Subscription About Us Contact Us


ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬਚਿੱਤਰ ਨਾਟਕ ਦੀਆਂ ਰਚਨਾਵਾਂ ਦਾ ਪ੍ਰਚਾਰ ਕਿਉਂ ਕੀਤਾ ਜਾਂਦਾ ਹੈ?

- ਕਿਰਪਾਲ ਸਿੰਘ, ਬਠਿੰਡਾ -

ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਫਿਲਾਸਫੀ ਨੂੰ ਨਾ ਸਮਝਣ ਵਾਲੇ ਬਹੁਤ ਸਾਰੇ ਸਿੱਖ ਪ੍ਰਚਾਰਕ ਅਤੇ ਸੰਪਰਦਾਵਾਂ ਬਚਿੱਤਰ ਨਾਟਕ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਆਤਮ ਕਥਾ ਦੱਸਦੇ ਹਨ, ਜਿਸ ਵਿੱਚ ਉਨ੍ਹਾਂ ਆਪਣੇ ਪਿੱਛਲੇ ਜਨਮ ਦਾ ਬਿਰਤਾਂਤ ਖੋਲ੍ਹ ਕੇ ਲਿਖਿਆ ਹੈ। ਬਚਿੱਤਰ ਨਾਟਕ ਨੂੰ ਉਹ ਇਸ ਕਦਰ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰ੍ਰਮਾਣਿਕ ਰਚਨਾ ਮੰਨਦੇ ਹਨ ਕਿ ਇਸ ਦੇ ਅਧਾਰ ’ਤੇ ਹੀ ਉਸ ਤ੍ਰਿਆ ਚਰਿੱਤਰ ਅਤੇ ਹਕਾਇਤਾਂ ਵਰਗੀ ਅਸ਼ਲੀਲ ਰਚਨਾ, ਚਉਬੀਸ ਅਉਤਾਰ ਵਰਗੀ ਰਚਨਾ ਜਿਹੜੀ ਕਿ ੴ ਨਿਰੰਕਾਰ ਵਾਹਿਗੁਰੂ ਨਾਲੋਂ ਤੋੜ ਕੇ ਬਹੁ ਅਵਤਾਰਵਾਦ ਨਾਲ ਜੋੜਨ ਦੀ ਪ੍ਰੇਰਣਾ ਦੇਣ ਵਾਲੀ ਹੈ ਅਤੇ ਚੰਡੀ ਚਰਿੱਤਰ ਵਰਗੀ ਦੇਵੀ ਪੂਜਕ ਰਚਨਾ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਧ ਕਰਨ ਦਾ ਯਤਨ ਕਰਦੇ ਹਨ। ਉੁਨ੍ਹਾਂ ਦਾ ਕਹਿਣਾ ਹੈ ਕਿ ਅਖੌਤੀ ਦਸਮ ਗੰ੍ਰਥ ’ਚ ਉਪ੍ਰੋਕਤ ਸਾਰੀਆਂ ਹੀ ਰਚਨਾਵਾਂ ਦੀ ਲਿਖਣ ਸ਼ੈਲੀ, ਭਾਸ਼ਾ ਅਤੇ ਛੰਦ ਬੰਦੀ ਇੱਕ ਸਾਰ ਹੋਣ ਕਰਕੇ ਇੱਕੇ ਵਿਅਕਤੀ ਦੀ ਹੋ ਸਕਦੀ ਹੈ, ਇਸ ਲਈ ਜੇਕਰ ਬਚਿੱਤਰ ਨਾਟਕ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਤਾਂ ਸਾਰੀ ਦੀ ਸਾਰੀ ਰਚਨਾ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ।

ਬਹੁਤ ਸਾਰੇ ‘ਸ਼ਰਧਾਲੂ’ ਜਾਂ ‘ਰਾਗੀ’ ਤਾਂ ਬਚਿੱਤਰ ਨਾਟਕ ਦੀ ਰਚਨਾ ਨੂੰ ਗੁਰੂ ਗੰ੍ਰਥ ਸਾਹਿਬ ਜੀ ਦੀ ਰਚਨਾ ਤੋਂ ਵੀ ਉਪਰ ਮੰਨਣ ਤੱਕ ਜਾਂਦੇ ਹਨ, ਇਸੇ ਲਈ ਗੁਰਪੁਰਬਾਂ ਮੌਕੇ ਖਾਸ ਕਰਕੇ ਗੁਰੁੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਸਾਰੇ ਹੀ ਰਾਗੀ ਬਚਿੱਤਰ ਨਾਟਕ ’ਚੋਂ ਹੀ ਕੀਰਤਨ ਕਰਦੇ ਹਨ ਅਤੇ ਕਥਾ ਵਾਚਕ, ਢਾਡੀ ਪ੍ਰਚਾਰਕ ਆਦਿ ਵੀ ਆਪਣੇ ਭਾਸ਼ਣ ਦਾ ਅਧਾਰ ਇਸੇ ਰਚਨਾ ਨੂੰ ਬਣਾਉੁਂਦੇ ਹਨ। ਆਉ ਜਰਾ ਵੀਚਾਰ ਕੇ ਵੇਖੀਏ ਕਿ ਗੁਰਪੁਰਬ ਮੌਕੇ ਇਹ ਆਮ ਪੜ੍ਹੀ ਜਾਂਦੀ ਰਚਨਾ ਗੁਰਮਤਿ ਨਾਲ ਕਿਤਨੀ ਕੁ ਮੇਲ ਖਾਂਦੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਜਿਹੜਾ ਨਾਨਕਸ਼ਾਹੀ ਕ੍ਹੈੋਡਰ ਮੁਤਾਬਿਕ ਹਰ ਸਾਲ 5 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ, ਦੌਰਾਨ ਤਾਂ ਹੋਰ ਵੀ ਘੋਰ ਮਨਮਤਿ ਹੁੰਦੀ ਹੈ, ਕਿਉੁਂਕਿ ਇਸ ਦੌਰਾਨ ਜੋ ਕਥਾ ਕੀਰਤਨ ਜਾਂ ਗੁਰ ਇਤਿਹਾਸ ਸੁਣਾਇਆ ਜਾਂਦਾ ਹੈ, ਉਹ ਨਵੇਂ ਆਏ ਜਗਿਆਸੂ ਨੂੰ ਤਾਂ ਮਨਮਤਿ ਅਤੇ ਕਰਮਕਾਂਡਾਂ ’ਚ ਪੱਕਾ ਯਕੀਨ ਕਰਵਾਉਣ ’ਚ ਸਹਾਈ ਹੁੰਦਾ ਹੀ ਹੈ, ਸਗੋਂ ਜਿਨ੍ਹਾਂ ਗੁਰਸਿੱਖਾਂ ਨੂੰ ਗੁਰਬਾਣੀ ਦੀ ਥੋੜ੍ਹੀ ਬਹੁਤ ਸੂਝ ਹੈ, ਉੁਨ੍ਹਾਂ ’ਚ ਦੁਬਿਧਾ ਪੈਦਾ ਕਰਨ ਦਾ ਕਾਰਨ ਵੀ ਬਣ ਰਿਹਾ ਹੈ। ਇਸ ਦਿਹਾੜੇ ‘ਤੇ ਪਿੰਡ ਦੇ ਛੋਟੇ ਗੁਰਦੁਆਰੇ ਤੋਂ ਲੈ ਕੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਪਟਨਾ ਸਾਹਿਬ, ਜੋਤੀ ਜੋਤ ਸਮਾਉਣ ਦਾ ਅਸਥਾਨ ਹਜ਼ੂਰ ਸਾਹਿਬ ਅਤੇ ਸਿੱਖੀ ਦੇ ਕੇਂਦਰ ਦਰਬਾਰ ਸਾਹਿਬ ਅੰਮ੍ਰਿਤਸਰ ਤੱਕ, ਜੋ ਕੀਰਤਨ ਹੁੰਦਾ ਹੈ, ਉਹ ਜਾਗਤ ਜੋਤ ਜੁਗੋ ਜੁੱਗ ਅਟੱਲ ਆਦਿ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬਾਣੀ ’ਚੋਂ ਨਹੀਂ ਸਗੋਂ ਅਖੌਤੀ ਦਸਮ ਗੰ੍ਰਥ ਵਿੱਚ ਦਰਜ਼ ਬਚਿੱਤਰ ਨਾਟਕ ਦੀ ਉਸ ਵਚਿੱਤਰ ਰਚਨਾ ’ਚੋਂ ਹੋ ਰਿਹਾ ਹੁੰਦਾ ਹੈ, ਜਿਸ ਦਾ ਭਾਵ ਅਰਥ ਗੁਰੂ ਗੰ੍ਰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਮੇਲ ਖਾਣ ਦੀ ਥਾਂ ਇਸ ਦੇ ਪੂਰੀ ਤਰ੍ਹਾਂ ਵਿਰੋਧ ’ਚ ਹੁੰਦਾ ਹੈ। ਸੋ, ਥੋੜ੍ਹੀ ਬਹੁਤੀ ਸੂਝ ਰੱਖਣ ਵਾਲੇ ਗੁਰਸਿੱਖ ਇਸ ਦੁਬਿਧਾ ’ਚ ਫਸ ਜਾਂਦੇ ਹਨ ਕਿ ਆਦਿ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ, ਜਿਸ ਨੂੁੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖ਼ੁਦ ਹੀ ਜੋਤੀ ਜੋਤ ਸਮਾਉਣ ਵੇਲੇ (‘‘ਸਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨੀਓ ਗੰ੍ਰਥ’’ ਅਨੁਸਾਰ) ਸਾਰੇ ਸਿੱਖਾਂ ਨੂੰ, ਜਿਸ ਗੰ੍ਰਥ ਨੂੰ ਗੁਰੂ ਮੰਨਣ ਦਾ ਹੁਕਮ ਕਰ ਗਏ ਸਨ, ਉਸ ਦੀ ਬਾਣੀ ਠੀਕ ਹੈ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਧੱਕੇ ਨਾਲ ਜੋੜੀ ਗਈ ਬਚਿੱਤਰ ਨਾਟਕ ਦੀ ਉਹ ਆਤਮ ਕਥਾ, ਜਿਸ ਦਾ ਉਹ ਕੀਰਤਨ ਸੁਣ ਰਹੇ ਹਨ, ਉਹ ਸੱਚੀ ਹੈ। ਹਰ ਸਾਲ ਹਰ ਗੁਰਦੁਆਰੇ ’ਚੋਂ ਹਰ ਕੀਰਤਨੀਏ ਦੇ ਮੂੰਹੋਂ ਜੋ ਕੀਰਤਨ ਸੁਣਿਆ ਜਾ ਰਿਹਾ ਹੈ, ਉਹ ਇਹ ਹੈ :

ਅਬ ਮੈ ਅਪਨੀ ਕਥਾ ਬਖਾਨੋ।
ਤਪ ਸਾਧਤ ਜਿਹ ਬਿਧਿ ਮੋਹਿ ਆਨੋ।
ਹੇਮਕੁੰਟ ਪਰਬਤ ਹੈ ਜਹਾਂ।
ਸਪਤ ਸ੍ਰਿੰਗ ਸੋਭਤਿ ਹੈ ਤਹਾਂ।1।
ਸਪਤ ਸਿੰ੍ਰਗ ਤਿਹ ਨਾਮੁ ਕਹਾਵਾ।
ਪੰਡੁ ਰਾਜ ਜਹ ਜੋਗ ਕਮਾਵਾ।
ਤਹ ਹਮ ਅਧਿਕ ਤਪੱਸਿਆ ਸਾਧੀ।
ਮਹਾਕਾਲ ਕਾਲਿਕਾ ਅਰਾਧੀ ।2।
ਇਹ ਬਿਧਿ ਕਰਤ ਤਪੱਸਿਆ ਭਯੋ।
ਦਵੈ ਤੇ ਏਕ ਰੂਪ ਹਵੈ ਗਯੋ।
ਤਾਤ ਮਾਤ ਮੁਰ ਅਲਖ ਅਰਾਧਾ।
ਬਹੁ ਬਿਧਿ ਜੋਗ ਸਾਧਨਾ ਸਾਧਾ।3।

ਅਰਥ : (ਇਸ ਅਖੌਤੀ ਬਚਿੱਤਰ ਨਾਟਕ, ਜਿਸ ਦਾ ਲੇਖਕ ਅਸੀਂ ਬੇਸਮਝੀ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਝ ਰੱਖਿਆ ਹੈ, ਉਹ ਕਹਿ ਰਹੇ ਹਨ) ਹੁਣ ਮੈਂ ਆਪਣੀ ਵਾਰਤਾ ਦੱਸਦਾ ਹਾਂ, ਜਿਸ ਤਰ੍ਹਾਂ ਮੈਨੂੰ ਤਪ ਕਰਦਿਆਂ ਨੂੰ ਏਥੇ ਲਿਆਂਦਾ ਗਿਆ ਹੈ। ਜਿੱਥੇ ਹੇਕਮੁੰਟ ਪਰਬਤ ਹੈ, ਉੱਥੇ ਸਪਤ ਸਿੰ੍ਰਗ ਪਹਾੜ ਸੋਭਦਾ ਹੈ।1। ਜਿੱਥੇ ਪੰਡੂ ਰਾਜੇ ਨੇ ਯੋਗ ਕਮਾਇਆ ਸੀ, ਉਸ ਦਾ ਨਾਮ ਸਪਤ ਸਿੰ੍ਰਗ ਕਿਹਾ ਜਾਂਦਾ ਹੈ, ਉੱਥੇ ਅਸਾਂ ਵੀ ਬਹੁਤ ਤਪੱਸਿਆ ਕੀਤੀ, ਮਹਾਂਕਾਲ ਦੀ ਕਾਲਿਕਾ ਸ਼ਕਤੀ ਦੀ ਅਰਾਧਨਾ ਕੀਤੀ।2। ਮੈਂ ਤਪੱਸਿਆ ਕਰਦਿਆਂ ਇਸ ਤਰ੍ਹਾਂ ਹੋ ਗਿਆ ਕਿ ਦੋਹਾਂ ਤੋਂ ਇੱਕ ਰੂਪ ਹੋ ਗਿਆ। ਮੇਰੇ ਮਾਤਾ ਪਿਤਾ ਨੇ ਅਲੱਖ ਰੂਪ ਦੀ ਅਰਾਧਨਾ ਕੀਤੀ ਅਤੇ ਬਹੁਤ ਤਰ੍ਹਾਂ ਦੀ ਯੋਗ ਸਾਧਨਾ ਕੀਤੀ।3।

ਉਪ੍ਰੋਕਤ ਕੀਰਤਨ ਸੁਣ ਕੇ ਭਾਵੇਂ ਸ਼ਰਧਾਲੂ ਸੰਗਤ ਝੂਮਣ ਲੱਗ ਪੈਂਦੀ ਹੈ ਪਰ ਸਿਧਾਂਤਕ ਤੌਰ ’ਤੇ ਇਹ ਗੁਰੂ ਗੰ੍ਰਥ ਜੀ ਦੀ ਬਾਣੀ ਦੇ ਸਿਧਾਂਤ ਦੀ ਖੰਡਨਾ ਕਰਦੀ ਹੈ ਕਿਉਂਕਿ ਇਸ ਬਚਿੱਤਰ ਨਾਟਕ ਨੂੰ ਅਧਾਰ ਮੰਨ ਕੇ ਜਿਸ ਹੇਮਕੁੰਟ ਨੂੰ ਦਸਮੇਸ਼ ਪਿਤਾ ਜੀ ਦਾ ਤਪ ਅਸਥਾਨ ਮੰਨ ਕੇ ਅੱਜ ਸਿੱਖ ਕੌਮ ਨੇ ਵੱਡਾ ਤੀਰਥ ਬਣਾ ਲਿਆ ਹੈ, ਉਹ ਸੈਂਕੜੇ ਫੁੱਟ ਮੋਟੀ ਬਰਫ਼ ਦੀ ਤਹਿ ਨਾਲ ਢਕੀਆਂ ਪਹਾੜੀਆਂ, ਕਈ ਮੀਲਾਂ ’ਚ ਫੈਲੀਆਂ ਹੋਈਆਂ ਹਨ, ਜਿੱਥੇ ਖਾਣ ਪੀਣ ਦੇ ਪਦਾਰਥ ਮਿਲਣੇ ਵੀ ਅਸੰਭਵ ਹਨ, ਸਾਰਾ ਸਾਲ ਹੱਡ ਭੰਨਵੀਂ ਠੰਡ ਪੈਂਦੀ ਹੈ, ਜਿਸ ਕਾਰਨ ਉੱਥੇ ਲਗਾਤਾਰ ਇੱਕ ਮਹੀਨਾ ਟਿਕੇ ਰਹਿਣਾ ਵੀ ਜਾਨ ਲਈ ਖਤਰਾ ਬਣ ਖਲੋਂਦਾ ਹੈ, ਉਸ ਥਾਂ ’ਤੇ ਤਪ ਸਾਧਨ ਦਾ ਅਰਥ ਹੈ, ਸਰੀਰ ਨੂੰ ਬਰਫ਼ ਵਿੱਚ ਗਾਲ ਲੈਣ ਦਾ ਹਠ ਕਰਮ। ਸਰੀਰ ਦਾ ਨਾਸ਼ ਕਰਨ ਵਾਲੇ ਅਜਿਹੇ ਹੱਠ ਕਰਮਾਂ ਬਾਰੇ ਗੁਰਬਾਣੀ ਦਾ ਫੁਰਮਾਨ ਇਸ ਪ੍ਰਕਾਰ ਹੈ :

ਤਨੁ ਹੈਮੰਚਲਿ ਗਾਲੀਐ ਭੀ ਮਨ ਤੇ ਰੋਗ ਨ ਜਾਇ।।
ਹਰਿ ਨਾਮੈ ਤੁਲਿ ਨ ਪੁਜਈ ਸਭ ਡਿਠੀ ਠੋਕਿ ਵਜਾਇ।।
(ਪੰਨਾ : 62)

ਅਰਥ : ਜੇ ਸਰੀਰ ਨੂੰ ਹਿਮਾਲਾ ਪਰਬਤ ਦੀ ਬਰਫ਼ ’ਚ ਗਾਲ ਦਿੱਤਾ ਜਾਏ, ਤਾਂ ਵੀ ਮਨ ਵਿੱਚੋਂ (ਹਉਮੈਂ ਆਦਿਕ) ਰੋਗ ਦੂਰ ਨਹੀਂ ਹੁੰਦਾ। (ਅਜਿਹੇ ਕਰਮਕਾਂਡ ਦੀ) ਸਾਰੀ (ਹੀ ਮਰਯਾਦਾ) ਮੈਂ ਚੰਗੀ ਤਰ੍ਹਾਂ ਪਰਖ ਕੇ ਵੇਖ ਲਈ ਹੈ, ਕੋਈ ਕਰਮ ਪ੍ਰਭੂ ਦੇ ਨਾਮ ਸਿਮਰਨ ਦੀ ਬਰਾਬਰੀ ਤੱਕ ਨਹੀਂ ਪੁੱਜ ਸਕਦਾ’

ਅਨਿਕ ਬਰਖ ਕੀਏ ਜਪ ਤਾਪਾ।।
ਗਵਨੁ ਕੀਆ ਧਰਤੀ ਭਰਮਾਤਾ।।
ਇਕੁ ਖਿਨੁ ਹਿਰਦੈ ਸਾਂਤਿ ਨਾ ਆਵੈ ਜੋਗੀ ਬਹੁੜਿ ਬਹੁੜਿ ਉਠਿ ਧਾਵੈ ਜੀਉ।।
(ਪੰਨਾ 98)

ਅਰਥ : ਅਨੇਕਾਂ ਸਾਲ ਜਪ ਤਪ ਕੀਤੇ, ਸਾਰੀ ਧਰਤੀ ’ਤੇ ਗਵਨ ਕਰਦਾ ਭਟਕਦਾ ਰਿਹਾ ਪਰ ਇਨ੍ਹਾਂ ਕਰਮਕਾਂਡਾਂ ਕਾਰਨ ਇੱਕ ਛਿਨ ਮਾਤਰ ਵੀ ਹਿਰਦੇ ਵਿੱਚ ਸ਼ਾਂਤੀ ਨਹੀਂ ਆਉੁਂਦੀ, ਪਰ ਜੋਗ ਸਾਧਨਾ ’ਚ ਉਰਝਿਆ ਜੋਗੀ ਕਰਮਕਾਂਡਾਂ ਵਲ ਹੀ ਵਾਰ ਵਾਰ ਭਟਕਦਾ ਹੈ।

ਗੁਰਬਾਣੀ ਅਤੇ ਦਸਮੇਸ਼ ਪਿਤਾ ਜੀ ਦੇ ਆਪਣੇ ਵੀਚਾਰ ਵੀ ਹੇਮਕੁੰਟ ਵਾਲੀ ਥਾਂ ’ਤੇ ਅਨੇਕਾਂ ਸਾਲ ਤਪ ਸਾਧਨਾ ਕਰਨ ਦੀ ਕਹਾਣੀ ਦੇ ਬਿਲਕੁਲ ਵਿਰੋਧੀ ਭਾਵ ’ਚ ਹਨ, ਇਸ ਲਈ ਇਹ ਮੰਨਣਯੋਗ ਨਹੀਂ ਹੈ ਕਿ ਅਜਿਹੇ ਪਾਵਨ ਸ਼ਬਦਾਂ ਦੇ ਰਚੇਤਾ ਗੁਰੂ ਨਾਨਕ ਦੇਵ ਜੀ ਦੇ ਦਸਵੇਂ ਪਾਵਨ ਸਰੂਪ ਨੇ ਹਿਮਾਲਿਆ ਦੀਆਂ ਬਰਫ਼ਾਂ ਵਿੱਚ ਸਰੀਰ ਨੂੰ ਗਾਲ ਦੇਣ ਵਾਲੀ ਠੰਡ ਵਿੱਚ ਪ੍ਰਮਾਤਮਾ ਦੇ ਮਿਲਾਪ ਲਈ ਘੋਰ ਤਪੱਸਿਆ ਵਾਲਾ ਹਠ ਕਰਮ ਕੀਤਾ ਹੋਵੇ। ਕਠਿਨ ਤਪੱਸਿਆ ਨਾਲ ਦਸਮੇਸ਼ ਜੀ ਨੂੰ ਜੋੜਨ ਵਾਲੇ ਅਸੀਂ, ਕੀ ਸਤਿਗੁਰੂ ਨੂੰ ਮੁੜ, ਬੇਤਾਲੇ ਅਥਵਾ ਸਾਕਤ ਤਾਂ ਨਹੀਂ ਕਹਿ ਰਹੇ ਹੁੰਦੇ? ਕਿਸੇ ਪ੍ਰਕਾਰ ਦੇ ਜਪ-ਤਪ ਨੂੰ ਫੋਕਟ ਸਮਝਣ ਦਾ ਉਪਦੇਸ਼ ਦੇਣ ਵਾਲੇ ਮਹਾਨ ਗੁਰੂ ਜੀ ਨੂੰ ਹੀ, ਜਪਾਂ-ਤਪਾਂ ਨਾਲ ਅਥਵਾ ਯੋਗ ਸਾਧਨਾ ਨਾਲ ਜੋੜਨ ਵਾਲੀ ਗੱਲ ਕਰਨ ਵਾਲੇ, ਕੀ ਅਸੀਂ ਸਾਰੇ ਇਹ ਦੋਸ਼ ਲਗਾ ਰਹੇ ਹਾਂ ਕਿ ‘‘ਅਵਰ ਉਪਦੇਸੈ ਆਪ ਨਾ ਕਰੈ’ ਆਵਤ ਜਾਵਤ ਜਨਮੈ ਮਰੈ’’’ (98) ’ਤੇ ਗੁਰੂ ਸਾਹਿਬ ਖ਼ੁਦ ਹੀ ਆਪ ਅਮਲ ਨਹੀਂ ਕਰ ਰਹੇ? ਬਚਿੱਤਰ ਨਾਟਕ ਦੀ ਰਚਨਾ ਨੇ ਤਾਂ ਕਰਨ-ਕਾਰਨ, ਸਰਬ ਸਮਰੱਥ ਪ੍ਰਮਾਤਮਾ ਨੂੰ ਹੀ ਬੜਾ ਬੇਵੱਸ ਹੋਇਆ ਦਰਸਾਇਆ ਹੈ ਜਦੋਂ ਤਪ ਸਾਧ ਰਹੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਕਹਿ ਰਹੇ ਹਨ ਕਿ :

ਜਬ ਪਹਿਲੇ ਹਮ ਸ੍ਰਿਸਟ ਬਨਾਈ।।
ਦੱਈਤ ਰਚੇ ਦੁਸਟ ਦੁਖ ਦਾਈ।।
ਤੇ ਭੁਜ ਬਲ ਬਵਰੇ ਹਵੈ ਗਏ।।
ਪੂਜਤ ਪਰਮ ਪੁਰਖ ਰਹਿ ਗਏ।।

ਅਰਥ : ਬੇਵੱਸ ਹੋਇਆ ਪ੍ਰਮਾਤਮਾ ਤਪ ਕਰ ਰਹੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੁਲਾ ਕੇ ਕਹਿਣ ਲੱਗਿਆ ਕਿ ਜਦੋਂ ਪਹਿਲੇ ਅਸੀਂ ਸ਼੍ਰਿਸ਼ਟੀ ਬਣਾਈ ਤਾਂ ਦੁਖਦਾਈ, ਦੁਸ਼ਟ ਦੈਂਤ ਵੀ ਬਣਾ ਦਿੱਤੇ, ਉਹ ਕਮਲੇ ਬੇਅਕਲ ਆਪਣੇ ਬਾਹੂ ਬਲ ਦੇ ਹੰਕਾਰ ਦੇ ਕਾਰਨ ਪਾਗਲ ਹੋ ਗਏ। (ਮੈਨੁੂੰ) ਪਰਮ ਪੁਰਖ ਭਾਵ ਪ੍ਰਤ੍ਰਭੂ ਨੂੰ ਪੂਜਣਾ ਹੀ ਭੁੱਲ ਗਏ।

ਤੇ ਹਮ ਤਮਕਿ ਤਨਿਕ ਮੋ ਖਾਪੇ।।
ਤਿਨ ਕੀ ਠਾਉਰ ਦੇਵਤੇ ਥਾਪੇ।।
ਤੇ ਭੀ ਬਲ ਪੂਜਾ ਉਰਝਾਏ।।
ਆਪਨ ਹੀ ਪਰਮੇਸ਼ੁਰ ਕਹਾਏ।।

(ਉੁਨ੍ਹਾਂ ਦੀ ਇਸ ਮੂਰਖਤਾਈ ’ਤੇ) ਅਸੀਂ ਕਰੋਧਵਾਨ ਹੋ ਕੇ ਉਹ ਝੱਟ ਹੀ ਖਪਾ ਦਿੱਤੇ ਅਤੇ ਉਨ੍ਹਾਂ ਦੀ ਥਾਂ ਦੇਵਤੇ ਬਣਾ ਦਿੱਤੇ ਪਰ ਉਹ ਵੀ ਸ਼ਕਤੀ ਦੀ ਪੂਜਾ ’ਚ ਉਰਝ ਗਏ ਅਤੇ ਆਪਣੇ ਆਪ ਨੂੰ ਪ੍ਰਮੇਸ਼ਰ ਕਹਾਉਣ ਲੱਗ ਪਏ।

ਮਹਾਦੇਵ ਅਚੁਤ ਕਹਵਾਯੋ।।
ਬਿਸਨ ਆਪ ਹੀ ਕੋ ਠਹਰਾਯੋ।।
ਬ੍ਰਹਮਾ ਆਪ ਪਾਰਬ੍ਰਹਮ ਬਖਾਨਾ।।
ਪ੍ਰਭ ਕੋ ਪ੍ਰਭੂ ਨ ਕਿਨਹੂੰ ਜਾਨਾ।।

ਅਰਥ : ਸ਼ਿਵ ਆਪਣੇ ਆਪ ਨੂੰ ਹੀ ਅਮਰ ਅਖਵਾਉਣ ਲੱਗਾ। ਬਿਸ਼ਨ ਬਣਾਇਆ ਤਾਂ ਆਪਣੇ ਆਪ ਨੂੰ ਹੀ ਕਰਤਾ ਧਰਤਾ ਮੰਨ ਬੈਠਾ। ਬ੍ਰਹਮਾ ਨੇ ਆਪਣੇ ਆਪ ਨੂੰ ਪਾਰਬ੍ਰਹਮ ਆਖਿਆ ਅਤੇ ਇਸ ਤਰ੍ਹਾਂ ਕਿਸੇ ਨੇ ਵੀ ਪ੍ਰਭੂ ਨੂੰ ਪ੍ਰਭੂ ਕਰਕੇ ਨਾ ਮੰਨਿਆ।

ਤਬ ਸਾਖੀ ਪ੍ਰਭ ਅਸਟ ਬਨਾਏ।।
ਸਾਖ ਨਮਿਤ ਦੇਬੇ ਠਹਿਰਾਏ।।
ਤੇ ਕਹੈ, ਕਰੋ ਹਮਾਰੀ ਪੂਜਾ।।
ਹਮ ਬਿਨ ਅਵਰੁ ਨ ਠਾਕੁਰੁ ਦੂਜਾ।।

ਅਰਥ : ਫਿਰ ਪ੍ਰਭੂ ਨੇ ਅੱਠ ਸਾਖੀ (ਗਵਾਹ) ਬਣਾਏ ਅਤੇ ਉਨ੍ਹਾਂ ਨੂੰ ਜੀਵਾਂ ਦੇ ਕੀਤੇ ਕਰਮਾਂ ਦੀ ਗਵਾਹੀ ਦੇਣ ਵਾਸਤੇ ਕਾਇਮ ਕੀਤਾ। ਪਰ ਉਹ ਕਹਿਣ ਲੱਗੇ (ਹੇ ਜਗਤ ਦੇ ਲੋਕੋ! ਜੇ ਸੁੱਖ ਚਾਹੁੰਦੇ ਹੋ, ਤਾਂ) ਸਾਡੀ ਹੀ ਪੂਜਾ ਕਰੋ, (ਕਿਉਂਕਿ) ਸਾਥੋਂ ਬਿਨਾਂ ਹੋਰ ਕੋਈ ਪ੍ਰਮੇਸ਼ਰ ਨਹੀਂ ਹੈ।

ਇਸ ਤਰ੍ਹਾਂ ਬਚਿੱਤਰ ਨਾਟਕ, (ਜਿਸ ਨੁੰ ਸਾਜਿਸ਼ਕਾਰਾਂ ਨੇ ਆਪਣੀ ਸਾਜਿਸ਼ ਅਧੀਨ ਅਤੇ ਸਿੱਖਾਂ ਨੇ ਆਪਣੀ ਅਗਿਆਨਤਾ ਕਾਰਨ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਪਿੱਛਲੇ ਜਨਮ ਦੀ ਆਤਮ ਕਥਾ ਦਾ ਲਿਖਾਰੀ ਮੰਨ ਲਿਆ ਹੈ) ਦੇ ਲਿਖਾਰੀ ਨੇ ਉਸ ਅਭੁੱਲ ਪ੍ਰਮਾਤਮਾ (ਭੁਲਣ ਅੰਦਰਿ ਸਭੁ ਕੋ ਅਭੁਲ ਗੁਰੂ ਕਰਤਾਰ) (ਪੰਨਾ 98) ਦੀ ਸਥਿੱਤੀ ਅਜਿਹੀ ਬਣਾ ਦਿੱਤੀ ਹੈ ਕਿ ਜਿਸ ਨੂੰ ਵੀ ਉਹ ਆਪਣੀ ਪੂਜਾ ਪ੍ਰਤਿਸ਼ਠਾ ਕਰਵਾਉਣ ਅਤੇ ਆਪਣਾ ਨਾਮ ਜਪਾਉਣ ਲਈ ਭੇਜਦਾ, ਉਹੀ ਪ੍ਰਭੂ ਤੋਂ ਆਕੀ ਹੋ ਬੈਠਾ ਅਤੇ ਆਪਣਾ ਨਾਮ ਜਪਾਉਣ ਲੱਗ ਪਿਆ। ਭਾਵ ਪ੍ਰਮਾਤਮਾ ਤੋਂ ਹਰ ਵਾਰੀ ਗਲਤੀ ਹੀ ਹੁੰਦੀ ਰਹੀ। ਬਚਿੱਤਰ ਨਾਟਕ ਦਾ ਲਿਖਾਰੀ ਅੱਗੇ ਜਾ ਕੇ ਲਿਖਦਾ ਹੈ ਕਿ :

ਪੁਨਿ ਹਰਿ ਰਾਮਾਨੰਦ ਕੋ ਕਰਾ।।
ਭੇਸ ਬੈਰਾਗੀ ਕੋ ਜਿਨ ਧਰਾ।।
ਕੰਠੀ ਕੰਠਿ ਕਾਠ ਕੀ ਡਾਰੀ।।
ਪ੍ਰਭ ਕੀ ਕ੍ਹਿੈਆ ਨ ਕਛੂ ਬਿਚਾਰੀ।।

ਫਿਰ ਪ੍ਰਮਾਤਮਾ ਨੇ ਰਾਮਾ ਨੰਦ ਨੂੰ ਪੈਦਾ ਕੀਤਾ, ਜਿਸ ਨੇ ਬੈਰਾਗੀ ਭੇਖ ਧਾਰਨ ਕੀਤਾ ਤੇ ਗਲ਼ੇ ਵਿੱਚ ਕਾਠ ਕੀ ਕੰਠੀ ਪਾ ਲਈ ਪਰ ਪ੍ਰਭੂ ਦੀ ਕ੍ਹਿੈਆ ਦਾ ਕੋਈ ਵਿਚਾਰ ਨਾ ਕੀਤਾ।

ਜੇ ਪ੍ਰਭੁ ਪਰਮ ਪੁਰਖ ਉਪਜਾਏ।।
ਤਿਨ ਤਿਨ ਅਪਨੇ ਰਾਹ ਚਲਾਏ।।
ਮਹਾ ਦੀਨ ਤਬ ਪ੍ਰਭ ਉਪਰਾਜਾ।।
ਅਰਬ ਦੇਸ ਕੋ ਕੀਨੋ ਰਾਜਾ।।
ਤਿਨ ਭੀ ਏਕ ਪੰਥ ਉਪਰਾਜਾ।।
ਲਿੰਗ ਬਿਨਾ ਕੀਨੇ ਸਭ ਰਾਜਾ।।
ਸਭ ਤੇ ਅਪਨਾ ਨਾਮ ਜਪਾਯੋ।।
ਸਤਿਨਾਮੁ ਕਾਹੂ ਨ ਦ੍ਰਿਦ੍ਰੜਾਯੋ।।

ਪ੍ਰਭੂ ਨੇ ਜਿਹੜੇ ਵੀ ‘ਪਰਮ ਪੁਰਖ’ (ਸੁਧਾਰਕ ਮਹਾਤਮਾ) ਪੈਦਾ ਕੀਤੇ ਸਨ, ਉੁਨ੍ਹਾਂ ਸਭਨਾ ਆਪਣੇ ਮਜ਼ਹਬ ਤੋਰ ਲਏ। ਪ੍ਰਭੂ ਨੇ ਫਿਰ (ਮਹਾਦੀਨ) ਮੁਹੰਮਦ ਸਾਹਿਬ ਜੀ ਨੂੰ ਪੈਦਾ ਕੀਤਾ, (ਜਿਸ ਨੂੰ) ਅਰਬ ਦੇਸ ਦਾ ਰਾਜਾ ਬਣਾਇਆ।ੈ’ ਉਸ ਨੇ ਵੀ ਇੱਕ ਮਜ੍ਹਬ ਤੋਰ ਦਿੱਤਾ (ਅਤੇ ਆਪਣੇ) ਸਾਰੇ ਪੈਰੋਕਾਰਾਂ ਨੂੰ ੍ਹਿੋਗ ਤੋਂ ਬਿਨਾ ਬਣਾ ਦਿੱਤਾ ਹੈ (ਅਰਥਾਤ ਉਸ ਨੇ ਆਪਣੇ ਸ਼ਰਧਾਲੂਆਂ ਨੂੰ ਸੁੰਨਤੀ ਬਣਾ ਦਿੱਤਾ)। ਸਭਨਾਂ ਤੋਂ ਆਪਣਾ ਨਾਮ ਜਪਾਇਆ (ਇਸ ਤਰ੍ਹਾਂ) ਕਿਸੇ ਨੇ ਵੀ ਸਤਿਨਾਮ ਦਾ ਉਪਦੇਸ਼ ਨਹੀਂ ਦਿੱਤਾ।

ਸਭ ਅਪਨੀ ਅਪਨੀ ਉਰਝਾਨਾ।।
ਪਾਰਬ੍ਰਹਮ ਕਾਹੂੰ ਨ ਪਛਾਨਾ।।
ਤਪ ਸਾਧਤ ਹਰਿ ਮੋਹਿ ਬੁਲਾਯੋ।।
ਇਮ ਕਹਿ ਕੈ ਇਹ ਲੋਕ ਪਠਾਯੋ।।

ਸਾਰੇ ਆਪੋ ਆਪਣੀ (ਪ੍ਰਭਤਾ) ਵਿੱਚ ਫਸੇ ਹੋਏ ਹਨ, ਕਿਸੇ ਨੇ ਵੀ ਪਰਮਾਤਮਾ ਨੂੰ ਨਹੀਂ ਪਛਾਣਿਆ। ਮੈਨੂੰ (ਗੁਰੂ ਗੋਬਿੰਦ ਸਿੰਘ ਨੂੰ) ਤੱਪ ਕਰਦੇ ਨੂੰ ਹਰੀ ਨੇ ਬੁਲਾਇਆ ਅਤੇ ਇਸ ਤਰ੍ਹਾਂ ਕਹਿ ਕੇ (ਮੈਨੂੰ) ਇਸ ਜਗਤ ਵਿੱਚ ਭੇਜਿਆ।

ਭਾਵ : ਗੁਰੂ ਗੋਬਿੰਦ ਸਿੰਘ ਜੀ ਨੂੰ ਪ੍ਰਭੂ ਨੇ ਇਸ ਲੋਕ ਵਿੱਚ ਭੇਜ ਦਿੱਤਾ ਤਾਂ ਕਿ ਉਹ ਉਸ ਪ੍ਰਭੂ ਦਾ ਨਾਮ ਜਪਾਏ। ਹੁਣ ਜੇ ਇਸ ਬਚਿੱਤਰ ਕਥਾ ਨੂੰ ਸੱਚ ਮੰਨ ਲਿਆ ਜਾਵੇ ਤਾਂ ਇਹ ਮੰਨਣਾ ਪਵੇਗਾ ਕਿ ਪਹਿਲੇ ਨੌ ਗੁਰੂ ਸਾਹਿਬਾਨ ਨੇ ਵੀ ਪ੍ਰਭੂ ਦਾ ਨਾਮ ਨਹੀਂ ਸੀ ਜਪਾਇਆ। ਰਾਮਾਨੰਦ ਜੀ ਦੀ ਬਾਣੀ ਗੁਰੂ ਗੰ੍ਰਥ ਸਾਹਿਬ ਜੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਆਪ ਹੀ ਦਰਜ਼ ਕਰਵਾਈ ਹੈ, ਬਚਿੱਤਰ ਨਾਟਕ ਅਨੁਸਾਰ ਉਹ ਵੀ ਬੈਰਾਗੀ ਭੇਸ ਦਾ ਪ੍ਰਚਾਰ ਹੀ ਕਰਦੇ ਰਹੇ ਅਤੇ ਉੁਨ੍ਹਾ ਵੀ ਪ੍ਰਭੂ ਦਾ ਨਾਮ ਨਹੀਂ ਜਪਾਇਆ। ਫਿਰ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦੀ ਬਾਣੀ ਗੁਰੂ ਗੰ੍ਰਥ ਸਾਹਿਬ ’ਚ ਦਰਜ਼ ਕਿਉਂ ਕੀਤੀ? ਪ੍ਰਭੂ ਦੇ ਭੇਜੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਉਸ ਦੀ ਬਾਣੀ ਨੂੰ ਉਸੇ ਗੰ੍ਰਥ ਸਾਹਿਬ ’ਚ ਕਿਉਂ ਰਹਿਣ ਦਿੱਤਾ, ਜਿਸ ਨੂੰ ਉਨ੍ਹਾਂ ਬਾਅਦ ’ਚ ਗੁਰੂ ਮੰਨਣ ਦਾ ਹੁਕਮ ਦਿੱਤਾ? ਫਿਰ ਮੁਹੰਮਦ ਸਾਹਿਬ ਨੇ ਤਾਂ ਆਪਣਾ ਨਾਮ ਨਹੀਂ ਜਪਾਇਆ, ਉੁਨ੍ਹਾਂ ਨੇ ਤਾਂ ਇੱਕ ਅੱਲ੍ਹਾ ਦਾ ਹੀ ਨਾਮ ਜਪਾਇਆ ਹੈ। ਸੋ, ਇਸ ਕਥਾ ਦੀ ਵਿਚਾਰ ਕੀਤਿਆਂ ਮਲੂਮ ਹੁੰਦਾ ਹੈ ਕਿ ਇਹ ਉਪ੍ਰੋਕਤ ਬਚਿੱਤਰ ਕਥਾ ਜਿਸ ਦਾ ਕੀਰਤਨ ਗੁਰਪੁਰਬ ਸਮੇਂ ਬੜਾ ਝੂਮ ਝੂਮ ਕੇ ਕੀਤਾ ਜਾ ਰਿਹਾ ਹੁੰਦਾ ਹੈ, ਇਹ ਸਭ ਮਨਘੜਤ ਅਤੇ ਝੂਠੀ ਹੈ। ਇਸ ਤੋਂ ਇਲਾਵਾ ਜੇ ਇਸ ਕਥਾ ਨੂੰ ਪਿੱਛਲੇ ਜਨਮ ਦੀ ਕਹਿ ਕੇ ਮੰਨ ਵੀ ਲਿਆ ਜਾਵੇ ਤਾਂ ਵੀ ਗੁਰੂ ਨਾਲ ਸਿੱਖ ਦਾ ਸਬੰਧ ਉਸ ਸਮੇਂ ਤੋਂ ਹੈ, ਜਦੋਂ ਉੁਨ੍ਹਾਂ ਨੂੰ ਗੁਰਗੱਦੀ ਪ੍ਰਾਪਤ ਹੋਈ ਨਾ ਕਿ ਪਹਿਲੇ ਜਨਮ ਨਾਲ। ਜਿਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੀ ਸ਼ਰਣ ਵਿੱਚ ਆਉਣ ਤੋਂ ਪਹਿਲਾਂ ਦੇਵੀ ਪੂਜਕ ਸਨ, ਇਸੇ ਤਰ੍ਹਾਂ ਗੁਰੂ ਅਮਰ ਦਾਸ ਜੀ, ਗੁਰੂ ਅੰਗਦ ਦੇਵ ਜੀ ਦੀ ਸ਼ਰਣ ਵਿੱਚ ਆਉਣ ਤੋਂ ਪਹਿਲਾਂ ਗੰਗਾ ਦੇ ਪੁਜਾਰੀ ਸਨ ਪਰ ਸਿੱਖ ਦਾ ਉਨ੍ਹਾਂ ਦੀ ਪਹਿਲੀ ਜਿੰਦਗੀ ਜਾਂ ਕਰਮਾ ਨਾਲ ਕੋਈ ਸਬੰਧ ਨਹੀਂ ਹੈ, ਉਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਜਨਮ ਨਾਲ ਵੀ ਸਿੱਖ ਦਾ ਕੋਈ ਸਬੰਧ ਨਹੀਂ ਹੈ।

ਅੱਗੇ ਜਾ ਕੇ ਪੁੱਤਰ ਪ੍ਰਾਪਤੀ ਲਈ ਗੁਰੂ ਤੇਗ ਬਹਾਦਰ ਜੀ ਨੂੰ ਵੀ ਗੁਰਮਤਿ ਵਿਰੋਧੀ ਕਰਮ (ਤੀਰਥਾਂ ਦੇ ਇਸ਼ਨਾਨ) ਕਰਦੇ ਵਿਖਾ ਦਿੱਤਾ ਹੈ।

ਮੁਰ ਪਿਤ ਪੂਰਬ ਕੀਯਸਿ ਪਯਾਨਾ।।
ਭਾਂਤਿ ਭਾਂਤਿ ਦੇ ਤੀਰਥ ਨ੍ਹਾਨਾ।।
ਜਬ ਹੀ ਜਾਤ ਤ੍ਰਿਬੇਣੀ ਭਏ।।
ਪੁੰਨ ਦਾਨ ਦਿਨ ਕਰਤ ਬਿਤਏ।।1।।
ਤਹੀ ਪ੍ਰਕਾਸ਼ ਹਮਾਰਾ ਭਯੋ।।
ਪਟਨਾ ਸਹਰ ਬਿਖੈ ਭਵ ਲਯੋ।।...2।।

ਅਰਥ : (ਜਦੋਂ) ਮੇਰੇ ਪਿਤਾ (ਸ਼੍ਰੀ ਗੁਰੂ ਤੇਗ ਬਹਾਦਰ ਜੀ) ਨੇ ਪੂਰਬ ਵਲ ਜਾਣਾ ਕੀਤਾ ਅਤੇ ਭਾਂਤ ਭਾਂਤ ਦੇ ਤੀਰਥਾਂ ‘ਤੇ ਇਸ਼ਨਾਨ ਕੀਤੇ , ਜਦੋਂ ਇਸੇ ਤਰ੍ਹਾਂ ਕਰਦੇ (ਤ੍ਰਿਬੇਣੀ) ਪ੍ਰਯਾਗਰਾਜ ਪੁੱਜੇ ਸਨ ਅਤੇ ਦਾਨ ਪੁੰਨ ਕਰਦਿਆਂ ਕਈ ਦਿਨ ਬਿਤਾ ਦਿੱਤੇ ਤਾਂ ਜਾ ਕੇ ਪਟਨਾ ਸਾਹਿਬ ਵਿਖੇ ਸਾਡਾ (ਗੁਰੂ ਗੋਬਿੰਦ ਸਿੰਘ ਜੀ ਦਾ) ਪ੍ਰਕਾਸ਼ ਹੋਇਆ।

ਤੀਰਥਾਂ ਦੇ ਇਸ਼ਨਾਨ ਅਤੇ ਪੁੰਨ ਦਾਨ ਕਰਨ ਨੂੰ ਹੀ ਪੁੰਨ ਕਰਮ ਸਮਝਣ ਵਾਲਿਆਂ ਲਈ ਗੁਰੂ ਗੰ੍ਰਥ ਸਾਹਿਬ ਜੀ ਦੀ ਪ੍ਰਥਮ ਬਾਣੀ, ਜਪੁਜੀ ਸਾਹਿਬ ਵਿੱਚੋਂ ਹੀ ਇਸ ਉਪਦੇਸ਼ ਨੂੰ ਵੀ ਸਮਝਣਾ ਚਾਹੀਦਾ ਹੈ :

ਤੀਰਥ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ।।

ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਵਿੱਚ ਹੋਰ ਪ੍ਰਮਾਣ ਹਨ :

ਤੀਰਥ ਨਾਇ ਅਰੁ ਧਰਨੀ ਭ੍ਰਮਤਾ ਆਗੈ ਠਾਉਰ ਨਾ ਪਾਵੈ।।
ਉਹਾ ਕਾਮਿ ਨ ਆਵੈ ਇਹ ਬਿਧਿ ਓਹੁ ਲੋਗਨ ਹੀ ਪਤੀਆਵੈ।।
(ਪੰਨਾ : 216)

ਤਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ ਹੋਰੁ ਵਧੇਰੇ ਹਉਮੈ ਮਲੁ ਲਾਵਣਿਆ।।
(ਪੰਨਾ : 116)

ਤੀਰਥੁ ਤਪੁ ਦਇਆ ਦਤੁ ਦਾਨੁ।।
ਜੇ ਕੋ ਪਾਵੈ ਤਿਲਕਾ ਮਾਨੁ।।
(ਜਪੁਜੀ ਸਾਹਿਬ, ਪਉੜੀ 22)

ਪੂਜਾ ਵਰਤ ਤਿਲਕ ਇਸਨਾਨਾ ਪੁੰਨ ਦਾਨ ਬਹੁ ਦੈਨ।।
ਕਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ ਮੀਠੇ ਬੈਨ।।
(ਪੰਨਾ 674)

ਦਸਮੇਸ਼ ਪਿਤਾ ਜੀ ਖ਼ੁਦ ਅਕਾਲ ਉਸਤਤਿ ਵਿੱਚ ਵੀ ਫੁਰਮਾਨ ਕਰਦੇ ਹਨ :

ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾਂ ਨਹਿ ਏਕ ਪਛਾਨੈ।।
(33 ਸਵੱਈਏ)

ਸੋ, ਬਿਨਾ ਸੋਚਿਆਂ ਸਮਝਿਆਂ ਗੁਰਮਤਿ ਦੀ ਉਲੰਘਣਾ ਕਰਨ ਵਾਲੇ ਬਚਿੱਤਰ ਨਾਟਕ ਦੀ ਰਚਨਾ ਦਾ ਵਾਰ ਵਾਰ ਇਸ ਢੰਗ ਨਾਲ ਕੀਰਤਨ ਕਰਨ ਨਾਲ ਜਿਸ ਗੁਰਪੁਰਬ ’ਤੇ ਗੁਰਮਤਿ ਦਾ ਪ੍ਰਚਾਰ ਹੋਣਾ ਸੀ, ਉਸੇ ਗੁਰਪੁਰਬ ’ਤੇ ਸਗੋਂ ਮਨਮਤਿ ਦਾ ਪ੍ਰਚਾਰ ਹੋ ਰਿਹਾ ਹੈ। ਸਾਡੇ ਪ੍ਰਚਾਰਕਾਂ, ਕੀਰਤਨੀਏ ਅਤੇ ਪ੍ਰਬੰਧਕਾਂ ਨੁੰ ਚਾਹੀਦਾ ਹੈ ਕਿ ਜੇਕਰ ਉਹ ਸੰਪੂਰਨ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਟੀਕਾ ‘ਸ਼੍ਰੀ ਗੁਰੂ ਗੰ੍ਰਥ ਸਾਹਿਬ ਦਰਪਣ’ ਕ੍ਹਿ੍ਰੈਤ ਪ੍ਰੋ: ਸਾਹਿਬ ਸਿੰਘ ਅਤੇ ਉਸ ਉਪਰੰਤ ਅਖੌਤੀ ਦਸਮ ਗੰ੍ਰਥ ਦਾ ਟੀਕਾ ਖ਼ੁਦ ਪੜ੍ਹਨ ਦੀ ਖੇਚਲ ਕਰਨ, ਤਾਂ ਬਚਿੱਤਰ ਨਾਟਕ ਦੀ ਅਸਲੀਅਤ ਉੁਨ੍ਹਾਂ ਨੂੰ ਆਪਣੇ ਆਪ ਸਮਝ ਵਿੱਚ ਆ ਜਾਵੇਗੀ। ਜੇ ਗੁਰੂ ਕ੍ਰ੍ਹਿੈਪਾ ਕਰਨ ਇਨ੍ਹਾਂ ਪ੍ਰਚਾਰਕਾਂ ਨੂੰ ਸਮਝ ਆ ਗਈ ਤਾਂ ਗੁਰਮਤਿ ਦਾ ਪ੍ਰਚਾਰ ਵੀ ਆਪਣੇ ਆਪ ਹੋਣਾ ਸ਼ੁਰੁੂ ਹੋ ਜਾਵੇਗਾ। ਗੁਰਮਤਿ ਦੇ ਧਾਰਨੀ ਜਿਨ੍ਹਾਂ ਜਾਗਰੂਕ ਸਿੱਖਾਂ ਨੂੰ ਇਸ ਦੀ ਸਮਝ ਆ ਚੁੱਕੀ ਹੈ, ਉੁਨ੍ਹਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਵੱਧ ਤੋਂ ਵੱਧ ਕੀਰਤਨੀਏ, ਪ੍ਰਚਾਰਕਾਂ ਅਤੇ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਪੜ੍ਹਾਉਣ ਅਤੇ ਬੇਨਤੀ ਕਰਨ ਕਿ ਆਉਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਸਮੇਂ ਬਚਿੱਤਰ ਨਾਟਕ ’ਚੋਂ ਕੀਰਤਨ ਕਰਨ ਦੀ ਥਾਂ ਉਹ ਨਿਰੋਲ ਗੁਰੂ ਗੰ੍ਰਥ ਸਾਹਿਬ ਜੀ ਦੀ ਬਾਣੀ ਵਿੱਚੋਂ ਹੀ ਕੀਰਤਨ ਕਰਨ।