Subscription About Us Contact Us


ਅਜਾਇਬ ਘਰ ਵਿੱਚ ਭਾਈ ਜਰਨੈਲ ਸਿੰਘ ਦੀ ਤਸਵੀਰ ਦਾ ਹਊਆ

ਸੰਨ 1947 ਤੋਂ ਮਗਰੋਂ ਸਾਰੀ ਤਾਕਤ ਬ੍ਰਾਹਮਣਵਾਦੀਆਂ ਦੇ ਹੱਥ ਆ ਗਈ। ਅਜ਼ਾਦੀ ਤੋਂ ਪਹਿਲਾਂ ਸਿੱਖ ਕੌਮ ਸਨਮੁਖ ਲੁਭਾਉਣੇ ਵਾਅਦੇ ਕੀਤੇ ਗਏ ਤੇ ਬਾਅਦ ਵਿੱਚ ਪੂਰੀ ਤਰ੍ਹਾਂ ਵਿਸਾਰ ਹੀ ਨਹੀਂ ਦਿੱਤੇ, ਸਗੋਂ ਨਕਾਰ ਦਿੱਤੇ ਗਏ। ਕਈਆਂ ਹਾਲਤਾਂ ਵਿੱਚ ਸਿੱਖਾਂ ਨੂੰ ਜ਼ਲੀਲ ਕਰਨ ਵਾਲੇ ਬਿਆਨ ਅਤੇ ਕੰਮ ਭੀ ਦਿਸਣ ਲੱਗ ਪਏ। ਉਸ ਵਕਤ ਦੇ ਇਕ ਪ੍ਰਸਿੱਧ ਸਿੱਖ ਵਿਦਵਾਨ ਪ੍ਰਿੰਸੀਪਲ ਤੇਜਾ ਸਿੰਘ ਨੇ ਬੜੇ ਪਤੇ ਦੀ ਗੱਲ ਲਿਖੀ ਸੀ, ਜੋ ਲਗਭਗ ਇਉਂ ਸੀ - ‘‘ਭਾਰਤ ਸਰਕਾਰ ਦੇ ਲੀਡਰਾਂ ਵੱਲੋਂ, ਹਿੰਦੂ-ਸਿੱਖ ਏਕਤਾ ਦੇ ਬੇਲੋੜੇ ਜਿਹੇ ਰਾਗ ਅਲਾਪੇ ਜਾ ਰਹੇ ਹਨ। ਉਹ ਸ਼ਾਇਦ ਬਹੁਤ ਛੇਤੀ ਭੁੱਲ ਗਏ ਹਨ ਕਿ ਸਿੱਖਾਂ ਨੇ ਏਕਤਾ ਦੇ ਵਿਸ਼ਵਾਸ ਵਿੱਚ ਆ ਕੇ ਹੀ ਅਪਣੀ ਕਿਸਮਤ ਨੂੰ ਭਾਰਤ ਨਾਲ ਜੋੜਿਆ ਹੈ। ਇਸ ਦੇਸ਼ ਲਈ ਹਿੰਦੂਆਂ ਤੋਂ ਕਈ ਗੁਣਾਂ ਵੱਧ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਹਨ। ਹੁਣ ਦੁਬਾਰਾ ਸਾਨੂੰ ਕਿਸ ‘ਏਕਤਾ’ ਦਾ ਸਬਕ ਪੜ੍ਹਾਉਣਾ ਚਾਹੁੰਦੇ ਹਨ ਹਿੰਦੂ ਲੀਡਰ? ਕਿਹਾ ਜਾ ਰਿਹਾ ਹੈ ਕਿ ਹਿੰਦੂਆਂ ਅਤੇ ਸਿੱਖਾਂ ਦਾ ਬਹੁਤ ਕੁਝ ‘ਸਾਂਝਾ’ ਹੈ। ਇਸਲਈ ਸਿੱਖ ਵੱਖਰੇ ਨਹੀਂ ਹਨ, ਹਿੰਦੂ ਹੀ ਹਨ। ਇਥੇ ਮੈਂ (ਸ੍ਰ: ਤੇਜਾ ਸਿੰਘ) ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਗਾਂ ਅਤੇ ਮੱਝ ਦਾ ਬਹੁਤ ਕੁਝ ਸਾਂਝਾ ਹੈ। ਦੋਵਾਂ ਦੇ ਚਾਰ ਲੱਤਾਂ ਹਨ। ਚਾਰ ਥਣ ਹਨ, ਦੋ-ਦੋ ਸਿੰਗ ਹਨ। ਅੱਖਾਂ ਕੰਨ ਪੂਛਲ ਆਦਿਕ ਹਨ। ਇੰਨਾ ਕੁਝ ਇਕੋ ਜਿਹਾ ਹੋਣ ਦੇ ਬਾਵਜੂਦ, ਦੋਵੇਂ ਅਲੱਗ-ਅਲੱਗ ਹਨ। ਗਾਂ ਕੇਵਲ ਗਾਂ ਹੈ, ਮੱਝ ਨਹੀਂ ਹੈ। ਮੱਝ ਕੇਵਲ ਮੱਝ ਹੈ, ਗਾਂ ਨਹੀਂ ਹੈ। ਕਿਸੇ ਮਜਬੂਰੀ ਵੱਸ ਦੋਵੇਂ ਇਕੋ ਖੁਰਲੀ ਤੇ ਬੱਝ ਗਈਆਂ ਹਨ ਤਾਂ ਇਕ ਦੂਜੀ ਨੂੰ ਸਿੰਗ ਮਾਰਨ ਤੋਂ ਸੰਕੋਚ ਕਰਦੇ ਹਨ। ਦੋਵਾਂ ਨੂੰ ਲੜਾਈ ਵਿੱਚ ਨੁਕਸਾਨ ਹੋਣਾ ਹੈ। ਆਪੋ ਆਪਣਾ ਚਾਰਾ ਖਾਣ, ਆਪੋ ਆਪਣੀ ਜਗ੍ਹਾ ਤੇ ਰਹਿਣ, ਇਸੇ ਵਿੱਚ ਦੋਹਾਂ ਦਾ ਭਲਾ ਹੈ।’’

ਅਫ਼ਸੋਸ ਕਿ ਬ੍ਰਾਹਮਣਵਾਦੀ ਸੋਚ ਦੇ ਧਾਰਨੀ ਲੋਕ, ਸਿੱਖਾਂ ਨੂੰ ਪਰੇਸ਼ਾਨ ਕਰਨ ਵਿੱਚ ਖੁਸ਼ੀ ਅਨੁਭਵ ਕਰਦੇ ਹਨ। ਜੋ ਲੋਕ ਸਦੀਆਂ ਤੋਂ ਗੁਲਾਮ ਰਹੇ ਹੋਣ, ਉਨ੍ਹਾਂ ਨੂੰ ਬਿਨ੍ਹਾਂ ਕੁਰਬਾਨੀ ਕੀਤੇ ਲੂੰਬੜ ਚਾਲਾਂ ਨਾਲ, ਅਜ਼ਾਦੀ ਮਿਲ ਗਈ। ਇਨਸਾਨੀਅਤ ਦੇ ਨਾਤੇ ਦੂਜਿਆਂ ਨਾਲ ਕਿਵੇਂ ਵਿਹਾਰ ਕਰਨਾ ਹੈ, ਇਨ੍ਹਾਂ ਨੇ ਹਾਲੀਂ ਸਿੱਖਿਆ ਨਹੀਂ ਹੈ। ਸਭਿਅਤਾ ਦੇ ਤੌਰ-ਤਰੀਕੇ ਲਗਦੈ ਇਨ੍ਹਾਂ ਤੋਂ ਬਹੁਤ ਦੂਰ ਹਨ। ਆਪਣੇ ‘ਛੋਟੇ ਭਰਾਵਾਂ’ ਨਾਲ ਕਿਹੋ ਜਿਹਾ ਸਲੂਕ ਕਰਨਾ ਹੈ, ਇਨ੍ਹਾਂ ਨੇ ਜਾਣਿਆ ਹੀ ਨਹੀਂ। ਛੋਟੇ-ਛੋਟੇ ਬਹਾਨੇ ਲੈ ਕੇ ਸਿੱਖ ਕੌਮ ਨੂੰ ਮਾਨਸਿਕ ਤਸੀਹੇ ਦਿੱਤੇ ਜਾ ਰਹੇ ਹਨ। ਪੰਜਾਬ ਦਾ ਪਾਣੀ ਖੋਹਿਆ, ਬਿਜਲੀ ਖੋਹੀ, ਰਾਜਧਾਨੀ ਖੋਹੀ, ਪੰਜਾਬੀ ਬੋਲਦੇ ਇਲਾਕੇ ਖੋਹੇ। ਫ਼ਸਲਾਂ ਦੇ ਵਾਜਬ ਭਾਅ ਨਾ ਦਿੱਤੇ। ਵੱਡੇ ਕਾਰਖਾਨੇ ਨਾ ਦਿੱਤੇ। ਜਦੋਂ ਜੋਰਦਾਰ ਅਵਾਜ਼ ਨਾਲ ਪੰਜਾਬ ਲਈ ਹੱਕ ਮੰਗੇ, ਤਾਂ ਟੈਂਕਾਂ-ਤੋਪਾਂ ਫੌਜਾਂ ਚਾੜ੍ਹ ਕੇ ਤਬਾਹੀ ਮਚਾਈ ਗਈ। ਇਸੇ ਕਾਰਨ ਬਹੁਤ ਸਾਰੇ ਨੌਜੁਆਨ ਹਥਿਆਰਬੰਦ ਜੰਗ ਦੇ ਰਾਹ ਪੈ ਗਏ। ਉਨ੍ਹਾਂ ਨੂੰ ਕੋਹ-ਕੋਹ ਕੇ ਮਾਰਿਆ। ਸਗੋਂ ਉਨ੍ਹਾਂ ਦੇ ਪਰਵਾਰ ਅਤੇ ਰਿਸ਼ਤੇਦਾਰ ਭੀ ਨਹੀਂ ਛੱਡੇ। ਪੰਜਾਬ ਵਿੱਚ ‘ਲੋਹੇ ਦਾ ਸੁਹਾਗਾ’ ਫੇਰ ਕੇ ਸ਼ਾਂਤੀ ਵਰਗਾ ਦਿੱਤੀ ਗਈ। ਚਾਰੇ ਬੰਨ੍ਹਿਓਂ ਘਿਰ ਜਾਣ ਅਤੇ ਕੋਈ ਰਾਹ ਨਜ਼ਰ ਨਾ ਆਉਂਦੇ ਵੇਖਕੇ, ਕਰਜ਼ੇ ਦੇ ਬੋਝ ਥੱਲੇ ਦੱਬੇ ਕਿਸਾਨ, ਖੁਦਕੁਸ਼ੀਆਂ ਦੇ ਰਾਹ ਪੈ ਗਏ। ਇਸ ਜਲਾਲਤ ਭਰੀ ਜ਼ਿੰਦਗੀ ਨਾਲੋਂ ਮੌਤ ਸੌਖੀ ਪ੍ਰਤੀਤ ਹੋਣ ਲੱਗ ਪਈ। ਨਿੱਤ ਦਿਨ ਸਿੱਖ ਕੌਮ ਦੇ ਜ਼ਖ਼ਮਾਂ ਨੂੰ ਉਚੇੜਿਆ ਜਾ ਰਿਹਾ ਹੈ।

ਲੋਕ ਕਹਾਣੀਆਂ ਵਿੱਚੋਂ ਇਕ ਕਹਾਣੀ ਪੜੀ ਸੀ, ਮੌਕਾ-ਮੇਲ ਬਣ ਜਾਣ ਤੇ ਖ਼ੁਦ ਅਜਮਾਇਸ਼ ਕਰਕੇ ਵੇਖੀ। ਸੁਣਿਆ ਸੀ ਕਿ ਜੇ ਬਿੱਲਾ ਚਾਰੇ ਬੰਨ੍ਹਿਓਂ ਘਿਰ ਜਾਵੇ, ਬੱਚ ਨਿਕਲਣ ਲਈ ਰਾਹ ਨਜ਼ਰ ਨਾ ਆਵੇ ਤਾਂ ਆਖਰੀ ਹਥਿਆਰ ਵਜੋਂ ਉਹ ਮਾਰਨ ਵਾਲੇ ਦੇ ਸਿਰ ਨੂੰ ਪੈਂਦਾ ਹੈ। ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਕੇ ਮੈਂ ਬਿੱਲਾ ਘੇਰ ਲਿਆ, ਤਾਂ ਸੱਚਮੁੱਚ ਹੀ ਮੇਰੀ ਗਰਦਨ ਨੂੰ ਆ ਪਿਆ। ਕਿਉਂਕਿ ਮੈਂ ਪਹਿਲਾਂ ਤੋਂ ਤਿਆਰੀ ਵਿੱਚ ਸੀ, ਇਸਲਈ ਬਿੱਲੇ ਦੇ ਹਮਲੇ ਤੋਂ ਬਚਾਉ ਕਰਦਿਆਂ ਛੇਤੀ ਨਾਲ ਦਰਵਾਜਾ ਖੋਲ੍ਹ ਦਿੱਤਾ, ਬਿੱਲਾ ਨੱਸ ਗਿਆ।

ਸਿੱਖਾਂ ਦੀ ਹਾਲਤ ਇਸ ਵਕਤ ਲਗਪਗ ਇਸੇ ਤਰ੍ਹਾਂ ਦੀ ਬਣਾ ਦਿੱਤੀ ਗਈ ਹੈ। ਚਾਰੇ ਪਾਸਿਆਂ ਤੋਂ ਘੇਰ ਲਿਆ ਗਿਆ ਹੈ। ਅਜਿਹੀ ਹਾਲਤ ਵਿੱਚ ਜਾਂ ਤੇ ਖੁਦਕੁਸ਼ੀ ਹੋ ਸਕਦੀ ਹੈ, ਜਾਂ ਗਲ ਪਿਆ ਜਾ ਸਕਦਾ ਹੈ। ਸਿੱਖਾਂ ਦੇ ਲੀਡਰ ਆਪਣੇ ਧਰਮ ਪ੍ਰਤੀ ਵਫ਼ਾਦਾਰ ਨਹੀਂ ਹਨ। ਬਹੁਤਿਆਂ ਨੂੰ ਧਰਮ ਬਾਰੇ ਕੋਈ ਦਿਲਚਸਪੀ ਹੀ ਨਹੀਂ ਹੈ। ਧਰਮ ਦਾ ਗਿਆਨ ਹੋਣਾ ਤਾਂ ਦੂਰ ਦੀ ਗੱਲ, ਸਗੋਂ ਧਰਮ ਦੇ ਵਿਰੁੱਧ ਭੁਗਤ ਰਹੇ ਹਨ ਸਾਡੇ ਅਕਾਲੀ। ਹਾਂ, ਵੋਟਾਂ ਵਕਤ ‘ਸਿੱਖੀ ਨੂੰ ਖ਼ਤਰਾ’ ਜ਼ਰੂਰ ਦਿੱਸਣ ਲੱਗ ਪੈਂਦਾ ਹੈ। ਵੋਟਾਂ ਦੀ ਸਮਾਪਤੀ ਤੋਂ ਮਗਰੋਂ ‘ਪੰਥ ਚੜ੍ਹਦੀ ਕਲਾ ਵਿੱਚ’, ਅਪਣੇ ਆਪ ਪਹੁੰਚ ਜਾਂਦਾ ਹੈ।

ਸੰਨ 1997 ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲ ਤਖ਼ਤ ਦੇ ਸਨਮੁਖ ਜੂਨ ’84 ਦੇ ਘੱਲੂਘਾਰੇ ਨੂੰ ਸਰਮਪਿਤ ਸ਼ਹੀਦੀ ਦਿਨ ਭੀ ਨਹੀਂ ਮਨਾਉਣ ਦਿੱਤਾ ਸੀ। ਤਤਕਾਲੀ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਨੇ ਸ਼ਹੀਦਾਂ ਦੇ ਪਰਵਾਰਾਂ ਨੂੰ ਸਿਰੋਪੇ ਦੇਣੇ ਚਾਹੇ। ਬਾਦਲ ਦੇ ਸਲਾਹਕਾਰ ਨੇ ਰੁਕਵਾ ਦਿੱਤੇ। ਸਿਰੋਪੇ ਅਕਾਲ ਤਖ਼ਤ ’ਤੇ ਰੱਖੇ ਸ਼ਸਤਰਾਂ ਨੂੰ ਭੇਂਟ ਕੀਤੇ ਗਏ !! ਭਾਈ ਰਣਜੀਤ ਸਿੰਘ ਨੇ (ਮਜਬੂਰੀ ਵੱਸ) ਇਹ ਗੁਰਮਤਿ ਵਿਰੋਧੀ ਕਾਰਜ ਕੀਤਾ। ਭਾਰਤ ਸਰਕਾਰ ਦੀਆਂ ‘ਫੋਰਸਾਂ’ ਨੇ ਸਿੱਖਾਂ ਨੂੰ ਬੜੀ ਬੇਰਹਿਮੀ ਨਾਲ ਮਾਰਿਆ ਸੀ। ਸਿੱਖ ਖੌਫ਼ਜ਼ਦਾ ਸਨ। ‘ਅਕਾਲੀ ਸਰਕਾਰ’ ਬਣਨ ’ਤੇ ਸੁੱਖ ਦਾ ਸਾਹ ਲਿਆ ਸੀ। ਪੰਜ ਸਾਲ ਬਿਨਾਂ ਕੋਈ ਪ੍ਰਾਪਤੀ ਦੇ ਬਾਦਲ ਜੀ ਨੇ ਖੂਬ ਰਾਜ ਕੀਤਾ। ਇਨ੍ਹਾਂ ਵੱਲੋਂ ਵਾਅਦੇ ਕੀਤੇ ਗਏ ਸਨ, ਪੂਰੇ ਨਾ ਕੀਤੇ ਜਾਣ ਕਰਕੇ 2002 ਵਿੱਚ ਵੋਟਰਾਂ ਨੇ ਫਤਵਾ ਕਾਂਗਰਸ ਦੇ ਹੱਕ ਵਿੱਚ ਦੇ ਦਿੱਤਾ। ਪ੍ਰਾਪਤੀ ਕੋਈ ਕਾਂਗਰਸ ਸਰਕਾਰ ਨੇ ਭੀ ਪੰਜਾਬ ਲਈ ਨਹੀਂ ਕੀਤੀ। ਫਰਵਰੀ 2007 ਵਿੱਚ ਫਿਰ ਅਕਾਲੀ-ਭਾਜਪਾ ਸਰਕਾਰ ਆ ਗਈ ਪਰ ਬਾਦਲ ਦਾ ਅਧਾਰ ਸਿੱਖਾਂ ਵਿੱਚ ਲਗਾਤਾਰ ਘੱਟਦਾ ਜਾ ਰਿਹਾ ਹੈ। ਇਸ ਘੱਟ ਰਹੇ ਅਧਾਰ ਨੂੰ ਠੁੰਮਣਾ ਦੇਣ ਹਿੱਤ, ਭਾਈ ਜਰਨੈਲ ਸਿੰਘ ਫੋਟੋ ਅੰਮ੍ਰਿਤਸਰ ਸਿੱਖ ਅਜਾਇਬ ਘਰ ਵਿੱਚ ਲਗਵਾਉਣ ਦੀ ‘ਵੱਡੀ ਦਲੇਰੀ’ ਕਰ ਵਿਖਾਈ।

ਭਾਈ ਜਰਨੈਲ ਸਿੰਘ

ਭਾਈ ਜਰਨੈਲ ਸਿੰਘ ਤੇਈ ਸਾਲ ਪਹਿਲਾਂ ਸਰੀਰ ਲੇਖੇ ਲਾ ਗਿਆ। ਉਸਦੀ ਆਪਣੀ ਦਮਦਮੀ ਜਾਂ ਭਿੰਡਰਾਂ (ਝੂਠ ਪ੍ਰਚਾਰ ਰਾਹੀਂ) ਦਸਮ ਪਾਤਸ਼ਾਹ ਵੱਲੋਂ ਸ਼ੁਰੂ ਕਰਵਾਈ ਗਈ ਸੀ। ਉਸ ਵੱਲੋਂ ਇੱਕੀ ਸਾਲ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖਲੋ ਕੇ, ਬੇਖੌਫ਼ ਝੂਠ ਬੋਲਿਆ ਗਿਆ ਕਿ ‘‘ਭਾਈ ਜਰਨੈਲ ਸਿੰਘ ਚੜ੍ਹਦੀ ਕਲਾ ਵਿੱਚ ਹੈ। ਸਮਾਂ ਆਉਣ ਤੇ ਪ੍ਰਗਟ ਹੋਵੇਗਾ।’’ ਜਦੋਂ ਭਾਈ ਜਰਨੈਲ ‘ਜੀਵਤ ਹੈ’ ਤਾਂ ਸ਼੍ਰੋਮਣੀ ਕਮੇਟੀ ਉਸ ਬਾਰੇ ਕਿਸੇ ਤਰ੍ਹਾ ਦੀ ਸਿਰ-ਦਰਦੀ ਕਿਉਂ ਚੁੱਕੇ? ਖੈਰ, ਭਾਈ ਬਾਦਲ ਜੀ ਨੇ ਉਸਦਾ ‘ਸਨਮਾਨ’ ਕਰਦਿਆਂ ਤਸਵੀਰ ਸ਼੍ਰੋਮਣੀ ਕਮੇਟੀ ਨੂੰ ਆਖ ਕੇ, ਅਜਾਇਬ ਘਰ ਵਿੱਚ ਲਗਵਾ ਦਿੱਤੀ। ਟਕਸਾਲ ਅਤੇ ਹੋਰ ਜਜ਼ਬਾਤੀ ਸਿੱਖਾਂ ਨੂੰ ਆਪਣੇ ਵੱਲ ਕਰਨ ਲਈ। ਅਖ਼ਬਾਰਾਂ ਵਿੱਚ ਕਿੰਨੇ ਸਾਰੇ ਲੋਕਾਂ ਨੇ ਬਿਆਨ ਛਪਵਾ ਲਏ ‘‘ਚੰਗਾ ਹੋਇਆ, ਮਾੜਾ ਹੋਇਆ’’ ਆਖ ਕੇ।

ਹਿੰਦੂ ਜੱਥੇਬੰਦੀਆਂ ਨੇ ਇਸ ਮਾਮੂਲੀ ਜਿਹੀ ਕਾਰਵਾਈ ਨੂੰ ਹਜ਼ਮ ਨਾ ਕੀਤਾ। ਕਿਸੇ ਨੇ ਭਾਈ ਜਰਨੈਲ ਸਿੰਘ ਦੀ ਫੋਟੋ ਉਤਾਰ ਕੇ ਲਿਆਉਣ ਵਾਲੇ ਨੂੰ ਤਿੰਨ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਕਿਸੇ ਨੇ ਇਕ ਕਿਲੋ ਸੋਨਾ ਦੇਣ ਦਾ ਦਮਗਜ਼ਾ ਮਾਰਿਆ। ਕਿਸੇ ਹੋਰ ਧਿਰ ਨੇ 14 ਦਸੰਬਰ ਨੂੰ ‘ਪੰਜਾਬ ਬੰਦ’ ਦਾ ਸੱਦਾ ਦਿੱਤਾ ਪਰ ਬੰਦ ਹੋਇਆ ਕੋਈ ਨਾ। ਇੱਥੇ ਜੋ ਨੁਕਤਾ ਵਿਚਾਰਨ ਯੋਗ ਹੈ, ਉਹ ਇਹ ਕਿ ਹਿੰਦੂ ਲੋਕ ਆਪਣੇ ਵਿਸ਼ਵਾਸ ਮੁਤਾਬਿਕ, ਆਪਣੇ ਘਰਾਂ ਵਿੱਚ ਜਾਂ ਮੰਦਰਾਂ ਵਿੱਚ ਚੂਹਿਆਂ ਨੂੰ ਪੂਜਣ ਚਾਹੇ ਬਾਂਦਰਾਂ ਦੀ ਆਰਤੀ ਉਤਾਰਨ। ਭਾਵੇਂ ਸੱਪਾਂ ਨੂੰ ਦੁੱਧ ਪਿਆਉਣ ਤੇ ਭਾਵੇਂ ਗਣੇਸ਼ ਨੂੰ। ਭਾਵੇਂ ਅੱਠ ਬਾਹਵਾਂ ਵਾਲੀ ਮਾਈ ਨੂੰ ਸ਼ੇਰ ਤੇ ਸਵਾਰ ਕਰਾਉਣ ਤੇ ਭਾਵੇਂ ਵਿਸ਼ਨੂੰ ਜੀ ਨੂੰ ਗਰੁੜ ਤੇ ਬਿਠਾਉਣ। ਸੂਰ ਦੀ ਪੂਜਾ ਕਰਨ, ਮੱਛ ਦੀ ਕਰਨ ਤੇ ਚਾਹੇ ਕਰਨ ਬਲਦਾਂ, ਗਾਵਾਂ ਤੇ ਕੁੱਤਿਆਂ-ਕਾਵਾਂ ਦੀ। ਸਿੱਖਾਂ ਨੂੰ ਕੋਈ ਇਤਰਾਜ਼ ਨਹੀਂ। ਇਹ ਹਿੰਦੂ ਸਮਾਜ ਦਾ ਅਪਣਾ ਮਸਲਾ ਹੈ। ਪਰ ਸਿੱਖਾਂ ਦੇ ਅਜਾਇਬ ਘਰ ਵਿੱਚ, ਕੀਹਦੀ ਫੋਟੋ ਲਾਉਣੀ ਹੈ, ਕੀਹਦੀ ਨਹੀਂ ਲਾਉਣੀ - ਇਹ ਫੈਸਲਾ ਭੀ ਹੁਣ ਹਿੰਦੂ ਕਰਿਆ ਕਰਨਗੇ? ਲਗਦੈ ਅਜਾਇਬ ਘਰ ਵਿੱਚੋਂ ਅਗਲੇ ਐਕਸ਼ਨ ਪਲਾਨ ਵਿੱਚ ਇਹ ਲੋਕ, ਸਿੱਖ ਇਤਿਹਾਸ ਦੀਆਂ ਯਾਦਗਾਰੀ ਫੋਟੋਆਂ ਉਤਰਵਾਕੇ, ਦੇਵੀਆਂ-ਦੇਵਤਿਆਂ ਤੇ ਜਾਨਵਰਾਂ ਦੀਆਂ ਫੋਟੋਆਂ ਲਗਵਾਉਣ ਲਈ ਜਰੂਰ ਦਬਾਅ ਪਾਉਣਗੇ। ‘‘ਹਿੰਦੂ ਸਿੱਖ ਏਕਤਾ ਜਿੰਦਾਬਾਦ’’ ਤਾਂ ਇਸੇ ਤਰ੍ਹਾ ਹੋ ਸਕਦੀ ਹੈ।

ਸ੍ਰ: ਕਪੂਰ ਸਿੰਘ ਨੇ ਇਕ ਵਾਰੀ ਕਿਹਾ ਸੀ ਕਿ ਹਿੰਦੂ ਸਿੱਖ ਏਕਤਾ ਦਾ ਫਾਰਮੂਲਾ ਇਹ ਹੈ ਕਿ ਸਿੱਖ ਹੈ ਭਾਰ ਢੋਣ ਵਾਲਾ ਖੋਤਾ। ਬ੍ਰਾਹਮਣ-ਬਾਨੀਆ ਹੋ ਗਿਆ ਇਸ ਉੱਤੇ ਸਵਾਰ। ਅਪਣਾ ਸਾਰਾ ਵਜ਼ਨ ਤੇ ਨਾਲ ਲੋੜੀਂਦਾ ਸਮਾਨ ਭੀ ਖੋਤੇ ਉੱਤੇ ਲੱਦ ਲਿਆ। ਵਿਚਾਰੇ ਨੂੰ ਦਾਣਾ ਤਾਂ ਕੀ ਪਾਉਣਾ ਸੀ, ਕਦੀ ਰੱਜਵੇਂ ਪੱਠੇ ਤੱਕ ਨਹੀਂ ਪਾਏ। ਧੁੱਪ ਛਾਂ ਦਾ ਖਿਆਲ ਨਹੀਂ ਰੱਖਿਆ। ਢਿੱਡ ਭਰਨ ਲਈ ਰੂੜੀਆਂ ਵੱਲ ਕਰਕੇ ਡੰਡਾ ਮਾਰ ਦਿੰਦਾ ਹੈ। ਉਥੋਂ ਹੀ ਪਕੜ ਕੇ ਫਿਰ ਭਾਰ ਲੱਦ ਲੈਂਦਾ ਹੈ। ਉੱਤੇ ਬੈਠੇ ਬਾਨੀਆ-ਬ੍ਰਾਹਮਣ ਵਰਗ ਛਮਕਾਂ ਮਾਰ ਕੇ ਤੇਜ਼ ਤੁਰਨ ਲਈ ਮਜਬੂਰ ਕਰਦਾ ਹੈ। ਜਦੋਂ ਭੁੱਖਾ, ਬਿਮਾਰ ਜਾਂ ਥੱਕਿਆ-ਹਾਰਿਆ ਖੋਤਾ ਚੀਕਦਾ ਹੈ, ਕੁਝ ਖਾਣ ਨੂੰ ਮੰਗਦਾ ਹੈ, ਥੋੜਾ ਅਰਾਮ ਚਾਹੁੰਦਾ ਹੈ, ਥੋੜਾ ਭਾਰ ਘੱਟ ਕਰਨ ਲਈ ਤਰਲਾ ਕਰਦਾ ਹੈ - ਉੱਪਰ ਬੈਠਾ ਵਿਅਕਤੀ ਸ਼ੋਰ ਮਚਾ ਦਿੰਦਾ ਹੈ। ‘‘ਖੋਤਾ ਬਾਗੀ ਹੋ ਗਿਆ, ਅੱਤਵਾਦੀ ਬਣ ਗਿਆ, ਹਿੰਦੂ-ਸਿੱਖ ਏਕਤਾ ਨੂੰ ਖ਼ਤਰਾ ਪੈਦਾ ਹੋ ਗਿਆ’’ ਦਾ ਵਿਰਲਾਪ ਇਸੇ ਸੋਚ ਦੀ ਉਪਜ ਹੈ।

ਸ੍ਰੀ ਸੁੱਚਾ ਸਿੰਘ ਲੰਗਾਹ ਵਰਗੇ ਅਕਾਲੀ ਮੰਤਰੀ ਪਿਛਲੇ ਸਮੇਂ (1997-2002) ਗੁਰਦੁਆਰਿਆਂ ਵਿੱਚ 501 ਰਮਾਇਣ ਪਾਠ ਕਰਵਾ ਚੁੱਕੇ ਹਨ ਤੇ ਮੰਦਰਾਂ ਵਿੱਚ ਅਖੰਡ ਪਾਠ ਕਰਦੇ ਰਹੇ ਹਨ - ‘‘ਹਿੰਦੂ ਸਿੱਖ ਏਕਤਾ’’ ਲਈ। ਸ੍ਰੀ ਬਾਦਲ ਸਾਹਿਬ ਹਵਨ ਕਰਦੇ ਰਹੇ ਹਨ ‘‘ਹਿੰਦੂ ਸਿੱਖ ਏਕਤਾ’’ ਲਈ। ਟਿੱਕੇ ਲਗਵਾਉਂਦੇ ਰਹੇ ਹਨ ‘‘ਹਿੰਦੂ ਸਿੱਖ ਏਕਤਾ’’ ਲਈ। ਭਰਵੇਂ ਇਕੱਠਾਂ ਵਿੱਚ ‘‘ਵਾਹਿਗੁਰੂ ਜੀ ਕਾ ਖ਼ਾਲਸਾ, ਰਾਮ ਜੀ ਦੀ ਫ਼ਤਿਹ’’ ਦਾ ਜੈਕਾਰਾ ਗਜਾਉਂਦੇ ਰਹੇ, ‘‘ਹਿੰਦੂ ਸਿੱਖ ਏਕਤਾ’’ ਲਈ। ਹਿੰਦੂ-ਸਿੱਖ ਏਕਤਾ ਦਾ ਸੀਮਿੰਟ ਏਨਾ ਕਮਜ਼ੋਰ ਹੈ ਕਿ ਭਾਈ ਜਰਨੈਲ ਸਿੰਘ ਦੀ ਫੋਟੋ ਨੇ ਹੀ ਇਸ ਵਿੱਚ ਤ੍ਰੇੜਾਂ ਪਾ ਦਿੱਤੀਆਂ। ਦੋ ਲੱਖ ਸਿੱਖਾਂ ਦੀ ਕਾਤਲ, ਇੰਦਰਾ ਗਾਂਧੀ ਦੀ ਫੋਟੋ ਪਾਰਲੀਆਮੈਂਟ ਵਿੱਚ ਲਗ ਸਕਦੀ ਹੈ। ਉਸਦੇ ਨਾਮ ’ਤੇ ਸਕੂਲ, ਕਾਲਜ, ਯੂਨਿਵਰਸਿਟੀਆਂ ਤੇ ਭਲਾਈ ਸਕੀਮਾਂ ਚਲਾਈਆਂ ਜਾ ਸਕਦੀਆਂ ਹਨ। ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲੇ ਲੀਡਰਾਂ ਨੂੰ ਵਜ਼ੀਰੀਆਂ ਬਖਸ਼ੀਆਂ ਜਾ ਸਕਦੀਆਂ ਹਨ। ਸਿੱਖਾਂ ਦੇ ਕਾਤਲ ਬੇਅੰਤ ਸਿੰਘ (ਮੁੱਖ ਮੰਤਰੀ ਪੰਜਾਬ) ਦੇ ਬੁੱਤ ਚੌਕਾਂ ਵਿੱਚ ਲਗਾਏ ਜਾ ਸਕਦੇ ਹਨ। ਉਸਦੇ ਨਾਮ ’ਤੇ ਇੰਜੀਨੀਅਰਿੰਗ ਕਾਲਜ ਖੋਲ੍ਹੇ ਜਾ ਸਕਦੇ ਹਨ। ਇਕ ਸਿੱਖ ਦੀ ਫੋਟੋ ਆਪਣੇ ਅਜਾਇਬ ਘਰ ਵਿੱਚ ਭੀ ਸਿੱਖ ਨਹੀਂ ਲਗਾ ਸਕਦੇ?

ਜੇਹਲੋਂ ਛੁੱਟ ਕੇ ਨਵੰਬਰ 1985 ਵਿੱਚ, ਦਾਸ ਅਕਾਲ ਤਖ਼ਤ ਦੀ ਹੋਈ ਤਬਾਹੀ ਵੇਖਣ ਗਿਆ। ਜੋ ਭਾਣਾ ਵਾਪਰਿਆ ਸੀ, ਪਥਰਾਈਆਂ ਅੱਖਾਂ ਨਾਲ ਵੇਖਦਾ, ਵਾਪਸ ਨੇੜੇ ਦੀਆਂ ਦੁਕਾਨਾਂ ਤੇ ਖਲੋ ਗਿਆ। ਉਸ ਦੁਕਾਨ ’ਤੇ ਭਾਈ ਜਰਨੈਲ ਸਿੰਘ ਦੀਆਂ ਫੋਟੋਆਂ ਵਿਕ ਰਹੀਆਂ ਸਨ। ਮੈਂ ਦੁਕਾਨਦਾਰ ਦੇ ਨੇੜੇ ਜਾ ਕੇ ਬੇਨਤੀ ਕੀਤੀ - ‘‘ਵੀਰ ਜੀਓ ! ਸ੍ਰੀ ਹਰਚੰਦ ਸਿੰਘ ਲੌਂਗੋਵਾਰਲ, ਸ੍ਰੀ ਗੁਰਚਰਨ ਸਿੰਘ ਟੌਹੜਾ, ਸ੍ਰੀ ਪ੍ਰਕਾਸ਼ ਸਿੰਘ ਬਾਦਲ ਜਾਂ ਸ੍ਰੀ ਜਗਦੇਵ ਸਿੰਘ ਤਲਵੰਡੀ ਆਦਿ ਦੀਆਂ ਫੋਟੋਆਂ ਭੀ ਰੱਖ ਲਓ - ਪੈਸੇ ਵਟਾਉਣਗੀਆਂ।’’ ਦੁਕਾਨਦਾਰ ਨੇ ਬੜੇ ਪਤੇ ਦੀ ਗੱਲ ਆਖੀ। ਨੇੜੇ ਹੋ ਕੇ ਕਹਿਣ ਲੱਗਾ, ‘‘ਭਾਅ ਜੀ ! ਜਿਹੜੇ ਲੋਕ ਜ਼ਮੀਰ ਵੇਚ ਲੈਂਦੇ ਹਨ, ਉਨ੍ਹਾਂ ਦੀਆਂ ਫੋਟੋਆਂ ਨਹੀਂ ਵਿਕਦੀਆਂ। ਜਿਹੜੇ ਖ਼ੁਦ ਨਹੀਂ ਵਿਕਦੇ, ਉਨ੍ਹਾਂ ਦਾ ਸਭ ਕੁਝ ਵਿਕਦਾ ਹੈ...।’’

ਇਸ ਮੂਰਖਤਾ ਭਰੇ ਸ਼ੋਰ-ਗੁੱਲ ਵਿੱਚ, ਭਾਈ ਜਰਨੈਲ ਸਿੰਘ ਅਤੇ ਹੋਰ ਨਾਮੀ ਸਿੱਖ ਯੋਧਿਆਂ ਦੀਆਂ ਫੋਟੋਆਂ ਆਪਣੇ ਘਰਾਂ ਵਿੱਚ ਲਾ ਲੈਣੀਆਂ ਚਾਹੀਦੀਆਂ ਹਨ। ਇੰਦਰਾ ਗਾਂਧੀ, ਮੁੱਖ ਮੰਤਰੀ ਬੇਅੰਤ ਸਿੰਘ ਅਤੇ ਕੇ.ਪੀ.ਐਸ. ਗਿੱਲ ਆਦਿ ਦੀ ਪਾਪੀ ਜੁੰਡਲੀ ਨੂੰ ਜਿੰਨੀਆਂ ਲਾਹਨਤਾਂ ਪੈ ਸਕਣ, ਓਨੀਆਂ ਹੀ ਥੋੜ੍ਹੀਆਂ ਹਨ।