

ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਗਿਆਨ
ਦੀ ਤੌਹੀਨ ਅਤੇ
ਸਿੱਖ ਫਲਸਫ਼ੇ, ਸਿੱਖ ਇਤਿਹਾਸ ਨਾਲ ਬਲਾਤਕਾਰ
ਕਮਾਂਡਰ ਗੁਰਮੁਖ ਸਿੰਘ, ਪਟਿਆਲਾ
ਫੋਨ : 0175-2229842
ਅੱਜਕਲ ਸਿੱਖਾਂ ਦੀ ਅਖੌਤੀ ‘ਮਿੰਨੀ ਪਾਰਲੀਆਮੈਂਟ’ ਉਰਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਰਮਤਿ ਭਰਪੂਰ ਕਾਰਨਾਮਿਆਂ ਦੀ ਬਹੁਤ ਚਰਚਾ ਚੱਲ ਰਹੀ ਹੈ। ਗੁਰਮਤਿ-ਵਿਰੋਧੀ ਕਿਤਾਬਾਂ ਛਾਪਣ ਅਤੇ ਪੰਜਾਬ ਦੇ ਗੁਰਦੁਆਰਿਆਂ ਅੰਦਰ ਤਰ੍ਹਾਂ-ਤਰ੍ਹਾਂ ਦੇ ਗ੍ਰੰਥ ਮਿਲਣ ਦੀਆਂ ਖ਼ਬਰਾਂ ਤਕਰੀਬਨ ਹਰ ਰੋਜ਼ ਮਿਲ ਰਹੀਆਂ ਹਨ। ਇਸ ਲੇਖ ਰਾਹੀਂ ਮੈਂ ਕਮੇਟੀ ਦੇ ਅਜਿਹੇ ਕੁਝ ਕਾਰਨਾਮੇ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ।
ਗੁਰੂ ਗਿਆਨ ਦੀ ਤੌਹੀਨ
12 ਨਵੰਬਰ 2007 ਨੂੰ ‘ਰੋਜ਼ਾਨਾ ਸਪੋਕਸਮੈਨ’ ਵਿੱਚ ਖ਼ਬਰ ਛਪੀ ਕਿ ‘ਗੁਰੂ ਗਿਆਨ’ ਦੇ ਨਾਂ ਹੇਠ ‘ਯੋਗ ਸਾਧਨਾ’ ਦੀ ਇਕ ਕਿਤਾਬ ਛਪੀ। ਇਹ ਕਿਤਾਬ ਖ਼ਾਲਸਾ ਜੀ ਦੇ 300 ਸਾਲਾ ਪੁਰਬ ਨੂੰ ਸਮਰਪਿਤ ਹੈ ਤੇ ਇਸਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ। ਹਨੇਰ ਸਾਂਈ ਦਾ ! ਕੀ ਗੁਰੂ ਦਾ ਗਿਆਨ ਸਾਨੂੰ ਯੋਗ ਕ੍ਰਿਆਵਾਂ ਰਾਹੀਂ, ਪ੍ਰਭੂ-ਮਿਲਾਪ ਦਾ ਰਾਹ ਦੱਸਦਾ ਹੈ? ਕੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਪੁਜਾਰੀ ਲਾਣੇ ਨੂੰ ਗੁਰਮਤਿ ਦੀ ਸੋਝੀ ਨਹੀਂ? ਇਹ ਗੁਰਮਤਿ ਨਾਲ ਖਿਲਵਾੜ ਕਰਨ ਵਾਲੀ ਕਿਤਾਬ ਸ਼੍ਰੋਮਣੀ ਕਮੇਟੀ ਖ਼ੁਦ ਛਾਪ ਕੇ ਕਿਉਂ ਵੰਡ ਰਹੀ ਹੈ? ਕੀ ਇਸ ਕਮੇਟੀ ਦਾ ਕੰਮ ਸਿੱਖ ਧਰਮ ਬਾਰੇ ਸਟੀਕ ਜਾਣਕਾਰੀ ਦੇਣਾ ਹੈ ਜਾਂ ਭੰਬਲ-ਭੂਸਿਆਂ ਵਿੱਚ ਪਾਉਣਾ?
ਗੁਰੂ ਨਾਨਕ ਜੀ ਨੇ ਸਿੱਧਾਂ, ਜੋਗੀਆਂ ਨਾਲ ਕਈ ਗੁਰਮਤਿ-ਗਿਆਨ ਗੋਸ਼ਟਾਂ ਕੀਤੀਆਂ। ਜਪੁ ਜੀ ਸਾਹਿਬ ਦੀ 28ਵੀਂ ਪਉੜੀ ਅੰਦਰ, ਸਤਿਗੁਰੂ ਜੀ ਜੋਗੀਆਂ ਨੂੰ ਪਖੰਡ ਛੱਡ ਕੇ ਮਨ ਨੂੰ ਜਿੱਤਣ ਦੀ ਸੇਧ ਦਿੰਦੇ ਹਨ। ਗੁਰਮਤਿ, ਯੋਗਾ ਦਾ ਜ਼ੋਰਦਾਰ ਖੰਡਨ ਕਰਦੀ ਹੈ। ਜਿਵੇਂ :
ਜੋਗੀ ਬੈਸਿ ਰਹਹੁ ਦੁਬਿਧਾ ਦੁਖੁ ਭਾਗੈ।।
ਘਰਿ ਘਰਿ ਮਾਗਤ ਲਾਜ ਨ ਲਾਗੈ।।ਰਹਾਉ।।...
ਭੇਖ ਕਰਹਿ ਖਿੰਥਾ ਬਹੁ ਥਟੂਆ।।
ਝੂਠੋ ਖੇਲੁ ਖੇਲੈ ਬਹੁ ਨਟੂਆ।।
ਅੰਤਰਿ ਅਗਨਿ ਚਿੰਤਾ ਬਹੁ ਜਾਰੇ।।
ਵਿਣੁ ਕਰਮਾ ਕੈਸੇ ਉਤਰਸਿ ਪਾਰੇ।।
ਮੁੰਦ੍ਰਾ ਫਕਟ ਬਨਾਈ ਕਾਨਿ।।
ਮੁਕਤਿ ਨਹੀ ਬਿਦਿਆ ਬਿਗਿਆਨ।।
ਜਿਹਵਾ ਇੰਦ੍ਰੀ ਸਾਦਿ ਲੋੁਭਾਨਾ।।
ਪਸੂ ਭਏ ਨਹੀ ਮਿਟੈ ਨੀਸਾਨਾ।।
(ਪੰਨਾ 903)
ਬੜੀ ਹੈਰਾਨੀ ਹੁੰਦੀ ਹੈ ਇਹ ਸੋਚ ਕੇ ਕਿ ਯੋਗ ਸਾਧਨਾ ਦੀ ਕਿਤਾਬ ਦਾ ਨਾਂ ਗੁਰੂ ਗਿਆਨ ਕਿਵੇਂ ਹੋਇਆ? ਗੁਰੂ ਦਾ ਗਿਆਨ ਤਾਂ ਗੁਰ-ਸ਼ਬਦ ਹੈ, ਗੁਰਬਾਣੀ ਹੈ, ਸ਼ਬਦ ਵਿਚਾਰ ਹੈ। ਕਿਸੇ ਮੂਰਖ ਨੂੰ ਵੀ ਇਸ ਕਿਤਾਬ ਦੇ ਨਾਂ ਬਾਰੇ ਪੁੱਛੋ, ਤਾਂ ਉਹ ਨਾਂ ਦੱਸੇਗਾ - ‘ਯੋਗ ਸਾਧਨਾ’, ‘ਯੋਗ ਗਿਆਨ’ ਜਾਂ ‘ਯੋਗ ਕ੍ਰਿਆਵਾਂ’। ਇਸ ਦਾ ਨਾਂ ਗੁਰੂ-ਗਿਆਨ ਤਾਂ ਕਿਸੇ ਤਰ੍ਹਾਂ ਵੀ ਨਹੀਂ ਬਣਦਾ। ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੂਰਖਾਂ ਨੂੰ ਵੀ ਪਿੱਛੇ ਛੱਡ ਗਈ ਹੈ? ਉਨ੍ਹਾਂ ਤੋਂ ਵੀ ਬਦਤਰ ਹੈ? ਜਾਂ ਕੀ ਇਹ ਖ਼ਾਲਸਾ ਜੀ ਦੇ 300 ਸਾਲਾ ਪੁਰਬ ’ਤੇ ਬੀ.ਜੇ.ਪੀ. ਦੀ ਕੇਂਦਰੀ ਸਰਕਾਰ ਵੱਲੋਂ ਦਿੱਤੇ 100 ਕਰੋੜੀ ਤੋਹਫ਼ੇ ਦੀ ਕੋਈ ਸ਼ਰਤ ਸੀ? ਵਜ੍ਹਾ ਕੋਈ ਵੀ ਹੋਵੇ, ਇਹ ਗੁਰੂ ਗਿਆਨ ਦੇ ਨਾਂ ਨਾਲ ਸਿੱਧਾ-ਸਿੱਧਾ ਖਿਲਵਾੜ ਹੈ, ਅਪਮਾਨ ਹੈ ਜੋ ਸ਼੍ਰੋਮਣੀ ਕਮੇਟੀ ਨੇ ਕੀਤਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਸ ਕਾਰਨਾਮੇ ’ਤੇ ਅਫ਼ਸੋਸ ਹੋਣਾ ਚਾਹੀਦਾ ਸੀ ਪਰ ਲਗਦਾ ਹੈ, ਉਨ੍ਹਾਂ ਨੂੰ ਗੁਰਮਤਿ ਵਿਰੋਧੀ ਕਾਰਨਾਮਿਆਂ ’ਤੇ ਕੋਈ ਅਫ਼ਸੋਸ ਨਹੀਂ ਹੁੰਦਾ।
ਕਈ ਗੁਰਦੁਆਰਿਆਂ ਅੰਦਰ ਕਿਸੇ ਅਜੀਬ ਗੰ੍ਰਥ ਦਾ ਪ੍ਰਕਾਸ਼
13 ਨਵੰਬਰ 07 ਨੂੰ ਖ਼ਬਰ ਛਪੀ - ‘‘300 ਗੁਰਦੁਆਰਿਆਂ ਵਿੱਚ ਇਕ ਹੋਰ ਗ੍ਰੰਥ ਸੁਸ਼ੋਭਤ।’’ ਇਸ ਅਜੀਬ ਗ੍ਰੰਥ ਦਾ ਨਾਂ ਹੈ ‘‘ਸ੍ਰੀ ਆਦਿ ਪ੍ਰਕਾਸ਼ ਰਤਨਾਗਰ।’’ ਇਹ ਗ੍ਰੰਥ ਹੁਸ਼ਿਆਰਪੁਰ ਵਿੱਚ ਛਪਿਆ ਅਤੇ ਇਸ ਦੇ ਛਪਵਾਉਣ ਵਿੱਚ ਇਕ ਗਜ਼ਟਿਡ ਆਫ਼ਿਸਰ ਅਤੇ ਪੱਤਰਕਾਰ ਦੀ ਅਹਿਮ ਭੂਮਿਕਾ ਦੱਸੀ ਜਾਂਦੀ ਹੈ। ਇਹ ਗ੍ਰੰਥ ਲਗਭਗ 300 ਗੁਰਦੁਆਰਿਆਂ ਵਿੱਚ ਸੁਸ਼ੋਭਤ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾ ਹਿਮਾਚਲ ਪ੍ਰਦੇਸ਼ ਵਿੱਚ ਅਤੇ ਬਾਕੀ ਪੰਜਾਬ ਵਿੱਚ ਹਨ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਖੌਤੀ ਜੱਥੇਦਾਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਛੋਟੀ-ਮੋਟੀ ਗੱਲ ’ਤੇ ਟਾਹਰਾਂ ਲਾਉਂਦੇ ਅਤੇ ਕਾਵਾਂ-ਰੌਲੀ ਪਾਉਂਦੇ ਹਨ ਪਰ ਆਪਣੀ ਪੀੜ੍ਹੀ ਥੱਲੇ ਸੋਟਾ ਨਹੀਂ ਫੇਰਦੇ। 300 ਦੇ ਕਰੀਬ ਗੁਰਦੁਆਰਿਆਂ ਅੰਦਰ ਕਿਸੇ ਅਜੀਬੋ-ਗਰੀਬ ਗ੍ਰੰਥ ਦਾ ਪ੍ਰਕਾਸ਼ ਹੈ ਪਰ ਸ਼੍ਰੋਮਣੀ ਕਮੇਟੀ ਬਿਲਕੁਲ ਬੇਖ਼ਬਰ ਤੇ ਬੇਫ਼ਿਕਰ ਹੈ। ਹੈ ਨਾ ਦੀਵੇ ਥੱਲੇ ਹਨੇਰਾ? ਜਦੋਂ ਇਨ੍ਹਾਂ ਦੀਆਂ ਨਾਕਾਮੀਆਂ ਅਤੇ ਨਾਲਾਇਕੀਆਂ ਦੇ ਚਿੱਠੇ ਅਖ਼ਬਾਰਾਂ ਵਿੱਚ ਖੁੱਲਦੇ ਹਨ ਤਾਂ ਇਨ੍ਹਾਂ ਦੇ ਮੂੰਹ ਵਿੱਚੋਂ ਅਫ਼ਸੋਸ ਦਾ ਇਕ ਲਫ਼ਜ਼ ਵੀ ਨਹੀਂ ਨਿਕਲਦਾ। ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਏਨੇ ਲਾਪਰਵਾਹ ਕਿਉਂ ਹਨ?
ਸਿੱਖ ਫਲਸਫ਼ੇ ਅਤੇ ਸਿੱਖ ਇਤਿਹਾਸ ਨਾਲ ਬਲਾਤਕਾਰ
ਸਤੰਬਰ ਦੇ ਪਹਿਲੇ ਹਫ਼ਤੇ ਇਕ ਖ਼ਬਰ ਛਪੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਛਪਵਾਈ ਗਈ ‘ਸਿੱਖ ਇਤਿਹਾਸ’ (ਹਿੰਦੀ ਵਿੱਚ) ਨਾਂ ਦੀ ਕਿਤਾਬ ਅੰਦਰ ਸਤਿਗੁਰਾਂ ਵਾਸਤੇ ਬੇਹੱਦ ਅਪਮਾਨਜਨਕ ਸ਼ਬਦਾਵਲੀ ਵਰਤੀ ਗਈ ਹੈ। ਧਰਮ ਪ੍ਰਚਾਰ ਕਮੇਟੀ ਦੇ ਮੁਖੀ ਨੇ ਪੱਲਾ ਝਾੜਿਆ ਕਿ ਇਹ ਕਿਤਾਬ ਉਨ੍ਹਾਂ ਨੇ ਨਹੀਂ ਛਪਵਾਈ ਅਤੇ ਕਿਹਾ ਕਿ ਪ੍ਰਕਾਸ਼ਕ ਉੱਪਰ ਮੁਕੱਦਮਾ ਕਰਨਗੇ। ਸ੍ਰ: ਮੱਕੜ ਨੇ ਕਿਹਾ ਕਿ ਕਿਤਾਬ ਵੇਖ ਕੇ ਹੀ ਕੁਝ ਕਹਿਣਗੇ। ਹੁਣ ਇਸ ਗੱਲ ਨੂੰ ਤਿੰਨ ਮਹੀਨੇ ਹੋਣ ਵਾਲੇ ਹਨ ਪਰ ਜਾਪਦਾ ਹੈ ਕਿ ਮੱਕੜ ਜੀ ਹਾਲਾਂ ਤੱਕ ਕਿਤਾਬ ਹੀ ਵੇਖੀ ਜਾ ਰਹੇ ਹਨ। ਕਮੇਟੀ ਦੀ ਗਲਤੀ ਵਾਸਤੇ ਅਫ਼ਸੋਸ ਦਾ ਇਕ ਲਫ਼ਜ਼ ਵੀ ਨਹੀਂ ਕਿਹਾ।
ਇਸ ਅਪਮਾਨਜਨਕ ਕਿਤਾਬ ਬਾਰੇ ਅਖੌਤੀ ਸਿੰਘ ਸਾਹਿਬਾਂ ਨੇ ਵੀ ਇਕ ਮੀਟਿੰਗ ਕੀਤੀ ਅਤੇ ਸ਼੍ਰੋਮਣੀ ਕਮੇਟੀ ਨੂੰ ਇਕ ਹਫ਼ਤੇ ਅੰਦਰ ਰਿਪੋਰਟ ਦੇਣ ਲਈ ਕਿਹਾ। ਹੁਣ 12 ਹਫ਼ਤੇ ਹੋ ਰਹੇ ਹਨ ਪਰ ਰਿਪੋਰਟ ਦਾ ਕੋਈ ਅਤਾ-ਪਤਾ ਨਹੀਂ। ਇਸ ਘੋਰ ਅਪਰਾਧ ਦੇ ਜ਼ਿੰਮੇਵਾਰ ਕੌਣ ਹਨ? ਇਸ ਬਾਰੇ ਨਾ ਤਾਂ ਮੱਕੜ ਜੀ ਕੁਝ ਕਹਿੰਦੇ ਹਨ ਅਤੇ ਨਾ ਹੀ ਅਖੌਤੀ ਜੱਥੇਦਾਰ। ਇਕ ਹਫ਼ਤੇ ਅੰਦਰ ਰਿਪੋਰਟ ਮੰਗ ਕੇ ਉਹ ਕਿਤੇ ਸੌ ਗਏ ਪ੍ਰਤੀਤ ਹੁੰਦੇ ਹਨ। ਪਤਾ ਨਹੀਂ ਹੁਣ ਕਦੋਂ ਜਾਗਣ? ਜਾਗਦੇ ਵੀ ਹਨ ਜਾਂ ਨਹੀਂ, ਰੱਬ ਜਾਣੇ !
‘ਨਿਆਰਾ ਖ਼ਾਲਸਾ ਨੌਜੁਆਨ ਜੱਥੇਬੰਦੀ’ ਨੇ ਇਸੇ ਕਿਤਾਬ ਵਿੱਚ ਛਪੀ ਅਪਮਾਨਜਨਕ ਸ਼ਬਦਾਵਲੀ ਦੀ ਲੰਬੀ-ਚੌੜੀ ਲਿਸਟ ਬਣਾਈ, ਜੋ 13 ਅਤੇ 20 ਅਕਤੂਬਰ ਨੂੰ ‘ਸਪੋਕਸਮੈਨ ਬਹੁਰੰਗੀ’ ਵਿੱਚ ਛਪੀ। ਯਾਦ ਤਾਜ਼ਾ ਕਰਨ ਲਈ ਕੁਝ ਲਾਈਨਾਂ ਹੇਠਾਂ ਲਿਖੀਆਂ ਗਈਆਂ ਹਨ :
1) ਇਕ ਮੁਸਲਮਾਨ ਨਾਨਕ ਦਾ ਗੁਰੂ ਸੀ।
2) ਮੁਗਲਾਂ ਨੂੰ ਨਾਨਕ ਭਾਰਤ ਲੈ ਕੇ ਆਇਆ।
3) ਆਦਿ ਗ੍ਰੰਥ ਅੰਦਰ ਨਾਨਕ ਦੀਆਂ ਬਹੁਤ ਕਵਿਤਾਵਾਂ ਹਨ।
4) ਇਸ ਵਿੱਚ ਵੀ ਸ਼ੱਕ ਹੈ ਕਿ ਅਰਜੁਨ ਅਤੇ ਪ੍ਰਿਥੀ ਚੰਦ ਵਿੱਚੋਂ ਕੌਣ ਵੱਡਾ ਅਤੇ ਕੌਣ ਛੋਟਾ ਸੀ।
5) ਇਕ ਦਿਨ ਇਕ ਬ੍ਰਾਹਮਣ ਨੇ ਇਸ ਤਰ੍ਹਾਂ ਕਹਿ ਕੇ ਹਰਗੋਬਿੰਦ ਦਾ ਤ੍ਰਿਸਕਾਰ ਕੀਤਾ ਕਿ ‘ਈਸ਼ਵਰ ਅਤੇ ਸੰਸਾਰ ਇਕ ਹੀ ਹੈ ਤਾਂ ਔਖ ਥੋੜੀ ਦੂਰ ਜੋ ਗਧਾ ਚਰ ਰਿਹਾ ਹੈ, ਗੁਰੂ ਹੋ ਕੇ ਵੀ ਉਹ ਇਸ ਗਧੇ ਦੇ ਬਰਾਬਰ ਹੀ ਹਨ।’
6) ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਹੀ ਗੋਬਿੰਦ ਨੇ ਮੁਸਲਮਾਨਾਂ ਵਿਰੁਧ ਸ਼ਸਤਰ ਧਾਰਨ ਕੀਤੇ।
7) ਕਹਿੰਦੇ ਹਨ ਕਿ ਗੋਬਿੰਦ ਨੇ ਨੈਨਾ ਪਹਾੜ ਦੀ ਚੋਟੀ ’ਤੇ ਉਥੋਂ ਦੀ ਦੇਵੀ ਦੀ ਘੋਰ ਤਪੱਸਿਆ ਕੀਤੀ।
8) ਪੰਜ ਪਿਆਰਿਆਂ ਵਿੱਚ ਇਕ ਬ੍ਰਾਹਮਣ, ਇਕ ਖੱਤਰੀ ਤੇ ਤਿੰਨ ਸ਼ੂਦਰ ਸਨ।
9) ਗੋਬਿੰਦ ਨੇ ਦਮਦਮੇ ਆਪਣੇ ਸਿੱਖਾਂ ਨੂੰ ਡਰਾਇਆ ਕਿ ਜੋ ਹੁਣ ਛੱਡ ਕੇ ਜਾਣਗੇ, ਉਨ੍ਹਾਂ ਦਾ ਪਰਵਾਰ ਸਮੇਤ ਨਾਸ ਹੋ ਜਾਏਗਾ।
10) ਗੋਬਿੰਦ ਨੂੰ ਮਾਨਸਕ ਵਿਕਾਰ ਉਤਪੰਨ ਹੋਇਆ ਅਤੇ ਉਹ ਪੁੱਤਰਾਂ ਦੇ ਸ਼ੋਕ ਵਿੱਚ ਮਰ ਗਏ।
ਕਿੰਨੇ ਦੁਖ ਦੀ ਗੱਲ ਹੈ ਕਿ ਇਹ ਲੰਬੀ ਲਿਸਟ ਪੜ੍ਹ ਕੇ ਵੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਖੌਤੀ ਜਥੇਦਾਰਾਂ ਦੇ ਮੂਹੋਂ ਅਫ਼ਸੋਸ ਦਾ ਇਕ ਲਫ਼ਜ਼ ਵੀ ਨਹੀਂ ਨਿਕਲਿਆ। ਸਗੋਂ ਪ੍ਰਧਾਨ ਨੇ ਉਲਟਾ ਕਿਹਾ ਕਿ ‘‘ਕਿਤਾਬ ਲਿਖਣ ਵਾਲੇ ਨਾਲੋਂ ਲਿਸਟਾਂ ਛਪਵਾਉਣ ਵਾਲੇ ਜ਼ਿਆਦਾ ਦੋਸ਼ੀ ਹਨ।’’ ਮੱਕੜ ਜੀ, ਤੁਹਾਡੀ ਇਸ ਸੋਚ ਤੋਂ ਵਾਰੇ-ਵਾਰੇ ਜਾਈਏ। ਕੁਝ ਦਿਨ ਪਹਿਲਾਂ ਖ਼ਬਰ ਛਪੀ ਕਿ ਇਤਿਹਾਸ ਦੀ ਇਸ ਕਿਤਾਬ ’ਤੇ ਸ਼੍ਰੋਮਣੀ ਕਮੇਟੀ ਨੇ ਰੋਕ ਲਗਾ ਦਿੱਤੀ ਹੈ। ਕੀ ਸ੍ਰ: ਮੱਕੜ ਨੇ ਬਹੁਤ ਵੱਡਾ ਮਾਅਰਕਾ ਮਾਰ ਲਿਆ ਹੈ? ਕਿਤਾਬਾਂ ’ਤੇ ਰੋਕ ਦਾ ਇਤਿਹਾਸ ਸਾਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ। ‘ਗੁਰਬਿਲਾਸ ਪਾ: 6ਵੀਂ’ ਵਾਲੀ ਕਿਤਾਬ, ਗੁਰਮਤਿ ਵਿਰੋਧੀ ਹੋਣ ਕਰਕੇ ਅਕਾਲੀ ਲਹਿਰ ਪਿੱਛੋਂ ਰੋਕ ਲੱਗੀ। ਇਸ ਕਿਤਾਬ ਦਾ ਪੁਨਰ ਸੰਪਾਦਨ ਗਿ: ਵੇਦਾਂਤੀ ਅਤੇ ਪ੍ਰੋ: ਅਮਰਜੀਤ ਸਿੰਘ ਨੇ ਕੀਤਾ। ਇਸ ਨੂੰ ਸ਼੍ਰੋਮਣੀ ਕਮੇਟੀ ਨੇ ਛਪਵਾ ਕੇ 1998 ਵਿੱਚ ਛੇਵੇਂ ਪਾਤਸ਼ਾਹ ਦੇ ਜਨਮਦਿਨ ’ਤੇ ਰਲੀਜ਼ ਕੀਤਾ। ਇਸ ਕਿਤਾਬ ਦੀ ਅਸਲੀਅਤ ਸ੍ਰ: ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਨੇ ਇਕ ਲੇਖ ਰਾਹੀਂ ਜਾਗ-ਜਾਹਿਰ ਕੀਤੀ। ਇਹ ਲੇਖ ਸਪੋਕਸਮੈਨ ਰਸਾਲੇ ਵਿੱਚ ਛਪਿਆ ਸੀ। ਕਿਤਾਬ ’ਤੇ ਰੋਕ ਲੱਗੀ। ਰੋਕ ਲੱਗਣ ਪਿੱਛੋਂ, ਇਸ ਕਿਤਾਬ ਦੇ ਪ੍ਰਕਾਸ਼ਨ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਫਾਹੇ ਲਗਾਇਆ ਜਾਣਾ ਚਾਹੀਦਾ ਸੀ। ਪਰ ਹੋਇਆ ਇਸਦੇ ਬਿਲਕੁਲ ਉਲਟ। ਜਿਨ੍ਹਾਂ ਨੂੰ ਫਾਹੇ ਲਗਾਇਆ ਜਾਣਾ ਚਾਹੀਦਾ ਸੀ, ਉਨ੍ਹਾਂ ਨੂੰ ਤਰੱਕੀਆਂ ਮਿਲੀਆਂ। ਵੇਦਾਂਤੀ ਗ੍ਰੰਥੀ ਤੋਂ ਅਕਾਲ ਤਖ਼ਤ ਦਾ ਜੱਥੇਦਾਰ ਬਣਿਆ ਅਤੇ ਅਮਰਜੀਤ ਸਿੰਘ, ਪ੍ਰੋਫੈਸਰ ਤੋਂ ਪ੍ਰਿੰਸੀਪਲ। ਇਸ ਦੇ ਉਲਟ ਸ੍ਰ: ਕਾਲਾ ਅਫ਼ਗਾਨਾ ਅਤੇ ਸਪੋਕਸਮੈਨ ਦੇ ਸੰਪਾਦਕ ਨੂੰ ਫਾਹੇ ਲਾਇਆ ਗਿਆ; ਪੰਥ ਵਿੱਚੋਂ ਛੇਕ ਕੇ। ਇਹ ਉਲਟੀ ਗੰਗਾ ਵਹਾਉਣੀ, ਸ਼੍ਰੋਮਣੀ ਕਮੇਟੀ ਬਹੁਤ ਖੂਬ ਜਾਣਦੀ ਹੈ।
ਰੋਕ ਤੋਂ ਪਿੱਛੋਂ ਵੀ ਸ਼੍ਰੋਮਣੀ ਕਮੇਟੀ ਇਹ ਕਿਤਾਬ ਵੇਚਦੀ ਰਹੀ। ਇਹੀ ਕਿਤਾਬ (ਗੁ: ਬਿ: ਪਾ: 6ਵੀਂ) ਥੋੜੇ ਫ਼ਰਕ ਨਾਲ, ਪੰਜਾਬੀ ਯੂਨੀਵਰਸਿਟੀ ਛਾਪ ਕੇ ਧੜਾਧੜ ਵੇਚ ਰਹੀ ਹੈ। ਅੱਜਕਲ ਇਸ ਕਿਤਾਬ ਦੀ ਚੌਥੀ ਐਡੀਸ਼ਨ ਚੱਲ ਰਹੀ ਹੈ ਪਰ ਸ਼੍ਰੋਮਣੀ ਕਮੇਟੀ ਨੂੰ ਕੋਈ ਪਰਵਾਹ ਨਹੀਂ। ਇਹ ਤਾਂ ਹੈ ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਕਿਤਾਬ ’ਤੇ ਲਗਾਈ ਗਈ ਅਖੌਤੀ ਰੋਕ ਦਾ ਇਤਿਹਾਸ। ਸ਼੍ਰੋਮਣੀ ਕਮੇਟੀ ਵੱਲੋਂ ਦੋਸ਼ੀਆਂ ਨੂੰ ਤਰੱਕੀ ਦੇਣ ਪਿੱਛੇ ਕੀ ਮਜਬੂਰੀ ਸੀ? ਮਜਬੂਰੀ ਸੀ - ਅਕਾਲੀ-ਬੀਜੇਪੀ ਭਾਈਵਾਲੀ। ਆਰ.ਐਸ.ਐਸ., ਬੀਜੇਪੀ ਦੀ ‘ਮਾਤਾ ਸ੍ਰੀ’ ਹੈ। ਇਹ ਦੋਵੇਂ ਮਾਂਵਾਂ-ਧੀਆਂ, ਭਾਰਤ ਨੂੰ ਹਿੰਦੂ ਰਾਸ਼ਟਰ ਬਨਾਉਣ ਦੇ ਸੁਪਨੇ ਲੈਂਦੀਆਂ ਹਨ। ਰਾਸ਼ਟਰੀ ਸਿੱਖ ਸੰਗਤ, ਸਿੱਖਾਂ ਦਾ ਹਿੰਦੂਕਰਨ ਕਰਨ ਵਾਸਤੇ ਹੀ ਤਾਂ ਬਣਾਈ ਗਈ ਹੈ। ਆਰ.ਐਸ.ਐਸ./ਬੀ.ਜੇ.ਪੀ. ਨੂੰ ਆਪਣੇ ਮਕਸਦ ਨੂੰ ਅੰਜਾਮ ਦੇਣ ਲਈ, ਵੇਦਾਂ ਦੇ ਗਿਆਨੀ ਵੇਦਾਂਤੀ ਤੋਂ ਚੰਗਾ ਬੰਦਾ ਹੋਰ ਕੌਣ ਮਿਲ ਸਕਦਾ ਸੀ?
ਇਕ ਸ਼ੰਕਰਾਚਾਰਿਆ ਨੇ ਬੁੱਧ ਧਰਮ ਦਾ ਕੀ ਹਸ਼ਰ ਕੀਤਾ; ਆਰ.ਐਸ.ਐਸ. ਨੂੰ ਯਾਦ ਹੈ। ਸ਼ੰਕਰਾਚਾਰਿਆ ਨੇ ਮਹਾਤਮਾ ਬੁੱਧ ਨੂੰ ਵਿਸ਼ਨੂੰ ਦਾ ਅਵਤਾਰ ਕਹਿ ਕੇ ਮੂਰਤੀਆਂ ਬਣਵਾਈਆਂ ਅਤੇ ਬੁੱਧ ਮੱਠਾਂ ਅੱਗੇ ਸਥਾਪਤ ਕਰ ਦਿੱਤੀਆਂ। ਫਿਰ ਬੋਧੀਆਂ ਨੂੰ ਮਠਾਂ ਅਤੇ ਦੇਸ਼ ਵਿੱਚੋਂ ਕਢਣਾ, ਹਿੰਦੂਆਂ ਦੇ ਖੱਬੇ ਹੱਥ ਦੀ ਖੇਡ ਸੀ। ਸ਼ੰਕਰਾਚਾਰਿਆ ਦੇ ਕਾਰਨਾਮੇ ਤੋਂ ਸਬਕ ਲੈ ਕੇ, ਆਰ.ਐਸ.ਐਸ. ਨੇ ਚਾਲਾਂ ਚਲਣੀਆਂ ਸ਼ੁਰੂ ਕੀਤੀਆਂ। ਰਾਸ਼ਟਰੀ ਸਿੱਖ ਸੰਗਤ ਬਣਾਈ ਅਤੇ ਇਕ ਅਖੌਤੀ ਗ੍ਰੰਥ ਨੂੰ, ਜੋ ਮਿਥਿਹਾਸ ਅਤੇ ਇਸਤਰੀ ਸ਼ੋਸ਼ਣ, ਯੌਨ ਸ਼ੋਸ਼ਣ ਨਾਲ ਕੁੱਟ-ਕੁੱਟ ਕੇ ਭਰਿਆ ਹੈ, ਧਾਰਮਕ ਮਾਨਤਾ ਦਿਵਾਉਣ ਲਈ ਅੱਗੇ ਤੁਰੀ। ਦੋ ਤਖ਼ਤ (ਪਟਨਾ, ਨਾਂਦੇੜ) ਹਿੰਦੂ ਪ੍ਰਭਾਵ ਥੱਲੇ ਹੋਣ ਕਰਕੇ, ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਰਵਾਇਆ। ਫਿਰ ਵੇਦਾਂਤੀ ਅਤੇ ਸੰਤ ਸਮਾਜ ਨੂੰ ਅੱਗੇ ਲਾ ਕੇ, ਫਤਿਹ ਦਿਵਸ ਦੇ ਬਹਾਨੇ, 11 ਨਵੰਬਰ 2006 ਨੂੰ ਦਿਆਲਪੁਰਾ ਭਾਈਕਾ ਵਿਖੇ, ਸਾਕਤੀ ਪੋਥੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਰਾਬਰ ਰੱਖ ਕੇ ਅਖੰਡ ਪਾਠ ਅਰੰਭ ਕੀਤਾ। 12 ਨਵੰਬਰ 06 ਨੂੰ ਇਸ ਸਾਕਤੀ ਪੋਥੇ ਦੀ ਅਸਲੀਅਤ ਜਦ ਸਪੋਕਮੈਨ ਨੇ ਜ਼ਾਹਰ ਕੀਤੀ ਤਾਂ ਸ੍ਰ: ਬਾਦਲ ਅਤੇ ਹੋਰ ਸਿਆਸੀ ਆਗੂਆਂ ਨੇ ਕਿਨਾਰਾ ਕੀਤਾ। ਸਿੱਖ ਕੌਮ ਨੂੰ ਰੋਹ ਵਿੱਚ ਆਈ ਵੇਖ ਕੇ, ਵੋਟਾਂ ਦਾ ਖਤਰਾ ਜੋ ਸੀ। ਵੇਦਾਂਤੀ ਅਤੇ ਅਖੌਤੀ ਜੱਥੇਦਾਰ ਟਸ ਤੋਂ ਮਸ ਨਾ ਹੋਏ ਅਤੇ 13 ਨਵੰਬਰ ਨੂੰ ਸਾਕਤੀ ਗ੍ਰੰਥ ਦਾ ਫਤਿਹ ਦਿਵਸ ਮਨਾਉਣ ਲਈ ਦਿਆਲਪੁਰੇ ਜਾ ਪਹੁੰਚੇ।
ਸ਼ੰਕਰਾਚਾਰਿਆ ਨੇ ਮਹਾਤਮਾ ਬੁੱਧ ਨੂੰ ਵਿਸ਼ਨੂੰ ਦਾ ਅਵਤਾਰ ਆਖ ਕੇ, ਉਨ੍ਹਾਂ ਦੀਆਂ ਮੂਰਤੀਆਂ ਸਥਾਪਿਤ ਕਰਕੇ, ਬੋਧੀ ਮਠਾਂ ’ਤੇ ਕਬਜ਼ਾ ਕੀਤਾ ਅਤੇ ਬੁੱਧ ਧਰਮ ਦਾ ਭੋਗ ਪਾਇਆ। ਠੀਕ ਉਸੇ ਤਰ੍ਹਾਂ ਆਰ.ਐਸ.ਐਸ. ਆਪਣੇ ਏਜੰਟਾਂ ਨੂੰ ਅੱਗ ਲਗਾ ਕੇ, ਸਾਕਤੀ ਪੋਥੇ ਨੂੰ ਗੁਰਦੁਆਰਿਆਂ ਵਿੱਚ ਵਾੜ ਕੇ, ਸਿੱਖਾਂ ਨੂੰ ਹਿੰਦੂਆਂ ਵਿੱਚ ਜਜ਼ਬ ਕਰਨਾ ਚਾਹੁੰਦੀ ਹੈ, ਰਾਜਸੀ ਭਾਈਵਾਲੀ ਤੋਂ ਲਾਹਾ ਲੈ ਕੇ।
ਸ਼੍ਰੋਮਣੀ ਕਮੇਟੀ ਵੱਲੋਂ, ਸਿੱਖ ਵਿਰੋਧੀ, ਗੁਰਮਤਿ ਵਿਰੋਧੀ ਕਿਤਾਬਾਂ ਪ੍ਰਕਾਸ਼ਿਤ ਕਰਵਾਉਣਾ ਵੀ ਆਰ.ਐਸ.ਐਸ. ਦੇ ਏਜੰਡੇ ਦਾ ਹਿੱਸਾ ਲਗਦਾ ਹੈ। ਉਪਰਲੀਆਂ ਤਿੰਨੇ ਕਿਤਾਬਾਂ (ਗੁਰੂ ਗਿਆਨ, ਸਿੱਖ ਇਤਿਹਾਸ ਅਤੇ ਗੁਰਬਿਲਾਸ ਪਾ: 6ਵੀਂ) ਸ਼੍ਰੋਮਣੀ ਕਮੇਟੀ ਨੇ, ਅਕਾਲੀ-ਬੀਜੇਪੀ (1997-2002) ਰਾਜਸੀ ਭਾਈਵਾਲੀ ਸਮੇਂ ਹੀ ਛਪਵਾਈਆਂ ਸਨ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸ੍ਰ: ਬਾਦਲ ਦੇ ਲਿਫਾਫੇ ਵਿੱਚੋਂ ਨਿਕਲਦਾ ਹੈ ਤਾਂ ਉਹ ਆਪਣੇ ਆਕਾ ਅਤੇ ਆਰ.ਐਸ.ਐਸ. ਦੇ ਹੁਕਮ ਕਿਵੇਂ ਟਾਲ ਸਕਦਾ ਹੈ? ਅਕਾਲੀ-ਬੀਜੇਪੀ ਭਾਈਵਾਲੀ ਦਾ ਨਤੀਜਾ ਸਾਡੇ ਸਾਹਮਣੇ ਹੈ। ਸਿਆਸੀ ਕੁੰਡੇ ਥੱਲੇ, ਗੁਰਮਤਿ ਵਿਰੋਧੀ, ਸਿੱਖ ਵਿਰੋਧੀ ਕਿਤਾਬਾਂ, ਸ਼੍ਰੋਮਣੀ ਕਮੇਟੀ ਆਪ ਛਪਵਾ ਕੇ ਵੰਡ ਰਹੀ ਹੈ। ਸਿੱਖੀ ਦਾ ਘਾਣ ਕਰਨ ਵਾਸਤੇ, ਜੜ੍ਹਾਂ ਪੁੱਟਣ ਵਾਸਤੇ ਅਤੇ ਪੰਥ ਦਾ ਹਿੰਦੂਕਰਨ ਕਰਨ ਵਾਸਤੇ। ਅਗਰ ਸ਼੍ਰੋਮਣੀ ਕਮੇਟੀ ਕੁਝ ਚਿਰ ਹੋਰ ਸਿਆਸਤਦਾਨਾਂ ਥੱਲੇ ਰਹੀ ਤਾਂ ਉਹ ਦਿਨ ਦੂਰ ਨਹੀਂ, ਜਦੋਂ ਬ੍ਰਾਹਮਣਵਾਦੀ ਅਜਗਰ ਸਿੱਖਾਂ ਨੂੰ ਨਿਗਲ ਜਾਏਗਾ। ਗੁਰੂ ਨਾਨਕ ਦੇ ਸਿੱਖਾਂ ਦਾ ਨਾਮੋ-ਨਿਸ਼ਾਨ ਮਿਟ ਜਾਏਗਾ।
ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਸਿੱਖ ਕੌਮ ਇਕਮੁੱਠ ਹੋ ਕੇ, ਸ਼੍ਰੋਮਣੀ ਕਮੇਟੀ ਨੂੰ ਸਿਆਸਤਦਾਨਾਂ ਦੇ ਸ਼ਿਕੰਜੇ ’ਚੋਂ ਅਜ਼ਾਦ ਕਰਵਾਏ। ਕੌਮ ਦੇ ਅਹਿਮ ਫੈਸਲੇ (ਧਾਰਮਕ ਅਤੇ ਸਿਆਸੀ) ਸਰਬਤ ਖ਼ਾਲਸਾ ਬੁਲਾ ਕੇ ਕੀਤੇ ਜਾਣ, ਪੰਚ ਪ੍ਰਧਾਨਗੀ / ਗੁਰਮਤੇ ਰਾਹੀਂ। ਤਖ਼ਤਾਂ ਦੇ ਮੁੱਖ ਸੇਵਕ ਵੀ ਸਰਬਤ ਖ਼ਾਲਸਾ ਹੀ ਚੁਣੇ। ਮਹੰਤਾਂ ਵਰਗੇ ਅਕਾਲੀ ਸਿਆਸਤਦਾਨਾਂ ਤੋਂ ਪਿੱਛਾ ਛੁਡਾਉਣਾ ਵੀ ਅਸਾਨ ਨਹੀਂ ਹੋਏਗਾ। ਕੌਮ ਨੂੰ ਇਕ-ਮੁੱਠ ਹੋ ਕੇ ਲੰਬੀ ਜੱਦੋ-ਜਹਿਦ ਕਰਨੀ ਪਏਗੀ।