

ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਮਨਾਉਣਾ ਤਾਂ ਹੀ ਸਫ਼ਲ
ਜੇਕਰ ਉਨ੍ਹਾਂ ਦੇ ਨਾਂ ’ਤੇ ਪ੍ਰਚਲਿਤ ਵਿਵਾਦਿਤ ਪੁਸਤਕ ਤੋਂ ਖਹਿੜਾ ਛੁੜਾਇਆ ਜਾ ਸਕੇ
- ਸਰਬਜੀਤ ਸਿੰਘ -
ਜੇਕਰ ਤਖ਼ਤਾਂ ’ਤੇ ਬੈਠੇ ਬ੍ਰਾਹਮਣਵਾਦੀਆਂ ਦੇ ਪਾਲਤੂ ਪੁਜਾਰੀਆਂ ਨੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਲਈ ਆਪਣੇ ਫਤਵਿਆਂ ਰਾਹੀਂ ਕੋਈ ਨਵਾਂ ਅੜਿੱਕਾ ਨਾ ਡਾਹ ਦਿੱਤਾ, ਤਾਂ ਪਿਛਲੇ ਕਈ ਸਾਲਾਂ ਵਾਂਗ ਇਸ ਸਾਲ ਵੀ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਜਾਏਗਾ। ਵੈਸੇ ਤਾਂ ਇਹ ਪੁਰਬ ਹਰ ਸਾਲ ਹੀ ਮਨਾਇਆ ਜਾਂਦਾ ਹੈ ਪਰ ਇਸ ਨੂੰ ਮਨਾਉਣ ਲਈ ਵਧੇਰੇ ਕਰਕੇ ਨਗਰ ਕੀਰਤਨਾਂ ਅਤੇ ਕੀਰਤਨ ਦਰਬਾਰਾਂ ਜਿਹੀਆਂ ਨਤੀਜਾ-ਰਹਿਤ ਰਵਾਇਤਾਂ ਤੋਂ ਹੋਰ ਕੁਝ ਨਹੀਂ ਕੀਤਾ ਜਾਂਦਾ। ਪਰ ਜਿਹੜੇ ਸਿੱਖ ਆਪਣੇ ਆਪ ਨੂੰ ਵਾਕਈ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਰਧਾਲੂ ਸਮਝਦੇ ਹਨ, ਉਨ੍ਹਾਂ ਨੂੰ ਇਸ ਸਾਲ ਇਹ ਪੁਰਬ ਬੜੀ ਸੰਜੀਦਗੀ ਨਾਲ, ਇਕ ਪ੍ਰਚਾਰਕ ਦੇ ਤੌਰ ’ਤੇ ਹੀ ਮਨਾਉਣਾ ਚਾਹੀਦਾ ਹੈ।
ਇਸਦਾ ਕਾਰਨ ਇਹ ਹੈ ਕਿ ਆਰ.ਐਸ.ਐਸ. ਅਤੇ ਇਸਦੇ ਪਿੱਠੂ ਦਿੱਲੀ ਦੇ ਇਕ ਡੇਰੇ ਤੋਂ ਤਨਖ਼ਾਹਾਂ ਲੈਣ ਵਾਲੇ ਤਖ਼ਤਾਂ ਦੇ ਪੁਜਾਰੀ ਅਤੇ ਯੂਨਿਵਰਸਿਟੀਆਂ ਦੇ ਵਿਕਾਊ ‘ਵਿਦਵਾਨ’, ਮਿਲ ਕੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਉਪਦੇਸ਼ਾਂ ਤੋਂ ਤੋੜਨ ਲਈ, ਵਿਵਾਦਿਤ ਬਚਿੱਤਰ ਨਾਟਕ ਗ੍ਰੰਥ ਉਰਫ਼ ਦਸਮ ਗ੍ਰੰਥ ਨਾਲ ਜੋੜਨ ਲਈ ਪੂਰੀ ਬੇਸ਼ਰਮੀ ਅਤੇ ਝੂਠੇ ਬਹਾਣਿਆਂ ’ਤੇ ਉਤਾਰੂ ਹੋ ਗਏ ਹਨ। ਇਸੇ ਕੜੀ ਵਿੱਚ, ਸਿੱਖਾਂ ਨੂੰ ਸਿਰਫ਼ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਬਾਰੇ ਜਾਗ੍ਰਿਤ ਕਰ ਰਹੇ ਪ੍ਰਚਾਰਕ ਪ੍ਰੋ: ਦਰਸ਼ਨ ਸਿੰਘ ਨੂੰ ਇਸ ਇਲਜ਼ਾਮ ਤਹਿਤ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰ ਲਿਆ ਗਿਆ ਕਿ ਉਨ੍ਹਾਂ ਨੇ ਰੋਚੈਸਟਰ, ਨਿਊਯਾਰਕ ਦੇ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦੌਰਾਨ (ਤ੍ਰੀਆ-ਚਰਿੱਤਰਾਂ ਦੀ ਅਸਲੀਅਤ ਬਾਰੇ ਸੰਗਤਾਂ ਨੂੰ ਜਾਣਕਾਰੀ ਦੇ ਕੇ) ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਕੀਤਾ ਹੈ। ਇਹੀ ਨਹੀਂ, ਜਦ ਪ੍ਰੋ: ਦਰਸ਼ਨ ਸਿੰਘ ਆਪਣਾ ਪੱਖ ਰੱਖਣ ਲਈ ਅਕਾਲ ਤਖ਼ਤ ਸਾਹਿਬ ’ਤੇ ਗਏ ਤਾਂ ਪੁਜਾਰੀਆਂ ਨੇ ਸੰਗਤ ਸਾਹਮਣੇ ਉਨ੍ਹਾਂ ਤੋਂ ਜਵਾਬ-ਤਲਬੀ ਕਰਨ ਦੀ ਬਜਾਏ, ਬੰਦ ਕਮਰੇ ਵਿੱਚ ‘ਗੁਪਤ ਸੁਣਵਾਈ’ ਰਾਹੀਂ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ। ਜਦ ਪ੍ਰੋ: ਦਰਸ਼ਨ ਸਿੰਘ ਨੇ ਪੁਜਾਰੀਆਂ ਦੀ ਇਸ ਮੱਕਾਰ ਨੀਤੀ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ, ਤਾਂ ਪੁਜਾਰੀਆਂ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਬੇਮੁਖ ‘ਸਿੱਖਾਂ’ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਆਪਣੇ ਕਥਿਤ ਘਮੰਡ ਕਾਰਨ ਪ੍ਰੋ: ਦਰਸ਼ਨ ਸਿੰਘ ਅਕਾਲ ਤਖ਼ਤ ’ਤੇ ਪੇਸ਼ ਹੀ ਨਹੀਂ ਹੋਇਆ !! (ਹਾਲਾਂਕਿ ਇਸ ਸਬੰਧ ਵਿੱਚ ਦੁਨੀਆ ਭਰ ਦੇ ਸਿੱਖਾਂ ਨੇ ਤੱਥ-ਭਰਪੂਰ ਜਾਣਕਾਰੀ ਦੇ ਕੇ ਪੁਜਾਰੀਆਂ ਨੂੰ ਸੱਚ ਦਾ ਮਾਰਗ ਅਪਣਾਉਣ ਦੀ ਅਪੀਲ ਕੀਤੀ ਸੀ। ਅਸੀਂ ਵੀ ਪੁਜਾਰੀਆਂ ਤੇ ਉਨ੍ਹਾਂ ਦੇ ਸਮਰਥਕਾਂ ਕੋਲੋਂ 51 ਸਵਾਲ ਪੁੱਛੇ ਸਨ, ਪਰ ਆਪਣੇ ਆਪ ਨੂੰ ਦਸਮ ਗ੍ਰੰਥ ਦੇ ਮਾਹਿਰ ਦੱਸਣ ਵਾਲੇ ਅਤੇ ਦੇਸ਼-ਵਿਦੇਸ਼ ਵਿੱਚ ਇਸ ਦੀ ‘ਮਹੱਤਤਾ’ ਬਾਰੇ ਸੈਮੀਨਾਰ ਕਰਵਾਉਣ ਵਾਲੇ ਸੱਜਣਾਂ ਵਿੱਚੋਂ ਕੋਈ ਵੀ ਵਿਅਕਤੀ ਇਨ੍ਹਾਂ ਸਵਾਲਾਂ ਦੇ ਜਵਾਬ ਨਾ ਦੇ ਸਕਿਆ। ਹਾਂ, ਕੁਝ ਬੌਖਲਾਏ ਹੋਏ ਬਿਪਰਵਾਦੀਆਂ ਨੇ ਫੋਨ ’ਤੇ ਧਮਕੀਆਂ ਦੇ ਕੇ ਜਾਂ ਗਾਲ੍ਹਾਂ ਕਢ ਕੇ ਦਸਮ ਗ੍ਰੰਥੀਆਂ ਦੇ ‘ਗੁਰਮੁਖਪੁਣੇ’ ਦਾ ਸਬੂਤ ਜ਼ਰੂਰ ਦਿੱਤਾ।)
ਹੁਣ 99.99 ਫੀਸਦੀ ਸ਼ੰਕਾ ਇਹੀ ਹੈ ਕਿ 7 ਜਨਵਰੀ ਜਾਂ ਉਸ ਦੇ ਬਾਅਦ ਪੁਜਾਰੀਆਂ ਵੱਲੋਂ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ’ਚੋਂ ਛੇਕਿਆ ਗਿਆ ਐਲਾਨ ਦਿੱਤਾ ਜਾਵੇਗਾ। ਕਿਉਂਕਿ ਉ¤ਘੇ ਪ੍ਰਚਾਰਕ ਨੇ ਭ੍ਰਿਸ਼ਟ ਆਗੂਆਂ ਜਾਂ ਬਲਾਤਕਾਰੀ ਡੇਰੇਦਾਰਾਂ ਦੀ ਤਰ੍ਹਾਂ ਰਿਸ਼ਵਤ ਦੇ ਕੇ ਪੁਜਾਰੀਆਂ ਤੋਂ ਖਹਿੜਾ ਨਹੀਂ ਛੁਡਾਉਣਾ (ਪੁਜਾਰੀਆਂ ਵੱਲੋਂ ਰਿਸ਼ਵਤਾਂ ਲੈ ਕੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰਹਿਲਾਦ ਸਿੰਘ ਚੰਢੋਕ ਨੂੰ ਜਗਦੀਸ਼ ਟਾਈਟਲਰ ਨੂੰ ਸਿਰੋਪਾ ਦੇਣ ਦੇ ਮਾਮਲੇ ਵਿੱਚ ਕਲੀਨ-ਚਿੱਟ ਦੇਣ, ਬਲਾਤਕਾਰੀ ਡੇਰੇਦਾਰ ਧਨਵੰਤ ਸਿੰਘ ਨੂੰ ਨਿਰਦੋਸ਼ ਕਰਾਰ ਦੇਣ, ਫਿਲਮ ਬੋਲੇ ਸੋ ਨਿਹਾਲ ਦੇ ਨਿਰਮਾਤਾ ਤੋਂ ਰਿਸ਼ਵਤ ਲੈ ਕੇ ਇਸਨੂੰ ਕਲੀਨ-ਚਿੱਟ ਦੇਣ ਆਦਿ ਦੇ ਮਾਮਲਿਆਂ ਤੋਂ ਸਾਰੇ ਚੇਤੰਨ ਸਿੱਖ ਚੰਗੀ ਤਰ੍ਹਾਂ ਜਾਣੂ ਹਨ)। ਪ੍ਰੋ: ਦਰਸ਼ਨ ਸਿੰਘ ਦੇ ਮਾਮਲੇ ਵਿੱਚ ਰਿਸ਼ਵਤ ਲੈਣਾ ਪੁਜਾਰੀਆਂ ਵਾਸਤੇ ਇਸ ਕਾਰਨ ਵੀ ਸੰਭਵ ਨਹੀਂ ਕਿਉਂਕਿ ਉਨ੍ਹਾਂ ਦੇ ਆਕਾ (ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਅਤੇ ਅਕਾਲੀ ਦਲ ਬਾਦਲ ਦੇ ਆਗੂ) ਪੁਜਾਰੀਆਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਅਤੇ ਉਨ੍ਹਾਂ ਦੇ ਆਕਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਸਰਨਾ ਧੜੇ ਨੂੰ ਠਿੱਬੀ ਲਾਉਣ ਅਤੇ ਆਰ.ਐਸ.ਐਸ. ਦੇ ਸਿੱਖਾਂ ਨੂੰ ਹਿੰਦੂਆਂ ਵਿੱਚ ਬਦਲਣ ਦੇ ਟੀਚੇ ਦੀ ਪੂਰਤੀ ਵਾਸਤੇ, ਸਿੱਖੀ ਵਿੱਚ ਕੀਤੀ ਜਾ ਚੁੱਕੀ ਬ੍ਰਾਹਮਣਵਾਦੀ ਮਿਲਾਵਟ ਦਾ ਪਰਦਾਫਾਸ਼ ਕਰਨ ਵਾਲੇ ਹਰ ਪ੍ਰਚਾਰਕ/ਬੁਲਾਰੇ/ਲੇਖਕ ਨੂੰ ਪੁਜਾਰੀਆਂ ਦੇ ਫਤਵਿਆਂ ਰਾਹੀਂ ਪ੍ਰਚਾਰ ਤੋਂ ਰੋਕਣ ਲਈ ਦ੍ਰਿੜ੍ਹ ਹਨ।
ਇਸਲਈ ਸਿੱਖਾਂ ਨੂੰ ਤੁਰੰਤ ਚੇਤੰਨ ਹੋ ਕੇ ਖ਼ੁਦ ਵਿਚਾਰ ਕਰਨੀ ਚਾਹੀਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਨਿੰਦਾ ਕਰਨ ਵਾਲੇ ਕੌਣ ਹਨ : ਉਹ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ਅਨੁਸਾਰ ਸੰਪੂਰਨ ਗੁਰੂ, ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣਾ ਲੋਚਦੇ ਹਨ, ਜਾਂ ਉਹ ਜਿਹੜੇ ਕਾਮ-ਉਕਸਾਊ ਕਹਾਣੀਆਂ, ਬ੍ਰਾਹਮਣਵਾਦੀ ਮਿਥਿਹਾਸ ਦੀ ਉਸਤਤਿ ਅਤੇ ਗੁਰ-ਇਤਿਹਾਸ ਨੂੰ ਬਿਪਰਵਾਦੀ ਰੰਗਤ ਦੇਣ ਵਾਲੇ ਗ੍ਰੰਥ ਨੂੰ ਗੁਰੂ ਵਰਗਾ ਸਤਿਕਾਰ ਦਿੰਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਸਿੱਖਾਂ ਨਾਲ ਲੜਦੇ ਹਨ, ਉਨ੍ਹਾਂ ’ਤੇ ਝੂਠੇ ਇਲਜ਼ਾਮ ਲਾਉਂਦੇ ਹਨ ਅਤੇ ਪੁਜਾਰੀਆਂ ਕੋਲੋਂ ਉਨ੍ਹਾਂ ਖਿਲਾਫ਼ ਫਤਵੇ ਜਾਰੀ ਕਰਵਾਉਂਦੇ ਹਨ? ਸਿੱਖਾਂ ਨੂੰ ਛੇਤੀ ਤੋਂ ਛੇਤੀ ਇਹ ਨਿਰਣਾ ਵੀ ਲੈਣਾ ਚਾਹੀਦਾ ਹੈ ਕਿ ਕੀ ਉਹ ‘ਦਸਮ ਗੁਰੂ ਦੀਆਂ ਰਚਨਾਵਾਂ’ ਦੇ ਨਾਮ ’ਤੇ ਗੁਰੂ ਗੋਬਿੰਦ ਸਿੰਘ ਜੀ ਅਤੇ ਹੋਰ ਗੁਰੂ ਸਾਹਿਬਾਨ ਦੇ ਚਰਿੱਤਰ ’ਤੇ ਚਿੱਕੜ ਉਛਾਲਣ ਵਾਲੀਆਂ ਰਚਨਾਵਾਂ ਨੂੰ ‘ਬਾਣੀ’ ਮੰਨ ਕੇ ਬ੍ਰਾਹਮਣਵਾਦ ਦੀ ਦਲਦਲ ਵਿੱਚ ਧੱਸਣਾ ਚਾਹੁੰਦੇ ਹਨ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਤੋਂ ਸੇਧ ਲੈ ਕੇ ਬ੍ਰਾਮਹਣਵਾਦ ਅਤੇ ਹੋਰ ਮਨਮਤਾਂ ਤੋਂ ਮੁਕਤ ਹੋਣਾ ਚਾਹੁੰਦੇ ਹਨ?