Subscription About Us Contact Us


ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਵੀਰ ਰਵਿੰਦਰ ਸਿੰਘ ਜੀ ਨੂੰ ਨੇਕ ਸਲਾਹ

- ਗੁਰਬਚਨ ਸਿੰਘ -
ਇੰਚਾਰਜ-ਸਿੱਖ ਮਿਸ਼ਨਰੀ ਕਾਲਜ, ਭੌਰ ਸੈਦਾਂ

ਮੈਂ ਗੁਰਬਚਨ ਸਿੰਘ, ਸਪੁੱਤਰ ਸ੍ਰ: ਸਰਦਾਰ ਸਿੰਘ ਢਾਡੀ, ਪਿੰਡ ਅਤੇ ਪੋਸਟ ਆਫ਼ਿਸ ਅਵਾਣ, ਜ਼ਿਲਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹਾਂ। ਮੈਂ 34 ਸਾਲਾ ਸੀ.ਆਰ.ਪੀ.ਐਫ. ਵਿੱਚ ਨੌਕਰੀ ਕਰਨ ਤੋਂ ਬਾਅਦ ਨਵੰਬਰ 2004 ਨੂੰ ਵਲੰਟੀਅਰ ਰਿਟਾਇਰਮੈਂਟ ਲੈ ਕੇ ਆਇਆ ਹਾਂ। 2 ਸਾਲਾ ਕੋਰਸ ਸਿੱਖ ਮਿਸ਼ਨਰੀ ਕਾਲਜ ਵੱਲੋਂ ਕੀਤਾ ਹੋਇਆ ਸੀ, ਇਸ ਕਰਕੇ ਬਤੌਰ ਪ੍ਰਬੰਧਕ ਦੀ ਸੇਵਾ ਦਾ ਮੌਕਾ ਲੁਧਿਆਣਾ ਦਾ ਬ੍ਰਾਂਚ ਪਿੰਡ ਤੇ ਪੋਸਟ ਆਫ਼ਿਸ ਭੌਰ ਸੈਦਾਂ, ਨੇੜੇ ਪੇਹਵਾ (ਹਰਿਆਣਾ) ਵਿਖੇ ਅਗਸਤ 2005 ਤੋਂ ਮਿਲਿਆ ਹੈ, ਜੋ ਅਜੇ ਜਾਰੀ ਹੈ।

ਮੇਰੀ ਸੀ.ਆਰ.ਪੀ.ਐਫ. ਦੀ ਨੌਕਰੀ ਅਜੇ ਸਾਢੇ ਪੰਜ ਸਾਲ ਰਹਿੰਦੀ ਸੀ। ਪਰ ਸਿੱਖਾਂ ਪ੍ਰਤੀ ਬ੍ਰਾਹਮਣ ਮਤ ਵਾਲਿਆਂ ਦੇ ਭੈੜੇ ਰਵੱਈਏ ਕਾਰਨ ਮੈਨੂੰ ਮਜਬੂਰਨ ਰਿਟਾਇਰਮੈਂਟ ਲੈਣੀ ਪਈ। ਮੈਂ ਲਗਾਤਾਰ 18 ਸਾਲ, ਇਕ ਸਿਪਾਹੀ ਤੋਂ ਲੈ ਕੇ ਡੀ.ਐਸ.ਪੀ. ਰੈਂਕ ਵਾਲਿਆਂ ਨੂੰ ਟ੍ਰੇਨਿੰਗ ਦਿੰਦਾ ਰਿਹਾ ਹਾਂ ਅਤੇ ਗੁੜਗਾਓਂ ਦੇ ਲਾਗੇ 2 ਸਬ-ਇੰਸਪੈਕਟਰਾਂ ਤੇ 15-20 ਹੌਲਦਾਰਾਂ ਅਤੇ ਸਿਪਾਹੀਆਂ ਨਾਲ, 1000 ਨਵੇਂ ਭਰਤੀ ਹੋਏ ਸਿਪਾਹੀਆਂ ਦੇ ਰਹਿਣ, ਖਾਣ-ਪੀਣ, ਪਰੇਡ ਗਰਾਊਂਡ ਦੀ ਤਿਆਰੀ ਕੰਪਨੀਆਂ ਅਤੇ ਸਟਾਫ਼ ਦੀ ਵੰਡ, ਦਫ਼ਤਰ, ਸਟੋਰ, ਪਾਣੀ, ਗੈਰਾਜ ਦਾ ਪ੍ਰਬੰਧਕ ਇਕੱਲੇ ਨੇ ਕੀਤਾ ਸੀ। ਪਿਛਲਾ ਰਿਕਾਰਡ ਐਕਸੀਲੈਂਟ ਸੀ। ਪਰ ਧਾਰਮਕ ਬਿਰਤੀ ਵਾਲਾ ਸਿੱਖ ਹੋਣ ਕਰਕੇ ਫਿਰਕਾਪ੍ਰਸਤਾਂ ਦੀ ਸੋਚਣੀ ਦਾ ਸ਼ਿਕਾਰ ਹੋ ਗਿਆ। ਸੰਨ 2004 ਵਿੱਚ ਮੈਂ ਯੂਨਿਟ ਦਾ ਸੂਬੇਦਾਰ ਮੇਜਰ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦੇ ਸਬੰਧ ਵਿੱਚ ਆਪਣੇ ਸਿੱਖ ਸਿਪਾਹੀਆਂ ਸਮੇਤ ਗੁੜਗਾਓਂ ਦੇ ਗੁਰਦੁਆਰਾ ਸਾਹਿਬ ਵਿੱਚ ਜਾਣ ਦੀ ਇਜਾਜ਼ਤ ਮੰਗੀ। ਫਿਰਕਾਪ੍ਰਸਤ ਅਫ਼ਸਰਾਂ ਨੇ ਕਿਹਾ, ਇਥੇ ਮੰਦਰ ਵਿੱਚ ਹੀ ਗੁਰਪੁਰਬ ਮਨਾ ਲਵੋ। ਜਦੋਂ ਅਸੀਂ ਕਿਹਾ ਐਸਾ ਨਹੀਂ ਹੋ ਸਕਦਾ ਤਾਂ ਅਸੀਂ ਮੰਗ ਕੀਤੀ ਕਿ ਵੱਖਰੇ ਟੈਂਟ ਲਗਾ ਕੇ ਅਸੀਂ ਦਿਨ ਮਨਾ ਲੈਂਦੇ ਹਾਂ। ਪਰ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਆਉਣ ਲਈ ਇਕ ਗੱਡੀ ਚਾਹੀਦੀ ਹੈ। ਤਾਂ ਅੱਗੋਂ ਮਜ਼ਾਕ ਨਾਲ ਕਹਿੰਦੇ, ਮੋਟਰ-ਸਾਈਕਲ ’ਤੇ ਲੈ ਆਵੋ। ਅਸੀਂ ਇਹ ਦਿਨ ਨਾ ਮਨਾਉਣ ਦਾ ਫੈਸਲਾ ਕੀਤਾ ਅਤੇ ਮੇਰੇ ਉੱਪਰ ਉਲਟਾ ਧਾਰਮਕ ਕੱਟੜਵਾਦੀ ਦਾ ਇਲਜ਼ਾਮ ਲਗਾਇਆ ਅਤੇ ਮੇਰੇ ਉਪਰ ਸੂਹੀਏ ਛੱਡ ਦਿੱਤੇ ਗਏ। ਜਗ੍ਹਾ-ਜਗ੍ਹਾ ਮੈਨੂੰ ਪਰੇਸ਼ਾਨ ਕੀਤਾ ਗਿਆ। ਮੇਰੇ ਤੋਂ ਜੂਨੀਅਰ ਅਫ਼ਸਰ ਨੂੰ ਸੂਬੇਦਾਰ ਮੇਜਰ ਲਗਾ ਦਿੱਤਾ ਗਿਆ।

ਵੀਰ ਜੀ, ਮੈਂ ਬੇਨਤੀ ਕਰਦਾ ਹਾਂ ਜੋ ਵੀ ਤੁਸੀਂ ਅੱਜ ਹੋ, ਕੇਵਲ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਬਦੌਲਤ ਹੋ। ਜਿੰਨੇ ਵੀ ਅੱਜ ਸਪੋਕਸਮੈਨ ਦੇ ਪਾਠਕ ਹਨ, ਉਨ੍ਹਾਂ ਵਿੱਚ ਬਹੁਤੇ ਮਿਸ਼ਨਰੀ ਲਹਿਰ ਦੇ ਮੈਂਬਰ ਹਨ। ਵੀਰ ਜੀ, ਤੁਹਾਡੀ ਸੋਚ ਕਾਫ਼ੀ ਹੱਦ ਤਕ ਠੀਕ ਹੈ। ਪਰ ਜਿਵੇਂ ਤੁਸੀਂ ਰਹਿਤ ਮਰਿਆਦਾ ਵਿਰੁੱਧ ਸਟੈਂਡ ਲਿਆ, ਉਹ ਠੀਕ ਨਹੀਂ। ਐਵੇਂ ਹੀ ਸਾਰੇ ਦਸਮ ਗ੍ਰੰਥ ਨੂੰ ਰੱਦ ਕਰਨਾ ਠੀਕ ਨਹੀਂ। ਅੱਜ ਤੋਂ ਲਗਪਗ 90/100 ਸਾਲ ਪਹਿਲਾਂ ਮੰਚ ਖਾਲਸਾ ਦੀਵਾਨ (ਭਸੌੜ) ਨੇ ਵੀ ਇਹੀ ਸਟੈਂਡ ਲਿਆ ਸੀ। ਪਰ ਅੱਜ ਉਨ੍ਹਾਂ ਦਾ ਕੋਈ ਨਾਮ ਨਹੀਂ ਲੈਂਦਾ। ਇਹੀ ਹਾਲ ਤੁਹਾਡਾ ਅਤੇ ਤੁਹਾਡੇ ਸਾਥੀਆਂ ਦਾ ਹੋਣਾ ਹੈ। ਬਣਨਾ ਕੁਝ ਨਹੀਂ, ਮਿਸ਼ਨਰੀ ਲਹਿਰ ਬਦਨਾਮ ਹੋਵੇਗੀ। ਸਿੱਖ ਮਿਸ਼ਨਰੀ ਕਾਲਜ ਹੌਲੀ-ਹੌਲੀ ਸਿੱਖ ਸੰਗਤਾਂ ਦੀ ਸੋਚ ਨੂੰ ਬਦਲਣ ਦਾ ਕੰਮ ਕਰ ਰਿਹਾ ਹੈ। ਤੁਹਾਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਹੈ। ਤੁਸੀਂ ਸਾਡੇ ਨਾਲ ਰਲ ਕੇ ਪਿੰਡਾਂ ਵਿੱਚ ਇਕ ਮਹੀਨਾ ਪ੍ਰਚਾਰ ਕਰੋ। ਅੱਜ ਦੇ ਹਾਲਾਤ ਵੇਖ ਕੇ, ਪਹਿਲੀ ਗੱਲ ਤਾਂ ਤੁਸੀਂ ਪਾਗਲ ਹੋ ਜਾਵੋਗੇ। ਜੇ ਪਾਗਲ ਨਹੀਂ ਹੋਏ ਤਾਂ ਅਸਲੀਅਤ ਸਮਝ ਜਾਵੋਗੇ।

ਸ਼ੁਰੂ ਵਿੱਚ ਜੋ ਮੈਂ ਲਿਖਿਆ ਹੈ, ਉਸਦਾ ਮਤਲਬ ਦਿੱਲੀ ਤੋਂ ਪਰ੍ਹਾਂ ਸਿੱਖਾਂ ਦੀ ਕੀ ਹਾਲਤ ਹੈ, ਉਸ ਬਾਰੇ ਦੱਸਣਾ ਸੀ। ਅਜਿਹੀ ਹਾਲਤ ਵਿੱਚ ਸਾਡੇ ਲੀਡਰ ਵੀ, ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ, ਕੁਝ ਕਰ ਨਹੀਂ ਸਕਦੇ ਕਿਉਂਕਿ ਘੱਟ-ਗਿਣਤੀ ਅਵਾਜ਼ ਬਹੁ-ਗਿਣਤੀ ਦੇ ਸ਼ੋਰ-ਸ਼ਰਾਬੇ ਵਿੱਚ ਦੱਬ ਕੇ ਰਹਿ ਜਾਂਦੀ ਹੈ। ਇਸੇ ਕਾਰਨ ਸਿੱਖਾਂ ਵਿਰੁੱਧ ਹੁੰਦੀਆਂ ਜ਼ਿਆਦਤੀਆਂ ਰੁਕ ਨਹੀਂ ਰਹੀਆਂ। ਰੋਜ਼ ਮੀਡੀਏ ਰਾਹੀਂ, ਫਿਲਮਾਂ, ਪੁਸਤਕਾਂ ਤੇ ਮੈਗਜ਼ੀਨਾਂ ਵਿੱਚ ਸਿੱਖਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ। ਸਿੱਖ ਹਿਤੈਸ਼ੀ ਅਖ਼ਬਾਰਾਂ, ਰਸਾਲੇ ਤੇ ਪੁਸਤਕਾਂ ਸਿੱਖਾਂ ਦਾ ਭਵਿੱਖ ਬਡਾ ਡਰਾਉਣਾ ਕਰਕੇ ਦੱਸ ਰਹੀਆਂ ਹਨ। ਇਸਲਈ ਸਭ ਤੋਂ ਪਹਿਲਾਂ ਉਹ ਯਤਨ ਹੋਣੇ ਚਾਹੀਦੇ ਹਨ, ਜਿਨ੍ਹਾਂ ਨਾਲ ਸਿੱਖਾਂ ਦੀ ਹੋਂਦ ਬਰਕਰਾਰ ਰਹੇ ਅਤੇ ਸਿੱਖ ਦੀ ਆਨ-ਸ਼ਾਨ ਵਿੱਚ ਵਾਧਾ ਹੋਵੇ।

ਵੀਰ ਜੀ, ਤੁਸੀਂ, ਤੁਹਾਡੇ ਸਹਿਯੋਗੀ ਅਤੇ ਸਪੋਕਸਮੈਨ ਅੰਮ੍ਰਿਤ, ਅੰਮ੍ਰਿਤ ਵੇਲਾ, ਪੰਜ ਬਾਣੀਆਂ, ਹੋਰ ਤਾਂ ਹੋਰ ਸਿੱਖ ਰਹਿਤ ਮਰਿਆਦਾ ਦੇ ਖਿਲਾਫ਼ ਬਿਆਨ ਦੇਈ ਜਾ ਰਹੇ ਹੋ, ਜਿਸ ਨਾਲ ਆਮ ਸੰਗਤ ਤੁਹਾਡੇ ਨਾਲ ਨਫ਼ਰਤ ਕਰਦੀ ਹੈ। ਲੋੜ ਤਾਂ ਸੀ ਪਤਿਤਪੁਣੇ ਤੇ ਨਸ਼ਿਆਂ ਨੂੰ ਰੋਕਣ ਲਈ ਪ੍ਰਚਾਰ ਕਰਨ ਦੀ। ਵੀਰ ਜੀ, ਮੈਂ ਦੇਖਿਆ ਸੀ, ਸ੍ਰ: ਮਹਿੰਦਰ ਸਿੰਘ ਜੋਸ਼ ਦੇ ਸੰਸਕਾਰ ਅਤੇ ਅੰਤਮ ਅਰਦਾਸ ਸਮੇਂ ਕੁਝ ਗਿਣਤੀ ਦੇ ਲੋਕ ਆਏ ਸਨ। ਜੋਕਿ ਤੁਹਾਡੀ ਹੀ ਸੋਚ ਵਾਲੇ ਸਨ। ਤੁਹਾਡੇ ਗਲਤ ਪ੍ਰਚਾਰ ਦੀ ਇਕ ਮਿਸਾਲ ਪੇਸ਼ ਕਰ ਰਿਹਾ ਹਾਂ ਕਿ ਸ੍ਰ: ਮੋਹਨ ਸਿੰਘ, ਜੋਕਿ ਤੁਹਾਡੀ ਤਰ੍ਹਾਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਹੀ ਉਪਜ ਹੈ, ਨੂੰ ਥੋੜਾ ਗਿਆਨ ਹੋ ਗਿਆ ਤਾਂ ਤੁਹਾਡੀ ਤਰ੍ਹਾਂ ਹੀ ਬੋਲਣ ਲੱਗ ਪਿਆ। ਜਦ ਮੈਂ ਉਸਦੇ ਘਰ ਗਿਆ ਤਾਂ ਸੁਣ ਕੇ ਹੈਰਾਨ ਹੋ ਗਿਆ, ਉਸਦੇ ਮਾਂ-ਬਾਪ, ਰਿਸ਼ਤੇਦਾਰ ਅਤੇ ਮਿੱਤਰ ਉਸਨੂੰ ਪਾਗਲ ਕਹੀ ਜਾ ਰਹੇ ਸਨ। ਅਗਰ ਸ਼ੱਕ ਹੈ ਤਾਂ ਸ੍ਰ: ਮੋਹਨ ਸਿੰਘ ਕੋਲੋਂ ਖ਼ੁਦ ਹੀ ਪੁੱਛ ਲੈਣਾ।

ਵੀਰ ਜੀ, ਅਗਰ ਕੌਮ ਦਾ ਕੁਝ ਸੰਵਾਰਨਾ ਚਾਹੁੰਦੇ ਹੋ ਤਾਂ ਸਿੱਖ ਰਹਿਤ-ਮਰਿਆਦਾ ਦੇ ਆਪ ਧਾਰਨੀ ਹੋਵੋ, ਇਸਦਾ ਪ੍ਰਚਾਰ ਕਰਕੇ ਕੌਮ ਨੂੰ ਜੋੜੋ। ਐਸਾ ਤਾਂ ਹੀ ਹੋ ਸਕਦਾ ਹੈ, ਜੇਕਰ ਤੁਸੀਂ ਅਤੇ ਤੁਹਾਡੇ ਸਹਿਯੋਗੀ, ਪ੍ਰਿੰ: ਹਰਭਜਨ ਸਿੰਘ ਦੀ ਅਗਵਾਈ ਹੇਠ ਆ ਜਾਣ। ਫਿਰ ਸਹਿਜੇ ਹੀ ਸਮਾਂ ਆਉਣ ਦੇ ਨਾਲ ਤੁਹਾਡੀ ਸੋਚ ਠੀਕ ਹੋ ਜਾਏਗੀ। ਅਗਰ ਤੁਸੀਂ ਰਹਿਤ ਮਰਿਆਦਾ ਦੇ ਖਿਲਾਫ਼ ਹੀ ਬੋਲਣਾ ਹੈ, ਫਿਰ ਤੁਹਾਡੇ ਅਤੇ ਡੇਰਾਵਾਦ ਵਿੱਚ ਫਰਕ ਕੀ ਰਹਿ ਗਿਆ? ਤੁਹਾਡੇ ਵਿਚਾਰ ਪੜ੍ਹ ਕੇ ਮੇਰੇ ਜੈਸਾ ਸਾਧਾਰਨ ਵਿਅਕਤੀ ਹੈਰਾਨ ਹੋ ਗਿਆ ਹੈ ਕਿ ਤੁਸੀਂ ਕੌਮ ਨੂੰ ਕੁਝ ਦੇ ਰਹੇ ਹੋ ਜਾਂ ਡੋਬ ਰਹੇ ਹੋ? ਮੈਂ ਤਾਂ ਸਮਝ ਰਿਹਾ ਹਾਂ ਕਿ ਸਿਰਸੇ ਵਾਲਾ, ਆਸ਼ੂਤੋਸ਼, ਨਿਰੰਕਾਰੀਏ, ਨਾਮਧਾਰੀਏ, ਨਾਨਕਸਰੀਏ, ਰਾਧਾ ਸੁਆਮੀਆਂ ਦੀ ਤਰ੍ਹਾਂ ਤੁਸੀਂ ਸਿੱਖ ਕੌਮ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਹੋ।

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਮੈਗਜ਼ੀਨ ਸਿੱਖ ਫੁਲਵਾੜੀ ਵਿੱਚ ਖਾਸ ਕਰਕੇ ਸੰਪਾਦਕੀ ਲੇਖਾਂ ਦੇ ਦੁਆਰਾ, ਉਨ੍ਹਾਂ ਸਾਰੀਆਂ ਬੁਰਿਆਈਆਂ ਨੂੰ, ਜੋ ਕਿ ਸਿੱਖ ਧਰਮ ਨੂੰ ਨੀਵਾਂ ਦਿਖਾਉਂਦੀਆਂ ਹਨ, ਦੇ ਖਿਲਾਫ਼ ਬੇਧੜਕ ਹੋ ਕੇ ਲਿਖਿਆ ਜਾਂਦਾ ਹੈ, ਜਿਸਨੂੰ ਪੜ੍ਹ ਕੇ ਆਮ ਸਿੱਖ ਵੀ ਅਮਲ ਕਰਦਾ ਹੈ। ਇਸ ਕਰਕੇ ਵੀਰ ਜੀ, ਤੁਹਾਨੂੰ ਮੈਂ ਫਿਰ ਬੇਨਤੀ ਕਰਦਾ ਹਾਂ ਕਿ ਬਿਆਨ ਦੇਣ ਦੀ ਜਗ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਕਰੋ। ਇਸ ਨਾਲ ਹੀ ਸਿੱਖ ਕੌਮ ਜਾਗਰੁਕ ਹੋਵੇਗੀ ਅਤੇ ਗਲਤ ਰੀਤੀ-ਰਿਵਾਜਾਂ, ਮਨਮਤਾਂ, ਗੁਰਮਤਿ ਵਿਰੋਧੀ ਕਰਮ-ਕਾਂਡਾਂ ਨੂੰ ਤਿਆਗ ਦੇਵੇਗੀ। ਤੁਸੀਂ ਆਪਣੀ ਸ਼ਕਤੀ ਨੂੰ ਉਸਾਰੂ ਕੰਮਾਂ ਵਿੱਚ ਲਾਵੋ, ਵਾਦ-ਵਿਵਾਦਾਂ ਵਿੱਚ ਪੈ ਕੇ ਆਪਣੇ ਜੀਵਨ ਦਾ ਅਮੋਲਕ ਸਮਾਂ ਨਾ ਗਵਾਓ।

ਇਸ ਪੱਤਰ ਬਾਰੇ ਸੰਪਾਦਕ ਸ੍ਰ: ਸਰਬਜੀਤ ਸਿੰਘ ਦੇ ਵਿਚਾਰ

ਸਿੱਖ ਮਿਸ਼ਨਰੀ ਕਾਲਜ ਦੀ ਕੁਰੂਕਸ਼ੇਤਰ ਬ੍ਰਾਂਚ ਦੇ ਇੰਚਾਰਜ ਸ੍ਰ: ਗੁਰਬਚਨ ਸਿੰਘ ਜੀ ਨੇ ਵੀਰ ਰਵਿੰਦਰ ਸਿੰਘ ਪਿੰਜੌਰ ਅਤੇ ਉਨ੍ਹਾਂ ਦੇ ਕਥਿਤ ‘ਸਾਥੀਆਂ’ ਨੂੰ ‘ਨੇਕ’ ਸਲਾਹ ਦੇਣ ਲਈ ਆਪਣਾ ਬਹੁਮੁੱਲਾ ਸਮਾਂ ਕੱਢਿਆ, ਇਸ ਵਾਸਤੇ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ। ਪਰ ਸੀ.ਆਰ.ਪੀ.ਐਫ. ਦੇ ਅਧਿਕਾਰੀਆਂ ਵੱਲੋਂ ਸ੍ਰ: ਗੁਰਬਚਨ ਸਿੰਘ ਨਾਲ ਕੀਤੀ ਗਈ ਧੱਕੇਸ਼ਾਹੀ ਦੀ ਘਟਨਾ ਦਾ ਸ੍ਰ: ਰਵਿੰਦਰ ਸਿੰਘ ਪਿੰਜੌਰ ਵੱਲੋਂ ਸਿੱਖ ਮਿਸ਼ਨਰੀ ਕਾਲਜ ਬਾਬਤ ਲਿਖੇ ਗਏ ਲੇਖ ਨਾਲ ਕੋਈ ਸਬੰਧ ਜ਼ਾਹਿਰ ਨਹੀਂ ਹੁੰਦਾ। ਸ੍ਰ: ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਉਕਤ ਘਟਨਾ-ਕ੍ਰਮ ਦਾ ਮਕਸਦ ‘‘ਦਿੱਲੀ ਤੋਂ ਪਰ੍ਹਾਂ ਸਿੱਖਾਂ ਦੀ ਕੀ ਹਾਲਤ ਹੈ, ਉਸ ਬਾਰੇ ਦੱਸਣਾ ਸੀ।’’ ਪਰ ਪੰਜਾਬ ਤੋਂ ਬਾਹਰ ਤਾਂ ਕੀ, ਪੰਜਾਬ ਦਾ ਵੀ ਸ਼ਾਇਦ ਹੀ ਕੋਈ ਸਿੱਖ ਅਜਿਹਾ ਹੋਵੇ, ਜਿਸਨੂੰ ਅੱਜ ਤੱਕ ਬ੍ਰਾਹਮਣਵਾਦੀਆਂ ਦੀ ਧੱਕੇਸ਼ਾਹੀ ਦਾ ਸਾਹਮਣਾ ਨਾ ਕਰਨਾ ਪਿਆ ਹੋਵੇ। ਇਸਦੇ ਇਲਾਵਾ, ਸ੍ਰ: ਗੁਰਬਚਨ ਸਿੰਘ ਦਾ ਇਹ ਕਥਨ ਵੀ ਜਾਇਜ਼ ਪ੍ਰਤੀਤ ਨਹੀਂ ਹੁੰਦਾ ਕਿ ‘‘ਸਾਡੇ ਲੀਡਰ ਵੀ, ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ, ਕੁਝ ਕਰ ਨਹੀਂ ਸਕਦੇ ਕਿਉਂਕਿ ਘੱਟ-ਗਿਣਤੀ ਅਵਾਜ਼ ਬਹੁ-ਗਿਣਤੀ ਦੇ ਸ਼ੋਰ-ਸ਼ਰਾਬੇ ਵਿੱਚ ਦੱਬ ਕੇ ਰਹਿ ਜਾਂਦੀ ਹੈ।’’ ਅਜਿਹੇ ਵਿਚਾਰ ਪੇਸ਼ ਕਰਕੇ ਸ੍ਰ: ਗੁਰਬਚਨ ਸਿੰਘ, ਜਾਣੇ-ਅਨਜਾਣੇ ਵਿੱਚ ਭ੍ਰਿਸ਼ਟ, ਨਲਾਇਕ ਅਤੇ ਗੱਦਾਰ ਸਿੱਖ ਲੀਡਰਾਂ ਨੂੰ ਕਲੀਨਂਚਿੱਟ ਦੇ ਰਹੇ ਹਨ। ਕਿਸੇ ਵੀ ਵਿਅਕਤੀ ਨੂੰ ਲੀਡਰ ਮੰਨਿਆ ਹੀ ਇਸ ਵਾਸਤੇ ਜਾਂਦਾ ਹੈ ਕਿ ਉਹ ਕਿਸੇ ਵਿਸ਼ੇਸ਼ ਕੌਮ ਜਾਂ ਸਮਾਜ ਦੇ ਪੈਰੋਕਾਰਾਂ ਦੇ ਹੱਕ ਪ੍ਰਾਪਤ ਕਰਨ ਵਾਸਤੇ ਹਾਕਮ ਜਮਾਤ ਦਾ ਹਰ ਸੰਭਵ ਢੰਗ ਨਾਲ ਟਾਕਰਾ ਕਰ ਸਕੇ। ਜਿਹੜੇ ਲੀਡਰ ਜਾਂ ਉਨ੍ਹਾਂ ਦੇ ਸਮਰਥਕ, ਬਹੁਗਿਣਤੀ ਕੌਮ ਦੇ ਦਬਦਬੇ ਤੋਂ ਪ੍ਰਭਾਵਿਤ ਹੋ ਕੇ, ਸੰਘਰਸ਼ ਤੋਂ ਪਹਿਲਾਂ ਹੀ ਹਾਰ ਮੰਨ ਲੈਣ, ਉਨ੍ਹਾਂ ਨੂੰ ਸਿੱਖਾਂ ਜਿਹੀ ਮਾਰਸ਼ਲ ਕੌਮ ਦੇ ਲੀਡਰ ਬਣਨ ਦੀ ਥਾਂ ਚੂੜੀਆਂ ਪਾ ਕੇ ਘਰਾਂ ਵਿੱਚ ਬੈਠਣਾ ਚਾਹੀਦਾ ਹੈ ਜਾਂ ਕਿਸੇ ਗੁਲਾਮ ਜ਼ਹਿਨੀਅਤ ਵਾਲੀ ਕੌਮ ਵਿੱਚ ਸ਼ਾਮਲ ਹੋ ਜਾਣਾ ਚਾਹੀਦਾ ਹੈ।

ਸ੍ਰ: ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਸ੍ਰ: ਰਵਿੰਦਰ ਸਿੰਘ ਪਿੰਜੌਰ ਜੋ ਕੁਝ ਵੀ ਹਨ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਬਦੌਲਤ ਹਨ। (ਫਿਰ ਤਾਂ ਉਨ੍ਹਾਂ ਨੂੰ ਸ੍ਰ: ਰਵਿੰਦਰ ਸਿੰਘ ਦੇ ਵਿਚਾਰਾਂ ’ਤੇ ਵੀ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਵਿਚਾਰ ਵੀ ਸਿੱਖ ਮਿਸ਼ਨਰੀ ਕਾਲਜ ਦੀ ਹੀ ਦੇਣ ਹਨ)। ਇਸ ਬਾਰੇ ਜ਼ਿਆਦਾ ਵਿਸਥਾਰ ਨਾਲ ਤਾਂ ਸ੍ਰ: ਰਵਿੰਦਰ ਸਿੰਘ ਹੀ ਦੱਸ ਸਕਦੇ ਹਨ ਪਰ ਸਾਡੀ ਤੁੱਛ ਬੁੱਧੀ ਮੁਤਾਬਿਕ ਇਹ ਦਾਅਵਾ ਠੀਕ ਨਹੀਂ। ਜਿਥੋਂ ਤੱਕ ਅਸੀਂ ਸਮਝਦੇ ਹਾਂ, ਦੁਨੀਆ ਦੇ ਹਰ ਇਨਸਾਨ ਨੂੰ ਗੁਣਾਂ ਦੀ ਦਾਤਿ ਬਖਸ਼ਣ ਵਾਲਾ ਸਿਰਫ਼ ਤੇ ਸਿਰਫ਼ ਇਕ ਅਕਾਲ ਪੁਰਖ ਹੀ ਹੈ :

ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇਹਿ।।
ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ।।
(ਜਪੁ, ਪਉੜੀ 7)

ਇਸ ਵਾਸਤੇ ਸ੍ਰ: ਗੁਰਬਚਨ ਸਿੰਘ ਨੂੰ ਕਹਿਣਾ ਤਾਂ ਇਹ ਚਾਹੀਦਾ ਸੀ ਕਿ ਸ੍ਰ: ਰਵਿੰਦਰ ਸਿੰਘ ਪਿੰਜੌਰ ਅੱਜ ਜੋ ਵੀ ਹਨ, ਇਕ ਅਕਾਲ ਪੁਰਖ ਦੀ ਬਦੌਲਤ ਹਨ। ਪਰ ਜਿਵੇਂ ਡੇਰੇਦਾਰ ਸਾਧਾਂ ਦੇ ਚੇਲੇ ਆਪਣੇ ਸ਼ਰਧਾਲੂਆਂ ਦੀਆਂ ਪ੍ਰਾਪਤੀਆਂ ਨੂੰ ਆਪਣੇ ਸਾਧਾਂ ਦੀ ‘ਬਖਸ਼ਿਸ਼’ ਦੱਸਦੇ ਹਨ, ਉਂਜ ਹੀ ਸ੍ਰ: ਗੁਰਬਚਨ ਸਿੰਘ ਨੇ ਵੀਰ ਰਵਿੰਦਰ ਸਿੰਘ ਪਿੰਜੌਰ ਦੇ ਧਾਰਮਕ-ਸਮਾਜਕ ਰੁਤਬੇ ਨੂੰ ਬਦੋ-ਬਦੀ ਸਿੱਖ ਮਿਸ਼ਨਰੀ ਕਾਲਜ ਦੀ ਦੇਣ ਬਣਾਉਣ ਦਾ ਜਤਨ ਕੀਤਾ ਹੈ।

ਸ੍ਰ: ਗੁਰਬਚਨ ਸਿੰਘ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਸਪੋਕਸਮੈਨ ਦੇ ਜ਼ਿਆਦਾਤਰ ਪਾਠਕ ਮਿਸ਼ਨਰੀ ਲਹਿਰ ਦੇ ਮੈਂਬਰ ਹਨ। ਜੇਕਰ ‘ਮਿਸ਼ਨਰੀ ਲਹਿਰ’ ਤੋਂ ਅਰਥ ਬ੍ਰਾਹਮਣਵਾਦ ਤੋਂ ਛੁਟਕਾਰਾ ਪਾਉਣ ਤੇ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਨੂੰ ਵਿਗਿਆਨਕ ਢੰਗ ਨਾਲ ਸਮਝ ਕੇ ਆਪਣੇ ਜੀਵਨ ਵਿੱਚ ਅਪਨਾਉਣ ਦੇ ਇੱਛੁਕ ਸਿੱਖਾਂ ਤੋਂ ਹੈ, ਤਾਂ ਸ਼ਾਇਦ ਸ੍ਰ: ਗੁਰਬਚਨ ਸਿੰਘ ਦਾ ਦਾਅਵਾ ਠੀਕ ਹੋਵੇ। ਪਰ ਜੇਕਰ ਉਹ ਇਹ ਕਹਿਣਾ ਚਾਹੁੰਦੇ ਹਨ ਕਿ ਸਪੋਕਸਮੈਨ ਦੇ ਪਾਠਕ ਸਿੱਖ ਮਿਸ਼ਨਰੀ ਕਾਲਜ ਦੀ ਦੇਣ ਹਨ, ਤਾਂ ਇਹ ਨਿਸ਼ਚਿਤ ਤੌਰ ’ਤੇ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਦਾਅਵਾ ਹੈ। ਸਿੱਖਿਆ ਦੇ ਪਸਾਰ ਅਤੇ ਬ੍ਰਾਹਮਣਵਾਦ ਦੀ ਮਾਰ ਤੋਂ ਤੜਪੇ ਹੋਏ ਵੱਖ-ਵੱਖ ਲੇਖਕ, ਪ੍ਰਚਾਰਕ, ਰਸਾਲੇ, ਅਖ਼ਬਾਰਾਂ ਅਤੇ ਕਈ ਮਿਸ਼ਨਰੀ ਕਾਲਜ ਸਿੱਖ ਸੰਗਤਾਂ ਵਿੱਚ ਗੁਰੂ ਗੰ੍ਰਥ ਸਾਹਿਬ ਵਿੱਚ ਪੇਸ਼ ਕੀਤੇ ਗਏ ਸਿਧਾਂਤਾਂ ਨੂੰ ਸੰਗਤਾਂ ਵਿੱਚ ਪਹੁੰਚਾਉਣ ਦਾ ਕੰਮ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਨ (ਅਜਿਹੇ ਪ੍ਰਚਾਰ ਰਾਹੀਂ ਹੀ ਸਿੱਖ ਮਿਸ਼ਨਰੀ ਕਾਲਜ ਦੇ ਸੰਸਥਾਪਕਾਂ ਨੂੰ ਦਿੱਲੀ ਦੇ ਇਕ ਮਿਸ਼ਨਰੀ ਕਾਲਜ ਤੋਂ ਗੁਰਮਤਿ ਸਿਧਾਂਤਾਂ ਦੀ ਕਾਫ਼ੀ ਸੋਝੀ ਮਿਲੀ ਸੀ)। ਇਨ੍ਹਾਂ ਸਾਰਿਆਂ ਦੇ ਮਿਲਵੇਂ ਜਤਨਾਂ ਸਦਕਾ ਹੀ ਕੌਮ ਦੇ ਇਕ ਹਿੱਸੇ ਵਿੱਚ ਕੁਝ ਜਾਗ੍ਰਿਤੀ ਆ ਸਕੀ ਹੈ। ਅਜਿਹੇ ਜਾਗ੍ਰਿਤ ਸਿੱਖ ਹੀ ਪੁਜਾਰੀਆਂ ਦੀਆਂ ਕਰਤੂਤਾਂ ਦਾ ਭੰਡਾਫੋੜ ਅਤੇ ਬ੍ਰਾਹਮਣਵਾਦ ਦੀਆਂ ਚਾਲਾਂ ਬਾਰੇ ਜਾਣਕਾਰੀ ਦੇਣ ਵਾਲੀਆਂ ਅਖ਼ਬਾਰਾਂ ਤੇ ਰਸਾਲਿਆਂ ਦੇ ਪਾਠਕ ਬਣਦੇ ਹਨ। ਸ੍ਰ: ਗੁਰਬਚਨ ਸਿੰਘ ਨੂੰ ਇਸ ਖੁਸ਼-ਫਹਿਮੀ ਵਿੱਚ ਨਹੀਂ ਰਹਿਣਾ ਚਾਹੀਦਾ ਕਿ ਸਿੱਖ ਮਿਸ਼ਨਰੀ ਕਾਲਜ ਸਪੋਕਸਮੈਨ ਲਈ ਪਾਠਕ ਪੈਦਾ ਕਰ ਰਿਹਾ ਹੈ ਬਲਕਿ ਸੱਚਾਈ ਇਹ ਹੈ ਕਿ ਉਕਤ ਅਖ਼ਬਾਰ ਵੱਲੋਂ ਲਗਾਤਾਰ ਪੁਜਾਰੀਵਾਦ ਦੀਆਂ ਕਰਤੂਤਾਂ ਜਗ-ਜਾਹਿਰ ਕਰਨ ਨਾਲ ਹੁਣ ਆਮ ਸੰਗਤ ਨੂੰ ਮਿਸ਼ਨਰੀ ਪਹਿਲਾਂ ਵਾਂਗ ‘ਅਛੂਤ’ ਪ੍ਰਤੀਤ ਨਹੀਂ ਹੁੰਦੇ।

ਮਿਸ਼ਨਰੀ ਵਿਦਵਾਨ ਦਾ ਕਹਿਣਾ ਹੈ ਕਿ ਸ੍ਰ: ਰਵਿੰਦਰ ਸਿੰਘ ਵੱਲੋਂ ਸਿੱਖ ਰਹਿਤ ਮਰਿਆਦਾ ਵਿਰੁੱਧ ਸਟੈਂਡ ਲੈਣਾ ਠੀਕ ਨਹੀਂ (ਹਾਲਾਂਕਿ ਉਨ੍ਹਾਂ ਨੇ ਇਸਦਾ ਕੋਈ ਕਾਰਨ ਵੀ ਨਹੀਂ ਦੱਸਿਆ)। ਵਿਦਵਾਨ ਸੱਜਣ ਨੇ ਇਹ ਸਪਸ਼ਟ ਨਹੀਂ ਕੀਤਾ ਕਿ ‘ਵਿਰੁੱਧ ਸਟੈਂਡ’ ਲੈਣ ਤੋਂ ਉਨ੍ਹਾਂ ਦਾ ਕੀ ਭਾਵ ਹੈ। ਕੀ ਉਹ ਸਮਝਦੇ ਹਨ ਕਿ ਰਹਿਤ ਮਰਿਆਦਾ ਵਿੱਚ ਦਰਜ ਉਹ ਨੁਕਤੇ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੇ ਜਾਂ ਗੁਰੂ ਗ੍ਰੰਥ ਸਾਹਿਬ ਦੀਆਂ ਰਚਨਾਵਾਂ ਦੀ ਸਰਬ-ਉੱਚਤਾ ਬਾਰੇ ਭਰਮ ਪੈਦਾ ਕਰਦੇ ਹਨ, ਬਾਰੇ ਚਰਚਾ ਕਰਨਾ ਇਸਦੇ ਵਿਰੁੱਧ ਸਟੈਂਡ ਲੈਣਾ ਹੁੰਦਾ ਹੈ? ਕੀ ਸਿੱਖ ਮਿਸ਼ਨਰੀ ਕਾਲਜ ਇਹ ਸਮਝਦਾ ਹੈ ਕਿ ਰਹਿਤ ਮਰਿਆਦਾ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਰਚਨਾਵਾਂ ਵਾਂਗ ਹੀ ਸਮਝਣਾ ਚਾਹੀਦਾ ਹੈ ਅਤੇ ਇਸ ਵਿੱਚ ਕਿਸੇ ਕਿਸਮ ਦੀ ਸੋਧ ਦੀ ਮੰਗ ਨਹੀਂ ਕਰਨੀ ਚਾਹੀਦੀ? ਕੀ ਭਾਰਤੀ ਸੰਸਦ ਦੇ ਮੈਂਬਰ ਜਦ ਸੰਵਿਧਾਨ ਵਿੱਚ ਸੋਧ ਕਰਦੇ ਹਨ (ਹੁਣ ਤੱਕ ਭਾਰਤੀ ਸੰਵਿਧਾਨ ਵਿੱਚ 100 ਤੋਂ ਵੱਧ ਵਾਰ ਸੋਧਾਂ ਕੀਤੀਆਂ ਜਾ ਚੁੱਕੀਆਂ ਹਨ) ਤਾਂ ਉਹ ਸੰਵਿਧਾਨ ਦੇ ‘ਵਿਰੁੱਧ ਸਟੈਂਡ’ ਲੈ ਰਹੇ ਹੁੰਦੇ ਹਨ? ਕੀ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਬੰਧਕ ਤਾਲੀਬਾਨੀ ਸੋਚ ਦੇ ਹਿਮਾਇਤੀ ਹਨ ਕਿ ਧਰਮ ਦੇ ਨਾਂ ’ਤੇ ਜਿਹੜੀ ਧਾਰਨਾ ਜਾਂ ਮਰਿਆਦਾ ਇਕ ਵਾਰ ਪ੍ਰਚਲਿਤ ਹੋ ਜਾਏ, ਉਸ ਵਿੱਚ ਕਿਸੇ ਕਿਸਮ ਦੀ ਤਬਦੀਲੀ ਨਾ ਕੀਤੀ ਜਾਏ (ਭਾਵੇਂ ਉਹ ਧਰਮ ਦੇ ਅਸਲ ਸਿਧਾਂਤਾਂ ਦੇ ਖਿਲਾਫ਼ ਹੀ ਕਿਉਂ ਨਾ ਜਾਂਦੀ ਹੋਏ)? ‘‘ਜਿਵੇਂ ਤੁਸੀਂ ਰਹਿਤ ਮਰਿਆਦਾ ਵਿਰੁੱਧ ਸਟੈਂਡ ਲਿਆ ਹੈ...’’ ਵਾਲੀ ਗੱਲ ਲਿਖਣ ਵਾਲੇ ਸੱਜਣ ਜੇਕਰ ਇਹ ਵੀ ਦੱਸ ਦਿੰਦੇ ਕਿ ਰਹਿਤ ਮਰਿਆਦਾ ਵਿਰੁੱਧ ਸਟੈਂਡ ਕਿਵੇਂ ਲਿਆ ਜਾਣਾ ਚਾਹੀਦਾ ਹੈ (ਕਿਹੜੀ ਵਿਧੀ ਅਪਣਾਈ ਜਾਣੀ ਚਾਹੀਦੀ ਹੈ, ਜੋ ਸਿੱਖ ਮਿਸ਼ਨਰੀ ਕਾਲਜ ਨੂੰ ਮਨਜ਼ੂਰ ਹੋਵੇ), ਤਾਂ ਹੋਰ ਚੰਗਾ ਹੋ ਜਾਂਦਾ।

ਕਾਲਜ ਦੇ ਸੀਨੀਅਰ ਪ੍ਰਬੰਧਕ ਦੀ ਸਲਾਹ ਹੈ ਕਿ ‘‘ਐਵੇਂ ਹੀ ਸਾਰੇ ਦਸਮ ਗ੍ਰੰਥ ਨੂੰ ਰੱਦ ਕਰਨਾ ਠੀਕ ਨਹੀਂ।’’ ਇਹ ਗੱਲ ਸਮਝਣੀ ਔਖੀ ਹੈ ਕਿ ਪ੍ਰਬੰਧਕ ਸੱਜਣ ਨੂੰ ਇਹ ਗਲਤ-ਫਹਿਮੀ ਕਿਵੇਂ ਹੋ ਗਈ ਕਿ ਸ੍ਰ: ਰਵਿੰਦਰ ਸਿੰਘ ਪਿੰਜੌਰ ਦਸਮ ਗ੍ਰੰਥ ਨੂੰ ‘‘ਐਵੇਂ ਹੀ’’ ਰੱਦ ਕਰ ਰਹੇ ਹਨ। ਜਦਕਿ ਭਾਈ ਕਾਨ੍ਹ ਸਿੰਘ ਨਾਭਾ ਤੋਂ ਲੈ ਕੇ ਮੌਜੂਦਾ ਸਮੇਂ ਦੇ ਹਰ ਪੰਥਕ ਵਿਦਵਾਨ ਨੇ ਕਥਿਤ ਦਸਮ ਗ੍ਰੰਥ ਦੀਆਂ ਬਹੁਤ ਸਾਰੀਆਂ ਰਚਨਾਵਾਂ ’ਤੇ ਸ਼ੰਕਾਵਾਂ ਪ੍ਰਗਟਾਈਆਂ ਹਨ। ਬਲਕਿ ਦਸਮ ਗ੍ਰੰਥ ਦੀਆਂ ਕਈ ਰਚਨਾਵਾਂ ਤਾਂ ਅਜਿਹੀਆਂ ਹਨ, ਜਿਨ੍ਹਾਂ ’ਤੇ ਸਰਸਰੀ ਝਾਤ ਮਾਰਿਆਂ ਹੀ ਆਮ ਸਿੱਖ ਵੀ ਇਹ ਸਮਝ ਸਕਦਾ ਹੈ ਕਿ ਲੱਚਰਤਾ ਅਤੇ ਬ੍ਰਾਹਮਣਵਾਦ ਵੱਲ ਪ੍ਰੇਰਿਤ ਕਰਨ ਵਾਲੀਆਂ ਅਜਿਹੀਆਂ ਗੰਦੀਆਂ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਕ੍ਰਿਤ ਨਹੀਂ ਹੋ ਸਕਦੀਆਂ। ਸਭ ਤੋਂ ਵੱਡੀ ਗੱਲ, ਮਸਲਾ ਦਸਮ ਗ੍ਰੰਥ ਨੂੰ ਰੱਦ ਕਰਨ ਜਾਂ ਮਾਨਤਾ ਦੇਣ ਦਾ ਨਹੀਂ ਬਲਕਿ ਦਸਮ ਗ੍ਰੰਥ ਦਾ ਪ੍ਰਚਾਰ ਕਰਨ ਵਾਲੀਆਂ (ਖੁਫ਼ੀਆ ਏਜੰਸੀਆਂ ਦੇ ਇਸ਼ਾਰਿਆਂ ’ਤੇ ਚੱਲ ਰਹੀਆਂ) ਜੱਥੇਬੰਦੀਆਂ ਦੇ ਕਾਰਕੁੰਨਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਅਤੇ ਸੰਪੂਰਨਤਾ ਨੂੰ ਦਿੱਤੀ ਜਾ ਰਹੀ ਚੁਣੌਤੀ ਦਾ ਹੈ। ਇਸੇ ਸਾਲ ਯਾਨਿ 2008 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਹਜ਼ੂਰ ਸਾਹਿਬ ਵਿਖੇ ਮਨਾਉਣ ਪਿੱਛੇ ਵੀ ਇਹੀ ਸਾਜਿਸ਼ ਕੰਮ ਕਰ ਰਹੀ ਹੈ ਕਿ ਸਿੱਖਾਂ ਤੋਂ ਦਸਮ ਗ੍ਰੰਥ ਨੂੰ ਮੱਥੇ ਟਿਕਵਾਏ ਜਾਣ (ਪਿਛਲੇ ਲੰਬੇ ਸਮੇਂ ਤੋਂ ਹਜ਼ੂਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਵਿੱਚ ਹੀ ਦਸਮ ਗ੍ਰੰਥ ਦਾ ਕਥਿਤ ਪ੍ਰਕਾਸ਼ ਕੀਤਾ ਜਾ ਰਿਹਾ ਹੈ)। ਅਜਿਹੇ ਹਾਲਾਤ ਵਿੱਚ ਵੀ ਜੇਕਰ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਬੰਧਕਾਂ ਵੱਲੋਂ ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲੇ ਸਿੱਖਾਂ ਨੂੰ ਗਲਤ ਆਖਣਾ ਕਿਥੋਂ ਤੱਕ ਜਾਇਜ਼ ਹੈ?

ਜੇਕਰ ਕਾਲਜ ਦੇ ਪ੍ਰਬੰਧਕ ਸਿਰਫ਼ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਸਿੱਖਾਂ ਨੂੰ ਮਾੜਾ ਜਾਂ ਕੁਝ ਨੀਵੇਂ ਸਤਰ ਦਾ ਸਿੱਖ ਸਮਝਦੇ ਹਨ, ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਦਸਮ ਗ੍ਰੰਥ ਦੀਆਂ ਜਿਹੜੀਆਂ ਰਚਨਾਵਾਂ ਨੂੰ ਸਿੱਖ ਮਿਸ਼ਨਰੀ ਕਾਲਜ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਵਜੋਂ ਮਾਨਤਾ ਦਿੰਦਾ ਹੈ, ਉਨ੍ਹਾਂ ਬਾਰੇ ਜਨਤੱਕ ਤੌਰ ’ਤੇ ਆਪਣਾ ਪੱਖ ਸਪਸ਼ਟ ਕਰਨ ਅਤੇ ਇਨ੍ਹਾਂ ਰਚਨਾਵਾਂ ਦੀ ਪੋਥੀ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਵਿੱਚ ਹੀ ਪ੍ਰਕਾਸ਼ ਕਰਨਾ ਅਰੰਭ ਕਰ ਦੇਣ। ਉਹ ਸੰਗਤਾਂ ਨੂੰ ਇਹ ਵੀ ਦੱਸਣ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਵਿੱਚ ਅਜਿਹੀ ਕਿਹੜੀ ਕਮੀ ਹੈ ਕਿ ਦਸਮ ਗ੍ਰੰਥ ਦੀਆਂ ਰਚਨਾਵਾਂ ਪੜ੍ਹੇ ਬਗੈਰ ਮਨੁੱਖ ਨੂੰ ਪੂਰਨ ਆਤਮਕ ਸੇਧ ਨਹੀਂ ਮਿਲ ਸਕਦੀ।

‘ਮੰਚ ਖ਼ਾਲਸਾ ਦੀਵਾਨ’ ਸੰਸਥਾ ਦਾ ਕਿਸੇ ਵੱਲੋਂ ਨਾਮ ਨਾ ਲਏ ਜਾਣ ਦਾ ਜ਼ਿਕਰ ਕਰਦਿਆਂ ਸ੍ਰ: ਗੁਰਬਚਨ ਸਿੰਘ ਜੀ ਜੋਰ ਦਿੰਦੇ ਹਨ ਕਿ ਇਹੀ ਹਾਲ ਤੁਹਾਡਾ (ਰਵਿੰਦਰ ਸਿੰਘ) ਅਤੇ ਤੁਹਾਡੇ ਸਾਥੀਆਂ (ਇਸ਼ਾਰਾ ਨਿਸ਼ਚਿਤ ਤੌਰ ’ਤੇ ਸਾਡੇ ਵੱਲ ਹੈ) ਦਾ ਹੋਣਾ ਹੈ। ਇਤਿਹਾਸ ਬਾਰੇ ਸਾਡਾ ਗਿਆਨ ਬਹੁਤ ਸੀਮਤ ਹੈ ਅਤੇ ਵਿਦਵਾਨ ਲੇਖਕ ਨੇ ਇਹ ਦੱਸਣ ਦੀ ਖੇਚਲ ਨਹੀਂ ਕੀਤੀ ਕਿ ਉਕਤ ਸੰਸਥਾ ਨੇ ਕਿਹੜੇ ਹਾਲਾਤ ਵਿੱਚ ਇਹ ਨਿਰਣਾ ਲਿਆ ਸੀ। ਸ੍ਰ: ਰਵਿੰਦਰ ਸਿੰਘ ਜਾਂ ਕਿਸੇ ਵੀ ਹੋਰ ਸਿੱਖ ਦਾ ਭਵਿੱਖ ਕੀ ਹੋਣਾ ਹੈ, ਇਸ ਬਾਰੇ ਤਾਂ ਅਕਾਲ ਪੁਰਖ ਖ਼ੁਦ ਹੀ ਜਾਣਦਾ ਹੈ। ਅਸੀਂ ਸਿਰਫ਼ ਇਹ ਗੱਲ ਜਾਣਦੇ ਹਾਂ ਕਿ ਅਸੀਂ ਕਿਸੇ ਵੀ ਲੇਖਕ/ਸੰਸਥਾ/ਜੱਥੇ/ਪਾਰਟੀ ਦੇ ਸਾਥੀ ਜਾਂ ਦੁਸ਼ਮਣ ਨਹੀਂ। ਜਿਹੜੀ ਵੀ ਸੰਸਥਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਨਿਰੋਲ ਰੂਪ ਵਿੱਚ ਪ੍ਰਚਾਰਨ ਦਾ ਕੋਈ ਜਤਨ ਕਰਦੀ ਹੈ, ਅਸੀਂ ਉਸ ਉਦਮ ਦਾ ਸਾਥ ਦੇਣ ਦਾ ਜਤਨ ਕਰਦੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਜਾਂ ਸਿਧਾਂਤਾਂ ਨੂੰ ਚੁਣੌਤੀ ਦੇਣ ਵਾਲਿਆਂ ਦਾ ਵਿਰੋਧ। ਇਸਲਈ ਰਵਿੰਦਰ ਸਿੰਘ ਪਿੰਜੌਰ ਦੇ ਚਰਚਿਤ ਲੇਖ ਦੇ ਸੰਦਰਭ ਵਿੱਚ ਤੁਸੀਂ ਸਾਨੂੰ ਉਨ੍ਹਾਂ ਦਾ ‘ਸਾਥੀ’ ਸਮਝ ਸਕਦੇ ਹੋ।

ਦੂਜਾ ਅਤੇ ਅਹਿਮ ਪੱਖ, ਸਾਡੇ ਗਰੁੱਪ ਨਾਲ ਜੁੜੇ ਸਿੱਖ ਵੀ ਕਿਤਰੀ ਸਿੱਖ ਹਨ ਅਤੇ ਹਰ ਇਨਸਾਨ ਦੀ ਤਰ੍ਹਾਂ, ਉਨ੍ਹਾਂ ਵਿੱਚ ਵੀ ਕਈ ਔਗੁਣ ਹੋ ਸਕਦੇ ਹਨ। ਇਸਦੇ ਬਾਵਜੂਦ, ਅਸੀਂ ਇਹ ਗੱਲ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਸਾਡੇ ਗਰੁੱਪ ਨਾਲ ਸਬੰਧਿਤ ਕਿਸੇ ਵੀ ਸਿੱਖ ਵਿੱਚ, ਲੋਕਾਂ ਨੂੰ ਆਪਣਾ ਨਾਮ ਜਨਵਾਉਣ ਦੀ ਤਾਂਘ ਨਹੀਂ (ਜੇਕਰ ਸਾਨੂੰ ਸ਼ੋਹਰਤ ਨਾ ਮਿਲਣ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਫੈਲਣ ਵਿੱਚ ਕੋਈ ਮਦਦ ਮਿਲਦੀ ਹੈ, ਤਾਂ ਅਸੀਂ ਅਕਾਲ ਪੁਰਖ ਅੱਗੇ ਬੇਨਤੀ ਕਰਦੇ ਹਾਂ ਕਿ ਦੁਨੀਆ ਦਾ ਕੋਈ ਵੀ ਮਨੁੱਖ ਸਾਡਾ ਨਾਮ ਨਾ ਜਾਣੇ)। ਅਸੀਂ ਸਭ ਤਾਂ ਨਿੱਤ ਦਿਨ ‘‘ਕੋਈ ਨਾਉ ਨਾ ਜਾਣੈ ਮੇਰਾ।।’’ ਦੀ ਹੀ ਅਰਦਾਸ ਕਰਦੇ ਹਾਂ। ਸਾਡਾ ਮਕਸਦ ਸ਼ੋਹਰਤ ਖੱਟਣਾ ਨਹੀਂ ਬਲਕਿ ਭਾਰਤ ਦੇ ਦਬੇ-ਕੁਚਲੇ ਵਰਗਾਂ ਨੂੰ ਬ੍ਰਾਹਮਣਵਾਦ ਦੀਆਂ ਜੰਜੀਰਾਂ ਤੋਂ ਮੁਕਤ ਕਰਵਾਉਣਾ ਹੈ। ਅਸੀਂ ਇਹ ਵੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਦੁਨੀਆ ਵਿੱਚ ਜ਼ਿਆਦਾ ਸੱਚ ਬੋਲਣ ਵਾਲੇ ਨਾਲ ਕਿਹੋ ਜਿਹਾ ਵਤੀਰਾ ਹੁੰਦਾ ਹੈ (ਅਜੇ ਪਿਛਲੇ ਹੀ ਅੰਕ ਵਿੱਚ ਅਸੀਂ ਹਰੀ ਸਿੰਘ ਨਲੂਆ, ਗਿ: ਦਿੱਤ ਸਿੰਘ, ਭਾਈ ਲੱਛਮਣ ਸਿੰਘ, ਸਿਰਦਾਰ ਕਪੂਰ ਸਿੰਘ ਆਦਿਕ ਪੰਥ-ਦਰਦੀਆਂ ਦੇ ਹਸ਼ਰ ਦਾ ਜ਼ਿਕਰ ਕੀਤਾ ਹੈ। ਸੱਚ ਦੀ ਅਵਾਜ਼ ਚੁੱਕਣ ਵਾਲੇ ਸ਼ਖ਼ਸ ‘ਗੈਲੀਲੀਓ’ ਦੇ ਹਸ਼ਰ ਤੋਂ ਵੀ ਅਸੀਂ ਚੰਗੀ ਤਰ੍ਹਾਂ ਜਾਣੂ ਹਾਂ)। ਇਸਦੇ ਬਾਵਜੂਦ, ਸਾਡੇ ਦਿਲ ਵਿੱਚ ਨਾ ਤਾਂ ਆਪਣੇ ਅੰਜਾਮ ਪ੍ਰਤੀ ਕੋਈ ਖੌਫ਼ ਹੈ ਅਤੇ ਨਾ ਹੀ ਸਾਡਾ ਮਨੋਬਲ ਡਿਗਿਆ ਹੈ।

ਜਿੱਥੋਂ ਤੱਕ ਸ੍ਰ: ਰਵਿੰਦਰ ਸਿੰਘ ਦੇ ਲੇਖਾਂ ਕਾਰਨ ਮਿਸ਼ਨਰੀ ਲਹਿਰ ਬਦਨਾਮ ਹੋਣ ਦਾ ਦਾਅਵਾ ਹੈ, ਤਾਂ ਇਹ ਕਿਹਾ ਜਾ ਸਕਦਾ ਹੈ ਕਿ ਜਿਹੜੀ ਲਹਿਰ ਇਕ ਸਾਧਾਰਨ ਸਿੱਖ ਦੇ ਲੇਖ ਕਾਰਨ ‘ਬਦਨਾਮ’ ਹੋ ਜਾਏ, ਉਸ ਦੀਆਂ ਨੀਤੀਆਂ ਜਾਂ ਗਤੀਵਿਧੀਆਂ ਵਿੱਚ ਜ਼ਰੂਰ ਕੋਈ ਨਾ ਕੋਈ ਕਮੀ ਹੋਏਗੀ। ਨਹੀਂ ਤਾਂ, ਪੂਰਨ ਸੱਚ ਦੀ ਕਸੱਵਟੀ ’ਤੇ ਚੱਲਣ ਵਾਲੇ ਲੋਕਾਂ ਜਾਂ ਸੰਸਥਾਵਾਂ ਦੀ ਕੋਈ ਜਿੰਨੀ ਮਰਜ਼ੀ ਭੰਡੀ ਕਰਨ ਦੀ ਕੋਸ਼ਿਸ਼ ਕਰਦਾ ਰਹੇ, ਉਹ ਬਦਨਾਮ ਨਹੀਂ ਹੁੰਦੇ ਬਲਕਿ ਉਨ੍ਹਾਂ ਨੂੰ ਅਵਾਮ ਦਾ ਹੋਰ ਸਮਰਥਨ ਮਿਲਦਾ ਹੈ। ਸਾਡਾ ਕਿਸੇ ਮਿਸ਼ਨਰੀ ਕਾਲਜ ਵੱਲੋਂ ਚਲਾਈ ਜਾ ਰਹੀ ਕਥਿਤ ਲਹਿਰ ਨਾਲ ਕੋਈ ਵਾਸਤਾ ਨਹੀਂ ਪਰ ਮੌਜੂਦਾ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਦੇ ਮਿਸ਼ਨ (ਸੱਚ ਦਾ ਪ੍ਰਚਾਰ) ਨੂੰ ਸਫ਼ਲ ਬਣਾਉਣ ਅਤੇ ਸਚਮੁੱਚ ਪੰਥ ਦਾ ਦਰਦ ਰੱਖਣ ਵਾਲੇ ਮਿਸ਼ਨਰੀ ਵੀਰਾਂ-ਭੈਣਾਂ ਦੀ ਬੇਨਤੀ ’ਤੇ ਹੀ ਅਸੀਂ ਸ੍ਰ: ਨਿਰੰਕਾਰ ਸਿੰਘ ਐਡਵੋਕੇਟ ਵੱਲੋਂ ਲਿਖੇ ਗਏ ਲੇਖ ਨੂੰ ਹਾਲਾਂ ਤੱਕ ਪ੍ਰਕਾਸ਼ਿਤ ਨਹੀਂ ਕੀਤਾ। ਨਾ ਹੀ ਅਸੀਂ ਸੰਗਤ ਨੂੰ ਪਿੰ੍ਰਸੀਪਲ ਹਰਭਜਨ ਸਿੰਘ ਦੇ ਪਿਛੋਕੜ ਬਾਰੇ ਜਾਂ ਸਿੱਖ ਮਿਸ਼ਨਰੀ ਕਾਲਜ ਜਲੰਧਰ ਵਿਖੇ ਵਾਪਰੀਆਂ ਮਾੜੀਆਂ ਘਟਨਾਵਾਂ ਬਾਰੇ ਕੋਈ ਜਾਣਕਾਰੀ ਦਿੱਤੀ ਹੈ। ਜੇਕਰ ਸਾਡੇ ਮਨ ਵਿੱਚ ਮਿਸ਼ਨਰੀ ਲਹਿਰ ਨੂੰ ਨੁਕਸਾਨ ਪਹੁੰਚਾਉਣ ਜਾਂ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਬੰਧਕਾਂ ਪ੍ਰਤੀ ਨਿਜੀ ਰਜਿੰਸ਼ ਦੀ ਕੋਈ ਭਾਵਨਾ ਹੁੰਦੀ ਤਾਂ ਅਸੀਂ ਇਹ ਲੇਖ ਪ੍ਰਕਾਸ਼ਿਤ ਕਰਕੇ ਭਾਂਬੜ ਮਚਾ ਸਕਦੇ ਸੀ।

ਸ੍ਰ: ਗੁਰਬਚਨ ਸਿੰਘ ਵੱਲੋਂ ਸ਼ਹਿਰਾਂ ਵਿੱਚ ਵਸੇ ਅਤੇ ਨੌਕਰੀਪੇਸ਼ਾ ਸਿੱਖਾਂ ਨੂੰ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕਰਨ ਦਾ ਸੱਦਾ ਦੇਣਾ ਵਿਵਹਾਰਕ ਨਹੀਂ। ਪਰ ਦਿੱਲੀ ਵਿੱਚ ਜਿੱਥੇ ਕਿਤੇ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਪ੍ਰਫੁਲਿੱਤ ਕਰਨ ਲਈ ਕੋਈ ਪ੍ਰਾਜੈਕਟ ਉਲੀਕਦੇ ਹੋ, ਸਾਨੂੰ ਜਾਣਕਾਰੀ ਦਿਓ - ਅਸੀਂ ਬਿਨ੍ਹਾਂ ਸ਼ਰਤ ਤੁਹਾਡੇ ਨਾਲ ਹਾਂ। ਜਿੱਥੋਂ ਤੱਕ ਪਿੰਡਾਂ ਵਿੱਚ ਪ੍ਰਚਾਰ ਦਾ ਮੁੱਦਾ ਹੈ, ਦਿੱਲੀ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਸ੍ਰ: ਤਰਸੇਮ ਸਿੰਘ ਸੈਂਕੜੇ ਵਾਰੀ ਜਨਤੱਕ ਤੌਰ ’ਤੇ ਇਹ ਗੱਲ ਐਲਾਨ ਚੁੱਕੇ ਹਨ ਕਿ ਸ਼ਹਿਰਾਂ ਦੀ ਬਜਾਏ ਪਿੰਡਾਂ ਦੇ ਲੋਕਾਂ ਨੂੰ ਸਿੱਖੀ ਨਾਲ ਜੋੜਨਾ ਬਹੁਤ ਅਸਾਨ ਹੈ ਕਿਉਂਕਿ ਪੇਂਡੂ ਲੋਕਾਂ ਵਿੱਚ ਸ਼ਰਧਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਉਹ ਜਜ਼ਬਾਤੀ ਢੰਗ ਨਾਲ ਕੀਤੀਆਂ ਜਾਂਦੀਆਂ ਤਕਰੀਰਾਂ ਤੋਂ ਬਹੁਤ ਜਲਦੀ ਪ੍ਰਭਾਵਿਤ ਹੋ ਜਾਂਦੇ ਹਨ। ਅਜਿਹੇ ਵਿੱਚ ਇਹ ਦਾਅਵਾ ਕਿ ਪਿੰਡਾਂ ਵਿੱਚ ਇਕ ਮਹੀਨਾ ਪ੍ਰਚਾਰ ਕਰਨ ਵਾਲਾ ਪ੍ਰਚਾਰਕ ਪਾਗਲ ਹੋ ਜਾਏਗਾ, ਬਿਲਕੁਲ ਗੈਰ-ਵਾਜਬ ਪ੍ਰਤੀਤ ਹੁੰਦਾ ਹੈ (ਯਕੀਨੀ ਤੌਰ ’ਤੇ ਸ੍ਰ: ਗੁਰਬਚਨ ਸਿੰਘ ਪਿੰਡਾਂ ਵਿੱਚ ਪ੍ਰਚਾਰ ਕਰਨ ਤੋਂ ਬਾਅਦ ਵੀ ਪਾਗਲ ਨਹੀਂ ਹੋਏ)। ਇਸੇ ਦਾਅਵੇ ਦੇ ਤੁਰੰਤ ਬਾਅਦ ਇਹ ਕਹਿਣਾ ਕਿ ‘‘ਜੇ ਪਾਗਲ ਨਹੀਂ ਹੋਏ, ਤਾਂ ਅਸਲੀਅਤ ਸਮਝ ਆ ਜਾਏਗੀ’’ ਹੋਰ ਵਧੇਰੇ ਤਰਕਹੀਣ ਕਥਨ ਸਾਬਿਤ ਹੁੰਦਾ ਹੈ।

ਅਨੁਭਵੀ ਮਿਸ਼ਨਰੀ ਕਾਰਕੁੰਨ ਦਾ ਸੁਝਾਅ ਹੈ ਕਿ ‘‘ਸਭ ਤੋਂ ਪਹਿਲਾਂ ਉਹ ਯਤਨ ਹੋਣੇ ਚਾਹੀਦੇ ਹਨ, ਜਿਨ੍ਹਾਂ ਨਾਲ ਸਿੱਖਾਂ ਦੀ ਹੋਂਦ ਬਰਕਰਾਰ ਰਹੇ ਅਤੇ ਸਿੱਖਾਂ ਦੀ ਆਨ-ਸ਼ਾਨ ਵਿੱਚ ਵਾਧਾ ਹੋਵੇ।’’ ਬਿਲਕੁਲ ਠੀਕ, ਪਰ ਅਜਿਹੇ ਜਤਨ ਕਿਹੜੇ ਹਨ? ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਤੋਂ ਤੋੜ ਕੇ ਵਿਵਾਦਮਈ ਪੁਸਤਕਾਂ ਨਾਲ ਜੋੜਨਾ? ਗੁਰੂ ਗੋਬਿੰਦ ਸਿੰਘ ਜੀ ਦੇ ਅਕਸ ਨੂੰ ਕਲੰਕਿਤ ਕਰਨ ਲਈ ਲੱਚਰਤਾ ਅਤੇ ਵਾਮ-ਮਾਰਗੀ ਫਲਸਫ਼ੇ ਦੀਆਂ ਰਚਨਾਵਾਂ ਨੂੰ ਉਨ੍ਹਾਂ ਦੇ ਨਾਮ ਤੋਂ ਪ੍ਰਚਾਰਿਤ ਕਰਨਾ? ਖੁਫੀਆ ਏਜੰਸੀਆਂ ਅਤੇ ਫਿਰਕੂ ਸੰਗਠਨਾਂ ਵੱਲੋਂ ਸਿੱਖ ਧਰਮ ਦੇ ਸਾਹਮਣੇ ਨਿੱਤ ਨਵੀਂ ਪੇਸ਼ ਕੀਤੀ ਜਾ ਰਹੀ ਚੁਣੌਤੀ ਪ੍ਰਤੀ ਮੂਕ ਦਰਸ਼ਕ ਬਣੇ ਰਹਿਣਾ (ਜਿਵੇਂ ਕਿ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਬੰਧਕ ਗੁ: ਬਿਲਾਸ ਪਾ: 6ਵੀਂ, ਸਿੱਖ ਇਤਿਹਾਸ ਆਦਿਕ ਪੁਸਤਕਾਂ ਬਾਰੇ ਚੁੱਪੀ ਧਾਰੀ ਰੱਖਦੇ ਹਨ)? ਕੀ ਅਜਿਹੀਆਂ ਨੀਤੀਆਂ ਅਪਣਾ ਕੇ ਸਿੱਖਾਂ ਦੀ ਹੋਂਦ ਬਰਕਰਾਰ ਰੱਖੀ ਜਾ ਸਕਦੀ ਹੈ? ਜ਼ਾਹਿਰੀ ਤੌਰ ’ਤੇ ਜਵਾਬ ਹੈ - ਨਹੀਂ। ਇਹੀ ਕਾਰਨ ਹੈ ਕਿ ਪੰਜਾਬ ਦੇ 90 ਫੀਸਦੀ ਸਿੱਖ ਕੇਸਾਂ ਦੀ ਬੇਅਦਬੀ ਕਰਦੇ ਹਨ ਅਤੇ ਡੇਰੇਦਾਰਾਂ ਦੇ ਸ਼ਗਿਰਦ ਬਣ ਚੁੱਕੇ ਹਨ। ਕੀ ਅਜਿਹੇ ਵਿੱਚ ਸਿੱਖ ਮਿਸ਼ਨਰੀ ਕਾਲਜ ਨੂੰ ਆਪਣੀਆਂ ਨੀਤੀਆਂ ਵਿੱਚ ਹੋਰ ਅਗਾਂਹ-ਵੱਧੂ ਪੱਖ ਸ਼ਾਮਲ ਕਰਨ ਦੀ ਲੋੜ ਮਹਿਸੂਸ ਨਹੀਂ ਹੁੰਦੀ?

ਸ੍ਰ: ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ‘‘ਤੁਸੀਂ (ਰਵਿੰਦਰ ਸਿੰਘ), ਤੁਹਾਡੇ ਸਹਿਯੋਗੀ ਅਤੇ ਸਪੋਕਸਮੈਨ ਅੰਮ੍ਰਿਤ, ਅੰਮ੍ਰਿਤ ਵੇਲਾ, ਪੰਜ ਬਾਣੀਆਂ; ਹੋਰ ਤਾਂ ਹੋਰ ਸਿੱਖ ਰਹਿਤ ਮਰਿਆਦਾ ਦੇ ਖਿਲਾਫ਼ ਬਿਆਨ ਦੇਈ ਜਾ ਰਹੇ ਹੋ, ਜਿਸ ਨਾਲ ਆਮ ਸੰਗਤ ਤੁਹਾਡੇ ਨਾਲ ਨਫ਼ਰਤ ਕਰਦੀ ਹੈ।’’ ਇਸ ਨੁਕਤੇ ਬਾਰੇ ਸ੍ਰ: ਰਵਿੰਦਰ ਸਿੰਘ ਅਤੇ ਸਪੋਕਸਮੈਨ ਦੇ ਪ੍ਰਬੰਧਕ ਆਪਣਾ ਪੱਖ ਖ਼ੁਦ ਪੇਸ਼ ਕਰ ਸਕਦੇ ਹਨ। ਜਿੱਥੋਂ ਤੱਕ ਸਾਡੀ ਗੱਲ ਹੈ, ਜੇਕਰ ਇੱਥੇ ‘ਅੰਮ੍ਰਿਤ’ ਤੋਂ ਅਰਥ ਖੰਡੇ-ਬਾਟੇ ਦੀ ਪਾਹੁਲ ਹੈ, ਤਾਂ ਸ੍ਰ: ਗੁਰਬਚਨ ਸਿੰਘ ਜੀ ਨੂੰ ਇਹ ਜਾਣਕਾਰੀ ਦੇਣੀ ਲਾਭਵੰਦ ਹੋਏਗੀ ਕਿ ਦਾਸ ਨੇ ਲੰਬਾ ਸਮਾਂ ਪਹਿਲਾਂ ਹੀ ਖੰਡੇ-ਬਾਟੇ ਦੀ ਪਾਹੁਲ ਛੱਕ ਲਈ ਸੀ ਅਤੇ ਇਸ ਸਬੰਧ ਵਿੱਚ ਸਾਡੇ ਗਰੁੱਪ ਦੇ ਕਿਸੇ ਵੀ ਸੱਜਣ ਨੂੰ ਕੋਈ ਸ਼ੰਕਾ ਨਹੀਂ ਹੈ।

ਜੇਕਰ ਕੋਈ ਵਿਦਵਾਨ ਗੁਰਬਾਣੀ ਦੇ ਪ੍ਰਮਾਣ ਦੇ ਕੇ ਇਹ ਵਿਚਾਰ ਪ੍ਰਗਟ ਕਰੇ ਕਿ ਪਰਮਾਤਮਾ ਦੇ ਸਿਮਰਨ ਵਿੱਚ ਜੁੜਨ ਵਾਲਾ ਵੇਲਾ ਹੀ ਅੰਮ੍ਰਿਤ ਵੇਲਾ ਹੈ, ਤਾਂ ਇਸ ਨੁਕਤਾ ਚਰਚਾਯੋਗ ਤਾਂ ਹੋ ਸਕਦਾ ਹੈ, ਇਤਰਾਜ਼ ਯੋਗ ਨਹੀਂ। ਜਿੱਥੋਂ ਤੱਕ ਪੰਜ ਬਾਣੀਆਂ ਦਾ ਸਵਾਲ ਹੈ, ਵਿਦਵਾਨ ਸੱਜਣ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਉਹ ਕਿਹੜੀਆਂ ਪੰਜ ਬਾਣੀਆਂ ਦਾ ਜ਼ਿਕਰ ਕਰ ਰਹੇ ਹਨ। ਸਿੱਖ ਰਹਿਤ ਮਰਿਆਦਾ ਬਾਰੇ ਮੈਂ ਆਪਣੇ ਵਿਚਾਰ ਉੱਤੇ ਪ੍ਰਗਟ ਕਰ ਹੀ ਚੁੱਕਾ ਹਾਂ। ਸ੍ਰੀਮਾਨ ਜੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਨ੍ਹਾਂ ਮੁੱਦਿਆਂ ’ਤੇ ਵਿਚਾਰ-ਚਰਚਾ ਕਰਨਾ, ਇਨ੍ਹਾਂ ਦੇ ਖਿਲਾਫ਼ ਬਿਆਨ ਦੇਣਾ ਨਹੀਂ ਹੁੰਦਾ। ਆਮ ਸੰਗਤ ਵੱਲੋਂ ਕਥਿਤ ਤੌਰ ’ਤੇ ਸਪੋਕਸਮੈਨ ਜਾਂ ਉਸਦੇ ਕਲਪਿਤ ਸਾਥੀਆਂ ਪ੍ਰਤੀ ਨਫ਼ਰਤ ਹੋਣ ਦਾ ਦਾਅਵਾ ਵੀ ਗੁੰਮਰਾਹਕੁੰਨ ਹੈ ਕਿਉਂਕਿ ਇੱਥੇ ਆਮ ਸੰਗਤ ਤੋਂ ਕਿਸ ਵਰਗ ਵੱਲ ਇਸ਼ਾਰਾ ਕੀਤਾ ਜਾ ਰਿਹਾ ਹੈ, ਉਹ ਸਪਸ਼ਟ ਨਹੀਂ। ਜੇਕਰ ਆਮ ਸੰਗਤ ਤੋਂ ਭਾਵ ਕੇਸਾਂ ਦੀ ਬੇਅਦਬੀ ਕਰਨ ਵਾਲੇ, ਨਸ਼ਿਆਂ ਦੇ ਆਦੀ, ਜਾਤ-ਪਾਤ ਦੇ ਹੰਕਾਰ ਵਿੱਚ ਚੂਰ ਤੇ ਸਿੱਖੀ ਸਿਧਾਂਤਾਂ ਨੂੰ ਬ੍ਰਾਹਮਣਵਾਦ ਦਾ ਚਸ਼ਮਾ ਲਗਾ ਕੇ ਵੇਖਣ ਵਾਲੇ ਲੋਕਾਂ ਦਾ ਹੈ, ਤਾਂ ਇਸ ਵਿੱਚ ਕੁਝ ਵੀ ਅਸੁਭਾਵਿਕ ਨਹੀਂ - ਅਜਿਹੀ ਕਥਿਤ ‘ਆਮ ਸੰਗਤ’ ਅਤੇ ਸੱਚ ਦੇ ਪੈਰੋਕਾਰਾਂ ਵਿਚਕਾਰ ਟਕਰਾਅ ਤਾਂ ਗੁਰੂ ਨਾਨਕ ਸਾਹਿਬ ਦੇ ਬਚਪਨ ਤੋਂ ਹੀ ਅਰੰਭ ਹੋ ਗਿਆ ਸੀ। ਭਾਰਤ ਵਿੱਚ ਰਹਿੰਦਿਆਂ ਬ੍ਰਾਹਮਣਵਾਦ ਦਾ ਵਿਰੋਧ ਕਰਨ ਵਾਲੇ ਹਰ ਸ਼ਖ਼ਸ/ ਸੰਸਥਾ ਪ੍ਰਤੀ ਆਮ ਸੰਗਤ ਦਾ ਇਹੀ ਵਤੀਰਾ ਹੁੰਦਾ ਹੈ। ਵੀਰ ਜੀ ਨੇ ਇਹ ਨਹੀਂ ਦੱਸਿਆ ਕਿ ਸੰਗਤ ਦਾ ਇਹੀ ਵਰਗ, ਮਿਸ਼ਨਰੀਆਂ ਨੂੰ ਵੀ ਪਸੰਦ ਨਹੀਂ ਕਰਦਾ ਕਿਉਂਕਿ ਉਨ੍ਹਾਂ ਦਾ ਵਿਚਾਰ ਹੁੰਦਾ ਹੈ ਕਿ ਮਿਸ਼ਨਰੀ ਰੱਖੜੀ ਬੰਨ੍ਹਣ, ਗੁਰੂ ਸਾਹਿਬਾਨ ਦੀਆਂ ਕਥਿਤ ਪਵਿੱਤਰ ਤਸਵੀਰਾਂ ਲਗਾਉਣ ਆਦਿਕ ਪ੍ਰਚਲਿਤ ਕਰਮ-ਕਾਂਡਾਂ ਨੂੰ ਕਰਨ ਤੋਂ ਮਨਾਂ ਕਰਦੇ ਹਨ। ਵੀਰ ਜੀ ਨੇ ਅਸਿੱਧੇ ਤੌਰ ’ਤੇ ਇਹ ਇਕਬਾਲ ਵੀ ਕਰ ਲਿਆ ਹੈ ਕਿ ‘ਖ਼ਾਸ ਸੰਗਤ’ (ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਨੂੰ ਸਮਰਪਿਤ ਅਤੇ ਮਾਨਸਿਕ ਪੱਖੋਂ ਕੁਝ ਚੇਤੰਨ) ਉਕਤ ਅਦਾਰਿਆਂ ਨੂੰ ਪਸੰਦ ਕਰਦੀ ਹੈ।

ਵਿਦਵਾਨ ਲੇਖਕ ਨੇ ਮਰਹੂਮ ਪ੍ਰਚਾਰਕ ਸ੍ਰ: ਮਹਿੰਦਰ ਸਿੰਘ ਜੋਸ਼ ਦੇ ਸੰਸਕਾਰ ਅਤੇ ਅੰਤਮ ਅਰਦਾਸ ਸਮੇਂ ‘ਕੁਝ ਗਿਣਤੀ ਦੇ ਲੋਕਾਂ’ ਦੇ ਹਾਜ਼ਰ ਹੋਣ ’ਤੇ ਵੀ ਵਿਅੰਗ ਕਸਿਆ ਹੈ। ਪਰ ਇਸ ਵਿੱਚ ਅਸੁਭਾਵਿਕ ਕੀ ਸੀ? ਸ੍ਰ: ਮਹਿੰਦਰ ਸਿੰਘ ਜੋਸ਼ ਨਾ ਤਾਂ ਕਿਸੇ ਗੁਰਦੁਆਰਾ ਕਮੇਟੀ ਦੇ ਨੇਤਾ ਸਨ, ਨਾ ਕਿਸੇ ਸਿਆਸੀ ਪਾਰਟੀ ਦੇ। ਜਿਸ ਤਰ੍ਹਾਂ, ਉਨ੍ਹਾਂ ਨੇ ਸ਼ਲਾਘਾਯੋਗ ਦਲੇਰੀ ਨਾਲ ਅਤਿ ਵਿਵਾਦਮਈ ਵਿਸ਼ਿਆਂ (ਜਿਨ੍ਹਾਂ ਬਾਰੇ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਬੰਧਕ ਚੁੱਪੀ ਧਾਰੀ ਰੱਖਦੇ ਹਨ) ’ਤੇ ਪ੍ਰਭਾਵਸ਼ਾਲੀ ਪੁਸਤਕਾਂ ਲਿਖੀਆਂ, ਉਸ ਸਦਕਾ ‘ਆਮ ਸੰਗਤ’ ਨੇ ਤਾਂ ਉਨ੍ਹਾਂ ਦੀ ਅੰਤਮ ਅਰਦਾਸ ’ਤੇ ਸ਼ਾਮਲ ਹੋਣਾ ਹੀ ਨਹੀਂ ਸੀ। ਅਤੇ ਖ਼ਾਸ ਸੰਗਤ ਦੇ ਨਾਲ ਸਬੰਧਿਤ ਕਿਰਤੀ ਸਿੱਖ ਕਿਸੇ ਇਕ ਥਾਂ ’ਤੇ ਬਹੁਤਾਤ ਵਿੱਚ ਨਹੀਂ ਰਹਿੰਦੇ, ਜੋ ਇਕੱਠੇ ਹੋ ਕੇ ਸ੍ਰ: ਜੋਸ਼ ਦੀ ਅੰਤਮ ਅਰਦਾਸ ਵਿੱਚ ਪਹੁੰਚ ਜਾਂਦੇ। ਪਰ ਜਿਹੜੇ ਸੱਜਣ ਸ੍ਰ: ਜੋਸ਼ ਦੀ ਅੰਤਮ ਅਰਦਾਸ ਵਿੱਚ ਪਹੁੰਚੇ, ਕੀ ਤੁਸੀਂ ਉਨ੍ਹਾਂ ਦੇ ਗਿਆਨ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਜਜ਼ਬਾਤਾਂ ਦੀ ਤੁਲਨਾ ਕਥਿਤ ‘ਆਮ ਸੰਗਤ’ ਨਾਲ ਕਰ ਸਕਦੇ ਹੋ? ਜੇਕਰ ਸ੍ਰ: ਜੋਸ਼ ਦੀ ਅੰਤਮ ਅਰਦਾਸ ’ਤੇ ਆਮ ਸੰਗਤ ਦੀ ਭੀੜ ਇਕੱਤਰ ਹੋ ਵੀ ਜਾਂਦੀ, ਤਾਂ ਇਸ ਨਾਲ ਸਿੱਖ ਜਗਤ ਨੂੰ ਕੀ ਪ੍ਰਾਪਤੀ ਹੋਣੀ ਸੀ?

ਸਤਿਕਾਰਯੋਗ ਮਿਸ਼ਨਰੀ ਜੀ ਦਾ ਇਹ ਸੁਝਾਅ ਕਿ ਕੌਮ ਨੂੰ ਜੋੜਨ ਲਈ ਰਹਿਤ-ਮਰਿਆਦਾ ਦਾ ਪ੍ਰਚਾਰ ਕੀਤਾ ਜਾਏ, ਨਾਲ ਅਸੀਂ ਸਹਿਮਤ ਨਹੀਂ। ਸਾਡੀ ਜਾਚੇ ਸਿੱਖਾਂ (ਅਤੇ ਗੈਰ-ਸਿੱਖਾਂ) ਨੂੰ ਗੁਰੂ ਸਾਹਿਬਾਨ ਦੇ ਸਿਧਾਂਤਾਂ ਜੋੜਨ ਲਈ ਗੁਰੂ ਗ੍ਰੰਥ ਸਾਹਿਬ ਦੀਆਂ ਰਚਨਾਵਾਂ ਵਿੱਚ ਸਮਾਏ ਹੋਏ ਉਪਦੇਸ਼ਾਂ ਬਾਰੇ ਸਮੁੱਚੀ ਲੋਕਾਈ ਨੂੰ ਜਾਣਕਾਰੀ ਦੇਣਾ ਜ਼ਿਆਦਾ ਜਰੂਰੀ ਹੈ। ਇਨ੍ਹਾਂ ਸਿਧਾਂਤਾਂ ਨੂੰ ਸਮਝ ਕੇ, ਖੰਡੇ-ਬਾਟੇ ਦੀ ਪਾਹੁਲ ਛਕਣ ਲਈ ਤਿਆਰ ਲੋਕਾਂ ਨੂੰ ਰਹਿਤ-ਮਰਿਆਦਾ (ਅਤੇ ਇਸ ਦੀਆਂ ਊਣਤਾਈਆਂ) ਬਾਰੇ ਜਾਣਕਾਰੀ ਦੇਣਾ ਵਧੇਰੇ ਲਾਭਵੰਦ ਹੋਵੇਗਾ।

ਸ੍ਰੀਮਾਨ ਜੀ ਨੇ ਸ੍ਰ: ਰਵਿੰਦਰ ਸਿੰਘ ਅਤੇ ਉਨ੍ਹਾਂ ਦੇ ਕਥਿਤ ਸਹਿਯੋਗੀ (ਯਾਨਿ ਸਾਨੂੰ) ਪ੍ਰਿੰ: ਹਰਭਜਨ ਸਿੰਘ ਜੀ ਦੀ ਅਗਵਾਈ ਹੇਠ ਆ ਜਾਣ ਦਾ ਸੱਦਾ ਦਿੱਤਾ ਹੈ। ਜੇਕਰ ਸ੍ਰ: ਰਵਿੰਦਰ ਸਿੰਘ ਅਜਿਹਾ ਕਰਨਾ ਚਾਹੁਣ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਪਰ ਆਪਣੇ ਗਰੁੱਪ ਬਾਰੇ ਮੈਂ ਇਹੀ ਕਹਿ ਸਕਦਾ ਹਾਂ ਕਿ ਸਾਨੂੰ ਸਿਰਫ਼ ਅਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੀ ਪਸੰਦ ਹੈ - ਕਿਸੇ ਮਨੁੱਖ ਦੀ ਨਹੀਂ। ਖ਼ਾਸਕਰ ਸ੍ਰ: ਹਰਭਜਨ ਸਿੰਘ ਵਰਗੇ ਮਨੁੱਖਾਂ ਦੀ ਤਾਂ ਉੱਕਾ ਹੀ ਨਹੀਂ, ਜਿਨ੍ਹਾਂ ਉੱਤੇ ਮਿਸ਼ਨਰੀ ਲਹਿਰ ਨੂੰ ਕਈ ਕਾਲਜਾਂ ਵਿੱਚ ਵੰਡਣ ਦਾ ਮੁੱਖ ਕਾਰਨ ਬਨਣ ਦੇ ਆਰੋਪ ਲੱਗਦੇ ਹਨ ਅਤੇ ਜੋ ਰਜਿਸਟਰਡ ਸੋਸਾਇਟੀ ਦੇ ਮੁਖੀ ਹੋਣ ਦੇ ਬਾਵਜੂਦ ਕਥਿਤ ਤੌਰ ’ਤੇ ਇਸਦੀਆਂ ਚੋਣਾਂ ਨਹੀਂ ਕਰਵਾਉਂਦੇ। ਅਜਿਹੇ ਵਿਅਕਤੀਆਂ ਦੀ ਸੰਗਤ ਨਾਲ ਸੋਚ ਠੀਕ ਨਹੀਂ ਹੁੰਦੀ ਬਲਕਿ ਗੁੰਮਰਾਹ ਹੋ ਜਾਂਦੀ ਹੈ ਜਦਕਿ ਗੁਰੂ ਸਾਹਿਬ ਦੇ ਪਵਿੱਤਰ ਉਪਦੇਸ਼ਾਂ ਨੂੰ ਪੜ੍ਹ-ਸਮਝ ਕੇ ਮਨ ਦੇ ਵਿਕਾਰ ਦੂਰ ਹੁੰਦੇ ਹਨ।

ਸ੍ਰ: ਰਵਿੰਦਰ ਸਿੰਘ ਵੱਲੋਂ ਰਹਿਤ-ਮਰਿਆਦਾ ਦੇ ਕੁਝ ਪੱਖਾਂ ਦਾ ਵਿਰੋਧ ਅਤੇ ਡੇਰਾਵਾਦ ਵਿੱਚ ਇਹ ਫ਼ਰਕ ਹੈ ਕਿ ਡੇਰੇਦਾਰ ਰਹਿਤ ਮਰਿਆਦਾ ਵਿੱਚ ਦਰਜ ਗੁਰਮਤਿ ਸਿਧਾਂਤਾਂ ਦੇ ਅਨੁਕੂਲ ਸੰਸਕਾਰਾਂ ਪ੍ਰਤੀ ਭਰਮ ਪੈਦਾ ਕਰਦੇ ਹਨ ਜਦਕਿ ਸ੍ਰ: ਰਵਿੰਦਰ ਸਿੰਘ, ਰਹਿਤ-ਮਰਿਆਦਾ ਵਿੱਚ ਦਰਜ ਬ੍ਰਾਹਮਣਵਾਦ-ਪੱਖੀ ਨੁਕਤਿਆਂ ਬਾਰੇ ਜਾਗ੍ਰਿਤੀ ਲਿਆਉਣਾ ਚਾਹੁੰਦੇ ਹਨ। ਜੇਕਰ ਸ੍ਰ: ਗੁਰਬਚਨ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਨੂੰ ਗ੍ਰਹਿਣ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਉਹ ਇਕ ਸਧਾਰਨ ਸਿੱਖ ਨਹੀਂ ਰਹਿੰਦੇ ਬਲਕਿ ਗਿਆਨ ਨਾਲ ਭਰਪੂਰ ਸਿੱਖ ਹੋ ਜਾਂਦੇ (ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ।।)। ਪਰ ਸਿੱਖ ਮਿਸ਼ਨਰੀ ਕਾਲਜ ਦੇ ਹੋਰਨਾਂ ਅਹੁਦੇਦਾਰਾਂ ਦੀ ਤਰ੍ਹਾਂ, ਉਹ ਵੀ ਰਹਿਤ-ਮਰਿਆਦਾ ਦੇ ਰਟਨ ’ਤੇ ਹੀ ਜ਼ੋਰ ਦੇ ਰਹੇ ਹਨ। ਜਿਸ ਕਾਰਨ ਉਨ੍ਹਾਂ ਨੂੰ ਸਿਰਸੇ ਵਾਲੇ ਸੌਦਾ ਸਾਧ ਅਤੇ ਰਵਿੰਦਰ ਸਿੰਘ ਪਿੰਜੌਰ ਵਿੱਚ ਕੋਈ ਫ਼ਰਕ ਨਜ਼ਰ ਨਹੀਂ ਆ ਪਾ ਰਿਹਾ।

ਸ੍ਰੀਮਾਨ ਜੀ ਨੇ ਸਿੱਖ ਮਿਸ਼ਨਰੀ ਕਾਲਜ ਦੀ ਮੈਗਜ਼ੀਨ ‘ਸਿੱਖ ਫੁਲਵਾੜੀ’ ਰਾਹੀਂ ‘ਸਾਰੀਆਂ ਬੁਰਿਆਈਆਂ ਖਿਲਾਫ਼’ ਬੇਧੜਕ ਅਵਾਜ਼ ਚੁੱਕਣ ਦਾ ਦਾਅਵਾ ਕੀਤਾ ਹੈ। ਪਰ ਕਾਲਜ ਦੇ ਰਸਾਲੇ ਵਿੱਚ ਤ੍ਰਿਆ-ਚਰਿੱਤਰ, ਗੁਰਬਿਲਾਸ ਪਾ: 6ਵੀਂ, ਸਿੱਖ ਇਤਿਹਾਸ ਆਦਿਕ ਗੰਦੀਆਂ ਪੁਸਤਕਾਂ ਜਾਂ ਕੌਮ ਦਾ ਬੇੜਾ ਗਰਕ ਕਰ ਰਹੇ ਸਿਆਸੀ-ਪੁਜਾਰੀ ਵਰਗ (ਅਖੌਤੀ ਜੱਥੇਦਾਰ ਤੇ ਨੀਲੀਆਂ ਪੱਗਾਂ ਵਾਲੇ ਉਨ੍ਹਾਂ ਦੇ ਆਕਾ) ਬਾਰੇ ਕਦੋਂ ਕੋਈ ਬੇਧੜਕ ਲੇਖ ਲਿਖਿਆ ਗਿਆ ਅਤੇ ਉਸਨੂੰ ਪੜ੍ਹ ਕੇ ‘ਆਮ ਸਿੱਖਾਂ’ ਨੇ ਕੀ ਅਮਲ ਕੀਤਾ, ਇਸ ਬਾਰੇ ਸਾਨੂੰ ਤਾਂ ਕੋਈ ਜਾਣਕਾਰੀ ਨਹੀਂ ਹੈ। ਜੇਕਰ ਸ੍ਰ: ਗੁਰਬਚਨ ਸਿੰਘ ਜੀ ਇਸ ਬਾਬਤ ਸਾਨੂੰ ਤੱਥ-ਭਰਪੂਰ ਜਾਣਕਾਰੀ ਭੇਜ ਸਕਣ ਤਾਂ ਅਸੀਂ ਉਨ੍ਹਾਂ ਦੇ ਅਤਿ ਧੰਨਵਾਦੀ ਹੋਵਾਂਗੇ।

ਅਸੀਂ ਸਰਦਾਰ ਸਾਹਿਬ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਕਿਸੇ ਤਰ੍ਹਾਂ ਦਾ ‘ਬਿਆਨ’ ਦੇਣ ਦਾ ਸ਼ੌਕ ਨਹੀਂ ਹੈ ਅਤੇ ਅਸੀਂ ਆਪ ਜੀ ਦੇ ਸੁਝਾਅ ਮੁਤਾਬਿਕ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਦੇ ਹੀ ਇੱਛੁਕ ਹਾਂ। ਅਸੀਂ ਆਪਜੀ ਦੀ ਇਸ ਗੱਲ ਤੋਂ ਸੌ ਫੀਸਦੀ ਸਹਿਮਤ ਹਾਂ ਕਿ ‘‘ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਨਾਲ ਹੀ ਸਿੱਖ ਕੌਮ ਜਾਗਰੁਕ ਹੋਵੇਗੀ ਅਤੇ ਗਲਤ ਰੀਤੀ-ਰਿਵਾਜਾਂ, ਮਨਮਤਾਂ, ਗੁਰਮਤਿ ਵਿਰੋਧੀ ਕਰਮ-ਕਾਂਡਾਂ ਨੂੰ ਤਿਆਗ ਦੇਵੇਗੀ।’’ ਮਿਸ਼ਨਰੀ ਵੀਰ ਵੱਲੋਂ ਦਿੱਤੀ ਗਈ ਸਲਾਹ ਮੁਤਾਬਿਕ, ਅਸੀਂ ਵੀ ਆਪਣੀ ਸ਼ਕਤੀ ਨੂੰ ਉਸਾਰੂ ਕੰਮਾਂ ਵਿੱਚ ਹੀ ਲਗਾਉਣਾ ਚਾਹੁੰਦੇ ਹਾਂ; ਵਾਦ-ਵਿਵਾਦ ਤਾਂ ਉਸ ਸਮੇਂ ਪੈਦਾ ਹੁੰਦੇ ਹਨ ਜਦ ਕੋਈ ਸੰਸਥਾ ਜਾਂ ਉਸਦੇ ਅਹੁਦੇਦਾਰ ਆਪਣੇ ਪ੍ਰਤੀ ਕੀਤੀ ਗਈ ਉਸਾਰੂ-ਆਲੋਚਨਾ ਨੂੰ ‘ਮਾਨਹਾਨੀ’ ਗਰਦਾਨ ਕੇ, ਨੌਜੁਆਨ ਲੇਖਕਾਂ ਖਿਲਾਫ਼ ਕਾਨੂੰਨੀ ਮੁਕੱਦਮਿਆਂ ਦੇ ਨੋਟਿਸ ਜਾਰੀ ਕਰਨ ਲੱਗ ਪੈਂਦੇ ਹਨ।

- - -

ਆਸ ਹੈ ਕਿ ਏਨੇ ਵਿਸਥਾਰ ਨਾਲ ਦਿੱਤੇ ਗਏ ਸਾਡੇ ਪੱਖ ਨੂੰ ਪੜ੍ਹ ਕੇ ਸ੍ਰ: ਗੁਰਬਚਨ ਸਿੰਘ ਅਤੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਹੋਰ ਅਹੁਦੇਦਾਰਾਂ ਦੇ ਮਨਾਂ ਵਿੱਚ ਸਾਡੇ ਪ੍ਰਤੀ ਉਪਜੇ ਸ਼ੰਕੇ (ਜੇ ਕੋਈ ਹੋਣ, ਤਾਂ) ਦੂਰ ਹੋਏ ਹੋਣਗੇ। ਸ੍ਰ: ਰਵਿੰਦਰ ਸਿੰਘ ਅਤੇ ਸਿੱਖ ਅਵੇਅਰਨੈੱਸ ਗਰੁੱਪ ਨੂੰ ਕਥਿਤ ‘ਨੇਕ ਸਲਾਹ’ ਦੇਣ ਵਾਸਤੇ ਆਪਣਾ ਅਮੋਲਕ ਸਮਾਂ ਬਚਾਉਣ ਲਈ ਅਸੀਂ ਸ੍ਰ: ਗੁਰਬਚਨ ਸਿੰਘ ਦੇ ਤਹਿ ਦਿਲੋਂ ਧੰਨਵਾਦੀ ਹਾਂ।