Subscription About Us Contact Us


ਦਿੱਲੀ ਚੋਣਾਂ ਵਿੱਚ ਕਾਂਗਰਸੀਆਂ ਤੇ ਅਕਾਲੀਆਂ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ

- ਸਰਬਜੀਤ ਸਿੰਘ -

ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸ਼ੀਲਾ ਦਿਕਸ਼ਿਤ ਦੀ ਅਗਵਾਈ ਵਿੱਚ ਕਾਂਗਰਸੀ ਉਮੀਦਵਾਰਾਂ ਨੂੰ ਬਹੁਮਤ ਪ੍ਰਾਪਤ ਹੋ ਹੀ ਗਿਆ। ਜਿੱਥੇ ਕਾਂਗਰਸ ਨੂੰ 42 ਸੀਟਾਂ ਪ੍ਰਾਪਤ ਹੋਈਆਂ, ਉੱਥੇ ਬੀਜੇਪੀ ਨੂੰ ਮਾਤਰ 23 ਸੀਟਾਂ ਨਾਲ ਹੀ ਸੰਤੋਖ ਕਰਨਾ ਪਿਆ। ਸਿੱਖਾਂ ਦੇ ਨਜ਼ਰੀਏ ਨਾਲ ਵੇਖੀਏ, ਤਾਂ ਇਨ੍ਹਾਂ ਚੋਣਾਂ ਉਪਰੰਤ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਮੁਸਕਰਾਹਟ ਵਿੱਚ ਕਾਫੀ ਵਾਧਾ ਹੋਇਆ ਕਿਉਂਕਿ ਜਿੱਥੇ ਕਾਂਗਰਸ ਦੀਆਂ ਟਿਕਟਾਂ ’ਤੇ 5 ਸਿੱਖ ਉਮੀਦਵਾਰ ਜੇਤੂ ਰਹੇ, ਉੱਥੇ ਅਕਾਲੀ ਦਲ (ਬਾਦਲ) ਵੱਲੋਂ ਖੜੇ ਕੀਤੇ ਗਏ ਚਾਰੋਂ ਉਮੀਦਵਾਰਾਂ ’ਚੋਂ ਕੋਈ ਵੀ ਜਿੱਤ ਪ੍ਰਾਪਤ ਨਾ ਕਰ ਸਕਿਆ।

ਇਨ੍ਹਾਂ ਚੋਣਾਂ ਉਪਰੰਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਖੇਮੇ ’ਚ ਨਿਰਾਸਤਾ ਛਾ ਜਾਣੀ ਲਾਜ਼ਮੀ ਹੈ। ਸੱਚਾਈ ਤਾਂ ਇਹ ਹੈ ਕਿ ਅਕਾਲੀ ਦਲ (ਬਾਦਲ) ਦੇ ਮੁਖੀ ਸੁਖਬੀਰ ਸਿੰਘ ਬਾਦਲ ਅਤੇ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਸ੍ਰ: ਮਨਜੀਤ ਸਿੰਘ ਜੀ.ਕੇ. ਤਾਂ ਚੋਣ ਪ੍ਰਕ੍ਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਾਰ ਚੁੱਕੇ ਸਨ ਕਿਉਂਕਿ ਚੋਣਾਂ ਤੋਂ ਕਾਫੀ ਪਹਿਲਾਂ ਹੀ ਇਹ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਉਹ ਵਿਧਾਨ ਸਭਾ ਚੋਣਾਂ ਲਈ ਬੀਜੇਪੀ ਤੋਂ ਘੱਟੋ-ਘੱਟ 15 ਸੀਟਾਂ ਜ਼ਰੂਰ ਪ੍ਰਾਪਤ ਕਰਨਗੇ। ਚੋਣਾਂ ਤੋਂ ਪਹਿਲਾ ਪੱਛਮੀ ਦਿੱਲੀ ਦੇ ਫਤਹਿ ਨਗਰ ਇਲਾਕੇ ਵਿਖੇ ਆਯੋਜਿਤ ਕੀਤੀ ਗਈ ਇਕ ਕਥਿਤ ‘ਅਕਾਲੀ-ਪੰਜਾਬੀ ਕਾਨਫਰੰਸ’ ਵਿੱਚ ਸ੍ਰ: ਮਨਜੀਤ ਸਿੰਘ ਜੀ.ਕੇ. ਨੇ ਧਮਕੀ ਭਰੇ ਲਫ਼ਜ਼ਾਂ ਵਿੱਚ ਕਿਹਾ ਸੀ ਕਿ (ਦਿੱਲੀ ਵਿੱਚ) ਬੀਜੇਪੀ ਵਾਲੇ ਹੁਣ ਤੱਕ ਸਾਨੂੰ ਬਹੁਤ ਘੱਟ ਅਤੇ ਉਹ ਵੀ ਹਾਰਨ ਵਾਲੀਆਂ ਸੀਟਾਂ ਹੀ ਅਲਾਟ ਕਰਦੇ ਰਹੇ ਹਨ। ਪਰ ਇਸ ਵਾਰ ਅਸੀਂ 15 ਸੀਟਾਂ ਤੋਂ ਘੱਟ ਨਹੀਂ ਲਵਾਂਗੇ ਅਤੇ ਉਹ ਵੀ ਉਨ੍ਹਾਂ ਹੀ (ਸਿੱਖ ਬਹੁਗਿਣਤੀ ਵਾਲੇ) ਇਲਾਕਿਆਂ ਵਿੱਚ ਲਵਾਂਗੇ, ਜਿਥੋਂ ਸਾਡੀ ਜਿੱਤ ਸੰਭਵ ਹੈ। ਬਾਦਲ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਬਾਰ-ਬਾਰ ਇਹ ਗੱਲ ਦੁਹਰਾਉਂਦੇ ਰਹੇ ਕਿ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਸਿਰਫ਼ ‘ਤੱਕੜੀ’ ਚੋਣ ਨਿਸ਼ਾਨ ’ਤੇ ਹੀ ਚੋਣਾਂ ਲੜਨਗੇ ਕਿਉਂਕਿ ਪੰਜਾਬ ਵਿੱਚ ਬੀਜੇਪੀ ਵੀ ਆਪਣੀ ਪਾਰਟੀ ਦੇ ਚੋਣ ਨਿਸ਼ਾਨ ‘ਕਮਲ’ ਉੱਤੇ ਹੀ ਚੋਣਾਂ ਲੜਦੀ ਹੈ।

ਏਨੇ ਦਮਗਜ਼ੇ ਮਾਰਨ ਅਤੇ ਵੱਖ-ਵੱਖ ਪ੍ਰੈਸ ਕਾਨਫਰੰਸਾਂ ਵਿੱਚ ਉਪਰੋਕਤ ਬਿਆਨ ਨੂੰ ਦੁਹਰਾਉਣ ਦੇ ਬਾਵਜੂਦ, ਟਿਕਟਾਂ ਦੀ ਵੰਡ ਵੇਲੇ ਅਕਾਲੀ ਦਲ ਦੇ ਆਗੂ, ਬੀਜੇਪੀ ਤੋਂ ਸਿਰਫ਼ 4 ਸੀਟਾਂ ਲੈਣ ’ਤੇ ਵੀ ਰਾਜ਼ੀ ਹੋ ਗਏ। ਇਨ੍ਹਾਂ 4 ਸੀਟਾਂ ਦੀ ਖੈਰਾਤ ਵੀ ਇਸ ਸ਼ਰਤ ’ਤੇ ਮਿਲੀ ਕਿ ਅਕਾਲੀ ਕੋਟੇ ਦੇ 2 ਉਮੀਦਵਾਰ (ਰਜੌਰੀ ਗਾਰਡਨ ਤੋਂ ਅਵਤਾਰ ਸਿੰਘ ਹਿੱਤ ਤੇ ਗਾਂਧੀ ਨਗਰ ਤੋਂ ਜਤਿੰਦਰ ਸਿੰਘ ਸ਼ੰਟੀ) ‘ਤੱਕੜੀ’ ਚੋਣ ਨਿਸ਼ਾਨ ’ਤੇ ਚੋਣਾਂ ਲੜਨਗੇ ਅਤੇ ਬਾਕੀ 2 ਉਮੀਦਵਾਰ (ਆਦਰਸ਼ ਨਗਰ ਤੋਂ ਰਵਿੰਦਰ ਸਿੰਘ ਖੁਰਾਣਾ ਤੇ ਜੰਗਪੁਰਾ ਤੋਂ ਮਨਜਿੰਦਰ ਸਿੰਘ ਸਿਰਸਾ) ‘ਕਮਲ’ ਨਿਸ਼ਾਨ ’ਤੇ ਹੀ ਚੋਣ ਲੜਨਗੇ। ਇਨ੍ਹਾਂ ਵਿੱਚੋਂ ਵੀ ਸਿਰਫ਼ ਰਜੌਰੀ ਗਾਰਡਨ ਦੀ ਸੀਟ ਹੀ ਅਜਿਹੇ ਖੇਤਰ ਵਿੱਚ ਸੀ, ਜਿੱਥੇ ਅਕਾਲੀ ਉਮੀਦਵਾਰ ਦੇ ਜਿੱਤਣ ਦੀ ਸਚਮੁੱਚ ਕੋਈ ਆਸ ਹੋ ਸਕਦੀ ਸੀ। ਬਾਕੀ ਸੀਟਾਂ ਤਾਂ ਸਿਰਫ਼ ਗਿਣਤੀ ਪੂਰੀ ਕਰਨ (ਅਤੇ ਅਕਾਲੀਆਂ ਦੀ ਹਾਰ ਨਿਸ਼ਚਿਤ ਕਰਨ ਲਈ) ਜਾਰੀ ਕੀਤੀਆਂ ਗਈਆਂ ਪ੍ਰਤੀਤ ਹੁੰਦੀਆਂ ਸਨ। ਇਸ ਤਰ੍ਹਾਂ, ਬੀਜੇਪੀ ਲੀਡਰਸ਼ਿਪ ਨੇ ਬਾਦਲ ਦਲ ਦੇ ਆਗੂਆਂ ਨੂੰ ਇਕ ਤਰ੍ਹਾਂ ਨਾਲ ਥੁੱਕ ਕੇ ਚੱਟਣ ਨੂੰ ਮਜਬੂਰ ਕਰ ਦਿੱਤਾ।

ਪਰ ਬਾਦਲ ਪਾਰਟੀ ਸਾਹਮਣੇ ਚੁਣੌਤੀ ਸਿਰਫ਼ ਘੱਟ ਸੀਟਾਂ ਦੀ ਨਹੀਂ ਸੀ। ਪਾਰਟੀ ਦੇ ਕੋਟੇ ਤੋਂ ਬੀਜੇਪੀ ਦੀਆਂ ਟਿਕਟਾਂ ਪ੍ਰਾਪਤ ਕਰਨ ਦੇ ਚਾਹਵਾਨ ਉਮੀਦਵਾਰਾਂ ਦੀ ਵੱਡੀ ਗਿਣਤੀ ਨੇ, ਪਾਰਟੀ ਦੇ ਅੰਦਰੂਨੀ ਕਲੇਸ਼ਾਂ ਦੀ ਅੱਗ ਵਿੱਚ ਘਿਓ ਪਾਉਣ ਦਾ ਕੰਮ ਕੀਤਾ। ਇਸ ਤੋਂ ਇਲਾਵਾ, ਤੱਕੜੀ ਚੋਣ ਨਿਸ਼ਾਨ ਬਾਰੇ ਬੀਜੇਪੀ ਦੇ ਵਿਰੋਧ ਦੇ ਇਲਾਵਾ, ਪਾਰਟੀ ਦੇ ਉਮੀਦਵਾਰ ਖ਼ੁਦ ਵੀ ਉਤਸ਼ਾਹਿਤ ਨਹੀਂ ਸਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ, ਗਾਂਧੀ ਨਗਰ ਦੇ ਉਮੀਦਵਾਰ ਸ਼ੰਟੀ ਨੇ ਚੋਣਾਂ ਸਬੰਧੀ ਆਪਣੇ ਕਾਗਜ਼ਾਤ (ਕਥਿਤ ਤੌਰ ’ਤੇ ਜਾਣ-ਬੁੱਝ ਕੇ) ਇਸ ਤਰ੍ਹਾਂ ਭਰੇ ਕਿ ਚੋਣ ਕਮੀਸ਼ਨ ਉਨ੍ਹਾਂ ਤੋਂ ਚੋਣ ਨਿਸ਼ਾਨ ਤੱਕੜੀ ਦੀ ਮੰਗ ਕਰਨ ਵਾਲੇ ਕਾਗਜ਼ਾਤ ਰੱਦ ਕਰ ਦੇਵੇ ਅਤੇ ਇਸਦੀ ਬਜਾਏ ਚੋਣ ਨਿਸ਼ਾਨ ਕਮਲ ਜਾਰੀ ਕਰ ਦੇਵੇ। ਇਸ ਤਰ੍ਹਾਂ, ਪੂਰੀ ਦਿੱਲੀ ਵਿੱਚ ਸ੍ਰੀ ਅਵਤਾਰ ਸਿੰਘ ਹਿੱਤ ਹੀ ਇਕ-ਮਾਤਰ ਅਜਿਹੇ ਉਮੀਦਵਾਰ ਰਹਿ ਗਏ, ਜਿਨ੍ਹਾਂ ਨੂੰ ‘ਤੱਕੜੀ’ ਦੇ ਚੋਣ ਨਿਸ਼ਾਨ ’ਤੇ ਚੋਣਾਂ ਲੜਨੀਆਂ ਪਈਆਂ।

ਪਰ ਅਕਾਲੀ ਦਲ ਦੇ ਉਮੀਦਵਾਰ ਨਾ ਤਾਂ ਕਮਲ ਚੋਣ ਨਿਸ਼ਾਨ ਦੀ ਅਤੇ ਨਾ ਤੱਕੜੀ ਚੋਣ ਨਿਸ਼ਾਨ ਦੀ ਵਰਤੋਂ ਕਰਕੇ ਕੋਈ ਵੀ ਸੀਟ ਜਿੱਤ ਸਕੇ। ਹੁਣ ਅਕਾਲੀ ਦਲ ਆਗੂ ਇਸ ਸਬੰਧੀ ਜੋ ਮਰਜ਼ੀ ਸਪਸ਼ਟੀਕਰਨ ਦਿੰਦੇ ਰਹਿਣ, ਪਰ ਇਸ ਹਾਰ ਦੇ ਮੁੱਖ ਤੌਰ ’ਤੇ ਦੋ ਹੀ ਕਾਰਨ ਸਨ - ਪਹਿਲਾ, ਪਾਰਟੀ ਆਗੂਆਂ ਵੱਲੋਂ ਇਕ-ਦੂਜੇ ਨੂੰ ਨੁਕਸਾਨ ਪਹੁੰਚਾਉਣ ਦੀ ਪ੍ਰਬਲ ਭਾਵਨਾ ਅਤੇ ਦੂਜਾ ਬੀਜੇਪੀ ਦੇ ਸਮਰਥਕਾਂ ਵੱਲੋਂ ਅਕਾਲੀਆਂ ਨੂੰ ਮਜ਼ਾ ਚਖਾਉਣ ਲਈ, ਚੁਪ-ਚੁਪੀਤੇ ਵੋਟਾਂ ਦੂਜੇ ਉਮੀਦਵਾਰਾਂ ਨੂੰ ਪਾ ਦੇਣੀਆਂ।

ਪਾਰਟੀ ਆਗੂਆਂ ਦੀ ਈਰਖਾਲੂ ਪ੍ਰਵਿਰਤੀ ਦਾ ਸਭ ਤੋਂ ਵੱਧ ਸ਼ਿਕਾਰ ਨੌਜੁਆਨ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ ਹੋਣਾ ਪਿਆ। ਸਿਰਸਾ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣ ਕੇ ਉਨ੍ਹਾਂ ਨੂੰ ਸੁਲਝਾਉਣ ਲਈ ਸੰਜੀਦਗੀ ਨਾਲ ਯਤਨ ਕਰਨ ਅਤੇ ਮਾਇਕ ਪੱਖੋਂ ਕਾਫੀ ਅਮੀਰ ਹੋਣ ਕਾਰਨ ਇਮਾਨਦਾਰੀ ਨਾਲ, ਬਲਕਿ ਪੱਲਿਓਂ ਖਰਚਾ ਕਰਕੇ ਪਾਰਟੀ ਦੀਆਂ ਕਾਰਵਾਈਆਂ ਵਿੱਚ ਯੋਗਦਾਨ ਦੇਣ ਦੀ ਨੀਤੀ ਹਰ ਕਿਸੇ ਨੂੰ ਪ੍ਰਭਾਵਿਤ ਕਰ ਰਹੀ ਸੀ। ਥੋੜੇ ਸਮੇਂ ਵਿੱਚ ਹੀ ਸਮੁੱਚੀ ਦਿੱਲੀ ਦੇ ਸਿੱਖਾਂ ਅਤੇ ਪੰਜਾਬੀ ਬਾਗ ਖੇਤਰ ਦੇ ਸਮੂਹ ਵਰਗਾਂ ਵਿੱਚ ਆਪਣਾ ਪ੍ਰਭਾਵਸ਼ਾਲੀ ਅਕਸ ਕਾਇਮ ਕਰ ਲੈਣ ਦੀ ਸਫਲਤਾ ਕਾਰਨ, ਦਲ ਦੇ ਪੁਰਾਣੇ ਆਗੂਆਂ ਦੀ ਬਜਾਏ ਸਿਰਸਾ ਦੀ ਵਧੇਰੇ ਚਰਚਾ ਹੋਣ ਲੱਗ ਪਈ ਸੀ। ਇਸਦੇ ਇਲਾਵਾ, ਸਿਰਸਾ ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਖਿਲਾਫ਼ ਵਿੱਢੀ ਗਈ ਸਿਆਸੀ ਮੁਹਿੰਮ ਦੇ ਕਈ ਮੋਰਚਿਆਂ ’ਤੇ ਸਫਲਤਾ ਮਿਲਣ ਕਾਰਨ ਪਾਰਟੀ ਹਾਈ-ਕਮਾਂਡ ਦੀ ਨਿਗ੍ਹਾ ਵਿੱਚ ਵੀ ਸਿਰਸਾ ਦਾ ਪ੍ਰਭਾਵ ਵਧਦਾ ਜਾ ਰਿਹਾ ਸੀ। ਇਸਲਈ ਅਕਾਲੀ ਦਲ ਬਾਦਲ ਦੇ ਹੀ ਕੁਝ ਆਗੂਆਂ ਨੇ ਸਿਰਸਾ ਦੇ ਵਧਦੇ ਸਿਆਸੀ ਪ੍ਰਭਾਵ ਨੂੰ ਠਿੱਬੀ ਲਾਉਣ ਲਈ, ਬੀਜੇਪੀ ਆਗੂਆਂ ਨਾਲ ਗੰਢਤੁਪ ਕਰਕੇ, ਉਸਨੂੰ ਦੱਖਣੀ ਦਿੱਲੀ ਦੇ ਅਜਿਹੇ ਖੇਤਰ (ਜੰਗਪੁਰਾ) ਤੋਂ ਟਿਕਟ ਦਿਵਾ ਦਿੱਤੀ, ਜਿੱਥੇ ਸਿਰਸਾ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦੇ ਪਿਛੋਕੜ ਬਾਰੇ ਆਮ ਲੋਕਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਇਸਦੇ ਇਲਾਵਾ, ਇਸ ਖੇਤਰ ਵਿੱਚ ਸਿੱਖਾਂ ਦੀਆਂ ਵੋਟਾਂ ਵੀ ਮਾਤਰ 8-9 ਫੀਸਦੀ ਹੀ ਸਨ। ਇਸਦੇ ਉਲਟ, ਖੇਤਰ ਵਿੱਚ ਕਾਫੀ ਸਾਰੇ ਮੁਸਲਿਮ ਵੋਟਰ ਜ਼ਰੂਰ ਸਨ, ਜਿਨ੍ਹਾਂ ਨੇ ਨਿਸ਼ਚਿਤ ਤੌਰ ’ਤੇ ਬੀਜੇਪੀ ਦੇ ਖਿਲਾਫ਼ ਹੀ ਵੋਟਾਂ ਪਾਉਣੀਆਂ ਸਨ।

ਹੋਰ ਤਾਂ ਹੋਰ, ਬਾਦਲ ਦਲ ਦੀ ਦਿੱਲੀ ਸ਼ਾਖਾ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੀ ਇਸ ਖੇਤਰ ਤੋਂ ਕਾਂਗਰਸੀ ਉਮੀਦਵਾਰ ਤਰਵਿੰਦਰ ਸਿੰਘ ਮਾਰਵਾਹ ਦੇ ਚੰਗੇ ਮਿੱਤਰ ਦੱਸੇ ਜਾਂਦੇ ਹਨ। ਦੱਸਿਆ ਜਾਂਦਾ ਹੈ ਕਿ ਜਦ ਕਾਂਗਰਸ ਵੱਲੋਂ ਤਰਵਿੰਦਰ ਸਿੰਘ ਮਾਰਵਾਹ ਨੂੰ ਟਿਕਟ ਦੇਣ ਦੀ ਬਜਾਏ ਸ੍ਰੀਮਤੀ ਤਾਜਦਾਰ ਬਾਬਰ ਨੂੰ ਟਿਕਟ ਦੇਣ ਦੀ ਚਰਚਾ ਚੱਲ ਰਹੀ ਸੀ, ਤਾਂ ਮਨਜੀਤ ਸਿੰਘ ਜੀ.ਕੇ. ਨੇ ਸ੍ਰੀ ਮਾਰਵਾਹ ਨੂੰ ਅਕਾਲੀ ਕੋਟੇ ਤੋਂ ਬੀਜੇਪੀ ਦੀ ਟਿਕਟ ਦਿਵਾਉਣ ਦਾ ਭਰੋਸਾ ਵੀ ਦੇ ਦਿੱਤਾ ਸੀ। ਪਰ ਕਾਂਗਰਸ ਵੱਲੋਂ ਸ੍ਰੀ ਮਾਰਵਾਹ ਨੂੰ ਟਿਕਟ ਦੇ ਦੇਣ ਕਾਰਨ ਇਹ ਕਾਰਵਾਈ ਅਮਲ ਵਿੱਚ ਨਾ ਆ ਸਕੀ। ਫਿਰ ਵੀ, ਚੋਣ ਰੈਲੀਆਂ ਦੌਰਾਨ ਸ੍ਰੀ ਮਨਜੀਤ ਸਿੰਘ ਜੀ.ਕੇ. ਨੇ ਸਿਰਸਾ ਨੂੰ ਵੋਟਾਂ ਪਾਉਣ ਦੀਆਂ ਅਪੀਲਾਂ ਤਾਂ ਕੀਤੀਆਂ ਪਰ ਸ੍ਰੀ ਮਾਰਵਾਹ ਦੇ ਖਿਲਾਫ਼ ਕਥਿਤ ਤੌਰ ’ਤੇ ਇਕ ਲਫ਼ਜ਼ ਵੀ ਨਾ ਬੋਲਿਆ। ਅਜਿਹੇ ਹਾਲਾਤ ਕਾਰਨ, ਚੋਣ ਨਤੀਜਾ ਉਹੀ ਨਿਕਲਿਆ ਜਿਸਦਾ ਅੰਦੇਸ਼ਾ ਸੀ - ਮਨਜਿੰਦਰ ਸਿੰਘ ਸਿਰਸਾ ਨੂੰ ਕਾਂਗਰਸੀ ਉਮੀਦਵਾਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

ਅਕਾਲੀਆਂ ਨੂੰ ਮਿਲੀਆਂ ਬਾਕੀ ਦੋ ਸੀਟਾਂ ਯਾਨੀ ਆਦਰਸ਼ ਨਗਰ ਤੇ ਗਾਂਧੀ ਨਗਰ ਦੇ ਉਮੀਦਵਾਰਾਂ ਨੂੰ ਜਿੱਤ ਤਾਂ ਹੀ ਪ੍ਰਾਪਤ ਹੋ ਸਕਦੀ ਸੀ ਜੇਕਰ ਇਨ੍ਹਾਂ ਖੇਤਰਾਂ ਦੇ ਬੀਜੇਪੀ ਵਰਕਰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਇਨ੍ਹਾਂ ਉਮੀਦਵਾਰਾਂ ਨੂੰ ਜਿਤਾਉਣ ਲਈ ਕਾਰਜਸ਼ੀਲ ਹੁੰਦੇ। ਪਰ ਸੰਘ ਪਰਵਾਰ ਦੀ ਵਿਚਾਰਧਾਰਾ ’ਤੇ ਅਮਲ ਕਰਦਿਆਂ, ਇਨ੍ਹਾਂ ਖੇਤਰਾਂ ਦੇ ਬੀਜੇਪੀ/ਸੰਘ ਆਗੂ ਅਕਾਲੀ ਉਮੀਦਵਾਰਾਂ ਦੇ ਨਾਲ-ਨਾਲ ਫਿਰਦੇ ਤਾਂ ਰਹੇ, ਪਰ ਅੰਦਰਖਾਤੇ ਉਨ੍ਹਾਂ ਨੇ ਸਿੱਖੀ ਸਰੂਪ ਵਾਲੇ ਉਮੀਦਵਾਰਾਂ ਨੂੰ ਹਰਾਉਣ ਦਾ ਪੂਰਾ ਮਨ ਬਣਾਇਆ ਹੋਇਆ ਸੀ। ਇਸਲਈ ਜ਼ਾਹਿਰੀ ਤੌਰ ’ਤੇ ਅਕਾਲੀਆਂ ਦਾ ਸਮਰਥਨ ਕਰਨ ਦੇ ਬਾਵਜੂਦ ਬੀਜੇਪੀ ਸਮਰਥਕਾਂ ਨੇ ਵੀ ਕਾਂਗਰਸੀਆਂ ਨੂੰ ਵੋਟਾਂ ਪਾ ਕੇ ਅਕਾਲੀ ਕੋਟੇ ਦੇ ਉਮੀਦਵਾਰਾਂ ਨੂੰ ਧੂੜ ਚਟਾ ਦਿੱਤੀ।

ਜਿਵੇਂ ਕਿ ਪਹਿਲਾਂ ਵੀ ਕਿਹਾ ਗਿਆ ਹੈ, ਰਜੌਰੀ ਗਾਰਡਨ ਦੀ ਸੀਟ ਹੀ ਅਕਾਲੀਆਂ ਲਈ ਅਸਲ ਵਿੱਚ ਇਕ-ਮਾਤਰ ਆਸ ਸੀ। ਪਰ ਇਸ ਖੇਤਰ ਦੇ ਉਮੀਦਵਾਰ ਅਵਤਾਰ ਸਿੰਘ ਹਿੱਤ ਆਪਣੀਆਂ ਅਤੇ ਪਾਰਟੀ ਹਾਈ-ਕਮਾਨ ਦੀਆਂ ਗਲਤੀਆਂ ਕਾਰਨ ਬਹੁਤ ਥੋੜੇ ਜਿਹੇ ਅੰਤਰ (47 ਵੋਟਾਂ) ਤੋਂ ਚੋਣਾਂ ਹਾਰ ਗਏ। ਸ੍ਰੀ ਹਿੱਤ ਦੀ ਸਭ ਤੋਂ ਵੱਡੀ ਗਲਤੀ ਇਹ ਸੀ ਕਿ ਉਨ੍ਹਾਂ ਨੇ ਆਪਣੇ ਚੋਣ-ਪ੍ਰਚਾਰ ਦੀ ਸਾਰੀ ਕਮਾਨ ਬੀਜੇਪੀ/ਸੰਘ ਕਾਰਕੁੰਨਾਂ ਨੂੰ ਹੀ ਸੌਂਪੀ ਰੱਖੀ। ਗੰਗੂਵਾਦੀ ਮਾਨਸਿਕਤਾ ਨਾਲ ਓਤ-ਪ੍ਰੋਤ ਇਹ ਕਾਰਕੁੰਨ ਸ੍ਰੀ ਹਿੱਤ ਨੂੰ ‘‘ਅਸੀਂ ਚੋਣ ਜਿੱਤੇ ਹੀ ਹੋਏ ਹਾਂ। ਤੁਸੀਂ ਇਵੇਂ ਫਿਕਰ ਨਾ ਕਰੋ’’ ਦੇ ਲਾਰੇ ਲਾ ਕੇ ਨਾ ਸਿਰਫ਼ ਉਨ੍ਹਾਂ ਦੇ ਚੋਣ ਪ੍ਰਚਾਰ ਨੂੰ ਦਿਸ਼ਾਹੀਨ ਕਰਦੇ ਰਹੇ ਬਲਕਿ ਕਈ ਥਾਵਾਂ ’ਤੇ ਸ੍ਰੀ ਹਿੱਤ ਦੇ ਪੱਖ ਵਿੱਚ ਹੋਣ ਵਾਲੀਆਂ ਸੰਭਾਵਿਤ ਮੀਟਿੰਗਾਂ ਵੀ ਰੱਦ ਕਰਵਾ ਦਿੱਤੀਆਂ। ਜਦ ਬਾਦਲ ਦਲ ਦੇ ਸਿੱਖ ਕਾਰਕੁੰਨਾਂ ਸ੍ਰੀ ਹਿੱਤ ਨੂੰ ਸਿੱਖ ਵੋਟਰਾਂ ਨਾਲ ਮਿਲਣ ਦੀ ਸਲਾਹ ਦਿੰਦੇ, ਤਾਂ ਹਿੱਤ ਵੱਲੋਂ ਕਥਿਤ ਤੌਰ ’ਤੇ ਇਸ ਮਾਮਲੇ ਵਿੱਚ ਟਾਲ-ਮਟੋਲ ਕਰ ਦਿੱਤੀ ਜਾਂਦੀ। ਕਿਹਾ ਜਾਂਦਾ ਹੈ ਕਿ ਸ੍ਰੀ ਹਿੱਤ ਦਾ ਵਿਚਾਰ ਸੀ ਕਿ ਸਿੱਖਾਂ ਦੀਆਂ ਵੋਟਾਂ ਤਾਂ ਗੁਰਦੁਆਰਿਆਂ ਦੇ ਪ੍ਰਧਾਨਾਂ ਰਾਹੀਂ ਯਕੀਨੀ ਤੌਰ ’ਤੇ ਮਿਲ ਹੀ ਜਾਣਗੀਆਂ। ਇਸੇ ਤਰ੍ਹਾਂ, ਬਾਦਲ ਪਰਵਾਰ ਦੇ ਨਿਰਦੇਸ਼ਾਂ ’ਤੇ ਪੰਜਾਬੀ ਦੇ ਮੰਤਰੀਆਂ, ਵਿਧਾਇਕਾਂ, ਉਨ੍ਹਾਂ ਦੇ ਚੇਲੇ-ਚਪਾਟਿਆਂ ਅਤੇ ਭਾਰੀ ਗਿਣਤੀ ਵਿੱਚ ਪੰਜਾਬ ਪੁਲਿਸ ਦੇ ਹਥਿਆਰਬੰਦ ਮੁਲਾਜ਼ਮਾਂ ਦੇ ਇਸ ਖੇਤਰ ਵਿੱਚ ਪਹੁੰਚ ਜਾਣ ਨਾਲ ਆਮ ਲੋਕਾਂ, ਖ਼ਾਸਕਰ ਗੈਰ-ਸਿੱਖਾਂ (ਜ਼ਿਆਦਾ ਸਟੀਕ ਕਹਿਣਾ ਹੋਵੇ ਤਾਂ ਬ੍ਰਾਹਮਣਵਾਦੀਆਂ) ਵਿੱਚ ਖੌਫ ਦਾ ਵਾਤਾਵਰਨ ਹੀ ਪੈਦਾ ਹੋਇਆ। ਅਜਿਹੇ ਮਾਹੌਲ ਕਾਰਨ ਸ੍ਰੀ ਹਿੱਤ ਨੂੰ ਜ਼ਿਆਦਾ ਵੋਟਾਂ ਤਾਂ ਕੀ ਪੈਣੀਆਂ ਸਨ, ਸੰਭਾਵੀ ਤੌਰ ’ਤੇ ਪੈ ਸਕਣ ਵਾਲੀਆਂ ਵੋਟਾਂ ਵਿੱਚ ਵੀ ਕਮੀ ਆ ਗਈ ਅਤੇ ਅੰਤਮ ਨਤੀਜਾ ਵੀ ਸ੍ਰੀ ਹਿੱਤ ਦੇ ਖਿਲਾਫ਼ ਹੀ ਭੁਗਤਿਆ।

ਇਸ ਤਰ੍ਹਾਂ ਅਕਾਲੀ ਦਲ (ਜਾਂ ਪੰਜਾਬੀ ਪਾਰਟੀ) ਵਾਲੇ ਧੜੇ ਦੀ ਤਾਂ ਕਰਾਰੀ ਹਾਰ ਹੋ ਹੀ ਗਈ। ਪਰ ਦੂਜੇ ਧੜੇ, ਯਾਨੀ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਨਾ ਸਿਰਫ਼ ਆਪਣੀ ਪਾਰਟੀ ਵੱਲੋਂ ਸਮਰਥਨ ਦੇਣ ਦਾ ਐਲਾਨ ਕੀਤਾ ਬਲਕਿ ਪ੍ਰੈਸ ਕਾਨਫਰੰਸਾਂ ਕਰਕੇ ਅਤੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਦਿੱਲੀ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਹੀ ਵੋਟਾਂ ਦੇਣ। ਸਿੱਖੀ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਇਕ ਧਾਰਮਕ ਸੰਸਥਾ ਦੇ ਮੁਖੀ ਹੋਣ ਦੇ ਨਾਤੇ ਸ੍ਰੀ ਸਰਨਾ ਨੂੰ ਦਿੱਲੀ ਦੇ ਸਮੂਹ ਸਿੱਖਾਂ ਨੂੰ ਸਿਆਸਤ ਦੇ ਅਖਾੜੇ ਵਿੱਚ ਧੱਕ ਦੇਣ ਤੋਂ ਪਰਹੇਜ਼ ਕਰਨਾ ਚਾਹੀਦਾ ਸੀ। ਕਿਉਂਕਿ ਗੁਰਦੁਆਰਾ ਕਮੇਟੀ ਕਿਸੇ ਖ਼ਾਸ ਪਾਰਟੀ ਦਾ ਸਮਰਥਨ ਕਰਨ ਵਾਲੇ ਸਿੱਖਾਂ ਦੀ ਨਹੀਂ ਬਲਕਿ ਦਿੱਲੀ ਦੇ ਸਾਰੇ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ। ਫਿਰ, ਕਾਂਗਰਸ ਪਾਰਟੀ ਵੱਲੋ ਨਵੰਬਰ 84 ’ਚ ਦਿੱਲੀ ’ਚ ਕਰਵਾਏ ਗਏ ਸਿੱਖਾਂ ਦੇ

ਕਤਲੇਆਮ ਦਾ ਜਖ਼ਮ ਅੱਜ ਵੀ ਸੁੱਕਿਆ ਪ੍ਰਤੀਤ ਨਹੀਂ ਹੁੰਦਾ ਤੇ ਇਸ ਕਤਲੇਆਮ ਦੇ ਪੀੜ੍ਹਤ ਅੱਜ ਵੀ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਅਜਿਹੇ ਵਿੱਚ, ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀਆਂ ਇਮਾਨਦਾਰ ਕੋਸ਼ਿਸ਼ਾਂ ਕਰਨ ਦੇ ਉਲਟ, ਇਸ ਦੁਖਾਂਤ ਦੀ ਜ਼ਿੰਮੇਵਾਰ ਪਾਰਟੀ ਨੂੰ ਆਨੇ-ਬਹਾਨੇ ਸਮਰਥਨ ਦੇਣ ਦੀ ਨੀਤੀ ਨੇ ਦਿੱਲੀ ਕਮੇਟੀ ਜਿਹੀ ਸੰਸਥਾ ਦੀ ‘ਧਾਰਮਕਤਾ’ ਤੇ ਹੀ ਸਵਾਲੀਆ ਨਿਸ਼ਾਨ ਲਗਾ ਦਿੱਤਾ।

ਸ੍ਰੀ ਸਰਨਾ ਦਾ ਇਹ ਬਿਆਨ ਵੀ ਤੱਥਾਂ ਤੋਂ ਉਲਟ ਪ੍ਰਤੀਤ ਹੁੰਦਾ ਕਿ ਬਾਦਲ ਪਾਰਟੀ ਦੇ ਉਮੀਦਵਾਰ ‘ਭੀਖਮੰਗਿਆਂ’ ਵਾਂਗ ਲੋਕਾਂ ਤੋਂ ਵੋਟਾਂ ਮੰਗਦੇ ਰਹੇ ਪਰ ਦਿੱਲੀ ਦੇ ਸਿੱਖਾਂ ਨੇ ਉਨ੍ਹਾਂ ਦਾ ਸਮਰਥਨ ਨਹੀਂ ਕੀਤਾ ਜਦਕਿ ਕਾਂਗਰਸ ਪਾਰਟੀ ਤੋਂ 5 ਸਿੱਖ ਉਮੀਦਵਾਰ ਜੇਤੂ ਰਹੇ। ਇਹ ਠੀਕ ਹੈ ਕਿ ਕਾਂਗਰਸ ਵੱਲੋਂ 5 ਸਿੱਖ ਉਮੀਦਵਾਰ ਵਿਧਾਇਕ ਬਣਨ ਵਿੱਚ ਸਫਲ ਰਹੇ ਹਨ, ਪਰ ਇਹ ਸਭ ਉਮੀਦਵਾਰ ਉਨ੍ਹਾਂ ਹੀ ਖੇਤਰਾਂ ਤੋਂ ਜੇਤੂ ਰਹੇ, ਜਿੱਥੇ ਸਿੱਖ ਵੋਟਰਾਂ ਦੀ ਕੋਈ ਖ਼ਾਸ ਗਿਣਤੀ ਨਹੀਂ ਸੀ। ਸਿੱਖ ਬਹੁਗਿਣਤੀ ਵਾਲੇ ਇਲਾਕਿਆਂ ਜਿਵੇਂ ਤਿਲਕ ਨਗਰ, ਹਰੀ ਨਗਰ, ਮੋਤੀ ਨਗਰ ਆਦਿ ਤੋਂ ਕਾਂਗਰਸ ਦਾ ਕੋਈ ਸਿੱਖ ਉਮੀਦਵਾਰ ਜਿੱਤ ਪ੍ਰਾਪਤ ਨਹੀਂ ਕਰ ਸਕਿਆ। ਅਜਿਹੇ ਵਿੱਚ, ਗੈਰ-ਸਿੱਖ ਵੋਟਰਾਂ ਦੀਆਂ ਵੋਟਾਂ ਪ੍ਰਾਪਤ ਕਰਕੇ ਵਿਧਾਇਕ ਬਣਨ ਵਾਲੇ ਉਮੀਦਵਾਰਾਂ ਨੂੰ ਸਿੱਖਾਂ ਦੇ ਪ੍ਰਤੀਨਿਧੀ ਨਹੀਂ ਮੰਨਿਆ ਜਾ ਸਕਦਾ।

ਜੋ ਵੀ ਹੋਏ, ਇਨ੍ਹਾਂ ਚੋਣਾਂ ਵਿੱਚ ਆਪਣੇ ਸਿਆਸੀ ਵਿਰੋਧੀ ਮਨਜਿੰਦਰ ਸਿੰਘ ਸਿਰਸਾ ਨੂੰ ਹਾਰ ਅਤੇ ਸ਼ੀਲਾ ਦਿਕਸ਼ਿਤ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਨੂੰ ਲਗਾਤਾਰ ਤੀਜੀ ਵਾਰ ਜਿੱਤ ਪ੍ਰਾਪਤ ਹੋਣ ਨਾਲ ਸਰਨਾ ਭਰਾਵਾਂ ਨੂੰ ਕਾਫੀ ਰਾਹਤ ਮਿਲੀ ਹੋਵੇਗੀ। ਆਖਿਰ ਹੁਣ ਦਿੱਲੀ ਗੁਰਦੁਆਰਾ ਕਮੇਟੀ ’ਤੇ ਅਗਲੇ ਕੁਝ ਸਾਲਾਂ ਲਈ ਉਨ੍ਹਾਂ ਦਾ ਕਬਜ਼ਾ ਨਿਸ਼ਚਿਤ ਜੋ ਹੋ ਗਿਆ ਹੈ।