

ਹਿੰਦੂ ਸਾਧਵੀ ਅਤੇ ਫੌਜੀ ਅਫਸਰ ਦੀ ਗ੍ਰਿਫ਼ਤਾਰੀ ਕਾਰਨ ਭਾਜਪਾ ਦੀ ਹਾਲਤ ਸੱਪ ਦੇ ਮੂੰਹ ਵਿੱਚ ਕੋਹੜ-ਕਿਰਲੀ ਵਾਲੀ ਬਣੀ
- ਵਿੱਦਿਆ ਸੁਬਰਾਮਨੀਅਮ -
ਦਿੱਲੀ ਵਿੱਚ ਕੁਝ ਹਫਤੇ ਪਹਿਲਾਂ ਕੀਤੀ ਇੱਕ ਪ੍ਰੈਸ ਕਾਨਫਰੰਸ ਵਿੱਚ ਭਾਰਤੀ ਜਨਤਾ ਪਾਰਟੀ ਦੇ
ਖੁਸ਼ਮਿਜਾਜ ਬੁਲਾਰੇ ਰਵੀ ਸ਼ੰਕਰ ਪ੍ਰਸਾਦ ਕੁਝ ਉਖੜੇ-ਉਖੜੇ ਜਾਪਦੇ ਸਨ। ਜੇ ਇਹ ਗੱਲ ਉਨ੍ਹਾਂ ਬਾਰੇ
ਅਸਧਾਰਨ ਸੀ ਤਾਂ ਬਹਿਸ ਅਧੀਨ ਮੁੱਦਾ ਵੀ ਇਹੋ ਜਿਹਾ ਹੀ ਸੀ ਅਤੇ ਇਹ ਮੁੱਦਾ ਸੀ ਹਿੰਦੁਤਵ ਦੇ ਦਹਿਸ਼ਤ
ਨਾਲ ਸੰਬੰਧ। ਟੀ.ਵੀ. ਚੈਨਲਾਂ ਦੀਆਂ ਅਣਗਿਣਤ ਬਹਿਸਾਂ ਵਿੱਚ ਹੰਢੇ ਹੋਏ ਸ੍ਰੀ ਪ੍ਰਸਾਦ ਮੋੜਵੇਂ
ਹਮਲਿਆਂ ਅਤੇ ਪ੍ਰਤੀ-ਉੱਤਰਾਂ ਦੀ ਕਲਾ ਦੇ ਤਕੜੇ ਮਾਹਰ ਹਨ। ਪਰ ਪਤਾ ਨਹੀਂ ਇਥੇ ਕੀ ਹੋਇਆ ਕਿ ਉਹ
ਕੁਝ ਉਖੜੇ-ਉਖੜੇ ਅਤੇ ਥਿੜਕੇ ਹੋਏ ਦਿਖਾਈ ਦਿੰਦੇ ਸਨ ਅਤੇ ਉਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਦੇ ਪਾ
ਰਹੇ ਸਨ, ਜਿਹੜੇ ਹਿੰਦੁਤਵ ਦੇ ਮੁੱਠੀ-ਭਰ ਪੈਰੋਕਾਰਾਂ ਦੇ ਮਾਲੇਗਾਓਂ ਅਤੇ ਕੁਝ ਹੋਰ ਦੂਜੀਆਂ ਥਾਵਾਂ
’ਤੇ ਹੋਏ ਦਹਿਸ਼ਤੀ ਹਮਲਿਆਂ ਨਾਲ ਸੰਬੰਧਤ ਸਨ।
ਪ੍ਰਸ਼ਨ-ਕਰਤਾ ਪੁੱਛ ਰਹੇ ਸਨ, ‘‘ਭਾਜਪਾ ਦੇ ਇਸ ਪੈਂਤੜੇ ਦਾ ਕੀ ਬਣਿਆ ਕਿ ਦਹਿਸ਼ਤਗਰਦੀ ਬਾਰੇ ਕੋਈ ਨਰਮੀ ਨਹੀਂ ਦਿਖਾਈ ਜਾ ਸਕਦੀ।’’ ਪ੍ਰਸ਼ਨ-ਕਰਤਾ ਕਹਿ ਰਹੇ ਸਨ ਕਿ ਭਾਜਪਾ ਤਾਂ ਕਦੇ ਵੀ ਕਿਸੇ ਦਹਿਸ਼ਤ ਦੇ ਸ਼ੱਕੀ ਮੁਸਲਮਾਨ ਨੂੰ ਦਹਿਸ਼ਤਗਰਦ ਗਰਦਾਨਣ ਤੋਂ ਝਿਜਕਦੀ ਨਹੀਂ ਸੀ ਅਤੇ ਹਮੇਸ਼ਾ ਇਹ ਮੁਹਿੰਮ ਚਲਾਉਂਦੀ ਆ ਰਹੀ ਸੀ ਕਿ ਪੋਟਾ ਵਰਗਾ ਸਖ਼ਤ ਕਾਨੂੰਨ ਬਹਾਲ ਕੀਤਾ ਜਾਵੇ, ਜਿਸ ਅਧੀਨ ਇਹ ਜ਼ਿੰਮੇਵਾਰੀ ਆਰੋਪੀ ਦੀ ਹੀ ਹੁੰਦੀ ਹੈ ਕਿ ਉਹ ਆਪਣੇ ਆਪ ਨੂੰ ਬੇਕਸੂਰ ਸਾਬਿਤ ਕਰੇ। ਇਸਦੇ ਬਾਵਜੂਦ, ਹੁਣ ਭਾਜਪਾ ਸੰਘ ਪਰਵਾਰ ਨਾਲ ਸਬੰਧਤ ਫੜੇ ਗਏ ਦਹਿਸ਼ਤਗਰਦਾਂ ਬਾਰੇ ਇਹ ਕਹਿ ਰਹੀ ਹੈ ਕਿ ਜਦੋਂ ਤੱਕ ਜੁਰਮ ਸਾਬਿਤ ਨਹੀਂ ਹੁੰਦਾ, ਉਹ ਬੇਗੁਨਾਹ ਸਮਝੇ ਜਾਣੇ ਚਾਹੀਦੇ ਹਨ। ਭਲਾ ਕਿਉਂ? ਪਾਰਟੀ ਹਮੇਸ਼ਾ ਕਹਿੰਦੀ ਆ ਰਹੀ ਸੀ ਕਿ ਦਹਿਸ਼ਤਗਰਦੀ ਬਾਰੇ ਪੜਤਾਲ-ਕਰਤਾਵਾਂ ਨੂੰ ਵੱਧ ਤੋਂ ਵੱਧ ਅਜ਼ਾਦੀ ਦਿੱਤੀ ਜਾਵੇ, ਤਾਂ ਜੋ ਉਹ ਕੋਈ ਦਬਾਅ ਮਹਿਸੂਸ ਨਾ ਕਰਨ। ਇਸਦੇ ਬਾਵਜੂਦ, ਹੁਣ ਉਹ ਪੁਲਿਸ ਵਧੀਕੀਆਂ ਦੀ ਗਿਲਾ ਕਰ ਰਹੀ ਹੈ। ਆਖਿਰ ਕਿਉਂ?
ਅਜਿਹਾ ਓਦੋਂ ਵਾਪਰਿਆ, ਜਦੋਂ ਹਿੰਦੁਤਵ ਦੇ ਕੁਝ ਸੂਰਮਿਆਂ ਦੇ ਹਾਲੇ ਦਹਿਸ਼ਤਗਰਦੀ ਨਾਲ ਸੰਬੰਧ ਨਵੇਂ-ਨਵੇਂ ਸਾਹਮਣੇ ਆਏ ਹੀ ਸਨ। ਜਿਉਂ ਹੀ ਮਹਾਰਾਸ਼ਟਰਰ ਦੇ ਦਹਿਸ਼ਤਗਰਦੀ-ਵਿਰੋਧੀ ਸਕੁਐਡ ਨੇ ਭਗਵੀ ਦਹਿਸ਼ਤ ਦਾ ਖੁਰਾ ਨੱਪਣਾ ਸ਼ੁਰੂ ਕੀਤਾ ਾਅਤੇ ਕੁਝ ਸਰਗਰਮ ਕਾਰਕੁੰਨਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਵਿੱਚ ਸਾਧਵੀ ਪ੍ਰਗਿਆ ਸਿੰਘ ਠਾਕੁਰ ਅਤੇ ਇਕ ਫੌਜੀ ਅਫਸਰ ਸ਼ਾਮਲ ਸਨ, ਤਾਂ ਭਾਜਪਾ ਨੂੰ ਭਾਜੜਾਂ ਪੈ ਗਈਆਂ। ਦਹਿਸ਼ਤਗਰਦੀ ਦੀ ਸਾਜਿਸ਼ ਵਿੱਚ ਆਏ ਇਸ ਅਚਨਚੇਤ ਮੋੜ ਨਾਲ ਨਜਿੱਠਣ ਲਈ ਕੋਈ ਪੈਂਤੜਾ ਨਾ ਸੁਝਣ ਕਾਰਨ ਪਾਰਟੀ ਹੁਣ ਧੱਕੇ-ਧੋੜੇ ਖਾਣ ਲੱਗੀ ਅਤੇ ਆਪਣੇ ਵੱਲੋਂ ਵਾਰ-ਵਾਰ ਦੁਹਰਾਈ ਗਈ ਇਸ ਦਲੀਲ ਨੂੰ ਵੀ ਭੁੱਲ ਗਈ, ‘‘ਕਾਨੂੰਨ ਨੂੰ ਆਪਣਾ ਰਾਹ ਇਖ਼ਤਿਆਰ ਕਰਨ ਦਿਉ।’’ ਅਤੇ ਤੁਰ ਗਈ ਕਿਸੇ ਵੀ ਦਹਿਸ਼ਤੀ ਸੰਬੰਧ ਤੋਂ ਇਨਕਾਰ ਕਰਨ ਦੇ ਰਾਹ ਉੱਤੇ ਅਤੇ ਮੰਗ ਕਰਨ ਲਈ ਪਈ ਆਰੋਪੀਆਂ ਨਾਲ ਇਨਸਾਫ ਅਧਾਰਤ ਸਲੂਕ ਕਰਨ ਦੀ। ਪਾਰਟੀ ਦੇ ਨੀਤੀ-ਘਾੜੇ ਪਰੇਸ਼ਾਨ ਸਨ ਕਿ ਉਨ੍ਹਾਂ ਦਾ ਦਹਿਸ਼ਤਵਾਦ ਬਾਰੇ ਮੁੱਦਾ ਹੀ ਖੁੱਸ ਗਿਆ ਹੈ ਅਤੇ ਉਹ ਹੈਰਾਨ ਸਨ ਕਿ ਨਵੇਂ ਭੇਦਾਂ ਦੇ ਖੁੱਲ੍ਹਣ ਦਾ ਚੋਣਾਵੀ ਖੇਤਰ ਉੱਤੇ ਕੀ ਪ੍ਰਭਾਵ ਪਏਗਾ।
ਭਾਜਪਾ ਆਰ.ਐਸ.ਐਸ. ਦੇ ਚਲੰਤ ਹਮਲੇ ਨੂੰ ਅੰਗਦਿਆਂ ਹੋਇਆਂ ਹੁਣ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ
ਰਹਿ ਗੲ ਜਾਪਦੀ। ਸਪਸ਼ਟ ਤੌਰ ਉੱਤੇ ਹਿੰਦੁਤਵੀ ਦਹਿਸ਼ਤੀ ਨੁਕਤਾ, ਜਿਹੜਾ ਕਿ ਪਹਿਲਾਂ ਸੰਘ ਪਰਵਾਰ ਨੂੰ
ਔਖਿਆਂ ਕਰਦਾ ਸੀ, ਹੁਣ ਫਿਰਕੂ ਵੰਡ ਨੂੰ ਵਧਾਉਣ ਦਾ ਇਕ ਮੌਕਾ ਬਣ ਗਿਆ ਹੈ। ਭਾਜਪਾ ਦੇ ਮੁਖੀ
ਰਾਜਨਾਥ ਸਿੰਘ, ਜਿਨ੍ਹਾਂ ਦੀ ਪ੍ਰਗਿਆ ਸਿੰਘ ਨਾਲ ਫੋਟੋ ਸਾਹਮਣੇ ਆਈ ਹੈ, ਪਹਿਲਾਂ ਇਹ ਦਾਅਵਾ ਕਰਦੇ
ਸਨ ਕਿ ਉਸ ਦੇ ਨਾਲ ਇਹ ਫੋਟੋ ਵਾਲੀ ਗੱਲ ਕਾਰਨ ਉਹ ਪਰੇਸ਼ਾਨ ਹਨ। ਪਰ ਅੱਜ ਉਹ ਸਾਧਵੀ ਅਤੇ ਦੂਜੇ
ਆਰੋਪੀ ਦਹਿਸ਼ਤਗਰਦਾਂ ਦਾ ਬਚਾਅ ਕਰਨ ਲਈ ਪੂਰਾ ਤਾਣ ਲਗਾ ਰਹੇ ਹਨ, ਜਿਹੜੇ ਕਿ ਦਹਿਸ਼ਤ-ਵਿਰੋਧੀ ਸਕੁਐਡ
ਦੀ ਜਕੜ ਵਿੱਚ ਆ ਚੁੱਕੇ ਹਨ ਅਤੇ ਇਸ ਸਬੰਧ ਵਿੱਚ ਉਹ ਇੱਥੋਂ ਤੱਕ ਚਲੇ ਗਏ ਹਨ ਕਿ ਉਨ੍ਹਾਂ ਦੀ
ਗ੍ਰਿਫ਼ਤਾਰੀ ਨੂੰ ‘ਇਕ ਬਹੁਤ ਵੱਡੀ ਸਾਜਿਸ਼’ ਕਹਿਣ ਲੱਗ ਪਏ ਹਨ ਅਤੇ ਆਪਣੀ ਪਾਰਟੀ ਵੱਲੋਂ ਉਨ੍ਹਾਂ ਦੀ
ਪੂਰੀ ਰੱਖਿਆ ਦੀ ਪੇਸ਼ਕਸ਼ ਕਰ ਰਹੇ ਹਨ।
ਇੰਞ ਹੀ, ਆਰ.ਐਸ.ਐਸ. ਦਾ ਮੁਢਲਾ ਸੰਕੋਚ ਵੀ ਹੁਣ ਹਮਲਾਵਰ ਤੇਵਰਾਂ ਵਿੱਚ ਬਦਲ ਗਿਆ ਹੈ, ਜਿਸ ਰਾਹੀਂ ਉਹ ਵੰਡਵਾਦੀ ਭਾਵਨਾਵਾਂ ਉਤੇਜਤ ਕਰਨ ਦੇ ਰਾਹ ਪੈ ਗਈ ਹੈ। ਪ੍ਰਗਿਆ ਸਿੰਘ ਅਤੇ ਦੂਜਿਆਂ ਦੀ ਫੜੋ-ਫੜੀ ਨੇ ਵਿਸ਼ਵ ਹਿੰਦੂ ਪਰਿਸ਼ਦ ਦੇ ਪ੍ਰਵੀਨ ਤੋਗੜੀਆ ਨੂੰ ਭੱਦੀਆਂ ਗਾਲ੍ਹਾਂ ਕੱਢਣ ਅਤੇ ਰੋਹ ਵਿੱਚ ਆਉਣ ਦੇ ਰਾਹ ਪਾ ਦਿੱਤਾ ਹੈ। ਏ.ਟੀ.ਐਸ. (ਦਹਿਸ਼ਤ-ਵਿਰੋਧੀ ਦਸਤਾ) ਅਤੇ ਯੂ.ਪੀ.ਏ. ਸਰਕਾਰ ਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀਆਂ ਧਮਕੀਆਂ ਦਿੰਦਿਆਂ ਹੋਇਆਂ ਉਸਨੇ ਫੁੰਕਾਰਾ ਮਾਰਦਿਆਂ ਕਿਹਾ, ‘‘ਉਹ ਇਕ ਸਾਧਵੀ ਨੂੰ ਦਹਿਸ਼ਤਗਰਦ ਗਰਦਾਨਣ ਦਾ ‘ਪਾਪ’ ਕਮਾ ਰਹੇ ਹਨ। ਇਸ ਵਿਰੁੱਧ ਮੈਂ ਇਕ ਸਿਆਸੀ ਵਾਰ ਕਰਨ ਦਾ ਵਾਅਦਾ ਕਰਦਾ ਹਾਂ।’’
ਇਕ ਇਕ ਖ਼ਤਰਨਾਕ ਬੋਲੀ ਹੈ। ਤੋਗੜੀਆ ਦੀਆਂ ਧਮਕੀਆਂ ਤਾਂ ਇਕ ਪਾਸੇ ਰਹੀਆਂ, ਰਾਜਨਾਥ ਸਿੰਘ ਤਾਂ ਸ਼ਰੇਆਮ ਕਹਿ ਰਹੇ ਹਨ ਕਿ ਉਹ ਪੁਲਿਸ ਨੂੰ ਇਕ ਗੰਭੀਰ ਦਹਿਸ਼ਤੀ ਮਾਮਲੇ ਵਿੱਚ ਕੰਮ ਕਰਨ ਦੀ ਆਗਿਆ ਨਹੀਂ ਦੇਣਗੇ। ਜੇ ਕਿਤੇ ਉਨ੍ਹਾਂ ਦੇ ਕਿਸੇ ਵਿਚਾਰਧਾਰਕ ਵਿਰੋਧੀ ਜਾਂ ਕਿਸੇ ਮੁਸਲਿਮ ਮੌਲਾਣੇ ਨੇ ਇਹੋ ਜਿਹੀ ਭਾਸ਼ਾ ਦੀ ਵਰਤੋਂ ਕੀਤੀ ਹੁੰਦੀ ਤਾਂ ਭਾਜਪਾ ਅਤੇ ਸੰਘ ਨੇ ਅਸਮਾਨ ਸਿਰ ’ਤੇ ਚੁੱਕ ਲੈਣਾ ਸੀ।
ਭਾਜਪਾ ਦੇ ਦੂਜੇ ਨੁਕਤੇ ਉੱਤੇ ਇਤਰਾਜ਼ ਨਹੀਂ ਕੀਤਾ ਜਾ ਸਕਦਾ ਕਿ ਗ੍ਰਿਫਤਾਰੀ ਠੋਸ ਸਬੂਤਾਂ ’ਤੇ ਅਧਾਰਿਤ ਹੋਣੀਆਂ ਚਾਹੀਦੀਆਂ ਹਨ, ਭਾਵੇਂ ਕਿ ਇਹ ਗੱਲ ਇਹ ਅਜਿਹੀ ਪਾਰਟੀ ਪਹਿਲੀ ਵਾਰ ਕਹਿ ਰਹੀ ਹੈ, ਜਿਸਨੇ ਪਹਿਲਾਂ ਕਦੇ ਸਬੂਤਾਂ ਨੂੰ ਮਹੱਤਵ ਨਹੀਂ ਦਿੱਤਾ ਸੀ। ‘‘ਕਾਂਗਰਸ ਨੂੰ ਇਹ ਗੱਲ ਜ਼ਰੂਰ ਮਹਿਸੂਸ ਕਰਨੀ ਚਾਹੀਦੀ ਹੈ ਕਿ ਦਹਿਸ਼ਤੀ ਤਫਤੀਸ਼ਾਂ ਦਾ ਹੱਲ ਪ੍ਰਾਪੇਗੰਡਾ ਰਾਹੀਂ ਨਹੀਂ, ਸਗੋਂ ਠੋਸ ਸਬੂਤਾਂ ਅਤੇ ਗੈਰ-ਸਿਆਸੀ ਤਫਤੀਸ਼ ਰਾਹੀਂ ਹੀ ਕੀਤਾ ਜਾ ਸਕਦਾ ਹੈ।’’
ਭਾਜਪਾ ਦੇ ਵਿਰੋਧੀਆਂ ਨੂੰ ਇਥੇ ਖ਼ਬਰਦਾਰ ਰਹਿਣ ਦੀ ਲੋੜ ਹੈ। ਇਹ ਸਮਾਂ ਹਿੰਦੁਤਵੀ ਤੱਤਾਂ ਦੇ ਦਹਿਸ਼ਤਵਾਦ ਵਿੱਚ ਲਿਪਤ ਹੋਣ ਬਾਰੇ ਕੱਛਾਂ ਵਜਾਉਣ ਜਾਂ ਖੁਸ਼ ਹੋਣ ਦਾ ਨਹੀਂ ਹੈ। ਦਹਿਸ਼ਤਗਰਦੀ ਇਕ ਗੰਭੀਰ ਮੁੱਦਾ ਹੀ ਹੈ, ਹੋਵੇਂ ਭਾਵੇਂ ਇਹ ਇਸਲਾਮੀ ਜਾਂ ਹਿੰਦੁਤਵੀ ਕਿਸਮ ਦੀ ਅਤੇ ਇਹੋ ਹੀ ਕਾਰਨ ਹੈ ਇਹ ਯਕੀਨੀ ਬਣਾਉਣ ਲਈ ਕਿ ਇਹ ਸਿਆਸੀ ਬਦਲਾ ਲੈਣ ਦਾ ਹਥਿਆਰ ਨਹੀਂ ਬਣਨੀ ਚਾਹੀਦੀ ਅਤੇ ਨਾ ਹੀ ਨਿਰਦੋਸ਼ਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਚਾਹੀਦਾ ਹੈ। ਕੋਈ ਵੀ ਸੂਝਵਾਨ ਵਿਅਕਤੀ ਇਹ ਨਹੀਂ ਕਹੇਗਾ ਕਿ ਇਸਲਾਮੀ ਦਹਿਸ਼ਤਗਰਦੀ ਵਿਰੁੱਧ ਤਫਤੀਸ਼ ਤਾਂ ਇਨਸਾਫ ਅਧਾਰਤ, ਨਿਰਪੱਖ ਅਤੇ ਪਾਰਦਰਸ਼ੀ ਹੋਣੀ ਚਾਹੀਦੀ ਹੈ ਪਰ ਜਦੋਂ ਸ਼ੱਕੀ ਹਿੰਦੁਤਵਵਾਦੀ ਹੋਣ ਤਾਂ ਸਖ਼ਤੀ ਦੀ ਪੂਰੀ ਖੁੱਲ ਦੇ ਦਿੱਤੀ ਜਾਣੀ ਚਾਹੀਦੀ ਹੈ।
ਭਾਜਪਾ ਨੂੰ ਇਹ ਪੂਰਾ ਹੱਕ ਹੈ ਕਿ ਉਹ ਏ.ਟੀ.ਐਸ. ਦੀਆਂ ਲੱਭਤਾਂ ਦੀ ਅਸਲੀਅਤ ਨੂੰ ਚੁਣੌਤੀ ਦੇ ਸਕੇ। ਇਸ ਦੇ ਬਾਵਜੂਦ ਇਸ ਅਧਿਕਾਰ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਉਹ ਏ.ਟੀ.ਐਸ. ਨੂੰ ਬਦਲਾ ਲੈਣ ਦੀਆਂ ਧਮਕੀਆਂ ਦੇਣ ਤੁਰ ਪਵੇ। ਇਸੇ ਪਾਰਟੀ ਦੇ ਦੋਹਰੇ ਮਾਪ-ਦੰਡਾਂ ਦਾ ਵੀ ਸਟਾਲ ਹੈ। ਜਦੋਂ 19 ਸਤੰਬਰ ਨੂੰ ਦਿੱਲੀ ਦੇ ਬਾਟਲਾ ਹਾਊਸ ਵਿੱਚ ਪੁਲਿਸ ਨੇ ਇਕ ਮੁਕਾਬਲੇ ਵਿੱਚ ਦਹਿਸ਼ਤ ਦੇ ਦੋ ਸ਼ੱਕੀਆਂ ਨੂੰ ਮਾਰ ਮੁਕਾਇਆ ਸੀ ਅਤੇ ਆਂਢ-ਗੁਆਂਢ ਵਿੱਚੋਂ ਹੋਰ ਗ੍ਰਿਫ਼ਤਾਰੀਆਂ ਵੀ ਕੀਤੀਆਂ ਗਈਆਂ ਸਨ, ਤਾਂ ਭਾਜਪਾ ਨੇ ਉਨ੍ਹਾਂ ਆਰੋਪੀਆਂ ਨੂੰ ਦਹਿਸ਼ਤਗਰਦ ਐਲਾਨਣ ਵਿੱਚ ਇਕ ਪਲ ਵੀ ਨਹੀਂ ਸੀ ਲਗਾਇਆ। ਭਾਜਪਾ ਨੇ ਉਨ੍ਹਾਂ ਮਨੁੱਖੀ ਅਧਿਕਾਰ ਕਾਰਕੁੰਨਾਂ ਉੱਤੇ ਤੁਰੰਤ ਗੁੱਸਾ ਝਾੜਿਆ ਸੀ, ਜਿਨ੍ਹਾਂ ਪੁਲਿਸ ਦੇ ਬਿਆਨ ਵਿੱਚ ਮਘੋਰੇ ਕੱਢੇ ਸਨ। ਪਾਰਟੀ ਨੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਨੂੰ ਇਸ ਕਰਕੇ ਰਾਸ਼ਟਰ-ਵਿਰੋਧੀ ਗਰਦਾਨ ਦਿੱਤਾ ਸੀ ਕਿ ਉਨ੍ਹਾਂ ਨੇ ਜਾਮੀਆ ਨਗਰ ਦੇ ਸ਼ੱਕੀ ਦਹਿਸ਼ਤਗਰਦਾਂ ਨੂੰ ਕਨੂੰਨੀ ਸਹਾਇਤਾ ਦੇਣ ਦੀ ਗੱਲ ਆਖੀ ਸੀ। ਭਾਜਪਾ ਆਪਣੀ ਇਸ ਗੱਲ ਉੱਤੇ ਓਦੋਂ ਵੀ ਅੜੀ ਰਹੀ ਸੀ, ਜਦੋਂ ਇਹ ਸਪਸ਼ਟੀਕਰਨ ਵੀ ਦੇ ਦਿੱਤਾ ਗਿਆ ਸੀ ਕਿ ਸਹਾਇਤਾ ਲਈ ਫੰਡਾਂ ਦਾ ਪ੍ਰਬੰਧ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਕੀਤਾ ਜਾ ਰਿਹਾ ਸੀ। ਭਾਜਪਾ ਨੇ ਇਹ ਗੱਲ ਜਾਣ-ਬੁੱਝ ਕੇ ਕਹੀ ਸੀ ਕਿਉਂਕਿ ਬਹੁਤ ਸਾਰੀਆਂ ਅਦਾਲਤਾਂ ਵਿੱਚ ਉਨ੍ਹਾਂ ਵਕੀਲਾਂ ਨੂੰ ਅੰਦਰ ਜਾਣ ਤੋਂ ਰੋਕਣ ਲਈ ਜਿਸਮਾਨੀ ਤਾਕਤ ਦੀ ਵਰਤੋਂ ਕੀਤੀ ਜਾ ਚੁੱਕੀ ਹੈ, ਜਿਹੜੇ ਦਹਿਸ਼ਤਗਰਦੀ ਦੇ ਮੁਸਲਿਮ ਆਰੋਪੀਆਂ ਦੀ ਪ੍ਰਤੀਨਿਧਤਾ ਕਰਨਾ ਚਾਹੁੰਦੇ ਸਨ।
ਹੁਣ ਭਾਜਪਾ ਨੇ ਪ੍ਰਗਿਆ ਸਿੰਘ ਅਤੇ ਹੋਰਨਾਂ ਲਈ ਦੇਸ਼ ਵਿੱਚੋਂ ਸਭ ਤੋਂ ਵਧੀਆ ਕਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਹੈ। ਜੇ ਇਹ ਕਾਰਵਾਈ ਇਕ ਵਿਅੰਗ ਹੈ ਤਾਂ ਇਹ ਹਕੀਕਤ ਵੀ ਇਕ ਵਿਅੰਗ ਹੀ ਹੈ ਕਿ ਪਾਰਟੀ ਨੇ ਆਪਣੇ ਸਿਆਸੀ ਵਿਰੋਧੀਆਂ ਉੱਪਰ ਜਿਹੜੇ ਦਹਿਸ਼ਤਵਾਦ ਨਾਲ ਸਬੰਧਤ ਦੋਸ਼ ਲਗਾਏ ਸਨ, ਉਹ ਹੁਣ ਉਸਨੂੰ ਪੁੱਠੇ ਪੈ ਰਹੇ ਹਨ। ਦਹਿਸ਼ਤਵਾਦ ਵੋਟਾਂ ਬਟੋਰਨ ਵਾਸਤੇ ਭਾਜਪਾ ਲਈ ਸਭ ਤੋਂ ਵੱਡਾ ਮੁੱਦਾ ਰਿਹਾ ਹੈ। ਪਾਰਟੀ ਦੀ ਹਰ ਮੀਟਿੰਗ ਦੇ ਏਜੰਡੇ ਵਿੱਚ ਇਹ ਮੁੱਦਾ ਸਭ ਤੋਂ ਉੱਪਰ ਹੁੰਦਾ ਸੀ ਅਤੇ ਪਾਰਟੀ ਦੇ ਸਿਆਸੀ ਮਤਿਆਂ ਨੂੰ ਅਧਾਰ ਮੁਹੱਈਆ ਕਰਦਾ ਸੀ। ਪਾਰਟੀ ਇਹ ਕਹਿੰਦੀ ਸੀ ਕਿ ਦਹਿਸ਼ਤਵਾਦ ਦਾ ਮੁਕਾਬਲਾ ਕਰਨ ਦੀ ਕੇਵਲ ਇਸ ਕੋਲ ਹੀ ਇੱਛਾ-ਸ਼ਕਤੀ ਅਤੇ ਅੰਦਰੂਨੀ ਤਾਕਤ ਹੈ, ਜਿਸ ਤੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਭਾਰੀ ਖ਼ਤਰਾ ਹੈ।
ਇਸ ਕੁੰਜੀਵਤ ਰਾਸ਼ਟਰਵਾਦੀ ਸਥਿਤੀ ਤੋਂ ਭਾਜਪਾ ਆਪਣੇ ਵਿਰੋਧੀਆਂ ਉੱਤੇ ਹਮਲਾ ਕਰਦਾ ਸੀ। ਉਸਦੇ ਮੁਤਾਬਿਕ, ਕਾਂਗਰਸ ਅਤੇ ਯੂ.ਪੀ.ਏ. ਵਿੱਚ ਸ਼ਾਮਲ ਹੋਰ ਪਾਰਟੀਆਂ ਵਾਲੇ, ਇਤਿਹਾਦੀ ਦਹਿਸ਼ਤਵਾਦ ਬਾਰੇ ਇਸ ਲਈ ਨਰਮ ਰੁਖ਼ ਅਪਨਾਉਂਦੇ ਸਨ ਕਿਉਂਕਿ ਉਹ ਮੁਸਲਿਮ ਵੋਟ ਬੈਂਕ ਨੂੰ ਰਿਝਾਉਣਾ ਚਾਹੁੰਦੇ ਹਨ। ਭਾਜਪਾ ਮੁਤਾਬਿਕ, ਮਨੁੱਖੀ ਅਧਿਕਾਰ ਕਾਰਜਕਰਤਾ ਅਤੇ ਯੂ.ਪੀ.ਏ. ਅੰਦਰਲੇ ਕਈ ਲੋਕ ਸ਼ੱਕੀ ਮੁਸਲਮਾਨ ਦਹਿਸ਼ਤਗਰਦਾਂ ਬਾਰੇ ਖੁੱਲ੍ਹੇਆਮ ਹਮਦਰਦੀ ਰੱਖਦੇ ਸਨ, ਉਨ੍ਹਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਦੇ ਸਨ, ਪੁਲਿਸ ਦੇ ਦਾਅਵਿਆਂ ਦਾ ਵਿਰੋਧ ਕਰਦੇ ਸਨ ਆਦਿ-ਆਦਿ, ਕਿਉਂਕਿ ਦਹਿਸ਼ਤਗਰਦੀ ਬਾਰੇ ਉਨ੍ਹਾਂ ਦਾ ਦ੍ਰਿਸ਼ਟੀਕੋਣ ਰਾਸ਼ਟਰ-ਵਿਰੋਧੀ ਸੀ ਅਤੇ ਉਹ ਦਹਿਸ਼ਤਵਾਦ ਨੂੰ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਦੇ ਨਜ਼ਰੀਏ ਤੋਂ ਨਹੀਂ ਸਨ ਵੇਖਦੇ।
ਅਕਤੂਬਰ ਦੇ ਸ਼ੁਰੂ ਵਿੱਚ ਰਾਜਧਾਨੀ ਵਿੱਚ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਪਾਰਟੀ ਦੀ ਸਥਿਤੀ ਨੂੰ ਇੰਜ ਬਿਆਨ ਕੀਤਾ ਸੀ, ‘‘ਜਿੱਥੋਂ ਤਕ ਭਾਜਪਾ ਦਾ ਸੰਬੰਧ ਹੈ, ਮੈਨੂੰ ਪੂਰੀ ਤਰ੍ਹਾਂ ਇਹ ਸਪਸ਼ਟ ਕਰਨ ਦੀ ਆਗਿਆ ਦਿਉ ਕਿ ਅਸੀਂ ਕਦੇ ਵੀ ਇਸ ਤੰਗ-ਨਜ਼ਰੀਏ ਤੋਂ ਕੋਈ ਅਜਿਹੀ ਗੱਲ ਨਹੀਂ ਕਰਾਂਗੇ ਕਿ ਇਤਿਹਾਸ ਸਾਨੂੰ ਠੀਕ ਸਮੇਂ ਅਤੇ ਠੀਕ ਤਰ੍ਹਾਂ ਆਪਣਾ ਫਰਜ਼ ਨਾ ਨਿਭਾਉਣ ਲਈ ਦੋਸ਼ ਗਰਦਾਨ ਸਕੇ। ਸਾਡਾ ਦ੍ਰਿਸ਼ਟੀਕੋਣ ਅਜਿਹੀਆਂ ਗਿਣਤੀਆਂ-ਮਿਣਤੀਆਂ ਤੱਕ ਸੀਮਤ ਨਹੀਂ ਹੈ ਕਿ ਅਗਲੀਆਂ ਚੋਣਾਂ ਮਗਰੋਂ ਸਾਡੀ ਪਾਰਟੀ ਦੀ ਕੀ ਸਥਿਤੀ ਹੋਵੇਗੀ। ਸਗੋਂ ਪਰਵਾਹ ਸਾਨੂੰ ਇਸ ਗੱਲ ਦੀ ਹੈ ਕਿ ਭਾਰਤ ਸੌ ਸਾਲ ਬਾਅਦ ਜਾਂ ਹਜ਼ਾਰ ਬਾਅਦ ਕਿੱਥੇ ਖੜਾ ਹੋਵੇਗਾ।’’
ਕੀ ਭਾਜਪਾ ‘ਠੀਕ ਸਮੇਂ’ ਅਤੇ ‘ਠੀਕ ਢੰਗ’ ਵਾਲੀ ਉਸ ਪ੍ਰੀਖਿਆ ਨੂੰ ਪਾਸ ਕਰ ਸਕੀ ਹੈ, ਜਿਹੜੀ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਉਸ ਦੇ ਨੇਤਾ ਨੇ ਪਾਰਟੀ ਲਈ ਨਿਰਧਾਰਤ ਕੀਤੀ ਹੈ? ਸਪਸ਼ਟ ਹੈ ਕਿ ਨਹੀਂ। ਭਾਜਪਾ ਲਈ ‘ਠੀਕ ਢੰਗ’ ਅਤੇ ‘ਠੀਕ ਸਮਾਂ’ ਉਹ ਹੋਣਾ ਸੀ ਕਿ ਉਹ ਖੁਲ੍ਹੇ ਤੌਰ ’ਤੇ ਇਹ ਸਵੀਕਾਰ ਕਰ ਲੈਂਦੀ ਕਿ ਸੰਭਵ ਹੈ ਕਿ ਹਿੰਦੁਤਵੀ ਅੱਤਵਾਦੀ ਤੱਤ ਦਹਿਸ਼ਤਵਾਦ ਵਿੱਚ ਲਿਪਤ ਹੋਣ ਅਤੇ ਨਾਲ ਹੀ ਇਸ ਗੱਲ ਉੱਤੇ ਵੀ ਜੋਰ ਦਿੰਦੀ ਕਿ ਸਮੂਹ ਤਫਤੀਸ਼ਾਂ ਵਿੱਚ ਪਾਰਦਰਸ਼ਤਾ ਦੇ ਮਹੱਤਵ ਨੂੰ ਨਜ਼ਰ-ਅੰਦਾਜ ਨਾ ਕੀਤਾ ਜਾਵੇ। ਅਜਿਹੇ ਪੈਂਤੜੇ ਨਾਲ ਹਿੰਦੂ ਸਮਾਜ ਨੇ ਮਜਬੂਤ ਹੋਣਾ ਸੀ ਅਤੇ ਇਸ ਖੁਲ੍ਹਦਿਲੀ ਦੀ ਸ਼ਲਾਘਾ ਹੋਣੀ ਸੀ। ਪਰ ਇਸਦੀ ਬਜਾਏ ਭਾਜਪਾ ਅਤੇ ਸੰਘ ਪਰਵਾਰ ਇੱਕੋ ਪੈਂਤੜੇ ਨਾਲ ਚਿੰਬੜੇ ਰਹੇ ਹਨ। ਉਹ ਪੈਂਤੜਾ ਇਹ ਹੈ ਕਿ ਰਾਸ਼ਟਰਵਾਦੀ ਸ਼ਕਤੀਆਂ ਵਜੋਂ ਉਨ੍ਹਾਂ ਉੱਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਇਸਦਾ ਮਤਲਬ ਹੈ ਕਿ ਹਿੰਦੂ, ਖ਼ਾਸਕਰ ਉਹ ਹਿੰਦੂ ਜਿਹੜਾ ਸਭਿਆਚਾਰਕ ਰਾਸ਼ਟਰਵਾਦ (ਆਰ.ਐਸ.ਐਸ. ਵੱਲੋਂ ਪ੍ਰਚਾਰੀ ਜਾਂਦੀ ਥਿਉਰੀ) ਦਾ ਮੁੱਦਈ ਹੈ, ਕਦੇ ਦਹਿਸ਼ਤਗਰਦ ਹੋ ਹੀ ਨਹੀਂ ਸਕਦਾ।
ਇਹ ਬੜਾ ਵਾਹਿਯਾਤ ਦਾਅਵਾ ਹੈ। ਮਹਾਤਮਾ ਗਾਂਧੀ ਦਾ ਕਾਤਲ ਨੱਥੂ ਰਾਮ ਗੋਡਸੇ ਵੀ ਇਸੇ ਵੰਨਗੀ ਦੇ ਸਭਿਆਚਾਰਕ ਕੌਮਵਾਦ ਦੀ ਪੈਦਾਵਾਰ ਸੀ। ਤਾਮਿਲ ਈਲੇਮ ਦੇ ਲਿਬਰੇਸ਼ਨ ਟਾਈਗਰ ਅਤੇ ਬੋਰੋਲੈਂਡ ਦਾ ਨੈਸ਼ਨਲ ਡੈਮੋਕ੍ਰੇਟਿਕ ਫਰੰਟ (ਜਿਸ ਬਾਰੇ ਸ਼ੱਕ ਹੈ ਕਿ ਉਹ ਆਸਾਮ ਦੇ ਧਮਾਕਿਆਂ ਵਿੱਚ ਲਿਪਤ ਹੈ) ਕੋਈ ਧਾਰਮਕ ਅੱਤਵਾਦੀ ਤਾਂ ਨਹੀਂ ਹਨ ਪਰ ਕਿਸੇ ਹੱਦ ਤਕ ਉਹ ਹਿੰਦੁਤਵ ਦੇ ਜ਼ੁਮਰੇ ਵਿੱਚ ਜ਼ਰੂਰ ਆ ਜਾਂਦੇ ਹਨ।
ਕਈ ਚਿਰ ਤੋਂ ਭਾਜਪਾ ਅਤੇ ਸੰਘ ਪਰਵਾਰ ਇਸ ਗੱਲ ਉੱਤੇ ਅਫਸੋਸ ਪ੍ਰਗਟੇ ਕਰਦੇ ਆ ਰਹੇ ਹਨ ਕਿ ਮੁਸਲਮਾਨਾਂ ਵਿੱਚ ਨਰਮ-ਪੰਥੀ ਅਵਾਜ਼ਾਂ ਨਹੀਂ ਸੁਣਾਈ ਦੇ ਰਹੀਆਂ, ਜਿਹੜੀਆਂ ਸਿੱਧੇ ਤੌਰ ਉੱਤੇ ਦਹਿਸ਼ਤਗਰਦੀ ਦੀ ਹਕੀਕਤ ਦਾ ਸਿੱਧਾ ਟਾਕਰਾ ਕਰਦੀਆਂ ਹੋਣ। ਪਰ ਹੌਲੀ-ਹੌਲੀ ਹੀ ਸਹੀ, ਉਹ ਸਥਿਤੀ ਹੁਣ ਯਕੀਨੀ ਤੌਰ ’ਤੇ ਬਦਲ ਰਹੀ ਹੈ। ਇਸਦਾ ਸਬੂਤ ਹੈ ਹੈਦਰਾਬਾਦ ਵਿੱਚ 8 ਨਵੰਬਰ ਨੂੰ 6000 ਮੌਲਵੀਆਂ ਦੀ ਹੋਈ ਕਾਨਫਰੰਸ, ਜਿਸ ਵਿੱਚ ਦਹਿਸ਼ਤਗਰਦੀ ਦੀ ਖੁੱਲ੍ਹ ਕੇ ਨਿਖੇਧੀ ਕੀਤੀ ਗਈ। ਭਾਜਪਾ ਨੂੰ ਇਸ ਦਲੇਰਾਨਾ ਕਦਮ ਦੀ ਪੈਰਵੀ ਕਰਨੀ ਚਾਹੀਦੀ ਹੈ, ਬਜਾਏ ਇਸਦੇ ਕਿ ਇਹ ਕੰਧ ਨਾਲ ਟੱਕਰਾਂ ਮਾਰੇ ਅਤੇ ਹਿੰਦੁਤਵ ਦੀ ਸ਼ੁੱਧਤਾ ਦਾ ਰਾਗ ਅਲਾਪੀ ਜਾਵੇ।
ਦਹਿਸ਼ਤਵਾਦ ਵੱਲ ਸਾਡੀ ਪਹੁੰਚ ਵਿੱਚ ਕਾਫੀ ਕੁਝ ਗਲਤ ਜਾਪਦਾ ਹੈ। ਤਫਤੀਸ਼ ਕਰਨ ਵਾਲੀਆਂ ਏਜੰਸੀਆਂ ਦੀ ਇਹ ਆਦਤ ਬਣਦੀ ਜਾ ਰਹੀ ਹੈ ਕਿ ਉਹ ਊਟ-ਪਟਾਂਗ ਬਿਆਨ ਦਿੰਦੀਆਂ ਰਹਿੰਦੀਆਂ ਹਨ, ਜਿਸ ਕਾਰਨ ਕਾਹਲੀ ਵਿੱਚ ਉਹ ਕੁਝ ਗ੍ਰਿਫ਼ਤਾਰੀਆਂ ਕਰ ਲੈਂਦੀਆਂ ਹਨ। ਪਿਛਲੇ ਦਿਨੀਂ ਆਂਧਰਾ ਪ੍ਰਦੇਸ਼ ਸਰਕਾਰ ਨੇ ਘੱਟੋ-ਘੱਟ ਉਨ੍ਹਾਂ 15 ਨਿਰਦੋਸ਼ ਮੁਸਲਮਾਨਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ, ਜਿਨ੍ਹਾਂ ਨੂੰ ਹੈਦਰਾਬਾਦ ਦੀ ਪੁਲਿਸ ਨੇ ਗਲਤ ਤੌਰ ’ਤੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਹਿਰਾਸਤ ਵਿੱਚ ਉਨ੍ਹਾਂ ’ਤੇ ਭਾਰੀ ਤਸ਼ੱਦਦ ਕੀਤਾ ਸੀ। ਹਿੰਦੁਤਵੀ ਦਹਿਸ਼ਤਗਰਦਾਂ ਬਾਰੇ ਵੀ ਪੁਲਿਸ ਨੇ ਬਹੁਤ ਸਾਰੇ ਆਪਾ-ਵਿਰੋਧੀ ਦਾਅਵੇ ਕੀਤੇ ਹਨ। ਉਹ ਟੀ.ਵੀ. ਚੈਨਲ ਜਿਨ੍ਹਾਂ ਨੇ ਮੁਸਲਮਾਨ ਦਹਿਸ਼ਤਗਰਦਾਂ ਬਾਰੇ ਬਦਨਾਮੀ ਭਰਪੂਰ ਕਹਾਣੀਆਂ ਪ੍ਰਸਾਰਿਤ ਕੀਤੀਆਂ ਸਨ, ਹੁਣ ‘ਸਾਧਤੀ ਅਤੇ ਸੰਤ’ ਬਾਰੇ ਚਟਖ਼ਾਰੇ ਭਰਪੂਰ ਵੇਰਵੇ ਪ੍ਰਸਾਰਿਤ ਕਰ ਰਹੇ ਹਨ।
ਦਹਿਸ਼ਤਗਰਦੀ ਦੀ ਚੁਣੌਤੀ ਦਾ ਸਿੱਧਾ ਟਾਕਰਾ ਕਰਨ ਲਈ ਸਾਨੂੰ ਅਜਿਹੇ ਤਫਤੀਸ਼ਕਾਰਾਂ ਦੀ ਲੋੜ ਹੈ, ਜਿਹੜੇ ਗਪੌੜ ਘੱਟ ਛੱਡਣ ਅਤੇ ਜ਼ੋਰ ਦੇਣ ਠੋਸ ਸਬੂਤ ਇਕੱਠੇ ਕਰਨ ਉੱਪਰ। ਸਾਨੂੰ ਲੋੜ ਹੈ ਵਧੇਰੇ ਜ਼ਿੰਮੇਵਾਰ ਮੀਡੀਆ ਦੀ ਅਤੇ ਅਜਿਹੀਆਂ ਸਿਆਸੀ ਪਾਰਟੀਆਂ ਦੀ, ਜਿਹੜੀਆਂ ਘੱਟ-ਗਿਣਤੀ ਕੌਮਾਂ ਨੂੰ ਉਪਦੇਸ਼ ਦੇਣ ਤੱਕ ਸੀਮਤ ਰਹਿਣ ਦੀ ਬਜਾਏ ਆਪਣੇ ਅੰਦਰ ਝਾਤੀ ਮਾਰਨ ਦੀ ਜ਼ੁਰਅਤ ਰੱਖਦੀਆਂ ਹੋਣ।