

ਸਮਾਜ ਨੂੰ ਝਾੜਫੂਕ ਅਤੇ ਤਬੀਤ-ਧਾਗਿਆਂ ਦੇ ਗੰਦੇ ਪਖੰਡ ’ਚੋਂ ਕੱਢਣ ਦੀ ਲੋੜ
- ਡਾ: ਗਿਆਨ ਪ੍ਰਕਾਸ਼ -
ਵਿਗਿਆਨ ਦੀ ਤਰੱਕੀ ਦੇ ਇਸ ਯੁੱਗ ਵਿੱਚ ਵੀ ਅੱਜ ਭਾਰਤ ’ਚ ਬਹੁਤ ਸਾਰੇ ਰੋਗਾਂ ਦਾ ਇਲਾਜ ਲੋਕ ਝਾੜਫੂਕ (ਝਾੜਾ ਦੇਣਾ, ਮੰਤਰ ਨਾਲ ਰਾਜ਼ੀ ਕਰਨਾ) ਨਾਲ ਕਰਵਾਉਂਦੇ ਹਨ। ਅਤਿ ਦੁਖਦਾਈ ਵਿਸ਼ਾ ਤਾਂ ਇਹ ਹੈ ਕਿ ਕੁਝ ਪੜ੍ਹੇ-ਲਿਖੇ ਲੋਕ ਵੀ ਝਾੜ-ਫੂਕ ਅਤੇ ਜੰਤਰ-ਮੰਤਰ ਵਿੱਚ ਵਿਸ਼ਵਾਸ ਰਖਦੇ ਹਨ। ਆਖਿਰ ਕਾਰਨ ਕੀ ਹੈ ਕਿ ਝਾੜਫੂਕ ਵਿੱਚ ਕੁਝ ਵੀ ਨਾ ਹੁੰਦੇ ਹੋਏ ਵੀ ਲੋਕ ਇਸ ਉੱਤੇ ਅੰਨ੍ਹਾ ਵਿਸ਼ਵਾਸ ਕਰਦੇ ਹਨ?
ਇਕ ਬਹੁਤ ਵੱਡਾ ਭਰਮ ਲੋਕਾਂ ਵਿੱਚ ਇਹ ਹੈ ਕਿ ਰੋਗ ਕਿਸੇ ਨਾ ਕਿਸੇ ਨਾਲ ਹੀ ਠੀਕ ਹੁੰਦੇ ਹਨ। ਲੋਕ ਇਹ ਨਹੀਂ ਸਮਝਦੇ ਕਿ ਕਈ ਰੋਗ ਆਪਣੇ-ਆਪ, ਬਿਨਾ ਕਿਸੇ ਇਲਾਜ ਦੇ ਠੀਕ ਹੋ ਜਾਂਦੇ ਹਨ। ਇਸ ਭਰਮ ਦਾ ਨਤੀਜਾ ਇਹ ਹੁੰਦਾ ਹੈ ਕਿ ਜੇਕਰ ਕੋਈ ਰੋਗ ਝਾੜਫੂਕ ਦੇ ਬਾਅਦ ਠੀਕ ਹੋ ਜਾਂਦਾ ਹੈ ਤਾਂ ਲੋਕ ਇਹ ਸਮਝਦੇ ਹਨ ਕਿ ਰੋਗ ਝਾੜਫੂਕ ਜਾਂ ਧਾਗੇ-ਤਬੀਤ ਨਾਲ ਠੀਕ ਹੋਇਆ ਹੈ। ਇਸ ਤਰ੍ਹਾਂ, ਉਨ੍ਹਾਂ ਦੀ ਸ਼ਰਧਾ ਝਾੜਫੂਕ ਅਤੇ ਧਾਗੇ-ਤਬੀਤਾਂ ਵਿੱਚ ਹੋਰ ਵੱਧ ਜਾਂਦੀ ਹੈ।
ਝਾੜਫੂਕ ਉਨ੍ਹਾਂ ਰੋਗਾਂ ਵਿੱਚ ਪ੍ਰਚਲਿਤ ਹੈ ਜਿਹੜੇ ਆਪਣੇ-ਆਪ ਠੀਕ ਹੋ ਜਾਂਦੇ ਹਨ। ਮਿਸਾਲ ਵਜੋਂ, ‘ਪੀਲੀਆ’ ਦੇ ਰੋਗ ਵਿੱਚ ਤਾਂ ਇਕ ਆਮ ਧਾਰਨਾ ਹੈ ਕਿ ਇਹ ਝਾੜਫੂਕ ਨਾਲ ਠੀਕ ਹੋ ਜਾਂਦਾ ਹੈ। ਪੀਲੀਆ ਇਕ ਰੋਗ ਨਹੀਂ ਬਲਕਿ ਲੀਵਰ (ਸਰੀਰ ਦੇ ਅੰਦਰ ਇਕ ਪਤਲਾ ਜਿਹਾ ਅੰਗ, ਜਿਹੜਾ ਖਾਧੇ-ਪੀਤੇ ਨੂੰ ਹਜ਼ਮ ਕਰਦਾ ਹੈ) ਦੀ ਥੈਲੀ ਨਾਲ ਸਬੰਧਤ ਬਹੁਤ ਸਾਰੇ ਰੋਗਾਂ ਦਾ ਲੱਛਣ ਹੋ ਜਾਂਦਾ ਹੈ। ਭਾਰਤ ਵਿੱਚ ਪੀਲੀਆ ਜ਼ਿਆਦਾਤਰ ਇਨਫੇਕਟਿਵ ਹੈਪੇ-ਟਾਈਟਿਸ ਕਾਰਨ ਹੋ ਜਾਂਦਾ ਹੈ। ਇਹ ਰੋਗ ਇਕ ਬਹੁਤ ਛੋਟੇ ਜੀਵਾਣੂ (ਵਾਇਰਸ) ਤੋਂ ਹੁੰਦਾ ਹੈ। ਇਹ ਜੀਵਾਣੂ ਦੂਸ਼ਿਤ ਖਾਦ-ਪਦਾਰਥ ਜਾਂ ਦੂਸ਼ਿਤ ਪਾਣੀ ਰਾਹੀਂ ਸਰੀਰ ਵਿੱਚ ਪਹੁੰਚ ਕੇ ਲੀਵਰ ਵਿੱਚ ਸੋਜ ਪੈਦਾ ਕਰ ਦਿੰਦਾ ਹੈ, ਜਿਸ ਨਾਲ ਪੀਲੀਆ ਹੋ ਜਾਂਦਾ ਹੈ।
ਭਾਰਤ ਵਿੱਚ ਸਫ਼ਾਈ ਦੀ ਚੰਗੀ ਵਿਵਸਥਾ ਨਾ ਹੋਣ ਕਾਰਨ ਇਹ ਰੋਗ ਹਰ ਸਾਲ ਬਹੁਤ ਜ਼ਿਆਦਾ ਫੈਲਦਾ ਜਾ ਰਿਹਾ ਹੈ। ਇਸ ਰੋਗ ਦੀ ਮਿਆਦ ਆਮ ਤੌਰ ’ਤੇ ਤਿੰਨ ਤੋਂ ਪੰਜ ਹਫ਼ਤੇ ਦੀ ਹੁੰਦੀ ਹੈ ਅਤੇ ਲਗਭਗ 90 ਫੀਸਦੀ ਰੋਗੀ ਏਨੇ ਕੁ ਸਮੇਂ ਵਿੱਚ ਬਿਨਾਂ ਕਿਸੇ ਇਲਾਜ ਦੇ, ਆਪਣੇ-ਆਪ ਠੀਕ ਹੋ ਜਾਂਦੇ ਹਨ। ਸਿਰਫ਼ ਦਸ ਫੀਸਦੀ ਲੋਕਾਂ ਵਿੱਚ ਹੋਰ ਵਿਕਾਰ ਪੈਦਾ ਹੁੰਦੇ ਹਨ, ਜਿਹੜੇ ਕਦੇ-ਕਦੇ ਜੀਵਨ ਲਈ ਮਾਰੂ ਸਾਬਿਤ ਹੋ ਸਕਦੇ ਹਨ।
ਅਜਿਹੀ ਹਾਲਤ ਵਿੱਚ ਪੀਲੀਆ ਝਾੜਨ ਵਾਲਿਆਂ ਦੀ ਖੂਬ ਚਾਂਦੀ ਬਣਦੀ ਹੈ। ਉਨ੍ਹਾਂ ਦੇ ਕੋਲ ਜਿਹੜੇ ਪੀਲੀਏ ਦੇ ਰੋਗੀ ਜਾਂਦੇ ਹਨ, ਜ਼ਿਆਦਾਤਰ ਇਨਫੇਕਟਿਵ ਹੈਪੇ-ਟਾਈਟਸ ਨਾਲ ਘੋਲ ਕਰਨ ਵਾਲੇ ਹੁੰਦੇ ਹਨ ਅਤੇ ਇਕ-ਦੋ ਨੂੰ ਛੱਡ ਕੇ, ਸਾਰੇ ਠੀਕ ਹੋ ਜਾਂਦੇ ਹਨ। ਝਾੜਫੂਕ ਦੇ ਅੰਧਵਿਸ਼ਵਾਸ ਕਾਰਨ ਠੀਕ ਹੋਣ ਵਾਲੇ ਵਿਅਕਤੀ, ਇਸ ਅੰਧਵਿਸ਼ਵਾਸ ਦਾ ਪ੍ਰਚਾਰ ਆਪਣੇ ਮਿੱਤਰਾਂ-ਰਿਸ਼ਤੇਦਾਰਾਂ ਵਿੱਚ ਏਨੇ ਜ਼ੋਰ ਨਾਲ ਕਰਦੇ ਹਨ ਕਿ ਝਾੜਫੂਕ ਕਰਨ ਵਾਲਿਆਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਜੇਕਰ ਕੋਈ ਇਹ ਧੰਦਾ ਬਿਨ੍ਹਾਂ ਪੈਸਿਆਂ ਤੋਂ ਕਰਦਾ ਹੈ, ਤਦ ਤਾਂ ਲੋਕਾਂ ਦਾ ਵਿਸ਼ਵਾਸ ਹੋਰ ਵੀ ਪੱਕਾ ਹੋ ਜਾਂਦਾ ਹੈ। ਇਸੇ ਤਰ੍ਹਾਂ, ਜੇ ਕਦੇ ਕਿਸੇ ਨੇ ਕਹਿ ਦਿੱਤਾ ਕਿ ਫਲਾਣੇ ਖੂਹ ਜਾਂ ਤਲਾਬ ਵਿੱਚ ਇਸ਼ਨਾਨ ਕਰਨ ਨਾਲ ਪੀਲੀਆ ਠੀਕ ਹੋ ਜਾਏਗਾ ਅਤੇ ਜੇ ਕੁਝ ਰੋਗੀ ਉਸ ਵਿੱਚ ਇਸ਼ਨਾਨ ਕਰਕੇ ਠੀਕ ਹੋ ਜਾਣ ਤਾਂ ਉੱਥੇ ਦੂਰ-ਦੂਰ ਤੋਂ ਲੋਕ ਆਉਣ ਲੱਗ ਪੈਂਦੇ ਹਨ ਅਤੇ ਅੰਧ-ਵਿਸ਼ਵਾਸੀਆਂ ਦੀ ਭੇੜਚਾਲ ਦਾ ਇਕ ਨਾ ਮੁੱਕਣ ਵਾਲਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ।
ਡਾਕਟਰਾਂ ਦੇ ਪਾਸ ਅਜਿਹੀਆਂ ਦਵਾਈਆਂ ਹਾਲੇ ਨਹੀਂ ਹਨ, ਜਿਸ ਤੋਂ ਇਨਫੇਕਟਿਵ ਹੈਪੇਟਾਈਟਿਸ ਤਿੰਨ-ਚਾਰ ਹਫ਼ਤਿਆਂ ਦੀ ਥਾਂ ਤਿੰਨ-ਚਾਰ ਦਿਨਾਂ ਵਿੱਚ ਠੀਕ ਹੋ ਸਕੇ, ਤਾਂ ਕਿ ਲੋਕਾਂ ਦਾ ਵਿਸ਼ਵਾਸ ਝਾੜਫੂਕ ਤੋਂ ਟੁੱਟ ਜਾਏ। ਵਾਇਰਸ ਤੋਂ ਫੈਲਣ ਵਾਲੇ ਰੋਗਾਂ ਲਈ ਹਾਲੇ ਸੰਤੋਖਜਨਕ ਦਵਾਈਆਂ ਤਿਆਰ ਨਹੀਂ ਹੋ ਸਕੀਆਂ ਹਨ। ਜਦ ਅਜਿਹੀਆਂ ਦਵਾਈਆਂ ਤਿਆਰ ਹੋ ਜਾਣਗੀਆਂ, ਲੋਕ ਪੀਲੀਏ ਦਾ ਇਲਾਜ ਝਾੜਫੂਕ ਤੋਂ ਕਰਵਾਉਣਾ ਆਪ ਹੀ ਛੱਡ ਦੇਣਗੇ।
ਤੁਸੀਂ ਆਖੋਗੇ ਕਿ ਜੇਕਰ ਡਾਕਟਰ ਦੇ ਇਲਾਜ ਤੋਂ ਵੀ ਇਨਫੇਕਟਿਵ ਹੈਪੇਟਾਈਟਿਸ ਠੀਕ ਹੋਣ ਵਿੱਚ ਤਿੰਨ-ਚਾਰ ਹਫ਼ਤੇ ਲਗਦੇ ਹਨ ਅਤੇ ਝਾੜਫੂਕ ਕਰਵਾਉਣ ਉੱਤੇ ਵੀ ਏਨਾ ਹੀ ਸਮਾਂ ਲਗਦਾ ਹੈ ਤਾਂ ਮਹਿੰਗਾ ਡਾਕਟਰੀ ਇਲਾਜ ਨਾ ਕਰਵਾ ਕੇ, ਝਾੜਫੂਕ ਕਰਵਾਉਣ ਵਿੱਚ ਕੀ ਹਰਜ਼ ਹੈ? ਇਸ ਦੇ ਉੱਤਰ ਵਿੱਚ ਮੈਂ ਦੋ ਸੱਚੀਆਂ ਘਟਨਾਵਾਂ ਦਾ ਵਰਣਨ ਕਰਾਂਗਾ :
1) ਮੇਰੇ ਇਕ ਗੁਆਂਢੀ ਦੀ ਲੜਕੀ ਆਪਣੇ ਸਹੁਰੇ ਘਰ ਤੋਂ ਹੋਈ ਆਈ। ਉਸ ਨੂੰ ਛੇ ਹਫ਼ਤੇ ਤੋਂ ਪੀਲੀਆ ਸੀ। ਗੁਆਂਢੀ ਉਸਨੂੰ ਇਲਾਜ ਲਈ ਮੇਰੇ ਕਲੀਨਿਕ ਉੱਤੇ ਲਿਆਏ। ਕਿਉਂਕਿ ਉਸ ਨੂੰ ਛੇ ਹਫ਼ਤੇ ਤੋਂ ਪੀਲੀਆ ਸੀ, ਇਸਲਈ ਸਪਸ਼ਟ ਸੀ ਕਿ ਜਾਂ ਤਾਂ ਉਸਦਾ ਪੀਲੀਆ ਇਨਫੇਕਟਿਵ ਹੈਪੇਟਾਈਟਿਸ ਦੇ ਕਾਰਨ ਨਾ ਹੋ ਕੇ, ਕਿਸੇ ਹੋਰ ਕਾਰਨ ਸੀ ਜਾਂ ਫਿਰ ਇਨਫੇਕਟਿਵ ਹੈਪੇਟਾਈਟਿਸ ਹੀ ਬਹੁਤ ਵਿਗੜ ਗਿਆ ਸੀ। ਮੈਂ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਅਜਿਹੀ ਹਾਲਤ ਵਿੱਚ ਉਹ ਉਸਨੂੰ ਹਸਪਤਾਲ ਵਿੱਚ ਦਾਖ਼ਲ ਕਰਵਾ ਦੇਣ, ਜਿਸ ਤੋਂ ਬਿਮਾਰੀ ਦੀ ਸਹੀ ਜਾਂਚ ਅਤੇ ਲੋੜੀਂਦਾ ਇਲਾਜ ਹੋ ਸਕੇ।
ਉਸ ਸਮੇਂ ਮੇਰੇ ਕਲੀਨਿਕ ਵਿੱਚ ਮੁਹੱਲੇ ਦੇ ਇਕ ਹੋਰ ਸੱਜਣ ਵੀ ਬੈਠੇ ਹੋਏ ਸਨ। ਉਨ੍ਹਾਂ ਨੇ ਤੁਰੰਤ ਲੜਕੀ ਦੇ ਨਾਲ ਆਏ ਲੋਕਾਂ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਹਸਪਤਾਲ ਜਾਣ ਦੀ ਲੋੜ ਨਹੀਂ ਕਿਉਂਕਿ ਉਹ ਇਕ ਅਜਿਹੇ ਤਜ਼ਰਬੇਕਾਰ ਝਾੜਣ ਵਾਲੇ ਨੂੰ ਜਾਣਦੇ ਹਨ, ਜਿਸ ਨੇ ਪੀਲੀਏ ਦੇ ਸੈਂਕੜੇ ਮਰੀਜ਼ਾਂ ਨੂੰ ਠੀਕ ਕਰ ਦਿੱਤਾ ਹੈ ਅਤੇ ਉਹ ਉਨ੍ਹਾਂ ਦੀ ਲੜਕੀ ਨੂੰ ਵੀ ਸ਼ਰਤੀਆ ਠੀਕ ਕਰ ਦੇਵੇਗਾ।
ਉਹ ਵਿਚਾਰੇ ਉਸਦੇ ਕਹਿਣੇ ਵਿੱਚ ਆ ਗਏ ਅਤੇ ਉਨ੍ਹਾਂ ਨੇ ਲੜਕੀ ਨੂੰ ਸਵੇਰੇ-ਸ਼ਾਮ ਝਾੜਣ ਵਾਲੇ ਦੇ ਉੱਥੇ ਪੈਦਲ ਲਿਜਾਉਣਾ ਸ਼ੁਰੂ ਕਰ ਦਿੱਤਾ। ਕਿਸੇ ਨੇ ਉਨ੍ਹਾਂ ਨੂੰ ਬਾਰਾਂ ਬੰਕੀ ਦੇ ਕੋਲ ‘ਬਿਬਿਆਪੁਰ’ ਪਿੰਡ ਦੇ ਖੂਹ ਉੱਤੇ ਲਿਜਾ ਕੇ ਨਹਾਉਣ ਦੀ ਸਲਾਹ ਦਿੱਤੀ। ਉਹ ਲੜਕੀ ਨੂੰ ਗੱਡੀ ਰਾਹੀਂ ਉੱਥੇ ਲੈ ਗਏ ਪਰ ਰਸਤਾ ਬਹੁਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਇਕ ਡੇਢ ਮੀਲ ਪੈਦਲ ਚਲਣਾ ਪਿਆ। ਪੀਲੀਏ ਵਿੱਚ ਅਰਾਮ ਬਹੁਤ ਜ਼ਰੂਰੀ ਹੁੰਦਾ ਹੈ। ਸਰੀਰਕ ਮਿਹਨਤ ਨਾਲ ਹਿਪੇਟਿਕ ਕੋਮਾ, ਜਿਸ ਵਿੱਚ ਬੇਹੋਸ਼ੀ ਆ ਜਾਂਦੀ ਹੈ, ਹੋਣ ਦੀ ਸੰਭਾਵਨਾ ਰਹਿੰਦੀ ਹੈ। ਉਸ ਲੜਕੀ ਨੂੰ ਵੀ ਇਹੀ ਹੋਇਆ। ਉਸੇ ਰਾਤ ਨੂੰ ਉਹ ਬੇਹੋਸ਼ ਹੋ ਗਈ ਅਤੇ ਜਦ ਉਸਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ, ਤਾਂ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ।
2) ਦੂਜੀ ਘਟਨਾ ਇਸ ਤਰ੍ਹਾਂ ਹੈ : ਮੇਰੇ ਇਕ ਮਿੱਤਰ ਦੇ ਪਿਤਾ ਜੀ ਨੂੰ ਪੀਲੀਆ ਹੋ ਗਿਆ। ਮੈਂ ਉਨ੍ਹਾਂ ਨੂੰ ਦੇਖਿਆ ਤਾਂ ਮੈਨੂੰ ਸ਼ੱਕ ਹੋਇਆ ਕਿ ਉਨ੍ਹਾਂ ਦਾ ਪੀਲੀਆ ਪਿੱਤੇ ਦੀ ਨਲੀ ਵਿੱਚ ਕੋਈ ਰੁਕਾਵਟ ਹੋਣ ਕਾਰਨ ਹੈ। ਮੈਂ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ। ਜਾਂਚ ਦੇ ਬਾਅਦ ਪਤਾ ਚੱਲਿਆ ਕਿ ਇਹ ਕੈਂਸਰ ਦੀ ਸ਼ੁਰੂਆਤ ਹੈ, ਜਿਸ ਨਾਲ ਪਿੱਤੇ ਉੱਤੇ ਦਬਾਅ ਪੈ ਰਿਹਾ ਹੈ। ਡਾਕਟਰਾਂ ਨੇ ਆਪਰੇਸ਼ਨ ਰਾਹੀਂ ਕੈਂਸਰ ਨੂੰ ਜਲਦੀ ਨਾਲ ਕਢਵਾ ਦੇਣ ਦੀ ਸਲਾਹ ਦਿੱਤੀ ਪਰ ਉਸ ਦੇ ਕੁਝ ਮਿਲਣ ਵਾਲਿਆਂ ਨੇ ਪੁੱਠੇ ਰਸਤੇ ਪਾਇਆ ਕਿ ਆਪਰੇਸ਼ਨ ਕਰਵਾਉਣ ਤੋਂ ਪਹਿਲਾਂ ਪੀਲੀਆ ਝੜਵਾ ਕੇ ਵੇਖ ਲੈਣ ਕਿਉਂਕਿ ਇਹ ਰੋਗ ਝੜਵਾਉਣ ਨਾਲ ਹੀ ਜਾਂਦਾ ਹੈ। ਉਹ ਉਨ੍ਹਾਂ ਦੇ ਕਹਿਣੇ ਵਿੱਚ ਆ ਗਏ ਅਤੇ ਹਸਪਤਾਲ ਤੋਂ ਜ਼ਬਰਦਸਤੀ ਛੁੱਟੀ ਲੈ ਕੇ ਝਾੜਫੂਕ ਕਰਵਾਉਣ ਲੱਗੇ।
ਉਨ੍ਹਾਂ ਦਾ ਪੀਲੀਆ ਆਪਣੇ-ਆਪ ਠੀਕ ਹੋਣ ਵਾਲੀ ਇਨਫੇਕਟਿਵ ਹੈਪੇਟਾਈਟਿਸ ਕਾਰਨ ਤਾਂ ਸੀ ਨਹੀਂ, ਜੋ ਝੜਵਾਉਣ ਨਾਲ ਠੀਕ ਹੋ ਜਾਂਦਾ। ਇਸਲਈ ਦਿਨ-ਬ-ਦਿਨ ਵਧਦਾ ਗਿਆ ਅਤੇ ਉਹ ਇਕ ਦੇ ਬਾਅਦ ਦੂਜੇ ਝਾੜਨ ਵਾਲੇ ਦੇ ਘਰ ਚੱਕਰ ਕੱਟਦੇ ਰਹੇ। ਜਦੋਂ ਦੋ ਮਹੀਨੇ ਇਸ ਤਰ੍ਹਾਂ ਧੱਕੇ ਖਾਂਦਿਆਂ ਲੰਘ ਗਏ ਤਾਂ ਉਹ ਝਾੜਫੂਕ ਤੋਂ ਨਿਰਾਸ਼ ਹੋ ਕੇ, ਫੇਰ ਆਪਰੇਸ਼ਨ ਲਈ ਹਸਪਤਾਲ ਵਿੱਚ ਪਹੁੰਚੇ। ਪਰ ਹੁਣ ਕੈਂਸਰ ਏਨਾ ਜ਼ਿਆਦਾ ਫੈਲ ਚੁੱਕਿਆ ਸੀ ਕਿ ਉਸਨੂੰ ਆਪਰੇਸ਼ਨ ਰਾਹੀਂ ਕੱਢਣਾ ਵੀ ਨਾਮੁਮਕਿਨ ਸੀ। ਇਸਲਈ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਕਰਨ ਤੋਂ ਨਾਂਹ ਕਰ ਦਿੱਤੀ। ਦੋ ਮਹੀਨੇ ਦੇ ਅੰਦਰ ਹੀ ਉਨ੍ਹਾਂ ਦੀ ਮੌਤ ਹੋ ਗਈ। ਜੇਕਰ ਇਹ ਝਾੜਫੂਕ ਦਾ ਚੱਕਰ ਨਾ ਹੁੰਦਾ ਤਾਂ ਇਨ੍ਹਾਂ ਦੋਨਾਂ ਰੋਗੀਆਂ ਦੀਆਂ ਜਾਨਾਂ ਬਚ ਗਈਆਂ ਹੁੰਦੀਆਂ।
ਪੀਲੀਏ ਦੇ ਇਲਾਵਾ ਕੁਝ ਹੋਰਨਾਂ ਰੋਗਾਂ ਵਿੱਚ ਵੀ ਝਾੜਫੂਕ ਜ਼ਿਆਦਾ ਪ੍ਰਚਲਿਤ ਹੈ। ਕਰਣਫੇਰ (ਗਲਸੁਏ) ਵਿੱਚ ਬਹਤੁ ਸਾਰੇ ਲੋਕ ਪਿੱਪਲ ਦੇ ਪੱਤੇ ਉੱਤੇ ਮੰਤਰ ਲਿਖਵਾ ਕੇ ਬੰਨ੍ਹਦੇ ਹਨ। ਕਰਣਫੇਰ ਆਮ-ਤੌਰ ’ਤੇ ਲਗਭਗ ਇਕ ਹਫ਼ਤੇ ਵਿੱਚ ਆਪਣੇ-ਆਪ ਠੀਕ ਹੋ ਜਾਂਦੇ ਹਨ। ਲੋਕ ਸਮਝਦੇ ਹਨ ਕਿ ਉਨ੍ਹਾਂ ਦਾ ਰੋਗ ਮੰਤਰ ਨਾਲ ਠੀਕ ਹੋਇਆ ਹੈ ਜਦਕਿ ਅਸਲੀਅਤ ਇਹ ਹੈ ਕਿ ਜੇਕਰ ਉਨ੍ਹਾਂ ਨੇ ਬਿਨ੍ਹਾਂ ਲਿਖਿਆ ਹੋਇਆ ਪੱਤਾ ਜਾਂ ਸਿਰਫ਼ ਰੂੰ ਹੀ ਬੰਨ੍ਹੀ ਹੁੰਦੀ, ਤਾਂ ਵੀ ਉਨ੍ਹਾਂ ਦਾ ਰੋਗ ਓਨੇ ਸਮੇਂ ਵਿੱਚ ਠੀਕ ਹੋ ਜਾਏ।
ਇਸੇ ਤਰ੍ਹਾਂ, ਅਰਧਾਂਨਗੀ, ਜਿਸ ਵਿੱਚ ਸਰੀਰ ਦੇ ਅੱਧੇ ਭਾਗ ਵਿੱਚ ਛੋਟੇ-ਛੋਟੇ ਛਾਲੇ ਨਿਕਲ ਆਉਂਦੇ ਹਨ, ਅੰਧਵਿਸ਼ਵਾਸੀ ਲੋਕ ਘੁਮਿਆਰ ਦੇ ਘਰ ਦੀ ਮਿੱਟੀ ਪੜ੍ਹਵਾ ਕੇ ਲਗਾਉਂਦੇ ਹਨ। ਇਹ ਵੀ ਵਾਇਰਸ ਤੋਂ ਫੈਲਣ ਵਾਲਾ ਇਕ ਰੋਗ ਹੈ ਅਤੇ ਲਗਭਗ ਦੋ-ਤਿੰਨ ਹਫ਼ਤੇ ਵਿੱਚ ਆਪਣੇ-ਆਪ ਠੀਕ ਹੋ ਜਾਂਦਾ ਹੈ ਪਰ ਝਾੜਫੂਕ ਇਸ ਵਿੱਚ ਵੀ ਚਲਦੀ ਹੈ।
ਫਾਲਿਜ (ਲਕਵਾ) ਵਿੱਚ ਵੀ ਲੋਕ ਝਾੜਫੂਕ ਕਰਵਾਉਂਦੇ ਹਨ। ਫਾਲਿਜ ਡਿੱਗਣ ਦੇ ਅਲੱਗ-ਅਲੱਗ ਕਾਰਨ ਹੁੰਦੇ ਹਨ। ਅਕਸਰ ਲਕਵੇ ਵਿੱਚ ਸਭ ਤੋਂ ਜ਼ਿਆਦਾ ਕਮਜ਼ੋਰੀ ਸ਼ੁਰੂ ਵਿੱਚ ਹੁੰਦੀ ਹੈ। ਜਿਉਂ-ਜਿਉਂ ਸਮਾਂ ਬੀਤਦਾ ਹੈ, ਲਕਵੇ ਵਾਲੇ ਅੰਗ ਵਿੱਚ ਕੁਝ-ਕੁਝ ਤਾਕਤ ਮੁੜ ਵਾਪਸ ਆਉਣ ਲੱਗ ਪੈਂਦੀ ਹੈ। ਲੋਕ ਗਲਤ-ਫਹਿਮੀ ਵਿੱਚ ਰਹਿੰਦੇ ਹਨ ਕਿ ਲਾਭ ਝਾੜ-ਫੂਕ ਨਾਲ ਹੋ ਰਿਹਾ ਹੈ।
ਸਭ ਤੋਂ ਜ਼ਿਆਦਾ ਦੁਖ ਤਾਂ ਉਨ੍ਹਾਂ ਰੋਗੀਆਂ ਨੂੰ ਦੇਖ ਕੇ ਹੁੰਦਾ ਹੈ, ਜਿਨ੍ਹਾਂ ਦੇ ਰੋਗ ਦਾ ਇਲਾਜ ਛੇਤੀ ਹੋ ਜਾਣ ਵਾਲਾ ਹੁੰਦਾ ਹੈ ਪਰ ਝਾੜਫੂਕ ਦੇ ਚੱਕਰ ਵਿੱਚ ਪੈ ਕੇ ਸਾਲਾਂ ਬੱਧੀ ਦੁਖ ਉਠਾਉਂਦੇ ਹਨ ਜਾਂ ਰੋਗ ਨੂੰ ਵਿਗਾੜ ਕੇ ਡਾਕਟਰ ਦੇ ਕੋਲ ਆਉਂਦੇ ਹਨ। ਪਿੰਡ ਵਾਲੇ ਤਾਂ ਸ਼ਾਇਦ ਹਰ ਰੋਗ ਦਾ ਇਲਾਜ ਝਾੜਫੂਕ ਨਾਲ ਕਰਵਾਉਂਦੇ ਹਨ ਅਤੇ ਕਦੇ-ਕਦਾਈਂ ਰੋਗੀ ਦੀ ਦੁਰਦਸ਼ਾ ਕਰ ਕੇ ਹੀ ਡਾਕਟਰ ਦੇ ਪਾਸ ਲਿਆਉਂਦੇ ਹਨ।
ਝਾੜਫੂਕ ਦੇ ਤਰੀਕੇ ਵੀ ਅਜੀਬ ਹੁੰਦੇ ਹਨ। ਰੋਗੀਆਂ ਦੀ ਬਾਂਹ ਵਿੱਚ ਤਵੀਤ ਬੰਨ੍ਹੇ ਹੋਣਾ ਤਾਂ ਸਧਾਰਨ ਜਿਹੀ ਗੱਲ ਹੈ। ਨਿਮੋਨੀਆ ਨਾਲ ਪੀੜਤ ਬੱਚੇ ਦੀਆਂ ਨਿਮੋਨੀਆਂ (ਨਮੂਨੀਆਂ) ਪਸਲੀਆਂ ਉੱਤੇ ਕੱਜਲ ਦੀਆਂ ਲਕੀਰਾਂ ਬਣਾਈਆਂ ਜਾਂਦੀਆਂ ਹਨ। ਮਿਰਗੀ ਦਾ ਦੌਰਾ ਪੈਣ ’ਤੇ ਰੋਗੀ ਨੂੰ ਜੁੱਤੀ ਸੁੰਘਾਈ ਜਾਂਦੀ ਹੈ। ਕੁਝ ਕਮਜ਼ੋਰ ਬੱਚਿਆਂ ਦੀ ਪਿੱਠ ਜਾਂ ਸਿਰ ਵਿੱਚ ਮੈਂ ਅਜੀਬ ਤਰ੍ਹਾਂ ਤੋਂ ਜਲੇ ਹੋਏ ਨਿਸ਼ਾਨ ਵੇਖੇ, ਜੋ ਬੱਚਿਆਂ ਨੂੰ ਸੋਕੜੇ ਦੀ ਬਿਮਾਰੀ ਹੋਣ ਉੱਤੇ ਝਾੜਣ ਵਾਲਿਆਂ ਨੇ ਗਰਮ ਠੱਪੇ ਲਗਾ ਕੇ ਬਣਾਏ ਸਨ।
ਕਦੇ-ਕਦੇ ਤਾਂ ਇਲਾਜ ਦੇ ਇਹ ਤਰੀਕੇ, ਰੋਗ ਤੋਂ ਜ਼ਿਆਦਾ ਘਾਤਕ ਸਿੱਧ ਹੁੰਦੇ ਹਨ। ਕੁਝ ਦਿਨ ਪਹਿਲਾਂ ਮੈਂ ਇਕ ਰੋਗੀ ਨੌਜੁਆਨ ਨੂੰ ਵੇਖਣ ਗਿਆ ਸੀ। ਉਸ ਨੂੰ ਟੈਟਨਸ ਦੀ ਬਿਮਾਰੀ ਸੀ। ਇਹ ਬਿਮਾਰੀ ਖ਼ਤਰਨਾਕ ਹੁੰਦੀ ਹੈ ਅਤੇ ਇਸ ਦੇ ਕੀਟਾਣੂ ਮਿੱਟੀ ਜਾਂ ਗੋਹੇ ਵਿੱਚ ਹੁੰਦੇ ਹਨ, ਜੋ ਚਮੜੀ ਦੇ ਕੱਟ ਹੋਣ ਜਾਂ ਕਿਸੇ ਗੰਦੀ ਚੀਜ਼ ਦੇ ਚੁੱਭਣ ਨਾਲ ਸਰੀਰ ਵਿੱਚ ਦਾਖ਼ਲ ਹੋ ਜਾਂਦੇ ਹਨ। ਪਹਿਲਾਂ ਉਸ ਨੌਜੁਆਨ ਨੂੰ ਕਦੇ-ਕਦੇ ਮਿਰਗੀ ਦੇ ਦੌਰੇ ਪੈ ਜਾਂਦੇ ਸਨ, ਜਿਸ ਨੂੰ ਠੀਕ ਕਰਨ ਲਈ ਇਕ ਝਾੜਨ ਵਾਲੇ ਬਾਬਾ ਜੀ ਨੇ ਉਸ ਦਾ ਕੰਨ ਕੁਝ ਦਿਨ ਪਹਿਲਾਂ ਬਿਨ੍ਹਿਆ ਸੀ। ਸਪਸ਼ਟ ਸੀ ਕਿ ਉਸ ਨੌਜੁਆਨ ਦੇ ਇਸ ਖ਼ਤਰਨਾਕ ਰੋਗ ਦਾ ਕਾਰਨ ਉਸ ਝਾੜਨ ਵਾਲੇ ਦੀ ਗੰਦੀ ਸੂਈ ਹੀ ਸੀ। ਮਿਰਗੀ ਦਾ ਰੋਗ ਤਾਂ ਉਸਦੇ ਇਸ ਇਲਾਜ ਨਾਲ ਠੀਕ ਨਹੀਂ ਹੋਇਆ ਪਰ ਟੈਟਨਸ ਕਾਰਨ ਉਸਦੀ ਜਾਨ ਦੇ ਲਾਲੇ ਜਰੂਰ ਪੈ ਗਏ। ਹਸਪਤਾਲ ਵਿੱਚ ਕਾਫ਼ੀ ਦਿਨਾਂ ਤੱਕ ਉਸ ਨੌਜੁਆਨ ਦਾ ਇਲਾਜ ਚਲਦਾ ਰਿਹਾ। ਤਦ ਕਿਧਰੇ ਜਾ ਕੇ ਬੜੀ ਔਖੀ ਤਰ੍ਹਾਂ ਉਸਦੀ ਜਾਨ ਬਚ ਸਕੀ।
ਇਸ ਤਰ੍ਹਾਂ ਦੀਆਂ ਘਟਨਾਵਾਂ ਹਰ ਰੋਜ਼ ਵੇਖਣ ਨੂੰ ਮਿਲਦੀਆਂ ਹਨ। ਤੁਸੀਂ ਹੋਰਨਾਂ ਲੋਕਾਂ ਦੇ ਜਾਂ ਵੱਡਿਆਂ-ਬੁੱਢਿਆਂ ਦੇ ਕਹਿਣ ਨੂੰ ਬਿਨਾਂ ਤਰਕ ਠੀਕ ਮੰਨ ਲੈਂਦੇ ਹੋ। ਤੁਸੀਂ ਆਪਣੇ ਦ੍ਰਿਸ਼ਟੀਕੋਣ ਨੂੰ ਬਦਲੋ ਅਤੇ ਸਿਰਫ਼ ਉਹੀ ਕੰਮ ਕਰੋ, ਜਿਹੜਾ ਤੁਹਾਨੂੰ ਤਰਕ ਨਾਲ ਠੀਕ ਜਾਪੇ। ਝਾੜਫੂਕ ਨਾਲ ਬਿਮਾਰੀ ਵਿੱਚ ਕੁਝ ਲਾਭ ਤਾਂ ਨਹੀਂ ਹੋ ਸਕਦਾ, ਨੁਕਸਾਨ ਜ਼ਰੂਰ ਹੋ ਸਕਦਾ ਹੈ। ਸੋ, ਅੱਜ ਸਮਾਜ ਨੂੰ ਝਾੜਫੂਕ ਅਤੇ ਧਾਗੇ-ਤਬੀਤਾਂ ਦੇ ਇਸ ਗੰਦੇ ਪਖੰਡ ’ਚੋਂ ਕੱਢਣ ਦੀ ਸਖ਼ਤ ਲੋੜ ਹੈ।