

ਦਿਖਾਵੇ ਦੀ ਅੰਨ੍ਹੀ ਦੌੜ ਵਿੱਚ ਉਜੜ ਰਿਹਾ ਪੰਜਾਬ
- ਗੁਰਦੇਵ ਸਿੰਘ ਸੱਧੇਵਾਲੀਆ -
ਇਕ ਛੋਟੀ ਜਿਹੀ ਘਟਨਾ ਤੋਂ ਗੱਲ ਸ਼ੁਰੂ ਕਰਦੇ ਹਾਂ। ਹਫ਼ਤਾ ਕੁ ਪਹਿਲਾਂ ਦੀ ਗੱਲ ਹੈ ਕਿ ਜਦ ਮੈਂ ਪੰਜਾਬ ਆਇਆ ਤਾਂ ਸੈਲ ਫੋਨ ਵਿਚ ‘ਸਿਮ’ ਪਵਾਉਂਣ ਗਿਆ। ਨਾਲ ਮੇਰੀ ਪਤਨੀ ਦੇ ਤਾਏ ਦਾ ਪੁਤਰ ਸੀ। ਮੇਰੇ ਕੋਲੇ ਟਰੰਟੋ ਤੋਂ ਹੀ ਖੜਿਆ ਨੋਕੀਆ ਦਾ ਸਾਦਾ ਜਿਹਾ ਫੋਨ ਸੀ। ਨਾਲ ਵਾਲਾ ਕਿਹਣ ਲੱਗਾ ਕਿ ‘ਭਾਅਜੀ ਬੜਾ ਮਾੜਾ ਜਿਹਾ ਫੋਨ ਲਿਆਂਦਾ ਜੇ’!
‘‘ਪਰ ਗੱਲ ਤੇ ਇਹ ਕਰ ਲੈਂਦਾ ਹੈ’’ ਮੇਰੇ ਕਹਿਣ ਤੇ ਕਹਿਣ ਲੱਗਾ ਕਿ ‘‘ਗੱਲ ਤਾਂ ਕਰ ਲੈਂਦਾ ਹੈ ਪਰ ਫਿਰ ਵੀ...’’। ‘‘ਪਰ ਫਿਰ ਵੀ...’’ ਤੋਂ ਅੱਗੇ ਉਸ ਨੂੰ ਕੋਈ ਢੁੱਕਵਾਂ ਲਫਜ ਨਾ ਲੱਭਾ ਪਰ ਕਹਿਣਾ ਉਹ ਇਹ ਚਾਹੁੰਦਾ ਸੀ ਕਿ ਪਰ ਫਿਰ ਵੀ ਲੋਕ ਤਾਂ ਦੇਖਣ ਕਿ...
ਪਤਨੀ ਦੇ ਭਰਾ ਦਾ ਵਿਆਹ ਸੀ। ਇਹ ਤਿੰਨ ਟੱਬਰ ਇਕੱਠੇ ਯਾਨੀ ਨਾਲੋ-ਨਾਲ ਹੀ ਹਨ। ਆਲੇ-ਦੁਆਲੇ ਦੇ ਸ਼ਹਿਰ ਦੀਆਂ ਗੇੜੀਆਂ ਨਹੀਂ ਕਿਤੇ ਸਿੱਧੀਆਂ ਜਿਹੀਆਂ ਦਿੱਤੀਆਂ। ਕਾਹਦੇ ਲਈ? ਫਲਾਂ ਨੇ ਕਿਹੜਾ ਕੋਟ ਪੈਂਟ ਸਵਾਇਆ? ਫਲਾਂਣੀ ਨੇ ਕਿਹੜਾ ਸੂਟ ਤੇ ਕਿੰਨਾ ਮਹਿੰਗਾ ਲਿਆਂਦਾ ਹੈ? ਉਹ ਇੱਕ ਦੂਜੇ ਨੂੰ ਦੇਖਦੇ ਹਨ ਕਿ ਪਹਿਲਾਂ ਉਹ ਸਵਾਏ, ਪਹਿਲਾਂ ਉਹ ਲਿਆਏ ਯਾਨੀ ਬਾਅਦ ਵਿੱਚ ਜਿਹੜਾ ਮੇਰੇ ਕੋਲ ਹੋਵੇ, ਇਨ੍ਹਾਂ ਵਿਚੋਂ ਕਿਸੇ ਕੋਲ ਨਹੀ ਹੋਣਾ ਚਾਹੀਦਾ। ਬੀਬੀਆਂ ਕਈ ਥਾਈਂ ਜਾਂਦੀਆਂ ਫਿਰ ਕੇ ਆ ਜਾਂਦੀਆਂ ਕਿਉਂਕਿ ਹਾਲੇ ਨਾਲ ਵਾਲੀ ਨੇ ਕੁੱਝ ਨਹੀ ਸੀ ਲਿਆ। ਅਸੀਂ ਕਹਿੰਦੇ ਹਾਂ ਕਿ ਪੰਜਾਬ ਉਜੜ ਰਿਹੈ, ਪੰਜਾਬ ਖੁਦਕਸ਼ੀਆਂ ਦੇ ਰਾਹੇ ਪੈ ਰਿਹੈ ਪਰ ਇਥੇ ਸਮਝ ਆਉਂਦੀ ਕਿਉਂ ਪੈ ਰਿਹੈ। 10-10 ਹਜਾਰ ਦਾ ਇੱਕ ਕੋਟ ! ਕੇਵਲ ਇੱਕ ਦਿਨ ਦੇ ਵਿਆਹ ਲਈ ਦੂਜਾ ਥੋੜਾ ਸਸਤਾ ਸ਼ਗਨ ਵਾਲੇ ਦਿਨ ਲਈ... ? ਇੱਕ ਬੀਬੀ ਨੇ 84 ਸੌ ਦਾ ਇੱਕ ਸੂਟ ਲਿਆ ਉਸ ਨੂੰ ਅਗਲੇ ਦਿਨ ਪਤਾ ਲੱਗਾ ਕਿ ਅਗਲੇ ਘਰ ਵਾਲੀ ਨੇ 11 ਹਜਾਰ ਦੀ ਸਾੜੀ ਲੈ ਆਂਦੀ ਹੈ ਤੇ ਹੁਣ ‘ਤਾਏ ਦੀ ਧੀ ਚਲੀ’ ਵਾਲੀ ਕਹਾਣੀ ਸ਼ੁਰੂ ਹੋ ਗਈ।
ਮੇਰੀ ਪਤਨੀ ਦੇ ਭਰਾ ਤੋਂ ਥੋੜੇ ਦਿਨ ਬਾਅਦ ਉਨ੍ਹਾ ਦੇ ਸਕਿਆਂ ਚੋਂ ਮੁੰਡੇ ਦਾ ਵਿਆਹ ਸੀ ਜਿਹੜਾ ਨਾਰਵੇ ਦੀ ਇੱਕ ਕੁੜੀ ਨਾਲ ਮੰਗਿਆ ਹੋਇਆ ਸੀ। ਪਤਨੀ ਦਾ ਭਰਾ ਹਾਲੇ ਅਮਰੀਕਾ ਸੀ। ਛੁੱਟੀ ਕਾਰਨ ਉਨ ਐਨ ਮੌਕੇ ਤੇ ਹੀ ਆਉਣਾ ਸੀ। ਉਹ ਉਥੇ ਬੈਠਾ ਇਥੋਂ ਵਾਲਿਆਂ ਨੂੰ ਪੁੱਛ ਰਿਹੈ ਕਿ ਉਸ ਪੈਲਸ ਕਿਹੜਾ ਕੀਤਾ, ਬੈਂਡ ਕਿਹੜਾ ਕੀਤਾ, ਘੋੜੀ ਕਿਹੜੀ ਹੈ? ਤੁਸੀਂ ਹੈਰਾਨ ਹੋਵੋਂਗੇ ਕਿ ਨਾਰਵੇ ਦੀ ਕੁੜੀ ਵਾਲਾ ਮੁੰਡਾ ਚਿੱਟਾ ਨਿੱਧੜਕ ਵਿਹਲਾ ਉਹ ਕਹਿ ਰਿਹਾ ਸੀ ਮੈਂ ਘੋੜੀ ਉਹ ਕਰਨੀ ਜਿਹੜੀ ਫਲਾਂ ਦੇ ਵਿਆਹ ਤੇ ਕੀਤੀ ਸੀ ਤੇ ਉਸ ਉਪਰ ਇੱਕ ਘੰਟੇ ਦਾ 25 ਹਜਾਰ ਲੱਗਣਾ ਸੀ ਤੇ ਉਸ ਘੋੜੀ ਨੇ ਜਲੰਧਰੋਂ ਅੰਮ੍ਰਿਤਸਰ ਆਉਂਣਾ ਸੀ! ਕੋਟ-ਪਿੰਟ ਉਸਨੂੰ ਨੇੜਿਓਂ ਲੱਭਾ ਹੀ ਨਹੀਂ, ਉਹ ਦਿੱਲੀਓਂ ਕੋਟ ਪਿੰਟ ਲੈਣ ਗਿਆ ਹੋਇਆ ਸੀ। ਪਿਓ ਮੁੰਡੇ ਦਾ ਮੈਨੂੰ ਜਦ ਮਿਲਿਆ ਤਾਂ ਮੈ ਕਿਹਾ ‘‘ਇਹ ਕੀ ਮਾਜਰਾ ਬਈ? ਕੰਮ ਇਹ ਕਰਦਾ ਕੋਈ ਨਹੀਂ, ਇਹ ਉਜਾੜਾ ਕਿਉਂ?’’ ਉਹ ਅੱਗੋਂ ਹੀ, ਹੀ, ਕਰਕੇ ਕਹਿਣ ਲੱਗਾ, ‘‘ਭਾਅ ਜੀ! ਕੀ ਕਰੀਏ, ਮੁੰਡਾ ਆਖੇ ਨਹੀ ਲੱਗਦਾ। ਐਵੇਂ ਵਾਯਾਤ ਖਰਚ ਕਰਵਾ ਰਿਹਾ ਹੈ, ਜੇ ਕਹਾਂ ਤਾਂ ਕਹਿੰਦਾ ਮੈਂ ਵਿਆਹ ਹੀ ਨਹੀ ਕਰਾਉਂਣਾ !’’ ਇਥੇ ਹੁਣ ਉਹ ‘ਜੱਟ’ ਤਾਂ ਰਿਹਾ ਨਹੀਂ ਜਿਹੜਾ ਕਹੂ ਮਾਰ ਛਾਲ ਕੋਠੇ ਤੋਂ ਮੈਂ ਦਿੰਨਾ ਧੱਕਾ! !
ਪਤਨੀ ਦੇ ਭਰਾ ਨੂੰ ਜਦ ਪਤਾ ਲੱਗਾ ਕਿ ਉਸ ਨੇ ਸ਼ਗਨ ‘ਪੰਜਾਬੀ ਬਾਗ’ ਵਿੱਚ ਲਾਉਂਣਾ ਹੈ ਜਿਹੜਾ ਅੰਮ੍ਰਿਤਸਰ ਦਾ ਕਾਫੀ ਮਹਿੰਗਾ ਪੈਲਸ ਹੈ ਤਾਂ ਉਸ ਉਥੇ ਬੈਠੇ ‘ਹੁਕਮ’ ਕੀਤਾ ਕਿ ‘‘ਮੇਰਾ ਸ਼ਗਨ ਹਵੇਲੀ ਪੈਲਸ ਵਿੱਚ ਲੱਗਣਾ ਚਾਹੀਦਾ ਜਿਹੜਾ ਹਾਲੇ ਨਵਾਂ ਹੀ ਬਣਿਆ ਹੈ ਤੇ ਜਿਸ ਵਿੱਚ ਹਾਲੇ ਤੱਕ ਇਕੋ ਹੀ ਪ੍ਰੋਗਰਾਮ ਹੋਇਆ ਤੇ ਉਸ ਦਾ ਦਿਹਾੜੀ ਦਾ ਕਿਰਾਇਆ ਡੇੜ੍ਹ ਲੱਖ ਰੁਪਇਆ ਹੈ!’’ ਵਿਚੋਲਾ, ਜਿਹੜਾ ਕਿ ਉਸ ਦੇ ਮਾਮੇ ਦਾ ਹੀ ਪੁੱਤਰ ਹੈ, ਉਸ ਦਾ ਫੋਨ ਜਾਂਦਾ ਹੈ ਕਿ ‘ਜੱਟਾ’ ਆਪਾਂ ਸ਼ਰਾਬ ਮਾੜੀ ਨਹੀ ਪਿਲਾਉਣੀ - ਕੁੜੀ ਵਾਲੇ ਕੀ ਆਖਣਗੇ ਮੁੰਡਾ ਅਮਰੀਕਾ ਤੋਂ ਹੈ? ਤੇ ਉਸ ਜਿਹੜੀ ਢਾਈ ਸੌ ਦੀ ਬੋਤਲ ਆਉਂਣੀ ਸੀ ਛੇ ਸੌ ਵਾਲੀ ਵਿੱਚ ਬਦਲ ਦਿੱਤੀ (ਹਾਲਾਂਕਿ ਕਿ ਸਿੱਖ ਵੱਲੋਂ ਆਪਣੇ ਅਨੰਦ ਕਾਰਜ ਵਿੱਚ ਸ਼ਰਾਬ ਵਰਤਾਉਣ ਦੀ ਸੋਚਣਾ ਵੀ ਬੜੇ ਦੁੱਖ ਦੀ ਗੱਲ ਹੈ)। ਮੈਂ ਉਸ ਨੂੰ ਫੋਨ ਤੇ ਬੜਾ ਸਮਝਾਇਆ, ‘‘ਤੁਹਾਡਾ ਬੇੜਾ ਬਹਿ ਜੇ ਸ਼ਰਮ ਕਰੋ, ਅਕਲ ਤੋਂ ਕੰਮ ਲਵੋ। ਕਿਉਂ ਤੁਸੀਂ ਫੁੱਕਰੇਪਨ ਵਿੱਚ ਉਜੜਨ ਤੇ ਲੱਕ ਬੰਨ੍ਹਿਆ ਹੈ? ਲੋਕਾਂ ਪੀ ਕੇ ਮੂਤ ਕੇ ਅਗਾਂਹ ਜਾਣਾ। ਇਥੇ ਟਰੱਕ ’ਤੇ ਪਸੀਨੋ-ਪਸੀਨ ਹੋਇਆ ਰਹਿੰਦਾ ਹੈ, ਕੀ ਸਿਰਫ਼ ਲੋਕਾਂ ਨੂੰ ਮਹਿੰਗੀ ਸ਼ਰਾਬ ਪਿਆਉਣ ਵਾਸਤੇ?’’
|
|
|
ਪੰਜਾਬ ਵਿੱਚ ਇਕ ਵਿਆਹ ਦੌਰਾਨ ਦਿਖਾਵੇ ਦੀ ਦੌੜ੍ਹ ਵਿੱਚ ਡੋਲੀ ਦੀ ਰਸਮ ਲਈ ਤਿਆਰ ਕੀਤੀ ਗਈ ਅਤਿ ਮਹਿੰਗੀ ਲਿਮੂਜ਼ੀਨ ਕਾਰ |
ਸਾਰੇ ਟੱਬਰ ਨਾਲ ਮੱਥਾ ਮਾਰਿਆ ਕਿ ਚਲੋ ਵਿਆਹ ਵਧੀਆ ਕਰੋ ਪਰ ਕੇਵਲ ਵਿਖਾਵੇ ਕਾਰਨ ਉੱਜੜੋ ਨਾਂ। ਪੰਜਾਬ ਦੇ ਪੱਲੇ ਤਾਂ ਪਹਿਲਾਂ ਹੀ ਕੱਖ ਨਹੀ ਰਿਹਾ, ਸਿਵਾਏ ਵਿਖਾਵੇ ਤੋਂ। ਜ਼ਮੀਨਾਂ ਮਹਿੰਗੀਆਂ, ਇਕ ਕਿਲ੍ਹਾ ਵੇਚ ਕੇ ਕੋਠੀ ਪਾ ਲੈਂਦੇ ਨੇ ਤੇ ਦੂਜਾ ਵੇਚ ਕੇ ਮਹਿੰਗੀ ਕਾਰ ਲਿਆ ਕੇ ਘਰ ਮੂਹਰੇ ਖੜੀ ਕਰ ਲੈਂਦੇ ਨੇ ਪਰ ਕਿਤੇ ਜਾਣਾ ਹੁੰਦਾ ਸਕੂਟਰ ਲੱਭਦੇ ਫਿਰਦੇ ਹੁੰਦੇ ਕਿਉਂਕਿ ਕਾਰ ਦੇ ਪੈਟਰੋਲ ਜੋਗੇ ਪੈਸੇ ਕਿਥੋਂ ਆਉਣ, ਜਦ ਕੋਈ ਕੰਮ ਨਹੀਂ ਕਰਨਾ? ਉਨ੍ਹਾਂ ਨੂੰ ਜਦ ਭਈਆਂ ਦੇ ਚੜ੍ਹੇ ਆ ਰਹੇ ਕਟਕਾਂ ਬਾਰੇ ਦੱਸੀਦਾ ਹੈ ਤਾਂ ਉਹ ਅਗੋਂ ਚੌੜੇ ਹੋ ਕੇ ਕਹਿੰਦੇ ‘ਲੈ ਭਾਅ ਜੀ ! ਉਡਾ ਦਿਆਂਗੇ ਬੂੰਦੀਆਂ, ਐਡੀ ਲੁੱਟ ਪਈ ਆ’। ਇਨ੍ਹਾਂ ਕਮਲਿਆਂ ਨੂੰ ਇਹ ਨਹੀ ਪਤਾ ਕਿ ‘ਬੂੰਦੀਆਂ’ ਤੁਸੀਂ ਕਾਹਦੇ ਨਾਲ ਉਡਾ ਦਿਉਗੇ? (ਬਾਬੇ ਭਿੰਡਰਾਂਵਾਲੇ ਦੇ ਕਹਿਣ ਵਾਂਗੂੰ-ਫਰਿੱਜਾਂ ਟੀਵੀਆਂ ਨਾਲ?) ਮੇਰੇ ਹੁੰਦਿਆਂ ਹੀ ਹਾਲੇ ਕੱਲ੍ਹ ਹਿੰਦੂਆਂ ਵਲੋਂ ਪੰਜਾਬ ਬੰਦ ਰਿਹਾ। ਕਿਉਂ? ਅੱਖੇ ਬਾਬਾ ਜਰਨੈਲ ਸਿੰਘ ਦੀ ਫੋਟੋ ਅਜਾਇਬ ਘਰ ਵਿੱਚ ਨਹੀਂ ਲੱਗਣ ਦੇਣੀ। ਤੁਹਾਡੇ ਅਪਣੇ ਘਰ ਤੁਹਾਡੇ ਫੈਸਲੇ ਉਹ ਕਰਦੇ ਨੇ, ਤੁਸੀਂ ਜਾਵੋਗੇ ਕਿਧਰ? ਪਰ ਇਥੇ ਬੇਫ਼ਿਕਰ ਪੰਜਾਬ, ਬੰਦ ਵਾਲੇ ਦਿਨ ਵੀ ਮਹਿੰਗੇ ‘ਕੋਟਾਂ-ਪਿੰਟਾਂ’ ਦੇ ਮੇਚੇ ਦਿੰਦਾ ਫਿਰ ਰਿਹੈ।
ਮੇਰੀ ਮਾਸੀ ਦੇ ਪੁੱਤਰ ਦਾ ਤਰਨ-ਤਾਰਨ ਰੋਡ ਤੇ ਢਾਬਾ ਹੈ ਉਥੇ ਕੰਮ ਕਰਦੇ ਭਈਏ ਨੂੰ ਮੈ ਪੁੱਛਿਆ ਕਿ
ਕਿੰਨਾ ਚਿਰ ਹੋਇਆ ਪੰਜਾਬ ਆਏ ਨੂੰ। ਉਸ ਦੱਸਿਆ ਕਿ ਹਾਲੇ ਤਿੰਨ ਮਹੀਨੇ। ਉਸ ਨੂੰ ਜਦ ਮੈਂ ਪੁੱਛਿਆ
ਕਿ ਤੈਨੂੰ ਇਥੇ ਪੰਜਾਬ ਕੌਣ ਲੈ ਕੇ ਆਇਆ ਹੈ ਤਾਂ ਉਹ ਕਹਿਣ ਲੱਗਾ ‘‘ਕੁੱਝ ਲੋਗ ਸਾਡੇ ‘ਗਾਓਂ’ ਗਏ
ਸਨ, ਉਹ ਕਹਿਣ ਲੱਗੇ ਕਿ ਪੰਜਾਬ ਵਿੱਚ ਬਹੁਤ ਕੰਮ ਹੈ। ਚਲੋ, ਤੁਹਾਨੂੰ ਉਥੇ ਲੈ ਕੇ ਚਲਦੇ ਹਾਂ।’’
ਉਸ ਨੂੰ ਪੂਰਾ ‘ਉਧੇੜਨ’ ਤੋਂ ਬਾਅਦ ਜੋ ਗੱਲ ਮੇਰੀ ਸਮਝ ਆਈ ਕਿ ਉਸ ਨੂੰ ਕਿਸੇ ਉਸ ਦੇ ਜਾਣੂੰ ਨੇ
ਨਹੀ ਸੀ ਲਿਆਂਦਾ, ਨਾ ਕਿਸੇ ਰਿਸ਼ਤੇਦਾਰ ਨੇ, ਬਲਕਿ ਕੁੱਝ ਲੋਕ ਜਥੇਬੰਦਕ ਰੂਪ ਵਿੱਚ ਉਨ੍ਹਾਂ ਨੂੰ
ਪੰਜਾਬ ਢੋਣ ਵਿੱਚ ਲੱਗੇ ਹੋਏ ਹਨ ਪਰ ਪੰਜਾਬ...?
ਕੱਟੜਾ ਜੈਮਲ ਸਿੰਘ ਰਿਹੜੀ ਵਾਲੇ ਦੋ ਭਈਏ ਸਲਾਹ ਕਰ ਰਹੇ ਹਨ ਕਿ ਆਹ ਸਰਦਾਰ ਆ ਰਿਹੈ ਇਸ ਨੂੰ ਅੱਜ
ਆਪਾਂ ਰਿਹੜੀ ਨਹੀ ਇਥੇ ਲਾਉਣ ਦੇਣੀ ਅਪਣੇ ਧੰਦੇ ਨੂੰ ਨੁਕਸਾਨ ਹੈ। ਜਦ ਸਰਦਾਰ ਆਇਆ ਤਾਂ ਉਹ ਪੈ
ਨਿਕਲੇ। ਕੁਦਰਤੀ ਮੇਰੀ ਪਤਨੀ ਦੇ ਤਾਏ ਦਾ ਛੋਟਾ ਪੁੱਤਰ, ਜਿਹੜਾ ਪਹਿਲਾਂ ਹੀ ਮਗਰ ਖੜੋਤਾ ਉਨ੍ਹਾਂ
ਦੀਆਂ ਗੱਲਾਂ ਸੁਣ ਰਿਹਾ ਸੀ, ਵਿੱਚ ਆ ਗਿਆ। ਜਦ ਉਹ ਸਰਦਾਰ ਦੇ ਹੱਕ ਵਿੱਚ ਉਨ੍ਹਾਂ ਨੂੰ ਪੈ ਨਿਕਿਲਆ
ਤਾਂ ਉਨ੍ਹਾਂ ਚਈਂ-ਚਈਂ ਤਾਂ ਕੀਤੀ ਪਰ ਡਰ ਕੇ ਚੁੱਪ ਕਰ ਗਏ। ਪਰ ਕਿੰਨੀਆਂ ਥਾਵਾਂ ’ਤੇ ਕੋਈ ਵਿੱਚ ਆ
ਕੇ ਸਰਦਾਰ ਦੀ ਰਿਹੜੀ ਲਵਾਏਗਾ?
ਪੰਜਾਬ ਦੀ ਹਾਲਤ ਤਾਂ ਕੁਝ ‘ਲੁੱਟ ਲਈ ਮੈਂ ਪਿੰਡ ਦਿਆਂ ਪੈਂਚਾਂ’ ਵਾਲੀ ਬਣੀ ਪਈ ਹੈ ਕਿ ਕੁੱਝ ਤਾਂ ਦਿੱਲੀ ਵਾਲੇ ਇਸ ਦੇ ਗਲ ਗੂਠਾ ਦਈ ਤੁਰੇ ਆਉਂਦੇ ਹਨ ਤੇ ਕੁੱਝ ਪੰਜਾਬ ਖੁਦ ਅਪਣੇ ਫੁੱਕਰੇਪਨ ਵਿੱਚ ਰੁੜਦਾ ਤੁਰਿਆ ਜਾ ਰਿਹੈ। ਦੂਜਾ ਜਿਹੜੇ ਸਾਡੇ ਭਰਾ ਬਾਹਰੋਂ ਜਾਂਦੇ ਹਨ ਉਹ ਬਾਹਰ ਦੀ ਹਵਾ ਵਿੱਚ ਹੀ ਮਾਰੇ ਜਾਂਦੇ ਹਨ ਕਿਉਂਕਿ ਪੰਜਾਬ ਵਾਲੇ ‘ਫੂਕ’ ਨਾਲ ਹੀ ਅਗਲੇ ਨੂੰ ਪਾਟਣਾ ਕਰ ਦਿੰਦੇ ਹਨ ਕਿ ਇਥੋਂ ਟਰੱਕਾਂ-ਫੈਕਟੀਆਂ ਦੇ ਓਵਰਟਾਈਮਾਂ ਦਾ ਪੈਸਾ ਉਹ ਬੜੇ ‘ਵਹਿਸ਼ੀ’ ਢੰਗ ਨਾਲ ਰੋੜ੍ਹਦੇ ਹਨ ਕਿ ਅਕਲ ਨਾਮ ਦੀ ਚੀਜ਼ ਉਨ੍ਹਾਂ ਨੂੰ ਹਜ਼ਮ ਹੀ ਕੋਈ ਨਹੀ ਹੁੰਦੀ। ਪੰਜਾਬ ਤਾਂ ਭਲਾ ਮੂਰਖਤਾ ਦੇ ਦੌਰ ਵਿਚੋਂ ਲੰਘ ਰਿਹੈ ਪਰ ਬਾਹਰ ਵਾਲੇ...? ਵੱਡੇ ਵੱਡੇ ਪੈਲਸਾਂ ਵਿੱਚ ਕਦੇ ਕਿਸੇ ਬਾਣੀਏ ਦਾ ਵਿਆਹ ਹੁੰਦਾ ਨਹੀਂ ਦੇਖਿਆ। ਅੰਮ੍ਰਿਤਸਰ ਦੇ ਮਸ਼ਹੂਰ ਬਜ਼ਾਰ ‘ਕੱਟੜਾ ਜੈਮਲ ਸਿੰਘ’ ਵਿੱਚ ਕਦੇ ਬਾਣੀਏ ਨਹੀ ਘੁੰਮਦੇ ਦੇਖੇ ਮੌਰਾਂ ਤੇ ਕੱਪੜਿਆਂ ਦੀਆਂ ਪੰਡਾਂ ਚੁੱਕੀ। ਕੀ ਉਹ ਵਿਆਹ ਨਹੀ ਕਰਦੇ? ਇੱਕਲੇ ਜੱਟ ਹੀ ਕਰਦੇ ਨੇ? ਜਿਸ ਮਰਜੀ ਦੁਕਾਨ ਤੇ ਚਲੇ ਜਾਓ ਬਾਣੀਆਂ ਤਿਆਰ ਬੈਠਾ ਛਿੱਲਣ ਨੂੰ ਇਨ੍ਹਾਂ ਮੂਰਖਾਂ ਨੂੰ। ਤੇ ਜਦ ਇਹ ਲੁੱਟ ਹੋਣ ਲਈ ਜਾਂਦੇ ਤਾਂ ਬਾਣੀਆਂ ਮਹਿੰਗੇ ਤੋਂ ਮਹਿੰਗਾ ਕੱਪੜਾ ਇਸ ਦੇ ਮੋਢਿਆਂ ਤੇ ਲਾ ਕੇ ਦੱਸਦਾ ਕਿ ਆਹ ਤਾਂ ਬਣਿਆਂ ਹੀ ਤੁਹਾਡੇ ਲਈ ਸੀ। ਬੀਬੀਆਂ, ਜਿਹੜੀਆਂ ਅਪਣੇ ਬੱਚਿਆਂ ਨੂੰ ਚੰਗੇ ਸਕੂਲ ਨਹੀਂ ਭੇਜ ਸਕਦੀਆਂ, ਚੰਗੀ ਖੁਰਾਕ ਨਹੀ ਦੇ ਸਕਦੀਆਂ, ਚੰਗੀ ਟਿਊਸ਼ਨ ਨਹੀ ਰੱਖ ਕੇ ਦੇ ਸਕਦੀਆਂ, ਉਨ੍ਹਾਂ ਦਾ ਚੰਗਾ ਭਵਿੱਖ ਸਿਰਜਣਨ ਲਈ ਕੋਈ ਉਦਮ ਨਹੀਂ ਸੋਚ ਸਕਦੀਆਂ, ਕਦੇ ਉਨ੍ਹਾਂ ਨੂੰ ਸਿੱਖੀ ਬਾਰੇ ਦੱਸ ਜਾਂ ਗੁਰਦੁਆਰਾ ਸਾਹਿਬ ਨਹੀ ਲਿਜਾ ਸਕਦੀਆਂ, ਬਜਾਰ ਜਾ ਕੇ 4-5-10 ਹਜ਼ਾਰ ਦੇ ਸੂਟ ਤੋਂ ਬਿਨਾ ਹੱਥ ਨਹੀ ਪਾਉਂਦੀਆਂ। ਤੇ ਜਦ ਇਹ ਲੁੱਟ ਹੋ ਕੇ ਨਿਕਲਦੀਆਂ ਨੇ, ਬਾਣੀਆ ਮੁਸਕੜੀਏ ਹੱਸਦਾ ਇਨ੍ਹਾਂ ਦੀ ਮਾਨਸਿਕ ਕੰਗਾਲੀ ’ਤੇ। ਅਤੇ ਜਦ ਹਰੇਕ ਘਰ ਵਿੱਚ ਨੌਜਵਾਨ ਬੱਚਾ ਸਮੈਕੀ, ਡਰੱਗੀ ਅਤੇ ਨਸ਼ਈ ਹੋ ਜਾਂਦਾ ਹੈ ਤਾਂ ਫਿਰ ਉਹੀ ਮਾਂ ਪਿਓ ਰੱਬ ਨੂੰ ਕੋਸਦੇ ਜਿਸ ਉਨ੍ਹਾਂ ਦੀ ਕਿਸਮਤ ਮਾੜੀ ਲਿਖ ਦਿੱਤੀ ਸੀ।
ਤੁਸੀਂ ਹੈਰਾਨ ਹੋਵੋਂਗੇ ਕਿ ਜਦ ਖਾਣ ਪੀਣ ਦਾ ਮਸਲਾ ਆਉਂਦਾ ਆਮ ਬੰਦੇ ਦੇ ਮੂੰਹੋਂ ਸੁਣੀਂਦਾ ਕਿ ‘ਮਹਿੰਗਾਈ ਨੇ ਵੱਟ ਕੱਢ ਛੱਡੇ ਵੇ ਆ’। ਕਿਉਂ? ਅਖੇ ਸਬਜੀਆਂ ਬੜੀਆਂ ਮਹਿੰਗੀਆਂ ਹੋ ਗਈਆਂ, ਦਾਲਾਂ ਨੂੰ ਹੱਥ ਨਹੀ ਲੱਗਦਾ, ਚਾਹ ਖੰਡ ਈ ਨਹੀ ਸਾਹ ਲੈਣ ਦਿੰਦੀ, ਦੁੱਧ ਹੀ ਮਾਣ ਨਹੀਂ ਆਦਿ। ਚਲੋ, ਇਹ ਗੱਲਾਂ ਸ਼ਹਿਰੀਆ ਤਾਂ ਕਹੇ, ਪਿੰਡਾਂ ਵਾਲੇ ਵੀ ਕਹਿ ਰਹੇ ਹਨ। ਕਿਉਂ? ਕਿਉਂਕਿ ਉਹ ਇੰਨੇ ਹੱਡ ਹਰਾਮੀ ਹੋ ਗਏ ਹਨ ਕਿ ਘਰੇ ਜਾਂ ਖੇਤਾਂ ਵਿੱਚ ਦੋ ਕਿਆਰੇ ਸਬਜੀਆਂ, ਦਾਲਾਂ ਬੀਜਣ ਦੀ ਬਜਾਇ ਸ਼ਹਿਰੋਂ ਮੁੱਲ ਦੀਆਂ ਮਹਿੰਗੀਆਂ, ਬੇਹੀਆਂ ਅਤੇ ਬੁੱਸੀਆਂ ਲਿਆ ਕੇ ਖਾਣਗੇ ਪਰ ਮਜਾਲ ਹੱਥ ਹਿਲਾ ਜਾਣ ਤੇ ਇਹੀ ਕਾਰਨ ਹੈ ਕਿ ਹਰੇਕ ਦੂਜਾ ਤੀਜਾ ਬੀਮਾਰੀ ਨਾਲ ਘੁੱਲ ਰਿਹਾ ਹੈ ਤੇ ਹਾਲ ਪਾਹਰਿਆ ਕਰਦਾ ਪੀੜਤ ਹੈ। ਜਿੰਮੀਦਾਰ ਦਾ ਮੁੰਡਾ ਤਾਂ ਖੇਤਾਂ ਵਿੱਚ ਗੇੜਾ ਮਾਰਨਾ ਵੀ ਹੱਤਕ ਸਮਝਦਾ ਹੈ।
ਕਿਸੇ ਰਿਸ਼ਤੇਦਾਰ ਦੇ ਗਿਆਂ ਇੱਕ ਚੰਗਾ ਜੈਂਟਲਮੈਨ ਸਰਦਾਰ ਮਿਲਿਆ। ਨਾਲ ਵਾਲਿਆਂ ਨੇ ਦੱਸਿਆ ਕਿ ਇਹ ਐਗਰੀਕਲਚਰ ਡਿਪਾਟਮੈਂਟ ਵਿੱਚ ਲੰਮਾ ਚਿਰ ਸੁਪਰਵਾਈਜਰ ਰਹੇ ਨੇ ਤੇ ਹੁਣ ਰਿਟਾਇਰ ਹਨ। ਉਨ੍ਹਾਂ ਨੂੰ ਮੈਂ ਸਵਾਲ ਕੀਤਾ ਕਿ ਤੁਹਾਨੂੰ ਕਿੰਜ ਜਾਪਦਾ ਹੈ ਕਿ ਕਣਕ ਝੋਨੇ ਤੋਂ ਬਿਨਾਂ ਜਿੰਮੀਦਾਰ ਕੋਲ ਕੋਈ ਰਾਹ ਨਹੀਂ ਕਿ ਉਹ ਹੋਰ ਕੁੱਝ ਵੀ ਕਰੇ, ਜਦਕਿ ਕਣਕ ਝੋਨਾ ਹਰੇਕ ਸਾਲ ਮੰਡੀਆਂ ਵਿੱਚ ਰੁਲਣ ਦੀ ਚਰਚਾ ਆਮ ਹੀ ਰਹਿੰਦੀ ਹੈ? ਉਸ ਨੇ ਪੈਂਦਿਆਂ ਹੀ ਕੰਬੋਆਂ ਦੀ ਮਿਸਾਲ ਦਿੱਤੀ ਤੇ ਦੱਸਿਆ ਕਿ ਗੁਜ਼ਾਰੇ ਵਾਸਤਾੇ 60-100 ਕਿੱਲਾ ਜ਼ਮੀਨ ਹੋਣਾ ਜਰੂਰੀ ਨਹੀਂ। ਜਿੰਮੀਦਾਰ ਕੋਲ 5 ਕਿਲ੍ਹੇ ਹੀ ਹੋਣ, ਤਾਂ ਵੀ ਬਹੁਤ ਹਨ ਪਰ ਉਹ ਕੰਮ ਕਰਨ ਵਾਲਾ ਹੋਵੇ। ਪਰ ‘ਜੱਟ’ ਵਿਹਲਾ ਰਹਿਣਾ ਚਾਹੁੰਦਾ ਕਿ ਇੱਕ ਵਾਰ ਦਿੱਤਾ ਛੱਟਾ ਤੇ ਕੰਮ ਬੰਨ੍ਹੇ ਤੇ ਸਰਕਾਰ ਇਨ੍ਹਾਂ ਨੂੰ ਕਣਕ ਝੋਨੇ ’ਚੋਂ ਬਾਹਰ ਨਿਕਲਣ ਨਹੀ ਦੇਣਾ ਚਾਹੁੰਦੀ। ਜਿੰਮੀਦਾਰ ਇੱਕ ਵਾਰ ਕਣਕ ਬੀਜ ਕੇ ਸਾਰਾ ਸਿਆਲ ਸ਼ਹਿਰ ਦੀਆਂ ਗੇੜੀਆਂ ਦਿੰਦੇ ਅਪਣੇ ਸਮੇਂ ਦੀ ਬਰਬਾਦੀ ਕਰ ਰਹੇ ਹਨ। ਸੀਜ਼ਨ ਵੇਲੇ ਇੰਨ੍ਹਾਂ ਨੂੰ ਚੇਤਾ ਆਉਂਦਾ ਹੈ ਕਿ ਹੁਣ ਸਾਡੀ ਕਣਕ ਜਾਂ ਝੋਨਾ ਚੁੱਕ ਨਹੀ ਹੋ ਰਿਹਾ।
ਇਸ ਵਿਹਲੇਪਨ ਦਾ ਹੀ ਕਾਰਨ ਹੈ ਕਿ ਲੋਕ ਇੱਕ ਦੂਜੇ ਨਾਲ ਈਰਖਾ ਕਰਨ ਤੋਂ ਸਿਵਾਏ ਕੁੱਝ ਸੋਚਦੇ ਹੀ ਨਹੀ। ਬਿਨਾ ਵਜਾਹ ‘ਘੜੂਸਾਂ’ ਛੱਡੀ ਜਾਣਗੇ। ਅਪਣੇ ਘਰ ਚੰਗੀ ਭਲੀ ਰੋਟੀ ਖਾਂਦੇ ਵੀ ਦੁਖੀ। ਇਥੇ ਲੋਕ ਅਪਣੇ ਦੁਖਾਂ ਕਾਰਨ ਦੁਖੀ ਨਹੀ ਬਲਕਿ ਦੂਜੇ ਦੇ ਸੁੱਖ ਤੋਂ ਦੁਖੀ ਹਨ। ਜਿਥੇ ਬਾਹਰ ਦੇ ਪ੍ਰਦੂਸ਼ਣ ਨਾਲ ਦਮ ਘੁੱਟਦਾ ਹੈ ਉਥੇ ਅੰਦਰ ਦੀ ਸੜ੍ਹਾਂਦ ਨਾਲ ਵੀ ਗਰਮੀ ਪੈਦਾ ਹੋ ਰਹੀ ਹੈ। ਹਰੇਕ, ਜਿਹੜਾ ਅਪਣੇ ਘਰ ਵਧੀਆ ਰੋਟੀ ਖਾਂਦਾ ਹੈ, ਉਹ ਇਸ ਗਲ ਤੋਂ ਸਤੁੰਸ਼ਟ ਨਹੀਂ ਬਲਕਿ ਇਸ ਗਲ ਤੋਂ ਦੁਖੀ ਹੈ ਕਿ ਗੁਆਂਢੀ ਕਿਉਂ ਰੋਟੀ ਖਾ ਰਿਹਾ ਹੈ।
ਦੂਜੇ ਬੰਨ੍ਹੇ ਧਰਮ ਦੀ ਗੱਲ ਕਰ ਲਓ। ਸਾਡਾ ਇਲਾਕਾ ਸਭ ਤੋਂ ਨੇੜੇ ਹੈ ਸਿੱਖੀ ਦੇ ਧੁਰੇ ਯਾਨੀ ਅੰਮ੍ਰਿਤਸਰ ਦੇ। ਕਦੇ ਕੋਈ ਪ੍ਰਚਾਰਕ ਨਹੀਂ ਸੁਣਿਆ ਆਇਆ, ਕਦੇ ਕੋਈ ਲਿਟਰੇਚਰ ਵੰਡਿਆ ਨਹੀਂ ਸੁਣਿਆ। ਕਦੇ ਕਿਸੇ ਪਿੰਡਾਂ ਵਿੱਚ ਆ ਕੇ ਸਿੱਖੀ ਦੀ, ਸਿੱਖੀ ਰਹਿਣੀ ਦੀ, ਕਿਰਤ ਕਰਨ ਦੀ, ਨਾਮ ਜਪਣ ਯਾਨੀ ਨਾਮ ਨਾਲ ਇੱਕ ਹੋਣ ਦੀ ਜਾਚ ਕਿਸੇ ਨੂੰ ਨਹੀਂ ਦੱਸੀ। ਕਦੇ ਕਿਸੇ ਧਾਰਮਕ ਬੰਦੇ ਨਹੀਂ ਲੋਕਾਂ ਨੂੰ ਦੱਸਿਆ ਕਿ ਸਿੱਖੀ ਦੀ ਰਹਤ ਵਿੱਚ ਈਰਖਾ, ਨਫਰਤ, ਸੜ੍ਹਾਂਦ ਤੋਂ ਦੂਰ ਰਹਿ ਕੇ ਅਪਣੀ ਕਿਰਤ ਕਰਦੇ ਹੋਏ ਗੁਰੂ ਨੂੰ ਯਾਦ ਕਰੋ। ਸਿੱਖ ਜਾਂ ਸਿੱਖੀ ਨਾਲ ਕਿਸੇ ਦਾ ਕੋਈ ਮੱਤਲਬ ਨਹੀਂ - ਇਨ੍ਹਾਂ ਦੀ ਗੱਲਬਾਤ ਦਾ ਵਿਸ਼ਾ ਕਪੜੇ, ਕਾਰ ਅਤੇ ਕੋਠੀ ਹੁੰਦੀ ਹੈ। ਵਿਆਹ ਵੇਲੇ ਮੁੰਡਾ ਕਿਸ ਤਰ੍ਹਾਂ ਦਾ ਹੈ, ਕੁੜੀ ਕਿਸ ਤਰ੍ਹਾਂ ਦੀ ਹੈ ਵਰਗੇ ਸਵਾਲ ਫਾਲਤੂ ਹੋ ਗਏ ਹਨ ਬਲਕਿ ਉਹ ਪੁੱਛਦੇ ਕਿ ਪੈਲਸ ਕਿਹੜਾ, ਸ਼ਰਾਬ ਕਿਹੜੀ ਤੇ ਮੀਟ-ਮਾਸ ਕਾਹਦਾ ਪਾਉਣਾ ਹੈ?
ਮੁੱਕਦੀ ਗੱਲ ਕਿ ਪੰਜਾਬ ਵਿਚੋਂ ਗੁਰੂ ਨਾਨਕ ਪਾਤਸ਼ਾਹ ਦਾ ‘ਕਿਰਤ ਕਲਚਰ’ ਖਤਮ ਹੋ ਰਿਹਾ ਹੈ ਤੇ ‘ਵਿਖਾਵਾ ਕਲਚਰ’ ਜੋਬਨ ਤੇ ਹੈ ਜਿਸ ਵਿਚੋਂ ਗਰੀਬੀ ਅਤੇ ਬੀਮਾਰੀਆਂ ਤਾਂ ਜਨਮ ਲੈ ਹੀ ਰਹੀਆਂ ਹਨ ਪਰ ਜਿਹੜੀ ਬ੍ਰਾਹਮਣਵਾਦੀਆਂ ਵਲੋਂ ਖਤਰੇ ਦੀ ਘੰਟੀ ਪੰਜਾਬ ਉੱਪਰ ਖੜਕ ਰਹੀ ਹੈ, ਉਸ ਨੂੰ ਵੀ ਇਥੇ ਕੋਈ ਸੁਣਨ ਲਈ ਤਿਆਰ ਨਹੀਂ ਤੇ ਗੱਲ ਕਰਨ ਵਾਲੇ ਨੂੰ ਉਹ ਕਿਸੇ ‘ਮੂਰਖਾਂ ਦੀ ਦੁਨੀਆਂ ਦਾ ਵਾਸੀ’ ਸਮਝ ਕੇ ਹੱਸ ਛੱਡਦੇ ਹਨ - ਜੇ ਸਾਹਮਣੇ ਨਹੀ ਤਾਂ ਪਾਸੇ ਜਾ ਕੇ !