Subscription About Us Contact Us


ਅੱਤਵਾਦ ਉਪਜਣ ਦੇ ਕਾਰਨ ਤੇ ਇਨ੍ਹਾਂ ਦਾ ਹੱਲ

- ਗੁਰਮੇਲ ਸਿੰਘ ਖ਼ਾਲਸਾ, ਲੁਧਿਆਣਾ -
ਫੋਨ : 9914701469

ਕਿਸੇ ਨੂੰ ਡਰਾ ਧਮਕਾ ਕੇ, ਮਾਰ ਕੇ ਜਾਂ ਮਰ ਕੇ ਆਪਣੀ ਮੰਗ ਮਨਵਾਉਣ ਨੂੰ ਅੱਤਵਾਦ ਕਹਿ ਸਕਦੇ ਹਾਂ। ਅੱਤਵਾਦ ਦੇ ਕਈ ਕਾਰਨ ਹੋ ਸਕਦੇ ਹਨ। ਮੁੱਖ ਕਾਰਨ ਇਹ ਹਨ : ਧਾਰਮਿਕ, ਆਰਥਿਕ, ਸਮਾਜਕ ਤੇ ਰਾਜਨੀਤਕ। ਧਾਰਮਿਕ ਅੱਤਵਾਦ ਦੇ ਕਾਰਨਾਂ ਵਿਚ ਕਿਸੇ ਦੂਜੇ ਦੇ ਧਰਮ ਵਿਚ ਦਖਲ ਦੇਣਾ ਜਾਂ ਕਿਸੇ ਦੂਜੇ ਦੇ ਧਰਮ ਨੂੰ ਹਾਨੀ ਪਹੁੰਚਾਉਣੀ, ਉਨ੍ਹਾਂ ਨੂੰ ਧੱਕੇ ਨਾਲ ਜਾਂ ਡਰਾ ਧਮਕਾ ਕੇ ਉਹਨਾਂ ਨੂੰ ਆਪਣੇ ਧਰਮ ਵਿਚ ਸ਼ਾਮਲ ਕਰਨਾ ਹੀ ਅੱਤਵਾਦੀ ਕਾਰਵਾਈ ਹੈ। ਆਰਥਿਕ ਅੱਤਵਾਦ ਜਦੋਂ ਕਦੇ ਕੋਈ ਚਲਾਕੀਆਂ ਨਾਲ ਜਨਤਾ ਨੂੰ ਲੁੱਟਦਾ ਰਹੇ, ਇਸ ਲੁੱਟ ਦੇ ਧਨ ਨਾਲ, ਵੋਟਰਾਂ ਨੂੰ ਭਰਮਾ ਕੇ, ਰਾਜਸੱਤਾ ਤੇ ਕਾਬਜ ਹੋ ਕੇ ਅਗਲੀ ਚੋਣ ਲਈ ਲੁੱਟ ਨਾਲ ਧਨ ਇਕੱਠਾ ਕਰਨਾ ਆਰਥਕ ਅੱਤਵਾਦ ਹੈ। ਬਹੁਮਤ ਦੇ ਨਸ਼ੇ ਵਿਚ ਘੱਟ ਗਿਣਤੀਆਂ ਨੂੰ ਖਤਮ ਕਰਨਾ ਰਾਜਨੀਤਕ ਅੱਤਵਾਦ ਹੈ। ਸਮਾਜਕ ਅੱਤਵਾਦ ਸਮਾਜ ਨੂੰ ਊਚ-ਨੀਚ ਵਿਚ ਵੰਡ ਕੇ ਨੀਚਾਂ ਨੂੰ ਅਛੂਤ ਗਰਦਾਨ ਕੇ ਉਹਨਾਂ ਤੋਂ ਬਿਗਾਰ ਵਿਚ ਕੰਮ ਕਰਵਾ ਕੇ ਭੀ ਉਨ੍ਹਾਂ ਨਾਲ ਨਫ਼ਰਤ ਕਰਨ ਨੂੰ ਸਮਾਜਕ ਅੱਤਵਾਦ ਕਹਿ ਸਕਦੇ ਹਾਂ।

ਇਸੇ ਤਰੀਕੇ ਨਾਲ ਹੋਰ ਭੀ ਕਈ ਕਾਰਨ ਹੋ ਸਕਦੇ ਹਨ। ਸੰਸਾਰ ਤੇ ਆਪਣੀ ਧੌਂਸ ਜਮਾਉਣ ਖਾਤਰ, ਆਪ ਤਾਂ ਖਤਰਨਾਕ ਹਥਿਆਰ ਬਣਾਈ ਜਾਣਾ ਅਤੇ ਹੋਰਨਾਂ ਦੇਸ਼ਾਂ ’ਤੇ ਹਥਿਆਰ ਖਰੀਦਣ/ ਬਣਾਉਣ ਦੀ ਪਾਬੰਦੀ ਲਗਾਉਣਾ ਭੀ ਅੱਤਵਾਦ ਹੈ। ਕਿਸੇ ਦੂਸਰੇ ਦੇਸ਼ ਦੇ ਕੁਦਰਤੀ ਪਦਾਰਥਾਂ ਨੂੰ ਲੁੱਟਣ ਲਈ ਹਮਲੇ ਆਦਿ ਕਰਨਾ ਭੀ ਅੱਤਵਾਦੀ ਕਾਰਵਾਈ ਹੈ। ਕਿਸੇ ਦੂਸਰੇ ਦੇਸ਼ ਨੂੰ ਕਮਜ਼ੋਰ ਕਰਨਾ, ਉਸ ਦੇਸ਼ ਨੂੰ ਵੰਡਣਾ ਭੀ ਅੱਤਵਾਦੀ ਕਾਰਵਾਈ ਹੈ। ਅੱਜ ਇਕ ਹਿਰਨ ਨੂੰ ਮਾਰਨ ’ਤੇ ਤਾਂ ਸਜਾ ਹੋ ਸਕਦੀ ਹੈ ਪਰ ਹਜਾਰਾਂ ਮਨੁੱਖਾਂ ਦੇ ਕਤਲ ਦੀਆਂ ਸਾਜਸ਼ਾਂ ਕਰਨ ਵਾਲੇ ਸਿਆਸਤਦਾਨਾਂ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ। ਅੱਜ ਦੇ ਮਨੁੱਖ ਦੀ ਇਹੀ ਤਰਾਸਦੀ ਹੈ। ਇਹ ਅੱਤਵਾਦ ਦੀ ਸਿਖਰ ਹੈ।

ਭਾਰਤਵ ਵਿੱਚ ਕਹਿਣ ਨੂੰ ਤਾਂ 26/11/08 ਦਾ ਅੱਤਵਾਦੀ ਹਮਲਾ ਸਭ ਤੋਂ ਭਿਆਨਕ ਹੈ ਪਰ ਅਸਲ ਵਿਚ ਇੱਥੇ ਇਸ ਤੋਂ ਭੀ ਬੇਹੱਦ ਭਿਆਨਕ ਅਤਵਾਦੀਘਟਨਾਵਾਂ ਵਾਪਰ ਚੁੱਕੀਆਂ ਹਨ ਜਿਵੇਂ ਕਿ 1984 ਵਿਚ ਬਹੁਗਿਣਤੀ ਕੌਮ ਵਲੋਂ ਸਿੱਖਾਂ ਦਾ ਕੀਤਾ ਦਰਦਨਾਕ ਕਤਲੇਆਮ। ਇਹ ਸਭ ਤੋਂ ਵੱਡੀ ਅੱਤਵਾਦੀ ਕਾਰਵਾਈ ਸੀ। ਇਸ ਘਟਨਾ ਵਿਚ ਤਿੰਨ ਦਿਨਾਂ ਵਿਚ ਹੀ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਹੋਇਆ। ਇਸ ਤੋਂ ਭੀ ਭਿਆਨਕ ਗੱਲ ਇਹ ਕਿ ਹਜ਼ਾਰਾਂ ਸਿੱਖਾਂ ਦੇ ਲੱਖਾਂ ਕਾਤਲਾਂ ਨੂੰ ਕਿਸੇ ਕਿਸਮ ਦੀ ਸਜ਼ਾ ਨਹੀਂ ਹੋਈ। ਉਲਟਾ ਕਾਤਲਾਂ ਦੇ ਲੀਡਰ ਰਾਜ-ਸੁੱਖ ਭੋਗ ਰਹੇ ਹਨ।

ਇਸੇ ਤਰ੍ਹਾਂ 2002 ਵਿਚ ਬਹੁਮਤ ਵਾਲਿਆਂ ਨੇ ਗੁਜਰਾਤ ਵਿਚ ਮੁਸਲਮਾਨਾਂ ਦਾ ਕਤਲੇਆਮ ਕੀਤਾ। ਬਹੁਮੱਤ ਵਾਲਿਆਂ ਨੇ ਦੁਬਾਰਾ ਆਪਣੀ ਹੈਂਕੜ ਦਾ ਪ੍ਰਗਟਾਵਾ ਕੀਤਾ ਸੀ। 2008 ਵਿਚ ਉੜੀਸਾ ਵਿਚ ਇਸਾਈਆਂ ਦਾ ਕਤਲੇਆਮ ਕੀਤਾ ਗਿਆ। ਇਨ੍ਹਾਂ ਘਟਨਾਵਾਂ ਅੱਗੇ 26/11/08 ਦੀ ਮੁੰਬਈ ਦੀ ਘਟਨਾ ਨੂੰ ਰੱਖ ਕੇ ਦੇਖਿਆ ਜਾਏ ਤਾਂ ਇਹ ਘਟਨਾ ਕੁਝ ਭੀ ਨਹੀਂ ਲੱਗੇਗੀ।

ਕਿਕਰਾਂ ਬੀਜ ਕੇ ਬ੍ਰਹਾਮਣਵਾਦੀ ਬਿਜੌਰ ਦੇਸ਼ ਦੀਆਂ ਦਾਖਾਂ ਭਾਲਦੇ ਹਨ। ਕਤਾਉਂਦੇ ਫਿਰਦੇ ਹਨ ਉਨ ਅਤੇ ਪਹਿਨਣਾ ਚਾਹੁੰਦੇ ਹਨ ਰੇਸ਼ਮ। ਪਾਲਦੇ ਭੇਡਾਂ, ਭਾਲਦੇ ਹਨ ਰੇਸ਼ਮੀ ਕਪੜੇ। ਚੰਗਾ ਕਰਨਗੇ ਤਾਂ ਚੰਗਾ ਫਲ ਪ੍ਰਾਪਤ ਹੋਵੇਗਾ। ਜੇ ਮਾੜਾ ਕਰਨਗੇ ਤਾਂ ਮਾੜਾ ਫਲ ਪ੍ਰਾਪਤ ਹੋਵੇਗਾ। ਇਹ ਤਾਂ ਕੁਦਰਤ ਦਾ ਸਿਧਾਂਤ ਹੈ। ਹਰ ਕਿਸੇ ਦੀ ਸਮਝ ਵਿਚ ਆਉਣ ਵਾਲਾ ਹੈ। ਹੁਣ ਰੌਲਾ ਪਾਇਆ ਜਾ ਰਿਹਾ ਕਿ ਅੱਤਵਾਦ ਪੈਦਾ ਹੋ ਗਿਆ। ਅਸੀਂ ਵੀ ਮੰਨਦੇ ਹਾਂ ਕਿ ਅੱਤਵਾਦ ਪੈਦਾ ਹੋ ਗਿਆ ਹੈ। ਪਰ ਜੇ ਅੱਤਵਾਦ ਬੀਜਿਆ ਗਿਆ ਤਾਂ ਹੀ ਤਾਂ ਪੈਦਾ ਹੋਇਆ ਹੈ। ਇਹ ਬ੍ਰਾਹਮਣਵਾਦੀਆਂ ਦੇ ਕੀਤੇ ਦਾ ਹੀ ਫਲ ਹੈ।

ਬ੍ਰਾਹਮਣਵਾਦੀ ਨੀਤੀਵਾਨ ਚਾਣਕੀਆ ਨੇ ਕਿਸੇ ਵੇਲੇ ਇਕ ਨੀਤੀ ਦਿੱਤੀ ਸੀ ਕਿ ਅਗਰ ਤੁਸੀਂ ਦਲਿਤਾਂ ਅਤੇ ਘੱਟ ਗਿਣਤੀਆਂ ਤੇ ਸਦੀਵੀਂ ਰਾਜ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਕੋਲ ਧਨ ਜਮਾ ਨਾ ਹੋਣ ਦਿਉ। ਧਨ ਤੁਸੀਂ ਆਪ ਜਮਾ ਕਰੋ। ਉਹ ਉੱਚ ਵਿਦਿਆ ਪ੍ਰਾਪਤ ਨਾ ਕਰ ਸਕਣ। ਉਨੂੰਚ ਵਿਦਿਆ ਤੁਸੀਂ ਆਪ ਪ੍ਰਾਪਤ ਕਰੋ। ਫਿਰ ਰਾਜ ਸੱਤਾ ਦੀ ਕੁੰਜੀ ਤੁਹਾਡੇ ਕੋਲ ਰਹੇਗੀ। ਭਾਰਤ ਦੇ ਮੰਨੂਵਾਦੀ ਇਸੇ ਨੀਤੀ ਤੇ ਚਲ ਰਹੇ ਹਨ। ਦਲਿਤਾਂ ਅਤੇ ਘੱਟ ਗਿਣਤੀਆਂ ਕੌਮਾਂ ਵਿਚ ਰੋਸ ਆਉਣਾ ਕੁਦਰਤੀ ਹੈ। ਇਹੀ ਤਾਂ ਅੱਤਵਾਦ ਦਾ ਕਾਰਨ ਹੈ।

ਮੁੰਬਈ ਹਮਲੇ ਤੋਂ ਬਾਅਦ ਲੋਕ ਸਭਾ ਵਿਚ ਬਹਿਸ ਦੌਰਾਨ ਸਿਆਸੀ ਆਗੂਆਂ ਨੇ ਅੱਤਵਾਦ ਬਾਰੇ ਬੋਲਦਿਆਂ ਆਪਣਾ ਨਜ਼ਲਾ ਪਾਕਿਸਤਾਨ ’ਤੇ ਝਾੜਿਆ। ਅਸਲ ਕਾਰਨ ਸਾਰੇ ਜਾਣਦੇ ਹਨ। ਸਮਾਂ ਵੋਟਾਂ ਦਾ ਹੈ। ਕੋਈ ਭੀ ਸੱਚ ਬੋਲ ਕੇ ਆਪਣੀਆਂ ਵੋਟਾਂ ਖਰਾਬ ਨਹੀਂ ਕਰਨਾ ਚਾਹੁੰਦਾ। ਫਿਰ ਵੀ ਕੇਂਦਰ ਸਰਕਾਰ ਦੇ ਇਕ ਮੰਤਰੀ ਏ.ਆਰ. ਅੰਤੁਲੇ ਸਾਹਿਬ ਨੇ ਸੰਸਦ ਵਿਚ ਪੁੱਛ ਲਿਆ ਕਿ ਅੱਤਵਾਦੀ ਹਮਲਾ ਤਾਂ ਤਾਜ ਹੋਟਲ, ਉਬਰਾਏ ਹੋਟਲ ਅਤੇ ਨਾਰੀਮਾਨ ਹੋ ਰਿਹਾ ਸੀ ਅਤੇ ਏ.ਟੀ.ਐਸ. ਦੇ ਸੀਨੀਅਰ ਅਫਸਰਾਂ ਨੂੰ ਉਲਟੇ ਪਾਸੇ ਜਾਣ ਦੇ ਹੁਕਮ ਕਿਸ ਨੇ ਦਿਤੇ? ਇਤਨੀ ਗਲ ਤੇ ਸਾਰੇ ਸੰਘ ਪਰਿਵਾਰ ਦੇ ਸੰਗਠਨ ਸ੍ਰੀ ਅੰਤੁਲੇ ਦੇ ਪਿੱਛੇ ਪੈ ਗਏ।

ਇਸ ਸਬੰਧ ਵਿਚ ਗੁਰਬਾਣੀ ਦਾ ਫੁਰਮਾਣ ਹੈ:

ਪਉੜੀ
ਜਿਨਾ ਅੰਦਰਿ ਕੂੜੁ ਵਰਤੈ ਸਚ ਨ ਭਾਵਈ।।
ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ।।
(ਪੰਨਾ 646)

ਜਿਨ੍ਹਾਂ ਦੇ ਅੰਦਰ ਝੂਠ ਭਰਿਆ ਹੋਵੇ, ਉਹਨਾਂ ਨੂੰ ਸੱਚ ਚੰਗਾ ਈ ਨਹੀਂ ਲਗਦਾ। ਜੇ ਕੋਈ ਸੱਚ ਬੋਲ ਪਵੇ ਤਾਂ ਝੂਠਾ ਸੜ-ਭੁਜ ਜਾਂਦਾ ਹੈ। ਝੂਠਿਆਂ ਨੇ ਤਾਂ ਝੂਠ ਨਾਲ ਹੀ ਰਜਣਾ ਹੁੰਦਾ ਹੈ, ਜਿਵੇਂ ਕਾਂ ਗੰਦਗੀ ਖਾ ਕੇ ਰੱਜਦਾ ਹੈ।

ਭਾਰਤ ਦਾ ਦੁਰਭਾਗ ਹੈ ਕਿ ਬ੍ਰਾਹਮਣਵਾਦੀ ਨਾ ਤਾਂ ਗੁਰੂ ਨਾਨਕ ਵਾਲੇ ਪਾਸੇ ਆਪ ਜਾਂਦੇ ਹਨ ਤੇ ਨਾ ਕਿਸੇ ਨੂੰ ਜਾਣ ਹੀ ਦੇਂਦੇ ਹਨ। ਭਾਰਤਵਰਸ਼ ਨੂੰ ਹਿੰਦੂ ਅੱਤਵਾਦੀਆਂ ਨੇ ਅਗਵਾ ਕਰ ਲਿਆ ਹੈ। ਭਾਰਤ ਦੀਆਂ ਸਾਰੀਆਂ ਨਾਜ਼ਕ ਪਦਵੀਆਂ ਤੇ ਇਹਨਾਂ ਅੱਤਵਾਦੀਆਂ ਦਾ ਹੀ ਦਬਦਬਾ ਹੈ। ਸਰਕਾਰਾਂ ਤਾਂ ਬਦਲ ਜਾਂਦੀਆਂ ਹਨ ਪਰ ਉਹ ਅਧਿਕਾਰੀ ਨਹੀਂ ਬਦਲੇ ਜਾ ਸਕਦੇ। ਨਾਂ ਹੀ ਉਹ ਕਿਸੇ ਦੀ ਪਕੜ ਵਿਚ ਆ ਸਕਦੇ ਹਨ। ਭਾਰਤੀ ਸੰਸਦ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਅਪਰਾਧੀ ਬਿਰਤੀ ਦੇ ਸਾਂਸਦ ਭਰੇ ਪਏ ਹਨ। ਇਹਨਾਂ ਅਧਿਕਾਰੀਆਂ ਅਤੇ ਅਪਰਾਧੀ ਬਿਰਤੀ ਦੇ ਸਾਂਸਦਾਂ ਦੀ ਆਪਸੀ ਗੰਢ-ਤੁੱਪ ਹੈ। ਇਹ ਇਕ-ਦੂਜੇ ਦੀ ਪਿੱਠ ਤੇ ਰਹਿੰਦੇ ਹਨ। ਦੇਸ਼ ਨੂੰ ਲੁੱਟਣ ਦਾ ਇਹੀ ਸੌਖਾ ਤਰੀਕਾ ਹੈ। ਜਦੋਂ ਭੀ ਇਹਨਾਂ ਨੂੰ ਮੌਕਾ ਮਿਲਦਾ ਹੈ ਤਾਂ ਆਪਣੀ ਮਨ-ਮਰਜ਼ੀ ਦਾ ਅਧਿਕਾਰੀ ਆਪਣੀ ਮਨ-ਪਸੰਦ ਪਦਵੀ ਤੇ ਤੈਨਾਤ ਕਰ ਲੈਂਦੇ ਹਨ ਜਾਂ ਕਰਵਾ ਲੈਂਦੇ ਹਨ। ਲੁੱਟ ਦਾ ਮਾਲ ਆਪਸ ਵਿਚ ਵੰਡ ਵੰਡਾਉਦੇ ਰਹਿੰਦੇ ਹਨ। ਇਸੇ ਨੂੰ ਇਹ ਦੇਸ਼ ਭਗਤੀ ਆਖਦੇ ਹਨ। ਇਹ ਇਕ-ਦੂਜੇ ਦੇ ਗੁਣ ਗਾਉਂਦੇ ਗਵਾਉਂਦੇ ਰਹਿੰਦੇ ਹਨ। ਆਮ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੇ ਦਿਮਾਗ ਵਿਚ ਬੈਠਾਇਆ ਜਾਂਦਾ ਹੈ ਕਿ ਸਿੱਖ, ਮੁਸਲਮ, ਦਲਿਤ ਤੇ ਇਸਾਈ ਗੱਦਾਰ ਹਨ। ਵੱਖਵਾਦੀ ਹਨ।

ਜ਼ਰਾ ਸੋਚੋ, 1984 ਸਿੱਖਾਂ ਦਾ ਕਤਲੇਆਮ। ਗੁਜਰਾਤ ਵਿਚ 2002 ਵਿਚ ਮੁਸਲਮਾਨਾਂ ਦਾ ਕਤਲੇਆਮ। 2008 ਵਿਚ ਇਸਾਈਆਂ ਦਾ ਕਤਲੇਆਮ ਅਤੇ ਦਲਿਤਾਂ ਦਾ ਮੂਕ ਕਤਲੇਆਮ ਤਾਂ ਸਦੀਆਂ ਤੋਂ ਹੋ ਰਿਹਾ ਹੈ। ਇਹ ਕਤਲੇਆਮ ਕੌਣ ਕਰ/ਕਰਵਾ ਰਿਹਾ ਹੈ? ਬਿਪਰਵਾਦੀ ਕਰ/ਕਰਵਾ ਰਹੇ ਹਨ। ਇਸ ਤੋਂ ਬਚਣ ਦਾ ਸਥਾਈ ਤਰੀਕਾ ਸਿਰਫ਼ ਇਹੀ ਹੈ ਕਿ ਇਹ ਸਭ ਇਕੱਠੇ ਹੋ ਜਾਣ।

ਮੁੰਬਈ ਦੇ ਕਥਿਤ ‘ਅੱਤਵਾਦੀ ਹਮਲੇ’ ਵਿਚ ਅੱਤਵਾਦੀ ਵਿਰੋਧੀ ਦਸਤੇ (ਂੳਛ) ਦੇ ਮੁੱਖ ਅਫਸਰ ਮਾਰੇ ਗਏ ਜਿਨ੍ਹਾਂ ਵਿਚ ਮੁਖੀ ਹੇਮੰਤ ਕਰਕਰੇ, ਐਨਕਾਂਉਟਰ ਸਪੈਸ਼ਲਿਸਟ ਵਿਜੈ ਸਾਲਸਕਰ ਅਤੇ ਏ.ਸੀ.ਪੀ. ਅਸ਼ੋਕ ਕਾਸਟੇ ਸਨ। ਇਹ ਹੇਮੰਤ ਕਰਕਰੇ (ਵਾਲੀ ਟੀਮ) ਹਿੰਦੂ ਅੱਤਵਾਦੀ ਨੈਟਵਰਕ ਦਾ ਪਰਦਾ ਫਾਸ਼ ਕਰਨ ਵਿਚ ਰੁੱਝੀ ਹੋਈ ਸੀ। ਹੇਮੰਤ ਕਰਕਰੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ ਅਤੇ ਮਾਰੇ ਭੀ ਗਏ। ਬਹੁਤ ਸਾਰੇ ਦੇਸ਼ਵਾਸੀਆਂ ਨੂੰ ਸ਼ੱਕ ਹੈ ਕਿ ਇਹ ਹਮਲਾ ਬਿਪਰਾਂ ਦੀ ਮਰਜ਼ੀ ਨਾਲ ਹੋਇਆ ਸੀ। ਇਸ ਹਮਲੇ ਦਾ ਮਕਸਦ ਸੀ: ਉਹਨਾਂ ਅਫਸਰਾਂ ਨੂੰ ਮਾਰਨਾ ਜਿਹੜੇ ਸਾਧਵੀ ਪ੍ਰਗਿਆ ਠਾਕੁਰ, ਕਰਨਲ ਪ੍ਰੋਹਿਤ ਆਦਿ ਦੀ ਤਫਦੀਸ਼ ਕਰ ਰਹੇ ਸਨ। ਇਸ ਦੇ ਬਹੁਤ ਸਾਰੇ ਸਬੂਤ ਮਿਲ ਰਹੇ ਹਨ। ਅਰੁਣ ਜਾਧਵ ਚਸ਼ਮਦੀਦ ਗਵਾਹ ਦੇ ਟੈਲੀਵਿਜ਼ਨ ਤੇ ਦਿਤੇ ਬਿਆਨਾਂ ਨੂੰ ਧਿਆਨ ਨਾਲ ਵਾਚਣ ਤੇ ਇਹ ਸਾਰੀ ਕਾਰਵਾਈ ਸ਼ੱਕੀ ਹੋ ਜਾਂਦੀ ਹੈ। ਹੋਰ ਭੀ ਕਈ ਉਦਾਹਰਣਾਂ ਹਨ। ਇਹਨਾਂ ਨੇ ਲੋਕਾਂ ਦਾ ਧਿਆਨ ਸਾਧਵੀ ਪ੍ਰਗਿਆ ਠਾਕੁਰ ਆਦਿ ਵਲੋਂ ਹਟਾ ਕੇ, ਪਾਕਿਸਤਾਨ ਵਲ ਨੂੰ ਲਗਾਉਣਾ ਸੀ, ਜਿਸ ਵਿਚ ਇਹ ਕਾਫੀ ਹੱਦ ਤਕ ਸਫਲ ਭੀ ਹੋ ਗਏ।

ਸਿੱਖਾਂ, ਮੁਸਲਮਾਨਾਂ, ਦਲਿਤ ਤੇ ਇਸਾਈਆਂ ਦੇ ਕਾਤਲ ਰਾਜ-ਸੁੱਖ ਭੋਗ ਰਹੇ ਹਨ। ਇੱਧਰ 26/11/08 ਦੀ ਘਟਨਾ ਨੂੰ ਅਧਾਰ ਬਣਾ ਕੇ ਦੋ ਦੇਸ਼ਾਂ ਵਿਚ ਯੁੱਧ ਕਰਵਾ ਕੇ ਹੋਰ ਨੁਕਸਾਨ ਕਰਾਉਣ ਦੀਆਂ ਵਿਉਂਤਾਂ ਬਣਾਈਆਂ ਜਾ ਰਹੀਆਂ ਹਨ।

ਕੇਵਲ ਤੇ ਕੇਵਲ ਚੋਣਾਂ ਜਿੱਤਣ ਲਈ 2008 ਦੀ ਦਿਵਾਲੀ ਤੱਕ ਅਹਿਮਦਾਬਾਦ, ਸੂਰਤ ਅਤੇ ਦਿੱਲੀ ਆਦਿ ਸ਼ਹਿਰਾਂ ਵਿਚ ਅਨੇਕਾਂ ਬੰਬ ਧਮਾਕੇ ਕਰੇ ਤੇ ਕਰਵਾਏ। ਇਹਨਾਂ ਸਾਰੇ ਬੰਬ ਧਮਾਕਿਆਂ ਨੂੰ ਮੁਸਲਮਾਨਾਂ ਦੇ ਖਾਤੇ ਪਾਇਆ ਗਿਆ। ਪੜੇ-ਲਿਖੇ ਨੌਜਵਾਨ ਮੁਸਲਮਾਨਾ ਤੇ ਜ਼ੁਲਮ ਕੀਤਾ ਗਿਆ, ਉਹਨਾਂ ਨੂੰ ਜੇਲਾਂ ਵਿਚ ਤੁੰਨਦੇ ਰਹੇ। ਅਚਾਨਕ ਬਾਟਲਾ, ਜਾਮੀਆ ਅਤੇ ਮਾਲੇਗਾਉਂ ਦੀਆਂ ਘਟਨਾਵਾਂ ਸਾਹਮਣੇ ਆਉਣ ਲੱਗੀਆਂ। ਇਸ ਵਿਚ ਸਾਧਵੀ, ਪੁਰੋਹਿਤ ਅਤੇ ਸਾਧੂ ਦਯਾਨੰਦ ਆਦਿ ਅੜਿਕੇ ਆ ਗਏ ਅਤੇ ਪਾਸਾ ਪਲਟਣ ਵਾਲਾ ਹੀ ਸੀ ਕਿ ਇਹ 26, 27, 28 ਨਵੰਬਰ 2008 ਦੀ ਮੁੰਬਈ ਘਟਨਾ ਹੋ ਗਈ। ਸਾਧਵੀ, ਪੁਰੋਹਿਤ ਤੇ ਸਾਧੂ ਦਯਾਨੰਦ ਵਲੋਂ ਧਿਆਨ ਹਟਾ ਕੇ ਲੋਕਾਂ ਦਾ ਧਿਆਨ ਪਾਕਿਸਤਾਨ ਵਲ ਨੂੰ ਕਰ ਦਿੱਤਾ। ਇਸ ਨੂੰ ਕਹਿੰਦੇ ਆ ਕੋਟੱਲਿਆਂ ਦੀ ਜਾਂ ਬਿਪਰਾਂ ਦੀ ਰਾਜਨੀਤੀ। ਜੇ ਇਹ ਸੱਚ ਨਾ ਹੁੰਦਾ ਤਾਂ ਕੇਂਦਰ ਦੇ ਮੰਤਰੀ ਅਬਦੁਲ ਰਹਿਮਾਨ ਅੰਤੁਲੇ ਦੇ ਬਿਆਨਾਂ ਤੋਂ ਅੱਗ ਬਬੂਲੇ ਨਾ ਹੁੰਦੇ। ਏ.ਆਰ. ਅੰਤੁਲੇ ਨੇ ਅਸਤੀਫਾ ਭੀ ਦਿੱਤਾ। ਆਪਣੇ ਬਿਆਨਾਂ ਤੋਂ ਪਾਸੇ ਭੀ ਹਟਿਆ ਤਾਂ ਭੀ ਬਿਪਰਾਂ ਨੇ ਉਹਦਾ ਖਹਿੜਾ ਨਹੀਂ ਛੱਡਿਆ।

ਸਮਝ ਆਉਣ ਵਾਲੀ ਗੱਲ ਤਾਂ ਇਹੀ ਲਗਦੀ ਹੈ ਕਿ ਦਲਿਤਾਂ ਅਤੇ ਸਿੱਖਾਂ ਤੇ ਜਿੰਨਾ ਮਰਜ਼ੀ ਜ਼ੁਲਮ ਹੋਈ ਜਾਵੇ, ਕਿਸੇ ਨੇ ਹਾਅ ਦਾ ਨਾਅਰਾ ਨਹੀਂ ਮਾਰਨਾ ਕਿਉਂਕਿ ਇਹਨਾਂ ਦਾ ਕਿਹੜਾ ਕੋਈ ਅਜ਼ਾਦ ਦੇਸ਼ ਹੈ। ਬੇਸ਼ਕ ਦਲਿਤ ਅਤੇ ਸਿੱਖ ਸਾਰੀ ਦੁਨੀਆਂ ਵਿਚ ਫੈਲੇ ਹਨ। ਉੱਥੇ ਇਹ ਆਪਣੀ ਰੋਜ਼ੀ ਰੋਟੀ ਲਈ ਹੀ ਗਏ ਹਨ। ਇਨ੍ਹਾਂ ਨੂੰ ਬਾਹਰ ਜਾਣ ਲੱਗਿਆਂ ਭੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਗਰ ਯੂਰਪੀਨ ਦੇਸ਼ਾਂ ਵਿਚ ਜਾਣ ਦੀ ਖੁੱਲ ਹੋ ਜਾਵੇ ਤਾਂ ਸਿੱਖ ਆਪਣਾ ਸਭ ਕੁਝ ਵੇਚ ਵੱਟ ਕੇ ਯੂਰਪੀਨ ਦੇਸ਼ਾਂ ਵਿਚ ਚਲੇ ਜਾਣਗੇ। ਸਿੱਖ ਭਾਰਤੀ ਕਾਨੂੰਨ ਤੋਂ ਦੁਖੀ ਹਨ। ਇੱਥੇ ਘੱਟ ਗਿਣਤੀਆਂ ਸਿੱਖ ਮੁਸਲਮ ਵਾਸਤੇ ਅਲੱਗ ਕਨੂੰਨ ਹੈ ਅਤੇ ਬਿਪਰਾਂ ਵਾਸਤੇ ਅਲੱਗ ਕਨੂੰਨ ਹੈ। ਅਗਰ ਇਹ ਬਾਹਰ ਗਏ ਹੋਏ ਸਿੱਖ, ਭਾਰਤ ਵਿਚ ਹੋਏ ਆਪਣੇ ਭਰਾਵਾਂ ਆਦਿ ਤੇ ਹੋਏ ਜ਼ੁਲਮਾਂ ਖਿਲਾਫ ਉਧਰ ਮੂੰਹ ਖੋਹਲਣਗੇ ਜਾਂ ਮੁਜਾਹਰਾ ਆਦਿ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਬਿਪਰ ਨੇਤਾਵਾਂ ਨੇ ਉਹਨਾਂ ਨੂੰ ਅੱਤਵਾਦੀ ਘੋਸ਼ਿਤ ਕਰਕੇ ਉਧਰੋਂ ਮੰਗਵਾ ਕੇ ਭਾਰਤੀ ਜੇਲਾਂ ਵਿਚ ਤੁੰਨ ਦੇਣਾ ਹੈ।

ਦਲਿਤਾਂ ਤੇ ਹੋਏ ਜ਼ੁਲਮਾਂ ਦਾ ਤਾਂ ਪਤਾ ਹੀ ਨਹੀਂ ਲਗਣ ਦੇਂਦੇ। ਦਲਿਤਾਂ ਨਾਲ ਤਾਂ ਸਦੀਆਂ ਤੋਂ ਮੂਕ ਜ਼ੁਲਮ ਹੋ ਰਿਹਾ ਹੈ। ਇਹਨਾਂ ਬਿਪਰਾਂ ਨੂੰ ਡਰ ਹੈ ਕਿ ਕਿਤੇ ਦਲਿਤ ਇਹਨਾਂ ਦੀ ਜਕੜ ਵਿਚੋਂ ਨਿਕਲ ਕੇ ਸਿੱਖਾਂ ਨਾਲ ਨਾ ਮਿਲ ਜਾਣ। ਇਸ ਡਰ ਤੋਂ ਬਚਣ ਲਈ ਇਹਨਾਂ ਬਿਪਰਾਂ ਨੇ ਪੰਜਾਬ ਵਿਚ ਡੇਰਿਆਂ ਦੀ ਭੀੜ ਲਾ ਰੱਖੀ ਹੈ। ਇਹਨਾਂ ਨੂੰ ਡਰ ਹੈ ਕਿਤੇ ਸਤਵੰਤ ਸਿੰਘ, ਵੇਅੰਤ ਸਿੰਘ ਅਤੇ ਕੇਹਰ ਸਿੰਘ ਵਰਗੇ ਇਕੱਠੇ ਨਾ ਹੋ ਜਾਣ। ਕਿਤੇ ਕਾਸ਼ੀਰਾਮ ਤੇ ਭਿੰਡਰਾਂਵਾਲੇ ਵਰਗੇ ਇਕੱਠੇ ਨਾ ਹੋ ਜਾਣ। ਇਹ ਡਰ ਇਹਨਾਂ ਦਾ ਬਿਲਕੁਲ ਜਾਇਜ਼ ਹੈ! ਸਚਮੁੱਚ ਇਹ ਖਤਰਨਾਕ ਹੈ, ਅੱਤਵਾਦੀ ਬਿਪਰਾਂ ਵਾਸਤੇ!! ਅਸਲ ਵਿਚ ਹੋਣਾ ਭੀ ਏਹੀ ਹੈ। ਬਾਕੀ ਰਹੀ ਗੱਲ ਮੁਸਲਮਾਨਾਂ ਤੇ ਇਸਾਈਆਂ ਦੀ, ਉਹਨਾਂ ਦੇ ਅਜ਼ਾਦ ਦੇਸ਼ ਬਹੁਤ ਹਨ। ਪਾਕਿਸਤਾਨ ਹਮੇਸ਼ਾਂ ਹੀ ਮੁਸਲਮਾਨਾਂ ਤੇ ਹੋਏ ਜ਼ੁਲਮਾਂ ਖਿਲਾਫ ਹਾਅ ਦਾ ਨਾਅਰਾ ਮਾਰਦਾ ਹੈ। ਇਸੇ ਲਈ ਇਹ ਬਿਪਰ ਅੱਤਵਾਦੀ ਲਾਬੀ, ਪਾਕਿਸਤਾਨ ਨੂੰ ਦੁਨੀਆਂ ਦੇ ਨਕਸ਼ੇ ਤੋਂ ਮਿਟਾ ਦੇਣਾ ਚਾਹੁੰਦੀ ਹੈ।

ਖੈਰ! ਸਮੇਂ ਦਾ ਚੱਕਰ ਚਲ ਰਿਹਾ ਹੈ। ਆਪਣੇ ਕੀਤੇ ਦਾ ਸਭ ਨੂੰ ਵਾਰੀ ਸ਼ੁੱਧ ਫਲ ਮਿਲਣਾ ਹੈ। ਉਬਾਮਾ ਯੁੱਗ ਆ ਗਿਆ ਹੈ। ਬਿਪਰ ਯੁੱਗ ਖਤਮ ਹੋਣ ਵਾਲਾ ਹੈ। ਅਗਰ ਇਹ ਬੰਦੇ ਨਾ ਬਣੇ ਤਾਂ ਇਹਨਾਂ ਦੀ ਵਿਦਾਇਗੀ ਭੀ ਜੁੱਤੀਆਂ ਨਾਲ ਹੋਵੇਗੀ। ਮਨੁੱਖੀ ਸੁਭਾਉ ਹੈ ਕਿ ਸੱਟਾਂ ਖਾ ਕੇ ਹੀ ਅਕਲ ਆਉਂਦੀ ਹੈ। ਕਿਸੇ ਦੇ ਸਮਝਾਉਣ ਨਾਲ ਅਕਲ ਨਹੀਂ ਆਉਂਦੀ।

ਸਮਝਣ ਸਮਝਾਉਣ ਵਾਲੀ ਗੱਲ ਤਾਂ ਇਹ ਹੈ ਅਗਰ ਅੱਤਵਾਦ ਦਾ ਸਥਾਈ ਹੱਲ ਚਾਹੁੰਦੇ ਹੋ ਤਾਂ ਸਾਰੇ ਭਾਰਤ ਵਾਸੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਣਾ ਚਾਹੀਦਾ ਹੈ। ਇਹ ਮਾਨਵਤਾਵਾਦੀ ਗ੍ਰੰਥ ਹੈ। ਇਸ ਨਾਲ ਸੱਚੀ ਰਾਸ਼ਟਰੀਅਤਾ ਦੀ ਭਾਵਨਾ ਪੈਦਾ ਹੋਵੇਗੀ। ਇਸ ਵਿਚ ਬ੍ਰਾਹਮਣ, ਖਤ੍ਰੀ, ਵੈਸ਼ ਤੇ ਸ਼ੂਦਰ ਨੂੰ ਸਾਂਝਾ ਉਪਦੇਸ਼ ਹੈ। ਇਸ ਵਿਚ ਹਿੰਦੂ, ਮੁਸਲਮਾਨ ਅਤੇ ਸਿੱਖਾਂ ਨੂੰ ਸਾਂਝਾ ਉਪਦੇਸ਼ ਹੈ। ਗੁਰੂ ਗ੍ਰੰਥ ਸਾਹਿਬ ਨੂੰ ਭਾਰਤ ਦੀ ਸੁਪਰੀਮ ਕੋਰਟ ਨੇ ਗੁਰੂ ਹੋਣ ਦੀ ਮਾਨਤਾ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਭਾਰਤੀ ਬੋਲੀ ਵਿਚ ਲਿਖਿਆ ਹੋਇਆ ਹੈ। ਇਸ ਵਿਚ ਸੰਪਰਦਾਇਕਤਾ ਲੇਸ਼ ਮਾਤਰ ਭੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਭਾਰਤ ਦੇ ਸਾਰੇ ਸਕੂਲਾਂ ਵਿਚ ਲਾਜ਼ਮੀ ਵਿਸ਼ੇ ਦੇ ਤੌਰ ਤੇ ਪੜਾਇਆ ਜਾਣਾ ਚਾਹੀਦਾ ਹੈ। ਬੱਚਿਆਂ ਨੂੰ ਮਾਨਵਤਾ ਦੀ ਸਿੱਖਿਆ ਮਿਲੇਗੀ। ਉਹ ਘੱਟ-ਗਿਣਤੀਆਂ ਨੂੰ ਮਾਰ ਕੇ ਹਿੰਦੂ ਰਾਸ਼ਟਰ ਬਣਾਉਣ ਦੀ ਨੀਤੀ ਛੱਡ ਦੇਣਗੇ। ਇਸੇ ਨਾਲ ਹੀ ਭਾਰਤ ਦਾ ਭਲਾ ਹੋਵੇਗਾ। ਅੱਤਵਾਦ ਦਾ ਹੱਲ ਹੋਵੇਗਾ।