

ਡੁੱਬਦੀ ਬੇੜੀ ਵਿੱਚ ਸਵਾਰ ਸਿੱਖ ਸਮਾਜ
- ਕਰਮਜੀਤ ਸਿੰਘ ਔਜਲਾ -
ਫੋਨ : 0091-161-2472473
ਡਾਕਟਰ ਮਰੀਜ਼ ਦਾ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਉਸਦੀ ਹਾਲਤ ਬਾਰੇ ਫੈਸਲਾ ਕਰ ਲੈਂਦਾ ਹੈ ਕਿ ਉਸਦੇ ਰੋਗ ਅਤੇ ਸਰੀਰ ਦੀ ਹਾਲਤ ਕਿਹੋ ਜਿਹੀ ਹੈ। ਕੀ ਉਹ ਆਪਰੇਸ਼ਨ ਦੀ ਸਖ਼ਤੀ ਸਹਾਰਨ ਯੋਗ ਹੈ ਜਾਂ ਆਪਰੇਸ਼ਨ ਹੋਣ ਦੇ ਵਕਤ ਹੀ, ਮੌਤ ਦਾ ਸ਼ਿਕਾਰ ਹੋ ਜਾਣ ਦੇ ਖ਼ਤਰੇ ਵਿੱਚ ਹੈ? ਇਹੋ ਜਿਹੀਆਂ ਗੱਲਾਂ ਨੂੰ ਪੂਰੀ ਤਰ੍ਹਾਂ ਵਿਚਾਰਨ ਤੋਂ ਬਾਅ ਹੀ ਡਾਕਟਰ ਮਰੀਜ ਦਾ ਇਲਾਜ ਸ਼ੁਰੂ ਕਰਦਾ ਹੈ ਤਾਂਕਿ ਇਲਾਜ ਤੋਂ ਤੰਦਰੁਸਤੀ ਮਿਲੇ, ਨਾ ਕਿ ਤਕੜੇ ਇਲਾਜ ਦੀ ਮਾਰ ਨਾਲ ਮਰੀਜ ਰੋਗ ਤੋਂ ਛੁਟਕਾਰਾ ਪਾਉਣ ਦੀ ਥਾਂ ਆਪਣੇ ਸਰੀਰ ਤੋਂ ਹੀ ਛੁਟਕਾਰਾ ਪਾ ਜਾਣ। ਇਹ ਗੱਲ ਇਸ ਵਾਸਤੇ ਕੀਤੀ ਗਈ ਹੈ ਕਿਉਂਕਿ ਇਹ ਸਭ ਕੁਝ ਸਿੱਖ ਸਮਾਜ ਦੇ ਸੰਦਰਭ ਵਿੱਚ ਵੀ ਇਸੇ ਹੀ ਤਰ੍ਹਾਂ ਵਿਚਾਰਨ ਯੋਗ ਹੈ।
ਸਿੱਖ ਸਮਾਜ ਦੀ ਹਾਲਤ ਇਵੇਂ ਹੈ, ਜਿਵੇਂ ਕਿ ਇਹ ਇਕ ਡੁੱਬ ਰਹੀ ਬੇੜੀ ਵਿੱਚ ਸਵਾਰ ਹੋਵੇ ਅਤੇ ਬੇੜੀ ਵੀ ਡੂੰਘੇ ਦਰਿਆ ਦੇ ਅੱਧ-ਵਿਚਕਾਰ ਹੋਵੇ। ਇਹ ਖ਼ਤਰਨਾਕ ਅਵਸਥਾ ਹੈ। ਬੇੜੀ ਡੁੱਬ ਰਹੀ ਹੈ ਅਤੇ ਮੰਝਧਾਰ ਵਿਚਕਾਰ ਹੈ। ਜੇ ਇਹ ਬੇੜੀ ਡੁੱਬ ਗਈ, ਤਾਂ ਸਾਰੇ ਹੀ ਡੁੱਬਣਗੇ ਅਤੇ ਮਾਲ ਅਸਬਾਬ ਵੀ ਡੁੱਬ ਜਾਏਗਾ।
ਹੁਣ ਜਦੋਂ ਕੋਈ ਸਵਾਰ ਹੀ ਅਜਿਹੀ ਬੇੜੀ ਵਿੱਚ ਹੈ, ਜਿਹੜੀ ਮੰਝਧਾਰ ਵਿੱਚ ਡੁੱਬਣ ਵਾਲੀ ਹੈ, ਤਾਂ ਇਹ ਸਿੱਖਿਆ ਕਿਸੇ ਕੰਮ ਨਹੀਂ ਆਵੇਗੀ ਕਿ ਬੇੜੀ ਵਿੱਚ ਸਵਾਰ ਹੋਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ। ਹੁਣ ਤਾਂ ਅਵਸਥਾ ਇਹ ਹੈ ਕਿ ਸਵਾਰੀਆਂ ਵੀ ਬੇੜੀ ਦੇ ਨਾਲ ਹੀ ਡੁੱਬ ਜਾਣਗੀਆਂ, ਜੇ ਉਨ੍ਹਾਂ ਨੂੰ ਬਚਾਇਆ ਨਾ ਗਿਆ। ਸੋ ਇਹ ਬਹਿਸ ਵਿਅਰਥ ਹੈ ਕਿ ਇਹੋ ਜਿਹੀ ਬੇੜੀ ਵਿੱਚ ਕਿਉਂ ਚੜ੍ਹੇ? ਕਿਸ ਨੇ ਚੜ੍ਹਾਇਆ? ਬਲਕਿ ਸਿਰਫ਼ ਇਹੋ ਹੀ ਜ਼ਰੂਰੀ ਅਤੇ ਉਪਯੁਕਤ ਹੈ ਕਿ ਹੁਣ ਬਚਾਇਆ ਕਿਵੇਂ ਜਾਵੇ? ਨਾਲ ਹੀ ਇਹ ਵੀ ਮਹੱਤਵਪੂਰਨ ਹੈ ਕਿ ਕੌਣ ਬਚਾਵੇ?
ਕੌਣ ਬਚਾਵੇ? ਕਿਸੇ ’ਤੇ ਭਰੋਸਾ ਕੀਤਾ ਜਾਵੇ? ਅਜੇ ਤੱਕ ਇਸ ਬਾਰੇ ਗਲਤ ਫੈਸਲੇ ਹੋਣ ਕਰਕੇ ਪੰਥ ਦੀ ਜਾਂ ਸਿੱਖ ਸਮਾਜ ਦੀ ਬੇੜੀ ਕਈ ਵਾਰ ਡੁੱਬ ਚੁੱਕੀ ਹੈ। ਇਸ ਡੁੱਬ ਚੁੱਕੀ ਬੇੜੀ ਵਿੱਚ ਅਭਾਗੇ ਸਵਾਰਾਂ ਵਿੱਚੋਂ ਕੁਝ ਹਿੰਮਤ ਵਾਲੇ ਜਿਵੇਂ ਕਿਵੇਂ, ਹੱਥ-ਪੈਰ ਮਾਰ ਕੇ ਦਰਿਆ ਵਿੱਚੋਂ ਬਾਹਰ ਆ ਸਕੇ। ਇਨ੍ਹਾਂ ਹਿੰਮਤ ਵਾਲਿਆਂ ਨੇ ਫਿਰ ਸਿੱਖ ਸਮਾਜ ਨੂੰ ਸੰਭਾਲਿਆ ਅਤੇ ਦੁਬਾਰਾ ਖੜਾ ਕੀਤਾ ਪਰ ਫਿਰ ਇਕ ਵਾਰ ਹੋਰ ਕਿਸੇ ਨੇ ਸਿੱਖ ਸਮਾਜ ਨੂੰ ਇਹੋ ਜਿਹੀ ਬੇੜੀ ਵਿੱਚ ਸਵਾਰ ਕਰਵਾ ਦਿੱਤਾ, ਜਿਸਨੇ ਦਰਿਆ ਦੇ ਐਨ ਵਿਚਕਾਰ ਡੁੱਬਦਾ ਹੀ ਸੀ। ਕੁਝ ਮਿਸਾਲਾਂ ਇਤਿਹਾਸ ਵਿੱਚੋਂ ਯਾਦ ਕੀਤੀਆਂ ਜਾਣ ਤਾਂ ਸਮਝਣਾ ਅਸਾਨ ਹੋ ਜਾਵੇਗਾ।
ਸਭ ਤੋਂ ਪਹਿਲਾਂ ਸਿੱਖ ਸਮਾਜ ਦੀ ਬੇੜੀ ਡੁਬੋਣ ਲਈ ਧਿਆਨ ਸਿੰਘ ਡੋਗਰੇ, ਵਜ਼ੀਰ ਸਿੱਖ ਰਾਜ ਨੇ ਠੇਲੀ ਸੀ। ਉਸ ਵਕਤ ਅਣਗਿਣਤ ਸਿੱਖਾਂ ਦੇ ਨਾਲ, ਬੇਹਿਸਾਬ ਆਦਰ-ਮਾਣ, ਇੱਜ਼ਤ ਅਤੇ ਤਾਕਤ ਦੇ ਵੀ ਡੁੱਬ ਜਾਣ ਨਾਲ, ਸਿੱਖ ਸਮਾਜ ਕੱਖੋਂ ਹੌਲਾ ਹੋ ਗਿਆ ਸੀ। ਫਿਰ ਮਿਸ਼ਰ ਲਾਲ ਚੰਦ (ਲਾਲ ਸਿੰਘ) ਅਤੇ ਮਿਸ਼ਰ ਤੇਜ ਰਾਮ (ਤੇਜ ਸਿੰਘ) ਨੇ ਪੰਥ ਦੀ ਬੇੜੀ ਸਿੱਖਾਂ ਅਤੇ ਅੰਗਰੇਜ਼ਾਂ ਦੀ ਦੂਜੀ ਲੜਾਈ ਸਮੇਂ ਡੋਬੀ ਸੀ। ਇਸ ਵਕਤ ਇਨ੍ਹਾਂ ਦੋ ਮਿਸ਼ਰੇ ਬ੍ਰਾਹਮਣਾਂ ਨੇ ਮੈਦਾਨੇ-ਜੰਗ ਵਿੱਚ ਬਾਰੂਦ ਦੀ ਥਾਂ, ਸਰ੍ਹੋਂ ਨਾਲ ਭਰੀਆਂ ਬੋਰੀਆਂ ਭੇਜੀਆਂ ਸਨ। ਮੈਦਾਨੇ ਜੰਗ ਵਿੱਚ ਸਾਮਹਣੇ ਦੁਸ਼ਮਣ ਅੰਗਰੇਜ਼, ਹਿੰਦੁਸਤਾਨ ਦੇ ਹਰ ਇੱਕ ਤਬਕੇ ਦੀਆਂ ਫੌਜਾਂ ਨਾਲ ਸੀ ਅਤੇ ਪਿੱਛੇ ਘਰ ਵਿੱਚ ਗੱਦਾਰ ਅਤੇ ਨਮਕ ਹਰਾਮ। ਅੰਗਰੇਜ਼ ਹਿੰਦੁਸਤਾਨ ਦੀਆਂ ਸਾਰੀਆਂ ਹੀ ਕੌਮਾਂ ਦੀ ਫੌਜ ਨਾਲ ਸਰਕਾਰ ਪੰਜਾਬ ਨਾਲ ਯੁੱਧ ਲਈ ਮੈਦਾਨੇ ਜੰਗ ਵਿੱਚ ਸੀ। ਤਦੇ ਹੀ ਤਾਂ ਇਸ ਜੰਗ ਬਾਰੇ ਸ਼ਾਹ ਮੁਹੰਮਦ ਨੇ ‘ਜੰਗਨਾਮਾ ਸਿੰਘਾਂ ਤੇ ਫਿਰੰਗੀਆਂ’ ਵਿੱਚ ਲਿਖਿਆ ਸੀ :
ਜੰਗ ਹਿੰਦ ਪੰਜਾਬ ਦੀ ਹੋਣ ਲੱਗੀ,
ਫੌਜਾਂ ਦੋਹਵੇਂ ਪਾਤਸ਼ਾਹੀਆਂ ਭਾਰੀਆਂ ਨੇ।
- - -
ਅੱਜ ਹੁੰਦੀ ਸਰਕਾਰ ਤਾਂ ਮੁੱਲ ਪਾਉਂਦੀ,
ਤੇਗਾਂ ਖ਼ਾਲਸੇ ਨੇ ਜਿਹੜੀਆਂ ਮਾਰੀਆਂ ਨੇ।
- - -
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।
ਖ਼ਾਲਸੇ ਦੀਆਂ ਤੇਗਾਂ ਵਿੱਚ ਕੋਈ ਕਮੀ ਨਹੀਂ ਸੀ। ਅੱਜ ਵੀ ਕਮੀ ਨਹੀਂ ਹੈ ਪਰ ਤੇਗਾਂ ਚੱਲਣ ਕਿੱਥੇ ਅਤੇ ਕੋਈ ਚਲਾਵੇ ਕਿਸੇ ਤਰ੍ਹਾਂ? ਜੇ ਬਰੂਦ ਦੀ ਥਾਂ ਸਰ੍ਹੋਂ ਦੇ ਦਾਣਿਆਂ ਦੀਆਂ ਹੀ ਬੋਰੀਆਂ ਆਉਣਗੀਆਂ, ਤਾਂ ਕੀ ਚੱਲਣਾ ਹੈ ਤੋਪਾਂ ਅਤੇ ਤੇਗਾਂ ਨੇ? ਸਰਕਾਰ ਤੋਂ ਬਿਨਾਂ ਕਿਸੇ ਨੇ ਚਲਾਈਆਂ ਗਈਆਂ ਤੇਗਾਂ ਦਾ ਮੁੱਲ ਵੀ ਨਹੀਂ ਪਾਉਣਾ ਅਤੇ ਸਰਕਾਰ ਤੋਂ ਬਿਨਾਂ ਜਿੱਤੀਆਂ ਹੋਈਆਂ ਫੌਜਾਂ ਵੀ ਹਾਰ ਹੀ ਜਾਂਦੀਆਂ ਹਨ। ਸ਼ਾਹ ਮੁਹੰਮਦ ਨੇ ਉੱਪਰ ਦਿੱਤੀਆਂ ਤੁਕਾਂ ਵਿੱਚ ਇਕ ਮਹਾਨ ਅਤੇ ਕਰੜੀ ਸੱਚਾਈ ਲਿਖੀ ਹੈ, ਜਿਸ ਤੋਂ ਸਿੱਖ ਸਮਾਜ ਦੀ ਬਦਕਿਸਮਤੀ ਦਾ ਭੇਦ ਵੀ ਖੁੱਲਦਾ ਹੈ।
ਸਿੱਖ ਕੌਮ ਨੂੰ ਬਹੁਤ ਚੰਗੇ ਗੁਣਾਂ ਦੇ ਬਾਵਜੂਦ ਵੀ ਚੰਗੀ ਸਰਕਾਰ ਅਰਥਾਤ ਆਗੂ ਜਾਂ ਲੀਡਰ ਨਹੀਂ ਨਸੀਬ ਹੋਏ। ਨਤੀਜਾ ਇਹ ਹੋਇਆ ਕਿ ਕੌਮ ਨੂੰ ਯੋਗ ਅਗਵਾਈ ਮਿਲਣ ਦੀ ਬਜਾਏ ਕੌਮ ਨੂੰ ਬਜ਼ਾਰ ਅਤੇ ਨਵਾਂ ਖਰੀਦਾਰ ਮਿਲਿਆ। ਦਲਾਲਾਂ ਨੇ ਕੌਮ ਨੂੰ ਵੇਚਿਆ, ਦੁਸ਼ਮਣ ਦੇ ਹੱਥ ਅਤੇ ਕੌਮ ਨੂੰ ਬੇਮਿਸਾਲ ਯੋਗਤਾ ਅਤੇ ਤਾਕਤ ਦੇ ਬਾਵਜੂਦ ਵੀ ਗੁਲਾਮੀ ਹੀ ਨਸੀਬ ਹੋਈ। ਇਹ ਨਤੀਜੇ ਹਨ ਗੱਦਾਰਾਂ ਦੀ ਅਗਵਾਈ ਕਰਕੇ ਕੌਮ ਨੂੰ ਸਦਾ ਹੀ ਡੁੱਬਣ ਵਾਲੀ ਬੇੜੀ ਵਿੱਚ ਸਵਾਰ ਕਰਵਾਉਣ ਦੇ।
ਡੋਗਰੇ ਅਤੇ ਮਿਸ਼ਰੇ ਤਾਂ ਬੇਗਾਨੇ ਸਨ। ਉਹ ਪੰਜਾਬ ਤੋਂ ਬਾਹਰੋਂ ਇੱਥੇ ਰੋਟੀ ਕਮਾਉਣ ਆਏ ਸਨ। ਦੋ ਰੁਪਏ ਅਤੇ ਤਿੰਨ ਰੁਪਏ ਮਹੀਨਾ ਦੀ ਇਨ੍ਹਾਂ ਨੇ ਨੌਕਰੀ ਕੀਤੀ ਸੀ ਆਕੇ ਮਹਾਰਾਜਾ ਰਣਜੀਤ ਸਿੰਘ ਕੋਲ। ਬਾਅਦ ਵਿੱਚ ਇਨ੍ਹਾਂ ਕਰਕੇ ਹੀ ਮਹਾਰਾਜੇ ਦੇ ਪੁੱਤਰ ਖੜਕ ਸਿੰਘ ਨੂੰ ਹੌਲੀ-ਹੌਲੀ ਅਸਰ ਕਰਨ ਵਾਲਾ ਜ਼ਹਿਰ ਦੇ ਕੇ ਮਾਰਿਆ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਲਾਡਲੇ ਪੋਤਰੇ ਕੰਵਰ ਨੌਨਿਹਾਲ ਸਿੰਘ ਨੂੰ ਮੰਜੇ ਤੇ ਕਾਬੂ ਕਰਕੇ, ਇੱਟਾਂ ਮਾਰ-ਮਾਰ ਕੇ ਸਿਰ ਅਤੇ ਮੱਥਾ ਫੇਹ ਕੇ ਮਾਰਿਆ ਗਿਆ ਉਹਦੇ ਪਿਤਾ ਖੜਕ ਸਿੰਘ ਦੇ ਸਸਕਾਰ ਤੋਂ ਵਾਪਸ ਆਉਂਦੇ ਨੂੰ ਹੀ। ਬਹਾਨਾ ਇਹ ਲਾਇਆ ਗਿਆ ਸੀ ਕਿ ਛੱਤ ਦੀ ਉਤਲੀ ਮੰਜ਼ਿਲ ਤੋਂ ਇੱਕ ਛੱਜਾ ਡਿੱਗ ਪਿਆ ਸੀ। ਕਿੰਨੀ ਦੁਖਦਾਈ ਮੌਤ ਸੀ ਇਕ ਸ਼ਹਿਜ਼ਾਦੇ ਦੀ? ਇਸ ਕੰਵਰ ਦੀ ਜ਼ਿੰਦਗੀ ਵਿੱਚ ਹੀ ਤਾਂ ਸਿੱਖ ਕੌਮ ਦਾ ਭਵਿੱਖ ਅਤੇ ਅਜ਼ਾਦੀ ਸੀ। ਕੁੰਵਰ ਦੀ ਜ਼ਿੰਦਗੀ ਨਾ ਰਹੀ ਅਤੇ ਨਾ ਰਿਹਾ ਸਿੱਖ ਕੌਮ ਦਾ ਰੌਸ਼ਨ ਭਵਿੱਖ। ਭਵਿੱਖ ਅੰਧੇਰਾ ਹੋ ਗਿਆ। ਅੰਧੇਰੇ ਭਵਿੱਖ ਵਿੱਚ ਕੌਮ ਦੇ ਮਾਣ ਅਤੇ ਮਾਲ ’ਤੇ ਉਹ ਡਾਕੇ ਪਏ ਕਿ ਕੌਮ ਕੱਖਾਂ ਤੋਂ ਵੀ ਹੌਲੀ ਹੋ ਗਈ। ਕੌਮ ਦੀ ਤਲਵਾਰ, ਕੌਮ ਦੇ ਡੌਲਿਆਂ ਦੀ ਤਾਕਤ - ਲੂਣ ਹਰਾਮੀਆਂ ਦੀਆਂ ਸਾਜਸ਼ਾਂ ਅੱਗੇ ਹਾਰ ਗਈ। ਰੁਲ ਗਈ।
ਇੱਥੇ ਗੱਦਾਰਾਂ ਦੀਆਂ ਸਾਜਸ਼ਾਂ ਨੂੰ ਕੋਸਿਆ ਜਾਏ ਜਾਂ ਸਿੱਖ ਸਮਾਜ ਦੀ ਮੂਰਖਤਾ ਨੂੰ ਬੜੀ ਹੀ ਮਹਾਨ, ਬਹਾਦਰ ਅਤੇ ਜੰਗਜੂ ਕੌਮ ਦੇ ਇੱਕੋ ਇਕ ਮਹਾਰਾਜਾ ਅਤੇ ਇਸ ਇੱਕੋ ਇੱਕ ਮਹਾਰਾਜੇ ਦੇ ਘਰ ਦੀ ਉਸ ਨੂੰ ਆਪ ਹੀ ਖ਼ਬਰ ਨਹੀਂ ਸੀ। ਫਿਰ ਉਸ ਮਹਾਰਾਜੇ ਦੇ ਇੱਕ ਪੋਤੇ ਦੇ ਕਤਲ ਨਾਲ ਹੀ ਕੌਮ ਨਖਸਮੀ ਹੋ ਗਈ? ਕੀ ਇਹ ਸਿਆਣੀਆਂ ਅਤੇ ਬਹਾਦਰ ਕੌਮਾਂ ਦੇ ਵਰਤਾਰੇ ਹਨ? ਕੀ ਸਾਰੀ ਕੌਮ ਦੀ ਕਿਸਮਤ ਇੱਕ ਹੀ ਬੰਦੇ ਦੀ ਜ਼ਿੰਦਗੀ ਅਤੇ ਮੌਤ ’ਤੇ ਨਿਰਭਰ ਕਰਦੀ ਸੀ?
ਕੰਵਰ ਨੌਨਿਹਾਲ ਸਿੰਘ ਦੇ ਦੁਖਾਂਤ ਤੋਂ ਬਾਅਦ ਡੋਗਰਾ-ਗਰਦੀ ਅਤੇ ਮਿਸ਼ਰਾ-ਗਰਦੀ ਆਖ਼ਰੀ ਦੁਖਾਂਤ ਨਹੀਂ ਸੀ। ਇਸ ਤੋਂ ਅੱਗੇ ਵੀ ਬਹੁਤ ਕੁਝ ਹੋਇਆ। ਆਜ਼ਾਦੀ ਲੈਣ ਦੇ ਨਾਂ ’ਤੇ ਗੁਲਾਮੀ ਦੀਆਂ ਹੋਰ ਵੀ ਮਜ਼ਬੂਤ ਬੇੜੀਆਂ ਆਪਣੇ ਪੈਰੀਂ ਪਵਾਈਆਂ। ਹਿੰਦ-ਪਾਕ ਬਟਵਾਰੇ ਸਮੇਂ ਸਿੱਖਾਂ ਦੇ ਹੱਕਾਂ ਦੀ ਕਿਹੜੇ ਸਿੱਖ ਲੀਡਰ ਨੇ ਚਿੰਤਾ ਕੀਤੀ। ਇਕ ਵੱਡੇ ਅਮੀਰ ਜਾਂ ਜ਼ਿਮੀਂਦਾਰ ਦਾ ਜਵਾਹਰ ਲਾਲ ਨਹਿਰੂ ਦੇ ਪੈਰਾਂ ਨੂੰ ਹੀ ਚਿੰਬੜੇ ਰਹਿਣ ਕਾਰਨ ਕੌਮ ਦੇ ਹੱਕਾਂ ਦਾ ਕਿਸੇ ਨੇ ਜ਼ਿਕਰ ਵੀ ਨਾ ਕੀਤਾ। ਜਿਹੜੀ ਕੌਮ ਦਿੱਲੀ ਤੋਂ ਅਫ਼ਗਾਨਿਸਤਾਨ ਦੀਆਂ ਹੱਦਾਂ ਤੱਕ ਆਪਣਾ ਲੋਹਾ ਮਨਵਾ ਚੁੱਕੀ ਸੀ, ਉਹ ਕੌਮ ਅੱਜ ਸ਼ੰਭੂ ਤੋਂ ਅਟਾਰੀ ਤੱਕ ਆਪਣੇ ਹੀ ਘਰ ਬੇਬਸ ਅਤੇ ਬੇਹਾਲ ਹੁੰਦੀ ਫਿਰਦੀ ਹੈ। ਪੰਜਾਬੀ ਸੂਬੇ ਵਿੱਚ ਪੰਜਾਬੀ ਦਾ ਨਾਮੋ-ਨਿਸ਼ਾਨ ਮਿਟ ਰਿਹਾ ਹੈ। ਸਿੱਖੀ ਦਾ ਬੋਲਬਾਲਾ ਤਾਂ ਕੀ ਹੋਣਾ ਹੈ, ਬੇਚਾਰੇ ਸਿੱਖ ਤਾਂ ਬੁੱਕਲ ਵਿੱਚ ਮੂੰਹ ਲੁਕਾ ਰਹੇ ਹਨ। ਇਕ ਮਾਲਦਾਰ ਬਲਦੇਵ ਸਿੰਘ ਨੂੰ ਕੌਮ ਦੀ ਲੀਡਰੀ ਦੇ ਕੇ, ਕੌਮ ਦੇ ਹੱਕਾਂ ਨੂੰ ਇੰਨੇ ਸਸਤੇ ਭਾਅ ਵੇਚ ਦਿੱਤਾ? ਹਿੰਦੂਆਂ ਅਤੇ ਮੁਸਲਮਾਨਾਂ ਨਾਲ ਕੌਮ ਨੇ ਤੀਜੀ ਧਿਰ ਬਣਨਾ ਸੀ ਪਰ ਕੌਮ ਬਣੀ ਕੀ? ਬਣ ਗਈ ਇਕ ਮੂਰਖਤਾ ਦੀ ਮਿਸਾਲ, ਜਿੱਥੇ ਲੀਡਰ ਸਮਝਦਾਰ, ਦੂਰਦ੍ਰਿਸ਼ਟੀ ਵਾਲੇ ਅਤੇ ਵਫ਼ਾਦਾਰ ਹੋਣ ਦੀ ਥਾਂ, ਹਿੰਦੂ ਲੀਡਰਾਂ ਦੇ ਪਿਛਲੱਗੂ ਹੁੰਦੇ ਹਨ। ਆਪਣੀ ਕੌਮ ਨੂੰ ਹੱਕਾਂ ਤੋਂ ਵਾਂਝਿਆਂ ਰੱਖ ਕੇ, ਕਿਸੇ ਪਰਾਏ ਦੀ ਜੀ-ਹਜ਼ੂਰੀ ਕਰਕੇ, ਕੌਮ ਡੋਬੂ - ਜੇ ਮਰਨ ਵੇਲੇ ਪਛਤਾ-ਪਛਤਾ ਕੇ, ਰੋ-ਰੋ ਕੇ, ਦਹਾੜਾਂ ਮਾਰ-ਮਾਰ ਕੇ ਰੋਇਆ ਵੀ ਹੈ ਤਾਂ ਕੌਮ ਦੇ ਵਿਗੜੇ ਦਾ ਕੀ ਸੰਵਰਿਆ?
ਬਰਾਬਰ ਦੇ ਹੋ ਕੇ ਹੀ ਬਰਾਬਰ ਦੇ ਹੱਕ ਮਿਲਦੇ ਹਨ। ਹੇਠਲਿਆਂ ਨੂੰ ਤਾਂ ਗੁਲਾਮੀ ਹੀ ਮਿਲਦੀ ਹੈ। ਸੋ ਕੌਮ ਗੁਲਾਮ ਹੈ। ਪੰਜਾਬੀ ਬੋਲੀ, ਖ਼ਾਲਸੇ ਦੇ ਬੋਲਬਾਲੇ, ਸਿੱਖਾਂ ਦੇ ਹੱਕ ਆਦਿ ਦੀ ਜੇ ਗੱਲ ਕੀਤੀ ਜਾਏ ਤਾਂ ਦੇਸ਼ ਦੀ ਗੱਦਾਰੀ ਦੀ ਠੱਪਾ ਲਗਾ ਦਿੱਤਾ ਜਾਂਦਾ ਹੈ। ਸਰਕਾਰੀ ਜ਼ੁਲਮ ਤੋਂ ਤੰਗ ਆ ਕੇ, ਜਾਨ ਬਚਾਉਣ ਲਈ ਘਰੋਂ ਭੱਜੇ ਨੌਜੁਆਨਾਂ ਨੂੰ ਭਗੌੜੇ ਅੱਤਵਾਦੀ ਐਲਾਨ ਕੇ ਦੁਬਾਰਾ ਘਰ ਮੁੜਨ ਜੋਗੇ ਹੀ ਨਹੀਂ ਛੱੜਿਆ ਜਾਂਦਾ। ਕੀ ਸਿੱਖ ਹੱਕਾਂ ਦੀ ਗੱਲ ਕਰਨ ਨਾਲ ਦੇਸ਼ ਦ ਗੱਦਾਰ ਬਣ ਜਾਈਦਾ ਹੈ? ਸਿੱਖ ਹੱਕ ਤਾਂ ਮਨੁੱਖਤਾ ਦੇ ਹੱਕ ਹਨ, ਇਨਸਾਫ਼ ਅਤੇ ਬਰਾਬਰੀ ਦੇ ਹੱਕ ਹਨ, ਕੋਈ ਵੀ ਲੋਕ-ਪੱਖੀ ਹਕੂਮਤ ਇਨ੍ਹਾਂ ਦਾ ਵਿਰੋਧ ਕਿਉਂ ਕਰੇਗੀ? ਜੇ ਕਰੇਗੀ ਤਾਂ ਦਾਲ ਵਿੱਚ ਜ਼ਰੂਰ ਹੀ ਕੁਝ ਕਾਲਾ ਹੋਵੇਗਾ।
ਅੱਜ ਸੁਰਗਵਾਸੀ (ਜਾਂ ਕਿਸੇ ਹੋਰ ਥਾਂ ਦੀ ਵਾਸੀ) ਬੀਬੀ ਇੰਦਰਾ ਗਾਂਧੀ ਦੀ ਨੂੰਹ ਸੋਨੀਆ ਗਾਂਧੀ ਆਖੀ ਜਾ ਰਹੀ ਹੈ ਕਿ ਇੰਦਰਾ ਗਾਂਧੀ ਨੇ ਮਹਿਸੂਸ ਕੀਤਾ ਸੀ ਕਿ ਐਮਰਜੈਂਸੀ ਲਾਉਣੀ ਇਕ ਗਲਤੀ ਸੀ। ਜੇ ਐਮਰਜੈਂਸੀ ਲਾਉਣੀ ਗਲਤੀ ਸੀ, ਤਾਂ ਇਸ ਤੋਂ ਬਾਅਦ ਪੰਜਾਬ ਨੂੰ ‘ਡਿਸਟਰਬਡ ਏਰੀਆ’ ਐਲਾਨਣਾ ਵੀ ਗਲਤੀ ਕਿਉਂ ਨਹੀਂ ਸੀ? ਪੰਜਾਂ ਦਰਿਆਵਾਂ ਵਾਲੇ ਪੰਜਾਬ ਵਿੱਚ ਛੇ ਦਰਿਆ ਹੋ ਗਏ ਸਨ ਉਦੋਂ। ਛੇਵਾਂ ਦਰਿਆ ਲਹੂ ਦਾ ਵਗਦਾ ਰਿਹਾ ਸੀ। ਇਸ ਛੇਵੇਂ ਦਰਿਆ ਵਿੱਚ ਵਗਣ ਵਾਲਾ ਲਹੂ ਬੇਕਸੂਰ ਪੰਜਾਬੀਆਂ ਦਾ ਸੀ। ਕੀ ਕਸੂਰ ਸੀ ਇਨ੍ਹਾਂ ਦਾ? ਬਸ ਇਕ ਜੁਗਤ ਸੀ ਹਾਕਮ ਦੀ ਦੁਬਾਰਾ ਫਿਰ ਹਾਕਮ ਬਣ ਲਈ। ਸਿੱਖਾਂ ਨੂੰ ਅਤਿਵਾਦੀ ਅਤੇ ਦੇਸ਼ ਦੁਸ਼ਮਣ ਸਾਬਤ ਕਰਕੇ, ਕਤਲੇਆਮ ਮਚਾ ਦਿਉ ਅਤੇ ਬਾਕੀ ਦੇ ਲੋਕਾਂ ਨੂੰ ਦੱਸੋ ਕਿ ਤੁਹਾਡੀ ਜਾਨ-ਮਾਲ ਦੀ ਹਿਫ਼ਾਜ਼ਤ ਲਈ, ਤੁਹਾਡੇ ਦੁਸ਼ਮਣਾਂ ਨੂੰ ਮਾਰਿਆ ਜਾ ਰਿਹਾ ਹੈ। ਫਿਰ ਬਾਅਦ ਵਿੱਚ ਹਰ ਚਲਾਈ ਗਈ ਗੋਲੀ ਦੀ ਕੀਮਤ, ਗੋਲੀ ਚਲਾਉਣ ਵਾਲੇ ਦੀ ਤਨਖ਼ਾਹ ਅਤੇ ਰੋਟੀ ਪਾਣੀ ਦੀ ਖਰਚਾ ਵੀ ਪੰਜਾਬ ਤੋਂ ਹੀ ਵਸੂਲ ਕੀਤਾ ਜਾਵੇ। ਕੀ ਪੰਜਾਬ ਕੋਈ ਹਿੰਦੁਸਤਾਨ ਤੋਂ ਬਾਹਰ ਦਾ ਖਿੱਤਾ ਸੀ ਜਿਸਨੂੰ ਹਿੰਦੁਸਤਾਨ ਦੀਆਂ ਫੌਜਾਂ ਨੇ ਜਿੱਤਿਆ ਹੋਵੇ ਅਤੇ ਫਿਰ ਜਿੱਤਣ ਵਾਲੇ ਦੇਸ਼ ਨੇ ਤਾਵਾਨ ਦੀ ਸ਼ਰਤ ਵਿੱਚ ਹਰਜ਼ਾਨਾ ਵਸੂਲ ਕਰਨਾ ਹੋਵੇ। ਇਸ ਤਰ੍ਹਾਂ ਇੱਥੇ ਦੇ ਵਾਸੀਆਂ ਨੂੰ ਰੋਸ ਨਾ ਆਉਂਦਾ? ਜਿਹੜੀ ਗੋਲੀ ਮਾਰੋ, ਉਸਦੀ ਕੀਮਤ ਵੀ ਮੰਗੋ। ਮਰਨ ਵਾਲਿਆਂ ਦੀ ਜ਼ਿੰਦਗੀ ਦੀ ਕੋਈ ਕੀਮਤ ਹੀ ਨਹੀਂ ਹੈ?
ਇਹ ਸਭ ਕੁਝ ਗਲਤ ਰਾਜਨੀਤਕ ਫੈਸਲਿਆਂ ਦਾ ਨਤੀਜਾ ਹੁੰਦਾ ਹੈ। ਰਾਜਨੀਤਕ ਗਲਤੀ ਦਾ ਕਾਰਨ ਰਾਜ ਪ੍ਰਾਪਤੀ ਲਈ ਗਲਤ ਤਰੀਕੇ ਵਰਤਣ ਦੀ ਬੁਰੀ ਨੀਅਤ ਹੁੰਦੀ ਹੈ। ਇਸ ਬਦਨੀਤੀ ਨਾਲ ਇੱਕ ਤਬਕਾ ਦੂਜੇ ਤਬਕੇ ਦਾ ਦੁਸ਼ਮਣ ਬਣਾ ਦਿੱਤਾ ਜਾਂਦਾ ਹੈ ਜਦਕਿ ਮਨੁੱਖਾਂ ਦੇ ਹੋਰ ਤਬਕਿਆਂ ਵਿੱਚ ਦੁਸ਼ਮਣੀ ਵਾਲੀ ਕੋਈ ਗੱਲ ਹੀ ਨਹੀਂ ਹੋ ਸਕਦੀ, ਦੋਸਤੀ ਵਾਲੀਆਂ ਤਾਂ ਕਈ ਹੋ ਸਕਦੀਆਂ ਹਨ। ਹਰ ਜੀਅ ਵਿੱਚ ਆਪਣੇ ਵਰਗੇ ਦੂਜੇ ਜੀਅ ਨਾਲ ਰਲ ਕੇ ਰਹਿਣ ਦੀ ਮੂਲ ਪਰਵਿਰਤੀ ਹੁੰਦੀ ਹੈ ਪਰ ਜੇ ਕਿਸੇ ਜੀਵ ਨੂੰ ਖ਼ਤਰਨਾਕ ਗਰਦਾਨ ਦਿੱਤਾ ਜਾਵੇ, ਤਾਂ ਦੂਜੇ ਜੀਅ ਮਿਲ ਕੇ ਉਸ ਜੀਅ ਦਾ ਖ਼ਾਤਮਾ ਕਰਨ ਦਾ ਯਤਨ ਕਰਦੇ ਹਨ। ਇਹ ਸਿੱਖਾਂ, ਯਹੂਦੀਆਂ, ਕੁਰਦਾਂ ਅਤੇ ਦੁਨੀਆ ਦੀਆਂ ਸਾਰੀਆਂ ਕੌਮਾਂ ਉੱਤੇ ਢੁੱਕਦਾ ਹੈ। ਸਵਾਰਥੀ ਲੀਡਰ ਕਿਸੇ ਦੂਜੀ ਕੌਮ ’ਤੇ ‘‘ਦੁਸ਼ਮਣ ਕੌਮ’’ ਦਾ ਠੱਪਾ ਲਾਉਣ ਵਿੱਚ ਨਿਪੁੰਨ ਹੁੰਦੇ ਹਨ ਪਰ ਅਕਲਮੰਦ ਅਤੇ ਕੌਮ ਹਿਤੈਸ਼ੀ ਲੀਡਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਕੌਮ ਦਾ ਮਿਤਰਭਾਵਨਾ ਅਤੇ ‘ਸਰਬੱਤ ਦੇ ਭਲੇ’ ਦੀ ਸੋਚ ਸੰਸਾਰ ਦੇ ਸਾਹਮਣੇ ਰੱਖਣ ਤਾਂ ਦੁਸ਼ਮਣੀ ਦੀ ਬਿਮਾਰੀ ਪੈਦਾ ਹੀ ਨਾ ਹੋ ਸਕੇ।
ਸਿੱਖ ਕਿਸੇ ਦੇ ਦੁਸ਼ਮਣ ਨਹੀਂ ਹੋ ਸਕਦੇ। ਸਿੱਖ ਸਭ ਨਾਲ ਪਿਆਰ, ਸਾਂਝੀਵਾਲਤਾ ਅਤੇ ਬਰਾਬਰੀ ਮੰਨਣ ਵਾਲੇ ਹਨ। ਜਿਨ੍ਹਾਂ ਭਗਤਾਂ ਨੂੰ ਬਾਕੀ ਦੇ ਹਿੰਦੁਸਤਾਨ ਨੇ ਸ਼ੂਦਰ ਮੰਨਿਆ ਜਿਵੇਂ ਰਵੀਦਾਸ, ਕਬੀਰ ਐਤ ਨਾਮਦੇਵ ਉਨ੍ਹਾਂ ਦੀ ਬਾਣੀ ਨੂੰ ਸਿੱਖ ਸ਼ਬਦ ਗੁਰੂ ਦਾ ਦਰਜਾ ਦਿੰਦੇ ਹਨ। ਸਿੱਖ ਕਿਸੇ ਬੇਕਸੂਰ ’ਤੇ ਜ਼ੁਲਮ ਨਾ ਕਰਦਾ ਹੈ ਅਤੇ ਨਾ ਕਿਸੇ ਨੂੰ ਕਰਨ ਦਿੰਦਾ ਹੈ, ਤਾਂ ਹੀ ਤਾਂ ਉਸ ਨੂੰ ਬਖਸ਼ੀ ਹੋਈ ਕ੍ਰਿਪਾਨ ਦੀ ਲਾਜ ਰਹਿੰਦੀ ਹੈ। ਇਸ ਗੱਲ ਤੋਂ ਜ਼ਾਲਮ ਤਾਂ ਸਿੱਖ ਦਾ ਵਿਰੋਧੀ ਹੋਵੇਗਾ ਹੀ ਪਰ ਮਨੁੱਖਤਾ, ਜਿਸ ਲਈ ਸਿੱਖ ਜੋਖਮ ਮੁੱਲ ਲੈਂਦਾ ਹੈ, ਸਿੱਖ ਦੇ ਪੱਖ ਵਿੱਚ ਕਿਉਂ ਨਹੀਂ ਭੁਗਤਦੀ? ਇਹ ਇਕ ਬਹੁਤ ਵੱਡਾ ਸਵਾਲ ਹੈ?
ਇਸ ਦਾ ਕਾਰਨ ਸਾਡੇ ਲੀਡਰਾਂ ਦਾ ਬਲਦੇਵ ਸਿੰਘ ਵਰਗੇ ਦੂਰ ਦੀ ਸੋਚ ਤੋਂ ਹੀਣੇ ਹੋਣਾ ਹੈ। ਇਸ ਦਾ ਕਾਰਨ ਮਹਾਰਾਜਾ ਰਣਜੀਤ ਸਿੰਘ ਵਰਗਿਆਂ ਭੋਲਾਪਨ ਵੀ ਹੈ, ਜਿਸ ਨੇ ਡੋਗਰਿਆਂ ਅਤੇ ਮਿਸ਼ਰਿਆਂ ’ਤੇ ਲੋੜ ਤੋਂ ਵੱਧ ਭਰੋਸਾ ਅਤੇ ਨਿਰਭਰਤਾ ਕਰ ਲਈ। ਇਸ ਦਾ ਕਾਰਨ ਦੂਜੀ ਕਤਾਰ ਦੇ ਲੀਡਰਾਂ ਦਾ ਲੀਡਰ ਨੰਬਰ ਇੱਕ ਅੱਗੇ ਸਿਰਫ਼ ‘‘ਜੀ ਹਾਂ... ਜੀ ਹਾਂ’’ ਵਾਲਾ ਵਤੀਰਾ ਵੀ ਹੈ। ਲੀਡਰ ਨੰਬਰ ਇਕ ਦੇ ਹੱਥ ਵਿੱਚ ਇੰਨੀ ਤਾਕਤ ਦੇ ਦੇਣੀ ਕਿ ਕੋਈ ਉਹਦੀਆਂ ਗਲਤੀਆਂ ਨੂੰ ਟੋਕਣ ਦੀ ਹਿੰਮਤ ਹੀ ਨਾ ਕਰ ਸਕੇ ਜਾਂ ਦੂਜੀ ਕਤਾਰ ਦੇ ਲੀਡਰਾਂ ਦਾ ਇੰਨਾ ਕਮਜ਼ੋਰ ਹੋ ਜਾਣਾ ਕਿ ਲੀਡਰ ਨੰਬਰ ਇੱਕ ਅੱਗੇ ਕੋਈ ਬੋਲ ਹੀ ਨਾ ਸਕੇ। ਦੂਜੀ ਕਤਾਰ ਦੇ ਲੀਡਰਾਂ ਦੀ ਇਹ ਬਿਮਾਰੀ ਹੀ ਕੌਮ ਨੂੰ ਲੈ ਡੁੱਬੀ ਹੈ। ਇਸ ਨਾਲ ਲੀਡਰ ਜੋ ਇੱਕ ਲਈ ਸਾਰੀ ਕੌਮ ਸਿਰਫ਼ ਭੇਡਾਂ ਦਾ ਇੱਜੜ ਹੀ ਬਣ ਕੇ ਰਹਿ ਜਾਂਦੀ ਹੈ, ਜਿਸ ਨੂੰ ਜਦੋਂ ਚਾਹਵੇ, ਜਿਸ ਭਾਅ ਮਰਜ਼ੀ ਅਤੇ ਕਿਸੇ ਦੀ ਬਘਿਆੜ ਕੋਲ ਵੇਚ ਧਰਦਾ ਹੈ। ਕੀ ਸਿੱਖ ਕੌਮ ਦਾ 1947 ਤੋਂ ਲੈ ਕੇ ਅੱਜ ਤੱਕ ਇਹ ਵੀ ਦੁਰਭਾਗ ਨਹੀਂ ਰਿਹਾ? ਤੇਲਗੂ ਦੇਸ਼ਮ ਅਤੇ ਤਾਮਿਲਨਾਡੂ ਦੀਆਂ ਦਰਾਵਿੜ ਪਾਰਟੀਆਂ ਤਾਂ ਆਪਣੀ ਸਤਿਕਾਰਯੋਗ ਹਸਤੀ ਵੀ ਉਜਾਗਰ ਕਰਦੀਆਂ ਹਨ ਅਤੇ ਆਪੋ-ਆਪਣੇ ਸੂਬੇ ’ਤੇ ਰਾਜ ਵੀ ਕਰਦੀਆਂ ਹਨ ਪਰ ਸਿੱਖ ਸਮਾਜ ਨੂੰ ਹੀ ਕੀ ਹੋ ਗਿਆ ਹੈ? ਇਕ ਸਿੱਖ ਕੋਈ ਵੀ ਰਾਜਨੀਤਕ ਪਾਰਟੀ ਵਿੱਚ ਸ਼ਾਮਲ ਹੋ ਕੇ, ਆਪਣਾ ਸਿੱਖ ਹੋਣਾ ਹੀ ਭੁੱਲ ਜਾਂਦਾ ਹੈ। ਭਾਰਤ ਦੀ ਕਿਹੜੀ ਪਾਰਟੀ ਦਾ ਵਿਧਾਨ ਹੈ, ਜਿਹੜੀ ਸਿੱਖ ਮੈਂਬਰਾਂ ਨੂੰ ਸਿੱਖ ਹੱਕਾਂ ਤੋਂ ਅੱਖਾਂ ਮੀਟਣ ਲਈ ਕਹਿੰਦੀ ਹੋਵੇ? ਫਿਰ ਸਿੱਖਾਂ ਵਿੱਚ ਹੀਨ ਭਾਵਨਾ ਕਿਉਂ? ਪਹਿਲਾਂ ਪਾਰਟੀ ਮੈਂਬਰ ਅਤੇ ਬਾਅਦ ਵਿੱਚ ਸਿੱਖ ਕਿਵੇਂ ਹੁੰਦੇ ਹਨ? ਇਵੇਂ ਕਿਉਂ ਨਹੀਂ ਕਿ ਪਹਿਲਾਂ ਸਿੱਖ ਬਾਅਦ ਵਿੱਚ ਕਾਂਗਰਸੀ, ਕਮਿਊਨਿਸਟ, ਸੋਸ਼ਲਿਸਟ ਜਾਂ ਕੁਝ ਹੋਰ?
ਪਿਛਲੀ ਸਦੀ ਦੇ ਪੰਜਾਹਵਿਆਂ ਦੀ ਗੱਲ ਹੈ ਕਿ ਸਾਬਕਾ ਵਿਦੇਸ਼ ਮੰਤਰੀ ਸਵਰਨ ਸਿੰਘ ਦੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਨਿਸ਼ਾਨ ਸਾਹਿਬ ਸੀ। ਜਲੰਧਰ ਦੇ ਕਾਂਗਰਸੀਆਂ ਨੇ ਸ੍ਰ: ਸਵਰਨ ਸਿੰਘ ਨੂੰ ਫਿਰਕਾਪ੍ਰਸਤ ਆਖ ਕੇ ਖੂਬ ਰੌਲਾ ਪਾਇਆ ਸੀ। ਇਨ੍ਹਾਂ ਵਿੱਚ ਇਕ ਮੇਰਾ ਸਵਰਗਵਾਸੀ ਮਿੱਤਰ ਸ਼ਾਂਤੀ ਸਰੂਪ ਸ਼ਰਮਾ ਲੁਧਿਆਣਾ ਵਿੱਚ ਰਹਿਣ ਵਾਲਾ ਵੀ ਸੀ। ਉਸ ਨੇ ਮੈਨੂੰ ਇਹ ਗੱਲ ਚਟਕਾਰੇ ਲੈਕੇ ਦੱਸੀ ਸੀ ਸਵਰਨ ਸਿੰਘ ਕੋਲੋਂ ਉਤਲੇ ਲੀਡਰਾਂ ਨੂੰ ਢੁਕਵਾਂ ਜਵਾਬ ਦੇਣ ਵਿੱਚ ਬੜਾ ਔਖਾ ਹੋਇਆ ਸੀ। ਕੀ ਸਿੱਖ ਹੋਣਾ ਰਾਜਨੀਤਕ ਗਤੀਵਿਧੀਆਂ ਲਈ ਅਯੋਗਤਾ ਹੈ?
ਇਹ ਸਭ ਕੁਝ ਬਾਹਰਲਿਆਂ ਵੱਲੋਂ ਉਡਾਈ ਗਈ ਖੇਹ ਅਤੇ ਆਪਣਿਆਂ ਵੱਲੋਂ ਅਣਗਹਿਲੀ ਹੈ। ਸਿੱਖ ਹੋਣਾ ਸਿੱਖਾਂ ਦਾ ਅਧਿਕਾਰ ਹੈ। ਸਿੱਖ ਦੇ ਡੌਲੇ ਤਾਂ ਬੜੇ ਬਲਵਾਨ ਅਤੇ ਤਕੜੇ ਹਨ ਪਰ ਉਹਨੂੰ ਮਿੱਠੀਆਂ ਗੱਲਾਂ ਵਿੱਚ ਆ ਜਾਣ ਦੀ ਬਿਮਾਰੀ ਵੀ ਹੈ। ਮਿੱਠੀਆਂ ਗੱਲਾਂ ਦੇ ਜਾਲ ਵਿੱਚ ਫਸ ਕੇ ਉਹ ਸਦਾ ਲਈ ਪਰਾਧੀਨਤਾ ਦੇ ਪਿੰਜਰੇ ਵਿੱਚ ਡੱਕ ਦਿੱਤਾ ਜਾਂਦਾ ਹੈ। ਇਸ ਅਵਸਥਾ ਲਈ ਉਹ ਆਪ ਹੀ ਦੋਸ਼ੀ ਹੈ ਕਿਉਂਕਿ ਉਹ ਕੀਤੇ ਜਾਣ ਵਾਲਿਆਂ ਸਮਝੌਤਿਆਂ ਅਤੇ ਐਜੀਟੇਸ਼ਨਾਂ ਦਾ ਦੂਰ-ਰਸਾ ਪ੍ਰਭਾਵ ਸਮਝਣੋਂ ਅਸਮਰੱਥ ਹੀ ਰਹਿੰਦਾ ਹੈ। ਬਲਵਾਨ, ਤਕੜੇ ਅਤੇ ਬਹਾਦਰ ਸਿੱਖ ਸਮਾਜ ਨੂੰ ਲਾਈਲੱਗ ਹੋਣ ਦੀ ਬਿਮਾਰੀ ਹੈ। ਇਸ ਲਾਈਲੱਗ ਨੂੰ ਗਾਂਧੀ, ਨਹਿਰੂ ਅਤੇ ਹੋਰ ਰਾਜਨੀਤਕਾਂ ਨੇ ਆਪਣੇ ਪਿੱਛੇ ਲਾਈ ਰੱਖਿਆ ਅਤੇ ਉਨ੍ਹਾਂ ਦੇ ਫਰਜ਼ ਭੁਲਾਈ ਰੱਖੇ। ਇਸ ਤੋਂ ਕੌਮ ਦੇ ਹਿੱਤ ਸੁਰੱਖਿਅਤ ਨਾ ਰਹਿ ਸਕੇ।
ਦੂਜੇ ਪ੍ਰਾਂਤਾਂ ਵਿੱਚ ਵੱਡੇ ਰਾਜਨੀਤਕ ਲੀਡਰਾਂ ਨੂੰ ਜਾ ਕੇ ਮਿਲਣ ਵਾਲੇ ਸਿੱਖਾਂ ਨੂੰ ਕਈ ਵਾਰੀ ਸਿੱਖੀ ਦਾ ਪਤਾ ਹੀ ਨਹੀਂ ਹੁੰਦਾ। ਮਹਾਤਮਾ ਗਾਂਧੀ ਦੇ ਵਰਧਾ ਆਸ਼ਰਮ ਵਿੱਚ ਇਕ ਸਿੱਖ ਸਰਦੂਲ ਸਿੰਘ ਰਹਿੰਦਾ ਹੁੰਦਾ ਸੀ। ਇਹ ਵੀ ਆਪਣੀ ਗਿਣਤੀ ਸਿੱਖਾਂ ਦੇ ਲੀਡਰਾਂ ਵਿੱਚ ਕਰਵਾਉਂਦਾ ਹੁੰਦਾ ਸੀ। ਇਹ ਮਹਾਤਮਾ ਗਾਂਧੀ ਨੂੰ ਖੂਬ ਮੱਥੇ ਟੇਕਦਾ ਸੀ, ਉਹਦੀ ਆਰਤੀ ਵਿੱਚ ਸ਼ਾਮਲ ਹੁੰਦਾ ਸੀ, ਉਸ ਤੋਂ ਗੀਤਾ ਉਪਦੇਸ਼ ਸੁਣਦਾ ਸੀ ਪਰ ਇਸ ਨੇ ਕਦੀ ਗਾਂਧੀ ਨਾਲ ਸਿੱਖੀ ਦੀ ਗੱਲ ਨਹੀਂ ਸੀ ਕੀਤੀ। ਗਾਂਧੀ ਸਿੱਖਾਂ ਨੂੰ ਕ੍ਰਿਪਾਨ ਰੱਖਣ ਵਾਲੇ ਹੋਣ ਕਰਕੇ, ਹਿੰਸਕ ਸਮਝਦਾ ਸੀ। ਗਾਂਧੀ ਦੀ ਯਾਦ ਵਿੱਚ ਕੋਈ ਸਿੱਖ ਹੱਥ ਵਿੱਚ ਕੁਹਾੜੀ ਵਰਗੀ ਚੀਜ਼ ਰੱਖਣ ਵਾਲਾ ਬੈਠਾ ਸੀ, ਜੋ ਉਸ ਨੂੰ ਪਸੰਦ ਨਹੀਂ ਸੀ। ਇਕ ਵਾਰ ਸ੍ਰ: ਕਪੂਰ ਸਿੰਘ ਆਪਣੀ ਪਤਨੀ ਨਾਲ ਗਾਂਧੀ ਦੇ ਆਸ਼ਰਮ ਗਏ ਅਤੇ ਜਦੋਂ ਗਾਂਧੀ ਨੇ ਸਿੱਖੀ ਦੇ ਹਿੰਸਾ ਵਾਲੇ ਨੁਕਸ ਕੱਢਣੇ ਸ਼ੁਰੂ ਕੀਤੇ ਤਾਂ ਸ੍ਰ: ਕਪੂਰ ਸਿੰਘ ਨੇ ਗਾਂਧੀ ਨੂੰ ਗੁਰਬਾਣੀ ਦੇ ਹਵਾਲੇ ਦੇ ਕੇ ਸਮਝਾਇਆ, ਤਾਂ ਕ੍ਰਿਪਾਨ ਅਤੇ ਕੁਹਾੜੀ ਵਾਲੇ ਸਿੱਖਾਂ ਕੋਲ ਏਨਾ ਉੱਚਾ ਅਧਿਆਤਮਕ ਅਤੇ ਬੌਧਿਕ ਸਰਮਾਇਆ ਹੈ? ਗਾਂਧੀ ਹੈਰਾਨ ਹੋ ਕੇ ਸਿਰਫ਼ ਏਨਾ ਹੀ ਕਹਿ ਸਕਿਆ ਕਿ ਸਰਦੂਲ ਸਿੰਘ ਨੇ ਤਾਂ ਮੈਨੂੰ ਕਦੀ ਇਸ ਸਭ ਬਾਰੇ ਦੱਸਿਆ ਹੀ ਨਹੀਂ। ਸਰਦੂਲ ਸਿੰਘ ਕਿਉਂ ਦੱਸਦਾ? ਉਹ ਤਾਂ ਸਮਝੀ ਬੈਠਾ ਸੀ ਕਿ ਗਾਂਧੀ ਦੀ ਬਕਰੀ ਚਾਰ ਕੇ ਹੀ ਉਹ ਸਿੱਖਾਂ ਦਾ ਲੀਡਰ ਮੰਨ ਲਿਆ ਜਾਵੇਗਾ। ਇਹੋ ਜਿਹੇ ਸਰਦੂਲ ਸਿੰਘਾਂ ਨੇ ਸਿੱਖ ਕੌਮ ਬਾਰੇ ਬੜੇ ਹੀ ਭੁਲੇਖੇ ਪਾਏ ਹਨ, ਜਿਨ੍ਹਾਂ ਤੋਂ ਅਥਾਹ ਨੁਕਸਾਨ ਹੋਇਆ। ਇਸਲਈ ਸਿੱਖ ਕੌਮ ਵਿੱਚ ਕਪੂਰ ਸਿੰਘਾਂ ਦੀ ਬਹੁ-ਗਿਣਤੀ ਹੋਣੀ ਚਾਹੀਦੀ ਹੈ ਪਰ ਬਦਕਿਸਮਤੀ, ਕਿ ਹਾਲਾਤ ਇਸਤੋਂ ਉਲਟ ਹਨ। ਵਿਚਾਰਾ ਕਪੂਰ ਸਿੰਘ ਤਾਂ ਇਕ ਹੀ ਸੀ।
ਸਿੱਖਾਂ ਦੇ ਘਰ ਜੰਮ ਕੇ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਬਹੁਤ ਸਾਰੇ ਸਿੱਖਾਂ ਨੂੰ ਸਿੱਖੀ ਬਾਰੇ ਪਤਾ ਹੀ ਨਹੀਂ, ਫਿਰ ਉਹ ਸਿੱਖੀ ਨੂੰ ਸਮਝਣਗੇ ਕੀ? ਜੇ ਸਮਝਦੇ ਹੀ ਨਹੀਂ ਹਨ, ਤਾਂ ਫੈਸਲਾ ਕਿਵੇਂ ਕਰਨਗੇ ਕਿ ਕੋਈ ਗੱਲ ਸਿੱਖ ਸਿਧਾਂਤਾਂ ’ਤੇ ਪੂਰੀ ਉਤਰਦੀ ਹੈ ਕਿ ਨਹੀਂ। ਉਨ੍ਹਾਂ ਦੀ ਇਸ ਅਯੋਗਤਾ ਨੇ ਹੀ ਕਈ ਤਰ੍ਹਾਂ ਦੀਆਂ ਖਾਮੀਆਂ, ਡੇਰਾਵਾਦ ਅਤੇ ਭਰਮ ਪੈਦਾ ਕਰ ਦਿੱਤੇ ਹਨ। ਗੁਰਦੁਆਰਿਆਂ ਵਿੱਚ ਤੱਤ-ਖ਼ਾਲਸੇ ਦੀ ਰੀਤ ਦੀ ਥਾਂ ਬ੍ਰਾਹਮਣਵਾਦ ਵੱਧਦਾ ਜਾ ਰਿਹਾ ਹੈ ਅਤੇ ਡੇਰਿਆਂ ਵਿੱਚ ਸਾਧਾਂ ਦੀ ਪੂਜਾ ਹੋ ਰਹੀ ਹੈ।
ਜੇ ਸਿੱਖਾਂ ਨੇ ਖ਼ਾਲਸਾਈ ਸੂਝ, ਜਿਸ ਵਿੱਚ ਸਰਬੱਤ ਦਾ ਭਲਾ, ਸਾਂਝੀਵਾਲਤਾ ਅਤੇ ਵਿਸ਼ਵ-ਪ੍ਰੇਮ ਦਾ ਅੰਦਾਜ਼ ਹੈ, ਨਾ ਧਾਰਨ ਕੀਤਾ ਤਾਂ ਉਹ ਬਚ ਨਹੀਂ ਸਕਣਗੇ ਕਿਉਂਕਿ ਜਿਸ ਡੁੱਬ ਰਹੀ ਬੇੜੀ ਵਿੱਚ ਉਹ ਸਵਾਰ ਹਨ, ਉੱਥੇ ਸਿਰਫ਼ ਸਿੱਖੀ ਦੀ ਸਪਸ਼ਟ ਅਤੇ ਸਹੀ ਸੋਝੀ ਹੀ ‘ਲਾਈਫ਼ ਬੈਲਟ’ ਬਣ ਸਕਦੀ ਹੈ ਅਤੇ ਡੁਬਣੋਂ ਬਚਾ ਸਕਦੀ ਹੈ। ਯਾਦ ਰਹੇ ਭਰਮ ਅਤੇ ਅਗਿਆਨ ਦਾ ਦਰਿਆ ਬਹੁਤ ਡੂੰਘਾ ਹੈ ’ਤੇ ਇਸ ਵਿੱਚ ਰੁੜਨ ਵਾਲਾ ਨਾ ਤਾਂ ਆਪਣਾ ਭਲਾ ਕਰ ਸਕੇਗਾ ਅਤੇ ਨਾ ਹੀ ਹੋਰ ਲੁਕਾਈ ਦਾ।
ਗਿਆਨੀਆਂ ਦਾ ਵੀ ਇਕ ਫ਼ਰਜ਼ ਹੈ। ਗਿਆਨੀ ਡਾਕਟਰ ਹੈ। ਉਸਨੂੰ ਮਾਨਸਿਕ ਬਿਮਾਰੀ ਦੀ ਪਛਾਣ ਕਰਕੇ ਦਵਾਈ-ਦਾਰੂ, ਉਪਚਾਰ ਸ਼ੁਰੂ ਕਰ ਦੇਣਾ ਚਾਹੀਦਾ ਹੈ। ਦਵਾਈ ਦਾ ਭੰਡਾਰ ਗੁਰੂ ਗ੍ਰੰਥ ਸਾਹਿਬ ਹੈ ਤੇ ਵਰਤਣ ਦੀ ਵਿਧੀ ਵੀ ਉਥੋਂ ਹੀ ਸਿੱਖੀ ਜਾ ਸਕਦੀ ਹੈ। ਸੋ ਰੋਗੀ ਦੀ ਅਵਸਥਾ ਦਾ ਸਹੀ ਅੰਦਾਜ਼ਾ ਲਗਾ ਕੇ, ਸਹੀ ਦਵਾਈ ਚੁਣਨੀ ਚਾਹੀਦੀ ਹੈ ਤਾਂ ਕਿ ਸਿੱਖ ਸਮਾਜ ਅਗਿਆਨਤਾ ਅਤੇ ਭਰਮ ਰੋਗ ਤੋਂ ਮੁਕਤ ਹੋ ਸਕੇ।