

ਗੁਰਬਾਣੀ ਅਨੁਸਾਰ ‘ਸਿੱਖ’ ਕੌਣ ਹੈ ?
- ਲੈਫਟੀਨੈਂਟ ਕਰਨਲ (ਰਿਟਾ.) ਗੁਰਦੀਪ ਸਿੰਘ -
ਪੰਦਰਵੀਂ ਸਦੀ ਦੇ ਸਤਵੇਂ ਦਹਾਕੇ ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਗਟ ਹੋਣ ਦੇ ਸਮੇਂ ਤੱਕ ਸੰਸਾਰ ਵਿੱਚ ਕਈ ਮਜ਼ਬ੍ਹ ਜਾਂ ਮਤ (ਜਿਵੇਂ- ਯਹੂਦੀ–ਮੱਤ, ਬੁੱਧ- ਮੱਤ, ਈਸਾਈ -ਮੱਤ, ਜੈਨ-ਮੱਤ, ਇਸਲਾਮ-ਮੱਤ ਆਦਿ) ਪ੍ਰਚੱਤ ਹੋ ਚੁੱਕੇ ਸਨ। ਇਨ੍ਹਾਂ ਮਜ਼੍ਹਬਾਂ ਦੇ ਬਾਨੀਆਂ ਨੇ ਆਪੋ-ਆਪਣੇ ਮਜ਼੍ਹਬ ਦਾ ਫ਼ਲਸਫ਼ਾ ਵੀ ਨਿਸ਼ਚਤ ਤੌਰ ਤੇ ਮੁਕੱਰਰ ਕਰ ਦਿੱਤਾ ਹੋਇਆ ਸੀ। ਪਰ ਬਦਕਿਸਮਤੀ ਨਾਲ ਅਲੱਗ-ਅਲੱਗ ਮਜ਼੍ਹਬਾਂ ਦੇ ਇਹ ਬਾਨੀ, ਆਪਣੇ ਜੀਵਨ ਵਿਚ ਆਪਣੇ ਫ਼ਲਸਫ਼ੇ ਨੂੰ ਨਾਂ ਤਾਂ ਖ਼ੁਦ ਹੀ ਕਲਮਬੰਦ ਕਰ ਸਕੇ ਅਤੇ ਨਾ ਹੀ ਆਪਣੇ ਕਿਸੇ ਪੈਰੋਕਾਰ ਰਾਹੀਂ ਲਿਖਤੀ ਰੂਪ ਦੇ ਕੇ ਪ੍ਰਵਾਨਗੀ ਦੇ ਸਕੇ। ਉਨ੍ਹਾਂ ਵਲੋਂ ਪ੍ਰਗਟ ਕੀਤੇ ਫ਼ਲਸਫ਼ਿਆਂ ਨੂੰ ਉਨ੍ਹਾਂ ਦੇ ਮਜ਼੍ਹਬਾਂ ਦੇ ਪੈਰੋਕਾਰਾਂ ਨੇ ਉਨ੍ਹਾਂ (ਬਾਨੀਆਂ) ਦੇ ਅਕਾਲ ਚਲਾਣੇ ਤੋਂ ਢੇਰ ਚਿਰ ਬਾਅਦ ਆਪੋ-ਆਪਣੇ ਅੰਦਾਜ਼ ਵਿਚ (ਆਪੋ-ਆਪਣੀ ਸਮਝ ਅਤੇ ਅਨੁਭਵ ਅਨੁਸਾਰ) ਲਿਖਤ ਵਿਚ ਲਿਆਂਦਾ। ਜਿਵੇਂ ਯਹੂਦੀ-ਮੱਤ ਦੇ ਫ਼ਲਸਫ਼ੇ ਅਨੁਸਾਰ ਜੀਵਨ ਜਿਊਣ ਵਾਲਿਆਂ ਨੂੰ ‘ਯਹੂਦੀ’, ਬੁੱਧ ਮੱਤ ਦੇ ਫ਼ਲਸਫੇ ਦੇ ਧਾਰਨੀਆਂ ਨੂੰ ‘ਬੋਧੀ’, ਈਸਾਈ-ਮੱਤ ਦੇ ਅਨੁਯਾਈਆਂ ਨੂੰ ‘ਈਸਾਈ’, ਜੈਨ-ਮੱਤ ਦੇ ਫ਼ਲਸਫ਼ੇ ਦੇ ਪੈਰੋਕਾਰਾਂ ਨੂੰ ‘ਜੈਨੀ’ ਅਤੇ ਇਸਲਾਮ-ਮੱਤ ਦੀ ਸਿੱਖਿਆ ਤੇ ਚੱਲਣ ਵਾਲਿਆਂ ਨੂੰ ‘ਮੁਸਲਮਾਨ’ ਕਿਹਾ ਜਾਂਦਾ ਹੈ, ਤਿਵੇਂ ਹੀ ਗੁਰੂ ਨਾਨਕ ਸਾਹਿਬ ਵਲੋਂ ਦਿੱਤੀ ਸਿੱਖਿਆ ਅਨੁਸਾਰ ਜੀਵਨ ਜਿਊਂਣ ਵਾਲੇ ਪ੍ਰਾਣੀਆਂ ਨੂੰ ‘ਸਿੱਖ’ ਕਹਿਆ ਜਾਂਦਾ ਹੈ।
ਗੁਰੂ ਨਾਨਕ ਸਾਹਿਬ ਦੇ ਪ੍ਰਗਟ ਹੋਣ ਦੇ ਸਮੇਂ ਤੱਕ ਮੌਜੂਦਾ ਭਾਰਤ ਦੇ ਕਈ ਇਲਾਕਿਆਂ ਵਿੱਚ ਇੱਕ ਹੋਰ ਬਹੁਤ ਹੀ ਬਚਿੱਤ੍ਰ ਕਿਸਮ ਦਾ ਜ਼ਾਤ-ਪਾਤ ਦੇ ਨਾਂ ਤੇ ਮਨੁੱਖਤਾ ਨੂੰ ਅਲੱਗ-ਅਲੱਗ ਸ਼੍ਰੇਣੀਆਂ ਵਿਚ ਵੰਡ ਕੇ, ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲਾ (ਅ-)ਸਮਾਜਿਕ ਸਿਸਟਮ ਵੀ ਹੋਂਦ ਵਿੱਚ ਆ ਚੁੱਕਾ ਸੀ। ਉਪਰ ਵਰਣਨ ਕੀਤੇ ਮਜ਼੍ਹਬਾਂ ਦੀ ਤਰ੍ਹਾਂ ਇਹ ਕੋਈ ਵੱਖਰਾ ਮਜ਼੍ਹਬ ਨਹੀਂ ਸੀ- ਬਲਕਿ ਇਹ ਇੱਕ ਪੜ੍ਹੇ-ਲਿਖੇ, ਸ਼ਾਤਰ, ਖ਼ੁਦਗਰਜ਼, ਜ਼ਾਲਮ ਟੋਲੇ ਦੇ ਸ਼ੈਤਾਨ ਦਿਮਾਗ ਦੀ ਉਪਜ ਸੀ। ਇਹ ਟੋਲਾ ਆਪਣੇ ਆਪ ਨੂੰ ‘ਬ੍ਰਾਹਮਣ’ ਕਹਿੰਦਾ ਸੀ। ਇਸ ਲਾਬੀ ਨੇ ਅਲੱਗ-ਅਲੱਗ ਸਮੇਂ ਵਿੱਚ ਰਚੇ ‘ਵੇਦਾਂ’, ਰਿਸ਼ੀ ਮੰਨੂ ਦੀ ‘ਮਨੂੰ ਸਿੰਮ੍ਰਿਤੀ’, ਰਿਸ਼ੀ ਬਾਲਮੀਕ ਵਲੋਂ ਰਚਿਆ ਨਾਵਲ ‘ਰਾਮਾਇਣ’ (ਮਿਥਿਹਾਸ), ‘ਭਗਵਤ ਗੀਤਾ’, ‘ਮਹਾਂ ਭਾਰਤ’ (ਇਤਿਹਾਸ ਅਤੇ ਮਿਥਿਹਾਸ ਦਾ ਸੁਮੇਲ), ਕਈ ‘ਪੌਰਾਣਿਕ ਸਾਖੀਆਂ’ ਅਤੇ ‘ਉਪਨਿਸ਼ਦ’ ਆਦਿ ਰਚਨਾਵਾਂ ਵਿਚ ਵਾਧੇ-ਘਾਟੇ (ਭੰਨ-ਤੋੜ) ਕਰ ਕੇ ਇਨ੍ਹਾਂ ਰਚਨਾਵਾਂ ਨੂੰ ਇੱਕ ਲੜੀ ਵਿੱਚ ਪ੍ਰੋਣ ਦੇ (ਅਸਫਲ) ਯਤਨ ਕਰ ਕੇ ਮਿਲ-ਗੋਭਾ ਜਿਹੀ ਫ਼ਿਲਾਸਫ਼ੀ ਨੂੰ ਹੋਂਦ ਵਿੱਚ ਲਿਆਂਦਾ।ਇਸ ਵਿਚਾਰਧਾਰਾ ਦੇ ਆਧਾਰ ‘ਤੇ ਹੋਂਦ ਵਿਚ ਆਏ ਸਮਾਜਕ ਸਿਸਟਮ ਨੂੰ ‘ਵਰਨ-ਆਸ਼ਰਮ ਸਿਸਟਮ’, ‘ਜ਼ਾਤ-ਪਾਤੀ ਸਿਸਟਮ’, ‘ਬ੍ਰਾਹਮਣਵਾਦ’, ਬਿਪਰਵਾਦ’ ‘ਮਨੂੰਵਾਦ’ ਅਤੇ ‘ਹਿੰਦੂਤਵ’ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਸ ਨੂੰ ਇੱਕ ਮਜ਼੍ਹਬ ਜਾਂ ਮੱਤ ਕਹਿਣਾ ਤਕਨੀਕੀ ਪੱਖ ਤੋਂ ਗਲਤ ਹੈ, ਕਿਉਂਕਿ ਦੂਸਰੇ ਮਜ਼੍ਹਬਾਂ ਦੀ ਤਰ੍ਹਾਂ ਇਸ ਵਿਚਾਰਧਾਰਾ ਦਾ ਕੋਈ ‘ਇਕ ਬਾਨੀ’ ਨਹੀਂ ਹੈ, ਕੋਈ ‘ਇੱਕ ਇਸ਼ਟ’ ਨਹੀਂ ਹੈ, ਕੋਈ ਇੱਕ ‘ਧਰਮ ਗ੍ਰੰਥ’ ਨਹੀਂ ਹੈ, ਕੋਈ ‘ਇੱਕਸਾਰਤਾ ਵਾਲਾ ਫ਼ਲਸਫ਼ਾ’ ਨਹੀਂ ਹੈ, ਅਤੇ ਨਾ ਹੀ ਕੋਈ ਅਤੀਤ ਦੀਆਂ ਮਾਣ-ਮੱਤੀਆਂ ਸਮਾਜਿਕ,, ਧਾਰਮਿਕ, ਸਭਿਆਚਾਰਕ, ਰਾਜਨੀਤਕ ਅਤੇ ਭਾਵਨਾਤਮਿਕ ਸਾਂਝਾਂ ਵਾਲਾ ਇਤਿਹਾਸ। ਇਸ ਮਾਨਵ-ਵਿਰੋਧੀ, ਗੈਰ-ਕਦੁਰਤੀ ਵਿਚਾਰਧਾਰਾ ਦੀ ਵਰਤੋਂ ਕਰ ਕੇ ਇਹ ਵਿੱਹਲੜ ਅਤੇ ਲੁੱਗੜ ਅਖੌਤੀ ਬ੍ਰਾਹਮਣ ਲਾਬੀ ਆਪਣੇ ਆਪ ਨੂੰ ‘ਜਗਤ ਗੁਰੂ’ ਦੀ ਪਦਵੀ ਦੇ ਕੇ, ਮਨੁੱਖੀ ਸਮਾਜ ਦੀ ਪਿੱਠ ਤੇ ਕਾਠੀ ਪਾ ਕੇ ਅਜਿਹੇ ਵਿਲੱਖਣ ਢੰਗ ਨਾਲ ਸਵਾਰ ਹੋਈ ਬੈਠੀ ਸੀ, ਜਿਸ ਦੇ ਬਰਾਬਰ ਦੀ ਕੋਈ ਮਿਸਾਲ ਮਨੁੱਖੀ ਇਤਿਹਾਸ ਵਿੱਚ, ਭਾਰਤ ਤੋਂ ਸਿਵਾਏ, ਹੋਰ ਕਿਧਰੇ ਵੀ ਨਹੀਂ ਮਿਲਦੀ।
ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਨੂੰ ਇਕ ਅਜਿਹਾ ਵਿਗਿਆਨਿਕ, ਸਰਲ, ਮਨੁੱਖਤਾ ਦੀ ਹਰ ਪੱਖ ਤੋਂ ਬਰਾਬਰਤਾ ’ਤੇ ਆਧਾਰਿਤ, ਸਰਬੱਤ ਦੇ ਭਲੇ ਦਾ ਜ਼ਾਮਨ, ਕਲਿਆਣਕਾਰੀ, ਆਲਮਗੀਰੀ ਫ਼ਲਸਫ਼ਾ ਬਖ਼ਸ਼ਿਸ਼ ਕੀਤਾ ਜਿਸ ਨੇ ਬ੍ਰਾਹਮਣਵਾਦ ਦੇ ਸਾਰੇ ਮਾਨਵ-ਵਿਰੋਧੀ ਅਸੂਲਾਂ ਨੁੰ ਸਿਰੇ ਤੋਂ ਹੀ ਰੱਦ ਕਰ ਦਿੱਤਾ। ਇਹੀ ਕਾਰਨ ਹੈ ਕਿ ਇਹ ਬ੍ਰਾਹਮਣਵਾਦੀ ਲਾਬੀ ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਅਤੇ ਇਸ ਫ਼ਲਸਫ਼ੇ ‘ਤੇ ਆਧਾਰਤ ਸਿਰਜੇ ਗਏ ਸਿੱਖ ਇਤਿਹਾਸ ਨੂੰ ਬ੍ਰਾਹਮਣੀ ਰੰਗ ਵਿਚ ਰੰਗ ਕੇ ਸਿੱਖ ਕੌਮ ਨੂੰ ਭੰਬਲਭੂਸੇ ਵਿਚ ਪਾ ਕੇ, ਬਿਪਰਵਾਦ ਦੇ ਡੂੰਘੇ ਖਾਰੇ ਸਮੁੰਦਰ ਵਿੱਚ ਜਜ਼ਬ ਕਰਨ ਲਈ ਪਹਿਲੇ ਪਾਤਸ਼ਾਹ ਦੇ ਵਕਤ ਤੋਂ ਹੀ ਜੱਥੇਬੰਦ ਹੋ ਕੇ, ਸਿਰ-ਤੋੜ ਯਤਨ ਕਰਦੀ ਆ ਰਹੀ ਹੈ। ਇਸੇ ਲਾਬੀ ਦੇ ਸ਼ਰਾਰਤੀ ਪ੍ਰਭਾਵ ਹੇਠ ਹੀ ਭਾਰਤੀ ਸੰਵਿਧਾਨ ਦੀ ਧਾਰਾ 25 ਵਿਚ ਸਿੱਖਾਂ ਨੂੰ 'ਕੇਸਾਧਾਰੀ ਹਿੰਦੂ' ਦਰਜ ਕੀਤਾ ਹੋਇਆ ਹੈ ਅਤੇ ਹੁਣ ਕਾਫੀ ਅਰਸੇ ਤੋਂ ਹਿੰਦੂਆਂ ਨੂੰ ‘ਸਹਿਜਧਾਰੀ ਸਿੱਖ’ ਕਿਹਾ ਜਾ ਰਿਹਾ ਹੈ।
ਸਿੱਖ ਦੀ ਪਰਿਭਾਸ਼ਾ:
ਗੁਰੂ ਨਾਨਕ ਸਾਹਿਬ ਵਲੋਂ ਆਪਣੇ ਮੁਬਾਰਕ ਕਰ-ਕਮਲਾਂ ਨਾਲ ਕਲਮਬੰਦ ਕੀਤੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ, ਰੱਬੀ ਬਾਣੀ ਵਿੱਚ ਸਿੱਖ ਦੀ ਪਰਿਭਾਸ਼ਾ ਬੜੇ ਸਪਸ਼ਟ ਸ਼ਬਦਾਂ ਵਿੱਚ ਇੰਜ ਬਿਆਨ ਕੀਤੀ ਹੋਈ ਮਿਲਦੀ ਹੈ:
ਬੋਲਹਿ ਸਾਚੁ ਮਿਥਿਆ ਨਹੀ ਰਾਈ।।
ਚਾਲਹਿ ਗੁਰਮੁਖਿ ਹੁਕਮਿ ਰਜਾਈ।।
ਰਹਹਿ ਅਤੀਤ ਸਚੇ ਸਰਨਾਈ।।
(ਮ.1, 227)
ਅਰਥ: ਜੇਹੜੇ ਮਨੁੱਖ ਸ਼ਬਦ-ਗੁਰੂ ਤੋਂ ਅਗਵਾਈ ਹਾਸਿਲ ਕਰ ਕੇ, ਰਜ਼ਾ ਦੇ ਮਾਲਿਕ ਪ੍ਰਭੂ-ਪਿਤਾ ਦੇ ਹੁਕਮ ਅਨੁਸਾਰ (ਸਦਾ-ਥਿਰ ਪ੍ਰਭੂ-ਪਿਤਾ ਦੀ ਸ਼ਰਨ ਵਿੱਚ ਰਹਿ ਕੇ) ਬਿਨਸਣਹਾਰ (ਮਾਇਆ) ਦੇ ਮੋਹ ਦੇ ਪ੍ਰਭਾਵ ਤੋਂ ਨਿਰਲੇਪ ਰਹਿੰਦੇ ਹਨ, ਰਤੀ ਵੀ ਝੂਠ ਨਹੀਂ ਬੋਲਦੇ ਅਤੇ ਸਦਾ ਅਟੱਲ ਰਹਿਣ ਵਾਲੇ ਬੋਲ ਹੀ ਬੋਲਦੇ ਹਨ (ਉਹੋ ਹੀ ਗੁਰੂ ਨਾਨਕ ਸਾਹਿਬ ਦੇ ਸਿੱਖ ਹਨ)।ਹੋਰ ਪ੍ਰਮਾਣ:
ਸੋ ਸਿਖੁ ਸਖਾ ਬੰਧਪੁ ਹੈ ਭਾਈ ਜੇ ਗੁਰ ਕੇ ਭਾਣੇ ਵਿਚਿ ਆਵੈ।।
ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ।।
(ਮ.3, ਪੰ. 601)
ਅਰਥ: ਹੇ ਭਾਈ! ਉਹੀ ਮਨੁੱਖ ਗੁਰੂ (ਸ਼ਬਦ-ਗੁਰੂ) ਦਾ ਸਿੱਖ ਹੈ, ਗੁਰੂ ਦਾ ਮਿੱਤਰ ਹੈ, ਗੁਰੂ ਦਾ ਰਿਸ਼ਤੇਦਾਰ ਹੈ ਜਿਹੜਾ ਗੁਰੂ ਦੇ ਦੱਸੇ ਅਨੁਸਾਰ (ਪ੍ਰਭੂ-ਪਿਤਾ ਦੀ) ਰਜ਼ਾ ਵਿੱਚ (ਹੁਕਮਿ ਵਿੱਚ, ਭਾਣੇ ਵਿਚ) ਤੁਰਦਾ ਹੈ। ਪਰ ਜਿਹੜਾ ਮਨੁੱਖ ਅਪਣੀ ਮਰਜ਼ੀ (ਮਨਮਤਿ) ਅਨੁਸਾਰ ਜੀਵਨ ਬਤੀਤ ਕਰਦਾ ਹੈ, ਉਹ ਪ੍ਰਭੂ-ਪਿਤਾ ਤੋਂ ਵਿੱਛੜ ਕੇ ਦੁੱਖ ਸਹਾਰਦਾ ਹੈ (ਉਹ ਗੁਰੂ ਨਾਨਕ ਸਾਹਿਬ ਦਾ ਸਿੱਖ ਕਦਾਚਿਤ ਨਹੀਂ ਹੋ ਸਕਦਾ)।
ਇਸੇ ਵਿਚਾਰ ਦਾ ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪੰਨੇ ਤੇ ਹੀ ‘ਜਪੁ’ ਬਾਣੀ ਵਿੱਚ ਸਵਾਲ-ਜਵਾਬ ਦੇ ਰੂਪ ਵਿਚ, ਇੰਜ ਖ਼ੁਲਾਸਾ ਕਰਦੇ ਹਨ:
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।।
ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ।।1।।
(ਮ.1, ਪੰ. 1)
ਅਰਥ: ਸਵਾਲ- ਮਨੁੱਖ ਆਦਰਸ਼ਕ ਜੀਵਨ ਵਾਲਾ ਕਿਵੇਂ ਬਣੇ ਅਤੇ ਉਸ ਦੀਆ ਅੱਖਾਂ ਅੱਗੋਂ ਅਗਿਆਨਤਾ ਦੇ ਭੁਲੇਖਿਆਂ ਦਾ ਪਰਦਾ ਕਿਵੇਂ ਹਟੇ?
ਜਵਾਬ: ਰਜ਼ਾ ਦੇ ਮਾਲਿਕ (ਪ੍ਰਭੂ-ਪਿਤਾ) ਦੇ ‘ਹੁਕਮ’ (ਭਾਣੇ, ਰਜ਼ਾ ਨੂੰ ਸਮਝ ਕੇ ਮਿੱਠਾ ਕਰ ਕੇ ਮੰਨ ਕੇ, ਸ੍ਰਿਸ਼ਟੀ ਦੇ ਬ੍ਰਹਮੰਡੀ ਵਰਤਾਰੇ ਲਈ ਉਸ ਵਲੋਂ ਬਣਾਏ ਅਟੱਲ ਨਿਯਮਾਂ ਜਾਂ ਅਟੱਲ ਕਾਨੂੰਨਾਂ ਦਾ) ਅਨੁਸਾਰੀ ਬਣ ਕੇ ਜੀਵਨ ਜਿਊਣ ਨਾਲ ਮਨੁੱਖ ਆਦਰਸ਼ਕ ਜੀਵਨ ਵਾਲਾ ਬਣ ਸਕਦਾ ਹੈ, ਅਤੇ ਉਸ ਦੀਆਂ ਅੱਖਾਂ ਅੱਗੋਂ ਅਗਿਆਨਤਾ ਦੇ ਭੁਲੇਖਿਆਂ ਦਾ ਪਰਦਾ ਹੱਟ ਜਾਂਦਾ ਹੈ (ਉਸ ਦਾ ਮਨੁਖਾ ਜੀਵਨ ਸਫ਼ਲ ਹੋ ਜਾਂਦਾ ਹੈ)।ਹੇ ਨਾਨਕ! ਪ੍ਰਭੂ-ਪਿਤਾ ਨੇ ਇਹ ਅਟੱਲ ਨਿਯਮ, ਸ੍ਰਿਸ਼ਟੀ ਦੀ ਸਿਰਜਨਾਂ ਸਮੇਂ ਨਾਲ ਹੀ ਸਿਰਜ ਕੇ ਲਾਗੂ ਕਰ ਦਿੱਤੇ ਸਨ।
ਇਹਨਾਂ ਦੋ ਪੰਕਤੀਆਂ ਵਿੱਚ ਗੁਰੂ ਨਾਨਕ ਸਾਹਿਬ ਦੇ ਸਮੁੱਚੇ ਫ਼ਲਸਫ਼ੇ ਦਾ ਕੇਂਦਰੀ ਭਾਵ ਹੈ-ਸਮੁੱਚੀ ਗੁਰਮਤਿ ਵਿਚਾਰਧਾਰਾ ਇਸ ਕੇਂਦਰੀ ਸਿਧਾਂਤ ਦੀ ਹੀ ਵੱਖ-ਵੱਖ ਢੰਗਾਂ ਨਾਲ ਵਿਆਖਿਆ ਕਰਦੀ ਹੈ।
ਸੋ ਸੰਖੇਪ ਵਿੱਚ, ਸਿੱਖ ਉਹ ਪ੍ਰਾਣੀ ਹੈ ਜੋ ਗੁਰੂ ਨਾਨਕ ਸਾਹਿਬ ਵਲੋਂ, ਰੱਬੀ ਰਜ਼ਾ ਅਨੁਸਾਰ, ਪ੍ਰਗਟ ਕੀਤੇ (ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ) ਆਲਮਗੀਰੀ ਗੁਰਮਤਿ ਫ਼ਲਸਫ਼ੇ ਦੀ ਅਗਵਾਈ ਅਨੁਸਾਰ ਅਮਲੀ ਤੌਰ ਤੇ ਜੀਵਨ ਜਿਉਂਦਾ ਹੈ।ਗੁਰੂ ਨਾਨਕ ਫ਼ਲਸਫ਼ੇ ਅਨੁਸਾਰ, ਗੁਰੂ ਨਾਨਕ ਸਾਹਿਬ ਦੇ ਦਸਵੇਂ ਜਾਮੇਂ (ਦਸਮੇਸ਼ ਪਿਤਾ) ਵਲੋਂ ਸਿੱਖੀ ਨੂੰ ਸ਼ਮਸ਼ੀਰ ਦੀ ਧਾਰ ਤੇ ਪਰਖ ਕੇ (ਪਰਵਾਨ ਕਰ ਕੇ) ਬਖ਼ਸ਼ਿਸ਼ ਕੀਤੀ ਖੰਡੇ ਦੀ ਪਹੁਲ ‘ਤੇ ਨਿਸ਼ਚਾ ਰੱਖਦਾ ਹੈ, ਹੋਰ ਕਿਸੇ ਮਜ਼੍ਹਬ ਨੂੰ ਨਹੀਂ ਮੰਨਦਾ, ਅਤੇ ‘ਗੁਰੂ ਨਾਨਕ ਫ਼ਲਸਫ਼ੇ’ ਦੇ ਪ੍ਰਤੀਕੂਲ (ਵਿਰੋਧੀ) ਕਿਸੇ ਗ੍ਰੰਥ/ਕਿਤਾਬ ਜਾਂ ਦੇਹਧਾਰੀ ਦੀ ਅਗਵਾਈ ਨੂੰ ਦ੍ਰਿਦ੍ਰੜ੍ਹਤਾ ਨਾਲ ਨਿਕਾਰ ਦਿੰਦਾ ਹੈ।
ਸਿੱਖੀ ਸ਼ੁਰੂ ਕਿਥੋਂ ਹੁੰਦੀ ਹੈ ?
ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਵਿੱਚ ਬਹੁਤ ਸਾਰੇ ਸਿਧਾਂਤ ਅੰਕਿਤ ਕੀਤੇ ਹੋਏ ਹਨ। ਇਨ੍ਹਾਂ ਸਾਰੇ ਸਿਧਾਂਤਾਂ ਨੂੰ ਸਮਝ ਕੇ ਨਿਤਾ-ਪ੍ਰਤੀ ਦੇ ਜੀਵਨ ਵਿਚ ਧਾਰਨ ਲਈ ਕਾਫ਼ੀ ਸਮਾਂ ਲੱਗ ਸਕਦਾ ਹੈ। ਹੁਣ ਸਵਾਲ ਪੈਦਾ ਹੋ ਸਕਦਾ ਹੈ ਕਿ ਕੀ ਇਨ੍ਹਾਂ ਸਾਰੇ ਸਿਧਾਂਤਾਂ ਨੂੰ ਅਮਲੀ ਜੀਵਨ ਅੰਦਰ ਧਾਰਨ ਕਰ ਕੇ ਹੀ ਕੋਈ ਪ੍ਰਾਣੀ ‘ਸਿੱਖ’ ਅਖਵਾ ਸਕਦਾ ਹੈ ਜਾਂ ਕੁਝ ਕੁ ਬੁਨਿਆਦੀ ਗੁਰਮਤਿ ਸਿਧਾਂਤਾਂ ਨੂੰ ਅਪਣਾ ਕੇ ਵੀ ‘ਸਿੱਖ ਕੌਮ’ ਅੰਦਰ ਦਾਖ਼ਲਾ ਲਿਆ ਜਾ ਸਕਦਾ ਹੈ ? ਇਸ ਸਵਾਲ ਦਾ ਜਵਾਬ ਲੱਭਣ ਲਈ ਸਾਨੂੰ ਗੁਰੂ ਨਾਨਕ ਸਾਹਿਬ ਵਲੋਂ ਗੁਰਮਤਿ ਦੇ ਪ੍ਰਚਾਰ ਲਈ ਕੀਤੀਆਂ ਪ੍ਰਚਾਰ ਫੇਰੀਆਂ (ਉਦਾਸੀਆਂ) ਦੇ ਸਮੇਂ ਦਾ ਧਿਆਨ ਨਾਲ ਅਧਿਐਨ ਕਰਨਾ ਪਵੇਗਾ। ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਉਦਾਸੀਆਂ ਦੌਰਾਨ ਤਿੰਨ ਕਰੋੜ ਤੋਂ ਵੀ ਵਧੀਕ (ਉਸ ਵਕਤ ਦੁਨੀਆਂ ਦੀ ਆਬਾਦੀ ਤਕਰੀਬਨ 10-12 ਕਰੋੜ ਹੀ ਸੀ) ਪ੍ਰਾਣੀਆਂ ਨੂੰ ਦੀਖਿਆ ਦੇ ਕੇ ਗੁਰਮਤਿ ਫ਼ਲਸਫ਼ੇ ਦੇ ਧਾਰਨੀ (ਸਿੱਖ) ਬਣਾਇਆ ਸੀ। ਉਹ ਜਿਸ ਜਗ੍ਹਾ ਕੁਝ ਸਮਾਂ ਰੁਕ ਕੇ ਪ੍ਰਚਾਰ ਕਰਿਆ ਕਰਦੇ ਸਨ, ਉਥੇ ਗੁਰਮਤਿ ਫ਼ਲਸਫ਼ੇ ਦੇ ਬੁਨਿਆਦੀ ਸਿਧਾਂਤ ‘ਹੁਕਮ ਰਜ਼ਾਈ ਚਲਣਾ’ ਨੂੰ ਦ੍ਰਿੜ ਕਰਵਾਉਣ ਲਈ ਗੁਰਮਤਿ ਦੇ ਇਨ੍ਹਾਂ ਕੁਝ ਕੁ ਸਿਧਾਂਤਾਂ (ਨਿਯਮਾਂ)ਂ ਦਾ ਵਿਸ਼ੇਸ਼ ਤੌਰ ਤੇ ਖ਼ੁਲਾਸਾ ਕਰਿਆ ਕਰਦੇ ਸਨ:
1. ਧਰਮ ਦੀ (ਸੱਚ ‘ਤੇ ਆਧਾਰਤ) ਦਸਾਂ ਨਹੁੰਆ ਦੀ ਸੁੱਚੀ ਕਿਰਤ ਕਰਨੀ।
2. ਵੰਡ ਛਕਣਾ : ਆਪਣੀ ਧਰਮ ਦੀ ਸੁੱਚੀ ਕਮਾਈ ‘ਚੋਂ ਕੁਝ ਹਿੱਸਾ (ਦਸਵੰਧ ਦੇ ਰੂਪ ਵਿੱਚ) ਲੋੜਵਂੰਦਾਂ, ਬੇ-ਸਹਾਰਾ, ਗਰੀਬਾਂ, ਦੁਖੀਆਂ ਦੀ ਸਹਾਇਤਾ ਅਤੇ ਸਮਾਜ ਭਲਾਈ ਦੇ ਕਾਰਜਾਂ ਵਾਸਤੇ ਵਰਤਣਾ।
3. ਨਾਮ ਜਪਣਾ: ਕਿਰਤ ਕਰਦਿਆਂ, ਪ੍ਰਭੂ-ਪਿਤਾ ਦੇ ਨਿਰਮਲ ਭਉ ਵਿੱਚ ਰਹਿ ਕੇ ਉਸ ਦੀ ‘ਜੀਵਨ-ਦਾਤੀ’ ਮਿੱਠੀ ਯਾਦ ਵਿੱਚ ਰਹਿਣ ਦਾ ਯਤਨ ਕਰਨਾ।
4. ਕੇਸਾਂ-ਰੋਮਾਂ ਨੂੰ ਪਰਮੇਸ਼ਰ ਵਲੋਂ ਸਰੀਰ ਵਾਸਤੇ ਲੋੜੀਂਦੀ ਬਖ਼ਸ਼ਿਸ਼ ਵਜੋਂ ਸਵੀਕਾਰ ਕਰ ਕੇ ਸਾਬਤ ਰੱਖਣਾ। ਕੇਸਾਂ ਦੇ ਸਤਿਕਾਰ ਲਈ ਇਨ੍ਹਾਂ ਨੂੰ ਹਰ ਵੱਕਤ ਦਸਤਾਰ/ਚੁੰਨੀ ਨਾਲ ਢੱਕ ਕੇ ਰੱਖਣਾ।ਕੀ ਮਨੁੱਖੀ ਸਰੀਰ ਦੇ ਕੇਸ-ਰੋਮ ਪ੍ਰਭੂ-ਪਿਤਾ ਦੀ ਰਜ਼ਾ ਅਨੁਸਾਰ ਹੀ ਕੋਈ ਰੋਲ ਅਦਾ ਕਰਨ ਲਈ ਸਰੀਰ ਦਾ ਹਿੱਸਾ ਬਣੇ ਹੋਏ ਹਨ ਜਾਂ ਇਨ੍ਹਾਂ ਨੂੰ ਮਨੁੱਖ ਨੇ ਕਿਸੇ ਗੈਰ-ਕੁਦਰਤੀ ਢੰਗ ਨਾਲ ਪੈਦਾ ਕਰ ਕੇ ਸਰੀਰ ਨਾਲ ਲਗਾਇਆ ਹੋਇਆ ਹੈ? ਪਰਮੇਸ਼ਰ ਅਭੁੱਲ ਹੈ। ਜੇਕਰ ਉਸ ਮਾਲਕ ਨੇ ਇਨ੍ਹਾਂ ਨੂੰ ਮਨੁੱਖੀ ਸਰੀਰ ਦਾ ਹਿੱਸਾ ਬਣਾਇਆ ਹੈ, ਤਾਂ ਇਹ ਗੱਲ ਯਕੀਨੀ ਹੈ ਕਿ ਇਨ੍ਹਾਂ ਨੇ ਸਰੀਰ ਦੀ ਸੰਭਾਲ ਅਤੇ ਮਨੁੱਖ ਦੇ ਵਿਸਮਾਦੀ ਵਿਕਾਸ (ਵਿਗਾਸ) ਵਿੱਚ ਜ਼ਰੂਰ ਹੀ ਕੋਈ ਅਹਿਮ ਰੋਲ ਅਦਾ ਕਰਨਾ ਹੈ। ਸਮਾਂ ਆਵੇਗਾ, ਜਦੋਂ ਵਿਗਿਆਨਕ ਖ਼ੋਜ ਇਸ ਪੱਖ ਦੀ ਪ੍ਰੋੜਤਾ ਕਰੇਗੀ। ਸੋ ਇਹ ਸਮਝਣਾ ਕਿ ਸਾਬਤ-ਸੂਰਤਿ ਰਹਿਣ ਦੀ ਸ਼ਰਤ ਗੁਰੁ ਨਾਨਕ ਸਾਹਿਬ ਨੇ ਆਪਣੇ ਦਸਵੇਂ ਜਾਮੇਂ (ਦਸ਼ਮੇਸ਼ ਪਿਤਾ ਦੇ ਰੂਪ ਵਿੱਚ) ਦੇ ਵਕਤ ਹੀ ਲਗਾਈ ਸੀ, ਇਕ ਬੁਨਿਆਦੀ ਭੁੱਲ ਹੈ ਕਿਉਂਕਿ ਸਮੁੱਚਾ ਗੁਰਮਤਿ ਫ਼ਲਸਫ਼ਾ ਗੁਰੂ ਨਾਨਕ ਸਾਹਿਬ ਨੇ ਆਪਣੇ ਪਹਿਲੇ ਜਾਮਂ ਦੌਰਾਨ ਹੀ ਨਿਸ਼ਚਤ ਕਰ ਦਿੱਤਾ ਸੀ। ਬਾਕੀ ਜਾਮਿਆਂ ਦੇ ਸਮੇਂ ਉਸ ਫ਼ਲਸਫ਼ੇ ਦੇ ਸਿਧਾਂਤਾਂ ਦੀ ਵਿਆਖਿਆ ਹੀ ਕੀਤੀ ਸੀ, ਜਾਂ ਉਨ੍ਹਾਂ ਨੂੰ ਸਥੂਲ ਰੂਪ ਦਿੱਤਾ ਸੀ।
5. ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ : ਪ੍ਰਭੂ-ਪਿਤਾ ਦੀ ਸਿਫ਼ਤ ਸਾਲਾਹ ਕਰਨੀ।
6. ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਝੂਠ, ਝੂਠੀ ਉਸਤਿਤ ( ਚਾਪਲੂਸੀ), ਨਫ਼ਰਤ, ਵੈਰ-ਭਾਵ, ਤੋਂ ਸੁਚੇਤ ਹੋ ਕੇ ਦੂਰ ਰਹਿਣ ਦਾ ਯਤਨ ਕਰਨਾ।
7. ਸਤ, ਸੰਤੋਖ, ਦਇਆ, ਖ਼ਿਮਾ, ਨਿਮਰਤਾ, ਮਿਠਾਸ, ਮਿੱਤਰਤਾਈ, ਸਮ-ਦ੍ਰਿਦ੍ਰਸ਼ਟੀ, ਪਰਉਪਕਾਰ, ਨਿਸ਼ਕਾਮ ਸੇਵਾ ਆਦਿ ਰੱਬੀ ਗੁਣਾਂ ਨੂੰ ਅਮਲੀ ਜੀਵਨ ਵਿਚ ਧਾਰਨ ਲਈ ਤੱਤਪਰ ਰਹਿਣਾ।
8. ਤਮਾਕੂ ਅਤੇ ਹੋਰ ਹਰ ਪਰਕਾਰ ਦੇ ਨਸ਼ੇ ਦੀ ਵਰਤੋਂ ਨਹੀਂ ਕਰਨੀ।
9. ਪਰਾਈ ਇਸਤਰੀ ਜਾਂ ਪਰਾਏ ਪੁਰਸ਼ ਦਾ ਸੰਗ ਨਹੀਂ ਕਰਨਾ, ਪਰਾਏ ਤਨ ਨੂੰ ਮੈਲੀ (ਵਿਕਾਰੀ) ਨਜ਼ਰ ਨਾਲ ਨਹੀਂ ਤੱਕਣਾ।
10. ਕਿਸੇ ‘ਤੇ ਜ਼ੁਲਮ ਜਾਂ ਧੱਕਾ ਨਹੀਂ ਕਰਨਾ, ਪਰਾਇਆ ਹੱਕ ਨਹੀਂ ਮਾਰਨਾ, ਜ਼ੁਲਮ ਅਤੇ ਧੱਕੇ-ਸ਼ਾਹੀ ਵਿਰੁੱਧ ਜਥੇਬੰਦ ਹੋ ਕੇ ਜੱਦੋ-ਜਹਿਦ ਕਰਨਾ।
11. ਕਿਸੇ ਵੀ ਅਵਤਾਰ, ਦੇਵੀ-ਦੇਵਤਾ, ਪਿਤਰਾਂ, ਕੁਦਰਤੀ ਸ਼ਕਤੀਆਂ ਜਾਂ ਪ੍ਰਭੂ ਪਿਤਾ ਦੀ ਕਿਸੇ ਵੀ ਹੋਰ ਰਚਨਾ ਆਦਿ ਦੀ ਪੂਜਾ ਨਹੀਂ ਕਰਨੀ।
12. ਨੇਮ ਨਾਲ ਸਤਿ-ਸੰਗਤਿ ਵਿਚ ਜਾਣਾ।
13. ਬ੍ਰਾਹਮਣ ਵਲੋਂ ਧਰਮ ਦੇ ਨਾਂ ਤੇ ਪ੍ਰਚੱਲਤ ਕੀਤੇ ਸਾਰੇ ਕਰਮ-ਕਾਂਡ, ਵਰਤ-ਨੇਮ, ਜੰਤ੍ਰ-ਮੰਤ੍ਰ, ਟੂਣੇ-ਟਾਮਣ, ਵਰਤ, ਧਾਗੇ-ਤਵੀਜ਼, ਸ਼ਗਨ-ਅਪਸ਼ਗਨ, ਰਸਮੋ-ਰਿਵਾਜ, ਰੀਤਾਂ-ਰਵਾਇਤਾਂ, ਮੂਰਤੀ-ਪੂਜਾ, ਜੋਤਿਸ਼, ਰਾਸ਼ੀ-ਫਲ, ਵਰਨ-ਆਸ਼ਰਮ, ਜ਼ਾਤ-ਪਾਤ, ਥਿਤ-ਵਾਰ ਆਦਿ ਵਹਿਮ-ਭਰਮ ਨਹੀਂ ਮੰਨਣੇ।
14. ਇਸਤਰੀ ਅਤੇ ਪੁਰਸ਼ ਦੋਨਾਂ ਦੇ ਹੱਕ ਬਰਾਬਰ ਹਨ।
15. ਜੀਵਨ ਦੇ ਸਾਰੇ ਕਾਰਜ-ਵਿਹਾਰ, ਬਗੈਰ ਕਿਸੇ ਲੋਕ-ਲਾਜ ਦੇ, ਸਾਦੇ ਢੰਗ ਨਾਲ, ਬਿਨਾਂ ਫਜ਼ੂਲ ਖਰਚੇ ਦੇ ਕਰਨੇ।
16. ਗ੍ਰਹਿਸਥ ਜੀਵਨ ਦੇ ਫ਼ਰਜ਼ ਨਿਭਾਉਂਦਿਆਂ ਹੋਇਆਂ ਪ੍ਰਭੂ-ਪਿਤਾ ਨਾਲ ਜੁੜੇ ਰਹਿਣਾ।
17. ਸਾਦੀ ਪੌਸ਼ਟਿਕ ਖ਼ੁਰਾਕ ਅਤੇ ਸਾਦੀ (ਪੂਰੀ ਤਰ੍ਹਾਂ ਨੰਗੇਜ਼ ਢਕਣ ਵਾਲੀ) ਸੁਖਦਾਇਕ ਪੁਸ਼ਾਕ ਰੱਖਣੀ।
18. ਕਿਸੇ ਦੇਹਧਾਰੀ (ਸੰਤ-ਬਾਬਾ ਵਗੈਰਾ) ਅੱਗੇ ਮੱਥਾ ਨਹੀਂ ਟੇਕਣਾ।
19. ਅਰਦਾਸ ਕੇਵਲ ਪ੍ਰਭੂ-ਪਿਤਾ ਦੇ ਚਰਨਾਂ ਵਿੱਚ ਹੀ ਕਰਨੀ।
20. ਪ੍ਰਭੂ-ਪਿਤਾ ਨੂੰ ਸਾਰੀ ਸ੍ਰਿਸ਼ਟੀ ਦਾ ਸਾਂਝਾ ‘ਮਾਤ-ਪਿਤਾ’ ਸਮਝ ਕੇ ਹਰ ਇੱਕ ਨਾਲ ਭਰਾਤਰੀ ਭਾਵ ਵਾਲੀ ਪਿਆਰ-ਭਾਵਨਾ ਰੱਖਣੀ।
21. ਸਰਬੱਤ ਦਾ ਭਲਾ ਲੋਚਣਾ।
ਸਿੱਖੀ ਦੀ ਸੰਪੂਰਨਤਾਈ ਕਿੱਥੇ ਜਾ ਕੇ ਹੁੰਦੀ ਹੈ ?
ਇਸ ਰਹੱਸ ਨੂੰ ਸਮਝਣ ਲਈ ਇੱਕ ਉਦਾਹਰਣ ਦੀ ਸਹਾਇਤਾ ਲੈਣੀ ਢੁਕਵੀਂ ਪ੍ਰਤੀਤ ਹੁੰਦੀ ਹੈ। ਜਿਵੇਂ ਪਾਣੀ ਸਮੁੰਦਰ ਦੀ ਸਤਹ ਤੋਂ ਸੂਰਜ ਦੀ ਗਰਮੀ ਨਾਲ ਭਾਫ਼ ਬਣ ਕੇ ਉੱਡ ਜਾਂਦਾ ਹੈ, ਅਤੇ ਬਰਫ਼, ਗੜ੍ਹੇ (ਔਲੇ) ਜਾਂ ਬਰਸਾਤ ਦਾ ਰੂਪ ਧਾਰਦਾ ਹੋਇਆ ਚਸ਼ਮਿਆਂ, ਨਾਲਿਆਂ, ਨਦੀਆਂ ਦੀ ਸ਼ਕਲ ਵਿੱਚ ਵਾਪਿਸ ਆਪਣੇ ਮੂਲ-ਸੋਮੇ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਦਾ ਰੂਪ ਹੀ ਧਾਰ ਲੈਂਦਾ ਹੈ, ਠੀਕ ਉਵੇਂ ਹੀ ਜੀਵ ਆਪਣੇ ਮਨ ਦੀ ਮਤਿ ਅਨੁਸਾਰ ਕੀਤੇ ਕਿਰਤ-ਕਰਮਾਂ ਦੇ ਫ਼ਲ ਅਨੁਸਾਰ ਪ੍ਰਭੂ-ਪਿਤਾ ਤੋਂ ਵਿੱਛੜ ਕੇ ਅਣਗਿਣਤ ਜੂਨਾਂ ਵਿੱਚ ਭਟਕ ਕੇ ਦੁੱਖ ਪਾਉਂਦਾ ਹੋਇਆ ਜਦੋਂ ਪ੍ਰਭੂ-ਪਿਤਾ ਦੀ ਬਖ਼ਸ਼ਿਸ਼ ਦੁਆਰਾ ਮਾਣਸ ਦੇਹੀ ਨੂੰ ਪ੍ਰਾਪਤ ਕਰ ਕੇ ਸ਼ਬਦ-ਗੁਰੂ ਦੀ ਅਗਵਾਈ ਹੇਠ, ਪਰਮੇਸ਼ਰ ਦੀ ਰਜ਼ਾ (ਹੁਕਮ) ਨੂੰ ਪਛਾਣ ਕੇ, ਇੱਕੋ ਇੱਕ ਵਾਹਿਦ ਪ੍ਰਭੂ-ਪਿਤਾ ਦੀ ਸ਼ਰਣ ਵਿਚ ਰਹਿ ਕੇ, ਰਜ਼ਾ ਦੇ ਮਾਲਿਕ ਪ੍ਰਭੂ-ਪਿਤਾ ਦੇ ‘ਹੁਕਮ’ ਵਿਚ (ਉਸ ਮਾਲਿਕ ਦੇ ਸ੍ਰਿਸ਼ਟੀ ਦੇ ਪ੍ਰਬੰਧ ਲਈ ਸਿਰਜੇ ਅਤੇ ਲਾਗੂ ਕੀਤੇ ਨਿਯਮਾਂ, ਕਾਇਦੇ-ਕਾਨੂੰਨਾਂ ਦੀ ਪੂਰੀ ਦ੍ਰਿਦ੍ਰੜ੍ਹਤਾ ਨਾਲ ਪਾਲਣਾ ਕਰਦਾ ਹੋਇਆ) ਜੀਵਨ ਜਿਊਂਦਾ ਹੈ :
ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ।।
ਜੋਤੀ ਜੋਤਿ ਰਲੀ ਸੰਪੂਰਨ ਥੀਆ ਰਾਮ।।
(ਮ. 5, ਪੰ. 846)
ਇਥੇ ਆ ਕੇ ਸਿੱਖ ਦੀ ਸਿੱਖੀ ਸੰਪੂਰਨਤਾਈ ਨੂੰ ਪ੍ਰਾਪਤ ਹੋ ਜਾਂਦੀ ਹੈ। ਉਸ ਦੇ ਮਾਇਆ ਦੇ ਮੋਹ (ਬਿਨਸਣਹਾਰ ਦਾ ਮੋਹ) ਦੇ ਜਾਲ ਦੇ ਸਾਰੇ ਬੰਧਨ (ਵਿਕਾਰਾਂ ਦੇ ਬੰਧਨ) ਟੁੱਟ ਜਾਂਦੇ ਹਨ, ਉਹ ‘ਜੀਵਨ-ਮੁਕਤਿ ਹੋ ਜਾਂਦਾ ਹੈ, ਪ੍ਰਭੂ-ਪਿਤਾ ਦੀ ਸਦ-ਵਿਸਮਾਦੀ ਨਿੱਘੀ ਗੋਦ ਵਿੱਚ ਸਦੀਵੀ ਵਾਸਾ ਹਾਸਿਲ ਕਰ ਲੈਂਦਾ ਹੈ।
ਦਰਅਸਲ ਗੁਰੂ ਨਾਨਕ ਸਾਹਿਬ ਨੇ ਉੱਪਰ ਵਰਣਨ ਕੀਤੇ ਮਜ਼੍ਹਬਾਂ ਦੀ ਤਰਜ਼ ‘ਤੇ ਇਕ ਹੋਰ ਮਜ਼੍ਹਬ ਜਾਂ ਮੱਤ ਨਹੀਂ ਚਲਾਇਆ ਬਲਕਿ ਇੱਕ ਅਜਿਹੇ ਸਰਬ-ਦੇਸੀ, ਸਦੀਵ-ਕਾਲੀ, ਲਾਸਾਨੀ ਅਤੇ ਸਰਬ-ਪੱਖੀ ਇਨਕਲਾਬ ਦਾ ਅਰੰਭ ਕੀਤਾ ਹੈ ਜਿਸ ਦੇ ਆਲਮਗੀਰੀ ਫ਼ਲਸਫ਼ੇ ਦਾ ਮਿਸ਼ਨ ਇੱਕ ਆਦਰਸ਼ਕ ਮਨੁੱਖੀ ਸਮਾਜ ਦੀ ਸਿਰਜਨਾ ਕਰ ਕੇ ਧਰਤੀ ‘ਤੇ ‘ਰੱਬੀ-ਧਰਮ’ ਦਾ ਰਾਜ ਕਾਇਮ ਕਰਨਾ ਹੈ। ਇੱਕ ਅਜਿਹੀ ਵਿਲੱਖਣ ਰਾਜ-ਪ੍ਰਣਾਲੀ ਦਾ ਕਾਇਮ ਕਰਨਾ ਹੈ ਜਿਸ ਵਿੱਚ ਕਿਸੇ ਨਾਲ ਵੀ ਰੰਗ, ਨਸਲ, ਲਿੰਗ, ਦੇਸ਼, ਮਜ਼੍ਹਬ, ਕੌਮ ਜਾਂ ਕਿਸੇ ਹੋਰ ਪੱਖ ਤੋਂ ਕੋਈ ਵਿਤਕਰਾ, ਬੇ-ਇਨਸਾਫੀ ਜਾਂ ਧੱਕਾ ਨਹੀਂ ਕੀਤਾ ਜਾਵੇਗਾ। ਗੁਰਬਾਣੀ ਵਿਚ ਇਸ ਰਾਜ-ਪ੍ਰਣਾਲੀ ਨੂੰ ‘ਹਲੇਮੀ ਰਾਜ’ ਜਾਂ ‘ਖ਼ਾਲਸਾ ਰਾਜ’ ਕਿਹਾ ਗਿਆ ਹੈ। ਇਸ ਰਾਜ-ਪ੍ਰਣਾਲੀ ਵਿੱਚ ਕੋਈ ਬਾਦਸ਼ਾਹ, ਰਾਸ਼ਟਰਪਤੀ, ਪ੍ਰਧਾਨ ਮੰਤਰੀ ਜਾਂ ਮੁੱਖ-ਮੰਤਰੀ ਨਹੀਂ ਹੋਵੇਗਾ। ਪਿੰਡ-ਪੱਧਰ ਤੋਂ ਲੈ ਕੇ ਉੱਪਰ ਦੇਸ਼ ਅਤੇ ਕੌਮਾਂਤਰੀ ਪੱਧਰ ਤੱਕ ਖ਼ਾਲਸਾ ਪੰਚਾਇਤੀ ਰਾਜ ਸਿਸਟਮ ਲਾਗੂ ਕੀਤਾ ਜਾਵੇਗਾ। ਸਮੁੱਚੀ ਮਨੁੱਖਤਾ ਇਕੋ-ਇੱਕ ਵਾਹਿਦ ਪ੍ਰਭੂ-ਪਿਤਾ ਦੀ ਹੀ ਪਰਜਾ ਹੋਵੇਗੀ। ਅੱਜ ਮਨੁੱਖਤਾ ਦੇ ਰੂ-ਬ-ਰੂ ਇਸ ਦੇ ਬਰਾਬਰ ਦੀ ਜਾਂ ਇਸ ਤੋਂ ਵਧੀਆ ਹੋਰ ਕੋਈ ਰਾਜ-ਪ੍ਰਣਾਲੀ ਨਹੀਂ ਹੈ ਜਿਸ ਅਧੀਨ ਦੁਨੀਆਂ ਵਿੱਚ ਸਦੀਵੀ ਅਮਨ ਅਤੇ ਇਨਸਾਫ਼ ਦਾ ਜ਼ਾਮਨ ਰਾਜ ਪ੍ਰਬੰਧ ਕਾਇਮ ਕੀਤਾ ਜਾ ਸਕੇ।
ਇਹੀ ਇੱਕ ਬੁਨਿਆਦੀ ਕਾਰਨ ਹੈ ਕਿ ਗੁਰੂ ਨਾਨਕ ਸਾਹਿਬ ਦਾ ਸਰਬ-ਕਲਿਆਣਕਾਰੀ ਅਤੇ ਸਰਬੱਤ ਦੇ ਭਲੇ ਦਾ ਜ਼ਾਮਨ ਫ਼ਲਸਫ਼ਾ ‘ਬ੍ਰਾਹਮਣ-ਬਾਣੀਆ-ਹਾਕਮ’ ਦੀ ਖ਼ੁਦਗਰਜ਼ ਤਿੱਕੜੀ ਨੂੰ ਰਾਸ ਨਹੀਂ ਆ ਰਿਹਾ ਅਤੇ ਇਹ ਤਿੱਕੜੀ ਇਸ ਫ਼ਲਸਫ਼ੇ ਨੂੰ ਅਤੇ ਇਸ ਫ਼ਲਸਫ਼ੇ ਅਧੀਨ ਅਰੰਭ ਹੋਏ, ਉਪਰ ਵਰਣਨ ਕੀਤੇ, ਲਾਸਾਨੀ-ਇਨਕਲਾਬ ਨੂੰ ਸੰਸਾਰ ਵਿਚ ਵਿਕਾਸ ਕਰਨ ਤੋਂ ਰੋਕਣ ਲਈ ਇੱਕ-ਜੁੱਟ ਹੋ ਕੇ, ਪੂਰੇ ਵਿਉਂਤਬੰਦ ਅਤੇ ਜੱਥੇਬਂੰਦ ਢੰਗ ਨਾਲ ਜੰਗੀ-ਪੱਧਰ ਤੇ ਪੰਦਰਵੀਂ ਸਦੀ ਤੋਂ ਹੀ ਲਾਮਬੰਦ ਹੋ ਕੇ ਸਿਰ-ਤੋੜ ਯਤਨ ਕਰਦੀ ਆ ਰਹੀ ਹੈ। ਇਹ ਸ਼ਾਤਰ ਲਾਬੀ ਸਿੱਖ ਕੌਮ ਦੀਆਂ ਅਹਿਮ ਸੰਸਥਾਵਾਂ (ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ, ਚੀਫ਼ ਖ਼ਾਲਸਾ ਦੀਵਾਨ, ਕਈ ਸਿੰਘ-ਸਭਾਵਾਂ, ਗੁਰਦੁਆਰੇ, ਵਗੈਰਾ) ਅਤੇ ਕਈ ਜੱਥੇਬੰਦੀਆਂ ‘ਤੇ ਕਬਜ਼ਾ ਕਰਨ ਵਿੱਚ ਸਫ਼ਲ ਹੋ ਚੁੱਕੀ ਹੈ। ਇਸੇ ਕੇਂਦਰੀ ਸਾਜ਼ਿਸ਼ ਦੀ ਇੱਕ ਕੜੀ ਦੇ ਰੂਪ ਵਿੱਚ ‘ਸਿੱਖ ਦੀ ਪਰਿਭਾਸ਼ਾ’ ਨੂੰ ਵਿਗਾੜ ਕੇ, ਇਹ ਲਾਬੀ ਸਿੱਖ ਕੌਮ ਵਿਚ ਗੈਰ-ਸਿੱਖਾਂ ਦੇ ਦਾਖ਼ਲੇ ਨੂੰ ਕਾਨੂੰਨੀ ਮਾਣਤਾ ਦੁਆ ਕੇ ਸਿੱਖੀ ਨੂੰ ਖ਼ਤਮ ਕਰਨਾ ਚਹੁੰਦੀ ਹੈ। ਜੇਕਰ ਕੋਈ ‘ਸਹਿਜਧਾਰੀ-ਯਹੂਦੀ’, ‘ਸਹਿਜਧਾਰੀ ਬੋਧੀ’, ‘ਸਹਿਜਧਾਰੀ ਜੈਨੀ’, ‘ਸਹਿਜਧਾਰੀ-ਈਸਾਈ’ ਜਾਂ ‘ਸਹਿਜਧਾਰੀ-ਮੁਸਲਮਾਨ’ ਨਹੀਂ ਹੋ ਸਕਦਾ ਤਾਂ ‘ਸਹਿਜਧਾਰੀ ਸਿੱਖ’ ਕਿਵੇਂ ਹੋ ਸਕਦਾ ਹੈ ?
‘ਸਿੱਖ’ ਅਤੇ ‘ਸਹਿਜਧਾਰੀ ਸਿੱਖ’ ਦਾ ਮੌਜੂਦਾ ਅਤੇ ਬੇਲੋੜਾ ਮਸਲਾ ਵੀ ਇਸੇ ਨਾ-ਪਾਕ ਸਾਜਿਸ਼ ਅਧੀਨ ਉਠਾਇਆ ਜਾ ਰਿਹਾ ਹੈ। ਅਸਲ ਵਿੱਚ ਆਰ.ਐਸ. ਐਸ. (ਰਾਸ਼ਟਰੀਆ ਸੋਇਮ-ਸੇਵਕ ਸੰਘ) ਦੇ ਗੁਲਾਮ ਸਿੱਖੀ ਸਰੂਪ ਵਾਲੇ ਸਿਆਸਤਦਾਨ ਅਤੇ ਇਨ੍ਹਾਂ ਸਿਆਸਤਦਾਨਾਂ ਦੇ ਜੀ-ਹਜ਼ੂਰੀਏ ਅਖੌਤੀ ਸਿੱਖ ਧਾਰਮਕ ਆਗੂ (ਪ੍ਰਧਾਨ-ਸ਼੍ਰੋਮਣੀ ਕਮੇਟੀ, ਅਖੌਤੀ ਜੱਥੇਦਾਰ ਤਖ਼ਤ ਸਾਹਿਬਾਨ ਵਗੈਰਾ) ਆਰ.ਐਸ.ਐਸ ਦੇ ਇਸ਼ਾਰਿਆਂ ‘ਤੇ ਇਸ ਮਾਨਵ ਹੱਕਾਂ ਦੀ ਵਿਰੋਧੀ ਜਥੇਬੰਦੀ ਦੇ ਹੱਥ-ਠੋਕੇ ਬਣ ਕੇ, ਸਿੱਖ ਕੌਮ ਨੂੰ ਖ਼ਤਮ ਕਰਨ ਤੇ ਤੁਲੇ ਹੋਏ ਹਨ। ਇਸੇ ਕਰਕੇ ਗੁਰੂ ਨਾਨਕ ਫ਼ਲਸਫ਼ੇ ਦੇ ਇਨ੍ਹਾਂ ਗਦਾਰਾਂ ਨੇ ਗੁਰੂ ਨਾਨਕ ਸਾਹਿਬ ਨੂੰ ਹੀ ਬੜੀ ਬੇਸ਼ਰਮੀ ਨਾਲ ਚੁਣੌਤੀ ਦੇ ਕੇ ਮੌਜੂਦਾ ਸਿੱਖ ਦੀ ਪਰਿਭਾਸ਼ਾ ਵਾਲਾ ਹਲਫ਼ਨਾਮਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ 5.12.2008 ਨੂੰ ਦਾਖ਼ਲ ਕੀਤਾ ਹੈ। ਜੇਕਰ ਅਜੇ ਵੀ ਗੁਰੁ ਨਾਨਕ ਸਾਹਿਬ ਪ੍ਰਤੀ ਇਨ੍ਹਾਂ ਅਖੌਤੀ ਸਿੱਖ ਅਹੁਦੇਦਾਰਾਂ ਅੰਦਰ ਕੋਈ ਮਾੜੀ-ਮੋਟੀ ਸ਼ਰਧਾ ਹੈ, ਤਾਂ ਇਸ ਦੇ ਸਬੂਤ ਵਜੋਂ ਇਨ੍ਹਾਂ ਨੂੰ ਘੱਟੋ-ਘੱਟ ਸਮੁੱਚੀ ਸਿੱਖ ਕੌਮ ਤੋਂ ਲਿਖਤੀ ਰੂਪ ਵਿੱਚ ਇਸ ਕਾਲੀ ਕਰਤੂਤ ਲਈ ਮੁਆਫ਼ੀ ਮੰਗ ਕੇ ਆਪੋ-ਆਪਣੇ ਅਹੁਦਿਆਂ ਤੋਂ ਜ਼ਿੰਦਗੀ ਭਰ ਲਈ ਦੂਰ ਰਹਿਣ ਦਾ ਪ੍ਰਣ ਕਰਨਾ ਚਾਹੀਦਾ ਹੈ। ਕੀ ਇਹ ‘ਭਦਰ ਪੁਰਸ਼’ ਅਜਿਹਾ ਕਰਨ ਦੀ ਇਖ਼ਲਾਕੀ ਜ਼ੁਰਅੱਤ ਕਰ ਸਕਣਗੇ ? ਇਨ੍ਹਾਂ ਵਲੋਂ ਅਜਿਹਾ ਕ੍ਰਿਸ਼ਮਾ ਕਰ ਸਕਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ।
‘ਸੌ ਹੱਥ ਰੱਸਾ ਸਿਰੇ ਤੇ ਗੰਢ’। ਸਿੱਖ ਦੀ ਪਰਿਭਾਸ਼ਾ ਨੂੰ ਸਿੱਖ ਕੌਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਆਪਣੇ ਮੁਬਾਰਕ ਕਰ-ਕਮਲਾਂ ਨਾਲ ਆਪ ਹੀ ਆਪਣੇ ਫ਼ਲਸਫ਼ੇ ਅੰਦਰ ਦਰਜ ਕਰ ਦਿੱਤਾ ਹੋਇਆ ਹੈ ਅਤੇ ਇਹ ਫ਼ਲਸਫ਼ਾ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਤੀ ਰੂਪ ਵਿੱਚ ਸਾਡੇ ਪਾਸ ਹੈ। ਗੁਰੂ ਸਾਹਿਬ ਵਲੋਂ ਮੁਕੱਰਰ ਕੀਤੀ ਸਿੱਖ ਦੀ ਇਸ ਪਰਿਭਾਸ਼ਾ ਨਾਲ ਛੇੜ-ਛਾੜ ਕਰਨ ਦਾ ਨਾ ਤਾਂ ਕਿਸੇ ਸੰਸਥਾ, ਜੱਥੇਬੰਦੀ ਜਾਂ ਵਿਅਕਤੀ-ਵਿਸ਼ੇਸ਼ ਨੂੰ ਹੀ ਕੋਈ ਅਧਿਕਾਰ ਹੈ, ਅਤੇ ਨਾ ਹੀ ਕਿਸੇ ਹਕੂਮਤ ਜਾਂ ਅਦਾਲਤ ਨੂੰ। ਇਸ ਬੁਨਿਆਦੀ ਮਸਲੇ ਬਾਰੇ ਕਿਸੇ ਧਿਰ ਨੂੰ ਵੀ ਕੋਈ ਸ਼ੱਕ-ਸ਼ੁਭਾ ਨਹੀਂ ਹੋਣਾ ਚਾਹੀਦਾ। ਮਨੁੱਖਤਾ ਦੀ ਭਲਾਈ ਇਸੇ ਵਿੱਚ ਹੀ ਹੈ।