

ਕੀ ਗੁਰੂ ਗੋਬਿੰਦ ਸਿੰਘ ਜੀ ਨੇ ਹੇਮਕੁੰਟ ਸਾਹਿਬ ਵਿਖੇ ਤਪਸਿਆ ਕੀਤੀ ਸੀ?
- ਪ੍ਰਿੰ: ਗਿ: ਸੁਰਜੀਤ ਸਿੰਘ -
ਹੇਮਕੁੰਟ ਦਾ ਸਥਾਨ ਅੱਜ ਸਿੱਖ ਜਗਤ ‘ਚ ਬਹੁਤ ਪ੍ਰਸਿੱਧੀ ਹਾਸਲ ਕਰ ਚੁੱਕਾ ਹੈ। ਹਜ਼ਾਰਾਂ ਸ਼ਰਧਾਲੂ ਇਸ ਦੀ ਯਾਤਰਾ ਲਈ ਜਾਂਦੇ ਹਨ। ਸਮਝਦੇ ਹਨ, ਇੰਝ ਉਹ ਕੋਈ ਵੱਡਾ ਧਾਰਮਕ ਫ਼ਰਜ਼ ਪੂਰਾ ਕਰ ਰਹੇ ਹਨ। ਅਜਿਹੀ ਸੋਚਣੀ ਦਾ ਹੀ ਨਤੀਜਾ ਹੈ ਕਿ ਉਹ ਮਨ ‘ਚ ਕੁਝ ਤਸੱਲੀ ਤੇ ਖੁਸ਼ੀ ਵੀ ਅਨੁਭਵ ਕਰਦੇ ਹਨ।
ਹੇਮਕੁੰਟ ਦੀ ਗੱਲ ਸ਼ੁਰੂ ਕਿੱਥੋਂ ਹੁੰਦੀ ਹੈ? ਹੇਮਕੁੰਟ ਦਾ ਮੂਲ ਬਚਿੱਤ੍ਰ ਨਾਟਕ ਦੀਆਂ ਇੰਨ੍ਹਾਂ ਪੰਕਤੀਆਂ ਤੋਂ ਲਿਆ ਗਿਆ ਹੈ :
ਚੌਪਈ।।
ਅਬ ਮੈਂ ਅਪਨੀ ਕਥਾ ਬਖਾਨੋ।।
ਤਪ ਸਾਧਤ ਜਿਹਿ ਬਿਧਿ ਮੁਹਿ ਆਨੋ।
ਹੇਮਕੁੰਟ ਪਰਬਤ ਹੈ ਜਹਾਂ।
ਸਪਤਸ੍ਰਿੰਗ ਸੌਭਿਤ ਹੈ ਤਹਾਂ ।1।
ਸਪਤਸ੍ਰਿੰਗ ਤਿਹ ਨਾਮ ਕਹਾਵਾ।
ਪੰਡ ਰਾਜ ਜਗ ਜੋਗੁ ਕਮਾਵਾ।
ਤਹ ਹਮ ਅਧਿਕ ਥਪਸਿਆ ਸਾਧੀ।
ਮਹਾ ਕਾਲ ਕਾਲਕਾ ਅਰਾਧੀ ।2।
ਬਚਿੱਤ੍ਰ ਨਾਟਕ ਦੇ ਇਸ ਸੰਕੇਤ ਤੋਂ ਪ੍ਰਭਾਵਤ ਹੋ ਕੇ ‘ਸੂਰਜ ਪ੍ਰਕਾਸ਼’ ਦੇ ਕਰਤਾ ਕਵੀ ਸੰਤੋਖ ਸਿੰਘ ਨੇ ਹੇਮਕੁੰਟ ਅਤੇ ਉਥੇ ਤੱਪਸਿਆ ਕਰਣ ਵਾਲੇ ‘ਦੁਸ਼ਟਦਮਨ’ ਬਾਰੇ ਆਪਣੇ ਵੱਲੋਂ ਹੀ ਕਾਫੀ ਲੰਮੀ ਜਾਣਕਾਰੀ ਘੜ ਕੇ ਦੇ ਦਿੱਤੀ ਹੈ। ਜਿਹੜੀ ਹੋਰ ਕਿਧਰੇ ਨਹੀਂ ਮਿਲਦੀ। ਉਸ ਦਾ ਸੰਖੇਪ ‘ਚ ਇਸ ਤਰ੍ਹਾਂ ਹੈ:
‘‘ਸਤਿਜੁਗ ‘ਚ ਦੇਵਤਿਆਂ ਦੀ ਮਦਦ ਲਈ ਦੁਰਗਾ ਭਵਾਨੀ 9,00,000,000,00,000,00 (90 ਪਦਮ) ਦੈਂਤਾ ਨੂੰ ਮਾਰ ਕੇ ਥੱਕ ਗਈ ਤੇ ਹੇਮਕੁੰਟੀ ਪਹਾੜਾਂ ‘ਚ ਅਲੋਪ ਹੋ ਗਈ। ਤਦੋਂ ਬੇਲ-ਸੁਬੇਲ ਨਾਂ ਦੇ ਦੋ ਦੈਂਤ ਆਪਣੀ ਸੈਨਾ ਸਮੇਤ ਦੁਰਗਾ ਨੂੰ ਲੱਭਣ ਲਈ ਨਿਕਲੇ। ਉਨ੍ਹਾਂ ਨੇ ਇਕ ਬ੍ਰਾਹਮਣ ਤਪਸਵੀ ਤੋਂ ਉਸ ਬਾਰੇ ਪੁੱਛਿਆ-ਤਪਸਵੀ ਦੇ ਨਾ ਦੱਸਣ ‘ਤੇ ਉਸ ਨੂੰ ਮਾਰਨ ਦੌੜੇ। ਤਪੱਸਵੀ ਨੇ ਗੁੱਸੇ ‘ਚ ਆਪਣਾ ਸ਼ੇਰ ਦੀ ਖੱਲ ਵਾਲਾ ਆਸਨ ਝਾੜਿਆ। ਆਸਨ ਹੇਠੋਂ ਵੱਡੇ ਤੇਜ ਵਾਲਾ ਮਨੁੱਖ ਪੈਦਾ ਹੋਇਆ, ਜੋ ਹਜ਼ਾਰਾਂ ਸਾਲਾਂ ਤੱਕ ਉਨ੍ਹਾਂ ਦੈਂਤਾ ਨਾਲ ਯੁੱਧ ਕਰਦਾ ਰਿਹਾ। ਅੰਤ ਜਦੋਂ ਉਸ ਨੇ ਸਾਰੇ ਦੈਂਤ ਮਾਰ ਮੁਕਾਏ ਤਾਂ ਲੁਕੀ ਹੋਈ ਦੇਵੀ ਵੀ ਫ਼ਿਰ ਪ੍ਰਗਟ ਹੋ ਗਈ। ਵਰ ਦਿਤਾ, ਤੁੂੰ ਮੇਰੀ ਮਦਦ ਕੀਤੀ ਹੈ। ਮਾਤ ਲੋਕ ‘ਚ ਮੈਂ ਤੇਰੀ ਮਦਦ ਕਰਾਂਗੀ। ਤੇਰੇ ਚਾਰ ਬੱਚੇ ਹੋਣਗੇ, ਤੂੰ ਉਨ੍ਹਾਂ ਨਾਲ ਮੋਹ ਨਾ ਪਾਵੀਂ। ਦੇਵੀ ਨੇ ਉਸ ਮਨੁੱਖ ਨੂੰ ‘ਦੁਸ਼ਟਦਮਨ’ ਦਾ ਨਾਂ ਦਿੱਤਾ ਤੇ ਕਿਹਾ, ਤੂੰ ਸ਼ੇਰ ਦੀ ਖੱਲ ਵਿਚੋਂ ਜਨਮਿਆਂ ਹੈਂ, ਇਸ ਲਈ ਤੇਰੇ ਪੰਥ ਦਾ ਨਾਮ ਵੀ ‘ਖਾਲਸਾ’ ਹੋਵੇਗਾ। ਉਪ੍ਰੰਤ ਉਸ ਨੇ ਦੁਸ਼ਟਦਮਨ ਨੂੰ ਤੱਪਸਿਆ ਕਰਨ ਅਤੇ ਚਿਰੰਜੀਵੀ ਹੋਣ ਦਾ ਵਰ ਦਿੱਤਾ। ਫ਼ਿਰ ਦੁਸ਼ਟਦਮਨ ਨੂੰ ਚੱਟਣ ਲੱਗ ਪਈ; ਜਿਵੇਂ ਗਾਂ ਵੱਛੇ ਨੂੰ ਚੱਟਦੀ ਹੈ, ਇਸ ਤੋਂ ਬਾਅਦ ਭਗਉਤੀ ਅਲੋਪ ਹੋ ਗਈ।
ਦੁਸ਼ਟਦਮਨ, ਭਗਉਤੀ ਦੁਰਗਾ ਦੀ ਆਗਿਆ ਪਾਲਨ ਹਿੱਤ ਤਪ ਕਰਦਾ ਰਿਹਾ। ਤਪ ਸਮੇਂ ਉਸ ਦੇ ਸਿਰ ‘ਤੇ ਲੰਮੀਆਂ-ਲੰਮੀਆ ਜਟਾਵਾਂ ਸਨ, ਸਰੀਰੋਂ ਨਗਨ, ਅੱਖਾਂ ਬੰਦ ਸਨ। ਉਸ ਨੇ ਨਿਰਾਹਾਰੀ ਰਹਿ ਕੇ, ਇਕ ਪੈਰ ‘ਤੇ ਖਲੋ, ਮੌਨ ਧਾਰੇ ਉਸ ਜਲਹੀਨ ਬਨ ‘ਚ ਅਸੰਖਾਂ ਵਰ੍ਹੇ ਅਜਿਹੀ ਕਠਿਨ ਤਪੱਸਿਆ ਕੀਤੀ ਕਿ ਸਰੀਰ ਸੁੱਕ ਗਿਆ, ਕੇਵਲ ਹੱਡੀਆਂ ਬਚੀਆਂ। ਅੰਤ ਅਕਾਲ ਪੁਰਖੁ ਨੇ ਆਪਣੇ ਸੇਵਕਾਂ ਰਾਹੀਂ ਬਿਮਾਨ ਭੇਜ ਕੇ ਦੁਸ਼ਟਦਮਨ ਨੂੰ ਆਪਣੇ ਕੋਲ ਬੁਲਾਇਆ, ਝੋਲੀ ‘ਚ ਬਿਠਾ ਕੇ ਬੜੇ ਪਿਆਰ ਨਾਲ ਉਸਦਾ ਮੱਥਾ ਚੁੰਮਿਆ ਤੇ ਮਾਤ ਲੋਕ ‘ਚ ਜਾਣ ਲਈ ਕਿਹਾ।’’
(ਰਾਸ 11, ਅੰਸੂ 51-53, ਸੂਰਜ ਪ੍ਰਕਾਸ਼)
ਕਵੀ ਜੀ ਰਾਹੀਂ ਘੜੇ ਗਏ ਇੰਨ੍ਹਾਂ ਵੇਰਵਿਆਂ ਨੂੰ ਆਧਾਰ ਬਣਾ ਕੇ ਗਿਆਨੀ ਠਾਕੁਰ ਸਿੰਘ, ਅੰਮ੍ਰਿਤਸਰ ਨੇ ਸੁਕੇਤ ਮੰਡੀ ਦੇ ਲਾਗੇ, ਸੰਨ 1932 ‘ਚ ਰਵਾਲਸਰ ਦੀਆਂ ਸੱਤ ਉੱਚੀਆਂ ਪਹਾੜੀਆਂ ਨੂੰ ‘ਸਪਤ ਸਿੰ੍ਰਗ’ ਪ੍ਰਚਾਰਿਆ। ਮਗਰੋਂ ਪੰਡਤ ਤਾਰਾ ਸਿੰਘ ਨਰੋਤਮ ਨੇ ਗਿ: ਠਾਕੁਰ ਸਿੰਘ ਦੇ ਫੈਸਲੇ ਨੂੰ ਗਲਤ ਦੱਸ ਕੇ ਮੌਜੂਦਾ ‘ਹੇਮਕੁੰਟ’ ਨੂੰ ‘ਦੁਸ਼ਟਦਮਨ’ (ਨਾਮ ਕਵੀ ਜੀ ਨੇ ਹੀ ਦਿੱਤਾ) ਦੀ ਤੱਪਸਿਆ ਦੀ ਥਾਂ ਦੱਸਿਆ। ਸੰਤ ਮੋਹਨ ਸਿੰਘ, ਟੀਹੜੀ ਗੜ੍ਹਵਾਲ ਨੇ ਸੰਨ 1936 ‘ਚ ਇਥੇ ਗੁਰਦੁਆਰਾ ਸਥਾਪਤ ਕੀਤਾ।

ਹੇਮਕੁੰਟ ਵਿਖੇ ਗੁਰਦੁਆਰੇ ਦੀ ਸਥਾਪਨਾ ਹੋਣ ਮਗਰੋਂ ਤੇ ਇਸਦਾ ਸੰਬੰਧ ਦਸਮ ਪਾਤਸ਼ਾਹ ਨਾਲ ਪ੍ਰਚਾਰਿਆ ਜਾਣ ਕਰਕੇ ਸੰਗਤਾਂ ਬੜੇ ਉਤਸਾਹ ਨਾਲ ਆਉਣ ਲਗ ਪਈਆਂ। ਅਜਿਹਾ ਹੋਣਾ ਵੀ ਕੁਦਰਤੀ ਹੀ ਸੀ, ਕਿਉਂਕਿ ਸੰਗਤਾਂ, ਗੁਰੂ ਅਸਥਾਨਾਂ ਪ੍ਰਤੀ ਅਥਾਹ ਸ਼ਰਧਾ ਰੱਖਦੀਆਂ ਹਨ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਇਤਿਹਾਸਕ ਸਥਾਨ ਗੁਰੂ ਸਾਹਿਬਾਨ ਲਈ ਪ੍ਰੇਮ ਤੇ ਸ਼ਰਧਾ ਪੈਦਾ ਕਰਦੇ ਹਨ, ਸੰਬੰਧਤ ਇਤਿਹਾਸ ਸਾਨੂੰ, ਸਾਡੇ ਗੌਰਵਮਈ ਵਿਰਸੇ ਨਾਲ ਜੋੜਦਾ ਹੈ। ਇਸਦੇ ਉਲਟ, ਇਥੇ ਇਕ ਹੋਰ ਵੱਡੀ ਤ੍ਰਾਸਦੀ ਵੀ ਹੈ। ਸੰਸਾਰ ਪੱਧਰ ਦੇ ਇਕੋ ਇਕ ਗੁਰੂ ੱਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਦੀ- ਬਰਾਬਰੀ ‘ਤੇ ਹੇਮਕੁੰਟ ਤੇ ਇਸ ਨਾਲ ਜੋੜ ਕੇ ਕਾਇਮ ਕੀਤੇ ‘ਜੋਸ਼ੀ ਮੱਠ’, ‘ਗੋਬਿੰਦ ਘਾਟ’, ‘ਗੋਬਿੰਦ ਧਾਮ’ ਗੁਰਦੁਆਰਿਆਂ (ਜਿਨ੍ਹਾਂ ਦਾ ਕਿ ਕੋਈ ਇਤਿਹਾਸਕ ਪਿਛੋਕੜ ਵੀ ਨਹੀਂ) ‘ਚ ਅਜੋਕੇ ‘ਦਸਮ ਗ੍ਰੰਥ’ ਦਾ ਪ੍ਰਕਾਸ਼ ਵੀ ਕੀਤਾ ਜਾ ਰਿਹਾ ਹੈ, ਹੁਕਮਨਾਮੇ ਲਏੇ ਜਾ ਰਹੇ ਹਨ। ਹੇਮਕੁੰਟ ਨੂੰ ‘ਲੋਕਤਾਲ’ ਵੀ ਕਿਹਾ ਜਾਂਦਾ ਹੈ।
ਸਤਿਗੁਰਾਂ ਨਾਲ ਸੰਬੰਧਤ ਇਤਿਹਾਸਕ ਸਥਾਨਾਂ ਨਾਲ ਪਿਆਰ ਹੋਣਾ ਕੁਦਰਤੀ ਹੈ। ਫ਼ਿਰ ਕਈ ਵਾਰ ਇੰਝ ਵੀ ਹੁੰਦਾ ਹੈ ਕਿ ਮਨੁੱਖ ਜਦੋਂ ਦੁੱਧ ਦੀ ਥਾਂ ਚੂਨੇ ਦਾ ਪਾਣੀ ਪੀ ਲੈਂਦਾ ਹੈ, ਤਾਂ ਉਹ ਉਸ ਦੀ ਮੌਤ ਦਾ ਕਾਰਨ ਵੀ ਬਣ ਜਾਂਦਾ ਹੈ। ਇਸ ਲਈ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਉਸ ‘ਤੇ ਵਿਚਾਰ ਕਰ ਲੈਣੀ ਜ਼ਰੂੁਰੀ ਹੈ। ਸਿੱਖ ਵਾਸਤੇ ਪਰਖ ਦੀ ਕਸੱਵਟੀ ਕੇਵਲ ੱਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਹੀ ਹਨ। ਕੋਈ ਵੀ ਰਚਨਾ ਜੋ ਇਸ ਕਸਵੱਟੀ ‘ਤੇ ਪੂਰੀ ਨਾ ਉਤਰੇ, ਉਸ ਬਾਰੇ ਸੁਚੇਤ ਹੋਣਾ ਜ਼ਰੂਰੀ ਹੈ। ਇਸ ਸੰਬੰਧ ‘ਚ ਫੁਰਮਾਨ ਹੈ:
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ।
ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ ।
(ਪੰ: 1245)
ਇਸ ਦੇ ਉਲਟ ਜੇ ਸੂਝ ਤੋਂ ਕੰਮ ਨਾ ਲਿਆ ਜਾਵੇ ਅਤੇ ਮਨੁੱਖ ਅੰਨ੍ਹੀ ਸ਼ਰਧਾ ‘ਚ ਹੀ ਲੱਗ ਟੁਰੇ, ਤਾਂ ਗੁਰਦੇਵ ਤਾੜਨਾ ਕਰਦੇ ਹਨ:
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ
(ਪੰ:1245)
ਅੱਜ ਬਹੁਤਾ ਕਰ ਕੇ, ਸਾਡੀ ਹਾਲਤ ਵੀ ਇਹੀ ਬਣੀ ਪਈ ਹੈ। ਅਸੀਂ ਅਨਮਤੀ ਕਰਮਕਾਂਡਾਂ ਅਤੇ ਗੁਰਮੱਤ ਵਿਰੁਧ ਕੰਮਾਂ ਨੂੰ ਬੜੇ ਚਾਅ ਤੇ ਜੋਸ਼ ਨਾਲ ਕਰ ਰਹੇ ਹਾਂ। ਇੰਨ੍ਹ੍ਹਾਂ ਵਿਚੋਂ ਇਕ ਇਹ ‘ਹੇਮਕੁੰਟ’ ਵੀ ਹੈ ਜਿਸ ਨੂੰ ਦਸਮੇਸ਼ ਜੀ ਨਾਲ ਜੋੜ ਕੇ ਗੁਰਧਾਮ ਮੰਨ ਲੈਣਾ ਅਤੇ ਉਸ ਉੇਤੇ ਤਪ ਸਾਧਣ ਵਾਲੇ ਦੁਸ਼ਟ ਦਮਨ ਬਾਰੇ ਸਹੀ ਜਾਣਕਾਰੀ ਨਾ ਹੋਣ ਕਰ ਕੇ ਅਸੀਂ ਇਸ ਅਸਥਾਨ ਨੂੰ ਅੱਜ ਇਤਿਹਾਸਕ ‘ਅਸਥਾਨ’ ਸਮਝਣ ਦੀ ਗਲਤੀ ਕਰ ਰਹੇ ਹਾਂ। ਇਸ ਸੰਬੰਧ ‘ਚ ਸਾਡੇ ਵਿਚਾਰ ਏਨੇ ਪੱਕ ਚੁਕੇ ਹਨ ਕਿ ਜਦੋਂ ਸਾਨੂੰ ਕੋਈ ਸਹੀ ਗੁਰਮੱਤ ਦੀ ਜਾਣਕਾਰੀ ਦਿੰਦਾ ਹੈ ਤਾਂ ਅਸੀਂ ਉਸੇ ਨੂੰ ਹੀ ਗੁਰਮੱਤ ਵਿਰੋਧੀ ਸਮਝਦੇ ਹਾਂ। ਜਿਹੜੇ ਸੱਜਣ ਹੇਮਕੁੰਟ ਦੇ ਦਰਸ਼ਨਾਂ ਨੂੰ ‘ਗੁਰਧਾਮ ਦਰਸ਼ਨ’ ਮੰਨ ਰਹੇ ਹਨ, ਸਨਿਮਰ ਬੇਨਤੀ ਹੈ ਕਿ
ਹੇਠ ਦਿੱਤੀਆਂ ਕੁਝ ਗੱਲਾਂ ‘ਤੇ ਨਿਰਪੱਖ ਵਿਚਾਰ ਕਰਣ ਤੇ ਆਪਣੇ ਆਪ ਨੂੰ ਘੋਖਣ:
1. ਤਪਾਂ ਬਾਰੇ ਗੁਰਬਾਣੀ ਦਾ ਫੈਸਲਾ ਹੈ: ਵਰਮੀ ਮਾਰੀ ਸਾਪੁ ਨ ਮੂਆ। (ਪੰ:1348) ਭਾਵ-ਜਿਵੇਂ ਖੁੱਡ ਬੰਦ ਕਰ ਦੇਣ ਨਾਲ ਸੱਪ ਨਹੀਂ ਮਰ ਜਾਂਦਾ ਇਸੇ ਤਰ੍ਹਾਂ ਸਰੀਰ ਤਪਾਉਣ ਨਾਲ ਮਨੁੱਖ ਅੰਦਰੋਂ ਹਉਮੈ ਆਦਿ ਵਿਕਾਰ ਨਹੀਂ ਘਟਦੇ। ਗੁਰਬਾਣੀ ‘ਚ ਤਾਂ ਇੰਨ੍ਹ੍ਹਾਂ ਤਪਾਂ ਨੂੰ ਕੋਰਾ ਪਾਖੰਡ ਦੱਸਿਆ ਹੈ ਜਿਵੇਂ ਤਨੁ ਨ ਤਪਾਇ ਤਨੂਰ ਜਿਉ, ਬਾਲਣੁ ਹਡ ਨ
ਬਾਲਿ।। ਸਿਰਿ ਪੈਰੀ ਕਿਆ ਫੇੜਿਆ, ਅੰਦਰਿ ਪਿਰੀ ਨਿਹਾਲਿ।। (ਪੰ:1384) ਹੋਰ ਲਵੋ! ਹਠ ਕਰਮਾਂ ਲਈ ਤਾਂ ਗੁਰਬਾਣੀ ਅਨੁਸਾਰ ਹੀ ਮਨਹਠਿ ਕਿਨੈ ਨ ਪਾਇਓ ਸਭ ਥਕੇ ਕਰਮ ਕਮਾਇ।। ਮਨਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ।। (ਪੰ:593)। ਇਸ ਤਰ੍ਹਾਂ ਗੁਰਬਾਣੀ ‘ਚੋਂ ਹੋਰ ਅਨੇਕਾਂ ਪ੍ਰਮਾਣ ਦਿੱਤੇ ਜਾ ਸਕਦੇ ਹਨ।
2. ਸੁਆਲ ਪੈਦਾ ਹੁੰਦਾ ਹੈ, ਜਿਹੜਾ ਤਪ-ਹਠ ਕਰਮ ਸਿੱਖੀ ਆਸ਼ੇ ਵਿਰੁਧ ਹੈ। ਜੇ ਸਚਮੁਚ ਹੀ ਕਿਸੇ ਅਜਿਹੇ ਤਪ ਕਾਰਨ ਉਨ੍ਹਾਂ ਦਾ ਪ੍ਰਭੂ ਨਾਲ ਮਿਲਾਪ ਹੋਇਆ ਹੁੰਦਾ ਤਾਂ ਉਸ ਪ੍ਰਾਪਤੀ ਵਾਲੇ ਰਸਤੇ ਦਾ ਉਹ ਆਪ ਕਿਵੇਂ ਖੰਡਨ ਕਰਦੇ? ਦੂਜਾ-ਜੇਕਰ ਤਪਾਂ ਰਸਤੇ ਪ੍ਰਭੂ ਮਿਲਾਪ ਹੋ ਸਕਦਾ ਹੈ ਤਾਂ ਤੇ ਗੁਰਬਾਣੀ ਵਿਚਾਰਧਾਰਾ ਨੂੰ ਵੀ ਗਲਤ ਮੰਨਣਾ ਪਵੇਗਾ, ਜਿਸਦੀ ਸਿੱਖ ਕਲਪਨਾ ਵੀ ਨਹੀਂ ਕਰ ਸਕਦਾ।
3. ਜੇਕਰ ਹੇਮਕੁੰਟ ਦੇ ਸ਼ਰਧਾਲੂਆਂ ਮੁਤਾਬਕ ਮੰਨ ਵੀ ਲਿਆ ਜਾਵੇ ਕਿ ਦਸਮੇਸ਼ ਜੀ ਨੇ ਉਥੇ ‘ਤਪ’ ਕੀਤਾ ਤਾਂ ਇਹ ਤਪ ਕੀਤਾ ਕਦੋਂ? ਤਾਂ ਪਿਛਲੇ ਜਨਮ ‘ਚ। ਫਿਰ ਦੱਸੋ ! ਸਾਡਾ ਪਿਛਲੇ ਜਨਮ ਨਾਲ ਕੀ ਸੰਬੰਧ? ਪਿਛਲਾ ਜਨਮ ਤਾਂ ਦੂਰ, ਇਸ ਜਨਮ ‘ਚ ਵੀ ਕੀਤੀ ਕਿਸੇ ‘ਗੁਰੂ ਵਿਅਕਤੀ’ ਦੀ ਕਿਸੇ ਕਰਨੀ ਨਾਲ ਸਾਡਾ ਸੰਬੰਧ ਉਦੋਂ ਹੀ ਹੈ ਜਦੋਂ ‘ਗੁਰੂ’ ਪਦ ਨੂੰ ਪ੍ਰਾਪਤ ਹੋਏ ਤੇ ‘ਨਾਨਕ ਜੋਤਿ’ ਦੇ ਹੱਕਦਾਰ ਬਣੇ। ਜਦਕਿ ਦਸਮੇਸ਼ ਜੀ ਨੌਂ ਸਾਲ ਦੀ ਉਮਰ ‘ਚ ਸਾਡੇ ਗੁਰੂ ਬਣੇ। ਪਿਛਲਾ ਜਨਮ ਤਾਂ ਕੀ ਜੇਕਰ ਇਸੇ ਜਨਮ ਦੇ ਪਹਿਲੇ ਨੌਂ ਸਾਲਾਂ ‘ਚ ਵੀ, ਉਨ੍ਹਾਂ ਨੇ ਕੋਈ ਗੁਰਮੱਤ ਵਿਰੁਧ ਕਰਮ ਕੀਤਾ ਹੁੰਦਾ ਤਾਂ ਉਹ ਵੀ ਸਾਡੇ ਲਈ ‘ਫੋਕਟ-ਕਰਮ’ ਹੀ ਹੋਣਾ ਸੀ।
4. ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ ਦੀ ਸੰਗਤ ‘ਚ ਆਉਣ ਤੋਂ ਪਹਿਲਾਂ ਦੇਵੀ ਪੂਜਕਾਂ ਦੇ ਆਗੂ ਤੇ ਹਰ ਸਾਲ ਵੈਸ਼ਨੋ ਯਾਤਰਾ ਨੂੰ ਜਾਣ ਵਾਲੇ ਸਨ। ਤਾਂ ਤੇ ‘ਮਾਤਾ’ ਦੀਆਂ ਭੇਟਾਂ ਵੀ ਗਾਉਂਦੇ ਅਤੇ ਹੋਰ ਕਰਮ ਵੀ ਕਰਦੇ ਰਹੇ ਹੋਣਗੇ। ਇਹ ਵਾਰਤਾ ਤਾਂ ਉਨ੍ਹ੍ਹਾਂ ਦੇ ਇਸੇ ਜਨਮ ਦੀ ਹੈ, ਨਾ ਕਿ ਪਿਛਲੇ ਜਨਮ ਦੀ। ਹੇਮਕੁੰਟ ਦੀ ਤਰ੍ਹਾਂ ਉਸ ਦੇਵੀ ਸਥਾਨ ਨੂੰ ਭਾਲਣ ਦੀ ਵੀ ਲੋੜ ਨਹੀਂ। ਤਾਂ ਕੀ ਸਿੱਖਾਂ ਨੂੰ ਵੀ ਦੇਵੀ ਦਰਸ਼ਨਾਂ ਲਈ ਜਾਣਾ ਜਾਂ ਉਥੇ ਗੁਰਦੁਆਰਾ ਕਾਇਮ ਕਰ ਲੈਣਾ ਚਾਹੀਦਾ ਹੈ? ਕਦਾਚਿਤ ਨਹੀਂ। ਜੇ ਵੈਸ਼ਨੋ ਦੀ ਗੁਫਾ ਗੁਰ-ਸਥਾਨ ਨਹੀਂ ਤਾਂ ਹੇਮਕੁੰਟ ਲਈ ਦੋਹਰਾ ਮਾਪਦੰਡ ਕਿਉਂ?
5. ਦੂਜੇ ਪਾਤਸ਼ਾਹ ਦੀ ਸ਼ਰਨ ‘ਚ ਆਉਣ ਤੋਂ ਪਹਿਲਾਂ, ਤੀਜੇ ਪਾਤਸ਼ਾਹ ਲਗਾਤਾਰ ਇੱਕੀ ਸਾਲ ਗੰਗਾ ਇਸ਼ਨਾਨ ਜਾਂਦੇ ਰਹੇ ਅਤੇ ਉਹ ਵੀ ਇਸੇ ਜਨਮ ‘ਚ। ਤਾਂ ਫਿਰ ਕੀ ਉਥੇ ਵੀ ਤੀਜੇ-ਪਾਤਸ਼ਾਹ ਨਾਲ ਸੰਬੰਧਤ ਸਥਾਨ ਕਾਇਮ ਕਰਣਾ ਅਤੇ ਸੰਗਤਾਂ ਨੂੰ ਹਰ ਸਾਲ ਗੰਗਾ ਇਸ਼ਨਾਨ ਜਾਣਾ ਚਾਹੀਦਾ ਹੈ? ਕਦਾਚਿਤ ਨਹੀਂ। ਤਾਂ ਫਿਰ ਹੇਮਕੁੰਟ ਦੀ ਤਰ੍ਹਾਂ ਇਥੇ ਵੀ ਦੂਜਾ ਮਾਪ ਦੰਡ ਕਿਉਂ?
ਸਪਸ਼ਟ ਹੈ ਜੇਕਰ ਦਸਮੇਸ਼ ਜੀ ਨੇ ਪਿਛਲੇ ਜਨਮ ‘ਚ ਕੋਈ ਤਪ ਕੀਤਾ ਵੀ ਹੋਵੇ ਤਾਂ ਵੀ ਹੇਮਕੁੰਟ, ਇਤਿਹਾਸਕ ਗੁਰ ਅਸਥਾਨ ਨਹੀਂ ਹੋ ਸਕਦਾ। ਆਖਿਰ ਸਾਰਾ ਝਮੇਲਾ ਪਿਆ ਕਿਥੋਂ? ਇਸ ਦੇ ਉੱਤਰ ਤੋਂ ਪਹਿਲਾਂ ਅਸੀਂ ਇਸ ਸਥਾਨ ਪ੍ਰਤੀ ਕੁਝ ਜਾਣਕਾਰੀ ਦੇਣਾ ਚਾਹੁੰਦੇ ਹਾਂ ਤਾ ਕਿ ਇਸਦੇ ਇਤਿਹਾਸਕ ਸਥਾਨ ਹੋਣ ਦਾ ਖੋਖਲਾਪਣ ਵੀ ਸਪਸ਼ਟ ਹੋ ਜਾਵੇ।
ਆਖਿਰ ਮੌਜੂਦਾ ਹੇਮਕੁੰਟ ਪ੍ਰਗਟ ਕਦੋਂ ਹੋਇਆ ਅਤੇ ਕਿਵੇਂ?
1. ਗੁਰਦੇਵ ਦੇ ਜੋਤੀ ਜੋਤ ਸਮਾਉਣ ਤੋਂ 224 ਵਰ੍ਹੇ ਬਾਅਦ, ਮੌਜੂਦਾ ਹੇਮਕੁੰਟ ਦਾ ਸਥਾਨ ਸੰਨ 1932 ‘ਚ ਪ੍ਰਗਟ ਕੀਤਾ ਗਿਆ। 1936 ‘ਚ ਪਹਿਲੀ ਵਾਰ ਉਥੇ ਗੁਰਦੁਆਰਾ ਕਾਇਮ ਹੋਇਆ। ਇਸ ਤੋਂ ਪਹਿਲਾਂ ਇਤਿਹਾਸ ਜਾਂ ਮਿਥਿਹਾਸ ‘ਚ, ਇਸ ਦਾ ਨਾਂ ‘ਹੇਮਕੁੰਟ’ ਕਦੇ ਵੀ ਨਹੀਂ ਸੀ। ਇਥੋਂ ਦੇ ਵਸਨੀਕਾਂ ਲਈ ਅੱਜ ਵੀ ਤੇ ਪਹਿਲਾਂ ਵੀ, ਇਸ ਸਥਾਨ ਦਾ ਨਾਂ ‘ਲੋਕਤਾਲ’ ਹੈ। ‘ਸਪਤ ਸ੍ਰਿੰਗ’ ਨਾਮ ਦੀ ਵੀ ਇਥੇ ਕੋਈ ਜਗ੍ਹਾ ਨਹੀਂ, ਕੇਵਲ ਮਿੱਥੀ ਗਈ ਹੈ।
2. ਇਸ ਸਥਾਨ ਨੂੰ ਪ੍ਰਗਟ ਕਰਣ ਵਾਲੇ ‘ਪੰਡਤ ਤਾਰਾ ਸਿੰਘ ਨਰੋਤਮ’ ਹਰ ਸਾਲ ਬਦਰੀਨਾਥ ਦੀ ਯਾਤ੍ਰਾ ਨੂੰ ਜਾਂਦੇ ਤੇ ਸਨਾਤਨੀ ਵਿਚਾਰਾਂ ਦੇ ਸਨ। ਬਦਰੀਨਾਥ ਨੂੰ ਸ਼ੰਕਰਾਚਾਰੀਆ ਨੇ ਪ੍ਰਗਟ ਕੀਤਾ ਸੀ। ਸ਼ਾਇਦ ਨਰੋਤਮ ਜੀ ਨੇ ਵੀ ਸੋਚਿਆ, ਨਵੇਂ ਸਥਾਨ ਦੀ ‘ਖੋਜ’ ਤੋਂ ਉਨ੍ਹ੍ਹਾਂ ਦਾ ਨਾਮ ਵੀ ਅਮਰ ਹੋ ਜਾਵੇ।
3. ਇਕ ਨਵੀਂ ਬਹਿਸ ਛਿੜ ਗਈ, ਇਹ ਸਥਾਨ ਅਸਲੀ ਤਪ ਸਥਾਨ ਨਹੀਂ। ਪ੍ਰਬੰਧਕਾਂ ਦੀ ਬਿਠਾਈ ਤਹਿਕੀਕਾਤ ਕਮੇਟੀ ਅਨੁਸਾਰ ਅਸਲੀ, ਤਪ ਸਥਾਨ ਇਸ ਤੋਂ ਵੀ ਘਟ ਤੋਂ ਘਟ 7 ਫਰਲਾਂਗ ਉੱਪਰ ਦੱਸਿਆ ਗਿਆ। ਤਾਂ ਫਿਰ ਦੱਸੋ ਇਸ ਸਥਾਨ ਨਾਲ ਤੁਹਾਡਾ ਕੀ ਸੰਬੰਧ?
4. ਪਹਿਲਾ ਹੇਮਕੁੰਟ ਮੰਡੀ ਸੁਕੇਤ ਰਿਵਾਲਸਰ ਨੇੜੇ ਪ੍ਰਗਟ ਕੀਤਾ ਗਿਆ। ਉਥੇ ਸਰੋਵਰ ਵੀ ਸੀ ਤੇ ਆਸ ਪਾਸ ਸੱਤ ਬਰਫ਼ਾਨੀ ਚੋਟੀਆਂ ਗਿਣ ਕੇ ਉਸਨੂੰ ‘ਸਪਤ ਸ੍ਰਿੰਗ’ ਮਿੱਥ ਦਿੱਤਾ। ਉਥੇ ਗੁਰਦੁਆਰਾ ਵੀ ਕਾਇਮ ਕਰ ਦਿੱਤਾ ਗਿਆ। ਵੈਸੇ ਇਸ ਤਰ੍ਹਾਂ ਪਹਾੜੀਆਂ ‘ਤੇ ਖਲੋ ਕੇ ਸੱਤ-ਸੱਤ ਚੋਟੀਆਂ ਬਹੁਤ ਸਥਾਨਾਂ ਤੋਂ ਗਿਣੀਆਂ ਜਾ ਸਕਦੀਆਂ ਹਨ। ਖੈਰ! ਮੌਜੂਦਾ ਹੇਮਕੁੰਟ ਨੂੰ ਉਸ ਸਮੇਂ ਭਾਈ ਵੀਰ ਸਿੰਘ ਦੀ ਲੋਕਪ੍ਰਿਅ ਲੇਖਣੀ ਦੀ ਮਦਦ ਮਿਲ ਜਾਣ ਸਦਕਾ, ਰਿਵਾਲਸਰ ਵਾਲਾ ਹੇਮਕੁੰਟ ਮਾਤ ਖਾ ਗਿਆ ਅਤੇ ਮਸ਼ਹੂਰ ਹੋ ਗਿਆ ਪੰਡਤ ਤਾਰਾ ਸਿੰਘ ਨਰੋਤਮ ਵਾਲਾ ‘ਹੇਮਕੁੰਟ’। ਉਹ ਹੇਮਕੁੰਟ ਜਿਸਦਾ ਟ੍ਰਸਟ ਵੀ ਕਾਇਮ ਕੀਤਾ ਤਾਂ ਭਾਈ ਵੀਰ ਸਿੰਘ ਜੀ ਨੇ ਹੀ।
5. ਹੇਮਕੁੰਟ ਦੀ ਸਥਾਪਨਾ ਬਾਰੇ ‘ਸੂਰਜ ਪ੍ਰਕਾਸ਼’ ‘ਚ ਦਿੱਤੀ ਕਹਾਣੀ ਦਾ ਸੰਖੇਪ ਆ ਚੁੱਕਾ ਹੈ। ਇਸ ਕਹਾਣੀ ਨਾਲ ਮਨੋਰੰਜਨ ਤਾਂ ਭਾਵੇਂ ਹੋ ਜਾਵੇ, ਪਰ ਇੰਨ੍ਹ੍ਹ੍ਹਾਂ ਗਪੌੜਾਂ ‘ਤੇ ਬੱਚਾ ਵੀ ਯਕੀਨ ਨਹੀਂ ਕਰੇਗਾ। ਅੰਧ-ਵਿਸ਼ਵਾਸੀ ਸੱਜਣਾਂ ਦੀ ਤਾਂ ਗੱਲ ਹੀ ਵੱਖਰੀ ਹੈ? ਦਸਮੇਸ਼ ਜੀ ਲਈ ਪਿਛਲੇ ਜਨਮ ‘ਚ ‘ਦੁਸ਼ਟਦਮਨ’ ਦਾ ਨਾਂ ਵੀ ਕਵੀ ਸੰਤੋਖ ਸਿੰਘ ਨੇ ਹੀ ਦਿੱਤਾ, ਬਚਿੱਤ੍ਰ ਨਾਟਕ ‘ਚ ਵੀ ਇਸ ਦਾ ਕੋਈ ਜ਼ਿਕਰ ਨਹੀਂ। ਜਦਕਿ ਇਹ ਵੀ ਸਾਬਤ ਹੋ ਚੁੱਕਾ ਹੈ ਕਿ ‘ਬਚਿਤ੍ਰ ਨਾਟਕ’ ਰਚਨਾ ਹੀ ਦਸਮੇਸ਼ ਜੀ ਦੀ ਨਹੀਂ। ਉਂਜ ਵੀ ਗੁਰੂ ਸਾਹਿਬ ਲਈ ‘ਦੁਸ਼ਟਦਮਨ’ ਵਾਲਾ ਬਨਾਵਟੀ ਨਾਮ ਗੁਰਬਾਣੀ ਸਿਧਾਂਤ ਨਾਲ ਮੇਲ ਨਹੀਂ ਖਾਂਦਾ ਅਤੇ ਨਾ ਹੀ ਗੁਰੂ ਸਹਿਬਾਨ ਪਹਿਲਾਂ ਤੋਂ ਕੋਈ ਜਨਮ ਹੀ ਭੋਗ ਕੇ ਆਏ ਸਨ।
6. ਕਿਤਨੀ ਅਜੀਬ ਕਹਾਣੀ ਘੜੀ ਗਈ। ਪਹਿਲਾਂ ਤਾਂ ਦੇਵੀ ਨੇ 90 ਪਦਮ ਦੈਂਤ ਮਾਰੇ, ਕਿਸ ਤਾਕਤ ਨਾਲ, ਸਰੀਰਕ ਜਾਂ ਆਤਮਕ? ਜੇ ਆਤਮਕ ਬਲ ਨਾਲ ਮਾਰੇ ਤਾਂ ਥੱਕੀ ਕਿਉਂ? ਜੇ ਸਰੀਰਕ ਬਲ ਨਾਲ ਮਾਰੇ ਤਾਂ ਨਿਰਾ ਗਪੌੜ। ਕਹਾਣੀ ਅਨੁਸਾਰ ਦਸਮੇਸ਼ ਜੀ ਦੀ ਫਤਹਿ ‘ਵਾਹਿਗੁਰੂ ਜੀ ਕੀ ਫਤਹਿ’ ਨਹੀਂ ਬਲਕਿ ਦੇਵੀ ਦੇ ਵਰਦਾਨ ਕਾਰਣ ਹੈ ਅਤੇ ਖਾਲਸਾ ਵੀ ‘ਵਾਹਿਗੁਰੂ ਜੀ ਕਾ ਖਾਲਸਾ’ ਨਹੀਂ ਬਲਕਿ ਤਪੱਸਵੀ ਬ੍ਰਾਹਮਣ ਦੀ ਖੱਲ ਵਿਚੋਂ ਜਨਮ ਲੈਣ ਵਾਲਾ ‘ਖਾਲਸਾ’ ਹੈ ਅਤੇ ਉਹ ਵੀ ਦੇਵੀ ਦੀ ਹੀ ਕ੍ਰਿਪਾ ਨਾਲ। ਇਹ ਤਾਂ ਆਪਣੇ ਆਪ ‘ਚ ਪੌਰਾਣਕ ਗਪੌੜਾਂ ਤੋਂ ਵੀ ਵੱਡੇ ਗਪੌੜ ਹਨ। ਬਾਣੀ ਦਾ ਫੈਸਲਾ ਹੈ, ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ (ਪੰ:872) ਅਤੇ ਹੋਰ ਕਈ ਕਿੰਤੂ।
7. ਇਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਇਸ ਨੂੰ ਆਪਣੇ ਹਲਵੇ-ਮਾਂਡੇ ਦਾ ਵਸੀਲਾ ਬਨਾਉਣ ਵਾਲਿਆਂ ਨੂੰ ‘ਸੂਰਜ ਪ੍ਰਕਾਸ਼’ ਵਿਚਲੀ ਕਹਾਣੀ ਵੀ ਰਾਸ ਨਹੀਂ ਸੀ ਆ ਰਹੀ। ਵਿਚਲੇ ਗਪੌੜਾਂ ਕਾਰਣ, ‘ਹੇਮਕੁੰਟ’ ਨੂੰ ਪ੍ਰਚਲਤ ਕਰਨਾ ਉਨ੍ਹ੍ਹ੍ਹਾਂ ਵਾਸਤੇ ਟੇਢੀ ਖੀਰ ਸੀ।
8. ‘ਸ੍ਰੀ ਹੇਮਕੁੰਟ ਦਰਸ਼ਨ’ ਨਾਮ ਦਾ ਕਿਤਾਬਚਾ ਜਿਹੜਾ ਗੋਬਿੰਦਘਾਟ ‘ਤੇ ਯਾਤਰੂਆਂ ‘ਚ ਮੁਫ਼ਤ ਵੰਡਿਆ ਜਾਂਦਾ ਹੈ, ਉਸ ‘ਚ ਇਕ ਹੋਰ ਕਹਾਣੀ ਜੋੜ ਦਿੱਤੀ ਜੋ ਪਹਿਲੀ ਨੂੰ ਕੱਟਦੀ ਹੈ। ਇਸ ਅਨੁਸਾਰ ‘ਦੁਸ਼ਟਦਮਨ’ ਦੀ ਕਥਾ ਪੁਰਾਣਾਂ ‘ਚੋਂ ਆਈ, ਪਰ ਇੱਥੇ ਵੀ ਕਿਸੇ ਪੁਰਾਨ ਦਾ ਹਵਾਲਾ ਨਹੀਂ। ਕਹਾਣੀ ਮੁਤਾਬਕ :
ਸਮੇਂ ਸਮੇਂ ਦੇਵਤਿਆਂ-ਦੈਂਤਾਂ ਦੇ ਯੁੱਧਾਂ ‘ਚ ਦੁਰਗਾ ਦੀ ਮਦਦ ਨਾਲ ਦੇਵਤੇ ਜਿੱਤਦੇ ਰਹੇ। ਇਕ ਵੇਰੀ ਜੰਗ ‘ਚ ਦੁਰਗਾ ਵੀ ਸਫਲ ਨਾ ਹੋ ਸਕੀ। ਪਰੇਸ਼ਾਨ ਦੇਵਤੇ ਬ੍ਰਹਮਾ ਕੋਲ ਗਏ, ਬ੍ਰਹਮਾ ਨੇ ਸਮੁੰਦ ਰਿਸ਼ੀ ਪਾਸ ਭੇਜੇ। ਰਿਸ਼ੀ ਨੇ ਆਪਣੇ ਤਪ-ਬਲ ਨਾਲ, ਸ਼ਕਤੀ ਨੂੰ ਪ੍ਰਗਟ ਕਰ ਕੇ ਦੇਵਤਿਆਂ ਦੀ ਸਹਾਇਤਾ ਲਈ ਭੇਜਿਆ। ਉਸ ਨੇ ਦੈਂਤਾਂ ਦਾ ਨਾਸ ਕਰ ਕੇ ਦੇਵਤਿਆਂ ਨੂੰ ਰਾਜ ਦਿਵਾਇਆ। ਉਪ੍ਰੰਤ ਅਕਾਲ ਪੁਰਖੁ ਤੋਂ ਆਗਿਆ ਲੈ ਕੇ ਇਹ ਸ਼ਕਤੀ ‘ਸਪਤਸ੍ਰਿੰਗ’ ਪਰਬਤ ਤੇ ਤਪ ਕਰਨ ਲੱਗ ਪਈ। ਇਹੀ ਸਨ ‘ਦੁਸ਼ਟ ਦਮਨ’ ਤੇ ਇਸ ਜਨਮ ‘ਚ ‘ਸ੍ਰੀ ਦਸਮੇਸ਼ ਜੀ।
9. ਇਸ ਨਵੀਂ ਕਹਾਣੀ ਦਾ ਵੀ ਸਿਰ-ਪੈਰ ਨਹੀਂ। ਬ੍ਰਾਹਮਣ ਮੱਤ ਦੇ ਕਿਸੇ ਵੀ ਪੁਰਾਣ ‘ਚ ਕਿਸੇ ‘ਦੁਸ਼ਟ ਦਮਨ’ ਦਾ ਜ਼ਿਕਰ ਹੈ ਹੀ ਨਹੀਂ। ਇਸ ਕਹਾਣੀ ‘ਚੋਂ ‘ਖੱਲ ਵਾਲੀ ਤੇ ‘ਦੇਵੀ ਦੇ ਵਰ ਵਾਲੀ’ ਗੱਲ ਹੀ ਕੱਢ ਦਿੱਤੀ ਗਈ। ਇਸੇ ਤਰ੍ਹਾਂ ਕਈ ਹੋਰ ਕਹਾਣੀਆਂ ਵੀ… ਜੇਕਰ ਕੌਮ ਸੁੱਤੀ ਰਹੀ ਤਾਂ ਪਤਾ ਨਹੀਂ ਕਿੰਨੀਆਂ ਕਹਾਣੀਆਂ ਹੋਰ ਘੜੀਆਂ ਜਾਣ ਤੇ ਪ੍ਰਚਲਤ ਕੀਤੀਆਂ ਜਾਣ।
10. ਇਕ ਪਾਸੇ ਸੰਗਤਾਂ ਨੂੰ ਖਿੱਚਣ ਲਈ ਹਜ਼ੂਰ ਸਾਹਿਬ ਵਾਲਿਆਂ ਮਸ਼ਹੂਰ ਕੀਤਾ ਦਾ ਹੈ
‘ਦਸਮੇਸ਼ ਜੀ 60 ਸਾਲ ਦੀ ਉਮਰ ਤੀਕ ਦੇ ਸਿੱਖ ਦੇ ਆਉਣ ਦਾ ਇੰਤਜ਼ਾਰ ਕਰਦੇ ਹਨ-। ਹੇਮਕੁੰਟ ਵਾਲੇ, ਹੋਰ ਅੱਗੇ ਚਲੇ ਗਏ, ਮਸ਼ਹੂਰ ਕਰ ਦਿੱਤਾ ਕਿ ਹੇਮਕੁੰਟ ‘ਤੇ ਸਦਾ ਹੀ ਦਸਮੇਸ਼ ਜੀ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ। ਉਹ ਲੋਕ, ਇਸ ਗੱਲ ਨੂੰ ਸਾਬਤ ਕਰਨ ਲਈ ਏਜੰਟਾਂ ਰਾਹੀਂ ਅਨੇਕਾਂ ਸ਼ੋਸ਼ੇ ਵੀ ਛੱਡਦੇ ਰਹਿੰਦੇ ਹਨ। ਸਾਖੀਆਂ ਦੇ ਨਾਂ ਹੇਠ ਕਿੱਸੇ-ਕਹਾਣੀਆਂ-ਘਟਨਾਵਾਂ ਵੀ ਪ੍ਰਗਟ ਕਰਦੇ ਰਹਿੰਦੇ ਹਨ। ਇਸ ਤਰ੍ਹਾਂ ਅਨਜਾਣ ਲੋਕਾਂ ਨੂੰ ਲੁੱਟਣ ਲਈ ਇੰਨ੍ਹਾਂ ਨੂੰ ਛਾਪਦੇ ਤੇ ਮੁਫ਼ਤ ਵੰਡਦੇ ਵੀ ਰਹਿੰਦੇ ਹਨ।
11. ਕਿਤਨੀ ਅਜੀਬ ਗੱਲ ਹੈ ਕਿ 42 ਸਾਲਾਂ ਦੀ ਸੰਸਾਰਕ ਯਾਤ੍ਰਾ-ਗੁਰਗੱਦੀ ਪ੍ਰਾਪਤੀ ਉਪ੍ਰੰਤ ਬਹੁਤ ਸਮਾਂ ਤਾਂ ਸੀ ਹੀ ਸ਼ਾਂਤੀ ਕਾਲ। ਕਿਉਂਕਿ ਪਹਿਲਾ ਯੁੱਧ (ਭੰਗਾਨੀ ਦਾ) ਹੋਇਆ ਤਾਂ 1685 ‘ਚ। ਫਿਰ ਪਾਤਸ਼ਾਹ ਦੇ ਜੀਵਨ ਕਾਲ ‘ਚੋਂ ਜੰਗਾਂ-ਯੁੱਧਾਂ ਦਾ ਕੁਲ ਸਮਾਂ ਪੰਜ ਕੁ ਸਾਲ ਤੋਂ ਵੀ ਵੱਧ ਨਹੀਂ ਬਣਦਾ। ਬਾਕੀ ਸਮਾਂ ਤਾਂ ਪਾਤਸ਼ਾਹ ਰਹੇ ਹੀ ਪ੍ਰਚਾਰ ਦੌਰਿਆਂ ‘ਤੇ। ਤਾਂ ਵੀ ਗੁਰਦੇਵ ਨੇ ਨਾ ਕਦੇ ਇਸਦੀ ਲੋੜ ਸਮਝੀ ਅਤੇ ਨਾ ਖਿਆਲ ਫੁਰਿਆ ਕਿ ਸੰਗਤਾਂ ਨੂੰ ਆਪਣੇ ‘ਤਪ ਸਥਾਨ’ ਦੇ ਦਰਸ਼ਨ ਕਰਵਾ ਦੇਣ।
12. ਬਚਿੱਤ੍ਰ ਨਾਟਕ ਦੇ ਕਰਤਾ ਨੇ ਸਥਾਨਾਂ ਦੇ ਨਾਂ ਦਿੱਤੇ ਤਾਂ ‘ਹੇਮਕੁੰਟ’ ਤੇ ‘ਸਪਤਸ੍ਰਿੰਗ’ ਜਿਹੜੇ ਸੰਨ 1932 ਤੀਕ ਸੰਸਾਰ ਭਰ ਦੇ ਕਿਸੇ ਨਕਸ਼ੇ ‘ਤੇ ਵੀ ਨਹੀਂ ਸਨ। ਭੁਗੋਲਕ ਸਥਿਤੀ ਵੀ ਦਿੱਤੀ ਤਾਂ ਮਿਥਿਹਾਸਕ ‘ਪੰਡ ਰਾਜ ਜਹਿ ਜੋਗ ਕਮਾਵਾ’ ਤਾਕਿ ਸੰਗਤਾਂ ਬੁਝਾਰਤਾਂ ‘ਚ ਹੀ ਉਲਝੀਆਂ ਰਹਿਣ।
13. ਜਿਉਂ-ਜਿਉਂ ਗਹਿਰਾਈ ‘ਚ ਜਾਵੋ, ਸਪਸ਼ਟ ਹੁੰਦਾ ਜਾਵੇਗਾ ਕਿ ਇਹ ਲਿਖਤ ਹੀ ਕਲਗੀਧਰ ਜੀ ਦੀ ਨਹੀਂ। ਗੁਰ ਇਤਿਹਾਸ ਦੀ ਚਾਸ਼ਨੀ ਚੜ੍ਹਾ ਕੇ, ਮਿਥਿਹਾਸ ਨੂੰ ਇਤਿਹਾਸ ਬਨਾਉਣ ਦੀ ਤੇ ਸਿੱਖਾਂ ਨੂੰ ਗੁੰਮਰਾਹ ਕਰ ਕੇ ਬ੍ਰਾਹਮਣੀ ਤਪਾਂ ਆਦਿ ‘ਚ ਉਲਝਾਉਣ ਦੀ ਕੁਟਲਨੀਤੀ ਹੈ। ਦੋਹਰੀ ਗਹਿਰੀ ਬ੍ਰਾਹਮਣੀ ਚਾਲ ਜਿਸਦਾ ਦੂਸਰਾ ਕਿਨਾਰਾ ਹੈ ਇਕ ਪੰਥ ਦੋ ਕਾਜ।
14. ਗੁਰਦੇਵ ਦੇ ਜੋਤੀ ਜੋਤਿ ਸਮਾਉਣ ਤੋਂ 224 ਸਾਲ ਬਾਅਦ ਤੀਕ (ਸੰਨ 1936 ਤੀਕ) ਜਦੋਂ ‘ਹੇਮਕੁੰਟ’ ਨੂੰ ਪ੍ਰਗਟ ਕੀਤਾ, ਤਦ ਤੀਕ ਪੰਥ ਨੇ ਅਨੇਕਾਂ ਮਰਜੀਵੜੇ ਸੰਸਾਰ ਨੂੰ ਦਿੱਤੇ ਜਿੰਨ੍ਹਾਂ ਦੀ ਮਿਸਾਲ ਦੁਨੀਆਂ ਦੇ ਇਤਿਹਾਸ ‘ਚੋਂ ਨਹੀਂ ਮਿਲਦੀ। ਕਿੰਨੀਂ ਅਜੀਬ ਗੱਲ ਹੈ ਕਿ ਇੱਕ ਨੇ ਵੀ ਇਸ ਤਪ ਸਥਾਨ ਬਾਰੇ ਕਦੇ ਨਾ ਸੋਚਿਆ ਤੇ ਨਾ ਹੀ ਢੂੰਡਣ ਦੀ ਲੋੜ ਹੀ ਸਮਝੀ। ਬਾਬਾ ਬੰਦਾ ਸਿੰਘ ਬਹਾਦਰ ਤਾਂ ਕਾਫੀ ਸਮਾਂ ਰਹੇ ਹੀ ਕਸ਼ਮੀਰ ਵਾਲੇ ਪਾਸੇ। ਉਨ੍ਹਾਂ ਨੂੰ ਵੀ ਇਸ ਬਾਰੇ ਕਦੇ ਕਿਸੇ ਨੇ ਦੱਸ ਨਾ ਪਾਈ। ਦਸਮੇਸ਼ ਜੀ ਨੇ ਉਨ੍ਹਾਂ ਨੂੰ ਪੰਜਾਬ ਭੇਜਣ ਸਮੇਂ ਵੀ ਇਸ ਬਾਰੇ ਕੋਈ ਹਦਾਇਤ ਨਹੀਂ ਦਿੱਤੀ।
15. ਮਹਾਰਾਜਾ ਰਣਜੀਤ ਸਿੰਘ ਨੂੰ ਜਿੱਥੇ ਵੀ ਗੁਰ ਅਸਥਾਨ ਦੀ ਦੱਸ ਪਾਈ ਗਈ, ਉਸ ਨੇ ਉਥੇ ਹੀ ਗੁਰਦੁਆਰੇ ਤੇ ਨਿਸ਼ਾਨ ਕਾਇਮ ਕਰਵਾਏ, ਜਾਗੀਰਾਂ ਲਗਾਈਆਂ। ਤਦ ਤੀਕ ਵੀ ਪੰਥ ਵਿਚੋਂ ਕਿਸੇ ਇੱਕ ਨੇ ਵੀ ਇਸ ਪਾਸੇ ਧਿਆਨ ਨਹੀਂ ਪੁਆਇਆ। ਹਿਮਾਲਿਆ (ਕਸ਼ਮੀਰ) ਤਾਂ ਹੈ ਵੀ ਮਹਾਰਾਜਾ ਦੇ ਆਪਣੇ ਰਾਜ ਪ੍ਰਬੰਧ ‘ਚ ਹੀ ਸੀ, ਉਸ ਲਈ ਔਖਾ ਵੀ ਨਹੀਂ ਸੀ।
16. ਮੌਜੂਦਾ ਹੇਮਕੁੰਟ ਦਾ ਆਧਾਰ ਇਕ ਮਾਈ ਨੂੰ ਆਇਆ ਸੁਪਨਾ ਬਨਾਇਆ ਗਿਆ। ਸ਼ਾਬਾਸ਼! ਜੇ ਸੁਪਨਿਆਂ ਦੇ ਆਧਾਰ ‘ਤੇ ਹੀ ਕੌਮ ਦਾ ਭਵਿੱਖ ਹੋਣਾ ਹੈ, ਤਾਂ ’ਤੇ ਕਰਤਾ ਹੀ ਮਿਹਰ ਕਰੇ।
17. ਮੌਜੂਦਾ ਹੇਮਕੁੰਟ ਤਾਂ ਇਸੇ ਲੋਕ, ਬਲਕਿ ਭਾਰਤ ‘ਚ ਹੀ ਹੈ। ਬਚਿੱਤ੍ਰਨਾਟਕ ਅਨੁਸਾਰ ਤਾਂ ਗੁਰਦੇਵ ਤਪ ਵੀ ਕਿਸੇ ਹੋਰ ਲੋਕ ‘ਚ ਹੀ ਕਰ ਰਹੇ ਸਨ ਜਿਵੇਂ:
ਚਿਤ ਨ ਭਯੋ ਹਮਰੋ ਆਵਨ ਕਹ।
ਚੁਭੀ ਰਹੀ ਸੁਤਿ ਪ੍ਰਭ ਚਰਨਨ ਮਹ।
ਜਿਉ ਤਿਉ ਪ੍ਰਭ ਹਮ ਕੋ ਸਮਝਾਯੋ।
ਇਮ ਕਹਿਕੇ ਇਹ ਲੋਕ ਪਠਾਯੋ।…
ਇਹ ਕਾਰਨਿ ਪ੍ਰਭ ਮੋਹਿ ਪਠਾਯੋ ।
ਤਬ ਮੈ ਜਗਤ ਜਨਮ ਧਰਿ ਆਯੋ।
ਅਤੇ
ਮੈ ਹੋ ਪਰਮ ਪੁਰਖ ਕੋ ਦਾਸਾ।
ਦੇਖਨ ਆਇਓ ਜਗਤ ਤਮਾਸਾ।
ਜੋ ਪ੍ਰਭ ਜਗਤਿ ਕਹਾ ਸੋ ਕਹਿ ਹੋਂ।
ਮ੍ਰਿਤ ਲੋਕ ਤੇ ਮੋਨ ਨ ਰਹਿ ਹੋਂ।
ਬਚਿਤ੍ਰ ਨਾਟਕ ਦੀ ਸਪਸ਼ਟ ਸੇਧ ਦੇ ਬਾਵਜੂਦ, ਹੇਮਕੁੰਟ ਇਸੇ ਲੋਕ ‘ਚੋਂ ਹੀ ਕਿਵੇਂ ਪ੍ਰਗਟ ਹੋ ਗਿਆ? ਫ਼ਿਰ ਉਸ ਅਨੁਸਾਰ ਤਾਂ ਇਹ ‘ਮ੍ਰਿਤ ਲੋਕ ਤੇ ਮੋਨ ਨ ਰਹਿ ਹੋਂ’ ਭਾਵ ਇਹ ਤਾਂ ‘ਮ੍ਰਿਤ ਲੋਕ’ ਹੈ ਅਤੇ ਪਾਤਸ਼ਾਹ ‘ਮ੍ਰਿਤ ਲੋਕ’ ‘ਚ ਨਹੀਂ ਕਿਸੇ ਹੋਰ ਲੋਕ ‘ਚ ਤਪ ਕਰ ਰਹੇ ਸਨ।
18. ‘ਪੰਡ ਰਾਜ ਜਹ ਜੋਗ ਕਮਾਵਾ’ ਵਾਲੀ ਪੰਕਤੀ ਹੀ ਝੂਠ ਨੂੰ ਨੰਗਾ ਕਰਦੀ ਹੈ। ਪਹਿਲਾਂ ਰਿਵਾਲਸਰ ਨੇੜੇ ‘ਹੇਮਕੁੰਟ’ ਪ੍ਰਗਟ ਕੀਤਾ ਗਿਆ, ਕਿਉਂਕਿ ਉਥੇ ਇਕ ‘ਕੁੰਤੀ ਕੁੰਡ’ ਸੀ ਜਿਸ ਤੋਂ ਮੰਨ ਲਿਆ ਗਿਆ, ਸ਼ਾਇਦ ਇਥੇ ਹੀ ਪਾਂਡਵਾਂ ਨੇ ਜੋਗ ਕਮਾਇਆ ਹੋਵੇਗਾ। ਬਰਫ਼ ਦੀਆਂ ਸੱਤ ਚੋਟੀਆਂ ਗਿਣ ਕੇ ਉਥੇ ਸਪਤਸ੍ਰਿੰਗ ਵੀ ਪ੍ਰਗਟ ਕਰ ਦਿੱਤਾ। ਮੌਜੂਦਾ ਹੇਮਕੁੰਟ ਦੇ ਸਥਾਨ ਨੂੰ ਮੰਨ ਲੈਣ ਦਾ ਕਾਰਣ ਵੀ ਇਥੇ ‘ਪੰਡਕੇਸ਼ਵਰ’ ਨਾਂ ਦੇ ਪਿੰਡ ਦਾ ਹੋਣਾ ਹੈ ਜਿਸ ਬਾਰੇ ਦੰਦ-ਕਥਾ ਹੈ ਕਿ ਪਾਂਡਵ ਜੋਗ ਕਮਾਉਣ ਇੱਧਰ ਗਏ ਸਨ। ਕਿੰਨੀਂ ਹਾਸੋਹੀਣੀ ਗੱਲ ਹੈ-ਜੇ ਕਲ੍ਹ ਨੂੰ ਹਿੰਦੂ ਕਿਸੇ ਹੋਰ ਸਥਾਨ ਬਾਰੇ ਮਸ਼ਹੂਰ ਕਰਦੇ ਹਨ ਕਿ ਪਾਂਡਵਾਂ ਨੇ ਫਲਾਂ ਸਥਾਨ ‘ਤੇ ਜੋਗ ਕਮਾਇਆ ਸੀ ਤਾਂ ਤੇ ਇਸ ਹੇਮਕੁੰਟ ਨੂੰ ਵੀ ਉਥੇ ਹੀ ਤਬਦੀਲ ਕਰਨਾ ਪਵੇਗਾ? ਇਹ ਸਿਲਸਿਲਾ ਫ਼ਿਰ ਪਤਾ ਨਹੀਂ ਕਦੋਂ ਤੀਕ ਚੱਲਦਾ ਰਹੇਗਾ ਅਤੇ ਇਸ ਤਰ੍ਹਾਂ ਕਿੰਨੇਂ ਹੇਮਕੁੰਟ ਪ੍ਰਗਟ ਅਤੇ ਅਲੋਪ ਹੁੰਦੇ ਰਹਿਣਗੇ।
19 ਇਥੇ ਇਹ ਗੱਲ ਵੀ ਧਿਆਨ ਮੰਗਦੀ ਹੈ ਕਿ ਮਿਥਿਹਾਸਕ ਕਥਾਵਾਂ ਅਨੁਸਾਰ ਇਕ ਮੇਰੂ ਪਰਬਤ ਦੱਸਿਆ ਜਾਂਦਾ ਹੈ। ਉਸ ਪਰਬਤ ‘ਤੇ ਸੁਰਗ ਲੋਕ ਤੇ ਇੰਦਰ ਦੇਵਤੇ ਦੇ ਰਾਜ ਦੀ ਕਲਪਨਾ ਕੀਤੀ ਗਈ ਹੈ। ਵੈਸੇ ਇਸ ਪਰਬਤ ਦੀ ਹੋਂਦ ਨੂੰ ਅਜੇ ਤੀਕ ਕਿਸੇ ਪ੍ਰਵਾਨ ਨਹੀਂ ਕੀਤਾ। ਗੁਰਬਾਣੀ ‘ਚ ਤਾਂ ਸੁਰਗ-ਨਰਕ ਦੀ ਹੋਂਦ ਨੂੰ ਵੀ ਨਹੀਂ ਮੰਨਿਆ ਗਿਆ। ਮਿੱਥ ਅਨੁਸਾਰ ਮੇਰੂ ਪਰਬਤ ਹੀਰੇ-ਜਵਾਹਰਾਤਾਂ ਦਾ ਭਰਿਆ ਹੈ। ਇਸੇ ਕਾਰਨ ਹਿੰਦੂ ਮਿਥਿਹਾਸ ‘ਚ ਇਸ ਨੂੰ ਸ਼੍ਰੋਮਣੀ ਪਰਬਤ ਵੀ ਕਿਹਾ ਹੈ। ਕਹਾਣੀ ਅਨੁਸਾਰ ਮਹਾਂਭਾਰਤ ਦੇ ਯੁੱਧ ਤੋੱ ਬਾਅਦ ਜਦੋਂ ਸਾਰੇ ਕੌਰਵਾਂ ਦਾ ਨਾਸ ਹੋ ਗਿਆ ਤਾਂ ਉਦਾਸ ਮਨ-ਯੁਧਿਸ਼ਟਰ ਬਾਕੀ ਪਾਂਡਵਾਂ ਅਤੇ ਦਰੋਪਦੀ ਨਾਲ ਜੋਗ ਕਮਾਉਣ ਲਈ ਸੁਰਗ ਲੋਕ ਲਈ ਚੱਲ ਪਿਆ ਅਤੇ ਹਿਮਾਲਿਆ ਦੀ ਚੜ੍ਹਾਈ ਹੀ ਉਨ੍ਹਾਂ ਦਾ ਰਸਤਾ ਵੀ ਸੀ। ਇਸ ਤਰ੍ਹਾਂ ਮਹਾਭਾਰਤ ਪੁਰਾਣ ਦੇ 119ਵੇਂ ਅਧਿਆਏ ਦੇ 47 ਤੋਂ 50 ਤੀਕ ਸਲੋਕਾਂ ‘ਚ, ਉਥੇ ਮੇਰੂ ਪਰਬਤ ‘ਤੇ ਨਾਗਸ਼ਟ, ਕਾਲਕੂਟ, ਗੰਧ ਮਾਧਿਅਮ ਤੇ ਹਿਮਕੁੰਟ (ਸੁਨਹਿਰੇ ਪਰਬਤ) ਆਦਿ ਪਹਾੜਾਂ ਦਾ ਜ਼ਿਕਰ ਹੈ। ਵੈਸੇ ਪਟਨਾ ਸਾਹਿਬ ਦੇ ਜ਼ਿਲੇ ਰਾਜਗਿਰੀ ਦੇ ਪੰਜ ਪਹਾੜਾਂ ‘ਚ ਰਤਨਗਿਰੀ ਦਾ ਨਾਂ ਭੀ ਹੇਮਕੁੰਟ ਹੀ ਦੱਸਿਆ ਜਾਂਦਾ ਹੈ।
20. ਹੇਮਕੁੰਟ ਦੇ ਲਫ਼ਜ਼ੀ ਅਰਥ ਹਨ ‘ਸੁਨਿਹਰੀ ਪਰਬਤ’-ਹੀਰੇ ਜਵਾਹਰਾਤਾਂ ਦਾ ਲੱਦਿਆ ਪਰਬਤ। ਹੇਮਕੁੰਟ ਨਾਂ ਵੀ ਮੇਰੂ ਦੀ ਤਰ੍ਹਾਂ, ਕਲਪਿਤ ਹੈ। ਘੋਖਣ ਦਾ ਵਿਸ਼ਾ ਹੈ, ਜਿਹੜੇ ਸ਼ਰਧਾਲੂ ਅਜੇ ਹਿਮਾਲਿਆ ਪਰਬਤ ਦੀਆਂ ਚੋਟੀਆਂ ‘ਚ ਹੀ ਘੁੰਮ ਰਹੇ ਹਨ, ਉਹ ਮੇਰੂ ‘ਤੇ ਅਜੇ ਪੁੱਜੇ ਹੀ ਨਹੀਂ, ਤਾਂ ਹੇਮਕੁੰਟ ਨੂੰ ਕਿਥੋਂ ਖੋਜ ਕੇ ਲੈ ਆਏ? ਮੌਜੂਦਾ ਹੇਮਕੁੰਟ ਤਾਂ ਉਂਝ ਵੀ ਸੁਨਹਿਰੀ ਪਰਬਤ ਹੈ ਹੀ ਨਹੀਂ ਅਤੇ ਨਾ ਹੀ ਇਸ ਉਪਰ ਕਿਧਰੇ ਹੀਰੇ ਜਵਾਹਰਾਤ ਹਨ।
21. ਹੁਣ ਤਾਂ ਮਾਊਂਟ ਐਵਰੇਸਟ ਨੂੰ ਸਭ ਤੋਂ ਉੱਚੀ ਚੋਟੀ ਮੰਨ ਕੇ ਕਈ ਵਾਰੀ ਸਰ ਵੀ ਕੀਤਾ ਜਾ ਚੁੱਕਾ ਹੈ। ਸਰ ਕਰਨ ਵਾਲਿਆਂ ਨੂੰ ਵੀ ਇਸ ਤੋਂ ਉਤੇ ਨਵਾਂ ਚਾਲੂ ਹੁੰਦਾ ਮੇਰੂ ਜਾਂ ਕੋਈ ਪਰਬਤ ਨਜ਼ਰ ਨਹੀਂ ਆਇਆ ਜਿਹੜਾ ਘੁੰਮਦੇ ਫਿਰਦੇ ਸੁਰਗ ਤੀਕ ਪਹੁੰਚਾ ਦੇਵੇ, ਜਿਵੇਂ ਟੁਰਦੇ-ਟੁਰਦੇ ਪਾਂਡਵ ਪੁੱਜ ਗਏ ਸਨ। ਸੁਆਦ ਤਾਂ ਉਥੇ ਹੀ ਹੈ ਜਿੱਥੇ ਕਾਮਧੇਨ ਗਊ, ਕਲਪ ਬ੍ਰਿਛ, ਅਪਸ੍ਰਾਵਾਂ ਤੇ ਪਤਾ ਨਹੀਂ ਕੀ-ਕੀ ਪਿਆ ਹੈ? ਫ਼ਿਰ ਅੱਜ ਦੇ ਯੁਗ ‘ਚ ਤਾਂ ਸਾਇੰਸਦਾਨ ਰਾਕਟਾਂ ਨਾਲ ਲੰਮੀਆਂ ਉਚਾਈਆਂ ਤਹਿ ਕਰ ਕੇ ਪੁਲਾੜ ‘ਚ ਵੀ ਸਟੇਸ਼ਨ ਕਾਇਮ ਕਰ ਚੁੱਕੇ ਹਨ। ਹਿਮਾਲਿਆ ਦੀਆਂ ਉਚਾਈਆਂ ਵਾਲੀ ਗੱਲ ਤਾਂ ਬਹੁਤ ਪਿੱਛੇ ਰਹਿ ਚੁੱਕੀ ਹੈ। ਫ਼ਿਰ ਵੀ ਕਿਸੇ ਨੂੰ ਅਖੌਤੀ ਸੁਰਗ ਜਾਂ ਮੇਰੂ ਪਰਬਤ ਆਦਿ ਕਿਧਰੇ ਨਹੀਂ ਮਿਲਿਆ। ਭੂ ਵਿਗਿਆਨੀਆਂ ਅਨੁਸਾਰ ਤਾਂ ਮਾਊਂਟ ਐਵਰੇਸਟ ਤੋਂ ਉਚੀ ਕੋਈ ਚੋਟੀ ਹੈ ਹੀ ਨਹੀਂ।
22. ਕਹਾਣੀ ਅਨੁਸਾਰ ਸਤਿਜੁਗ ‘ਚ ਦੈਂਤਾਂ ਨਾਲ ਜੰਗ ਕਰਦੀ ਦੁਰਗਾ ਥੱਕ ਕੇ ਇੰਨ੍ਹ੍ਹਾਂ ਹੀ ਹੇਮਕੁੰਟੀ ਪਹਾੜਾਂ ‘ਚ ਛੁਪ ਗਈ। ਫਿਰ ਉਸੇ ਹੀ ਦੇਵੀ ਦੇ ਵਰ ਨਾਲ, ਖੱਲ ਵਿਚੋ ਜਨਮ ਲੈਣ ਵਾਲੇ ਯੋਧੇ ਨੇ ਅਸੰਖਾਂ ਵਰ੍ਹੇ ਤੱਪ ਕੀਤਾ। ਕਵੀ ਅਨੁਸਾਰ ਇਸੇ ਯੋਧੇ ਨੂੰ ਦੇਵੀ ਨੇ ਦੁਸ਼ਟਦਮਨ ਦਾ ਨਾਂ ਵੀ ਦਿੱਤਾ। ਸੁਆਲ ਪੈਦਾ ਹੁੰਦਾ ਹੈ ਕਿ ਇਕ ਪਾਸੇ ਜੇਕਰ ਉਸ ਸਮੇਂ ਨੂੰ ਸਤਿਜੁਗ ਦਾ ਅਰੰਭ ਅਤੇ ਦੂਜੇ ਪਾਸੇ ਕਲਿਜੁਗ ਦਾ ਅੰਤ ਵੀ ਮੰਨ ਲਿਆ ਜਾਵੇ। ਤਾਂ ਵੀ ਪੁਰਾਤਨ ਲਿਖਤਾਂ ਅਨੁਸਾਰ ਚੌਹਾਂ ਜੁੱਗਾਂ ਦੀ ਕੁਲ ਉਮਰ 43 ਲਖ, ਵੀਹ ਹਜ਼ਾਰ ਸਾਲ ਹੀ ਬਣਦੀ ਹੈ। ਇਸਦੇ ਉਲਟ, ਦੁਸਟਦਮਨ ਦੇ ਅਸੰਖਾਂ ਵਰ੍ਹੇ ਤਪ ਤੋਂ ਬਾਅਦ, ਦੇਵੀ ਦੇ ਵਰਾਂ ਵਾਲਾ ਸਮਾਂ ਵੀ ਦਸਮੇਸ਼ ਜੀ ਭੁਗਤਾ ਚੁਕੇ ਹਨ। ਤਾਂ ਤੇ ਇਹ ਅਸੰਖਾਂ ਵਰ੍ਹੇ ਤਪ ਵਾਲੀ ਗੱਲ ਕਦੋਂ ਤੇ ਕਿਸ ਤਰ੍ਹਾਂ ਪੂਰੀ ਹੋਈ, ਕੌਣ ਦਸੇਗਾ?
23. ਪੁਰਾਤਨ ਰਚਨਾਵਾਂ ‘ਚ ਵੀ ਵੱਧ ਤੋਂ ਵੱਧ 6 ਚਿਰੰਜੀਵੀ ਹੀ ਕਹੇ ਗਏ ਹਨ ਜਿੰਨ੍ਹਾਂ ਦੇ ਨਾਂ ਵੀ ਦੱਸੇ ਹਨ, ‘ਦੁਸ਼ਟਦਮਨ’ ਦਾ ਨਾਂ ਉਨ੍ਹਾਂ ‘ਚ ਵੀ ਨਹੀਂ। ਇਹ ਨਾਂ ਤਾਂ ਸਭ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਨੂੰ ਹੀ ਫੁਰਿਆ ਤੇ ਜੱਗ-ਜ਼ਾਹਿਰ ਕੀਤਾ। ਜੇਕਰ ਕੋਈ ਅਜਿਹੇ ਲੰਮੇ ਤਪ ਦੀ ਗੱਲ ਵੀ ਹੁੰਦੀ ਤਾਂ ਚਿਰੰਜੀਵੀ (ਲੰਮੀ ਉਮਰ ਵਾਲੇ) ਛੇ ਨਹੀਂ ਬਲਕਿ ਸੱਤ ਹੁੰਦੇ ਅਤੇ ਅਸੰਖਾਂ ਵਰ੍ਹੇ ਤਪ ਕਾਰਣ ਉਨ੍ਹਾਂ ‘ਚੋਂ ਦੁਸ਼ਟਦਮਨ ਤਾਂ ਸ਼੍ਰੋਮਣੀ ਹੁੰਦਾ।
24. ਇਕ ਹੋਰ ਗੱਲ, ਜਿਸ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ, ਬਚਿਤ੍ਰਨਾਟਕ ਦੇ ਕਰਤਾ ਅਨੁਸਾਰ ਅਕਾਲਪੁਰਖੁ ਸਰੀਰ ਧਾਰੀ, ਕਿਸੇ ਖਾਸ ਸਥਾਨ ‘ਤੇ ਨਿਵਾਸ ਕਰਨ ਵਾਲਾ ਹੈ। ਕਿਉਂਕਿ ‘ਤਪ ਸਾਧਤ ਪ੍ਰਭ ਮੋਹਿ ਬੁਲਾਇਉ’, ਅਤੇ ਕਵੀ ਸੰਤੋਖ ਸਿੰਘ ਅਨੁਸਾਰ ਅਕਾਲ ਪੁਰਖ ਨੇ ਸੇਵਕਾਂ ਰਾਹੀਂ ਬਿਮਾਨ ਭੇਜ ਕੇ ਦੁਸ਼ਟਦਮਨ ਨੂੰ ਆਪਣੇ ਕੋਲ ਬੁਲਾਇਆ, ਝੋਲੀ ‘ਚ ਬਿਠਾ ਕੇ ਬੜੇ ਪਿਆਰ ਨਾਲ ਉਸ ਦਾ ਮੱਥਾ ਚੁੰਮਿਆ। ਪਹਿਲੀ ਗੱਲ ਇਹ, ਹੇਮਕੁੰਟ ਤੋਂ ਵੱਧ ਮਹਾਤਮ ਵਾਲਾ ਸਥਾਨ ਤਾਂ ਉਹ ਹੋਣਾ ਹੈ ਜਿੱਥੇ ਅਕਾਲ ਪੁਰਖੁ ਨੇ ਦੁਸ਼ਟਦਮਨ ਨੂੰ ਝੋਲੀ ‘ਚ ਬਿਠਾਇਆ, ਚੁੰਮਿਆਂ ਆਦਿ… ਨਾ ਕਿ ‘ਹੇਮਕੁੰਟ’। ਇਸਦੇ ਉਲਟ ਦਸਮੇਸ਼ ਜੀ ਦਾ ਅਕਾਲ ਪੁਰਖੁ ਤਾਂ-‘‘ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ’ ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤ ਕਹਿ- (ਜਾਪੁ) ਅਤੇ ੱਜਲ ਥਲ ਮਹੀਅਲ ਕੀਉ ਪਸਾਰਾ- ਹੈ। ਇਸ ਤੋਂ ਵੱਧ ਫਿਰ ਕੀ ਉਸ ਦੇਵੀ ਕੋਲ ਪਾਤਸ਼ਾਹ ਨੂੰ ਵਰਦਾਨ ਦੇਣ ਦੀ ਵੀ ਸਮ੍ਰਥਾ ਸੀ ਜਿਸ ਬਾਰੇ ਦਸਮੇਸ਼ ਜੀ ਫੁਰਮਾ ਰਹੇ ਹਨ-ੱਅਨਹਦ ਰੂਪ ਅਨਾਹਦ ਬਾਨੀ, ਚਰਨ ਸਰਨ ਜਿਹ ਬਸਤ ਭਵਾਨੀ- (ਅੰ੍ਰਿਮਤ ਸਵੈਯੇ)।
25. ਉਨ੍ਹਾਂ ਪਹਾੜੀ ਉਚਾਈ-ਢਲਾਨ ਵਾਲੇ ਇਲਾਕਿਆਂ ‘ਚ ਉਸ ਬਿਮਾਨ ਨੂੰ ਉਤਾਰਿਆ ਕਿੱਥੇ? ਤੇ ਵਾਪਿਸ ਚੜ੍ਹਾਇਆ ਕਿਥੋਂ? ਕਿਉਂਕਿ ਇਸ ਦੇ ਲਈ ਘਟੋ-ਘੱਟ ਦੋ ਕਿਲੋ ਮੀਟਰ ਜਗ੍ਹਾ ਦੀ ਲੋੜ ਹੈ ਜੋ ਉਥੇ ਮਿਲਣੀ ਹੀ ਸੰਭਵ ਨਹੀਂ, ਕਵੀ ਜੀ ਦੀ ਇਕ ਹੋਰ ਗੱਪ ਸਾਹਮਣੇ ਆਉਂਦੀ ਹੈ।
26. ਇੰਨਾਂ ਹੀ ਨਹੀਂ, ਕੀ ਗੁਰੂ ਸਾਹਿਬ ਲਈ ਲਫ਼ਜ਼ ੱਦੁਸ਼ਟਦਮਨ- ਵਰਤਣਾ ਵੈਸੇ ਵੀ ਗੁਰਮੱਤ ਅਤੇ ਸਤਿਗੁਰਾਂ ਦੇ ਮਹਾਨ ਸਤਿਕਾਰ ਵਿਰੁਧ ਹੈ। ਖੁਦ ਦਸਮੇਸ਼ ਬਾਣੀ ਅਨੁਸਾਰ,ੱਦੇਵ ਦੈਤ, ਦਿਸਾ ਵਿਸਾ, ਜਿਹ ਕੀਨ ਸਰਬ ਪਸਾਰ’ ਕਉਨ ਉਪਮਾ ਤੌਨ ਕੋ ਮੁਖ ਲੇਤ ਨਾਮੁ ਮੁਰਾਰ- ਜਾਂ ੱਦਾਨਵ ਦੇਵ ਪਿਸਾਚ ਪ੍ਰੇਤ, ਤੇ ਨੇਤਹ ਨੇਤ ਕਹਾਏ- ਉਸੇ ਹੀ ਗੁਰੂ ਨਾਨਕ ਜੋਤ-ਦਸਮੇਸ਼ ਜੀ ਬਾਰੇ, ‘ਦੁਸ਼ਟਦਮਨ’ ਵਾਲੇ ਪੱਖਪਾਤੀ ਵਿਚਾਰ ਕਿੱਥੋਂ ਤੀਕ ਮੇਲ ਖਾਂਦੇ ਹਨ?
27. ਜ਼ਲੀਲ ਹਰਕਤ ਤਾਂ ਅਸੀਂ ਕਰਦੇ ਹਾਂ ਜਿਹੜੇ ਗੁਰਦੇਵ, ਸਾਡੇ ਮਨਾਂ ‘ਚੋਂ ਸਰੀਰ ਸਮੇਤ ਅਲੋਪ ਹੋਣ ਵਾਲਿਆਂ ਦੀਆਂ ਫਰਜ਼ੀ ਕਹਾਣੀਆਂ ਨੂੰ ਖਤਮ ਕਰ ਰਹੇ ਹਨ, ਫ਼ੁਰਮਾਉਂਦੇ ਹਨ ‘ਜਿਹੜਾ ਸਰੀਰ ਸਮੇਤ ਅਲੋਪ ਹੋ ਜਾਂਦਾ ਹੈ ਉਸਨੂੰ ਭੁੂਤ ਕਹਿਣਾ ਚਾਹੀਦਾ ਹੈ’’ ਦੂਜੇ ਪਾਸੇ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਕੀ ਕੁਫਰ ਤੋਲ ਰਹੇ ਹਾਂ ਅਤੇ ਕਿਸ ਮਹਾਨ ਹਸਤੀ, ਗੁਰੂ ਨਾਨਕ ਦੀ ਜੋਤ ਵਾਸਤੇ।
28. ਸੰਨ 1936 ਜਦ ਤੋਂ ਹੇਮਕੁੰਟ ਨੂੰ ਪ੍ਰਗਟ ਕੀਤਾ ਗਿਆ ਹੈ ਲਗਭਗ 10,000 (ਦਸ ਹਜ਼ਾਰ) ਦੀ ਗਿਣਤੀ ‘ਚ ਗੁਰੂ ਕੀਆਂ ਸੰਗਤਾਂ ਅਤੇ ਉਨ੍ਹਾਂ ‘ਚੋਂ ਵੀ ਬਹੁਤੇ ਨੌਜੁਆਨ ਦੁਰਘਟਨਾਵਾਂ ਦੀ ਭੇਟ ਹੋ ਚੁੱਕੇ ਹਨ ਆਖਿਰ ਕੌਮ ਦੀਆਂ ਉਹ ਜੁਆਨੀਆਂ ਕਿਸ ਅਰਥ? ਅਗਿਆਨਤਾ ‘ਚ ਡੁੱਬ ਚੁੱਕੀ ਸਾਡੀ ਕੌਮ- ਇੰਨਾਂ ਹੀ ਨਹੀਂ, ਜਿੰਨਾਂ ਜਾਗ ਕੇ ਇਸ ਬਚਿਤ੍ਰ ਨਾਟਕ ਨੂੰ ਪੜ੍ਹਾਂਗੇ, ਅਨੇਕਾਂ ਕਿਉਂ-ਕਿੰਤੂ ਨਿਕਲਦੇ ਆਉਣਗੇ। ਕਾਗਜ਼ ਦੇ ਫੁੱਲਾਂ ‘ਤੇ ਸੈਂਟ ਛਿੜਕਣ ਨਾਲ ਵਕਤੀ ਖ਼ੁਸ਼ਬੂ ਤਾਂ ਆ ਸਕਦੀ ਹੈ; ਪਰ ਅਸਲੀ ਫੁੱਲਾਂ ਵਾਲੇ ਗੁਣ ਉਨ੍ਹਾਂ ‘ਚ ਪੈਦਾ ਨਹੀਂ ਹੋ ਸਕਦੇ। ਕਈ ਸੁਆਲ ਕਰਦੇ ਹਨ ‘ਅਨੇਕਾਂ ਲੋਕ ਜੋ ਦਰਸ਼ਨਾਂ ਨੂੰ ਜਾ ਰਹੇ ਹਨ ਕੀ ਇਹ ਸਾਰੇ ਨਾ-ਸਮਝ ਹਨ’। ਦਰਅਸਲ ‘ਚਲਤੇ ਪਾਛੇ ਜਗ ਚਲੇ’ ਵਾਲਾ ਉਬਾਲ ਹੈ ਜੋ ਬਹੁਤ ਸਮੇਂ ਲਈ ਨਹੀਂ, ਜਿਵੇਂ:
(ੳ) ਕੁਝ ਸਮਾਂ ਪਹਿਲਾਂ ਸ਼ਿਮਲੇ ‘ਚ ਕਿਸੇ ਪਾਖੰਡੀ ਨੇ ਸਾਹਿਬਜ਼ਾਦਿਆਂ ਦੇ ਚੋਲਿਆਂ ਦੇ ਦਰਸ਼ਨ ਕਰਵਾਉਣ ਦਾ ਪਰਪੰਚ ਰਚ ਕੇ ਬੇਅੰਤ ਮਾਇਆ ਚੜ੍ਹਾਵੇ ਦੇ ਰੂਪ ‘ਚ ਇਕੱਤ੍ਰ ਕਰ ਲਈ। ਦਰਸ਼ਨ ਕਰਨ ਵਾਲਿਆਂ ਦੀਆਂ ਲਾਈਨਾਂ ਸਨ। ਹਾਲਾਂਕਿ ਸਿੱਖ ਕੀ ਤੇ ਚੋਲਿਆਂ ਨੂੰ ਮੱਥਾ ਟੇਕਣਾ ਕੀ? ਪਰ ਇਹ ਸਭ ਹੋਇਆ ਕਿਉਂਕਿ ਵਕਤੀ ਉਬਾਲ ਸੀ ਅਤੇ ਗੁਰਬਾਣੀ ਜੀਵਨ ਬਾਰੇ ਅਗਿਆਨਤਾ।
(ਅ) ਕੁਝ ਸਾਲ ਪਹਿਲਾਂ ਰਿਵਾੜੀ (ਹਰਿਆਣਾ) ‘ਚ ਇਕ ਬੱਚੇ ਨੂੰ ਗੁਰੂ ਨਾਨਕ ਸਾਹਿਬ ਦਾ ਅਵਤਾਰ ਮਸ਼ਹੂਰ ਕਰ ਦਿੱਤਾ ਗਿਆ। ਫਿਰ ਕੀ ਸੀ, ਪੰਜਾਬ ‘ਚੋਂ ਗੱਡੀਆਂ, ਟ੍ਰੈਕਟਰ, ਟਰੱਕ, ਬੱਸਾਂ- ਜੋ ਮਿਲਿਆ ਸੰਗਤਾਂ ਰਿਵਾੜੀ ਦਰਸ਼ਨਾਂ ਨੂੰ ਚੱਲ ਪਈਆਂ। ਭੀੜ ਇੰਨੀਂ ਵੱਧ ਕਿ ਪਰਪੰਚ ਕਰਨ ਵਾਲਿਆਂ ਨੇ ਤਾਂ ਲੱਖਾਂ ਕਮਾਏ ਹੀ, ਹਰਿਆਣਾ ਸਰਕਾਰ ਨੇ ਵੀ ਦੋ ਰੁਪਏ ਟਿਕਟ ਲਾ ਕੇ, ਸਿੱਖਾਂ ‘ਚ ਫੈਲੀ ਅਗਿਆਨਤਾ ਦਾ ਭਰਵਾਂ ਲਾਭ ਲਿਆ। ਭਲਾ ਦੱਸੋ! ਇਸ ਤਰ੍ਹਾਂ ਜਾਣ ਵਾਲਿਆਂ ਨੇ ਕਿਹੜੀ ਸਮਝਦਾਰੀ ਦਾ ਸਬੂਤ ਦਿੱਤਾ? ਪਰ ਇਹ ਸਭ ਹੋਇਆ। ਗੁਰੂ ਨਾਨਕ ਪਾਤਸ਼ਾਹ ਕੀ ਤੇ ਬਾਰ-ਬਾਰ ਜਨਮ ਲੈਣਾ ਕੀ? ਕੌਣ ਸਮਝਾਉਂਦਾ? ਗੁਰਬਾਣੀ ਸੋਝੀ ਦੀ ਹੀ ਘਾਟ ਸੀ।
(ੲ) ਕੁਝ ਸਾਲ ਪਹਿਲਾਂ ਇਕ ਸ਼ੋਸ਼ਾ ਉਠਿਆ ‘ਚੰਦ’ ‘ਚੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੁੰਦੇ ਹਨ। ਫ਼ਿਰ ਕੀ ਸੀ, ਸਾਰੀ ਸਾਰੀ ਰਾਤ ਲੋਕੀਂ ਛੱਤਾਂ ‘ਤੇ ਚੜ੍ਹ ਕੇ ‘ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦੇ ਰਹੇ’ ਮਸਲਾ ਉਹੀ ਸੀ ਸੰਗਤਾਂ ਵਿਚਕਾਰ ਵਧਿਆ ਗੁਰਬਾਣੀ ਸੋਝੀ ਤੋਂ ਫ਼ਾਸਲਾ।
(ਸ) ਫਤਹਿ ਨਗਰ ਦਿੱਲੀ ਵਿਖੇ ਇੱਕ ਸਥਾਨ ਪ੍ਰਚਲਤ ਕਰ ਦਿੱਤਾ ਗਿਆ, ੱਸਾਹਿਬਜ਼ਾਦਿਆਂ ਦਾ ਗੁਰਦੁਆਰਾ-। ਆਧਾਰ ਬਣਿਆ ਇਕ ਮਾਈ ਦਾ ਸੁਪਨਾਕਿ ‘ਇਥੇ ਸਾਹਿਬਜ਼ਾਦੇ ਆਏ ਸਨ, ਜਿਹੜਾ ਇਥੇ ਮੰਗਲਵਾਰ ਬੂੰਦੀ-ਬਰਫੀ ਦਾ ਪ੍ਰਸ਼ਾਦਿ ਚੜ੍ਹਾਏਗਾ, ਉਸਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ’। ਪ੍ਰਤੱਖ ਨੂੰ ਪ੍ਰਮਾਣ ਕੀ, ਕਿਸੇ ਮੰਗਲਵਾਰ ਜਾ ਕੇ ਦੇਖੋ! ਉਥੇ ਜਾ ਕੇ ਮੰਗਾਂ ਮੰਗਣ ਵਾਲਿਆਂ ਦੀ ਕਿੰਨੀਂ ਭੀੜ; ਪੁਲਿਸ ਨੂੰ ਪ੍ਰਬੰਧ ਕਰਨੇ ਪੈ ਰਹੇ ਹਨ। ਛੋਟੇ ਜਿਹੇ ਕੁਆਟਰ ਤੋਂ ਕੰਪਲੈਕਸ ਬਣ ਗਿਆ ਹੈ। ਪ੍ਰਬੰਧਕਾਂ ਨੂੰ ਸਮਝ ਨਹੀਂ ਆ ਰਹੀ ਕਿ ਇਸ ਫ਼ੰਡ ਨੂੰ ਵਰਤਣ ਕਿੱਥੇ? ਹਾਲਾਂਕਿ ਸਾਹਿਬਜ਼ਾਦੇ ਕਦੇ ਦਿੱਲੀ ਪਧਾਰੇ ਹੀ ਨਹੀਂ। ਫਿਰ ਬੂੰਦੀ-ਬਰਫੀ ਦਾ ਪ੍ਰਸ਼ਾਦਿ ਤਾਂ, ਮੰਗਲਵਾਰ ਹਨੂੰਮਾਨ ਦੇ ਪੁਜਾਰੀਆਂ ਦਾ ਹੈ, ਗੁਰਦੁਆਰੇ ਨਾਲ ਕੀ ਸੰਬੰਧ?
ਇਸਦੇ ਉਲਟ ਸ਼ਿਮਲੇ, ਰਿਵਾੜੀ ਜਾਕੇ ਸੰਗਤਾਂ ਨੇ ਜਿਹੜੀ ਮਾਇਆ ਲੁਟਾਈ ਉਹ ਪੰਥ ਦੇ ਕਿਸ ਕੰਮ ਆਈ? ਇਥੇ ਹੀ ਬਸ ਨਹੀਂ ਆਖਿਰ ਗੁਰਦੁਆਰਾ ਮਨੀਕਰਣ ਅਤੇ ਹੋਰ ਅਜੇਹੇ ਅਨੇਕਾਂ ਹੀ ਸਥਾਨਾਂ ਤੇ ਕੀ ਹੋ ਰਿਹਾ ਹੈ। ਇਹ ਕੁਝ ਸਬੂਤ ਹਨ ਕਿ ਬਾਣੀ ਸਿੱਖਿਆ ਬਾਰੇ ਸੰਗਤਾਂ ‘ਚ ਕਿੰਨੀਂ ਅਗਿਆਨਤਾ ਵੱਧ ਚੁੱਕੀ ਹੈ? ਕੀ ਬਣੇਗਾ ਪੰਥ ਦਾ?
ਠੀਕ ਇਸੇ ਤਰ੍ਹਾਂ ‘ਹੇਮਕੁੰਟ’ ਵਾਲਾ ਵੀ ਵਕਤੀ ਉਬਾਲ ਹੈ ਜਿਸ ਪਿੱਛੇ ਅਨੇਕਾਂ ਦੇ ਹਲਵੇ ਮਾਂਡੇ ਦਾ ਸੁਆਲ ਹੈ। ਟਰੇੈਵਲ ਏਜੰਸੀਆਂ ਯਾਤ੍ਰਾਵਾਂ ਦੇ ਨਾਂ ‘ਤੇ ਅਰਬਾਂ ਕਮਾ ਰਹੀਆਂ ਹਨ। ਇਸ ਤੋਂ ਵੱਧ ਹਾਨੀਕਾਰਕ ਹਨ ਉਹ ਸੁਸਾਇਟੀਆਂ-ਡੇਰੇ ਜੋ ਗਲਤੀ ਨੂੰ ਸਮਝ ਕੇ ਵੀ ਆਪਣੀ ਥੋਥੀ ਹਠਧਰਮੀ ਤੇ ਫ਼ੋਕਟ ਵਕਾਰ ਨੂੰ ਸਾਹਮਣੇ ਰੱਖ ਕੇ, ਪੰਥ ਨੂੰ ਅਗਿਆਨਤਾ ਦੇ ਅੰਨ੍ਹੇ ਖੂਹ ‘ਚ ਸੁੱਟਣ ਲਈ ਦਿਨ ਰਾਤ ਇੱਕ ਕਰ ਰਹੇ ਹਨ। ਜੇਕਰ ਸੁਚਾਰੂ ਲਿਖਤਾਂ ਪੜ੍ਹ ਕੇ ਦੋ-ਇਕ ਦੇ ਅੰਦਰ ਜਾਗ੍ਰਤੀ ਆਉਂਦੀ ਵੀ ਹੈ ਤਦ ਤੀਕ ਹਜ਼ਾਰਾਂ ਹੋਰਨਾਂ ਲੋਕਾਂ ਦੇ ਮਨਾਂ ‘ਚ ਹੇਮਕੁੰਟ ਨੂੰ ਭਰਿਆ ਜਾ ਚੁੱਕਾ ਹੁੰਦਾ ਹੈ। ਇਹੀ ਕਾਰਨ ਹੈ ਕਿ ਇਸ ਉਬਾਲ ਦੇ ਬੈਠਣ ਲਈ ਅਜੇ ਕਾਫ਼ੀ ਸਮਾਂ ਵੀ ਲੱਗ ਸਕਦਾ ਹੈ।
ਮਹਾਂਕਾਲ, ਕਾਲਕਾ ਤੇ ਹੇਮਕੁੰਟ ਇਹ ਨਵੀਂ ਚਾਲ ਨਹੀਂ। ਇਤਿਹਾਸਕ ਜਾਂ ਮਿਥਿਹਾਸਕ, ਜਦੋਂ ਵੀ ਕਦੀ ਕੋਈ ਹਸਤੀ ਉੱਭਰੀ-ਦੇਵੀ ਪੂਜਕ ਹਮੇਸ਼ਾਂ ਹੀ ਇਕ ਜਾਂ ਦੂਜੀਆਂ ਕਹਾਣੀਆਂ ਰਾਹੀਂ ਉਸ ਨੂੰ ਆਪਣੇ ਇਸ਼ਟ ਮਹਾਂਕਾਲ ਤੇ ਕਾਲਕਾ ਦੇ ਪੁਜਾਰੀ ਦੱਸਦੇ ਆਏ ਹਨ। ਆਪਣੇ ਇਸ਼ਟ ਨੂੰ ਸਭ ਤੋਂ ਉੱਚਾ ਸਾਬਤ ਕਰਨਾ, ਇੰਨ੍ਹਾਂ ਦੀ ਫ਼ਿਤਰਤ ਹੈ। ਮਿਥਿਹਾਸਕ ਰਾਮ, ਕ੍ਰਿਸ਼ਨ, ਹਨੂੰਮਾਨ, ਬ੍ਰਹਮਾ, ਵਿਸ਼ਨੂੰ, ਮਹੇਸ਼ ਆਦਿ ਬਾਰੇ ਅਨੇਕਾਂ ਕਹਾਣੀਆਂ ਰਾਹੀਂ ਇੰਨ੍ਹਾਂ ਦੇਵੀ ਪੂਜਕਾਂ ਨੇ ਸਾਰਿਆਂ ਨੂੰ, ਮਹਾਂਕਾਲ ਅਤੇ ਕਾਲਕਾ (ਮਾਂ) ਦਾ ਉਪਾਸਕ ਹੀ ਪ੍ਰਚਾਰਿਆ ਹੈ।
ਜਗਤ ਰਚਨਾ ਬਾਰੇ ਪਹਿਲੇ ਪਾਤਸ਼ਾਹ ਨੇ ਇੰਨ੍ਹਾਂ ਦੇਵੀ ਪੂਜਕਾਂ ਦੀ ਹੀ ਕਹਾਣੀ ਦਾ ਹਵਾਲਾ, ਬਾਣੀ ਜਪੁ ਦੀ ‘ਏਕਾ ਮਾਈ…’ ਵਾਲੀ ਪਉੜੀ ‘ਚ ਦੇ ਕੇ ਉਸ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ। ਇਸ ਦੇ ਲਈ ਗੁਰਮਤ ਪਾਠ ਨੰ: 45 ‘ਪਉੜੀ ਏਕਾ ਮਾਈ ਬਾਰੇ’ ਸੰਗਤਾਂ ਦੀ ਸੇਵਾ ‘ਚ ਪ੍ਰਾਪਤ ਹੈ। ਸੁੱਤੇ ਤਾਂ ਅਸੀਂ ਹਾਂ ਜਿੰਨ੍ਹਾਂ ਨੇ ਕਦੇ ਇੰਨ੍ਹਾਂ ਰਚਨਾਵਾਂ ਨੂੰ ਗਹੁ ਨਾਲ ਪੜ੍ਹਿਆ ਹੀ ਨਹੀਂ। ਸਾਡੇ ਹੀ ਕਈ ਵਿਦਵਾਨਾਂ ਨੇ ‘ਮਹਾਂਕਾਲ ਕਾਲਕਾ ਅਰਾਧੀ’ ਵਿਚੋਂ ਮਹਾਂਕਾਲ ਦਾ ਅਰਥ ਬਦੋ-ਬਦੀ ‘ਕਾਲਾਂ ਦਾ ਕਾਲ’ ਅਥਵਾ ‘ਅਕਾਲਪੁਰਖ’ ਕਰਨ ਦਾ ਯਤਨ ਕੀਤਾ ਹੈ। ਜਦਕਿ ‘ਬਚਿਤ੍ਰ ਨਾਟਕ’ ਦੇ ਲਿਖਾਰੀ ਨੇ ਪਹਿਲੇ ਹੀ ਅਧਿਆਇ ਅੰਕ 18, 31, 32, 35 ‘ਚ ਮਹਾਂਕਾਲ ਦਾ ਸਰੂਪ ਹੀ ਬਿਆਣਿਆ ਹੈ ਜੋ ਕਿ:
ਮਹਾਂਕਾਲ ਦੇ ਖੱਬੇ ਹੱਥ ‘ਚ ਧਨੁੱਖ ਤੇ ਵੱਡੀ ਭਾਰੀ ਖੜਗ ਲਟਕਦੀ ਹੈ। ਲੰਮੀਆਂ-ਲੰਮੀਆਂ ਦਾੜ੍ਹਾਂ ਨਾਲ ਹਜ਼ਾਰਾਂ ਜੀਵ ਚਬਾ ਜਾਂਦਾ ਹੈ। ਪੈਰਾਂ ‘ਚ ਘੁੰਗਰੂੰਆਂ ਦੀ ਝਣਕਾਰ, ਚਾਰ ਬਾਹਵਾਂ, ਸਿਰ ‘ਤੇ ਜੂੜਾ, ਹੱਥਾਂ ‘ਚ ਗਦਾ ਤੇ ਪਾਸ (ਫਾਹੀ) ਹੈ। ਵੱਡੀਆਂ ਵੱਡੀਆਂ ਲਾਲ ਅੱਖਾਂ ਸੂਰਜ ਦੀਆਂ ਕਿਰਨਾਂ ਨੂੰ ਵੀ ਲੱਜਿਤ ਕਰਦੀਆਂ ਹਨ। ਸ਼ਰਾਬ ਪੀ ਕੇ ਮਸਤੀ ’ਚ ਇੰਝ ਭਬਕਦਾ ਹੈ ਜਿਵੇਂ ਜੰਗਲ ‘ਚ ਸ਼ੇਰ ਦਾ ਬੱਚਾ- ਇਸੇ ਮਹਾਂਕਾਲ ਦਾ ਸਰੂਪ ਚਰਿੱਤਰੋ ਪਾਖਿਆਨ’ ‘ਚ ਵੀ ਦਿੱਤਾ ਹੋਇਆ ਅਤੇ ਉੱਜੈਨ ‘ਚ ਇਸ ਦਾ ਮੰਦਿਰ ਵੀ ਮੌਜੂਦ ਹੈ।
ਦਰਅਸਲ ਦਸਮੇਸ਼ ਜੀ ਨੇ ਨਾ ਤਾਂ ਕੋਈ ਬ੍ਰਾਹਮਣੀ ਤਪ ਕੀਤਾ ਤੇ ਨਾ ਹੀ ਹੇਮਕੁੰਟ ਇਤਿਹਾਸਕ ਗੁਰ-ਅਸਥਾਨ ਹੀ ਹੈ। ਬਲਕਿ ਸੱਚਾਈ ਇਹ ਹੈ ਕਿ ਦਸਮੇਸ਼ ਪਿਤਾ ਜਨਮਾਂ ਨੂੰ ਭੋਗ ਕੇ ਨਹੀਂ ਸਨ ਆਏ। ਗੁਰਦੇਵ ਤਾਂ ੱਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ- (ਪੰ:1408) ਮਹਾਵਾਕ ਅਨੁਸਾਰ, ਧੁਰੋਂ ਥਾਪੇ ਤੇ ਗੁਰੂ ਨਾਨਕ ਜੋਤ ਦਾ ਹੀ ਦਸਵਾਂ ਸਰੂਪ ਹਨ-ਭਿੰਨ ਨਹੀਂ। ਇਥੇ ਤਾਂ, ਗੁਰਦੇਵ ਦੇ ਮੂੰਹੋ ਇਹ ਕਢਵਾਇਆ ਗਿਆ ਹੈ ਕਿ ‘ਤਹ ਹਮ ਅਧਿਕ ਤਪਸਿਆ ਸਾਧੀ। ਮਹਾਂਕਾਲ ਕਾਲਕਾ ਅਰਾਧੀ।’ ਅਤੇ ਫਿਰ ਚੌਦ੍ਹ੍ਹਵੇਂ ਅਧਿਆਇ ‘ਚ ਦਸਮੇਸ਼ ਜੀ ਦੇ ਮੁੱਖੋਂ ਇਹ ਵੀ ਪੱਕਾ ਕਰਵਾਇਆ ਕਿ ਮੈ ਤਾਂ ਉਪਾਸਕ ਹੀ ਮਹਾਂਕਾਲ ਅਤੇ ਕਾਲਕਾ ਦਾ ਹਾਂ-ਪੰਕਤੀਆਂ ਹਨ:
ਸਰਬ ਕਾਲ ਹੈ ਪਿਤਾ ਹਮਾਰਾ।
ਦੇਬ ਕਾਲਕਾ ਮਾਤ ਹਮਾਰਾ।
ਮਨੂਆ ਗੁਰਮੁਰ ਮਨਸਾ ਮਾਈ।
ਜਿਨ ਮੋ ਕਉ ਸੁਭ ਕਿਰਿਆ ਪੜਾਈ।
ਅਰਥ ਹਨ ਸਰਬ ਕਾਲ ਅਥਵਾ ਮਹਾਂਕਾਲ ਮੇਰਾ ਪਿਤਾ ਹੈ ਤੇ ਕਾਲਕਾ ਮੇਰੀ ਮਾਤਾ ਹੈ। ਮਨ ਮੇਰਾ ਗੁਰੂ ਹੈ ਤੇ ਮੈਂ ਉਸ ਦੇ ਰਸਤੇ ‘ਤੇ ਚੱਲਦਾ, ਸ਼ੁਭ ਕਰਮ ਕਰਦਾ ਹਾਂ।- ਕੀ ਇਹੀ ਹੈ ਗੁਰਮੱਤ ਵਿਚਾਰਧਾਰਾ? ਕੀ ਇਹ ਦਸਮੇਸ਼ ਪਿਤਾ ਜੀ ਦੀ ਜੀਵਨ ਰਹਿਣੀ ਹੋ ਸਕਦੀ ਹੈ? ਜ਼ਰਾ ਵਿਚਾਰੋ! ਕਿੱਥੇ ਸਾਹਿਬਾਂ ਦੀ ਮਹਾਨ ਸ਼ਖਸੀਅਤ ਜੋ ‘ਸ਼ਬਦ ਗੁਰੂ’ ਦੇ ਪ੍ਰਚਾਰਕ ਤੇ ‘ਗਿਆਨ ਗੁਰੂ ਆਤਮ ਉਪਦੇਸੈ’ ਦਾ ਮਹਾਨ ਉਪਦੇਸ਼ਕ ਹਨ ਤੇ ਕਿੱਥੇ ਉਨ੍ਹਾਂ ਨੂੰ ‘ਮਨੂਆ ਗੁਰਮੁਰ’ ਭਾਵ ਮਨ ਨੂੰ ਗੁਰੂ ਮੰਨਣ ਵਾਲਾ ਦੱਸਣਾ ਅਥਵਾ ਮਨ ਦੇ ਪਿੱਛੇ ਦੌੜਣ ਵਾਲਾ ਦੱਸਣਾ ਭਾਵ ‘ਮਨਮੁਖ’।
ਕਿੰਨਾਂ ਅਨਰਥ ਹੈ ਗੁਰਮੱਤ ਨਾਲ ?- ਕਿੰਨੀਂ ਅਵੱਗਿਆ ਹੈ ਗੁਰਦੇਵ ਦੀ ਅਜ਼ਮਤ ਤੇ ਸ਼ਾਨ ਨਾਲ। ਜੇ ਫਿਰ ਵੀ ਅਸੀਂ ਸਮਾਂ ਨਾ ਸੰਭਾਲੀਏ, ਇੱਕ ਕਰਤਾਰ ਦੇ ਲੜ ਲਾਉਣ ਵਾਲੇ ਗੁਰਦੇਵ ਨੂੰ ਕਰਮਕਾਂਡੀ, ਤਪ-ਸਾਧਕ ਤੇ ਦੇਵੀ ਪੂਜਕ ਸਿੱਧ ਕਰਦੇ ਜਾਈਏ… ਇਸੇ ਤਰ੍ਹਾਂ ਨੌਵੇਂ ਗੁਰਦੇਵ ਨੂੰ ਕੇਵਲ ਪੁਤ੍ਰ ਕਾਮਨਾ ਅਧੀਨ ਤੀਰਥ ਇਸ਼ਨਾਨੀ ਤੇ ਬ੍ਰਾਹਮਣਾਂ ਨੂੰ ਦਾਨ-ਪੁੰਨ ਕਰਨ ਵਾਲੇ ਪ੍ਰਚਾਰਦੇ ਜਾਈਏ-ਤਾਂ ਸਾਡੇ ਤੋਂ ਵੱਡਾ ਗੁਰੂ ਘਾਤੀ ਤੇ ਗੁਰੂ ਨਿੰਦਕ ਹੋਰ ਕੌਣ ਹੋਵੇਗਾ?
ਗੁਰਪੁਰਬਾਂ ਸਮੇਂ ਜਨਮ ਕਥਾ ਵੀ ਜਨਮ-ਅਸ਼ਟਮੀ ਦੀ ਨਕਲ ‘ਤੇ ਕੇਵਲ ਬ੍ਰਾਹਮਣੀ ਨਿਯਮ ਹੈ। ਇਥੇ ਤਾਂ ਇਕ ਹੋਰ ਭੁੱਲ ਜਿਹੜੀ ਅੱਜ ਕੀਤੀ ਜਾ ਰਹੀ ਹੈ ਕਿ ਦਸਮੇਸ਼ ਜੀ ਦੇ ਪ੍ਰਕਾਸ਼ ਉਤਸਵ ਸਮੇਂ- ੱਅਬ ਮੈਂ ਅਪਨੀ ਕਥਾ ਬਖਾਨੋ- ਵਾਲੀ ਪੰਕਤੀ ਨੂੰ ਲੈ ਕੇ ਇਸ ਹੇਮਕੁੰਟ ਵਾਲੀ ਵਿਥਿਆ ਨੂੰ, ਕਵੀ ਸੰਤੋਖ ਸਿੰਘ ਵਾਲੀ ਕਹਾਣੀ ਨਾਲ ਸ਼ਿੰਗਾਰ ਕੇ ਜਨਮ ਕਥਾ ਦੇ ਲੇਬਲ ਹੇਠ ਕੇਵਲ ਖੇਤਰੀ ਹੀ ਨਹੀਂ, ਇਤਿਹਾਸਕ ਗੁਰਦੁਆਰਿਆਂ ‘ਚ ਵੀ ਸੁਣਾਈ ਜਾ ਰਹੀ ਹੈ। ਇਸ ਤਰ੍ਹਾਂ ਸੰਗਤਾਂ ਨਾਲ ਵੱਡਾ ਅਨਰਥ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਗੁਰਮੱਤ ਬਦਲੇ ਅਨਮੱਤ, ਮਨਮੱਤ ਤੇ ਘੋਲ-ਘੋਲ ਕੇ ਬਿਪਰ ਜ਼ਹਿਰ ਪਿਲਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਪ੍ਰਕਾਸ਼ ਉਤਸਵ ਹੋਵੇ ਗੁਰੂ ਨਾਨਕ ਪਾਤਸ਼ਾਹ ਦਾ ਤਾਂ ਵੀ ਅਖੌਤੀ ਬਚਿਤ੍ਰਨਾਟਕ ਦੇ ਆਧਾਰ ‘ਤੇ ਹੀ ਸਾਨੂੰ ਬੇਦੀ-ਸੋਢੀ ਕੁਲ ਵਾਲੇ ਬ੍ਰਾਹਮਣੀ ਕਿੱਸਿਆਂ ਰਾਹੀਂ ਉਸੇ ਬ੍ਰਾਹਮਣੀ ਸਮੁੰਦ੍ਰਦਰ ‘ਚ ਗਰਕ ਕਰਨ ‘ਚ ਕਸਰ ਨਹੀਂ ਛੱਡੀ ਜਾਂਦੀ ਅਤੇ ਇਹ ਸਭ ਕਰ-ਕਰਵਾ ਰਹੇ ਹੁੰਦੇ ਹਨ ਸਾਡੇ ਗੁਰਦੁਆਰਾ ਪ੍ਰਬੰਧਕ ਤੇ ਅਣ-ਅਧਿਕਾਰੀ ਪ੍ਰਚਾਰਕ।
ਅਜੋਕੇ ਦਸਮ ਗ੍ਰੰਥ ਵਾਲਾ ਹਮਲਾ-ਦਸਮੇਸ਼ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਕੁਝ ਸਮਾਂ ਬਾਅਦ ਹੀ ਬ੍ਰਾਹਮਣ ਤੇ ਸਾਕਤ ਮੱਤੀਆਂ ਦਾ ਸਿੱਖੀ ਉਪਰ ਇਹ ਗੁੱਝਾ ਵਾਰ ਸੀ ਜਿਸ ਤੋਂ ਜਲਦੀ ਸੰਭਲਣ ਦੀ ਲੋੜ ਹੈ। ਪੜ੍ਹੀਆਂ ਲਿਖੀਆਂ ਗੁਰਮੱਤ ਸੋਝੀ ਵਾਲੀਆਂ ਸੰਗਤਾਂ ਨੂੰ ਸਮੁੱਚੇ ‘ਬਚਿਤ੍ਰ ਨਾਟਕ’ ਅਜੋਕੇ ਦਸਮ ਗ੍ਰੰਥ ਦੀ ਪੂਰੀ ਘੋਖ ਕਰਣ ਦੀ ਲੋੜ ਹੈ। ਇਹ ਤਾਂ ਉਸ ਦੀਆਂ ਕੁਝ ਪੰਕਤੀਆਂ ‘ਤੇ ਆਧਾਰਤ ਵਿਸ਼ਾ ਹੈ। ਘੋਖਿਆ ਜਾਵੇਗਾ ਤਾਂ ਅਨੇਕਾਂ ਗੁਰਮੱਤ ਵਿਰੋਧੀ, ਵਿਆਕਰਣਕ, ਇਤਿਹਾਸਕ ਦੋਸ਼, ਕਾਲ ਭੰਗ ਦੋਸ਼, ਪੌਰਾਣਕ ਗਪੌੜਾਂ, ਨਸ਼ੇ ਪ੍ਰੇਰਕ, ਇਸਤ੍ਰੀ ਵਰਗ ਦੀ ਅਵਹੇਲਣਾ, ਰੋਮਾਂ-ਕੇਸਾਂ ਦੀ ਕੱਟਵੱਢ ਲਈ ਉਤਸਾਹਿਤ ਕਰਨ ਦੇ ਵਿਸ਼ਿਆਂ ਨਾਲ ਭਰਪੂਰ ਗੱਲਾਂ ਸਾਹਮਣੇ ਆਉਣਗੀਆਂ। ਇੰਨ੍ਹਾਂ ਨੂੰ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ, ਅਭੁਲ ਸਤਿਗੁਰੂ ਕਲਗੀਧਰ ਜੀ ਨਾਲ ਜੋੜਣਾ ਕਤਈ ਅਸੰਭਵ ਹੋਵੇਗਾ। ਯਕੀਨ ਹੈ ਕੌਮ ਜਾਗੇਗੀ! ਜਾਗੇਗੀ! ਅਤੇ ਜ਼ਰੂਰ ਜਾਗੇਗੀ! ਗੁਰ ਅਸਥਾਨ ਤਾਂ ਕਿਧਰੇ ਵੀ ਹੋਣ, ਮੁਬਾਰਕ ਹਨ। ਮੌਜੂਦਾ ਹੇਮਕੁੰਟ, ਫ਼ਰੰਟ ਏਰੀਏ ‘ਚ ‘ਗੁਰਮੱਤ ਕੈਂਪਾਂ’ ਲਈ ਤਾਂ ਭਾਵੇਂ ਬਹੁਤ ਵਧੀਆ ਸਥਾਨ ਸਾਬਤ ਹੋਵੇ, ਪਰ ਇਹ ਕਿਸੇ ਤਰ੍ਹਾਂ ਵੀ ਇਤਿਹਾਸਕ ਗੁਰ-ਅਸਥਾਨ ਨਹੀਂ।
ਸੂਰਜ ਪ੍ਰਕਾਸ਼ ਤੇ ਉਸ ਦੀ ਕਥਾ- ਚੇਤੇ ਰਹੇ! ਇਕ ਪਾਸੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੇ ਦੂਜੇ ਪਾਸੇ ਨਾਲ ਨਾਲ ਗੁਰਦੁਆਰਿਆਂ ‘ਚ ‘ਸੂਰਜ ਪ੍ਰਕਾਸ਼’ ਦੀ ਕਥਾ, ਦੋਵੇਂ ਸਵੈ ਵਿਰੋਧੀ ਕਾਰਜ ਅਤੇ ਸਿੱਖੀ ਜੀਵਨ-ਜਾਚ ਪੱਖੋਂ ਸੰਗਤਾਂ ਨਾਲ ਮਜ਼ਾਕ ਤੁੱਲ ਹਨ। ‘ਗੁਰੂ ਨਾਨਕ ਪ੍ਰਕਾਸ਼ ਤੇ ਬਾਕੀ ਨੌ ਪਾਤਸ਼ਾਹੀਆਂ ਦੀ ਜੀਵਨ ਲੀਲਾ ‘ਸੂਰਜ ਪ੍ਰਕਾਸ਼’, ਕਵੀ ਸੰਤੋਖ ਸਿੰਘ ਜੀ ਦੀਆਂ ਰਚਨਾਵਾਂ ਇਤਿਹਾਸਕ ਸਮਗ੍ਰੀ ਵਜੋਂ, ਪੰਥ ਨੂੰ ਵੱਡੀ ਦੇਣ ਹੈ। ਇਸਦੇ ਨਾਲ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਕਵੀ ਜੀ ਆਪ ‘ਚੂੜਾਮਣੀ’ (ਉਚੀ ਕੁਲ ਦੇ ਵਿਦਵਾਨ ਪੰਡਤ) ਸਨ ਅਤੇ ਆਪ ਦਾ ਪਿਤਾ ਪੁਰਖੀ ਸੰਬੰਧ ਨਿਰਮਲੇ ਸਾਧਾਂ ਨਾਲ ਸੀ। ਉਨ੍ਹਾਂ ਦਾ ਇਹ ਸਾਰਾ ਕਾਰਜ ਪਹਿਲਾਂ ਮਹਾਰਾਜਾ ਪਟਿਆਲਾ ਕਰਮ ਸਿੰਘ ਉਪੰ੍ਰਤ ਮਹਾਰਾਜਾ ਕੈਥਲ, ਉਦੈ ਸਿੰਘ ਅਧੀਨ ਹੋਇਆ। ਮਹਾਰਜਾ ਉਦੇ ਸਿੰਘ ਵੱਲੋਂ ਇੰਨ੍ਹਾਂ ਨੂੰ ਇਸ ਕਾਰਜ ਦੀ ਮਦਦ ਲਈ ਵੀ ਪੰਡਤ ਹੀ ਮਿਲੇ ਹੋਏ ਸਨ। ਇਸ ਤਰ੍ਹਾਂ ਪਹਿਲਾਂ ਤਾਂ ਕਵੀ ਜੀ ਦੀ ਆਪਣੀ ਵਿਚਾਰਧਾਰਾ ਵੈਦਕ ਤੇ ਬ੍ਰਾਹਮਣੀ, ਫ਼ਿਰ ਉਸ ਨਾਲ ਸਰਕਾਰੀ ਪੱਧਰ ‘ਤੇ ਸਹਿਯੋਗ ਵੀ ਬ੍ਰਾਹਮਣਾਂ ਦਾ ਹੀ ਸੀ। ਇਥੇ ਹੀ ਬੱਸ ਨਹੀਂ ਇਸ ਤੋਂ ਵੱਡੀ ਗੱਲ ਕਿ ਉਨ੍ਹਾਂ ਪਾਸ ਜੋ ਇਤਿਹਾਸਕ ਮਸਾਲਾ ਸੀ, ਉਹ ਕੀ ਸੀ? ਇਹ ਵਿਸ਼ਾ ਵੀ ਬਹੁਤ ਧਿਆਨ ਮੰਗਦਾ ਹੈ। ਇੰਨ੍ਹਾਂ ਦੀਆਂ ਲਿਖਤਾਂ ਦਾ ਆਧਾਰ ਅਜੋਕੇ ਸਮੇਂ ਪ੍ਰਾਪਤ ‘ਭਾਈ ਬਾਲੇ ਵਾਲੀ ਜਨਮ ਸਾਖੀ’,‘ਗੁਰਬਿਲਾਸ ਪਾਤਸ਼ਾਹੀ ਛੇਵੀਂ’ ਆਦਿ ਉਹ ਲਿਖਤਾਂ ਸਨ ਜਿਹੜੀਆਂ ਸਮੇਂ ਨਾਲ ਪੰਥ ਲਈ ਵੱਡਾ ਧੋਖਾ ਸਾਬਤ ਹੋ ਚੁੱਕੀਆਂ ਹਨ।
ਇਹੀ ਕਾਰਨ ਹੈ ਕਿ ਕਵੀ ਜੀ ਦੀਆਂ ਲਿਖਤਾਂ ‘ਚ ਗੁਰਮੱਤ ਘੱਟ ਅਤੇ ਬ੍ਰਾਹਮਣੀ ਵਿਚਾਰਧਾਰਾ ਤੇ ਰਲ-ਗੱਡ, ਸਿਖਰਾਂ ‘ਤੇ ਹੈ। ਅਰੰਭ ‘ਚ ਦਿੱਤੀ ਜਾ ਚੁੱਕੀ ਉਨ੍ਹਾਂ ਦੀ ਆਪਣੇ ਵੱਲੋਂ ਘੜੀ ਹੋਈ ‘ਦੁਸ਼ਟਦਮਨ’ ਵਾਲੀ ਫ਼ਰਜ਼ੀ ਕਹਾਣੀ ਹੀ ਪਛਾਣ ਲਈ ਕਾਫ਼ੀ ਹੈ। ਬੇਸ਼ਕ ਬਾਅਦ ‘ਚ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਉਨ੍ਹਾਂ ਦੀਆਂ ਰਚਨਾਵਾਂ ਹੇਠ ਫ਼ੁਟ-ਨੋਟ ਵੀ ਦਿੱਤੇ ਹਨ। ਚੂੰਕਿ ਭਾਈ ਵੀਰ ਸਿੰਘ ਆਪ ਵੀ ਵੈਦਿਕ ਪ੍ਰਭਾਵ ਨਾਲ ਓਤ-ਪ੍ਰੋਤ ਸਨ, ਜਿਸਦਾ ਸਬੂਤ ਭਾਈ ਸਾਹਿਬ ਦੀਆਂ ਆਪਣੀਆਂ ਲਿਖਤਾਂ ਵੀ ਮੌਜੂਦ ਹਨ, ਸ਼ਾਇਦ ਇਸੇ ਲਈ, ਉਹ ਫ਼ੁਟਨੋਟ ਵੀ ਬੜੇ ਘੱਟ ਸਾਬਤ ਹੋਏ। ਪੰਥ ਦਾ ਫ਼ਰਜ਼ ਹੈ ਕਿ ਪਹਿਲਾਂ ਗੁਰਦੁਆਰਿਆਂ ‘ਚ ਇਸ ਕਥਾ ਨੂੰ ਬੰਦ ਕਰਵਾਇਆ ਜਾਵੇ ਜਿਹੜੀ ਕਿ ਸਿੱਖੀ ਤੇ ਗੁਰਬਾਣੀ ਦਾ ਪ੍ਰਚਾਰ ਘੱਟ ਪਰ ਬ੍ਰਾਹਮਣ ਦਾ ਪ੍ਰਚਾਰ ਵਧੇਰੇ ਹੈ। ਦੂਜਾ, ਪੰਥਕ ਪੱਧਰ ‘ਤੇ ਗੁਰਮੱਤ-ਵਿਦਵਾਨਾਂ ਦੀ ਮਦਦ ਲੈ ਕੇ, ਹੰਸ ਬਿਰਤੀ ਨਾਲ ਕਵੀ ਸੰਤੋਖ ਸਿੰਘ, ਗਿਆਨੀ ਗਿਆਨ ਸਿੰਘ ਤੇ ਹੋਰ ਲਿਖਤਾਂ ‘ਚੋਂ ਨਿਰੋਲ ਗੁਰ-ਇਤਿਹਾਸ ਸੰਗਤਾਂ ਵਿਚਕਾਰ ਪ੍ਰਗਟ ਕੀਤਾ ਜਾਵੇ।