

ਸਿੱਖਾਂ ’ਤੇ ਗੋਲੀਆਂ ਚਲਵਾ ਕੇ ਬਾਦਲ-ਬੀਜੇਪੀ ਨੇ ਸਿੱਖਾਂ ਨੂੰ ਦੱਸਿਆ ਕਿ
ਉਨ੍ਹਾਂ ਦੀ ਔਕਾਤ
ਪਰਵਾਸੀ ਮਜਦੂਰਾਂ ਜਿੰਨੀ ਵੀ ਨਹੀਂ ਹੈ
- ਸਰਬਜੀਤ ਸਿੰਘ -
ਪੰਜਾਬ ਵਿੱਚ ਡੇਰੇਦਾਰਾਂ ਤੇ ਸਿੱਖਾਂ ਵਿਚਕਾਰ ਟਕਰਾਅ ਦੌਰਾਨ ਬਾਦਲ ਸਰਕਾਰ ਵੱਲੋਂ ਸਿੱਖਾਂ ਨੂੰ ਜਾਨੋਂ ਮਰਵਾ ਕੇ ਡੇਰੇਦਾਰਾਂ ਦੇ ਹਿੱਤਾਂ ਦੀ ਪੂਰਤੀ ਕੀਤੀ ਜਾਂਦੀ ਹੈ ਅਤੇ ਬੀਤੇ ਦਿਨੀਂ ਲੁਧਿਆਣਾ ਵਿਖੇ ਵਾਪਰੇ ਗੋਲੀ-ਕਾਂਡ ਦੌਰਾਨ ਵੀ ਇਹੀ ਤੱਥ ਮੁੜ ਤੋਂ ਇਕ ਵਾਰ ਫਿਰ ਸਾਬਿਤ ਹੋਇਆ ਹੈ। ਮਸਲਾ ਇਹ ਸੀ ਕਿ ਆਸ਼ੂਤੋਸ਼ ਨਾਂ ਦੇ ਇਕ ਡੇਰੇਦਾਰ (ਜਿਸ ਦੀਆਂ ਸਰਗਰਮੀਆਂ ਵਧੇਰੇ ਕਰਕੇ ‘ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ’ ਦੇ ਨਾਂ ਨਾਲ ਹੁੰਦੀਆਂ ਹਨ) ਦੇ ਚੇਲਿਆਂ ਨੇ ਲੁਧਿਆਣਾ ਵਿਖੇ ਉਸ ਦੇ ਲੈਕਚਰਾਂ ਦਾ ਦੋ-ਦਿਨਾ ਪ੍ਰੋਗਰਾਮ ਮਿਤੀ 5 ਅਤੇ 6 ਦਸੰਬਰ 2009 ਨੂੰ ਆਯੋਜਿਤ ਕਰਵਾਉਣਾ ਸੀ। ਪੰਜਾਬ ਅਤੇ ਪੰਜਾਬ ਤੋਂ ਬਾਹਰ ਕਾਇਮ ਹੋਰ ਬਹੁਤ ਸਾਰੇ ਡੇਰਿਆਂ ਦੀ ਤਰ੍ਹਾਂ ਆਸ਼ੂਤੋਸ਼ ਦੇ ਡੇਰੇ ਦਾ ਮੁੱਖ ਮਸਕਦ ਵੀ ਸਿੱਖਾਂ ਨੂੰ ਗੁਰਮਤਿ ਵਿਚਾਰਧਾਰਾ ਬਾਰੇ ਸੰਸੇ ਵਿੱਚ ਪਾਉਣਾ (confuse ਕਰਨਾ) ਅਤੇ ਸਿੱਧੀ ਚੁਣੌਤੀ ਦਿੱਤੇ ਬਿਨਾਂ ਸਿੱਖਾਂ ਨੂੰ ਜ਼ਲੀਲ ਤੇ ਪਰੇਸ਼ਾਨ ਕਰਨਾ ਹੈ। ਇਸ ਮਕਸਦ ਲਈ ਆਸ਼ੂਤੋਸ਼ ਨੇ ਬਹੁਤ ਸਾਰੇ ਪੜ੍ਹੇ-ਲਿਖੇ, ਚੁਸਤ ਤੇ ਤੇਜ਼-ਤਰਾਰ ਲੈਕਚਰ ਦੇਣ ਵਿੱਚ ਮਾਹਿਰ ਚੇਲਿਆਂ ਅਤੇ ਚੇਲੀਆਂ ਦਾ ਬੰਦੋਬਸਤ ਕੀਤਾ ਹੋਇਆ ਹੈ। ਕੇਸਾਰਧਾਰੀ ਅਤੇ ਗੈਰ-ਕੇਸਾਧਾਰੀ ਪ੍ਰਭਾਸ਼ਵਾਲੀ ਬੁਲਾਰਿਆਂ (ਜਿਨ੍ਹਾਂ ਵਿੱਚ ਸੋਹਣੀਆਂ ‘ਬੁਲਾਰੀਆਂ’ ਵੀ ਸ਼ਾਮਲ ਹੁੰਦੀਆਂ ਹਨ), ਖੁਫੀਆਂ ਏਜੰਸੀਆਂ ਤੇ ਬ੍ਰਾਹਮਣਵਾਦੀ ਸੰਗਠਨਾਂ ਦੀ ਮਦਦ ਅਤੇ ਗੁਰਬਾਣੀ ਦੀਆਂ ਤੁਕਾਂ ਦੇ ਲਫ਼ਜ਼ੀ ਅਰਥਾਂ ਨੂੰ ਗਲਤ ਰੰਗਤ ਦੇ ਕੇ, ਆਸ਼ੂਤੋਸ਼ ਦਾ ਡੇਰਾ ਗਿਆਨਹੀਣ ਸਿੱਖਾਂ ਵਿੱਚੋਂ ਕੁਝ ਨੂੰ ਆਪਣਾ ‘ਚੇਲਾ’ ਬਣਾਉਣ ਵਿੱਚ ਸਫਲ ਹੋ ਗਿਆ ਹੈ। ਸਿੱਖਾਂ ਨੂੰ ਵਰਗਲਾਉਣ ਲਈ ਆਸ਼ੂਤੋਸ਼ ਖ਼ੁਦ ਵੀ ਕਈ ਵਾਰ ਸਿੱਖਾਂ ਵਰਗੀ ਪੱਗ ਬੰਨ੍ਹ ਕੇ ਸਿੱਖ ਸੰਤ ਹੋਣ ਦਾ ਪ੍ਰਭਾਵ ਦਿੰਦਾ ਹੈ।

ਲੁਧਿਆਣਾ ਵਿੱਚ ਆਸ਼ੂਤੋਸ਼ ਦੇ ਸਮਾਗਮ ਦਾ ਵਿਰੋਧ ਕਰਦੇ ਸਥਾਨਕ ਸਿੱਖ
ਆਸ਼ੂਤੋਸ਼ ਦੀਆਂ ਅਜਿਹੀਆਂ ਸਰਗਰਮੀਆਂ ਤੋਂ ਸਿੱਖੀ ਲਈ ਮਨ ਵਿੱਚ ਸ਼ਰਧਾ ਰੱਖਣ ਵਾਲੇ ਵੀਰਾਂ ਦੇ ਮਨਾਂ ਵਿੱਚ ਕੁੜੱਤਣ ਪੈਦਾ ਹੋਣਾ ਸੁਭਾਵਿਕ ਹੈ। ਇਸਲਈ ਪੰਜਾਬ ਦੇ ਸਿੱਖਾਂ ਵੱਲੋਂ ਅਕਸਰ ਆਸ਼ੂਤੋਸ਼ ਦੇ ਪ੍ਰੋਗਰਾਮਾਂ ਦਾ ਵਿਰੋਧ ਕੀਤਾ ਜਾਂਦਾ ਹੈ ਤੇ ਸੂਬਾ ਸਰਕਾਰ ਵੱਲੋਂ ਵੀ ਅਜਿਹੇ ਪ੍ਰੋਗਰਾਮਾਂ ’ਤੇ ਰੋਕ ਲਗਾ ਦਿੱਤੀ ਜਾਂਦੀ ਹੈ। ਕੁਝ ਸਾਲ ਪਹਿਲਾਂ ਤਾਂ ਆਸ਼ੂਤੋਸ਼ ਦੇ ਗਾਜ਼ੀਆਬਾਦ ਵਿਖੇ ਆਯੋਜਿਤ ਕਰਵਾਏ ਜਾ ਰਹੇ ਸਮਾਗਮ ’ਤੇ ਵੀ ਯੂ.ਪੀ. ਸਰਕਾਰ ਵੱਲੋਂ ਰੋਕ ਲਗਵਾ ਦਿੱਤੀ ਗਈ ਸੀ। ਇਸੇ ਕੜੀ ਵਿੱਚ ਲੁਧਿਆਣਾ ਵਿਖੇ ਆਯੋਜਿਤ ਕਰਵਾਏ ਜਾ ਰਹੇ ਆਸ਼ੂਤੋਸ਼ ਦੇ ਪ੍ਰੋਗਰਾਮ ’ਤੇ ਵੀ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਸੀ। ਕਿਸੇ ਹਿਸੰਕ ਟਕਰਾਅ ਤੋਂ ਬਚਣ ਲਈ ਲੁਧਿਆਣਾ ਪ੍ਰਸ਼ਾਸਨ ਵੱਲੋਂ ਆਸ਼ੂਤੋਸ਼ ਦੇ ਸਮਾਗਮ ’ਤੇ ਪਾਬੰਦੀ ਲਗਾਉਣ ਦੀ ਵਿਚਾਰ ਵੀ ਕੀਤੀ ਜਾ ਰਹੀ ਸੀ। ਖ਼ਾਸਕਰ, ਆਸ਼ੂਤੋਸ਼ ਦੇ ਸਮਾਗਮ ਤੋਂ ਇਕ ਦਿਨ ਪਹਿਲਾਂ ਲੁਧਿਆਣਾ ਵਿੱਚ ਹੀ ਬਿਹਾਰੀਆਂ ਵੱਲੋਂ ਕੀਤੇ ਗਏ ਫਸਾਦ ਉਪਰੰਤ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ‘ਖਰਾਬ ਮਾਹੌਲ’ ਦੇ ਅਧਾਰ ’ਤੇ ਸਮਾਗਮ ਨੂੰ ਰੱਦ ਕਰਨ ਦਾ ਨਿਰਣਾ ਜਿਹਾ ਲੈ ਲਿਆ ਸੀ। ਪਰ ਬੱਲਾਂ ਦੇ ਡੇਰੇਦਾਰਾਂ ਨਾਲ ਗੰਢਤੁੱਪ ਕਰਨ ਉਪਰੰਤ ਮਿਲੇ ਸਿਆਸੀ ਲਾਭ ਤੋਂ ਉਤਸ਼ਾਹਿਤ ਪ੍ਰਕਾਸ਼ ਸਿੰਘ ਬਾਦਲ ਨੇ ਇਸ ਵਾਰ ਆਸ਼ੂਤੋਸ਼ ਦੇ ਸਮਾਗਮ ਨੂੰ ਰੁਕਵਾਉਣ ਦੀ ਬਜਾਏ, ਇਸਨੂੰ ਸਫਲਤਾ ਨਾਲ ਕਰਵਾ ਕੇ ਡੇਰੇਦਾਰ ਨਾਲ ਸਬੰਧਿਤ ਵੋਟਰਾਂ ਅਤੇ ਹੋਰ ਫਿਰਕੂ ਬ੍ਰਾਹਮਣਵਾਦੀਆਂ ਦਾ ਮਨ ਜਿੱਤਣ ਦਾ ਮਨ ਬਣਾਇਆ। ਇਸ ਮਕਸਦ ਦੀ ਪੂਰਤੀ ਲਈ ਪੂਰਤੀ ਲਈ ਬਾਦਲ ਨੇ ਕਾਫੀ ਪਹਿਲਾਂ ਹੀ ਸਿੱਖਾਂ ਵੱਨੋਂ ਆਸ਼ੂਤੋਸ਼ ਦੇ ਪ੍ਰੋਗਰਾਮ ਦੇ ਵਿਰੋਧ ਵਿੱਚ ਆਯੋਜਿਤ ਕੀਤੀਆਂ ਜਾ ਰਹੀਆਂ ਮੀਟਿੰਗਾਂ ਅਤੇ ਸਮਾਗਮ ਨੂੰ ਰੱਦ ਕਰਵਾਉਣ ਦੇ ਮੰਗ-ਪੱਤਰਾਂ ਨੂੰ ਨਜ਼ਰਅੰਦਾਜ ਕਰਨਾ ਸ਼ੁਰੂ ਕਰ ਦਿੱਤਾ ਸੀ।
![]() |
|
ਸਿੱਖਾਂ ’ਤੇ ਗੋਲੀਆਂ ਚਲਾਉਣ ਦੀ ਤਿਆਰੀ
|
ਇਸਦੇ ਅਲਾਵਾ, ਆਪਣੇ ਆਪ ਨੂੰ ਇਸ ਮਾਮਲੇ ਵਿੱਚ ‘ਬੇਚਾਰਾ’ ਜਿਹਾ ਪੇਸ਼ ਕਰਨ ਲਈ ਬਾਦਲ ਨੇ ਬੀਜੇਪੀ ਦੀ ਵੀ ਕੁਸ਼ਲਤਾ ਨਾਲ ਮਦਦ ਲਈ। ਬਾਦਲ ਨੇ ਬੀਜੇਪੀ ਆਗੂਆਂ ਰਾਹੀਂ ਸਥਾਨਕ ਬੀਜੇਪੀ ਵਿਧਾਇਕ ਹਰੀਸ਼ ਬੇਦੀ ਤੋਂ ਮੰਗ ਕਰਵਾਉਣੀ ਸ਼ੁਰੂ ਕਰ ਦਿੱਤੀ ਕਿ ‘ਆਸ਼ੂਤੋਸ਼ ਮਹਾਰਾਜ’ ਦਾ ਸਮਾਗਮ ਮਿੱਥੇ ਸਮੇਂ ਅਤੇ ਸਥਾਨ ’ਤੇ ਸਰਕਾਰੀ ਸੁਰੱਖਿਆ ਵਿੱਚ ਕਰਵਾਇਆ ਜਾਵੇ। ਇਸ ਤਰ੍ਹਾਂ ਬਾਦਲ ਨੇ ਪ੍ਰਭਾਵ ਦਿੱਤਾ ਕਿ ਕਿਉਂਕਿ ਉਸਦੀ ਸਰਕਾਰ ਬੀਜੇਪੀ ਵਿਧਾਇਕਾਂ ਦੀ ਮਦਦ ਨਾਲ ਚੱਲ ਰਹੀ ਹੈ, ਇਸਲਈ ਉਸ ਵਾਸਤੇ ਆਸ਼ੂਤੋਸ਼ ਦੇ ਸਮਾਗਮ ਨੂੰ ਰੱਦ ਕਰਨ ਦਾ ਆਦੇਸ਼ ਜਾਰੀ ਕਰਨਾ ਸੰਭਵ ਨਹੀਂ ਸੀ। ਪਰ ਅਸਲੀਅਤ ਵਿੱਚ ਅਜਿਹਾ ਕੁਝ ਨਹੀਂ ਸੀ। ਬਾਦਲ ਨੇ ਆਪਣੇ ਨਿਜੀ ਹਿੱਤ ਵਾਲੇ ਜਿਹੜੇ ਫੈਸਲੇ ਕਰਵਾਉਣ ਹੋਣ, ਜਿਵੇਂ ਸੁਖਬੀਰ ਬਾਦਲ ਨੂੰ ਉਪ ਮੁੱਖ ਮੰਤਰੀ ਬਣਾਉਣਾ, ਉਹ ਫੈਸਲੇ ਉਹ ਬੀਜੇਪੀ ਦੇ ਗਲ ਵਿੱਚ ਗੂਠਾ ਦੇ ਕੇ ਵੀ ਕਰਵਾ ਲੈਂਦਾ ਹੈ।
ਜਿਥੋਂ ਤੱਕ ਬੀਜੇਪੀ ਦੀ ਗੱਲ ਹੈ, ਇਸ ਪਾਰਟੀ ਨੂੰ ਸਿੱਖਾਂ ਦੀਆਂ ਵੋਟਾਂ, ਖ਼ਾਸਕਰ ਲੁਧਿਆਣਾ ਵਰਗੇ ਪਰਵਾਸੀਆਂ ਦੀ ਬਹੁਤਾਤ ਵਾਲੇ ਸ਼ਹਿਰ ਵਿੱਚ, ਪਹਿਲਾਂ ਹੀ ਬਹੁਤ ਘੱਟ ਮਿਲਦੀਆਂ ਹਨ। ਜੇਕਰ ਸਿੱਖਾਂ ਦੀਆਂ ਵੋਟਾਂ ਵਿੱਚ ਕੁਝ ਕਮੀ ਆ ਜਾਏ ਪਰ ਬਿਹਾਰੀਆਂ ਜਾਂ ਫਿਰਕਾਪ੍ਰਸਤ ਸਵਰਨ ਹਿੰਦੂਆਂ ਦਾ ਬੀਜੇਪੀ ਪ੍ਰਤੀ ਸਮਰਥਨ ਵੱਧ ਜਾਏ ਤਾਂ ਉਸ ਨਾਲ ਬੀਜੇਪੀ ਨੂੰ ਜ਼ਿਆਦਾ ਸਿਆਸੀ ਲਾਭ ਹੁੰਦਾ ਹੈ। ਇਸਲਈ ਬੀਜੇਪੀ ਆਗੂਆਂ ਨੂੰ ਵੀ ਬਾਦਲ ਦੀ ਇਸ ਚਾਲ ਦਾ ਹਿੱਸਾ ਬਣਨ ਵਿੱਚ ਕੋਈ ਇਤਰਾਜ਼ ਨਹੀਂ ਸੀ। ਇਸ ਮਸਕਦ ਦੀ ਪੂਰਤੀ ਲਈ ਬੀਜੇਪੀ ਆਗੂਆਂ ਨੇ ਨਾ ਸਿਰਫ਼ ਆਸ਼ੂਤੋਸ਼ ਦਾ ਸਮਾਗਮ ਮਿੱਥੀ ਥਾਂ ’ਤੇ ਕਰਵਾਇਆ, ਬਲਕਿ ਬਾਦਲ ਸਰਕਾਰ ’ਤੇ ਦਬਾਅ ਪਾ ਕੇ ਸਮਾਗਮ ਦੇ ਪਹਿਲੇ ਦਿਨ ਵਿਰੋਧ ਕਰ ਰਹੇ ਸਿੱਖਾਂ ’ਤੇ ਗੋਲੀਆਂ ਵੀ ਚਲਵਾ ਦਿੱਤੀਆਂ। ਪੁਲਿਸ ਵੱਲੋਂ ਕੀਤੀ ਗਈ ਇਸ ਗੋਲੀਬਾਰੀ ਕਾਰਨ 6-7 ਸਿੱਖ ਮਾਰੇ ਜਾਣ ਦੀ ਖ਼ਬਰ ਹੈ, ਜਦਕਿ ਸਰਕਾਰੀ ਤੌਰ ’ਤੇ ਸਿਰਫ਼ ਇਕ ਸਿੱਖ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ।
ਗੌਰਤਲਬ ਹੈ ਸਿੱਖਾਂ ਦੇ ਇਸ ਵਿਰੋਧ ਪ੍ਰਦਰਸ਼ਨ ਦੇ ਮਹਿਜ਼ ਇਕ ਦਿਨ ਪਹਿਲਾਂ ਪਰਵਾਸੀ ਮਜ਼ਦੂਰਾਂ ਨੇ ਵੱਡੀ ਪੱਧਰ ਵਿੱਚ ਲੁਧਿਆਣੇ ਵਿਖੇ ਪ੍ਰਰਦਰਸ਼ਨ ਕੀਤੇ ਸਨ, ਜਿਨ੍ਹਾਂ ਵਿੱਚ ਦਰਜਨਾਂ ਨਿਜੀ ਵਾਹਨ ਅਤੇ ਰੇਲਗੱਡੀ ਤੱਕ ਨੂੰ ਅੱਗ ਲਗਾ ਦਿੱਤੀ ਗਈ ਸੀ। ਪਰ ਉਸ ਵੇਲੇ ਪੁਲਿਸ ਨੇ ਪ੍ਰਦਸ਼ਨਕਾਰੀਆਂ ’ਤੇ ਗੋਲੀਬਾਰੀ ਨਹੀਂ ਕੀਤੀ। ਪਰ ਅਗਲੇ ਹੀ ਦਿਨ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਿੱਖਾਂ ’ਤੇ ਆਂਸੂ ਗੈਸ ਜਾਂ ਪਾਣੀ ਦੀ ਬੌਛਾੜ ਜਿਹਾ ਕੋਈ ਸੁਖਾਲਾ ਤਰੀਕਾ ਅਪਣਾਏ ਬਿਨਾਂ ਗੋਲੀਆਂ ਚਲਾ ਦਿੱਤੀਆਂ ਗਈਆਂ। ਵੈਸੇ ਇਸ ਵਿੱਚ ਕੋਈ ਬਹੁਤੀ ਹੈਰਾਨੀ ਵਾਲੀ ਗੱਲ ਵੀ ਨਹੀਂ ਸੀ ਕਿਉਂਕਿ ਡੇਰੇਦਾਰਾਂ ਤੇ ਸਿੱਖਾਂ ਦੇ ਟਕਰਾਅ ਦੌਰਾਨ ਬਾਦਲ ਸਰਕਾਰ ਹਮੇਸ਼ਾ ਹੀ ਡੇਰੇਦਾਰਾਂ ਦਾ ਪੱਖ ਪੂਰਦੀ ਰਹੀ ਹੈ। ਨਿਰੰਕਾਰੀ ਕਾਂਡ, ਸੌਦਾ ਸਾਧ ਕਾਂਡ ਅਤੇ ਡੇਰਾ ਬੱਲਾਂ ਕਾਂਡ ਬਾਦਲ ਦੀ ਇਸ ਨੀਤੀ ਦੀਆਂ ਸਪਸ਼ਟ ਮਿਸਾਲਾਂ ਸਨ। ਪਰ ਈਮਾਨਦਾਰ, ਦੂਰਦਰਸ਼ੀ ਤੇ ਪੰਥ-ਦਰਦੀ ਲੀਡਰਾਂ ਤੋਂ ਵਿਹੂਣੇ ਸਿੱਖ, ਜਜ਼ਬਾਤ ਦੇ ਰੌਅ ਵਿੱਚ ਵੱਗ ਕੇ ਆਪਣਾ ਜਾਨੀ-ਮਾਲੀ ਨੁਕਸਾਨ ਕਰਾ ਬੈਠਦੇ ਹਨ।

ਲੁਧਿਆਣਾ ਵਿੱਚ ਪੰਜਾਬ ਪੁਲਿਸ ਦੀਆਂ ਗੋਲੀਆਂ ਦੇ ਸ਼ਿਕਾਰ ਕੁਝ ਸਿੱਖ ਸੜਕਾਂ ’ਤੇ ਪਏ ਹੋਏ
ਹੁਣ ਲੁਧਿਆਣਾ ਵਿਖੇ ਵਾਪਰੇ ਇਸ ਗੋਲੀ ਕਾਂਡ ਤੋਂ ਵੀ ਸਿੱਖਾਂ ਨੂੰ ਕਈ ਸਬਕ ਲੈਣ ਅਤੇ ਨਵੀਂਆਂ
ਨੀਤੀਆਂ ਅਪਣਾਉਣ ਦੀ ਲੋੜ ਹੈ। ਮਿਸਾਲ ਵਜੋਂ, ਆਸ਼ੂਤੋਸ਼ ਨੂੰ ਸਿਰਫ਼ ਭੰਡਦੇ ਰਹਿਣ ਨਾਲ ਕੋਈ ਸਾਰਥਕ
ਨਤੀਜਾ ਨਹੀਂ ਨਿਕਲਣਾ। ਇਸਲਈ ‘ਦਿਵਯ ਜਿਉਤੀ ਜਾਗ੍ਰਿਤੀ ਸੰਸਥਾਨ’ ਵੱਲੋਂ ਪ੍ਰਕਾਸ਼ਿਤ ਕੀਤੇ ਗਏ
ਲਿਟਰੇਚਰ ਵਿੱਚ ਡੇਰੇਵਾਦੀ ਮਾਨਸਿਕਤਾ ਨੂੰ ਵਿਕਸਿਤ ਕਰਨ ਲਈ ਜਿਹੜੀਆਂ ਗੁਰਮਤਿ ਵਿਰੋਧੀ ਨੁਕਤੇ ਪੇਸ਼
ਕੀਤੇ ਗਏ ਹਨ, ਉਨ੍ਹਾਂ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਵਿਗਿਆਨਕ ਢੰਗ ਨਾਲ ਤਿਆ ਕਰਕੇ
ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਕਿਤਾਬਚੇ ਅਤੇ ਸੀ.ਡੀਆਂ ਆਦਿਕ ਵੰਡੇ ਜਾਣ। ਵੈਸੇ ਤਾਂ ਇਹ ਫਰਜ਼
ਤਖ਼ਤਾਂ ਦੇ ਪੁਜਾਰੀਆਂ ਅਤੇ ਸ਼੍ਰੋਮਣੀ ਕਮੇਟੀ ਆਗੂਆਂ ਦਾ ਬਣਦਾ ਹੈ ਪਰ ਬਾਦਲ ਪਰਵਾਰ ਅਤੇ ਆਰ.ਐਸ.ਐਸ.
ਦੇ ਗੁਲਾਮ ਹੋਣ ਕਾਰਨ ਇਹ ਲੋਕ ਅਜਿਹਾ ਕੋਈ ਕਦਮ ਚੁੱਕਣਾ ਨਹੀਂ ਚਾਹੁੰਦੇ। ਇਸਦੇ ਇਲਾਵਾ, ਇਨ੍ਹਾਂ
ਅਧਪੜ੍ਹ ਕਿਸਮ ਦੇ ਪੁਜਾਰੀਆਂ/ਪ੍ਰਧਾਨਾਂ ਦਾ ਵਿਦਿਅਤ ਅਤੇ ਮਾਨਸਿਕ ਸਤਰ ਅਜਿਹਾ ਹੈ ਵੀ ਨਹੀਂ ਕਿ ਇਹ
ਖ਼ੁਦ ਆਸ਼ੂਤੋਸ਼ ਦੇ ਚਲਾਕ-ਚੁਸਤ ਚੇਲਿਆਂ ਵੱਲੋਂ ਲਿਖੀਆਂ ਗਈਆਂ ਲਿਖਤਾਂ ਦਾ ਜਵਾਬ ਦੇ ਸਕਣ। ਆਪਣੇ ਆਪ
ਨੂੰ ਬਹੁਤ ‘ਬਹਾਦਰ’ ਸਮਝਣ ਵਾਲੇ ਡੇਰਿਆਂ/ਜਥਿਆਂ ਦੇ ਵੀ ਮੌਲਿਕ ਗੁਰਮਤਿ ਸਿਧਾਂਤਾਂ ਤੋਂ ਅਨਜਾਣ
ਹੋਣ ਕਾਰਨ ਅਜਿਹੇ ਡੇਰੇਦਾਰਾਂ ਦੇ ਬੌਧਿਕ ਹਮਲਿਆਂ ਦਾ ਜਵਾਬ ਦੇਣ ਵਿੱਚ ਨਾਕਾਮ ਰਹਿੰਦੇ ਹਨ। ਇਸਲਈ
ਗੁਰਮਤਿ ਸਿਧਾਂਤਾਂ ਤੋਂ ਜਾਣੂ ਪੰਥ-ਦਰਦੀ ਵਿਦਵਾਨਾਂ ਵਿੱਚੋਂ ਕਿਸੇ ਨੂੰ ਨਿਜੀ ਤੌਰ ’ਤੇ ਹੀ ਅਜਿਹਾ
ਹੰਭਲਾ ਮਾਰਨਾ ਪਏਗਾ।
ਇਸਦੇ ਇਲਾਵਾ, ਆਸ਼ੂਤੋਸ਼ ਦੀਆਂ ਚਰਿੱਤਰਹੀਣ ਕਾਰਵਾਈਆਂ (ਉਸ ਵੱਲੋਂ ਆਪਣੀਆਂ ਚੇਲੀਆਂ ਨਾਲ ਮਨਾਈਆਂ
ਜਾਂਦੀਆਂ ਰਾਸ-ਲੀਲਾਵਾਂ) ਦੇ ਚਸ਼ਮਦੀਦ ਗਵਾਹਾਂ (ਜਿਵੇਂ ਕਿ ਆਸ਼ੂਤੋਸ਼ ਦਾ ਸਾਬਕਾ ਡ੍ਰਾਈਵਰ ਪੂਰਨ
ਸਿੰਘ ਅਤੇ ਹੋਰ ਸੱਜਣ) ਦੇ ਬਿਆਨ ਵੀ ਵੱਧ ਤੋਂ ਵੱਧ ਜਨਤਾ ਤੱਕ ਪੁਚਾ ਕੇ ਇਸ ਡੇਰੇਦਾਰ ਦੀ ਅਸਲੀਅਤ
ਉਜਾਗਰ ਕੀਤੀ ਜਾਵੇ। ਆਸ਼ੂਤੋਸ਼ ਦੇ ਚੰਗੁਲ ਤੋਂ ਬਾਹਰ ਨਿਕਲਣ ਦੀਆਂ ਇੱਛੁਕ ਲੜਕੀਆਂ ਨੂੰ ਵੀ ਹਰ
ਮਾਲੀ, ਕਾਨੂੰਨੀ ਅਤੇ ਹੋਰ ਸੰਭਵ ਮਦਦ ਦੇ ਕੇ ਡੇਰੇ ਤੋਂ ਬਾਹਰ ਕਢਵਾਇਆ ਜਾਵੇ। ਬਲਕਿ ਚੰਗਾ ਹੋਵੇ
ਜੇਕਰ ਵੱਖ-ਵੱਖ ਜਥੇਬੰਦੀਆਂ ਵੱਲੋਂ ਠੋਸ ਤੱਥਾਂ ਦੇ ਅਧਾਰ ’ਤੇ ਆਸ਼ੂਤੋਸ਼ ਦੇ ਡੇਰੇ ਖਿਲਾਫ਼ ਕਾਨੂੰਨੀ
ਕਾਰਵਾਈ ਅਰੰਭੀ ਜਾਏ (ਅਖੀਰ ਸੌਦਾ ਸਾਧ ਵੀ ਤਾਂ ਆਪਣੇ ਖਿਲਾਫ਼ ਹੁੰਦੀ ਸੀ.ਬੀ.ਆਈ. ਦੀ ਕਾਨੂੰਨੀ
ਕਾਰਵਾਈ ਤੋਂ ਹੀ ਘਬਰਾਇਆ ਸੀ)। ਜੇਕਰ ਕਾਨੂੰਨੀ ਕਾਰਵਾਈ ਸਫ਼ਲ ਹੁੰਦੀ ਹੈ ਤਾਂ ਆਸ਼ੂਤੋਸ਼ ਜਿਹੇ
ਡੇਰੇਦਾਰਾਂ ਦੀਆਂ ਸਰਗਰਮੀਆਂ ਪੰਜਾਬ ਤਾਂ ਕੀ, ਪੰਜਾਬ ਤੋਂ ਬਾਹਰ ਵੀ ਰੋਕੀਆਂ ਜਾ ਸਕਦੀਆਂ ਹਨ
(ਪੰਜਾਬ ਵਿੱਚ ਸਿੱਖਾਂ ਦੀ ਕਾਫੀ ਗਿਣਤੀ ਹੋਣ ਕਾਰਨ ਸਿੱਖ ਵਿਰੋਧ ਪ੍ਰਦਰਸ਼ਨ ਕਰ ਸਕਦੇ ਹਨ ਪਰ ਪੰਜਾਬ
ਤੋਂ ਬਾਹਰ ਬਹੁਤਾ ਕਰਕੇ ਅਜਿਹਾ ਸੰਭਵ ਨਹੀਂ ਹੁੰਦਾ ਅਤੇ ਨਾ ਹੀ ਉਥੋਂ ਦੇ ਪ੍ਰਸ਼ਾਸਨ ਨੂੰ ਸਿੱਖ
ਮਸਲਿਆਂ ਦੀ ਕੋਈ ਸਮਝ ਹੁੰਦੀ ਹੈ)।
ਜੇਕਰ ਆਸ਼ੂਤੋਸ਼ ਜਾਂ ਅਜਿਹੇ ਕਿਸੇ ਹੋਰ ਡੇਰੇਦਾਰ ਵਿਰੁੱਧ ਪ੍ਰਦਰਸ਼ਨ ਕਰਨਾ ਵੀ ਹੋਵੇ ਤਾਂ ਵੀ ਸਿੱਖਾਂ ਨੂੰ ਨੰਗੀਆਂ ਕ੍ਰਿਪਾਨਾਂ ਲਹਿਰਾਉਣ ਤੋਂ ਸੰਕੋਚ ਕਰਨਾ ਚਾਹੀਦਾ ਹੈ। ਕਿਉਂਕਿ ਇਸ ਨਾਲ ਇਕ ਤਾਂ ਬ੍ਰਾਹਮਣਵਾਦੀ ਮੀਡੀਆ ਨੂੰ ਸਿੱਖਾਂ ਵਿਰੁੱਧ ਜ਼ਹਿਰ ਉਗਲਣ ਦਾ ਮੌਕਾ ਮਿਲ ਜਾਂਦਾ ਹੈ। ਦੂਜਾ, ਪੁਲਿਸ ਜਾਂ ਡੇਰੇਦਾਰ ਦੇ ਚੇਲਿਆਂ ਨੂੰ ਸਿੱਖਾਂ ’ਤੇ ਹਮਲਾ ਕਰਨ ਲਈ ਬਹਾਨਾ ਮਿਲ ਜਾਂਦਾ ਹੈ। ਤੀਜਾ, ਗ੍ਰਿਫ਼ਤਾਰ ਹੋਏ ਸਿੱਖਾਂ ’ਤੇ ਜਾਨੋਂ ਮਾਰਨ ਦਾ ਯਤਨ ਕਰਨ ਦਾ ਮੁਕੱਦਮਾ ਬਣ ਜਾਂਦਾ ਹੈ। ਇਸ ਤਰ੍ਹਾਂ, ਕ੍ਰਿਪਾਨਾਂ ਲਹਿਰਾਉਣ ਵਾਲੇ ਸਿੱਖ ਬਿਨਾਂ ਕੁਝ ਕੀਤਿਆਂ ਵੀ ਫਸ ਜਾਂਦੇ ਹਨ ਜਦਕਿ ਡੇਰੇਦਾਰਾਂ ਦੇ ਚੇਲੇ ਸੋਟੀਆਂ ਜਾਂ ਪੱਥਰਾਂ ਨਾਲ ਸਿੱਖਾਂ ਨੂੰ ਫੱਟੜ ਕਰਕੇ ਵੀ ਸਾਫ਼ ਬੱਚ ਨਿਕਲਦੇ ਹਨ।
ਜਿਹੜੇ ਪੁਜਾਰੀ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਨਾਲ ਜੋੜਨ ਵਾਲੇ ਪ੍ਰਚਾਰਕਾਂ ਖਿਲਾਫ਼ ਕਾਰਵਾਈ ਕਰਨ ਵੇਲੇ ਬੜੇ ਨਾਢੂ ਖਾਂ ਬਣੇ ਫਿਰਦੇ ਹਨ ਪਰ ਅਜਿਹੇ ਡੇਰੇਦਾਰਾਂ ਅਤੇ ਇਨ੍ਹਾਂ ਨੂੰ ਸ਼ਹਿ ਦੇਣ ਵਾਲੇ ਬਾਦਲ ਪਰਵਾਰ ਪ੍ਰਤੀ ਚੁੱਪੀ ਧਾਰ ਲੈਂਦੇ ਹਨ, ਉਨ੍ਹਾਂ ਦੇ ਫਤਵਿਆਂ ਨੂੰ ਵੀ ਕੂੜੇ ਦੇ ਢੇਰ ਵਿੱਚ ਸੁੱਟ ਦੇਣਾ ਚਾਹੀਦਾ ਹੈ। ਵੇਖਣਾ ਹੁਣ ਇਹ ਹੈ ਕਿ ਕੀ ਭਵਿੱਖ ਵਿੱਚ ਵੀ ਸਿੱਖ ਪੁਲਿਸ ਜਾਂ ਡੇਰੇਦਾਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਬਣਦੇ ਰਹਿੰਦੇ ਹਨ ਜਾਂ ਉਕਤ ਨੀਤੀਆਂ ਨੂੰ ਅਪਣਾ ਕੇ ਕੋਈ ਪ੍ਰਾਪਤੀ ਕਰਨ ਦੀ ਦਿਸ਼ਾ ਵਿੱਚ ਵਧਦੇ ਹਨ।