

ਰਾਜਸਥਾਨ ਦੇ ਪਛੜੇ ਵਰਗਾਂ ਦੇ ਸਿੱਖਾਂ ਵਿਚਕਾਰ ਜਾਗ੍ਰਿਤੀ ਲਿਆਉਣ ਲਈ ਸਰਗਰਮ ਵੀਰਾਂ ਪ੍ਰਤੀ ‘ਪੰਥਕ’ ਸੰਸਥਾਵਾਂ ਦੀ ਬੇਰੁਖ਼ੀ
- ਇੰਡੀਆ ਅਵੇਅਰਨੈੱਸ ਬਿਉਰੋ -
ਬ੍ਰਾਹਮਣਵਾਦ ਦੇ ਪ੍ਰਭਾਵ ਕਾਰਨ ਅਖੌਤੀ ਉੱਚ ਜਾਤਾਂ ਦੇ ਸਿੱਖਾਂ ਵੱਲੋਂ ਕਥਿਤ ਨੀਵੀਆਂ ਜਾਤਾਂ ਦੇ ਸਿੱਖਾਂ ਨਾਲ ਵਿਤਕਰਾ ਕਰਨਾ ਇਕ ਪੁਰਾਣੀ ਰਵਾਇਤ ਬਣ ਗਿਆ ਹੈ। ਪਰ ਹੁਣ ਉੱਚੀਆਂ ਜਾਤਾਂ ਦੇ ਸਿੱਖਾਂ ਦੀ ਆਪਣੇ ਹੀ ਕਥਿਤ ਨੀਵੀਆਂ ਜਾਤਾਂ ਦੇ ਭੈਣ-ਭਰਾਵਾਂ ਪ੍ਰਤੀ ਬੇਰੁਖ਼ੀ ਇਸ ਕਦਰ ਵੱਧ ਗਈ ਹੈ ਕਿ ਕਥਿਤ ਨੀਵੀਆਂ ਜਾਤਾਂ ਦੇ ਸਿੱਖ, ਭਾਰਤ ਦੇ ਆਮ ਨਾਗਰਿਕਾਂ ਨਾਲੋਂ ਆਰਥਕ ਤੇ ਸਮਾਜਕ ਤੌਰ ’ਤੇ ਬਹੁਤ ਹੀ ਪਛੜ ਗਏ ਹਨ। ਪੰਜਾਬ ਵਿੱਚ ਇਸਾਈ ਪ੍ਰਚਾਰਕਾਂ ਵੱਲੋਂ ਇਸ ਵਰਗ ਦੇ ਲੋਕਾਂ ਨੂੰ ਪ੍ਰਭਾਵਿਤ ਕਰਕੇ ਇਸਾਈ ਬਣਾਉਣ ਦੀਆਂ ਖਬਰਾਂ ਤਾਂ ਅਕਸਰ ਚਰਚਾ ਦਾ ਵਿਸ਼ਾ ਬਣਦੀਆਂ ਰਹਿੰਦੀਆਂ ਹਨ ਪਰ ਰਾਜਸਥਾਨ ਵਿੱਚ ਵੀ ਹਾਲਾਤ ਕੁਝ ਚੰਗੇ ਨਹੀਂ। ਬੀਤੇ ਦਿਨੀਂ ਰਾਜਸਥਾਨ ਦੇ ਕੁਝ ਜਾਗ੍ਰਿਤ ਸਿੱਖ ਨੌਜੁਆਨਾਂ ਦੇ ਇਕ ਵਫ਼ਦ ਨੇ ਇੰਡੀਆ ਅਵੇਅਰਨੈੱਸ ਦੇ ਦਫ਼ਤਰ ਵਿਖੇ ਆ ਕੇ ਆਪਣੀ ਜੋ ਵਿਥਿਆ ਸੁਣਾਈ, ਉਹ ਹਰ ਪੰਥ-ਦਰਦੀ ਦੇ ਮਨ ਵਿੱਚ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਵਫ਼ਦ ਦੇ ਮੁਖੀ ਭਾਈ ਪਰਮੀਤ ਸਿੰਘ ਨੇ ਦੱਸਿਆ ਕਿ ਸਿੱਖ ਸਮਾਜ ਦੇ ਇਕ ਅਤਿ ਪਛੜੇ ‘ਸਿਕਲੀਗਰ’ ਵਰਗ
ਨਾਲ ਸਬੰਧਿਤ ਇਨ੍ਹਾਂ ਵੀਰਾਂ ਨੇ ਦੱਸਿਆ ਕਿ ਰਾਜਸਥਾਨ ਦੇ ਅਲਵਰ ਜ਼ਿਲੇ ਵਿੱਚ ਇਸ ਵਰਗ ਨਾਲ ਸਬੰਧਿਤ
ਹਜ਼ਾਰਾਂ ਸਿੱਖ ਰਹਿੰਦੇ ਹਨ। ਇਸਦੇ ਇਲਾਵਾ, ਜੈਪੁਰ, ਗੰਗਾ ਨਗਰ, ਖੜਖੜੀ, ਕਿਸ਼ਨ ਗੜ੍ਹ, ਜੋਧਪੁਰ,
ਕੋਟਾ ਆਦਿ ਖੇਤਰਾਂ ਵਿੱਚ ਰਹਿੰਦੇ ਸਿਕਲੀਗਰ ਸਿੱਖਾਂ ਨੂੰ ਵੀ ਗਿਣਿਆ ਜਾਏ ਤਾਂ ਇਨ੍ਹਾਂ ਦੀ ਗਿਣਤੀ
ਲੱਖਾਂ ਵਿੱਚ ਪਹੁੰਚ ਜਾਂਦੀ ਹੈ। ਭਾਵੇਂ ਹੁਣ ਇਸ ਵਰਗ ਦੇ ਲੋਕਾਂ ਨੇ ਉਕਤ ਖੇਤਰਾਂ ਵਿੱਚ ਸਥਾਈ ਤੌਰ
’ਤੇ ਰਹਿਣਾ ਸ਼ੁਰੂ ਕਰ ਦਿੱਤਾ ਹੈ, ਪਰ ਮੌਲਿਕ ਤੌਰ ਤੇ ਇਹ ਵਰਗ ‘ਖਾਨਾਬਦੋਸ਼’ ਕਿਸਮ ਦੇ ਲੋਕਾਂ ਨਾਲ
ਸਬੰਧਿਤ ਹੈ, ਜੋ ਆਮ ਤੌਰ ’ਤੇ ਕਿਸੇ ਇਕ ਥਾਂ ’ਤੇ ਟਿਕ ਕੇ ਰਹਿਣ ਦੀ ਬਜਾਏ ਸਾਰੇ ਭਾਰਤ ਵਿੱਚ
ਘੁੰਮ-ਫਿਰ ਕੇ, ਖ਼ੁਦ ਦੇ ਬਣਾਏ ਲੋਹੇ ਦੇ ਔਜਾਰ ਵੇਚਦੇ ਸਨ। ਹੁਣ ਵੀ ਇਸ ਵਰਗ ਦੇ ਲੋਕਾਂ ਦਾ ਮੁੱਖ
ਕਿੱਤਾ ਲੋਹੇ ਦੇ ਔਜਾਰਾਂ ਨਾਲ ਸਬੰਧਿਤ ਵਪਾਰ ਜਾਂ ਮਜ਼ਦੂਰੀ ਹੀ ਹੈ। ਪਰ ਮੌਜੂਦਾ ਸਮੇਂ ਵਿੱਚ
ਤਕਨੀਕੀ ਵਿਕਾਸ ਬਹੁਤ ਜ਼ਿਆਦਾ ਹੋ ਜਾਣ ਕਾਰਨ ਅਤੇ ਦੂਜੇ ਸੂਬਿਆਂ (ਯੂ.ਪੀ./ਬਿਹਾਰ) ਦੇ ਲੋਕਾਂ
ਵੱਲੋਂ ਵੀ ਇਸ ਕਿਸਮ ਦੇ ਵਪਾਰ/ਮਜਦੂਰੀ ਦੇ ਖੇਤਰ ਵਿੱਚ ਸਰਗਰਮ ਹੋ ਜਾਣ ਕਾਰਨ ਹੁਣ ਇਸ ਕਿੱਤੇ ਵਿੱਚ
ਮੁਨਾਫਾ ਕਾਫੀ ਘੱਟ ਗਿਆ ਹੈ ਅਤੇ ਬੇਰੋਜ਼ਗਾਰੀ ਬਹੁਤ ਵੱਧ ਗਈ ਹੈ। ਇਸਲਈ ਸਿਕਲੀਗਰ ਸਿੱਖਾਂ ਨੂੰ
ਭਾਰੀ ਆਰਥਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਭਾਈ ਪਰਮੀਤ ਸਿੰਘ ਨੇ ਦੱਸਿਆ ਕਿ ਸਿਕਲੀਗਰ ਸਿੱਖਾਂ ਵਿੱਚ ਆਪਣੇ ਧਰਮ ਪ੍ਰਤੀ ਬਹੁਤ ਸ਼ਰਧਾ ਹੈ। ਸਿਕਲੀਗਰਾਂ ਦੇ ਕੋਈ ਬਹੁਤ ਵਿਰਲਾ ਹੀ ਨੌਜੁਆਨ ਕੇਸਾਂ ਦੀ ਬੇਅਦਬੀ ਕਰਦਾ ਹੈ, ਹਾਲਾਂਕਿ ਆਮ ਤੌਰ ’ਤੇ ਇਸ ਵਰਗ ਦੇ ਸਿੱਖਾਂ ਨੂੰ ਸਿੱਖੀ ਅਸੂਲਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਵਰਗ ਨਾਲ ਸਬੰਧਿਤ ਲੋਕਾਂ ਨੂੰ ਪੰਜਾਬੀ ਬੋਲੀ ਜਾਂ ਗੁਰਮੁਖੀ ਦਾ ਕੋਈ ਗਿਆਨ ਨਹੀਂ ਹੈ ਅਤੇ ਉਹ ਆਪਸ ਵਿੱਚ ਇਕ ਵਿਸ਼ੇਸ਼ ਭਾਸ਼ਾ ਦੀ ਵਰਤੋਂ ਕਰਦੇ ਹਨ, ਜੋ ਕਾਫੀ ਹਦ ਤੱਕ ਸਿੰਧੀ ਨਾਲ ਮਿਲਦੀ-ਜੁਲਦੀ ਹੈ। ‘ਮੁੱਖਧਾਰਾ ਦੇ’ ਸਿੱਖ ਵੀ ਸਿਕਲੀਗਰ ਸਿੱਖਾਂ ਨਾਲ ਨੀਵੀਂ ਕਿਸਮ ਦੇ ਸਿੱਖਾਂ ਵਜੋਂ ਵਤੀਰਾ ਕਰਦੇ ਹਨ ਅਤੇ ਇਸਲਈ ਉਨ੍ਹਾਂ ਨੂੰ ਪੰਜਾਬੀ ਸਿਖਾ ਕੇ ਅਤੇ ਰੋਜ਼ਗਾਰ ਪ੍ਰਾਪਤ ਕਰਨ ਵਿੱਚ ਮਦਦ ਕਰਕੇ ਉਨ੍ਹਾਂ ਦਾ ਵਿਕਾਸ ਕਰਨ ਦਾ ਕੋਈ ਉਪਰਾਲਾ ਨਹੀਂ ਕਰਦੇ।
ਸਿਕਲੀਗਰ ਸਿੱਖਾਂ ਦੇ ਪਛੜੇਪਨ ਅਤੇ ਅਗਿਆਨਤਾ ਦਾ ਲਾਭ ਕੱਟੜਪੰਥੀ ਹਿੰਦੁਤਵੀ ਸੰਗਠਨ ਚੁੱਕ ਰਹੇ ਹਨ ਅਤੇ ਆਪਣੀਆਂ ਚਿਕਣੀਆਂ-ਚੁਪੜੀਆਂ ਗੱਲਾਂ ਤੇ ਮੱਕਾਰ ਨੀਤੀਆਂ ਨਾਲ ਇਨ੍ਹਾਂ ਸਿੱਖਾਂ ਨੂੰ ਆਪਣੇ ਨਾਲ ਮਿਲਾ ਰਹੇ ਹਨ। ਹਿੰਦੁਤਵੀ ਸੰਗਠਨਾਂ ਦੇ ਪ੍ਰਭਾਵ ਵਿੱਚ ਆ ਕੇ ਕਈ ਸਿਕਲੀਗਰ ਸਿੱਖ ਨੌਜੁਆਨ ਬਜਰੰਗ ਦਲ ਤੇ ਸ਼ਿਵ ਸੈਨਾ ਵਰਗੀਆਂ ਕੱਟੜ ਫਿਰਕੂ ਜੱਥੇਬੰਦੀਆਂ ਦੇ ਮੈਂਬਰ ਬਣ ਗਏ ਹਨ। ਇਸਦੇ ਇਲਾਵਾ ਆਰ.ਐਸ.ਐਸ. ਦੇ ਕਾਰਕੁੰਨਾਂ ਨੇ ਕਈ ਗੁਰਦੁਆਰਿਆਂ ਦੇ ਪ੍ਰਬੰਧਕਾਂ ਤੋਂ ਉੱਥੇ ਬੱਚਿਆਂ ਵਾਸਤੇ ਵਿਦਿਅਕ ਕਲਾਸਾਂ ਲਗਾਉਣ ਦੀ ਇਜਾਜ਼ਤ ਵੀ ਲੈ ਲਈ ਹੈ। ਇਸ ਵਰਗ ਦੀ ਗਰੀਬੀ ਅਤੇ ਬੱਚਿਆਂ ਦੀ ਅਨਪੜਤਾ ਕਾਰਨ ਪ੍ਰਬੰਧਕਾਂ ਨੇ ਵੀ ਆਰ.ਐਸ.ਐਸ. ਨਾਲ ਸਬੰਧਿਤ ਔਰਤਾਂ ਨੂੰ ਗੁਰਦੁਆਰਿਆਂ ਵਿੱਚ ਕਲਾਸਾਂ ਲਗਾਉਣ ਦੀ ਇਜਾਜ਼ਤ ਦੇ ਦਿੱਤੀ। ਕਹਿਣ ਨੂੰ ਤਾਂ ਇਨ੍ਹਾਂ ਕਲਾਸਾਂ ਵਿੱਚ ਬੱਚਿਆਂ ਨੂੰ ਸੰਸਾਰਕ ਵਿਦਿਆ ਦਿੱਤੀ ਜਾਂਦੀ ਹੈ ਪਰ ਅਸਲ ਵਿੱਚ ਇਨ੍ਹਾਂ ਦਾ ਮਕਸਦ ਬੱਚਿਆਂ ਨੂੰ ਸਿੱਖੀ ਅਤੇ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨਾ ਹੁੰਦਾ ਹੈ। ਇਸੇ ਵਾਸਤੇ, ਗੁਰਦੁਆਰੇ ਦੇ ਹਾਲ ਵਿੱਚ ਲਗਾਈਆਂ ਜਾਂਦੀਆਂ ਕਲਾਸਾਂ ਦੌਰਾਨ ਵੀ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕਰਕੇ ਬਿਠਾਇਆ ਜਾਂਦਾ ਹੈ; ਬੱਚਿਆਂ ਤੋਂ ਬਾਰ-ਬਾਰ ਤਾੜੀਆਂ ਮਰਵਾਈਆਂ ਜਾਂਦੀਆਂ ਹਨ ਅਤੇ ਕਈ ਵਾਰ ਬੱਚੇ-ਬੱਚੀਆਂ ਤੋਂ ਗੁਰਦੁਆਰੇ ਵਿੱਚ ਹੀ ਡਾਂਸ ਵੀ ਕਰਵਾਇਆ ਜਾਂਦਾ ਹੈ। ਹੁਣ ਇਨ੍ਹਾਂ ਜਾਗ੍ਰਿਤ ਵੀਰਾਂ ਵੱਲੋਂ ਪ੍ਰਬੰਧਕਾਂ ਨੂੰ ਇਸ ਬਾਬਤ ਸਮਝਾਉਣ ਕਾਰਨ ਕਈ ਗੁਰਦੁਆਰਿਆਂ ਵਿੱਚ ਇਹ ਕਲਾਸਾਂ ਬੰਦ ਕਰ ਦਿੱਤੀਆਂ ਗਈਆਂ ਹਨ ਪਰ ਕੁਝ ਗੁਰਦੁਆਰਿਆਂ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਇਨ੍ਹਾਂ ਦੀਆਂ ਕਲਾਸਾਂ ਬੰਦ ਕਰਵਾ ਦਿਆਂਗੇ, ਤਾਂ ਸਾਡੇ ਬੱਚਿਆਂ ਨੂੰ ਪੜ੍ਹਾਉਣ ਕੌਣ ਆਏਗਾ (ਕਿਉਂਕਿ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਜਿਹੀਆਂ ਸੰਸਥਾਵਾਂ ਤਾਂ ਇਨ੍ਹਾਂ ਬੱਚਿਆਂ ਨੂੰ ਵਿਦਿਆ ਦੇਣ ਲਈ ਡੱਕਾ ਵੀ ਭੰਨ ਕੇ ਦੂਹਰਾ ਨਹੀਂ ਕਰਦੀਆਂ)। ਇਸਲਈ ਇਕ-ਦੋ ਗੁਰਦੁਆਰਿਆਂ ਵਿੱਚ ਇਹੀ ਵੀਰ ਖ਼ੁਦ ਹੀ ਜਾ ਕੇ ਬੱਚਿਆਂ ਦੀਆਂ ਕਲਾਸਾਂ ਲਗਾਉਂਦੇ ਹਨ ਤੇ ਉਨ੍ਹਾਂ ਨੂੰ ਸੰਸਾਰਕ ਵਿਦਿਆ ਦੇ ਇਲਾਵਾ, ਗੁਰਮਤਿ ਦੇ ਮੁਢਲੇ ਅਸੂਲਾਂ ਤੇ ਸਿੱਖ ਰਹਿਤ ਮਰਿਆਦਾ ਆਦਿ ਬਾਰੇ ਜਾਣਕਾਰੀ ਦਿੰਦੇ ਹਨ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੰਦੇ ਹਨ। ਇਸਦੇ ਇਲਾਵਾ, ਇਹ ਵੀਰ ਇੰਡੀਆ ਅਵੇਅਰਨੈੱਸ ਦੇ ਚੁਣਿੰਦਾ ਲੇਖਾਂ ਨੂੰ ਵੀ ਪੜ੍ਹ ਕੇ ਵਿਦਿਆਰਥੀਆਂ ਨੂੰ ਸੁਣਾਉਂਦੇ ਹਨ।
ਇਸੇ ਜੱਥੇ ਦੇ ਸਰਗਰਮ ਵੀਰ ਭਾਈ ਗੁਰਮੇਲ ਸਿੰਘ ਨੇ ਦੱਸਿਆ ਕਿ ਆਪਣੀਆਂ ਨਿਜੀ ਆਰਥਕ ਔਕੜਾਂ ਕਾਰਨ ਉਹ ਚਾਹੁੰਦਿਆਂ ਹੋਇਆਂ ਵੀ ਇਸ ਪਛੜੇ ਵਰਗ ਦੇ ਲੋੜਵੰਦਾਂ ਦੀ ਸੇਵਾ ਨਹੀਂ ਕਰ ਸਕਦੇ। ਕਿਉਂਕਿ ਉਨ੍ਹਾਂ ਕੋਲ ਖ਼ੁਦ ਕੋਲ ਕੋਈ ਰੋਜ਼ਗਾਰ ਨਹੀਂ ਹੈ। ਭਾਈ ਗੁਰਮੇਲ ਸਿੰਘ ਨੇ ਦੱਸਿਆ ਕਿ ਇਕ ਵਾਰ ਉਨ੍ਹਾਂ ਬੀਬੀ ਜਗੀਰ ਕੌਰ, ਜੋ ਖ਼ੁਦ ਇਕ ਕਾਫੀ ਪਛੜੇ ਵਰਗ ਨਾਲ ਸਬੰਧਿਤ ਹਨ, ਨਾਲ ਮੁਲਾਕਾਤ ਕਰਕੇ ਉਨ੍ਹਾਂ ਤੋਂ ਮੰਗ ਕੀਤੀ ਕਿ ਉਨ੍ਹਾਂ (ਭਾਈ ਗੁਰਮੇਲ ਸਿੰਘ ਅਤੇ ਭਾਈ ਪਰਮੀਤ ਸਿੰਘ, ਜਿਨ੍ਹਾਂ ਨੇ ਦਸਵੀਂ ਤੱਕ ਵਿਦਿਅਕ ਸਿੱਖਿਆ ਲੈਣ ਦੇ ਇਲਾਵਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਤੋਂ ਗੁਰਮਤਿ ਪ੍ਰਚਾਰ ਦੀ ਦੋ-ਸਾਲਾ ਟ੍ਰੇਨਿੰਗ ਵੀ ਲਈ ਹੋਈ ਹੈ) ਨੂੰ ਸ਼੍ਰੋਮਣੀ ਕਮੇਟੀ ਦੇ ਕਿਸੇ ਗੁਰਦੁਆਰੇ ਵਿੱਚ ਗ੍ਰੰਥੀ ਦੀ ਸੇਵਾ ਦਿੱਤੀ ਜਾਏ, ਤਾਂ ਜੋ ਆਪਣੀ ਦੋ-ਵਕਤ ਦੀ ਰੋਟੀ ਦੀ ਲੋੜ ਪੂਰੀ ਹੋਣ ਉਪਰੰਤ ਉਹ ਅਲਵਰ ਇਲਾਕੇ ਦੇ ਪਛੜੇ ਸਿੱਖਾਂ ਵਿੱਚ ਗਿਆਨ ਵੰਡ ਸਕਣ। ਬੀਬੀ ਜਗੀਰ ਕੌਰ ਨੇ ਇਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਸਕੱਤਰ ਵਰਿਆਮ ਸਿੰਘ ਕੋਲ ਭੇਜ ਦਿੱਤਾ ਪਰ ਅੱਗੇ ਕੋਈ ਕਾਰਵਾਈ ਨਾ ਹੋਈ। ਜਦ ਕਾਫੀ ਸਮਾਂ ਬੀਤ ਜਾਣ ’ਤੇ ਇਨ੍ਹਾਂ ਮੁੜ ਤੋਂ ਸ਼੍ਰੋਮਣੀ ਕਮੇਟੀ ਵਿੱਚ ਸੰਪਰਕ ਕੀਤਾ ਤਾਂ ਇਨ੍ਹਾਂ ਨੂੰ ਦੱਸਿਆ ਗਿਆ ਕਿ ਜੇਕਰ ਇਨ੍ਹਾਂ ਦੀ ਘੱਟੋ-ਘੱਟ ਵਿਦਿਅਕ ਯੋਗਤਾ 12ਵੀਂ ਪਾਸ ਹੁੰਦੀ, ਤਾਂ ਇਨ੍ਹਾਂ ਲਈ ਕੁਝ ਕੀਤਾ ਜਾ ਸਕਦਾ ਸੀ। ਜਦ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਕਿ ਇਕ ਅਜਿਹੇ ਪਿਛੜੇ ਵਰਗ ਨਾਲ ਸਬੰਧਿਤ ਹੋਣ, ਜਿਸ ਵਿੱਚ ਦਸਵੀਂ ਪਾਸ ਵੀ ਕੋਈ ਟਾਵਾਂ-ਟਾਵਾਂ ਵਿਅਕਤੀ ਹੁੰਦਾ ਹੈ, ਕਾਰਨ ਇਨ੍ਹਾਂ ਨੂੰ ਕੁਝ ਰਿਆਇਤ ਦੇ ਦਿੱਤੀ ਜਾਏ, ਤਾਂ ਸ਼੍ਰੋਮਣੀ ਕਮੇਟੀ ਨੇ ਇਸ ਤੋਂ ਸਾਫ ਇਨਕਾਰ ਕਰ ਦਿੱਤਾ।
ਇਨ੍ਹਾਂ ਵੀਰਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੀ ਮਦਦ ਦੀ ਗੁਹਾਰ ਲਗਾਈ, ਪਰ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਨੇ ਵੀ ਇਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੱਤਾ। ਫਿਰ ਦਿੱਲੀ ਕਮੇਟੀ ਦੇ ਸਹਿਯੋਗ ਨਾਲ ਚਲਾਏ ਜਾਂਦੇ ਇਕ ‘ਗੁਰਮਤਿ ਪ੍ਰਚਾਰ ਸੈਂਟਰ’ ਦੇ ਉੱਚ-ਅਹੁਦੇਦਾਰ ਨੇ ਇਨ੍ਹਾਂ ਨੂੰ ਸੈਂਟਰ ਵਿੱਚ ਆਪਣੀਆਂ ਸੇਵਾਵਾਂ ਦੇਣ ਲਈ ਕਿਹਾ। ਇਹ ਵੀਰ ਉਸ ਸੈਂਟਰ ਵਿੱਚ ਡੇਢ ਸਾਲ ਤੋਂ ਸੇਵਾਵਾਂ ਦੇ ਰਹੇ ਹਨ ਪਰ ਬਦਲੇ ਵਿੱਚ ਇਨ੍ਹਾਂ ਨੂੰ ਕੋਈ ਤਨਖ਼ਾਹ ਨਹੀਂ ਦਿੱਤੀ ਜਾਂਦੀ। ਇਹੀ ਨਹੀਂ, ਦਿੱਲੀ ਕਮੇਟੀ ਆਪਣੇ ਵੱਲੋਂ ਨਿਯੁਕਤ ਕੀਤੇ ਗਏ ਅਧਿਆਪਕਾਂ (ਜੋ ਰਸਮੀ ਤੌਰ ’ਤੇ 5-7 ਬੱਚਿਆਂ ਦੀ ਸ਼ਮੂਲੀਅਤ ਵਾਲੀਆਂ ਕਲਾਸਾਂ ਲਗਾਉਂਦੇ ਹਨ) ਨੂੰ ਮਹੀਨੇ ਦੇ 400 ਰੁਪਏ ਤਨਖ਼ਾਹ ਤਾਂ ਦਿੰਦੀ ਹੈ ਪਰ ਇਨ੍ਹਾਂ ਵੀਰਾਂ ਨੂੰ ਇਹ ਛੋਟੀ ਜਿਹੀ ਰਕਮ ਵੀ ਨਹੀਂ ਦਿੱਤੀ ਜਾਂਦੀ। ਪਿਛਲੇ ਸਮੇਂ ਵਿੱਚ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ੍ਰ: ਤਰਸੇਮ ਸਿੰਘ ਜਦ ਇਸ ਇਲਾਕੇ ਵਿੱਚ ਕਮੇਟੀ ਦੇ ਧਰਮ ਪ੍ਰਚਾਰ ਕੇਂਦਰਾਂ ਦਾ ਮੁਆਇਨਾ ਕਰਨ ਆਏ ਤਾਂ ਇਨ੍ਹਾਂ ਵੀਰਾਂ ਨੇ ਉਨ੍ਹਾਂ ਨੂੰ ਆਪਣੀ ਵਿਥਿਆ ਦੱਸੀ ਪਰ ਸ੍ਰ: ਤਰਸੇਮ ਸਿੰਘ ਨੇ ਕਿਹਾ ਕਿ ਹਾਲਾਂ ਤਾਂ ਉਹ ਇੱਥੇ ਸਿਰਫ਼ ਸੈਂਟਰਾਂ ਦੀ ਚੈਕਿੰਗ ਕਰਨ ਆਏ ਹਨ, ਜਦ ਦੁਬਾਰਾ ਇੱਥੇ ਆਉਣਗੇ, ਤਾਂ ਫਿਰ ਉਨ੍ਹਾਂ ਬਾਬਤ ਗੱਲ ਕੀਤੀ ਜਾਏਗੀ।
ਗੁਰਦੁਆਰਾ ਕਮੇਟੀਆਂ ਦੀ ਇਸ ਬੇਰੁਖ਼ੀ ਤੋਂ ਨਿਰਾਸ਼ ਇਨ੍ਹਾਂ ਵੀਰਾਂ ਨੂੰ ਹੈਰਾਨੀ ਹੈ ਕਿ ਗੁਰਦੁਆਰਿਆਂ ਵਿੱਚ ਸਵੇਰੇ ਸ਼ਾਮ ਵਾਜਾ-ਤਬਲਾ ਬਜਾਉਣ ਵਾਲੇ ਗ੍ਰੰਥੀਆਂ ਨੂੰ ਤਾਂ 4 ਤੋਂ 6 ਹਜ਼ਾਰ ਰੁਪਏ ਤੱਕ ਤਨਖ਼ਾਹ ਦੇ ਦਿੱਤੀ ਜਾਂਦੀ ਹੈ, ਪਰ ਇਹ ਵੀਰ, ਜੋ ਗੁਰਬਾਣੀ ਗਾਇਨ ਦੇ ਨਾਲ-ਨਾਲ ਗੁਰਮਤਿ ਵਖਿਆਨ ਦੇਣ ਅਤੇ ਬੱਚਿਆਂ ਦੀਆਂ ਕਲਾਸਾਂ ਲਗਾਉਣ ਦੇ ਮਾਹਿਰ ਵੀ ਹਨ, ਦੀ ਕੋਈ ਮਦਦ ਕਿਉਂ ਨਹੀਂ ਕੀਤੀ ਜਾ ਰਹੀ। ਇਨ੍ਹਾਂ ਦਾ ਕਹਿਣਾ ਹੈ ਕਿ ਹਾਲਾਂ ਤਾਂ ਉਹ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਨਜ਼ਰਅੰਦਾਜ ਕਰਕੇ ਧਰਮ ਪ੍ਰਚਾਰ ਕਰੀ ਜਾ ਰਹੇ ਹਨ ਪਰ ਨੇੜਲੇ ਭਵਿੱਖ ਵਿੱਚ ਉਨ੍ਹਾਂ ਲਈ ਵੀ ਪਰਵਾਰਕ ਮੈਂਬਰਾਂ ਵਾਸਤੇ ਮਾਇਆ ਅਰਜਿਤ ਕਰਨਾ ਲਾਜ਼ਮੀ ਹੋ ਜਾਵੇਗਾ ਤੇ ਖੇਤਰ ਵਿੱਚ ਚਲਾਏ ਜਾ ਰਹੇ ਧਰਮ ਪ੍ਰਚਾਰ ਪ੍ਰੋਗਰਾਮ ਬਿਲਕੁਲ ਬੰਦ ਹੋ ਜਾਣਗੇ। ਉਨ੍ਹਾਂ ਸਿੱਖੀ ਪ੍ਰਚਾਰ ਦਾ ਦਾਅਵਾ ਕਰਨ ਵਾਲੀਆਂ ਜੱਥੇਬੰਦੀਆਂ ਨੂੰ ਅਪੀਲ ਕੀਤੀਆਂ ਕਿ ਜੇਕਰ ਉਹ ਪਛੜੇ ਵਰਗਾਂ ਦੇ ਸਿੱਖਾਂ ਦਾ ਵਾਕਈ ਵਿਕਾਸ ਚਾਹੁੰਦੇ ਹਨ ਤਾਂ ਉਹ ਖ਼ੁਦ ਅਲਵਰ ਖੇਤਰ ਵਿੱਚ ਆਉਣ, ਉਨ੍ਹਾਂ ਦੀ ਸਥਿਤੀ ਵੇਖਣ ਅਤੇ ਇਨ੍ਹਾਂ ਦੇ ਸਹਿਯੋਗ ਨਾਲ ਜਾਂ ਸੁਤੰਤਰ ਤੌਰ ’ਤੇ ਉੱਥੇ ਬੱਚਿਆਂ ਨੂੰ ਸੰਸਾਰਕ ਤੇ ਆਤਮਕ ਵਿਦਿਆ ਦੇਣ ਦੇ ਪ੍ਰਾਜੈਕਟ ਚਲਾਉਣ।
ਇਨ੍ਹਾਂ ਵੀਰਾਂ ਦੇ ਫੋਨ ਨੰਬਰ ਇਸ ਤਰ੍ਹਾਂ ਹਨ : (1) ਭਾਈ ਤਾਰੀਫ ਸਿੰਘ - 9252306500 (2) ਭਾਈ ਪਰਮੀਤ ਸਿੰਘ - 9314214915 (3) ਭਾਈ ਗੁਰਮੇਲ ਸਿੰਘ - 9829196248 ।
- - -
ਸੰਪਾਦਕੀ ਟਿੱਪਣੀ : ਸਿੱਖ ਕੌਮ ਦੀ ਬਦਕਿਸਮਤੀ ਹੈ ਕਿ ਧਨਾਢ ਸਿੱਖ ਨਗਰ ਕੀਰਤਨਾਂ ਜਾਂ ਕੀਰਤਨ ਦਰਬਾਰਾਂ ਦੌਰਾਨ ਆਲੀਸ਼ਾਨ ਕਿਸਮ ਦੇ ਲੰਗਰ ਲਗਾਉਣ ਲਈ ਤਾਂ ਇਕੋ ਦਿਨ ਵਿੱਚ ਹਜ਼ਾਰਾਂ-ਲੱਖਾਂ ਰੁਪਏ ਖਰਚ ਦਿੰਦੇ ਹਨ ਪਰ ਉਕਤ ਕਿਸਮ ਦੇ ਅਤਿ ਲੋੜਵੰਦ ਪ੍ਰਾਜੈਕਟਾਂ ਲਈ ਕੋਈ ਦੁਆਨੀ ਵੀ ਆਪਣੀ ਜੇਬ ’ਚੋਂ ਕਢਣ ਲਈ ਤਿਆਰ ਨਹੀਂ ਹੁੰਦਾ। ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕ ਵੀ ਗੁਰਦੁਆਰਿਆਂ ਵਿੱਚ ਸੋਨੇ ਦੀਆਂ ਪਾਲਕੀਆਂ ਤੇ ਏਅਰ-ਕੰਡੀਸ਼ਨਰ ਲਗਾਉਣ ਅਤੇ ਦੀਵਾਰਾਂ ਤੇ ਫਰਸ਼ਾਂ ਨੂੰ ਸੰਰਗਮਰਮਰ ਨਾਲ ਥੱਪਣ ’ਤੇ ਹੀ ਸਾਰਾ ਜੋਰ ਲਗਾਈ ਰੱਖਦੇ ਹਨ। ਸਿੱਖਾਂ ਦੀ ਅਜਿਹੀ ਅਗਿਆਨਤਾ, ਬੇਰੁਖੀ ਅਤੇ ਹਉਮੈਵਾਦੀ ਸੋਚ ਕਾਰਨ ਹੀ ਅੱਜ ਸਿੱਖ ਕੌਮ ਹਰ ਮੋਰਚੇ ਤੇ ਅਸਫਲ ਹੋ ਰਹੀ ਹੈ ਅਤੇ ਸਿੱਖਾਂ ਦੀ ਨਵੀਂ ਪਨੀਰੀ ਤੇਜ਼ੀ ਨਾਲ ਸਿੱਖੀ ਅਸੂਲਾਂ ਤੋਂ ਦੂਰ ਹੋ ਰਹੀ ਹੈ। ਕੀ ਕੋਈ ਪੰਥਕ ਜੱਥੇਬੰਦੀ/ਸ਼ਖ਼ਸੀਅਤ ਇਨ੍ਹਾਂ ਵੀਰਾਂ ਦੀ ਮਦਦ ਵਾਸਤੇ ਅੱਗੇ ਆਉਣ ਦੀ ਪਹਿਲ ਕਰੇਗਾ?