

ਬਾਬਿਉ, ਕਿਥੇ ਹੋ?
- ਮੇਜਰ ਸਿੰਘ ਖ਼ਾਲਸਾ, ਲੁਧਿਆਣਾ
-
ਫੋਨ : 9316648093
ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਕਦੇ ਵੀ ਆਪਣੇ ਗੁਰੂ ਸਾਹਿਬਾਨ, ਸਬਦ ਗੁਰ ਗੁਰੂ ਗ੍ਰੰਥ ਸਾਹਿਬ ਜਾਂ ਆਪਣੇ ਧਾਰਮਿਕ ਅਸਥਾਨਾਂ ਦੀ ਬੇਅਦਬੀ ਨੂੰ ਬਰਦਾਸਤ ਨਹੀਂ ਕੀਤਾ।ਇਤਿਹਾਸ ਦੇ ਵੱਖ ਵੱਖ ਪੜਾਵਾਂ ਤੇ ਇਕ ਨਹੀਂ ਸਗੋਂ ਅਨੇਕਾਂ ਅਜਿਹੀਆਂ ਘਟਨਾਵਾਂ ਦਾ ਵਰਨਣ ਹੈ ਜਦੋਂ ਉਸ ਸਮੇਂ ਦੇ ਕੁਝ ਜਨੂੰਨੀ ਹਾਕਮਾਂ ,ਅਹਿਲਕਾਰਾਂ ਜਾਂ ਸਿੱਖ ਵਿਰੋਧੀ ਧਾਰਮਿਕ ਜਨੂੰਨੀਆਂ ਨੇ ਸੱਤਾ ਦੇ ਨਸ਼ੇ ਜਾਂ ਉਸ ਸਮੇਂ ਦੇ ਸ਼ਾਸਕਾਂ ਦੀ ਸਹਿ ਉਪਰ ਅਜਿਹਾ ਕੁਕਰਮ ਕਰਨ ਦਾ ਯਤਨ ਕੀਤਾ। ਪਰ ਹਰ ਵਾਰ ਸਿੱਖਾਂ ਨੇ ਉਨ੍ਹਾਂ ਨੂੰ ਅਜਿਹੀਆਂ ਸਜ਼ਾਵਾਂ ਦਿੱਤੀਆਂ ਕਿ ਇਹ ਵੀ ਆਪਣੇ ਆਪ ਵਿਚ ਇਕ ਇਤਿਹਾਸ , ਪੰਥ ਦੋਖੀਆਂ ਲਈ ਸਬਕ ਅਤੇ ਸਿੱਖ ਕੌਮ ਲਈ ਆਉਣ ਵਾਲੇ ਸਮਿਆਂ ਲਈ ਪ੍ਰੇਰਨਾ ਸ੍ਰੋਤ ਬਣ ਗਈਆ।
2007 ਵਿਚ ਸਰਕਾਰੀ ਸਹਿ ਉਪਰ ਭੂਤਰੇ ਸੌਦਾ ਸਾਧ ਨੇ ਵੀ ਗੁਰੂੁ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਕੇ ਗੁਰੂੁ ਸਾਹਿਬਾਨ ਦੀ ਬੇਅਦਬੀ ਕਰਨ ਦਾ ਕੋਝਾ ਯਤਨ ਕੀਤਾ।ਸਾਇਦ ਉਹ ਵੀ ਇਸ ਭਰਮ ਦਾ ਸ਼ਿਕਾਰ ਸੀ ਕਿ ਹੁਣ ਸਿੱਖ ਆਪਣੇ ਪੁਰਾਤਨ ਇਤਿਹਾਸ ਨੂੰ ਭੁਲ-ਭੁਲਾ ਗਏ ਹਨ ਜਾਂ ਫਿਰ ਸਿੱਖਾਂ ਵਿਚ ਹੁਣ ਗੁਰੂੁ ਸਾਹਿਬਾਨ ਪ੍ਰਤੀ ਉਹ ਸਰਧਾ ਨਹੀਂ ਰਹੀ।ਉਸਦੇ ਅਜਿਹੇ ਭੁਲੇਖੇ ਦਾ ਕਾਰਨ ਰਵਾਇਤੀ ਸਿੱਖ ਲੀਡਰਸਿਪ ਦਾ ਸਿੱਖ ਸਿਧਾਂਤ ਨੂੰ ਤਿਲਾਂਜਲੀ ਦੇਕੇ ਦਿਨ ਰਾਤ ੳਸਦੇ ਪੈਰਾਂ ਵਿਚ ਬੈਠਕੇ ਹਾਜਰੀਆਂ ਲਵਾਉਣਾ ਸੀ। ਪਰ ਉਸਦੇ ਇਸ ਕੁਕਰਮ ਦਾ ਜੋ ਪ੍ਰਤੀਕਰਮ ਹੋਇਆ ਉਸਦੀ ਉਸਨੂੰ ਆਸ ਹੀ ਨਹੀਂ ਸੀ।ਗੁਸੇ ਨਾਲ ਭਰੇ ਪੀਤੇ ਹਜ਼ਾਰਾਂ ਸਿੱਖਾਂ ਦੇ ਤਖਤ ਸ੍ਰੀ ਦਮਦਮਾ ਸਾਹਿਬ ਉਪਰ 17 ਮਈ ਨੂੰ ਹੋਏ ਰੋਹ ਭਰਪੂਰ ਇਕੱਠ ਨੇ ਸਾਧ ਦੇ ਹੋਸ ਤਾਂ ਉਡਾ ਹੀ ਦਿੱਤੇ ਸਗੋਂ ਉਨ੍ਹਾਂ ਦੇ ਮੱਥੇ ਤੇ ਵੀ ਤਰੇਲੀਆਂ ਆ ਗਈਆ ਜਿਹੜੇ ਵੋਟਾਂ ਦੀ ਖਾਤਰ ਇਸ ਬਲਾਤਕਾਰੀ ਸਾਧ ਦੇ ਪੈਰੀਂ ਹੱਥ ਲਾਉਂਦੇ ਰਹਿੰਦੇ ਸਨ।ਇਸ ਢੌਂਗੀ ਸਾਧ ਵਿਰੁੱਧ ਸਿੱਖਾਂ ਦੇ ਮੋਰਚੇ ਨੇ ਉਨ੍ਹਾਂ ‘ਪੰਥਕ ਲੀਡਰਾਂ’ ਦੀ ਨੀਂਦ ਵੀ ਹਰਾਮ ਕਰ ਦਿੱਤੀ ਜਿਹੜੇ ਰਾਜ ਤਾਂ ਪੰਥ ਦੀਆਂ ਵੋਟਾਂ ਅਤੇ ਗੁਰੁ ਘਰਾਂ ਦੀ ਗੋਲਕ ਸਹਾਰੇ ਕਰਦੇ ਹਨ ਪਰ ਚੌਂਕੀਆਂ ਸੋਦੇ ਸਾਧ ਜਾਂ ਅਸੂਤੋਸ ਵਰਗਿਆਂ ਦੀਆਂ ਭਰਦੇ ਹਨ।ਉਨ੍ਹਾਂ ਨੇ ਆਪਣੀ ਰਾਜਸੀ ਸ਼ਕਤੀ ਨਾਲ ਸੌਦਾ ਸਾਧ ਨੂੰ ਪੰਥ ਦੇ ਰੋਹ ਤੋਂ ਬਚਾਉਣ ਦੀਆਂ ਚਾਲਾਂ ਹੀ ਨਹੀਂ ਚਲੀਆਂ ਸਗੋਂ ਅਜਿਹਾ ਪ੍ਰਭਾਵ ਵੀ ਦਿੱਤਾ ਜਿਸ ਨਾਲ ਇਹ ਸੁਨੇਹਾ ਸਾਧ ਤਕ ਜਾਂਦਾ ਰਿਹਾ ਕਿ ਜਦੋਂ ਤਕ ਉਸਦੇ ਚਰਨੀਂ ਡਿਗਣ ਵਾਲੇ ਅਤੇ ਆਰ.ਐਸ.ਐਸ ਦੀ ਅਧੀਨਗੀ ਵਾਲੇ ਪੰਥਕ ਲੀਡਰ ਪੰਜਾਬ ਦੀ ਸੱਤਾ ਉਪਰ ਕਾਬਜ਼ ਹਨ ਉਸ ਵੇਲੇ ਤਕ ਉਹ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਜਿਵੇਂ ਜੀ ਚਾਹੇ ਖਿਲਵਾੜ ਕਰੇ ਕੋਈ ਉਸਦਾ ਵਾਲ ਵਿੰਗਾ ਨਹੀਂ ਕਰ ਸਕਦਾ।
ਜਿਉਂ-ਜਿਉਂ ਸਿੱਖ ਕੌਮ ਵਲੋਂ ਸਰਸੇ ਸਾਧ ਵਿਰੁੱਧ ਸਿੱਖ ਗੁਰੂੁ ਸਾਹਿਬਾਨ ਦਾ ਅਪਮਾਨ ਕਰਨ ਦੇ ਦੋਸ਼ ਅਧੀਨ ਸਰਕਾਰੀ ਕਾਰਵਾਈ ਦੀ ਮੰਗ ਜੋਰ ਫੜ੍ਹਦੀ ਗਈ ਤਿਉਂ ਤਿਉਂ ਕੇਂਦਰ ਅਤੇ ਪੰਜਾਬ ਸਰਕਾਰ ਦੀ ਸਹਿ ਉਪਰ ਸੌਦਾ ਸਾਧ ਅਤੇ ਉਸਦੇ ਬਦਮਾਸ਼ਾਂ ਨੇ ਸਿੱਖਾਂ ਉਪਰ ਜਬਰ ਜੁਲਮ ਅਤੇ ਉਨ੍ਹਾਂ ਨੂੰ ਮਾਰਨ ਦੀਆਂ ਕਾਰਵਾੲੀਆਂ ਤੇਜ਼ ਕਰ ਦਿੱਤੀਆਂ ਅਤੇ ਇਸ ਲੜੀ ਅਧੀਨ ਹੀ ਮੁਬੰਈ ਵਿਚ ਸੌੋਦੇ ਸਾਧ ਦੇ ਇਸ਼ਾਰੇ ਅਤੇ ਹਾਜ਼ਰੀ ਵਿਚ ਇਕ ਨਿਰਦੋਸ਼ ਅਤੇ ਨਿਹੱਥੇ ਸਿੱਖ ਨੂੰ ਗੋਲੀਆ ਮਾਰਕੇ ਕਤਲ ਕਰ ਦਿੱਤਾ।ਸਾਧ ਵਲੋਂ ਕੀਤੇ ਇਸ ਕਤਲ ਦਾ ਸਿੱਖਾਂ ਵਿਚ ਬੜਾ ਹੀ ਰੋਹ ਭਰਿਆ ਪ੍ਰਤੀਕਰਮ ਹੋਇਆ। ਦੁਨੀਆ ਭਰ ਦੇ ਸਿੱਖਾਂ ਨੇ ਸੌਦਾ ਸਾਧ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈਕੇ ਰੋਸ ਮੁਜਾਹਰੇ ਕੀਤੇ।ਸਾਧ ਵਿਰੁੱਧ ਸਿੱਖਾਂ ਦਾ ਗੁੱਸਾ ਉਬਾਲੇ ਮਾਰਨ ਲਗ ਪਿਆ।
ਪੰਜਾਬ ਦੇ ਮੁਖ ਮੰਤਰੀ ਸ. ਬਾਦਲ ਸਿੱਖਾਂ ਦੇ ਵਿਸ਼ਵ ਵਿਆਪੀ ਰੋਹ ਨੂੰ ਦੇਖਕੇ ਕੰਬ ਗਏ ਅਤੇ ਉਨ੍ਹਾਂ ਨੂੰ ਜਾਪਣ ਲੱਗਾ ਕਿ ਜੇ ਇਸ ਰੋਹ ਨੂੰ ਸ਼ਾਂਤ ਨਾਂਹ ਕੀਤਾ ਗਿਆ ਤਾਂ ਹੋ ਸਕਦਾ ਹੈ ਕਿ ਪੰਜਾਬ ਦੀ ਸ਼ਾਂਤੀ ਭੰਗ ਹੋ ਜਾਵੇ ਜਿਸ ਨਾਲ ਉਨ੍ਹਾਂ ਦੀ ਕੁਰਸੀ ਖਤਰੇ ਵਿਚ ਪੈ ਸਕਦੀ ਹੈ।ਪਰ ਉਹ ਸੌਦਾ ਸਾਧ ਨਾਲ ਆਪਣੀ ਵਫਾਦਾਰੀ ਵੀ ਭੰਗ ਨਹੀਂ ਕਰਨੀ ਚਾਹੁੰਦੇ ਸਨ। ਅਜਿਹੀ ਸੰਕਟ ਦੀ ਘੜੀ ਵਿਚ ਉਨ੍ਹਾਂ ਨੇ ‘ਘਰ ਦਾ ਭੇਤੀ ਲੰਕਾ ਢਾਹੇ’ ਦੀ ਨੀਤੀ ਰਾਂਹੀ ਸਿੱਖ ਰੋਹ ਨੂੰ ਠੰਡਾ ਕਰਨ ਦਾ ਮੰਨ ਬਣਾਇਆ।ਇਸ ਯੋਜਨਾ ਨੂੰ ਸਫਲਤਾ ਨਾਲ ਸਿਰੇ ਚੜਾਉਣ ਲਈ ਸ. ਬਾਦਲ ਅਤੇ ਉਨ੍ਹਾਂ ਦੇ ਫਰਜ਼ੰਦ ਨੇ ਪੰਜਾਬ ਦੇ ਸਾਧਾਂ ਤੇ ਡੇਰੇਦਾਰਾਂ ਦੀ ਯੂਨੀਅਨ (ਸੰਤ ਸਮਾਜ) ਨਾਲ ਰਾਬਤਾ ਕਾਇਮ ਕਰਕੇ ਮਦਦ ਮੰਗੀ।ਉਨ੍ਹਾਂ ਨੇ ਖਿੜੇ ਮੱਥੇ ਸੌਦਾ ਸਾਧ ਦਾ ਪੱਖ ਲੈਂਦੇ ਹੋਏ ਸਿੱਖ ਜਜਬਾਤ ਠੰਡੇ ਕਰਨ ਦੀ ਯੋਜਨਾ ਨੂੰ ਸਿਰੇ ਚਾੜਣ ਵਿਚ ਬਾਦਲ ਦੀ ਹਮਾਇਤ ਕਰਨਾ ਮੰਨ ਲਿਆ। ਅਜਿਹਾ ਕਰਨ ਦੇ ਮੁਖ ਤੌਰ ਤੇ ਦੋ ਕਾਰਨ ਸਨ। ਇਕ ਤਾਂ ਸੌਦਾ ਸਾਧ ਉਨ੍ਹਾਂ ਦਾ ਮੂੰਹ ਬੋਲਿਆ ਭਾਈ (ਡੇਰੇਦਾਰ) ਸੀ। ਉਸਦਾ ਪੱਖ ਪੂਰਨਾ ਉਨ੍ਹਾਂ ਦਾ ‘ਪਰਮ ਧਰਮ’ ਸੀ। ਦੂਜਾ ਕਾਰਨ ਹੋਰ ਵੀ ਮਹੱਤਵਪੂਰਣ ਸੀ। ਸਿੱਖ ਜਗਤ ਦੇ ਗੁਸੇ ਨੂੰ ਦੇਖਦਿਆਂ ਉਨ੍ਹਾਂ ਨੂੰ ਡਰ ਪੈਦਾ ਹੋ ਗਿਆ ਕਿ ਕਿਤੇ ਉਨ੍ਹਾਂ ਦੇ ਡੇਰੇ ਵੀ ਸਿੱਖ ਰੋਹ ਦਾ ਸ਼ਿਕਾਰ ਨਾਂਹ ਹੋ ਜਾਣ ਅਤੇ ਜੇ ਅਜਿਹਾ ਹੁੰਦਾ ਹੈ ਤਾਂ ਉਹ ਜਿਉਂਦੇ ਹੀ ਮਾਰੇ ਜਾਣਗੇ ਕਿਉਂਕਿ ਉਨ੍ਹਾਂ ਦੇ ਰਾਜ ਭਾਗ (ਡੇਰੇ) ਖੁਸਣ ਨਾਲ ਭੋਲੀ ਭਾਲੀ ਸਿੱਖ ਕੌਮ ਦੇ ਖੂੁਨ ਪਸੀਨੇ ਨਾਲ ਗੁਜਰ ਰਹੀ ਉਨ੍ਹਾਂ ਦੀ ਵਿਲਾਸਮਈ ਅਤੇ ਸ਼ਾਹੀ ਜਿੰਦਗੀ ਤਬਾਹ ਹੋ ਜਾਵੇਗੀ।
ਉਪਰੋਕਤ ਕਾਰਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਾਦਲ,ਉਸਦੇ ਫਰਜੰਦ ਅਤੇ ਡੇਰਾਧਾਰੀਆਂ ਨੇ ਇਕ ਸਿਆਸੀ ਨਾਟਕ ਖੇਲਣ ਦਾ ਫੈਸਲਾ ਕੀਤਾ ਜਿਸਦੇ ਪਹਿਲੇ ਪੜਾਅ ਅਧੀਨ ਡੇਰਾ ਯੂਨੀਅਨ ਦੇ ਪ੍ਰਧਾਨ ਬਾਬਾ ਧੁੰਮਾਂ ਨੇ ਮੁੰਬਈ ਕਤਲ ਦੇ ਰੋਸ ਵਜੋਂ ‘ਪੰਜਾਬ ਬੰਦ’ ਦਾ ਸੱਦਾ ਦਿੱਤਾ।ਇਸਦੇ ਨਾਲ ਹੀ ਉਸਨੇ ਸ਼ਾਮ-ਸਵੇਰ ਸਰਸੇ ਸਾਧ ਵਿਰੁੱਧ ਸਖਤ ਬਿਆਨਬਾਜ਼ੀ ਦਾ ਡਰਾਮਾ ਵੀ ਸ਼ੁਰੂ ਕਰ ਦਿੱਤਾ।ਪੰਜਾਬ ਦੇ ਸਿੱਖਾਂ ਅਤੇ ਹੋਰ ਪੰਥਕ ਜਥੇਬੰਦੀਆਂ ਇਸ ਨਾਟਕ ਨੂੰ ਸਮਝ ਨਾਂਹ ਸਕੀਆ।ਉਨ੍ਹਾਂ ਸੋਚਿਆ ਕਿ ਬਾਬਿਆਂ ਦੀ ਅਗਵਾਈ ਵਿਚ ਸਾਇਦ ਹੁਣ ਸੌਦਾ ਸਾਧ ਵਿਰੁਧ ਇਹ ਸੰਘਰਸ ਫੈਸਲਾਕੁੰਨ ਹੋਵੇਗਾ। ਕੌਮ ਨੇ ਬਾਬੇ ਧੁੰਮੇ ਦੇ ‘ਪੰਜਾਬ ਬੰਦ’ ਨੂੰ ਪੂਰਨ ਤੌਰ ਤੇ ਸਫਲ ਕੀਤਾ। ਅਕਾਲੀ ਲੀਡਰਸਿਪ ਸਰਸੇ ਸਾਧ ਦੀ ਨਰਾਜਗੀ ਤੋਂ ਡਰਦੀ ਹੋਈ ‘ਪੰਜਾਬ ਬੰਦ’ ਤੋਂ ਪਾਸੇ ਰਹੀ ਪਰ ਉਸਨੇ ਆਪਣੇ ਕਾਡਰ ਨੂੰ ਇਕ ਗਿਣੀ-ਮਿੱਥੀ ਚਾਲ ਅਧੀਨ ਇਸ ਵਿਚ ਸ਼ਾਮਲ ਹੋਣ ਲਈ ਹਰੀ ਝੰਡੀ ਦੇ ਦਿੱਤੀ ਕਿਉਂਕਿ ਬਾਦਲ ਸਰਕਾਰ ਆਪਣਾ ਪੰਥਕ ਮਖੌਟਾ ਵੀ ਬਰਕਰਾਰ ਰਖਣਾ ਚਾਹੁੰਦਾ ਸੀ।ਨਾਟਕ ਦੇ ਇਸ ਪਹਿਲੇ ਪੜਾਅ ਵਿਚ ਬਾਦਲ ਅਤੇ ਬਾਬਿਆਂ ਦੀ ਸਿੱਖ ਹਿੱਤਾਂ ਪ੍ਰਤੀ ਬੇੲੀਮਾਨੀ ਅਤੇ ਸਾਧ ਸੌਦਾ ਪ੍ਰਤੀ ਉਨ੍ਹਾਂ ਦੀ ਵਫਾਦਾਰੀ ਦੀ ਜਿੱਤ ਹੋਈ। ਨਾਟਕ ਦੇ ਦੂਜੇ ਪੜਾਅ ਅਧੀਨ ਬਾਬਿਆਂ ਨੇ 10 ਕੁ ਦਿਨ ਪੰਜਾਬ ਦੇ ਗਵਰਨਰ ਹਾਊਸ ਵਿਖੇ ਲੜੀਵਾਰ ਧਰਨੇ ਦਿੱਤੇ ਅਤੇ ਇਹ ਬਿਆਨ ਵੀ ਲਗਾਤਾਰ ਆਉਂਦੇ ਰਹੇ ਕਿ ਜੇ ਹੁਣ ਵੀ ਸਰਕਾਰ ਨੇ ਸਾਧ ਸੌਦਾ ਵਿਰੁੱਧ ਕੋਈ ਸਖ਼ਤ ਕਾਰਵਾਈ ਨਾਂਹ ਕੀਤੀ ਤਾਂ ‘ਡੇਰਾ-ਮੰਡਲੀ’ ਸਖ਼ਤ ਐਕਸ਼ਨ ਲਵੇਗੀ। ਇਹ ਪੜਾਅ ਵੀ ਨਿਰਵਿਘਨ ਸਮਾਪਤ ਹੋ ਗਿਆ। ਹੁਣ ਤਕ ਸਿੱਖ ਰੋਹ ਇੰਨ੍ਹਾਂ ਡੇਰਾਧਾਰੀਆਂ ਪ੍ਰਤੀ ਵਿਸਵਾਸ ਵਿਚ ਬਦਲ ਚੁਕਾ ਸੀ ਅਤੇ ਕੌਮ ਆਸ ਲਗਾਈ ਬੈਠੀ ਸੀ ਕਿ ਬਾਬੇ ਜਰੂਰ ਆਰ-ਪਾਰ ਦੀ ਲੜਾਈ ਲੜਣਗੇ। ਬਾਦਲ ਵਲੋਂ ਰਚੇ ਅਤੇ ਖਿਡਾਏ ਗਏ ਇਸ ਨਾਟਕ ਦਾ ਸਿੱਟਾ ਇਹ ਨਿਕਲਿਆ ਕਿ ਸਿੱਖ ਕੌਮ ਇਕ ਵਾਰ ਫਿਰ ਨਮੋਸ਼ੀ ਦੇ ਮੂੰਹ ਪਈ ਅਤੇ ਸੌਦਾ ਸਾਧ ਅਤੇ ਉਸਦੇ ਡੇਰੇ ਸਿੱਖ ਰੋਹ ਤੋਂ ਸਾਫ ਬਚ ਗਏ। ਇਸ ਨਾਲ ਸੌਦਾ ਸਾਧ ਹੋਰ ਚਾਂਭਲ ਗਿਆ, ਜਿਸ ਅਧੀਨ ਉਹ ਅਜ ਵੀ ਸਿੱਖਾਂ ਉਪਰ ਹਮਲੇ ਕਰ ਰਿਹਾ ਹੈ ਜਾਂ ਉਨ੍ਹਾਂ ਨੂੰ ਬਾਦਲ ਦੀ ਮਿਲੀ ਭੁਗਤ ਨਾਲ ਝੂਠੇ ਕੇਸਾਂ ਵਿਚ ਫਸਾ ਕੇ ਜੇਲ੍ਹੀਂ ਬੰਦ ਕਰਵਾ ਰਿਹਾ ਹੈ। ਸਿੱਖ ਕੌਮ ਦੇ ਟੁਕੜਿਆਂ ’ਤੇ ਪਲਣ ਵਾਲੇ ਅਖੌਤੀ ਸੰਤ-ਬਾਬੇ-ਬ੍ਰਹਮਗਿਆਨੀ ਗੁਰੂ ਸਾਹਿਬਾਨ ਦੇ ਅਪਮਾਨ ਦਾ ਬਦਲਾ ਲੈਣ ਦੀ ਥਾਂ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਰਫੂ-ਚੱਕਰ ਹੋ ਗਏ।
ਆਖਰ ਬਾਬੇ ਗਏ ਤਾਂ ਗਏ ਕਿਥੇ? ਕਿਥੇ ਗਈਆਂ ਉਨ੍ਹਾਂ ਦੀਆ ਸੌਦਾ ਸਾਧ ਅਤੇ ਸਰਕਾਰ ਵਿਰੁੱਧ ਗਿੱਦੜ ਭੱਬਕੀਆਂ? ਕਿਥੇ ਗਈਆਂ ਉਨ੍ਹਾਂ ਦੀਆ ਸਖ਼ਤ ਐਕਸ਼ਨ ਦੀਆ ਟਾਹਰਾਂ? ਅਸਲ ਵਿਚ ਇੰਨ੍ਹਾਂ ਬਾਬਿਆਂ ਦੀ ਬਣਤਰ ਹੀ ਕੁਝ ਅਜਿਹੀ ਹੈ ਕਿ ਇਹ ਉਥੇ ਹੀ ਰਹਿ ਸਕਦੇ ਹਨ ਜਿਥੇ ਸੰਗਤ ਦੋਹਾਂ ਹੱਥਾਂ ਨਾਲ ਇੰਨ੍ਹਾਂ ਦੇ ਚਰਨਾਂ ਵਿਚ ਮਾਇਆ ਦੇ ਢੇਰ ਲਾ ਰਹੀ ਹੋਵੇ ਜਾਂ ਜਿਥੇ ਸਰਕਾਰ ਇੰਨ੍ਹਾਂ ਦੇ ‘ਸਰਕਾਰੀ ਹਾਰ’ ਪਾ ਕੇ ਸਰਕਾਰੀ ਇਕੱਠਾ ਵਿਚ ਇੰਨ੍ਹਾਂ ਦੇ ਗੁਣ ਗਾਇਨ ਕਰਦੀ ਹੋਵੇ।ਇਹ ਉਸ ਧਰਤੀ ਤੋਂ ਵੀ ਦੂਰ ਦੌੜਦੇ ਹਨ ਜਿਥੇ ਸਿੱਖ ਕੌਮ ਇਕੱਠੀ ਹੋਕੇ ਇਕ ਮਰਿਆਦਾ ਦਾ ਪਾਲਣ ਕਰਦੀ ਹੋਵੇ।ਇਹੋ ਹੀ ਕਾਰਨ ਸੀ ਕਿ ਜਦੋਂ ਪੰਜਾਬ ਦੀ ਧਰਤੀ ਤੇ ਸਿੱਖ ਕੌਮ ‘ਨਾਨਕਸ਼ਾਹੀ ਕੈਲੰਡਰ’ ਅਨੁਸਾਰ ਗੁਰਤਾਗੱਦੀ ਸ਼ਤਾਬਦੀ ਸਮਾਗਮ ਮਨਾ ਰਹੀ ਸੀ ਉਸ ਸਮੇਂ ਇਹ ਬਾਬੇ ਹਜੂਰ ਸਾਹਿਬ ਦੀ ਧਰਤੀ ਤੇ ਇਕੱਠੇ ਹੋਕੇ ਅਕਾਲ ਤਖ਼ਤ ਵਲੋਂ ਨਾਨਕਸ਼ਾਹੀ ਕੈਲੰਡਰ ਨੂੰ ਦਿੱਤੀ ਮਾਨਤਾ ਦੇ ਹੁਕਮਨਾਮੇ ਦੀ ਉਲੰਘਣਾ ਕਰਕੇ ਸਿੱਖ ਕੌਮ ਨੂੰ ਸਪੱਸਟ ਸੁਨੇਹਾ ਦੇ ਰਹੇ ਸਨ ਕਿ ਉਨ੍ਹਾਂ ਦਾ ਸਿੱਖ ਰਵਾਇਤਾਂ ਅਨੁਸਾਰ ਕੌਮੀ ਫੈਸਲਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਸਗੋਂ ਉਹ ਤਾਂ ਸਿੱਖ ਰਵਾਇਤਾਂ ਦੇ ਉਲਟ ਆਪਣੀਆਂ ਡੇਰਾਧਾਰੀ ਰਵਾਇਤਾਂ ਲਾਗੂ ਕਰਕੇ ਸਿੱਖ ਧਰਮ ਨਾਲ ਸ਼ਰੀਕਾਬਾਜ਼ੀ ਕਰਨ ਦੇ ਹਾਮੀ ਹਨ।
ਪੰਜਾਬ ਵਿਚ ਸੌਦਾ ਸਾਧ ਵਿਰੁੱਧ ਗਰਮਾਏ ਮੈਦਾਨੇ -ਜੰਗ ਵਿਚੋਂ ਪਿੱਠ ਦਿਖਾਕੇ ਇੰਨ੍ਹਾਂ ਲੋਕਾਂ ਨੇ ਜੋ ਗੁੱਲ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਖਿਲਾਏ ਜੇ ਉਨ੍ਹਾਂ ਉਪਰ ਵਿਚਾਰ ਕੀਤਾ ਜਾਵੇ ਤਾਂ ਇਹ ਤੱਥ ਉਘੜਕੇ ਸਾਹਮਣੇ ਆ ਜਾਵੇਗਾ ਕਿ ਇਹ ਲੋਕ ਸਰਸੇ ਸਾਧ ਤੋਂ ਵੀ ਕਿਤੇ ਜਿਆਦਾ ਸਿੱਖ ਧਰਮ ਅਤੇ ਸਿਧਾਂਤਾਂ ਨਾਲ ਖਿਲਵਾੜ ਕਰ ਰਹੇ ਹਨ। ਹਜ਼ੂਰ ਸਾਹਿਬ ਵਿਖੇ ਗੁਰਤਾਗੱਦੀ ਦੇ ਸਰਕਾਰੀ ਸਮਾਗਮਾਂ ਵਿਚ ਜਿਥੇ ਇੰਨ੍ਹਾਂ ‘ਬਾਬਿਆਂ’ ਦਾ ਬੋਲ-ਬਾਲਾ ਸੀ ਉਥੇ ਗੁਰਦੁਆਰਾ ਸਾਹਿਬ ਵਿਖੇ ਬੱਕਰੇ ਝਟਕਾਏ ਗਏ ਅਤੇ ਉਨ੍ਹਾਂ ਦੇ ਖੁੂਨ ਦੇ ਤਿਲਕ ਪਵਿੱਤਰ ਸਾਸਤਰਾਂ ਨੂੰ ਲਾਏ ਗਏ। ਇਹ ਕਰਮ-ਕਾਂਡ ਹਿੰਦੂ ਧਰਮ ਵਿਚ ਪ੍ਰਚਲਤ ਹਨ ਪਰ ਗੁਰੂੁ ਸਾਹਿਬਾਨ ਨੇ ਇੰਨ੍ਹਾਂ ਦਾ ਸਪਸ਼ਟ ਰੂਪ ਵਿਚ ਵਿਰੋਧ ਕੀਤਾ ਸੀ। ਗੁਰੂ ਸਾਹਿਬਾਨ ਦੀ ਸਾਦੇ ਲੰਗਰ ਦੀ ਮਹਾਨ ਪ੍ਰੰਪਰਾ ਦਾ ਵੀ ਇੰਨ੍ਹਾਂ ਬਾਬਿਆਂ ਨੇ ‘ਆਈਸ ਕਰੀਮ’ ਜਾਂ ਪੰਜ-ਤਾਰਾ ਪਕਵਾਨਾਂ ਦੇ ਲੰਗਰ ਲਾਕੇ ਵਿਰੋਧ ਹੀ ਨਹੀਂ ਕੀਤਾ ਸਗੋਂ ਸੰਗਤ ਦੀ ਕਮਾਈ ਨੂੰ ਪਾਣੀ ਵਾਂਗ ਬਹਾ ਕੇ ਅਤੇ ‘ਮਲਿਕ ਭਾਗੋ’ ਦੀ ਤਰਜ ਦੇ ਪਕਵਾਨ ਪਰੋਸ ਕੇ ਬਾਬੇ ਨਾਨਕ ਦੀ ਸੋਚ ਨੂੰ ਨਕਾਰਦੇ ਹੋਏ ਸਿੱਖ ਧਰਮ ਨੂੰ ਸਰਕਾਰੀ ਅਤੇ ਚਾਪਲੂਸਾਂ ਦਾ ਧਰਮ ਦਿਖਾਉਣ ਅਤੇ ਡੇਰਾਵਾਦ ਨੂੰ ਲਿਸ਼ਕਾਉਣ ਦਾ ਕੋਝਾ ਤੇ ਭੱਦਾ ਯਤਨ ਕੀਤਾ।
ਇਹ ਬਾਬੇ ਸਿੱਖ ਧਰਮ ਦੀਆਂ ਪ੍ਰਚਲਤ ਰਵਾਇਤਾਂ ਵਿਚੋਂ ‘ਲੰਗਰ’ ਚਲਾਉਣ ਨੂੰ ਹੀ ਮਾਨਤਾ ਦਿੰਦੇ ਹਨ। ਅਜਿਹਾ ਇਹ ਸਿਧਾਂਤਕ ਪ੍ਰਪੱਕਤਾ ਅਧੀਨ ਨਹੀਂ ਕਰਦੇ ਸਗੋਂ ਅਜਿਹਾ ਕਰਨ ਦੇ ਕੁਝ ਲਾਭ ਹਨ ਜਿਹੜੇ ਇਹ ਬਾਬੇ ਆਪਣੀ ਨਿੱਜ ਪ੍ਰਸਤੀ ਅਤੇ ਸੁਹਰਤ ਲਈ ‘ਕੈਸ਼’ ਕਰਨ ਤੋਂ ਕਦੇ ਵੀ ਨਹੀਂ ਖੁੱਝਦੇ। ਲੰਗਰ ਦੀ ਸੇਵਾ ਤਨ, ਮਨ ਤੇ ਧਨ ਨਾਲ ਸਿੱਖ ਸੰਗਤ ਵਲੋਂ ਕੀਤੀ ਜਾਂਦੀ ਹੈ। ਬਾਬੇ ਤਾਂ ਉਸਦੇ ਬਾਹਰ ਰੱਖੇ ਮਾਇਆ ਇਕੱਠੀ ਕਰਨ ਦੇ ਟੋਕਰੇ ਉਪਰ ਹੀ ਪਹਿਰਾ ਦਿੰਦੇ ਹਨ ਜਾਂ ਫਿਰ ਵਿਛਾਉਣਾ ਲਾ ਕੇ ਚਿੱਟੇ ਬੱਗਲਿਆਂ ਦੀ ਤਰ੍ਹਾਂ ਆਪਣੇ ਆਪ ਨੂੰ ਗੁਰੂੁ ਭਗਤ ਹੋਣ ਦਾ ਦਿਖਾਵਾ ਕਰਦੇ ਹਨ। ਕੀ ਕਦੇ ਕਿਸੇ ਨੇ ਕਿਸੇ ਬਾਬੇ ਨੂੰ ਲੰਗਰ ਵਿਚ ਸੇਵਾ ਕਰਦੇ ਹੋਏ ਦੇਖਿਆ ਹੈ ਜਾਂ ਜੂਠੇ ਭਾਂਡੇ ਮਾਂਜਦੇ ਹੋਏ ਦੇਖਿਆ ਹੈ? ਸ਼ਾਇਦ ਕਦੇ ਨਹੀਂ ਕਿਉਂਕਿ ਇਹ ਕੰਮ ਤਾਂ ਸੰਗਤ ਦਾ ਹੈ। ਉਨ੍ਹਾਂ ਦਾ ਕਾਰਜ ਖੇਤਰ ਤਾਂ ਚਿੱਟੇ ਚੋਲੇ ਪਾਕੇ ਮਖਮਲੀ ਗੱਦਿਆਂ ’ਤੇ ਲੇਟੇ ਮਾਰਨਾ ਹੈ। ਗੁਰੂੁ ਸਾਹਿਬਾਨ ਵਲੋਂ ਸਥਾਪਤ ਰਵਾਇਤਾਂ ਉਪਰ ਪਹਿਰਾ ਦੇਣ ਤੋਂ ਇਹ ਪਾਸਾ ਹੀ ਨਹੀਂ ਵੱਟਦੇ ਸਗੋਂ ਉਨ੍ਹਾਂ ਦਾ ਜ਼ਿਕਰ ਵੀ ਮਜਬੂਰੀ ਵੱਸ ਹੀ ਕਰਦੇ ਹਨ। ਕੀ ਇਹ ਭੁਲ ਗਏ ਹਨ ਕਿ ਬਾਬੇ ਨਾਨਕ ਨੇ ਹੱਕ ਸੱਚ ਦੀ ਖਾਤਰ ਤੱਤੀ ਤੱਵੀ ਤੇ ਬੈਠਣ ਅਤੇ ਕੌਮ ਲਈ ਸਾਰਾ ਪਰਿਵਾਰ ਵਾਰ ਦੇਣ ਦਾ ਸਿਧਾਂਤ ਵੀ ਆਪਣੀ ਜੋਤ ਰਾਹੀਂ ਸਿੱਖ ਕੌਮ ਨੂੰ ਸਿਖਾਇਆ ਸੀ? ਪਰ ‘ਆਧੁਨਿਕ’ ਬਾਬਿਆਂ ਨੂੰ ਇਸ ਸਿਧਾਂਤ ਨਾਲ ਕੋਈ ਸਰੋਕਾਰ ਨਹੀਂ। ਇਹੋ ਹੀ ਕਾਰਨ ਹੈ ਕਿ ਕੁਝ ਕੁ ਨੂੰ ਛੱਡ ਕੇ, ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਅਗਵਾਈ ਵਿਚ ਚਲੇ ਧਰਮ ਯੁੱਧ ਤੋਂ ਇਹ ‘ਬਾਬਾ ਲੋਕ’ ਪਾਸੇ ਹੀ ਰਹੇ। ਗੁਰੁ ਗ੍ਰੰਥ ਸਾਹਿਬ ਪ੍ਰਤੀ ਇਨ੍ਹਾਂ ਬਾਬਿਆਂ ਦੀ ਆਸਥਾ ਉਪਰ ਸ਼ੱਕ ਉਸ ਵੇਲੇ ਯਕੀਨ ਵਿਚ ਬਦਲ ਗਿਆ ਜਦੋਂ ਇੰਨ੍ਹਾਂ ਦੀ ਹਾਜਰੀ ਵਿਚ ਗੁਰੁੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਨਾਲ ‘ਦਸਮ ਗ੍ਰੰਥ’ ਦਾ ਵੀ ਪ੍ਰਕਾਸ਼ ਕੀਤਾ ਗਿਆ। ਕੀ ਅਜਿਹੀ ਕੱਚੀ ਧਾਰਮਕ ਸੋਚ ਦੇ ਬਾਬੇ ਸਿੱਖ ਕੌੰਮ ਦੀ ਸਿਧਾਂਤਕ ਸੋਚ ਦੇ ਪ੍ਰਪੱਕ ਪ੍ਰਚਾਰਕ ਜਾਂ ਪਹਿਰੇਦਾਰ ਕਹਾਉਣ ਦਾ ਹੱਕ ਰਖਦੇ ਹਨ?
ਅੱਜ ਸਿੱਖ ਸਿਧਾਂਤ ’ਤੇ ਪੰਥ-ਦੋਖੀਆਂ ਵਲੋਂ ਤਾਬੜ ਤੋੜ ਹਮਲੇ ਕੀਤੇ ਜਾ ਰਹੇ ਹਨ। ਅਖੌਤੀ ਪੰਥਕ ਲੀਡਰ ਅਤੇ ਬਾਬੇ ਇੰਨ੍ਹਾਂ ਪੰਥ ਵਿਰੋਧੀ ਤਾਕਤਾ ਦੇ ਨਾਲ ਘਿੳ ਖਿਚੜੀ ਹੀ ਨਹੀਂ ਸਗੋਂ ਉਹ ਸਿੱਖ ਸਿਧਾਂਤਾਂ ਨੂੰ ਮਲੀਆਮੇਟ ਕਰਨ ਲਈ ਖੁਦ ਇੰਨ੍ਹਾਂ ਤਾਕਤਾਂ ਦੀ ਅਗਵਾਈ ਕਰ ਰਹੇ ਹਨ। ਰਵਾਇਤੀ ਅਕਾਲੀ ਲੀਡਰਸ਼ਿਪ ਦੇ ਵਿਰੋਧ ਵਿਚ ਖੜੀਆ ਪੰਥਕ ਧਿਰਾਂ ਵੀ ਜਨਤਕ ਤੌਰ ਤੇ ਡੇਰਾਵਾਦ ਦਾ ਖੰਡਣ ਕਰਦੀਆ ਹਨ ਪਰ ਨਿੱਜੀ ਤੌਰ ਤੇ ਇਹ ਅਤੇ ਇੰਨ੍ਹਾਂ ਦੀ ਲੀਡਰਸਿਪ ਵੀ ਕਿਸੇ ਨਾ ਕਿਸੇ ਬਾਬੇ ਜਾਂ ਡੇਰੇ ਨਾਲ ਜੁੜੀ ਹੋਈ ਹੈ ਅਤੇ ਇਹ ਹੀ ਕਾਰਨ ਹੈ ਕਿ ਡੇਰਾਵਾਦ ਵਿਰੁੱਧ ਸੰਘਰਸ ਦੇ ਨਿਸ਼ਾਨੇ ਤੋਂ ਇੰਨ੍ਹਾਂ ਬਾਬਿਆ ਦੇ ਡੇਰੇ ਬਾਹਰ ਹਨ।
ਅੱਜ ਲੋੜ ਹੈ ਕਿ ਡੇਰਾਵਾਦ ਵਿਰੁੱਧ ਮੁਹਿੰਮ ਘਰ ਤੋਂ ਹੀ ਸ਼ੁਰੂ ਕੀਤੀ ਜਾਵੇ ਅਤੇ ਵੱਖ ਵੱਖ ‘ਮੰਜੀਆ’ ਲਾਈ ਬੈਠੇ ਬਾਬਿਆ ਦੇ ਸਿੱਖ ਸਿਧਾਂਤ ਵਿਰੋਧੀ ਚੇਹਰੇ ਅਤੇ ਇੰਨ੍ਹਾਂ ਦੇ ਡੇਰਿਆ ਵਿਚ ਗੁਰੂ ਸਿਧਾਂਤ ਵਿਰੁੱਧ ਪ੍ਰਚਲਤ ਮਾਨਤਾਵਾਂ ਜਾਂ ਮਰਿਆਦਾ ਦਾ ਪਰਦਾਫਾਸ ਕੀਤਾ ਜਾਵੇ।ਅਜ ਜੋ ਡੇਰਾਵਾਦ ਵਿਰੁੱਧ ਇੱਕਾ-ਦੁੱਕਾ ਯਤਨ ਹੋ ਰਹੇ ਹਨ ਉਹ ਤਾਂ ਹੀ ਕਾਮਯਾਬ ਹੋ ਸਕਣਗੇ ਜਦੋਂ ਸਾਰੀਆ ਪੰਥਕ ਧਿਰਾਂ ਇਕਜੁੱਟ ਹੋਕੇ ਇਸ ਪਾਸੇ ਵਲ ਹੰਭਲਾ ਮਾਰਨਗੀਆ। ਸਿਆਸੀ ਰੋਟੀਆਂ ਸੇਕਣ ਲਈ ਕੀਤੇ ਜਾ ਰਹੇ ਯਤਨ ਡੇਰਾਵਾਦ ਦੀਆ ਟਾਹਣੀਆ ਨੂੰ ਤਾਂ ਕੁਝ ਨੁਕਸਾਨ ਪਹੁੰਚਾ ਸਕਦੇ ਹਨ ਪਰ ਡੇਰਾਵਾਦ ਦੇ ਪੁਰਾਣੇ ਤੇ ਭਾਰੀ ਭਰਕਮ ਰੁੱਖ ਨੂੰ ਜੜੋਂ ਉਖਾੜਣ ਲਈ ਇਕ ਸੰਜੀਦਗੀ ਤੇ ਦ੍ਰਿਦ੍ਰੜਤਾ ਭਰੀ ਲੰਬੀ ਲੜਾਈ ਲੜਣ ਦੀ ਲੋੜ ਹੈ। ਕੁਝ ਡੇਰਾਧਾਰੀ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਜਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਵਰਗੀਆਂ ਮਹਾਨ ਪੰਥਕ ਸਖਸੀਅਤਾਂ ਦਾ ਨਾਂਅ ਆਪਣੇ ਡੇਰਿਆਂ ਨਾਲ ਜੋੜਕੇ ਆਪਣੀਆਂ ਗੱਦੀਆ ਕਾਇਮ ਰੱਖਣ ਦੀ ਕੋਸ਼ਿਸ ਕਰ ਰਹੇ ਹਨ ਪਰ ਕੌਮ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਨ੍ਹਾਂ ਮਹਾਨ ਸਿੱਖ ਸਖਸੀਅਤਾਂ ਦਾ ਨਾਮ ਕਿਸੇ ਜਥੇਬੰਦੀ ਜਾਂ ਉਸਦੇ ਮੁਖੀ ਦੀ ਖੁਦਗਰਜੀ ਜਾਂ ਡਰਪੋਕਪੁਣੇ ਨੂੰ ਢੱਕਣ ਲਈ ਵਰਤਣਾ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਰੋਲਣ ਦੇ ਬਰਾਬਰ ਹੈ ਕਿਉਂਕਿ ਇਹ ਤਾਂ ਸਿੱਖ ਕੌਮ ਦਾ ਸਰਮਾਇਆ ਹਨ ਅਤੇ ਇੰਨ੍ਹਾਂ ਦੁਆਰਾ ਰਚੇ ਗਏ ਇਤਿਹਾਸ ਦੇ ਸੁਨਹਿਰੀ ਪੰਨੇ ਅਜ ਵੀ ਅਤੇ ਅਗੇ ਲਈ ਵੀ ਸਿੱਖ ਕੌਮ ਲਈ ਪ੍ਰੇਰਨਾ ਸ੍ਰੋਤ ਬਣੇ ਰਹਿਣਗੇ।
ਡੇਰਾਵਾਦ ਵਿਰੁੱਧ ਮੁਹਿੰਮ ਵਿਚ ਪੰਥਕ ਅਖਬਾਰਾਂ ਤੇ ਰਸਾਲਿਆ ਦਾ ਅਹਿਮ ਰੋਲ ਹੈ। ਸਿੱਖ ਸੋਚ ਨੂੰ ਸਮਰਪਿਤ ਪ੍ਰਿੰਟ ਮੀਡੀਆ ਦਾ ਇਕ ਬਹੁਤ ਹੀ ਮਹੱਤਵਪੂਰਣ ਰੋਲ ਹੈ ਕਿ ਉਹ ਸਿੱਖ ਸੰਗਤ ਨੂੰ ਬਾਬਿਆਂ ਵਲੋਂ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ, ਉਨ੍ਹਾਂ ਵਲੋਂ ਸਿੱਖ ਕਾਜ ਪ੍ਰਤੀ ਬੇਰੁਖੀ ਅਤੇ ਵਿਰੋਧਤਾ ਅਤੇ ਬਾਬਿਆਂ ਦੀ ਐਸ਼-ਪ੍ਰਸਤ ਜੀਵਨ ਸ਼ੈਲੀ ਵਾਰੇ ਜਾਣੂੰ ਕਰਾਵੇ।ਇਸ ਵੇਲੇ ਲੋੜ ਹੈ ਕਿ ਡੇਰਾਵਾਦ ਵਿਰੁੱਧ ਸਿੱਖ ਕੌਮ ਵਿਚ ਜਨਮਤ ਤਿਆਰ ਕੀਤਾ ਜਾਵੇ।ਇਕੱਲੇ ਇਕੱਲੇ ਡੇਰੇ ਵਿਰੁੱਧ ਛੇੜੀ ਗਈ ਮੁਹਿੰਮ ਕੋਈ ਖਾਸ ਰੰਗ ਨਹੀਂ ਦਿਖਾ ਸਕਦੀ ਕਿਉਂਕਿ ਬ੍ਰਹਾਨਣਵਾਦੀ ਸੋਚ ਦੇ ਪ੍ਰਭਾਵ ਹੇਠ ਡੇਰਾਵਾਦ ਸਿੱਖ ਸਿਧਾਂਤ ਲਈ ਇਕ ਵੱਡਾ ਖਤਰਾ ਤੇ ਚੁਨੌਤੀ ਬਣਦਾ ਜਾ ਰਿਹਾ ਹੈ।