Subscription About Us Contact Us


ਕਾਂਗਰਸੀਆਂ ਤੇ ਜਨਸੰਘੀਆਂ ਦੇ ਏਜੰਟਾਂ ਦੀ ਗ੍ਰਿਫ਼ਤ ਵਿੱਚ ਫਸੀ ਸਿੱਖ ਕੌਮ

- ਸਰਬਜੀਤ ਸਿੰਘ -

ਦਿੱਲੀ ਤੇ ਭਾਰਤ ਦੇ ਕਈ ਹੋਰ ਸੂਬਿਆਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਉਪਰੰਤ ਜਿੱਥੇ ਕਾਂਗਰਸ-ਪੱਖੀ ਸਿੱਖ ਆਗੂ ਇਨ੍ਹਾਂ ਚੋਣਾਂ ਦੇ ਨਤੀਜਿਆਂ ਨਾਲ ਖੁਸ਼ੀ ਮਹਿਸੂਸ ਕਰ ਰਹੇ ਹਨ, ਉੱਥੇ ਬੀਜੇਪੀ ਜਾਂ ਅਕਾਲੀ ਦਲ ਬਾਦਲ ਨਾਲ ਸਬੰਧਿਤ ਸਿੱਖ ਆਗੂਆਂ ਲਈ ਵੀ ਪਰੇਸ਼ਾਨ ਹੋਣ ਦਾ ਕੋਈ ਕਾਰਨ ਨਹੀਂ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਤਾਂ ਅਖ਼ਬਾਰਾਂ ਵਿੱਚ ਉਚੇਚੇ ਤੌਰ ’ਤੇ ਇਸ਼ਤਿਹਾਰ ਦੇ ਕੇ ਕਾਂਗਰਸ ਦੀ ਜਿੱਤ ਪ੍ਰਤੀ ਆਪਣੀ ਪਾਰਟੀ ਅਤੇ ਗੁਰਦੁਆਰਾ ਕਮੇਟੀ ਦੀ ਜਿੱਤ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਵਿੱਚ ਸ਼੍ਰੋਮਣੀ ਕਮੇਟੀ ’ਤੇ ਕਾਬਿਜ਼ ਅਕਾਲੀ ਦਲ ਬਾਦਲ ਵੱਲੋਂ ਵੀ ਅਕਸਰ ਗੁਰਦੁਆਰਿਆਂ ਦੇ ਸੰਸਾਧਨਾਂ ਦੀ ਵਰਤੋਂ ਆਪਣੇ ਜਾਂ ਬੀਜੇਪੀ ਦੇ ਪ੍ਰਚਾਰ ਵਾਸਤੇ ਕਰਨ ਦਾ ਦਸਤੂਰ ਵੀ ਕਾਫੀ ਪੁਰਾਣਾ ਹੈ।

ਪਰਮਜੀਤ ਸਿੰਘ ਸਰਨਾ                       ਸੁਖਬੀਰ ਸਿੰਘ ਬਾਦਲ

ਸਿੱਖਾਂ ਦੇ ਧਰਮ ਅਸਥਾਨਾਂ/ਸੰਸਥਾਵਾਂ ਦਾ ਪੂਰੀ ਤਰ੍ਹਾਂ ਸਿਆਸੀਕਰਨ ਹੋ ਜਾਣ ਅਤੇ ਇੱਥੇ ਅਰਧ-ਸਰਕਾਰੀ ਕਿਸਮ ਦੇ ਭ੍ਰਿਸ਼ਟ ਆਗੂਆਂ ਦੇ ਕਾਬਿਜ਼ ਹੋ ਜਾਣ ਕਾਰਨ ਭਾਵੇਂ ਆਮ ਸਿੱਖਾਂ ਨੂੰ, ਆਪਣੀ ਕੌਮ ਦੇ ਅਖੌਤੀ ਧਾਰਮਕ ਆਗੂਆਂ ਦੇ ਅਜਿਹੇ ਵਤੀਰੇ ਵਿੱਚ ਕੁਝ ਅਸੁਭਾਵਿਕ ਨਾ ਲਗਦਾ ਹੋਵੇ, ਪਰ ਸੰਜੀਦਗੀ ਨਾਲ ਇਸ ਵਰਤਾਰੇ ’ਤੇ ਵਿਚਾਰ ਕਰਨ ਨਾਲ ਸਿੱਖਾਂ ਦੇ ਭਵਿੱਖ ਨੂੰ ਦਰਪੇਸ਼ ਗੰਭੀਰ ਸੰਕਟ ਸਾਹਮਣੇ ਆਉਂਦੇ ਹਨ। ਕਾਂਗਰਸ ਹੀ ਉਹ ਪਾਰਟੀ ਸੀ, ਜਿਸਨੇ ਭਾਰਤ ਦੀ ਅਜ਼ਾਦੀ ਤੋਂ ਪਹਿਲਾਂ ਸਿੱਖ ਆਗੂਆਂ ਨਾਲ ਝੂਠੇ ਵਾਅਦੇ ਕਰਕੇ ਉਨ੍ਹਾਂ ਨੂੰ ਭਾਰਤ ਵਿੱਚ ਰਲਣ ਲਈ ਪ੍ਰੇਰਿਤ ਕੀਤਾ ਪਰ ‘ਅਜ਼ਾਦੀ’ ਉਪਰੰਤ ਦੇਸ਼ ਦੀ ਸੱਤਾ ਦਾ ਪ੍ਰਬੰਧ ਮਿਲਦਿਆਂ ਹੀ ਤੁਰੰਤ ਨਾ ਸਿਰਫ਼ ਸਿੱਖਾਂ ਨਾਲ ਕੀਤੇ ਵਾਅਦੇ ਤੋੜ ਦਿੱਤੇ ਬਲਕਿ ਉਨ੍ਹਾਂ ਨੂੰ ‘ਜਰਾਇਮ-ਪੇਸ਼ਾ ਕੌਮ’ ਦਾ ਖਿਤਾਬ ਵੀ ਦੇ ਦਿੱਤਾ। ਕਾਂਗਰਸ ਨੇ ਹੀ ਸਿੱਖਾਂ ਦੇ ਜਜ਼ਬਾਤਾਂ ਨਾਲ ਜੁੜੀ ਅਤੇ ਬਹੁਤ ਸਾਰੇ ਸਿੱਖਾਂ ਦੀ ਮਾਂ-ਬੋਲੀ ਪੰਜਾਬੀ ’ਤੇ ਅਧਾਰਿਤ ਸੂਬਾ ਬਣਾਉਣ ਵਿੱਚ ਬੇਤਹਾਸ਼ਾ ਅੜਚਨਾਂ ਪਾਈਆਂ। ਅਖੀਰ, ਜਦ ਸਿੱਖਾਂ ਦੇ ਪ੍ਰਬਲ ਰੋਹ ਕਾਰਨ ਜਦ ਪੰਜਾਬੀ ਸੂਬਾ ਬਣਾਉਣਾ ਹੀ ਪਿਆ ਤਾਂ ਇਸ ਵਿੱਚੋਂ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਬਾਹਰ ਰੱਖ ਲਏ ਗਏ ਅਤੇ ਇਸਦੀ ਰਾਜਧਾਨੀ ਚੰਡੀਗੜ੍ਹ ਦਾ ਪ੍ਰਬੰਧ ਵੀ ਕੇਂਦਰੀ ਪ੍ਰਸ਼ਾਸਨ ਨੂੰ ਸੌਂਪ ਦਿੱਤਾ ਗਿਆ। ਇਸੇ ਤਰ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਨੁਕਸਾਨ ਪਹੁੰਚਾਉਣ ਲਈ ਭਾਖੜਾ-ਨੰਗਲ ਡੈਮ ਦਾ ਪ੍ਰਬੰਧ ਵੀ ਕੇਂਦਰੀ ਪ੍ਰਸ਼ਾਸਨ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਤੇ ਪੰਜਾਬ ਦਾ ਕਾਫੀ ਸਾਰਾ ਪਾਣੀ ਮੁਫਤੋ-ਮੁਫਤੀ ਰਾਜਸਥਾਨ ਤੇ ਹਰਿਆਣਾ ਨੂੰ ਵੰਡਿਆ ਜਾਣ ਲੱਗਾ। ਇਹੀ ਨਹੀਂ, ਪੰਜਾਬ ਦੇ ਬਚੇ-ਖੁਚੇ ਦਰਿਆਈ ਪਾਣੀ ਨੂੰ ਵੀ ਹਰਿਆਣਾ ਨੂੰ ਦੇਣ ਲਈ ਸਤਲੁਜ-ਯਮੁਨਾ ਲਿੰਕ ਨਹਿਰ ਉਸਾਰੇ ਜਾਣ ਦੀਆਂ ਨਾਪਾਕ ਕੋਸ਼ਿਸ਼ਾਂ ਕੀਤੀਆਂ ਗਈਆਂ।

ਪੰਜਾਬ ਨਾਲ ਲਗਾਤਾਰ ਹੋ ਰਹੀ ਇਸ ਧੱਕੇਸ਼ਾਹੀ ਕਾਰਨ ਲੋਕਾਂ ਅੰਦਰ ਉਪਜੀ ਬੇਚੈਨੀ ਨੂੰ ਫਿਰ ਕੁਝ ਕਾਂਗਰਸੀ ਏਜੰਟਾਂ ਰਾਹੀਂ ਹਵਾ ਦਿੱਤੀ ਗਈ, ਜਿਨ੍ਹਾਂ ਨੇ ਨੌਜੁਆਨਾਂ ਨੂੰ ਗੁੰਮਰਾਹ ਕਰਕੇ ਸਰਕਾਰ ਨਾਲ ਹਥਿਆਰਬੰਦ ਟਕਰਾਅ ਲਈ ਉਕਸਾਇਆ। ਇਨ੍ਹਾਂ ਜਜ਼ਬਾਤੀ ਨੌਜੁਆਨਾਂ ਅਤੇ ਫਿਰ ਉਨ੍ਹਾਂ ਦੇ ਬਹਾਨੇ ਪੰਜਾਬ ਵਿੱਚ ਲੱਖਾਂ ਹੋਰ ਸਿੱਖ ਨੌਜੁਆਨਾਂ ਦੀ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਕੀਤੀ ਗਈ ਨਸਲਕੁਸ਼ੀ ਲਈ ਵੀ ਕਾਂਗਰਸ ਸਰਕਾਰ ਹੀ ਜ਼ਿੰਮੇਵਾਰ ਸੀ। ਜੂਨ 1984 ਵਿੱਚ ਦਰਬਾਰ ਸਾਹਿਬ ਕੰਪਲੈਕਸ ’ਤੇ ਫੌਜੀ ਹਮਲਾ ਕਰਵਾ ਕੇ ਗੁਰਦੁਆਰਾ ਕੰਪਲੈਕਸ ਦੀ ਭਾਰੀ ਬੇਅਦਬੀ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਦੀ ਕਾਰਵਾਈ ਵੀ ਕਾਂਗਰਸ ਸਰਕਾਰ ਦੀ ਦੇਖ-ਰੇਖ ਅਧੀਨ ਹੀ ਹੋਈ ਸੀ। 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਉਪਰੰਤ ਦੇਸ਼ ਦੀ ਰਾਜਧਾਨੀ ਅਤੇ ਕਈ ਹੋਰ ਸ਼ਹਿਰਾਂ ਵਿੱਚ ਹਜ਼ਾਰਾਂ ਸਿੱਖਾਂ ਦੇ ਦਿਨ-ਦਹਾੜੇ ਕੀਤੇ ਗਏ ਕਤਲੇਆਮ ਅਤੇ ਸਿੱਖਾਂ ਦੀਆਂ ਧੀਆਂਭੈਣਾਂ ਦੀ ਬੇਪਤੀ ਵਾਲਾ ਵੀ ਕਾਂਗਰਸੀ ਪਿੱਠੂਆਂ ਦੀ ਹੀ ਕਰਤੂਤ ਸੀ। ਹੁਣ ਵੀ ਇਸ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਅਮੋਦ ਕੰਠ ਵਰਗੇ ਰਿਟਾਇਰਡ ਪੁਲਿਸ ਅਧਿਕਾਰੀ (ਜਿਸਨੇ 84 ਕਤਲੇਆਮ ਦੌਰਾਨ ਆਪਣਾ ਬਚਾਅ ਕਰਨ ਵਾਲੇ ਸਿੱਖ ਫੌਜੀ ਅਧਿਕਾਰੀ ਨੂੰ ਵੀ ਅੱਤਵਾਦੀ ਦਰਸਾ ਦਿੱਤਾ ਸੀ) ਅਤੇ ਲੋਕ ਸਭਾ ਚੋਣਾਂ ਦੌਰਾਨ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਵਰਗੇ ਕਤਲੇਆਮ ਦੇ ਮੁੱਖ ਆਰੋਪੀਆਂ ਨੂੰ ਟਿਕਟਾਂ ਦੇਣਾ, ਇਸ ਪਾਰਟੀ ਦੀ ਸਿੱਖ-ਵਿਰੋਧੀ ਮਾਨਸਿਕਤਾ ਦਾ ਹੀ ਪ੍ਰਗਟਾਵਾ ਹੈ।

ਦੂਜੇ ਪਾਸੇ, ਜਨਸੰਘ ਉਰਫ਼ ਬੀਜੇਪੀ ਦੀ ਹਾਲਤ ਵੀ ਕੋਈ ਵੱਖਰੀ ਨਹੀਂ। ਘੱਟ-ਗਿਣਤੀਆਂ ਦੀ ਹੋਂਦ ਤੋਂ ਹੀ ਪਰੇਸ਼ਾਨ ਰਹਿਣ ਵਾਲੀ, ਲਾਲਿਆਂ ਦੀ ਕਹੀ ਜਾਂਦੀ ਇਸ ਪਾਰਟੀ ਨੇ ਪੰਜਾਬੀ ਸੂਬੇ ਦੀ ਮੰਗ ਦੌਰਾਨ ਪੰਜਾਬ ਦੇ ਹਿੰਦੂਆਂ ਨੂੰ ਆਪਣੀ ਮਾਤ-ਭਾਸ਼ਾ ਹਿੰਦੀ ਲਿਖਵਾਉਣ ਲਈ ਸਫਲਤਾ ਨਾਲ ਭੜਕਾਇਆ। ਪੰਜਾਬ ਦੇ ਸਿੱਖਾਂ ਵੱਲੋਂ ਕੇਂਦਰੀ ਸਰਕਾਰ ਦੀ ਧੱਕੇਸ਼ਾਹੀ ਦਾ ਵਿਰੋਧ ਕਰਨ ’ਤੇ ਇਸੇ ਪਾਰਟੀ ਦੇ ਆਗੂਆਂ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਲਗਾਏ ਗਏ ਦਰਬਾਰ ਸਾਹਿਬ ਦੇ ਮਾਡਲ ਭੰਨ ਦਿੱਤਾ ਅਤੇ ਉੱਥੇ ਲੱਗੀ ਗੁਰੂ ਰਾਮਦਾਸ ਜੀ ਦੀ ਤਸਵੀਰ ਦੇ ਮੂੰਹ ਵਿੱਚ ਸਿਗਰਟ ਪਾ ਕੇ ਆਪਣੀ ਅਤਿ ਦਰਜੇ ਦੀ ਫਿਰਕੂ ਤੇ ਜ਼ਹਿਰੀਲੀ ਸੋਚ ਦਾ ਪ੍ਰਗਟਾਵਾ ਕੀਤਾ। ਇਸੇ ਪਾਰਟੀ ਦੇ ਆਗੂਆਂ ਨੇ ਇੰਦਰਾ ਗਾਂਧੀ ਨੂੰ ਦਰਬਾਰ ਸਾਹਿਬ ’ਤੇ ਫੌਜੀ ਹਮਲਾ ਕਰਨ ਲਈ ਉਕਸਾਇਆ (ਇਹ ਤੱਥ ਬੀਜੇਪੀ ਆਗੂ ਐਲ.ਕੇ. ਅਡਵਾਨੀ ਨੇ ਖ਼ੁਦ ਆਪਣੀ ਆਤਮਕਥਾ ਵਿੱਚ ਕਬੂਲਿਆ ਹੈ)। ਇਸੇ ਪਾਰਟੀ ’ਤੇ ਸਨ 2001 ਵਿੱਚ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਬਿਲ ਕਲਿੰਟਨ ਦੀ ਭਾਰਤ ਫੇਰੀ ਵੇਲੇ ਕਸ਼ਮੀਰ ਦੇ ਛੱਤੀਸਿੰਘਪੁਰਾ ਪਿੰਡ ਵਿੱਚ ਦਰਜਨਾਂ ਸਿੱਖਾਂ ਦੇ ਕਤਲੇਆਮ ਕਰਵਾਉਣ ਦਾ ਆਰੋਪ ਲਗਦਾ ਹੈ। ਇਸੇ ਪਾਰਟੀ ਦੀ ‘ਥਿੰਕ-ਟੈਂਕ’ ਯਾਨੀ ਆਰ.ਐਸ.ਐਸ. ਵੱਲੋਂ ਆਪਣੇ ਸਹਿਯੋਗੀ ਸੰਗਠਨਾਂ ਜਿਵੇਂ ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ ਆਦਿ ਦੀ ਮਦਦ ਨਾਲ ਸਿੱਖ ਇਤਿਹਾਸ ਤੇ ਸਿਧਾਂਤਾਂ ਵਿੱਚ ਮਿਲਾਵਟ ਕਰਕੇ ਸਿੱਖਾਂ ਦਾ ਹਿੰਦੂਕਰਨ ਦੀ ਮੁਹਿੰਮ ਅੱਜ ਵੀ ਬਦਸਤੂਰ ਜਾਰੀ ਹੈ। ਰਹੀ-ਸਹੀ ਕਸਰ ਅਕਾਲੀ ਦਲ ਬਾਦਲ ਨੇ ਪੂਰੀ ਕਰ ਦਿੱਤੀ ਹੈ, ਜਿਸਨੇ ਅਜਿਹੀ ਸਿੱਖ ਵਿਰੋਧੀ ਪਾਰਟੀ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਹੋਇਆ ਹੈ।

ਸੋ ਸਪਸ਼ਟ ਹੈ ਕਿ ਕਾਂਗਰਸ ਜਾਂ ਬੀਜੇਪੀ ਵਿੱਚੋਂ ਕੋਈ ਵੀ ਪਾਰਟੀ ਸਿੱਖਾਂ ਦੀ ਹਿਤੂ ਨਹੀਂ ਹੈ। ਇਸਲਈ ਸਿੱਖ ਕੌਮ ਲਈ ਆਪਣੀ ਹੋਂਦ ਕਾਇਮ ਰੱਖਣ ਲਈ ਇਨ੍ਹਾਂ ਦੋਹਾਂ ਪਾਰਟੀਆਂ ਤੋਂ ਪਿੱਛਾ ਛੁਡਾਉਣਾ ਜਰੂਰੀ ਹੈ। ਇਸ ਮਕਸਦ ਦੀ ਪ੍ਰਾਪਤੀ ਲਈ ਸਿੱਖਾਂ ਨੂੰ ਪਹਿਲਾਂ ਪਰਮਜੀਤ ਸਿੰਘ ਸਰਨਾ ਵਰਗੇ ਕਾਂਗਰਸੀ ਅਤੇ ਬਾਦਲ ਪਰਵਾਰ (ਤੇ ਅੱਗੋਂ ਮੱਕੜ ਜਿਹੇ ਉਨ੍ਹਾਂ ਦੇ ਚਾਪਲੂਸਾਂ) ਵਰਗੇ ਜਨਸੰਘੀ ਏਜੰਟਾਂ ਤੋਂ ਆਪਣੇ ਧਾਰਮਕ ਅਸਥਾਨਾਂ ਨੂੰ ਮੁਕਤ ਕਰਵਾਉਣਾ ਪਏਗਾ। ਨਹੀਂ ਤਾਂ ਜਿਵੇਂ ਪੰਜਾਬ ਵਿੱਚ ਸਿੱਖੀ ਦਾ ਜ਼ਾਹਿਰੀ ਅਤੇ ਬੌਧਿਕ ਖ਼ਾਤਮਾ ਕਰ ਦਿੱਤਾ ਗਿਆ ਹੈ ਅਤੇ ਸਿੱਖਾਂ ਦੇ ਚੰਗੇ ਭਵਿੱਖ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ, ਉਹੀ ਵਰਤਾਰਾ ਹਰ ਥਾਂ ਦੁਹਰਾਇਆ ਜਾਏਗਾ। ਪਰ ਬ੍ਰਾਹਮਣਵੀਆਂ ਤੇ ਉਨ੍ਹਾਂ ਦੇ ਕਠਪੁਤਲੀ ਪੁਜਾਰੀਆਂ ਦੀਆਂ ਚਾਲਾਂ ਕਾਰਨ ਤਕਰੀਬਨ ਕੇਸਾਧਾਰੀ ਹਿੰਦੂ ਬਣ ਚੁੱਕੇ ਸਿੱਖ, ਕੀ ਇਸ ਚੁਣੌਤੀ ਦਾ ਟਾਕਰਾ ਕਰਨ ਲਈ ਕੋਈ ਸਾਰਥਕ ਕਦਮ ਚੁੱਕ ਸਕਣਗੇ?