

ਖ਼ਬਰਾਂ ਦੇ ਆਰ-ਪਾਰ
-ਇੰਡੀਆ ਅਵੇਅਰਨੈਸ ਬਿਉਰੋ -
ਪੰਜਾਬ ਵਿਧਾਨ ਸਭਾ ਵਿੱਚ ਵਿਧਾਇਕ ਦੀ ਪੱਗ ਉਤਾਰਨ ਦਾ ਮਾਮਲਾ
ਪੰਜਾਬ ਦੀ ਸਿਆਸਤ ਵਿੱਚ ਕਥਿਤ ਅਕਾਲੀਆਂ (ਬਾਦਲਕਿਆਂ) ਅਤੇ ਕਾਂਗਰਸੀਆਂ ਵਿਚਕਾਰ ਜ਼ੁਬਾਨੀ ਬਦਕਲਾਮੀ ਕੋਈ ਨਵੀਂ ਗੱਲ ਨਹੀਂ। ਕਾਂਗਰਸੀਆਂ ਵੱਲੋਂ ਬਾਦਲਕਿਆਂ ਦੀਆਂ ਕਥਿਤ ਭ੍ਰਿਸ਼ਟ ਕਾਰਵਾਈਆਂ ਅਤੇ ਬਾਦਲਕਿਆਂ ਵੱਲੋਂ ਕਾਂਗਰਸੀਆਂ ਦੀਆਂ ਕਥਿਤ ਪੰਜਾਬ-ਵਿਰੋਧੀ ਨੀਤੀਆਂ ਬਾਰੇ ਬਿਆਨਬਾਜ਼ੀਆਂ ਕਰਨੀਆਂ ਅਤੇ ਵਿਰੋਧੀ ਪਾਰਟੀ ਦੇ ਆਗੂਆਂ ’ਤੇ ਚਿੱਕੜ ਉਛਾਲਣਾ ਆਮ ਜਿਹੀ ਰਵਾਇਤ ਬਣ ਚੁੱਕੀ ਹੈ। ਨੀਵੇਂ ਪੱਧਰ ਦੀ ਅਜਿਹੀ ਸਿਆਸਤ ਨਾਲ ਸੂਬੇ ਦੇ ਲੋਕਾਂ ਦਾ ਤਾਂ ਕੁਝ ਭਲਾ ਨਹੀਂ ਹੁੰਦਾ ਪਰ ਸਿਆਸਤਦਾਨਾਂ ਵੱਲੋਂ ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ ਆਪਣਾ ਕੰਮ ਸਾਰ ਲਿਆ ਜਾਂਦਾ ਹੈ।
ਪਰ ਹੁਣ ਪੰਜਾਬ ਦੇ ਸਿਆਸਤਦਾਨਾਂ, ਖ਼ਾਸਕਰ ਬਾਦਲਕਿਆਂ, ਦੀ ਮਾਨਸਿਕਤਾ ਏਨੀ ਨੀਵੀਂ ਹੁੰਦੀ ਜਾ ਰਹੀ ਹੈ ਕਿ ਆਪਣੇ ਸਿਆਸੀ ਵਿਰੋਧੀਆਂ ਨੂੰ ਨੀਵਾਂ ਦਿਖਾਉਣ ਲਈ ਉਹ ਸਿੱਖ ਸੰਸਕਾਰਾਂ ਦਾ ਵੀ ਅਪਮਾਨ ਕਰਨ ਲੱਗ ਪਏ ਹਨ। ਇਸੇ ਕੜੀ ਵਿੱਚ, 8 ਦਸੰਬਰ ਨੂੰ ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਬਾਦਲਕਿਆਂ ਨੇ ਸਾਰੀ ਸ਼ਰਮੋ-ਹਯਾ ਛਿੱਕੇ ’ਤੇ ਟੰਗ ਕੇ ਸਿੱਖਾਂ ਦਾ ਸਿਰ ਨੀਵਾਂ ਕਰਵਾ ਦਿੱਤਾ। ਮਸਲਾ ਸਿਰਫ਼ ਏਨਾ ਸੀ ਕਿ ‘ਸਿਫ਼ਰ ਕਾਲ’ ਦੌਰਾਨ ਕਾਂਗਰਸੀ ਖੇਮੇ ਵੱਲੋਂ ਲੁਧਿਆਣਾ ਗੋਲੀ-ਕਾਂਡ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਕੀਤੀ ਜਾ ਰਹੀ ਸੀ। ਇਸ ਮੌਕੇ ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਜੋ ਉਸ ਸਮੇਂ ਆਪਣਾ ਬਿਆਨ ਪੜ੍ਹ ਰਹੇ ਸਨ, ਤੋਂ ਲੁਧਿਆਣਾ ਕਾਂਡ ਦੀ ਨੈਤਿਕ ਜ਼ਿੰਮੇਵਾਰੀ ਬਦਲੇ ਤਿਆਗ-ਪੱਤਰ ਦੀ ਮੰਗ ਕਰਨੀ ਸ਼ੁਰੁ ਕਰ ਦਿੱਤੀ। ਸ੍ਰੀ ਢਿੱਲੋਂ ਦੀ ਇਸ ‘ਜ਼ੁਰਅਤ’ ਤੋਂ ਬੌਖਲਾਏ ਬਾਦਲ ਗੁਟ ਦੇ ਕੁਝ ਆਗੂਆਂ ਨੇ ਉਨ੍ਹਾਂ ਵਿਰੁੱਧ ਰੌਲਾ-ਰੱਪਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਇਸ ਘੜਮਸ ਦੌਰਾਨ ਉਨ੍ਹਾਂ ਦੀ ਪੱਗ ਹੀ ਸਿਰ ਤੋਂ ਉਤਾਰ ਦਿੱਤੀ।
ਗੌਰਤਲਬ ਹੈ ਕਿ ਬਾਦਲ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਆਪਣੀ ਜੂਨੀਅਰ ਜਮਾਤ ਦੀ ਇਸ ਕਰਤੂਤ ਦੀ ਕੋਈ ਨਿੰਦਾ ਨਹੀਂ ਕੀਤੀ ਬਲਕਿ ਸਾਰਾ ਦੋਸ਼ ਕਾਂਗਰਸੀਆਂ ਸਿਰ ਹੀ ਮੜ੍ਹਨ ਦੀ ਕੋਸ਼ਿਸ਼ ਕੀਤੀ। ਸ਼ਾਇਦ ਜੂਨੀਅਰ ਬਾਦਲਕਿਆਂ ਨੇ ਵੀ ਇਹ ਕਰਤੂਤ ਵੀ ਇਸ ਵਾਸਤੇ ਸੀ ਕਿ ਉਹ ਸਿੱਖਾਂ ਨੂੰ ਨੀਵਾਂ ਦਿਖਾਉਣ ਵਾਲੀ ਅਜਿਹੀ ਕਾਰਵਾਈ ਕਰਕੇ ਆਪਣੇ ਸੀਨੀਅਰ ਆਕਾਵਾਂ, ਖ਼ਾਸਕਰ ਸੁਖਬੀਰ ਸਿੰਘ ਬਾਦਲ ਦੀ ਖੁਸ਼ੀ ਪ੍ਰਾਪਤ ਕਰ ਸਕਣ। ਅਸਲ ਵਿੱਚ ਬਾਦਲਕਿਆਂ ਤੇ ਉਨ੍ਹਾਂ ਦੇ ਭਾਈਵਾਲ ਜਨਸੰਘੀਆਂ ਦੀ ਇਹ ਪੁਰਾਣੀ ਨੀਤੀ ਰਹੀ ਹੈ ਕਿ ਉਹ ਆਪਣੇ ਸਿਆਸੀ ਵਿਰੋਧੀ ਸਿੱਖਾਂ ਦੀਆਂ ਦਸਤਾਰਾਂ ਉਤਾਰ ਕੇ ਜਾਂ ਉਨ੍ਹਾਂ ਨੂੰ ਕੇਸਾਂ ਤੋਂ ਧਰੂਹ ਕੇ ਹੀ ਅਪਮਾਨਿਤ ਕਰਦੇ ਹਨ। ਕੁਝ ਸਾਲ ਪਹਿਲਾਂ ਜਦ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਪਟਿਆਲਾ ਦੇ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਗਏ ਸਨ ਤਾਂ ਉਨ੍ਹਾਂ ਦੀ ਕਥਿਤ ਟਾਸਕ-ਫੋਰਸ ਦੇ ਮੈਂਬਰਾਂ ਨੇ ਕੁਝ ਸਿੱਖ ਨੌਜੁਆਨਾਂ ਦੀ ਨਾ ਸਿਰਫ਼ ਜੰਮ ਕੇ ਪਿਟਾਈ ਕੀਤੀ ਸੀ (ਕਿਉਂਕਿ ਉਹ ਜ਼ਬਰਦਸਤੀ ਪ੍ਰਧਾਨ ਸਾਹਿਬ ਤੋਂ ਸਵਾਲ ਪੁੱਛਣ ਦੀ ਕੋਸ਼ਿਸ਼ ਕਰ ਰਹੇ ਸਨ) ਬਲਕਿ ਉਨ੍ਹਾਂ ਨੂੰ ਗੁਰਦੁਆਰਾ ਕੰਪਲੈਕਸ ਵਿੱਚ ਹੀ ਕੇਸਾਂ ਤੋਂ ਫੜ ਕੇ ਘੜੀਸਿਆ ਵੀ ਸੀ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਜਨਰਲ ਚੋਣਾਂ ਦੌਰਾਨ ਵੀ ਬਾਦਲ ਗੁਟ ਦੇ ਇਕ ਸਮਰਥਕ ਵੱਲੋਂ ਅੰਮ੍ਰਿਤਸਰ ਵਿਰੋਧੀ ਗੁਟ ਦੇ ਸਮਰਥਕ ਦੀ ਪੱਗ ਉਤਾਰ ਕੇ ਉਸਦੇ ਕੇਸ ਖਿੱਚਣ ਦੀ ਤਸਵੀਰ ਸਾਰੇ ਭਾਰਤ ਦੀਆਂ ਅਖ਼ਬਾਰਾਂ ਵਿੱਚ ਛਪੀ ਸੀ। ਦੋ ਕੁ ਸਾਲ ਪਹਿਲਾਂ ਚੰਡੀਗੜ੍ਹ ਵਿੱਚ ਬੀਜੇਪੀ ਦੇ ਉ¤ਚ ਨੇਤਾਵਾਂ ਦੀ ਇਕ ਮੀਟਿੰਗ ਦੌਰਾਨ ਜਦ ਇਕ ਚੰਡੀਗੜ੍ਹ ਨਗਰ ਨਿਗਮ ਦੇ ਇਕ ਸਿੱਖ ਅਧਿਕਾਰੀ ਨੇ ਬੀਜੇਪੀ ਦੇ ਇਕ ਕਾਰਕੁੰਨ ਨੂੰ ਸਰਕਾਰੀ ਥਾਂ ’ਤੇ ਬੈਨਰ ਲਗਾਉਣ ਤੋਂ ਮਨਾ ਕੀਤਾ ਸੀ ਤਾਂ ਬੀਜੇਪੀ ਵਰਕਰਾਂ ਨੇ ਵੀ ਉਸ ਅਧਿਕਾਰੀ ਦੀ ਪੱਗ ਉਤਾਰ ਦਿੱਤੀ ਸੀ (ਜੋ ਇਕ ਕੈਮਰਾਮੈਨ ਦੀ ਉ¤ਥੇ ਮੌਜੂਦਗੀ ਕਾਰਨ ਵੀਡੀਓ ਰਿਕਾਰਡਿੰਗ ਕਰ ਲਈ ਗਈ ਅਤੇ ਟੀ.ਵੀ. ਚੈਨਲਾਂ ’ਤੇ ਵੀ ਦਿਖਾਈ ਗਈ)।
ਇਹ ਸਭ ਤਾਂ ਕੁਝ ਖ਼ਾਸ ਬਦਨਾਮ ਘਟਨਾਵਾਂ ਹਨ - ਬਾਦਲਕਿਆਂ ਅਤੇ ਜਨਸੰਘੀਆਂ ਵੱਲੋਂ ਅਕਸਰ ਹੀ ਸਿੱਖਾਂ ਨੂੰ ਅਪਮਾਨਿਤ ਕਰਨ ਲਈ ਅਜਿਹੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਰਹੀਆਂ ਹਨ। ਇਸ ਤੋਂ ਇਨ੍ਹਾਂ ਪਾਰਟੀਆਂ ਦੀ ਸਿੱਖੀ ਪ੍ਰਤੀ ਨਫ਼ਰਤ ਸਾਫ਼ ਸਾਬਿਤ ਹੋ ਜਾਂਦੀ ਹੈ। ਇਹ ਵੀ ਧਿਆਨ ਦੇਣ ਯੋਗ ਤੱਥ ਹੈ ਕਿ ਜੇਕਰ ਅਜਿਹੀ ਹਰਕਤ ਕਾਂਗਰਸ ਜਾਂ ਉਸਦੀ ਕਿਸੇ ਸਾਥੀ ਪਾਰਟੀ ਦੇ ਆਗੂ ਵੱਲੋਂ ਕੀਤੀ ਜਾਵੇ ਤਾਂ ਬਾਦਲਕੇ ਨਾ ਸਿਰਫ਼ ਅਸਮਾਨ ਸਿਰ ’ਤੇ ਚੁੱਕ ਲੈਣਗੇ ਬਲਕਿ ਪੰਜਾਬ ਦੇ ਭੋਲੇ-ਭਾਲੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਮਾਹੌਲ ਵੀ ਖ਼ਰਾਬ ਕਰ ਦੇਣਗੇ। ਜੇਕਰ ਲੋੜ ਪਵੇ ਤਾਂ ਆਪਣੇ ਪਾਲਤੂ ਜਥੇਦਾਰਾਂ ਤੋਂ ਅਜਿਹੀ ਹਰਕਤ ਕਰਨ ਵਾਲੇ ਆਗੂ ਖਿਲਾਫ਼ ਹੁਕਮਨਾਮਾ ਵੀ ਜਾਰੀ ਕਰਵਾ ਲੈਣਗੇ। ਪਰ ਜਦ ਇਹੀ ਮਾੜੀ ਕਰਤੂਤ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਵੱਲੋਂ ਕੀਤੀ ਜਾਂਦੀ ਹੈ, ਤਾਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਤਖ਼ਤਾਂ ਦੇ ਪੁਜਾਰੀਆਂ (ਅਖੌਤੀ ਜਥੇਦਾਰਾਂ) - ਸਭ ਦੀ ਬੋਲਤੀ ਬੰਦ ਹੋ ਜਾਂਦੀ ਹੈ। ਇਸਲਈ ਲੋੜ ਹੈ ਕਿ ਸਿੱਖ, ਆਪਣੀ ਕੌਮ ਦੇ ਠੇਕੇਦਾਰ ਬਣੇ ਇਨ੍ਹਾਂ ਲੋਕਾਂ ਤੋਂ ਸਪਸ਼ਟੀਕਰਨ ਮੰਗੇ ਕਿ ਸ਼ਰੇਆਮ ਸਿੱਖੀ ਦਾ ਅਪਮਾਨ ਕਰਕੇ ਵੀ ਉਹ ‘ਪੰਥਕ’ ਪਰ ਉਨ੍ਹਾਂ ਦੀਆਂ ਮੰਦ ਕਰਤੂਤਾਂ ਦਾ ਪਾਜ ਉਘਾੜਨ ਵਾਲੇ ‘ਕਾਂਗਰਸ ਦੇ ਏਜੰਟ’ ਜਾਂ ‘ਪੰਥ-ਵਿਰੋਧੀ’ ਕਿਉਂ ਕਹੇ ਜਾਂਦੇ ਹਨ?
ਬੀਜੇਪੀ ਨੇ ਅਡਵਾਣੀ ਨੂੰ ਬਾਹਰ ਦਾ ਰਸਤਾ ਦਿਖਾਇਆ
ਫਿਰਕਾਪ੍ਰਸਤ ਬ੍ਰਾਹਮਣਵਾਦੀਆਂ ਦੇ ਸੰਗਠਨ ‘ਆਰ.ਐਸ.ਐਸ.’ ਦੀ ਸਿਆਸੀ ਵਿੰਗ ‘ਭਾਰਤੀ ਜਨਤਾ
ਪਾਰਟੀ’ ਨੇ ਆਪਣੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਪਾਰਟੀ ਦੇ ਪ੍ਰਬੰਧਕੀ ਢਾਂਚੇ ’ਚੋਂ
ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਭਾਵੇਂ ਜਨਸੰਘੀਆਂ ਵੱਲੋਂ ਦਰਸਾਇਆ ਇਹ ਜਾ ਰਿਹਾ ਹੈ ਕਿ ਅਡਵਾਨੀ
ਨੇ ਆਪਣੀ ਮਰਜ਼ੀ ਨਾਲ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ, ਪਰ ਸੱਚਾਈ ਬਿਲਕੁਲ ਵੱਖਰੀ ਹੈ।
ਬ੍ਰਾਹਮਣਵਾਦੀ ਆਪਣੇ ਲਾਭ ਲਈ ਕਿਸੇ ਵੀ ਗੈਰ-ਬ੍ਰਾਹਮਣ ਨੂੰ ਲੋੜ ਵੇਲੇ ਤਾਂ ਵਰਤ ਲੈਂਦੇ ਹਨ ਪਰ
ਆਪਣਾ ਮਲਤਬ ਪੂਰਾ ਹੁੰਦਿਆਂ ਹੀ ਜਾਂ ਸਬੰਧਿਤ ਵਿਅਕਤੀ ਦੇ ਉਸ ਮਤਲਬ ਨੂੰ ਪੂਰਾ ਕਰ ਪਾਉਣ ਵਿੱਚ
ਅਸਮਰਥ ਹੋ ਜਾਣ ’ਤੇ ਤੁਰੰਤ ਉਸ ਨੂੰ ਦੁੱਧ ’ਚੋਂ ਮੱਖੀ ਵਾਂਗ ਆਪਣੇ ਬ੍ਰਾਹਮਣੀ ਸੰਗਠਨ ਤੋਂ ਬਾਹਰ
ਕੱਢ ਸੁੱਟਦੇ ਹਨ। ਬਿਲਕੁਲ ਇਹੀ ਨੀਤੀ ਅਡਵਾਨੀ (ਅਤੇ ਉਸ ਤੋਂ ਪਹਿਲਾਂ ਉਮਾ ਭਾਰਤੀ, ਜਸਵੰਤ ਸਿੰਘ
ਆਦਿਕ ਹੋਰਨਾਂ ਗੈਰ-ਬ੍ਰਾਹਮਣ ਆਗੂਆਂ) ਨਾਲ ਅਪਣਾਈ ਗਈ ਹੈ। ਜਦ ਅਡਵਾਨੀ ਨੇ ਆਪਣੀ ਰਥ-ਯਾਤਰਾ ਰਾਹੀਂ
ਭਾਰਤ ਭਰ ਵਿੱਚ ਫਿਰਕੂ ਦੰਗੇ ਕਰਵਾ ਕੇ ਵੋਟਰਾਂ ਨੂੰ ਹਿੰਦੂ-ਮੁਸਲਮਾਨਾਂ ਵਿੱਚ ਸਫ਼ਲਤਾ ਨਾਲ ਵੰਡ
ਦਿੱਤਾ ਅਤੇ ਬੀਜੇਪੀ ਨੂੰ ਸੱਤਾ ਦੇ ਨੇੜੇ ਪੁਚਾ ਦਿੱਤਾ, ਤਾਂ ਬ੍ਰਾਹਮਣਵਾਦੀਆਂ ਨੇ ਉਸਨੂੰ ਸੰਗਠਨ
ਦੇ ਮੁੱਖ ਆਗੂਆਂ ਵਿੱਚ ਸ਼ਾਮਲ ਕਰ ਲਿਆ। ਪਰ ਜਦ ਬੀਜੇਪੀ ਨੂੰ (ਹੋਰਨਾਂ ਪਾਰਟੀਆਂ ਦੇ ਸਹਿਯੋਗ ਨਾਲ)
ਸਰਕਾਰ ਬਣਾਉਣ ਦਾ ਮੌਕਾ ਮਿਲਿਆ, ਤਾਂ ਬ੍ਰਾਹਮਣਵਾਦੀਆਂ ਨੇ ਤੁਰੰਤ ਤਰਕ ਘੜ ਲਿਆ ਕਿ ਬਾਬਰੀ ਮਸਜਿਦ
ਤੁੜਵਾਉਣ ਵਿੱਚ ਮੁੱਖ ਭੂਮਿਕਾ ਨਿਭਾਉਣ ਕਾਰਨ ਅਡਵਾਨੀ ਦਾ ਅਕਸ ਚੰਗਾ ਨਹੀਂ, ਇਸਲਈ ਉਸਨੂੰ ਪ੍ਰਧਾਨ
ਮੰਤਰੀ ਨਹੀਂ ਬਣਾਇਆ ਜਾ ਸਕਦਾ। ਇਸ ਤਰ੍ਹਾਂ, ਅਡਵਾਨੀ ਨੂੰ ਉਸਦੀ ਮਿਹਨਤ ਦਾ ਫਲ ਨਾ ਛਕਣ ਦਿੱਤਾ
ਗਿਆ ਅਤੇ ਪ੍ਰਧਾਨ ਮੰਤਰੀ ਦਾ ਅਹੁਦਾ ਬ੍ਰਾਹਮਣ ਆਗੂ ਅਟਲ ਬਿਹਾਰੀ ਵਾਜਪਾਈ ਨੂੰ ਸੌਂਪ ਦਿੱਤਾ ਗਿਆ।
2004 ਦੀਆਂ ਲੋਕ ਸਭਾ ਚੋਣਾਂ ਵਿੱਚ ਹਾਰ ਪ੍ਰਾਪਤ ਕਰਨ ’ਤੇ ਬ੍ਰਾਹਮਣਵਾਦੀਆਂ ਨੇ ਆਸ ਰੱਖੀ ਕਿ ਸ਼ਾਇਦ ਅਡਵਾਨੀ ਅਗਲੀਆਂ ਆਮ ਚੋਣਾਂ ਵਿੱਚ ਰਥ-ਯਾਤਰਾ ਵਰਗਾ ਕੋਈ ਨਵਾਂ ਸਟੰਟ ਰਚ ਕੇ ਬ੍ਰਾਹਮਣਵਾਦੀਆਂ ਨੂੰ ਇਕ ਵਾਰ ਫਿਰ ਸੱਤਾ ’ਤੇ ਕਾਬਿਜ਼ ਕਰਵਾ ਦੇਵੇਗਾ। ਅਡਵਾਨੀ ਨੇ ਰਾਮ-ਸੇਤੂ ਦੇ ਮੁੱਦੇ ਨੂੰ ਹਵਾ ਦੇਣ ਦੀ ਕੋਸ਼ਿਸ਼ ਵੀ ਕੀਤੀ ਪਰ ਹਿੰਦੂਆਂ ਦੀ ਬਹੁਤਾਤ ਜਾਣਦੀ ਸੀ ਕਿ ਇਹ ਅਡਵਾਨੀ ਦੀ ਰਾਮ-ਭਗਤੀ ਨਹੀਂ ਬਲਕਿ ਚੋਣਾਂ ਦਾ ਇਕ ਸਟੰਟ ਹੈ। ਇਸ ਮੁੱਦੇ ਨੂੰ ਲੋਕਪ੍ਰਿਅਤਾ ਨਾ ਮਿਲਣ ’ਤੇ ਅਡਵਾਨੀ ਨੇ ਡਾ: ਮਨਮੋਹਨ ਸਿੰਘ ਖਿਲਾਫ਼ ਅਪਮਾਨਜਨਕ ਸ਼ਬਦਾਵਲੀ ਵਰਤਣ ਦੀ ਨੀਤੀ ਵੀ ਅਪਣਾਈ ਪਰ ਇਹ ਤਰਕੀਬ ਵੀ ਪੂਰੀ ਤਰ੍ਹਾਂ ਫੇਲ੍ਹ ਹੋ ਗਈ। ਅਡਵਾਨੀ ਦੀਆਂ ਸਾਰੀਆਂ ਚਾਲਾਂ ਉਲਟ ਪੈਣ ਅਤੇ ਲੋਕਸਭਾ ਚੋਣਾਂ ਵਿੱਚ ਉਮੀਦ ਤੋਂ ਵੱਡੀ ਹਾਰ ਮਿਲਣ ’ਤੇ ਪਰੇਸ਼ਾਨ ਬ੍ਰਾਹਮਣਵਾਦੀਆਂ ਨੇ ਘਿਸੇ ਹੋਏ ਕਾਰਤੂਸ (ਅਡਵਾਨੀ) ਨੂੰ ਬਾਹਰ ਦਾ ਰਸਤਾ ਦਿਖਾਉਣ ਦਾ ਮਨ ਤਾਂ ਚੋਣਾਂ ਤੋਂ ਤੁਰੰਤ ਬਾਅਦ ਹੀ ਬਣਾ ਲਿਆ ਸੀ ਪਰ ਇਸ ਨਾਲ ਆਮ ਜਨਤਾ ਵਿੱਚ ਬੀਜੇਪੀ ਦਾ ਅਕਸ ਇਕ ਕਮਜ਼ੋਰ ਪਾਰਟੀ ਵਾਲਾ ਬਣਨ ਦਾ ਖ਼ਤਰਾ ਸੀ। ਇਸਲਈ ਬ੍ਰਾਹਮਣਵਾਦੀਆਂ ਨੇ ਕੁਝ ਸਮਾਂ ਬੀਤ ਜਾਣ ’ਤੇ ਅਤੇ ਆਪਣੀ ਪਾਰਟੀ ਦੇ ਸੰਵਿਧਾਨ ਵਿੱਚ ਸੋਧ ਕਰਕੇ ਅਡਵਾਨੀ ਲਈ ‘ਸਨਮਾਨਜਨਕ ਅਹੁਦਾ’ ਤਿਆਰ ਕਰਕੇ (ਯਾਨੀ ਉਸ ਨੂੰ ਦਿਖਾਵੇ ਦਾ ਸੀਨੀਅਰ ਆਗੂ ਬਣਾ ਕੇ) ਪਾਰਟੀ ਦੀ ਵਾਗਡੋਰ ਤੇਜ਼-ਤਰਾਰ ਬ੍ਰਾਹਮਣ ਆਗੂ ਸੁਸ਼ਮਾ ਸਵਰਾਜ ਨੂੰ ਸੌਂਪ ਦਿੱਤੀ ਹੈ। ਵੇਖਣਾ ਹੁਣ ਇਹ ਹੈ ਕਿ ਬੀਜੇਪੀ ਦੇ ਬਾਕੀ ਗੈਰ-ਬ੍ਰਾਹਮਣ ਆਗੂਆਂ ਨੂੰ ਕਿਵੇਂ ਹੌਲੀ-ਹੌਲੀ ਖੁੱਡੇ ਲਾਇਆ ਜਾਂਦਾ ਹੈ।
ਵੱਖ-ਵੱਖ ਸੂਬਿਆਂ ਦਾ ਲਫ਼ੜਾ
ਭਾਰਤ ਦੀ ਕੇਂਦਰੀ ਸਰਕਾਰ ਵੱਲੋਂ ਆਂਧਰਾ ਪ੍ਰਦੇਸ਼ ਸੂਬੇ ਨੂੰ ਕੱਟ ਕੇ ਅਲੱਗ ‘ਤੇਲੰਗਾਨਾ’ ਪ੍ਰਦੇਸ਼ ਬਣਾਏ ਜਾਣ ਦੀ ਮੰਗ ਨੂੰ ਸਹਿਮਤੀ ਦੇਣ ਤੋਂ ਬਾਅਦ ਵੱਖ-ਵੱਖ ਸੂਬਿਆਂ ਵਿੱਚ ਨਵੇਂ ਸੂਬੇ ਬਣਾਉਣ ਦੀ ਮੰਗ ਦਾ ਹੜ੍ਹ ਜਿਹਾ ਆ ਗਿਆ ਹੈ। ਉ¤ਤਰ ਪ੍ਰਦੇਸ਼ ਵਿੱਚੋਂ ਤਿੰਨ, ਮੱਧ ਪ੍ਰਦੇਸ਼ ’ਚੋਂ 2 ਅਤੇ ਅਸਮ, ਗੁਜਰਾਤ, ਕਰਨਾਟਕ, ਮਹਾਂਰਾਸ਼ਟਰ, ਰਾਜਸਥਾਨ, ਪੱਛਮੀ ਬੰਗਾਲ ਵਿੱਚੋਂ ਇਕ-ਇਕ ਹੋਰ ਸੂਬਾ ਤਿਆਰ ਕਰਨ ਦੀ ਮੰਗ ਤਿੱਖੀ ਹੋ ਗਈ ਹੈ। ਅਸਲ ’ਚ ਵੱਖਰੇ ਸੂਬਿਆਂ ਦੀ ਮੰਗ ਕਰਨ ਵਾਲੇ ਆਗੂ ਇਨ੍ਹਾਂ ਸਾਰੇ ਸੂਬਿਆਂ ਦੇ ਸਬੰਧਿਤ ਖੇਤਰਾਂ ਦੇ ਲੋਕਾਂ ਨੂੰ ਇਹੀ ਕਹਿ ਕੇ ਭੜਕਾ ਰਹੇ ਹਨ ਕਿ ਵੱਡੇ ਸੂਬੇ ਵਿੱਚ ਉਨ੍ਹਾਂ ਦੇ ਖਿੱਤੇ ਦਾ ਉਚਿਤ ਵਿਕਾਸ ਨਹੀਂ ਹੋ ਪਾ ਰਿਹਾ। ਛੋਟਾ ਸੂਬਾ ਬਣਨ ’ਤੇ ਸਥਾਨਕ ਸਰਕਾਰ ਦੀਆਂ ਸਾਰੀਆਂ ਸਰਗਰਮੀਆਂ ਉਸੇ ਖੇਤਰ ਤੱਕ ਸੀਮਤ ਰਹਿਣ ਕਾਰਨ ਖੇਤਰ ਦੇ ਲੋਕਾਂ ਨੂੰ ਯਕੀਨਨ ਲਾਭ ਮਿਲੇਗਾ।
ਪਰ ਇਹ ਦਾਅਵਾ ਬਿਲਕੁਲ ਸਹੀ ਨਹੀਂ। ਇਹ ਹੋ ਸਕਦਾ ਹੈ ਕਿ ਕਿਸੇ ਵੱਡੇ ਸੂਬੇ ਦੇ ਸਾਰੇ ਇਲਾਕਿਆਂ
ਵਿੱਚ ਸਰਕਾਰੀ ਯੋਜਨਾਵਾਂ ਦਾ ਖਰਚ ਬਰਾਬਰ ਜਾਂ ਲੋੜੀਂਦੀ ਮਿਕਦਾਰ ਵਿੱਚ ਨਾ ਹੋ ਰਿਹਾ ਹੋਵੇ ਪਰ ਇਸ
ਦਾ ਅਸਲ ਕਾਰਨ ਮੰਤਰੀਆਂ ਦਾ ਆਪਣੇ ਖੇਤਰ ਨੂੰ ਲੋੜੋਂ ਵੱਧ ਤਰਜ਼ੀਹ ਦੇਣਾ ਹੁੰਦਾ ਹੈ। ਜਿਵੇਂ ਰੇਲ
ਮੰਤਰੀ ਬਣਨ ’ਤੇ ਲਾਲੂ ਪ੍ਰਸਾਦ ਯਾਦਵ ਨੇ ਬਿਹਾਰ ਤੋਂ ਬੇਅੰਤ ਰੇਲਗੱਡੀਆਂ ਚਾਲੂ ਕਰ ਦਿੱਤੀਆਂ ਸਨ
ਅਤੇ ਹੁਣ ਇਹੀ ਕੁਝ ਮਮਤਾ ਬੈਨਰਜੀ ਬੰਗਾਲ ਵਾਸਤੇ ਕਰ ਰਹੀ ਹੈ, ਜਿਸ ਨਾਲ ਦੇਸ਼ ਦੇ ਬਾਕੀ ਸੂਬਿਆਂ
ਵਿੱਚ ਰੇਲ ਯੋਜਨਾਵਾਂ ਦਾ ਲੋੜੀਂਦਾ ਵਿਕਾਸ ਨਹੀਂ ਹੋ ਪਾ ਰਿਹਾ। ਇਹੀ ਕੁਝ ਸੂਬਾ ਪੱਧਰ ’ਤੇ ਹੁੰਦਾ
ਹੈ ਜਦ ਮੰਤਰੀ ਬਣਨ ਵਾਲੇ ਵਿਧਾਇਕ ਸਾਰੀਆਂ ਸਰਕਾਰੀ ਯੋਜਨਾਵਾਂ ਆਪਣੇ ਹੀ ਹਲਕੇ ਵਿੱਚ ਲਾਗੂ ਕਰਵਾਉਣ
ਦੀ ਕੋਸ਼ਿਸ਼ ਕਰਦੇ ਹਨ, ਤਾਂ ਜੋ ਭਵਿੱਖ ਵਿੱਚ ਉਨ੍ਹਾਂ ਦਾ ਚੋਣ ਜਿੱਤਣਾ ਪੱਕਾ ਬਣਿਆ ਰਹੇ। ਪਰ ਅਜਿਹੇ
ਖਿੱਤਿਆਂ ਦੇ ਲੋਕਾਂ ਨੂੰ ਇਹ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਅਸਲ ਵਿੱਚ ਇਸ ਮੰਗ ਨੂੰ ਪ੍ਰਚਾਰਨ
ਵਾਲੇ ਆਗੂਆਂ ਦਾ ਮਕਸਦ ਅਜਿਹੇ ਛੋਟੇ ਸੂਬੇ ਦੀ ਸੱਤਾ ਹਥਿਆਉਣਾ ਹੁੰਦਾ ਹੈ, ਜੋ ਵੱਡੇ ਸੂਬੇ ਵਿੱਚ
ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੁੰਦੀ। ਇਸ ਤੱਥ ਦੀ ਸਭ ਤੋਂ ਵੱਡੀ ਮਿਸਾਲ ਪੰਜਾਬ ਦਾ ਹੀ ਸੂਬਾ
ਹੈ।
ਕਿਸੇ ਸਮੇਂ ਅਫ਼ਗਾਨਿਸਤਾਨ ਦੀਆਂ ਸਰਹੱਦਾਂ ਤੱਕ ਫੈਲਿਆ ਹੋਇਆ ਇਹ ਵਿਸ਼ਾਲ ਸੂਬਾ ਭਾਰਤ-ਪਾਕ ਵੰਡ ਉਪਰੰਤ ਕਾਫੀ ਛੋਟਾ ਰਹਿ ਗਿਆ ਸੀ, ਜਿਸ ਵਿੱਚ ਮੌਜੂਦਾ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਖੇਤਰ ਵੀ ਸ਼ਾਮਲ ਸਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਗਿਣਤੀਆਂ-ਮਿਣਤੀਆਂ ਦੇ ਹਿਸਾਬ ਨਾਲ ਅੰਦਾਜ਼ਾ ਲਗਾ ਲਿਆ ਕਿ ਕਿਉਂਕਿ ਇਸ (ਅਣਵੰਡੇ) ਸੂਬੇ ਵਿੱਚ ਸਿੱਖ ਬਹੁਗਿਣਤੀ ਵਿੱਚ ਨਹੀਂ ਹਨ, ਇਸਲਈ ਉਨ੍ਹਾਂ ਨੇ ਪੰਜਾਬੀ-ਸੂਬਾ ਬਣਾਉਣ ਲਈ ਅੰਦੋਲਨ ਛੇੜ ਦਿੱਤਾ। ਕਿਉਂਕਿ ਪੰਜਾਬ ਦੇ ਸਿੱਖਾਂ ਨੂੰ ਵਰਗਲਾਇਆ ਗਿਆ ਸੀ ਕਿ ਅਜਿਹਾ ਸੂਬਾ ਬਣਨ ਨਾਲ ਸਿੱਖਾਂ ਨੂੰ ਬਹੁਤ ਲਾਭ ਮਿਲੇਗਾ, ਇਸਲਈ ਜਿਥੇ ਇਸ ਅੰਦੋਲਨ ਦੌਰਾਨ ਸਿੱਖਾਂ ਨੂੰ ਬੇਅੰਤ ਸਰਕਾਰੀ ਤਸ਼ੱਦਦ ਸਹਿਣੇ ਪਏ, ਉਥੇ ਪੰਜਾਬ ਦੇ ਬ੍ਰਾਹਮਣਵਾਦੀਆਂ ਨੇ ਇਸਦੀ ਰੱਜ ਕੇ ਮੁਲਾਫ਼ਤ ਵੀ ਕੀਤੀ (ਅਤੇ ਸਰਵੇਖਣਾਂ ਦੌਰਾਨ ਆਪਣੀ ਮਾਂ-ਬੋਲੀ ਹਿੰਦੀ ਐਲਾਨ ਦਿੱਤੀ)।
ਇਸ ਤਰ੍ਹਾਂ, ਪੰਜਾਬ ਦੇ ਚਾਰ ਟੁਕੜੇ ਹੋ ਗਏ ਅਤੇ ਅਕਾਲੀ ਦਲ ਦੇ ਆਗੂਆਂ ਨੂੰ ਸੱਤਾ ਵੀ ਪ੍ਰਾਪਤ ਹੋ ਗਈ ਪਰ ਇਸ ਸੂਬੇ ਵਿੱਚ ਨਾ ਤਾਂ ਪੰਜਾਬੀ ਦਾ ਕੋਈ ਵਿਕਾਸ ਹੋਇਆ ਅਤੇ ਨਾ ਹੀ ਸਿੱਖਾਂ ਨੂੰ ਕੋਈ ਵਿਸ਼ੇਸ਼ ਸਹੂਲੀਅਤ ਮਿਲੀ, ਬਲਕਿ ਬਾਰ-ਬਾਰ ਸਿੱਖਾਂ ਦਾ ਘਾਣ ਹੀ ਹੁੰਦਾ ਆ ਰਿਹਾ ਹੈ (ਨਿਰੰਕਾਰੀ ਕਾਂਡ ਅੰਮ੍ਰਿਤਸਰ ਵਿੱਚ ਵਾਪਰਿਆ, ਸੌਦਾ ਸਾਧ ਦਾ ਵਿਵਾਦਿਤ ਪ੍ਰੋਗਰਾਮ ਬਠਿੰਡਾ ਵਿੱਚ ਹੋਇਆ, ਜਲੰਧਰ ਦੇ ਡੇਰੇਦਾਰਾਂ ਨੇ ਸਿੱਖਾਂ ਦੀਆਂ ਜੱਟਾਂ ਅਤੇ ਦਲਿਤਾਂ ਵਿੱਚ ਵੰਡੀਆਂ ਪਾ ਦਿੱਤੀਆਂ ਅਤੇ ਲੁਧਿਆਣਾ ਕਾਂਡ ਦੌਰਾਨ ਆਸ਼ੂਤੋਸ਼ ਨੂੰ ਖੁਸ਼ ਕਰਨ ਲਈ ਸਿੱਖਾਂ ’ਤੇ ਗੋਲੀਆਂ ਚਲਵਾ ਦਿੱਤੀਆਂ ਗਈਆਂ)। ਪੰਜਾਬ ਵਿੱਚ ਖੇਤੀਬਾੜੀ ਦੇ ਕਿੱਤੇ ਨੂੰ ਵੀ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਹੈ ਅਤੇ ਪੰਜਾਬ ਦੀਆਂ ਜ਼ਮੀਨਾਂ ਤੇ ਪਾਣੀ ਤੇਜ਼ੀ ਨਾਲ ਖੇਤੀ ਲਈ ਉਪਯੋਗ ਰਹਿਤ ਹੁੰਦੇ ਜਾ ਰਹੇ ਹਨ। ਪੰਜਾਬ ਵਿੱਚ ਬਿਜਲੀ ਦੀ ਮਾੜੀ ਸਪਲਾਈ ਕਾਰਨ ਇਥੋਂ ਦੇ ਉਦਿਯੋਗ ਵੀ ਤਬਾਹੀ ਕੰਢੇ ਹਨ ਅਤੇ ਬਹੁਤ ਸਾਰੇ ਵੱਡੇ ਉਦਿਯੋਗਪਤੀਆਂ ਨੇ ਤਾਂ ਆਪਣੀਆਂ ਫੈਕਟਰੀਆਂ ਇਥੋਂ ਹਟਾ ਕੇ ਹਿਮਾਚਲ ਪ੍ਰਦੇਸ਼ ਜਾਂ ਰਾਜਸਥਾਨ ਵਿੱਚ ਤਬਦੀਲ ਕਰ ਦਿੱਤੀਆਂ ਹਨ। ਬੇਰੋਜ਼ਗਾਰੀ, ਨਸ਼ਿਆਂ ਅਤੇ ਚਰਿੱਤਰਹੀਣਤਾ ਨੇ ਪੰਜਾਬ ਦੇ ਨੌਜੁਆਨਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿੱਤਾ ਹੈ। ਇਹ ਸਭ ਕੁਝ ਉਸ ਛੋਟੇ ਸੂਬੇ ਦੀ ਸਰਕਾਰ ਵੱਲੋਂ ਕੀਤਾ ਗਿਆ, ਜਿਸ ਨੇ ਇਸ ਸੂਬੇ ਦੀ ਸਥਾਪਨਾ ਲਈ ਹਜ਼ਾਰਾਂ ਸਿੱਖਾਂ ਨੂੰ ਜੇਲ੍ਹ ਭਿਜਵਾਇਆ ਸੀ। ਅਜਿਹੇ ਵਿੱਚ ਹੋਰਨਾਂ ਸੂਬਿਆਂ ਤੋਂ ਛੋਟੇ ਸੂਬਿਆਂ ਦੀ ਮੰਗ ਕਰ ਰਹੇ ਲੋਕਾਂ ਨੂੰ ਇਹ ਧਿਆਨ ਦੇਣਾ ਚਾਹੀਦਾ ਹੈ ਕਿ ਕਿਧਰੇ ਭਵਿੱਖ ਵਿੱਚ ਉਨ੍ਹਾਂ ਦੀ ਹਾਲਤ ਵੀ ਪੰਜਾਬ ਦੇ ਲੋਕਾਂ ਵਰਗੀ ਨਾ ਹੋ ਜਾਏ।