

ਖ਼ਬਰ-ਤਰਾਸ਼ੀ
- ਇੰਡੀਆ ਅਵੇਅਰਨੈੱਸ ਬਿਉਰੋ -
ਕਾਸਬ ਨੂੰ ਵਕੀਲ ਦੇਣ ਦਾ ਬਜਰੰਗ ਦਲੀਆਂ ਨੇ ਵਿਰੋਧ ਕੀਤਾ
ਚੰਡੀਗੜ੍ਹ ਦੀ ਇਕ ਮਨੁੱਖੀ ਅਧਿਕਾਰ ਸੰਸਥਾ ਵੱਲੋਂ ਮੁੰਬਈ ਹਮਲਿਆਂ ਸਬੰਧੀ ਫੜੇ ਗਏ ਇਕੋ-ਇਕ ਅੱਤਵਾਦੀ ਅਜਮਲ ਆਮਿਰ ਈਮਾਨ ਕਾਸਬ ਨੂੰ ਵਕੀਲ ਮੁਹੱਈਆ ਕਰਵਾਉਣ ਦੇ ਐਲਾਨ ਦਾ ਬਜਰੰਗ ਦਲ ਦੀ ਸਥਾਨਕ ਇਕਾਈ ਨੇ ਵਿਰੋਧ ਕੀਤਾ ਹੈ। ਇਸ ਦੇ ਵਰਕਰਾਂ ਨੇ ਮਨੁੱਖੀ ਅਧਿਕਾਰ ਸੰਸਥਾ ਵਿਰੁੱਧ ਪ੍ਰਦਰਸ਼ਨ ਕੀਤਾ ਅਤੇ ਪਾਕਿਸਤਾਨ ਵਿਰੁੱਧ ਨਾਅਰੇਬਾਜ਼ੀ ਕੀਤੀ। ਸੰਸਥਾ ਦੇ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਜ਼ਿਆਦਾ ਸਮਾਂ ਖਰਾਬਰ ਨਾ ਕਰਦਿਆਂ ਕਸਾਬ ਨੂੰ ਛੇਤੀ ਤੋਂ ਛੇਤੀ ਫਾਂਸੀ ਦੇ ਦੇਣੀ ਚਾਹੀਦੀ ਹੈ, ਨਾ ਕਿ ਬਚਾਉਣ ਲਈ ਵਕੀਲ ਦੇਣ ਦੀ ਲੋੜ ਹੈ।
(ਰੋਜ਼ਾਨਾ ਸਪੋਕਸਮੈਨ, 28 ਦਸੰਬਰ 08)
ਬ੍ਰਾਹਮਣਵਾਦੀਆਂ ਦੀ ਮਾਨਸਿਕਤਾ ਵੀ ਅਜੀਬ ਹੈ। ਜਦ ਸਾਧਵੀ ਪ੍ਰਗਿਆ ਅਤੇ ਕਰਨਲ ਪੁਰੋਹਿਤ ਵਰਗੇ ਹਿੰਦੂ ਅੱਤਵਾਦੀ ਗ੍ਰਿਫ਼ਤਾਰ ਹੁੰਦੇ ਹਨ, ਤਾਂ ਇਹੋ ਜਿਹੇ ਹਿੰਦੁਤਵੀ ਸੰਗਠਨ ਹੀ ਅਜਿਹੇ ਆਰੋਪੀਆਂ ਲਈ ਭਾਰਤ ਦੇ ਬਿਹਤਰੀਨ ਤੇ ਸਭ ਤੋਂ ਮਹਿੰਗੇ ਵਕੀਲਾਂ ਦਾ ਇੰਤਜ਼ਾਮ ਕਰਦੇ ਹਨ। ਪਰ ਜਦ ਘੱਟ-ਗਿਣਤੀ ਕੌਮਾਂ ਨਾਲ ਸਬੰਧਿਤ ਕਿਸੇ ਆਰੋਪੀ ਦੀ ਸੁਣਵਾਈ ਹੋਣੀ ਹੁੰਦੀ ਹੈ, ਤਾਂ ਇਹੀ ਸੰਗਠਨ ਉਨ੍ਹਾਂ ਆਰੋਪੀਆਂ ਤੋਂ ਵਕੀਲ ਕਰਨ ਜਿਹੇ ਮੌਲਿਕ ਅਧਿਕਾਰ ਵੀ ਖੋਹ ਲੈਣ ਦੀ ਕੋਸ਼ਿਸ਼ ਕਰਦੇ ਹਨ।
ਬੀਬੀ ਬਾਦਲ ਵੱਲੋਂ ਸਿੱਖ ਪਰੰਪਰਾਵਾਂ ਨਾਲ ਜੁੜਨ ਦਾ ਸੱਦਾ
ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਵਰਕਰਾਂ ਨੂੰ ਸਿੱਖ ਪੰਥ ਦੀਆਂ ਮਹਾਨ ਤੇ ਵਿਲੱਖਣ ਪਰੰਪਰਾਵਾਂ ਨਾਲ ਜੁੜਨ ਦਾ ਸੱਦਾ ਦਿੰਦਿਆਂ ਬੀਬੀ ਸੁਰਿੰਦਰ ਕੌਰ ਬਾਦਲ ਨੇ ਕਿਹਾ ਕਿ ਗੁਰਮਤਿ ਅਨੁਸਾਰ ਆਪਣੇ ਜੀਵਨ ਨੂੰ ਢਾਲ ਕੇ ਹੀ ਲੋਕ ਅਤੇ ਪਰਲੋਕ ਦੇ ਸੁੱਖ ਹਾਸਲ ਕੀਤੇ ਜਾ ਸਕਦੇ ਹਨ। ਉਨ੍ਹਾਂ ਬੀਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ੍ਰੀ ਹਰਿਮੰਦਰ ਸਾਿਹਬ ਦੇ ਦਰਸ਼ਨ-ਇਸ਼ਨਾਨ ਅਤੇ ਲੰਗਰ ਦੀ ਸੇਵਾ ਰਾਹੀਂ ਆਪਣੇ ਸਮੁੱਚੇ ਪਰਵਾਰ ਦਾ ਕਲਿਆਣ ਕਰ ਸਕਦੀਆਂ ਹਨ।
(ਪੰਜਾਬੀ ਟ੍ਰਿਬੀਊਨ, 28 ਦਸੰਬਰ 08)
ਬੀਬੀ ਬਾਦਲ ਜੀ, ਲੋਕਾਂ ਨੂੰ ਲੈਕਚਰ ਦੇਣ ਤੋਂ ਪਹਿਲਾਂ ਕ੍ਰਿਪਾ ਕਰਕੇ ਤੁਸੀਂ ਆਪਣੇ ਪਰਵਾਰ ਨੂੰ ਤਾਂ ਸਿੱਖੀ ਦੇ ਦਾਇਰੇ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਕਰੋ। ਤੁਹਾਡਾ ਪਤੀ, ਪੁੱਤਰ ਅਤੇ ਨੂੰਹ ਚੰਦ ਵੋਟਾਂ ਖਾਤਰ ਮੰਦਰਾਂ ਵਿੱਚ ਜਾ ਕੇ ਹਿੰਦੂ ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ ਤੇ ਤੁਸੀਂ ਲੋਕਾਂ ਨੂੰ ਸਿੱਖੀ ਅਪਣਾਉਣ ਦੇ ਉਪਦੇਸ਼ ਦੇ ਰਹੇ ਹੋ !!
ਕਸ਼ਮੀਰ ਵਿੱਚ ਪਹਿਲੀ ਵਾਰ ਕਿਸੇ ਪੰਡਤ ਨੂੰ ਕੋਈ ਸੀਟ ਨਾ ਮਿਲੀ
ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਕੋਈ ਵੀ ਕਸ਼ਮੀਰੀ ਪੰਡਤ ਵਿਧਾਇਕ ਬਣਨ ਵਿੱਚ ਸਫਲ ਨਹੀਂ ਹੋ ਸਕਿਆ। ਸਾਬਕਾ ਮੰਰਤੀ ਰਮਨ ਮੱਟੂ ਸਮੇਤ ਪੰਡਤ ਭਾਈਚਾਰੇ ਦੇ 47 ਉਮੀਦਵਾਰਾਂ ਨੇ ਚੋਣ ਲੜੀ ਸੀ, ਪਰ ਕੋਈ ਵੀ ਵਿਧਾਇਕ ਬਣਨ ਵਿੱਚ ਸਫਲ ਨਹੀਂ ਹੋ ਸਕਿਆ। ਪੰਡਤ ਭਾਈਚਾਰੇ ਨੇ ਸਿਆਸੀ ਫਰੰਟ ਉੱਤੇ ਇਸ ਨੂੰ ‘ਵੱਡਾ ਧੱਕਾ’ ਦੱਸਿਆ ਹੈ। ਆਲ-ਪਾਰਟੀ ਮਾਈਗਰੈਂਟ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਵਿਨੋਦ ਪੰਡਤ ਨੇ ਕਿਹਾ, ‘‘ਸਾਡੀ ਕੋਈ ਸਿਆਸੀ ਵੁੱਕਤ ਨਹੀਂ ਰਹੀ। ਇਸ ਸਮੇਂ ਸਾਨੂੰ ਸੁਲਾਹ-ਸਫਾਈ ਦਾ ਰਸਤਾ ਅਖ਼ਤਿਆਰ ਕਰਨ ਦੀ ਲੋੜ ਹੈ।’’
(ਪੰਜਾਬੀ ਟ੍ਰਿਬੀਊਨ, 2 ਜਨਵਰੀ 09)
ਅਮਰਨਾਥ ਗੁਫਾ ਦੀ ਯਾਤਰਾ ਲਈ ਸੁਵਿਧਾਵਾਂ ਦੇ ਬਹਾਨੇ ਕਸ਼ਮੀਰੀ ਲੋਕਾਂ ਵਿਚਕਾਰ ਫਿਰਕੂ ਤਨਾਅ ਪੈਦਾ ਕਰਨ ਅਤੇ ਕਈ ਮਹੀਨਿਆਂ ਤੱਕ ਜੰਮੂ-ਕਸ਼ਮੀਰ ਨੂੰ ਹਿੰਸਾ ਦੀ ਅੱਗ ਵਿੱਚ ਝੋਕੀ ਰੱਖਣ ਵਾਲੇ ਵਰਗ ਨੂੰ ਜੇਕਰ ਲੋਕਾਂ ਨੇ ਚੋਣਾਂ ਦੌਰਾਨ ਪੂਰੀ ਤਰ੍ਹਾਂ ਖੁੱਡੇ-ਲਾਈਨ ਲਗਾ ਦਿੱਤਾ, ਤਾਂ ਇਸ ਵਿੱਚ ਹੈਰਾਨੀ ਦੀ ਕਿਹੜੀ ਗੱਲ ਹੈ?
ਮੱਕੜ ਦੇ ਵਿਦੇਸ਼ ਦੌਰੇ ’ਤੇ ਸਵਾਲ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇਕ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਕਿਹਾ ਕਿ ਉਹ ਆਪਣੇ ਹੁਣੇ-ਹੁਣੇ ਕੀਤੇ ਗਏ ਵਿਦੇਸ਼ੀ ਦੌਰਿਆਂ ਦਾ ਵੇਰਵਾ ਦੇਣ ਕਿ ਉਹ ਕਿਹੜੇ-ਕਿਹੜੇ ਦੇਸ਼ਾਂ ਵਿੱਚ ਗਏ ਤੇ ਕਿਹੜੇ ਪੰਥਕ ਮੁੱਦਿਆਂ ਦੇ ਹੱਲ ਲਈ ਮੀਟਿੰਗਾਂ ਕੀਤੀਆਂ। ਉਨ੍ਹਾਂ ਦੇ ਇਸ ਵਿਦੇਸ਼ੀ ਦੌਰੇ ਦਾ ਕੀ ਮਕਸਦ ਸੀ ਅਤੇ ਦੌਰੇ ’ਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਕੌਮੀ ਖਾਤੇ ਵਿੱਚੋਂ ਕਿੰਨਾ ਖਰਚ ਕੀਤਾ ਗਿਆ? ਉਨ੍ਹਾਂ ਨਾਲ ਜਾਣ ਵਾਲੇ ਕਿਹੜੇ-ਕਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਸਨ? ਸ੍ਰ: ਮਾਨ ਨੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੇ ਵਜ਼ੀਰਾਂ ਦੀ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਮੁਖੀ ਅਤੇ ਹੋਰ ਅਧਿਕਾਰੀ ਵੀ ਗੁਰੂ ਦੀ ਗੋਲਕ ਵਿੱਚੋਂ ਬੇਪਰਵਾਹੀ ਨਾਲ ਖਰਚ ਕਰਕੇ ਪਹਿਲੇ ਦਰਜੇ ਦੀਆਂ ਹਵਾਈ ਟਿਕਟਾਂ ਲੈਣ, ਵਿਦੇਸ਼ੀ ਫਾਈਵ ਸਟਾਰ ਮਹਿੰਗੇ ਹੋਟਲਾਂ ਵਿੱਚ ਠਹਿਰਨ ਅਤੇ ਐਸ਼-ਪ੍ਰਸਤੀ ਕਰਨ ਦੇ ਆਦੀ ਹੋ ਗਏ ਹਨ। ਸ੍ਰ: ਮਾਨ ਨੇ ਮੰਗ ਕੀਤੀ ਕਿ ਸ੍ਰ: ਮੱਕੜ ਮੀਡੀਆ ਰਾਹੀਂ ਇਹ ਜਾਣਕਾਰੀ ਵੀ ਦੇਣ ਕਿ ਇਸ ਵਿਦੇਸ਼ੀ ਦੌਰੇ ਨਾਲ ਸਿੱਖ ਕੌਮ ਨੂੰ ਕੀ ਪ੍ਰਾਪਤੀ ਹੋਈ ਹੈ ਜਾਂ ਉਹ ਵਿਦੇਸ਼ਾਂ ਵਿੱਚ ਜਾ ਕੇ ਕਿਹੜੇ-ਕਿਹੜੇ ਸਿੱਖ ਮਸਲੇ ਹੱਲ ਕਰਕੇ ਆਏ ਹਨ।
(ਰੋਜ਼ਾਨਾ ਸਪੋਕਸਮੈਨ, 3 ਜਨਵਰੀ 09)
ਮੱਕੜ ਸਾਹਿਬ ਵਿਦੇਸ਼ਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਨਹੀਂ ਬਲਕਿ ਆਪਣਾ ਮੱਕੜ ਜਾਲ ਫੈਲਾ ਕੇ ਡਾਲਰਾਂ/ਪੌਂਡਾਂ ਦੇ ਗੱਫੇ ਪ੍ਰਾਪਤ ਕਰਨ ਜਾਂਦੇ ਹਨ। ਜਿਹੜੇ ਲੋਕ ਸਿੱਖ ਦੀ ਪਰਿਭਾਸ਼ਾ ਵੀ ਨਹੀਂ ਜਾਣਦੇ ਜਾਂ ਜਾਣਬੁੱਝ ਕੇ ਗਲਤ ਪਰਿਭਾਸ਼ਾ ਅਦਾਲਤਾਂ ਵਿੱਚ ਪੇਸ਼ ਕਰਦੇ ਹਨ, ਉਨ੍ਹਾਂ ਨੇ ਵਿਦੇਸ਼ਾਂ ਵਿੱਚ ਜਾ ਕੇ ਸਿੱਖੀ ਦਾ ਕੀ ਸਵਾਰਨਾ ਹੈ, ਇਸਦਾ ਅੰਦਾਜ਼ਾ ਲਗਾਉਣਾ ਔਖਾ ਨਹੀਂ।
ਪਸ਼ੂਪਤੀਨਾਥ ਮੰਦਰ ’ਚ ਨੇਪਾਲੀ ਪੁਜਾਰੀਆਂ ਦੀ ਨਿਯੁਕਤੀ
ਨੇਪਾਲ ਦੇ ਪ੍ਰਸਿੱਧ ਮੰਦਰ ਪਸ਼ੂਪਤੀਨਾਥ ਵਿਚੋਂ ਭਾਰਤੀ ਪੁਜਾਰੀਆਂ ਨੂੰ ਹਟਾਉਣ ’ਤੇ ਸਖ਼ਤ ਆਲੋਚਨਾ ਵਿੱਚ ਘਿਰੀ ਮਾਉਵਾਦੀਆਂ ਦੀ ਅਗਵਾਈ ਵਾਲੀ ਸਰਕਾਰ ਨੇ ਸਥਾਨਕ ਬ੍ਰਾਹਮਣਾਂ ਨੂੰ ਪੁਜਾਰੀ ਨਿਯੁਕਤ ਕਰਕੇ ਸੁਪਰੀਮ ਕੋਰਟ ਦੇ ਅੰਤਰਮ ਹੁਕਮਾਂ ਨੂੰ ਚੁਣੌਤੀ ਦੇ ਦਿੱਤੀ ਹੈ। ਪਸ਼ੂਪਤੀ ਏਰੀਆ ਡਿਵੈਲਪਮੈਂਟ ਟਰਸਟ, ਜੋ ਇਕ ਸਰਕਾਰੀ ਅਦਾਰਾ ਹੈ, ਵੱਲੋਂ ਸੁਪਰੀਮ ਕੋਰਟ ਵਿੱਚ ਇਕ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਕਿ ਉਸ ਸਟੇਅ ਆਰਡਰ ਨੂੰ ਖ਼ਤਮ ਕੀਤਾ ਜਾਵੇ, ਜਿਸ ਵਿੱਚ ਨੇਪਾਲੀ ਪੁਜਾਰੀਆਂ ਦੀ ਨਿਯੁਕਤੀ ’ਤੇ ਪਾਬੰਦੀ ਲਾਈ ਗਈ ਹੈ। ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਨਵੇਂ ਪੁਜਾਰੀਆਂ ਦੀ ਨਿਯੁਕਤੀ ਪੂਰੀ ਤਰ੍ਹਾਂ ਕਾਨੂੰਨੀ ਹੈ ਅਤੇ ਅੰਤਰਮ ਹੁਕਮ ਜਾਰੀ ਕਰਨ ਨਾਲ ਸਰਕਾਰੀ ਫੈਸਲੇ ਨੂੰ ਲਾਗੂ ਕਰਨ ਵਿੱਚ ਦਿੱਕਤ ਪੈਦਾ ਹੋ ਸਕਦੀ ਹੈ।
(ਰੋਜ਼ਾਨਾ ਸਪੋਕਸਮੈਨ, 7 ਜਨਵਰੀ 09)
ਜਦ ਮੰਦਰ ਨੇਪਾਲੀਆਂ ਦਾ ਹੈ, ਤਾਂ ਪੁਜਾਰੀ ਵੀ ਨੇਪਾਲੀ ਹੀ ਹੋਣੇ ਚਾਹੀਦੇ ਹਨ - ਪੁਜਾਰੀਆਂ ਨੂੰ ਭਾਰਤ ਤੋਂ ਇੰਪੋਰਟ ਕੀਤੇ ਜਾਣ ਦੀ ਕੀ ਲੋੜ ਹੈ? ਜੇਕਰ ਕਿਸੇ ਖ਼ਾਸ ਤਰ੍ਹਾਂ ਦੇ ਹਾਲਾਤ ਜਾਂ ਭਾਰਤੀ ਪੰਡਤਾਂ ਵੱਲੋਂ ਨੇਪਾਲੀ ਲੋਕਾਂ ਨੂੰ ਵਰਗਲਾਉਣ ਕਾਰਨ ਪੁਰਾਣੇ ਸਮੇਂ ਵਿੱਚ ਇਸ ਮੰਦਰ ਵਿੱਚ ਭਾਰਤੀ ਪੁਜਾਰੀਆਂ ਨੂੰ ਨਿਯੁਕਤ ਕਰਨ ਦੀ ਗਲਤ ਰਵਾਇਤ ਸਥਾਪਿਤ ਹੋ ਵੀ ਗਈ ਸੀ ਤਾਂ ਇਸ ਰਵਾਇਤ ਨੂੰ ਹੁਣ ਬਦਲਿਆ ਕਿਉਂ ਨਹੀਂ ਜਾ ਸਕਦਾ - ਅਖੀਰ, ਜਦੋਂ ਅੱਖ ਖੁੱਲੇ ਓਦੋਂ ਹੀ ਸਵੇਰ ਸਮਝਣੀ ਚਾਹੀਦੀ ਹੈ।
ਆਸਟ੍ਰੇਲੀਆ ਗਏ ਨੌਜੁਆਨਾਂ ਦਾ ਆਪਣੇ ਹੀ ਕਰ ਰਹੇ ਨੇ ਸ਼ੋਸ਼ਣ
ਸਟਡੀ ਵੀਜ਼ੇ ’ਤੇ ਆਸਟ੍ਰੇਲੀਆ ਜਾਣ ਵਾਲੇ ਪੰਜਾਬੀ ਨੌਜੁਆਨਾਂ ਦੀ ਹਾਲਤ ਤਰਸਯੋਗ ਹੈ। ਇਨ੍ਹਾਂ ਨੌਜੁਆਨਾਂ ਦਾ ਉੱਥੇ ਭਾਰੀ ਸ਼ੋਸ਼ਣ ਹੋ ਰਿਹਾ ਹੈ। ਇਹ ਖੁਲਾਸਾ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਉਦਿਯੋਗਪਤੀ ਗੁਰਚਰਨ ਸਿੰਘ ਕੁਆਰ ਨੇ ਕਰਦਿਆਂ ਦੱਸਿਆ ਕਿ ਆਸਟ੍ਰੇਲੀਆ ਦੀਆਂ ਯੂਨਿਵਰਸਿਟੀਆਂ ਪੰਜਾਬੀ ਨੌਜੁਆਨਾਂ ਨੂੰ ਸਟਡੀ ਵੀਜ਼ੇ ’ਤੇ ਇਹ ਕਹਿ ਕੇ ਸੱਦ ਰਹੇ ਹਨ ਕਿ ਉਥੇ ਉਹ ਪੜ੍ਹਾਈ ਦੇ ਨਾਲ-ਨਾਲ ਕੁਝ ਘੰਟੇ ਕੰਮ ਕਰ ਸਕਦੇ ਹਨ ਜਦਕਿ ਨੌਜੁਆਨਾਂ ਨੂੰ ਕੰਮ ਖ਼ੁਦ ਲੱਭਣਾ ਪੈਂਦਾ ਹੈ। ਉਥੇ ਜਿਹੜੇ ਭਾਰਤੀ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਹਨ, ਉਹ ਇਨ੍ਹਾਂ ਨੌਜੁਆਨਾਂ ਪਾਸੋਂ ਵੀਹ-ਵੀਹ ਘੰਟੇ ਕੰਮ ਕਰਾ ਕੇ ਉਨ੍ਹਾਂ ਨੂੰ ਦਸ-ਦਸ ਘੰਟੇ ਦਾ ਮਿਹਨਤਾਨਾ ਦਿੰਦੇ ਹਨ। ਕਈ ਤਾਂ ਇਨ੍ਹਾਂ ਨੂੰ ਇਕ-ਇਕ ਮਹੀਨੇ ਆਪਣੇ ਹੋਟਲਾਂ, ਰੈਸਟੋਰੈਂਟਾਂ ਤੇ ਕਾਰ ਧੋਣ ’ਤੇ ਰੱਖ ਕੇ ਇਨ੍ਹਾਂ ਪਾਸੋਂ ਕੰਮ ਕਰਾਉਣ ਬਾਅਦ ਆਖਦੇ ਹਨ ਕਿ ਇਹ ਉਨ੍ਹਾਂ ਟ੍ਰੇਨਿੰਗ ਪੀਰੀਅਡ ਸੀ, ਤੁਸੀਂ ਇਸ ਵਿੱਚ ਪਾਸ ਨਹੀਂ ਹੋਏ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ 10-15 ਲੱਖ ਰੁਪਏ ਖਰਚ ਕੇ ਵਿਦੇਸ਼ ਜਾਣ ਦੀ ਸੋਚਦਾ ਹੈ, ਤਾਂ ਉਸਦੀ ਇਹ ਸੋਚ ਸਰਾਸਰ ਗਲਤ ਹੈ। ਆਸਟ੍ਰੇਲੀਆ ਵਿੱਚ ਹੁਣ ਬੇਰੋਜ਼ਗਾਰੀ ਬਹੁਤ ਹੋ ਗਈ ਹੈ।
(ਪੰਜਾਬੀ ਟ੍ਰਿਬੀਊਨ, 9 ਜਵਨਰੀ 09)
ਪੰਜਾਬ ਦੇ ਉਹ ਸਭ ਨੌਜੁਆਨ ਧੰਨ ਹਨ ਜੋ ਸਿਰਫ਼ ਭੇਡਚਾਲ ਵਿੱਚ ਵਿਦੇਸ਼ਾਂ ਵਿੱਚ ਪਹੁੰਚ ਕੇ ਆਪਣੀ ਫਜੀਹਤ ਕਰਵਾਉਂਦੇ ਹਨ। ਉਨ੍ਹਾਂ ਤੋਂ ਵੀ ਵੱਧ ਧੰਨ ਹਨ ਉਹ ਅਖੌਤੀ ਪੰਜਾਬੀ, ਜੋ ਆਪਣੇ ਸਮਾਜ ਦੇ ਲੋਕਾਂ ਦੀ ਮਦਦ ਕਰਨ ਦੀ ਬਜਾਏ, ਉਨ੍ਹਾਂ ਦਾ ਸਰੀਰਕ ਤੇ ਆਰਥਕ ਸ਼ੋਸ਼ਣ ਕਰਨ ਵਿੱਚ ਆਪਣੀ ਵਡਿਆਈ ਸਮਝਦੇ ਹਨ।
ਜੰਮੂ-ਕਸ਼ਮੀਰ ਵਿੱਚ ਸਿੱਖਾਂ ਨੇ ਕੀਤੀ ਘੱਟ-ਗਿਣਤੀ ਦਰਜੇ ਦੀ ਮੰਗ
ਜੰਮੂ-ਕਸ਼ਮੀਰ ਦੇ ਇਕ ਸਿੱਖ ਸੰਗਠਨ ‘ਆਲ-ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ’ ਨੇ ਸਿੱਖਾਂ ਨੂੰ ਸੂਬੇ ਵਿੱਚ ਘੱਟ-ਗਿਣਤੀ ਦਰਜਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਸੰਗਠਨ ਦੇ ਕੋਆਰਡੀਨੇਟਰ ਸ੍ਰ: ਜਗਮੋਹਨ ਸਿੰਘ ਰੈਨਾ ਨੇ ਕਿਹਾ ਕਿ ਜੰਮੂ-ਕਸ਼ਮੀਰ ਹੀ ਭਾਰਤ ਇਕੋ-ਇਕ ਅਜਿਹਾ ਸੂਬਾ ਹੈ, ਜਿੱਥੇ ਸਿੱਖਾਂ ਨੂੰ ਘੱਟ-ਗਿਣਤੀ ਦਰਜਾ ਮੁਹਈਆ ਕਰਾਉਣ ਵਾਲਾ ਕਾਨੂੰਨ ਹੋਂਦ ਵਿੱਚ ਹੋਣ ਦੇ ਬਾਵਜੂਦ ਇਹ ਦਰਜਾ ਨਹੀਂ ਦਿੱਤਾ ਗਿਆ। ਸ੍ਰ: ਰੈਨਾ ਨੇ ਦੋਸ਼ ਲਗਾਇਆ ਕਿ ਸੂਬੇ ਵਿੱਚ ਆਰਥਕ, ਸਿਆਸੀ ਤੇ ਸਮਾਜਕ ਰੂਪ ਵਿੱਚ ਬੇਹਦ ਕਮਜ਼ੋਰ ਹਨ ਅਤੇ ਇਸਲਈ ਰਾਜ ਤੇ ਕੇਂਦਰ ਦੋਵੇਂ ਸਰਕਾਰਾਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਰਾਜ ਦੀ ਕੁਲ ਅਬਾਦੀ ਵਿੱਚ ਸਿੱਖਾਂ ਦਾ ਹਿੱਸਾ 5.38 ਫੀਸਦੀ ਹੈ ਅਤੇ ਉਸਨੂੰ ਸਰਕਾਰੀ ਲਾਭਾਂ ਤੋਂ ਦੂਰ ਰੱਖਿਆ ਗਿਆ ਹੈ ਕਿਉਂਕਿ ਘੱਟ-ਗਿਣਤੀ ਦਰਜੇ ਤੋਂ ਬਿਨਾਂ ਰਾਜ ਜਾਂ ਕੇਂਦਰ ਦੀ ਕਿਸੇ ਯੋਜਨਾ ਦਾ ਲਾਭ ਉਨ੍ਹਾਂ ਨੂੰ ਨਹੀਂ ਮਿਲ ਸਕਦਾ।
(ਰੋਜ਼ਾਨਾ ਸਪੋਕਸਮੈਨ, 12 ਜਨਵਰੀ 09)
ਚਲੋ, ਭਾਵੇਂ ਦੇਰ ਨਾਲ ਹੀ ਸਹੀ ਪਰ ਜੰਮੂ-ਕਸ਼ਮੀਰ ਦੇ ਸਿੱਖਾਂ ਨੂੰ ਵੀ ਇਹ ਯਾਦ ਤਾਂ ਆਈ ਕਿ ਉਨ੍ਹਾਂ ਦੇ ਵੀ ਕੁਝ ਹੱਕ ਹਨ। ਪਰ ਇਹ ਹੱਕ ਕਿਸੇ ਇਕ ਸੰਸਥਾ ਦੇ ਬਿਆਨਾਂ ਰਾਹੀਂ ਨਹੀਂ ਬਲਕਿ ਰਿਆਸਤ ਦੇ ਸਾਰੇ ਸਿੱਖਾਂ ਦੇ ਸਰਗਰਮ, ਸੰਜੀਦਾ ਤੇ ਗੁਟ-ਨਿਰਪੱਖ ਹੰਭਲਿਆਂ ਰਾਹੀਂ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ।
ਗੁਰੂ ਗ੍ਰੰਥ ਸਾਹਿਬ ਦੇ ਪਦ-ਛੇਦ ਸਰੂਪਾਂ ’ਤੇ ਪਾਬੰਦੀ
ਸ਼੍ਰੋਮਣੀ ਕਮੇਟੀ ਵੱਲੋਂ ਇਤਿਹਾਸਕ ਗੁਰਧਾਮਾਂ ’ਚ ਸ਼ਬਦ ਗੁਰੂ ਦੇ ਪਦ-ਛੇਦ ਸਰੂਪਾਂ ਦੀ ਬਜਾਏ ਜੁੜਵੇਂ ਅੱਖਰਾਂ ਵਾਲੇ ਸਰੂਪਾਂ ਦਾ ਪ੍ਰਕਾਸ਼ ਕਰਨ ਦੇ ਚਾੜ੍ਹੇ ਹੁਕਮਾਂ ਸਬੰਧੀ ਸਿੱਖ ਸੰਗਤਾਂ ਨੂੰ ਜਾਗਰੁਕ ਕਰਦਿਆਂ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ ਪ੍ਰੋ: ਦਰਸ਼ਨ ਸਿੰਘ ਨੇ ਇਸ ਫੁਰਮਾਨ ਨੂੰ ਆਰ.ਐਸ.ਐਸ. ਦੇ ਇਸ਼ਾਰਿਆਂ ’ਤੇ ਸਿੱਖਾਂ ਨੂੰ ਸ਼ਬਦ ਗੁਰੂ ਨਾਲੋਂ ਤੋੜਨ ਦੀ ਸਾਜਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ 60 ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਹੀ ਵਿਦਵਾਨਾਂ ਕੋਲੋਂ ਸ਼ਬਦ-ਗੁਰੂ ਦੇ ਪਦ-ਛੇਦ ਸਰੂਪ ਤਿਆਰ ਕਰਵਾਏ ਸਨ, ਜਿਸ ਨਾਲ ਵੀਰ-ਭੈਣ ਖ਼ੁਦ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਸਕਣ। ਪਰ ਅੱਜ ਡੇਰੇਦਾਰਾਂ ਤੇ ਆਰ.ਐਸ.ਐਸ. ਦੇ ਪਿੱਛੇ ਲਗ ਕੇ ਸ਼੍ਰੋਮਣੀ ਕਮੇਟੀ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ’ਤੇ ਉਤਾਰੂ ਹੋ ਗਈ ਹੈ। ਸਿੱਖਾਂ ਦੇ ਗੁਰਬਾਣੀ ਦੇ ਉਪਦੇਸ਼ਾਂ ਤੋਂ ਅਨਜਾਣ ਹੋਣ ’ਤੇ ਸਿੱਖੀ ਦੀਆਂ ਜੜ੍ਹਾਂ ਅਸਾਨੀ ਨਾਲ ਵੱਢੀਆਂ ਜਾ ਸਕਦੀਆਂ ਹਨ।
(ਰੋਜ਼ਾਨਾ ਸਪੋਕਸਮੈਨ, 12 ਜਨਵਰੀ 09)
ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦਾ ਰਿਮੋਟ ਕੰਟਰੋਲ ਤਾਂ ਬਹੁਤ ਸਮੇਂ ਤੋਂ ਆਰ.ਐਸ.ਐਸ. ਦੇ ਹੱਥ ਵਿੱਚ ਹੀ ਹੈ। ਅਤੇ ਸੰਘ ਪਰਵਾਰ ਨਹੀਂ ਚਾਹੁੰਦਾ ਕਿ ਲੋਕ ਗੁਰੂ ਗ੍ਰੰਥ ਸਾਹਿਬ ਦੀ ਉੱਚੀ-ਸੁੱਚੀ ਵਿਚਾਰਧਾਰਾ ਤੋਂ ਜਾਣੂ ਹੋ ਕੇ ਬ੍ਰਾਹਮਣਵਾਦ ਦੇ ਚੁੰਗਲ ਤੋਂ ਮੁਕਤ ਹੋਣ। ਇਸਲਈ ‘ਨਾ ਰਹੇਗਾ ਬਾਂਸ, ਨਾ ਬਜੇਗੀ ਬਾਂਸੁਰੀ’ ਦੀ ਨੀਤੀ ਵਾਂਗ ਬ੍ਰਾਹਮਣਵਾਦੀਆਂ ਨੇ ਇਤਿਹਾਸਕ ਗੁਰਧਾਮਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਦ-ਛੇਦ ਸਰੂਪਾਂ ’ਤੇ ਪਾਬੰਦੀ ਲਗਵਾ ਦਿੱਤੀ ਹੈ। ਜੇਕਰ ਸਿੱਖ ਸੁੱਤੇ ਹੀ ਰਹੇ ਅਤੇ ਇਸ ਫੈਸਲੇ ਦਾ ਵਿਰੋਧ ਨਾ ਕੀਤਾਂ ਤਾਂ ਕੁਝ ਸਮੇਂ ਬਾਅਦ ਇਹੀ ਆਦੇਸ਼ ਸਾਰੇ ਗੁਰਦੁਆਰਿਆਂ ਲਈ ਵੀ ਲਾਗੂ ਹੋ ਜਾਏਗਾ ਤੇ ਇਸਦਾ ਵਿਰੋਧ ਵੀ ਨਹੀਂ ਹੋ ਸਕੇਗਾ - ਅਖੀਰ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪ੍ਰਕਾਸ਼ਿਤ ਕਰਨ ਦਾ ਅਧਿਕਾਰ ਸਿਰਫ਼ ਸ਼੍ਰੋਮਣੀ ਕਮੇਟੀ ਕੋਲ ਜੋ ਹੈ।
ਚੰਦੂਮਾਜਰਾ ਦੀ ਮੀਰੀ-ਪੀਰੀ ਦੇ ਸਿਧਾਂਤ ਨੂੰ ਵੰਗਾਰ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪਟਿਆਲਾ ਲੋਕ ਸਭਾ ਹਲਕੇ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਇਸ ਬਿਆਨ ਨੇ ਪੰਥਕ ਦ੍ਰਿਸ਼ ਦੇ ਦਰਸ਼ਕਾਂ ਦੇ ਕੰਨ ਖੜੇਕਰ ਦਿੱਤੇ ਹਨ ਕਿ ਦਲ ਸਿਰਸੇ ਵਾਲੇ ਸਾਧ ਦੇ ‘ਪ੍ਰੇਮੀਆਂ’ ਦੇ ਵੋਟ ਵੀ ਮੰਗੇਗਾ ਕਿਉਂ ਜੋ ਉਹ ਵੀ ਪੰਜਾਬ ਦੇ ਵਸਨੀਕ ਹਨ ਅਤੇ ਕਿਉਂ ਜੋ ਰਾਜਨੀਤੀ ਅੰਦਰ ਧਰਮ ਦਾ ਦਖ਼ਲ ਨਹੀਂ ਹੁੰਦਾ। ਚੰਦੂਮਾਜਰਾ ਦਾ ਇਹ ਬਿਆਨ ਅਕਾਲੀ ਦਲ ਦੀ 80 ਸਾਲ ਪੁਰਾਣੀ ਮੀਰੀ-ਪੀਰੀ ਦੇ ਸੁਮੇਲ ਦੀ ਵਿਚਾਰਧਾਰਾ ਨੂੰ ਤਿਲਾਂਜਲੀ ਵਜੋਂ ਵੇਖਿਆ ਜਾ ਰਿਹਾ ਹੈ।
(ਰੋਜ਼ਾਨਾ ਸਪੋਕਸਮੈਨ, 15 ਜਵਨਰੀ 09)
ਚੰਦੂਮਾਜਰਾ ਨੇ ਓਹੀ ਗੱਲ ਤਾਂ ਕਹੀ ਹੈ, ਜੋ ਬਾਦਲਕੇ ਪਹਿਲਾਂ ਵੀ ਕਰਦੇ ਰਹੇ ਹਨ ਅਤੇ ਹੁਣ ਵੀ ਕਰਨਗੇ। ਅਖੀਰ ਅਜਿਹਾ ਕੀਤਾ ਵੀ ਕਿਉਂ ਨਾ ਜਾਏ ਜਦ ਬਾਦਲ ਸਾਹਿਬ ਬਹੁਤ ਸਮਾਂ ਪਹਿਲਾਂ ਹੀ ਅਕਾਲੀ ਦਲ ਨੂੰ ਸਿੱਖਾਂ ਦੀ ਨਹੀਂ ਬਲਕਿ ਪੰਜਾਬੀਆਂ ਦੀ ਪਾਰਟੀ ਐਲਾਨ ਚੁੱਕੇ ਹਨ।