Subscription About Us Contact Us


ਗੁਰਬਾਣੀ ਵਿੱਚ ਵਰਤੇ ਗਏ ‘ਰਹਾਉ’ ਅਤੇ ‘ਰਹਾਉ ਦੂਜਾ’ ਲਫ਼ਜ਼ਾਂ ਬਾਰੇ ਕੁਝ ਵਿਚਾਰ

- ਨਰਿੰਦਰਪਾਲ ਸਿੰਘ -

ਗੁਰਬਾਣੀ ਦੇ ਕਿਸੇ ਮੁਕੰਮਲ ਸ਼ਬਦ ਨੂੰ ਇਕ ਖਿੜਿਆ ਹੋਇਆ ਸੁੰਦਰ ਫੁੱਲ ਮਿੱਥ ਲਈਏ ਤਾਂ ‘ਰਹਾਉ’ ਵਾਲੀ ਤੁਕ ਉਸ ਫੁੱਲ ਦਾ ਮਕਰੰਦ ਹੀ ਸਮਝੋ। ‘ਰਹਾਉ’ ਵਾਲੀ ਤੁੱਕ ਵਿੱਚ ਉਹ ਕੇਂਦਰੀ ਰਮਜ਼ ਹੁੰਦੀ ਹੈ, ਜਿਸਦਾ ਵਿਕਾਸ ਸਾਰੇ ਸ਼ਬਦ ਵਿੱਚ ਕੀਤਾ ਜਾਂਦਾ ਹੈ। ਜੇ ਕਿਸੇ ਸ਼ਬਦ ਨੂੰ ਸਮਝਣਾ ਹੋਵੇ ਤਾਂ ‘ਰਹਾਉ’ ਵਾਲੀ ਤੁਕ ਨੂੰ ਸਮਝੋ, ਬਾਕੀ ਦੀਆਂ ਤੁਕਾਂ ਨੂੰ ਸਮਝਣ ਲਈ ਸਭ ਤੋਂ ਅਸਾਨ ਤਰੀਕਾ ਇਹੀ ਹੈ। ਬੇਸ਼ਕ ਬਾਣੀ ਜਿੰਨੀ ਵੀ ਵੱਡੀ ਕਿਉਂ ਨਾ ਹੋਵੇ, ਉਸਦਾ ਕੇਂਦਰੀ ਭਾਵ ‘ਰਹਾਉ’ ਵਾਲੀ ਤੁੱਕ ਵਿੱਚ ਹੀ ਹੋਵੇਗਾ। ਜਿਵੇਂ ਸੁਖਮਨੀ ਸਾਹਿਬ ਦੀ ਬਾਣੀ ਵਿੱਚ 24 ਸਲੋਕ ਤੇ 24 ਅਸਟਪਦੀਆਂ ਹਨ। ਪਰ ਸਾਰੀ ਬਾਣੀ ਇਕੋ ਹੀ ‘ਰਹਾਉ’ ਦੀ ਤੁੱਕ ਵਿੱਚ ਸਮੋਈ ਹੋਈ ਹੈ, ਉਹ ਤੁੱਕ ਹੈ :

ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ।।
ਭਗਤ ਜਨਾ ਕੈ ਮਨਿ ਬਿਸਰਾਮ।।ਰਹਾਉ।।

ਇਸੇ ਤਰ੍ਹਾ ਹੋਰ ਵੱਡੀਆਂ ਬਾਣੀਆਂ ਜਿਵੇਂ ‘ਸਿਧ ਗੋਸਟਿ’ ਇਹ ਬਾਣੀ ਵੀ ਰਹਾਉ ਦੀ ਤੁੱਕ ਨਾਲ ਹੀ ਹੈ ‘ਰਹਾਉ’ ਦੀ ਤੁੱਕ ਹੈ :

ਕਿਆ ਭਵੀਐ ਸਚਿ ਸੂਚਾ ਹੋਇ।।
ਸਾਚ ਸਬਦ ਬਿਨ ਮੁਕਤਿ ਨ ਹੋਇਆ।।ਰਹਾਉ।।

ਇਸੇ ਤਰ੍ਹਾਂ ਹੋਰ ਲੰਮੀਆਂ ਬਾਣੀਆਂ ਹੋਰ ਵੀ ਹਨ ਜਿਵੇਂ ਬਾਵਨ ਅਖਰੀ, ਓਅੰਕਾਰ ਆਦਿ।

‘ਰਹਾਉ’ ਦਾ ਅਰਥ ਹੈ ਰੁਕੋ, ਟੇਕ, ਸਥਾਈ। ਉਹ ਪਦ ਜੋ ਗਾਉਣ ਵੇਲੇ ਵਾਰ-ਵਾਰ ਅੰਤਰੇ ਪਿਛੋਂ ਵਰਤਿਆ ਜਾਵੇ। ਭਾਈ ਸਾਹਿਬ ਭਾਈ ਕਾਨ੍ਹ ਸਿੰਘ ਜੀ ਨੇ ਵੀ ਮਹਾਨ ਕੋਸ਼ ਵਿੱਚ ‘ਰਹਾਉ’ ਪਦ ਬਾਰੇ ਇਸ ਤਰ੍ਹਾਂ ਲਿਖਿਆ ਹੈ :

ਯਥਾ ‘ਰਹਾਉ’ ਸੰਗਯਾ ਰਹਿਣ ਦਾ ਭਾਵ ਇਸਥਿਤਿ ਵਿਸ਼ਾਲ ਸਵਰ ਪਾਠ ਦੀ ਧਾਰਨਾ। ਟੇਕ, ਸਥਾਈ ਉਹ ਪਦ ਜੋ ਗਾਉਣ ਵੇਲੇ ਵਾਰ-ਵਾਰ ਅੰਤਰੇ ਵਿੱਚ ਜਿੱਥੇ ਸਥਾਈ ਲਈ ਦੋ ਤੁਕਾਂ ਰਚੀਆਂ ਹਨ, ਉਥੇ ਇਹ ਪਦ ਵਰਤਿਆ ਹੈ ਅਤੇ ਦੋਹਾਂ ਵਿੱਚੋਂ ਗਾਉਣ ਵਾਲੇ ਦੀ ਮਰਜ਼ੀ ਹੈ, ਜਿਸ ਟੇਕ ਨੂੰ ਚਾਹੇ ਵਰਤੇ ਜੈਸੇ ਸੋਰਠਿ ਮ: 5 ਦੀ ਅਸਟਪਦੀ ‘‘ਪਾਠ ਪੜਿਉ ਅਰੁ ਬੇਦ ਬੀਚਾਰਿਓ’ ਵਿੱਚ ਦੋ ਰਹਾਉ ਹਨ।

ਪਿਆਰੇ ਇਨ ਬਿਧ ਮਿਲਣ ਨ ਜਾਈ
ਮੈ ਕੀਏ ਕਰਮ ਅਨੇਕਾ...

ਅਤੇ

ਮੇਰੋ ਸੇਵਕ ਇਹ ਰੰਗ ਮਾਤਾ

ਭਾਈ ਸਾਹਿਬ ਭਾਈ ਕਾਨ੍ਹ ਸਿੰਘ ਜੀ ਨੇ ‘ਰਹਾਉ ਦੂਜਾ’ ਬਾਰੇ ਜੋ ਲਿਖਿਆ ਹੈ, ਮੈਂ ਇਸ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਤਨੀ ਵਾਰੀ ਵੀ ‘ਰਹਾਉ ਦੂਜਾ’ ਕਰਕੇ ਆਇਆ ਹੈ, ਉਨ੍ਹਾਂ ਸਾਰੇ ਸ਼ਬਦਾਂ ਨੂੰ ਗਹੁ ਨਾਲ ਪੜ੍ਹਿਆ ਤਾਂ ਮੈਨੂੰ ਪਰਤੀਤ ਹੋਇਆ ਕਿ ਪਹਿਲੇ ‘ਰਹਾਉ’ ਵਿੱਚ ਤਾਂ ਗੁਰੂ ਸਾਹਿਬ ਕਿਸੇ ਸ਼ੰਕੇ ਦੇ ਨਿਵਾਰਨ ਵਾਸਤੇ ਇਕ ਸਵਾਲ ਕਰ ਰਹੇ ਹਨ ਅਤੇ ‘ਰਹਾਉ ਦੂਜਾ’ ਵਿੱਚ ਉਸ ਸ਼ੰਕੇ ਦਾ ਜਵਾਬ ਦੇ ਰਹੇ ਹਨ।

ਗੁਰੂ ਗ੍ਰੰਥ ਸਾਹਿਬ ਵਿੱਚ ‘ਰਹਾਉ ਦੂਜਾ’ ਕੁਲ 25 ਸ਼ਬਦਾਂ ਵਿੱਚ ਆਉਂਦਾ ਹੈ। ਪੰਨਿਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :

ਪੰਨਾ ਨੰਬਰ 25, 92, 176, 179, 182, 187, 195, 205, 371, 374, 384, 385, 403, 624, 642, 687, 738, 759, 830, 877, 886, 1002, 1003 ਅਤੇ 1348।

‘ਰਹਾਉ ਦੂਜਾ’ ਵਾਲੀਆਂ ਕੁਝ ਮਿਸਾਲਾਂ ਮੈਂ ਪਾਠਕਾਂ ਦੀ ਜਾਣਕਾਰੀ ਵਾਸਤੇ ਪੇਸ਼ ਕਰ ਰਿਹਾ ਹਾਂ। ਜੇਕਰ ਸਾਰੀਆਂ ਲਿਖਾਂਗਾ, ਤਾਂ ਇਹ ਲੇਖ ਕਾਫੀ ਲੰਬਾ ਹੋ ਜਾਏਗਾ :

1) ਪੰਨਾ 25 ’ਤੇ ਸਿਰੀ ਰਾਗੁ ਮ: 1
ਅਛਲ ਛਲਾਈ ਨਹ ਛਲੈ...
ਬਿਨੁ ਤੇਲ ਦੀਵਾ ਕਿਉ ਜਲੈ ।।1।। ਰਹਾਉ ।। ...
ਇਹੁ ਤੇਲੁ ਦੀਵਾ ਇਉ ਜਲੈ ।।
ਕਰਿ ਚਾਨਣੁ ਸਾਹਿਬ ਤਉ ਮਿਲੈ ।। ਰਹਾਉ ।।

2) ਪੰਨਾ 91, 92
ਸਿਰੀ ਰਾਗੁ ਕਬੀਰ ਜੀਉ ਕਾ।।
ਜਨਨੀ ਜਾਨਤ ਸੁਤੁ ਬਡਾ ਹੋਤੁ ਹੈ...
ਐਸਾ ਤੈਂ ਜਗੁ ਭਰਮਿ ਲਾਇਆ ।।
ਕੈਸੇ ਬੂਝੈ ਜਬ ਮੋਹਿਆ ਹੈ ਮਾਇਆ ।।ਰਹਾਉ।। ਸਵਾਲ
ਇਤੁ ਸੰਗਤਿ ਨਾਹੀ ਮਰਣਾ।।
ਹੁਕਮੁ ਪਛਾਣਿ ਤਾ ਖਸਮੈ ਮਿਲਣਾ ।।1।। ਰਹਾਉ ਦੂਜਾ ।। ਜਵਾਬ

3) ਪੰਨਾ 877, ਰਾਮਕਲੀ ਮ: 1
ਕਿਨ ਬਿਧਿ ਸਾਗਰੁ ਤਰੀਐ ।।
ਜੀਵਤਿਆ ਨਹ ਮਰੀਐ ।।1।। ਰਹਾਉ ।। ਸਵਾਲ
ਇਨ ਬਿਧਿ ਸਾਗਰੁ ਤਰੀਐ ।।
ਜੀਵਤਿਆ ਇਉ ਮਰੀਐ ।।1।। ਰਹਾਊ ਦੂਜਾ ।। ਜਵਾਬ

4) ਪੰਨਾ 385, ਆਸਾ ਮਹਲਾ 5
ਸੋ ਅਸਥਾਨੁ ਬਤਾਵਹੁ ਮੀਤਾ ।।
ਜਾ ਕੈ ਹਰਿ ਹਰਿ ਕੀਰਤਨੁ ਨੀਤਾ ।।1।। ਰਹਾਉ ।। ਸਵਾਲ
ਸਾਧਸੰਗਿ ਹਰਿ ਕੀਰਤਨੁ ਗਾਈਐ ।।
ਇਹੁ ਅਸਥਾਨੁ ਗੁਰੂ ਤੇ ਪਾਈਐ ।।1।। ਰਹਾਉ ਦੂਜਾ ।। ਜਵਾਬ

- - -

ਵਾਰਾਂ ਵਿੱਚ ਵੀ ਰਹਾਉ ਆਉਂਦਾ ਹੈ ਪਰ 22 ਵਾਰਾਂ ਵਿੱਚੋਂ ਕੇਵਲ 2 ਵਾਰਾਂ ਦੇ ਨਾਲ ਹੀ : ਆਸਾ ਦੀ ਵਾਰ ਅਤੇ ਰਾਮਕਲੀ ਕੀ ਵਾਰ। ਛੰਦਾਂ ਵਿੱਚੋਂ ਵੀ ਕੇਵਲ ਇਕ ਛੰਦ ਵਿੱਚ ਰਹਾਉ ਆਉਂਦਾ ਹੈ : ਕੇਦਾਰਾ ਮ: 5। ਕਈਆਂ ਸ਼ਬਦਾ ਵਿੱਚ ਇਕ ਤੋਂ ਜ਼ਿਆਦਾ ਵਾਰੀ ਰਹਾਉ ਆਉਂਦਾ ਹੈ।

‘ਰਹਾਉ’ ਵਾਲਾ ਬੰਦ ਕਿਸੇ ਸ਼ਬਦ ਦੇ ਅਰੰਭ ਵਿੱਚ ਆਉਂਦਾ ਹੈ, ਕਿਸੇ ਦੇ ਵਿਚਕਾਰ ਤੇ ਕਿਸੇ ਦੇ ਅੰਤ ਵਿੱਚ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਤੇਗ ਬਹਾਦਰ ਜੀ ਦੀ ਸਮੁੱਚੀ ਬਾਣੀ (15 ਰਾਗਾਂ ਵਿੱਚ ਕੁਲ 59 ਸ਼ਬਦ, ਸਲੋਕਾਂ ਦੇ ਇਲਾਵਾ), ਜੋ ਰਾਗ ਆਸਾ ਤੋਂ ਅਰੰਭ ਹੋ ਕੇ ਰਾਗ ਜੈਜਾਵੰਤੀ ’ਤੇ ਸਮਾਪਤ ਹੁੰਦੀ ਹੈ, ਵਿੱਚ ਸ਼ਬਦ ਦੇ ਅਰੰਭ ਵਿੱਚ ਹੀ ‘ਰਹਾਉ’ ਵਾਲੇ ਬੰਦ ਦੇ ਦਰਸ਼ਨ ਹੋ ਜਾਂਦੇ ਹਨ। ਇਸੇ ਤਰ੍ਹਾਂ ਰਾਗ ਸਾਰੰਗ ਪੰਨਾ 1197 ਤੋਂ ਅਰੰਭ ਹੋ ਕੇ 1253 ’ਤੇ ਸਮਾਪਤ ਹੁੰਦਾ ਹੈ ਅਤੇ ਇਸ ਰਾਗ ਦੀ ਸਮੁੱਚੀ ਬਾਣੀ ਵਿੱਚ ‘ਰਹਾਉ’ ਵਾਲਾ ਬੰਦ ਸ਼ਬਦ ਦੇ ਅਰੰਭ ਵਾਲੀਆਂ ਤੁਕਾਂ ਵਿੱਚ ਹੀ ਆਉਂਦਾ ਹੈ। ਹੋਰ ਕਿਸੇ ਵੀ ਰਾਗ ਵਿੱਚ ਦਰਜ ਬਾਣੀ ਵਿੱਚ ਇਹ ਰੁਝਾਨ ਵੇਖਣ ਨੂੰ ਨਹੀਂ ਮਿਲਦਾ।

ਰਾਗੀ ਵੀਰਾਂ ਨੂੰ ਸ਼ਬਦ ਗਾਇਨ ਕਰਨ ਵੇਲੇ ‘ਰਹਾਉ’ ਵਾਲੀ ਤੁਕ ਨੂੰ ਹੀ ਅਸਥਾਈ ਬਣਾ ਕੇ ਕੀਰਤਨ ਕਰਨਾ ਚਾਹੀਦਾ ਹੈ। ਜੇਕਰ ਸ਼ਬਦ ਦੀ ਅਸਥਾਈ ਕੋਈ ਹੋਰ ਤੁੱਕ ਬਣਾਈ ਜਾਏਗੀ, ਤਾਂ ਸ਼ਬਦ ਦਾ ਕੇਂਦਰੀ ਭਾਵ ਸੰਗਤ ਨੂੰ ਸਮਝ ਨਹੀਂ ਆਏਗਾ ਅਤੇ ਕੀਰਤਨ ਕਰਨ ਦਾ ਮਕਸਦ ਹੀ ਅਸਫਲ ਹੋ ਜਾਏਗਾ। ਮਿਸਾਲ ਵਜੋਂ ਵੇਖੋ ਗੁਰੂ ਗ੍ਰੰਥ ਸਾਹਿਬ ਦੇ ਪੰਨਾ 492 ’ਤੇ ਦਰਜ ਇਹ ਸ਼ਬਦ :

ਮੇਰੇ ਭਾਈ ਜਨਾ ਮੋ ਕਉ ਗੋਵਿੰਦੁ ਗੋਵਿੰਦੁ ਗੋਵਿੰਦੁ ਮਨੁ ਮੋਹੈ।।
ਗੋਵਿੰਦ ਗੋਵਿੰਦ ਗੋਵਿੰਦ ਗੁਣ ਗਾਵਾ ਮਿਲਿ ਗੁਰ ਸਾਧ ਸੰਗਤਿ ਜਨੁ ਸੋਹੈ ।।1।। ਰਹਾਉ ।।

ਇਸ ਤੁੱਕ ਤੋਂ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਕੀ ਕਹਿਣਾ ਚਾਹੁੰਦੇ ਹਨ। ਪਰ ਰਾਗੀ ਸਿੰਘ ਇਸ ਤੁੱਕ ਨੂੰ ਛੱਡ ਕੇ ਅਸਥਾਈ ਸ਼ਬਦ ਦੇ ਅਗਲੇ ਹਿੱਸੇ ਦੀ ਤੁੱਕ ’ਚੋਂ ਬਣਾ ਲੈਂਦੇ ਹਨ, ਜੋ ਹੈ :

ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ ।।
ਨਾਨਕ ਧਨੁ ਧੰਨੁ ਵਡੇ ਵਡਭਾਗੀ ਜਿਨ ਗੁਰਮਤਿ ਨਾਮੁ ਰਿਦੈ ਮਲੁ ਧੋਹੈ ।।4।।

ਇਸ ਤਰ੍ਹਾਂ, ਗੁਰੂ ਸਾਹਿਬ ਜੋ ਸੰਦੇਸ਼ ਸੰਗਤਾਂ ਨੂੰ ਦੇਣਾ ਚਾਹੁੰਦੇ ਹਨ, ਉਹ ਰਾਗੀ ਸਿੰਘਾਂ ਕਰਕੇ ਕਿਸੀ ਹੋਰ ਪਾਸੇ ਜਾ ਰਿਹਾ ਹੈ। ਹਾਲਾਂਕਿ ਜਿਤਨੀਆਂ ਵੀ ਗੁਰਮਤਿ ਸੰਗੀਤ ਅਕਾਦਮੀਆਂ ਹਨ, ਉਹ ਸਾਰੀਆਂ ਵੀ ਸ਼ਬਦ ਗਾਇਨ ਕਰਨ ਵੇਲੇ ‘ਰਹਾਉ’ ਵਾਲੀ ਤੁੱਕ ਨੂੰ ਅਸਥਾਈ ਬਣਾਉਣ ਲਈ ਕਹਿੰਦੀਆਂ ਹਨ।

ਅੰਤਿਕਾ : ਪ੍ਰੋ: ਸਾਹਿਬ ਸਿੰਘ ਜੀ ਨੇ ਸਮੁੱਚੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਦਸ ਭਾਗਾਂ ਵਿੱਚ ਕੀਤੇ ਹਨ। ਅਰਥ ਕਰਨ ਵੇਲੇ ਉਨ੍ਹਾਂ ਨੇ ਸਭ ਤੋਂ ਪਹਿਲਾਂ ‘ਰਹਾਉ’ ਵਾਲੀ ਤੁੱਕ ਨੂੰ ਹੀ ਲਿਆ ਹੈ। ਕੀ ਰਾਗੀ ਸਿੰਘ ਤੇ ਪ੍ਰਚਾਰਕ ਪ੍ਰੋ: ਸਾਹਿਬ ਸਿੰਘ ਤੋਂ ਹੀ ਸੇਧ ਲੈਣ ਦੀ ਖੇਚਲ ਕਰਨਗੇ?