Subscription About Us Contact Us


ਕੀ ਮੁੰਬਈ ਦੇ ‘ਅੱਤਵਾਦੀ’ ਹਮਲੇ, ਹਿੰਦੂ ਅੱਤਵਾਦੀਆਂ ਦਾ ਪਰਦਾਫਾਸ਼ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੇ ਕਤਲ ਕਰਨ ਲਈ ਰਚਿਆ ਗਿਆ ਇਕ ਨਾਟਕ ਸਨ?

- ਇੰਡੀਆ ਅਵੇਅਰਨੈੱਸ ਬਿਉਰੋ -

26 ਸਤੰਬਰ ਨੂੰ ਮੁੰਬਈ ਵਿੱਚ ਘਾਤਕ ਅੱਤਵਾਦੀ ਹਮਲੇ ਤੋਂ ਉਪਜੀ ਹਫੜਾ-ਦਫੜੀ ਅਤੇ ਘਬਰਾਹਟ ਵਿੱਚ, ਇਸ ਘਟਨਾਕ੍ਰਮ ਦੇ ਇਕ ਅਹਿਮ ਪੱਖ, ਜਿਸ ਵੱਲ ਕਾਫੀ ਧਿਆਨ ਦਿੱਤਾ ਜਾਣਾ ਚਾਹੀਦਾ ਸੀ, ਉਹ ਸੀ ਅੱਤਵਾਦ-ਵਿਰੋਧੀ ਦਸਤੇ (ਏ.ਟੀ.ਐਸ.) ਮੁਖੀ ਹੇਮੰਤ ਕਾਰਕਰੇ ਦੀ ਅਤੇ ਉਨ੍ਹਾਂ ਦੇ ਦੋ ਸਾਥੀਆਂ - ਐਨਕਾਊਂਟਰ ਸਪੈਸ਼ਲਿਸਟ ਵਿਜੈ ਸਾਲਾਸਕਰ ਅਤੇ ਏ.ਸੀ.ਪੀ. ਅਸ਼ੋਕ ਕਾਮਟੇ - ਦੀ ਰਹੱਸਮਈ ਮੌਤ। ਹਮਲਿਆਂ ਦਾ ਮੁੱਖ ਕੇਂਦਰ ਕੋਲਾਬਾ ਖੇਤਰ ਦੀਆਂ ਕੁਝ ਉੱਚ ਸਤਰ ਦੀਆਂ ਥਾਂਵਾਂ ਸਨ, ਜਿਵੇਂ ਤਾਜ ਹੋਟਲ, ਓਬਰਾਏ ਹੋਟਲ, ਟ੍ਰਾਈਡੈਂਟ ਹੋਟਲ ਅਤੇ ਘੱਟ ਜਾਣਿਆ ਜਾਂਦਾ ਨਾਰੀਮਾਨ ਹਾਊਸ। ਇਸਦੇ ਇਲਾਵਾ, ਦਹਿਸ਼ਤੀ ਆਪਰੇਸ਼ਨਾਂ ਦਾ ਇਕ ਹੋਰ ਮੋਰਚਾ ਵਿਕਟੋਰੀਆ ਟਰਮਿਨਸ (ਜਿਸਨੂੰ ਹੁਣ ਛਤਰਪਤੀ ਸ਼ਿਵਾਜੀ ਸਟੇਡੀਅਮ ਦੇ ਨਾਂ ਤੋਂ ਜਾਣਿਆ ਜਾਂਦਾ ਹੈ), ਕਾਮਾ ਹਾਸਪਿਟਲ ਤੇ ਮੈਟਰੋ ਸਿਨੇਮਾ ਦੇ ਆਲੇ-ਦੁਆਲੇ ਕੇਂਦਰਿਤ ਸੀ। ਇਨ੍ਹਾਂ ਥਾਵਾਂ ਦੇ ਵਿਚਕਾਰ ਹੀ ਪੁਲਿਸ ਹੈਡਕੁਆਰਟਰ ਹੈ, ਜਿੱਥੇ ਮਰਹੂਮ ਪੁਲਿਸ ਅਧਿਕਾਰੀ ਹੇਮੰਤ ਕਾਰਕਰੇ ਕੰਮ ਕਰਦਾ ਸੀ। ਇਹ ਖੇਤਰ ਕੁਝ ਅਜਿਹਾ ਹੈ ਕਿ ਇੱਥੇ ਵਿਦੇਸ਼ੀ ਨਾਗਰਿਕਾਂ ਦੇ ਮੌਜੂਦ ਹੋਣ ਦੀ ਬਹੁਤ ਘੱਟ ਸੰਭਾਵਨਾ ਹੁੰਦੀ ਹੈ।

ਉਚਿਤ ਜਾਂਚ ਜ਼ਰੂਰੀ ਕਿਉਂ?

ਹੇਮੰਤ ਕਾਰਕਰੇ ਇਕ ਅਜਿਹੇ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼ ਕਰਨ ਵਿੱਚ ਰੁੱਝਿਆ ਹੋਇਆ, ਜਿਸਦੀ ਹੁਣ ਤੱਕ (ਭਾਰਤ ਦੀ ਅੱਤਵਾਦ-ਵਿਰੋਧੀ ਤਫਤੀਸ਼ਾਂ ਵਿੱਚ) ਕੋਈ ਮਿਸਾਲ ਨਹੀਂ ਮਿਲਦੀ। ਸਤੰਬਰ 2008 ਵਿੱਚ ਮਾਲੇਗਾਉਂ ਵਿੱਚ ਹੋਏ ਬੰਬ ਧਮਾਕੇ ਵਿੱਚ ਵਰਤੀ ਗਈ ਮੋਟਰ-ਸਾਈਕਲ ਦੇ ਪਿਛੋਕੜ ਦਾ ਪਤਾ ਅਰੰਭ ਹੋਈ ਇਹ ਤਫਤੀਸ਼, ਮੋਟਰ-ਸਾਈਕਲ ਦੀ ਮਾਲਕਨ ਹਿੰਦੂ ਸਾਧਵੀ ਪ੍ਰਗਿਆ ਸਿੰਘ ਤੱਕ ਜਾ ਪਹੁੰਚੀ। ਬਾਅਦ ਵਿੱਚ, ਇਸੇ ਜਾਂਚ ਦੌਰਾਨ ਸਾਧਵੀ ਅਤੇ ਇਕ ਹੋਰ ਵਿਅਕਤੀ ਰਾਮਜੀ ਵਿਚਕਾਰ ਮੋਬਾਈਲ ਫੋਨ ’ਤੇ ਹੋਈ ਗੱਲਬਾਤ ਨੂੰ ਰਿਕਾਰਡ ਕੀਤਾ ਗਿਆ, ਜਿਸ ਵਿੱਚ ਉਕਤ ਸਾਧਵੀ ਬੰਬ ਫਿਟ ਕਰਨ ਵਾਲੇ ਵਿਅਕਤੀ (ਰਾਮਜੀ) ਨੂੰ ਕਹਿ ਰਹੀ ਸੀ ਕਿ ਧਮਾਕੇ ਵਿੱਚ ਜ਼ਿਆਦਾ ਵਿਅਕਤੀ ਕਿਉਂ ਨਹੀਂ ਮਰੇ। ਮਾਤਰ ਪਹਿਲੀ ਵਾਰ, ਭਾਰਤੀ ਸਰਕਾਰ ਹਿੰਦੂਵਾਦੀ ਅੱਤਵਾਦੀ ਸੰਗਠਨਾਂ ਦੇ ਨੈੱਟਵਰਕ ਦੁਆਲੇ ਤਣੇ ਹੋਏ ਅੱਤਵਾਦੀ ਸੰਗਠਨਾਂ ਦੀ ਵਿਆਪਕ ਅਤੇ ਪ੍ਰਭਾਵਸ਼ਾਲੀ ਜਾਂਚ ਕਰ ਰਹੀ ਸੀ। ਖ਼ਾਸਕਰ ਇਸ ਜਾਂਚ ਦੇ ਬਹੁਤ ਸਾਰੇ ਦੂਰਗਾਮੀ ਪ੍ਰਭਾਵ ਹੋਣੇ ਸਨ। ਇਨ੍ਹਾਂ ਵਿੱਚੋਂ ਕੁਝ ਫੌਜ ਵਿੱਚ ਸ਼ਾਮਲ ਫਿਰਕੂ ਤੱਤਾਂ, (ਹਿੰਦੂ ਅੱਤਵਾਦੀਆਂ ਵੱਲੋਂ) ਹਥਿਆਰ ਚਲਾਉਣ ਦੀ ਸਿਖਲਾਈ ਅਤੇ ਬੰਬ ਬਣਾਉਣ ਦੇ ਟ੍ਰੇਨਿੰਗ ਕੈਂਪ ਆਦਿ ਵੱਲ ਲਿਜਾ ਰਹੇ ਸਨ ਤਾਂ ਕੁਝ ਭਾਰਤੀ ਜਨਤਾ ਪਾਰਟੀ ਅਤੇ ਇਸ ਨਾਲ ਸਬੰਧਿਤ ਸੰਗਠਨਾਂ (ਸੰਘ ਪਰਵਾਰ) ਵੱਲ ਲਿਜਾ ਰਹੇ ਸਨ। ਸਭ ਤੋਂ ਚਿੰਤਾਜਨਕ ਜਾਣਕਾਰੀਆਂ ਵਿੱਚ ਇਕ ਤੱਥ ਇਹ ਵੀ ਸੀ ਕਿ ਫੌਜ ਵਿੱਚ ਕਾਰਜਰਤ ਇਕ ਫੌਜੀ ਅਧਿਕਾਰੀ ਲੈਫਟੀਨੈਂਟ ਕਰਨਲ ਸ੍ਰੀਕਾਂਤ ਪੁਰੋਹਿਤ ਨੇ ਸਰਕਾਰੀ ਪੂਰਤੀ ਵਿੱਚੋਂ 60 ਕਿਲੋ ਆਰ.ਡੀ.ਐਕਸ., ਫਰਵਰੀ 2007 ਵਿੱਚ ਸਮਝੌਤਾ ਐਕਸਪ੍ਰੈਸ ਵਿੱਚ ਹੋਏ ਬੰਬ ਧਮਾਕੇ (ਜਿਸ ਵਿੱਚ 68 ਵਿਅਕਤੀ - ਜ਼ਿਆਦਾਤਰ ਪਾਕਿਸਤਾਨੀ - ਮਾਰੇ ਗਏ ਸਨ) ਲਈ ਵਰਤਣ ਵਾਸਤੇ ਦਿੱਤਾ ਸੀ। ਅਰੰਭ ਵਿੱਚ ਲਸ਼ਕਰ-ਏ-ਤਯੱਬਾ ਅਤੇ ਹੋਰ ਇਸਲਾਮਿਕ ਅੱਤਵਾਦੀ ਸਮੂਹਾਂ ਨੂੰ ਇਸ ਹਮਲੇ ਦਾ ਆਰੋਪੀ ਠਹਿਰਹਾਇਆ ਗਿਆ ਸੀ ਪਰ ਉਨ੍ਹਾਂ ਦੇ ਖਿਲਾਫ਼ ਕੋਈ ਸਬੂਤ ਨਹੀਂ ਮਿਲ ਸਕਿਆ ਸੀ।

ਮਾਲੇਗਾਉਂ ਕਾਂਡ ਦੀ ਜਾਂਚ ਖਿਲਾਫ਼ ਪੈਦਾ ਕੀਤਾ ਗਿਆ ਵਿਵਾਦ ਬਹੁਤ ਵੱਡੇ ਪੱਧਰ ਦਾ ਸੀ। ਜਾਂਚ ਦੌਰਾਨ ਇਸ ਕਿਸਮ ਦੇ ਇਲਜ਼ਾਮ ਲਗਾਏ ਗਏ ਕਿ ਆਰੋਪੀਆਂ ਨੂੰ ਤਸੀਹੇ ਦਿੱਤੇ ਗਏ ਸਨ; ਕਾਰਕਰੇ ਨੂੰ ਇਕ ਸਿਆਸੀ ਤੰਦ ਵਜੋਂ ਉਪਯੋਗ ਕੀਤਾ ਜਾ ਰਿਹਾ ਸੀ; ਏ.ਟੀ.ਐਸ. (ਅੱਤਵਾਦ-ਵਿਰੋਧੀ ਦਸਤਾ) ਦੀ ਟੀਮ ਨੂੰ ਬਦਲਿਆ ਜਾਣਾ ਚਾਹੀਦਾ ਹੈ, ਆਦਿ। ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ ਬੀਜੇਪੀ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਸ੍ਰੀ ਐਲ.ਕੇ. ਅਡਵਾਨੀ ਨੇ ਕਾਰਕਰੇ ਨੂੰ ਇਕ ‘ਦੇਸ਼ ਧ੍ਰੋਹੀ’ ਦਾ ਖਿਤਾਬ ਦਿੱਤਾ - ਇੱਕ ਅਜਿਹਾ ਆਰੋਪ, ਜਿਸਦੇ ਲਈ ਭਾਰਤ ਵਿੱਚ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਸ਼ਿਵ ਸੈਨਾ ਨੇ ਵੀ ਮਾਲੇਗਾਉਂ ਬੰਬ ਧਮਾਕੇ ਦੇ ਆਰੋਪੀਆਂ ਨੂੰ ਕਾਨੂੰਨੀ ਮਦਦ ਦੇਣ ਦੀ ਪੇਸ਼ਕਸ਼ ਕਰਦਿਆਂ ਕਿਹਾ ਕਿ ‘‘ਸਰਕਾਰ ਹਿੰਦੂਆਂ ਨੂੰ ਤਾਂ ਅੱਤਵਾਦੀਆਂ ਤੋਂ ਬਚਾਉਂਦੀ ਨਹੀਂ ਪਰ ਜੇ ਹਿੰਦੂ ਆਪਣੀ ਰੱਖਿਆ ਕਰਨ ਤਾਂ ਉਨ੍ਹਾਂ ਨੂੰ ਬਦਨਾਮ ਕੀਤਾ ਜਾਂਦਾ ਹੈ।’’ ਆਪਣੀ ਮੌਤ ਤੋਂ ਕੁਝ ਪਹਿਲਾਂ ਹੀ ਦਿੱਤੇ ਇਕ ਇੰਟਰਵਿਊ ਵਿੱਚ ਕਾਰਕਰੇ ਨੇ ਇਕਬਾਲ ਕੀਤਾ ਸੀ ਕਿ ਉਹ ਆਪਣੇ ਖਿਲਾਫ਼ ਚੱਲ ਰਹੀ ਮੁਹਿੰਮ ਤੋਂ ਬੇਚੈਨ ਸੀ। 26 ਨਵੰਬਰ ਨੂੰ, ਅੱਤਵਾਦੀ ਹਮਲੇ ਤੋਂ ਕੁਝ ਪਹਿਲਾਂ, ਪੁਣੇ ਪੁਲਿਸ ਨੂੰ ਇਕ ਗੁੰਮਨਾਮ ਫੋਨਕਰਤਾ ਨੇ ਮਰਾਠੀ ਵਿੱਚ ਬੋਲਦਿਆਂ ਦੱਸਿਆ ਸੀ ਕਿ 2 ਜਾਂ 3 ਦਿਨਾਂ ਵਿੱਚ ਕਾਰਕਰੇ ਇਕ ਬੰਬ ਧਮਾਕੇ ਵਿੱਚ ਮਾਰਿਆ ਜਾਏਗਾ।

ਸਮਾਜ ਵਿੱਚ ਕਾਰਕਰੇ ਬਾਰੇ ਰਾਏ ਬਿਲਕੁਲ ਵੱਖ-ਵੱਖ ਕਿਸਮ ਦੀ ਸੀ ਅਤੇ ਕਈ ਲੋਕ ਉਸਨੂੰ ਇਕ ‘ਹੀਰੋ’ ਸਮਝਦੇ ਸਨ। ਇਕ ਮੌਲਾਨਾ ਨੇ ਤਾਂ ਇਥੋਂ ਤੱਕ ਕਿਹਾ ਸੀ ਕਿ ਕਾਰਕਰੇ ‘ਮੁਸਲਮਾਨਾਂ ਦਾ ਮਸੀਹਾ’ ਸੀ। ਜਦਕਿ ਦੂਜਾ ਵਰਗ ਕਾਰਕਰੇ ਨੂੰ ਇਕ ਗੱਦਾਰ ਵਜੋਂ ਵੇਖਦਾ ਸੀ, ਜੋ ਸਿਰਫ਼ ਮੌਤ ਦੀ ਸਜ਼ਾ ਦੇ ਲਾਇਕ ਸੀ। ਪੁਲਿਸ ਵਿਭਾਗ ਵਿੱਚ ਵੀ ਕਾਰਕਰੇ ਬਾਰੇ ਰਾਏ ਬਿਲਕੁਲ ਵਖਰੇਵੇਂ ਵਾਲੀ ਸੀ। ਮਿਸਾਲ ਦੇ ਤੌਰ ’ਤੇ, ਬਰਖ਼ਾਸਤ ਐਨਕਾਊਂਟਰ ਸਪੈਸ਼ਲਿਸਟ ਸਚਿਨ ਵਾਜ਼ੇ (ਜਿਸ ’ਤੇ ਅੱਤਵਾਦੀ ਹਮਲੇ ਤੋਂ ਕੁਝ ਹੀ ਪਹਿਲਾਂ ਖਵਾਜਾ ਯੂਨਸ ਮਾਮਲੇ ਵਿੱਚ ਆਪਣੇ ਤਿੰਨ ਸਹਿਕਰਮੀਆਂ ਸਮੇਤ ਕਤਲ, ਅਪਰਾਧਿਕ ਸਾਜਿਸ਼, ਲਾਸ਼ ਅਤੇ ਸਬੂਤਾਂ ਨੂੰ ਖ਼ਤਮ ਕਰਨ ਦੇ ਆਰੋਪ ਲੱਗੇ ਸਨ) ਸ਼ਿਵ ਸੈਨਾ ਦਾ ਇਕ ਕਾਰਕੁੰਨ ਸੀ, ਜੋ ਕਾਰਕਰੇ ਦੇ ਖਿਲਾਫ਼ ਅਤੇ ਮਾਲੇਗਾਉਂ ਧਮਾਕਿਆਂ ਦੇ ਆਰੋਪੀਆਂ ਦੇ ਪੱਖ ਵਿੱਚ ਮੁਹਿੰਮ ਚਲਾਉਣ ਵਿੱਚ ਸਰਗਰਮ ਭੂਮਿਕਾ ਨਿਭਾਅ ਰਿਹਾ ਸੀ। ਵਾਜ਼ੇ ਅਤੇ ਐਨਕਾਊਂਟਰਾਂ ਦੇ ਕਈ ਹੋਰ ਸਪੈਸ਼ਲਿਸਟਾਂ ਨੂੰ ਸਾਲਾਸਕਰ ਨਾਲ ਵੀ ਭਾਰੀ ਨਰਾਜ਼ਗੀ ਸੀ ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਸਾਲਾਸਕਰ ਉਨ੍ਹਾਂ ਦੇ ਭ੍ਰਿਸ਼ਟਾਚਾਰ, ਜਬਰੀ ਉਗਰਾਹੀ ਅਤੇ ਅੰਡਰ-ਵਰਲਡ ਨਾਲ ਸਬੰਧਾਂ ਬਾਰੇ ਵਿਭਾਗ ਨੂੰ ਜਾਣਕਾਰੀ ਦਿੰਦਾ ਸੀ।

ਠੋਸ ਸਬੂਤ ਜਾਂ ਗੁਦੇਦਾਰ ਕਲਪਨਾ?

ਇਕ ਪਿੱਠਭੂਮੀ ਅਤੇ ਦਹਿਸ਼ਤਵਾਦੀ ਹਮਲੇ ਬਾਰੇ ਆਪਾ-ਵਿਰੋਧੀ ਤੇ ਗਲਤੀਆਂ ਨਾਲ ਭਰਪੂਰ ਰਿਪੋਰਟਾਂ ਨੂੰ ਵੇਖਦਿਆਂ, ਇਸ ਗੱਲ ਵਿੱਚ ਕੋਈ ਹੈਰਾਨੀ ਨਹੀਂ ਹੁੰਦੀ ਕਿ ਮੁੰਬਈ ਦੇ ਬਹੁਤ ਸਾਰੇ ਨਾਗਰਿਕ ਹੇਮੰਤ ਕਾਰਕਰੇ ਅਤੇ ਉਸਦੇ ਸਾਥੀਆਂ ਦੀ ਮੌਤ ਹੋਣ ਦੇ ਸਮੁੱਚੇ ਘਟਨਾਕ੍ਰਮ ਬਾਰੇ ਸਵਾਲ ਚੁੱਕ ਰਹੇ ਹਨ। ਸਭ ਤੋਂ ਪਹਿਲੀਆਂ ਰਿਪੋਰਟਾਂ, ਜੋ ਸ਼ਾਇਦ ਪੁਲਿਸ ਵੱਲੋਂ ਮੀਡੀਆ ਰਾਹੀਂ ਜਾਰੀ ਕੀਤੀ ਗਈ ਸੀ, ਵਿੱਚ ਕਿਹਾ ਗਿਆ ਸੀ ਕਿ ਕਾਰਕਰੇ ਤਾਜ ਹੋਟਲ ਵਿਖੇ ਅਤੇ ਸਾਲਾਸਕਰ ਮੈਟਰੋ ਵਿਖੇ ਮਾਰਿਆ ਗਿਆ ਸੀ। ਜੇਕਰ ਇਹ ਸੱਚ ਨਹੀਂ ਸੀ ਤਾਂ ਸਾਨੂੰ ਅਜਿਹਾ ਦੱਸਿਆ ਕਿਉਂ ਗਿਆ ਸੀ? ਅਤੇ ਬਾਅਦ ਵਿੱਚ ਕਹਾਣੀ ਨੂੰ ਤਬਦੀਲ ਕਿਉਂ ਕਰ ਦਿੱਤਾ ਗਿਆ? ਕੀ ਅਜਿਹਾ ਕਰਨਾ ਇਸਲਈ ਜ਼ਰੂਰੀ ਸੀ ਕਿ ਉਕਤ ਦਾਅਵਾ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਨਾਲ ਮੇਲ ਨਹੀਂ ਖਾਂਦਾ ਸੀ? ਵਾਕਈ, ‘ਏ.ਟੀ.ਐਸ. ਚੀਫ ਹੇਮੰਤ ਕਾਰਕਰੇ ਮਾਰੇ ਗਏ : ਉਨ੍ਹਾਂ ਦੀਆਂ ਅੰਤਮ ਤਸਵੀਰਾਂ’ ਸਿਰਲੇਖ ਅਧੀਨ ਆਈ.ਬੀ.ਐਨ. ਲਾਈਵ ਨੇ ਕਾਰਕਰੇ ਨੂੰ ਪਹਿਲਾਂ ਇਕ ਹੈਲਮੇਟ ਤੇ ਬੁਲੇਟ ਪਰੂਫ ਜੈਕੇਟ ਪਾਉਂਦਿਆਂ ਦਿਖਾਇਆ ਅਤੇ ਫਿਰ ਮੈਟਰੋ ਦੇ ਦ੍ਰਿਸ਼ ਦਿਖਾਉਣੇ ਅਰੰਭ ਕਰ ਦਿੱਤੇ, ਜਿੱਥੇ ਕਾਰਕਰੇ ਜਿਹਾ ਪ੍ਰਤੀਤ ਹੋਣ ਵਾਲੇ ਅਤੇ ਉਸੇ ਕਿਸਮ ਦੀ ਹਲਕੀ ਨੀਲੀ ਕਮੀਜ਼ ਤੇ ਗਾੜ੍ਹੀ ਪੈਂਟ ਵਾਲੇ ਬੇਹੋਸ਼ ਵਿਅਕਤੀ (ਪਰ ਉਸਦੀ ਕਮੀਜ਼ ’ਤੇ ਖੂਨ ਦੇ ਧੱਬੇ ਜਾਂ ਅਜਿਹਾ ਕੋਈ ਖੌਫਨਾਕ ਜ਼ਖ਼ਮ ਨਹੀਂ ਸੀ, ਜਿਨ੍ਹਾਂ ਨੂੰ ਅਸੀਂ ਕਾਰਕਰੇ ਦੇ ਅੰਤਮ ਸਸਕਾਰ ਵੇਲੇ ਵੇਖਿਆ) ਨੂੰ ਭਗਵਾ ਕਮੀਜ਼ਾਂ ਵਾਲੇ ਦੋ ਨੌਜੁਆਨ ਖਿੱਚ ਕੇ ਕਾਰ ਵਿੱਚ ਲਿਜਾ ਰਹੇ ਸਨ। ਦ੍ਰਿਸ਼ ਦੇ ਨਾਲ ਚੱਲ ਰਹੇ ਸੰਵਾਦ ਵਿੱਚ ਕਿਹਾ ਜਾ ਰਿਹਾ ਸੀ, ‘‘ਕਾਰਕਰੇ, ਪੁਲਿਸ ਵੱਲੋਂ ਕੀਤੀ ਜਾ ਰਹੀ ਅੰਨ੍ਹੇਵਾਹ ਅਤੇ ਬੇਤਰਤੀਬੀ ਫਾਇਰਿੰਗ ਦਾ ਸ਼ਿਕਾਰ ਵੀ ਹੋਏ ਹੋ ਸਕਦੇ ਹਨ।’’ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਵਾਰਦਾਤ ਦੀ ਘਟਨਾ ’ਤੇ ਦੋ ਵਾਹਨ ਸਨ - ਇਕ ਟੋਯੋਟਾ ਕੁਆਲਿਸ ਅਤੇ ਇਕ ਹੌਂਡਾ ਸਿਟੀ, ਜਿਨ੍ਹਾਂ ਵਿੱਚ ਬੈਠੇ ਵਿਅਕਤੀ ਅੰਨ੍ਹੇਵਾਹ ਫਾਇਰਿੰਗ ਕਰ ਰਹੇ ਸਨ।

ਬਾਅਦ ਵਿੱਚ ਸਾਨੂੰ ਇਨ੍ਹਾਂ ਕਤਲਾਂ ਬਾਰੇ ਦੋ ਕਿਸਮ ਦੀ ਜਾਣਕਾਰੀ ਦਿੱਤੀ ਗਈ, ਜਿੱਥੇ ਮੌਕਾ-ਏ-ਵਾਰਦਾਤ ਨੂੰ ਕੈਮਰਿਆਂ ਅਤੇ ਚਸ਼ਮਦੀਦ ਗਵਾਹਾਂ ਤੋਂ ਰਹਿਤ ਇਕ ਸੁਨਸਾਨ ਗਲੀ ਵੱਲ ਤਬਦੀਲ ਕਰ ਦਿੱਤਾ ਗਿਆ। ਘਟਨਾ ਦਾ ਪਹਿਲਾ ਵਰਨਣ ਜ਼ਿੰਦਾ ਫੜੇ ਗਏ ਇਕ-ਮਾਤਰ ਅੱਤਵਾਦੀ ਏ.ਏ. ਕਾਸਬ, ਜੋ ਪਾਕਿਸਤਾਨ ਦੇ ਫਰੀਦਕੋਟ ਖੇਤਰ ਅਤੇ ਲਸ਼ਕਰ-ਏ-ਤਯੱਬਾ ਜੱਥੇਬੰਦੀ ਨਾਲ ਸਬੰਧਤ ਹੋਣ ਦਾ ਦਾਅਵਾ ਕਰਦਾ ਹੈ, ਵੱਲੋਂ ਪੇਸ਼ ਕੀਤਾ ਗਿਆ ਹੈ। ਕਾਸਬ ਦੇ ਮੁਤਾਬਿਕ, ਸਿਰਫ਼ ਦੋ ਬੰਦੂਕਧਾਰੀਆਂ - ਖ਼ੁਦ ਉਸਨੇ ਅਤੇ ਇਸਮਾਇਲ (ਉਹ ਵੀ ਪਾਕਿਸਤਾਨੀ) ਨੇ ਪਹਿਲਾਂ ਵੀ.ਟੀ. ਸਟੇਸ਼ਨ ’ਤੇ ਹਮਲਾ ਕੀਤਾ, ਜਿੱਥੇ ਉਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਫਾਇਰਿੰਗ ਵਿੱਚ 58 ਵਿਅਕਤੀ ਮਾਰੇ ਗਏ, ਜਿਨ੍ਹਾਂ ’ਚੋਂ ਇਕ ਤਿਹਾਈ ਤੋਂ ਵੱਧ ਮੁਸਲਮਾਨ ਸਨ, ਅਤੇ ਬਹੁਤ ਸਾਰੇ ਹੋਰ ਲੋਕ ਮਾਰੇ ਜਾ ਸਕਦੇ ਸਨ, ਜੇਕਰ ਸੂਚਨਾ ਐਲਾਨਕਰਤਾ (ਐਨਾਊਂਸਰ) ਸ੍ਰੀ ਜ਼ੇਂਦੇ ਆਪਣੀ ਜਾਨ ਦਾ ਖਤਰਾ ਚੁੱਕ ਕੇ ਯਾਤਰੀਆਂ ਨੂੰ ਸੁਰੱਖਿਅਤ ਥਾਵਾਂ ਵੱਲ ਜਾਣ ਦੇ ਨਿਰਦੇਸ਼ ਨਾ ਦਿੰਦੇ। ਇਸ ਉਪਰੰਤ ਕਾਸਬ ਅਤੇ ਇਸਮਾਇਲ ਆਮ ਤੌਰ ’ਤੇ ਗਰੀਬ ਲੋਕਾਂ ਵੱਲੋਂ ਵਰਤੇ ਜਾਂਦੇ, ਔਰਤਾਂ ਤੇ ਬੱਚਿਆਂ ਦੇ ਹਸਪਤਾਲ ਕਾਮਾ ਵਿਖੇ ਗਏ। ਪੁਲਿਸ ਮੁਤਾਬਿਕ, ਕਸਾਬ ਨੇ ਦਾਅਵਾ ਕੀਤਾ ਕਿ ਉਸਨੇ ਅਤੇ ਇਸਮਾਇਲ ਨੇ ਹੀ ਕਾਰਕਰੇ, ਸਾਲਸਕਰ ਅਤੇ ਕਾਮਟੇ ਨੂੰ ਕਤਲ ਕੀਤਾ ਸੀ।

ਘਟਨਾ ਦਾ ਦੂਜਾ ਵਰਨਣ ਪੁਲਿਸ ਕਾਂਸਟੇਬਲ ਅਰੁਣ ਜਾਧਵ ਵੱਲੋਂ ਹੈ। ਉਸਦੇ ਮੁਤਾਬਿਕ, ਕਾਰਕਰੇ, ਸਾਲਸਕਰ, ਕਾਮਟੇ, ਇਕ ਡ੍ਰਾਈਵਰ ਤੇ ਚਾਰ ਪੁਲਿਸ ਕਾਂਸਟੇਬਲ, ਜਿਨ੍ਹਾਂ ਵਿੱਚ ਉਹ ਖ਼ੁਦ ਵੀ ਸ਼ਾਮਲ ਸੀ, ਫੱਟੜ ਪੁਲਿਸ ਅਧਿਕਾਰੀਆਂ ਸਦਾਨੰਦ ਦਾਤੇ ਨੂੰ ਵੇਖਣ ਵਾਸਤੇ ਵਿਕਟੋਰੀਆ ਟਰਮਿਨਸ ਤੋਂ ਕਾਮਾ ਹਸਪਤਾਲ ਦੇ ਪਿਛਲੇ ਦਰਵਾਜੇ ਵੱਲ ਆਪਣੀ ਟੋਯੋਟਾ ਕੁਆਲਿਸ ਵਿੱਚ ਸਫਰ ਕਰ ਰਹੇ ਸਨ (ਹੱਦ ਤੋਂ ਹੱਦ 10 ਕੁ ਮਿਨਟ ਦਾ ਸਫ਼ਰ), ਜਦ ਸੜਕ ਦੇ ਖੱਬੇ ਪਾਸੇ ਲੱਗੇ ਪੇੜ੍ਹਾਂ ਦੇ ਪਿੱਛੋਂ ਦੋ ਬੰਦੂਕਧਾਰੀ ਨਿਕਲ ਕੇ ਉਨ੍ਹਾਂ ਦੇ ਸਾਹਮਣੇ ਆ ਗਏ ਅਤੇ ਉਨ੍ਹਾਂ ਦੇ ਵਾਹਨ ਨੂੰ ਗੋਲੀਆਂ ਨਾਲ ਛਲਨੀ ਕਰ ਦਿੱਤਾ। ਇਸ ਹਮਲੇ ਵਿੱਚ ਜਾਧਵ ਦੇ ਸਿਵਾਏ ਗੱਡੀ ਵਿੱਚ ਬੈਠੇ ਬਾਕੀ ਸਾਰੇ ਪੁਲਿਸਕਰਮੀ ਮਾਰੇ ਗਏ। ਫਿਰ ਬੰਦੂਕਧਾਰੀਆਂ ਨੇ ਤਿੰਨੋਂ ਅਧਿਕਾਰੀਆਂ ਦੀਆਂ ਲਾਸ਼ਾਂ ਬਾਹਰ ਘਸੀਟੀਆਂ, ਵਾਹਨ ਦਾ ਅਪਹਰਨ ਕਰ ਲਿਆ ਅਤੇ ਇਸਨੂੰ ਪਹਿਲਾਂ ਮੈਟਰੋ ਜੰਕਸ਼ਨ ਅਤੇ ਫਿਰ ਦੱਖਣੀ ਮੁੰਬਈ ਦੇ ‘ਮੰਤਰਾਲਯ’ ਵਿਖੇ ਲੈ ਗਏ। ਜਦ ਗੱਡੀ ਦਾ ਇਕ ਟਾਇਰ ਫਟ ਗਿਆ, ਤਾਂ ਉਨ੍ਹਾਂ ਨੇ ਇਸਨੂੰ ਉੱਥੇ ਹੀ ਛੱਡ ਦਿੱਤਾ ਅਤੇ ਇਕ ਹੋਰ ਗੱਡੀ ’ਤੇ ਕਬਜਾ ਕਰ ਲਿਆ। ਪੁਲਿਸ ਦੇ ਵਰਨਣ ਮੁਤਾਬਿਕ, ਫਿਰ ਇਹ ਬੰਦੂਕਧਾਰੀ ਗੱਡੀ ਨੂੰ ਗਿਰਗਾਓਂ ਵੱਲ ਲੈ ਗਏ, ਜਿੱਥੇ ਕਸਾਬ ਦਾ ਸਾਥੀ ਮਾਰਿਆ ਗਿਆ ਜਦਕਿ ਉਹ ਖ਼ੁਦ ਜ਼ਖ਼ਮੀ ਹੋ ਗਿਆ ਅਤੇ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਦੋਵੇਂ ਵਰਨਣ ਸਵਾਲ ਜ਼ਿਆਦਾ ਪੈਦਾ ਕਰਦੇ ਹਨ, ਉੱਤਰ ਘੱਟ ਦਿੰਦੇ ਹਨ। ਕਸਾਬ ਦਾ ਦਾਅਵਾ ਸੀ ਕਿ 10 ਅੱਤਵਾਦੀਆਂ ਦਾ ਇਕ ਸਮੂਹ ਮੁੰਬਈ ਵਿਖੇ ਉਤਰਿਆ ਅਤੇ ਦੋ-ਦੋ ਦੇ ਜੋੜਿਆਂ ਵਿੱਚ ਵੱਖ-ਵੱਖ ਥਾਵਾਂ ’ਤੇ ਚਲਾ ਗਿਆ; ਜਿਨ੍ਹਾਂ ਵਿੱਚ ਉਹ ਅਤੇ ਉਸਦਾ ਸਾਥੀ ਵਿਕਟੋਰੀਆ ਟਰਮਿਨਸ ਵੱਲ ਚਲੇ ਗਏ। ਉਸਨੇ ਕਿਹਾ ਕਿ ਉਹ ਤਾਜ ਹੋਟਲ ਨੂੰ ਮਲੀਆਮੇਟ ਕਰ ਦੇਣਾ ਚਾਹੁੰਦੇ ਸਨ, ਜਿਵੇਂ ਕਿ ਇਸਲਾਮਾਬਾਦ ਵਿਖੇ ਮੈਰੀਅਟ ਹੋਟਲ ਵਿਖੇ ਹੋਏ ਬੰਬ ਧਮਾਕੇ ਵਿੱਚ ਕੀਤਾ ਗਿਆ ਸੀ। ਫਿਰ ਵੀ ਸਾਨੂੰ ਦੱਸਿਆ ਜਾਂਦਾ ਹੈ ਕਿ ਤਾਜ ਵਿਖੇ ਸਿਰਫ਼ 8 ਕਿਲੋ ਆਰ.ਡੀ.ਐਕਸ. ਹੀ ਬਰਾਮਦ ਹੋਇਆ ਅਤੇ ਉਸਦਾ ਵੀ ਕੋਈ ਉਪਯੋਗ ਨਹੀਂ ਕੀਤਾ ਗਿਆ। ਜਦਕਿ ਮੈਰੀਅਟ ਹੋਟਲ ਨੂੰ ਉਡਾਉਣ ਲਈ 600 ਕਿਲੋ ਆਰ.ਡੀ.ਐਕਸ. ਅਤੇ ਟੀ.ਐਨ.ਟੀ. ਦਾ ਉਪਯੋਗ ਕੀਤਾ ਗਿਆ ਸੀ। ਕੀ ਏਨੀ ਘੱਟ ਧਮਾਕਾਖੇਜ਼ ਸਮੱਗਰੀ ਨਾਲ ਇਹ ਲੋਕ ਵਾਕਈ ਤਾਜ ਹੋਟਲ ਉਡਾਉਣ ਦੀ ਆਸ ਕਰ ਸਕਦੇ ਸਨ?

ਕਸਾਬ ਨੇ ਕਿਹਾ ਕਿ ਅੱਤਵਾਦੀਆਂ ਦੀ ਯੋਜਨਾ ਸੀ ਕਿ ਉਹ ਘੇਰੇ ’ਚੋਂ ਨਿਕਲਣ ਲਈ ਹੋਟਲ ਵਿੱਚ ਮੌਜੂਦ ਲੋਕਾਂ ਨੂੰ ਬੰਧਕ ਬਣਾ ਕੇ ਉਪਯੋਗ ਕਰਨ। ਫਿਰ ਵੀ, ਮੁਕਾਬਲੇ ਦੌਰਾਨ ਕਿਸੇ ਵੀ ਸਮੇਂ ਅੱਤਵਾਦੀਆਂ ਨੇ ਅਜਿਹੀ ਕੋਈ ਕੋਸ਼ਿਸ਼ ਨਹੀਂ ਕੀਤੀ। ਇਸਦੇ ਇਲਾਵਾ, ਦੂਜੇ ਹੀ ਸਾਹ ਵਿੱਚ ਕਸਾਬ ਕਹਿੰਦਾ ਹੈ ਕਿ ਉਨ੍ਹਾਂ ਨੂੰ ਨਿਰਦੇਸ਼ ਸੀ ਕਿ ਉਹ ਆਪਣੀ ਮੌਤ ਹੋਣ ਤੱਕ ਲੜਦੇ ਰਹਿਣ। ਕਸਾਬ ਦਾ ਕਹਿਣਾ ਹੈ ਕਿ ਉਹ ਮੁਲਤਾਨ ਨੇੜੇ ਫਰੀਦਕੋਟ ਪਿੰਡ ਦਾ ਇਕ ਮਜਦੂਰ ਹੈ ਅਤੇ ਉਸਨੇ ਸਿਰਫ਼ ਚੌਥੀ ਕਲਾਸ ਤੱਕ ਪੜ੍ਹਾਈ ਕੀਤੀ ਹੈ। ਪਰ ਅਜਿਹਾ ਪਤਾ ਲੱਗਾ ਹੈ ਕਿ ਉਹ ਫਰਾਟੇਦਾਰ ਅੰਗਰੇਜ਼ੀ ਬੋਲਦਾ ਹੈ ਅਤੇ ਫਰੀਦਕੋਟ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਵਿਅਕਤੀ ਨੂੰ ਕਦੇ ਨਹੀਂ ਦੇਖਿਆ। ਇਸਦੇ ਇਲਾਵਾ, ਸਮੁੰਦਰ ਤੋਂ ਆਏ ਹਮਲਾਵਰ, ਰਾਤ ਦੇ 11.30 ਵਜੇ ਇਕ ਬੰਬ ਡਾਕਯਾਰਡ ਰੋਡ ਵਿੱਚ ਅਤੇ ਦੂਜਾ ਉਥੋਂ 25 ਕਿਲੋਮੀਟਰ ਦੂਰ ਵਿਲੇ ਪਾਰਲੇ ਵਿੱਚ ਲਗਾਉਣ ਦਾ ਪ੍ਰਬੰਧ ਕਿਵੇਂ ਕਰ ਸਕੇ?

ਆਪਣੀ ਤਫਤੀਸ਼ ਦੌਰਾਨ ਕਸਾਬ ਨੇ ਕਿਹਾ ਕਿ ਉਹ ਅਤੇ ਅੱਠ ਹੋਰ ਹਮਲਾਵਰ ਕੁਝ ਮਹੀਨੇ ਪਹਿਲਾਂ, ਵਿਦਿਆਰਥੀ ਹੋਣ ਦਾ ਦਿਖਾਵਾ ਕਰਕੇ ਮੁੰਬਈ ਦੇ ਰਸਤਿਆਂ ਦਾ ਵਾਕਫੀਅਤ ਕਰਨ ਵਾਲਾ ਟ੍ਰਿਪ ਲਗਾਉਣ ਆਏ ਸਨ। ਇਸ ਟ੍ਰਿਪ ਦੌਰਾਨ ਉਹ ਕਥਿਤ ਤੌਰ ’ਤੇ ਨਾਰੀਮਾਨ ਹਾਊਸ ਦੇ ਨੇੜੇ ਸਥਿਤ ਕੋਲਾਬਾ ਮਾਰਕੀਟ ਵਿਖੇ ਇਕ ਕਮਰਾ ਕਿਰਾਏ ’ਤੇ ਲੈ ਕੇ ਰਹੇ ਸਨ। ਪਰ ਸੱਚਾਈ ਇਹ ਹੈ ਕਿ ਪਾਕਿਸਤਾਨੀ ਨਾਗਰਿਕਾਂ ਲਈ ਭਾਰਤੀ ਵੀਜ਼ਾ ਪ੍ਰਾਪਤ ਕਰਨਾ ਇਕ ਬਹੁਤ ਔਖਾ ਕਾਰਜ ਹੈ। ਇਸ ਗੱਲ ਦੀ ਵੀ ਬਹੁਤ ਘੱਟ ਸੰਭਾਵਨਾ ਹੈ ਕਿ ਇਮੀਗ੍ਰੇਸ਼ਨ ਅਧਿਕਾਰੀ ਦੂਜੇ ਦੇਸ਼ ਦੇ ਨਕਲੀ ਪਾਸਪੋਰਟ ਵੇਖ ਕੇ ਧੋਖਾ ਖਾ ਗਏ ਹੋਣਗੇ। ਅਜਿਹੀ ਸਥਿਤੀ ਵਿੱਚ, ਭਾਰਤੀ ਇਮੀਗ੍ਰੇਸ਼ਨ ਅਧਿਕਾਰੀਆਂ ਕੋਲ ਕਸਾਬ ਸਮੇਤ 9 ਅੱਤਵਾਦੀਆਂ ਦੀ ਵੀਜ਼ਾ ਦਰਖ਼ਾਸਤਾਂ ਮੌਜੂਦ ਹੋਣਗੀਆਂ। ਕੀ ਇਨ੍ਹਾਂ ਦਰਖ਼ਾਸਤਾਂ ਵਿੱਚ ਲੱਗੀਆਂ ਪ੍ਰਾਥੀਆਂ ਦੀਆਂ ਤਸਵੀਰਾਂ ਨੂੰ ਮਾਰੇ ਗਏ ਅੱਤਵਾਦੀਆਂ ਦੀਆਂ ਤਸਵੀਰਾਂ ਨਾਲ ਮਿਲਾ ਕੇ ਵੇਖ ਲਿਆ ਗਿਆ ਹੈ?

ਬਾਅਦ ਵਿੱਚ, ਕਸਾਬ ਨੇ ਆਪਣਾ ਦਿਮਾਗ (ਅਤੇ ਬਿਆਨ) ਤਬਦੀਲ ਕਰ ਲਿਆ ਅਤੇ ਕਿਹਾ ਕਿ ਜਿਹੜੀ ਟੀਮ ਨੇ ਮੁੰਬਈ ਦਾ ਮੁਆਇਨਾ ਕੀਤਾ ਸੀ, ਉਹ ਹਮਲਾ ਕਰਨ ਵਾਲੀ ਟੀਮ ਨਾਲੋਂ ਵੱਖਰੀ ਸੀ ਪਰ ਇਨ੍ਹਾਂ ਦਾ ਹਾਲਾਂ ਵੀ ਪਤਾ ਲਗਾਇਆ ਜਾ ਸਕਦਾ ਸੀ।

ਵਿਕਟੋਰੀਆ ਟਰਮਿਨਸ ਅਤੇ ਕਾਮਾ ਹਸਪਤਾਲ ਦੀਆਂ ਘਟਨਾਵਾ ਅਤੇ ਪਿਛਲੀ ਗਲੀ ਵਾਲਾ ਵਰਨਣ ਕਸਾਬ ਦੀ ਕਹਾਣੀ ਉੱਪਰ ਸਵਾਲੀਆ ਨਿਸ਼ਾਨ ਲਗਾ ਦਿੰਦੀਆਂ ਹਨ। ਗਵਾਹਾਂ ਦੇ ਮੁਤਾਬਿਕ, ਦੋ ਬੰਦੂਕਧਾਰੀਆਂ ਨੇ ਵਿਕਟੋਰੀਆ ਟਰਮਿਨਸ ਦੀ ਮੇਨ ਲਾਈਨ ’ਤੇ ਰਾਤ ਦੇ 9.55 ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪਰ ਸੀ.ਸੀ.ਟੀ.ਵੀ. ਦੀ ਰਿਕਾਰਡਿੰਗ ਮੁਤਾਬਿਕ, ਠੀਕ ਇਸੇ ਸਮੇਂ ਦੋ ਬੰਦੂਕਧਾਰੀਆਂ ਨੇ ਉਪ-ਸ਼ਹਿਰੀ ਟਰਮਿਨਸ ’ਤੇ ਹਮਲਾ ਅਰੰਭ ਕਰ ਦਿੱਤਾ। ਜੇਕਰ ਪਹਿਲਾ ਵਰਨਣ ਸੱਚ ਹੈ ਤਾਂ ਇਸਦਾ ਅਰਥ ਹੈ ਕਿ ਸਟੇਸ਼ਨ ’ਤੇ ਚਾਰ ਬੰਦੂਕਧਾਰੀ ਸਨ। ਦੂਜੇ ਦੋ ਬੰਦੂਕਧਾਰੀ ਕਿਥੋਂ ਆਏ ਅਤੇ ਕਿੱਥੇ ਚਲੇ ਗਏ? ਸਾਨੂੰ ਮੇਨਲਾਈਨ ਟਰਮਿਨਸ ਦੇ ਪਾਰਕਿੰਗ ਸਥਲ ਕੋਲ ਘੁੰਮਦੇ ਕਸਾਬ ਅਤੇ ਇਸਮਾਇਲ ਦੀ ਵੀਡੀਓ ਫੁਟੇਜ ਦਿਖਾਈ ਜਾਂਦੀ ਹੈ, ਜਿਸ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਸੀ.ਸੀ.ਟੀ.ਵੀ. ਦੀ ਫੁਟੇਜ ਹੈ (ਹਾਲਾਂਕਿ ਇਸ ਵਿੱਚ ਆਮ ਤੌਰ ’ਤੇ ਸੀ.ਸੀ.ਟੀ.ਵੀ. ਦੀ ਰਿਕਾਰਡਿੰਗ ਵਿੱਚ ਆਉਣ ਵਾਲੀ ਟਾਈਮ-ਲਾਈਨ ਮੌਜੂਦ ਨਹੀਂ ਸੀ)। ਨਿਸ਼ਚਿਤ ਤੌਰ ’ਤੇ ਇਹ ਫੁਟੇਜ ਇਨ੍ਹਾਂ ਹਮਲਾਵਰਾਂ ਵੱਲੋਂ ਕੀਤੇ ਗਏ ਹਮਲੇ ਤੋਂ ਪਹਿਲਾਂ ਦੀ ਨਹੀਂ ਹੋ ਸਕਦੀ ਕਿਉਂਕਿ ਇਸ ਵੀਡੀਓ ਵਿੱਚ ਸਟੇਸ਼ਨ ਬਿਲਕੁਲ ਸੁੰਨਸਾਨ ਦਿਖਾਈ ਦੇ ਰਿਹਾ ਹੈ। ਪਰ ਨੁਕਤਾ ਇਹ ਹੈ ਕਿ ਹਮਲਾ ਕਰਨ ਤੋਂ ਬਾਅਦ ਕਸਾਬ ਅਤੇ ਇਸਮਾਇਲ ਨੂੰ ਵਿਕਟੋਰੀਆ ਟਰਮਿਨਸ ਦੇ ਦੂਜੇ ਪਾਸੇ ਉਪ-ਸ਼ਹਿਰੀ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ਦੇ ਪੈਦਲ-ਪੁਲ ਤੋਂ ਖਿਸਕ ਜਾਣਾ ਚਾਹੀਦਾ ਸੀ। ਇਸ ਤਰ੍ਹਾਂ, ਇਹ ਗੱਲ ਫਿਰ ਤੋਂ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਸਟੇਸ਼ਨ ’ਤੇ 4 ਬੰਦੂਕਧਾਰੀ ਸਨ। ਕਈ ਲੋਕਾਂ ਨੇ ਇਹ ਗੱਲ ਵੀ ਦੱਸੀ ਹੈ ਕਿ ਵਿਕਟੋਰੀਆ ਟਰਮਿਨਸ ਵਾਲੇ ਇਕ ਅੱਤਵਾਦੀ ਨੇ ਕਲਾਈ ਵਿੱਚ ਭਗਵਾ ਧਾਗਾ (ਮੌਲੀ) ਬੰਨ੍ਹਿਆ ਹੋਇਆ ਸੀ, ਜੋਕਿ ਹਿੰਦੂ ਰਵਾਇਤ ਹੈ। ਅਤੇ ਫਿਰ, ਜੇਕਰ ਇਹ ਮੰਨ ਵੀ ਲਿਆ ਜਾਏ ਕਸਾਬ ਤੇ ਇਸਮਾਇਲ ਨੂੰ ਇਸ ਹਮਲਾਵਰ ਟ੍ਰਿਪ ’ਤੇ ਆਉਣ ਤੋਂ ਪਹਿਲਾਂ ਕਾਰਕਰੇ, ਸਾਲਾਸਕਰ ਅਤੇ ਕਾਮਟੇ ਦੀਆਂ ਤਸਵੀਰਾਂ ਵੀ ਗਈਆਂ ਸੀ, ਤਾਂ ਵੀ ਇਹ ਕਿਵੇਂ ਸੰਭਵ ਹੈ ਕਿ ਉਨ੍ਹਾਂ ਨੇ ਰਾਤ ਦੇ ਘੁੱਪ ਹਨੇਰੇ ਵਿੱਚ, ਗੂੜ੍ਹੇ ਰੰਗ ਦੀਆਂ ਵਰਦੀਆਂ ਪਾਏ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਪਛਾਣ ਲਿਆ?

ਕਾਮਾ ਹਸਪਤਾਲ ਦੇ ਚਸ਼ਮਦੀਦ ਗਵਾਹਾਂ ਦਾ ਕਹਿਣਾ ਹੈ ਕਿ ਅੱਤਵਾਦੀ ਫਰਾਟੇਦਾਰ ਮਰਾਠੀ, ਜਿਸ ਵਿੱਚ ਪੰਜਾਬੀ ਲਹਿਜ਼ਾ (ਪਾਕਿਸਤਾਨੀ ਪੰਜਾਬ ਦੇ ਵਸਨੀਕ ਹੋਣ ਦੀ ਨਿਸ਼ਾਨੀ) ਵੀ ਨਹੀਂ ਝਲਕਦਾ ਸੀ, ਬੋਲ ਰਹੇ ਸਨ। ਬੰਦੂਕਧਾਰੀਆਂ ਨੇ ਦੋ ਵਰਦੀਧਾਰੀ ਚੌਕੀਦਾਰਾਂ ਨੂੰ ਕਤਲ ਕਰ ਦਿੱਤੇ ਪਰ ਇਕ ਤੀਜੇ ਨੂੰ ਛੱਡ ਦਿੱਤਾ, ਜਿਸਨੇ ਆਪਣੀ ਜਾਨ ਦੀ ਭੀਖ ਮੰਗਦਿਆਂ ਕਿਹਾ ਕਿ ਉਹ ਇਕ ਬਿਮਾਰ ਔਰਤ ਦਾ ਪਤੀ ਹੈ। ਬੰਦੂਕਧਾਰੀਆਂ ਨੇ ਸਟਾਫ ਕੁਆਰਟਰਾਂ ਦੇ ਇਕ ਮੁਲਾਜ਼ਮ ਤੋਂ ਪਾਣੀ ਮੰਗਿਆ ਅਤੇ ਫਿਰ ਉਸਨੂੰ ਕਤਲ ਕਰ ਦਿੱਤਾ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਸ ਉਪਰੰਤ ਉਨ੍ਹਾਂ ਨੇ ਆਪਣੇ ਨਾਲ ਲਿਫਟਮੈਨ ਤੀਖੇ ਨੂੰ ਨਾਲ ਲੈਂਦਿਆਂ 6ਵੀਂ ਮੰਜ਼ਿਲ (ਜੋ ਬਿਲਕੁਲ ਖਾਲੀ ਸੀ) ਅਤੇ ਫਿਰ ਕੋਠੇ ਵੱਲ ਰੁਖ਼ ਕਰ ਲਿਆ। 15 ਤੋਂ 30 ਮਿਨਟਾਂ ਬਾਅਦ, ਛੇ ਤੋਂ 8 ਪੁਲਿਸਕਰਮੀ ਉੱਥੇ ਆਏ ਅਤੇ ਇਕ ਹੋਰ ਮੁਲਾਜ਼ਮ ਉਨ੍ਹਾਂ ਨੂੰ 6ਵੀਂ ਮੰਜ਼ਿਲ ਤੱਕ ਲੈ ਗਿਆ। ਪੁਲਿਸਕਰਮੀਆਂ ਨੇ ਕੋਠੇ ’ਤੇ ਇਕ ਸਟੀਲ ਦਾ ਟੁਕੜਾ ਸੁੱਟਿਆ, ਜਿਸ ’ਤੇ ਤੀਖੇ ਦੌੜ੍ਹਦਾ ਹੋਇਆ ਨੀਚੇ ਆਇਆ ਅਤੇ ਦੱਸਿਆ ਕਿ ਕੋਠੇ ’ਤੇ ਦੋ ਅੱਤਵਾਦੀ ਹਨ। ਇਸ ’ਤੇ ਪੁਲਿਸਕਰਮੀਆਂ ਅਤੇ ਬੰਦੂਕਧਾਰੀਆਂ ਵਿਚਕਾਰ 30 ਤੋਂ 45 ਮਿਨਟਾਂ ਤੱਕ ਗੋਲੀਬਾਰੀ ਚੱਲੀ, ਜਿਸ ਵਿੱਚ ਏ.ਸੀ.ਪੀ. ਸਦਾਨੰਦ ਦਾਤੇ ਜ਼ਖ਼ਤੀ ਹੋ ਗਏ। ਡਰ ਨਾਲ ਘਬਰਾਏ ਬਿਮਾਰ ਲੋਕਾਂ ਅਤੇ 5ਵੀਂ ਮੰਜ਼ਿਲ ’ਤੇ ਮੈਟਰਨਿਟੀ ਵਾਰਡ ਦੇ ਸਟਾਫ ਨੇ ਦਰਵਾਜਿਆਂ ਦੀ ਨਾਕਾਬੰਦੀ ਕਰ ਦਿੱਤੀ। ਨਰਸਾਂ ਨੇ ਔਰਤਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉਣ ਅਤੇ ਚੁੱਪ ਕਰਵਾਉਣ। ਇਕ ਔਰਤ, ਜੋ ਬੱਚੇ ਨੂੰ ਜਨਮ ਦੇਣ ਦੀ ਪ੍ਰਕ੍ਰਿਆ ਤੋਂ ਗੁਜ਼ਰ ਰਹੀ ਸੀ, ਨੂੰ ਨਿਰਦੇਸ਼ ਦਿੱਤਾ ਗਿਆ ਕਿ ਉਹ ਜਨਮ ਦੀ ਪ੍ਰਕ੍ਰਿਆ ਨੂੰ ਰੋਕ ਕੇ ਰੱਖੇ - ਪਰ ਬੰਦੂਕਧਾਰੀਆਂ ਨੇ ਇਸ ਵਾਰਡ ਵਿੱਚ ਘੁਸਪੈਠ ਨਹੀਂ ਕੀਤੀ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਅਖੀਰਕਾਰ ਬੰਦੂਕਧਾਰੀ ਮੌਕੇ ਤੋਂ ਫਰਾਰ ਹੋ ਗਏ, ਹਾਲਾਂਕਿ ਇਹ ਸਪਸ਼ਟ ਨਹੀਂ ਕਿ ਕਿਵੇਂ। ਜੇਕਰ ਇਹ ਬੰਦੂਕਧਾਰੀ ਕਸਾਬ ਅਤੇ ਇਸਮਾਇਲ ਹੀ ਸਨ ਤਾਂ ਇਹ ਫਰਾਟੇਦਾਰ ਮਰਾਠੀ ਬੋਲਣ ਵਾਲੇ ਹੋਣੇ ਚਾਹੀਦੇ ਹਨ। ਅਤੇ ਫਿਰ ਉਨ੍ਹਾਂ ਨੇ ਕੋਠੇ ’ਤੇ ਜਾ ਕੇ ਪੁਜ਼ੀਸ਼ਨਾਂ ਕਿਉਂ ਲਈਆਂ? ਕੀ ਅਜਿਹਾ ਇਸ ਵਾਸਤੇ ਕੀਤਾ ਗਿਆ ਕਿ ਤਾਂ ਜੋ ਉਹ ਉਸ ਗਲੀ ਵੱਲ ਸਿੱਧੀ ਨਿਗਾਹ ਰੱਖ ਸਕਣ, ਜਿੱਥੇ ਬਾਅਦ ਵਿੱਚ ਜ਼ਾਹਿਰੀ ਤੌਰ ’ਤੇ ਕਾਰਕਰੇ, ਸਾਲਾਸਕਰ ਅਤੇ ਕਾਮਟੇ ਨੂੰ ਕਤਲ ਕੀਤਾ ਗਿਆ ਸੀ?

ਘਟਨਾਕ੍ਰਮ ਦਾ ਦੂਜਾ ਵਰਨਣ ਵੀ ਓਨਾ ਹੀ ਗੁੰਮਰਾਹਕੁੰਨ ਹੈ। ਆਪਣੇ ਪਹਿਲੇ ਬਿਆਨ ਵਿੱਚ ਜਾਧਵ ਨੇ ਕਿਹਾ ਕਿ ਕਾਰਕਰੇ ਕੁਆਲਿਸ ਦੀ ਦੂਜੀ ਪੰਕਤੀ ਦੀ ਸੀਟ ’ਤੇ ਬੈਠਾ ਸੀ ਜਦਕਿ ਉਸਨੂੰ ਪਹਿਲੀ ਸੀਟ ’ਤੇ ਕਾਮਟੇ ਨਾਲ ਬੈਠਾ ਹੋਣਾ ਚਾਹੀਦਾ ਸੀ। ਆਪਣੇ ਦੂਜੇ ਬਿਆਨ ਵਿੱਚ ਜਾਧਵ ਨੇ ਦੱਸਿਆ ਕਿ ਸਾਲਸਕਰ ਪਹਿਲਾਂ ਡ੍ਰਾਈਵਰ ਦੇ ਪਿੱਛੇ ਬੈਠਿਆ ਹੋਇਆ ਸੀ ਪਰ ਫਿਰ ਉਸਨੇ ਡ੍ਰਾਈਵਰ ਨੂੰ ਗੱਡੀ ਰੋਕਣ ਨੂੰ ਕਿਹਾ ਅਤੇ ਖ਼ੁਦ ਗੱਡੀ ਚਲਾਉਣ ਲੱਗ ਪਿਆ। ਕੀ ਇਹ ਗੱਲ ਮੰਨੀ ਜਾ ਸਕਦੀ ਹੈ ਕਿ ਇਕ ਅਨੁਭਵੀ ਐਨਕਾਊਂਟਰ ਸਪੈਸ਼ਲਿਸਟ ਬੈਠਣ ਅਤੇ ਨਿਸ਼ਾਨਾ ਲੈਣ ਪੱਖੋਂ ਔਖੀ ਅਤੇ ਅਸੁਰੱਖਿਤ ਥਾਂ ’ਤੇ ਉਸ ਵੇਲੇ ਬੈਠਣਾ ਪਸੰਦ ਕਰੇਗਾ, ਜਦੋਂ ਉਹ ਅੱਤਵਾਦੀਆਂ ਨਾਲ ਸਖ਼ਤ ਮੁਕਾਬਲਾ ਕਰਨ ਜਾ ਰਹੇ ਹੋਣ? ਪਹਿਲੇ ਬਿਆਨ ਮੁਤਾਬਿਕ, ਉਹ ਕਥਿਤ ਤੌਰ ’ਤੇ ਆਪਣੇ ਫੱਟੜ ਸਹਿਕਰਮੀ ਸਦਾਨੰਦ ਦਾਤੇ ਨੂੰ

ਵੇਖਣ ਜਾ ਰਹੇ ਸਨ। ਪਰ ਦੂਜੇ ਬਿਆਨ ਮੁਤਾਬਿਕ ਇਹ ਟੀਮ ਉਸ ਲਾਲ ਕਾਰ ਨੂੰ ਢੂੰਡ ਰਹੀ ਸੀ, ਜਿਸ ਵਿੱਚ ਬੰਦੂਕਧਾਰੀ ਸਫਰ ਕਰ ਰਹੇ ਸਨ। ਜੇਕਰ ਲਾਲ ਕਾਰ ਬਾਰੇ ਸੂਚਨਾ ਝੂਠੀ ਸੀ, ਜੋ ਇਸ ਟੀਮ ਨੂੰ ਖਤਰੇ ਵਾਲੀ ਥਾਂ ’ਤੇ ਪਹੁੰਚਾਉਣ ਲਈ ਵਰਤੀ ਗਈ, ਤਾਂ ਇਹ ਜਾਣਨਾ ਜਰੂਰੀ ਹੈ ਕਿ ਮਰਹੂਮ ਪੁਲਿਸ ਅਧਿਕਾਰੀਆਂ ਨੂੰ ਇਹ ਕਿਸਨੇ ਦੱਸਿਆ ਕਿ ਅੱਤਵਾਦੀ ਲਾਲ ਕਾਰ ਵਿੱਚ ਸਨ। ਜੇਕਰ ਬੰਦੂਕਧਾਰੀ ਖੱਬੇ ਪਾਸਿਓਂ ਗੋਲੀਆਂ ਚਲਾ ਰਹੇ ਸਨ, ਜਿਵੇਂ ਕਿ ਜਾਧਵ ਦਾ ਬਿਆਨ ਹੈ, ਤਾਂ ਇਹ ਕਿਵੇਂ ਸੰਭਵ ਹੋਇਆ ਕਿ ਕਾਰਕਰੇ ਦੀ ਛਾਤੀ ਵਿੱਚ ਤਿੰਨ ਵਾਰ ਗੋਲੀਆਂ ਲੱਗੀਆਂ ਜਦਕਿ ਜਾਧਵ ਦੀ ਸੱਜੀ ਬਾਂਹ ਵਿੱਚ ਦੋ ਗੋਲੀਆਂ ਲੱਗੀਆਂ? ਫਿਰ, ਉਸ ਗਲੀ ਵਿੱਚ ਮੌਜੂਦ ਪੌਦਿਆਂ ਵਾਲੀ ਇਕ-ਮਾਤਰ ਥਾਂ ’ਤੇ ਵਾੜ ਲੱਗੀ ਹੋਈ ਸੀ ਅਤੇ ਕਿਸੇ ਵੀ ਵਿਅਕਤੀ ਲਈ ਇਸ ਥਾਂ ਦੇ ਪਿੱਛੇ ਛੁਪਣਾ ਬਹੁਤ ਔਖਾ ਹੁੰਦਾ। ਇਹ ਕਿਵੇਂ ਸੰਭਵ ਹੋਇਆ ਕਿ ਅੱਤਵਾਦੀਆਂ ਨੇ ਛੇ ਪੁਲਿਸਕਰਮੀਆਂ, ਜਿਨ੍ਹਾਂ ਵਿੱਚ ਕਾਰਕਰੇ ਤੇ ਕਾਮਟੇ ਕੋਲ ਏ.ਕੇ.47 ਰਾਈਫਲਾਂ ਸਨ ਅਤੇ ਸਾਲਸਕਰ ਇਕ ਅਜਿਹਾ ਐਨਕਾਊਂਟਰ ਸਪੈਸ਼ਲਿਸਟ ਸੀ ਜੋ ਦਰਜਨਾਂ ਖ਼ਤਰਨਾਕ ਅਪਰਾਧੀਆਂ ਦਾ ਸਾਹਮਣਾ ਕਰਕੇ ਉਨ੍ਹਾਂ ਨੂੰ ਮਾਰ ਚੁੱਕਿਆ ਸੀ, ਨੂੰ ਕਤਲ ਕਰ ਦਿੱਤਾ - ਉਹ ਵੀ ਖ਼ੁਦ ਗੰਭੀਰ ਤੌਰ ’ਤੇ ਜ਼ਖ਼ਮੀ ਹੋਏ ਬਿਨਾਂ?

28 ਨਵੰਬਰ ਨੂੰ ਇਕ ਮੀਡੀਆ ਰਿਪੋਰਟ ਵਿੱਚ ਦੱਸਿਆ ਗਿਆ ਕਿ ਨਾਰੀਮਾਨ ਹਾਊਸ ਦੇ ਸਾਹਮਣੇ ਵਾਲੇ ਇਕ ਘਰ ਦੇ ਵਸਨੀਕ ਆਨੰਦ ਰਾਉਰਾਨੇ ਨੇ ਅੱਤਵਾਦੀਆਂ ਨੂੰ ਉਸ ਵੇਲੇ ਖੁਸ਼ੀ ਨਾਲ ਜਸ਼ਨ ਮਨਾਉਂਦਿਆਂ ਸੁਣਿਆ ਸੀ, ਜਦ ਉਨ੍ਹਾਂ ਟੀ.ਵੀ. ’ਤੇ ਕਾਰਕਰੇ ਦੀ ਮੌਤ ਦੀ ਖ਼ਬਰ ਸੁਣੀ। ਕੀ ਅੱਤਵਾਦੀਆਂ ਦਾ ਅਜਿਹਾ ਵਤੀਰਾ ਕੁਝ ਅਜੀਬ ਨਹੀਂ ਲਗਦਾ? ਉਸੇ ਰਿਪੋਰਟ ਵਿੱਚ ਨਾਰੀਮਾਨ ਹਾਊਸ ਦੇ ਇਕ ਵਸਨੀਕ ਅਤੇ ਇਕ ਸਥਾਨਕ ਦੁਕਾਨਦਾਰ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਅੱਤਵਾਦੀਆਂ ਨੇ ਹਮਲੇ ਤੋਂ ਪਹਿਲਾਂ ਵੱਡੀ ਮਾਤਰਾ ਵਿੱਚ ਭੋਜਨ ਅਤੇ ਸ਼ਰਾਬ ਖਰੀਦੀ ਸੀ। ਇਸਤੋਂ ਇਹ ਸਪਸ਼ਟ ਹੁੰਦਾ ਹੈ ਕਿ ਹਮਲਾਵਰ ਸ਼ਰਧਾਲੂ ਮੁਸਲਮਾਨ ਨਹੀਂ ਸਨ ਅਤੇ ਦੋ ਤੋਂ ਵੱਧ ਹਮਲਾਵਰ ਉਸ ਥਾਂ ਨੂੰ ਲੰਮੇਂ ਸਮੇਂ ਤੱਕ ਕਬਜ਼ਾ ਕਰੀ ਰੱਖਣ ਦੀ ਯੋਜਨਾ ਬਣਾਈ ਬੈਠੇ ਸਨ।

2 ਦਸੰਬਰ ਦੀ ਇਕ ਹੋਰ ਮੀਡੀਆ ਰਿਪੋਰਟ ਮੁਤਾਬਿਕ, ਸਬ-ਇੰਸਪੈਕਟਰ ਦੁਰਗੁਡੇ, ਜਿਸਦੀ ਡਿਊਟੀ ਕਾਮਾ ਹਸਪਤਾਲ ਤੇ ਮਹਾਂਪਾਲਿਕਾ ਰੋਡ ਦੀ ਪਿਛਲੀ ਗਲੀ ਦੇ ਬਾਹਰ ਨਿਕਲਣ ਵਾਲੀ ਥਾਂ ’ਤੇ ਸਥਿਤ ਸੈਂਟ ਜ਼ੇਵੀਅਰ ਕਾਲਜ ਦੇ ਸਾਹਮਣੇ ਲੱਗੀ ਸੀ, ਨੇ ਦੋ ਨੌਜੁਆਨਾਂ ਨੂੰ ਦੇਖਿਆ। ਦੁਰਗੁਡੇ ਨੇ ਉਨ੍ਹਾਂ ਨੂੰ ਕਾਲਜ ਦੇ ਵਿਦਿਆਰਥੀ ਸਮਝਿਆ ਅਤੇ ਅਵਾਜ਼ ਦਿੱਤੀ ਕਿ ਕਾਮਾ ਹਸਪਤਾਲ ਵਿੱਚ ਫਾਇਰਿੰਗ ਹੋ ਰਹੀ ਹੈ। ਜਦ ਉਨ੍ਹਾਂ ਨੌਜੁਆਨਾਂ ਨੇ ਉਸਦੀ ਗੱਲ ਨੂੰ ਨਜ਼ਰਅੰਦਾਜ ਕਰ ਦਿੱਤਾ, ਤਾਂ ਦੁਰਗੁਡੇ ਉਨ੍ਹਾਂ ਦੇ ਨੇੜੇ ਚਲਾ ਗਿਆ, ਜਿਸ ’ਤੇ ਇਕ ਨੌਜੁਆਨ ਨੇ ਏ.ਕੇ. 47 ਰਾਹੀਂ ਗੋਲੀਆਂ ਚਲਾ ਕੇ ਉਸਨੂੰ ਮਾਰ ਦਿੱਤਾ। ਜੇਕਰ ਇਹ ਕਸਾਬ ਅਤੇ ਇਸਮਾਇਲ ਇਧਰ ਸਨ ਤਾਂ ਫਿਰ ਕਾਮਾ ਹਸਪਤਾਲ ਦੇ ਅੰਦਰ ਕੌਣ ਫਾਇਰਿੰਗ ਕਰ ਰਿਹਾ ਸੀ? ਸੈਂਟ ਜ਼ੇਵੀਅਰ ਹਸਪਤਾਲ ਦੇ ਚਸ਼ਮਦੀਦਾਂ ਨੇ ਰਾਤ ਦੇ 12.30 ਵਜੇ ਇਕ ਵਿਅਕਤੀ ਨੂੰ ਕਾਲਜ ਦੇ ਸਾਹਮਣੇ ਵਾਲੇ ਫੁਟਪਾਥ ’ਤੇ ਗੋਲੀਆਂ ਨਾਲ ਮਾਰਕੇ ਮਰਿਆ ਹੋਇਆ ਪਾਇਆ, ਜਦਕਿ ਉਸਦੇ ਦੁਆਲੇ ਤਿੰਨ ਬੰਦੂਕਧਾਰੀ ਖੜੇ ਸਨ। ਉਹ ਮ੍ਰਿਤਕ ਤੇ ਬੰਦੂਕਧਾਰੀ ਕੌਣ ਸਨ? ਵੱਖ-ਵੱਖ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਦੋ ਤੋਂ ਅੱਠ ਅੱਤਵਾਦੀ ਜ਼ਿੰਦਾ ਗ੍ਰਿਫ਼ਤਾਰ ਕੀਤੇ ਗਏ ਸਨ। ਪਰ ਹੁਣ ਪੁਲਿਸ ਹਿਰਾਸਤ ਵਿੱਚ ਸਿਰਫ਼ ਇਕ ਹੀ ਵਿਅਕਤੀ ਹੈ। ਬਾਕੀਆਂ ਦਾ ਕੀ ਹੋਇਆ?

ਹੁਣ ਤੱਕ ਉਪਲਬਧ ਸਾਰੀਆਂ ਰਿਪੋਰਟਾਂ ਦਾ ਧਿਆਨ ਨਾਲ ਅਧਿਐਨ ਕਰਨ ਤੋਂ ਇਕ ਗੱਲ ਸਪਸ਼ਟ ਹੁੰਦੀ ਹੈ ਕਿ ਕਾਰਕਰੇ ਤੇ ਉਸਦੇ ਸਾਥੀਆਂ ਦਾ ਮਾਰਿਆ ਜਾਣਾ, ਪਹਿਲਾਂ ਤੋਂ ਹੀ ਮਿੱਥੀ ਗਈ ਇਕ ਯੋਜਨਾ ਦਾ ਨਤੀਜਾ ਸਨ। ਇਹ ਯੋਜਨਾ ਕਿਸੇ ਅਜਿਹੇ ਸਮੂਹ ਵੱਲੋਂ ਬਣਾਈ ਗਈ ਸੀ ਜਿਸਨੇ ਵਿਕਟੋਰੀਆ ਟਰਮਿਨਸ ਅਤੇ ਮੈਟਰੋ ਸਿਨੇਮਾ ਦੇ ਵਿਚਕਾਰ ਆਮ ਰਸਤੇ ਦੀਆਂ ਵੱਖ-ਵੱਖ ਥਾਵਾਂ ’ਤੇ ਲੰਮੀ ਦੂਰੀ ਤੱਕ ਮਾਰ ਕਰਨ ਵਾਲੀਆਂ ਰਾਈਫਲਾਂ ਲਗਾਈਆਂ ਹੋਈਆਂ ਸਨ, ਤਾਂ ਜੋ ਉਨ੍ਹਾਂ ਦੇ ਕਾਤਿਲਾਨਾ ਹਮਲੇ ਨੂੰ ਸਫਲਤਾ ਮਿਲਣ ਦੇ ਵੱਧ ਤੋਂ ਵੱਧ ਮੌਕੇ ਹੋਣ।

ਇਸ ਸਭ ਦਾ ਮਕਸਦ?

ਉਪਰ ਜ਼ਿਕਰ ਕੀਤੇ ਗਏ ਸਵਾਲ ਤਾਂ ਉਨ੍ਹਾਂ ਸਵਾਲਾਂ ਵਿੱਚੋਂ ਥੋੜੇ ਜਿਹੇ ਹਨ, ਜੋ ਜਾਗ੍ਰਿਤ ਮੁੰਬਈ ਵਾਸੀਆਂ ਵੱਲੋਂ ਆਪਣੇ ਸਾਹਮਣੇ ਪਰੋਸੀ ਗਈ ਜਾਣਕਾਰੀ ਤੋਂ ਅਸੰਤੁਸ਼ਟ ਹੋਣ ਕਾਰਨ ਪੁੱਛੇ ਜਾ ਰਹੇ ਹਨ। ਇਹ ਉਹ ਨਾਗਰਿਕ ਹਨ ਜੋ ਅੱਤਵਾਦੀ ਨੈੱਟਵਰਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਬੰਦ ਕਰਨ ਦੀ ਮਹੱਤਤਾ ਤਾਂ ਸਮਝਦੇ ਹਨ ਪਰ ਜਿਨ੍ਹਾਂ ਨੂੰ ਸ਼ੰਕਾ ਹੈ ਕਿ ਅਧਿਕਾਰੀ ਵਾਕਈ ਅਜਿਹਾ ਕਰਨਗੇ। ਪੁਲਿਸ ਅਧਿਕਾਰੀ ਕਿਸੇ ਅਸਲ ਤੇ ਮਾਹਿਰ ਜਾਂਚ ਦੀ ਸੰਭਾਵਨਾ ਤੋਂ ਏਨਾ ਘਬਰਾਏ ਹੋਏ ਕਿਉਂ ਹਨ? ਇਸਦਾ ਉੱਤਰ ਇਹ ਹੈ ਕਿ ਸਾਨੂੰ ਅਜਿਹੀਆਂ ‘ਤਫਤੀਸ਼ਾਂ’ ਦਾ ਬਹੁਤ ਸਾਰਾ ਕੌੜਾ ਤਜ਼ਰਬਾ ਹੈ, ਜਿਨ੍ਹਾਂ ਵਿੱਚ ਨਿਰਦੋਸ਼ ਲੋਕਾਂ (ਆਮਤੌਰ ’ਤੇ ਮੁਸਲਿਮ ਜਾਂ ਸਿੱਖ ਨੌਜੁਆਨ) ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ, ਉਨ੍ਹਾਂ ’ਤੇ ਤਸ਼ੱਦਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਜਾਨੋਂ ਤੱਕ ਮਾਰ ਦਿੱਤਾ ਜਾਂਦਾ ਹੈ ਜਦਕਿ ਅਸਲ ਅਪਰਾਧੀਆਂ ਨੂੰ ਬਚ ਜਾਣ ਦਿੱਤਾ ਜਾਂਦਾ ਹੈ। ਕਾਰਕਰੇ ਨੇ ਇਸ ਮਾੜੇ ਰੁਝਾਨ ਦੇ ਰਿਕਾਰਡ ਨੂੰ ਤੋੜਿਆ ਪਰ ਹੁਣ ਉਹ ਖ਼ੁਦ ਮਰ ਚੁੱਕਾ ਹੈ। ਜਦ ਇਕ ਵਿਅਕਤੀ, ਜਿਸਨੂੰ ਭੰਡਿਆ ਗਿਆ ਹੋਵੇ, ਜਿਸ ’ਤੇ ਤੋਹਮਤਾਂ ਲਗਾਈਆਂ ਗਈਆਂ ਹੋਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹੋਣ, ਸ਼ੱਕੀ ਮਾਹੌਲ ਵਿੱਚ ਮਾਰਿਆ ਜਾਂਦਾ ਹੈ ਤਾਂ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਤੁਰੰਤ ਇਕ ਉਚਿਤ ਤਫਤੀਸ਼ ਕਰਵਾਈ ਜਾਏ - ਇਸਤੋਂ ਪਹਿਲਾਂ ਕਿ ਸਬੂਤਾਂ ਨੂੰ ਘੜਿਆ ਜਾਂ/ਅਤੇ ਤਬਾਹ ਕੀਤਾ ਜਾ ਸਕੇ। ਜੇਕਰ ਕਸਾਬ ਉਰਫ ਇਮਾਨ ‘ਗਾਇਬ’ ਹੋ ਜਾਂਦਾ ਹੈ ਜਾਂ ਕਤਲ ਕਰ ਦਿੱਤਾ ਜਾਂਦਾ ਹੈ ਜਾਂ ਉਸਨੂੰ ਫਾਂਸੀ ਹੋ ਜਾਂਦੀ ਹੈ - ਤਾਂ ਇਸ ਸਾਜਿਸ਼ ਦਾ ਹੋਰ ਕੋਈ ਸਬੂਤ ਨਹੀਂ ਬਚੇਗਾ।

ਪਾਕਿਸਤਾਨ ਦੇ ਲੋਕਾਂ ਅਤੇ ਸਰਕਾਰ ਨੂੰ ਓਹ ਅੱਤਵਾਦੀ ਨੈੱਟਵਰਕ ਖ਼ਤਮ ਕਰਨ, ਜਿਸਨੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਪਤਨੀ ਬੇਨਜ਼ੀਰ ਭੁੱਟੋ ਅਤੇ ਭਾਰਤ ਤੇ ਪਾਕਿਸਤਾਨ ਵਿੱਚ ਹਜ਼ਾਰਾਂ ਹੋਰ ਲੋਕਾਂ ਦੀ ਜਾਨ ਲਈ, ਵਿੱਚ ਓਨੀ ਹੀ ਦਿਲਚਸਪੀ ਹੈ ਜਿੰਨੀ ਭਾਰਤ ਦੇ ਲੋਕਾਂ ਅਤੇ ਸਰਕਾਰ ਨੂੰ। ਦੂਜੇ ਪਾਸੇ, ਅੱਤਵਾਦੀਆਂ - ਭਾਵੇਂ ਉਹ ਇਸਲਾਮਿਕ ਹੋਣ ਜਾਂ ਹਿੰਦੂਤਵਵਾਦੀ - ਦਾ ਇਕੋ ਸਾਂਝਾ ਮਕਸਦ ਹੁੰਦਾ ਹੈ। ਉਹ ਮਕਸਦ ਹੁੰਦਾ ਹੈ ਦੋ ਦੇਸ਼ਾਂ ਦੇ ਵਿੱਚ ਅਤੇ ਆਪਸ ਵਿਚਕਾਰ ਧਰਮ-ਨਿਰਪੱਖਤਾ, ਲੋਕਤੰਤਰ ਅਤੇ ਸ਼ਾਂਤੀ ਦਾ ਮਾਹੌਲ ਖ਼ਤਮ ਕਰਨਾ। ਪਾਕਿਸਤਾਨੀ ਸਿਆਸਤਦਾਨਾਂ ਨੇ ਅੱਤਵਾਦੀ ਹਮਲਿਆਂ ਦੀ ਜਾਂਚ ਲਈ ਸਾਂਝੀ (ਭਾਰਤ ਤੇ ਪਾਕਿਸਤਾਨੀ ਜਾਂਚ ਅਧਿਕਾਰੀਆਂ ਵਾਲੀ) ਤਫਤੀਸ਼ ਕਰਵਾਉਣ ਦਾ ਸੁਝਾਅ ਦਿੱਤਾ ਹੈ, ਜੋ ਉਨ੍ਹਾਂ ਕੁਝ ਭਾਰਤੀ ਸਿਆਸਤਦਾਨਾਂ ਦੇ ਬਿਆਨਾਂ ਨਾਲੋਂ ਕਾਫੀ ਸੰਜੀਦਾ ਹੈ ਜਿਨ੍ਹਾਂ ਦਾ ਇਲਜ਼ਾਮ ਹੈ ਕਿ ਪਾਕਿਸਤਾਨ ਉਨ੍ਹਾਂ ਅੱਤਵਾਦੀਆਂ ਨੂੰ ਪਾਲ ਰਿਹਾ ਹੈ, ਜਿਹੜੇ ਭਾਰਤੀਆਂ ਨੂੰ ਮਾਰ ਰਹੇ ਹਨ। ਇਹ ਗੱਲ ਸਪਸ਼ਟ ਹੋਣੀ ਚਾਹੀਦੀ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਦੋਹਾਂ ਦੇਸ਼ਾਂ ਲਈ ਆਰਥਕ ਤੌਰ ’ਤੇ ਤਬਾਹਕੁੰਨ ਹੋਵੇਗਾ। ਜਦਕਿ ਦੋਹਾਂ ਦੇਸ਼ਾਂ ਵਿਚਕਾਰ ਹੋਣ ਵਾਲੀ ਪਰਮਾਣੂ ਜੰਗ, ਜੋ ਇਨ੍ਹਾਂ ਦੇਸ਼ਾਂ ਵਿਚਲੀਆਂ ਕੱਟੜਪੰਥੀ ਤਾਕਤਾ ਦੇ ਸੱਤਾ ਵਿੱਚ ਆ ਜਾਣ ’ਤੇ ਸੰਭਵ ਹੈ, ਛਿੜਨ ਦੇ ਨਤੀਜੇ ਤਾਂ ਸੋਚੇ ਵੀ ਨਹੀਂ ਜਾ ਸਕਦੇ। ਜੇਕਰ ਭਾਰਤ-ਪਾਕਿਸਤਾਨ ਸ਼ਾਂਤੀ ਵਾਰਤਾ ਰੁਕਦੀ ਹੈ, ਤਾਂ ਅੱਤਵਾਦੀਆਂ ਨੂੰ ਜਿੱਤ ਗਏ ਸਮਝਿਆ ਜਾਣਾ ਚਾਹੀਦਾ ਹੈ।

ਵਾਕਈ, ਸਾਂਝੀ ਤਫਤੀਸ਼ ਦੇ ਬਿਨਾਂ ਇਸ ਹਮਲੇ ਲਈ ਜ਼ਿੰਮੇਵਾਰ ਅੱਤਵਾਦੀ ਸਮੂਹ ਦਾ ਪਰਦਾਫਾਸ਼ ਕਿਵੇਂ ਕੀਤਾ ਜਾ ਸਕਦਾ ਹੈ? ਸਾਂਝੀ ਜਾਂਚ ਦੇ ਬਿਨਾਂ ਕਸਾਬ ਵੱਲੋਂ, ਹਰ ਪੱਖ ਦੀ ਸੰਤੁਸ਼ਟੀ ਦੇ ਸਤਰ ਤੱਕ, ਪਾਕਿਸਤਾਨ ਦੇ ਦੱਸੇ ਗਏ ਨਾਵਾਂ ਅਤੇ ਪਤਿਆਂ ਦੀ ਪੜਚੋਲ ਕਿਵੇਂ ਹੋ ਸਕਦੀ ਹੈ? ਜੇਕਰ ਉਹ ਵਾਕਈ ਲਸ਼ਕਰ-ਏ-ਤਯੱਬਾ ਦਾ ਅੱਤਵਾਦੀ ਹੈ, ਤਾਂ ਉਹ ਆਪਣੇ ਸੰਗਠਨ ਬਾਰੇ ਅਮੋਲਕ ਜਾਣਕਾਰੀ ਦੇ ਸਕਣ ਦੇ ਸਮਰੱਥ ਹੋਵੇਗਾ ਅਤੇ ਭਾਰਤ ਦੇ ਜਾਂਚਕਰਤਾਵਾਂ ਦੀ ਇਕ ਟੀਮ ਨੂੰ ਪੜਤਾਲ ਕਰਨ ਵਾਸਤੇ ਪਾਕਿਸਤਾਨ ਸੱਦਿਆ ਜਾਣਾ ਚਾਹੀਦਾ ਹੈ। ਜੇਕਰ, ਕਸਾਬ ਉਹ ਨਹੀਂ ਹੈ, ਜੋ ਉਹ ਹੋਣ ਦਾ ਦਾਅਵਾ ਕਰਦਾ ਹੈ, ਤਾਂ ਫਿਰ ਇਹ ਵੀ ਸਪਸ਼ਟ ਹੋ ਜਾਵੇਗਾ। ਭਾਰਤੀ ਸਰਕਾਰ ਕਾਰਕਰੇ, ਸਾਲਾਸਕਰ ਅਤੇ ਕਾਮਟੇ ਦੀ ਸ਼ਹਾਦਤ ਕਾਰਨ ਨੈਤਿਕ ਤੌਰ ’ਤੇ ਅਜਿਹੀ ਜਾਂਚ ਕਰਵਾਉਣ ਦੀ ਪਾਬੰਦ ਹੈ। ਇਹ ਸਾਰੇ ਪੁਲਿਸ ਅਧਿਕਾਰੀ ਨਿਰਪੱਖਤਾ ਨਾਲ ਹਰ ਕਿਸਮ ਦੇ ਅੱਤਵਾਦ ਦਾ ਪਰਦਾਫਾਸ਼ ਕਰਦੇ ਹੋਏ ਮਾਰੇ ਗਏ। ਉਨ੍ਹਾਂ ਦੇ ਕੰਮ ਨੂੰ ਜਾਰੀ ਰੱਖਣ ਅਤੇ ਇਹ ਜਾਣਨ ਕਿ ਉਨ੍ਹਾਂ ਨੂੰ ਕਿਸਨੇ, ਕਦੋਂ ਅਤੇ ਕਿਵੇਂ ਕਤਲ ਕੀਤਾ; ਨਿਰਪੱਖ ਤੇ ਮੁਹਾਰਤ ਵਾਲੀ ਜਾਂਚ ਬਹੁਤ ਜ਼ਰੂਰੀ ਹੈ।

- - - - -

ਸੰਪਾਦਕੀ ਟਿੱਪਣੀ

ਬ੍ਰਾਹਮਣਵਾਦੀਆਂ ਵੱਲੋਂ ਲੋਕਾਂ ਦਾ ਧਿਆਨ ਆਪਣੀਆਂ ਮੰਦ ਕਰਤੂਤਾਂ ਤੋਂ ਹਟਾਉਣ ਲਈ ਕਥਿਤ ‘ਦੁਸ਼ਮਣਾਂ’ ਤੋਂ ਨਕਲੀ ਹਮਲੇ ਕਰਵਾਉਣੇ ਇਕ ਪੁਰਾਣੀ ਨੀਤੀ ਰਹੀ ਹੈ। ਇਸੇ ਨੀਤੀ ਅਧੀਨ ਬ੍ਰਾਹਮਣਵਾਦੀਆਂ ਵੱਲੋਂ ਭਾਰਤੀ ਸੰਸਦ, ਅਯੋਧਿਆ ਦੇ ਵਿਵਾਦਿਤ ਰਾਮ ਮੰਦਰ ਕੰਪਲੈਕਸ, ਨਾਗਪੁਰ ਦੇਆਰ.ਐਸ.ਐਸ. ਹੈਡਕੁਆਰਟਰ ਅਤੇ ਕਈ ਹੋਰ ਥਾਵਾਂ ’ਤੇ ਨਕਲੀ ਅੱਤਵਾਦੀ ਹਮਲਿਆਂ ਦੇ ਨਾਟਕ ਰਚਵਾਏ ਜਾ ਚੁੱਕੇ ਹਨ। ਮੁੰਬਈ ਘਟਨਾਕ੍ਰਮ ਬਾਰੇ ਉਪਰੋਕਤ ਲੇਖ ਵੀ ਸਪਸ਼ਟ ਕਰਦਾ ਹੈ ਇਹ ਹਮਲਾ ਵੀ ਮਾਤਰ ਇਕ ਨਾਟਕ ਹੀ ਸੀ। ਅੱਤਵਾਦੀਆਂ ਵੱਲੋਂ ਇਕ ਕਿਸ਼ਤੀ ਵਿੱਚ ਬੈਠ ਕੇ ਪਾਸਿਕਤਾਨ ਤੋਂ ਮੁੰਬਈ ਆ ਜਾਣਾ, ਉਨ੍ਹਾਂ ਵੱਲੋਂ ਆਪਣੀ ਪਾਕਿਸਤਾਨੀ ਪਛਾਣ ਦੱਸਣ ਵਾਲੇ ਸਬੂਤਾਂ (ਜਿਵੇਂ ਮੁਠਭੇੜ ਦੌਰਾਨ ਪਾਕਿਸਤਾਨ ਦੇ ਨੰਬਰਾਂ ’ਤੇ ਗੱਲਬਾਤ ਕਰਨਾ ਆਦਿਕ) ਦੇ ਢੇਰ ਛੱਡ ਜਾਣਾ, ਤਾਜ ਜਾਂ ਓਬਰਾਏ ਹੋਟਲ ਦੇ ਮਹਿਮਾਨਾਂ ਨੂੰ ਬੰਧਕ ਨਾ ਬਣਾਉਣਾ, ਕਈ ਹਮਲਾਵਰਾਂ ਵੱਲੋਂ ਆਪਸ ਵਿੱਚ ਮਰਾਠੀ ਵਿੱਚ ਗੱਲਬਾਤ ਕਰਨਾ, ਇਕ ਹਮਲਾਵਰ ਦਾ ਜਿੰਦਾ ਗ੍ਰਿਫ਼ਤਾਰ ਹੋ ਜਾਣਾ (ਜਦਕਿ ਜਿਹਾਦੀ ਅੱਤਵਾਦੀ ਗ੍ਰਿਫ਼ਤਾਰ ਹੋਣ ਤੋਂ ਪਹਿਲਾਂ ਹੀ ਖ਼ੁਦ ਨੂੰ ਮਾਰ ਲੈਂਦੇ ਹਨ) ਅਤੇ ਆਪਣੀ ਪਾਕਿਸਤਾਨੀ ਪਛਾਣ ਬਾਰੇ ਤੁਰੰਤ ਲੰਮੇ-ਚੌੜੇ ਬਿਆਨ ਦੇਣ ਲੱਗ ਪੈਣਾ ਆਦਿਕ ਨੁਕਤੇ ਸਪਸ਼ਟ ਜ਼ਾਹਿਰ ਕਰਦੇ ਹਨ ਕਿ ਇਹ ਹਮਲਾ ਭਾਰਤ ਵਿਚਲੇ ਕਿਸੇ ਵਿਸ਼ੇਸ਼ ਸੰਗਠਨ ਦਾ ਕਾਰਜ ਹਨ, ਜੋ ਇਹ ਚਾਹੁੰਦੇ ਹੀ ਸਨ ਕਿ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨੀ (ਯਾਨੀ ਮੁਸਲਿਮ) ਅੱਤਵਾਦੀਆਂ ਦੀ ਸਾਬਿਤ ਹੋ ਸਕੇ।

ਸਵਾਲ ਇਹ ਪੈਦਾ ਹੁੰਦਾ ਹੈ ਕਿ ਅਜਿਹਾ ਕਾਰਾ ਕੌਣ ਕਰਵਾ ਸਕਦਾ ਹੈ? ਅਸਲ ਵਿੱਚ ਮਹਾਂਰਾਸ਼ਟਰ ਦੇ ਅੱਤਵਾਦ-ਵਿਰੋਧੀ ਦਸਤੇ ਦੇ ਪੁਲਿਸ ਅਧਿਕਾਰੀਆਂ ਹੇਮੰਤ ਕਾਰਕਰੇ, ਵਿਜੈ ਸਾਲਾਸਕਰ ਅਤੇ ਅਸ਼ੋਕ ਕਾਮਟੇ ਵੱਲੋਂ ਕਾਫੀ ਸਰਗਰਮੀ ਤੇ ਨਿਰਪੱਖਤਾ ਨਾਲ ਮਹਾਂਰਾਸ਼ਟਰ ਵਿੱਚ ਹੋਈਆਂ ਅੱਤਵਾਦੀ ਕਾਰਵਾਈਆਂ ਦੀ ਜਾਂਚ ਕਰਕੇ, ਦੋਸ਼ੀ ਹਿੰਦੂ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਸੀ। ਖ਼ਾਸਕਰ ਸੰਘ ਪਰਵਾਰ ਨਾਲ ਜੁੜੀ ਹੋਈ ਹਿੰਦੂ ਸਾਧਵੀ ਪ੍ਰਗਿਆ ਸਿੰਘ, ਫੌਜੀ ਅਧਿਕਾਰੀ ਲੈਫਟੀਨੈਂਟ ਕਰਨਲ ਪੁਰੋਹਿਤ ਅਤੇ ਸਾਧਵੀ ਦੇ ‘ਗੁਰੂ’ ਪਾਂਡੇ ਦੀਆਂ ਗ੍ਰਿਫ਼ਤਾਰੀਆਂ ਨਾਲ ਹਿੰਦੂਤਵਵਾਦੀ ਸੰਗਠਨਾਂ ਦੀਆਂ ਅੱਤਵਾਦੀ ਕਾਰਵਾਈਆਂ ਬਾਰੇ ਕੌਮਾਂਤਰੀ ਪੱਧਰ ’ਤੇ ਚਰਚਾ ਹੋਣ ਲੱਗ ਪਈ ਸੀ। ਭਰੋਸੇਯੋਗ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਪਖੰਡੀ ਸਾਧ ਪਾਂਡੇ ਤੋਂ ਪ੍ਰਾਪਤ ਕੀਤੇ ਗਏ ਲੈਪਟਾਪ ਵਿੱਚ ਕੋਈ ਏਨੀ ਜ਼ਿਆਦਾ ਸੰਵੇਦਨਸ਼ੀਲ ਜਾਣਕਾਰੀ ਸੀ, ਜਿਸ ਨਾਲ ਸੰਘ ਪਰਵਾਰ ਦੀਆਂ ਸਾਰੀਆਂ ਅੱਤਵਾਦੀ ਕਾਰਵਾਈਆਂ/ਯੋਜਨਾਵਾਂ ਦਾ ਖੁਲਾਸਾ ਹੋ ਜਾਣਾ ਸੀ। ਦੱਸਿਆ ਜਾਂਦਾ ਹੈ ਕਿ ਇਸ ਲੈਪਟਾਪ ਵਿਚਲੀ ਸਮੱਗਰੀ ਦੀ ਜਾਣਕਾਰੀ ਹਾਲ-ਫਿਲਹਾਲ ਏ.ਟੀ.ਐਸ. ਦੇ ਸਿਰਫ਼ ਦੋ-ਤਿੰਨ ਉੱਚ ਅਧਿਕਾਰੀਆਂ (ਜਿਵੇਂ ਕਾਰਕਰੇ, ਸਾਲਾਸਕਰ ਤੇ ਕਾਮਟੇ ਆਦਿਕ) ਨੂੰ ਹੀ ਸੀ। ਸਪਸ਼ਟ ਹੈ ਕਿ ਹਿੰਦੂਤਵਵਾਦੀ ਸੰਗਠਨਾਂ ਲਈ ਜ਼ਰੂਰੀ ਸੀ ਕਿ ਆਪਣਾ ਪਰਦਾਫਾਸ਼ ਹੋਣ ਤੋਂ ਰੋਕਣ ਲਈ ਇਨ੍ਹਾਂ ਅਧਿਕਾਰੀਆਂ ਨੂੰ ਕਿਸੇ ਤਰ੍ਹਾਂ ‘ਸਫਾਇਆ’ ਕਰਵਾਉਂਦੇ। ਪਰ ਜੇਕਰ ਇਨ੍ਹਾਂ ਅਧਿਕਾਰੀਆਂ ਨੂੰ ਆਮ ਲੋਕਾਂ ਵਾਂਗ ਕਤਲ ਕਰਵਾ ਦਿੱਤਾ ਜਾਂਦਾ, ਤਾਂ ਇਸਦਾ ਸਿੱਧਾ ਸ਼ੱਕ ਸੰਘ ਪਰਵਾਰ ਦੇ ਸੰਗਠਨਾਂ ’ਤੇ ਹੀ ਪੈਣਾ ਸੀ ਤੇ ਇਨ੍ਹਾਂ ਸੰਗਠਨਾਂ ਦੇ ਖਿਲਾਫ਼ ਉੱਚ-ਪੱਧਰ ਦੀ ਜਾਂਚ ਵੀ ਹੋ ਸਕਦੀ ਸੀ। ਇਸਲਈ ਬ੍ਰਾਹਮਣਵਾਦੀਆਂ ਨੇ ਇਕ ਤੀਰ ਨਾਲ ਦੋ ਨਿਸ਼ਾਨੇ ਲੈਂਦਿਆਂ ਕੁਝ ਕਿਰਾਏ ਦੇ ਹਮਲਾਵਰਾਂ ਕੋਲੋਂ ਮੁੰਬਈ ਦੀਆਂ ਵੱਖ-ਵੱਖ ਥਾਵਾਂ ’ਤੇ ਹਮਲੇ ਕਰਵਾ ਦਿੱਤੇ। ਇਨ੍ਹਾਂ ਹਮਲਿਆਂ ਦੌਰਾਨ ਅੱਤਵਾਦ-ਵਿਰੋਧੀ ਦਸਤੇ ਦੇ ਉਕਤ ਅਧਿਕਾਰੀਆਂ ਨੂੰ ਕਤਲ ਕਰਨ ਦਾ ਇੰਤਜ਼ਾਮ ਪਹਿਲਾਂ ਹੀ ਕਰ ਲਿਆ ਗਿਆ ਸੀ। ਇਸੇਲਈ ਤਿੰਨੋਂ ਅਧਿਕਾਰੀਆਂ ਨੂੰ ਇਕੋ ਗੱਡੀ ਵਿੱਚ ਬਿਠਾ ਕੇ, ਇਕੋ ਥਾਂ, ਇਕੱਠੇ ਭੇਜ ਦਿੱਤਾ ਗਿਆ (ਜਦ ਹਮਲੇ ਤਿੰਨ ਥਾਵਾਂ ’ਤੇ ਹੋ ਰਹੇ ਸਨ, ਤਾਂ ਤਿੰਨੋਂ ਅਧਿਕਾਰੀਆਂ ਨੂੰ ਵੀ ਅਲੱਗ-ਅਲੱਗ ਥਾਵਾਂ ’ਤੇ ਹੀ ਜਾਣਾ ਚਾਹੀਦਾ ਸੀ)। ਯੋਜਨਾ ਮੁਤਾਬਿਕ ਇਨ੍ਹਾਂ ਅਧਿਕਾਰੀਆਂ ਦੇ ਕਤਲ ਹੋ ਜਾਣ ਦੇ ਤੁਰੰਤ ਬਾਅਦ ਇਨ੍ਹਾਂ ਨੂੰ ‘ਸ਼ਹੀਦ’ ਪ੍ਰਚਾਰਿਆ ਜਾਣਾ ਸ਼ੁਰੂ ਕਰ ਦਿੱਤਾ ਗਿਆ, ਤਾਂ ਜੋ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਕੋਈ ਸ਼ੱਕ ਨਾ ਪਏ।

ਜਦ ਕੇਂਦਰ ਦੇ ਇਸਾਈ ਮੰਤਰੀ ਏ.ਆਰ. ਅੰਤੁਲੇ ਨੇ ਉਕਤ ਅਧਿਕਾਰੀਆਂ ਦੇ ਸ਼ੱਕੀ ਹਾਲਾਤ ਵਿੱਚ ਮਾਰੇ ਜਾਣ ਬਾਰੇ ਸੰਸਦ ਵਿੱਚ ਸਿਰਫ਼ ਏਨੀ ਗੱਲ ਪੁੱਛ ਲਈ ਕਿ ਇਨ੍ਹਾਂ ਅਧਿਕਾਰੀਆਂ ਨੂੰ ਇਕੋ ਗੱਡੀ ਵਿੱਚ ਬੈਠ ਕੇ ਇਕੋ ਥਾਵੇਂ ਜਾਣ ਦਾ ਨਿਰਦੇਸ਼ ਕਿਸਨੇ ਦਿੱਤਾ ਸੀ, ਤਾਂ ਸੰਘ ਪਰਵਾਰ ਦੇ ਸੰਗਠਨਾਂ ਦੇ ਆਗੂ ਤੁਰੰਤ ਸ੍ਰੀ ਅੰਤੁਲੇ ਨੂੰ ਹਲਕੇ ਕੁੱਤੇ ਵਾਂਗ ਪੈ ਗਏ। ‘ਚੋਰ ਮਚਾਏ ਸ਼ੋਰ’ ਦੀ ਕਹਾਵਤ ਨੂੰ ਪ੍ਰਤੱਖ ਕਰਦਿਆਂ ਸ਼ਿਵ ਸੈਨਾ (ਜਾਂ ਵਾਨਰ ਸੈਨਾ) ਦੇ ਕਾਰਕੁੰਨਾਂ ਨੇ ਤੁਰੰਤ ਸ੍ਰੀ ਅੰਤੁਲੇ ਵਿਰੁੱਧ ਮੁਜ਼ਾਹਰੇ ਅਰੰਭ ਕਰ ਦਿੱਤੇ ਅਤੇ ਹਿੰਦੂਤਵਵਾਦੀ ਮਾਨਸਿਕਤਾ ਦਾ ਨਜ਼ਾਰਾ ਪੇਸ਼ ਕਰਦਿਆਂ ਉਨ੍ਹਾਂ ਤੁਰੰਤ ਸ੍ਰੀ ਅੰਤੁਲੇ ਨੂੰ ‘ਦੇਸ਼-ਵਿਰੋਧੀ’ (ਅਤੇ ਹਿੰਦੂ-ਵਿਰੋਧੀ) ਐਲਾਨ ਦਿੱਤਾ। ਭਾਵੇਂ ਸਿਆਸੀ ਮਜਬੂਰੀਆਂ ਕਾਰਨ ਬਾਅਦ ਵਿੱਚ ਸ੍ਰੀ ਅੰਤੁਲੇ ਆਪਣੇ ਬਿਆਨ ਤੋਂ ਮੁਨਕਰ ਹੋ ਗਏ ਪਰ ਉਪਰੋਕਤ ਸਵਾਲ ਦਾ ਜਵਾਬ ਹਾਲਾਂ ਵੀ ਜਨਤਾ ਸਾਹਮਣੇ ਨਹੀਂ ਆਇਆ। ਭਾਰਤ ਦੇ ਨਾਗਰਿਕਾਂ ਨੂੰ ਕਥਿਤ ਅੱਤਵਾਦੀਆਂ ਦੇ ਪਿਛੋਕੜ ਬਾਰੇ ਵੀ ਜਰੂਰ ਜਾਣਨਾ ਚਾਹੀਦਾ ਹੈ ਕਿ ਆਖਿਰ ਉਹ ਕੌਣ ਸਨ। ਸੱਚਾਈ ਨੂੰ ਪੂਰੀ ਤਰ੍ਹਾਂ ਸਾਹਮਣੇ ਲਿਆਏ ਬਿਨਾਂ ਅਤੇ ਅਸਲ ਅਪਰਾਧੀਆਂ (ਸੰਘ ਪਰਵਾਰ ਦੇ ਸੰਗਠਨ) ਖਿਲਾਫ਼ ਠੋਸ ਕਾਰਵਾਈ ਕੀਤੇ ਬਿਨਾਂ, ਸਿਰਫ਼ ਕਿਸੇ ਦੂਜੇ ਮੁਲਕ ਨੂੰ ਦੋਸ਼ ਦਿੰਦੇ ਰਹਿਣ ਨਾਲ ਭਾਰਤੀ ਸਮਾਜ ਦਾ ਕੋਈ ਭਲਾ ਨਹੀਂ ਹੋ ਸਕਦਾ।