Subscription About Us Contact Us


ਗੁਰੂ ਨਾਨਕ ਦੇ ਮਾਡਰਨ ‘ਸ਼ਰਧਾਲੂ’

- ਗੁਰਦੇਵ ਸਿੰਘ ‘ਸੱਧੇਵਾਲੀਆ’ -

ਘਰ ਦੇ ਡ੍ਰਾਇੰਗ ਰੂਮ ਵਿੱਚ ਲੱਗੀ ਗੁਰੂ ਨਾਨਕ ਸਾਹਿਬ ਦੀ ਕਾਲਪਨਿਕ ਤਸਵੀਰ ਵਿੱਚ, ਗੁਰੂ ਸਾਹਿਬ ਚੌਕੜਾ ਲਈ ਡੱਬਿਆਂ ਵਾਲੀ ਚਾਦਰ ਮੋਢਿਆਂ ਉੱਪਰ ਓਹੜੀ ਹੋਈ ਬੜੀ ਮਗਨਤਾ ਵਿੱਚ ਬੈਠੇ ਹਨ। ਹਿਰਨ ਦੀ ਖੱਲ੍ਹ ਦਾ ਸਿੰਘਾਸਨ ਹੈ ਹੇਠਾਂ। ਲਾਗੇ ਹੀ ਗੁਰੂ ਜੀ ਦੀਆਂ ਖੜਾਵਾਂ ਪਈਆਂ ਹਨ। ਸੱਜੇ ਪਾਸੇ ਭਾਈ ਮਰਦਾਨਾ ਜੀ ਮੋਢੇ ਨਾਲ ਰਬਾਬ ਲਾਈ ਬੈਠੇ ਹਨ ਜਿਵੇਂ ਕੀਰਤਨ ਕਰ ਰਹੇ ਹੋਣ। ਖੱਬੇ ਪਾਸੇ ਉੱਚੀ ਜਿਹੀ ਟੋਪੀ ਪਾਈ ‘ਬਾਲਾ’ ਮੋਰਾਂ ਦੇ ਖੰਭਾਂ ਵਾਲਾ ਚੌਰ ਕਰਦਾ ਦਿਖਾਈ ਦੇ ਰਿਹਾ ਹੈ। ਗੁਰੂ ਜੀ ਦੇ ਆਸਨ ਲਾਗੇ ਕੁਝ ਫਰੂਟ ਆਦਿ ਪਏ ਹਨ - ਸ਼ਾਇਦ ਕੋਈ ਸ਼ਰਧਾਲੂ ਭੇਟ ਕਰ ਗਿਆ ਹੋਵੇ। ਪਿਛਲੇ ਪਾਸੇ ਇਕ ਵੱਡਾ ਸਾਰਾ ਰੁੱਖ ਨਜ਼ਰ ਆ ਰਿਹਾ ਹੈ, ਜਿਸ ਉੱਪਰ ਮੋਰ, ਤੋਤੇ, ਘੁੱਗੀਆਂ, ਕੋਇਲਾਂ ਗੀਤ ਗਾ ਰਹੀਆਂ ਹਨ।

ਘਰ ਵਿੱਚ ਅੱਜ ਸਵੇਰ ਦੀ ਹੀ ਗਹਿਮਾ-ਗਹਿਮੀ ਸ਼ੁਰੂ ਹੋ ਗਈ ਹੈ। ਗੁਰੂ ਜੀ ਦੇ ਅਮੀਰ ‘ਸ਼ਰਧਾਲੂ’ ਨੇ ਨਵਾਂ ਘਰ ਖਰੀਦਿਆ ਹੈ ਅਤੇ ਇਸ ਮਹੱਲਨੁਮਾ ਘਰ ਦੀ ਚੱਠ ਵਾਸਤੇ ਉਸ ਵੱਲੋਂ ਗੁਰੂ ਜੀ ਦੀ ਓਟ ਲੈਂਦਿਆਂ, ਪੇਸ਼ੇਵਰ ਪਾਠੀਆਂ ਨੂੰ ਮਾਇਆ ਦੇ ਕੇ ਤਿੰਨ ਦਿਨਾਂ ਤੋਂ ਅਖੰਡ ਪਾਠ ਸਾਹਿਬ ਅਰੰਭ ਕਰਵਾਇਆ ਹੋਇਆ ਹੈ, ਜਿਸਦਾ ਅੱਜ ‘ਭੋਗ’ ਹੈ। ‘ਸ਼ਰਧਾਲੂ’ ਨੇ ਗੁਰੂ ਨਾਨਕ ਸਾਹਿਬ ਦੀ ਬਾਲੇ-ਮਰਦਾਨੇ ਸਮੇਤ ਵਾਲੀ ਕਾਲਪਨਿਕ ਫੋਟੋ ਬੜੇ ਮਹਿੰਗੇ ਸੁਨਹਿਰੀ ਫਰੇਮ ਵਿੱਚ ਮੜ੍ਹਾ ਕੇ ਚਿੱਟੀ ਦੂਧੀਆ ਕੰਧ ਨਾਲ ਲਟਕਾਈ ਹੈ। ਘਰ ਦਾ ਸੁਗੰਧਤ ਵਾਤਾਵਰਨ ਦੇਖਦੇ ਭਾਈ ਮਰਦਾਨਾ ਜੀ ਬੜੇ ਖੁਸ਼ ਹੋਏ ਅਤੇ ਆਜਜੀ ਨਾਲ ਬੇਨਤੀ ਕਰਨ ਲੱਗੇ :

‘‘ਗੁਰੂ ਜੀ ! ਆਪ ਦੇ ਸਿੱਖ ਦੋਖੋ ਕਿੰਨੀ ਤਰੱਕੀ ਕਰ ਗਏ ਹਨ ਅਤੇ ਹਾਲੇ ਤੱਕ ਵੀ ਕਿੰਨੇ ਸ਼ਰਧਾਵਾਨ ਹੈਨ, ਦੇਖੋ ਕਿੰਨੀਆਂ ਮਹਿੰਗੀਆਂ ਸੁਗਾਤਾ ਭੇਂਟ ਕਰਦੇ ਹਨ ਅਤੇ ਕਿੰਨੀਆਂ ਮਹਿੰਗੀਆ ਅਤੇ ਸਾਫ-ਸੁਥਰੀਆਂ ਥਾਵਾਂ ’ਤੇ ਬਿਠਾਉਂਦੇ ਹਨ ਤੁਹਾਡੀ ਬਾਣੀ ਨੂੰ।’’

ਭਾਈ ਮਰਦਾਨਾ ਜੀ ਦੀ ਗੱਲ ਸੁਣਕੇ ਗੁਰੂ ਜੀ ਕੁਝ ਨਹੀਂ ਬੋਲੇ, ਕੇਵਲ ਮੁਸਕਰਾਏ। ਗੁਰੂ ਜੀ ਦੀ ਮੁਸਕਰਾਹਟ ਵਿੱਚ ਵੀ ਬੜੇ ਆਹਲਾ ਭੇਦ ਹੁੰਦੇ ਸਨ। ਉਨ੍ਹਾਂ ਭੇਦਾਂ ਦੀ ਥਾਹ ਪਹਿਲਾਂ-ਪਹਿਲ ਭਾਈ ਮਰਦਾਨਾ ਜੀ ਨੂੰ ਨਹੀਂ ਸੀ ਪੈਂਦੀ ਪਰ ਹੁਣ ਲੰਮੀਂ ਸੰਗਤ ਕਰਕੇ ਮਰਦਾਨਾ ਜੀ ਨੂੰ ਪਤਾ ਲੱਗ ਗਿਆ ਸੀ ਕਿ ਬਾਬੇ ਦੀ ਮੁਸਕਰਾਹਟ ਦੇ ਵੀ ਕੋਈ ਅਰਥ ਹੁੰਦੇ ਹਨ।

ਜਿਉਂ-ਜਿਉਂ ਭੋਗ ਦਾ ਸਮਾਂ ਨੇੜੇ ਆ ਰਿਹਾ ਸੀ ਲੋਕ ਵੱਧ ਰਹੇ ਸਨ। ਰੰਗ-ਬਰੰਗੀਆਂ ਮਹਿਕਾਂ ਆਪਸ ਵਿੱਚ ਘੁਲ ਰਹੀਆਂ ਸਨ। ਪਾਠ ਨਿਰੰਤਰ ਚੱਲ ਰਿਹਾ ਸੀ। ‘ਸ਼ਰਧਾਲੂ’ ਕੋਟ-ਪੈਂਟ ਤੇ ਨੈਕ-ਟਾਈ ਲਗਾਈ ਆਪਣੀ ਸੁਆਣੀ ਸਮੇਤ, ਜੋ ਸਾੜੀ ਨਾਲ ਭੀੜਾ ਜਿਹਾ ਬਲਾਊਜ਼ ਪਹਿਨ ਅਤੇ ਪਾਊਡਰਾਂ-ਲਿਪਸਟਕਾਂ ਨਾਲ ਪੋਚੀ ਹੋਈ ਸੀ, ਆਉਣ ਵਾਲੇ ਲੋਕਾਂ ਦੇ ਸਵਾਗਤ ਲਈ ਦਰਵਾਜੇ ਅੱਗੇ ਖੜੀ ਸੀ। ‘ਲੰਗਰ’ ਵਿੱਚ ਕੱਪ-ਪਲੇਟਾਂ ਤੇ ਚਮਚਿਆਂ ਦਾ ਸੰਗੀਤ ਜਿਹਾ ਸ਼ੁਰੂ ਹੋ ਗਿਆ ਸੀ। ਗੋਭੀ-ਪਾਲਕ, ਪਨੀਰ ਦੇ ਪਕੌੜਿਆਂ ਦੀ ਮਹਿਕ ਪਰਫਿਊਮਾਂ ਦੀ ਮਹਿਕ ਵਿੱਚ ਘੁਲ ਕੇ ਬਾਬਾ ਜੀ ਤੇ ਬਾਲੇ ਦੇ ਅੰਦਰ ਤੱਕ ਜਾਣ ਲੱਗ ਪਈ ਸੀ। ਰੌਲ ’ਤੇ ਬੈਠੇ ਭਾਈ ਜੀ ਵੀ ਬੜੇ ਕਾਹਲੇ-ਕਾਹਲੇ ਬੋਲ ਰਹੇ ਸਨ। ਉਨ੍ਹਾਂ ਸਪੀਡ ਕਾਫੀ ਵਧਾ ਦਿੱਤੀ ਸੀ, ਪਾਠ ਲੇਟ ਜੋ ਸੀ। ਦੂਜਾ ਭਾਈ ਜੀ ਆ ਕੇ ਕੰਨ ਵਿੱਚ ਦੱਸ ਗਿਆ ਸੀ ਕਿ ਸਰਦਾਰ ਜੀ ਕਾਹਲੇ ਹਨ, ਉਨ੍ਹਾਂ ਨੇ ਮਗਰੋਂ ‘ਹੋਰ ਕੰਮ’ ਵੀ ਕਰਨੇ ਹਨ। ਬਾਬਾ ਜੀ ਦਾ ਕਮਰਾ ਖਾਲੀ ਪਿਆ ਸੀ। ਦੋ ਕੁ ਬਜ਼ੁਰਗ ਤੇ ਇਕ ਮਾਈ, ਭਾਈ ਜੀ ਦੇ ‘ਅਕੇਵੇਂ’ ਤੋਂ ਊਂਘ ਰਹੇ ਸਨ।

ਮਰਦਾਨਾ ਜੀ ਪਰੇਸ਼ਾਨ ਸਨ : ‘‘ਗੁਰੂ ਜੀ ! ਇਹ ਗੁਰਬਾਣੀ ਪੜ੍ਹ ਕੇ ਸੁਣਾ ਰਿਹਾ ਹੈ ਜਾਂ ਕਿਸੇ ਮੰਤ੍ਰ ਦਾ ਜਾਪ ਰਿਹਾ ਹੈ?’’

‘‘ਨਹੀਂ ਮਰਦਾਨਿਆ, ਇਹ ਕੋਈ ਜਾਪ ਨਹੀਂ ਕਰ ਰਿਹਾ। ਇਹ ਉਹ ਪੜ੍ਹ ਰਿਹਾ ਹੈ, ਜਿਸਨੂੰ ਪੜ੍ਹਨ ਲਈ ਅਸੀਂ ਸਮੇਂ ਦੀਆਂ ਸੀਮਾਵਾਂ ਪਾਰ ਕਰ ਜਾਂਦੇ ਸਾਂ ਤੇ ਰੱਬੀ ਗੁਣਾਂ ਦੇ ਵਜੂਦ ਵਿੱਚ ਦੁਨੀਆ ਬੇਅਰਥ ਹੋ ਜਾਂਦੀ ਸੀ। ਹਾਂ, ਮਰਦਾਨਿਆ ! ਇਹ ਉਹੀ ਰੱਬੀ ਗੁਣਾਂ ਦਾ ਖਜ਼ਾਨਾ ਹੈ, ਜਿਸਦੀ ਨਾ ਪੜ੍ਹਨ ਵਾਲੇ ਨੂੰ ਸੂਝ ਹੈ, ਨਾ ਪੜ੍ਹਾਉਣ ਵਾਲੇ ਨੂੰ ਸਮਝ ਹੈ।’’

ਬਾਹਰੋਂ ‘ਸ਼ਰਧਾਲੂ’ ਦੀ ਪਤਨੀ ਸਾਹਿਬਾ ਸਾੜੀ ਦਾ ਪੱਲੂ ਸੰਭਾਲਦੀ ਪਕੌੜਿਆਂ, ਰਸਗੁੱਲਿਆਂ, ਜਲੇਬੀਆਂ ਅਤੇ ਕਈ ਪ੍ਰਕਾਰ ਦੇ ਭੋਜਨਾਂ ਦਾ ਬਾਬਾ ਜੀ ਲਈ ਥਾਲ ਚੁੱਕ ਲਿਆਈ। ਅੰਦਰ ਇਕ ਦਮ ਫੈਲੀ ਮਹਿਕ ਕਾਰਨ ਭਾਈ ਮਰਦਾਨਾ ਜੀ ਦੀ ਭੁੱਖ ਵੀ ਜਾਗ ਪਈ।

‘‘ਗਰੀਬ ਨਿਵਾਜ, ਜੇ ਆਗਿਆ ਹੋਵੇ ਤਾਂ ਕੁਝ ਜੇਵੀਏ?’’ ਭਾਈ ਸਾਹਿਬ ਗੁਰੂ ਜੀ ਨੂੰ ਪੁੱਛਦੇ ਹਨ।

‘‘ਮਰਦਾਨਿਆ ਥੋੜਾ ਅਟਕ, ਕਿਸੇ ਲਾਲੋ ਘਰ ਚਲਾਂਗੇ।’’ ਮਰਦਾਨਾ ਜੀ ‘‘ਸਤਿ ਬਚਨ’’ ਕਹਿ ਕੇ ਚੁੱਪ ਹੋ ਗਏ।

ਨੌਵੇਂ ਮਹਲੇ ਦੇ ਸਲੋਕ ਸ਼ੁਰੂ ਹੋ ਚੁੱਕੇ ਸਨ। ਰਸਗੁੱਲਿਆਂ ਅਤੇ ਪਕੌੜਿਆਂ ਨਾਲ ਲਿਹੜੇ ‘ਗੁਰੂ ਕੇ ਸਿੱਖ ਅਤੇ ਸਿੱਖਣੀਆਂ’, ਬਾਬਾ ਜੀ ਵਾਲੇ ਕਮਰੇ ਵਿੱਚ ਆਉਣੇ ਸ਼ੁਰੂ ਹੋ ਗਏ ਸਨ। ਇਸ ਹਾਈ ਸੁਸਾਇਟੀ ਦੇ ‘ਸਿੱਖਾਂ’ ਦੀਆ ਔਰਤਾਂ ਦੀਆਂ ਸਾੜੀਆਂ ਹੇਠਾਂ ਪਾਏ ਭੀੜੇ ਬਲਾਊਜ਼, ਅੱਧਂਨੰਗੇ ਢਿੱਡ, ਉਪਰੋਂ ਦੀਆ ਦਿਸਦੀਆਂ ਅੱਧੀਆਂ ਛਾਤੀਆਂ, ਪਾਊਡਰਾਂ, ਰੰਗਾਂ ਤੇ ਖੁਸ਼ਬੂਦਾਰ ਪਰਫਿਊਮਾਂ ਦਾ ਘੜਮੱਸ ਇਕ ਨਵੀਂ ਦੁਨੀਆ ਦਾ ਨਜ਼ਾਰਾ ਪੇਸ਼ ਕਰ ਰਿਹਾ ਸੀ।

ਭਾਈ ਮਰਦਾਨਾ ਜੀ ਤਿਲਮਿਲਾ ਉਠੇ : ‘‘ਗੁਰੂ ਜੀ, ਤੁਹਾਡੇ ਸਿੱਖ ਏਨੇ ਬੇਸ਼ਰਮ ਹੋ ਗਏ ਹਨ? ਤੁਹਾਡੇ ਕੋਲ ਆਉਣ ਲੱਗਿਆਂ ਵੀ...?’’

‘‘ਮਰਦਾਨਿਆ, ਇਹ ਮੇਰੇ ਕੋਲ ਥੋੜ੍ਹਾ ਆਏ ਨੇ, ਇਹ ਤਾਂ ਆਪਣੇ ਮੂੰਹ-ਮਲ੍ਹਾਜ਼ਿਆਂ ਨੂੰ ਆਏ ਨੇ। ਰੰਗ ਦੇਖ ਤੂੰ ਕਰਤਾਰ ਦੇ।’’ ਗੁਰੂ ਜੀ ਮੁਸਕਰਾਏ।

ਮੱਥਾ ਟੇਕ ਕੇ ਖਰਗੋਸ਼ਾਂ ਵਰਗੇ ਲੋਕ ਕੂਲੇ-ਕੂਲੇ ਰੱਗ ਉੱਪਰ ਵਿੱਛੀਆਂ ਚਿੱਟੀਆਂ ਚਾਦਰਾਂ ਉੱਪਰ ਬੈਠਦੇ ਗਏ। ਧੂਪਬੱਤੀਆਂ ਦੀ ਮਹਿਕ, ਦੇਸੀ ਘਿਉ ਦੀ ਜੋਤਿ ਦੀ ਮਹਿਕ, ਪਾਊਡਰਾਂ-ਪਰਫਿਊਮਾਂ ਦੀ ਮਹਿਕ - ਹਰ ਪਾਸੇ ਮਹਿਕ ਹੀ ਮਹਿਕ। ਸੰਗਤਾਂ ‘ਧਿਆਨ ਮੁਗਧ’ ਬੈਠੀਆਂ ਪਾਸੇ ਮਾਰ ਰਹੀਆਂ ਸਨ। ਸਲੋਕਾਂ ਤੋਂ ਬਾਅਦ ਮੁੰਦਾਵਣੀ, ਰਾਗਮਾਲਾ, ਅਨੰਦ ਸਾਹਿਬ ਅਤੇ ‘ਸ਼ਰਧਾਲੂ’ ਦੇ ਨਵੇਂ ਘਰ ਦੀ ਖੁਸ਼ੀ ਦੀ ਲੰਮੀਂ ਅਰਦਾਸ ਹੋਈ। ਲੱਖਾਂ ਖੁਸ਼ੀਆਂ ਭਾਈ ਜੀ ਨੇ ਥੋਕ ਵਿੱਚ ਹੀ ਲੈ ਦਿੱਤੀਆਂ। ਕੜਾਹ ਪ੍ਰਸ਼ਾਦਿ ਅਤੇ ਅਨੇਕਾਂ ਪ੍ਰਕਾਰ ਦੇ ਭੋਜਨਾਂ ਦੇ ਥਾਲ ਨੂੰ ਭੋਗ ਲਗਣ ਦੀ ਬੇਨਤੀ ਹੋਈ।

ਆਖਰ ‘ਸ਼ਰਧਾਲੂ’ ਵੱਲੋਂ ਸੱਦੇ ਇਕ ਮਸ਼ਹੂਰ ਰਾਗੀ ਜਥੇ ਨੇ ਇਕ ਬੜੀ ਪਿਆਰੀ ਫਿਲਮੀ ਟਿਊਨ ’ਤੇ ਕੀਰਤਨ ਕੀਤਾ ਤੇ ਵਿਚੇ ਕਥਾ ਕਰਨ ਲੱਗ ਪਿਆ। ਸ਼ੁਰੂ ਵਿੱਚ ‘ਸ਼ਰਧਾਲੂ’ ਪਰਵਾਰ ਦੀ ਉਸਤਤੀ ਦਾ ਰੰਗ ਬੰਨ੍ਹ ਕੇ ਮਸ਼ਹੂਰ ਰਾਗੀ ਜੀ ਨੇ ਗੁਰੂ ਦੀ ਮਹਿਮਾ ਕਰਦਿਆਂ ਇਕ ਸਾਖੀ ਸੁਣਾਈ ਕਿ

‘‘ਸ਼ਾਧ ਸ਼ੰਗਤ ਜੀ, ਕਿੰਨਾ ਪ੍ਰੇਮ ਹੈ ਤੁਹਾਡੇ ਵਿੱਚ। ਕਿੰਨੇ ਤੇਹ ਵਿੱਚ ਆਏ ਹੋ ਤੁਸ਼ੀ ਗੁਰੂ ਕੋਲੇ। ਇਹੀ ਘੜੀਆਂ ਸ਼ੰਗਤ ਜੀ ਤੁਹਾਡੀਆਂ ਸ਼ੁਲੱਖਣੀਆਂ ਹੈਨ। ਗੁਰੂ ਜੀ ਦਾ ਪ੍ਰੇਮ ਪੱਥਰਾਂ ਨੂੰ ਮੋਮ ਕਰ ਦਿੰਦਾ ਹੈ। ਸ਼ਾਡਾ ਗੁਰੂ ਬੜਾ ਮਹਾਨ ਸ਼ੀ। ਇੱਕ ਵਾਰ ਭਾਈ ਮਰਦਾਨਾ ਜੀ ਕਹਿਣ ਲੱਗੇ ਗੁਰੂ ਜੀ ਮੈਂ ਲੰਕਾ ਵੇਖਣੀ ਹੈ ਤਾਂ ਗਰੀਬ-ਨਿਵਾਜ ਕਹਿਣ ਲੱਗੇ ਕਿ ਮਰਦਾਨਿਆ ਮੀਟ ਅੱਖਾਂ। ਜਾਂ ਮਰਦਾਨੇ ਅੱਖਾਂ ਮੀਟ ਕੇ ਖੋਹਲੀਆਂ ਤਾਂ ਕੀ ਦੇਖਦਾ ਹੈ ਕਿ ਚਾਰੋਂ ਤਰਫ਼ ਸ਼ਮੁੰਦਰ ਠਾਠਾਂ ਪਇਆ ਮਾਰੇ।’’

ਭਾਈ ਮਰਦਾਨਾ ਜੀ ਫਿਰ ਪਰੇਸ਼ਾਨ, ‘‘ਸਤਿਗੁਰੂ ਇਸ ਮਨੁੱਖ ਜੀਵ ਦਾ ਸਿਰ ਪਸ਼ੂਆਂ ਵਾਲਾ ਭੁਲੇਖੇ ਨਾਲ ਲੱਗ ਗਿਆ? ਹੱਦ ਹੋ ਗਈ, ਤੁਰ-ਤੁਰ ਕੇ ਤੁਹਾਡੀਆਂ ਤੇ ਮੇਰੀਆਂ ਬਿਆਈਆਂ ਪਾਟ ਗਈਆਂ ਪੈਰਾਂ ਦੀਆਂ। ਇਹ ਆਖੀ ਜਾਂਦਾ ਮੀਟੀਆਂ ਅੱਖਾਂ...।’’

ਭਾਈ ਸਾਹਿਬ ਕਥਾ ਕਰ ਰਹੇ ਸਨ, ‘‘ਹਾਂ ਤੇ ਸ਼ਾਧ ਸ਼ੰਗਤ ਜੀ, ਗੁਰੂ ਜੀ ਮਰਦਾਨੇ ਤੇ ਬਾਲੇ ਸਮੇਤ ਤਿੰਨ ਦਿਨ ਤੇ ਤਿੰਨ ਰਾਤਾਂ ਸ਼ਮੁੰਦਰ ਉੱਪਰ ਹੀ ਪਏ ਤੁਰਨ। ਮਰਦਾਨੇ ਪੁੱਛਿਆ ਗੁਰੂ ਜੀ ਅਸੀਂ ਕਿੱਥੇ ਜਾ ਰਹੇ ਹਾਂ? ਇਥੇ ਤਾਂ ਕੁਝ ਨਜ਼ਰੀਂ ਨਹੀਂ ਪਿਆ ਆਉਂਦਾ। ਗੁਰੂ ਜੀ ਕਹਿਣ ਲੱਗੇ ਮਰਦਾਨਿਆ ਇਹ ਅਸੀਂ ਮਗਰਮੱਛ ਦੀ ਪਿੱਠ ’ਤੇ ਜਾ ਰਹੇ ਹਾਂ, ਜਿਹੜਾ ਪੈਂਤੀ ਮੀਲ ਲੰਮਾਂ ਤੇ ਪੰਜ ਮੀਲ ਚੌੜਾ ਹਈ...’’

ਭਾਈ ਮਰਦਾਨਾ ਜੀ ਫਿਰ ਪਰੇਸ਼ਾਨ, ‘‘ਦੁਹਾਈ ਰੱਬ ਦੀ, ਗੁਰੂ ਜੀ ਇਥੋਂ ਚਲੀਏ। ਇਹ ਤੇ ਝੂਠਾਂ ਤੇ ਵੀ ਊਠ ਲੱਦੀ ਪਿਆ ਜਾਂਦਾ ਹੈ। ਇਨ੍ਹਾਂ ਪੂਜਾ ਦਾ ਧਾਨ-ਖਾਣਿਆਂ ਦੀ ਮੱਤ ਮਰ ਗਈ ਲੱਗਦੀ ਹੈ, ਸਤਿਗੁਰਾ ! ਤਾਂ ਹੀ ਤੂੰ ਮੈਨੂੰ ਕੁਝ ਪੱਲੇ ਨਹੀਂ ਸੈਂ ਬੰਨ੍ਹਣ ਦਿੰਦਾ...’’ ਭਾਈ ਮਰਦਾਨਾ ਜੀ ਪੁਜਾਰੀ ਦੇ ਝੂਠ ਸੁਣਕੇ ਕਾਫੀ ਭਾਵੁਕ ਹੋ ਗਏ।

ਭੋਗ ਪੈ ਗਿਆ। ਸਾਰੇ ਸਿੱਖ-ਸਰਦਾਰ ਤੇ ਸਰਦਾਰਨੀਆਂ ਪ੍ਰਸ਼ਾਦ ਲੈ ਕੇ ਬਾਹਰ ਆ ਗਏ। ਬਾਬਾ ਜੀ ਦਾ ਰੂਮ ਖ਼ਾਲੀ ‘ਮਸ਼ਹੂਰ ਰਾਗੀ’ ਪ੍ਰਸ਼ਾਦ ਤੋਂ ਵੀ ਪਹਿਲਾਂ ਆਪਣੇ ਤਬਲੇ ਮੂਧੇ ਮਾਰ ਕੇ ਅਤੇ ਮਾਇਆ ਦੇ ਗੱਫਿਆਂ ਨੂੰ ਹੂੰਝਾ ਫੇਰ ਕੇ ਦੌੜ ਗਏ ਸਨ। ਦਰਅਸਲ ਉਹਨੀਂ ਇੱਕ ਹੋਰ ਸਿੱਖ ਦੇ ਘਰ ਵੀ ਗੁਰੂ ਕੀਆਂ ਸਾਖੀਆਂ ਸੁਣਾਉਣੀਆਂ ਸਨ। ਇਕੱਲੇ ਦੋ ਭਾਈ ਜੀ ਹੁਰੀਂ ਹੀ ਰਹਿ ਗਏ ਸਨ। ਉਹਨੀਂ ‘ਸ਼ਰਧਾਲੂ’ ਨੂੰ ਪੁੱਛਿਆ, ‘‘ਬਾਬਾ ਜੀ ਦਾ ਸਰੂਪ ਗੁਰਦੁਆਰਾ ਸਾਹਿਬ ਲੈ ਕੇ ਜਾਣਾ ਹੈ। ਪੰਜ ਕੁ ਬੰਦੇ ਚਾਹੀਦੇ।’’

‘ਸ਼ਰਧਾਲੂ’ ਜੀ ਆਪਣੇ ਰਿਸ਼ਤੇਦਾਰਾਂ ਦੀ ਆਵ-ਭਗਤ ਅਤੇ ‘ਲੰਗਰ’ ਦੀ ਤਿਆਰੀ ਵਿੱਚ ਰੁੱਝੇ ਹੋਏ ਸਨ। ਆਖਰ ‘ਸ਼ਰਧਾਲੂ’ ਜੀ ਨੇ ਸੁਝਾਅ ਦਿੱਤਾ, ‘‘ਮੇਰੇ ਕੋਲ ਵੀ ਟਾਈਮ ਦੀ ਘਾਟ ਹੈ। ਤੁਸੀਂ ਇਕੱਲੇ ਹੀ ਲੈ ਜਾਉ। ਬਾਬਾ ਜੀ ਤਾਂ ਆਪਣੇ ਹੀ ਨੇ, ਕਿਹੜਾ ਰੁੱਸ ਚਲੇ? ਮੈਂ ਗੱਡੀ ਭੇਜ ਦਿੰਨੈਂ।’’ ਨਵੀਂ ਲਗਜ਼ਰੀ ਕਾਰ ਵਿੱਚ ਝੂਟੇ ਖਾਣ ਵਿੱਚ ਭਾਈਆਂ ਨੂੰ ਕੀ ਇਤਰਾਜ ਹੋ ਸਕਦਾ ਹੈ? ਉਨ੍ਹਾਂ ਬਾਬਾ ਜੀ ਪੱਟਾਂ ’ਤੇ ਰੱਖੇ ਤੇ ਚਲਦੇ ਬਣੇ।

ਲੋਕਾਂ ਨੇ ਫਾਰਮੈਲਿਟੀ ਜਿਹੀ ’ਚ ਖਲੋ ਕੇ ਬਾਬਾ ਜੀ ਨੂੰ ਵਿਦਾ ਕਰਕੇ ਸੁੱਖ ਦਾ ਸਾਹ ਲਿਆ ਅਤੇ ‘ਸ਼ਰਧਾਲੂ’ ਅਗਲੀ ਕਾਰਵਾਈ ਲਈ ‘ਲੰਗਰ’ ਤੋਂ ਪਹਿਲੇ ਬਿੱਲੀ ਵਾਲੀਆਂ ਪੇਟੀਆਂ ਕੱਢ ਲਿਆਇਆ।