Subscription About Us Contact Us


26/11 ਦੇ ਮੁੰਬਈ ਹਮਲੇ ਦੌਰਾਨ ਪੁਲਿਸ ਅਧਿਕਾਰੀ ਕਾਮਟੇ ਨੂੰ ਕਿਸਨੇ ਮਾਰਿਆ?

- ਵੀਰ ਸੰਘਵੀ -
ਸੰਪਾਦਕ-ਹਿੰਦੁਸਤਾਨ ਟਾਈਮਜ਼

ਮੁੰਬਈ ਵਿੱਚ 26 ਨਵਬੰਰ 09 ਨੂੰ ਹੋਏ ਹਮਲੇ ਦੀਆਂ ਘਟਨਾਵਾਂ ਬਾਰੇ ਸਾਨੂੰ ਜਿੰਨੀ ਜ਼ਿਆਦਾ ਜਾਣਕਾਰੀ ਮਿਲਦੀ ਹੈ, ਓਨਾ ਹੀ ਸਾਨੂੰ ਮਸਲੇ ਦੀ ਸੱਚਾਈ ਬਾਰੇ ਘੱਟ ਪਤਾ ਲਗਦਾ ਹੈ। ਅਸੀਂ ਹੁਣ - ਮੁੱਖ ਤੌਰ ’ਤੇ ਅਜਮਲ ਕਸਾਬ ਰਾਹੀਂ - ਜਾਣਦੇ ਹਾਂ ਕਿ ਹਮਲਿਆਂ ਦੀ ਸਾਜਿਸ਼ ਕਿਸਨੇ ਰਚੀ ਅਤੇ ਇਸਦੀ ਯੋਜਨਾਬੰਦੀ ਕਿਸਨੇ ਕੀਤੀ ਪਰ ਅਸੀਂ 26/11 ਹਮਲੇ ਦੇ ਬਾਕੀ ਨੁਕਤਿਆਂ ਬਾਰੇ ਜਿੰਨਾ ਸਾਨੂੰ ਜਾਣਨਾ ਚਾਹੀਦਾ ਹੈ, ਉਸ ਤੋਂ ਬਹੁਤ ਘੱਟ ਜਾਣਦੇ ਹਾਂ।

ਜਿਹੜੀ ਵੀ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ, ਉਹ ਮੁੰਬਈ ਪੁਲਿਸ ਨੂੰ ਬੜੇ ਮਾੜੇ ਰੂਪ ਵਿੱਚ ਦਿਖਾਉਂਦੀ ਹੈ। ਇਸ ਵਿੱਚ ਸਭ ਤੋਂ ਪਹਿਲਾਂ, ਹਸਨ ਗਫੂਰ ਦਾ ਦਾਅਵਾ ਹੈ ਕਿ ਬਤੌਰ ਮੁੰਬਈ ਦੇ ਪੁਲਿਸ ਕਮਿਸ਼ਨਰ ਉਸਨੇ ਦੇਖਿਆ ਕਿ ਉਸਦੇ 4 ਅਧਿਕਾਰੀਆਂ ਨੇ ਰਾਤ ਵੇਲੇ ਆਪਣੀ ਜਾਨ ਦਾ ਜੋਖਿਮ ਚੁੱਕਣ ਤੋਂ ਨਾਂਹ ਕਰ ਦਿੱਤੀ। ਅਤੇ ਹੁਣ ਵਿਨੀਤਾ ਕਾਮਟੇ ਦੀ ਜਜ਼ਬਾਤੀ ਕਰ ਦੇਣ ਵਾਲੀ ਪੁਸਤਕ ‘ਆਖਿਰੀ ਗੋਲੀ ਤੱਕ’ (To The Last Bullet) ਪ੍ਰਕਾਸ਼ਿਤ ਹੋ ਕੇ ਸਾਹਮਣੇ ਆ ਗਈ ਹੈ।

ਅਸੀਂ ਸਭ ਜਾਣਦੇ ਹਾਂ ਕਿ ਅਸ਼ੋਕ ਕਾਮਟੇ, ਹੇਮੰਤ ਕਰਕਰੇ ਅਤੇ ਵਿਜੇ ਸਾਲਸਕਰ 26/11 ਦੀ ਰਾਤ ਨੂੰ ਮਾਰੇ ਗਏ ਸਨ। ਹੁਣ ਤੱਕ ਸਾਨੂੰ ਉਨ੍ਹਾਂ ਦੇ ਮਾਰੇ ਜਾਣ ਸਬੰਧੀ ਜਿਹੜਾ ਸੰਸਕਰਣ ਸੁਣਾਇਆ ਜਾਂਦਾ ਰਿਹਾ ਹੈ, ਉਹ ਇਹ ਸੀ ਕਿ ਇਹ ਅਧਿਕਾਰੀ ਗਰਦਨ-ਰਹਿਤ ਮੁਰਗਿਆਂ ਦੀ ਤਰ੍ਹਾਂ (ਕਸਾਈ ਵੱਲੋਂ ਗਰਦਨ ਕੱਟ ਦਿੱਤੇ ਜਾਣ ’ਤੇ ਵੀ ਮੁਰਗਾ ਕੁਝ ਦੇਰ ਜ਼ਿੰਦਾ ਰਹਿੰਦਾ ਹੈ ਅਤੇ ਬੇਚੈਨੀ ਨਾਲ ਇਧਰ-ਉਧਰ ਫੜਫੜਾਉਂਦਾ ਹੈ) ਮੁੰਬਈ ਦੀਆਂ ਸੜਕਾਂ ’ਤੇ ਗੱਡੀਆਂ ਦੌੜਾਉਂਦੇ ਫਿਰ ਰਹੇ ਸਨ ਅਤੇ ਇਸ ਕਰਕੇ ਉਹ ਅੱਤਵਾਦੀਆਂ ਲਈ ਅਸਾਨ ਨਿਸ਼ਾਨੇ ਬਣ ਗਏ ਸਨ।

ਪਰ ਵਿਨੀਤਾ ਦੀ ਕਿਤਾਬ ਇਸ ਪ੍ਰਚਾਰੀ ਗਈ ਕਹਾਣੀ ਦੇ ਉਲਟ ਨੂੰ ਸੱਚ ਸਾਬਿਤ ਕਰਦੇ ਹਨ - ਉਕਤ ਅਧਿਕਾਰੀ ਇਸ ਵਾਸਤੇ ਮਾਰੇ ਗਏ ਕਿਉਂਕਿ ਮੁੰਬਈ ਪੁਲਿਸ ਵਿੱਚ ਉਨ੍ਹਾਂ ਦੇ ਸਹਿਕਰਮੀਆਂ ਨੇ ਉਨ੍ਹਾਂ ਨੂੰ ਮਰ ਜਾਣ ਦਿੱਤਾ।
ਸਭ ਤੋਂ ਪਹਿਲਾਂ, ਅਸ਼ੋਕ ਕਾਮਟੇ ਸਿਰਫ਼ ਡ੍ਰਾਈਵਿੰਗ ਕਰਦਾ ਇਧਰ-ਉਧਰ ਨਹੀਂ ਫਿਰ ਰਿਹਾ ਸੀ। ਉਹ ਮੁੰਬਈ ਦੀ ਈਸਟ ਜ਼ੋਨ ਦਾ ਇੰਚਾਰਜ ਸੀ ਅਤੇ ਹਮਲੇ ਉਸਦੇ ਖੇਤਰ ਤੋਂ ਬਾਹਰ ਹੋ ਰਹੇ ਸਨ। ਉਸਨੂੰ ਸਪੈਸ਼ਲ ਬ੍ਰਾਂਚ ਦੇ ਦਫ਼ਤਰ, ਜਿਸ ਦੇ ਨੇੜੇ ਹੀ ਅੱਤਵਾਦੀ ਮੌਜੂਦ ਸਨ, ਵਿਖੇ ਉਚੇਚ ਤੌਰ ’ਤੇ ਬੁਲਾਇਆ ਗਿਆ ਸੀ।

ਦੂਜਾ, ਕਾਮਟੇ ਅਤੇ ਕਰਕਰੇ ਇਕੱਠੇ ਨਹੀਂ ਸਨ। ਕਰਕਰੇ ਨੇ ਵਿਕਟੋਰੀਆ ਟਰਮਿਨਸ (ਵੀ.ਟੀ.) ਸਟੇਸ਼ਨ ’ਤੇ ਫਾਇਰਿੰਗ ਹੋਣ ਬਾਰੇ ਸੁਣਿਆ ਸੀ ਅਤੇ ਉਹ ਸੁਤੰਤਰ ਤੌਰ ’ਤੇ ਉਥੇ ਪੁੱਜ ਗਿਆ ਸੀ। ਉਥੇ ਮੌਜੂਦ ਚਸ਼ਮਦੀਦਾਂ ਨੇ ਉਸਨੂੰ ਦੱਸਿਆ ਕਿ ਅੱਤਵਾਦੀ ਉਥੋਂ ਚਲੇ ਗਏ ਸਨ ਅਤੇ ਹੁਣ ਕਾਮਾ ਹਸਪਤਾਲ ਪਹੁੰਚ ਗਏ ਸਨ।

ਕਰਕਰੇ ਨੇ ਰਾਤ ਦੇ 11.24 ਵਜੇ ਪੁਲਿਸ ਕੰਟਰੋਲ ਰੂਮ ਨੂੰ ਵਾਇਰਲੈ¤ਸ ਸੰਦੇਸ਼ ਦਿੱਤਾ, ‘‘ਸਾਨੂੰ ਕਾਮਾ ਹਸਪਤਾਲ ਨੂੰ ਘੇਰਨ ਦੀ ਲੋੜ ਹੈ। ਅਸੀਂ ਐਸ.ਬੀ.2 ਦਫ਼ਤਰ ਵਾਲੇ ਪਾਸੇ ਹਾਂ। ਪੁਲਿਸ ਦੀ ਇਕ ਟੀਮ ਨੂੰ ਕਾਮਾ ਹਸਪਤਾਲ ਦੇ ਮੁੱਖ ਦਰਵਾਜੇ ਵੱਲੋਂ ਭੇਜੋ। ਫੌਜ ਨੂੰ ਵੀ ਆਪਣੇ ਕਮਾਂਡੋ ਭੇਜਣ ਵਾਲੇ ਬੇਨਤੀ ਕਰੋ।’’

ਇਸ ਤਰ੍ਹਾਂ, ਰਾਤ 11.24 ’ਤੇ ਹੀ ਸੂਬੇ ਦੇ ਅੱਤਵਾਦ-ਵਿਰੋਧੀ ਦਸਤੇ ਦੇ ਮੁਖੀ ਨੇ 1) ਮਹਿਸੂਸ ਕਰ ਲਿਆ ਸੀ ਕਿ ਇਹ ਇਕ ਅੱਤਵਾਦੀ ਹਮਲਾ ਸੀ 2) ਕਮਾਂਡੋ ਭੇਜਣ ਦਾ ਨਿਰਦੇਸ਼ ਦੇ ਦਿੱਤਾ ਸੀ 3) ਕਾਮਾ ਹਸਪਤਾਲ ਨੂੰ ਘੇਰ ਕੇ ਅੱਤਵਾਦੀਆਂ ਨੂੰ ਬਾਹਰ ਕੱਢਣ ਦੀ ਯੋਜਨਾ ਬਣਾ ਲਈ ਸੀ।

ਪਰ ਕਰਕਰੇ ਦੀਆਂ ਸਾਰੀਆਂ ਬੇਨਤੀਆਂ ਠੁਕਰਾ ਦਿੱਤੀਆਂ ਗਈਆਂ। ਕਾਮਾ ਹਸਪਤਾਲ ਵਿਖੇ ਕੋਈ ਪੁਲਿਸ ਟੀਮ ਨਹੀਂ ਪੁੱਜੀ। ਕਰਕਰੇ ਨੇ ਜੋ ਕੁਝ ਕਿਹਾ ਸੀ, ਉਹ ਅੱਗੇ (ਸਬੰਧਿਤ ਅਧਿਕਾਰੀ ਕੋਲ) ਨਹੀਂ ਭੇਜਿਆ ਗਿਆ। ਅਤੇ ਪੁਲਿਸ ਹੈਡਕੁਆਰਟਰ ਕਾਮਾ ਹਸਪਤਾਲ ਤੋਂ ਸਿਰਫ਼ 2 ਮਿਨਟ ਦੀ ਦੂਰੀ ’ਤੇ ਹੈ।

ਬਾਅਦ ਵਿੱਚ ਜਿਵੇਂ ਕਿ ਸਪਸ਼ਟ ਹੋਇਆ, ਕਿਉਂਕਿ ਕਾਮਾ ਹਸਪਤਾਲ ਦੇ ਮੁੱਖ ਗੇਟ ’ਤੇ ਕੋਈ ਪੁਲਿਸਕਰਮੀ ਨਹੀਂ ਸਨ, ਇਸਲਈ ਕਸਾਬ ਅਤੇ ਉਸਦਾ ਸਾਥੀ ਇਸਮਾਈਲ ਅਰਾਮ ਨਾਲ ਪੈਦਲ ਤੁਰਦੇ ਹੋਏ ਹਸਪਤਾਲ ਤੋਂ ਬਾਹਰ ਆ ਗਏ। ਉਹ ਨਜ਼ਦੀਕ ਦੀ ਰੰਗ ਭਵਨ ਲੇਨ ਵਿਖੇ ਚਲੇ ਗਏ। ਰਸਤੇ ਵਿੱਚ, ਉਨ੍ਹਾਂ ਨੇ ਉਥੋਂ ਗੁਜ਼ਰ ਰਹੀ ਇਕ ਹੌਂਡਾ ਸਿਟੀ ਗੱਡੀ ’ਤੇ ਫਾਇਰ ਕੀਤਾ, ਜਿਸ ਨਾਲ ਉਸਦੇ ਡ੍ਰਾਈਵਰ ਦੀ ਉਂਗਲੀ ’ਤੇ ਗੋਲੀ ਲੱਗ ਗਈ। ਅਜ਼ਾਦ ਮੈਦਾਨ ਪੁਲਿਸ ਸਟੇਸ਼ਨ ਤੋਂ ਦੋ ਕਾਂਸਟੇਬਲਾਂ ਨੇ ਇਹ ਵਾਕਿਆ ਬੜੀ ਸਪਸ਼ਟਤਾ ਨਾਲ ਵੇਖਿਆ ਅਤੇ 11.45 ’ਤੇ ਪੁਲਿਸ ਕੰਟਰੋਲ ਰੂਮ ਨੂੰ ਇਸ ਬਾਬਤ ਜਾਣਕਾਰੀ ਦਿੱਤੀ। ਰੰਗ ਭਵਨ ਲੇਨ ਦੇ ਵਸਨੀਕਾਂ ਨੇ ਵੀ, ਜਿਨ੍ਹਾਂ ਨੇ ਇਹ ਫਾਇਰਿੰਗ ਵੇਖੀ ਸੀ, ਪੁਲਿਸ ਕੰਟਰੋਲ ਰੂਮ ਵਿੱਚ ਫੋਨ ਕੀਤੇ।

ਪਰ ਕੰਟਰੋਲ ਰੂਮ ਵਿੱਚ ਕਿਸੇ ਨੇ ਵੀ ਪੁਲਿਸਕਰਮੀਆਂ ਨੂੰ ਇਨ੍ਹਾਂ ਅੱਤਵਾਦੀਆਂ ਦਾ ਟਾਕਰਾ ਕਰਨ ਲਈ ਭੇਜਿਆ, ਬਲਕਿ ਕਰਕਰੇ ਨੂੰ ਵੀ ਇਸ ਬਾਬਤ ਕੋਈ ਜਾਣਕਾਰੀ ਨਹੀਂ ਦਿੱਤੀ। ਕਰਕਰੇ ਹਾਲਾਂ ਵੀ ਇਹੀ ਸੋਚ ਰਿਹਾ ਸੀ ਕਿ ਅੱਤਵਾਦੀ ਹਸਪਤਾਲ ਦੇ ਅੰਦਰ ਹਨ ਅਤੇ ਪੁਲਿਸ ਦੀ ਟੀਮ ਹਸਪਤਾਲ ਦੇ ਬਾਹਰ ਪੁੱਜ ਚੁੱਕੀ ਸੀ - ਅਖੀਰ ਉਸਨੂੰ ਪੁਲਿਸਕਰਮੀ ਭੇਜਣ ਲਈ ਸੰਦੇਸ਼ ਦਿੱਤਿਆਂ ਅੱਧਾ ਘੰਟਾ ਹੋ ਚੁੱਕਾ ਸੀ। ਕਰਕਰੇ ਨੇ ਕਾਮਾ ਹਸਪਤਾਲ ਦੇ ਮੁੱਖ ਗੇਟ ’ਤੇ ਜਾਣ ਦਾ ਫੈਸਲਾ ਕੀਤਾ ਅਤੇ ਆਪਣੇ ਕਾਮਟੇ (ਜਿਸ ਕੋਲ ਏ.ਕੇ. 47 ਰਾਈਫਲ ਸੀ) ਅਤੇ ਸਾਲਸਕਰ (ਐਨਕਾਊਂਟਰ ਸਪੈਸ਼ਲਿਸਟ) ਨੂੰ ਵੀ ਆਪਣੇ ਨਾਲ ਲੈ ਲਿਆ।

ਲਗਭਗ 12 ਵੱਜ ਕੇ 1 ਮਿਨਟ ’ਤੇ ਕਰਕਰੇ, ਕਾਮਟੇ ਅਤੇ ਸਾਲਸਕਰ ਵਾਲੀ ਗੱਡੀ ਰੰਗ ਭਵਨ ਲੇਨ ਵਿੱਚ ਪਹੁੰਚੀ। ਅਧਿਕਾਰੀਆਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੇ ਝਾੜੀਆਂ ਵਿੱਚ ਕੁਝ ਹਿੱਲਦਾ ਹੋਇਆ ਵੇਖਿਆ ਸੀ। ਇਸਲਈ ਕਾਮਟੇ ਗੱਡੀ ਤੋਂ ਬਾਹਰ ਆ ਗਿਆ ਅਤੇ ਉਸਨੇ ਆਪਣੀ ਏ.ਕੇ. 47 ਨਾਲ ਗੋਲੀਆਂ ਚਲਾਣੀਆਂ ਅਰੰਭ ਕਰ ਦਿੱਤੀਆਂ। ਉਸਦੀ ਇਕ ਗੋਲੀ ਕਸਾਬ ਦੀ ਬਾਂਹ ਵਿੱਚ ਜਾ ਲੱਗੀ। ਪਰ ਇਸਮਾਈਲ ਨੇ ਆਪਣੀ ਹਮਲਾਵਰ ਰਾਈਫਲ ਨਾਲ ਜਵਾਬੀ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਇਸ ਲੜਾਈ ਵਿੱਚ ਤਿੰਨ ਅਧਿਕਾਰੀ (ਕਰਕਰੇ, ਕਾਮਟੇ ਅਤੇ ਸਾਲਸਕਰ) ਜ਼ਖ਼ਮੀ ਹੋ ਗਏ।

ਅੱਤਵਾਦੀਆਂ ਨੇ ਉਨ੍ਹਾਂ ਨੂੰ ਗੱਡੀ ਤੋਂ ਬਾਹਰ ਕੱਢ ਕੇ ਸੜਕ ’ਤੇ ਸੁੱਟ ਦਿੱਤਾ ਅਤੇ ਗੱਡੀ ਦਾ ਅਪਹਰਨ ਕਰਕੇ ਲੈ ਗਏ। ਇਹ ਤਿੰਨੋਂ ਅਧਿਕਾਰੀ ਰਾਤ 12.04 ਤੋਂ 12.49 ਵਜੇ ਤੱਕ ਉ¤ਥੇ ਸੜਕ ’ਤੇ ਹੀ ਪਏ ਰਹੇ !! ਕੀ ਉਹ ਮਰ ਚੁੱਕੇ ਸਨ? ਸ਼ਾਇਦ ਨਹੀਂ। ਸਾਲਸਕਰ ਉਸ ਵੇਲੇ ਵੀ ਜ਼ਿੰਦਾ ਸੀ, ਜਦ ਉਸਨੂੰ ਹਸਪਤਾਲ ਲਿਜਾਇਆ ਗਿਆ ਹਾਲਾਂਕਿ ਉ¤ਥੇ ਉਸਦੀ ਮੌਤ ਹੋ ਗਈ। ਕਾਮਟੇ ਦੀ ਮੌਤ ਖੋਪੜੀ ਨੂੰ ਲੱਗੀ ਇਕ ਸੱਟ ਕਾਰਨ ਹੋਈ। ਜੇਕਰ ਉਸਨੂੰ 40 ਮਿਨਟਾਂ ਤੱਕ ਸੜਕ ’ਤੇ ਖੂਨ ਵਗਦਿਆਂ ਨਾ ਛੱਡਿਆ ਜਾਂਦਾ, ਤਾਂ ਉਹ ਵੀ ਅੱਜ ਜ਼ਿੰਦਾ ਹੋ ਸਕਦਾ ਸੀ।

ਇਸਲਈ ਸਵਾਲ ਪੈਦਾ ਹੁੰਦਾ ਹੈ ਕਿ ਮੁੰਬਈ ਪੁਲਿਸ ਨੇ ਆਪਣੇ ਤਿੰਨ ਬੇਹਤਰੀਨ ਅਧਿਕਾਰੀਆਂ ਨੂੰ ਇਕ ਅਜਿਹੀ ਸੜਕ ’ਤੇ ਖੂਨ ਵਗ ਕੇ ਮਰਨ ਕਿਉਂ ਦਿੱਤਾ, ਜਿਹੜੀ ਪੁਲਿਸ ਹੈਡਕੁਆਰਟਰ ਤੋਂ ਸਿਰਫ਼ ਦੋ ਮਿਨਟ ਦੀ ਦੂਰੀ ’ਤੇ ਸੀ? ਕੰਟਰੋਲ ਰੂਮ ਵਾਲੇ ਪੁਲਿਸਕਰਮੀ ਜਾਣਦੇ ਸਨ ਕਿ ਇਹ ਅਧਿਕਾਰੀ ਉ¤ਥੇ ਪਏ ਹੋਏ ਹਨ।

ਰੰਗ ਭਵਨ ਲੇਨ ਦੇ ਵਸਨੀਕ ਪੁਲਿਸ ਕੰਟਰੋਲ ਰੂਮ ਨੂੰ ਫੋਨ ਕਰਦੇ ਰਹੇ। ਬਹੁਤ ਸਾਰੇ ਲੋਕਾਂ ਨੇ ਬਾਰ-ਬਾਰ ਫੋਨ ਕੀਤੇ ਅਤੇ ਅੱਤਵਾਦੀਆਂ ਤੇ ਪੁਲਿਸ ਅਧਿਕਾਰੀਆਂ ਵਿਚਕਾਰ ਚੱਲ ਰਹੀ ਫਾਇਰਿੰਗ ਬਾਰੇ ਜਾਣਕਾਰੀ ਦਿੱਤੀ। ਪਰ (ਕੰਟਰੋਲ ਰੂਮ ਵਿੱਚ) ਕਿਸੇ ਨੇ ਕੋਈ ਪ੍ਰਤੀਕ੍ਰਿਆ ਜ਼ਾਹਿਰ ਨਹੀਂ ਕੀਤੀ।

ਕਰਕਰੇ ਦੀ ਟੀਮ ਦੇ ਗੋਲੀਬਾਰੀ ਵਿੱਚ ਜ਼ਖ਼ਮੀ ਹੋਣ ਦੇ ਤੁਰੰਤ ਬਾਅਦ 12.04 ’ਤੇ ਇਕ ਪੁਲਿਸਕਰਮੀ ਨੇ ਮੁੱਖ ਕੰਟਰੋਲ ਰੂਮ ਨੂੰ ਫਾਇਰਿੰਗ ਦੀ ਜਾਣਕਾਰੀ ਦਿੱਤੀ। 12.25 ’ਤੇ ਅਰੁਣ ਜਾਧਵ (ਕਰਕਰੇ ਦੀ ਟੀਮ ਦਾ ਇਕ ਪੁਲਿਸਕਰਮੀ) ਜੋ ਹਮਲੇ ਵਿੱਚ ਬਚ ਗਿਆ ਸੀ, ਨੇ ਕੰਟਰੋਲ ਰੂਮ ਨਾਲ ਸੰਪਰਕ ਕੀਤਾ ਅਤੇ ਘਟਨਾ ਬਾਰੇ ਜਾਣਕਾਰੀ ਦਿੱਤੀ - ਕੁਝ ਨਹੀਂ ਹੋਇਆ।

ਅਫ਼ਸਰਾਂ ’ਤੇ ਗੋਲੀਬਾਰੀ ਹੋਣ ਦੇ ਤੁਰੰਤ ਬਾਅਦ, ਉਥੋਂ ਹੀ ਇਕ ਪੁਲਿਸ ਦਾ ਵਾਹਨ ਤੇਜ਼ੀ ਨਾਲ ਹੋ ਕੇ ਗੁਜ਼ਰ ਗਿਆ - ਚਮਸ਼ਦੀਦ ਗਵਾਹ ਸਪਸ਼ਟ ਹਨ ਕਿ ਉਹ ਪੁਲਿਸ ਦੀ ਹੀ ਗੱਡੀ ਸੀ। ਪਰ ਇਹ ਗੱਡੀ ਨਾ ਤਾਂ ਫੱਟੜ ਅਧਿਕਾਰੀਆਂ ਕੋਲ ਰੁਕੀ ਅਤੇ ਨਾ ਹੀ ਇਸਨੇ ਕੰਟਰੋਲ ਰੂਮ ਨੂੰ ਕੋਈ ਜਾਣਕਾਰੀ ਦਿੱਤੀ। 12.33 ’ਤੇ ਇਕ ਹੋਰ ਪੁਲਿਸ ਵਾਹਨ ਉਥੋਂ ਗੁਜ਼ਰਿਆ। ਇਸਨੇ ਕੰਟਰੋਲ ਰੂਮ ਨੂੰ ਜਾਣਕਾਰੀ ਦਿੱਤੀ, ‘‘ਸੈਂਟ ਜ਼ੇਵੀਅਰ ਲੇਨ ਵਿੱਚ ਤਿੰਨ ਵਿਅਕਤੀ ਪਏ ਹੋਏ ਹਨ। ਸਾਨੂੰ ਸਟ੍ਰੈਚਰਾਂ ਦੀ ਲੋੜ ਹੈ।’’ ਪਰ ਇਹ ਵਾਹਨ ਉਥੇ ਰੁਕਿਆ ਨਹੀਂ। ਅਤੇ 16 ਮਿਨਟਾਂ ਤੱਕ ਕੋਈ ਸਹਾਇਤਾ ਉਥੇ ਨਹੀਂ ਪੁੱਜੀ।

ਕੰਟਰੋਲ ਰੂਮ ਨੇ ਅੱਤਵਾਦੀਆਂ ਨੂੰ ਉਥੋਂ ਨਿਕਲ ਜਾਣ ਦਿੱਤਾ ਅਤੇ ਤਿੰਨ ਬਹਾਦਰ ਅਧਿਕਾਰੀਆਂ ਨੂੰ ਖੂਨ ਵਗਣ ਨਾਲ ਗਲੀ ਵਿੱਚ ਕੁੱਤਿਆਂ ਦੀ ਤਰ੍ਹਾਂ ਮਰ ਜਾਣ ਦਿੱਤਾ।

ਫਿਰ, ਸਿਆਸੀ ਗਲਿਆਰਿਆਂ ਅਤੇ ਪੁਲਿਸ ਫੋਰਸ ਵਿੱਚ ਝੂਠਾਂ ਦਾ ਬੋਲਬਾਲਾ ਹੈ। 26/11 ਦੀ ਉਥਲ-ਪੁਥਲ ਬਾਰੇ ਇਕ ਸੰਸਕਰਨ ਇਹ ਹੈ ਕਿ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ, ਜਿਹੜੇ ਕੰਟਰੋਲ ਰੂਮ ਨੂੰ ਨਿਯੰਤਰਿਤ ਕਰ ਰਹੇ ਸਨ, ਪੁਲਿਸ ਵਿਭਾਗ ਦੀ ਅੰਦਰੂਨੀ ਸਿਆਸਤ ਕਾਰਨ ਕਰਕਰੇ ਦੀ ਮਦਦ ਕਰਨ ਤੋਂ ਇਨਕਾਰੀ ਹੋ ਰਹੇ ਸਨ। ਨਿਸ਼ਚਿਤ ਤੌਰ ’ਤੇ, ਜਿਸ ਢੰਗ ਨਾਲ ਪੁਲਿਸ ਨੇ ਇਹ ਤੱਥ ਛੁਪਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਕਾਮਟੇ ਸੀ, ਜਿਸਨੇ ਕਸਾਬ ਨੂੰ ਫੱਟੜ ਕੀਤਾ ਸੀ (ਅਤੇ ਇਸ ਤਰ੍ਹਾਂ ਬਾਅਦ ਵਿੱਚ ਅਸਾਨੀ ਨਾਲ ਫੜੇ ਜਾਣ ਜੋਗਾ ਬਣਾ ਦਿੱਤਾ ਸੀ), ਵਾਕਈ ਘ੍ਰਿਣਾਯੋਗ ਹੈ।

ਜਦ ਵਿਨੀਤਾ ਕਾਮਟੇ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਸਦੇ ਪਤੀ ਦੀ ਮੌਤ ਕਿਵੇਂ ਹੋਈ ਸੀ, ਤਾਂ ਮੁੰਬਈ ਪੁਲਿਸ ਨੇ ਉਸਨੂੰ ਸੱਚ ਬਾਰੇ ਜਾਣਨ ਤੋਂ ਰੋਕਣ ਲਈ ਹਰ ਮੁਮਕਿਨ ਕੋਸ਼ਿਸ਼ ਕੀਤੀ। ਅਖੀਰਕਾਰ, ਸੂਬੇ ਦੇ ਮੁੱਖ ਸੂਚਨਾ ਕਮਿਸ਼ਨਰ ਨੇ ਸੂਚਨਾ-ਅਧਿਕਾਰ ਐਕਟ ਪੁਲਿਸ ਨੂੰ ਕੰਟਰੋਲ ਰੂਮ ਵਿੱਚ ਆਈਆਂ ਕਾਲਾਂ ਦੇ ਵੇਰਵੇ ਅਤੇ ਇਨ੍ਹਾਂ ਦੀਆਂ ਆਡੀਓ ਰਿਕਾਰਡਾਂ ਤੋਂ ਪਰ੍ਹੇ ਹੋਣ ਲਈ ਮਜਬੂਰ ਕੀਤਾ।

ਇਸ ਗੱਲ ਦਾ ਸ਼੍ਰੇਅ ਇਸ ਬਹਾਦਰ ਔਰਤ ਅਤੇ ਸੂਚਨਾ-ਅਧਿਕਾਰ ਐਕਟ ਨੂੰ ਜਾਂਦਾ ਹੈ, ਜਿਸਨੇ ਨਾਗਰਿਕ ਅਤੇ ਸਰਕਾਰ ਵਿਚਲੇ ਸਮੀਕਰਨ ਨੂੰ ਬਦਲ ਕੇ ਰੱਖ ਦਿੱਤਾ ਹੈ। ਪਰ ਇਸ ਸਭ ਜਾਣਕਾਰੀ ਨਾਲ ਵੀ ਮੁੰਬਈ ਪੁਲਿਸ ਦੀ ਨੀਤੀਆਂ ਬਾਰੇ ਬੜੀ ਘੱਟ ਜਾਣਕਾਰੀ ਮਿਲਦੀ ਹੈ। ਜਿਹੜੇ ਅਧਿਕਾਰੀਆਂ ਨੇ ਵਿਨੀਤਾ ਦੇ ਪਤੀ ਨੂੰ ਮੌਤ ਦੀ ਗੋਦ ਵਿੱਚ ਭੇਜ ਦਿੱਤਾ, ਉਹ ਅੱਜ ਵੀ ਤਾਕਤ ਵਾਲੇ ਅਹੁਦਿਆਂ ’ਤੇ ਬਿਰਾਜਮਾਨ ਹਨ।

ਅਗਲੀ ਵਾਰ ਵੀ ਜਦ ਅੱਤਵਾਦੀ ਹਮਲਾ ਕਰਨਗੇ ਤਾਂ ਪੁਲਿਸ ਫੋਰਸ ਇਕ ਵਾਰ ਫਿਰ ਫੇਲ੍ਹ ਹੋ ਜਾਏਗੀ। ਬਹਾਦਰ ਆਦਮੀ ਆਪਣੀਆਂ ਜਾਨਾਂ ਗੁਆ ਬੈਠਣਗੇ। ਅਤੇ ਮੁੰਬਈ ਨੂੰ ਪੁਲਿਸ ਫੋਰਸ ਦੀ ਅੰਦਰੂਨੀ ਸਿਆਸਤ ਦਾ ਖਾਮਿਆਜ਼ਾ ਭੁਗਤਣਾ ਪਏਗਾ।

- - - - -

(ਧੰਨਵਾਦ ਸਹਿਤ : 15 ਦਸੰਬਰ 09 ਦੇ ਰੋਜ਼ਾਨਾ ‘ਹਿੰਦੁਸਤਾਨ ਟਾਈਮਜ਼’ ਵਿੱਚੋਂ)

(ਸੰਪਾਦਕੀ ਟਿੱਪਣੀ : ਵਿਨੀਤਾ ਕਾਮਟੇ ਦੀ ਕਿਤਾਬ ‘ਟੂ ਦਾ ਲਾਸਟ ਬੁਲੇਟ’ ਵਿੱਚ ਪੇਸ਼ ਕੀਤੇ ਗਏ ਤੱਥਾਂ ਤੋਂ ਸਾਬਿਤ ਹੋ ਜਾਂਦਾ ਹੈ ਕਿ ਮੁੰਬਈ ਪੁਲਿਸ ਨੇ ਕਰਕਰੇ, ਕਾਮਟੇ ਅਤੇ ਸਾਲਸਕਰ ਨੂੰ ਜਾਣਬੁੱਝ ਕੇ ਮੌਤ ਦੇ ਮੂੰਹ ਵਿੱਚ ਧਕੇਲ ਦਿੱਤਾ। ਪਰ ਉਕਤ ਲੇਖ ਲਿਖਣ ਪੁਲਿਸ ਦੀ ਇਸ ‘ਸਿਆਸਤ’ ਦੇ ਪਹਿਲੂਆਂ ਬਾਰੇ ਪਾਠਕਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ। ਸੱਚਾਈ ਇਹ ਹੈ ਕਿ ਉਕਤ ਅਧਿਕਾਰੀਆਂ ਦੀ ਟੀਮ ਨੇ ਮਾਲੇਗਾਂਵ ਬੰਬ ਧਮਾਕੇ ਦੇ ਦੋਸ਼ੀ ਹਿੰਦੂ ਅੱਤਵਾਦੀਆਂ ਦਾ ਪਰਦਾਫਾਸ਼ ਕੀਤਾ ਸੀ ਅਤੇ ਇਨ੍ਹਾਂ ਆਰੋਪੀਆਂ ਤੋਂ ਮਿਲ ਰਹੀ ਜਾਣਕਾਰੀ ਦੇ ਅਧਾਰ ’ਤੇ ਨੇੜਲੇ ਭਵਿੱਖ ਵਿੱਚ ਉਨ੍ਹਾਂ ਨੇ ਹਿੰਦੂ ਅੱਤਵਾਦ ਚਲਾਉਣ ਵਾਲੇ ਵੱਡੇ ਸੰਗਠਨਾਂ ਅਤੇ ਆਗੂਆਂ ’ਤੇ ਹੱਥ ਪਾਉਣਾ ਸੀ। ਇਸਲਈ ਸ਼ਿਵ ਸੈਨਾ, ਬਜਰੰਗ ਦਲ ਤੇ ਹੋਰ ਫਿਰਕੂ ਹਿੰਦੂ ਸੰਗਠਨਾਂ ਵੱਲੋਂ ਮੁੰਬਈ ਹਮਲਾ ਵਾਪਰਨ ਤੋਂ ਕਾਫੀ ਦਿਨ ਪਹਿਲਾਂ ਤੋਂ ਕਰਕਰੇ ਤੇ ਉਸਦੇ ਸਾਥੀਆਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾਏ ਜਾਣ ਦੀ ਮੰਗ ਕੀਤੀ ਜਾ ਰਹੀ ਸੀ। ਇਸਦੇ ਇਲਾਵਾ, ਇਨ੍ਹਾਂ ਅਧਿਕਾਰੀਆਂ ਦੇ ਘਰਾਂ ’ਤੇ ਧਮਕੀ ਭਰੇ ਫੋਨ ਵੀ ਕੀਤੇ ਜਾਂਦੇ ਸਨ, ਜੋ ਯਕੀਨਨ ਹਿੰਦੂਤਵੀ ਸੰਗਠਨਾਂ ਦੇ ਅੱਤਵਾਦੀਆਂ ਵੱਲੋਂ ਹੀ ਕੀਤੇ ਜਾਂਦੇ ਸਨ। ਪੁਲਿਸ ਅਧਿਕਾਰੀਆਂ ਦੀ ਅੰਦਰੂਨੀ ਸਿਆਸਤ ਇਹੀ ਸੀ ਕਿ (ਹਿੰਦੂਤਵੀ ਸੰਗਠਨਾਂ ਦੇ ਆਗੂਆਂ ਦੇ ਨਿਰਦੇਸ਼ ਮੁਤਾਬਿਕ) ਕਰਕਰੇ ਤੇ ਉਸਦੇ ਸਾਥੀਆਂ ਨੂੰ ਜਾਨੋਂ ਮਰ ਲੈਣ ਦਿੱਤਾ ਜਾਏ। ਇਸ ਤਰ੍ਹਾਂ, ਇਨ੍ਹਾਂ ਪੁਲਿਸ ਅਧਿਕਾਰੀਆਂ ਨੂੰ ‘ਸ਼ਹੀਦ’ ਦਾ ਖਿਤਾਬ ਦੇ ਕੇ ਹਿੰਦੂਤਵੀ ਸੰਗਠਨਾਂ ਨੇ ਆਮ ਲੋਕਾਂ ਦੇ ਮਨਾਂ ਵਿੱਚ ਕੋਈ ਸ਼ੱਕ ਵੀ ਪੈਦਾ ਨਹੀਂ ਹੋਣ ਦਿੱਤਾ ਅਤੇ ਭਵਿੱਖ ਵਿੱਚ ਖ਼ੁਦ ਲਈ ਖ਼ਤਰਾ ਸਾਬਿਤ ਹੋ ਸਕਦੇ ਅਧਿਕਾਰੀਆਂ ਦਾ ਖ਼ਾਤਮਾ ਵੀ ਕਰਵਾ ਦਿੱਤਾ। ਯਾਨੀ, ਸੱਪ ਵੀ ਮਰ ਗਿਆ ਤੇ ਸੋਟੀ ਵੀ ਨਹੀਂ ਟੁੱਟੀ। ਪਰ ਹੁਣ ਜਦ ਵਿਨੀਤਾ ਕਾਮਟੇ ਦੀ ਕਿਤਾਬ ਨਾਲ ਇਨ੍ਹਾਂ ਤੱਥਾਂ ਦਾ ਪਰਦਾਫਾਸ਼ ਹੋ ਗਿਆ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਇਸ ਮਾਮਲੇ ਵੱਲ ਧਿਆਨ ਦੇਵੇ ਅਤੇ ਮਾਮਲੇ ਦੀ ਉ¤ਚ-ਪੱਧਰੀ ਜਾਂਚ ਕਰਵਾ ਕੇ ਦੋਸ਼ੀ ਪੁਲਿਸਕਰਮੀਆਂ ਨੂੰ ਸਖ਼ਤ ਸਜ਼ਾਵਾਂ ਦੇਵੇ। ਇਸਦੇ ਇਲਾਵਾ, ਹਿੰਦੂ ਅੱਤਵਾਦੀਆਂ ਖਿਲਾਫ਼ ਪਹਿਲਾਂ ਹੀ ਇਕੱਤਰ ਸਬੂਤਾਂ ਅਤੇ ਗਵਾਹਾਂ ਦੇ ਅਧਾਰ ’ਤੇ ਘੱਟ-ਗਿਣਤੀ ਕੌਮਾਂ ਖਿਲਾਫ਼ ਹਿੰਸਕ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਇਨ੍ਹਾਂ ਬੇਰਹਿਮ ਫਿਰਕਾਪ੍ਰਸਤਾਂ ਨੂੰ ਜਲਦ ਤੋਂ ਜਲਦ ਨੱਥ ਪਾਉਣੀ ਚਾਹੀਦੀ ਹੈ, ਤਾਂ ਜੋ ਇਹ ਨਿਰਦੋਸ਼ ਲੋਕਾਂ ਦਾ ਹੋਰ ਵਧੇਰੇ ਜਾਨੀ-ਮਾਲੀ ਨੁਕਸਾਨ ਨਾ ਕਰ ਸਕਣ।