Subscription About Us Contact Us


ਤਬੀਤ-ਧਾਗੇ, ਮੰਤਰ-ਤੰਤਰ, ਜਾਦੂ-ਟੂਣੇ ਅਤੇ ਪਾਂਧੇ-ਪੱਤਰੀਆਂ ਸਭ ਪਖੰਡ ਹਨ

- ਪਵਨ ਕੁਮਾਰ ‘ਰੱਤੋਂ’ -
ਫੋਨ : 9417371455

‘‘ਘਬਰਾਓ ਨਾ, ਇਹ ਰੁਪਏ ਪੈਦਾ ਕਰਨ ਦਾ ਮੰਤਰ ਹੈ। ਇਸ ਮੰਤਰ ਦੇ ਸਵਾ ਕਰੋੜ ਪਾਠ ਕਰੋ, ਫੇਰ ਵੇਖਣਾ ਤੁਹਾਨੂੰ ਲਕਸ਼ਮੀ ਛੱਪੜ ਪਾੜ ਕੇ ਧਨ ਦੀ ਵਰਖਾ ਕਰੇਗੀ।’’

ਇਸ ਪ੍ਰਕਾਰ ਦੇ ਊਟ-ਪਟਾਂਗ, ਬੇਮਤਲਬ ਮੰਤਰ ਭਾਰਤੀ ਸੰਸਕ੍ਰਿਤੀ ਦੇ ਅਟੁੱਟ ਅੰਗ ਰਹੇ ਹਨ ਅਤੇ ਦੇਸ਼ ਦੇ ਲੋਕ ਸਦੀਆਂ ਤੋਂ ਇਨ੍ਹਾਂ ਉੱਤੇ ਵਿਸ਼ਵਾਸ ਕਰੀ ਜਾ ਰਹੇ ਹਨ। ਇਸ ਅੰਧਵਿਸ਼ਵਾਸੀ ਕੋਹੜ ’ਤੇ ਲੋਕੀਂ ਪੈਸੇ ਖ਼ਰਚ ਕਰਕੇ ਕੰਗਾਲ ਹੋਈ ਜਾ ਰਹੇ ਹਨ, ਅਤੇ ਸਿਆਣੇ ਤੇ ਤਾਂਤਰਿਕਾਂ ਦੀਆਂ ਦੱਸੀਆਂ ਸਾਧਨਾਵਾਂ ਲਈ ਅਜੀਬ ਪ੍ਰਕਾਰ ਦੀਆਂ ਦੱਸੀਆਂ ਸਾਧਨਾਵਾਂ ਲਈ ਅਜੀਬ ਪ੍ਰਕਾਰ ਦੀਆਂ ਕ੍ਰਿਆਵਾਂ ਕੀਤੀਆਂ ਜਾਂਦੀਆਂ ਹਨ। ਵਿਸ਼ੇਸ਼ ਕਰਕੇ ਉਹ ਲੋਕ ਜੋ ‘‘ਖੁੱਲ੍ਹ ਜਾ ਸਿੰਮ-ਸਿੰਮ’’ ਉੱਤੇ ਵਿਸ਼ਵਾਸ ਰੱਖਦੇ ਹਨ। ਤਬੀਤ-ਧਾਗਿਆਂ, ਮੰਤਰਾਂ-ਤੰਤਰਾਂ, ਜਾਦੂ-ਟੂਣੇ ਅਤੇ ਪਾਂਧੇ-ਪੱਤਰੀਆਂ ਦੇ ਪਿੱਛੇ ਜ਼ਿਆਦਾ ਭੱਜਦੇ ਨਜ਼ਰ ਆਉਂਦੇ ਹਨ। ਜਦ ਕਿ ਸੱਚਾਈ ਇਹ ਹੈ ਕਿ ਤਬੀਤ-ਧਾਗੇ, ਮੰਤਰ-ਤੰਤਰ ਤੇ ਜਾਦੂ-ਟੂਣੇ ਆਦਿ ਚਲਾਕ, ਪਖੰਡੀ, ਨੌਸਰਬਾਜ਼ ਤੇ ਵੇਲ੍ਹੜ ਨਿਖੱਟੂਆਂ, ਠੱਗਾਂ ਦੇ ਦਿਮਾਗ ਦੀ ਗੰਦੀ ਪੈਦਾਵਾਰ ਹੈ। ਜਿਸਦੇ ਆਸਰੇ ਇਹ ਅੰਧਵਿਸ਼ਵਾਸੀ ਅਤੇ ਕੁਰਾਹੇ ਪਏ ਸਮਾਜ ਨੂੰ ਉੱਲੂ ਬਣਾ ਕੇ ਆਪਣੇ ਢਿੱਡ ਭਰਦੇ ਹਨ।

ਪੁਰਾਤਨ ਕਾਲ ਵਿਚ ਇਸ ਚਲਾਕ ਤੇ ਹੱਥ ’ਤੇ ਹੱਥ ਮਾਰੂ ਟੋਲੇ ਦਾ ਬੋਲਬਾਲਾ ਜ਼ਿਆਦਾ ਸੀ ਕਿਉਂਕਿ ਉਸ ਵੇਲੇ ਨਾ ਤਾਂ ਸੱਭਿਅਤਾ ਦਾ ਏਨਾ ਵਿਕਾਸ ਹੋਇਆ ਸੀ ਅਤੇ ਨਾ ਵਿਗਿਆਨਕ ਸਿੱਖਿਆ ਹੀ ਸਾਹਮਣੇ ਆਈ ਸੀ। ਜਦ ਕਦੇ ਕਿਸੇ ਉੱਤੇ ਕਿਸੇ ਪ੍ਰਕਾਰ ਦੀ ਸਰੀਰਕ ਜਾਂ ਆਰਥਿਕ ਭੀੜ ਆਉਂਦੀ ਤਾਂ ਉਹ ਤਬੀਤ-ਧਾਗਿਆਂ ਤੇ ਮੰਤਰ-ਤੰਤਰ ਦੇ ਪਖੰਡ ਦੇ ਚੁੰਗਲ ਵਿਚ ਘਿਰ ਕੇ ਮਾਨਸਿਕ ਸੰਤੁਸ਼ਟੀ ਮਹਿਸੂਸ ਕਰਦਾ।

ਗਿਆਨ ਤੇ ਵਿਗਿਆਨ ਦੀ ਤਰੱਕੀ ਦੇ ਨਾਲ-ਨਾਲ ਤਬੀਤ-ਧਾਗਿਆਂ, ਮੰਤਰਾਂ-ਤੰਤਰਾਂ, ਜਾਦੂ-ਟੂਣਿਆਂ ਤੇ ਪਾਂਧੇ-ਪੱਤਰੀਆਂ ਦੀ ਅਸਲੀਅਤ ਵਧੇਰੇ ਅੰਸ਼ਾਂ ਵਿਚ ਖੁੱਲ੍ਹ ਕੇ ਸਾਹਮਣੇ ਆਈ ਹੈ। ਪਰੰਤੂ ‘ਭਾਰਤ ਮਹਾਨ’ ਅੱਜ ਵੀ ਇਸ ਪ੍ਰਕਾਰ ਦੇ ਮੂਰਖਾਂ ਤੇ ਜਾਹਲਾਂ ਨਾਲ ਲੱਦਿਆ ਪਿਆ ਹੈ।

ਮੇਰਾ ਇਕ ਮਿੱਤਰ, ਮੈਨੂੰ ਇਕ ਵੱਡਾ ਜਿਹਾ ਤਬੀਤ ਵਿਖਾਉਣ ਲਈ ਆਇਆ ਅਤੇ ਆਖਣ ਲੱਗਾ ਕਿ ਇਸ ਵਾਰ ਉਸਦੇ ਘਰ ਬੱਚਾ ਜ਼ਰੂਰ ਪੈਦਾ ਹੋਵੇਗਾ, ਕਿਉਂਕਿ ਹਿਮਾਲੀਆ ਤੋਂ ਆਏ ਹੋਏ ਇੱਕ ਪ੍ਰਸਿੱਧ ਮਹਾਤਮਾਂ ਨੇ ਸਪੈਸ਼ਲ ਮੰਤਰਾਂ ਦੀ ਸਹਾਇਤਾ ਨਾਲ ਤਬੀਤ ਨੂੰ ਬਣਾਇਆ ਹੈ। ਮੈਂ ਆਪਣੇ ਉਸ ਮਿੱਤਰ ਨੂੰ, ਜੋ 15 ਵਰ੍ਹਿਆਂ ਤੋਂ ਪੁੱਤਰ ਦੀ ਆਸ ਵਿਚ ਬੈਠਾ ਸੀ, ਕੀ ਕਹਿੰਦਾ? ਮੈਂ ਜਾਣਦਾ ਸੀ ਕਿ ਕਿਸੇ ਵੀ ਹਾਲਤ ਵਿਚ ਉਸਦੇ ਬੱਚਾ ਪੈਦਾ ਨਹੀਂ ਹੋ ਸਕਦਾ, ਕਿਉਂ ਜੋ ਉਹ ਜਮਾਂਦਰੂ ਨਾਮਰਦ ਸੀ ਅਤੇ ਐਵੇਂ ਮਿਰਗ-ਤ੍ਰਿਸ਼ਣਾ ਦੇ ਪਿੱਛੇ ਭਟਕਦਾ ਹੋਇਆ ਆਪਣੇ ਮਨ ਨੂੰ ਤਸੱਲੀ ਦੇਣ ਦੇ ਸਾਧਨਾਂ ਵਿਚ ਜੁਟਿਆ ਹੋਇਆ ਸੀ।

ਮੇਰੇ ਇਕ ਜਾਣ-ਪਛਾਣ ਵਾਲੇ ਵਿਅਕਤੀ ਨੂੰ ਤਾਂ ਆਪਣੇ ਪੰਜ ਸਾਲਾ ਪੁੱਤਰ ਤੋਂ ਹੱਥ ਧੋਣੇ ਪਏ। ਬੱਚੇ ਦੇ ਬੀਮਾਰ ਪੈਣ ਉਪਰੰਤ ਉਸਦਾ ਸੁਚੱਜਾ ਤੇ ਉਚਿਤ ਇਲਾਜ ਨਾ ਕਰਵਾ ਕੇ ਉਹ ਇਕ ਸਿਆਣੇ ਦੇ ਮੰਤਰਾਏ ਹੋਏ ਪਾਣੀ ਨੂੰ ਹੀ ਉਸਨੂੰ ਪਿਲਾਉਂਦਾ ਰਿਹਾ ਅਤੇ ਸਿੱਟਾ ਓਹੀ ਨਿਕਲਿਆ ਜੋ ਨਿਕਲਣਾ ਸੀ - ਉਹ ਲੜਕਾ ਚੱਲ ਵਸਿਆ।

ਕੁਝ ਦਿਨ ਪਹਿਲਾਂ ਅਖ਼ਬਾਰਾਂ ਵਿਚ ਇਕ ਧੋਬੀ ਦੇ ਬਾਰੇ ’ਚ ਪੜ੍ਹਿਆ ਸੀ, ਜਿਸ ਨੇ ਇਕ ਬਾਬਾ ਜੀ ਦੇ ਜਾਦੂ-ਟੂਣੇ ਦੇ ਚੱਕਰ ਵਿਚ ਫਸ ਕੇ ਆਪਣੇ ਲੜਕੇ ਨੂੰ ਕਾਲੀ ਦੇਵੀ ਦੇ ਸਾਹਮਣੇ ਵੱਢ ਕੇ ਚੜ੍ਹਾ ਦਿੱਤਾ ਅਤੇ ਹੁਣ ਜੇਲ੍ਹ ਦੀ ਹਵਾ ਫੱਕ ਰਿਹਾ ਹੈ। ਬਾਬਾ ਜੀ ਨੇ ਉਸਨੂੰ ਵਿਸ਼ਵਾਸ ਦਿਵਾਇਆ ਸੀ ਕਿ ਅਜਿਹਾ ਕਰਨ ਨਾਲ ਕਾਲੀ ਮਾਈ ਖ਼ੁਸ਼ ਹੋ ਜਾਵੇਗੀ ਅਤੇ ਉਸ ਨੂੰ ਦਿਨਾਂ ਵਿਚ ਹੀ ਲੱਖਪਤੀ ਬਣਾ ਦੇਵੇਗੀ।

ਹਜ਼ਾਰਾਂ-ਲੱਖਾਂ ਅਖੌਤੀ ਸਿੱਖਿਅਤ ਵਿਅਕਤੀ ਵੀ ਤਬੀਤ-ਧਾਗਿਆਂ ਤੇ ਮੰਤਰਾਂ-ਤੰਤਰਾਂ ਦੇ ਅੰਧ-ਵਿਸ਼ਵਾਸ ਦੇ ਪਿੱਛੇ ਭਟਕਦੇ ਵਿਖਾਈ ਦਿੰਦੇ ਹਨ। ਸਾਡੇ ਦੇਸ਼ ਦੇ ਰਾਜਨੀਤਿਕਾਂ ਨੂੰ ਮੰਤਰੀ ਪਦ ਦੇ ਲਈ ਮੰਤਰ ਉਚਾਰਣ ਦੇ ਨਾਲ ਯੱਗ ਤੇ ਹਵਨ ਕਰਦਿਆਂ ਵੇਖਦੇ ਹਾਂ। ਚੰਗੇ-ਚੰਗੇ ਸਿੱਖਿਆ ਸ਼ਾਸਤਰੀ, ਸਮਾਜਕ ਨੇਤਾ, ਪ੍ਰੋਫੈਸਰ, ਬੈਰਿਸਟਰ, ਵਕੀਲ, ਡਾਕਟਰ, ਇੰਜੀਨੀਅਰ ਆਦਿ ਮੰਤਰਾਂ-ਤੰਤਰਾਂ ਅਤੇ ਟੂਣੇ-ਟਾਮਣਾ ਦੇ ਪਿੱਛੇ ਆਪਣਾ ਸਮਾਂ, ਮਿਹਨਤ ਅਤੇ ਧਨ ਬਰਬਾਦ ਕਰਦੇ ਵੇਖੇ ਜਾਂਦੇ ਹਨ।

ਸਾਡੇ ਦੇਸ਼ ਵਿਚ ਜਿਸ ਪ੍ਰਕਾਰ ਦੀ ਸਿੱਖਿਆ ਦਿੱਤੀ ਜਾਂਦੀ ਹੈ, ਉਗ ਕੁਸੰਸਕਾਰਾਂ ਦਾ ਮਲੀਆਮੇਟ ਕਰਨ ਵਿਚ ਸਮਰੱਥ ਨਹੀਂ ਹੈ। ਸਦੀਆਂ ਤੋਂ ਰੂੜ੍ਹੀਵਾਦ ਦੇ ਜੋ ਕੀਟਾਣੂ ਸਾਡੇ ਖ਼ੂਨ ਵਿਚ ਤੈਰ ਰਹੇ ਹਨ, ਉਨ੍ਹਾਂ ਨੂੰ ਨਸ਼ਟ ਕਰਨ ਦੀ ਸ਼ਕਤੀ ਉਸ ਵਿਚ ਨਹੀਂ ਹੈ। ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚੋਂ ਡਿਗਰੀ ਪ੍ਰਾਪਤ ਕਰ ਲੈਣਾ ਹੀ ਸਿੱਖਿਆ ਦਾ ਮਾਪਦੰਡ ਨਹੀਂ ਹੈ ਅਤੇ ਨਾ ਹੀ ਇਹ ਜ਼ਰੂਰੀ ਹੈ ਕਿ ਕਿਸੇ ਇਕ ਵਿਸ਼ੇ ਵਿਚ ਡਿਗਰੀ ਪ੍ਰਾਪਤ ਵਿਅਕਤੀ ਜਾਂ ਕਿਸੇ ਇਕ ਖੇਤਰ ਵਿਚ ਮੱਲਾਂ ਮਾਰਨ ਵਾਲਾ ਵਿਅਕਤੀ ਇਸ ਪ੍ਰਕਾਰ ਦਾ ਵਿਕਸਿਤ ਹੋਵੇ ਕਿ ਉਸ ਉੱਤੇ ਕੁਸੰਸਕਾਰਾਂ ਦਾ ਪ੍ਰਭਾਵ ਨਾ ਪਵੇ। ਸਿੱਖਿਆ ਦਾ ਸਹੀ ਅਰਥ ਹੈ, ਸੰਪੂਰਨ ਵਿਕਾਸ, ਮਨੁੱਖ ਨੂੰ ਮਾਨਵਤਾ ਦੇ ਉਸਾਰੂ ਸਾਂਚੇ ਵਿਚ ਢਾਲਣਾ। ਜਦੋਂ ਤੱਕ ਇਸ ਪ੍ਰਕਾਰ ਦੇ ਅੰਧਵਿਸ਼ਵਾਸਾਂ, ਅਡੰਬਰਾਂ, ਪਖੰਡਾਂ ਦੇ ਪ੍ਰਤੀ ਸਾਡੀ ਸ਼ਰਧਾ ਖ਼ਤਮ ਨਹੀਂ ਹੁੰਦੀ, ਤਦ ਤੱਕ ਸੇਧਕ ਵਿਕਾਸ ਦੀ ਛਾਂ ਵੀ ਸਾਨੂੰ ਨਹੀਂ ਮਿਲੇਗੀ।

ਅੰਨ੍ਹੇ ਲਾਲਚ ਦੀ ਭਾਵਨਾਂ ਹੀ ਤਬੀਤ-ਧਾਗੇ, ਮੰਤਰ-ਤੰਤਰ ਅਤੇ ਅੰਧਵਿਸ਼ਵਾਸ ਵਿਚ ਸਹਿਜ ਵਿਸ਼ਵਾਸ ਪੈਦਾ ਜਰਦੀ ਹੈ। ਜਿਹੜਾ ਵਿਅਕਤੀ ਜਾਂ ਤਾਂ ਕਿਸੇ ਤਰ੍ਹਾਂ ਦੀ ਬੀਮਾਰੀ ਨਾਲ ਘੋਲ ਕਰਦਾ ਹੈ ਅਤੇ ਸਭ ਪਾਸਿਆਂ ਤੋਂ ਨਿਰਾਸ਼ ਹੋ ਜਾਂਦਾ ਹੈ, ਉਹ ਇਸ ਪ੍ਰਕਾਰ ਦੀ ਮੱਕਾਰੀ ਭਰਪੂਰ ਚੀਜ਼ਾਂ ਵਿਚ ਫੱਸਦਾ ਹੈ। ਬਿਨਾਂ ਮਿਹਨਤ ਤੇ ਬਿਨਾਂ ਕੰਮ ਦੇ ਧਨ-ਦੌਲਤ ਦਾ ਇੱਛੁਕ ਵਿਅਕਤੀ ਮੰਤਰਾਂ-ਤੰਤਰਾਂ, ਟੂਣਿਆਂ ਤੇ ਪਾਂਧੇ-ਪੱਤਰੀਆਂ ਦਾ ਸਹਾਰਾ ਤੱਕਦਾ ਹੈ। ਇਸ ਤੋਂ ਇਲਾਵਾ ਮੰਤਰਾਂ ਅਤੇ ਜਾਦੂ-ਟੂਣਿਆਂ ਦਾ ਪ੍ਰਦਰਸ਼ਨ ਕਰਨ ਵਾਲੇ ਅਡੰਬਰੀ ਲੋਕ ਹੱਥ ਦੀ ਸਫਾਈ ਵਿਚ ਮਾਹਿਰ ਹੁੰਦੇ ਹਨ, ਸੰਪੂਰਨ ਚੰਟ ਹੁੰਦੇ ਹਨ। ਦੋ-ਚਾਰ ਰਸਾਇਣਕ ਨਾਦ੍ਰਵਾਂ ਦਾ ਪ੍ਰਯੋਗ ਵੀ ਉਹ ਜਾਣਦੇ ਹਨ, ਉਨ੍ਹਾਂ ਦੇ ਚੇਲਿਆਂ ਦੀ ਧਾੜ ਵੀ ਹੁੰਦੀ ਹੈ ਅਤੇ ਇਨ੍ਹਾਂ ਸਭਨਾਂ ਦੇ ਮੇਲ ਨਾਲ ਉਹ ਚਮਤਕਾਰ ਪੈਦਾ ਕਰਦੇ ਹਨ। ਮਠਿਆਈ ਨੂੰ ਪੱਥਰ ਵਿਚ ਬਦਲ ਦੇਣਾ, ਲੋਹੇ ਦਾ ਸੋਨਾ ਬਣਾ ਦੇਣਾ, ਰੁਪਿਆਂ ਨੂੰ ਗਾਇਬ ਕਰ ਦੇਣਾ ਅਤੇ ਇਸੇ ਪ੍ਰਕਾਰ ਦੀਆਂ ਕਈ ਅਡੰਬਰੀ ਕਹਾਣੀਆਂ ਅਸੀਂ ਸੁਣਦੇ ਹਾਂ। ਮੰਤਰਾਂ-ਤੰਤਰਾਂ ਅਤੇ ਜਾਦੂ-ਟੂਣਿਆਂ ਦੇ ਪ੍ਰਤੀ ਜੋ ਅੰਧਵਿਸ਼ਵਾਸ ਹੈ, ਉਸਨੂੰ ਖ਼ਤਮ ਕਰਨ ਲਈ ਨਵੇਂ ਸੰਸਕਾਰਾਂ ਦੀ ਠੋਸ ਦਿਸ਼ਾ ਦੀ ਲੋੜ ਹੈ।

ਤਬੀਤ-ਧਾਗਿਆਂ, ਤੰਤਰ-ਮੰਤਰ, ਜਾਦੂ-ਟੂਣਿਆਂ ਵਿਚ ਵਿਸ਼ਵਾਸ ਰੱਖਣ ਵਾਲੇ, ਇਸਦੇ ਪੱਖ ਵਿਚ ਇਹ ਤਰਕ ਦਿੰਦੇ ਹਨ ਕਿ ਸ਼ਬਦਾਂ ਵਿਚ ਅਧਾਰ-ਸ਼ਕਤੀ ਹੁੰਦੀ ਹੈ, ਕਿਉਂਕਿ ਮੰਤਰ ਦੇ ਲਈ ਪ੍ਰਯੁਕਤ ਸ਼ਬਦ ਅਦਭੁਤ ਵਿਲੱਖਣ ਤਰ੍ਹਾਂ ਦੇ ਹੁੰਦੇ ਹਨ, ਜਿਸ ਕਰਕੇ ਉਨ੍ਹਾਂ ਦਾ ਪ੍ਰਭਾਵ ਵੀ ਚਮਤਕਾਰੀ ਹੁੰਦਾ ਹੈ। ਇਹ ਉੱਕਾ ਹੀ ਅਗਿਆਨ ਪੂਰਨ ਡਫੰਗ ਹੈ। ਲਫਜ਼ਾਂ ਵਿਚ ਸ਼ਕਤੀ ਜ਼ਰੂਰ ਹੁੰਦੀ ਹੈ ਬਸ਼ਰਤ ਹੈ ਕਿ ਇਨ੍ਹਾਂ ਦਾ ਕੋਈ ਅਰਥ ਨਿਕਲਦਾ ਹੋਵੇ। ਮੰਤਰ-ਤੰਤਰ ਵਿਚ ਵਰਤੇ ਜਾਣ ਵਾਲੇ ਲਫਜ਼ ਅਕਸਰ ਊਟ-ਪਟਾਂਗ ਹੁੰਦੇ ਹਨ। ਉਨ੍ਹਾਂ ਨੂੰ ਜਾਣ-ਬੁੱਝ ਕੇ, ਤੋੜ-ਮਰੋੜ ਕੇ ਇਸ ਪ੍ਰਕਾਰ ਵਰਤਿਆ ਜਾਂਦਾ ਹੈ ਕਿ ਉਹ ਅਸਧਾਰਨ ਪ੍ਰਤੀਤ ਹੋਣ। ਅਕਸਰ ਮੰਤਰ ਤੇ ਤਬੀਤ ਤਾਂ ਇਸ ਪ੍ਰਕਾਰ ਦੀ ਭਾਸ਼ਾ ਵਿਚ ਹੁੰਦੇ ਹਨ ਜੋ ਜਨ-ਸਧਾਰਨ ਵਿਚ ਉੱਕਾ ਹੀ ਪ੍ਰਚੱਲਤ ਨਹੀਂ ਹੁੰਦੇ। ਹਿੰਦੀ ਜਾਨਣ ਵਾਲਿਆਂ ਵਿਚ ਕੋਈ ‘ਫ੍ਰੈਂਚ’ ਬੋਲੀ ਬੋਲੇ ਤਾਂ ਉਸ ਬੋਲਣ ਦੇ ਪਿੱਛੇ ਪੱਕੇ ਤੌਰ ’ਤੇ ਹੀ ਸਿੱਕਾ ਜਮਾਉਣ ਦੀ ਭਾਵਨਾਂ ਕੰਮ ਕਰਦੀ ਹੈ।

ਕਈ ਮੰਤਰ ਮਾਹਿਰ, ਤਾਂਤਰਿਕ ਤੇ ਲੋਟੂ ਸਿਆਣੇ ਮੰਤਰ-ਤੰਤਰ ਦਾ ਪ੍ਰਭਾਵ ਵਿਖਾਉਣ ਦੇ ਲਈ ਉਨ੍ਹਾਂ ਦੇ ਨਾਲ ਅਨੇਕ ਪ੍ਰਕਾਰ ਪਖੰਡ ਜੋੜ ਕੇ ਵਿਖਾਉਂਦੇ ਹਨ। ਇਕ ਆਦਮੀ ਸ਼ੇਰ ਦੇ ਨਹੂੰਆਂ ਦੀ ਖੋਜ ਕਰ ਰਿਹਾ ਸੀ ਕਿਉਂਕਿ ਇਕ ਬਾਬੇ ਨੇ ਉਸਨੂੰ ਇਕ ਮੰਤਰ ਦਿੱਤਾ ਸੀ, ਜਿਸਦੀ ਸਾਧਨਾ ਸ਼ੇਰ ਦੇ ਨਹੁੰਆਂ ਨੂੰ ਭੇੜੀਏ ਦੀ ਖੋਪੜੀ ਵਿਚ ਰੱਖ ਕੇ ਰਾਤ ਦੇ 12 ਵਜੇ ਸ਼ਮਸ਼ਾਨ ਘਾਟ ਵਿਚ ਜਾ ਕੇ ਕਰਨੀ ਸੀ। ਉਸ ਵਿਅਕਤੀ ਨੂੰ ਧਨ ਚਾਹੀਦਾ ਸੀ। ਜੋ ਸਿਰੇ ਤੋਂ ਪਾਖੰਡ ਹੈ ਕਿਉਂਕਿ ਧਨ ਤਾਂ ਲਹੂ-ਭਿੱਜੇ ਦੀ ਕਿਰਤ ਨਾਲ ਹੀ ਸੋਭਦਾ ਹੈ।

ਮੰਤਰ-ਤੰਤਰ, ਜਾਦੂ-ਟੂਣੇ, ਤਬੀਤ-ਧਾਗੇ ਇਸੇ ਪ੍ਰਕਾਰ ਦੀਆਂ ਹੋਰ ਕ੍ਰਿਆਵਾਂ ਦੇ ਬਾਰੇ ’ਚ ਨਿਸ਼ਚਿਤ ਰੂਪ ਵਿਚ ਅਕਲ ਤੇ ਬੁੱਧੀ ਕਹਿੰਦੀ ਹੈ ਕਿ ਇਹ ਸਭ ਪਾਗਲਪਣ ਦੇ ਚਿੰਨ੍ਹ ਹਨ। ਇਹ ਸਭ ਆਧਾਰਹੀਣ ਕਲਪਨਾਵਾਂ ਹਨ, ਜਿਨ੍ਹਾਂ ਵਿਚ ਸੱਚਾਈ ਦਾ ਅੰਸ਼ ਉੱਕਾ ਹੀ ਨਹੀਂ ਹੈ। ਵੇਲ੍ਹੜ, ਨਖੱਟੂ, ਮੁਫ਼ਤਖ਼ੋਰ, ਬਦਮਾਸ਼, ਅੱਯਾਸ਼ ਅਤੇ ਚਲਾਕ ਵਿਅਕਤੀ ਹੀ ਇਸ ਪ੍ਰਕਾਰ ਦੇ ਹੱਥਕੰਡੇ ਅਪਨਾ ਕੇ ਆਪਣੇ ਢਿੱਡ ਦੀ ਅੱਗ ਬੁਝਾਉਂਦੇ ਹਨ।

ਮੰਤਰ-ਤੰਤਰ ਜਿਨ੍ਹਾਂ ਦੇਵੀ-ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਕੀਤੇ ਜਾਂਦੇ ਹਨ, ਉਨ੍ਹਾਂ ਦੀ ਸਿਰੇ ਤੋਂ ਹੋਂਦ ਹੀ ਨਹੀਂ ਹੈ। ਜੇਕਰ ਮੰਨ ਵੀ ਲਿਆ ਜਾਵੇ ਕਿ ਦੇਵੀ-ਦੇਵਤੇ ਹਨ ਤਾਂ ਮੰਤਰਾਂ ਨਾਲ ਉਨ੍ਹਾਂ ਨੂੰ ਬੁਲਾਉਣ ਦੀ ਗੱਲ, ਉਨ੍ਹਾਂ ਨੂੰ ਤੁਸ਼ਟ ਜਾਂ ਨਰਾਜ਼ ਕਰਨ ਦੀ ਗੱਲ, ਉਨ੍ਹਾਂ ਉੱਤੇ ਪ੍ਰਭਾਵ ਪਾਉਣ ਦੀਆਂ ਗੱਲਾਂ ਉੱਕਾ ਹੀ ਬੇਤੁਕੀਆਂ ਅਤੇ ਅਜੀਬ ਹਨ। ਸਿਵਾਏ ਹਠ-ਧਰਮੀ ਤੋਂ ਇਹ ਕਿਸੇ ਵੀ ਪ੍ਰਕਾਰ ਮੰਨਣਯੋਗ ਨਹੀਂ ਹਨ।

ਇਹ ਕਿਸਮਤਵਾਦ ਜਾਂ ਕਰਮਵਾਦ ਦੇ ਜੋ ਸਿਧਾਂਤ ਹਨ ਅਤੇ ਜਿਨ੍ਹਾਂ ਦੇ ਪ੍ਰਸੰਗ ਵਿਚ ਭਾਰਤੀ ਧਾਰਮਕ ਗ੍ਰੰਥਾਂ ਦੇ ਸਫ਼ਿਆਂ ਦੇ ਸਫ਼ੇ ਭਰੇ ਹੋਏ ਹਨ, ਉਨ੍ਹਾਂ ਸਿਧਾਂਤਾਂ ਦੇ ਅਧਾਰ ’ਤੇ ਵੀ ਇਹ ਨਿਸ਼ਚਿਤ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਤਬੀਤ-ਧਾਗੇ, ਮੰਤਰ-ਤੰਤਰ, ਜਾਦੂ-ਟੂਣੇ ਛੁੱਟ ਧੋਖੇਬਾਜ਼ੀ ਅਤੇ ਪੇਟ ਭਰਨ ਦੇ ਸਾਧਨਾਂ ਤੋਂ ਹੋਰ ਕੁਝ ਨਹੀਂ ਹੈ। ਜੇਕਰ ਕਿਸਮਤ ਵਿਚ ਜੋ ਲਿਖਿਆ ਹੈ, ਉਹੀ ਹੁੰਦਾ ਹੈ, ਜੇਕਰ ਰੱਬ ਦੇ ਲਿਖੇ ਹੋਏ ਨੂੰ ਕੋਈ ਨਹੀਂ ਮੋੜ ਸਕਦਾ ਤਾਂ ਫੇਰ ਬੇਚਾਰੇ ਮੰਤਰਾਂ ਅਤੇ ਟੂਣੇ-ਟਾਮਣਾਂ ਦਾ ਮਹੱਤਵ ਹੀ ਕੀ ਰਹਿ ਜਾਂਦਾ ਹੈ?

ਤ੍ਰਾਸਦੀ ਤਾਂ ਇਸ ਗੱਲ ਦੀ ਹੈ ਕਿ ਇਨ੍ਹਾਂ ਅਡੰਬਰੀ ਵਿਸ਼ਵਾਸਾਂ ਅਤੇ ਕ੍ਰਿਆਵਾਂ ਦੇ ਸਾਧਕ ਖ਼ੁਦ ਅਤਿਅੰਤ ਗਰੀਬ, ਪਛੜੇ, ਮਾਨਸਿਕ ਰੂਪੀ ਬੀਮਾਰ ਅਤੇ ਅਸੰਤੁਲਿਤ, ਅਨਪੜ੍ਹ, ਗੰਵਾਰ, ਜਾਹਲ ਅਤੇ ਮੂਰਖ ਲੋਕ ਸ਼ਿਕਾਰ ਹੁੰਦੇ ਹਨ। ਜੇਕਰ ਮੰਤਰ-ਤੰਤਰ ਤੇ ਤਬੀਤ-ਧਾਗਿਆਂ ਵਿਚ ਕੁਝ ਸ਼ਕਤੀ ਹੋਵੇ ਤਾਂ ਫੇਰ ਇਹ ਲੋਕ ਇੰਜ ਕਿਉਂ ਭਟਕਦੇ ਫਿਰਦੇ ਹਨ? ਗਲਾਂ ਵਿਚ ਭਾਂਤ-ਭਾਂਤ ਦੀਆਂ ਮਾਲਾਵਾਂ ਪਾ ਕੇ ਗੰਢਿਆਂ ਅਤੇ ਤਬੀਤਾਂ ਨੂੰ ਬੰਨ੍ਹ ਕੇ, ਜਟਾਂ-ਜੂਟ ਵਧਾ ਕੇ ਅਤੇ ਬਿਨਾਂ ਅਰਥ ਦੇ ਸ਼ਬਦਾਂ ਦਾ ਉਚਾਰਣ ਬੋਲ ਕੇ ਅਜੀਬ ਜਿਹਾ ਵਾਤਾਵਰਣ ਸਿਰਜਦੇ ਹਨ।

ਔਰਤਾਂ ਇਸ ਪ੍ਰਕਾਰ ਦੇ ਪਾਖੰਡੀਆਂ ਤੋਂ ਵਧੇਰੇ ਪ੍ਰਭਾਵਿਤ ਹੁੰਦੀਆਂ ਹਨ। ਭਾਰਤੀ ਨਾਰੀ ਉਂਜ ਵੀ ਸਦੀਆਂ ਤੋਂ ਅਸਿੱਖਿਆ, ਅੰਧਵਿਸ਼ਵਾਸ ਅਤੇ ਕੁਰੀਤੀਆਂ ਦਾ ਸ਼ਿਕਾਰ ਰਹੀ ਹੈ। ਇਸਦੇ ਸਾਹਮਣੇ ਹਾਨੀਕਾਰਕ ਆਦਰਸ਼ਾਂ ਅਤੇ ਅਜੀਬ ਪ੍ਰੰਪਰਾਵਾਂ ਦੀ ਇਕ ਅਦਭੁਤ ਦੁਨੀਆਂ ਰਹਿੰਦੀ ਹੈ। ਜਿਸ ਕਰਕੇ ਤਬੀਤ-ਧਾਗੇ, ਤੰਤਰ-ਮੰਤਰ, ਟੂਣੇ-ਟਾਮਣ ਇਕ ਅਜੀਬ ਤਰ੍ਹਾਂ ਦੀ ਹਾਲਤ ਵਿਚ ਉਸਦੇ ਸ਼ੋਸ਼ਣ ਕੀਤੇ ਹੋਏ ਵਿਅਕਤੀਤਵ ਨੂੰ ਇਕ ਅਨੋਖਾ ਸੰਤੋਸ਼ ਪ੍ਰਦਾਨ ਕਰਦੇ ਹਨ।

ਤਬੀਤ-ਧਾਗੇ, ਤੰਤਰ-ਮੰਤਰ ਅਤੇ ਜਾਦੂ-ਟੂਣਿਆਂ ਵਿਚ ਵਿਸ਼ਵਾਸ ਰੱਖਣ ਵਾਲਿਆਂ ਵਿਚ ਵਧੇਰੇ ਕਰਕੇ ਮਾਨਸਿਕ, ਸਰੀਰਕ ਜਾਂ ਆਰਥਕ ਰੋਗੀ ਹੁੰਦੇ ਹਨ। ਰੋਗੀਆਂ ਅਤੇ ਭੋਗੀਆਂ ਨੂੰ ਠੱਗਣਾ ਸੌਖਾ ਹੁੰਦਾ ਹੈ। ਅਸਫਲ ਪ੍ਰੇਮੀ ਜੋੜੇ, ਜੂਏ ਅਤੇ ਸੱਟੇ ਵਿਚ ਧਨ ਹਾਰਨ ਵਾਲੇ, ਵਿਅਕਤੀ ਹੀ ਇਨ੍ਹਾਂ ਸਾਰੀਆਂ ਬੁਰਾਈਆਂ ਵੱਲ ਜ਼ਿਆਦਾ ਝੁਕਦੇ ਹਨ। ਚਲਾਕ ਤੇ ਮੱਕਾਰ ਲੋਕ ਇਸ ਪ੍ਰਕਾਰ ਦੀਆਂ ਪ੍ਰਸਥਿਤੀਆਂ ਦਾ ਲਾਭ ਉਨ੍ਹਾਂ ਮੂਰਖਾਂ ਤੋਂ ਰੁਪਏ ਬਟੋਰ ਕੇ ਲੈਂਦੇ ਹਨ।

ਮੇਰੀ ਇਕ ਵਾਕਿਫ਼ ਲੜਕੀ ਹੈ ਜਿਸਦੇ ਪਿੱਛੇ ਕਈ ਦਿਨਾਂ ਤੱਕ ਕਥਿਤ ‘ਭੂਤ’ ਲੱਗਾ ਰਿਹਾ। ਅਨੇਕਾਂ ਸਿਆਣਿਆਂ ਅਤੇ ਮੌਲਵੀਆਂ ਨੂੰ ਵਿਖਾਇਆ, ਕਈ ਪ੍ਰਕਾਰ ਦੇ ਮੰਤਰ ਸਾਧੇ ਗਏ, ਪਰੰਤੂ ‘ਭੂਤ’ ਏਨਾ ਢੀਠ ਕਿ ਜਾਣ ਦਾ ਨਾਂ ਹੀ ਨਾ ਲਵੇ। ਲੜਕੀ ਦੇ ਪਿਤਾ ਬਹੁਤ ਪ੍ਰੇਸ਼ਾਨ ਸਨ, ਹਜ਼ਾਰਾਂ ਰੁਪਏ ਦਾ ਖ਼ਰਚ ਕਰਕੇ ਵੀ ਸਿੱਟਾ ਕੁਝ ਵੀ ਨਾ ਨਿਕਲਿਆ। ਮੈਂ ਉਨ੍ਹਾਂ ਨੂੰ ਸੁਝਾਅ ਦਿੱਤਾ ਕਿ ਇਕ ਵਾਰ ਮੈਨੂੰ ਲੜਕੀ ਅਤੇ ਉਸਦੇ ਪਤੀ ਨਾਲ ਮਿਲਣ ਦਿੱਤਾ ਜਾਵੇ ਤਾਂ ਜੋ ਮੈਂ ਵੀ ਆਪਣਾ ਇਕ ਮੰਤਰ ਅਜ਼ਮਾ ਲਵਾਂ।

ਇਥੇ ਇਹ ਗੱਲ ਦੱਸਦਿਆਂ ਕਿ ਲੜਕੀ ’ਤੇ ਠੀਕ ਉਸਦੇ ਵਿਆਹ ਤੋਂ ਮਗਰੋਂ ਹੀ ਭੂਤ ਆਉਣਾ ਸ਼ੁਰੂ ਹੋ ਗਿਆ ਸੀ। ਮੈਂ ਲੜਕੀ ਅਤੇ ਉਸਦੇ ਪਤੀ ਨਾਲ ਮਿਲਿਆ। ਉਨ੍ਹਾਂ ਦੇ ਦੰਪਤੀ ਜੀਵਨ ਦੇ ਬਾਰੇ ’ਚ ਮੈਂ ਪੂਰੀ ਜਾਣਕਾਰੀ ਲਈ ਅਤੇ ਪਤੀ ਦੇਵਤਾ ਦੇ ਸੈਕਸ ਸੰਬੰਧੀ ਗਿਆਨ ਨੂੰ ਪਰਖਿਆ ਅਤੇ ਫੇਰ ਕੰਨ ਵਿਚ ਕੁਝ ਮੰਤਰ ਝਾੜ ਦਿੱਤੇ। ਇਕ ਹਫ਼ਤੇ ਵਿਚ ਹੀ ਭੂਤ ਅਤੇ ਚੁੜੈਲ ਦਾ ਅੰਤ ਹੋ ਗਿਆ। ਆਪਣੇ ਪਤੀ ਦੀ ਨਾ ਸਮਝੀ ਦੇ ਕਾਰਨ ਅਸੰਤੁਸ਼ਟ ਉਸ ਅੱਲੜ੍ਹ ਜਵਾਨੀ ਭਰਪੂਰ ਲੜਕੀ ਦੀ ਸਾਰੀ ਬੀਮਾਰੀ ਦੂਰ ਹੋ ਗਈ ਅਤੇ ਅੱਜ ਸੁਖੀ ਜੀਵਨ ਬਤੀਤ ਕਰ ਰਹੀ ਹੈ।

ਇਸ ਪਖੰਡ ਤੇ ਪੌਪਲੀਲਾ ਨੂੰ ਖ਼ਤਮ ਕਰਨ ਦਾ ਇਕ ਢੰਗ ਹੋਰ ਵੀ ਹੈ। ਤਬੀਤ-ਧਾਗਿਆਂ, ਮੰਤਰਾਂ-ਤੰਤਰਾਂ, ਜਾਦੂ-ਟੂਣਿਆਂ ਅਤੇ ਪਾਂਧੇ-ਪੱਤਰੀਆਂ ਦੇ ਜੋ ਮਾਹਿਰ ਢੋਂਗੀ ਸਿਆਣੇ, ਤਾਂਤਰਿਕ ਗਲੀ-ਗਲੀ, ਮੁਹੱਲੇ-ਮੁਹੱਲੇ, ਸੜਕਾਂ ’ਤੇ, ਸਮਾਧਾ, ਕਬਰਾਂ ਅਤੇ ਮੰਦਿਰਾਂ-ਮਸੀਤਾਂ ਵਿਚ ਅਡੰਬਰ ਰਚਾ ਕੇ ਭੋਲੇ-ਭਾਲੇ ਲੋਕਾਂ ਨੂੰ ਠੱਗਦੇ ਹਨ, ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ ਅਤੇ ਭੋਲੀਆਂ-ਭਾਲੀਆਂ ਇਸਤਰੀਆਂ ਦੀ ਇੱਜ਼ਤ-ਆਬਰੂ ਲੁੱਟਦੇ ਹਨ, ਤਾਂਤਰਿਕ ਦੇ ਨਾਂ ’ਤੇ ਇਹ ਲੰਗੋਟੇ ਦੇ ਗੰਦੇ ਅੱਯਾਸ਼ੀ ਤੇ ਬਦਮਾਸ਼ੀ ਕਰਦੇ ਹਨ। ਸਰਕਾਰ ਉਨ੍ਹਾਂ ਨੂੰ ਸੰਘੀ ਤੋਂ ਫੜੇ ਅਤੇ ਫੇਰ ਵਿਗਿਆਨਕਾਂ ਦੇ ਸਾਹਮਣੇ ਉਨ੍ਹਾਂ ਦੀ ਅਖੌਤੀ ਵਿਦਿਆ ਦਾ ਪ੍ਰਦਰਸ਼ਨ ਕਰਵਾਏ ਅਤੇ ਜਾਂਚ ਕਰਵਾਏ ਕਿ ਕੀ ਇਨ੍ਹਾਂ ਤਬੀਤ-ਧਾਗਿਆਂ ਜਾਂ ਮੰਤਰਾਂ-ਤੰਤਰਾਂ ਵਿਚ ਕੋਈ ਸ਼ਕਤੀ ਹੈ ਜਾਂ ਲੋਕਾਂ ਦੀ ਭੀੜ ਨੇ ਐਵੇਂ ਹੀ ਇਨ੍ਹਾਂ ਖੋਤਿਆਂ ਦੀ ਪੂੰਛ ਨੂੰ ਫੜਿਆ ਹੋਇਆ ਹੈ।