Subscription About Us Contact Us


ਯੋਗਾ ਤੇ ਆਯੂਰਵੇਦ ਦੀ ਆੜ ਵਿੱਚ ਅੰਧਵਿਸ਼ਵਾਸਾਂ ਦਾ ਪ੍ਰਚਾਰਕ : ਬਾਬਾ ਰਾਮਦੇਵ

- ਮੇਘ ਰਾਜ ਮਿੱਤਰ -
ਪ੍ਰਧਾਨ, ਤਰਕਸ਼ੀਲ ਸੋਸਾਇਟੀ

ਵਿਗਿਆਨ ਦੀ ਤਰੱਕੀ ਦੇ ਇਸ ਯੁੱਗ ਵਿੱਚ ਵੀ ਅੱਜ ਭਾਰਤ ’ਚ ਬਹੁਤ ਸਾਰੇ ਵਿਅਕਤੀਆਂ ਨੇ ਫੋਨ ਕਾਲਾਂ ਅਤੇ ਚਿੱਠੀਆਂ ਰਾਹੀਂ ਬਾਬਾ ਰਾਮ ਦੇਵ ਬਾਰੇ ਤਰਕਸ਼ੀਲ ਸੁਸਾਇਟੀ ਦੇ ਵਿਚਾਰਾਂ ਨੂੰ ਜਾਣਨਾ ਚਾਹਿਆ ਹੈ। ਬਾਬਾ ਰਾਮ ਦੇਵ ਨੇ ਭਾਰਤ ਦੇ ਕਾਫੀ ਵਸਨੀਕਾਂ ਨੂੰ ਕਸਰਤ ਕਰਨ ਦੀ ਇਕ ਆਦਤ ਪਾ ਦਿੱਤੀ ਹੈ, ਜੋ ਇਕ ਪ੍ਰਸ਼ੰਸਾ ਯੋਗ ਗੱਲ ਹੈ। ਸਵੇਰ ਵੇਲੇ ਜਦੋਂ ਮੈਂ ਕਸਰਤ ਤੇ ਸੈਰ ਲਈ ਪਾਰਕ ਵਿੱਚ ਜਾਂਦਾ ਹਾਂ, ਤਾਂ ਵੇਖਦਾ ਹਾਂ ਕਿ ਬਹੁਤ ਸਾਰੇ ਵਿਅਕਤੀ ਆਪਣੇ ਨੱਕ ’ਤੇ ਹੱਥ ਰੱਖੀਂ, ਲੰਬੇ-ਲੰਬੇ ਸਾਹ ਲੈ ਰਹੇ ਹੁੰਦੇ ਹਨ ਜਾਂ ਇਕ ਦੂਜੇ ਨੂੰ ਵੇਖ ਕੇ ਤਾੜੀਆਂ ਹੀ ਮਾਰਨ ਲੱਗੇ ਹੁੰਦੇ ਹਨ। ਸਰੀਰ ਨੂੰ ਚੜ੍ਹਦੀਆਂ ਕਲਾਵਾਂ ਵਿੱਚ ਰੱਖਣ ਲਈ ਕਸਰਤ ਦੀ ਭੂਮਿਕਾ ਨੂੰ ਕੋਈ ਵੀ ਵਿਅਕਤੀ ਰੱਦ ਨਹੀਂ ਕਰ ਸਕਦਾ। ਦੂਜੀ ਗੱਲ ਜਿਹੜੀ ਬਾਬਾ ਰਾਮਦੇਵ ਦੀ ਪ੍ਰਸ਼ੰਸਾਯੋਗ ਹੈ, ਉਹ ਹੈ ਬਹੁ-ਕੌਮੀ ਕਾਰਪੋਰੇਸ਼ਨਾਂ ਵਿਰੁੱਧ ਉਸਦਾ ਪ੍ਰਚਾਰ। ਪਰ ਬਹੁਤ ਸਾਰੇ ਮੁੱਦੇ ਅਜਿਹੇ ਵੀ ਹਨ, ਜਿਨ੍ਹਾਂ ਵਿੱਚ ਬਾਬਾ ਰਾਮਦੇਵ ਦੀ ਭੂਮਿਕਾ ਚੰਗੀ ਵੀ ਨਹੀਂ।

ਅੱਜ ਤੋਂ ਕੁਝ ਸਾਲ ਪਹਿਲਾਂ ਭਾਰਤ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਇਸਾਈ ਪ੍ਰਚਾਰਕ ਆਉਂਦੇ ਸਨ ਤੇ ਉਹ ਲੋਕਾਂ ਦੀਆਂ ਅਨੇਕ ਫਹੁੜੀਆਂ ਸੁਣਨ ਵਾਲੀਆਂ ਮਸ਼ੀਨਾਂ ਆਦਿ ਸੁਟਵਾ ਦਿੰਦੇ ਸਨ। ਉਹ ਦਾਅਵਾ ਕਰਦੇ ਸਨ ਕਿ ਜਿਹੜੇ ਵੀ ਵਿਅਕਤੀ ਬਾਈਬਲ ਦੇ ਲੜ ਲੱਗ ਗਏ ਹਨ, ਉਨ੍ਹਾਂ ਵਿੱਚੋਂ ਇਹ ਬਿਮਾਰੀਆਂ ਅਲੋਪ ਹੋ ਗਈਆਂ। ਉਹ ਅਜਿਹੇ ਠੀਕ ਹੋਏ ਵਿਅਕਤੀਆਂ ਨੂੰ ਸਟੇਜਾਂ ’ਤੇ ਲੋਕਾਂ ਸਾਹਮਣੇ ਪੇਸ਼ ਕਰਦੇ। ਪਰ ਜਦੋਂ ਕਿਤੇ ਵੀ ਤਰਕਸ਼ੀਲਾਂ ਨੇ ਉਨ੍ਹਾਂ ਦੇ ਦਾਅਵਿਆਂ ਦੀ ਪੜਤਾਲ ਕੀਤੀ, ਤਾਂ ਉਹ ਸਭ ਝੂਠੇ ਸਿੱਧ ਹੁੰਦੇ। ਇਸਲਈ ਤਰਕਸ਼ੀਲਾਂ ਦੀਆਂ ਚੁਣੌਤੀਆਂ ਸਾਹਮਣੇ ਉਹ ਹਮੇਸ਼ਾ ਹੀ ਪਤਰੇ ਵਾਚ ਜਾਂਦੇ।

ਬਾਬਾ ਰਾਮਦੇਵ ਵੀ ਇਸ ਕਿਸਮ ਦਾ ਹੀ ਇਕ ਹਿੰਦੂ ਧਰਮ ਦਾ ਪ੍ਰਚਾਰਕ ਹੈ। ਕਿਸੇ ਇਕ ਫਿਰਕੇ ਦਾ ਫੱਟਾ ਲਾ ਕੇ ਪ੍ਰਚਾਰ ਕਰਨ ਵਾਲੇ ਵਿਅਕਤੀਆਂ ਨੂੰ ਅਸੀਂ ਦੇਸ਼ ਭਗਤ ਨਹੀਂ ਕਹਿ ਸਕਦੇ। ਕਿਉਂਕਿ ਉਨ੍ਹਾਂ ਦੀ ਇਹ ਗੱਲ ਦੇਸ਼ ਦੇ ਸੰਵਿਧਾਨ ਵਿੱਚ ਦਰਜ ਅਖੰਡਤਾ ਦੀ ਮੱਦ ਦੇ ਹੱਕ ਵਿੱਚ ਨਹੀਂ ਭੁਗਤਦੀ। ਠੀਕ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀਆਂ ਨੂੰ ਰਾਮਦੇਵ ਤੁਰੰਤ ਮੀਡੀਆ ਸਾਹਮਣੇ ਪੇਸ਼ ਕਰਕੇ ਲੋਕਾਂ ਵਿੱਚੋਂ ਸਮੂਹ ਬੀਮਾਰੀਆਂ ਯੋਗਾ ਰਾਹੀਂ ਖ਼ਤਮ ਕਰਨ ਦਾ ਪ੍ਰਚਾਰ ਕਰਦਾ ਹੈ। ਸਰੀਰ ਵਿੱਚ ਬਹੁਤ ਸਾਰੀਆਂ ਬੀਮਾਰੀਆਂ ਪੈਦਾ ਹੋ ਜਾਂਦੀਆਂ ਹਨ, ਜਿਹੜੀਆਂ ਬੈਕਟੀਰੀਆ ਜਾਂ ਜੀਵਾਣੂਆਂ (ਵਾਇਰਸ) ਕਰਕੇ ਹੁੰਦੀਆਂ ਹਨ। ਅਜਿਹੀਆਂ ਬਿਮਾਰੀਆਂ ਨੂੰ ਸਰੀਰ ਵਿੱਚੋਂ ਖਤਮ ਕਰਨ ਲਈ ਦਵਾਈਆਂ ਦੀ ਵਰਤੋਂ ਅਤੀ ਜਰੂਰੀ ਹੈ। ਮਿਸਾਲ ਦੇ ਤੌਰ ’ਤੇ, ਜੇ ਕਿਸੇ ਵਿਅਕਤੀ ਨੂੰ ਟੀ.ਬੀ. ਦੀ ਬਿਮਾਰੀ ਹੋ ਗਈ ਹੈ ਤਾਂ ਲਾਜਮੀ ਹੀ ਉਸਨੂੰ ਬਿਮਾਰੀ ਦੇ ਖਾਤਮੇ ਲਈ ਦਵਾਈ ਖਾਣੀ ਅਤਿ ਜਰੂਰੀ ਹੈ। ਟੀ.ਬੀ. ਦੀ ਦਵਾਈ ਵਿਚਕਾਰੋਂ ਛੱਡ ਦੇਣ ਦਾ ਮਤਲਬ ਹੁੰਦਾ ਹੈ ਕਿ ਅਗਲੀ ਵਾਰ ਇਸ ਤਰ੍ਹਾਂ ਦੀ ਬਿਮਾਰੀ ਹੋਰ ਘਾਤਕ ਹੋ ਸਕਦੀ ਹੈ।

ਬਲਬੀਰ ਮੇਰੇ ਸ਼ਹਿਰ ਦਾ ਵਸਨੀਕ ਹੈ। ਇਕ ਵਾਰ ਉਸ ’ਤੇ ਵੀ ਬਾਬਾ ਰਾਮਦੇਵ ਦੀ ਕਸਰਤ ਦਾ ਭੂਤ ਸਵਾਰ ਹੋ ਗਿਆ। ਉਹ ਪਹਿਲਾਂ ਹੀ ਦਿਲ ਦੀ ਬਿਮਾਰੀ ਦਾ ਸ਼ਿਕਾਰ ਸੀ। ਬਾਬੇ ਦੀ ਲੰਬੇ-ਲੰਬੇ ਸਾਹ ਲੈਣ ਦੀ ਕਸਰਤ ਨੇ ਉਸ ਦਾ ਅਜਿਹਾ ਹਸ਼ਰ ਕੀਤਾ ਕਿ ਲੱਖਾਂ ਰੁਪਏ ਖਰਚ ਕੇ, ਬੜੀ ਮੁਸ਼ਕਲ ਨਾਲ ਉਸਦੇ ਪਰਵਾਰ ਵਾਲੇ ਉਸਦੀ ਜਿੰਦਗੀ ਨੂੰ ਬਚਾ ਸਕੇ। ਹੁਣ ਉਹ ਸੈਰ ਤਾਂ ਕਰਦਾ ਹੈ, ਪਰ ਬਾਬੇ ਦੀਆਂ ਕਸਰਤਾਂ ਤੋਂ ਉਸਨੇ ਤੌਬਾ ਕਰ ਲਈ ਹੈ। ਅਜਿਹੇ ਵਿਅਕਤੀ ਨੂੰ ਰਾਮਦੇਵ ਕਦੇ ਵੀ ਮੀਡੀਆ ਅੱਗੇ ਪੇਸ਼ ਨਹੀਂ ਕਰੇਗਾ।

ਬਾਬਾ ਰਾਮਦੇਵ ਯੋਗਾ ਅਤੇ ਆਯੁਰਵੇਦ ਦੀਆਂ ਸ਼ਕਤੀਆਂ ਨੂੰ ਬਹੁਤ ਵਧਾ-ਚੜ੍ਹਾ ਕੇ ਪੇਸ਼ ਕਰਨ ਦਾ ਆਦੀ ਹੈ। ਕਈ ਵਾਰ ਤਾਂ ਉਹ ਕਹਿੰਦਾ ਹੈ ਕਿ ਮੈਂ ਆਥਣ ਤੱਕ ਪਰਕਸਿਨ ਦੀ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰ ਦੇਵਾਂਗਾ। ਕਦੇ ਉਹ ਕਹਿੰਦਾ ਹੈ ਕਿ ਯੋਗਾ ਰਾਹੀਂ ਏਡਜ ਦਾ ਖ਼ਾਤਮਾ ਕੀਤਾ ਜਾ ਸਕਦਾ ਹੈ। ਕੈਂਸਰ ਬਾਰੇ ਵੀ ਉਸ ਦੇ ਦਾਅਵੇ ਅਜਿਹੇ ਹੀ ਹੁੰਦੇ ਹਨ। ਕਦੇ ਉਹ ਕਹਿੰਦਾ ਹੈ ਕਿ ਯੋਗ ਸੰਸਾਰ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਕੀ ਉਹ ਅਮੀਰਾਂ ਹੱਥੋਂ ਹੋ ਰਹੀ ਗਰੀਬਾਂ ਦੀ ਲੁੱਟ ਨੂੰ ਯੋਗ ਰਾਹੀਂ ਖ਼ਤਮ ਕਰ ਸਕਦਾ ਹੈ? ਕੀ ਉਹ ਦੰਗਿਆਂ ਰਾਹੀਂ ਹੋ ਰਹੇ ਕਤਲੇਆਮ ਨੂੰ ਯੋਗ ਰਾਹੀਂ ਰੋਕ ਸਕਦਾ ਹੈ? ਕੀ ਉਹ ਭਾਰਤ ਦੇ ਦਸ ਕਰੋੜ ਬੇਰੋਜਗਾਰਾਂ ਨੂੰ ਯੋਗ ਰਾਹੀਂ ਨੌਕਰੀਆਂ ਦਿਵਾ ਸਕਦਾ ਹੈ? ਸਾਰੀਆਂ ਸਮੱਸਿਆਵਾਂ ਯੋਗਾ ਰਾਹੀਂ ਹੱਲ ਨਹੀਂ ਹੋ ਸਕਦੀਆਂ, ਸਗੋਂ ਢੁਕਵੀਂ ਸਿਆਸਤ ਤੇ ਪ੍ਰਸ਼ਾਸਨ ਹੀ ਇਨ੍ਹਾਂ ਨੂੰ ਹੱਲ ਕਰਦੇ ਹਨ।

ਹਰੇਕ ਵਿਅਕਤੀ ਵਿੱਚ ਕੁਝ ਗੁਣ ਤੇ ਔਗੁਣ ਹੁੰਦੇ ਹਨ। ਬਾਬਾ ਰਾਮਦੇਵ ਵੀ ਕਈ ਵਾਰ ਬਚਕਾਨਾ ਹਰਕਤਾਂ ’ਤੇ ਉਤਰ ਆਉਂਦੇ ਹਨ। ਉਨ੍ਹਾਂ ਦੀਆਂ ਇਹ ਹਰਕਤਾਂ ਸਮੁੱਚੇ ਅੰਤਰਰਾਸ਼ਟਰੀ ਭਾਈਚਾਰੇ ਦੇ ਵਿਰੁੱਧ ਜਾਂਦੀਆਂ ਹਨ। ਜਿਵੇਂ ਮੀਟ ਜਾਂ ਅੰਡਾ ਖਾਣਾ ਹਰੇਕ ਦੇਸ਼ ਜਾਂ ਧਰਮ ਦੇ ਲੋਕਾਂ ਦਾ ਨਿਜੀ ਮਾਮਲਾ ਹੁੰਦਾ ਹੈ। ਕੇਰਲਾ ਵਿੱਚ ਰਹਿਣ ਵਾਲੇ ਬ੍ਰਾਹਮਣ ਮੱਛੀ ਖਾਏ ਬਗੈਰ ਸੋਚ ਵੀ ਨਹੀਂ ਸਕਦੇ। ਠੰਡੇ ਮੁਲਕਾਂ ਵਿੱਚ ਰਹਿਣ ਵਾਲੇ ਲੋਕਾਂ ਦਾ ਗੁਜਾਰਾ ਮੀਟ ਜਾਂ ਆਂਡਿਆਂ ਤੋਂ ਬਗੈਰ ਨਹੀਂ ਹੋ ਸਕਦਾ। ਪਰ ਬਾਬਾ ਰਾਮਦੇਵ ਜੀ ਜਦੋਂ ਆਂਡਿਆਂ ਨੂੰ ਮੁਰਗੀ ਦੀ ਪੌਟੀ ਕਹਿੰਦੇ ਹਨ, ਤਾਂ ਇਨ੍ਹਾਂ ਚੀਜਾਂ ਨੂੰ ਖਾਣ ਵਾਲਿਆਂ ਦੇ ਹਿਰਦੇ ਵਲੂੰਧਰੇ ਜਾਂਦੇ ਹਨ।

ਬਾਬਾ ਜੀ ਖ਼ੁਦ 8 ਕਲਾਸਾਂ ਪੜ੍ਹੇ ਹੋਏ ਹਨ। ਇਸ ਲਈ ਬਹੁਤ ਸਾਰੇ ਖੇਤਰਾਂ ਵਿੱਚ ਉਨ੍ਹਾਂ ਦੀ ਆਪਣੀ ਜਾਣਕਾਰੀ ਬਹੁਤ ਥੋੜ੍ਹੀ ਹੈ। ਗਿਆਨ ਕਿਸੇ ਦਾ ਵੀ ਘੱਟ ਹੋ ਸਕਦਾ ਹੈ। ਪਰ ਜੇ ਘੱਟ ਗਿਆਨ ਵਾਲਾ ਵਿਅਕਤੀ ਸਰਬ-ਗਿਆਨ ਕਹਾਉਣ ਲੱਗ ਪਏ ਤਾਂ ਕਈ ਵਾਰ ਉਸ ਦੀਆਂ ਗੱਲਾਂ ’ਤੇ ਹਾਸਾ ਵੀ ਆਉਂਦਾ ਹੈ। ਜਿਵੇਂ ਬਾਬਾ ਰਾਮਦੇਵ ਆਸਥਾ ਚੈਨਲ ’ਤੇ 12 ਨਵੰਬਰ 2007 ਨੂੰ ਆਪਣੇ ਭਾਸ਼ਣ ਵਿੱਚ ਕਹਿ ਰਿਹਾ ਸੀ ਕਿ ਵਿਗਿਆਨਕਾਂ ਨੂੰ ਇਹ ਪਤਾ ਨਹੀਂ ਕਿ ਪਹਿਲਾਂ ਮੁਰਗੀ ਆਈ ਜਾਂ ਆਂਡਾ? ਵਿਗਿਆਨਕ ਤਾਂ ਕੀ, ਅੱਜ-ਕਲ੍ਹ ਹਰ ਬੀ.ਐਸ.ਸੀ. ਪੜ੍ਹਿਆ ਵਿਅਕਤੀ ਇਹ ਗੱਲ ਭਲੀਭਾਂਤ ਜਾਣਦਾ ਹੈ ਕਿ ਆਂਡੇ ਤਾਂ ਸਾਢੇ ਛੇ ਕਰੋੜ ਵਰ੍ਹੇ ਪਹਿਲਾਂ ਹੀ ਧਰਤੀ ’ਤੇ ਡਾਇਨਾਸੌਰਾਂ ਵੇਲੇ ਮੌਜੂਦ ਸਨ। ਪਰ ਉਸ ਸਮੇਂ ਮੁਰਗੀਆਂ ਨਹੀਂ ਸਨ। ਮੁਰਗੀ ਤਾਂ ਮੁਰਗਾਬੀ ਤੋਂ ਅੱਜ ਤੋਂ 10 ਕੁ ਹਜ਼ਾਰ ਵਰ੍ਹੇ ਪਹਿਲਾਂ ਹੋਂਦ ਵਿੱਚ ਆਈ ਸੀ। ਜਿਵੇਂ ਜੀਵ ਵਿਕਾਸ ਵਿੱਚ ਸਾਰੀਆਂ ਮਹੱਤਵਪੂਰਨ ਤਬਦੀਲੀਆਂ ਪਹਿਲੇ ਸੈੱਲ ਵਿੱਚ ਹੀ ਹੋ ਸਕਦੀਅ ਹਨ। ਬਾਕੀ ਸੈੱਲ ਤਾਂ ਵਾਧੇ ਤੇ ਵੰਡ ਰਾਹੀਂ ਹੋਂਦ ਵਿੱਚ ਆਉਂਦੇ ਰਹਿੰਦੇ ਹਨ ਤੇ ਇਹ ਪਹਿਲੇ ਸੈੱਲ ਦੀ ਫੋਟੋਕਾਪੀ ਹੀ ਹੁੰਦੇ ਹਨ। ਇਹ ਪਹਿਲਾ ਸੈੱਲ ਆਂਡੇ ਵਿੱਚ ਹੀ ਹੁੰਦਾ ਹੈ। ਇਸਲਈ ਆਂਡਾ ਮੁਰਗੀ ਨਾਲੋਂ ਪਹਿਲਾਂ ਹੋਂਦਾ ਵਿੱਚ ਆਇਆ।

ਇਸੇ ਤਰ੍ਹਾਂ, ਬਾਬਾ ਰਾਮਦੇਵ ਨੂੰ ਇਸ ਗੱਲ ਦੀ ਸਮਝ ਨਹੀਂ ਪੈਂਦੀ ਕਿ ਬਾਂਦਰ ਤੋਂ ਮਨੁੱਖ ਕਿਵੇਂ ਹੋਂਦ ਵਿੱਚ ਆਇਆ? ਅਸਲ ਵਿੱਚ ਜੀਵ ਵਿਕਾਸ ਇਕ ਹੌਲੀ-ਹੌਲੀ ਚੱਲਣ ਵਾਲੀ ਕ੍ਰਿਆ ਹੁੰਦੀ ਹੈ। ਇਸਨੂੰ ਪ੍ਰਯੋਗਸ਼ਾਲਾ ਵਿੱਚ ਵੇਖਿਆ ਨਹੀਂ ਜਾ ਸਕਦਾ। ਜੀਵਾਂ ਦੀਆਂ ਹੋਂਦ ਵਿੱਚ ਰਹੀਆਂ ਬਹੁਤ ਸਾਰੀਆਂ ਨਸਲਾਂ ਵਿੱਚ ਕਿਸੇ ਇਕ ਨਸਲ ਦੇ ਕਿਸੇ ਇਕ ਜੀਵ ਵਿੱਚ ਕੋਈ ਅਜਿਹੀ ਤਬਦੀਲੀ ਆਉਂਦੀ ਹੈ ਜੋ ਇਕ ਨਵੀਂ ਜਾਤੀ ਦੀ ਪੈਦਾਇਸ਼ ਬਣ ਜਾਂਦੀ ਹੈ। ਅੱਜ ਤੋਂ ਇਕ ਕਰੋੜ੍ਹ ਵਰ੍ਹੇ ਪਹਿਲਾਂ ਅਫਰੀਕਾ ਦੇ ਜੰਗਲਾਂ ਵਿੱਚ ਬਾਂਦਰਾਂ ਦੀ ਇਕ ਨਸਲ ਦੇ ਇਕ ਜੀਵ ਵਿੱਚ ਕੋਈ ਅਜਿਹੀ ਸਿਫ਼ਤੀ ਤਬਦੀਲੀ ਆਈ, ਜੋ ਉਸ ਨੂੰ ਮਨੁੱਖ ਜਾਤੀ ਦਾ ਸਭ ਤੋਜ ਪਹਿਲਾਂ ਪੂਰਵਜ ਬਣਾ ਗਈ। ਅਸੀਂ ਸਾਰੇ ਤਾਂ ਉਸ ਇੱਕੋ ਬਾਂਦਰਨੁਮਾ ਮਨੁੱਖ ਦੇ ਵੰਸ਼ਜ ਹਾਂ। ਧਰਤੀ ਦੀ ਡੂੰਘਾਈ ਅਨੁਸਾਰ ਵੱਖ-ਵੱਖ ਤੈਹਾਂ ਵਿੱਚੋਂ ਮਿਲਦੇ ‘ਫਾਸਿਲ’ ਇਸ ਗੱਲ ਦਾ ਸਬੂਤ ਹਨ। ਪਰ ਬਾਬਾ ਰਾਮਦੇਵ ਤਾਂ ਕਹਿੰਦਾ ਹੈ ਕਿ ਮਨੁੱਖ ਧਰਤੀ ਵਿੱਚੋਂ ਪੈਦਾ ਹੋਇਆ, ਇਸਲਈ ਧਰਤੀ ਨੂੰ ਪ੍ਰਣਾਮ ਕਰਨਾ ਚਾਹੀਦਾ ਹੈ। ਅਸੀਂ ਇਹ ਗੱਲ ਤਾਂ ਮੰਨ ਸਕਦੇ ਹਾਂ ਕਿ ਧਰਤੀ ਸਾਡੀ ਸਭ ਦੀ ਪਾਲਣਹਾਰ ਹੈ ਪਰ ਪੈਦਾਇਸ਼ ਤਾਂ ਜੀਵ ਵਿਕਾਸ ਰਾਹੀਂ ਹੀ ਹੋਈ ਹੈ। ਇਸ ਤਰ੍ਹਾਂ ਸੂਰਜ ਦੀ ਪੈਦਾਇਸ਼, ਅਮੀਬੇ ਦੀ ਪੈਦਾਇਸ਼ ਆਦਿ ਬਾਰੇ ਬਾਬੇ ਦੇ ਵਿਚਾਰ ਗੈਰ-ਵਿਗਿਆਨਕ ਅਤੇ ਅੰਧ-ਵਿਸ਼ਵਾਸ ਦੇ ਸੂਚਕ ਹਨ।

ਇੰਗਲੈਂਡ ਵਿੱਚ ਬਾਬੇ ਦੇ ਇਕ ਭਗਤ ਦਾ ਦਾਅਵਾ ਸੀ ਕਿ ਬਾਬੇ ਦੀ ਇਕ ਦਿਨ ਦੀ ਬੈਠਕ ਵਿੱਚ ਹੀ ਉਸਦਾ ਭਾਰ 5 ਪੌਂਡ ਘੱਟ ਗਿਆ। ਸੁਬੋਧ ਗੁਪਤਾ ਨਾ ਦੇ ਇਕ ਵਿਗਿਆਨਕ ਨੇ ਬਾਬੇ ਦੇ ਉਸ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਪੰਜ ਪੌਂਡ ਚਰਬੀ ਖ਼ਤਮ ਹੋਣ ਦਾ ਮਲਤਬ 5 ਘ 3500 } 17500 ਕੈਲਰੀਜ਼ ਦਾ ਪੈਦਾ ਹੋਣਾ ਹੈ, ਜੋ ਕਿ ਅਸੰਭਵ ਹੈ। ਸਰੀਰ ਵਿੱਚ ਵੱਧ ਤੋਂ ਵੱਧ 250 ਕੈਲਰੀਜ਼ ਹੀ ਇਕ ਬੈਠਕ ਦੌਰਾਨ ਘੱਟ ਕੀਤੀਆਂ ਜਾ ਸਕਦੀਆਂ ਹਨ। ਯਾਨਿ ਕਿ ਇਕ ਵਾਰ ਦੀ ਕਸਰਤ ਲਗਭਗ 35 ਕੁ ਗ੍ਰਾਮ ਚਰਬੀ ਹੀ ਘਟਾ ਸਕਦੀ ਹੈ। ਹਾਂ, ਸਰੀਰ ਵਿੱਚ ਪਸੀਨੇ ਰਾਹੀਂ ਪਾਣੀ ਜ਼ਰੂਰ ਘਟਾਇਆ ਜਾ ਸਕਦਾ ਹੈ।

ਮੀਡੀਆ ਰਾਹੀਂ ਬਾਬੇ ਦੇ ਫੋਕੇ ਦਾਅਵਿਆਂ ਦੇ ਪ੍ਰਚਾਰ ਕਾਰਨ, ਬਾਬੇ ਦਾ ਵਪਾਰ ਬੜੀ ਤੇਜ਼ੀ ਨਾਲ ਵੱਧ-ਫੁੱਲ ਰਿਹਾ ਹੈ। ਕਿਤਾਬਾਂ ਤੇ ਦਵਾਈਆਂ ਦੇ ਵੱਡੇ ਮੁੱਲ ਅਤੇ ਕੈਂਪਾਂ ਰਾਹੀਂ ਲੋਕਾਂ ਤੋਂ ਵਸੂਲੇ ਕਰੋੜਾਂ ਰੁਪਇਆਂ ਨੇ ਬਾਬੇ ਨੂੰ ਅਰਬਪਤੀ ਬਣਾ ਦਿੱਤਾ ਹੈ। ਇਸਲਈ ਤਾਂ ਮੱਧ ਸ਼੍ਰੇਣੀ ਦੇ ਲੋਕਾਂ ਲਈ ਬਾਬਾ ਇਕ ਦੇਵਤਾ ਬਣ ਗਿਆ ਹੈ। ਪਰ ਗਰੀਬਾਂ ਕੋਲ ਤਾਂ ਉਸਦੀਆਂ ਦਵਾਈਆਂ ਤੇ ਕਿਤਾਬਾਂ ਖਰੀਦਣ ਦੀ ਸਮਰੱਥਾ ਹੀ ਨਹੀਂ। ਉਂਜ ਵੀ ਰਾਮਦੇਵ ਦੇ ਦਵਾਈਆਂ ਬਣਾਉਣ ਦੇ ਕਾਰਖਾਨੇ ਵਿੱਚ ਮਜ਼ਦੂਰਾਂ ਨੂੰ ਘੱਟ ਮਜਦੂਰੀਆਂ ਮਿਲਣ ਕਰਕੇ ਹੜਤਾਲਾਂ ਕਰਨੀਆਂ ਪੈਂਦੀਆਂ ਹਨ। ਮਾਰਕਸੀ ਪੋਲਿਟ ਬਿਉਰੋ ਮੈਂਬਰ ਬਰਿੰਦਾ ਕਾਰਤ ਜਦੋਂ ਅਜਿਹੇ ਮਜ਼ਦੂਰਾਂ ਦੀ ਮਦਦ ’ਤੇ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਬਾਬਾ ਰਾਮਦੇਵ ਦੀਆਂ ਦਵਾਈਆਂ ਵਿੱਚ ਮਨੁੱਖੀ ਹੱਡੀਆਂ ਅਤੇ ਜਾਨਵਰਾਂ ਦੀਆਂ ਹੱਡੀਆਂ ਮਿਲਾਈਆਂ ਹੁੰਦੀਆਂ ਹਨ।

ਭਾਵੇਂ ਬਾਬਾ ਰਾਮਦੇਵ ਇਸ ਗੱਲ ਨੂੰ ਸਵੀਕਾਰ ਨਹੀਂ ਕਰਦਾ ਪਰ ਆਯੂਰਵੇਦ ਵਿੱਚ ਇਨ੍ਹਾਂ ਗੱਲਾਂ ਦੀ ਕੋਈ ਮਨਾਹੀ ਨਹੀਂ। ਹੱਡੀਆਂ ਦੀ ਭਸਮ ਵੀ ਉਨ੍ਹਾਂ ਲਈ ਇਕ ਦਵਾਈ ਹੈ। ਇੱਥੇ ਸੁਆਲ ਇਹ ਪੈਦਾ ਹੁੰਦਾ ਹੈ ਕਿ ਤੁਹਾਨੂੰ ਬਿਮਾਰੀ ਦੀ ਹਾਲਤ ਵਿੱਚ ਕਿਹੜੀ ਪ੍ਰਣਾਲੀ ਵਰਤੋਂ ਵਿੱਚ ਲਿਆਉਣੀ ਚਾਹੀਦੀ ਹੈ। ਮੈਂ ਸਮਝਦਾ ਹਾਂ ਕਿ ਸਿਰਫ਼ ਉਹੀ ਪ੍ਰਣਾਲੀ ਵਰਤੋਂ ਵਿੱਚ ਲਿਆਉਣੀ ਚਾਹੀਦੀ ਹੈ, ਜਿਹੜੇ ਤੁਹਾਡੇ ਕਿੰਤੂਆਂ ਦਾ ਤਸੱਲੀਬਖਸ਼ ਜੁਆਬ ਦਿੰਦੀ ਹੋਵੇ। ਮਤਲਬ, ਤੁਹਾਨੂੰ ਜੋ ਬਿਮਾਰੀ ਪੈਦਾ ਹੋਈ, ਉਹ ਕਿਉਂ ਹੋਈ? ਦਵਾਈ ਉਸ ਬਿਮਾਰੀ ਨੂੰ ਕਿੰਨੇ ਸਮੇਂ ਵਿੱਚ ਅਤੇ ਕਿਵੇਂ ਠੀਕ ਕਰੇਗੀ? ਆਯੂਰਵੇਦ ਇਨ੍ਹਾਂ ਗੱਲਾਂ ਦਾ ਜੁਆਬ ਤਸੱਲੀਬਖਸ਼ ਨਹੀਂ ਦਿੰਦੀ। ਇਸਦੇ ਮੁਕਾਬਲੇ, ਐਲੋਪੈਥੀ ਇਨ੍ਹਾਂ ਗੱਲਾਂ ਦਾ ਜੁਆਬ ਦਿੰਦੀ ਹੈ।

ਆਯੂਰਵੇਦਿਕ ਪ੍ਰਣਾਲੀ ਵਿੱਚ ਬਹੁਤ ਸਾਰੀਆਂ ਭਾਰੀਆਂ ਧਾਤਾਂ ਦੀਆਂ ਭਸਮਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਜੋ ਜ਼ਹਿਰਲੀਆਂ ਹੁੰਦੀਆਂ ਹਨ। ਜਿਵੇਂ ਸਿੱਕਾ, ਪਾਰਾ, ਆਰਸੈਨਿਕ ਆਦਿ। ਆਯੂਰਵੇਦਿਕ ਦਵਾਈਆਂ ਜੜ੍ਹੀਆਂ-ਬੂਟੀਆਂ ਦੀ ਵਰਤੋਂ ਕਰਕੇ ਬਣਾਈਆਂ ਜਾਂਦੀਆਂ ਹਨ। ਬਰਸਾਤੀ ਮੌਸਮ ਵਿੱਚ ਜੜੀਆਂ-ਬੂਟੀਆਂ ਵਿੱਚ ਪਾਣੀ ਦੀ ਮਾਤਰਾ ਵੱਧ ਹੁੰਦੀ ਹੈ, ਗਰਮੀਆਂ ਵਿੱਚ ਘੱਟ। ਇਸ ਤਰ੍ਹਾਂ ਆਯੁਰਵੇਦਿਕ ਪ੍ਰਣਾਲੀ ਵਿੱਚ ਦਵਾਈ ਦੀ ਅਸਲ ਮਾਤਰਾ ਘੱਟ-ਵੱਧ ਹੁੰਦੀ ਰਹਿੰਦੀ ਹੈ। ਐਲੋਪੈਥਿਕ ਦਵਾਈਆਂ ਵਿੱਚ ਹਰ ਵੇਲੇ ਲੱਖਾਂ ਵਿਗਿਆਨਕ ਖੋਜ-ਪੜਤਾਲ ਵਿੱਚ ਲੱਗੇ ਰਹਿੰਦੇ ਹਨ। ਕਿਸੇ ਵੀ ਦਵਾਈ ਦੇ ਸਾਈਡ-ਇਫੈਕਟਾਂ ਦੀ ਗੱਲ ਜਨਤੱਕ ਹੁੰਦੀ ਰਹਿੰਦੀ ਹੈ। ਪਰ ਆਯੂਰਵੇਦ ਵਿੱਚ ਅਜਿਹਾ ਨਹੀਂ ਹੁੰਦਾ। ਜੇਕਰ ਕਿਸੇ ਆਯੂਰਵੇਦਿਕ ਦਵਾਈ ਦੇ ਸਾਈਡ-ਇਫੈਕਟ ਬਾਰੇ ਜਾਣਕਾਰੀ ਮਿਲ ਵੀ ਜਾਏ, ਤਾਂ ਵੀ ਬਹੁਤ ਘੱਟ ਤੌਰ ’ਤੇ ਹੀ ਇਸਨੂੰ ਜਨਤੱਕ ਕੀਤਾ ਜਾਂਦਾ ਹੈ।

ਆਯੂਰਵੇਦ ਦੀਆਂ ਬਹੁਤ ਸਾਰੀਆਂ ਦਵਾਈਆਂ ਐਲੋਪੈਥੀ ਮੁਤਾਬਿਕ ‘ਸਟੀਰਾਇਡਜ਼’ (steriods) ਹੁੰਦੀਆਂ ਹਨ, ਜਿਹੜੀਆਂ ਉਸ ਹਾਲਤ ਵਿੱਚ ਹੀ ਲੈਣੀਆਂ ਬਣਦੀਆਂ ਹਨ, ਜਦੋਂ ਕੋਈ ਵੀ ਹੋਰ ਹੱਲ ਬਾਕੀ ਨਾ ਰਹੇ। ਐਲੋਪੈਥੀ ਅਜਿਹੀ ਪ੍ਰਣਾਲੀ ਹੈ ਜਿਸ ਨੇ ਧਰਤੀ ’ਤੇ ਉਪਲਬਧ ਸੈਂਕੜੇ ਬਿਮਾਰੀਆਂ ਦੀ ਜਾਂ ਤਾਂ ਹੋਂਦ ਹੀ ਖ਼ਤਮ ਕਰ ਦਿੱਤੀ ਹੈ ਜਾਂ ਫਿਰ ਉਨ੍ਹਾਂ ਦਾ ਇਲਾਜ ਸੰਭਵ ਬਣਾ ਦਿੱਤਾ ਹੈ।

ਜਿਵੇਂ ਅੱਜ ਤੋਂ 60 ਕੁ ਸਾਲ ਪਹਿਲਾਂ ਟੀ.ਬੀ. ਤੋਂ ਪੀੜ੍ਹਤ ਕਿਸੇ ਮਰੀਜ਼ ਦਾ ਬਚਣਾ ਮੁਸ਼ਕਲ ਹੁੰਦਾ ਸੀ। ਪਰ ਅੱਜ ਟੀ.ਬੀ. ਦੇ ਬਹੁਤੇ ਮਰੀਜ਼ ਬਚ ਜਾਂਦੇ ਹਨ। ਇਸ ਦੇ ਇਲਾਵਾ, ਧਰਤੀ ਤੋਂ ਪਲੇਗ, ਚੇਚਕ ਆਦਿਕ ਬਿਮਾਰੀਆਂ ਦਾ ਭੋਗ ਪਾ ਦਿੱਤਾ ਗਿਆ। ਦੁਨੀਆ ਦੇ ਬਹੁਤੇ ਦੇਸ਼ਾਂ ਵਿੱਚ ਪੋਲੀਓ ਦਾ ਨਾਮੋਂਨਿਸ਼ਾਨ ਹੀ ਮਿਟਾ ਦਿੱਤਾ ਗਿਆ ਹੈ ਤੇ ਕੁਝ ਸਾਲਾਂ ਵਿੱਚ ਭਾਰਤ ਵਿੱਚ ਵੀ ਇਹ ਬਿਮਾਰੀ ਜੜ੍ਹੋਂ ਖ਼ਤਮ ਕਰ ਦਿੱਤੀ ਜਾਏਗੀ। ਇਸਦੇ ਇਲਾਵਾ, ਆਉਣ ਵਾਲੇ 20-30 ਸਾਲਾਂ ਵਿੱਚ ਦਰਜਨਾਂ ਹੋਰ ਬਿਮਾਰੀਆਂ ਧਰਤੀ ਤੋਂ ਸਦਾ ਲਈ ਖ਼ਤਮ ਕਰ ਦਿੱਤੀਆਂ ਜਾਣਗੀਆਂ। ਭਾਵੇਂ ਆਯੂਰਵੇਦ ਪੁਰਾਤਨ ਗ੍ਰੰਥਾਂ ਦੀ ਦੇਣ ਹੈ ਪਰ ਆਯੂਰਵੇਦ ਉਪਰੋਕਤ ਬਿਮਾਰੀਆਂ ਵਿੱਚੋਂ ਕਿਸੇ ਇਕ ਨੂੰ ਵੀ ਕਦੇ ਖ਼ਤਮ ਕਿਉਂ ਨਾ ਕਰ ਸਕਿਆ?

ਬਾਬਾ ਰਾਮਦੇਵ ਸਕੂਲਾਂ-ਕਾਲਜਾਂ ਵਿੱਚ ਸੈਕਸ-ਐਜੂਕੇਸ਼ਨ ਦਾ ਵਿਰੋਧੀ ਹੈ। ਪਰ ਏਡਜ਼ ਅਤੇ ਜਨਣ ਅੰਗਾਂ ਦੀਆਂ ਬਿਮਾਰੀਆਂ ਨੂੰ ਕਾਬੂ ਵਿੱਚ ਰੱਖਣ ਵਾਸਤੇ ਇਹ ਸਿੱਖਿਆ ਅਤਿ ਜਰੂਰੀ ਹੈ। ਬਾਬਾ ਰਾਮਦੇਵ ਇਕ ਸਾਧ ਦਾ ਬਾਣਾ ਪਾ ਕੇ ਹੀ ਸਟੇਜ ’ਤੇ ਆਉਂਦਾ ਹੈ। ਇਸਦਾ ਕਾਰਨ ਹੈ ਕਿ ਲੋਕ ਸਾਧਾਂ, ਸੰਤਾਂ ਪ੍ਰਤੀ ਸ਼ਰਧਾਵਾਨ ਹੁੰਦੇ ਹਨ। ਪਰ ਪੰਜਾਬ ਦੀ ਤਰਕਸ਼ੀਲ ਲਹਿਰ ਵਿੱਚ ਮੇਰਾ ਅਨੁਭਵ ਦੱਸਦਾ ਹੈ ਕਿ ਭਗਵੇ ਕਪੜਿਆਂ ਵਾਲੇ ਹਮੇਸ਼ਾ ਹੀ ਠੱਗ ਅਤੇ ਲੋਕ-ਵਿਰੋਧੀ ਹੁੰਦੇ ਹਨ। ਬਾਬਾ ਰਾਮਦੇਵ ਦਾੜ੍ਹੀ-ਮੁੱਛਾਂ ਕਿਉਂ ਰੱਖਦਾ ਹੈ, ਇਸਦਾ ਵੀ ਇਕ ਖ਼ਾਸ ਕਾਰਨ ਹੈ। ਉਹ ਇਹ ਕਿ ਜ਼ਿੰਦਗੀ ਦੇ ਕਿਸੇ ਖ਼ਾਸ ਮੋੜ ’ਤੇ ਬਾਬੇ ਨੂੰ ਬੈਲੱਜ ਪੈਲਸ (Bells palsy) ਨਾਂ ਦੀ ਬਿਮਾਰੀ ਹੋ ਗਈ ਸੀ, ਜਿਸ ਵਿੱਚ ਕੋਈ ਵਿਅਕਤੀ ਇਕ ਪਾਸੇ ਦੇ ਚਿਹਰੇ ਦੇ ਅਧਰੰਗ ਦਾ ਸ਼ਿਕਾਰ ਹੋ ਜਾਂਦਾ ਹੈ। ਇਸੇ ਵਾਸਤੇ ਬਾਬੇ ਦੀ ਇਕ ਅੱਖ ਬਾਰ-ਬਾਰ ਝਪਕਦੀ ਰਹਿੰਦੀ ਹੈ। ਜੇ ਉਸਨੇ ਦਾੜ੍ਹੀ-ਮੁੱਛਾਂ ਨਾ ਰੱਖੀਆਂ ਹੁੰਦੀਆਂ ਤਾਂ ਉਸ ਦੀ ਇਹ ਬਿਮਾਰੀ ਹੋਰ ਸਪਸ਼ਟ ਨਜ਼ਰ ਆਉਣੀ ਸੀ। ਬਾਬਾ ਯੋਗਾ ਰਾਹੀਂ ਆਪਦੀ ਇਹ ਬਿਮਾਰੀ ਹੁਣ ਤੱਕ ਠੀਕ ਕਿਉਂ ਨਹੀਂ ਕਰ ਸਕਿਆ?

ਮਨੁੱਖ ਜਾਤੀ ਵਿੱਚ ਨੱਕ ਦੇ ਸੁਰਾਖ ਤਾਂ ਦੋ ਹੁੰਦੇ ਹਨ ਪਰ ਆਪਣੀ ਲੰਬਾਈ ਦੇ ਸਿਰਫ਼ ਦੋ ਇੰਚ ਦੀ ਦੂਰੀ ’ਤੇ ਇਹ ਸੁਰਾਖ਼ ਸਿਰਫ਼ ਇਕੋ ਨਾਲੀ ਵਿੱਚ ਤਬਦੀਲ ਹੋ ਜਾਂਦੇ ਹਨ। ਅਜਿਹੇ ਵਿੱਚ, ਬਾਬਾ ਰਾਮਦੇਵ ਲੋਕਾਂ ਨੂੰ ਇਕ ਨੱਕ ਰਾਹੀਂ ਸਾਹ ਲੈ ਕੇ ਦੂਜੇ ਰਾਹੀਂ ਕੱਢਣ ’ਤੇ ਹੀ ਕਿਉਂ ਜ਼ੋਰ ਦਿੰਦਾ ਹੈ? ਇਸਦਾ ਫਾਇਦਾ ਕੀ ਅਤੇ ਕਿਵੇਂ ਹੋ ਸਕਦਾ ਹੈ?

ਅੰਤ ਵਿੱਚ ਮੈਂ ਲੋਕਾਂ ਨੂੰ ਇਹੀ ਸਲਾਹ ਦੇਣਾ ਚਾਹਾਂਗਾ ਕਿ ਬਾਬੇ ਵੱਲੋਂ ਕਰਵਾਈਆਂ ਜਾਂਦੀਆਂ ਕਸਰਤਾਂ ਉਨ੍ਹਾਂ ਲੋਕਾਂ ਲਈ ਹੀ ਫਾਇਦੇਮੰਦ ਹੋ ਸਕਦੀਆਂ ਹਨ, ਜਿਹੜੇ ਕਿਸੇ ਕਿਸਮ ਦੀਆਂ ਹੋਰ ਕਸਰਤਾਂ ਨਹੀਂ ਕਰਦੇ। ਉਂਜ ਵੀ ਸਕੂਲਾਂ ਤੇ ਫੌਜ ਦੇ ਡਰਿੱਲ ਮਾਸਟਰਾਂ ਵੱਲੋਂ ਕਰਵਾਈਆਂ ਜਾਂਦੀਆਂ ਕਸਰਤਾਂ, ਬਾਬੇ ਦੀਆਂ ਕਸਰਤਾਂ ਦੇ ਮੁਕਾਬਲੇ ਵੱਧ ਵਿਗਿਆਨਕ ਹਨ। ਕਿਸੇ ਵੀ ਵਿਅਕਤੀ ਨੂੰ ਮਾਨਸਿਕ ਜਾਂ ਸਰੀਰਕ ਸਿਹਤ ਜਾਂ ਉਮਰ ਨੂੰ ਧਿਆਨ ਵਿੱਚ ਰੱਖ ਕੇ ਹੀ ਕਸਰਤ ਕਰਨੀ ਚਾਹੀਦੀ ਹੈ। ਜੇ ਤੁਸੀਂ ਵੱਡੀ ਉਮਰ ਵਿੱਚ ਜਾ ਕੇ ਭੱਜਣਾ ਸ਼ੁਰੂ ਕਰ ਦੇਵੋਗੇ ਤਾਂ ਹੋ ਸਕਦਾ ਹੈ ਤੁਹਾਡੀ ਕੋਈ ਹੱਡੀ ਟੁੱਟ ਜਾਵੇ ਜਾਂ ਅੰਦਰੋਂ ਮਾਸ ਫਟ ਜਾਵੇ ਤੇ ਤੁਸੀਂ ਸਦਾ ਲਈ ਮੰਜਾ ਫੜ ਬੈਠੋ।