Subscription About Us Contact Us


ਸਿੱਖ ਕੌਮ ’ਤੇ ਕਾਬਿਜ਼ ‘ਅਸੰਖ ਚੋਰ ਹਰਾਮਖੋਰ’

ਜਦੋਂ ਤੋਂ ਗੁਰੂ ਨਾਨਕ ਸਾਹਿਬ ਨੇ ਸਿੱਖ ਕੌਮ ਦੀ ਸਥਾਪਨਾ ਕੀਤੀ ਹੈ, ਇਸ ਕੌਮ ਬਾਰੇ ਬਹੁਤ ਕੁਝ ਗਲਤ ਤੇ ਬਹੁਤ ਕੁਝ ਸਹੀ ਵੀ ਲਿਖਿਆ ਗਿਆ ਹੈ। ਗੁਰੂ ਸਾਹਿਬਾਨ ਦੀਆਂ ਪ੍ਰਚਾਰ ਫੇਰੀਆਂ, ਉਨ੍ਹਾਂ ਦੀਆਂ ਜੰਗਾਂ-ਜੁੱਧਾਂ ਦੇ ਵੇਰਵੇ, ਗੁਰੂ ਸਾਹਿਬ ਦੇ ਸਿੱਖਾਂ ਵੱਲੋਂ ਕੀਤੀਆਂ ਕੁਰਬਾਨੀਆਂ ਦੇ ਪ੍ਰਸੰਗ ਅੱਜ ਵੀ ਸਾਡੇ ਦਿਲਾਂ ’ਚੋਂ ਭੁੱਲੇ ਨਹੀਂ ਹਨ। ਕਿਤੇ ਬੰਦ-ਬੰਦ ਕੱਟੇ ਜਾ ਰਹੇ ਹਨ, ਕਿਤੇ ਉਬਲਦੀਆਂ ਦੇਗਾਂ ਸਿੱਖਾਂ ਦਾ ਸਿਦਕ ਪਰਖਦੀਆਂ ਹਨ। ਆਪਣੇ ਬੱਚਿਆਂ ਦੇ ਕਲੇਜੇ ਮੂੰਹ ਵਿੱਚ ਪੁਆ ਕੇ ਵੀ ਸਿੱਖ, ਕੌਮੀ ਏਜੰਡੇ ਤੋਂ ਨਾ ਥਿੜਕੇ। ਸਿੱਖ ਬੀਬੀਆਂ ਨੇ ਵੀ ਕਮਾਲ ਦੀਆਂ ਕੁਰਬਾਨੀਆਂ ਦੇ ਕੇ ਕੌਮੀ ਇਤਿਹਾਸ ਨੂੰ ਹੋਰ ਸ਼ਿੰਗਾਰਿਆ। ਫੁੰਕਾਰਾਂ ਮਾਰਦੀਆਂ ਰੇਲਗੱਡੀਆਂ ਵੀ ਸਿੱਖਾਂ ਦੀਆਂ ਛਾਤੀਆਂ ਸਾਹਮਣੇ ਕਮਜ਼ੋਰ ਪੈ ਗੲੀਆਂ। ਪਰ ਅੱਜ ਕੌਮ ਨੂੰ ਕੀ ਮਜਬੂਰੀਆਂ ਆ ਬਣੀਆਂ ਹਨ ਕਿ ਅੱਜ ਸਾਡੇ ਕੌਮ ਵਕਾਰ ਨੂੰ ਲਗਾਤਾਰ ਸੱਟਾਂ ਵੱਜ ਰਹੀਆਂ ਹਨ? ਕੀ ਕਾਰਨ ਹੈ ਕਿ ਸਾਨੂੰ ਲਗਾਤਾਰ ਹਾਰਾਂ ਦਾ ਮੂੰਹ ਵੇਖਣਾ ਪੈ ਰਿਹਾ ਹੈ? ਇਨ੍ਹਾਂ ਹਾਰਾਂ ਨੇ ਸਿੱਖ ਕੌਮ ਨੂੰ ਦਾ ਲੱਕ ਅਜਿਹਾ ਤੋੜਿਆ ਹੈ ਕਿ ਦੁਬਾਰਾ ਉਠਣ ਦੀ ਹਿੰਮਤ ਹੀ ਨਹੀਂ ਰਹੀ।

ਖ਼ਾਲਸਾ ਜੀ ! ਸਾਨੂੰ ਲੋਹੇ ਦੀ ਚਰਖੜੀ ਨਾ ਡਰਾ ਸਕੀ ਤੇ ਨਾ ਮਾਰ ਸਕੀ ਪਰ ਅੱਜ ਅਸੀਂ ਗਾਂਧੀ ਦੇ ਚਰਖੇ ਅੱਗੇ ਬੇਵੱਸ ਹੋ ਗਏ ਪ੍ਰਤੀਤ ਹੁੰਦੇ ਹਾਂ। ਤਿੱਖੇ ਦੰਦਿਆਂ ਵਾਲੀ ਚਰਖੜੀ ਸਾਨੂੰ ਅਨੇਕਾਂ ਚੱਕਰ ਲਾਉਣ ਦੇ ਬਾਵਜੂਦ ਵੀ ਦੋ ਫਾੜ ਨਾ ਕਰ ਸਕੀ। ਅਸੀਂ ਆਪਣੇ ਕੌਮੀ ਹੱਕਾਂ ’ਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੰਦੇ ਰਹੇ ਪਰ ਗਾਂਧੀ ਦਾ ਚਰਖਾ ਅਜਿਹਾ ਘੁੰਮਿਆ ਕਿ ਸਾਰੀ ਕੌਮ ਨੂੰ ਅਨੇਕਾਂ ਧੜਿਆਂ ਵਿੱਚ ਵੰਡ ਦਿੱਤਾ। ਅੱਜ ਅਸੀਂ ਆਪਣੇ ਕੌਮੀ ਨਿਸ਼ਾਨੇ ਪ੍ਰਤੀ ਵੀ ਇਕ ਮੱਤ ਨਹੀਂ ਰਹੇ। ਸਾਡਾ ਸੰਸਾਰ ਤੋਂ ਉੱਤਮ ਤੇ ਉੱਚਾ-ਸੁੱਚਾ ਧਰਮ ਹੋਣ ਦੇ ਬਾਵਜੂਦ ਵੀ ਅਸੀਂ ਅਨਮਤਾਂ (ਖਾਸਕਰ ਹਿੰਦੂ ਸਮਾਜ ਦਾ) ਭਾਰ ਖੱਚਰਾਂ ਵਾਂਗ ਢੋਹ ਰਹੇ ਹਾਂ। ਇਸ ਲੱਕੜ ਦੇ ਚਰਖੇ ਨੇ ਸਿੱਖ ਕੌਮ ਦੀ ਸ਼ਾਹ ਰਗ ਹੀ ਵੱਢ ਦਿੱਤੀ ਹੈ। ਇਸ ਚਰਖੇ ਵੱਲੋਂ ਕੱਤਿਆ ਕਥਿਤ ਰਾਸ਼ਟਰੀ ਝੰਡਾ ਸਿੱਖ ਕੌਮ ਵਾਸਤੇ ਕਫ਼ਨ ਸਾਬਿਤ ਹੋਇਆ ਹੈ। ਸਿੱਖ ਕੌਮ ਦੀ ਹਰੇਕ ਜਾਇਜ਼ ਮੰਗ ਨੂੰ ਇਕ ਝੰਡੇ ਦੀ ਕਥਿਤ ਉੱਚਤਾ ਥੱਲੇ ਨੱਪ ਦਿੱਤਾ ਗਿਆ। ਅਖੀਰ ਇਸ ਕਫ਼ਨ ਰੂਪੀ ਝੰਡੇ ਥੱਲੇ ਬੇਸੁਰਤ ਦੱਬੀ ਸਿੱਖ ਕੌਮ ਦਮ ਤੋੜਦੀ ਜਾ ਰਹੀ ਹੈ।

ਖ਼ਾਲਸਾ ਜੀ ! ਤੁਹਾਡਾ ਦੁਸ਼ਮਣ ਬਹੁਤ ਚਲਾਕ ਹੈ। ਉਹ ਕਸਮਾਂ ਖਾ ਕੇ ਮੁੱਕਰ ਸਕਦਾ ਹੈ। ਉਹ ਕਿਸੇ ਵੇਲੇ ਵੀ ਧੋਖਾ ਦੇ ਸਕਦਾ ਹੈ ਕਿਉਂਕਿ ਉਸਨੂੰ ਉਸਦਾ ਧਰਮ ਇਸ ਕੰਮ ਦੀ ਇਜਾਜ਼ਤ ਦਿੰਦਾ ਹੈ। ਅੱਜ ਤੁਹਾਡੇ ਨਾਲ ਉਹੀ ਹੋ ਰਿਹਾ ਹੈ, ਜੋ ਕਦੇ ਮਿਥਿਹਾਸਕ ‘ਦੈਂਤਾਂ’ ਨਾਲ ਹੋਇਆ ਸੀ। ਹਿੰਦੂ ਮਿਥਿਹਾਸ ਖ਼ੁਦ ਦੱਸਦਾ ਹੈ ਕਿ ਜਦੋਂ (ਕਾਲਪਨਿਕ) ਦੈਂਤਾਂ ਤੇ ਦੇਵਤਿਆਂ ਨੇ ਰਲ ਕੇ ਸਮੁੰਦਰ ਰਿੜਕਨਾ ਸੀ, ਤਾਂ ਜੋ ਕੁਝ ਸਮੁੰਦਰ ਵਿੱਚੋਂ ਨਿਕਲਣਾ ਸੀ, ਉਹ ਅੱਧਾ-ਅੱਧਾ ਕਰਨ ਦੀ ਸ਼ਰਤ ਰੱਖੀ ਗਈ ਸੀ। ਪਰ ਦੇਵਤੇ ਸਾਫ਼ ਹੀ ਇਸ ਸ਼ਰਤ ਤੋਂ ਮੁੱਕਰ ਗਏ। ਉਨ੍ਹਾਂ ਨੇ ਦੈਂਤਾਂ ਨੂੰ ਅੰਮ੍ਰਿਤ ਪਿਲਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਦੈਂਤ ਲੜੇ, ਦੇਵਤਿਆਂ ਨੂੰ ਆਪਣੀ ਹਾਰ ਪਰਤੱਖ ਨਜ਼ਰ ਆੲੀ। ਦੇਵਤਿਆਂ ਨੇ ਦੈਂਤਾਂ ਨੂੰ ਭਰਮਾਉਣ ਲਈ ਆਪਣੇ ਫਿਰਕੇ ਦੀ ਇਕ ਅਤਿ ਸੁੰਦਰ ਲੜਕੀ ਦਾ ਇਸਤੇਮਾਲ ਕੀਤਾ, ਲੜਕੀ ਨੇ ਦੈਂਤਾਂ ਨਾਲ ਅਸ਼ਲੀਲ ਹਰਕਤਾਂ ਸ਼ੁਰੂ ਕਰ ਦਿੱਤੀਆਂ। ਦੈਂਤ ਉਸ ਕੁੜੀ ਦੇ ਪ੍ਰੇਮ ਜਾਲ ’ਚ ਫਸ ਗਏ।

ਦੇਵਤਿਆਂ ਨੇ ਦੈਂਤਾਂ ਨੂੰ ਉਸ ਕੁੜੀ ਦੇ ਨਾਚ-ਗਾਣੇ ’ਚ ਮਸਤ ਕਰਵਾ ਦਿੱਤਾ ਤਾਂਕਿ ਦੈਂਤ ਆਪਣੇ ਹੱਕਾਂ ਪ੍ਰਤੀ ਚੇਤੰਨ ਨਾ ਰਹਿਣ। ਕੁੜੀ ਨੇ ਆਪਣੇ ਫਿਰਕੇ ਦਾ ਪੱਖ ਪੂਰਦਿਆਂ ਦੇਵਤਿਆਂ ਨੂੰ ਅੰਮ੍ਰਿਤ ਤੇ ਦੈਂਤਾਂ ਨੂੰ ਸ਼ਰਾਬ ਪਿਲਾਉਣੀ ਸ਼ੁਰੂ ਕਰ ਦਿੱਤੀ, ਤਾਂਕਿ ਜਿਹੜੀ ਮਾੜੀ ਮੋਟੀ ਸੁਰਤ ਬਚੀ ਹੈ, ਉਹ ਵੀ ਖੋਹ ਲਈ ਜਾਵੇ। ਆਖਰ ਇੱਕ ਦੈਂਤ ਜਾਗਿਆ। ਉਹਦੇ ਹੋਣ ਸੰਭਲਣ ਨਾਲ ਦੇਵਤਿਆਂ ਵਿੱਚ ਡਰ ਪੈਦਾ ਹੋ ਗਿਆ ਕਿ ਕਿਤੇ ਇਹ ਆਪਣੇ ਸਾਥੀਆਂ ਨੂੰ ਵੀ ਸਾਵਧਾਨ ਨਾ ਕਰ ਦੇਵੇ। ਕਿਤੇ ਇਹ ਸਾਡੇ ਦੇਵਤਾ ਰਾਜ ਦਾ ਸਿਖਰ ’ਤੇ ਚੜ੍ਹਿਆ ਹੋਇਆ ਸੂਰਜ ਹੀ ਨਾ ਡੋਬ ਦੇਵੇ। ਇਸੇ ਡਰੋਂ ਦੇਵਤਿਆ ਨੇ ਉਸ ਚੇਤੰਨ ਦੈਂਤ ਨੂੰ ਬੜੀ ਬੇ-ਰਹਿਮੀ ਨਾਲ ਮਾਰ ਦਿੱਤਾ। ਉਸ ਚੇਤੰਨ ਦੈਂਤ ਦਾ ਡਰ ਅੱਜ ਵੀ ਦੇਵ ਪੁਜਾਰੀਆਂ ਬੈਠਾ ਹੈ। ਇਸਲਈ ਜਦੋਂ ਵੀ ਸੂਰਜ ਗ੍ਰਹਿਣ ਕਾਰਨ ਸੂਰਜ ਦੀ ਰੌਸ਼ਨੀ ਘੱਟ ਹੋ ਜਾਂਦੀ ਹੈ, ਤਾਂ ਕਿਹਾ ਜਾਂਦਾ ਹੈ ਕਿ ਸੂਰਜ ਨੂੰ ਰਾਹੂ-ਕੇਤੂ ਨੇ ਖਾ ਲਿਆ ਹੈ।
ਹਿੰਦੂ ਮਿਥਿਹਾਸ ਇਹ ਵੀ ਕਹਿੰਦਾ ਹੈ ਕਿ ਇਕ ਦੈਂਤ ਨੂੰ ਅਜਿਹਾ ‘ਵਰ’ ਮਿਲਿਆ ਸੀ ਕਿ ਜਦੋਂ ਤੱਕ ਉਸਦੀ ਪਤਨੀ ਪਤੀਬ੍ਰਤਾ ਰਹੇਗੀ, ਉਦੋਂ ਤੱਕ ਉਸ (ਦੈਂਤ) ਨੂੰ ਕੋਈ ਹਰਾ ਨਹੀਂ ਸਕਦਾ। ਫਿਰ ਕੀ ਸੀ? ਭਗਵਾਨ ਜੀ ਨੇ ਕਮਰ ਕੱਸਾ ਕੀਤਾ, ਉਸ ਦੈਂਤ ਪਤਨੀ ਨਾਲ ਧੋਖੇ ਨਾਲ ਸਰੀਰਕ ਸਬੰਧ ਬਣਾਏ (ਬਲਾਤਕਾਰ ਕੀਤਾ) ’ਤੇ ਇਸ ਖ਼ਬਰ ਨੂੰ ਸਾਰੇ ਦੈਂਤ ਰਾਜ ਵਿੱਚ ਫੈਲਾ ਕੇ ਜਲੀਲ ਕੀਤਾ, ਤਾਂ ਜੋ ਦੈਂਤ ਸਮਾਜ ਨੂੰ ਮਾਨਸਿਕ ਤੌਰ ’ਤੇ ਕਮਜ਼ੋਰ ਕਰਕੇ ਹਰਾਉਣਾ ਸੌਖਾ ਹੋ ਜਾਏ।

ਖ਼ਾਲਸਾ ਜੀ ! ਕੁਝ ਇਸੇ ਤਰ੍ਹਾਂ ਦੇ ਹਥਕੰਡੇ ਹੀ ਦੇਵ ਪੁਜਾਰੀ ਸਿੱਖ ਕੌਮ ਨੂੰ ਖ਼ਤਮ ਕਰਨ ਲਈ ਅਪਣਾ ਰਹੇ ਹਨ। ਆਪਣੇ ਪੂਰਵਜਾਂ ਦੀ ਤਰ੍ਹਾਂ ਹੀ ਦੇਵ ਪੁਜਾਰੀਆਂ ਸਾਹਮਣੇ ਵੀ ਸਮੁੰਦਰ ਰਿੜਕਣ ਵਰਗਾ ਮਸਲਾ ਭਾਰਤ ਦੀ ਅਜ਼ਾਦੀ ਦਾ ਪਿਆ ਸੀ, ਜਿਸਨੂੰ ਇਹ ਇਕੱਲਿਆਂ ਹੱਲ ਕਰਨ ਦੀ ਹਿੰਮਤ ਤੱਕ ਨਹੀਂ ਸੀ ਕਰ ਪਾ ਰਹੇ। ਫੇਰ ਕੀ ਸੀ? ਦੇਵ ਪੁਜਾਰੀਆਂ ਨੇ ਸਿੱਖਾਂ ਨੂੰ ਭੂਤਰਾਉਣਾ ਸ਼ੁਰੂ ਕਰ ਦਿੱਤਾ ਕਿ ਸਿੱਖ ਕੌਮ ਤਾਂ ਬੜੀ ਬਹਾਦਰ ਕੌਮ ਹੈ, ਇਹ ਤਾਂ ਆਪਣੀ ਬਹਾਦਰੀ ਸਦਕਾ ਕੁਝ ਵੀ ਪ੍ਰਾਪਤ ਕਰ ਸਕਦੀ ਹੈ। ਸਮੁੰਦਰ ਰਿੜਕਨ ਤੋਂ ਪਹਿਲਾਂ, ਭਾਵ ਭਾਰਤ ਦੀ ਅਜ਼ਾਦੀ ਤੋਂ ਪਹਿਲਾਂ ਦੇਵ ਪੁਜਾਰੀਆਂ ਨੇ ਆਪਦੇ ਪੂਰਵਜਾਂ ਦੀ ਤਰ੍ਹਾਂ ਸਾਨੂੰ ਬੜੇ-ਬੜੇ ਸਬਜ਼-ਬਾਗ ਵਿਖਾਏ, ਲੋੜ ਤੋਂ ਵੱਧ ਚਾਪਲੂਸੀ ਵੀ ਕੀਤੀ, ਅਜ਼ਾਦ ਭਾਰਤ ਵਿੱਚ ਬਰਾਬਰ ਹੱਕ ਦੇਣ ਦੀਆਂ ਕਸਮਾਂ ਵੀ ਖਾਧੀਆਂ ਪਰ ਸਮੁੰਦਰ ਰਿੜਕਨ ਤੋਂ ਬਾਅਦ (ਅਜ਼ਾਦੀ ਤੋਂ ਬਾਅਦ) ਜੋ ਪ੍ਰਾਪਤੀਆਂ ਹੋੲੀਆਂ, ਉਸਨੂੰ ਇਕੱਲਿਆਂ ਹੀ ਹੜੱਪ ਜਾਣ ਦਾ ਆਪਣਾ ਧਾਰਮਕ ਫਰਜ਼, ਵਾਅਦਿਆਂ ਤੋਂ ਮੁਕਰ ਜਾਣ ਦਾ ਆਪਣਾ ਪੁਰਾਤਨ ਸੁਭਾਅ ਨਾ ਭੁੱਲੇ।

ਦੇਵ ਪੁਜਾਰੀਆਂ ਨੇ ਬੜੀ ਦੂਰ ਦੀ ਸੋਚਦਿਆਂ, ਸਾਜਸ਼ੀ ਢੰਗ ਨਾਲ ਪੰਜਾਬ ਦੇ ਦੋ ਟੁਕੜੇ ਕਰਵਾ ਦਿੱਤੇ। ਇਸ ਵੰਡ ਨੂੰ ਹਿੰਦੁਸਤਾਨ ਦੀ ਵੰਡ ਕਰਾਰ ਦਿੱਤਾ ਗਿਆ ਜਦਕਿ ਇਹ ਮਹਿਜ਼ ਪੰਜਾਬ ਦੀ ਵੰਡ ਸੀ। ਸਿੱਖਾਂ ਦੇ ਆਪਣੇ ਘਰ ਨੂੰ ਤੋੜ ਦਿੱਤਾ ਗਿਆ। ਜਿਸ ਪੰਜਾਬ ਦੀ ਰਾਖੀ ਸਾਡੇ ਬਜ਼ੁਰਗਾਂ ਨੇ ਆਪਣੇ ਲਹੂ ਨਾਲ ਕੀਤੀ ਸੀ, ਅੱਜ ਉਸੇ ਪੰਜਾਬ ਦਾ ਇਕ ਵੱਡਾ ਹਿੱਸਾ ਸਾਡੇ ਲਈ ਬੇਗਾਨਾ ਬਣਾ ਦਿੱਤਾ ਗਿਆ।

ਨਵੇਂ ਬਣੇ ਦੇਸ਼ ‘ਪਾਕਿਸਤਾਨ’ ਵਿੱਚੋਂ ਲੋਕਾਂ (ਸਿੱਖਾਂ) ਨੇ ਲੱਖਾਂ ਦੀ ਗਿਣਤੀ ਵਿੱਚ ਉਜੜ ਕੇ ਭਾਰਤ ਆਉਣਾ ਸੀ। ਉਲਝੇ ਹੋਏ ਸਿੱਖਾਂ ਦੇ ਮੁੜ ਵਸੇਬੇ ਦਾ ਇਹ ਭਿਅੰਕਰ ਮਸਲਾ ਦੇਵ ਪੁਜਾਰੀਆਂ ਸਾਹਮਣੇ ਮੂੰਹ-ਅੱਡੀ ਖੜਾ ਸੀ। ਇਸ ਮਸਲੇ ਨੂੰ ਸੁਲਝਾਉਣ ਲਈ ਨਹਿਰੂ ਤੇ ਪਟੇਲ ਦੀ ਛਤਰੀ ਹੇਠ 14 ਅਗਸਤ 1947 ਤੋਂ ਤਿੰਨ ਦਿਨ ਪਹਿਲਾਂ ਹੀ ਆਰ.ਐਸ.ਐਸ. ਦੇ ਵਰਕਰਾਂ ਦੀਆਂ ਸਿੱਖਾਂ ’ਤੇ ਮੁਸਲਮਾਨਾਂ ਦਾ ਕਤਲੇਆਮ ਕਰਨ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ। ਕਰੋੜਾਂ ਦੀਆਂ ਜਾਇਦਾਦਾਂ ਸਾਥੋਂ ਖੁਸ ਗਈਆਂ, ਲੱਖਾਂ ਮਾਵਾਂ ਦੇ ਪੁੱਤ ਮਰੇ, ਲੱਖਾਂ ਬੱਚੇ ਅਨਾਥ ਕਰ ਦਿੱਤੇ ਗਏ, ਕਈ ਸਾਰੀ ਉਮਰ ਲਈ ਨਕਾਰਾ ਹੋ ਗਏ, ਸਾਡੀਆਂ ਕਈ ਮਾਵਾਂ-ਭੈਣਾਂ ਨਾਲ ਸਮੂਹਕ ਬਲਾਤਕਾਰ ਹੋਏ, ਕਈ ਪਰਵਾਰਾਂ ਦੇ ਜੀਅ ਲਾਪਤਾ ਹੋ ਗਏ, ਸਾਡੇ ਗੁਰਧਾਮ ਸਾਥੋਂ ਖੋਹ ਲਏ ਗਏ - ਏਨੀਆਂ ਤ੍ਰਾਸਦੀਆਂ ਤੋਂ ਬਾਅਦ ਦੇਵ ਪੁਜਾਰੀਆਂ ਨੇ ਸਾਨੂੰ ਜਰਾਇਮ ਪੇਸ਼ਾ ਕੌਮ ਦਾ ਖ਼ਿਤਾਬ ਦੇ ਦਿੱਤਾ। ਦੇਵ ਪੁਜਾਰੀ ਅਫ਼ਸਰ ਤੇ ਮੰਤਰੀ ਹਿੱਕ ਤਾਣ ਕੇ ਸਾਨੂੰ ਸਖ਼ਤ ਹਦਾਇਤਾਂ ਦੇਣ ਲੱਗੇ ਕਿ ਸੈਂਕੜੇ ਸਾਲਾਂ ਦੀ ਗੁਲਾਮੀ ਤੋਂ ਬਾਅਦ ਰਾਮ ਰਾਜ ਹੋਂਦ ਵਿੱਚ ਆਇਆ ਹੈ ਤੇ ਇਸ ਦੇਵ ਰਾਜ ਵਿੱਚ ਹੁਣ ਸਿੱਖਾਂ ਦੀ ਕੋਈ ਲੋੜ ਨਹੀਂ ਰਹੀ। ਮਹਾਤਮਾ ਗਾਂਧੀ ਨੇ ਵੀ ਸਪਸ਼ਟ ਸ਼ਬਦਾਂ ’ਚ ਕਹਿ ਦਿੱਤਾ ਕਿ ‘‘ਸਿੱਖ ਹੁਣ ਕੇਸ ਕਤਲ ਕਰਵਾ ਦੇਣ, ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੇ ਖਾਲਸਾਈ ਚਿੰਨ੍ਹ ਪੰਜ ਕਕਾਰਾਂ ਦਾ ਤਿਆਗ ਕਰ ਦੇਣ।’’ ਪੁਲਿਸ ਵਾਲੇ ਵੀ ਸਿੱਖਾਂ ਨੂੰ ਧਮਕੀਆਂ ਦੇਣ ਲੱਗ ਪਏ ਕਿ ‘‘ਤੁਸੀਂ ਸਿੱਖ ਪੰਜਾਬ ਵਿੱਚ ਨਾਢੂ ਖਾਂ ਬਣੇ ਫਿਰਦੇ ਹੋ, ਹੁਣ ਅਸੀਂ ਹਿੰਦੂ ਤੁਹਾਡੀਆਂ ਦਾੜ੍ਹੀਆਂ ਤੇ ਲੰਮੇਂ ਕੇਸਾਂ ਨੂੰ ਜਦੋਂ ਜੀਅ ਕੀਤਾ ਆਪਣੇ ਪੈਰਾਂ ਹੇਠ ਰੋਲਦੇ ਰਹਾਂਗੇ।’’ ਪੰਜਾਬੀ ਭਾਸ਼ਾ ਨੂੰ ਖ਼ਤਮ ਕਰਨ ਦੀਆਂ ਵਿਉਂਤਾਂ ਬੁਣੀਆਂ ਗਈਆਂ। ਦੇਵ ਪੁਜਾਰੀਆਂ ਦੇ ਸਾਰੇ ਕੌਲ-ਕਰਾਰ ਪਾਣੀ ਦੇ ਬੁਲਬੁਲੇ ਵਾਂਗ ਅਲੋਪ ਹੋ ਗਏ।

ਸਿੱਖ ਕੌਮ ਨੇ ਆਪਣੇ ਨਾਲ ਲਗਾਤਾਰ ਹੋ ਰਹੀਆਂ ਧੱਕੇਸ਼ਾਹੀਆਂ ਦੇ ਵਿਰੋਧ ’ਚ ਲਾਮਬੰਦ ਹੋ ਕੇ ਮੋਰਚਾ ਲਗਾਇਆ ਸੀ। ਕਈ ਟੁੱਕੜਬੋਚਾਂ ਨੂੰ ਟੁਕੜੇ ਪਾ ਕੇ ਮੋਰਚੇ ਨੂੰ ਅਸਫ਼ਲ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਕੌਮ ਦੇ ਅੰਦਰ ਜੋਸ਼ ਹੀ ਏਨਾ ਸੀ ਕਿ ਕੌਮ ਦਾ ਬੱਚਾ-ਬੱਚਾ ਕੁਰਬਾਲੀ ਦੇ ਰਾਹ ਤੁਰ ਪਿਆ - ਜਿਸਦੀ ਮੋਟੀ ਜਿਹੀ ਮਿਸਾਲ ਸ਼ਹੀਦ ਕਾਕਾ ਇੰਦਰਜੀਤ ਸਿੰਘ ਤੋਂ ਮਿਲਦੀ ਹੈ। ਇਹ ਬੱਚਾ 10 ਸਾਲ ਦੀ ਉਮਰ ਵਿੱਚ ਹੀ ‘ਪੰਜਾਬੀ ਸੂਬਾ ਜ਼ਿੰਦਾਬਾਦ’ ਦੇ ਨਾਅਰੇ ਲਾਉਣ ਲੱਗ ਪਿਆ ਸੀ। ਇਸ ਬੱਚੇ ਨੂੰ ਦੇਵਤਾ ਫੋਰਸ (ਪੁਲਿਸ) ਨੇ ਖੂਹ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਸੀ। ਪੰਜਾਬ ਦੇ ਹਿੰਦੂਆਂ ਨੇ ਬੜੀ ਬੇਰਹਿਮੀ ਨਾਲ ਆਪਣੀ ਭਾਸ਼ਾ ਹਿੰਦੀ ਦੱਸ ਕੇ ਪੰਜਾਬ ਦੇ ਦੁਸ਼ਮਣਾਂ ਦਾ ਸਾਥ ਦਿੱਤਾ। ਆਖਰ ਬੇਅੰਤ ਲੁੱਟ-ਖਸੁੱਟ ਤੇ ਛਾਤੀ ਗੋਲੀਆਂ ਨਾਲ ਛਲਣੀ-ਛਲਣੀ ਕਰ ਕੇ, ਲੰਗੜਾ-ਲੂਲਾ, ਅਧਮੋਇਆ ਪੰਜਾਬ (ਦਿਖਾਵੇ ਦੇ ਤੌਰ ’ਤੇ) ਸਾਡੇ ਹਵਾਲੇ ਕਰ ਦਿੱਤਾ।
ਸਿੱਖਾਂ ਵਿੱਚ ਥੋਕ ਦੇ ਭਾਅ ਮਿਲ ਜਾਣ ਵਾਲੇ ਲੀਡਰਾਂ ’ਚੋਂ ਇੱਕ ਪੰਥ-ਦਰਦੀ ਜਰਨੈਲ ਸਾਨੂੰ ਮਿਲਿਆ, ਜਿਸਨੇ ਧੜਿਆਂ ਵਿੱਚ ਵੰਡੀ ਹੋਈ ਕੌਮ ਨੂੰ ਕੇਸਰੀ ਝੰਡੇ ਥੱਲੇ ਇਕੱਤਰ ਹੋਣ ਦਾ ਸੱਦਾ ਦਿੱਤਾ। ਇਸ ਜਰਨੈਲ ਦੀਆਂ ਤਕਰੀਰਾਂ ਵਿੱਚੋਂ ਸਿੱਖ ਕੌਮ ਨਾਲ ਕਿਸੇ ਤਰੀਕੇ ਧੋਖੇ ਕੀਤੇ ਜਾ ਰਹੇ ਹਨ, ਦੀ ਵਿਆਖਿਆ ਮਿਲਦੀ ਹੈ। ਜਰਨੈਲ ਦੀਆਂ ਗੱਲਾਂ ਵਿੱਚ ਜੋਸ਼ ਸੀ। ਸਾਰੀ ਕੌਮ ਇਸਦੇ ਹੁਕਮਾਂ ’ਤੇ ਫੁੱਲ ਚੜ੍ਹਾਉਣ ਨੂੰ ਤਿਆਰ ਖੜੀ ਸੀ। ਇਕ ਵਾਰ ਫਿਰ ਦੇਵ ਪੁਜਾਰੀਆਂ ਨੂੰ ਆਪਣੇ ਸੂਰਜ ਨੂੰ ਗ੍ਰਹਿਣ ਲੱਗਦਾ ਨਜ਼ਰ ਆਇਆ। ਆਖਰ ਇਸ ਜਰਨੈਲ ਨੂੰ ਵੀ ਬ੍ਰਾਹਮਣਾਂ ਨੇ ਰਾਹੂ-ਕੇਤੂ ਕਰਾਰ ਦੇ ਕੇ ਮਾਰ ਮੁਕਾਇਆ। ਪਰ ਇਹ ਆਗੂ ਸਿੱਖ ਕੌਮ ਦਾ ਅਮਰ ਸ਼ਹੀਦ ਹੀਰਾ ਬਣ ਗਿਆ।

ਭਾਈ ਜਰਨੈਲ ਸਿੰਘ ਵੱਲੋਂ ਅਰੰਭੇ ਧਰਮ ਯੁੱਧ ਮੋਰਚੇ ਨੇ ਦੇਵ ਪੁਜਾਰੀਆਂ ਦੀ ਨੀਂਦ ਹਰਾਮ ਕਰ ਦਿੱਤੀ। ਦਿੱਲੀ ਦੇ ਤਾਜਦਾਰਾਂ ਨੂੰ ਆਪਣਾ ਤਖ਼ਤ ਹਿੱਲਦਾ ਦਿਸਿਆ ਤਾਂ ਸਿੱਖ ਕੌਮ ਅੰਦਰ ਆਪਣੇ ਹੱਕਾ ਪ੍ਰਤੀ ਆਈ ਨਵੀਂ ਜਾਗ੍ਰਤੀ ਲਹਿਰ ਨੂੰ ਲੀਹੋਂ ਲਾਹੁਣ ਦੇ ਉਪਰਾਲੇ ਸ਼ੁਰੂ ਹੋ ਗਏ। ਜਿਵੇਂ ਕਿ ਪਿੱਛੇ ਦੱਸਿਆ ਗਿਆ ਹੈ, ਇਕ ਦੈਂਤ ਨੂੰ ਮਾਨਸਿਕ ਤੌਰ ਤੇ ਤੋੜਨ ਲੲੀ ਉਸਦੀ ਪਤਨੀ ਨਾਲ ਬਲਾਤਕਾਰ ਕੀਤਾ ਗਿਆ। ਕੁਝ ਇਸੇ ਤਰ੍ਹਾਂ ਹੀ, ਸਿੱਖ ਕੌਮ ਨਾਲ ਵੀ ਕੀਤਾ ਗਿਆ। ਸਿੱਖ ਖਾੜਕੂ, ਜੋ ਆਪਣੀ ਕੌਮ ਨਾਲ ਹੋ ਰਹੀਆਂ ਵਧੀਕੀਆਂ ਦਾ ਹਿਸਾਬ-ਕਿਤਾਬ ਕਰਨ ਲਈ ਘਰੋਂ ਨਿਕਲੇ ਸਨ, ਇਨ੍ਹਾਂ ਨੂੰ ਮਾਨਸਿਕ ਪੱਖੋਂ ਕਮਜ਼ੋਰ ਕਰਨ ਲਈ ਜੋ ਕੁਝ ਇਨ੍ਹਾਂ ਦੇ ਪਰਵਾਰਾਂ ਨਾਲ ਬੀਤੀਆਂ ਤੇ ਅੱਜ ਵੀ ਬੀਤ ਰਹੀਆਂ ਹਨ, ਉਹ ਸਾਰਿਆਂ ਦੇ ਸਾਹਮਣੇ ਹਨ। ਰੋਂਦੀ-ਕੁਰਲਾਉਂਦੀ ਕੌਮ, ਸਿਆਣੇ ਆਗੂ ਪੱਖੋਂ ਅਨਾਥ ਹੋ ਚੁੱਕੀ ਕੌਮ - ਬਾਦਲ, ਤਲਵੰਡੀ, ਬਰਨਾਲਾ ਤੇ ਟੌਹੜੇ ਵੱਲ ਉਮੀਦਾਂ ਨਾਲ ਆਸਰਾ ਲੈਣ ਭੱਜਦੀ ਰਹੀ। ਪਰ ਇਹ ਲੋਕ ਵੀ ਦੋਗਲੇ ਨਿਕਲੇ। ਇਨ੍ਹਾਂ ਅਕਾਲੀਆਂ ਦੇ ਸਿਰਾਂ ’ਤੇ ਪੱਗਾਂ ਭਾਵੇਂ ਨੀਲੀਆਂ ਬੰਨ੍ਹੀਆਂ ਦਿਸਦੀਆਂ ਸਨ ਪਰ ਇਹ ਆਪਣੇ ਕੌਮੀ ਅਧਿਕਾਰਾਂ ਤੇ ਸਵੈਮਾਣ ਰੂਪੀ ਕੇਸ ਤਾਂ ਬਹੁਤ ਪਹਿਲਾਂ ਹੀ ਕਤਲ ਕਰਵਾ ਚੁੱਕੇ ਸਨ।

ਖ਼ਾਲਸਾ ਜੀ ! ਬ੍ਰਾਹਮਣਵਾਦੀ, ਦੈਤਾਂ ਦੀ ਤਰ੍ਹਾਂ ਸਾਡਾ ਧਿਆਨ ਵੀ ਆਪਣੇ ਕੌਮੀ ਨਿਸ਼ਾਨੇ ਤੋਂ ਥਿੜਕਾ ਕੇ ਮਨ-ਮਰਜ਼ੀਆਂ ਕਰਨ ਲੲੀ ਪੂਰਾ ਜੋਰ ਲਗਾ ਰਹੇ ਹਨ। ਇਹ ਲੋਕ ਸਾਨੂੰ ਬੁੱਧੂ ਬਣਾਉਣ ’ਚ ਕਾਫ਼ੀ ਹੱਦ ਤੱਕ ਕਾਮਯਾਬ ਵੀ ਹੋ ਗਏ ਹਨ। ਬੜੀ ਹੀ ਚਲਾਕੀ ਨਾਲ ਸ਼ਰਾਬ ਪੀਣ ਨੂੰ ਸਾਡਾ ਸਭਿਆਚਾਰ ਬਣਾ ਦਿੰਤਾ ਗਿਆ। ਹੁਣ ਤਾਂ ਅਖੌਤੀ ਸਿੱਖ ਵੀ ਮਾਣ ਨਾਲ ਗਾਉਂਦੇ ਹਨ, ‘‘ਸ਼ਰਾਬ ਤਾਂ ਜੱਟ ਨਾਲ ਮੜ੍ਹੀਆਂ ਤੱਕ ਜਾਊ’’, ‘‘ਜੇ ਪੀਣੀ ਛੱਡ ਤੀ ਜੱਟ ਨੇ, ਤਾਂ ਕੌਣ ਮਾਰੂ ਲਲਕਾਰੇ?’’ ਅਜਿਹੇ ਅਨੇਕਾਂ ਗਾਣੇ ਬ੍ਰਾਹਮਣਵਾਦੀ ਮਿਊਜ਼ਿਕ ਕੰਪਨੀਆਂ ਸਾਜਸ਼ੀ ਢੰਗ ਨਾਲ ਤੁਹਾਨੂੰ ਸ਼ਰਾਬ ਪੀਣ ਲੲੀ ਉਤਸ਼ਾਹਿਤ ਕਰਨ ਵਾਸਤੇ ਪੇਸ਼ ਕਰ ਰਹੀਆਂ ਹਨ। ਅੱਜ ਗਾਣਿਆਂ ਰਾਹੀਂ ਤੁਹਾਨੂੰ ਕੁੜੀਆਂ ਛੇੜਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਕੁੜੀਆਂ ਪਿੱਛੇ ਲੜਨਾ ਕਿਵੇਂ ਹੈ, ਤੁਹਾਨੂੰ ਪੰਜਾਬੀ ਗਾਣਿਆਂ ਰਾਹੀਂ ਸਿਖਾਇਆ ਜਾ ਰਿਹਾ ਹੈ। ਪਤਾ ਨਹੀਂ ਕਿਥੋਂ ਦੀਆਂ ਕੁੜੀਆਂ ਨੂੰ ਪੰਜਾਬ ਅੰਦਰ ਗੰਦ ਪਾਉਣ ਲਈ ਖੁੱਲ੍ਹਾ ਛੱਡ ਦਿੱਤਾ ਗਿਆ ਹੈ। ਤੁਹਾਡੇ ਪੰਜਾਬ ਦੇ ਸਾਊ ਸਭਿਆਚਾਰ ਨੂੰ ਨੰਗਿਆਂ ਕਰਕੇ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ। ਆਰ.ਐਸ.ਐਸ. ਨੇ ਕਈ ਮੁੰਡੇ-ਕੁੜੀਆਂ ਤਿਆਰ ਕਰਕੇ, ਸਕੂਲਾਂ-ਕਾਲਜਾਂ ਤੇ ਯੂਨਿਵਰਸਿਟੀਆਂ ਵਿੱਚ ਸਿੱਖ ਮੁੰਡੇ-ਕੁੜੀਆਂ ਨੂੰ ਕੁਰਾਹੇ ਪਾਉਣ ਲਈ ਭਰਤੀ ਕੀਤੇ ਹਨ। ਅਜਿਹੇ ਗਾਣੇ ਪੇਸ਼ ਕੀਤੇ ਜਾ ਰਹੇ ਹਨ ਜਿਨ੍ਹਾਂ ਤੋਂ ਇਹ ਪ੍ਰਭਾਵ ਪੈਂਦਾ ਹੈ ਕਿ ਸਿੱਖ ਮੁੰਡੇ-ਕੁੜੀਆਂ ਸਕੂਲਾਂ-ਕਾਲਜਾਂ ਵਿੱਚ ਸਿਰਫ਼ ਇਸ਼ਕ-ਮੁਸ਼ਕੀ ਦਾ ਗੰਦ ਪਾਉਣ ਲਈ ਹੀ ਜਾਂਦੇ ਹਨ। ਇਸਦਾ ਨਤੀਜਾ ਇਹ ਨਿਕਲਿਆ ਕਿ ਚੰਗੇ ਨੰਬਰਾਂ ਤੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਵਿੱਚ ਸਿੱਖਾਂ ਦੀ ਗਿਣਤੀ ਨਾ ਦੇ ਬਰਾਬਰ ਹੀ ਹੁੰਦੀ ਹੈ। ਤੁਹਾਨੂੰ ਦਿਮਾਗੀ ਪੱਖੋਂ ਹਮੇਸ਼ਾ ਵਾਸਤੇ ਨਕਾਰਾ ਕਰਨ ਲਈ, ਜਾਣ-ਬੁੱਝ ਕੇ ਪੇਪਰਾਂ ’ਚ ਨਕਲ ਮਰਵਾ ਕੇ ਪਾਸ ਕਰ ਦਿੱਤਾ ਜਾਂਦਾ ਹੈ, ਤਾਂਕਿ ਕੱਲ ਨੂੰ ਤੁਸੀਂ ਕਿਸੇ ਵੱਡੀ ਨਿਯੁਕਤੀ ਦਾ ਦਾਅਵਾ ਹੀ ਨਾ ਕਰ ਸਕੋ। ਤੁਹਾਨੂੰ ਕਿਸੇ ਕੰਪੀਟੀਸ਼ਨ ਜੋਗਾ ਵੀ ਨਹੀਂ ਰਹਿਣ ਦੇਣਾ ਚਾਹੁੰਦੇ। ਪੰਜਾਬ ਅੰਦਰ ਉੱਚੇ ਅਹੁਦਿਆਂ ’ਤੇ ਪੰਜਾਬੋਂ ਬਾਹਰਲੇ ਲੋਕ ਹੀ ਮੱਲਾਂ ਮਾਰੀ ਜਾਂਦੇ ਹਨ।
ਸਿੱਖਾਂ ਨੇ ਬੜੀ ਬਹਾਦਰੀ ਨਾਲ ਬਾਪੂ ਗਾਂਧੀ ਦੇ ਬਚਨਾਂ ’ਤੇ ਫੁੱਲ ਚੜ੍ਹਾਏ ਹਨ। ਜਿਵੇਂ ਗਾਂਧੀ ਕਹਿ ਗਿਆ ਸੀ ਕਿ ਸਿੱਖ ਹੁਣ ਦਾੜ੍ਹੀ ਕੇਸ ਕਟਵਾ ਦੇਣ, ਕੌਮੀ ਚਿੰਨ੍ਹਾਂ ਦਾ ਤਿਆਗ ਕਰ ਦੇਣ - ਠੀਕ ਉਂਞ ਹੀ ਅੱਜ 90 ਫੀਸਦੀ ਸਿੱਖ ਕੌਮ ਗਾਂਧੀ ਦੇ ਚਰਖੇ ਲਈ ਧਾਗੇ ਦੀ ਥਾਵੇਂ ਆਪਣੇ ਕੇਸਾਂ ਦਾ ਚੜ੍ਹਾਵਾ ਚਾੜ੍ਹ ਰਹੀ ਹੈ। ਪੰਜਾਬੀ ਗਾਣਿਆਂ/ਫਿਲਮਾਂ ਅੰਦਰ ਲੜਕੀ ਦਾ ਆਸ਼ਕ ਤਾਂ ਮੋਨਾ-ਘੋਨਾ ਦਿਖਾਇਆ ਜਾਂਦਾ ਹੈ, ਪਰ ਇਹ ਲੋਕ ਕੁੜੀ ਦੇ ਭਰਾ ਤੇ ਪਿਓ ਨੂੰ ਸਾਬਤ-ਸੂਰਤ ਸਿੱਖ ਦਿਖਾਉਣਾ ਨਹੀਂ ਭੁੱਲਦੇ। ਕੀ ਇਹ 1947 ਵਿੱਚ ਦਿੱਤੀ ਗਈ ਧਮਕੀ ਕਿ ਅਸੀਂ ਹਿੰਦੂ, ਸਿੱਖਾਂ ਦੀਆਂ ਦਾੜ੍ਹੀਆਂ ਤੇ ਕੇਸ ਜਿਵੇਂ ਚਾਹੀਏ, ਆਪਣੇ ਪੈਰਾਂ ਹੇਠ ਰੋਲ ਸਕਦੇ ਹਾਂ, ਨੂੰ ਪੂਰਾ ਨਹੀਂ ਕੀਤਾ ਜਾ ਰਿਹਾ? ਖ਼ਾਲਸਾ ਜੀ, ਆਉਣ ਵਾਲਾ ਸਮਾਂ ਤਾਂ ਇਹ ਹੋਏਗਾ ਕਿ ਇਹ ਲੋਕ ਅਧਨੰਗੀ ਕੁੜੀ ਦੇ ਕਿਰਪਾਨ ਵੀ (ਫੈਸ਼ਨ ਦੇ ਤੌਰ ’ਤੇ) ਪੁਆਉਣੀ ਅਰੰਭ ਕਰ ਦੇਣਗੇ।

ਅੱਜ ਪੰਜਾਬ ਦੇ ਹਰ ਗਲੀ-ਮੁਹੱਲੇ, ਪਿੰਡ, ਸ਼ਹਿਰ, ਕਸਬੇ ਅੰਦਰ ਹੀਰ-ਰਾਂਝੇ ਤੇ ਮਿਰਜ਼ਾ-ਸਾਹਿਬਾਂ ਦੇ ਕਿੱਸੇ ਪ੍ਰਚਲਤ ਕਰ ਦਿੱਤੇ ਗਏ ਹਨ। ਪੰਜਾਬ ਦੀ ਧੀ ਅਵਾਰਡ, ਮਿਸ ਪੰਜਾਬਣ ਅਵਾਰਡ ਉਸੇ ਕੁੜੀ ਨੂੰ ਦਿੱਤੇ ਜਾ ਰਹੇ ਹਨ, ਜਿਹੜੀ ਆਪਣੇ ਰੂਪ ਦਾ ਜਲਵਾ ਸਾਰਿਆਂ ਤੋਂ ਵੱਧ ਦਿਖਾਉਂਦੀ ਹੈ। ਖ਼ਾਲਸਾ ਜੀ ! ਇਹ ਪੰਜਾਬ ਤੁਹਾਡਾ ਹੈ। ਇਸ ਪੰਜਾਬ ਦੀ ਅਣਖ ਦੇ ਵਾਰਸ ਕੇਵਲ ਅਤੇ ਕੇਵਲ ਤੁਸੀਂ ਹੋ। ਆਪਣੀ ਧੀਆਂ-ਭੈਣਾਂ ਦੇ ਇੱਜ਼ਤ-ਮਾਣ ਲਈ ਦੇਵ ਪੁਜਾਰੀਆਂ ਦੇ ਮੂੰਹ ਵੱਲ ਨਾ ਵੇਖੋ ! ਉਨ੍ਹਾਂ ਦਾ ਤਾਂ ਭਗਵਾਨ ਵੀ ਨਦੀ ਵਿੱਚ ਨਹਾਉਂਦੀਆਂ ਲੜਕੀਆਂ ਦੇ ਕਪੜੇ ਚੁੱਕ ਕੇ ਭੱਜ ਜਾਂਦਾ ਹੈ। ਭਗਵਾਨ ਜੀ ਅਲਫ਼ ਨੰਗੀਆਂ ਕੁੜੀਆਂ ਨੂੰ ਪਾਣੀ ’ਚੋਂ ਬਾਹਰ ਆਉਣ ਲਈ ਮਜਬੂਰ ਕਰਦੇ ਹਨ। ਇਸ ਗੱਲ ਦਾ ਜਵਾਬ ਸਿੱਖ ਕੌਮ ਨੇ ਖ਼ੁਦ ਦੇਣਾ ਹੈ ਕਿ ਉਨ੍ਹਾਂ ਨੂੰ ਹੀਰ ਵਰਗੀਆਂ ਧੀਆਂ ਤੇ ਮਿਰਜ਼ੇ ਵਰਗੇ ਪੁੱਤ ਚਾਹੀਦੇ ਹਨ ਜਾਂ ਨਹੀਂ। ਜੇ ਨਹੀਂ, ਤਾਂ ਪੰਜਾਬ ਅੰਦਰ ਰਾਸ ਲੀਲਾ (ਲੱਚਰਤਾਈ, ਅਸ਼ਲੀਲਤਾ) ਦਾ ਜੋ ਡਰਾਮਾ ਖੇਡਿਆ ਜਾ ਰਿਹਾ ਹੈ, ਉਸਨੂੰ ਤੁਰੰਤ ਤੇ ਪੂਰਨ ਤੌਰ ’ਤੇ ਬੰਦ ਕਰਨ ਦੇ ਉਪਰਾਲੇ ਸ਼ੁਰੂ ਕਰ ਦਿਓ। ਤੁਹਾਨੂੰ ਇਹ ਵੀ ਸਪਸ਼ਟ ਕਰਨਾ ਪੈਣਾ ਹੈ ਕਿ ਤੁਸੀਂ ‘ਧੀ ਪੰਜਾਬ ਦੀ’ ਅਵਾਰਡ ਉਸ ਧੀ ਨੂੰ ਦੇਣਾ ਹੈ ਜੋ ਬਹੁਤ ਪੜ੍ਹੀ-ਲਿਖੀ, ਨੇਕ, ਸਾਊ ਤੇ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਅੱਗੇ ਤੋਰਨ ਵਾਲੀ ਹੋਵੇ ਜਾਂ ਚਿੱਟੀ ਚਮੜੀ ਤੇ ਅੰਗ-ਪ੍ਰਦਰਸ਼ਨ ਕਰਨ ਵਾਲੀ ਨਿਰਲੱਜ ਧੀ ਨੂੰ?

ਖ਼ਾਲਸਾ ਜੀ ! ਦੇਵ ਪੁਜਾਰੀਆਂ ਵੱਲੋਂ ਸਿੱਖਾਂ ਦੀ ਆਨ-ਸ਼ਾਨ ਦੇ ਪ੍ਰਤੀਕ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਨੂੰ ਨੇਸਤਨਾਬੂਦ ਕਰਨ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਨੂੰ ਵਿਸ਼ਨੂੰ ਦੇਵਤਾ ਦੇ ਮੰਦਰ ਵਿੱਚ ਤਬਦੀਲ ਕਰਨ ਦੀਆਂ ਵਿਉਂਤਾਂ ਹੋ ਰਹੀਆਂ ਹਨ। ਰਹਿੰਦੀ-ਖੂੰਹਦੀ ਕਸਰ ਸਾਡੇ ਕਿਰਾਏ ਦੇ ਜੱਥੇਦਾਰਾਂ ਨੇ ‘ਗੁਰਬਿਲਾਸ ਪਾ: 6ਵੀਂ’ ਨਾਮੀ ਘਟੀਆ ਕਿਤਾਬ ਸ਼੍ਰੋਮਣੀ ਕਮੇਟੀ ਕੋਲੋਂ ਪ੍ਰਕਾਸ਼ਿਤ ਕਰਵਾ ਕੇ ਪੂਰੀ ਕਰ ਦਿੱਤੀ ਹੈ। ਇਸ ਕਿਤਾਬ ਵਿੱਚ ਗੱਪ ਮਾਰੀ ਗਈ ਹੈ ਕਿ ਦਰਬਾਰ ਸਾਹਿਬ ਨੂੰ ਬਣਾਉਣ ਦਾ ਨਕਸ਼ਾ (ਭਗਵਾਨ) ਵਿਸ਼ਨੂੰ ਗੁਰੂ ਅਰਜਨ ਸਾਹਿਬ ਨੂੰ ਸਮਝਾਉਂਦਾ ਹੈ ਕਿ ‘‘ਹੇ ਅਰਜਨ ! ਸਰੋਵਰ ਦੇ ਵਿਚਕਾਰ ਮੇਰਾ ਹਰਿਮੰਦਰ ਬਣਾਓ।’’

‘‘ਹਰਿਮੰਦਰ ਵਿਖੇ ਤਾਂ ਮੇਰਾ ਨਿਵਾਸ ਅਸਥਾਨ ਹੋਵੇਗਾ ਤੁਸੀਂ (ਗੁਰੂ ਅਰਜਨ ਸਾਹਿਬ) ਕੋਠਾ ਸਾਹਿਬ ਟਿਕੇ ਰਹਿਣਾ।’’ ਵਿਸ਼ਨੂੰ ਦੀ ਆਗਿਆ ਪਾ ਕੇ ਗੁਰੂ ਸਾਹਿਬ ਨੇ ਆਪਣੇ ਲਈ ਕੋਠਾ ਸਾਹਿਬ ਬਣਾਇਆ। (ਅਜਿਹੀਆਂ ਗੱਪਾਂ ਤੋਂ ਇਹ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿ ਜਿਵੇਂ ਗੁਰੂ ਅਰਜਨ ਸਾਹਿਬ ਨੇ ਵਿਸ਼ਨੂੰ ਦੀ ਅਧੀਨਗੀ ਕਬੂਲਦਿਆਂ ਦਰਬਾਰ ਸਾਹਿਬ ਵਿਸ਼ਨੂੰ ਦੇ ਹਵਾਲੇ ਕਰ ਦਿੱਤਾ ਸੀ। ਇਸਲਈ ਸਿੱਖੋ ! ਤੁਸੀਂ ਵੀ ਆਪਣੇ ਗੁਰੂ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਦਰਬਾਰ ਸਾਹਿਬ ਤੋਂ ਆਪਣਾ ਬੋਰੀਆ-ਬਿਸਤਰਾ ਸਾਂਭ ਲਵੋ ! ਤੇ ਦਰਬਾਰ ਸਾਹਿਬ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਥਾਂ ਸ਼ਿਵ ਲਿੰਗ ਤੇ ਵਿਸ਼ਨੂੰ ਦੀ ਮੂਰਤੀ ਸਥਾਪਤ ਕਰਨ ਦਾ ਰਾਹ ਪੱਧਰਾ ਕਰ ਦਿਓ !) ਇਸ ਘਟੀਆ ਕਿਤਾਬ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਨੂੰ ਕੁੜੀਆਂ ਦਾ ਆਸ਼ਕ ਵੀ ਦਰਸਾਇਆ ਗਿਆ ਹੈ। ਏਨਾ ਵੱਡਾ ਪਾਪ, ਗੁਰੂ ਸਾਹਿਬ ਦੀ ਏਨੀ ਜ਼ਿਆਦਾ ਨਿਰਾਦਰੀ ਤਾਂ ਸਰਸੇ ਵਾਲੇ ਸਾਧ ਤੇ ਨੂਰਮਹਿਲੀਏ ਵੀ ਗੁਰੂ ਸਾਹਿਬ ਦੀ ਨਹੀਂ ਕਰਦੇ - ਜਿਨਾਂ ਦੇ ਮਗਰ ਤੁਸੀਂ ਡਾਂਗਾਂ ਚੁੱਕੀ ਫਿਰਦੇ ਹੋ।

ਖ਼ਾਲਸਾ ਜੀ ! ਜੇ ਤਾਂ ਗੁਰੂ ਸਾਹਿਬ ਨਾਲ ਪਿਆਰ ਹੈ, ਜੇ ਮਾੜੀ ਮੋਟੀ ਅਣਖ ਜਾਗਦੀ ਹੈ, ਤਾਂ ਇਹ ਵੇਦਾਂਤੀ ਹੁਣ ਬਹੁਤੀ ਦੇਰ ਅਕਾਲ ਤਖ਼ਤ ਦਾ ਜੱਥੇਦਾਰ ਨਹੀਂ ਰਹਿਣਾ ਚਾਹੀਦਾ। ਤੁਸੀਂ ਆਪਣੇ ਇਤਿਹਾਸ ਵੱਲ ਝਾਤ ਮਾਰੋ। ਜਦੋਂ ਲਖਪਤ ਰਾਇ ਨੇ ਸਿਰਫ਼ ਏਨਾ ਹੀ ਕਿਹਾ ਸੀ ਕਿ ਮੈਂ ਸਿੱਖਾਂ ਦੇ ਕੇਸ ਕੱਟ ਕੇ ਆਪਣੇ ਘੋੜੇ ਬਨ੍ਹਾਂਗਾਂ, ਤਾਂ ਖ਼ਾਲਸੇ ਨੇ ਲਖਪਤ ਰਾਇ ਨੂੰ ਕੁੰਭੀ ਨਕਰ ਦੀ ਸਜ਼ਾ ਦਿੱਤੀ ਸੀ। ਪਰ ਸਾਡੇ ਮੌਜੂਦਾ ਅਖੌਤੀ ਜਥੇਦਾਰਾਂ ਨੇ ਤਾਂ ਲਖਪਤ ਰਾਇ ਤੋਂ ਕਈ ਗੁਣਾ ਵੱਡਾ ਪਾਪ ਕਰ ਮਾਰਿਆ ਹੈ। ਵੇਦਾਂਤੀ ਦੇ ਨਾਲ-ਨਾਲ ਬਾਕੀ ਦੇ ਭਾੜੇ ਦੇ ਜੱਥੇਦਾਰ ਤੇ ਅਖੌਤੀ ਪੰਥਕ ਸ਼ਖ਼ਸੀਅਤਾਂ ਨੇ ਇਸ ਘਟੀਆ ਪੁਸਤਕ ਦੀ ਬੜੀ ਬੇਸ਼ਰਮੀ ਨਾਲ ਪ੍ਰਸ਼ੰਸਾ ਕੀਤੀ। ਅਜਿਹੇ ਅਖੌਤੀ ਜੱਥੇਦਾਰਾਂ ਤੇ ‘ਪੰਥਕ’ ਸ਼ਖ਼ਸੀਅਤਾਂ ਨੂੰ ਹਰਿਦੁਆਰ ਜਾਂ ਬਨਾਰਸ ਦੀਆ ਟਿਕਟਾਂ ਦੇ ਕੇ ਤੋਰ ਦੇਣਾ ਚਾਹੀਦਾ ਹੈ। ਇਹ ਲੋਕ ਉਨ੍ਹਾਂ ਥਾਵਾਂ ’ਤੇ ਜਾ ਕੇ ਵਿਸ਼ਨੂੰ ਦੇ ਗੁਣ ਗਾਉਂਦੇ ਰਹਿਣ - ਸਿੱਖਾਂ ਦੇ ਧਾਰਮਕ ਅਸਥਾਨਾਂ ’ਤੇ ਵਿਸ਼ਨੂੰ ਪੁਜਾਰੀਆਂ ਦੀ ਕੋਈ ਲੋੜ ਨਹੀਂ।

ਸਿੱਖਾਂ ਦੀਆਂ ਜਿਹੜੀਆਂ ਵੀ ਜੱਥੇਬੰਦੀਆਂ ‘ਪੰਥਕ’ ਅਖਵਾਉਂਦੀਆਂ ਹਨ, ਉਹ ਅਨਜਾਣਪੁਣੇ ’ਚ ਜਾਂ ਫਿਰ ਜਾਣਬੁੱਝ ਕੇ ਸਹੀ ਸਮੇਂ ’ਤੇ ਗਲਤ ਫੈਸਲਾ ਲੈ ਕੇ ਸਿੱਖ ਕੌਮ ਦਾ ਨੁਕਸਾਨ ਕਰ ਜਾਂਦੀਆਂ ਹਨ। ਚੌਧਰਾਂ ਦੇ ਭੁੱਖਿਆਂ ਨੇ ਇਕ ਅਕਾਲੀ ਦਲ ਤੋਂ ਅਨੇਕਾਂ ਅਕਾਲੀ ਦਲ ਬਣਾ ਮਾਰੇ। ਸਾਰੇ ਦਲਾਂ ਨੇ ਫੋਕੀ ਬਿਆਨਬਾਜ਼ੀ ਤੋਂ ਇਲਾਵਾ ਕੌਮ ਦਾ ਕੁਝ ਨਹੀਂ ਸਵਾਰਿਆ। ਬਾਦਲ ਦਲ ਦੀ ਤਾਂ ਗੱਲ ਹੀ ਛੱਡੋ, ਆਪਣੇ ਆਪ ਨੂੰ ਸਭ ਤੋਂ ਵੱਡੇ ‘ਖਾਲਿਸਤਾਨੀ’ ਤੇ ਪੰਥ-ਦਰਦੀ ਅਖਵਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਵੀ ਇਕ-ਦੂਜੇ ਵਿਰੁੱਧ ਬਿਆਨ ਦੇ ਕੇ ਆਪਣੀਆਂ ਲੁਕੀਆਂ ਹੋੲੀਆਂ ਪਰਤਾਂ ਵੀ ਜਗ-ਜਾਹਿਰ ਕਰੀ ਜਾ ਰਹੇ ਹਨ। ਸਿਮਰਨਜੀਤ ਸਿੰਘ ਮਾਨ ਆਪਣੀ ਸਿਆਸੀ ਨੀਤੀ ਸਪਸ਼ਟ ਵੀ ਨਹੀਂ ਕਰ ਸਕਿਆ। ਉਹ ਇਕ ਪਾਸੇ ਸਿੱਖਾਂ ਨੂੰ ਭਾਰਤੀ ਸੰਵਿਧਾਨ ਦਾ ਬਾਈਕਾਟ ਕਰਨ ਦੀਆਂ ਅਪੀਲਾਂ ਕਰਦਾ ਹੈ ਤੇ ਦੂਜੇ ਪਾਸੇ ਹਾਕਮ ਜਮਾਤ ਨੂੰ ਚਿੱਠੀਆਂ ਲਿਖ ਕੇ, ਆਪਣੇ ਆਪ ਨੂੰ ਸੰਵਿਧਾਨ ਦਾ ਵਫ਼ਾਦਾਰ ਹੋਣ ਦਾ ਭਰੋਸਾ ਦਿਵਾਉਂਦਾ ਹੈ। ਇਕ ਪਾਸੇ ਮਾਨ ਸਿੱਖਾਂ ਨੂੰ ‘ਪੂਰਨ ਅਜ਼ਾਦੀ’ ਦੇ ਲਾਰੇ ਲਾਉਂਦਾ ਹੈ ਤੇ ਦੂਜੇ ਪਾਸੇ ਹਾਕਮ ਜਮਾਤ ਅੱਗੇ ਦੇਸ਼ ਦੀ ਅਖੰਡਤਾ ਦਾ ਦਿਲੋਂ ਹਮਾਇਤੀ ਹੋਣ ਦੀਆਂ ਲਿਲਕੜੀਆਂ ਕੱਢਦਾ ਹੈ। ਅੱਜਕਲ ਰਜਿੰਦਰ (ਕੌਰ) ਭੱਠਲ, ਜਿਸ ਨੂੰ ਸਿੱਖੀ ਦਾ ‘ੳ, ਅ’ ਵੀ ਨਹੀਂ ਪਤਾ, ਉਹ ਵੀ ਭਾਈ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਸਿੱਖੀ ਦਾ ਅਕਸ ਸਾਰੇ ਸਾਹਮਣੇ ਕਥਿਤ ਤੌਰ ’ਤੇ ਖਰਾਬ ਕਰਨ ਦੀਆਂ ਚੀਕਾਂ ਮਾਰ ਰਹੀ ਹੈ। ਖ਼ਾਲਸਾ ਪੰਚਾਇਤ ਵੀ ਫੁੱਟ ਦਾ ਸ਼ਿਕਾਰ ਹੋਣ ਕਾਰਨ ਪ੍ਰਭਾਵਹੀਨ ਹੁੰਦੀ ਜਾ ਰਹੀ ਹੈ।

ਸਾਡੇ ਨਲਾਇਕ ਲੀਡਰਾਂ ਦੀਆਂ ਕਰਤੂਤਾਂ ਕਰਕੇ ਸਾਰਾ ਮੈਦਾਨ ਵੈਰੀਆਂ ਨੂੰ ਮਨਮਰਜ਼ੀਆਂ ਕਰਨ ਲਈ ਵਿਹਲਾ ਪਿਆ ਹੈ। ਸਿੱਖਾਂ ਨੇ ਮਾਰਾਂ ਤਾਂ ਹੀ ਖਾਧੀਆਂ ਹਨ ਕਿ ਅਸੀਂ ਆਪਣੇ ਲੀਡਰਾਂ ਦਾ ਮੁਲਾਂਕਣ (evaluation) ਨਹੀਂ ਕਰ ਸਕੇ। ਸਤਿਗੁਰੂ ਦਾ ਬਚਨ ਹੈ :

ਕਾਜੀ ਕੂੜੁ ਬੋਲਿ ਮਲੁ ਖਾਇ।।
ਬ੍ਰਾਹਮਣ ਨਾਵੈ ਜੀਆ ਘਾਇ।।
ਜੋਗੀ ਜੁਗਤਿ ਨ ਜਾਣੈ ਅੰਧੁ।।
ਤੀਨੇ ਉਜਾੜੇ ਦਾ ਬੰਧੁ।।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀਏ ਤੇ ਅਖੌਤੀ ਜੱਥੇਦਾਰ, ਕੌਮ ਨੂੰ ਗੁੰਮਰਾਹ ਕਰਕੇ ਖ਼ਤਮ ਕਰਨ ਦੀ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ। ਆਉਣ ਵਾਲੇ ਸਮੇਂ ਅੰਦਰ ਕੌਮੀ ਪੱਧਰ ਦੀਆਂ ਜੋ ਵੀ ਮੁਸੀਬਤਾਂ ਆਉਣਗੀਆਂ, ਉਹ ਇਕੱਲਿਆਂ ਕਿਰਤੀ ਸਿੱਖਾਂ ਨੂੰ ਹੀ ਆਪਣੇ ਪਿੰਡਾਂ ’ਤੇ ਹੰਢਾਉਣੀਆਂ ਪੈਣਗੀਆਂ। ਇਸਲੲੀ ‘‘ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ’’ ਸਮੇਂ ਦੀ ਮੁੱਖ ਲੋੜ ਬਣ ਗਿਆ ਹੈ। ਇਨ੍ਹਾਂ ਭੂਤਰੇ ਹੋਏ ਅਕਾਲੀਆਂ ਤੋਂ ਡਰਨ ਦੀ ਲੋੜ ਨਹੀਂ, ਤੁਸੀਂ ਜਦੋਂ ਵੀ ਗੁਰੂ ਨਾਨਕ ਸਾਹਿਬ ਦੀਆਂ ਲੀਹਾਂ ਉੱਤੇ ਚੱਲਣ ਦਾ ਨਗਾੜਾ ਕੌਮੀ ਪੱਧਰ ’ਤੇ ਵਜਾਓਗੇ, ਉਦੋਂ ਇਨ੍ਹਾਂ ਅਕਾਲੀਆਂ ’ਚੋਂ ਬਹੁਤਿਆਂ ਨੂੰ ਤਾਂ ਇਨ੍ਹਾਂ ਦੇ ਪਰਵਾਰ ਮੈਂਬਰਾਂ ਨੇ ਹੀ ਕੁੱਟ ਕੇ ਘਰੀਂ ਬਿਠਾ ਦੇਣਾ ਹੈ।

ਸਾਡੇ ਅਕਾਲੀਆਂ ਨੇ ਸਿੱਖ ਕੌਮ ਨੂੰ ਧੋਖਾ ਦੇ ਕੇ ਦਿੱਲੀ ਦੇ ਤਾਜ਼ਦਾਰਾਂ ਦੇ ਪਰਦੇ ਕਿਵੇਂ ਢਕੇ, ਇਸ ਦੀਆਂ ਕੁਝ ਮਿਸਾਲਾਂ ਦੇ ਰਿਹਾ ਹਾਂ:

1) ਜਦੋਂ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਜਨਤਾ ਸਾਹਮਣੇ ਆਈ, ਤਾਂ ਇਸ ਰਿਪੋਰਟ ਨੂੰ ਲੈ ਕੇ ਸਿੱਖ ਕੌਮ ਅੰਦਰ ਭਾਰੀ ਰੋਸ ਜਾਗਿਆ ਕਿਉਂਕਿ ਇਸ ਰਿਪੋਰਟ ਵਿੱਚ ਮੁੱਖ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਸੀ। ਸਿੱਖ ਕੌਮ ਨੇ ਅਜੇ ਰੋਸ ਪ੍ਰਗਟ ਕਰਨਾ ਸ਼ੁਰੂ ਕੀਤਾ ਹੀ ਸੀ ਕਿ ਸਿੱਖਾਂ ਦਾ ਧਿਆਨ ਕੇਂਦਰੀ ਹਾਕਮਾਂ ਦੇ ਜ਼ੁਲਮਾਂ ਤੋਂ ਹਟਾਉਣ ਲਈ ਬੀਬੀ ਜਗੀਰ (ਕੌਰ) ਨੇ ਸਿੱਖ ਬੀਬੀਆਂ ਦੇ ਪੰਜਾਂ ਪਿਆਰਿਆਂ ’ਚ ਸ਼ਾਮਲ ਹੋਣ ਅਤੇ ਦਰਬਾਰ ਸਾਹਿਬ ਅੰਦਰ ਕੀਰਤਨ ਕਰਨ ਦਾ ਅਧਿਕਾਰ ਦੇਣ ਦੀ ਸਿਧਾਂਤਕ ਗੱਲ ਨੂੰ ਬੇਲੋੜੇ ਸਮੇਂ ਛੇੜ ਕੇ ਸਾਰੀ ਕੌਮ ਦਾ ਧਿਆਨ ਨਾਨਾਵਤੀ ਕਮਿਸ਼ਨ ਤੋਂ ਹਟਾ ਕੇ ਬੀਬੀਆ ਦੇ ਮੁੱਦੇ ਵੱਲ ਕਰ ਦਿੱਤਾ। ਫਿਰ ਕੀ ਸੀ? ਸਾਰੀਆਂ ਅਖ਼ਬਾਰਾਂ ’ਚ ਬੀਬੀ ਜਗੀਰੋ ਦੇ ਹੱਕ ਅਤੇ ਵਿਰੋਧ ’ਚ ਬਿਆਨ ਆਉਣ ਲੱਗ ਪਏ। ਪਿਛਲੇ ਕਈ ਸਾਲਾਂ ਤੋਂ ਇਨਸਾਫ਼ ਦੀ ਖਾਤਰ ਦਰ-ਦਰ ਦੀਆਂ ਠੋਕਰਾਂ ਖਾ ਰਹੀਆਂ ਸਿੱਖ ਵਿਧਵਾਵਾਂ ਦਾ ਚੇਤਾ ਸਮੁੱਚੀ ਕੌਮ ਨੂੰ ਭੁਲਾ ਕੇ, ਬੜੇ ਸਾਜਸ਼ੀ ਢੰਗ ਨਾਲ ਸਿੱਖਾਂ ਦੇ ਕਾਤਲਾਂ ਨੂੰ ਬਚਾਉਣ ਵਿੱਚ ਮਦਦ ਕੀਤੀ ਗਈ।

2) ਜਦੋਂ ਇਕ ਅਮਰੀਕਨ ਲਿਖਾਰੀ ਦੀ ਕਿਤਾਬ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀਆਂ ਟਿੱਪਣੀਆਂ ਰਾਹੀਂ ਕਸ਼ਮੀਰ ਦੇ ਛੱਤੀਸਿੰਘਪੁਰਾ ਪਿੰਡ ’ਚ 38 ਸਿੱਖਾਂ ਦੇ ਕਾਤਲ ਬੀ.ਜੇਪੀ. ਦੇ ਗੁੰਡਿਆਂ ਦਾ ਚਿਹਰਾ ਨੰਗਾ ਹੋਇਆ ਤਾਂ ਪੰਜਾਬ ਦੇ ਅੰਦਰੋਂ ਬੀ.ਜੇ.ਪੀ. ਦੀਆਂ ਜੜ੍ਹਾਂ ਪੁੱਟਣ ਦੀਆਂ ਅਵਾਜ਼ਾਂ ਅਰੰਭ ਹੋ ਗਈਆਂ। ਇਸ ਮੌਕੇ ਵੀ ਬੜੇ ਹੀ ਸਾਜਸ਼ੀ ਢੰਗ ਨਾਲ ਅਕਾਲੀ ਦਲ ਬਾਦਲ ਤੇ ਮਾਨ ਦਲ ਦਾ ਝਗੜਾ ਕਰਵਾਇਆ ਗਿਆ ਸੀ। ਫਿਰ ਕੀ ਸੀ, ਸਿਮਰਨਜੀਤ ਸਿੰਘ ਮਾਨ ਤੇ ਹੋਰਨਾਂ ਬਾਦਲ-ਵਿਰੋਧੀਆਂ ਨੇ ‘ਦੂਜੀ ਗੁਰਦੁਆਰਾ ਸੁਧਾਰ ਲਹਿਰ’ ਦਾ ਸ਼ੰਖ ਵਜਾ ਦਿੱਤਾ। ਇਹ ਅਖੌਤੀ ਸੁਧਾਰਵਾਦੀਏ, ਵੱਖ-ਵੱਖ ਮੈਮੋਰੰਡਮ ਲੈ ਕੇ ਜੱਥੇਦਾਰਾਂ ਅੱਗੇ ਪੇਸ਼ ਕਰਦੇ ਰਹੇ, ਜੋ ਪਹਿਲਾਂ ਹੀ ਬਾਦਲ ਦੇ ਗੁਲਾਮ ਹਨ। ਅਕਾਲ ਤਖ਼ਤ ਦਾ ਮੌਜੂਦਾ ਜੱਥੇਦਾਰ ਤਾਂ ਉਹ ਸ਼ਖ਼ਸ ਹੈ, ਜਿਹੜਾ ਗੁਰੂ ਸਾਹਿਬ ਦਾ ਨਿਰਾਦਰ ਕਰਨ ’ਚ ਪਿਛਲੇ ਸਾਰੇ ਜੱਥੇਦਾਰਾਂ ਨੂੰ ਮਾਤ ਪਾ ਗਿਆ ਹੈ।
ਬਿਨਾਂ ਕਿਸੇ ਠੋਸ ਯੋਜਨਾ ਜਾਂ ਮਕਸਦ ਦੇ ਅਰੰਭੀ ਗਈ ਦੂਜੀ ਗੁਰਦੁਆਰਾ ਸੁਧਾਰ ਲਹਿਰ ਦਾ ਨਾ ਤਾਂ ਕੋਈ ਨਤੀਜਾ ਨਿਕਲਣਾ ਸੀ ਅਤੇ ਨਾ ਹੀ ਨਿਕਲਿਆ ਅਤੇ ਗੁਰਦੁਆਰਿਆਂ ਵਿੱਚ ਬ੍ਰਾਹਮਣਵਾਦ ਦਾ ਪ੍ਰਚਾਰ ਕਰਨ ਵਾਲੇ ਮਾਡਰਨ ਮਸੰਦ ਹਾਲਾਂ ਵੀ ਜਿਉਂ ਦੇ ਤਿਉਂ ਕਾਇਮ ਹਨ ਤੇ ਗੁਰਦੁਆਰਿਆਂ ਦੀਆਂ ਗੋਲਕਾਂ ਨੂੰ ਪਹਿਲਾਂ ਵਾਂਗ ਹੀ ਅਸਾਨੀ ਨਾਲ ਲੁੱਟ ਰਹੇ ਹਨ। ਪਰ ਇਸ ਲਹਿਰ ਨੇ ਸਿੱਖਾਂ ਦਾ ਧਿਆਨ ਕਸ਼ਮੀਰੀ ਸਿੱਖਾਂ ਦੇ ਕਾਤਲ ਭਾਜਪਾਈ ਗੁੰਡਿਆਂ ਵੱਲੋਂ ਹਟਾ ਦਿੱਤਾ। ਅਜਿਹੀ ਗੁਰਦੁਆਰਾ ਸੁਧਾਰ ਲਹਿਰ ਚਲਾਉਣ ਵਾਲਿਆਂ ਨੂੰ ਤਾਂ ‘ਪੰਥ ਰਤਨ’ ਦੇ ਖ਼ਿਤਾਬ ਦੇਣੇ ਚਾਹੀਦੇ ਹਨ !

3) ਕਾਂਗਰਸ ਦੀ ਸਰਕਾਰ ਜਾਂਦਿਆਂ ਹੀ, ਅਕਾਲੀ-ਭਾਜਪਾ ਸਰਕਾਰ ਦੌਰਾਨ ਪੰਜਾਬ ਦੇ ਅੰਦਰ ਹੋਏ ਅਨੇਕਾਂ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਦਾ ਮਾਮਲਾ ਦਿਨੋ-ਦਿਨ ਤੂਲ ਫੜਦਾ ਜਾ ਰਿਹਾ ਸੀ। ਜਿਸ ਵਿੱਚ ਬੀ.ਜੇ.ਪੀ., ਕਾਂਗਰਸ ਅਤੇ ਅਕਾਲੀ ਦਲ, ਤਿੰਨੇ ਪਾਰਟੀਆਂ ਦੋਸ਼ੀ ਸਨ। ਤਿੰਨਾਂ ਹੀ ਕਾਤਲ ਪਾਰਟੀਆਂ ਨੇ ਆਪਣੇ ਪਾਪਾਂ ਨੂੰ ਛੁਪਾਉਣ ਲਈ ਸਰਸੇ ਵਾਲੇ ਦਾ ਮੁੱਦਾ ਸੋਚੀ-ਸਮਝੀ ਸਾਜਿਸ਼ ਅਧੀਨ ਉਭਾਰਿਆ। ਸਰਸੇ ਵਾਲੇ ਸਾਧ ਦੇ ਘਟਨਾ-ਕ੍ਰਮ ਤੋਂ ਬਾਅਦ ਸਿੱਖ ਅਜੇ ਤੱਕ ਦੁਬਾਰਾ ਝੂਠੇ ਪੁਲਿਸ ਮੁਕਾਬਲਿਆਂ ਨੂੰ ਚੇਤੇ ਨਹੀਂ ਕਰ ਸਕੇ। ਸੌਦਾ ਸਾਧ ਵਿਵਾਦ ਦੌਰਾਨ ਸਮੁੱਚੀ ਕੌਮ ਵੱਲੋਂ ਬਹੁਤ ਭਾਰੀ ਰੋਸ ਜਤਾਇਆ ਗਿਆ, ਜਿਸ ਨੂੰ ਰੇਤ ਦੇ ਮਹਿਲ ਵਾਂਗੂ ਡੇਗਣ ਵਿੱਚ ਸਾਡੀਆਂ ਅਖੌਤੀ ਪੰਥਕ ਧਿਰਾਂ ਨੇ ਹਾਕਮਾਂ ਦਾ ਪੂਰਾ ਸਾਥ ਦਿੱਤਾ ਸੀ। ਏਨਾ ਜ਼ਿਆਦਾ ਰੌਲਾ ਪਾਉਣ ਦੇ ਬਾਵਜੂਦ ਅਸੀਂ ਸਾਧ ਦੇ ਵਿਰੁੱਧ ਮੁਕੱਦਮਾ ਤੱਕ ਦਰਜ ਨਾ ਕਰਵਾ ਸਕੇ ਤੇ ਨਾ ਹੀ ਸਰਕਾਰ ਨੇ ਉਸਨੂੰ ਕੋਈ ਸਜ਼ਾ ਦੇਣ ਦੀ ਹਿੰਮਤ ਕੀਤੀ। ਇਹ ਸਰਾਸਰ ਸਾਜਿਸ਼ ਨਹੀਂ ਸੀ ਤਾਂ ਹੋਰ ਕੀ ਸੀ? ਜਦੋਂ ਸਰਸੇ ਵਾਲੇ ਦਾ ਮੁੱਦਾ ਅਜੇ ਗਰਮ ਹੀ ਸੀ, ਉਦੋਂ ਅਕਾਲੀ ਦਲ ਅੰਮ੍ਰਿਤਸਰ ਵਾਲੇ ਇਕ-ਦੂਜੇ ਵਿਰੁੱਧ ਬਿਆਨ ਦੇਣ ਲੱਗ ਪਏ ਸਨ। ਅੱਜ ਜਦੋਂ ਹਰੇਕ ਸਿੱਖ ਦੇ ਮਨ ’ਚ ਇਹੀ ਸਵਾਲ ਉਠਦਾ ਹੈ ਕਿ ਪੰਥਕ ਧਿਰਾਂ ਅਖਵਾਉਣ ਵਾਲਿਆਂ ਨੇ ਸੌਦਾ ਸਾਧ ਵਿਰੁੱਧ ਕੀ ਕਾਰਵਾਈ ਕੀਤੀ, ਤਾਂ ਅਖੌਤੀ ਪੰਥਕ ਆਗੂ ਸਪਸ਼ਟ ਜਵਾਬ ਦੇਣ ਦੀ ਬਜਾਏ ਇਕ-ਦੂਜੇ ਵਿਰੁੱਧ ਬਿਆਨ ਦਾਗਣੇ ਸ਼ੁਰੂ ਕਰ ਦਿੰਦੇ ਹਨ। ਮਾਨ ਸਾਹਿਬ ਕਹਿੰਦੇ ਹਨ ਕਿ ਖ਼ਾਲਸਾ ਐਕਸ਼ਨ ਕਮੇਟੀ ਅੰਦਰੋਂ-ਅੰਦਰੀਂ ਬਾਦਲ ਨਾਲ ਜਾ ਰਲੀ ਸੀ। ਮੈਂ ਇਸੇ ਕਰਕੇ ਖ਼ਾਲਸਾ ਐਕਸ਼ਨ ਕਮੇਟੀ ਦਾ ਸਾਥ ਨਹੀਂ ਦਿੱਤਾ ਸੀ। ਦੂਜੇ ਪਾਸੇ, ਖ਼ਾਲਸਾ ਐਕਸ਼ਨ ਕਮੇਟੀ ਵਾਲੇ ਕਹਿੰਦੇ ਹਨ ਕਿ ਮਾਨ ਸਾਹਿਬ ਨੇ ਸਾਡਾ ਬੇਲੋੜਾ ਵਿਰੋਧ ਕਰਕੇ ਸਰਸੇ ਵਾਲੇ ਸਾਧ ਵਿਰੁੱਧ ਕਾਰਵਾਈ ’ਚ ਵਿਘਨ ਪਾਇਆ ਹੈ। ਇਸ ਤਰ੍ਹਾਂ, ਦੋਵੇਂ ਧਿਰਾਂ ਸਿੱਖਾਂ ਦਾ ਧਿਆਨ ਵਟਾਉਂਦੀਆਂ ਰਹਿੰਦੀਆਂ ਹਨ।

4) ਹੁਣ ਪਿੱਛੇ ਜਿਹੇ ਦਿੱਲੀ ਦੀ ਇਕ ਅਦਾਲਤ ’ਚੋਂ ਜਗਦੀਸ਼ ਟਾਈਟਲਰ ਦੇ ਬਰੀ ਹੋਣ ਦੇ ਮਾਮਲੇ ਦੀ ਚਰਚਾ ਛਿੜੀ। ਇਸ ਚਰਚਾ ਦੌਰਾਨ ਨਵੰਬਰ 84 ਦੇ ਸਿੱਖ ਕਤਲੇਆਮ ਦੇ ਹੋਰਨਾਂ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਵੀ ਉਠੀ। ਪਰ ਐਨ ਇਸੇ ਵਕਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਦਰਬਾਰ ਸਾਹਿਬ ਦੇ ਅਜਾਇਬ ਘਰ ਵਿਖੇ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਲਗਾ ਕੇ ਨਵਾਂ ਵਿਵਾਦ ਪੈਦਾ ਕਰ ਦਿੱਤਾ। ਸਵਾਲ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੇ ਮਨ ’ਚ ਅਚਾਨਕ ਹੀ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਪ੍ਰਤੀ ਪਿਆਰ ਕਿਥੋਂ ਜਾਗ ਪਿਆ ਜਦਕਿ ਸ਼੍ਰੋਮਣੀ ਕਮੇਟੀ ਦਾ ਠੇਕੇਦਾਰ ਪ੍ਰਕਾਸ਼ ਸਿੰਘ ਬਾਦਲ ਖ਼ੁਦ ਭਿੰਡਰਾਂਵਾਲਿਆਂ ’ਤੇ ‘ਅੱਤਵਾਦੀ’ ਹੋਣ ਦਾ ਇਲਜ਼ਾਮ ਲਗਾ ਚੁੱਕਿਆ ਹੈ? ਅਵਤਾਰ ਸਿੰਘ ਮੱਕੜ ਨੇ ਜਾਣਬੁੱਝ ਕੇ, ਭਿੰਡਰਾਂਵਾਲਿਆਂ ਦੀ ਫੋਟੋ ਚੁਪ-ਚੁਪੀਤੇ ਲਗਾੲੀ ਤਾਂ ਬ੍ਰਾਹਮਣਵਾਦੀ ਸੰਗਠਨ ਇਸ ਕਾਰਵਾਈ ਦੇ ਵਿਰੋਧ ਵਿੱਚ ਰੌਲਾ ਪਾਉਣ ਅਤੇ ਭੱਠਲ ਵਰਗੀਆਂ ਸਿਰਫਿਰੀਆਂ ਘਟੀਆ ਬਿਆਨਬਾਜ਼ੀ ਕਰ ਸਕਣ। ਬ੍ਰਾਹਮਣਵਾਦੀਆਂ ਵੱਲੋਂ ਵਿਰੋਧ ਕਾਰਨ ਸਿੱਖ ਗੁੱਸੇ ’ਚ ਆ ਕੇ ਦਿੱਲੀ ਕਤਲੇਆਮ ਨੂੰ ਭੁੱਲ ਕੇ ਭਿੰਡਰਾਂਵਾਲਿਆਂ ਦੀ ਫੋਟੋ ਲਗਾਉਣ ਜਾਂ ਨਾ ਲਗਾਉਣ ਦੀ ਚਰਚਾ ਵਿੱਚ ਹੀ ਰੁੱਝੇ ਰਹਿਣ। (ਦਿੱਲੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਵੀ ਬਿਆਨ ਦੇ ਮਾਰਿਆ ਕਿ ਮੱਕੜ ਨੇ ਆਰ.ਐਸ.ਐਸ. ਤੋਂ ਡਰਦਿਆਂ ਚੁਪ-ਚੁਪੀਤੇ ਭਿੰਡਰਾਂਵਾਲਿਆਂ ਦੀ ਫੋਟੋ ਲਗਾਈ ਹੈ। ਪਰ ਸਰਨਾ ਸਾਹਿਬ ਇਹ ਭੁੱਲ ਗਏ ਕਿ ਮੱਕੜ ਦੀ ਕੀ ਔਕਾਤ ਕਿ ਬਾਦਲ ਤੋਂ ਬਿਨਾਂ ਪੁੱਛੇ ਅਜਿਹਾ ਕੰਮ ਕਰੇ? ਫਿਰ, ਜਿਹੜਾ ਬਾਦਲ 1978 ਦੇ ਨਿਰੰਕਾਰੀ ਕਾਂਡ ’ਚ ਭਿੰਡਰਾਂਵਾਲੇ ਦੇ ਵਿਰੋਧ ਤੇ ਨਰਕਧਾਰੀਆਂ ਦੇ ਹੱਕ ’ਚ ਭੁਗਤਦਾ ਰਿਹਾ, ਅੱਜ ਉਹ ਭਿੰਡਰਾਂਵਾਲੇ ਦਾ ਪ੍ਰੇਮੀ ਕਿਵੇਂ ਬਣ ਗਿਆ?) ਇਸ ਸਾਰੇ ਰੌਲ-ਘਚੋਲੇ ਕਾਰਨ ਸਿੱਖਾਂ ਦਾ ਧਿਆਨ ਇਕ ਵਾਰ ਫਿਰ ਨਵੰਬਰ 84 ਕਤਲੇਆਮ ਦੇ ਆਰੋਪੀਆਂ ਤੋਂ ਹਟ ਗਿਆ ਹੈ। ਸਿੱਖਾਂ ਨੂੰ ਸ਼ਾਇਦ ਕਦੇ ਸਮਝ ਨਹੀਂ ਆਏਗੀ ਕਿ ਉਨ੍ਹਾਂ ਦੇ ਕੌਮੀ ਮਸਲਿਆਂ ’ਤੇ ਕੁੱਤੀ ਤੇ ਚੋਰ ਹਮੇਸ਼ਾ ਇਕੱਠੇ ਹੋ ਜਾਂਦੇ ਹਨ।

ਕੌਮ ਦੇ ਸਮੁੱਚੇ ਨੌਜੁਆਨ ਵੀਰਾਂ-ਭੈਣਾਂ ਨੂੰ ਬੇਨਤੀ ਹੈ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਿੱਖ ਕੌਮ ਦਾ ਨਾਮ ਸੰਸਾਰ ਪ੍ਰਸਿੱਧ ਹੋਵੇ, ਅਸੀਂ ਸਿੱਖਿਆ, ਵਿਗਿਆਨ, ਤਕਨਾਲੋਜੀ, ਵਪਾਰ ਆਦਿਕ ਖੇਤਰਾਂ ’ਚ ਮੱਲਾਂ ਮਾਰੀਏ, ਤਾਂ ਸਾਨੂੰ ‘‘ਅਸੰਖ ਚੋਰ ਹਰਾਮਖੋਰ’’ ਬਿਰਤੀ ਦੇ ਮਾਲਕਾਂ ਨੂੰ ਕੌਮ ਦੀਆਂ ਜ਼ਿੰਮੇਵਾਰ ਸੰਸਥਾਵਾਂ ’ਚੋ ਨਸਾਉਣਾ ਪਏਗਾ। ਆਓ, ਅਸੀਂ ਜਲੂਸ-ਜਲਸਿਆਂ, ਸੰਗਮਰਮਰ ਜਾਂ ਸੋਨੇ ਚੜ੍ਹਾਉਣ ’ਤੇ ਆਪਣਾ ਪੈਸਾ ਵਿਅਰਥ ਕਰਨ ਦੀ ਬਜਾਏ, ਆਪਣਾ ਫਰਜ਼ ਸਮਝ ਕੇ ਆਰਥਕ ਪੱਖੋਂ ਕਮਜ਼ੋਰ ਸਿੱਖਾਂ ਦੀ ਲੋੜੀਂਦੀ ਮਦਦ ਕਰੀਏ। ਡੇਢ ਲੱਖ ਤੋਂ ਜ਼ਿਆਦਾ ਸ਼ਹੀਦ ਹੋ ਚੁੱਕੇ ਸਿੰਘ-ਸਿੰਘਣੀਆਂ ਦੇ ਪਰਵਾਰਾਂ ਦੀ ਸਾਰ ਲੲੀਏ ਜਿਨ੍ਹਾਂ ਦੇ ਬਹਾਣੇ ਪਖੰਡੀ ਮਦਦਗਾਰ, ਵਿਦੇਸ਼ਾਂ ਤੋਂ ਪੈਸਾ ਮੰਗਵਾ ਕੇ ਖ਼ੁਦ ਐਸ਼ਾਂ ਕਰਦੇ ਹਨ ਤੇ ਸ਼ਹੀਦ ਪਰਵਾਰਾਂ ਦੀਆਂ ਜਵਾਨ ਹੋ ਚੁੱਕੀਆਂ ਧੀਆਂਭੈਣਾਂ ਉੱਪਰ ਮਾੜੀਆਂ ਨਜ਼ਰਾਂ ਰਖਦੇ ਹਨ। ਅਜਿਹੀਆਂ ਭੈਣਾਂ ਨੂੰ ਹੌਸਲਾ ਦਈਏ, ਜਿਨ੍ਹਾਂ ਦੇ ਬਾਪੂਆਂ ਤੇ ਭਰਾਵਾਂ ਨੇ ਸਾਡੀਆਂ ਇੱਜ਼ਤਾਂ ਮਹਿਫੂਜ਼ ਰੱਖਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਲੰਮੇਂ ਸਮੇਂ ਤੋਂ ਆਪਣੇ ‘ਗਾਇਬ’ ਪੁੱਤਰਾਂ ਦੀ ਉਡੀਕ ’ਚ ਬੈਠੀਆਂ ਮਾਵਾਂ ਨੂੰ ਇਨਸਾਫ਼ ਦੁਆਉਣ ਲਈ ਉਨ੍ਹਾਂ ਦੀ ਮਦਦ ਕਰੀਏ।

ਕੀ ਆਉਣ ਵਾਲੇ ਕੌਮ ਸੰਕਟਾਂ ਤੋਂ ਬੇਖਬਰ ਹੋ, ਅਖੌਤੀ ਨਵਾਂ ਸਾਲ ਮਨਾ ਰਹੀ, ਗਣਤੰਤਰ ਦਿਵਸ ’ਤੇ ਜਨ-ਗਨ-ਮਨ ਦਾ ਗੀਤ ਗਾ ਰਹੀ, ਬੇਅੰਤ ਲਾਹਨਤਾਂ ਦੀ ਸ਼ਿਕਾਰ ਹੋਈ ਕੌਮ ਇਸ ਬਾਰੇ ਕੁਝ ਸੋਚੇਗੀ?