Subscription About Us Contact Us


ਅੱਜ ਦਸ਼ਮੇਸ਼ ਉਦਾਸ ਨੇ

ਬੋਲੇ ਸਤਿਗੁਰੂ ਪੰਥ ਦੇ ਰਹਿਬਰਾਂ ਨੂੰ, ਡਾਢਾ ਕੀਤਾ ਹੈ ਤੁਸਾਂ ਦਿਲਗੀਰ ਸਿੰਘੋ।
ਮੇਰੇ ਕਾਲਜੇ ਵਿੱਚ ਝਾਤੀ ਮਾਰ ਵੇਖੋ, ਤੁਸੀਂ ਕਿਵੇਂ ਕੀਤਾ ਲੀਰੋ ਲੀਰ ਸਿੰਘੋ।

ਖ਼ਾਲਸ ਪੰਥ ਇਕ ਤੁਸਾਂ ਨੂੰ ਸੌਂਪਿਆ ਸੀ, ਨੌ ਗੁਰੂਆਂ ਦੀ ਜ੍ਹਿਦੇ ਵਿੱਚ ਘਾਲਣਾ ਸੀ।
ਖਰਾ ਕੁੰਦਨ ਸੀ, ਨੀਰ ਗੰਗੋਤਰੀ ਦਾ, ਖੋਟ ਜ੍ਹਿਦੇ ਵਿੱਚ ਰਤਾ ਰਵਾਲ ਨਾ ਸੀ।
ਆਪਾ ਆਪਣਾ ਤੁਸਾਂ ਤੋਂ ਵਾਰ ਕੇ ਮੈਂ, ਤੁਸਾਂ ਡੁਬਦਿਆਂ ਤਾਈਂ ਮੈਂ ਤਾਰਿਆ ਸੀ।
ਤੁਹਾਨੂੰ ਚੜ੍ਹਦੀਆਂ ਕਲਾਂ ਵਿੱਚ ਵੇਖਣੇ ਨੂੰ, ਤੁਹਾਥੋਂ ਕੁਲ ਸਰਬੰਸ ਮੈਂ ਵਾਰਿਆ ਸੀ।

ਮੈਂ ਸੀ ਆਪਣਾ ਤੁਸਾਂ ਨੂੰ ਰੂਪ ਦਿੱਤਾ, ਮੈਂ ਸੀ ਆਪਣਾ ਤੁਸਾਂ ਨੂੰ ਰੰਗ ਦਿੱਤਾ।
ਮੈਂ ਸੀ ਸਨਮਾਨ ਨਾਲ ਜੀਉਣਾ ਦੱਸਿਆ, ਚੜ੍ਹਦੀ ਕਲਾ ਵਿੱਚ ਰਹਿਣ ਦਾ ਢੰਗ ਦਿੱਤਾ।
ਮੈਂ ਸੀ ਪੱਗ ਦੇ ਰੂਪ ਵਿੱਚ ਤਾਜ ਦਿੱਤਾ, ਪਾ ਕੇ ਟੋਪੀਆਂ ਸਿਰ ਰਹੇ ਕੱਜ ਸਿੰਘੋ।
ਜਾ ਰਹੇ ਨਿਘਰਦੇ ਫੇਰ ਵੀ ਸਮਝਦੇ ਨਹੀਂ, ਕਿੰਨੇ ਹੋ ਗਏ ਤੁਸੀਂ ਨਿਰਲੱਜ ਸਿੰਘੋ।

ਮੈਂ ਸੀ ਕੇਸਾਂ ਦੀ ਤੁਸਾਂ ਨੂੰ ਦਾਤਿ ਦਿੱਤੀ, ਬੱਬਰ ਸ਼ੇਰ ਵਰਗੀ ਹੈ ਸੀ ਸ਼ਕਲ ਦਿੱਤੀ।
ਸਾਂਝੀਵਾਲਤਾ ਦਾ ਜਜ਼ਬਾ ਦਿੱਤਾ ਨਾਲੇ, ਭਲੇ ਬੁਰੇ ਨੂੰ ਪਰਖਣ ਦੀ ਅਕਲ ਦਿੱਤੀ।
ਤਾਂ ਕਿ ਤੁਸਾਂ ਦਾ ਨਿਖਰਿਆ ਰੂਪ ਦਿਸੇ, ਮੈਂ ਸੀ ਆਪਣਾ ਤੁਸਾਂ ਨੂੰ ਨਾਮ ਦਿੱਤਾ।
ਜੁੱਗਾਂ ਤੀਕ ਨਾ ਉਤਰਦਾ ਨਸ਼ਾ ਜਿਸਦਾ, ਐਸਾ ਅੰਮ੍ਰਿਤ ਦਾ ਤੁਸਾਂ ਨੂੰ ਜਾਮ ਦਿੱਤਾ।

ਨਸ਼ਾਖੋਰੀ ਪਰ ਤੁਸਾਂ ਨੂੰ ਰਾਸ ਆਈ, ਦਾਤਿ ਅੰਮ੍ਰਿਤ ਦੀ ਸਾਂਭ ਨਾ ਰੱਖ ਸਕੇ।
ਗੁਰੂ ਬਾਣੀ ਤੋਂ ਲਿੱਤੀ ਨਾ ਸੇਧ ਕੋਈ, ਕਦੇ ਉਸਦਾ ਸੁਆਦ ਨਾ ਚੱਖ ਸਕੇ।
ਪੰਜਾਂ ਐਬਾਂ ਨੂੰ ਸੀਨੇ ਦੇ ਨਾਲ ਲਾਇਐ, ਐਪਰ ਦਿੱਤੇ ਤਿਆਗ ਕਕਾਰ ਸਿੰਘੋ।
ਤੁਸੀਂ ਉਨ੍ਹਾਂ ਨੂੰ ਜੱਫੀਆਂ ਪਾਈ ਫਿਰਦੇ, ਜਿਹੜੇ ਮਾਰਨ ਨੂੰ ਬੈਠੇ ਤਿਆਰ ਸਿੰਘੋ।

ਜਾਤ-ਪਾਤ ਨੂੰ ਤੁਸਾਂ ਤਿਆਗਿਆ ਨਹੀਂ, ਗੁਰੂਦੁਆਰੇ ਵੀ ਜਾਤਾਂ ਵਿੱਚ ਵੰਡ ਦਿਤੇ।
ਜਦੋਂ ਜਦੋਂ ਵਿਦਵਾਨਾਂ ਵਿਰੋਧ ਕੀਤਾ, ਤੁਸੀਂ ਸਿੱਖ ਉਹ ਪੰਥ ’ਚੋਂ ਛੰਡ ਦਿੱਤੇ।
ਕਰਮ-ਕਾਂਡਾਂ ਤੋਂ ਤੁਸਾਂ ਨੂੰ ਹਟਕਿਆ ਸੀ, ਹਵਨਾਂ ਅੰਦਰ ਸਮਗ੍ਰੀਆਂ ਪਾਈ ਜਾਵੋ।
ਪਾ ਕੇ ਗਲੇ ਕ੍ਰਿਪਾਨਾਂ ਸਮਾਧ ਪੂਜੋ, ਟਿੱਕੇ ਬਿਪਰਾਂ ਪਾਸੋਂ ਲਗਵਾਈ ਜਾਵੋ।

ਜਣੇ-ਖਣੇ ਦੇ ਹੀ ਤਲੂਏ ਚੱਟ ਰਹੇ ਹੋ, ਜਣੇ-ਖਣੇ ਕੋਲੋਂ ਮਾਰਾਂ ਜਾਈ ਜਾਵੋ।
ਹਰ ਕੋਈ ਤੁਸਾਂ ਦੀ ਪੱਗ ਨੂੰ ਹੱਥ ਪਾਉਂਦੈ, ਤੁਸੀਂ ਫੇਰ ਵੀ ਪੂਛ ਹਿਲਾਈ ਜਾਵੋ।
ਤੁਸੀਂ ਭੁੱਲ ਕੇ ਰੀਤ ਗੁਰਮਤਿਆਂ ਦੀ, ਪੱਗਾਂ ਰੋਜ਼ ਹੀ ਲਾਹੀ ਲੁਹਾਈ ਜਾਵੋ।
ਪੰਜ ਤਖ਼ਤ ੇਤ ਪੰਜਾਂ ਦੇ ਨੇਮ ਵੱਖਰੇ, ਹਰ ਇਕ ਗ੍ਰੰਥ ਨੂੰ ਮੱਥੇ ਟਿਕਾਈ ਜਾਵੋ।

ਭਲੇ ਕੰਮਾਂ ਲਈ ਸੌਂਪੀ ਸੀ ਗੋਲਕ ਆਪਣੀ, ਜਿਸਨੂੰ ਆਪਣੇ ਪਰਚਾਰ ’ਤੇ ਲਾ ਰਹੋ ਹੋ।
ਆਮ ਲੋਕਾਂ ਨੂੰ ਤੁਸਾਂ ਨੇ ਬਖਸ਼ਣੈ ਕੀ, ਗੁਰੂ ਘਰ ’ਚੋਂ ਕਮਿਸ਼ਨਾਂ ਖਾ ਰਹੇ ਹੋ।
ਧੰਨ ਗੁਰੂ ਘਰ ਦਾ ਮੈਂ ਸੀ ਕਿਹਾ ਮੋਹਰਾ, ਤੁਸੀਂ ਉਹੀ ਮੋਹਰਾ ਚੱਟੀ ਜਾ ਰਹੇ ਹੋ।
ਤੁਸੀਂ ਸਿੱਖੀ ਅਸੂਲਾਂ ਤੋਂ ਭਟਕ ਗਏ ਹੋ, ਆਪੇ ਜੜ੍ਹ ਆਪਣੀ ਕੱਟੀ ਜਾ ਰਹੇ ਹੋ।

ਦੂਜੇ ਧਰਮਾਂ ਦੀ ਕਰਨੀ ਕੀ ਤੁਸੀਂ ਰਾਖੀ, ਸਾਂਭ ਸਕੇ ਨਹੀਂ ਆਪਣੇ ਧਰਮ ਤਾਈਂ।
ਯਾਰੀ ਗੰਢ ਕੇ ਪੰਥ ਦੇ ਵੈਰੀਆਂ ਸੰਗ, ਕਿਵੇਂ ਸਮਝੋਗੇ ਪੰਥ ਦੇ ਮਰਮ ਤਾਈਂ।
ਕੰਮ ਤੁਸਾਂ ਦੇ ਜਦੋਂ ਮੈਂ ਵੇਖਦਾ ਹਾਂ, ਮੇਰੇ ਸੀਨੇ ਵਿੱਚ ਹੁੰਦਾ ੲੈ ਕਸ਼ਟ ਸਿੰਘੋ।
ਕਦੇ ਚਿਹਰੇ ਨੂੰ ਸ਼ੀਸ਼ੇ ਵਿੱਚ ਵੇਖਿਆ ਜੇ, ਕਿਤਨੇ ਹੋ ਗਏ ਤੁਸੀਂ ਭ੍ਰਸ਼ਟ ਸਿੰਘੋ।

ਹੋ ਕੇ ਅੰਨ੍ਹੇ ਅੱਜ ਆਪਣੇ ਸੁਆਰਥ ਅੰਦਰ, ਕਰੀ ਜਾ ਰਹੇ ਭੁਲ ’ਤੇ ਭੁੱਲ ਸਿੰਘੋ।
ਕੰਡੇ ਆਪਣੀਆਂ ਪੁਸ਼ਤਾਂ ਲਈ ਬੀਜ ਰਹੇ ਹੋ, ਪੈਣੇ ਤਾਰਨੇ ਉਨ੍ਹਾਂ ਨੂੰ ਮੁੱਲ ਸਿੰਘੋ।
ਜਿਹੜੀ ਚੀਜ਼ ਤਿਆਗਣ ਨੂੰ ਆਖਦਾ ਹਾਂ, ਤੁਸੀਂ ਉਸਨੂੰ ਹੋਰ ਅਪਣਾ ਰਹੇ ਹੋ।
ਮੇਰੇ ਬਾਣ ’ਤੇ ਨਾਮ ਨੂੰ ਧਾਰ ਕੇ ਤੇ, ਇੰਜ ਜਾਪੈਦਾ ਮੈਨੂੰ ਚਿੜ੍ਹਾ ਰਹੇ ਹੋ।

ਤੁਸਾਂ ਪੰਥ ਦਾ ਉੱਚਾ ਕੀ ਨਾਮ ਕਰਨੈ, ਨਾਮ ਆਪਣੇ ਲਈ ਮਰਦੇ ਜਾ ਰਹੇ ਹੋ।
ਸਿੱਖ ਧਰਮ ਦੀਆਂ ਅਸਲ ਨਿਸ਼ਾਨੀਆਂ ਦਾ, ਮਲੀਆ ਮੇਟ ਆਪੇ ਕਰਦੇ ਜਾ ਰਹੇ ਹੋ।
ਲੋਕੀਂ ਜਾ ਰਹੇ ਚੜ੍ਹਦੀਆਂ ਕਲਾਂ ਅੰਦਰ, ਬੀਜ ਆਪਣਾ ਕਰ ਰਹੇ ਨਾਸ ਸਿੰਘੋ।
ਮਰਦੀ ਪਈ ਜ਼ਮੀਰ ਹੈ ਤੁਸਾਂ ਦੀ ਪਰ, ਇਹਦਾ ਰਤਾ ਨਹੀਂ ਤੁਹਾਨੂੰ ਅਹਿਸਾਸ ਸਿੰਘੋ।

ਤੁਹਾਡੇ ਕਾਰਨਾਮੇ ਤੱਕ ਕੇ ਸੋਚਦਾ ਹਾਂ, ਕਿਹੜੇ ਸਿੱਖਾਂ ਦਾ ਗੁਰੂ ਸਦਵਾ ਰਿਹਾ ਹਾਂ।
ਕਿਨ੍ਹਾਂ ਖ਼ਾਤਰ ਸਰਬੰਸ ਨੂੰ ਵਾਰਿਆ ਮੈਂ, ਸੋਚ ਸੋਚ ਕੇ ਅੱਜ ਪਛਤਾ ਰਿਹਾ ਹਾਂ।
ਤੁਸੀਂ ਬਿਪਰਾਂ ਵਿੱਚ ਮਿਲਕੇ ਜਾਉ ਦਿਨ ਦਿਨ, ਛੱਡ ਕੇ ਖਾਲਸੇ ਦੀ ਸੁੱਚੀ ਰੀਤ ਸਿੰਘੋ।
ਤੁਸੀਂ ਆਪ ਹੀ ਦੱਸੋ ਕਿ ਕਿਵੇਂ ‘ਪਾਰਸ’, ਹੁਣ ਮੈਂ ਕਰਾਂ ਤੁਹਾਡੀ ਪਰਤੀਤ ਸਿੰਘੋ।

-ਪ੍ਰੇਮ ਸਿੰਘ ‘ਪਾਰਸ’
270, ਤਿਹਾੜ ਪਿੰਡ, ਨਵੀਂ ਦਿੱਲੀ-110018