Subscription About Us Contact Us


ਗੁਰੂ ਗੋਬਿੰਦ ਸਿੰਘ ਜੀ ਦੇ ਬਲੀਦਾਨ ਦੀ ਅਜੋਕੇ ਸਿੱਖ ਸਮਾਜ ਵੱਲੋਂ ਬੇਕਦਰੀ

- ਸਵਰਣ ਸਿੰਘ -

ਗੁਰੂ ਨਾਨਕ ਜੋਤਿ ਦੇ ਦਸਵੇਂ ਸਰੂਪ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਇਤਿਹਾਸ ਵਿੱਚ ਇਕ ਨਿਵੇਕਲਾ ਸਥਾਨ ਹੈ। ਗੁਰੂ ਸਾਹਿਬ ਨੇ ਛੋਟੀ ਜਿਹੀ ਉਮਰ ਵਿੱਚ ਹੀ ਗੁਰਗੱਦੀ ਨੂੰ ਸੰਭਾਲਿਆ। ਪਿਤਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਬਾਵਜੂਦ ਵੀ ਆਪ ਡੋਲੇ ਨਹੀਂ, ਬਲਕਿ ਭਰਪੂਰ ਦ੍ਰਿੜ੍ਹਤਾ ਨਾਲ ਸਿੱਖ ਪੰਥ ਨੂੰ ਅਗਵਾਈ ਦੇਣਾ ਜਾਰੀ ਰੱਖਿਆ।

ਆਪਣੇ ਸਾਰੇ ਦੁਨਿਆਵੀ ਸਫ਼ਰ ਦੌਰਾਨ ਗੁਰੂ ਸਾਹਿਬ ਨੇ ਸਿੱਖ ਕੌਮ ਦੀ ਬੜੇ ਸੁਚੱਜੇ ਢੰਗ ਨਾਲ ਅਗਵਾਈ ਕੀਤੀ ਅਤੇ ਕੌਮ ਨੂੰ ਬੇਅੰਤ ਵੱਡਮੁੱਲੀਆਂ ਦਾਤਾਂ ਬਖਸ਼ੀਆਂ। ਉਨ੍ਹਾਂ ਨੇ ਖ਼ਾਲਸਾ ਪੰਥ ਨੂੰ ‘ਖੰਡੇ ਦੀ ਪਾਹੁਲ’ ਦੀ ਦਾਤ ਬਖਸ਼ੀ। ਇਸ ਸੰਬੰਧ ਵਿੱਚ ਕਈ ਅਗਿਆਨੀ ਪ੍ਰਚਾਰਕਾਂ ਵੱਲੋਂ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਮਹਿਜ਼ ਇੱਕ ਵੱਖਰੀ ਪਹਿਚਾਣ ਦੇਣ ਲਈ ਖੰਡੇ ਦੀ ਪਾਹੁਲ ਦੀ ਪ੍ਰਥਾ ਦਾ ਆਰੰਭ ਕੀਤਾ। ਇਸੇ ਕਾਰਨ ਉਹ ਗੁਰੂ ਸਾਹਿਬ ਅਤੇ ਸਭ ਤੋਂ ਪਹਿਲਾਂ ਪਾਹੁਲ ਦੀ ਦਾਤ ਲੈਣ ਵਾਲੇ ਪੰਜ ਸਿੰਘਾਂ ਬਾਰੇ ਇਕ ਨਾਟਕੀ ਘਟਨਾ ਜੋੜ ਦਿੰਦੇ ਹਨ। ਪਰ ਸੱਚ ਇਹੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਕ ਸੋਚੀ-ਸਮਝੀ ਨੀਤੀ ਤਹਿਤ ਖ਼ਾਲਸੇ ਨੂੰ ਖੰਡੇ ਦੀ ਪਾਹੁਲ ਯੋਗ ਬਨਾਉਣ ਲਈ ਲੰਮੇਂ ਸਮੇਂ ਤੋਂ ਤਿਆਰੀ ਕੀਤੀ ਜਾ ਰਹੀ ਸੀ। ਜਦ ਗੁਰੂ ਸਾਹਿਬ ਨੂੰ ਮਹਿਸੂਸ ਹੋਇਆ ਕਿ ਹੁਣ ਸਿੱਖ ਕੌਮ ਇਸ ਨਵੀਂ ਸੋਚ ਨੂੰ ਗ੍ਰਹਿਣ ਕਰ ਲੈਣ ਯੋਗ ਹੋ ਗਈ ਹੈ ਤਾਂ ਉਨ੍ਹਾਂ ਅੰਨਦਪੁਰ ਸਾਹਿਬ ਵਿਖੇ ਸਿੱਖ ਕੌਮ ਨੂੰ ਖੰਡੇ ਦੀ ਪਾਹੁਲ ਦੀ ਪ੍ਰਥਾ ਤੋਂ ਜਾਣੂ ਕਰਵਾਇਆ।

ਖੰਡੇ ਦੀ ਪਾਹੁਲ ਦੀ ਪ੍ਰਥਾ ਰਾਹੀਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ‘ਪੰਜ ਪਿਆਰਿਆਂ’ ਦੀ ਪ੍ਰਥਾ ਦਾ ਵੀ ਆਰੰਭ ਕੀਤਾ। ਇਸ ਵਿਚਾਰ ਪਿੱਛੇ ਉਦੇਸ਼ ਇਹ ਸੀ ਕਿ ਸਿੱਖ ਸੰਗਤ ਨੂੰ ਇਹ ਪਤਾ ਹੋਵੇ ਕਿ ਆਉਣ ਵਾਲੇ ਸਮੇਂ ਵਿੱਚ ਕੌਮ ਨਾਲ ਸੰਬੰਧਿਤ ਫੈਸਲਿਆਂ ਵਿੱਚ ਕਿਸੇ ਇਕ ਸ਼ਖ਼ਸ ਦੀ ਮਹੱਤਤਾ ਨਹੀਂ ਹੋਵੇਗੀ ਬਲਕਿ ਸਾਰੇ ਫੈਸਲੇ ਕੌਮ ਦੇ ਯੋਗ ਨੁਮਾਇੰਦੇ ਮਿਲਕੇ ਸੋਚ-ਵਿਚਾਰ ਨਾਲ ਕਰਨਗੇ।

ਪੰਜ ਪਿਆਰਿਆਂ ਦੀ ਚੋਣ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਜਾਤਿ-ਪਾਤਿ ਦੀ ਬ੍ਰਾਹਮਣਵਾਦੀ ਵਿਵਸਥਾ ‘ਤੇ ਵੀ ਭਾਰੀ ਚੋਟ ਕੀਤੀ। ਉਨ੍ਹਾਂ ਨੇ ਦੇਸ਼ ਦੇ ਪੰਜ ਵੱਖ-ਵੱਖ ਹਿੱਸਿਆਂ ‘ਚੋਂ ਵੱਖ-ਵੱਖ ਦੁਨਿਆਵੀ ਜਾਤਾਂ ਨਾਲ ਸੰਬੰਧਿਤ ਸਿੱਖਾਂ ਦੀ ਚੋਣ ਕੀਤੀ। ਸਭ ਤੋਂ ਪਹਿਲਾਂ ਖੰਡੇ ਦੀ ਪਾਹੁਲ ਲੈਣ ਵਾਲੇ ਪੰਜ ਪਿਆਰੇ ਭਾਈ ਦਇਆ ਸਿੰਘ ਜੀ (ਖੱਤਰੀ, ਲਾਹੌਰ), ਭਾਈ ਧਰਮ ਸਿੰਘ (ਜੱਟ, ਦਿੱਲੀ), ਭਾਈ ਮੋਹਕਮ ਸਿੰਘ ਜੀ (ਛੀਂਬਾ, ਦਵਾਰਕਾ), ਭਾਈ ਹਿੰਮਤ ਸਿੰਘ ਜੀ (ਝੀਵਰ, ਜਗਨਨਾਥ ਪੁਰੀ) ਅਤੇ ਭਾਈ ਸਾਹਿਬ ਸਿੰਘ ਜੀ (ਨਾਈ, ਬਿਦਰ) ਸਨ। ਇਨ੍ਹਾਂ ਸਭ ਸਿੱਖਾਂ ਨੂੰ ਇਕੋ ਪਾਤਰ ‘ਚੋਂ ਖੰਡੇ-ਬਾਟੇ ਦੀ ਪਾਹੁਲ ਛਕਾ ਕੇ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਸਪਸ਼ਟ ਤਾੜਨਾ ਕੀਤੀ ਕਿ ਸਿੱਖ ਨੇ ਜਾਤਿ-ਪਾਤਿ ਵਿੱਚ ਵਿਸ਼ਵਾਸ ਨਹੀਂ ਕਰਨਾ।

ਗੁਰੂ ਸਾਹਿਬ ਨੇ ਸਿੱਖਾਂ ਨੂੰ ਵਿਅਰਥ ਦੇ ਧਾਰਮਿਕ ਕਰਮ-ਕਾਂਡ ਕਰਨ ਤੋਂ ਵਰਜਿਆ। ਖੰਡੇ ਦੀ ਪਾਹੁਲ ਪ੍ਰਾਪਤ ਕਰਨ ਲਈ ਜਰੂਰੀ ਪੰਜ ਕਕਾਰਾਂ ‘ਚੋਂ ਇਕ ਕਕਾਰ ਸਰਬ-ਲੋਹ ਦਾ ਕੜਾ ਮਿੱਥਿਆ ਗਿਆ ਜਿਸ ਤੋਂ ਭਾਵ ਸੀ ਕਿ ਸਿੱਖ ਨੇ ਕਦੇ ਅੰਧਵਿਸ਼ਵਾਸਾਂ ਵਿੱਚ ਨਹੀਂ ਪੈਣਾ ਬਲਕਿ ਇਕ ਅਕਾਲ ਪੁਰਖ ਦਾ ਹੀ ਸਿਮਰਨ ਕਰਨਾ ਹੈ।

ਗੁਰੂ ਸਾਹਿਬ ਨੇ ਕ੍ਰਿਪਾਨ ਨੂੰ ਵੀ ਪੰਜ ਜਰੂਰੀ ਕਕਾਰਾਂ ਵਿੱਚ ਸ਼ਾਮਿਲ ਕੀਤਾ। ਕ੍ਰਿਪਾਨ ਨੂੰ ਸਿੱਖ ਦੀ ਜਿੰਦਗੀ ਦਾ ਜਰੂਰੀ ਹਿੱਸਾ ਬਣਾਕੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਸਪਸ਼ਟ ਕੀਤਾ ਕਿ ਸਿੱਖਾਂ ਨੂੰ ਮਜ਼ਲੂਮਾਂ ਦੀ ਰਾਖੀ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜੇਕਰ ਹਥਿਆਰ ਵੀ ਚੁੱਕਣੇ ਪੈਣ, ਤਾਂ ਉਨ੍ਹਾਂ ਨੂੰ ਇਸ ਵਿੱਚ ਕੋਈ ਸੰਕੋਚ ਨਹੀਂ ਹੋਣਾ ਚਾਹੀਦਾ। ਕ੍ਰਿਪਾਨ ਨੂੰ ਇਕ ਧਾਰਮਿਕ ਪ੍ਰਤੀਕ ਬਣਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਰੀ ਦੁਨੀਆਂ ਸਾਹਮਣੇ ‘ਸੰਤ-ਸਿਪਾਹੀ’ ਦਾ ਵਿਚਾਰ ਪੇਸ਼ ਕੀਤਾ। ਭਾਵੇਂ ਇਹੀ ਵਿਚਾਰ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤੋਂ ਵੀ ਪ੍ਰਚਾਰਿਆ ਜਾ ਰਿਹਾ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਇਸ ਵਿਚਾਰ ਨੂੰ ਖੰਡੇ ਬਾਟੇ ਦੀ ਪਾਹੁਲ ਦਾ ਹਿੱਸਾ ਬਣਾ ਦੇਣ ਨਾਲ ਇਸ ਵਿੱਚ ਭਰਪੂਰ ਨਿਖਾਰ ਆ ਗਿਆ।

ਗੁਰੂ ਗੋਬਿੰਦ ਸਿੰਘ ਜੀ ਨੇ ਜੰਗਾਂ-ਯੁੱਧਾਂ ਵਿੱਚ ਆਪ ਅੱਗੇ ਹੋਕੇ ਸਿੱਖਾਂ ਦੀ ਅਗਵਾਈ ਕੀਤੀ ਅਤੇ ਦੁਸ਼ਮਣਾਂ ਦਾ ਸਾਹਮਣਾ ਕੀਤਾ। ਇਸ ਤਰ੍ਹਾਂ ਉਨ੍ਹਾਂ ਜਿੱਥੇ ਸਿੱਖ ਕੌਮ ਦਾ ਮਨੋਬਲ ਉੱਚਾ ਚੁੱਕਿਆ ਉੱਥੇ ਸਿੱਖਾਂ ਨੂੰ ਪ੍ਰੇਰਣਾ ਕੀਤੀ ਕਿ ਪੰਥ ਦੀ ਰਾਖੀ ਵਾਸਤੇ ਸਿੱਖ ਨੂੰ ਹਰ ਕੁਰਬਾਨੀ ਕਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ। ਆਪਜੀ ਨੇ ਖ਼ੁਦ ਮਿਹਨਤ ਕਰਕੇ ਸ਼ੱਸਤਰ-ਵਿੱਦਿਆ ਹਾਸਿਲ ਕੀਤੀ ਅਤੇ ਯੁੱਧ ਕਲਾ ਵਿੱਚ ਮੁਹਾਰਤ ਪਾਈ। ਦਿੱਲੀ ਦੇ ਮੋਤੀ ਬਾਗ ਵਾਲੀ ਥਾਂ ਤੋਂ ਤੀਰ ਚਲਾ ਕੇ ਲਾਲ ਕਿਲ੍ਹੇ ਸਹੀ ਨਿਸ਼ਾਨੇ ’ਤੇ ਮਾਰਨਾ ਆਪ ਜੀ ਦੇ ਭਾਰੀ ਅਭਿਆਸ ਦਾ ਸਬੂਤ ਸੀ।

ਗੁਰੂ ਗੋਬਿੰਦ ਸਿੰਘ ਜੀ ਨਾਲ ਬਹੁਤੀਆਂ ਜੰਗਾਂ ਪਹਾੜੀ ਰਾਜਿਆਂ ਦੁਆਰਾ ਹੀ ਕੀਤੀਆਂ ਗਈਆਂ। ਇਹ ਉਹੀ ਅਹਿਸਾਨ-ਫਰਾਮੋਸ਼ ਲੋਕ ਸਨ ਜਿਨ੍ਹਾਂ ਦੇ ਪਿਤਾ-ਪੁਰਖਿਆਂ ਨੂੰ ਗਵਾਲੀਅਰ ਦੇ ਕਿਲ੍ਹੇ ‘ਚੋਂ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਨੇ ਵਿਸ਼ੇਸ਼ ਕਸ਼ਟ ਉਠਾ ਕੇ ਅਜ਼ਾਦੀ ਦਿਵਾਈ ਸੀ। ਅਜਿਹੇ ਅਕ੍ਰਿਤਘਣ ਲੋਕਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ‘ਤੇ ਬਿਨ੍ਹਾਂ ਕਾਰਨ ਬਾਰ-ਬਾਰ ਹਮਲੇ ਕਰਨ ‘ਤੇ ਵੀ ਗੁਰੂ ਸਾਹਿਬ ਨੇ ਕ੍ਰੋਧ ਨਾ ਕੀਤਾ ਅਤੇ ਉਨ੍ਹਾਂ ਨੂੰ ਵੀ ਮਾਨਵਤਾ ਦਾ ਧਰਮ ਅਪਨਾਉਣ ਦੀ ਪ੍ਰੇਰਣਾ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ‘ਵੇਖ ਕੇ ਅਣਡਿੱਠ ਕਰਨ’ ਦੇ ਉਪਦੇਸ਼ ਨੂੰ ਅਮਲੀ ਜਾਮਾ ਪਹਿਨਾ ਕੇ ਸਿੱਖਾਂ ਨੂੰ ਸੇਧ ਦਿੱਤੀ।

ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਵੱਡੇ ਸਾਹਿਬਜ਼ਾਦਿਆਂ ਨੂੰ ਵੀ ਇਨ੍ਹਾਂ ਜੰਗਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ। ਦੋਵੇਂ ਵੱਡੇ ਸਾਹਿਬਜ਼ਾਦੇ ਦੁਸ਼ਮਣ ਨੂੰ ਭਾਰੀ ਨੁਕਸਾਨ ਪਹੁੰਚਾਉਣ ਉਪਰੰਤ ਸ਼ਹੀਦ ਹੋ ਗਏ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਮੱਥੇ ‘ਤੇ ਸ਼ਿਕਨ ਤੱਕ ਨਾ ਉਭਰੀ। ਘਮਾਸਾਨ ਯੁੱਧ ਦੌਰਾਨ ਗੁਰੂ ਸਾਹਿਬ ਦੇ ਛੋਟੇ ਸਾਹਿਬਜਾਦੇ ਅਤੇ ਮਾਤਾ ਜੀ ਵੀ ਗੁਰੂ ਸਾਹਿਬ ਤੋਂ ਵਿੱਛੜ ਗਏ। ਗੰਗੂ ਬ੍ਰਾਹਮਣ ਦੁਆਰਾ ਕੁਝ ਰੁਪਇਆਂ ਦੀ ਖਾਤਿਰ ਮਾਤਾ ਜੀ ਅਤੇ ਛੋਟੇ ਸਾਹਿਬਜਾਦਿਆਂ ਨੂੰ ਸੂਬਾ ਸਰਹਿੰਦ ਕੋਲ ਫੜਵਾ ਕੇ ਸ਼ਹੀਦ ਕਰਵਾ ਦਿੱਤਾ ਗਿਆ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਵੀ ਹੌਸਲਾ ਨਾ ਹਾਰਿਆ ਅਤੇ ਜ਼ੁਲਮ ਦੇ ਖਿਲਾਫ਼ ਸੰਘਰਸ਼ ਜਾਰੀ ਰੱਖਿਆ। ਇਸ ਤਰ੍ਹਾਂ ਉਨ੍ਹਾਂ ਨੇ ਸਿੱਖਾਂ ਨੂੰ ਪ੍ਰੇਰਣਾ ਦਿੱਤੀ ਕਿ ਪੰਥ ਅਤੇ ਕੌਮ ਦੇ ਹਿੱਤਾਂ ਲਈ ਪਰਿਵਾਰ ਦੀ ਕੁਰਬਾਨੀ ਕਰਨ ਤੋਂ ਸੰਕੋਚ ਨਹੀਂ ਕੀਤਾ ਜਾਣਾ ਚਾਹੀਦਾ।

ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਸਿੱਖਾਂ ਨੂੰ ਸਦੀਵੀ ਗੁਰੂ ‘ਗੁਰੂ ਗੰ੍ਰਥ ਸਾਹਿਬ’ ਦੇ ਲੜ ਲਗਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਸਪਸ਼ਟ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਦੇ ਗੁਰੂ ਸਿਰਫ਼ ਗੁਰੂ ਗੰ੍ਰਥ ਸਾਹਿਬ ਹੀ ਹੋਣਗੇ ਅਤੇ ਸਿੱਖਾਂ ਨੂੰ ਹਰ ਔਕੜ ਦੇ ਸਮਾਧਾਨ ਲਈ ਸਿਰਫ਼ ‘ਗੁਰਬਾਣੀ’ ਤੋਂ ਹੀ ਸੇਧ ਲੈਣੀ ਹੋਵੇਗੀ। ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨੂੰ ‘ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖ਼ਾਲਸੇ ਕਾ’ ਦੇ ਉਪਦੇਸ਼ ਨੂੰ ਅਪਨਾਉਣ ਦੀਆਂ ਹਿਦਾਇਤਾਂ ਕੀਤੀਆਂ।

ਗੁਰੂ ਸਾਹਿਬ ਦੀਆਂ ਦਾਤਾਂ ਦੀ ਦੁਰਦਸ਼ਾ

ਅਜੋਕੇ ਯੁੱਗ ਵਿੱਚ ਸਿੱਖਾਂ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿਰਜੇ ਗਏ ਇਸ ਇਨਕਲਾਬ ਦੀ ਭਾਰੀ ਬੇਅਦਬੀ ਕੀਤੀ ਜਾ ਰਹੀ ਹੈ। ਅੱਜ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਖੰਡੇ ਦੀ ਪਾਹੁਲ ਲੈਣ ਤੋਂ ਇਨਕਾਰੀ ਹੋ ਚੁੱਕਾ ਹੈ। ਅਜਿਹੇ ਸਿੱਖਾਂ ਨੂੰ ਜਦ ਖੰਡੇ ਦੀ ਪਾਹੁਲ ਛਕਣ ਲਹੀ ਬੇਨਤੀ ਕੀਤੀ ਜਾਂਦੀ ਹੈ ਤਾਂ ਉਹ ਹੁੱਜਤਾਂ ਕਰਦੇ ਹਨ, ‘‘ਸਿੱਖੀ ਤਾਂ ਮਨੋਂ ਹੋਣੀ ਚਾਹੀਦੀ, ਦਿਖਾਵਾ ਕਾਹਦਾ ਕਰਨਾ?’’ ਇੰਞ ਕਹਿ ਕੇ ਅਜਿਹੇ ਸਿੱਖ ਸਿੱਧੇ-ਅਸਿੱਧੇ ਢੰਗ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਮੰਨਣ ਤੋਂ ਇਨਕਾਰੀ ਹੋ ਜਾਂਦੇ ਹਨ। ਅਜਿਹੇ ਭੁੱਲੜ ਵੀਰਾਂ ਨੂੰ ਆਪਣੇ ਆਪ ਤੋਂ ਸਵਾਲ ਪੁੱਛਣਾ ਚਾਹੀਦਾ ਹੈ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਦਾ ਦਿਲ ਸਾਫ਼ ਨਹੀਂ ਸੀ, ਜੋ ਉਨ੍ਹਾਂ ਨੇ ਖੁਦ ਪੰਜ ਪਿਆਰਿਆਂ ਪਾਸੋਂ ਖੰਡੇ ਦੀ ਪਾਹੁਲ ਛਕੀ ਸੀ।

ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਬਖਸ਼ੇ ਗਏ ਪੰਜ ਪਿਆਰਿਆਂ ਦੇ ਸਿਧਾਂਤ ਦਾ ਵੀ ਅਜੋਕੇ ਸਮੇਂ ਵਿੱਚ ਭਰਪੂਰ ਅਪਮਾਨ ਕੀਤਾ ਜਾ ਰਿਹਾ ਹੈ। ਜਿੱਥੇ ਪੁਰਾਤਨ ਸਮੇਂ ਵਿੱਚ ਸਿਰਫ਼ ਸਿੱਖ ਕੌਮ ਨੂੰ ਅਗਵਾਈ ਦੇਣ ਵਾਲੇ ਮਸਲਿਆਂ ਵਿੱਚ ਹੀ ਪੰਜ ਪਿਆਰਿਆਂ ਤੋਂ ਅਗਵਾਈ ਲਈ ਜਾਂਦੀ ਸੀ, ਉੱਥੇ ਹੁਣ ਹਰ ਗਲੀ-ਮੁਹੱਲੇ ਦੇ ਨਗਰ ਕੀਰਤਨ ਵਿੱਚ ‘ਪੰਜ ਪਿਆਰਿਆਂ’ ਦਾ ਮਾਡਲ ਬਣਾ ਕੇ ਸਿੱਖਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਕਈ ਵਾਰ ਤਾਂ ਬਹੁਤ ਹੀ ਛੋਟੇ-ਛੋਟੇ ਬੱਚਿਆਂ, ਜਿਨ੍ਹਾਂ ਨੂੰ ਸਿੱਖੀ ਸਿੱਧਾਤਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੁੰਦੀ, ਦੀ ਵੀ ਪੰਜ ਪਿਆਰਿਆਂ ਦੇ ਰੂਪ ਵਿੱਚ ਪ੍ਰਦਰਸ਼ਨੀ ਕੀਤੀ ਜਾਂਦੀ ਹੈ।

ਸਿੱਖ ਕੌਮ ‘ਤੇ ਕਾਬਿਜ਼ ਸਿਆਸਤਦਾਨਾਂ ਦੇ ਚਾਪਲੂਸਾਂ ਨੇ ਵੀ ‘ਪੰਜ ਪਿਆਰਿਆਂ’ ਦੇ ਸਿਧਾਂਤ ਦੀ ਖੁੱਲ੍ਹ ਦੇ ਦੁਰਵਰਤੋਂ ਕੀਤੀ ਹੈ। ਸਿੱਖਾਂ ਦੇ ਭ੍ਰਿਸ਼ਟ ਆਗੂ ਉੱਚ ਪਦਵੀਆਂ ‘ਤੇ ਕਾਬਿਜ਼, ਆਪਣੀ ਹੀ ਵਰਗੀ ਸੋਚ ਵਾਲੇ, ਪੰਜ ਸਿੱਖਾਂ ਨੂੰ ਇਕੱਠਾ ਕਰਕੇ ਸਿੱਖੀ ਸਿਧਾਂਤਾਂ ਸਬੰਧੀ ਆਪਣੀ ਮਨ-ਮਰਜੀ ਦੇ ਫੈਸਲੇ ਲੈਂਦੇ ਰਹਿੰਦੇ ਹਨ। ਇਨ੍ਹਾਂ ਅਖੌਤੀ ਪੰਜ ਪਿਆਰਿਆਂ ਵੱਲੋਂ ਹੀ ਇਕ ਸਿਆਸੀ ਪਾਰਟੀ ਦੇ ਆਗੂ ਦੇ ਹਿੱਤਾਂ ਵਾਸਤੇ ਸਿਆਸੀ ਮਾਹੌਲ ਮੁਤਾਬਿਕ ਸਮੇਂ-ਸਮੇਂ ‘ਤੇ ਸਿੱਖਾਂ ਨੂੰ ‘ਤਨਖਾਹੀਆ’ ਅਤੇ ‘ਪੰਥ ਵਿਚੋਂ ਛੇਕਿਆ’ ਗਿਆ ਐਲਾਨ ਦਿੱਤਾ ਜਾਂਦਾ ਹੈ। ਲੇਕਿਨ ਜੇਕਰ ਉਨ੍ਹਾਂ ਦੇ ਵਿਵਾਦਗ੍ਰਸਤ ਫੈਸਲਿਆਂ ਦਾ ਪਾਜ ਉਘੜ ਕੇ ਸਾਹਮਣੇ ਆਏ ਅਤੇ ਪੰਜ ਪਿਆਰਿਆਂ ਦਾ ਸਿਧਾਂਤ ਲਾਗੂ ਕਰਕੇ ਉਨ੍ਹਾਂ ਨੂੰ ਪੰਥ ‘ਚੋ ਛੇਕਣ ਦੀ ਗੱਲ ਕੀਤੀ ਜਾਏ, ਤਾਂ ਉਹ ਇਸ ਸਿਧਾਂਤ ਨੂੰ ਮੰਨਣ ਤੋਂ ਸਾਫ਼ ਮੁਨਕਰ ਹੋ ਜਾਂਦੇ ਹਨ। ਪੰਥ ਦੇ ਠੇਕੇਦਾਰ ਬਣੇ ਇਨ੍ਹਾਂ ‘ਪਿਆਰਿਆਂ’ ਦਾ ਬਿਆਨ ਹੁੰਦਾ ਹੈ ਕਿ ਸਾਡੀ ਪਦਵੀ ਸਭ ਤੋਂ ਉੱਚੀ ਹੈ ਅਤੇ ਸਾਨੂੰ ਤਨਖ਼ਾਹੀਆ ਘੋਸ਼ਿਤ ਨਹੀਂ ਕੀਤਾ ਜਾ ਸਕਦਾ ਅਤੇ ਸਾਨੂੰ ਅਦਾਲਤ ਵਿੱਚ ਵੀ ਨਹੀਂ ਸੱਦਿਆ ਜਾ ਸਕਦਾ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਕੌਮ ਨੂੰ ਦਿੱਤੇ ਗਏ ਇਕ ਨਿਆਰੇ ਸਿਧਾਂਤ ਦੀ ਖੁਲ੍ਹੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

ਗੁਰੂ ਸਾਹਿਬ ਨੇ ਕੜੇ ਦੇ ਕਕਾਰ ਰਾਹੀਂ ਸਿੱਖਾਂ ਨੂੰ ਅੰਧ-ਵਿਸ਼ਵਾਸਾਂ ਤੋਂ ਮੁਕਤ ਹੋਣ ਲਈ ਪ੍ਰੇਰਣਾ ਦਿੱਤੀ। ਪਰ ਅੱਜ ਦੇ ਸਿੱਖ ਬੁਰੀ ਤਰ੍ਹਾਂ ਅੰਧ-ਵਿਸ਼ਵਾਸਾਂ ‘ਚ ਘਿਰੇ ਹੋਏ ਹਨ। ਅੱਜ ਆਮ ਵੇਖਣ ਵਿੱਚ ਆਉਂਦਾ ਹੈ ਕਿ ਸਿੱਖ ਆਪਣੇ ਘਰ ਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਉੱਪਰ ਨਜਰਬੱਟੂ ਟੰਗ ਦਿੰਦੇ ਹਨ। ਦੁਕਾਨਦਾਰ ਵੀਰ ਦੁਕਾਨ ਦੇ ਸ਼ਟਰ ‘ਤੇ ਨਿੰਬੂ ਅਤੇ ਮਿਰਚਾਂ ਲਟਕਾ ਦਿੰਦੇ ਹਨ। ਜੇਕਰ ਘਰ ਵਿੱਚ ਕੋਈ ਮੈਂਬਰ ਜ਼ਿਆਦਾ ਬਿਮਾਰ ਪੈ ਜਾਵੇ ਤਾਂ ਘਰ ਦੇ ਬਾਕੀ ਮੈਂਬਰ ਚੰਗੇ ਡਾਕਟਰ ਦੀ ਬਜਾਏ ਤਾਂਤਰਿਕ ਅਤੇ ਪੁੱਛਾਂ ਦੇਣ ਵਾਲੇ ਬਾਬਿਆਂ ਦੇ ਡੇਰਿਆਂ ‘ਤੇ ਪਹੁੰਚ ਜਾਂਦੇ ਹਨ। ਘਰ ਵਿੱਚ ਬੱਚੇ ਦਾ ਜਨਮ ਹੋਵੇ ਜਾਂ ਕਿਸੇ ਮੈਂਬਰ ਦੀ ਸ਼ਾਦੀ, ਸਾਰੇ ਕੰਮ ਪੰਡਤਾਂ ਅਤੇ ਜੋਤਿਸ਼ੀਆਂ ਦੀ ਸਲਾਹ ਨਾਲ ਹੀ ਕੀਤੇ ਜਾਂਦੇ ਹਨ। ਇਸ ਤਰ੍ਹਾਂ ਅੱਜ ਦੇ ਸਮੇਂ ਵਿੱਚ ਸਿੱਖਾਂ ਦੁਆਰਾ ਕੜਾ ਪਹਿਣਨਾ ਸਿਰਫ਼ ਇਕ ਦਿਖਾਵਾ ਮਾਤਰ ਰਹਿ ਗਿਆ ਹੈ।

ਗੁਰੂ ਗੋਬਿੰਦ ਸਿੰਘ ਜੀ ਨੇ ਕ੍ਰਿਪਾਨ ਨੂੰ ਕਕਾਰਾਂ ਵਿੱਚ ਸ਼ਾਮਿਲ ਕੀਤਾ ਪਰ ਅੱਜ ਬਹੁਤੇ ਸਿੱਖ ਕ੍ਰਿਪਾਨ ਧਾਰਨ ਹੀ ਨਹੀਂ ਕਰਨਾ ਚਾਹੁੰਦੇ। ਭਾਵੇਂ ਸਿੱਖਾਂ ਨੂੰ ਆਪਣੀ ਇਸ ਗਲਤੀ ਦਾ ਭਾਰੀ ਹਰਜ਼ਾਨਾ ਨਵੰਬਰ ’84 ਵਿੱਚ ਚੁਕਾਉਣਾ ਪਿਆ ਲੇਕਿਨ ਸਿੱਖਾਂ ਨੇ ਫਿਰ ਵੀ ਸਬਕ ਨਾ ਸਿੱਖਿਆ ਅਤੇ ਕ੍ਰਿਪਾਨ ਪਹਿਨਣ ਤੋਂ ਇਨਕਾਰੀ ਹੀ ਰਹੇ (ਭਾਵੇਂ ਭਾਰਤੀ ਸਰਕਾਰ ਨੇ ਇਸ ਸੰਬੰਧ ਵਿੱਚ, ਸਿੱਖਾਂ ‘ਤੇ ਕੋਈ ਰੋਕ ਨਹੀਂ ਲਗਾਈ)। ਜਿਹੜੇ ਸਿੱਖ ਵੱਡੀਆਂ ਕ੍ਰਿਪਾਨਾਂ ਪਹਿਣਦੇ ਵੀ ਹਨ (ਨਿਹੰਗ), ਉਨ੍ਹਾਂ ‘ਚੋਂ ਬਹੁਤੇ ਤਾਂ ਖੁਦ ਹੀ ਨਸ਼ਿਆਂ ਦਾ ਸ਼ਿਕਾਰ ਹਨ, ਜਿਨ੍ਹਾਂ ਤੋਂ ਔਕੜ ਵੇਲੇ ਜੰਗੀ-ਜੌਹਰ ਵਿਖਾਉਣ ਦੀ ਆਸ ਨਹੀਂ ਰੱਖੀ ਜਾ ਸਕਦੀ। ਛੋਟੀਆਂ ਕ੍ਰਿਪਾਨਾਂ ਪਹਿਣਨ ਵਾਲੇ ਬਹੁਤ ਸਾਰੇ ਅੰਮ੍ਰਿਤਧਾਰੀ ਸਿੱਖ, ਕ੍ਰਿਪਾਨ ਨੂੰ ਸਿਰਫ਼ ਇਕ ‘ਧਾਰਮਿਕ ਚਿੰਨ੍ਹ’ ਸਮਝਦੇ ਹਨ ਅਤੇ ਕਿਸੇ ਔਕੜ ਸਮੇਂ ਕ੍ਰਿਪਾਨ ਦਾ ਉਪਯੋਗ ਕਰਨ ਦੀ ਸਿਖਲਾਈ ਹਾਸਲ ਕਰਨ ਵੱਲ ਧਿਆਨ ਨਹੀਂ ਦਿੰਦੇ। (ਸੰਤਾ-ਬਾਬਿਆਂ ਵੱਲੋਂ ‘ਜੀਵ-ਹੱਤਿਆ’ ਤੋਂ ਬਚਣ ਦੇ ਪ੍ਰਚਾਰ ਕਾਰਨ ਸ਼ਾਇਦ ਉਹ ਕ੍ਰਿਪਾਨ ਦੇ ਅਸਲ ਉਪਯੋਗ ਨੂੰ ਪਾਪ ਸਮਝਦੇ ਹਨ ਅਤੇ ਇਸਨੂੰ ਸਿਰਫ਼ ਦੇਗ ਵਿੱਚ ਫੇਰਨ ਲਈ ਹੀ ਠੀਕ ਸਮਝਦੇ ਹਨ)। ਇਸ ਕਰਕੇ ਬਹੁਤੇ ਅੰਮ੍ਰਿਤਧਾਰੀ ਸਿੱਖਾਂ ਦੀਆਂ ਕ੍ਰਿਪਾਨਾਂ ਨੂੰ ਵਧੇਰੇ ਕਰਕੇ ਮਿਆਨ ਵਿੱਚ ਪਿਆਂ-ਪਿਆਂ ਹੀ ਜੰਗ ਲੱਗ ਜਾਂਦਾ ਹੈ।

ਆਪਣੀ ਯੁੱਧ-ਕਲਾ ਦਾ ਸਬੂਤ ਦਿੰਦਿਆਂ ਗੁਰੂ ਸਾਹਿਬ ਨੇ ਖ਼ੁਦ ਅੱਗੇ ਹੋਕੇ ਜੰਗਾਂ-ਯੁੱਧਾਂ ਵਿੱਚ ਸਿੱਖਾਂ ਦੀ ਅਗਵਾਈ ਕੀਤੀ। ਦੂਜੇ ਪਾਸੇ, ਅਜੋਕੇ ਸਿੱਖ ਲੀਡਰ ਹਰ ਭੀੜ ਦੇ ਸਮੇਂ ਸਿੱਖਾਂ ਦਾ ਸਾਥ ਛੱਡ ਕੇ ਕਾਇਰਾਂ ਵਾਂਗ ਆਪਣੇ ਹੀ ਬਚਾਉ ਵਿੱਚ ਰੁੱਝ ਜਾਂਦੇ ਹਨ। ਜਦ ਜੂਨ 1984 ਵਿੱਚ ਹਿੰਦੁਸਤਾਨੀ ਫੌਜ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ‘ਤੇ ਹਮਲਾ ਕੀਤਾ ਤਾਂ ਉੱਥੇ ਮੌਜੂਦ ਵੱਡੇ-ਵੱਡੇ ਅਕਾਲੀ ਨੇਤਾ ਆਪਣੇ ਹੱਥ ਉੱਪਰ ਚੁੱਕ ਕੇ (ਕਾਇਰਾਂ ਵਾਂਗ ਆਤਮ-ਸਮਰਪਣ ਕਰਕੇ) ਬਾਹਰ ਆ ਗਏ ਅਤੇ ਇਸ ਪਵਿੱਤਰ ਗੁਰਦੁਆਰਾ ਸਾਹਿਬ ਨੂੰ ਫੌਜੀਆਂ ਦੇ ਰਹਿਮੋ-ਕਰਮ ‘ਤੇ ਛੱਡ ਦਿੱਤਾ। ਪੰਥ ਦੀ ਅਣਖ ਵਾਸਤੇ ਹਮਲਾਵਰਾਂ ਨਾਲ ਜੂਝ ਕੇ ਸ਼ਹੀਦ ਹੋਣ ਦੀ ਥਾਂ, ਇਨ੍ਹਾਂ ਨੇ ਆਮ ਸਿੱਖਾਂ ਨੂੰ ਕਤਲ ਕਰਵਾਉਣ ਨੂੰ ਹੀ ਤਰਜ਼ੀਹ ਦਿੱਤੀ। ਬਾਅਦ ਵਿੱਚ ਇਸ ਸਾਰੇ ਕਾਰੇ ਲਈ ਇਕ ਵਿਸ਼ੇਸ਼ ਸਿਆਸੀ ਪਾਰਟੀ ਨੂੰ ਦੋਸ਼ੀ ਠਹਿਰਾ ਕੇ ਸਿੱਖਾਂ ਦੇ ਜਜ਼ਬਾਤਾਂ ਨੂੰ ਭੜਕਾਇਆ ਅਤੇ ਸਿਆਸੀ ਲਾਭ ਖੱਟਿਆ।

ਗੁਰੂ ਗੋਬਿੰਦ ਸਿੰਘ ਜੀ ਨਾਲ ਬਹੁਤੀਆਂ ਜੰਗਾਂ ਬ੍ਰਾਹਮਣਵਾਦੀ ਸੋਚ ਵਾਲੇ ਪਹਾੜੀ ਰਾਜਿਆਂ ਨੇ ਹੀ ਕੀਤੀਆਂ। ਇਸ ਇਤਿਹਾਸਕ ਤੱਥ ਤੋਂ ਜਾਣੂ ਹੋਣ ਦੇ ਬਾਵਜੂਦ ਸਿੱਖਾਂ ਦੁਆਰਾ ਹਮੇਸ਼ਾਂ ਬ੍ਰਾਹਮਣਵਾਦੀਆਂ ‘ਤੇ ਅਥਾਹ ਵਿਸ਼ਵਾਸ ਕੀਤਾ ਜਾਂਦਾ ਹੈ। ਅਜਿਹੇ ਵਿਸ਼ਵਾਸ ਕਾਰਨ ਹੀ ਸਿੱਖਾਂ ਨੂੰ ਬਾਰ-ਬਾਰ ਜਾਨੀ ਅਤੇ ਮਾਲੀ ਨੁਕਸਾਨ ਚੁੱਕਣਾ ਪੈਂਦਾ ਹੈ। ਫਿਰ ਵੀ ਸਿੱਖ ਕੌਮ ਚੇਤੰਨ ਨਹੀਂ ਹੁੰਦੀ ਬਲਕਿ ਬ੍ਰਾਮਮਣਵਾਦੀਆਂ ਦੀ ਚਾਪਲੂਸੀ ਕਰਕੇ ਹੀ ਖੁਸ਼ ਹੁੰਦੀ ਹੈ।

ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਦੀ ਖਾਤਿਰ ਆਪਣੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਉਣ ਤੋਂ ਵੀ ਸੰਕੋਚ ਨਾ ਕੀਤਾ। ਪਰ ਅਜੋਕੇ ਸਿੱਖ ਲੀਡਰ ਆਪਣੀ ਔਲਾਦ ਨੂੰ ਸਿੱਖਾਂ ਦੀ ਅਗਲੀ ਪੀੜ੍ਹੀ ਦਾ ਨੇਤਾ ਬਣਾਉਣ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ। ਸਿੱਖ ਸਮਾਜ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ-ਮੰਤਰੀ ਬਣਾਉਨ ਦੀ ਲਾਲਸਾ ਨਾਲ, ਘੱਟ-ਗਿਣਤੀਆਂ ਦੀ ਇਕ ਕੱਟੜ-ਵਿਰੋਧੀ ਪਾਰਟੀ ਨੂੰ ਬਿਨ੍ਹਾਂ ਸ਼ਰਤ ਆਪਣੇ ਸਿਆਸੀ ਦਲ ਦਾ ਸਮਰਥਨ ਦੇ ਦਿੱਤਾ ਗਿਆ। ਬ੍ਰਾਹਮਣਵਾਦੀਆਂ ਨੂੰ ਪੰਜਾਬ ਵਿੱਚ ਮਿੱਲੀ ਹੱਲਾਸ਼ੇਰੀ ਕਾਰਨ ਉਨ੍ਹਾਂ ਨੇ ਵੱਡੀ ਪੱਧਰ ‘ਤੇ ਪੰਜਾਬ ਵਿੱਚ ਬ੍ਰਾਹਮਣਵਾਦ ਦਾ ਪ੍ਰਚਾਰ ਕੀਤਾ ਅਤੇ ਸਿੱਖਾਂ ਨੂੰ ਪਤਿਤ ਹੋਣ ਲਈ ਪ੍ਰੇਰਿਆ, ਜਿਸ ਵਿੱਚ ਉਨ੍ਹਾਂ ਨੂੰ ਵੱਡੀ ਸਫ਼ਲਤਾ ਮਿਲੀ।

ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਨੂੰ ਸਪਸ਼ਟ ਹੁਕਮ ਕੀਤਾ ਕਿ ਹੁਣ ਗੁਰੂ ਸਿਰਫ਼ ਗੁਰੂ ਗੰ੍ਰਥ ਸਾਹਿਬ ਜੀ ਹੋਣਗੇ। ਪਰ ਸਿੱਖਾਂ ਵੱਲੋਂ ਗੁਰਬਾਣੀ ਤੋਂ ਸੇਧ ਲੈਣ ਦੀ ਬਜਾਏ ਦੇਹਧਾਰੀ ਬਾਬਿਆਂ ਅਤੇ ਸੰਤਾਂ-ਮਹੰਤਾਂ ਵਿੱਚ ਵਧੇਰੇ ਵਿਸ਼ਵਾਸ ਪ੍ਰਗਟ ਕੀਤਾ ਜਾਂਦਾ ਹੈ। ਇਕ ਸਰਵੇਖਣ ਮੁਤਾਬਿਕ, ਪੰਜਾਬ ਵਿੱਚ ਇਸ ਸਮੇਂ 16000 ਤੋਂ ਵੱਧ ਸੰਤ-ਬਾਬੇ ਸਥਾਪਿਤ ਹੋ ਚੁੱਕੇ ਹਨ। ਵਰਣਨਯੋਗ ਹੈ ਕਿ ਪੰਜਾਬ ਦੇ ਕੁਲ ਪਿੰਡਾਂ ਦੀ ਗਿਣਤੀ 13000 ਤੋਂ ਵੀ ਘੱਟ ਹੈ। ਭਾਵ, ਪੰਜਾਬ ਦੇ ਹਰ ਪਿੰਡ ਵਿੱਚ ਇਕ ਤੋਂ ਵੱਧ ਸੰਤ-ਬਾਬੇ ਦੀ ਔਸਤ ਬਣਦੀ ਹੈ। ਇਨ੍ਹਾਂ ਦੇਹਧਾਰੀ ਸੰਤਾਂ-ਬਾਬਿਆਂ ਵੱਲੋਂ ਮਨਘੜਤ ਪ੍ਰਚਾਰ ਕਰਨ ਅਤੇ ਸਿੱਖ ਇਤਿਹਾਸ ਨੂੰ ਹਿੰਦੂਵਾਦ ਦਾ ਰੰਗ ਦੇ ਕੇ ਪ੍ਰਚਾਰਨ ਕਾਰਨ ਸਿੱਖ ਸਮਾਜ ਵਿੱਚ ਮਨਮਤਿ ਪੂਰੇ ਸਿਖਰ ’ਤੇ ਹੈ ਅਤੇ ਨਿੱਤ ਨਵੇਂ ਵਿਵਾਦ ਪੈਦਾ ਹੋ ਰਹੇ ਹਨ। ਇਹ ਸਭ ਕੁੱਝ ਸਿਰਫ਼ ਇਸਲਈ ਕਿ ਸਿੱਖ ਖ਼ੁਦ ਗੁਰੂ ਗੰ੍ਰਥ ਸਾਹਿਬ ਦੀ ਬਾਣੀ ਤੋਂ ਅਗਵਾਈ ਨਹੀਂ ਲੈਂਦੇ ਅਤੇ ਪਖੰਡੀ ਸੰਤਾਂ-ਮਹੰਤਾਂ ਦੀਆਂ ਗੱਲਾਂ ਨੂੰ ‘ਇਲਾਹੀ ਆਦੇਸ਼’ ਸਮਝ ਕੇ, ਅੰਨ੍ਹੀ ਸ਼ਰਧਾ ਨਾਲ ਉਨ੍ਹਾਂ ਦਾ ਪਾਲਨ ਕਰਦੇ ਹਨ।

ਗੁਰੂ ਗੋਬਿੰਦ ਸਿੰਘ ਜੀ ਦੇ ਸਪਸ਼ਟ ਹੁਕਮ ਦੇ ਬਾਵਜੂਦ ਕੁਝ ਮਨਮਤੀ ਸਿੱਖ ਗੁਰੂ ਗੰ੍ਰਥ ਸਾਹਿਬ ਦੀ ਗੁਰਿਆਈ ਨੂੰ ਚੁਣੌਤੀ ਦੇਣ ਵਾਲੀਆਂ ਪ੍ਰਥਾਵਾਂ ਨੂੰ ਹੱਲਾਸ਼ੇਰੀ ਦੇ ਰਹੇ ਹਨ। ਇਨ੍ਹਾਂ ਭੁੱਲੜ ਸਿੱਖਾਂ ਵੱਲੋਂ ਗੁਰੂ ਗੰ੍ਰਥ ਸਾਹਿਬ ਦੀ ਬਰਾਬਰੀ ਵਿੱਚ ਵਿਵਾਦਗ੍ਰਸਤ ਦਸਮ ਗੰ੍ਰਥ ਦਾ ‘ਪ੍ਰਕਾਸ਼’ ਕੀਤਾ ਜਾਣ ਲੱਗ ਪਿਆ ਹੈ, ਜਿਸਦੇ ਵੱਡੇ ਹਿੱਸੇ ਨੂੰ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਮੰਨਿਆ ਜਾਂਦਾ। ਸਿੱਖ ਵਿਚਾਰਵਾਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਗੰ੍ਰਥ ਨੂੰ ਗੁਰੂ ਸਾਹਿਬ ਦੀ ਰਚਨਾ ਮੰਨ ਵੀ ਲਿਆ ਜਾਏ ਤਾਂ ਵੀ ਗੁਰਦੁਆਰਿਆਂ ਵਿੱਚ ਇਸਦਾ ਪ੍ਰਕਾਸ਼ ਕਰਨਾ ਜਾਇਜ਼ ਨਹੀਂ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਦੀ ਪਦਵੀ ਸਿਰਫ਼ ‘ਆਦਿ ਗੰ੍ਰਥ ਸਾਹਿਬ’ ਨੂੰ ਹੀ ਦਿੱਤੀ ਸੀ। ਪਰ ਵਿਸ਼ੇਸ਼ ਸੰਪਰਦਾਵਾਂ ਨਾਲ ਸਬੰਧਿਤ ਇਨ੍ਹਾਂ ਸਿੱਖਾਂ ਵੱਲੋਂ ਗੁਰੂ ਸਾਹਿਬ ਦੇ ਹੁਕਮ ਦੇ ਵਿਰੁੱਧ ਹੋਰਨਾਂ ਗੰ੍ਰਥਾਂ ਨੂੰ ਗੁਰੂ ਘਰਾਂ ਵਿੱਚ ਪ੍ਰਚਲਿਤ ਕਰਨ ਦੀ ਕੋਸ਼ਿਸ਼ ਨਾਲ ਅੱਜ ਸਿੱਖ ਪੰਥ ਭਾਰੀ ਫੁੱਟ ਅਤੇ ਵਿਵਾਦਾਂ ਦਾ ਸ਼ਿਕਾਰ ਹੋਇਆ ਪਿਆ ਹੈ। ਅੱਜ ਸਿੱਖ ਪੰਥ ਦੇ ਬਹੁਤੇ ਵਿਦਵਾਨ ਕੌਮ ਦੀ ਭਲਾਈ ਲਈ ਯੋਗ ਵਿਚਾਰਾਂ ਪੇਸ਼ ਕਰਨ ਦੀ ਬਜਾਏ ਇਸ ਵਿਵਾਦਿਤ ਪੁਸਤਕ ਦੇ ਪੱਖ ਜਾਂ ਵਿਰੋਧ ਵਿੱਚ ਦਲੀਲਾਂ ਦੇਣ ਵਿੱਚ ਹੀ ਰੁੱਝੇ ਹੋਏ ਹਨ ਜਿਸ ਦਾ ਲਾਭ ਪੰਥ-ਵਿਰੋਧੀ ਸ਼ਕਤੀਆਂ ਦੁਆਰਾ ਉਠਾਇਆ ਜਾ ਰਿਹਾ ਹੈ।

ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਮਨਾਉਂਦਿਆਂ ਸਾਨੂੰ ਚਾਹੀਦਾ ਹੈ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਪਣੇ ਸਰਬੰਸ ਦਾ ਬਲੀਦਾਨ ਦੇ ਕੇ ਸਿਰਜੇ ਗਏ ਇਨਕਲਾਬ ਨੂੰ ਮੁੜ ਸੁਰਜੀਤ ਕਰਨ ਦਾ ਪ੍ਰਣ ਕਰੀਏ। ਤਾਂ ਹੀ ਸਾਡਾ ਪ੍ਰਕਾਸ਼ ਉਤਸਵ ਮਨਾਉਣਾ ਸਫ਼ਲ ਹੋ ਸਕੇਗਾ।