

ਕੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜਾਂ ’ਤੇ ਜਾ ਕੇ ਤਪ ਕੀਤਾ ਸੀ?
ਹਰ ਸਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਮੌਕੇ ਸਜਾਏ ਜਾਂਦੇ ਕੀਰਤਨ ਦਰਬਾਰਾਂ ਵਿੱਚ ਰਾਗੀਆਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀਆਂ ਵੱਖ-ਵੱਖ ਸਾਖੀਆਂ ਸੁਣਾਈਆਂ ਜਾਂਦੀਆਂ ਹਨ। ਬਹੁਤ ਸਾਰੇ ਕਥਾਵਾਚਕ ਇਹ ਦਾਅਵਾ ਵੀ ਕਰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪਿਛਲੇ ਜਨਮ ਵਿੱਚ ਦੁਸ਼ਟ-ਦਮਨ ਦੇ ਰੂਪ ਵਿੱਚ ਹੇਮਕੁੰਟ ਪਰਬਤ ’ਤੇ ਬੈਠ ਕੇ ਤਪ ਕੀਤਾ ਸੀ। ਸਿੱਖ ਸੰਗਤਾਂ ਵੀ ਇਸ ਦਾਅਵੇ ਨੂੰ ਬਹੁਤ ਮਾਨਤਾ ਦਿੰਦੀਆਂ ਹਨ ਅਤੇ ਹਰ ਸਾਲ ਲੱਖਾਂ ਸਿੱਖ ਬੜੀ ਸ਼ਰਧਾ ਨਾਲ ਹੇਮਕੁੰਟ ਸਾਹਿਬ ਦੀ ਤੀਰਥ-ਯਾਤਰਾ ਕਰਦੇ ਹਨ। ਪਰ ਗੁਰਮਤਿ ਸਿਧਾਂਤਾਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੀ ਰੌਸ਼ਨੀ ਵਿੱਚ ਉਕਤ ਸਾਖੀ ਦਾ ਮੁਲਾਂਕਣ ਕਰਨ ’ਤੇ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੁੰਦੇ ਹਨ।
ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਜਾਣਨਾ ਚਾਹੀਦਾ ਹੈ ਕਿ ‘ਤਪ’ ਹੁੰਦਾ ਕੀ ਹੈ। ਭਾਈ ਕਾਨ੍ਹ ਸਿੰਘ ਰਚਿਤ ‘ਮਹਾਨ ਕੋਸ਼’ ਵਿੱਚ ਤਪ ਬਾਰੇ ਜਾਣਕਾਰੀ ਇਉਂ ਦਿੱਤੀ ਗਈ ਹੈ :
ਤਪ : ਸੰ. ਕਚਨੂੰ ਧਾ - ਤੱਤਾ ਹੋਣਾ, ਜਲਨਾ, ਤਪ ਕਰਨਾ, ਪਛਤਾਉਣਾ, ਚਮਕਣਾ, ਦੁੱਖ ਸਹਾਰਨਾ। 2. ਸੰਗਯਾ - ਸ਼ਰੀਰ ਨੂੰ ਤਪਾਉਣ ਵਾਲਾ ਵ੍ਰਤ. ਤਪਸਯਾ. 3. ਅਗਨਿ। 4. ਗਰਮੀ। 5. ਗ੍ਰੀਖਮ ਰੁੱਤ। 6. ਬੁਖ਼ਾਰ, ਜਵਰ. ਦੇਖੋ, ਤਾਪ। 7. ਤੇਜ, ਪ੍ਰਭਾਵ। 8. ਡਿੰਗ. ਮਾਘ ਮਹੀਨਾ.
ਸਪਸ਼ਟ ਹੈ ਕਿ ‘ਤਪ’ ਲਫ਼ਜ਼ ਤੱਤੇਪਨ ਨਾਲ ਸਬੰਧਿਤ ਹੈ, ਜਿਵੇਂ ਕਿ ਕਿਸੇ ਨੂੰ ਬੁਖ਼ਾਰ ਹੋਣ ’ਤੇ ਕਿਹਾ ਜਾਂਦਾ ਹੈ ਕਿ ਇਸਦਾ ਸਰੀਰ ਤਾਂ ਬਹੁਤ ਤਪ ਰਿਹਾ ਹੈ। ਇਥੋਂ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਸਰੀਰ ਨੂੰ ਤਪਾਉਣ ਦੀ ਕੀ ਲੋੜ ਸੀ। ਕੀ ਸਰੀਰ ਨੂੰ ਤਪਾਉਣ ਜਾਂ ਕਸ਼ਟ ਦੇਣ ਨਾਲ ਰੱਬ ਖੁਸ਼ ਹੋ ਜਾਂਦਾ ਹੈ ਜਾਂ ਇਨਸਾਨ ਦੀ ਆਤਮਕ ਗਿਆਨ ਵਿੱਚ ਕੋਈ ਵਾਧਾ ਹੁੰਦਾ ਹੈ? ਹੋਰ ਕਿਸੇ ਧਰਮ ਦੇ ਪੈਗੰਬਰ ਇਸ ਬਾਰੇ ਜੋ ਕੁਝ ਮਰਜ਼ੀ ਕਹਿੰਦੇ ਰਹਿਣ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ‘ਤਪ’ ਬਾਰੇ ਬਹੁਤ ਸਪਸ਼ਟ ਫੁਰਮਾਨ ਦਿੱਤੇ ਗਏ ਹਨ :
ਤੀਰਥੁ ਤਪੁ ਦਇਆ ਦਤੁ ਦਾਨੁ।। ਜੇ ਕੋ ਪਾਵੈ ਤਿਲ ਕਾ ਮਾਨੁ।।
(ਜਪੁ, ਪਉੜੀ 21)
ਅਰਥ : ਤੀਰਥ ਯਾਤਰਾ, ਤਪਾਂ ਦੀ ਸਾਧਨਾ, (ਜੀਆਂ ’ਤੇ) ਦਇਆ ਕਰਨੀ, ਦਿੱਤਾ ਹੋਇਆ ਦਾਨ (ਇਨ੍ਹਾਂ ਕਰਮਾਂ ਬਦਲੇ) ਜੇਕਰ ਕਿਸੇ ਮਨੁੱਖ ਨੂੰ ਕੋਈ ਵਡਿਆਈ ਮਿਲ ਭੀ ਜਾਏ, ਤਾਂ ਤਿਲ ਜਿੰਨੀ (ਰਤਾ ਕੁ) ਹੀ ਮਿਲਦੀ ਹੈ। ਕੀ ਗੁਰੂ ਗੋਬਿੰਦ ਸਿੰਘ ਜੀ ‘ਤਿਲ ਜਿੰਨੀ ਵਡਿਆਈ’ ਪ੍ਰਾਪਤ ਕਰਨ ਵਿੱਚ ਆਪਣਾ ਪਿਛਲਾ ਸਾਰਾ ਜਨਮ ਬਤੀਤ ਕਰ ਸਕਦੇ ਸਨ?
ਕਾਂਇਆ ਸਾਧੇ ਉਰਧ ਤਪੁ ਕਰੈ ਵਿਚਹੁ ਹਉਮੈ ਨ ਜਾਇ।।
ਅਧਿਆਤਮ ਕਰਮ ਜੇ ਕਰੇ ਨਾਮੁ ਨ ਕਬ ਹੀ ਪਾਇ।।
ਗੁਰ ਕੈ ਸਬਦਿ ਜੀਵਤੁ ਮਰੈ ਹਰਿ ਨਾਮੁ ਵਸੈ ਮਨਿ ਆਇ।।
(33)
ਅਰਥ : ਮਨੁੱਖ ਸਰੀਰ ਨੂੰ ਆਪਣੇ ਵੱਸ ਵਿੱਚ ਰੱਖਣ ਦੇ ਜਤਨ ਕਰਦਾ ਹੈ, ਪੁੱਠਾ ਲਟਕ ਕੇ ਤਪ ਕਰਦਾ ਹੈ (ਪਰ ਇਸ ਤਰ੍ਹਾਂ) ਅੰਦਰੋਂ ਹਉਮੈ ਦੂਰ ਨਹੀਂ ਹੁੰਦੀ। ਜੇ ਮਨੁੱਖ ਆਤਮਕ ਤਰੱਕੀ ਸੰਬੰਧੀ (ਅਜਿਹੇ ਮਿੱਥੇ ਹੋਏ ਧਾਰਮਕ) ਕੰਮ ਕਰਦਾ ਰਹੇ, ਤਾਂ ਕਦੇ ਭੀ ਉਹ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਕਰ ਸਕਦਾ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਵਿਕਾਰਾਂ ਵੱਲੋਂ ਬਚਦਾ ਹੈ, ਉਸ ਦੇ ਮਨ ਵਿੱਚ ਪ੍ਰਭੂ ਦਾ ਨਾਮ ਆ ਵਸਦਾ ਹੈ।
ਇਸ ਫੁਰਮਾਨ ਵਿੱਚ ਗੁਰੂ ਸਾਹਿਬ ਨੇ ਸਪਸ਼ਟ ਲਫ਼ਜ਼ਾਂ ਵਿੱਚ ਕਿਹਾ ਹੈ ਕਿ ਤਪ ਕਰਨ ਨਾਲ ਮਨੁੱਖ ਦੀ ਹਉਮੈ ਦੂਰ ਨਹੀਂ ਹੁੰਦੀ ਤੇ ਨਾ ਹੀ ਅਜਿਹੇ ਕਾਰਜਾਂ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਗੁਰੂ ਸਾਹਿਬ ਤਾਂ ਕਹਿੰਦੇ ਹਨ ਕਿ ਆਪਣੀ ਕਿਰਤ-ਕਾਰ ਕਰਦਿਆਂ ਵਿਕਾਰਾਂ (ਔਗੁਣਾਂ) ਤੋਂ ਮੁਕਤ ਹੋਣ ਵਾਲਾ ਵਿਅਕਤੀ ਹੀ ਪਰਮਾਤਮਾ ਨਾਲ ਇਕ-ਮਿਕ ਹੁੰਦਾ ਹੈ। ਏਨੇ ਸਪਸ਼ਟ ਉਪਦੇਸ਼ ਦੇ ਬਾਵਜੂਦ, ਕੀ ਗੁਰੂ ਗੋਬਿੰਦ ਸਿੰਘ ਜੀ ਨੇ ਤਪ ਸਾਧਨਾ ਕੀਤੀ ਹੋਏਗੀ?
ਜਪੁ ਤਪੁ ਸੰਜਮੁ ਸਾਧੀਐ ਤੀਰਥਿ ਕੀਚੈ ਵਾਸੁ।।
ਪੁੰਨ ਦਾਨ ਚੰਗਿਆਈਆ ਬਿਨੁ ਸਾਚੇ ਕਿਆ ਤਾਸੁ।।
ਜੇਹਾ ਰਾਧੇ ਤੇਹਾ ਲੁਣੈ ਬਿਨੁ ਗੁਣ ਜਨਮੁ ਵਿਣਾਸੁ।।
(56)
ਅਰਥ : ਜੇ (ਮੰਤ੍ਰਾਂ ਦਾ) ਪਾਠ ਕੀਤਾ ਜਾਏ, (ਧੂਣੀਆਂ ਲਗਾ ਕੇ) ਤਪ ਕੀਤਾ ਜਾਏ, ਇੰਦ੍ਰਿਆਂ ਨੂੰ ਵੱਸ ਵਿੱਚ ਕਰਨ ਦਾ ਕੋਈ ਸਾਧਨ ਕੀਤਾ ਜਾਏ, ਕਿਸੇ ਤੀਰਥ ਉੱਤੇ ਨਿਵਾਸ ਕੀਤਾ ਜਾਏ, ਦਾਨ-ਪੁੰਨ ਆਦਿਕ ਚੰਗੇ ਕੰਮ ਕੀਤੇ ਜਾਣ, (ਤਾਂ ਵੀ) ਪ੍ਰਭੂ-ਸਿਮਰਨ ਤੋਂ ਬਿਨਾਂ ਉੱਪਰਲੇ ਸਾਰੇ ਹੀ ਉਦਮਾਂ ਦਾ ਕੋਈ ਲਾਭ ਨਹੀਂ। ਮਨੁੱਖ ਜਿਹੋ ਜਿਹਾ ਬੀਜ ਬੀਜਦਾ ਹੈ, ਉਹੋ ਜਿਹਾ ਫਲ ਵੱਢਦਾ ਹੈ। ਆਤਮਕ ਗੁਣਾਂ ਤੋਂ ਬਿਨਾਂ ਜ਼ਿੰਦਗੀ ਵਿਅਰਥ ਹੈ।
ਇੱਥੇ ਗੁਰੂ ਸਾਹਿਬ ਸਪਸ਼ਟ ਕਹਿ ਰਹੇ ਹਨ ਕਿ ਪ੍ਰਭੂ-ਸਿਮਰਨ ਤੋਂ ਬਿਨਾਂ ਤਪ ਦਾ ਕੋਈ ਲਾਭ ਨਹੀਂ। ਯਾਨਿ, ਸਿਮਰਨ ਤੇ ਤਪ ਬਿਲਕੁਲ ਅੱਡਰੇ ਸੰਕਲਪ ਹਨ। ਤਪ ਵਿੱਚ ਸਰੀਰ ਨੂੰ ਕਸ਼ਟ ਦਿੱਤਾ ਜਾਂਦਾ ਹੈ ਕਿ ਜਦਕਿ ਸਿਮਰਨ ਵਿੱਚ ਦੁਨੀਆਵੀ ਕਿਰਤ-ਕਾਰ ਕਰਦਿਆਂ ਪਰਮਾਤਮਾ ਨੂੰ ਯਾਦ ਰੱਖਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਨੇ ਇਨ੍ਹਾਂ ਦੋਹਾਂ ਵਿੱਚੋਂ ਕਿਹੜੀ ਪ੍ਰਣਾਲੀ ਨੂੰ ਅਪਣਾਇਆ ਹੋਵੇਗਾ?
ਕਿਆ ਜਪੁ ਕਿਆ ਤੁਪ ਸੰਜਮੋ ਕਿਆ ਬਰਤੁ ਕਿਆ ਇਸਨਾਨੁ।।
ਜਬ ਲਗੁ ਜੁਗਤਿ ਨ ਜਾਨੀਐ ਭਾਉ ਭਗਤਿ ਭਗਵਾਨ।।
(337)
ਅਰਥ : ਜਦ ਤੱਕ ਅਕਾਲ ਪੁਰਖ ਨਾਲ ਪਿਆਰ ਤੇ ਉਸਦੀ ਭਗਤੀ ਦੀ ਜੁਗਤਿ ਨਹੀਂ ਸਮਝੀ - ਜਪ, ਤਪ, ਸੰਜਮ, ਵਰਤ, ਇਸ਼ਨਾਨ - ਇਹ ਸਭ ਕਿਸੇ ਕੰਮ ਨਹੀਂ। ਭਾਵ, ਪਰਮਾਤਮਾ ਨਾਲ ਪਿਆਰ ਪਾਉਣਾ ਅਤੇ ਤਪ ਕਰਨ ਵਿੱਚ ਕੋਈ ਸਮਾਨਤਾ ਨਹੀਂ। ਪਰਮਾਤਮਾ ਨਾਲ ਪਿਆਰ ਪੈਣਾ ਹੀ ਅਸਲ ਭਗਤੀ ਹੈ ਜਦਕਿ ਤਪ ਵਰਗੇ ਕਰਮ-ਕਾਂਡ ਕਿਸੇ ਕੰਮ ਨਹੀਂ ਆਉਂਦੇ। ਅਜਿਹੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਤਪ ਸਾਧਨ ਨਾਲ ਕੀ ਲਾਭ ਹੋ ਸਕਦਾ ਸੀ?
ਬਨ ਖੰਡ ਜਾਇ ਜੋਗੁ ਤਪੁ ਕੀਨੋ ਕੰਦ ਮੂਲੁ ਚੁਨਿ ਖਾਇਆ।।
ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ।।
(654)
ਅਰਥ : ਕਈ ਲੋਕਾਂ ਨੇ ਜੰਗਲਾਂ ਵਿੱਚ ਜਾ ਕੇ ਜੋਗ ਸਾਧੇ, ਤਪ ਕੀਤੇ, ਗਾਜਰ-ਮੂਲੀ ਆਦਿਕ ਚੁਣ ਖਾ ਕੇ ਗੁਜ਼ਾਰਾ ਕੀਤਾ; ਜੋਗੀ, ਕਰਮ-ਕਾਂਡੀ, ਅਲੱਖ ਆਖਣ ਵਾਲੇ ਜੋਗੀ, ਮੋਨਧਾਰੀ - ਇਹ ਸਾਰੇ ਜਮ ਦੇ ਲੇਖੇ ਵਿੱਚ ਹੀ ਲਿਖੇ ਗਏ (ਭਾਵ, ਅਜਿਹੇ ਮਿੱਥੇ ਹੋਏ ਧਾਰਮਕ ਕਰਮ ਵੀ ਇਨ੍ਹਾਂ ਨੂੰ ਜਨਮ-ਮਰਨ ਦੇ ਗੇੜ ਤੋਂ ਨਹੀਂ ਬਚਾ ਸਕੇ)। ਅਜਿਹੇ ਵਿੱਚ, ਪਿਛਲੇ ਜਨਮ ਵਿੱਚ ਤਪ ਸਾਧਨ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਕਿੰਨਾ ਕੁ ਆਤਮਕ ਲਾਭ ਹੋਇਆ ਹੋਏਗਾ?
ਹਰਿ ਬਿਨੁ ਅਵਰ ਕ੍ਰਿਆ ਬਿਰਥੇ।।
ਜਪ ਤਪ ਸੰਜਮ ਕਰਮ ਕਮਾਣੇ ਇਹਿ ਓਰੈ ਮੂਸੇ।।
(216)
ਅਰਥ : (ਹੇ ਭਾਈ !) ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਹੋਰ ਸਾਰੇ (ਮਿੱਥੇ ਹੋਏ ਧਾਰਮਕ) ਕੰਮ ਵਿਅਰਥ ਹਨ। ਜਪ ਕਰਨੇ, ਤਪ ਸਾਧਣੇ, ਇੰਦ੍ਰੀਆਂ ਨੂੰ ਵਿਕਾਰਾਂ ਵੱਲੋਂ ਰੋਕਣ ਲਈ ਹਠ-ਜੋਗ ਦੇ ਸਾਧਨ ਕਰਨੇ - ਇਹ ਸਾਰੇ (ਪ੍ਰਭੂ ਦੀ ਦਰਗਾਹ ਤੋਂ) ਉਰੇ ਉਰੇ ਹੀ ਖੋਹ ਲਏ ਜਾਂਦੇ ਹਨ। ਇੱਥੇ ਗੁਰੂ ਸਾਹਿਬ ਨੇ ਹੋਰਨਾਂ ਕਰਮ-ਕਾਂਡਾਂ ਦੇ ਇਲਾਵਾ ‘ਤਪ’ ਨੂੰ ਵੀ ਇਕ ਵਿਅਰਥ ਉਦਮ ਦੱਸਿਆ ਹੈ, ਜਿਸ ਨੂੰ ਪ੍ਰਭੂ ਦੀ ਦਰਗਾਹ ਵਿੱਚ ਕਬੂਲਿਆ ਨਹੀਂ ਜਾਂਦਾ। ਕੀ ਗੁਰੂ ਗੋਬਿੰਦ ਸਿੰਘ ਜੀ (ਜਾਂ ਦੁਸ਼ਟ-ਦਮਨ) ਨੇ ਉਹੀ ਉਦਮ ਕਰਕੇ ਉੱਚੀ ਆਤਮਕ ਅਵਸਥਾ ਹਾਸਲ ਕੀਤੀ ਹੋਵੇਗੀ, ਜਿਸਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਵਿਅਰਥ ਦਾ ਕਰਮ-ਕਾਂਡ ਦੱਸਿਆ ਗਿਆ ਹੈ?
ਜਪੁ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗੁ ਨ ਜਾਈ।।
ਅੰਤਰਿ ਰੋਗੁ ਮਹਾ ਅਭਿਮਾਨਾ ਦੂਜੇ ਭਾਇ ਖੁਆਈ।।
(732)
ਅਰਥ : ਹੇ ਭਾਈ ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜਪ ਕਰਦਾ ਹੈ, ਤਪ ਕਰਦਾ ਹੈ, ਸਰੀਰ ਨੂੰ ਕਸ਼ਟ ਦੇਣ ਵਾਲੇ ਸਾਧਨ ਕਰਦਾ ਹੈ, ਵਰਤ ਰੱਖਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਸ ਮਨੁੱਖ ਦਾ (ਆਤਮਕ) ਰੋਗ ਦੂਰ ਨਹੀਂ ਹੁੰਦਾ। ਉਸ ਦੇ ਮਨ ਵਿੱਚ ਅਹੰਕਾਰ ਦਾ ਵੱਡਾ ਰੋਗ ਟਿਕਿਆ ਰਹਿੰਦਾ ਹੈ। ਉਹ ਮਾਇਆ ਦੇ ਮੋਹ ਵਿੱਚ ਫਸ ਕੇ ਦੁਰਾਹੇ ਪਿਆ ਰਹਿੰਦਾ ਹੈ। ਇੱਥੇ ਗੁਰੂ ਸਾਹਿਬ ਸਪਸ਼ਟ ਲਫ਼ਜ਼ਾਂ ਵਿੱਚ ਤਪ ਨੂੰ ਮਨਮੁਖਾਂ ਵੱਲੋਂ ਅਪਣਾਇਆ ਜਾਂਦਾ ਇਕ ਉਦਮ ਦੱਸ ਰਹੇ ਹਨ, ਜਿਸ ਨਾਲ ਮਨੁੱਖ ਦੀ ਮਨਮਤਿ ਅਤੇ ਮਾਇਆ ਦਾ ਮੋਹ ਦੂਰ ਨਹੀਂ ਹੁੰਦਾ। ਅਜਿਹੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤਪ ਕੀਤੇ ਹੋਣ ਦਾ ਦਾਅਵਾ ਕਿੰਨਾ ਕੁ ਵਿਸ਼ਵਸਨੀਕ ਹੋ ਸਕਦਾ ਹੈ?
ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਨੇ ਬਹੁਤ ਸਾਰੇ ਵਹਿਮਾਂ-ਭਰਮਾਂ ਦਾ ਖੰਡਨ ਕੀਤਾ ਹੈ। ਇਸੇ ਵਾਰ ਦੀ ਅੱਠਵੀਂ ਪਉੜੀ ਦੇ ਇਕ ਸਲੋਕ ਵਿੱਚ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਕੁਝ ਇਉਂ ਹਨ :
ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ।।
ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ।।
ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ।।
ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ।।
ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ।।
ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ।।
(467)
ਅਰਥ : ਲੱਖਾਂ ਨੇਕੀ ਦੇ ਤੇ ਚੰਗੇ ਕੰਮ ਕੀਤੇ ਜਾਣ, ਲੱਖਾਂ ਕੰਮ ਧਰਮ ਦੇ ਕੀਤੇ ਜਾਣ ਜੋ ਲੋਕਾਂ ਦੀਆਂ ਨਜ਼ਰਾਂ ਵਿੱਚ ਭੀ ਚੰਗੇ ਪ੍ਰਤੀਤ ਹੋਣ; ਤੀਰਥਾਂ ਉੱਤੇ ਜਾ ਕੇ ਲੱਖਾਂ ਤਪ ਸਾਧੇ ਜਾਣ, ਜੰਗਲਾਂ ਵਿੱਚ ਜਾ ਕੇ ਸੁੰਨ ਸਮਾਧੀ ਵਿੱਚ ਟਿਕ ਕੇ ਜੋਗ-ਸਾਧਨ ਕੀਤੇ ਜਾਣ; ਰਣ-ਭੂਮੀਆਂ ਵਿੱਚ ਜਾ ਕੇ ਸੂਰਮਿਆਂ ਵਾਲੇ ਬੇਅੰਤ ਬਹਾਦਰੀ ਦ ਕਾਰਨਾਮੇ ਵਿਖਾਏ ਜਾਣ, ਜੰਗ ਵਿੱਚ (ਵੈਰੀ ਦੇ ਸਨਮੁਖ ਹੋ ਕੇ) ਜਾਨ ਦਿੱਤੀ ਜਾਏ, ਲੱਖਾਂ (ਤਰੀਕਿਆਂ ਨਾਲ) ਸੁਰ ਸੁਰਤ ਪਕਾਈ ਜਾਵੇ, ਗਿਆਨ-ਚਰਚਾ ਕੀਤੀ ਜਾਏ ਤੇ ਮਨ ਨੂੰ ਇਕਾਗਰ ਕਰਨ ਦੇ ਜਤਨ ਕੀਤੇ ਜਾਣ, ਬੇਅੰਤ ਵਾਰੀ ਹੀ ਪੁਰਾਣ ਆਦਿਕ ਧਰਮ-ਪੁਸਤਕਾਂ ਦੇ ਪਾਠ ਪੜ੍ਹੇ ਜਾਣ; (ਪਰ) ਹੇ ਨਾਨਕ ! ਇਹ ਸਾਰੀਆਂ ਸਿਆਣਪਾਂ ਵਿਅਰਥ ਹਨ। (ਦਰਗਾਹ ਵਿੱਚ ਕਬੂਲ ਪੈਣ ਵਾਸਤੇ) ਉਸ ਪ੍ਰਭੂ ਦੀ ਬਖਸ਼ਸ਼ ਹੀ ਸੱਚਾ ਪਰਵਾਨਾ ਹੈ, ਜਿਸ ਨੇ ਇਹ ਸਾਰੀ ਸ੍ਰਿਸ਼ਟੀ ਰਚੀ ਹੈ ਤੇ ਜਿਸ ਨੇ ਜੀਵਾਂ ਦਾ ਜੰਮਣਾ ਮਰਨਾ ਨੀਯਤ ਕੀਤਾ ਹੈ। ਉਕਤ ਸਲੋਕ ਵਿੱਚ ਗੁਰੂ ਸਾਹਿਬ ਨੇ ਸਾਫ਼ ਕਿਹਾ ਹੈ ਕਿ ਭਾਵੇਂ ਮਨੁੱਖ ਲੱਖਾਂ ਤਪ ਕਰੇ, ਪਰ ਅਜਿਹੀ ਸਿਆਣਪਾਂ ਬਿਲਕੁਲ ਫ਼ਿਜ਼ੂਲ ਹਨ। ਕੀ ਗੁਰੂ ਗੋਬਿੰਦ ਸਿੰਘ ਜੀ ਅਜਿਹੇ ਫਿਜ਼ੂਲ ਕੰਮ ਕਰਨ ਵਿੱਚ ਆਪਣਾ ਜਨਮ ਬਤੀਤ ਕਰ ਸਕਦੇ ਸਨ?
ਇੱਥੇ ਇਕ ਹੋਰ ਤੱਥ ਵੱਲ ਧਿਆਨ ਦੇਣ ਦੀ ਵੀ ਲੋੜ ਹੈ। ਸਿੱਖ ਇਤਿਹਾਸ ਵਿੱਚ ਜ਼ਿਕਰ ਹੈ ਕਿ ਆਪਣੀਆਂ ਪ੍ਰਚਾਰ ਫੇਰੀਆਂ ਦੌਰਾਨ ਗੁਰੂ ਨਾਨਕ ਸਾਹਿਬ ਵੀ ‘ਸਿੱਧਾਂ’ ਨੂੰ ਮਿਲਣ ਵਾਸਤੇ ਇਸੇ ਪਾਸੇ ਦੇ ਪਹਾੜਾਂ ’ਤੇ ਗਏ ਸਨ। ਉਨ੍ਹਾਂ ਨੇ ਸਿੱਧਾਂ ਨੂੰ ਇਹੀ ਗੱਲ ਸਮਝਾਈ ਸੀ ਕਿ ਉਹ ਪਹਾੜਾਂ ’ਤੇ ਬੈਠ ਕੇ ਤਪ ਕਰਨ, ਰਿੱਧੀਆਂ-ਸਿੱਧੀਆਂ ਪ੍ਰਾਪਤ ਕਰਨ ਆਦਿਕ ਮਨਮੁਖੀ ਕਰਮ ਛੱਡ ਕੇ ਗ੍ਰਹਿਸਥ ਧਰਮ ਅਪਨਾਉਣ ਅਤੇ ਖ਼ੁਦ ਵਿਕਾਰਾਂ ਦਾ ਤਿਆਗ ਕਰਦਿਆਂ, ਸਮੁੱਚੀ ਦੁਨੀਆ ਨੂੰ ਸੱਚ ਦਾ ਗਿਆਨ ਵੰਡਣ। ਕੀ ਇਹੀ ਗੱਲ ਕਥਿਤ ਦੁਸ਼ਟ ਦਮਨ ’ਤੇ ਲਾਗੂ ਨਹੀਂ ਹੁੰਦੀ ਸੀ ਕਿ ਉਹ ਪਹਾੜ ’ਤੇ ਬੈਠ ਕੇ ਤਪ ਕਰਨ ਦੀ ਬਜਾਏ, ਦੁਨੀਆਵੀ ਜ਼ਿੰਮੇਵਾਰੀਆਂ ਨਿਭਾਉਂਦਿਆਂ ਪ੍ਰਭੂ ਸਿਮਰਨ ਕਰਦੇ - ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕਥਿਤ ਦੂਜੇ ਜਨਮ ਵਿੱਚ ਕੀਤਾ? ਜੇਕਰ ਗੁਰੂ ਦੇ ਰੂਪ ਵਿੱਚ ਲਏ ਗਏ ਜਨਮ ਵਿੱਚ ਬਗੈਰ ਤਪ ਕੀਤਿਆਂ ਕੰਮ ਚੱਲ ਸਕਦਾ ਸੀ, ਤਾਂ ਦੁਸ਼ਟ-ਦਮਨ ਦੇ ਰੂਪ ਵਿੱਚ ਤਪ ਕਰਨ ਦੀ ਕੀ ਮਜਬੂਰੀ ਸੀ? ਕੀ ਗੁਰੂ ਨਾਨਕ ਸਾਹਿਬ ਦਾ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਵਾਲਾ ਉਪਦੇਸ਼ ਦੁਸ਼ਟ-ਦਮਨ ’ਤੇ ਲਾਗੂ ਨਹੀਂ ਹੁੰਦਾ ਸੀ? ਕੀ ਗੁਰੂ ਗੋਬਿੰਦ ਸਿੰਘ ਜੀ ਵਿੱਚ ਗੁਰੂ ਨਾਨਕ ਸਾਹਿਬ ਜੀ ਜੋਤਿ ਨਹੀਂ ਸੀ, ਜੋ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਤੋਂ ਉਲਟ ਵਤੀਰਾ ਅਪਣਾਇਆ?
ਇਸ ਵਾਸਤੇ ਜਾਪਦਾ ਤਾਂ ਇਹੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅਖੌਤੀ ਪਿਛਲੇ ਜਨਮ ਵਿੱਚ ਕੋਈ ਤਪ ਆਦਿਕ ਨਹੀਂ ਕੀਤਾ (ਕੀ ਗੁਰੂ ਸਾਹਿਬ ਵੀ ਜਨਮ-ਮਰਨ ਦੇ ਗੇੜ ਵਿੱਚ ਪਏ ਹੋਏ ਸਨ?) ਕਿਉਂਕਿ ਗੁਰਮਤਿ ਵਿੱਚ ‘ਤਪ’ ਨੂੰ ਪਰਮਾਤਮਾ ਨਾਲ ਨੇੜਤਾ ਦਾ ਸਾਧਨ ਨਹੀਂ ਬਲਕਿ ਮਨਮੁਖੀ ਉਦਮ ਮੰਨਿਆ ਗਿਆ ਹੈ। ਇਹ ਸ਼ੰਕਾ ਹੋਰ ਵੀ ਜਾਇਜ਼ ਇਸ ਵਾਸਤੇ ਪ੍ਰਤੀਤ ਹੁੰਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਾਰੇ ਜੀਵਨ ਕਾਲ ਵਿੱਚ ਉਕਤ ਪਹਾੜ ’ਤੇ ਜਾਣ ਦੀ ਖੇਚਲ ਨਹੀਂ ਕੀਤੀ। ਜੇਕਰ ਉਨ੍ਹਾਂ ਨੇ ਆਪਣੇ ਕਥਿਤ ਪਿਛਲੇ ਜਨਮ ਵਿੱਚ ਉਕਤ ਥਾਂ ’ਤੇ ਕੋਈ ਤਪ ਆਦਿਕ ਕੀਤਾ ਹੁੰਦਾ, ਤਾਂ ਉਹ ਗੁਰੂ ਦੇ ਰੂਪ ਵਿੱਚ ਲਏ ਗਏ ਜਨਮ ਵਿੱਚ ਵੀ ਉਕਤ ਥਾਂ ਦੇ ਦਰਸ਼ਨ ਕਰਨ ਜ਼ਰੂਰ ਜਾਂਦੇ ਜਾਂ ਦੂਜੇ ਜਨਮ ਵਿੱਚ ਵੀ ਆਪਣੇ ਸਰੀਰ ਨੂੰ ਤਪ ਰਾਹੀਂ ਕਸ਼ਟ ਜ਼ਰੂਰ ਕਰਦੇ। ਇਹ ਵੀ ਧਿਆਨ ਦੇਣ ਯੋਗ ਨੁਕਤਾ ਹੈ ਕਿ ਗੁਰੂ ਸਾਹਿਬ ਦੇ ‘ਤਪ’ ਨਾਲ ਸਬੰਧਤ ਸਾਖੀ ਦਾ ਸ੍ਰੋਤ ਉਹ ਵਿਵਾਦਿਤ ਪੁਸਤਕ ਹੈ, ਜਿਸਦਾ ਵੱਡਾ ਹਿੱਸਾ ਕਾਮ-ਕਲੋਲਾਂ ਦੀਆਂ ਕਹਾਣੀਆਂ ਅਤੇ ਵਾਮ-ਮਾਰਗੀ ਮਹਾਂਕਾਲ ਦੀ ਉਸਤਤਿ ਤੱਕ ਸੀਮਤ ਹੈ। ਇਹ ਪੁਸਤਕ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੌਰਾਨ ਸਿੱਖ ਜਗਤ ਵਿੱਚ ਪ੍ਰਚਲਿਤ ਵੀ ਨਹੀਂ ਹੋਈ ਸੀ।
ਇਸ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦਿਆਂ ਸਾਨੂੰ ਸਭ ਨੂੰ ਉਕਤ ਨੁਕਤਿਆਂ ’ਤੇ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ। ਜੇਕਰ ਗੁਰੂ ਗ੍ਰੰਥ ਸਾਹਿਬ ਦੇ ਉਪਰੋਕਤ ਫੁਰਮਾਨਾਂ ਅਤੇ ਸਿੱਖ ਇਤਿਹਾਸ ਦੀਆਂ ਘਟਨਾਵਾਂ ਨੂੰ ਵਾਚਣ ਦੇ ਬਾਵਜੂਦ ਕਿਸੇ ਸੱਜਣ ਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਹੇਮਕੁੰਟ ਵਿਖੇ ਤਪ ਜ਼ਰੂਰ ਕੀਤਾ ਸੀ, ਤਾਂ ਉਹ ਕ੍ਰਿਪਾ ਕਰਕੇ ਆਪਣੇ ਵਿਚਾਰ ਸਾਨੂੰ ਲਿਖ ਕੇ ਭੇਜਣ। ਸਾਨੂੰ ਉਹ ਵਿਚਾਰ ਇੰਡੀਆ ਅਵੇਅਰਨੈੱਸ ਵਿੱਚ ਪ੍ਰਕਾਸ਼ਿਤ ਕਰਨ ਵਿੱਚ ਬੜੀ ਖੁਸ਼ੀ ਹੋਏਗੀ।