Subscription About Us Contact Us


ਆਰ.ਐਸ.ਐਸ. ਦੇ ਇਸ਼ਾਰਿਆਂ ’ਤੇ ਸ਼੍ਰੋਮਣੀ ਕਮੇਟੀ ਆਗੂਆਂ ਨੇ ਸਿੱਖ ਪੰਥ ਦੀ ਪਿੱਠ ਵਿੱਚ ਇਕ ਹੋਰ ਛੁਰਾ ਮਾਰਿਆ

- ਜੋਗਿੰਦਰ ਸਿੰਘ -

ਇੰਡੀਆ ਅਵੇਅਰਨੈੱਸ ਵੱਲੋਂ ਪਾਠਕਾਂ ਨੂੰ ਸਮੇਂ-ਸਮੇਂ ’ਤੇ ਅਗਾਹ ਕੀਤਾ ਜਾਂਦਾ ਰਿਹਾ ਹੈ ਕਿ ਸਿੱਖ ਕੌਮ ਦੇ ਸਾਰੇ ਅਹਿਮ ਸੰਗਠਨਾਂ ਅਤੇ ਇਥੋਂ ਤੱਕ ਕਿ ‘ਤਖ਼ਤ ਸਾਹਿਬਾਨ’ ਦੇ ਪ੍ਰਬੰਧ ਅਤੇ ਕਾਰਜ-ਪ੍ਰਣਾਲੀ ਵਿੱਚ ਵੀ ਸੰਘ ਪਰਵਾਰ ਦਾ ਬੋਲਬਾਲਾ ਹੋ ਚੁੱਕਾ ਹੈ। ਖ਼ਾਸਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਮੁਲਾਜ਼ਮ ਤਾਂ ਸਿੱਧੇ ਤੌਰ ’ਤੇ ਆਰ.ਐਸ.ਐਸ. ਦੀਆਂ ਨੀਤੀਆਂ/ਨਿਰਦੇਸ਼ਾਂ ’ਤੇ ਅਮਲ ਕਰਦੇ ਰਹੇ ਹਨ। ਉਨ੍ਹਾਂ ਲਈ ਅਜਿਹਾ ਕਰਨਾ ਜ਼ਰੂਰੀ ਵੀ ਹੈ ਕਿਉਂਕਿ ਕਮੇਟੀ ’ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੈਂਬਰਾਂ ਦੇ ਬਹੁਮਤ ਵਾਲੇ ਧੜੇ ਦਾ ਕਬਜ਼ਾ ਹੈ ਅਤੇ ਬੀਜੇਪੀ ਨੂੰ ਬਿਨ੍ਹਾਂਸ਼ਰਤ ਦਿੱਤੇ ਗਏ ਸਮਰਥਨ ਕਾਰਨ ਇਹ ਧੜਾ ਪੂਰੀ ਤਰ੍ਹਾਂ ਬ੍ਰਾਹਮਣਵਾਦੀ ਨੀਤੀਆਂ ’ਤੇ ਅਮਲ ਕਰਦਾ ਹੈ।

ਕੁਝ ਅਜਿਹੀ ਹੀ ਨੀਤੀ ਦੇ ਤਹਿਤ, ਸ਼੍ਰੋਮਣੀ ਕਮੇਟੀ ਨੇ ਸਿੱਖਾਂ ਲਈ ਹੁਣ ਨਵੀਂ ਮੁਸੀਬਤ ਖੜੀ ਕਰ ਦਿੱਤੀ ਹੈ। ਕਮੇਟੀ ਦੇ ਪ੍ਰਤੀਨਿਧੀ ਵਕੀਲ ਸ੍ਰੀ ਐਚ.ਐਸ. ਮੱਤੇਵਾਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੱਲ ਰਹੇ ਇਕ ਮੁਕੱਦਮੇ ਦੀ ਪੈਰਵੀ ਦੌਰਾਨ 10 ਦਸੰਬਰ 2008 ਨੂੰ ਇਕ ਹਲਫਨਾਮਾ ਦੇ ਕੇ ਕੋਰਟ ਨੂੰ ਜਾਣਕਾਰੀ ਦਿੱਤੀ ਹੈ ਕਿ ਜੇਕਰ ਕੋਈ ਸਹਿਜਧਾਰੀ ਇਕ ਵਾਰ ਕੇਸਾਧਾਰੀ ਸਿੱਖ ਬਣ ਜਾਏ ਤਾਂ ਫਿਰ ਉਹ ਆਪਣੇ ਕੇਸ ਕਤਲ ਨਹੀਂ ਕਰ ਸਕਦਾ। ਇਸ ਹਲਫਨਾਮੇ ਦਾ ਭਾਵ ਹੈ ਕਿ ਹਿੰਦੂ ਜਾਂ ਕਿਸੇ ਹੋਰ ਧਰਮ ਦਾ ਵਿਅਕਤੀ, ਜੇਕਰ ‘ਸਹਿਜਧਾਰੀ ਸਿੱਖ’ ਹੋਣ ਦਾ ਦਾਅਵਾ ਕਰੇ ਤਾਂ ਉਹ ਮੰਨਿਆ ਜਾ ਸਕਦਾ ਹੈ ਕਿਉਂਕਿ ਬਾਕੀ ਧਰਮਾਂ ਦੇ ਲੋਕ ਆਪਣੇ ਕੇਸ ਕਤਲ ਕਰਵਾਉਂਦੇ ਹੀ ਰਹਿੰਦੇ ਹਨ ਪਰ ਜੇਕਰ ਕੋਈ ਸਿੱਖ ਪਰਵਾਰ ਦਾ ਕੋਈ ਮੈਂਬਰ ਕੇਸਾਂ ਦੀ ਬੇਅਦਬੀ ਕਰਦਾ ਹੈ, ਤਾਂ ਉਸਨੂੰ ‘ਪਤਿਤ’ ਹੋਣ ਕਾਰਨ ਸਿੱਖ ਨਹੀਂ ਮੰਨਿਆ ਜਾ ਸਕਦਾ।

ਅਸਲ ਵਿੱਚ ਮਸਲਾ ਏਨਾ ਕੁ ਸੀ ਕਿ ਪੰਜਾਬ ਦੀ ਹੀ ਵਸਨੀਕ ਇਕ ਸਿੱਖ ਵਿਦਆਰਥਣ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਇਕ ਵਿਦਿਅਕ ਅਦਾਰੇ ਵਿੱਚ ਸਿੱਖਾਂ ਲਈ ਰਾਖਵੀਆਂ ਸੀਟਾਂ ਦੇ ਕੋਟੇ ਅਧੀਨ ਦਾਖ਼ਲੇ ਲਈ ਅਰਜ਼ੀ ਦਿੱਤੀ ਸੀ। ਪਰ ਇੰਟਰਵਿਊ ਵੇਲੇ ਕਾਲਜ ਦੇ ਪ੍ਰਬੰਧਕਾਂ ਨੇ ਉਸ ਵਿਦਿਆਰਥਣ ਨੂੰ ਦੱਸਿਆ ਕਿ ਕਿਉਂਕਿ ਉਸਨੇ ਆਪਣੇ ਭਰਵੱਟਿਆਂ ਦੇ ਕੇਸਾਂ ਦੀ ਬੇਅਦਬੀ ਕੀਤੀ ਹੋਈ ਹੈ, ਇਸਲਈ ਉਸਨੂੰ ਕਾਲਜ ਵਿੱਚ ਦਾਖ਼ਲਾ ਨਹੀਂ ਦਿੱਤਾ ਜਾਏਗਾ। ਕਾਲਜ ਦੇ ਪ੍ਰਬੰਧਕਾਂ ਦੇ ਇਸ ਵਤੀਰੇ ਤੋਂ ਅਸੰਤੁਸ਼ਟ ਉਸ ਵਿਦਿਆਰਥਣ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸ਼੍ਰੋਮਣੀ ਕਮੇਟੀ ਖਿਲਾਫ਼ ਮੁਕੱਦਮਾ ਦਾਇਰ ਕਰਕੇ ਮੰਗ ਕੀਤੀ ਕਿ ਇਕ ਸਿੱਖ ਪਰਵਾਰ ਵਿੱਚ ਜਨਮੀ ਹੋਣ ਕਾਰਨ ਉਹ ਵੀ ਇਕ ਸਿੱਖ ਹੈ ਅਤੇ ਕਮੇਟੀ ਦੇ ਪ੍ਰਬੰਧਕਾਂ ਨੂੰ ਉਸਨੂੰ ਕਾਲਜ ਵਿੱਚ ਦਾਖ਼ਲਾ ਦੇਣਾ ਹੀ ਚਾਹੀਦਾ ਹੈ। ਇਸ ਮੰਗ ’ਤੇ ਬਹਿਸ ਦੌਰਾਨ ਹਾਈ ਕੋਰਟ ਦੇ ਜੱਜਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਤੀਨਿਧੀ ਨੂੰ ਪੁੱਛਿਆ ਕਿ ‘‘ਅਜਿਹਾ ਵਿਅਕਤੀ ਜਿਹੜਾ ਆਪਣੇ ਕੇਸਾਂ ਦੀ ਬੇਅਦਬੀ ਕਰਦਾ ਹੋਵੇ ਜਾਂ ਆਪਣੀ ਦਾੜ੍ਹੀ ਦੀ ਸ਼ੇਵ ਕਰਦਾ ਹੋਵੇ, ਕੀ ਉਸਨੂੰ ਇਕ ਸਹਿਜਧਾਰੀ ਸਿੱਖ ਮੰਨਿਆ ਜਾ ਸਕਦਾ ਹੈ।’’

ਇਸ ਨੁਕਤੇ ’ਤੇ ਵਿਚਾਰ ਕਰਨ ਲਈ ਸ਼੍ਰੋਮਣੀ ਕਮੇਟੀ ਦੇ 7 ਮਾਹਿਰਾਂ ’ਤੇ ਅਧਾਰਿਤ ਇਕ ਮਾਹਿਰ ਪੈਨਲ ਬਣਾਇਆ ਗਿਆ, ਜਿਸਨੇ ਕਮੇਟੀ ਨੂੰ ਰਿਪੋਰਟ ਦਿੱਤੀ ਕਿ ਆਪਣੇ ਕੇਸ ਕਤਲ ਕਰਨ ਜਾਂ ਕਿਸੇ ਹੋਰ ਰੂਪ ਵਿੱਚ ਕੇਸਾਂ ਦੀ ਬੇਅਦਬੀ ਕਰਨ ਵਾਲਾ ਵਿਅਕਤੀ ਸਹਿਜਧਾਰੀ ਸਿੱਖ ਨਹੀਂ ਅਖਵਾ ਸਕਦਾ। ਪਰ ਸ਼੍ਰੋਮਣੀ ਕਮੇਟੀ ਦੇ ਪ੍ਰਤੀਨਿਧੀ ਤੇ ਪੰਜਾਬ ਸਰਕਾਰ ਦੇ ਸਰਕਾਰੀ ਵਕੀਲ ਸ੍ਰੀ ਐਚ.ਐਸ. ਮੱਤੇਵਾਲ ਨੇ ਉਕਤ ਰਿਪੋਰਟ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ ਕਰਕੇ ਅਦਾਲਤ ਨੂੰ ਹਲਫਨਾਮਾ ਦੇ ਕੇ ਕਹਿ ਦਿੱਤਾ ਕਿ ਕੇਸਾਂ ਦੀ ਬੇਅਦਬੀ ਕਰਨ ਵਾਲਾ ਵਿਅਕਤੀ ਸਹਿਜਧਾਰੀ ਸਿੱਖ ਹੋ ਸਕਦਾ ਹੈ।

ਸ਼੍ਰੋਮਣੀ ਕਮੇਟੀ ਦੀ ਇਸ ਗਲਤ ਹਰਕਤ ਨਾਲ ਸਿੱਖਾਂ ਨੂੰ ਬੇਹੱਦ ਵੱਡਾ ਨੁਕਸਾਨ ਹੋਵੇਗਾ। ਇਕ ਤਾਂ ਹੁਣ ਸਿੱਖੀ-ਵਿਰੋਧੀ ਵਿਚਾਰਧਾਰਾ ਨਾਲ ਸਬੰਧਿਤ ਸਮੂਹਾਂ ਜਿਵੇਂ ਰਾਧਾਂ ਸੁਆਮੀ, ਨਿਰੰਕਾਰੀ, ਸਰਸੇ ਵਾਲੇ, ਭਨਿਆਰੇ ਵਾਲੇ ਆਦਿਕ ਦੇ ਚੇਲੇ ਵੀ ਖ਼ੁਦ ਦੇ ‘ਸਹਿਜਧਾਰੀ ਸਿੱਖ’ ਹੋਣ ਦਾ ਦਾਅਵਾ ਕਰਕੇ ਗੁਰਦੁਆਰਾ ਕਮੇਟੀਆ ਦੀਆਂ ਚੋਣਾਂ ਵਿੱਚ ਹਿੱਸਾ ਲੈ ਸਕਣਗੇ ਅਤੇ ਗੁਰਦੁਆਰਿਆਂ ’ਤੇ ਸਿੱਖੀ ਵਿਰੋਧੀ ਅਨਸਰਾਂ ਨੂੰ ਕਾਬਿਜ਼ ਕਰਵਾਉਣ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾ ਸਕਣਗੇ। ਦੂਜਾ, ਸਿੱਖਾਂ ਦੇ ਵਿਦਿਅਕ ਅਦਾਰਿਆਂ ਵਿੱਚ ਦਾਖ਼ਲਿਆਂ ਵੇਲੇ ਆਪਣੇ ਕੇਸਾਂ/ਦਾੜ੍ਹੀ/ਭਰਵੱਟਿਆਂ ਦੀ ਬੇਅਦਬੀ ਕਰਨ ਵਾਲੇ ਸਿੱਖ ਪਰਵਾਰ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਤਾਂ ‘ਪਤਿਤ’ ਦਾ ਦਰਜਾ ਦੇ ਕੇ ਦਾਖ਼ਲੇ ਤੋਂ ਰੋਕ ਦਿੱਤਾ ਜਾਏਗਾ ਪਰ ਗੈਰ-ਸਿੱਖ ਪਰਵਾਰਾਂ ਦੇ ਵਿਦਿਆਰਥੀ ਖ਼ੁਦ ਦੇ ਸਹਿਜਧਾਰੀ ਸਿੱਖ ਹੋਣ ਦਾ ਦਾਅਵਾ ਕਰਕੇ ਇਸੇ ਕੋਟੇ ਅਧੀਨ ਦਾਖ਼ਲੇ ਪ੍ਰਾਪਤ ਕਰ ਸਕਣਗੇ।

ਸਭ ਤੋਂ ਵੱਡੀ ਗੱਲ, ਭਾਰਤ ਵਿੱਚ ਹੁਣ ਕਾਨੂੰਨੀ ਰੂਪ ਵਿੱਚ ਇਹ ਤੱਥ ਮਨਜ਼ੂਰ ਹੋ ਜਾਏਗਾ ਕਿ ਸਿੱਖ ਦੋ ਕਿਸਮ ਦੇ ਹੁੰਦੇ ਹਨ - ਸਹਿਜਧਾਰੀ ਤੇ ਕੇਸਾਧਾਰੀ। ਇਹ ਗੱਲ ਪੂਰੀ ਤਰ੍ਹਾਂ ਸਿੱਖੀ ਸਿਧਾਂਤਾਂ ਦੇ ਉਲਟ ਅਤੇ ਸਿੱਖੀ ਦਾ ਖ਼ਾਤਮਾ ਕਰਨ ਵਾਲੀ ਹੋਵੇਗੀ। ਗੁਰਬਾਣੀ ਦੇ ਸਿਧਾਂਤਾਂ ਦੀ ਪਾਲਨਾ ਕਰਨ ਵਾਲਾ ਵਿਅਕਤੀ ‘ਸਿੱਖ’ ਹੁੰਦਾ ਹੈ ਅਤੇ ਸਿੱਖੀ ਸਿਧਾਂਤਾਂ ਦੀ ਉਲੰਘਣਾ ਕਰਨ ਵਾਲਾ ‘ਮਨਮੁਖ’। ਇਸਦੇ ਇਲਾਵਾ, ਜਦ ਹੋਰਨਾਂ ਧਰਮਾਂ ਵਿੱਚ ਸਜਿਹਧਾਰੀ ਹਿੰਦੂ ਜਾਂ ਸਹਿਜਧਾਰੀ ਮੁਸਲਮਾਨ ਜਿਹੀ ਵੈਰਾਇਟੀਆਂ ਨਹੀਂ ਹੁੰਦੀਆਂ, ਤਾਂ ਫਿਰ ਸਿੱਖ ਧਰਮ ਵਿੱਚ ਹੀ ‘ਸਹਿਜਧਾਰੀ ਸਿੱਖ’ ਵਰਗੇ ਸੰਕਲਪ ਦਾ ਪੁਆੜਾ ਕਿਉਂ ਪਾਇਆ ਗਿਆ? (ਇਹ ਠੀਕ ਹੈ ਕਿ ਕੁਝ ਹਿੰਦੂ ਪਰਵਾਰਾਂ ਦੇ ਮੈਂਬਰ ਨੇਮਬੱਧ ਢੰਗ ਨਾਲ ਗੁਰਦੁਆਰੇ ਜਾਂਦੇ ਹਨ ਅਤੇ ਘਰ ਦੇ ਸਾਰੇ ਰੀਤੀ-ਰਿਵਾਜ ਵੀ ਮੰਦਰ ਦੀ ਬਜਾਏ ਗੁਰਦੁਆਰੇ ਤੋਂ ਹੀ ਕਰਵਾਉਂਦੇ ਹਨ ਪਰ ਅਜਿਹੇ ਸੱਜਣਾਂ ਨੂੰ ਗੁਰੂ ਘਰ ਦਾ ਸ਼ਰਧਾਲੂ ਤਾਂ ਮੰਨਿਆ ਜਾ ਸਕਦਾ ਹੈ, ‘ਸਿੱਖ’ (ਸਹਿਜਧਾਰੀ ਜਾਂ ਕਿਸੇ ਵੀ ਹੋਰ ਵੈਰਾਇਟੀ ਦਾ) ਨਹੀਂ।

ਚੰਗਾ ਹੋਵੇ ਜੇਕਰ ਸ਼੍ਰੋਮਣੀ ਕਮੇਟੀ ਵਿੱਚ ਮੌਜੂਦ ਜਾਗਦੇ-ਜ਼ਮੀਰ ਵਾਲੇ (ਭਾਵੇਂ ਇੱਕਾ-ਦੁੱਕਾ ਹੀ ਸਹੀ) ਮੈਂਬਰ ਅਤੇ ਸਮੂਹ ਸਿੱਖ ਜਗਤ ਦੀਆਂ ਧਾਰਮਕ ਜੱਥੇਬੰਦੀਆਂ ਇਕਮੁੱਠ ਹੋਕੇ ਆਰ.ਐਸ.ਐਸ. ਤੇ ਅਕਾਲੀ ਦਲ ਬਾਦਲ ਦੇ ਕਬਜ਼ੇ ਹੇਠ ਕਾਰਜਰਤ ਸ਼੍ਰੋਮਣੀ ਕਮੇਟੀ ਵੱਲੋਂ ਸਿੱਖੀ ਨੂੰ ਭਾਰੀ ਨੁਕਸਾਨ ਪਹੁੰਚਾਉਣ ਵਾਲੀ ਇਸ ਕਾਰਵਾਈ ਦਾ ਤਿੱਖਾ ਵਿਰੋਧ ਕਰਨ। ਜੇਕਰ ਇਸ ਮੁਕੱਦਮੇ ਵਿੱਚ ਉਕਤ ਹਲਫਨਾਮੇ ਨੂੰ ਮਾਨਤਾ ਮਿਲ ਗਈ, ਤਾਂ ਇਸ ਦੀ ਵਜ੍ਹਾ ਨਾਲ ਸਿੱਖ ਕੌਮ ਨੂੰ ਹੋਣ ਵਾਲੇ ਧਾਰਮਕ, ਵਿਦਿਅਕ ਤੇ ਸਿਆਸੀ ਨੁਕਸਾਨ ਦੀ ਭਰਪਾਈ ਕਦੇ ਵੀ ਨਹੀਂ ਕੀਤੀ ਜਾ ਸਕੇਗੀ।