Subscription About Us Contact Us


ਪ੍ਰੋ: ਦਰਸ਼ਨ ਸਿੰਘ ਵੱਲੋਂ ਸਿੱਖ ਪੰਥ ਨੂੰ ਵੰਗਾਰ :
ਸਿੱਖੀ ਸਰੂਪ ਵਾਲੇ ਭੇਖੀਆਂ ਦਾ ਡੱਟ ਕੇ ਮੁਕਾਬਲਾ ਕੀਤਾ ਜਾਏ

- ਇੰਡੀਆ ਅਵੇਅਰਨੈੱਸ ਬਿਉਰੋ -

ਇੰਡੀਆ ਅਵੇਅਰਨੈੱਸ ਅਤੇ ਹੋਰ ਪੰਥਕ ਅਦਾਰਿਆਂ ਵੱਲੋਂ ਅਕਸਰ ਸਿੱਖਾਂ ਨੂੰ ਚੇਤੰਨ ਕੀਤਾ ਜਾਂਦਾ ਹੈ ਕਿ ਉਹ ਸਿਰਫ਼ ਜ਼ਾਹਿਰੀ ਤੌਰ ’ਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਵਾਲੇ ਅਖੌਤੀ ਸਿੱਖਾਂ ਦੇ ਚੰਗੁਲ ਵਿੱਚ ਫਸਣ ਦੀ ਬਜਾਏ ਉਨ੍ਹਾਂ ਦੀ ਵਿਚਾਰਧਾਰਾ ਅਤੇ ਸਰਗਰਮੀਆਂ ਨੂੰ ਗੁਰਮਤਿ ਸਿਧਾਂਤਾਂ ਦੀ ਰੌਸ਼ਨੀ ਵਿੱਚ ਪਰਖਣ। ਕਿਉਂਕਿ ਸਿੱਖਾਂ ਵਿੱਚ ਪੰਥਕ ਆਗੂ, ਪ੍ਰਚਾਰਕ ਜਾਂ ਸੰਤਾਂ ਵਾਂਗ ਵਿਚਰ ਰਹੇ ਬਹੁਤ ਸਾਰੇ ਲੋਕ ਅਸਲ ਵਿੱਚ ਸਿੱਖ ਨਹੀਂ ਬਲਕਿ ਖੁਫ਼ੀਆ ਏਜੰਸੀਆਂ ਦੇ ਏਜੰਟ ਹਨ, ਜਿਨ੍ਹਾਂ ਦਾ ਮਸਕਦ ਸਿੱਖ ਰਹੁ-ਰੀਤਾਂ ਨੂੰ ਹਿੰਦੂਆਂ ਵਿੱਚ ਰਲਗੱਡ ਕਰਨਾ ਅਤੇ ਸਿੱਖ ਕੌਮ ਦੀ ਵਿਲੱਖਣ ਵਿਚਾਰਧਾਰਾ ਨੂੰ ਮਾਰ ਮੁਕਾਉਣਾ ਹੈ। ਹੌਲੀ-ਹੌਲੀ ਪੰਥ ਦੇ ਸੂਝਵਾਨ ਪ੍ਰਚਾਰਕਾਂ ਅਤੇ ਬੁੱਧੀਜੀਵੀਆਂ ਨੇ ਇਸ ਤੱਥ ਵੱਲ ਗੌਰ ਕਰਨਾ ਸ਼ੁਰੂ ਕੀਤਾ ਹੈ ਅਤੇ ਸੰਗਤਾਂ ਨੂੰ ਇਸ ਬਾਬਤ ਜਾਗਰੂਕ ਕਰਨ ਵਿੱਚ ਆਪਣਾ ਯੋਗਦਾਨ ਦੇਣਾ ਅਰੰਭ ਕੀਤਾ ਹੈ।

ਇਸੇ ਕੜੀ ਵਿੱਚ, 11 ਦਸੰਬਰ 2007 ਨੂੰ ਦਿੱਲੀ ਦੇ ਗੁ: ਰਕਾਬ ਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਸਬੰਧੀ ਕੀਰਤਨ ਦਰਬਾਰ ਵਿੱਚ ਸ਼ਾਮ ਵੇਲੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ ਪ੍ਰੋ: ਦਰਸ਼ਨ ਸਿੰਘ ਨੇ ਵੀ ਸੰਗਤ ਨੂੰ ਭੇਖੀ ਕੀਰਤਨੀਆਂ ਬਾਰੇ ਸੁਚੇਤ ਕੀਤਾ। ‘‘ਮਾਨਸ ਜਨਮ ਅਕਾਰਥ ਖੋਵਤ, ਲਾਜ ਨ ਲੋਕ ਹਸਨ ਕੀ’’ ਸ਼ਬਦ ਦੀ ਵਿਆਖਿਆ ਕਰਦਿਆਂ ਪ੍ਰੋ: ਦਰਸ਼ਨ ਸਿੰਘ ਨੇ ਸਿੱਖਾਂ ਵਿੱਚ ਅਗਿਆਨਤਾ ਦੇ ਪਸਾਰੇ ਕਾਰਨ ਹਾਲਾਤ ਇਹ ਹੋ ਗਏ ਹਨ ਕਿ ਪਿਛਲੇ ਦਿਨੀਂ ਜਦ ਉਹ ਹਵਾਈ ਜਹਾਜ਼ ਰਾਹੀਂ ਕਸ਼ਮੀਰ ਜਾ ਰਹੇ ਸਨ ਤਾਂ ਏਅਰ-ਹੋਸਟ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਮਾਤਾ (ਵੈਸ਼ਨੋ ਦੇਵੀ) ਦੇ ਦਰਸ਼ਨਾਂ ਵਾਸਤੇ ਜਾ ਰਹੇ ਹਨ। ਉਨ੍ਹਾਂ ਅਫ਼ਸੋਸ ਪ੍ਰਗਟ ਕੀਤਾ ਕਿ ਸਿੱਖ ਅਖਵਾਉਣ ਵਾਲੇ ਲੋਕ ਅੱਜ ਦਰ-ਦਰ (ਵੱਖ-ਵੱਖ ਵਿਚਾਰਧਾਰਾ ਦੇ ਧਾਰਮਕ ਅਸਥਾਨਾਂ) ਦੀਆਂ ਠੋਕਰਾਂ ਖਾ ਰਹੇ ਹਨ।

ਪ੍ਰੋ: ਦਰਸ਼ਨ ਸਿੰਘ ਨੇ ਸਿੱਖ ਰਹਿਤ ਮਰਿਆਦਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਗੁਰਦੁਆਰੇ ਵਿੱਚ ਅਨਮਤ (ਕਿਸੇ ਹੋਰ ਧਰਮ) ਦਾ ਤਿਉਹਾਰ ਨਹੀਂ ਮਨਾਇਆ ਜਾ ਸਕਦਾ ਅਤੇ ਕਿਸੇ ਮੂਰਤੀ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਇਸਦੇ ਉਪਰੰਤ ਉਨ੍ਹਾਂ ਨੇ ਬਿਨ੍ਹਾਂ ਨਾਮ ਲਇਆਂ, ਭਾਈ ਚਮਨਜੀਤ ਸਿੰਘ ਲਾਲ (ਜੋ ਉਸ ਵੇਲੇ ਸੰਗਤ ਵਿੱਚ ਹੀ ਬਿਰਾਜਮਾਨ ਸਨ) ਵੱਲ ਇਸ਼ਾਰਾ ਕਰਦਿਆਂ ਸੰਗਤ ਨੂੰ ਕਿਹਾ, ‘‘ਜੇ ਚਾਹੋ ਤਾਂ ਅੱਜ ਮੈਂ ਦਿਖਾ ਸਕਦਾ ਹਾਂ ਕਿ ਤੁਹਾਡੇ ਵਿੱਚ ਬੈਠੇ ਹੋਏ ਤੇ ਸਨਮਾਨੇ ਜਾਂਦੇ ਲੋਕ, ਜਿਨ੍ਹਾਂ ਦੇ ਅਸਥਾਨਾਂ (ਡੇਰਿਆਂ) ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਵਿਖੇ ਥੱਲੇ ਹਰਮੰਦਿਰ ਸਾਹਿਬ (ਦਰਬਾਰ ਸਾਹਿਬ) ਦਾ ਮਾਡਲ ਪਿਆ ਹੈ ਅਤੇ ਉਸਦੇ ਉੱਤੇ ਗਣੇਸ਼ ਦੀ ਮੂਰਤੀ ਪਈ ਹੈ। ਉੱਥੇ ਜਨਮਸ਼ਟਮੀ ਮਨਾਈ ਜਾਂਦੀ ਹੈ ਅਤੇ ਬੜੇ ਗੌਰਵ ਨਾਲ ਕਿਹਾ ਜਾਂਦਾ ਹੈ ਕਿ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜੇ ਹਾਂ ਕ੍ਰਿਸ਼ਨ ਜਨਮਾਸ਼ਟਮੀ ਮਨਾਉਣ ਵਾਸਤੇ...। ਬੜੀ ਸਾਜਿਸ਼ ਨਾਲ ਸਾਡੇ ਸਰੂਪ ਵਾਲਿਆਂ ਨੂੰ ਅੱਗੇ ਲਾ ਕੇ ਬਾਰ-ਬਾਰ, ਆਏ ਦਿਨ ਸਾਡੀ ਗੈਰਤ ਨੂੰ ਰੋਲਿਆ ਜਾ ਰਿਹਾ ਹੈ।’’

ਇਕ ਧਾਰਮਕ ਅਸਥਾਨ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਚੌਰ ਕਰਦਿਆਂ ਭਾਈ ਚਮਨਜੀਤ ਸਿੰਘ ਲਾਲ। ਉਨ੍ਹਾਂ ਦੇ ਪਿੱਛੇ ਪਏ ਦਰਬਾਰ ਸਾਹਿਬ ਦੇ ਮਾਡਲ ’ਤੇ ਹਿੰਦੂ ਦੇਵਤਾ ਗਣੇਸ਼ ਦੀ ਇਕ ਛੋਟੀ ਜਿਹੀ ਮੂਰਤੀ ਸਪਸ਼ਟ ਵੇਖੀ ਜਾ ਸਕਦੀ ਹੈ।

ਇਕ ਕੀਰਤਨ ਦਰਬਾਰ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿੱਚ ਭਾਈ ਚਮਨ ਸਿੰਘ ਲਾਲ ਜਦਕਿ
ਗੁਰੂ ਸਾਹਿਬ ਦੇ ਸਰੂਪ ਦੇ ਅੱਗੇ ‘ਰਾਮ’ ਅਤੇ ਗੁਰੂ ਨਾਨਕ ਸਾਹਿਬ ਦੀਆਂ ਤਸਵੀਰਾਂ ਪਈਆਂ ਹੋਈਆਂ ਹਨ।

ਸ਼ੱਕੀ ਕਿਸਮ ਦੀ ਸੰਸਥਾਂ ਦੇ ਕਾਰਕੁੰਨਾਂ ਤੋਂ ਦਰਬਾਰ ਸਾਹਿਬ ਨਾਲ ਜੋੜੀ ਗਈ ਹਿੰਦੂ ਦੇਵਤਾ ਰਾਮ ਦੀ ਤਸਵੀਰ ਗ੍ਰਹਿਣ ਕਰਕੇ ਖੁਸ਼ੀ ਪ੍ਰਗਟ ਕਰਦਿਆਂ ਭਾਈ ਚਮਨਜੀਤ ਸਿੰਘ ਲਾਲ‘ਸਿੱਖ ਸਮਾਜ’ ਦੇ ਨਾਮ ’ਤੇ ਕਲੀਨ-ਸ਼ੇਵਨ ਵਿਅਕਤੀਆਂ ਨੂੰ ਸਨਮਾਨਿਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇ: ਅਵਤਾਰ ਸਿੰਘ ਮੱਕੜ ਅਤੇ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿ: ਜੋਗਿੰਦਰ ਸਿੰਘ ਵੇਦਾਂਤੀ। ਇਹ ਤਸਵੀਰਾਂ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ‘ਗੁਰਦੁਆਰਾ ਗਜ਼ਟ’ ਵਿੱਚੋਂ ਹੀ ਲਈਆਂ ਗਈਆਂ ਹਨ।

ਇਸ ਤਰ੍ਹਾਂ, ਪ੍ਰੋ: ਦਰਸ਼ਨ ਸਿੰਘ ਨੇ ਭਾਈ ਚਮਨ (ਸਿੰਘ) ਲਾਲ ਦਾ ਨਾਮ ਲਏ ਬਿਨ੍ਹਾਂ ਉਨ੍ਹਾਂ ’ਤੇ ਭੇਖੀ ਸਿੱਖ ਹੋਣ ਦਾ ਇਲਜ਼ਾਮ ਲਗਾਇਆ ਅਤੇ ਉਨ੍ਹਾਂ ਦੀਆਂ ਗੁਰਮਤਿ-ਵਿਰੋਧੀ ਕਾਰਵਾਈਆਂ ਦਾ ਵਿਰੋਧ ਕੀਤਾ। ਇਕ ਵੱਡੀ ਪੰਥਕ ਸਟੇਜ ਤੋਂ ਇਸ ਤਰ੍ਹਾਂ ਦੇ ਵਿਚਾਰ ਸੰਗਤ ਸਾਹਮਣੇ ਪੇਸ਼ ਕਰਨ ਲਈ ਪ੍ਰੋ: ਦਰਸ਼ਨ ਸਿੰਘ ਵਧਾਈ ਦੇ ਪਾਤਰ ਹਨ। ਭਰੋਸੇਯੋਗ ਸੂਤਰਾਂ ਮੁਤਾਬਿਕ, ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ ਵਿਚਾਰਾਂ ਦਾ ਇਹ ਅਸਰ ਹੋਇਆ ਕਿ ਭਾਈ ਚਮਨ ਲਾਲ ਦੀਵਾਨ ’ਚੋਂ ਬਾਹਰ ਜਾਣ ਲਈ ਉਠ ਪਏ ਪਰ ਉਨ੍ਹਾਂ ਦੇ ‘ਨਜ਼ਦੀਕੀ’ ਦਿੱਲੀ ਕਮੇਟੀ ਦੇ ਇਕ ਮੈਂਬਰ ਨੇ ਉਨ੍ਹਾਂ ਨੂੰ ਦੀਵਾਨ ਵਿੱਚ ਰੁਕਣ ਅਤੇ ਆਪਣੀ ਵਾਰੀ ਮੁਤਾਬਿਕ ਕੀਰਤਨ ਕਰਨ ਲਈ ਰੋਕ ਹੀ ਲਿਆ।

ਦਿੱਲੀ ਕਮੇਟੀ ਮੈਂਬਰ ਦੀ ਆਪਣੀ ਸੋਚ ਜਾਂ ਕੋਈ ਮਜਬੂਰੀ ਹੋ ਸਕਦੀ ਹੈ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਈ ਚਮਨ ਲਾਲ ਆਪਣੀਆਂ ਗੁਰਮਤਿ-ਵਿਰੋਧੀ ਕਾਰਵਾਈਆਂ ਕਾਰਨ ਪਹਿਲਾਂ ਵੀ ਅਕਸਰ ਚਰਚਾ ਦਾ ਵਿਸ਼ਾ ਬਣਦੇ ਰਹੇ ਹਨ। ਕੀਰਤਨੀਏ ਦੇ ਤੌਰ ’ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਦੇ ਸਮੇਂ ਤੋਂ ਹੀ ਉਹ ਬਹੁਤ ਅਜੀਬੋ-ਗਰੀਬ ਕਿਸਮ ਦੀਆਂ ਸਾਖੀਆਂ ਸੁਣਾਉਣ ਲੱਗੇ ਪਏ ਸਨ ਅਤੇ ਇਸੇ ਕਰਕੇ ਚੇਤੰਨ ਸਿੱਖਾਂ ਵੱਲੋਂ ਆਲੋਚਨਾ ਦੇ ਸ਼ਿਕਾਰ ਬਣੇ ਸਨ। ਇਸਦੇ ਇਲਾਵਾ, ਉਹ ਗੁਰਦੁਆਰਿਆਂ ਵਿੱਚ ਕੀਰਤਨ ਕਰਦੇ ਰਹਿਣ ਦੇ ਬਾਵਜੂਦ ਲੰਬਾ ਸਮਾਂ ਕੇਸਾਂ ਦੀ ਬੇਅਦਬੀ ਕਰਦੇ ਰਹੇ। ਕਈ ਸਾਲ ਪਹਿਲਾਂ, ਦਿੱਲੀ ਵਿਖੇ ਇਕ ਧਾਰਮਕ ਪ੍ਰੋਗਰਾਮ ਵਿੱਚ ਪ੍ਰੋ: ਦਰਸ਼ਨ ਸਿੰਘ ਵੱਲੋਂ ਉਨ੍ਹਾਂ ਦੀ ਇਸ ਨੀਤੀ ਦਾ ਜਨਤੱਕ ਤੌਰ ’ਤੇ ਵਿਰੋਧ ਕੀਤੇ ਜਾਣ ਉਪਰੰਤ ਸੰਗਤ ਦੇ ਵਧੇ ਦਬਾਅ ਕਾਰਨ ਭਾਈ ਚਮਨ ਸਿੰਘ ਨੂੰ ਕੇਸਾਧਾਰੀ ਸਰੂਪ ਅਪਨਾਉਣਾ ਪਿਆ ਸੀ। ਪਰ ਕੇਸਾਧਾਰੀ ਸਰੂਪ ਅਪਨਾਉਣ ਦੇ ਬਾਵਜੂਦ ਭਾਈ ਚਮਨ ਸਿੰਘ ਦੀ ਵਿਚਾਰਧਾਰਾ ਜਾਂ ਗਤੀਵਿਧੀਆਂ ਵਿੱਚ ਕੋਈ ਤਬਦੀਲੀ ਪ੍ਰਤੀਤ ਨਹੀਂ ਹੁੰਦੀ। ਉਹ ਹਾਲਾਂ ਵੀ ਹਰ ਸਾਲ ਦਿੱਲੀ ਵਿੱਚ ਆਰ.ਐਸ.ਐਸ. ਦੇ ਗੜ੍ਹ ਮੰਨੇ ਜਾਂਦੇ ਖੇਤਰ ਅਸ਼ੋਕ ਵਿਹਾਰ ਦੀ ‘ਪ੍ਰੇਰਣਾ’ ਨਾਮ ਦੀ ਇਕ ਹਿੰਦੁਤਵ-ਪੱਖੀ ਜਥੇਬੰਦੀ ਵੱਲੋਂ ਕਰਵਾਏ ਜਾਂਦੇ ਕੀਰਤਨ ਦਰਬਾਰ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਦੇ ਹਨ।

ਇਨ੍ਹਾਂ ਪ੍ਰੋਗਰਾਮਾਂ ਵਿੱਚ ਅਕਸਰ ਗੁਰੂ ਸਾਹਿਬਾਨ ਅਤੇ ਹਿੰਦੂ ਦੇਵਤਿਆਂ ਦੀਆਂ ਤਸਵੀਰਾਂ ਨੂੰ ਮਿਲਾ ਕੇ ਤਿਆਰ ਕੀਤੀਆਂ ਗਈਆਂ ਤਸਵੀਰਾਂ ਵੰਡੀਆਂ ਜਾਂਦੀਆਂ ਹਨ। ਇਸੇ ਪ੍ਰੋਗਰਾਮ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਕ ਪਾਸੇ ਦੇਵਤਾ ਰਾਮ ਅਤੇ ਦੂਜੇ ਪਾਸੇ ਗੁਰੂ ਨਾਨਕ ਸਾਹਿਬ ਦੀ ਤਸਵੀਰ ਸਜਾ ਦਿੱਤੀ ਜਾਂਦੀ ਹੈ। ਭਰੋਸੇਯੋਗ ਸੂਰਤਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ, ਅਜਿਹੇ ਪ੍ਰੋਗਰਾਮ ਵਿੱਚ ਵਧੇਰੇ ਕਰਕੇ ‘‘ਰਾਮ ਜਪਉ’’ ਜਾਂ ‘‘ਰਾਮ ਸਿਮਰ’’ ਆਦਿਕ ਲਫ਼ਜ਼ਾਂ ਵਾਲੇ ਸ਼ਬਦਾਂ ਜਾਂ ਇਕ ਵਿਵਾਦਿਤ ਪੁਸਤਕ ਦੀਆਂ ਰਚਨਾਵਾਂ ਦਾ ਕੀਰਤਨ ਕਰਕੇ ਸਿੱਖਾਂ ਨੂੰ ਭਰਮ ਵਿੱਚ ਪਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਹਿੰਦੂਵਾਦ ਵੱਲ ਪ੍ਰੇਰਿਤ ਕੀਤਾ ਜਾਂਦਾ ਹੈ।

ਲੋੜ ਸੀ ਕਿ ਸਿੱਖਾਂ ਨੂੰ ਧਾਰਮਕ ਅਗਵਾਈ ਦੇਣ ਦੇ ਜ਼ਿੰਮੇਵਾਰ ਸਮਝੇ ਜਾਂਦੇ ਤਖ਼ਤਾਂ ਦੇ ਅਖੌਤੀ ਜੱਥੇਦਾਰ ਅਜਿਹੇ ਭੇਖੀ ਕੀਰਤਨੀਆਂ ਵਿਰੁੱਧ ਸੰਗਤਾਂ ਨੂੰ ਜਾਗਰੁਕ ਕਰਦੇ ਪਰ ਹੈਰਾਨੀ ਅਤੇ ਅਫ਼ਸੋਸ ਦੀ ਗੱਲ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਖੌਤੀ ਜੱਥੇਦਾਰ ਗਿ: ਜੋਗਿੰਦਰ ਸਿੰਘ ਵੇਦਾਂਤੀ ਖ਼ੁਦ ਵੀ ਉਕਤ ਸੰਸਥਾ ਵੱਲੋਂ ਕਰਵਾਏ ਜਾਂਦੇ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਦਿਆਂ ਅਤੇ ਗੁਰੂ ਨਾਨਕ ਸਾਹਿਬ ਤੇ ਹਿੰਦੂ ਦੇਵਤਾ ਰਾਮ ਦੀਆਂ ਸਾਂਝੀਆਂ ਤਸਵੀਰਾਂ ਵੰਡਕੇ ਲੋਕਾਂ ਦਾ ਸਨਮਾਨ ਕਰਦੇ ਹਨ। ਸਪਸ਼ਟ ਹੈ ਕਿ ਗਿ: ਵੇਦਾਂਤੀ ਵੀ ਆਰ.ਐਸ.ਐਸ. ਦੇ ਇਸ ਝੂਠ ਕਿ ਗੁਰੂ ਨਾਨਕ ਸਾਹਿਬ ਭਗਵਾਨ ਰਾਮ ਦੇ ਅਵਤਾਰ ਸਨ, ਨੂੰ ਮਾਨਤਾ ਦੇਣਾ ਚਾਹੁੰਦੇ ਹਨ। ਇਸ ਵਿੱਚ ਉਨ੍ਹਾਂ ਦਾ ਦੋਸ਼ ਵੀ ਕੋਈ ਨਹੀਂ ਕਿਉਂਕਿ ਉਨ੍ਹਾਂ ਵੱਲੋਂ ਖ਼ੁਦ ਨੂੰ ਸ਼ਰੇਆਮ ‘ਵੇਦਾਂਤੀ’ (ਵੇਦਾਂ ਦੇ ਨੇਮਾਂ ਨੂੰ ਮੰਨਣ ਵਾਲਾ) ਐਲਾਨਣ ਦੇ ਬਾਵਜੂਦ ਸਿੱਖਾਂ ਨੂੰ ਕੋਈ ਇਤਰਾਜ਼ ਨਹੀਂ। ਬਲਕਿ ਆਮ ਸਿੱਖਾਂ ਦੇ ਇਲਾਵਾ ਅਖੌਤੀ ਪੰਥਕ ਆਗੂ ਵੀ ਜਨਸੰਘੀਆਂ ਦੇ ਅਜਿਹੇ ਟੁਕੜਬੋਚਾਂ ਨੂੰ ‘ਸਿੰਘ ਸਾਹਿਬ’ ਆਖਦਿਆਂ, ਉਨ੍ਹਾਂ ਦੀ ਚਾਪਲੂਸੀ ਕਰਦੇ ਫਿਰਦੇ ਹਨ।

ਕੁਤੇ ਚੰਦਨ ਲਾਈਐ ਭੀ ਸੋ ਕੁਤੀ ਧਾਤੁ : ਪ੍ਰੇਰਣਾ ਸੰਸਥਾਂ ਵੱਲੋਂ ਕਰਵਾਏ ਇਕ ਪ੍ਰੋਗਰਾਮ ਦੌਰਾਨ ਹਿੰਦੂ ਦੇਵਤਾ ਰਾਮ ਅਤੇ ਗੁਰੂ ਨਾਨਕ ਸਾਹਿਬ ਦੀ ਜੁੜਵੀਂ ਤਸਵੀਰ ਪ੍ਰਾਪਤ ਕਰਨ ਵਿੱਚ ਸਨਮਾਨ ਮਹਿਸੂਸ ਕਰਦਿਆਂ ਵੇਦਾਂ ਦੇ ਨੇਮਾਂ ਨੂੰ ਮੰਨਣ ਵਾਲਾ ਅਤੇ ਅਕਾਲ ਤਖ਼ਤ ਸਾਹਿਬ ’ਤੇ ਕਾਬਿਜ਼ ਪੁਜਾਰੀ ਜਦਕਿ ਭਾਈ ਚਮਨ ਸਿੰਘ ਲਾਲ ਅਤੇ ਸਿੱਖੀ ਸਰੂਪ ਵਾਲੇ ਹੋਰ ਲੋਕ ਤਮਾਸ਼ਾ ਵੇਖਦੇ ਹੋਏ

ਮੌਜੂਦਾ ਹਾਲਾਤ ਵਿੱਚ ਪ੍ਰੋ: ਦਰਸ਼ਨ ਸਿੰਘ ਦਾ ਇਹ ਕਥਨ ਬਿਲਕੁਲ ਜਾਇਜ਼ ਹੈ ਕਿ ਸਿੱਖਾਂ ਦੀ ਹਾਲਤ ਉਸ ਮੁਰਦੇ ਵਰਗੀ ਹੋ ਗਈ ਹੈ, ਜੋ ਕਿਸੇ ਚੋਰ ਵੱਲੋਂ ਆਪਣਾ ਕਫ਼ਨ ਚੁਰਾਏ ਜਾਣ ’ਤੇ ਵੀ ਕੋਈ ਪ੍ਰਤੀਕਰਮ ਨਹੀਂ ਕਰ ਸਕਦਾ। ਅੱਜ ਸਿੱਖੀ ਵੇਸ ਵਿੱਚ ਆਰ.ਐਸ.ਐਸ. ਦੇ ਏਜੰਟ ਸ਼ਰੇਆਮ ਸਿੱਖੀ ਸਿਧਾਂਤਾਂ ਦੀਆਂ ਧੱਜੀਆਂ ਉਡਾ ਰਹੇ ਹਨ ਪਰ ਸਿੱਖ ਆਪਣੇ-ਆਪ ਵਿੱਚ ਮਸਤ ਹਨ। ਲੋੜ ਹੈ ਕਿ ਭੇਖੀ ਸਿੱਖਾਂ ਬਾਰੇ ਜਾਗਰੁਕ ਹੋਵੇ ਅਤੇ ਉਨ੍ਹਾਂ ਦੀਆਂ ਗੁਰਮਤਿ-ਵਿਰੋਧੀ ਕਾਰਵਾਈਆਂ ਦਾ ਭਰਪੂਰ ਵਿਰੋਧ ਕਰੇ - ਭਾਵੇਂ ਉਹ ਕੋਈ ਪ੍ਰਸਿੱਧ ਕੀਰਤਨੀਆ ਹੋਵੇ ਜਾਂ ਕਿਸੇ ਤਖ਼ਤ ਦਾ ਅਖੌਤੀ ਜੱਥੇਦਾਰ। ਭੇਖ ਜਾਂ ਅਹੁਦੇ ਤੋਂ ਡਰ ਕੇ ਚੁੱਪ ਰਹਿਣ ਨਾਲ ਬ੍ਰਾਹਮਣਵਾਦ ਰੂਪੀ ਅਜਗਰ ਸਿੱਖਾਂ ਨੂੰ ਨਿਗਲਣ ਵਿੱਚ ਬਹੁਤਾ ਸਮਾਂ ਨਹੀਂ ਲਗਾਏਗਾ।