੍ਹਾਂ ਨੇ ਵੀ 20ਵੀਂ ਸਦੀ ’ਚ ਮੁੱਖ ਮੰਤਰੀ ਨੂੰ ਥਮਲੇ ਨਾਲ ਬੰਨ੍ਹ ਕੇ ਗਲੇ ਵਿੱਚ ਤਖਤੀ ਪਵਾ ਦਿੱਤੀ ਸੀ।
2 ਦਸੰਬਰ 09 ਦੀ ਸੰਪਾਦਕੀ ਵਿੱਚ ਪ੍ਰੋ: ਦਰਸ਼ਨ ਸਿੰਘ ਵਲੋਂ ਲਏ ਗਏ ਫੈਸਲੇ ਦੀ ਨੁਕਤਾਚੀਨੀ ਕਰਦਿਆਂ ਲਿਖਿਆ ਕਿ ਜਾਂ ਤਾਂ ਉਹ ਅਕਾਲ ਤਖਤ ਸਾਹਿਬ ’ਤੇ ਜਾਣ ਹੀ ਨਾ, ਜੇ ਜਾਂਦੇ ਹਨ ਤਾਂ ਅੱਜ ਦੇ ਮੁਨਸਿਫ਼ ਜਿੱਥੇ ਚਾਹੁਣ, ਉਥੇ ਹੀ ਪੇਸ਼ ਹੋਣ, ਕਿਉਂਕਿ ਜੱਜ ਦੇ ਸਾਹਮਣੇ ਪੇਸ਼ ਹੋਣ ਵਾਲਾ ਕੋਈ ਮੁਲਜਮ ਜੱਜ ਨੂੰ ਆਪਣੀਆਂ ਸ਼ਰਤਾਂ ਮਨਵਾਉਣ ਦੀ ਜ਼ਿੱਦ ਨਹੀਂ ਕਰ ਸਕਦਾ, ਜਿੱਥੇ ਜੱਜ ਬੈਠੇ ਹੋਣ, ਉਥੇ ਹੀ ਪੇਸ਼ ਹੋਣਾ ਪੈਂਦਾ ਹੈ। ਪ੍ਰੋ: ਦਰਸ਼ਨ ਸਿੰਘ ਵਲੋਂ ਪੁਜਾਰੀਆਂ ਦਾ ਹੁਕਮ ਨਾ ਮੰਨੇ ਜਾਣ ਦੀ ਸੂਰਤ ਵਿੱਚ ਸੰਭਾਵੀ ਹੋਣ ਵਾਲੀ ਗੜਬੜ ਦਾ ਦੋਸ਼ੀ ਵੀ ਉਨ੍ਹਾਂ ਨੂੰ ਹੀ ਠਹਿਰਾ ਕੇ ਉਨ੍ਹਾਂ ਦਾ ਮਨੋਬਲ ਡੇਗਣ ਦੀ ਕੋਸ਼ਿਸ ਕੀਤੀ ਅਤੇ ਅਸਿੱਧੇ ਤੌਰ ’ਤੇ ਪੁਜਾਰੀਆਂ ਨੂੰ ਸਮਰਥਨ ਦਿੱਤਾ। ਪ੍ਰੋ: ਦਰਸ਼ਨ ਸਿੰਘ ਨੂੰ ਸਲਾਹ ਦਿੱਤੀ ਕਿ ਉਹ ਅਕਾਲ ਤਖਤ ਦੇ ਮਾਮਲੇ ’ਤੇ ਇੱਕ ਗਲਤੀ ਦਾ ਜਵਾਬ ਦੋ ਗਲਤੀਆਂ ਨਾਲ ਨਾ ਦੇ ਕੇ ਮਾਹੌਲ ਨੂੰ ਨਾ ਵਿਗਾੜਨ।
3 ਦਸੰਬਰ ਦੀ ਸੰਪਾਦਕੀ ਵਿੱਚ ਲਿਖ ਦਿੱਤਾ ‘‘ਅਕਾਲ ਤਖਤ ਨੂੰ ਕਚਹਿਰੀ ਬਣਾਉਣਾ ਬੰਦ ਕਰੋ, ਨਹੀਂ ਤਾਂ ਇਸ ਨੂੰ ਧਰਮ ਅਸਥਾਨ ਕਹਿਣਾ ਬੰਦ ਕਰ ਦਿਓ।’’ ਇਸ ਸੰਪਾਦਕੀ ਵਿੱਚ ਉਨ੍ਹਾਂ ਜਿਕਰ ਕੀਤਾ ਕਿ ਜਦੋਂ ਪ੍ਰੋ: ਦਰਸ਼ਨ ਸਿੰਘ ਨੂੰ ਅਸੀਂ ਯਾਦ ਕਰਵਾਇਆ ਕਿ ਉਨ੍ਹਾਂ ਨੇ ਵੀ ਗੁਰਮਤ ਦੇ ਉਲਟ ਜਾ ਕੇ ਫੈਸਲੇ ਕੀਤੇ ਸਨ ਤਾਂ ਉਨ੍ਹਾਂ ਦਾ ਪਾਰਾ ਬਹੁਤ ਚੜ੍ਹ ਗਿਆ ਸੀ ਤੇ ਉਨ੍ਹਾਂ ਨੇ ਸਾਡੇ ਨਾਲ ਕੈਮਰਿਆਂ ਸਾਹਮਣੇ, ਕਿਸੇ ਤੀਜੀ ਥਾਂ ’ਤੇ ਬਹਿਸ ਕਰਨ ਦੀ ਚੁਣੌਤੀ ਦਿੱਤੀ ਸੀ। ਜਵਾਬ ਵਿੱਚ ਸ: ਜੋਗਿੰਦਰ ਸਿੰਘ ਨੇ ਆਪਣੀ ਮਰਯਾਦਾ ਵੀ ਸਮਝਾ ਦਿੱਤੀ ਸੀ ਕਿ ‘‘ਜਿੱਥੋਂ ਤੱਕ ਕੈਮਰਿਆਂ ਸਾਹਮਣੇ ਬਹਿਸ ਕਰਨ ਦੀ ਗੱਲ ਹੈ, ਉਹ ਕੀਰਤਨੀਆਂ ਦੀ ਮਰਯਾਦਾ ਬਾਰੇ ਤਾਂ ਬਹੁਤ ਕੁਝ ਜਾਣਦੇ ਹਨ ਪਰ ਸੰਪਾਦਕਾਂ ਦੀ ਮਰਯਾਦਾ ਬਾਰੇ ਕੁਝ ਨਹੀਂ ਜਾਣਦੇ।’’ ਫਿਰ ਅਚਾਨਕ ਪਤਾ ਨਹੀਂ ਸ: ਜੋਗਿੰਦਰ ਸਿੰਘ ਨੂੰ ਕਿਧਰੋਂ ਅਕਾਸ਼ਬਾਣੀ ਹੋ ਗਈ ਜਾਂ ਉਨ੍ਹਾਂ ਆਪਣੀਆਂ ਪਿੱਛਲੀਆਂ ਗਲਤੀਆਂ ਦਾ ਸੁਧਾਰ ਕਰਨ ਦਾ ਯਤਨ ਕਰਦਿਆਂ 9, 10 ਅਤੇ 11 ਦਸੰਬਰ 09 ਨੂੰ ਲਿਖੀਆਂ ਲੜੀਵਾਰ ਤਿੰਨ ਸੰਪਾਦਕੀਆਂ ’ਚ ਉਨ੍ਹਾਂ ਆਖਰ ਮੰਨ ਹੀ ਲਿਆ ਕਿ ‘‘ਪ੍ਰੋ: ਦਰਸ਼ਨ ਸਿੰਘ ਦਾ ਠੀਕ ਫੈਸਲਾ ਸੀ ਅਤੇ ਉਹ ਇਸ ਸਮੇਂ ਕੌਮ ਨੂੰ ਸਿਧਾਂਤ ਅਧਾਰਤ ਅਗਵਾਈ ਦੇ ਸਕਦੇ ਹਨ।’’ (ਸੰਪਾਦਕੀ ਟਿੱਪਣੀ : ਇੰਡੀਆ ਅਵੇਅਰਨੈੱਸ ਵੱਲੋਂ ਜੋਗਿੰਦਰ ਸਿੰਘ ਦੀਆਂ ਇਨ੍ਹਾਂ ਲਿਖਤਾਂ ਦਾ ਪੋਸਟ-ਮਾਰਟਮ ਕਰਕੇ ਦੇਸ਼-ਵਿਦੇਸ਼ ਦੀਆਂ ਪੰਜਾਬੀ ਅਖ਼ਬਾਰਾਂ ਅਤੇ ਵੈਬਸਾਈਟਾਂ ਨੂੰ ਇਸ ਸਬੰਧਿਤ ਜਾਣਕਾਰੀ ਦੇਣ ਕਾਰਨ ਸ੍ਰੀ ਜੋਗਿੰਦਰ ਸਿੰਘ ਦੀ ਜੋ ਕਿਰਕਿਰੀ ਹੋਈ ਸੀ, ਸ਼ਾਇਦ ਇਹ ‘ਯੂ-ਟਰਨ’ ਉਸੇ ਦਾ ਨਤੀਜਾ ਸੀ।)
ਉਨ੍ਹਾਂ ਗੁਰਮਤਿ ਤੋਂ ਪ੍ਰਣਾਏ ਹੋਏ ਸਿੱਖਾਂ ਨੂੰ ਇਹ ਸਲਾਹ ਵੀ ਦਿੱਤੀ ਕਿ ਉਹ ਪ੍ਰੋ: ਦਰਸ਼ਨ ਸਿੰਘ ਨੂੰ ਸਮਰਥਨ ਦੇਣ। ਇਨ੍ਹਾਂ ਸੰਪਾਦਕੀਆਂ ਦੇ ਅਖੀਰ ’ਤੇ ਉਹ ਲਿਖਦੇ ਹਨ ‘‘ਕਮੀਆਂ ਤੇ ਕਮਜੋਰੀਆਂ ਦਾ ਕੋਟਾ ਤਾਂ ਉਸ ਪ੍ਰਮਾਤਮਾ ਨੇ ਹਰ ਮਨੁੱਖ ਦੇ ਸਰੀਰ ਅੰਦਰ ਰਾਖਵਾਂ ਰੱਖਿਆ ਹੋਇਆ ਹੈ ਪਰ ਹਰ ‘ਲਹਿਰ’ ਦੇ ਲੀਡਰ ਨੂੰ ਆਮ ਆਦਮੀ ਤੋਂ ਥੋੜਾ ਵੱਖਰਾ ਜਰੂਰ ਹੋਣਾ ਪੈਂਦਾ ਹੈ ਤਾਂ ਕਿ ਉਸ ਦੀਆਂ ਕਮਜੋਰੀਆਂ ਤੇ ਕਮੀਆਂ ਲਹਿਰ ਉਤੇ ਅਸਰ ਅੰਦਾਜ਼ ਨਾ ਹੋ ਸਕਣ।... ਪ੍ਰੋ: ਦਰਸ਼ਨ ਸਿੰਘ ਦੀਆਂ ਕਮੀਆਂ, ਕਮਜੋਰੀਆਂ ਅਜਿਹੀਆਂ ਨਹੀਂ ਕਿ ਜਿਨ੍ਹਾਂ ਉਤੇ ਕਾਬੂ ਪਾਉਣਾ ਉਨ੍ਹਾਂ ਲਈ ਕਠਿਨ ਹੋਵੇ’’। ਸ: ਜੋਗਿੰਦਰ ਸਿੰਘ ਨੇ ਭੋਲੇ ਲੋਕਾਂ ਦੀ ਕਚਹਿਰੀ ਵਿੱਚ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਕਈ ਵਾਰ ਲਿਖਿਆ ਹੈ ਕਿ ਉਹ ਪ੍ਰੋ: ਦਰਸ਼ਨ ਸਿੰਘ ਨੂੰ ਲਹਿਰ ਦੀ ਅਗਵਾਈ ਸੌਂਪਣ ਲਈ ਤਿਆਰ ਹਨ ਪਰ ਆਪਣੀਆਂ ਕਮਜੋਰੀਆਂ ਕਾਰਨ ਉਹ ਹੀ ਅਗਵਾਈ ਸੰਭਾਲਣ ਲਈ ਤਿਆਰ ਨਹੀਂ ਅਤੇ ਆਪਣੇ ਨਿਜੀ ਮੁਥਾਜਾਂ ਲਈ ਦੋ ਬੇੜੀਆਂ ’ਚ ਪੈਰ ਰੱਖ ਕੇ ਚੱਲਣਾ ਚਾਹੁੰਦੇ ਹਨ।
ਸ: ਜੋਗਿੰਦਰ ਸਿੰਘ ਦੇ ਇਸ ਦਾਅਵੇ ’ਚ ਕਿਤਨੀ ਕੁ ਸਚਾਈ ਹੈ, ਇਸ ਦੀ ਪੜਚੋਲ ਕਰਨ ਲਈ ਮੈਂ ਆਪਣਾ ਨਿਜੀ ਤਜਰਬਾ ਪਾਠਕਾਂ ਦੇ ਸਾਹਮਣੇ ਰੱਖਣਾ ਚਾਹੁੰਦਾ ਹਾਂ : 5 ਜਨਵਰੀ 2008 ਦੀ ਰਾਤ ਨੁੂੰ ਗੁਰਦੁਆਰਾ ਰਕਾਬ ਗੰਜ ਨਵੀਂ ਦਿੱਲੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸਜੇ ਦੀਵਾਨ ’ਚ ਪ੍ਰੋ: ਦਰਸ਼ਨ ਸਿੰਘ ਨੇ ਗੁਰਬਾਣੀ ਦਾ ਕੀਰਤਨ ਕਰਦਿਆਂ ਦਲੀਲ ਪੂਰਵਕ ਵਖਿਆਨ ਕੀਤਾ ਕਿ ਇਸ ਪਾਵਨ ਦਿਹਾੜੇ ’ਤੇ ਕੀਰਤਨੀਆਂ ਵਲੋਂ ਬਚਿੱਤਰ ਨਾਟਕ ’ਚੋਂ ਪੜ੍ਹੀ ਜਾਂਦੀ ਰਚਨਾ ਗੁਰਮਤ ਨਾਲ ਮੇਲ ਨਹੀਂ ਖਾਂਦੀ, ਇਸ ਲਈ ਗੁਰਮਤਿ ਵਿਰੋਧੀ ਰਚਨਾ ਦਾ ਕੀਰਤਨ ਕਰਨ ਦੀ ਥਾਂ ਗੁਰੂ ਗੰ੍ਰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਕੀਰਤਨ ਹੀ ਕਰਨਾ ਚਾਹੀਦਾ ਹੈ। ਮੈਂ ਉਹ ਪ੍ਰੋਗਰਾਮ ਘਰ ਬੈਠਾ ਚੜ੍ਹਦੀ ਕਲਾ ਟਾਈਮ ਟੀ.ਵੀ. ਤੋਂ ਸੁਣ ਰਿਹਾ ਸੀ, ਇਸ ਲਈ ਅਗਲੇ ਦਿਨ ਪੂਰੀ ਰੀਪੋਰਟ ਸਪੋਕਸਮੈਨ ਨੂੰ ਭੇਜ ਦਿੱਤੀ, ਜਿਹੜੀ ਕਿ ਬੜੇ ਸੋਹਣੇ ਢੰਗ ਨਾਲ ਛਾਪ ਦਿੱਤੀ ਗਈ। ਉਸ ਤੋਂ ਕੁਝ ਦਿਨ ਪਿੱਛੋਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਪ੍ਰੋ: ਦਰਸ਼ਨ ਸਿੰਘ ਨੂੰ ਲਗਾਤਾਰ ਕਈ ਦਿਨ ਵਿਸ਼ੇਸ਼ ਸਮਾਂ ਦੇ ਕੇ ਟੀ.ਵੀ. ’ਤੇ ਸਿੱਧਾ ਪ੍ਰਸਾਰਤ ਕੀਤਾ ਜਾਂਦਾ ਰਿਹਾ, ਜਿਸ ਵਿੱਚ ਉਹ ਬਾਖ਼ੂਬੀ ਦਸਮ ਗੰ੍ਰਥ ਦੀ ਅਸਲੀਅਤ ਬਾਰੇ ਸੰਗਤਾਂ ਨੂੰ ਜਾਣੂ ਕਰਵਾਕੇ ਕਹਿੰਦੇ ਰਹੇ ਕਿ, ਕਿ ‘‘ਸਿਰਫ਼ ਮੇਰੇ ’ਤੇ ਹੀ ਯਕੀਨ ਨਾ ਕਰੋ, ਤੁਸੀਂ ਖ਼ੁਦ ਦਸਮ ਗੰ੍ਰਥ ਨੁੂੰ ਪੜ੍ਹੋ ਅਤੇ ਵਿਚਾਰ ਕਰੋ ਕਿ, ਕੀ ਐਸੀ ਰਚਨਾ ਵਾਲੀ ਪੁਸਤਕ ਦਾ ਗੁਰੂ ਗੰ੍ਰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨਾ ਜਾਇਜ ਹੈ?’’ ਮੈਂ ਇਨ੍ਹਾਂ ਸਾਰੇ ਪ੍ਰੋਗਰਾਮਾਂ ਦੀਆਂ ਰੀਪੋਰਟਾਂ ਵੀ ਲਗਾਤਾਰ ਸਪੋਕਸਮੈਨ ਨੂੰ ਭੇਜਦਾ ਰਿਹਾ, ਜਿਹੜੀਆਂ ਪ੍ਰਮੁੱਖਤਾ ਨਾਲ ਛਪਦੀਆਂ ਰਹੀਆਂ। ਇਨ੍ਹਾਂ ਰੀਪੋਰਟਾਂ ਨੂੰ ਪੜ੍ਹ ਕੇ ਸ: ਉਪਕਾਰ ਸਿੰਘ ਫਰੀਦਾਬਾਦ ਨੇ ਮੇਰੇ ਨਾਲ ਫੋਨ ’ਤੇ ਸੰਪਰਕ ਕਰਕੇ ਸਲਾਹ ਕੀਤੀ ਕਿ ਜੇ ਆਪਾਂ ਪ੍ਰੋ: ਦਰਸ਼ਨ ਸਿੰਘ ਨੂੰ ਅਗਵਾਈ ਸੰਭਾਲਣ ਲਈ ਮਨਾ ਲਈਏ ਤਾਂ ਸਫਲਤਾ ਮਿਲਣ ਦੀ ਕਾਫ਼ੀ ਸੰਭਾਵਨਾ ਹੈ। ਇਸ ਕਾਰਨ ਅਸੀਂ ਦੋਵਾਂ ਨੇ ਪ੍ਰੋ: ਦਰਸਨ ਸਿੰਘ ਨਾਲ ਨੇੜਤਾ ਵਧਾਉਣੀ ਸ਼ੁਰੂ ਕਰ ਦਿੱਤੀ। ਪ੍ਰੋ: ਦਰਸ਼ਨ ਸਿੰਘ ਨੇ ਸੁਧਾਰਵਾਦੀ ਲਹਿਰ ਚਲਾਉਣ ਲਈ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿੱਚ ਹੋਰਨਾਂ ਤੋਂ ਇਲਾਵਾ ਮੈਨੂੰ ਅਤੇ ਸ: ਉਪਕਾਰ ਸਿੰਘ ਫਰੀਦਾਬਾਦ ਨੂੰ ਵੀ ਸੱਦੇ ਆਉਣ ਲੱਗ ਪਏ। ਉਨ੍ਹਾਂ ਮੀਟਿੰਗਾਂ ਦੇ ਸਿੱਟੇ ਵਜੋ ਸਿੱਖ ਪਾਰਲੀਮੈਂਟ ਦਾ ਗਠਨ ਕਰ ਦਿੱਤਾ ਗਿਆ। ਸ: ਜੋਗਿੰਦਰ ਸਿੰਘ ਨੂੰ ਇਸ ਦੀ ਖ਼ਬਰ ਮਿਲਦਿਆਂ ਹੀ ਉਨ੍ਹਾਂ ਦਾ ਪਾਰਾ ਚੜ੍ਹ ਗਿਆ, ਇਸ ਲਈ ਉਨ੍ਹਾਂ ਨੇ ਸਿੱਖ ਪਾਰਲੀਮੈਂਟ ਦੇ ਗਠਨ ਦੀ ਪਹਿਲੇ ਦਿਨ ਖ਼ਬਰ ਵੀ ਨਾ ਲਾਈ ਅਤੇ ਅਗਲੇ ਦਿਨ ਖ਼ਬਰ ਦਾ ਰੂਪ ਵਿਗਾੜ ਕੇ ਉਸ ’ਤੇ ਕਿੰਤੂ ਪ੍ਰੰਤੂ ਕਰਕੇ ਉਸ ਨੂੰ ਨਕਾਰਨ ਦਾ ਯਤਨ ਕੀਤਾ। ਮੇਰੇ ਅਤੇ ਸ: ਉਪਕਾਰ ਸਿੰਘ ਨਾਲ ਜੋ ਦੁਰਵਿਵਹਾਰ ਸਿਰਫ਼ ਇਸ ਲਈ ਕੀਤਾ ਕਿ ਅਸੀਂ ਪ੍ਰੋ: ਦਰਸ਼ਨ ਸਿੰਘ ਵਲੋਂ ਸੱਦੀ ਮੀਟਿੰਗ ’ਚ ਕਿਉਂ ਗਏ? ਉਹ ਵੱਖਰੀ ਕਹਾਣੀ ਹੈ, ਜਿਹੜੀ ਇਸ ਲੇਖ ਦੇ ਵਿਸ਼ੇ ਤੋਂ ਬਾਹਰ ਦੀ ਗੱਲ ਹੋਣ ਕਰਕੇ ਲਿਖਣ ਦੀ ਲੋੜ ਨਹੀਂ। ਇਸ ਤੋਂ ਬਾਅਦ ਪ੍ਰੋ: ਦਰਸ਼ਨ ਸਿੰਘ ਦੀਆਂ ਖ਼ਬਰਾਂ ਛਪਣ ‘ਤੇ ਇੱਕ ਤਰ੍ਹਾਂ ਪਾਬੰਦੀ ਲਗਣ ਤੋਂ ਇਲਾਵਾ ਉਨ੍ਹਾਂ ਵਿਰੁੱਧ ਸ: ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀ ਪਹਿਲਾਂ ਦੋ ਵਾਰ ਛਪ ਚੁੱਕੀ ਚਿੱਠੀ ਮੁੜ ਆਪਣੇ ਅਖ਼ਬਾਰ ਵਿੱਚ ਪ੍ਰਮੁੱਖਤਾ ਨਾਲ ਛਾਪ ਦਿੱਤੀ।
ਇਸ ਉਪ੍ਰੰਤ ਸਪੋਕਸਮੈਨ ਦੇ ਟਰੱਸਟੀ ਸ: ਕਾਬਲ ਸਿੰਘ ਜਰਮਨੀ ਨੇ ਜਰਮਨ ’ਚ ਪ੍ਰੋ: ਦਰਸ਼ਨ ਸਿੰਘ ਦਾ ਕੀਰਤਨ ਸੁਣਿਆ, ਜਿਸ ਤੋਂ ਉਹ ਬੇਹੱਦ ਪ੍ਰਭਾਵਿਤ ਹੋਏ, ਜਿਨ੍ਹਾਂ ਨੇ ਮੈਨੂੰ ਨਿਜੀ ਤੌਰ ‘ਤੇ ਫੋਨ ਕਰਕੇ ਕਿਹਾ ਕਿ ਪ੍ਰੋ: ਦਰਸ਼ਨ ਸਿੰਘ ਦਾ ਕੀਰਤਨ ਅਤੇ ਵਖਿਆਨ ਬਿਲਕੁਲ ਗੁਰਮਤਿ ਸਿਧਾਂਤ ਦੀ ਪ੍ਰੋੜਤਾ ਕਰਦਾ ਹੈ, ਇਸ ਲਈ ਇਨ੍ਹਾਂ ਦੀਆਂ ਖ਼ਬਰਾਂ ਜਰੂਰ ਭੇਜਿਆ ਕਰੋ ਅਤੇ ਇਨ੍ਹਾਂ ਨੂੰ ਸ: ਜੋਗਿੰਦਰ ਸਿੰਘ ਦੇ ਨੇੜੇ ਲਿਆਉਣ ਦੀ ਕੋਸਿਸ਼ ਕਰੋ। ਕੌਮੀ ਹਿੱਤਾਂ ’ਚ ਅਸੀਂ ਫਿਰ ਯਤਨ ਸ਼ੁਰੂ ਕਰ ਦਿੱਤੇ। ਮੈਂ ਅਤੇ ਸ: ਉਪਕਾਰ ਸਿੰਘ ਨੇ ਪ੍ਰੋ: ਦਰਸ਼ਨ ਸਿੰਘ ਨਾਲ ਵੱਖਰੇ ਵੱਖਰੇ ਕਈ ਵਾਰ ਗੱਲ ਕੀਤੀ ਤਾਂ ਉਨ੍ਹਾਂ ਸਾਫ਼ ਦੱਸਿਆ ਕਿ ਉਨ੍ਹਾਂ ਦਾ ਕਿਸੇ ਵਿਅਕਤੀ ਨਾਲ ਕੋਈ ਵਿਰੋਧ ਨਹੀਂ ਅਤੇ ਕੌਮ ਦੇ ਹਿੱਤਾਂ ਵਿੱਚ ਹਰ ਵਿਅਕਤੀ ਨਾਲ ਚੱਲਣ ਲਈ ਤਿਆਰ ਹਨ ਪਰ ਸ: ਜੋਗਿੰਦਰ ਸਿੰਘ ਕਈ ਦਫ਼ਾ ਐਸੀਆਂ ਗੱਲਾਂ ਕਰ ਜਾਂਦੇ ਹਨ, ਜਿਹੜੀਆਂ ਕੌਮ ਲਈ ਬਹੁਤ ਘਾਤਕ ਹਨ, ਇਸ ਲਈ ਉਨ੍ਹਾਂ ਨਾਲ ਚੱਲਣਾ ਮੁਸ਼ਕਲ ਹੈ ਕਿਉਂਕਿ ਮੈਂ ਇੱਕ ਜਿੰਮੇਵਾਰ ਅਹੁੱਦੇ ’ਤੇ ਰਿਹਾ ਹੋਣ ਕਰਕੇ ਸਮੁੱਚੀ ਕੌਮ ਨੂੰ ਜਵਾਬਦੇਹ ਹਾਂ। ਉਨ੍ਹਾਂ ਇਹ ਯਕੀਨ ਵੀ ਦਿਵਾਇਆ ਕਿ ਕਿਸੇ ਸਟੇਜ ’ਤੇ ਸਿੱਧੇ ਤੌਰ ’ਤੇ ਸ: ਜੋਗਿੰਦਰ ਸਿੰਘ ਜਾਂ ਸਪੋਕਸਮੈਨ ਵਿਰੁੱਧ ਉਸ ਸਮੇਂ ਤੱਕ ਕੁਝ ਨਹੀਂ ਬੋਲਣਗੇ ਜਦ ਤੱਕ ਕਿ ਉਹ ਕੁਝ ਬੋਲਣ ਲਈ ਮਜ਼ਬੂਰ ਨਹੀਂ ਕਰ ਦਿੰਦੇ। ਪ੍ਰੋ: ਦਰਸ਼ਨ ਸਿੰਘ ਨੇ ਇੱਕ ਪਿੱਛਲੀ ਮੀਟਿੰਗ ਦਾ ਵੇਰਵਾ ਦੱਸਿਆ, ਜਿਸ ਦਾ ਸ: ਜੋਗਿੰਦਰ ਸਿੰਘ ਵੀ ਵਾਰ ਵਾਰ ਜਿਕਰ ਕਰਦੇ ਹਨ ਕਿ ‘ਪ੍ਰੋ: ਦਰਸ਼ਨ ਸਿੰਘ ਉਨ੍ਹਾਂ ਕੋਲ ਨਿਜੀ ਤੌਰ ’ਤੇ ਮੰਨ ਗਏ ਕਿ ਤੁਹਾਡਾ ਕੋਈ ਕਸੂਰ ਨਹੀਂ ਸੀ, ਪੁਜਾਰੀਆਂ ਨੇ ਤੁਹਾਡੇ ਨਾਲ ਧੱਕਾ ਕੀਤਾ ਪਰ ਉਨ੍ਹਾਂ ਵਿਰੁਧ ਕੁਝ ਨਹੀਂ ਬੋਲ ਸਕਦੇ ਕਿਉਂਕਿ ਉਹ (ਪ੍ਰੋ: ਦਰਸ਼ਨ ਸਿੰਘ) ਖ਼ੁਦ ਆਪਣੇ ਕਾਲ ਦੌਰਾਨ ਅਜਿਹੀਆਂ ਗਲਤੀਆਂ ਕਰਦੇ ਰਹੇ ਸਨ।’ ਦੀ ਮਿਸਾਲ ਦੇ ਕੇ ਕਹਿੰਦੇ ਸਨ ਕਿ ਇਹ ਗੱਲ ਕਿਸੇ ਮੀਟਿੰਗ ਵਿੱਚ ਹੋਈ ਹੀ ਨਹੀਂ ਅਤੇ ਜਿਹੜੀਆਂ ਹੋਈਆਂ, ਉਨ੍ਹਾਂ ਦਾ ਉਹ ਬਿਲਕੁਲ ਜਿਕਰ ਹੀ ਨਹੀਂ ਕਰਦੇ। ਉਨ੍ਹਾਂ ਦੱਸਿਆ ਕਿ ਸ: ਜੋਗਿੰਦਰ ਸਿੰਘ ਹਰ ਗੱਲ ਨੂੰ ਗਲਤ ਰੰਗਤ ਦਿੰਦੇ ਹਨ, ਇਸ ਲਈ ਉਹ ਉਨ੍ਹਾਂ ਨਾਲ ਤਦ ਤੱਕ ਮਿਲ ਕੇ ਨਹੀਂ ਚੱਲ ਸਕਦੇ ਜਦ ਤੱਕ ਕਿ ਪਹਿਲਾਂ ਮੀਟਿੰਗ ਕਰਕੇ ਇਹ ਵਿਸਵਾਸ਼ ਨਹੀਂ ਦਿਵਾ ਦਿੰਦੇ ਕਿ ਉਹ ਅੰਮ੍ਰਿਤ ਛਕਾਉਣ ਨੂੰ ਬ੍ਰਾਹਮਣੀ ਕਰਮ ਨਹੀਂ ਲਿਖਣਗੇ ਅਤੇ ਗੁਰੂ ਗੰ੍ਰਥ ਸਾਹਿਬ ’ਤੇ ਕੋਈ ਟੀਕਾ ਟਿੱਪਣੀ ਨਹੀਂ ਕਰਨਗੇ। ਇਹ ਸੁਣ ਕੇ ਸ: ਉਪਕਾਰ ਸਿੰਘ ਨੇ ਸਲਾਹ ਦਿੱਤੀ ਕਿ ਅਜਿਹਾ ਨਾ ਹੋਵੇ ਕਿ ਇਨ੍ਹਾਂ ਦੋਵਾਂ ਦੀ ਮੀਟਿੰਗ ਏਕਤਾ ਦੀ ਥਾਂ ਜਿਆਦਾ ਦੂਰੀ ’ਚ ਬਦਲ ਜਾਵੇ, ਇਸ ਲਈ ਆਪਣੀ ਯੋਜਨਾ ਦਾ ਇੱਥੇ ਹੀ ਭੋਗ ਪਾ ਦੇਈਏ।
ਜਦ ਇਸ ਗੱਲ ਦੀ ਸੂਹ ਸ: ਜੋਗਿੰਦਰ ਸਿੰਘ ਨੂੰ ਲੱਗੀ ਤਾਂ ਮੈਡਮ ਜਗਜੀਤ ਕੌਰ ਨੇ ਮੇਰੇ ’ਤੇ ਜ਼ੋਰ
ਪਾਉਣਾ ਸ਼ੁਰੂ ਕਰ ਦਿੱਤਾ ਕਿ ਜੇ ਪ੍ਰੋ: ਦਰਸ਼ਨ ਸਿੰਘ ਸਾਡੇ ਨਾਲ ਮਿਲ ਕੇ ਚੱਲਣਾ ਚਾਹੁੰਦੇ ਹਨ ਤਾਂ
ਉਹ 21 ਦਸੰਬਰ 2008 ਨੂੰ ਹੋ ਰਹੇ ਸਪੋਕਸਮੈਨ ਦੇ ਸਲਾਨਾ ਸਮਾਗਮ ’ਚ ਆ ਕੇ ਕੀਰਤਨ ਕਰਨ ਨਹੀਂ ਤਾਂ
ਅਸੀਂ ਸਮਝਾਂਗੇ ਕਿ ਉਹ ਸਾਡੇ ਨਾਲ ਚੱਲਣ ਲਈ ਤਿਆਰ ਨਹੀਂ। ਪ੍ਰੋ: ਦਰਸ਼ਨ ਸਿੰਘ ਨਾਲ ਗੱਲ ਕੀਤੀ ਤਾਂ
ਉਨ੍ਹਾਂ ਕੀਰਤਨ ਕਰਨ ਦੀ ਹਾਮੀ ਭਰਨ ਤੋਂ ਪਹਿਲਾਂ ਕੁਝ ਸ਼ਰਤਾਂ ਲਾ ਦਿੱਤੀਆਂ, ਜੋ ਇਸ ਪ੍ਰਕਾਰ ਸਨ :
1. ਸ: ਜੋਗਿੰਦਰ ਸਿੰਘ ਨਾਲ ਇੱਕ ਮੀਟਿੰਗ ਹੋਵੇਗੀ, ਜਿਸ ਵਿੱਚ ਵਿਚਲੋਗੀ ਕਰਨ ਵਾਲੀਆਂ ਧਿਰਾਂ ਵੀ
ਸ਼ਾਮਲ ਹੋਣਗੀਆਂ। 2. ਮੀਟਿੰਗ ਦੀ ਸਾਰੀ ਕਾਰਵਾਈ ਦੀ ਵੀਡਿਓ ਰੀਕਾਰਡਿੰਗ ਹੋਵੇਗੀ। 3. ਉਸ ਮੀਟਿੰਗ
ਵਿੱਚ ਸ: ਜੋਗਿੰਦਰ ਸਿੰਘ ਨੂੰ ਪੰਥ ਦੇ ਮੂਲ ਸਿਧਾਂਤਾਂ ‘ਤੇ ਕਿੰਤੂ ਨਾ ਕਰਨ ਦਾ ਵਾਅਦਾ ਕਰਨਾ
ਹੋਵੇਗਾ। 4. ਮੀਟਿੰਗ ਸ: ਜੋਗਿੰਦਰ ਦੇ ਘਰ ਦੀ ਵਜਾਏ ਕਿਸੇ ਹੋਰ ਥਾਂ ਹੋਵੇਗੀ ਬੇਸ਼ੱਕ ਉਹ ਚੰਗੀਗੜ੍ਹ
ਵਿੱਚ ਵੀ ਹੋ ਸਕਦੀ ਹੈ। ਇਸ ਦਾ ਕਾਰਨ ਦੱਸਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਦੇ ਘਰ ਹੋਈ
ਮੀਟਿੰਗ ਨੂੰ ਉਹ ਅੱਜ ਤੱਕ ਗਲਤ ਰੰਗਤ ਦੇ ਰਹੇ ਹਨ। ਇਸ ਲਈ ਮੈਂ ਦੁਬਾਰਾ ਉਨ੍ਹਾਂ ਨੂੰ ਇੱਕ ਹੋਰ
ਮੌਕਾ ਨਹੀਂ ਦੇਣਾ ਚਾਹੁੰਦਾ। ਪ੍ਰੋ: ਦਰਸ਼ਨ ਸਿੰਘ ਦੀਆਂ ਇਹ ਸ਼ਰਤਾਂ ਮੈਡਮ ਜਗਜੀਤ ਕੌਰ ਤੇ ਸ: ਕਾਬਲ
ਸਿੰਘ ਜਰਮਨੀ ਨੂੰ ਦੱਸ ਦਿੱਤੀਆਂ ਗਈਆਂ ਤਾਂ ਉਨ੍ਹਾਂ ਕਿਹਾ ਕਿ ਜੇ ਪ੍ਰੋ: ਦਰਸ਼ਨ ਸਿੰਘ ਕੌਮ ਦੇ ਭਲੇ
ਲਈ ਇਕੱਠੇ ਹੋਣਾ ਚਾਹੁੰਦੇ ਹਨ ਤਾਂ ਸ਼ਰਤਾਂ ਲਾਉਣ ਦੀ ਗੱਲ ਛੱਡਣ। ਇਸ ਤਰ੍ਹਾਂ ਸਾਡੇ ਯਤਨ ਫੇਲ ਹੋ
ਗਏ।
ਪਿੰਡ ਬਹਾਦਰਪੁਰ ਦੇ ਗੰ੍ਰਥੀ ਧਰਮ ਸਿੰਘ ਨੇ ਮੇਰੇ ਰਾਹੀਂ ਪਹੁੰਚ ਕਰਕੇ ਆਪਣੇ ਪਿੰਡ ’ਚ ਗੁਰੂ
ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ’ਚ 7, 8, 9 ਜਨਵਰੀ 09 ਨੂੰ ਰੱਖੇ ਗਏ ਸਮਾਗਮ ’ਚ
ਪ੍ਰੋ: ਦਰਸ਼ਨ ਸਿੰਘ ਤੋਂ 9 ਜਨਵਰੀ ਨੂੰ ਕੀਰਤਨ ਕਰਨ ਦਾ ਸਮਾਂ ਲੈ ਲਿਆ। ਜਦ ਇਸ ਸਮਾਗਮ ਦੀ ਖ਼ਬਰ ਉਸ
ਪਿੰਡ ਨਾਲ ਸਬੰਧਤ ਹਰਲਾਜ ਸਿੰਘ ਜੋ ਕਿ ਬਰੇਟਾ ਮੰਡੀ ਤੋਂ ਸਪੋਕਸਮੈਨ ਦਾ ਪੱਤਰਕਾਰ ਵੀ ਹੈ, ਨੇ
ਸਪੋਕਸਮੈਨ ਨੂੰ ਭੇਜੀ ਤਾਂ ਖ਼ਬਰ ਵਿੱਚੋਂ ਪ੍ਰੋ: ਦਰਸ਼ਨ ਸਿੰਘ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ
ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦਾ ਨਾਮ ਕੱਟ ਦਿੱਤਾ ਗਿਆ ਜਦੋਂ ਕਿ ਬਾਕੀ ਪਹੁੰਚਣ ਵਾਲੇ
ਵਿਦਵਾਨ ਇੰਦਰ ਸਿੰਘ ਘੱਗਾ ਅਤੇ ਸ਼੍ਰੋਮਣੀ ਤੱਤ ਖ਼ਾਲਸਾ ਦੇ ਮੁਖ ਸੇਵਾਦਾਰ ਜਰਨੈਲ ਸਿੰਘ ਖ਼ਾਲਸਾ ਦਾ
ਨਾਮ ਛਾਪਿਆ ਗਿਆ। ਮੈਡਮ ਜਗਜੀਤ ਕੌਰ ਨੇ ਹਰਲਾਜ ਸਿੰਘ ਨੂੰ ਪੁੱਛਿਆ ਕਿ, ਕੀ ਤੁਸੀਂ ਪ੍ਰੋ: ਦਰਸ਼ਨ
ਸਿੰਘ ਦਾ ਕੀਰਤਨ ਸਮਾਗਮ ਕਰਵਾ ਰਹੇ ਹੋ? ਤਾਂ ਉਨ੍ਹਾਂ ਕਿਹਾ ਕਿ ਮੈਂ ਤਾਂ ਨਹੀਂ ਪਿੰਡ ਵਾਲੇ ਕਰਵਾ
ਰਹੇ ਹਨ। ਉਨ੍ਹਾਂ ਦਾ ਦੂਸਰਾ ਸਵਾਲ ਸੀ ਕਿ ਉਨ੍ਹਾਂ ਕੋਲ ਪੂਰੇ ਸਬੂਤ ਹਨ ਕਿ ਪ੍ਰੋ: ਦਰਸ਼ਨ ਸਿੰਘ
ਅਤੇ ਸ: ਸਰਨਾ ਤੋਂ ਕਿਰਪਾਲ ਸਿੰਘ ਨੇ ਹੀ ਸਮਾਂ ਲੈ ਕੇ ਦਿੱਤਾ ਹੈ ਤਾਂ ਹਰਲਾਜ ਸਿੰਘ ਨੇ ਕਿਹਾ ਕਿ
ਇਸ ਗੱਲ ਦਾ ਪਤਾ ਪਿੰਡ ਵਾਲਿਆਂ ਨੂੰ ਜਾਂ ਗੰ੍ਰਥੀ ਨੂੰ ਹੋ ਸਕਦਾ ਹੈ। ਮੈਨੂੰ ਇਸ ਬਾਰੇ ਕੋਈ ਪਤਾ
ਨਹੀਂ। ਮੈਡਮ ਜਗਜੀਤ ਕੌਰ ਦਾ ਫੁਰਮਾਨ ਸੀ ਕਿ ਮੈਨੂੰ ਪਤਾ ਲੱਗਾ ਹੈ ਕਿ ਹੱਥ ਤਾਂ ਤੁਹਾਡਾ ਵੀ ਪੂਰਾ
ਹੈ, ਇਹ ਤੁਹਾਡੇ ਲਈ ਚੰਗਾ ਨਹੀਂ ਹੈ।
ਜਿਹੜਾ ਸਪੋਕਸਮੈਨ ਪ੍ਰੋ: ਦਰਸ਼ਨ ਸਿੰਘ ਦੇ ਕੀਰਤਨ ਸਮਾਗਮ ਕਰਨ ’ਤੇ ਹੀ ਇਤਰਾਜ਼ ਕਰਦਾ ਹੋਵੇ, ਕੀ ਇਹ ਸੰਭਵ ਹੈ ਕਿ ਉਹ ਪ੍ਰੋ: ਦਰਸ਼ਨ ਸਿੰਘ ਨੂੰ ਕਦੇ ਅਗਵਾਈ ਸੌਂਪਣ ਲਈ ਤਿਆਰ ਵੀ ਹੋਣਗੇ? ਮੈਨੂੰ ਪੂਰਾ ਯਕੀਨ ਹੈ ਕਿ ਜੇ ਸ: ਜੋਗਿੰਦਰ ਸਿੰਘ ਸੁਹਿਰਦ ਹੋ ਕੇ ਪ੍ਰੋ: ਦਰਸ਼ਨ ਸਿੰਘ ਦੀ ਸਲਾਹ ਮੰਨ ਲੈਣ ਤਾਂ ਅੱਜ ਵੀ ਏਕਤਾ ਹੋ ਸਕਦੀ ਹੈ। ਪਰ ਸ: ਜੋਗਿੰਦਰ ਸਿੰਘ ਦੀ ਨੀਤੀ ਹੀ ਇਹ ਹੈ ਕਿ ਵਡਮੁੱਲੀਆਂ ਸਲਾਹਾਂ ਤੇ ਫਲਸਫੇ ਦਿੰਦੇ ਰਹਿਣਾ ਪਰ ਖ਼ੁਦ ਹੀ ਉਸ ’ਤੇ ਅਮਲ ਨਾ ਕਰਨਾ। ਗੱਲੀਂ ਬਾਤੀਂ ਹਰ ਸ਼ੋਹਰਤ ਵਾਲੇ ਵਿਅਕਤੀ ਨੂੰ ਅਗਵਾਈ ਸੌਂਪਣ ਦੀ ਗੱਲ ਕਰਨਾ ਪਰ ਅਸਲ ਵਿੱਚ ਚਾਹੁਣਾ ਇਹ ਕਿ ਉਹ ਸਾਡੇ ਅਧੀਨ ਹੋ ਕੇ ਸਾਡੇ ਅਨੁਸਾਰ ਚੱਲੇ, ਨਹੀਂ ਤਾਂ ਮੱਖਣ ’ਚੋਂ ਵਾਲ ਵਾਂਗ ਕੱਢ ਕੇ ਸੁੱਟ ਦੇਣਾ। ਜੇ ਸ: ਜੋਗਿੰਦਰ ਸਿੰਘ ਹੁਣ ਸਮਝ ਚੁੱਕੇ ਹਨ ਕਿ ਪ੍ਰੋ: ਦਰਸ਼ਨ ਸਿੰਘ ਯੋਗ ਅਗਵਾਈ ਦੇ ਸਕਣ ਦੇ ਸਮਰੱਥ ਹਨ ਤਾਂ ਆਪਣੇ ਆਪ ’ਚ ਸੁਧਾਰਨ ਦਾ ਯਤਨ ਕਰਨ, ਪ੍ਰੋ: ਦਰਸ਼ਨ ਸਿੰਘ ਨੂੰ ਗੱਲਬਾਤ ਲਈ ਤਿਆਰ ਕਰਨ ਲਈ ਮੈਂ ਹੁਣ ਵੀ ਜਿੰਮੇਵਾਰੀ ਨਿਭਾਉਣ ਵਾਸਤੇ ਤਿਆਰ ਹਾਂ, ਬਸ਼ਰਤੇ ਕਿ ਸ: ਜੋਗਿੰਦਰ ਸਿੰਘ, ਪ੍ਰੋ: ਦਰਸ਼ਨ ਸਿੰਘ ਵਲੋਂ ਲਾਈਆਂ ਸ਼ਰਤਾਂ ਮੰਨਣ ਦਾ ਵਾਅਦਾ ਦੇਣ। ਹੋ ਸਕਦਾ ਹੈ ਕਿ ਸ: ਜੋਗਿੰਦਰ ਸਿੰਘ ਵਲੋਂ ਆਪਣੀ 11 ਦਸੰਬਰ 09 ਦੀ ਸੰਪਾਦਕੀ ਵਿੱਚ ਦਿੱਤੇ ਇਸ ਵਿਚਾਰ ਕਿ ‘‘ਹਰ ਲਹਿਰ ਦੇ ਲੀਡਰ ਨੂੰ ਆਮ ਆਦਮੀ ਤੋਂ ਥੋੜ੍ਹਾ ਵੱਖਰਾ ਜਰੂਰ ਹੋਣਾ ਪੈਂਦਾ ਹੈ ਤਾਂ ਕਿ ਉਸ ਦੀਆਂ ਕਮੀਆਂ ਤੇ ਕਮਜੋਰੀਆਂ ਲਹਿਰ ’ਤੇ ਅਸਰ ਅੰਦਾਜ਼ ਨਾ ਹੋਣ ਸਕਣ‘‘, ਨੂੰ ਪ੍ਰੋ: ਦਰਸ਼ਨ ਸਿੰਘ ਵੀ ਭਲੀਭਾਂਤ ਸਮਝਦੇ ਹੀ ਹੋਣ, ਇਸੇ ਕਾਰਨ ਉਨ੍ਹਾਂ ਨੇ ਜੋਗਿੰਦਰ ਸਿੰਘ ਦੀਆਂ ਕਮੀਆਂ ਅਤੇ ਕਮਜੋਰੀਆਂ ਨੁੂੰ ਵੇਖ ਕੇ ਹੀ ਉਨ੍ਹਾਂ ਨਾਲੋਂ ਕੁਝ ਵਖਰੇਵਾਂ ਰੱਖਣ ਦਾ ਫੈਸਲਾ ਕੀਤਾ ਹੋਇਆ ਹੈ।