

‘ਸਹਿਜਧਾਰੀਆਂ’ ਦੇ ਨਾਮ ਤੇ ਸਿੱਖੀ ਦੀ ਪਛਾਣ ਨੂੰ ਖਤਮ ਨਾ ਕਰੋ
- ਹਰਲਾਜ ਸਿੰਘ ਬਹਾਦਰਪੁਰ
-
ਫੋਨ : 94170-23911
ਸਿੱਖ ਸੰਸਥਾਵਾਂ ਵਿੱਚ ਦਾਖਲਾ ਲੈਣ ਲਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਵਾਉਣ ਲਈ, ਸਹਿਜਧਾਰੀਆਂ ਦੇ ਨਾਮ ਤੇ ਉਹ ਲੋਕ ਅੱਗੇ ਆ ਰਹੇ ਹਨ, ਜਿੰਨ੍ਹਾਂ ਦਾ ਸਿੱਖੀ ਨਾਲ ਦੂਰ ਦਾ ਵੀ ਵਾਸਤਾ ਨਹੀਂ। ਜਨਮ ਸਮੇਂ ਮਨੁੱਖ ਦਾ ਕੋਈ ਵੀ ਦੁਨਿਆਵੀ ਧਰਮ ਨਹੀਂ ਹੁੰਦਾ, ਇਹ ਤਾਂ ਬਾਅਦ ਵਿੱਚ ਗ੍ਰਹਿਣ ਕੀਤਾ ਜਾਂਦਾ ਹੈ। ਕੋਈ ਮਨੁੱਖ ਕਿਸੇ ਵੀ ਦੁਨਿਆਵੀ ਧਰਮ ਨੂੰ ਅਪਣਾ ਸਕਦਾ ਹੈ। ਇਸ ਲਈ ਇੱਥੇ ਗੁਰੂ ਨਾਨਕ ਜੀ ਦੀ ਮਿਸਾਲ ਹੀ ਕਾਫੀ ਹੋਵੇਗੀ ਕਿ ਗੁਰੂ ਨਾਨਕ ਜੀ ਦਾ ਜਨਮ ਹਿੰਦੂ ਘਰਾਣੇ ਵਿੱਚ ਹੋਇਆ ਪਰ ਉਹਨਾਂ ਨੇ ਹਿੰਦੂ ਰੀਤੀ-ਰਿਵਾਜਾਂ ਨੂੰ ਛੱਡ ਕੇ ਸਿੱਖ ਧਰਮ ਦੀ ਨੀਂਹ ਰੱਖੀ। ਜੋ ਆਪਣੇ ਆਪ ਨੂੰ ਸਹਿਜਧਾਰੀ ਕਹਾ ਰਹੇ ਹਨ, ਇਹ ਤਾਂ ਅਜੇ ਕੁੱਝ ਵੀ ਨਹੀਂ ਹਨ। ਕਿਉਂਕਿ ਜੋ ਸਿੱਖ ਹੈ, ਉਹੀ ਸਿੱਖ ਹੈ। ਜੋ ਸਿੱਖ ਨਹੀਂ ਉਹ ਕੁੱਝ ਹੋਰ ਹੋਵੇਗਾ।
ਸਿੱਖ ਕੌਣ ਹੈ? ਸਿੱਖ ਉਹ ਵਿਅਕਤੀ ਹੈ, ਜੋ ਗੁਰੂ ਨਾਨਕ ਸਾਹਿਬ (ਅਤੇ ਉਨ੍ਹਾਂ ਦੀ ਜੋਤ ਦੇ ਵੱਖ-ਵੱਖ ਸਰੂਪਾਂ ਵਾਲੇ ਗੁਰੂ ਸਾਹਿਬਾਨ ਦੇ) ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਉਪਦੇਸ਼ਾਂ (ਪਵਿੱਤਰ ਗੁਰਬਾਣੀ) ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ। ਇੱਕ ਨਿਰਾਕਾਰ ਰੱਬ ਤੋਂ ਬਗੈਰ ਹੋਰ ਕਿਸੇ ਦੇਵੀ-ਦੇਵਤੇ, ਮੜ੍ਹੀ-ਮਸਾਣੀ, ਪੀਰ-ਫਕੀਰ ਨੂੰ ਨਹੀਂ ਮੰਨਦਾ ਅਤੇ ਸਿੱਖੀ ਵਿੱਚ ਪ੍ਰਵੇਸ਼ ਕਰਨ ਦੀ ਰੀਤ ਅਨੁਸਾਰ ‘ਖੰਡੇ ਦੀ ਪਾਹੁਲ’ ਲੈ ਕੇ ਕੁਰਹਿਤਾਂ ਤੋਂ ਬਚਿਆ ਹੋਇਆ ਗੁਰਮਤਿ ਦੀਆਂ ਰਹਿਤਾਂ ਦਾ ਧਾਰਨੀ ਹੈ। ਬੇਸ਼ੱਕ ਗੁਰਮਤਿ ਵਿੱਚ ਨਿਰੇ ਭੇਖ ਲਈ ਵੀ ਕੋਈ ਥਾਂ ਨਹੀਂ, ਪਰ ਦੁਨਿਆਵੀ ਤੌਰ ਤੇ ਇੱਕ ਕੌਮ ਵੱਜੋਂ ਬਾਹਰੀ ਪਛਾਣ ਵੀ ਹੋਣੀ ਜਰੂਰੀ ਹੈ। ਜਿਵੇਂ ਕਿ ਆਪਣੀ ਪਛਾਣ ਲਈ ਹਰ ਇੱਕ ਸਕੂਲ ਦੀ ਆਪਣੀ ਵੱਖਰੀ ਵਰਦੀ ਹੁੰਦੀ ਹੈ।
ਜੇ ਕੋਈ ਆਪਣੇ ਆਪ ਨੂੰ ਦੁਨਿਆਵੀ ਧਾਰਮਕ ਰੀਤਾਂ ਤੋਂ ਉੱਚਾ ਉਠਿਆ ਅਤੇ ਅਧਿਆਤਮਕਵਾਦੀ ਸਮਝਦਾ ਹੈ ਤਾਂ ਉਸਨੂੰ ਦੁਨਿਆਵੀ ਧਾਰਮਕ ਸੰਸਥਾਵਾਂ ਵਿੱਚ ਦਾਖਲੇ ਅਤੇ ਵੋਟ ਪਰਚੀਆਂ ਬਣਾਉਣ ਲਈ ਵੀ ਨਹੀਂ ਲੜਣਾ ਚਾਹੀਦਾ। ਪਰ ਅੱਜ ਉਹ ਲੋਕ ਜਿੰਨ੍ਹਾਂ ਦਾ ਕੋਈ ਅਸੂਲ ਜਾਂ ਰਹਿਤ ਹੀ ਨਹੀਂ ਹੈ, ਆਪਣੇ ਸੁਆਰਥ ਲਈ ਸਹਿਜਧਾਰੀਆਂ ਦੇ ਨਾਮ ਤੇ ਸਿੱਖੀ ਵਿੱਚ ਘੁਸਪੈਠ ਕਰਕੇ ਸਿੱਖੀ ਦੀ ਪਛਾਣ ਨੂੰ ਖਤਮ ਕਰਨ ਲਈ ਉਤਾਬਲੇ ਹੋਏ ਪਏ ਹਨ। ਕੌਣ ਹਨ ਇਹ ਸਹਿਜਧਾਰੀ? ਇਹ ਨਾ ਹਿੰਦੂ ਹਨ, ਨਾ ਮੁਸਲਮਾਨ ਤੇ ਨਾ ਸਿੱਖ। ਭਾਵ ਕਿ ਇਹ ਲੋਕ ਦੁਨਿਆਵੀ ਤੌਰ ਤੇ ਕਿਸੇ ਵੀ ਫਿਰਕੇ ਦੀਆਂ ਧਾਰਮਕ ਰੀਤਾਂ ਨੂੰ ਮੰਨਣ ਲਈ ਤਿਆਰ ਨਹੀਂ ਹਨ। ਪਰ ਆਪਣੇ ਆਪ ਨੂੰ ਧਰਮੀ ਅਖਵਾਕੇ ਧਾਰਮਕ ਸੰਸਥਾਵਾਂ ਦਾ ਲਾਭ ਵੀ ਲੈਣਾ ਚਾਹੁੰਦੇ ਹਨ।
ਸਹਿਜਧਾਰੀਆਂ ਨੂੰ ਵੋਟਾਂ ਦਾ ਅਧਿਕਾਰ ਨਾ ਦੇਣ ਅਤੇ ਇੱਕ ਲੜਕੀ ਨੂੰ ਗੁਰੂ ਰਾਮਦਾਸ ਮੈਡੀਕਲ ਕਾਲਜ ਵਿੱਚ ਦਾਖਲਾ ਨਾ ਦੇਣ ਸਬੰਧੀ ਉੱਠੇ ਮਸਲੇ ਤੇ ਸਹਿਜਧਾਰੀ ਸਿੱਖ ਫੈਡਰੇਸ਼ਨ ਦੇ ਮੁਖੀ ਡਾ: ਪਰਮਜੀਤ ਸਿੰਘ ਰਾਣੂ ਵੱਲੋਂ 5 ਦਸਬੰਰ ਦੇ ਰੋਜ਼ਾਨਾ ਸਪੋਕਸਮੈਨ ਵਿੱਚ ਦਿੱਤੇ ਬਿਆਨ ਵਿੱਚ ਉਹ ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਲਿਖੇ ਗਏ ਮਹਾਨ ਕੋਸ਼ ਦੇ ਪੰਨਾ ਨੰ: 137 ਦੀ ਉਦਹਾਰਨ ਦਿੰਦੇ ਹਨ ਕਿ ਨਾਭਾ ਜੀ ਨੇ ਸਹਿਜਧਾਰੀ ਵਾਰੇ ਇਸ ਤਰ੍ਹਾਂ ਲਿਖਿਆ ਹੈ, ‘‘ਸਹਿਜਧਾਰੀ ਵਿ-ਸਹਜ (ਗਯਾਨ) ਧਾਰਨ ਵਾਲਾ, ਵਿਚਾਰਵਾਨ, ਸੁਖਾਲੀ ਧਾਰਨਾ ਵਾਲਾ, ਸੌਖੀ ਰੀਤਿ ਅੰਗੀਕਾਰ ਕਰਨ ਵਾਲਾ, ਸਿੱਖਾਂ ਦਾ ਇੱਕ ਅੰਗ ਜੋ ਖੰਡੇ ਵਾਟੇ ਦਾ ਅੰਮ੍ਰਿਤਪਾਨ ਨਹੀਂ ਕਰਦਾ ਅਤੇ ਕੱਛ ਕਿਰਪਾਨ ਦੀ ਰਹਿਤ ਨਹੀਂ ਰੱਖਦਾ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਆਪਣਾ ਹੋਰ ਧਰਮ ਪੁਸਤਕ ਨਹੀਂ ਮੰਨਦਾ, ਪੰਜਾਬ ਅਤੇ ਸਿੰਧ ਵਿੱਚ ਸਹਿਜਧਾਰੀ ਬਹੁਤ ਗਿਣਤੀ ਦੇ ਹਨ, ਖਾਸ ਕਰਕੇ ਸਿੰਧ ਦੇ ਸਹਿਜਧਾਰੀ ਵੱਡੇ ਪ੍ਰੇਮੀ ਤੇ ਸ਼ਰਧਾਵਾਨ ਹਨ। ਜੋ ਸਿੰਘ ਸਹਿਜਧਾਰੀਆਂ ਨੂੰ ਨਫਰਤ ਦੀ ਨਿਗਾਹ ਨਾਲ ਵੇਖਦੇ ਹਨ, ਉਹ ਸਿੱਖ ਧਰਮ ਤੋਂ ਅਣਜਾਣ ਹਨ।’’
ਡਾ: ਰਾਣੂ ਨੇ ਉਪਰੋਕਤ ਹਵਾਲਾ ਦਿੰਦਿਆਂ ਨਾਲ ਇਹ ਵੀ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬਾਣੀ ਦੇ ਸਹੀ ਅਰਥਾਂ ਨੂੰ ਸਾਹਮਣੇ ਰੱਖ ਕੇ ਕੋਈ ਫੈਸਲਾ ਲੈਣਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਪਤਿਤ ਸਿਰਫ ਅੰਮ੍ਰਿਤਧਾਰੀ ਸਿੱਖ ਹੁੰਦਾ ਹੈ, ਜਿਸਨੇ ਅੰਮ੍ਰਿਤਪਾਨ ਨਹੀਂ ਕੀਤਾ, ਉਸਨੂੰ ਪਤਿਤ ਨਹੀਂ ਕਿਹਾ ਜਾ ਸਕਦਾ ਤੇ ਨਾਲ ਇਹ ਵੀ ਕਿਹਾ ਕਿ ਸਹਿਜਧਾਰੀ ਸਿੱਖੀ ਦੀ ਪਨੀਰੀ ਹਨ। ਪਰ ਡਾ: ਰਾਣੂ ਜੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸੇ ਮਹਾਨ ਕੋਸ਼ ਦੇ ਇਸੇ ਪੰਨੇ ਤੇ ਕਈ ਥਾਂ ਹੋਰ ਅਤੇ ਇਸੇ ਪਹਿਰੇ ਵਿੱਚ ਵੀ ਸਹਿਜ ਦਾ ਅਰਥ ਗਿਆਨ ਦਿੱਤਾ ਹੋਇਆ ਹੈ, ਸਹਿਜਧਾਰੀ ਨੂੰ ਗਿਆਨ ਧਾਰਨ ਵਾਲਾ (ਵਿਚਾਰਵਾਨ) ਵੀ ਲਿਖਿਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 638 ਤੇ ਦਰਜ ਹੈ ਕਿ ‘‘ਗੁਰ ਬਿਨੁ ਸਹਜੁ ਨ ਉਪਜੈ ਭਾਈ ਪੂਛਹੁ ਗਿਆਨੀਆ ਜਾਇ।’’ ਇਸ ਪੰਗਤੀ ਦੇ ਅਰਥ ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਤਰ੍ਹਾਂ ਕੀਤੇ ਹਨ ਕਿ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਮਨੁੱਖ ਦੇ ਅੰਦਰ ਸਹਜ-ਆਤਮਕ ਅਡੋਲਤਾ ਪੈਦਾ ਨਹੀਂ ਹੋ ਸਕਦੀ।
ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 68 ਤੇ ਸਹਿਜ ਬਾਰੇ ਪੂਰਾ ਸ਼ਬਦ ਇਸ ਤਰ੍ਹਾਂ ਦਰਜ ਹੈ:
ਸਿਰੀਰਾਗੁ ਮਹਲਾ 3।।
ਸਹਜੈ ਨੋ ਸਭ ਲੋਚਦੀ ਬਿਨੁ ਗੁਰ ਪਾਇਆ ਨ ਜਾਇ।।
ਪੜਿ ਪੜਿ ਪੰਡਿਤ ਜੋਤਕੀ ਥਕੇ, ਭੇਖੀ ਭਰਮਿ ਭੁਲਾਇ।।
ਗੁਰ ਭੇਟੇ ਸਹਜੁ ਪਾਇਆ ਆਪਣੀ ਕਿਰਪਾ ਕਰੇ ਰਜਾਇ।।1।।
ਭਾਈ ਰੇ, ਗੁਰ ਬਿਨੁ ਸਹਜੁ ਨ ਹੋਇ।।
ਸਬਦੈ ਹੀ ਤੇ ਸਹਜੁ ਊਪਜੈ ਹਰਿ ਪਾਇਆ ਸਚੁ ਸੋਇ।।1।। ਰਹਾਉ।।
ਸਹਜੇ ਗਾਵਿਆ ਥਾਇ ਪਵੈ ਬਿਨੁ ਸਹਜੈ ਕਥਨੀ ਬਾਦਿ।।
ਸਹਜੇ ਹੀ ਭਗਤਿ ਸਹਜਿ ਪਿਆਰਿ ਬੈਰਾਗਿ।।
ਸਹਜੈ ਹੀ ਤੇ ਸੁਖ ਸਾਤਿ ਹੋਇ, ਬਿਨੁ ਸਹਜੈ ਜੀਵਣੁ ਬਾਦਿ।।2।।
ਸਹਜਿ ਸਾਲਾਹੀ ਸਦਾ ਸਦਾ ਸਹਜਿ ਸਮਾਧਿ ਲਗਾਇ।।
ਸਹਜੇ ਹੀ ਗੁਣ ਉਚਰੈ ਭਗਤਿ ਕਰੇ ਲਿਵ ਲਾਇ।।
ਸਬਦੇ ਹੀ ਹਰਿ ਮਨਿ ਵਸੈ ਰਸਨਾ ਹਰਿ ਰਸੁ ਖਾਇ।।3।।
ਸਹਜੇ ਕਾਲੁ ਵਿਡਾਰਿਆ ਸਚ ਸਰਣਾਈ ਪਾਇ।।
ਸਹਜੇ ਹਰਿ ਨਾਮੁ ਮਨਿ ਵਸਿਆ ਸਚੀ ਕਾਰ ਕਮਾਇ।।
ਸੋ ਵਡਭਾਗੀ ਜਿਨੀ ਪਾਇਆ ਸਹਜੇ ਰਹੇ ਸਮਾਇ।।4।।
ਮਾਇਆ ਵਿਚਿ ਸਹਜ ਨ ਉਪਜੈ ਮਾਇਆ ਦੂਜੈ ਭਾਇ।।
ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ।।
ਜੰਮਣੁ ਮਰਣੁ ਨ ਚੂਕਈ ਫਿਰਿ ਫਿਰਿ ਆਵੈ ਜਾਇ।।5।।
ਤ੍ਰਿਹੁ ਗੁਣਾ ਵਿਚਿ ਸਹਜੁ ਨ ਪਾਈਐ ਤ੍ਰੈ ਗੁਣ ਭਰਮਿ ਭੁਲਾਇ।।
ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ ਜਾਇ।।
ਚਉਥੇ ਪਦ ਮਹਿ ਸਹਜੁ ਹੈ ਗੁਰਮੁਖਿ ਪਲੈ ਪਾਇ।।6।।
ਨਿਰਗੁਣ ਨਾਮੁ ਨਿਧਾਨੁ ਹੈ ਸਹਜੇ ਸੋਝੀ ਹੋਇ।।
ਗੁਣਵੰਤੀ ਸਾਲਾਹਿਆ ਸਚੇ ਸਚੀ ਸੋਇ।।
ਭੁਲਿਆ ਸਹਜਿ ਮਿਲਾਇਸੀ ਸਬਦਿ ਮਿਲਾਵਾ ਹੋਇ।।7।।
ਬਿਨੁ ਸਹਜੈ ਸਭੁ ਅੰਧੁ ਹੈ ਮਾਇਆ ਮੋਹੁ ਗੁਬਾਰੁ।।
ਸਹਜੇ ਹੀ ਸੋਝੀ ਪਈ ਸਚੈ ਸਬਦਿ ਅਪਾਰਿ।।
ਆਪੇ ਬਖਸਿ ਮਿਲਾਇਅਨੁ ਪੂਰੇ ਗੁਰ ਕਰਤਾਰਿ।।8।।
ਸਹਜੇ ਅਦਿਸਟੁ ਪਛਾਣੀਐ ਨਿਰਭਉ ਜੋਤਿ ਨਿਰੰਕਾਰੁ।।
ਸਭਨਾ ਜੀਆਂ ਕਾ ਇਕੁ ਦਾਤਾ ਜੋਤੀ ਜੋਤਿ ਮਿਲਾਵਣਹਾਰੁ।।
ਪੂਰੈ ਸਬਦਿ ਸਲਾਹੀਐ ਜਿਸ ਦਾ ਅੰਤੁ ਨ ਪਾਰਾਵਾਰੁ।।9।।
ਗਿਆਨੀਆ ਕਾ ਧਨੁ ਨਾਮੁ ਹੈ ਸਹਜਿ ਕਰਹਿ ਵਾਪਾਰੁ।।
ਅਨਦਿਨੁ ਲਾਹਾ ਹਰਿ ਨਾਮੁ ਲੈਨਿ, ਅਖੁਟ ਭਰੇ ਭੰਡਾਰ।।
ਨਾਨਕ ਤੋਟਿ ਨ ਆਵਈ ਦੀਏ ਦੇਵਣਹਾਰਿ।।10।।
ਗੁਰਬਾਣੀ ਅਨੁਸਾਰ ਤਾਂ ਸਹਿਜ ਅਵਸਥਾ ਬਹੁਤ ਉਚੀ ਅਵਸਥਾ ਹੈ ਜੋ ਗੁਰੂ ਦੀ ਸ਼ਰਨ ਪਿਆਂ, ਗੁਰਮਤਿ ਅਨੁਸਾਰ ਚੱਲਦਿਆਂ ਹੀ ਪ੍ਰਾਪਤ ਹੋ ਸਕਦੀ ਹੈ। ਪਰ ਡਾ: ਰਾਣੂ ਵਰਗੇ ਗੁਰਮਤਿ ਦੇ ਧਾਰਨੀ ਹੋਏ ਵਗੈਰ ਹੀ ਸਹਿਜਧਾਰੀਆਂ ਦੇ ਆਗੂ ਬਣੇ ਬੈਠੇ ਹਨ। ਜੇ ਹੁਣ ਡਾ: ਰਾਣੂ ਅਨੁਸਾਰ ਦਿੱਤੀ ਦਲੀਲ ਦੀ ਗੱਲ ਕਰੀਏ ਕਿ ਸੌਖੀ ਰੀਤ ਅੰਗੀਕਾਰ ਕਰਨ ਵਾਲਾ ਸਹਿਜਧਾਰੀ ਹੁੰਦਾ ਹੈ ਤਾਂ ਇਸ ਸੌਖ ਦੀ ਕੋਈ ਹੱਦ ਵੀ ਹੋ ਸਕਦੀ ਹੈ? ਕੀ ਖੰਡੇ ਦੀ ਪਾਹੁਲ ਲੈਣਾ ਔਖੀ ਰੀਤ ਹੈ? ਜੋ ਵਿਅਕਤੀ ਕਛਹਿਰਾ ਵੀ ਨਹੀਂ ਪਹਿਨ ਸਕਦਾ ਅਤੇ ਗਾਤਰੇ ਕ੍ਰਿਪਾਨ ਵੀ ਨਹੀਂ ਪਾ ਸਕਦਾ, ਜੇ ਉਹ ਆਪਣੇ ਆਪ ਨੂੰ ਸਿੱਖ ਨਾ ਕਹਾਵੇ ਤਾਂ ਉਸਦਾ ਕੀ ਥੁੜਿਆ ਪਿਆ ਹੈ? ਅਜਿਹੇ ਨਾਮ ਧਰੀਕ ਸਹਿਜਧਾਰੀਆਂ ਜੋ ਕਛਹਿਰਾ ਪਹਿਨਣ ਨੂੰ ਹੀ ਔਖੀ ਰੀਤ ਸਮਝਦੇ ਹਨ ਤੋਂ ਗੁਰਸਿੱਖ ਬਣਨ ਦੀ ਕੀ ਆਸ ਰੱਖੀ ਜਾ ਸਕਦੀ ਹੈ। ਖੰਡੇ ਦੀ ਪਾਹੁਲ ਨੂੰ ਛੱਡੋ ਪਰ ਕੀ ਸਾਡੇ ਗੁਰੂ ਕੇਸਧਾਰੀ ਨਹੀਂ ਸਨ? ਕੀ ਸਾਡੇ ਗੁਰੂ ਕੱਛ ਨਹੀਂ ਸਨ ਪਹਿਨਦੇ। ਜਦੋਂ ਸਾਡੇ ਗੁਰੂ ਕੇਸ ਰੱਖਦੇ ਹਨ ਅਤੇ ਕੱਛ ਪਹਿਨਦੇ ਹਨ ਤਾਂ ਫਿਰ ਉਹਨਾਂ ਦੇ ਸਿੱਖ ਕਹਾਉਣ ਵਾਲਿਆਂ ਨੂੰ ਕੇਸ ਰੱਖਣ ਜਾਂ ਕੱਛ ਪਹਿਨਣ ਵਿੱਚ ਕੀ ਔਖਾਈ ਹੈ? ਗੁਰ ਫਰਮਾਨ ਹੈ ਕਿ :
ਗੁਰ ਸਿਖ ਮੀਤ ਚਲਹੁ ਗੁਰ ਚਾਲੀ ।।।
ਜੋ ਗੁਰ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ।।
(ਪੰਨਾ ਨੰ: 667)
ਗੁਰਸਿੱਖਾਂ ਨੂੰ ਤਾਂ ਗੁਰੂ ਹੁਕਮ ਕਿ ਗੁਰਸਿੱਖ ਮਿੱਤਰੋ ਗੁਰੂ ਦੇ ਦੱਸੇ ਰਸਤੇ, ਗੁਰੂ ਦੀ ਚਾਲ ਚੱਲੋ ਇੱਥੇ ਔਖੀ ਸੌਖੀ ਰੀਤ ਦੀ ਕੋਈ ਗੱਲ ਨਹੀਂ। ਜੇ ਔਖੀ-ਸੌਖੀ ਰੀਤ ਧਾਰਨ ਕਰਨ ਦਾ ਫੈਸਲਾ ਅਸੀਂ ਆਪ ਕਰਨਾ ਹੈ, ਫਿਰ ਤਾਂ ਇਹ ਸਵਾਲ ਗੁਰੂ ਤੇ ਹੀ ਉਠੇਗਾ ਕਿ ਉਸ ਵੱਲੋਂ ਦੱਸਿਆ ਰਸਤਾ ਔਖਾ ਹੈ। ਫਿਰ ਤਾਂ ਅਸੀਂ ਗੁਰੂ ਨਾਲੋਂ ਸਿਆਣੇ ਹੋ ਗਏ। ਜਿੰਨ੍ਹਾਂ ਨੇ ਔਖੀ ਰੀਤ ਨੂੰ ਛੱਡ ਕੇ ਸੌਖੀ ਰੀਤ ਧਾਰਨ ਕਰ ਲਈ ਹੈ। ਰਹੀ ਗੱਲ ਸਹਿਜਧਾਰੀਆਂ ਨੂੰ ਨਫ਼ਰਤ ਦੀ ਨਿਗ੍ਹਾ ਨਾਲ ਵੇਖਣ ਦੀ। ਗੁਰਮਤਿ ਅਨੁਸਾਰ ਸਿੱਖ ਨੇ ਤਾਂ ਨਫ਼ਰਤ ਕਿਸੇ ਵੀ ਪ੍ਰਾਣੀ ਮਾਤਰ ਨਾਲ ਨਹੀਂ ਕਰਨੀ। ਸਿੱਖ ਤਾਂ ਹੋਰ ਮੱਤਾਂ ਦੇ ਧਾਰਨੀਆਂ ਨਾਲ ਵੀ ਨਫ਼ਰਤ ਨਹੀਂ ਕਰਦਾ, ਇੱਥੇ ਸਹਿਜਧਾਰੀਆਂ ਨਾਲ ਨਫ਼ਰਤ ਦੀ ਗੱਲ ਕਰਨੀ ਢੁੱਕਵੀਂ ਹੀ ਨਹੀਂ ਹੈ। ਕਿਉਂਕਿ ਸਿੱਖ ਤਾਂ ਸਿਰਫ ਬੁਰਾਈਆਂ ਤੋਂ ਹੀ ਨਫ਼ਰਤ ਕਰਦਾ ਹੈ, ਕਿਸੇ ਕੌਮ ਜਾਂ ਫਿਰਕੇ ਤੋਂ ਨਹੀਂ। ਜੇ ਇਹਨਾਂ ਨਾਮ ਧਰੀਕ ਸਹਿਜਧਾਰੀਆਂ ਨੂੰ ਵੋਟਾਂ ਅਤੇ ਸਿੱਖ ਸੰਸਥਾਵਾਂ ਵਿੱਚ ਦਾਖਲ ਹੋਣ ਦਾ ਹੱਕ ਨਾ ਦੇਣਾ ਹੀ ਨਫ਼ਰਤ ਦੀ ਨਿਗ੍ਹਾ ਹੈ। ਫਿਰ ਤਾਂ ਹਿੰਦੂ ਮੁਸਲਿਮ ਆਦਿ ਨੂੰ ਵੀ ਇਹ ਹੱਕ ਦੇ ਦੇਣਾ ਚਾਹੀਦਾ ਹੈ। ਕਿਉਂਕਿ ਸਿੱਖ ਨੂੰ ਤਾਂ ਇਹਨਾਂ ਨਾਲ ਵੀ ਕੋਈ ਨਫ਼ਰਤ ਨਹੀਂ ਹੈ। ਹਿੰਦੂ ਤੇ ਮੁਸਲਮਾਨਾਂ ਵਿੱਚ ਅਜਿਹੇ ਸ਼ਰਧਾਲੂ ਵੀ ਸਨ, ਜਿੰਨ੍ਹਾਂ ਨੇ ਗੁਰੂ ਸਾਹਿਬਾਨ ਵਾਸਤੇ ਸ਼ਹੀਦੀਆਂ ਵੀ ਦਿੱਤੀਆਂ ਹਨ। ਪਰ ਇਸਦਾ ਅਰਥ ਇਹ ਵੀ ਨਹੀਂ ਹੋ ਸਕਦਾ ਕਿ ਜਿਸ ਨੂੰ ਸਿੱਖ ਨਫ਼ਰਤ ਨਹੀਂ ਕਰਦੇ, ਉਹ ਸਿੱਖਾਂ ਦੀਆਂ ਸੰਸਥਾਵਾਂ ਤੇ ਕਾਬਜ ਹੋ ਜਾਣ। ਜਾਂ ਕੀ ਅਜਿਹੇ ਲੋਕਾਂ ਨੂੰ ਸਿੱਖ ਧਰਮ ਦੀਆਂ ਸੰਸਥਾਵਾਂ ਵਿੱਚ ਘੁਸਪੈਠ ਕਰਨ ਤੋਂ ਰੋਕਣਾ ਹੀ ਇਹਨਾਂ ਨਾਲ ਨਫ਼ਰਤ ਕਰਨਾ ਹੈ?
ਡਾ: ਰਾਣੂ ਜੀ ਤਾਂ ਖੁਦ ਕਹਿ ਰਹੇ ਹਨ ਕਿ ਅੰਮ੍ਰਿਤਧਾਰੀ ਸਿੱਖ ਹੀ ਕਿਸੇ ਕੁਰਹਿਤ ਕਾਰਨ ਪਤਿਤ ਹੁੰਦਾ ਹੈ। ਜਿਸਨੇ ਅੰਮ੍ਰਿਤ ਨਹੀਂ ਛਕਿਆ ਉਹ ਪਤਿਤ ਨਹੀਂ ਹੋ ਸਕਦਾ। ਫਿਰ ਕੋਈ ਖੰਡੇ ਦੀ ਪਹੁਲ ਕਿਉਂ ਲਵੇਗਾ? ਕਿਉਂਕਿ ਉਹ ਜੇ ਕੋਈ ਕੁਰਹਿਤ ਕਰੇਗਾ ਤਾਂ ਉਹ ਪਤਿਤ (ਦੋਸ਼ੀ) ਹੋ ਜਾਵੇਗਾ। ਨਾਮਧਾਰੀਕ ਸਹਿਜਧਾਰੀਆਂ ਨੂੰ ਇਹ ਖੁੱਲ੍ਹ ਹੈ ਉਹ ਦਾੜ੍ਹੀ ਕੇਸ ਕਟਾਉਣ, ਪਰਭੱਟੇ ਕਟਵਾਉਣ, ਤੰਬਾਕੂ ਪੀਣ - ਭਾਵ ਕੋਈ ਮਰਜੀ ਗਲਤੀ ਕਰਨ, ਉਹ ਤਾਂ ਵੀ ਪਤਿਤ ਨਹੀਂ ਹੋਣਗੇ। ਵਾਹ ਕੈਸੀ ਦਲੀਲ ਹੈ!!
ਅੱਗੇ ਡਾ: ਰਾਣੂ ਜੀ ਕਹਿ ਰਹੇ ਹਨ ਕਿ ਸਹਿਜਧਾਰੀ ਸਿੱਖੀ ਦੀ ਪਨੀਰੀ ਹਨ। ਕੀ ਪਨੀਰੀ ਸਾਰੀ ਉਮਰੀ ਪਨੀਰੀ ਹੀ ਰਹਿੰਦੀ ਹੈ? ਪਨੀਰੀ ਤਾਂ ਕੁੱਝ ਸਮੇਂ ਲਈ ਹੁੰਦੀ ਹੈ। ਕੁੱਝ ਸਮੇਂ ਬਾਅਦ ਪਨੀਰੀ ਨੂੰ ਪੁੱਟ ਕੇ ਲਗਾਇਆ ਜਾਂਦਾ ਹੈ, ਫਿਰ ਹੀ ਕੋਈ ਫਸਲ ਤਿਆਰ ਹੁੰਦੀ ਹੈ। ਪਰ ਜੇ ਪਨੀਰੀ ਡਾ: ਰਾਣੂ ਜੀ ਵਾਂਗ ਅੜ ਜਾਵੇ ਤੇ ਕਹੇ ਕਿ ਮੈਂ ਪਨੀਰੀ ਹਾਂ, ਮੇਰੇ ਤੋਂ ਹੀ ਫਸਲ ਤਿਆਰ ਹੁੰਦੀ ਹੈ। ਮੈਨੂੰ ਕੋਈ ਨਾ ਪੁੱਟੋ, ਮੇਰੀ ਪਨੀਰੀ ਦੇ ਨਾਮ ਤੇ ਵੱਖਰੀ ਹੋਂਦ ਹੈ। ਮੈਂ ਤਾਂ ਸਾਰੀ ਉਮਰ ਪਨੀਰੀ ਹੀ ਰਹਿਣਾ ਹੈ ਤਾਂ ਅਜਿਹੀ ਪਨੀਰੀ ਤੋਂ ਨਾ ਤਾਂ ਫਸਲ ਪੈਦਾ ਹੋ ਸਕਦੀ ਹੈ ਤੇ ਨਾ ਹੀ ਅਜਿਹੀ ਪਨੀਰੀ ਦੀ ਕਿਸੇ ਕੌਮ ਨੂੰ ਲੋੜ ਹੈ। ਜੇ ਇਸ ਪਨੀਰੀ ਨੇ ਪਨੀਰੀ ਹੀ ਰਹਿਣਾ ਹੈ ਤਾਂ ਅਜਿਹੀ ਪਨੀਰੀ (ਸਹਿਜਧਾਰੀਆਂ) ਨੂੰ ਚਾਹੀਦਾ ਹੈ ਕਿ ਉਹ ਕਿਸੇ ਫ਼ਸਲ (ਸੰਪੂਰਨ ਸਿੱਖ ਕੌਮ ਦੀਆਂ ਸੰਸਥਾਵਾਂ) ਵਿੱਚ ਜਾ ਕੇ ਟੰਗਾਂ ਨਾ ਅੜਾਵੇ ।
ਸਕੂਲੀ ਵਿੱਦਿਆ ਦੀ ਦਸਵੀਂ ਜਾਂ ਇਸ ਤੋਂ ਉਚੀਆਂ ਜਮਾਤਾਂ ਪਾਸ ਕਰਨ ਲਈ ਪਹਿਲੀ ਜਮਾਤ ਦਾ ੳ, ਅ ਪੜਨ੍ਹਾ ਲਾਜਮੀ ਹੈ ਪਰ ਜੇ ਪਹਿਲੀ ਜਮਾਤ ਦੇ ਵਿਦਿਆਰਥੀ ਇਹ ਧਾਰ ਲੈਣ ਕਿ ਅਸੀਂ ਪਹਿਲੀ ਜਮਾਤ ਤੋਂ ਅੱਗੇ ਨਹੀਂ ਜਾਣਾ, ਪਹਿਲੀ ਜਮਾਤ ਹੀ ਵੱਡੀਆਂ ਜਮਾਤਾਂ ਦੀ ਪਨੀਰੀ ਹੈ ਅਤੇ ਨਾਲ ਇਹ ਵੀ ਮੰਗ ਕਰਨ ਕਿ ਸਾਨੂੰ ਵੱਡੀਆਂ ਜਮਾਤਾਂ ਦੇ ਬਾਲਗ ਵਿਦਿਆਰਥੀਆਂ ਦੀ ਤਰ੍ਹਾਂ ਵੋਟਾਂ ਦਾ ਅਧਿਕਾਰ ਦਿਓ ਜਾਂ ਸਾਨੂੰ ਸਿੱਧਾ ਕਾਲਜਾਂ ਵਿੱਚ ਦਾਖਲਾ ਦਿਓ - ਕੀ ਅਜਿਹੀ ਪਹਿਲੀ ਜਮਾਤ ਨੂੰ ਕੋਈ ਸੰਸਥਾ ਆਪਣੇ ਸਕੂਲ ਵਿੱਚ ਰੱਖੇਗੀ? ਜਾਂ ਅਜਿਹੀ ਪਹਿਲੀ ਜਮਾਤ ਤੋਂ ਵੱਡੀਆਂ ਜਮਾਤਾਂ ਪਾਸ ਕਰਨ ਦੀ ਆਸ ਰੱਖੀ ਜਾ ਸਕਦੀ ਹੈ, ਜੋ ਸਾਰੀ ਉਮਰ ਹੀ ਪਹਿਲੀ ਜਮਾਤ ਵਿੱਚ ਰਹਿਣਾ ਚਾਹੁੰਦੀ ਹੋਵੇ?
ਮੈਂ ਤਾਂ ਆਪਣੇ ਆਪ ਨੂੰ ਸਹਿਜਧਾਰੀ ਸਿੱਖ ਕਹਾਉਣ ਵਾਲੇ ਵੀਰਾਂ, ਭੈਣਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਸਹਿਜਧਾਰੀ ਤਾਂ ਦੁਨਿਆਵੀ ਗੱਲਾਂ ਤੋਂ ਅੱਗੇ ਲੰਘੇ ਹੋਏ, ਚੌਥੇ ਪਦ ਵਿੱਚ ਪਹੁੰਚੇ ਹੋਏ ਗੁਰਮਖ ਜਨ ਹੁੰਦੇ ਹਨ। ਤੁਸੀਂ ਸਹਿਜਧਾਰੀ ਸਿੱਖ ਤਾਂ ਕੀ ਤੁਸੀਂ ਤਾਂ ਅਜੇ ਕੁੱਝ ਵੀ ਨਹੀਂ ਹੋ। ਤੁਸੀਂ ਆਪਣੀਆਂ ਮਨ ਮਰਜੀਆਂ ਕਰੋ, ਦਾੜ੍ਹੀ ਕੇਸ ਕੱਟੋ, ਪਰਭੱਟੇ ਕਟਾਓ ਤੁਹਾਡੇ ਤੇ ਕੋਈ ਬੰਦਿਸ਼ ਨਹੀਂ। ਪਰ ਆਪਣੇ ਨਾਮ ਨਾਲ ਸਹਿਜਧਾਰੀ ਸਿੱਖ ਲਾ ਕੇ ਸਿੱਖ ਦੀ ਪਛਾਣ ਨੂੰ ਖਤਮ ਨਾ ਕਰੋ। ਜੇ ਤੁਸੀਂ ਸਹਿਜਧਾਰੀ ਦੇ ਅਰਥ ਇਹ ਕਰਦੇ ਹੋ ਕਿ ਹੌਲੀ-ਹੌਲੀ ਸਿੱਖੀ ਨੂੰ ਗ੍ਰਹਿਣ ਕਰਨ ਵਾਲਾ ਸਹਿਜਧਾਰੀ ਹੁੰਦਾ ਹੈ ਤਾਂ ਇਹ ਵੀ ਗਲਤ ਹੈ। ਕਿਉਂਕਿ ਜਿਵੇਂ ਕ੍ਰਿਪਾਨਧਾਰੀ ਜਾਂ ਬੰਦੂਕਧਾਰੀ ਓਹੀ ਹੁੰਦਾ ਹੈ, ਜਿਸਨੇ ਇਹ ਵਸਤਾਂ ਪ੍ਰਾਪਤ ਕਰਕੇ ਧਾਰਨ ਕਰ ਲਈਆਂ ਹੋਣ। ਜੇ ਕੋਈ ਵਿਅਕਤੀ ਬੰਦੂਕ ਜਾਂ ਕ੍ਰਿਪਾਨ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਸਨੂੰ ਬੰਦੂਕਧਾਰੀ ਜਾਂ ਕ੍ਰਿਪਾਨਧਾਰੀ ਨਹੀਂ ਕਿਹਾ ਜਾ ਸਕਦਾ।
ਜੇ ਤੁਹਾਡੀ ਗੱਲ ਮੰਨ ਵੀ ਲਈਏ ਕਿ ਤੁਸੀਂ ਸਹਿਜੇ-ਸਹਿਜੇ (ਹੌਲੀ-ਹੌਲੀ) ਸਿੱਖੀ ਵੱਲ ਵਧ ਰਹੇ ਹੋ ਤਾਂ ਤੁਹਾਡੇ ਇਸ ਸਹਿਜ ਦੀ ਹੱਦ ਕੀ ਹੈ? ਕੀ ਸਾਰੀ ਉਮਰ ਸਹਿਜੇ-ਸਹਿਜੇ (ਹੌਲੀ-ਹੌਲੀ) ਤੋਂ ਅੱਗੇ ਨਾ ਟੱਪਣ ਵਾਲਾ ਹੀ ਸਹਿਜਧਾਰੀ ਹੁੰਦਾ ਹੈ?