Subscription About Us Contact Us


ਇੰਡੀਆ ਅਵੇਅਰਨੈੱਸ ਦੀ ਦਲੇਰੀ ਕਾਰਨ ਬਾਦਲਕਿਆਂ ਵਿੱਚ ਬੌਖਲਾਹਟ

ਸਿਆਸਤ ਦੀ ਪੌੜੀ ਉੱਤੇ ਚੜ੍ਹਨ ਲਈ ਬੇਚੈਨ ਲੋਕ ਆਪੋ-ਆਪਣੀ ਪਾਰਟੀਆਂ ਵਿੱਚ ਆਪਣਾ ਰਸੂਖ਼ ਵਧਾਉਣ ਲਈ ਅਕਸਰ ਤਰਲੋ-ਮੱਛੀ ਹੁੰਦੇ ਵਿਖਾਈ ਦਿੰਦੇ ਹਨ। ਆਪਣੀ ਪਾਰਟੀ ਦੇ ਸੀਨੀਅਰ ਆਗੂਆਂ ਦੀ ‘ਬਖਸ਼ਿਸ਼’ ਪ੍ਰਾਪਤ ਕਰਨ ਲਈ ਉਹ ਕਿਸੇ ਵੀ ਹੱਦ ਤੱਕ ਥੱਲੇ ਗਿਰ ਕੇ, ਪਾਰਟੀ ਆਗੂਆਂ ਦੀ ਚਾਪਲੂਸੀ ਕਰਨ ਅਤੇ ਉਨ੍ਹਾਂ ਦੀਆਂ ਮੰਦ ਕਰਤੂਤਾਂ ਦਾ ਪਰਦਾਫਾਸ਼ ਕਰਨ ਵਾਲੇ ਪੱਤਰਕਾਰਾਂ ਨਾਲ ਦੁਰਵਿਵਹਾਰ ਕਰਨ ਵਿੱਚ ਆਪਣੀ ਵਡਿਆਈ ਸਮਝਦੇ ਹਨ।

ਇਸੇਲਈ ਪਿਛਲੇ ਦਿਨੀਂ ਜਥੇ: ਅਵਤਾਰ ਸਿੰਘ ‘ਮੱਕੜ’ ਦੇ ਕੁਝ ਸਮਰਥਕਾਂ ਨੇ ਇੰਡੀਆ ਅਵੇਅਰਨੈੱਸ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਤਸਵੀਰ ਨੂੰ ‘ਸਪਾਈਡਰਮੈਨ’ ਦੇ ਰੂਪ ਵਿੱਚ ਪੇਸ਼ ਕਰਨ ’ਤੇ ਚੀਕ-ਚਿਹਾੜਾ ਪਾਉਣਾ ਸ਼ੁਰੂ ਕਰ ਦਿੱਤਾ। ਇਹ ਰਸਾਲਾ 1 ਦਸੰਬਰ ਨੂੰ ਹੀ ਪ੍ਰਕਾਸ਼ਿਤ ਹੋ ਗਿਆ ਸੀ ਤੇ ਉਸ ਉਪਰੰਤ ਕਿਸੇ ਸੱਜਣ ਨੇ ਉਕਤ ਤਸਵੀਰ ਬਾਰੇ ਕੋਈ ਇਤਰਾਜ਼ ਨਾ ਕੀਤਾ। 16 ਦਸੰਬਰ ਨੂੰ ਇਸ ਬਾਬਤ ਚੰਡੀਗੜ੍ਹ ਤੋਂ ਪ੍ਰਕਾਸ਼ਿਤ ਹੁੰਦੇ ਰੋਜ਼ਾਨਾ ਪੰਜਾਬੀ ਅਖ਼ਬਾਰ ‘ਸਪੋਕਸਮੈਨ’ ਵਿੱਚ ਇਕ ਖ਼ਬਰ ਪ੍ਰਕਾਸ਼ਿਤ ਹੋਣ ਉਪਰੰਤ ਵੀ ਜਥੇ: ਮੱਕੜ ਨੇ ਆਪਣੀ ਤਰਫੋਂ ਕੋਈ ਪ੍ਰਤੀਕ੍ਰਿਆ ਨਾ ਜਤਾਈ। ਪਰ ‘ਮੁੱਦਈ ਸੁਸਤ, ਗਵਾਹ ਚੁਸਤ’ ਵਾਲੀ ਕਹਾਵਤ ਅਨੁਸਾਰ ਮੱਕੜ ਦੇ ਕੁਝ ਚਾਪਲੂਸ ਇੰਡੀਆ ਅਵੇਅਰਨੈੱਸ ਦੇ ਦਫ਼ਤਰ ’ਚ ਆ ਧਮਕੇ ਤੇ ਸੰਪਾਦਕੀ ਮੰਡਲ ਵੱਲੋਂ ਉਕਤ ਤਸਵੀਰ ਪ੍ਰਕਾਸ਼ਿਤ ਕਰਨ ਬਾਰੇ ਸਪਸ਼ਟੀਕਰਨ ਮੰਗਣਾ ਅਰੰਭ ਕਰ ਦਿੱਤਾ।

ਜੂਨ 2005 ਅੰਕ ਵਿੱਚ ਪ੍ਰਕਾਸ਼ਿਤ ਗਿ: ਜੋਗਿੰਦਰ ਸਿੰਘ ਵੇਦਾਂਤੀ ਦੀ ਤਸਵੀਰ

ਜਨਵਰੀ 2007 ਅੰਕ ਵਿੱਚ ਪ੍ਰਕਾਸ਼ਿਤ ਪ੍ਰਕਾਸ਼ ਸਿੰਘ ਬਾਦਲ ਅਤੇ ਜਥੇ: ਅਵਤਾਰ ਸਿੰਘ ਹਿੱਤ ਦੀਆਂ ਤਸਵੀਰਾਂ

ਦਸੰਬਰ 2007 ਅੰਕ ਵਿੱਚ ਪ੍ਰਕਾਸ਼ਿਤ ਜਥੇ: ਅਵਤਾਰ ਸਿੰਘ ਮੱਕੜ ਦੀ ਤਸਵੀਰ

ਅਸੀਂ ਉਨ੍ਹਾਂ ਨੂੰ ਦੱਸਿਆ ਕਿ ਭਾਰਤ ਦਾ ਸੰਵਿਧਾਨ ਹਰ ਨਾਗਰਿਕ ਨੂੰ ਆਪਣੇ ਵਿਚਾਰ ਵਿਅਕਤ ਕਰਨ ਦੀ ਇਜਾਜ਼ਤ ਦਿੰਦਾ ਹੈ ਅਤੇ ਅਸੀਂ ਵੀ ਜਥੇ: ਮੱਕੜ ਵੱਲੋਂ ਬਾਦਲ-ਆਰ.ਐਸ.ਐਸ. ਗਠਜੋੜ ਦੀ ਸਹਾਇਤਾ ਨਾਲ ਫੈਲਾਏ ਜਾ ਰਹੇ ‘ਮੱਕੜ-ਜਾਲ’ ਦੇ ਸੰਦਰਭ ਵਿੱਚ ਉਕਤ ਤਸਵੀਰ ਪ੍ਰਕਾਸ਼ਿਤ ਕੀਤੀ ਹੈ। ਅਸੀਂ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਮੱਕੜ ਲਫ਼ਜ਼ ਦਾ ਅੰਗਰੇਜ਼ੀ ਤਰਜ਼ਮਾ ‘ਸਪਾਈਡਰ’ ਹੀ ਹੁੰਦਾ ਹੈ ਅਤੇ ਮਹਾਨ ਕੋਸ਼ ਵਿੱਚ ਮੱਕੜ ਦੇ ਅਰਥ ‘‘ਭੜੂਆ, ਲੁੱਚਾ, ਗੁੰਡਾ; ਵੱਡੀ ਮੱਕੜੀ, ਮਕੜੀ ਦਾ ਨਰ’’ ਵਜੋਂ ਪੇਸ਼ ਕੀਤੇ ਗਏ ਹਨ। ਪਰ ਸਾਡਾ ਪੱਖ ਸਮਝਣ ਦੀ ਬਜਾਏ, ਉਕਤ ਝੋਲੀਚੁੱਕਾਂ ਨੇ ਸਾਨੂੰ ਪੱਤਰਕਾਰਤਾ ਦਾ ਪਾਠ ਪੜ੍ਹਾਉਣਾ ਅਰੰਭ ਕਰ ਦਿੱਤਾ ਤੇ ਇਲਜ਼ਾਮ ਲਗਾਇਆ ਕਿ ਅਸੀਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰ ਰਹੇ ਹਾਂ। ਜਦ ਅਸੀਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਜੇਕਰ ਅਸੀਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰ ਰਹੇ ਹਾਂ, ਤਾਂ ਉਹ ਇਸਦੀ ਸ਼ਿਕਾਇਤ ਅਦਾਲਤ ਵਿੱਚ ਕਿਉਂ ਨਹੀਂ ਕਰਦੇ, ਤਾਂ ਮੱਕੜ ਦੇ ਉਕਤ ਟੁੱਕੜਬੋਚ ਭੜਕ ਉਠੇ ਅਤੇ ਸਾਨੂੰ ਧਮਕੀ ਭਰੇ ਅੰਦਾਜ ਵਿੱਚ ਕਿਹਾ ਕਿ ‘ਸਾਨੂੰ ਆਪਣੀ ਕਾਰਵਾਈ ਕਰਨ ਲਈ ਅਦਾਲਤ ਜਾਣ ਦੀ ਲੋੜ ਨਹੀਂ ਪੈਂਦੀ’।

ਅਸੀਂ ਉਕਤ ਵਿਅਕਤੀਆਂ ਨੂੰ ਸਪਸ਼ਟ ਲਫ਼ਜ਼ਾਂ ਵਿੱਚ ਕਿਹਾ ਕਿ ਸਾਡਾ ਮਕਸਦ ਆਪਣੇ ਵਿਚਾਰ ਪ੍ਰਗਟ ਕਰਨਾ ਸੀ, ਕਿਸੇ ਖ਼ਾਸ ਵਿਅਕਤੀ ਜਾਂ ਸੰਸਥਾ ਦਾ ਅਪਮਾਨ ਕਰਨਾ ਨਹੀਂ। ਫਿਰ ਵੀ ਉਹ ਆਪਣੇ ਤੌਰ ’ਤੇ ਜੋ ਠੀਕ ਸਮਝਣ, ਉਹ ਕਾਰਵਾਈ ਕਰ ਸਕਦੇ ਹਨ। ਹੈਰਾਨੀ ਦੀ ਗੱਲ ਇਹ ਰਹੀ ਕਿ ਉਸ ਜੁੰਡਲੀ ਨੇ ਸਾਡੀ ਉਕਤ ਗੱਲ ਦਾ ਕੋਈ ਜਵਾਬ ਤਾਂ ਨਾ ਦਿੱਤਾ ਬਲਕਿ ਅਖ਼ਬਾਰਾਂ ਰਾਹੀਂ ਇਹ ਗੁੰਮਾਰਾਹਕੁੰਨ ਪ੍ਰਚਾਰ ਅਰੰਭ ਕਰ ਦਿੱਤਾ ਕਿ ‘‘ਇੰਡੀਆ ਅਵੇਅਰਨੈੱਸ ਦੇ ਪ੍ਰਬੰਧਕੀ ਮੰਡਲ ਨੇ ਆਪਣੀ ‘ਗਲਤੀ’ ਲੲੀ ਮੁਆਫ਼ੀ ਮੰਗ ਲਈ ਹੈ।’’

ਅਸੀਂ ਸਮੂਹ ਪਾਠਕਾਂ ਨੂੰ ਇਹ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਬਾਦਲ ਤੇ ਮੱਕੜ ਦੇ ਪਿਛਲੱਗੂਆਂ ਦਾ ਉਕਤ ਦਾਅਵਾ ਬਿਲਕੁਲ ਝੂਠਾ ਅਤੇ ਗੁੰਮਰਾਹਕੁੰਨ ਹੈ। ਸਾਨੂੰ ਸਪਾਈਡਰਮੈਨ ਵਾਲੀ ਤਸਵੀਰ (ਜਾਂ ਪਹਿਲੇ ਪ੍ਰਕਾਸ਼ਿਤ ਕੀਤੀਆਂ ਗਈਆਂ ਅਜਿਹੀਆਂ ਤਸਵੀਰਾਂ, ਜਿਨ੍ਹਾਂ ’ਤੇ ਬਾਦਲ ਦਲ ਨੂੰ ਇਤਰਾਜ਼ ਹੈ) ਪ੍ਰਕਾਸ਼ਿਤ ਕਰਨ ਪ੍ਰਤੀ ਕੋਈ ਅਫ਼ਸੋਸ ਜਾਂ ਖੇਦ ਨਹੀਂ ਹੈ ਅਤੇ ਇਸ ਤਸਵੀਰ ਵਾਸਤੇ ਮੁਆਫ਼ੀ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਮੱਕੜ ਦੇ ਸਮਰਥਕ ਇਸ ਬਾਬਤ ਭਾਵੇਂ ਕਾਨੂੰਨੀ ਦਾਅਪੇਚ ਖੇਡਣ ਜਾਂ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕਰਨ - ਅਸੀਂ ਆਪਣੇ ਸਟੈਂਡ ’ਤੇ ਕਾਇਮ ਰਹਾਂਗੇ। ਅਸਲ ਵਿੱਚ ਇਸ ਤਰ੍ਹਾਂ ਦੀਆਂ ਤਸਵੀਰਾਂ ਪ੍ਰਕਾਸ਼ਿਤ ਹੀ ਇਸ ਵਾਸਤੇ ਕੀਤੀਆਂ ਜਾਂਦੀਆਂ ਹਨ ਕਿਉਂਕਿ ਇਹ ਇਕ ਮੰਨੀ-ਪ੍ਰਮੰਨੀ ਧਾਰਨਾ ਹੈ ਕਿ ਜਿਹੜਾ ਵਿਚਾਰ ਹਜ਼ਾਰਾਂ ਲਫ਼ਜ਼ਾਂ ਰਾਹੀਂ ਵਿਅਕਤ ਨਹੀਂ ਕੀਤਾ ਜਾ ਸਕਦਾ, ਉਹ ਇਕ ਤਸਵੀਰ ਰਾਹੀਂ ਵਿਅਕਤ ਹੋ ਜਾਂਦਾ ਹੈ।

ਅਸੀਂ ਉਨ੍ਹਾਂ ਪਾਠਕਾਂ ਦੇ ਵੀ ਹਾਰਦਿਕ ਧੰਨਵਾਦੀ ਹਾਂ, ਜਿਨ੍ਹਾਂ ਨੇ ਉਕਤ ਜੁੰਡਲੀ ਵੱਲੋਂ ਅਦਾਰਾ ਇੰਡੀਆ ਅਵੇਅਰਨੈੱਸ ਨੂੰ ਧਮਕੀਆਂ ਦੇਣ ਦੀ ਖ਼ਬਰ ਪੜ੍ਹਦਿਆਂ ਹੀ ਇਨ੍ਹਾਂ ਲੋਕਾਂ ਨੂੰ ਮਿਲ ਕੇ ਜਾਂ ਫੋਨ ਕਰਕੇ ਲਾਹਨਤਾਂ ਪਾਈਆਂ ਅਤੇ ਭਵਿੱਖ ਵਿੱਚ ਪੱਤਰਕਾਰਾਂ ਦੀਆਂ ਕਾਰਵਾੲੀਆਂ ਵਿੱਚ ਖਲਲ ਨਾ ਪਾਉਣ ਦੀ ਤਾੜਨਾ ਕੀਤੀ। ਅਜਿਹੇ ਸੁਹਿਰਦ ਪਾਠਕਾਂ ਸਦਕਾ ਹੀ ਉਕਤ ਜੁੰਡਲੀ ਨੇ ਆਪਣੀ ਗਲਤੀ ਨੂੰ ਮਹਿਸੂਸ ਕੀਤਾ ਅਤੇ ਦੁਬਾਰਾ ਇੰਡੀਆ ਅਵੇਅਰਨੈੱਸ ਨਾਲ ਮਾੜਾ ਵਰਤਾਰਾ ਨਹੀਂ ਕੀਤਾ।

ਜਦ ਤੱਕ ਸਿੱਖ ਕੌਮ ਵਿੱਚ ਅਜਿਹੇ ਜਾਗਰੁਕ ਸੱਜਣ ਮੌਜੂਦ ਹਨ, ਸਿਆਸਤਦਾਨਾਂ ਦੇ ਚਾਪਲੂਸ, ਆਪਣੀਆਂ ਕਰਤੂਤਾਂ ਦਾ ਪਰਦਾਫਾਸ਼ ਕਰਨ ਵਾਲੇ ਪੱਤਰਕਾਰਾਂ ਦਾ ਕੁਝ ਵਿਗਾੜ ਨਹੀਂ ਸਕਦੇ।