Subscription About Us Contact Us


‘ਹਿੰਦੂ ਰਾਸ਼ਟਰ’ ਦੇ ਨਾਅਰੇ ਪਿੱਛੇ ਛੁਪੀ ਮੱਕਾਰ ਮਾਨਸਿਕਤਾ

- ਸੁੰਦਰ ਲਾਲ ਸਾਗਰ -

ਜਿਹੜੇ ਇਤਿਹਾਸ ਦੇ ਵਿਦਿਾਰਥੀ ਹਨ, ਉਹ ਇਹ ਗੱਲ ਜਾਣਦੇ ਹਨ ਕਿ ਜਦ ਇਸ ਦੇਸ਼ ’ਤੇ ਮੁਸਲਮਾਨਾਂ ਦਾ ਰਾਜ ਸੀ, ਤਾਂ ਉਸ ਸਮੇਂ ਆਪਣੀ ਸੱਤਾ ਬਰਕਰਾਰ ਰੱਖਣ ਲਈ ਅਤੇ ਭਾਰਤ ਨੂੰ ਇਸਲਾਮਿਕ ਵਿਚਾਰਧਾਰਾ ਵਾਲਾ ਬਣਾਉਣ ਲਈ ਮੁਸਲਮਾਨਾਂ ਨੇ ਉਹੀ ਕੰਮ ਕੀਤਾ ਸੀ, ਜੋ ਅੱਜ ਕੱਟੜਪੰਥੀ ਹਿੰਦੂ ਕਰ ਰਹੇ ਹਨ। ਮੁਸਲਮਾਨ ਵੀ ਹਿੰਦੂਆਂ ਨੂੰ ਆਪਣੇ ਵਰਗਾ ਬਣਾਉਣਾ ਚਾਹੁੰਦੇ ਸਨ ਅਤੇ ਮੁਸਲਮਾਨਾਂ ਦਾ ਰਾਜ ਹਮੇਸ਼ਾ-ਹਮੇਸ਼ਾ ਲਈ ਕਾਇਮ ਰੱਖਣਾ ਚਾਹੁੰਦੇ ਸਨ। ਜਿਸ ਤਰ੍ਹਾਂ ਹਿੰਦੂ ਰਾਸ਼ਟਰ ਬਣਾਉਣ ਲਈ ਹਿੰਤੁਵਵ-ਪੱਖੀ ਸੰਗਠਨ, ਮੁਸਲਮਾਨਾਂ ਨੂੰ ਮੁਹੰਮਦੀ ਹਿੰਦੂ ਬਣਾ ਕੇ ‘ਹਿੰਦੂ ਰਾਸ਼ਟਰ’ ਦਾ ਅੰਗ ਬਣਾਉਣਾ ਚਾਹੁੰਦੇ ਹਨ ਅਤੇ ਸੰਘ ਦੀ ਮੈਂਬਰਸ਼ਿਪ ਵੀ ਉਨ੍ਹਾਂ ਨੂੰ ਦੇਣਾ ਚਾਹੁੰਦੇ ਹਨ - ਉਸ ਸਮੇਂ ਰਾਜਿਆਂ ਸਮੇਤ, ਮੁਸਲਮਾਨ ਵੀ ਏਕਤਾ ਦੀ ਗੱਲ ਕਰਦੇ ਸਨ। ਫਰਕ ਸਿਰਫ਼ ਏਨਾ ਹੈ ਕਿ ਮੁਸਲਮਾਨ, ਹਿੰਦੂ ਏਕਤਾ ਦਾ ਕੰਮ ਹਿੰਦੂ ਲਫ਼ਜ਼ ਨਾਲ ਹੀ ਕਰ ਰਹੇ ਸਨ ਅਤੇ ਉਹ ਹਿੰਦੂਆਂ ਦਾ ਮੁਕੰਮਲ ਖ਼ਾਤਮਾ ਨਹੀਂ ਚਾਹੁੰਦੇ ਸਨ। ਜਦਕਿ ਅੱਜ ਦੇ ਹਿੰਦੂ ਚਾਹੁੰਦੇ ਹਨ ਕਿ ਭਾਰਤ ਇਕ ਹਿੰਦੂ ਰਾਸ਼ਟਰ ਐਲਾਨਿਆ ਜਾਵੇ ਅਤੇ ਇਸ ਵਿੱਚ ਵਸਣ ਵਾਲੇ ਮੁਸਲਮਾਨ ਜਾਂ ਤਾਂ ਹਿੰਦੂ ਬਣ ਜਾਣ ਜਾਂ ਫਿਰ ਦੇਸ਼ ਛੱਡ ਕੇ ਕਿਤੇ ਹੋਰ ਚਲੇ ਜਾਣ। ਹਿੰਦੂ ਕੱਟੜਪੰਥੀ ਇਸੇ ਮਸਕਦ ਨਾਲ ਭਾਰਤ ਦੇ ਸਾਰੇ ਨਾਗਰਿਕਾਂ ਲਈ ‘ਇਕਸਾਰ ਨਾਗਰਿਕ ਮਾਨਤਾਵਾਂ’ (ਕਾਮਨ ਸਿਵਿਲ ਕੋਡ) ਦੀ ਮੰਗ ਕਰ ਰਹੇ ਹਨ, ਜਿਸ ਨਾਲ ਮੁਸਲਮਾਨਾਂ ਨੂੰ ਆਪਣੀ ਸ਼ਰੀਅਤ ਦੀ ਨਾਗਰਿਕ ਮਾਨਤਾਵਾਂ ਨੂੰ ਛੱਡਕੇ ਕੇ ਜਾਂ ਤਬਦੀਲ ਕਰਕੇ, ਹਿੰਦੂ ਮਾਨਤਾਵਾਂ ਨੂੰ ਮਨਜ਼ੂਰ ਕਰਨਾ ਪਵੇ (ਜਿਵੇਂ ਸਿੱਖਾਂ ਨੂੰ ਆਪਣਾ ਅਨੰਦ ਕਾਰਜ ‘ਹਿੰਦੂ ਮੈਰਿਜ ਐਕਟ’ ਅਧੀਨ ਰਜਿਸਟਰ ਕਰਵਾਉਣਾ ਪੈਂਦਾ ਹੈ)।

ਅਕਬਰ ਤਾਂ ਤਿੰਨ-ਚੌਥਾਈ ਹਿੰਦੂ ਹੋ ਚੁੱਕਾ ਸੀ। ਉਸਦੇ ਮਹਿਲ ਵਿੱਚ ਜਿੱਥੇ ਮਸਜਿਦ ਸੀ, ਉੱਥੇ ਮੰਦਰ ਵੀ ਸੀ। ਜਿੱਥੇ ਉਸਦੀਆਂ ਮੁਸਲਮਾਨ ਬੇਗਮਾਂ ਆਪਣੇ ਰਿਵਾਜ ਕਰ ਸਕਦੀਆਂ ਸਨ, ਉੱਥੇ ਜੋਧਾਂਬਾਈ ਵਰਗੀ ਉਸਦੀ ਹਿੰਦੂ ਪਤਨੀ ਆਪਣੇ ਮਹਿਲ ਵਿੱਚ ਬੇਰੋਕ-ਟੋਕ ਦੀਵਾਲੀ ਮਨਾਉਂਦੀ ਸੀ। ਅਕਬਰ ਨੇ ਤਾਂ ਕੁਰਾਨ ਦੀ ਸ਼ਰੀਅਤ ਦਾ ਇਸਲਾਮ ਛੱਡ ਕੇ ਦੀਨ-ਏ-ਇਲਾਹੀ ਧਰਮ ਚਲਾ ਦਿੱਤਾ ਸੀ, ਜਿਸ ਵਿੱਚ ਬਹੁਤ ਸਾਰੀਆਂ ਹਿੰਦੂ ਮਾਨਤਾਵਾਂ ਵੀ ਮਨਜ਼ੂਰ ਕੀਤੀਆਂ ਗਈਆਂ ਸਨ। ਮੁਸਲਮਾਨਾਂ ਨੇ ਆਰਿਯਾਵੰਸ਼ੀ ਹਿੰਦੂਆਂ ਨੂੰ ਖੁਸ਼ ਕਰਨ ਲਈ ਸਭ ਹਿੰਦੂਆਂ ਨੂੰ ਮੁਖੀਆ ਬਣਾਇਆ ਸੀ। ਮੁਸਲਮਾਨ ਰਾਜੇ ਜਦ ਆਪਣਾ ਹਿੰਦੂਕਰਨ ਕਰਕੇ ਇਕਸਾਰ ਮਾਨਤਾਵਾਂ ਦੀ ਪਹਿਲ ਕਰ ਰਹੇ ਸਨ, ਤਦ ਇਹੀ ਹਿੰਦੂ ਇਸਦਾ ਵਿਰੋਧ ਕਰ ਰਹੇ ਸਨ, ਜਿਹੜੇ ਅੱਜ ਇਕਸਾਰ ਮਾਨਤਾਵਾਂ ਦੀ ਗੱਲ ਜੋਰ-ਸ਼ੋਰ ਨਾਲ ਕਰ ਰਹੇ ਹਨ। ਅੱਜ ਮੁਸਲਮਾਨ ਨਾ ਤਾਂ ਰਾਜਾ ਹੈ, ਨਾ ਹੀ ਉਨ੍ਹਾਂ ਦਾ ਧਾਰਮਕ ਦਬਦਬਾ ਹੈ। ਹਿੰਦੂਆਂ ਨੂੰ ‘ਹਿੰਦੂ ਰਾਸ਼ਟਰ’ ਦੀ ਮੁਹਿੰਮ ਚਲਾਉਣ ਦੀ ਉਸ ਸਮੇਂ ਵਧੇਰੇ ਲੋੜ ਸੀ, ਜਦੋਂ ਮੁਸਲਮਾਨਾਂ ਦਾ ਰਾਜ ਸੀ ਅਤੇ ਉਨ੍ਹਾਂ ਦਾ ਧਾਰਮਕ ਦਬਦਬਾ ਸੀ। ਅੱਜ ਤਾਂ ਭਾਰਤ ਵਿੱਚ ਮੁਸਲਮਾਨ ਕੁਝ ਹੈਨ ਹੀ ਨਹੀਂ, ਜਿਨ੍ਹਾਂ ਦਾ ਕੋਈ ਡਰ ਹੋਵੇ। ਜਦ ਇਸਲਾਮ ਭਾਰਤ ਵਿੱਚ ਛਾਇਆ ਹੋਇਆ ਸੀ, ਤਦ ਇਨ੍ਹਾਂ ਨੇ ਹਿੰਦੂ ਰਾਸ਼ਟਰ ਦੀ ਗੱਲ ਨਹੀਂ ਚੁੱਕੀ, ਜਿਹੜੇ ਅੱਜ ਚੁੱਕ ਰਹੇ ਹਨ। ਉਸ ਸਮੇਂ ਮੁਸਲਮਾਨ ਇਨ੍ਹਾਂ ਦੀਆਂ ਧੀਆਂਭੈਣਾਂ ਨੂੰ ਮੀਨਾ ਬਜ਼ਾਰ ਲਗਾ ਕੇ ਜ਼ਬਰਦਸਤੀ ਵੇਚ ਰਿਹਾ ਸੀ ਅਤੇ ਇਨ੍ਹਾਂ ਦੀ ਇੱਜ਼ਤ ’ਤੇ ਡਾਕਾ ਪਾ ਰਿਹਾ ਸੀ। ਪਰ ਉਸ ਸਮੇਂ ਹਿੰਦੂ, ਮੁਸਲਮਾਨਾਂ ਕੋਲ ਅਲੱਗ ਹਿੰਦੂ ਰਾਸ਼ਟਰ ਦੀ ਗੱਲ ਨਾ ਚੁੱਕ ਕੇ - ਉਨ੍ਹਾਂ ਦੀ ਪੀਕਦਾਨ ਚੁੱਕ ਰਿਹਾ ਸੀ।

ਮੁਸਲਮਾਨਾਂ ਦੀ ਸੱਤਾ ਸਮੇਂ ਸੁੱਖ ਭੋਗਣ ਦੀ ਲਾਲਸਾ ਨਾਲ ਬੀਰਬਲ ਜਿਹੇ ਬ੍ਰਾਹਮਣ, ਰਾਜੇ ਦੀ ਗੁਲਾਮੀ ਦੇ ਪੁੱਲ ਬੰਨ੍ਹ ਰਹੇ ਸਨ। ਬਾਦਸ਼ਾਹ ਦੇ ਦਿਨ ਨੂੰ ਰਾਤ ਕਹਿਣ ’ਤੇ ਤਾਰੇ ਚਮਕਾ ਰਹੇ ਸਨ। ਕੁਝ ਹਿੰਦੂ ‘ਅਲਪੋਨਿਸ਼ਦ’ ਲਿਖ ਕੇ ਮੁਸਲਮਾਨਾਂ ਦੀ ਭਾਂਡਗੀਰੀ ਕਰ ਰਹੇ ਸਨ। ਉਸ ਸਮੇਂ ਹਿੰਦੂਆਂ ਨੇ ਹਿੰਦੂ ਰਾਸ਼ਟਰ ਦੀ ਗੱਲ ਨਹੀਂ ਕਹੀ। ਉਹ ਮੁਸਲਮਾਨੀ ਨਾਦ ਨਾਲ ਬੈਲ ਦੀ ਤਰ੍ਹਾਂ ਚਿਪਕਿਆ ਹੋਇਆ ਆਪਣੀ ਮੌਜ ਦੇ ਲਾਲ ਵਿੱਚ ਚੁੱਪ ਰਹਿੰਦਾ ਸੀ। ਉਹ ਮੁਸਲਮਾਨਾਂ ਵੱਲੋਂ ਬਖਸ਼ੀਆਂ ਜਾਂਦੀਆਂ ਨਿਆਮਤਾਂ ਦਾ ਲਾਭ ਚੁੱਕ ਕੇ ਕੁੱਤੇ ਦੀ ਤਰ੍ਹਾਂ ਹਾਂਡੀ ਵਿੱਚ ਚਪਰ-ਚਪਰ ਕਰ ਰਿਹਾ ਸੀ।

ਜਦ ਅੰਗਰੇਜ਼ਾਂ ਦੀ ਸੱਤਾ ਆਈ ਤਾਂ ਹਿੰਦੂ ਉੱਥੇ ਵੀ ਚਿਪਕ ਗਿਆ। ਸੱਤਾ ਸੁਖ ਵਿੱਚ ਬਹੁਤ ਸਾਰੇ ਦਿੱਗਜ ਹਿੰਦੂਆਂ ਨੇ ਅੰਗਰੇਜ਼ਾਂ ਦੀ ਗੁਲਾਮੀ ਖਿਲਾਫ਼ ਬਗਾਵਤ ਕਰਨ ਵਾਲਿਆਂ (ਸਿੱਖਾਂ) ਦਾ ਵਿਰੋਧ ਕੀਤਾ ਸੀ। ਉਸ ਸਮੇਂ ਹਿੰਦੂ ‘ਸਰ’ ਅਤੇ ‘ਰਾਇ ਬਹਾਦੁਰ’ ਬਣਿਆ ਹੋਇਆ ਸੀ। ਉਹ ਪਿੰਡ ਦਾ ਮੁਖੀਆ ਸੀ। ਰਾਜਾ ਰਾਮ ਮੋਹਨ ਰਾਇ ਅਤੇ ਰਵਿੰਦਰ ਨਾਥ ਟੈਗੋਰ ਵਰਗੇ ਹਿੰਦੂ ਅੰਗਰੇਜ਼ਾਂ ਦਾ ਗੁਣਗਾਣ ਕਰ ਰਹੇ ਸਨ। ਮੁਸਲਮਾਨਾਂ ਜਾਂ ਅੰਗਰੇਜ਼ਾਂ ਦੇ ਕਥਿਤ ਮਲੇਛ ਅਤੇ ਘਿਰਣਾਯੋਗ ਰਾਜ ਵਿੱਚ ਹਿੰਦੂਆਂ ਨੇ ਹਿੰਦੂ ਰਾਸ਼ਟਰ ਦੀ ਗੱਲ ਕਦੇ ਨਹੀਂ ਸੋਚੀ। ਉਸ ਸਮੇਂ ‘‘ਗਰਵ ਸੇ ਕਹੋ ਹਮ ਹਿੰਦੂ ਹੈਂ’’ ਜਾਂ ‘‘ਹਿੰਦੂ ਰਾਸ਼ਟਰ’’ ਦਾ ਕਦੀ ਨਾਅਰਾ ਨਹੀਂ ਲਗਾਇਆ।

ਅੱਜ ਹਿੰਦੂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ ਅਤੇ ਭਾਰਤ ਦਾ ਨਾਮ ‘ਹਿੰਦੁਸਤਾਨ’ ਰਖਣਾ ਚਾਹੁੰਦਾ ਹੈ। ਅੱਜ ਭਾਰਤ ਵਿੱਚ ਭਾਰਤ ਦੇ ਹੀ ਵਸਨੀਕਾਂ ਦੀ ਸੱਤਾ ਹੈ - ਕੋਈ ਵਿਦੇਸ਼ੀ ਰਾਜਾ ਨਹੀਂ ਹੈ। ਫਿਰ ਵੀ ਕੱਟੜਪੰਥੀ ਹਿੰਦੂਆਂ ਵੱਲੋਂ ਨਾ ਸਿਰਫ਼ ‘ਹਿੰਦੂ, ਹਿੰਦੀ, ਹਿੰਦੁਸਤਾਨ’ ਅਤੇ ‘ਰਾਮ ਰਾਜ’ ਵਰਗੇ ਲੋਕਤੰਤਰ-ਵਿਰੋਧੀ ਨਾਅਰੇ ਲਗਾਏ ਜਾ ਰਹੇ ਹਨ। ਇਹ ਵੀ ਯਾਦ ਰੱਖਣ ਯੋਗ ਹੈ ਕਿ ਇਨ੍ਹਾਂ ਹਿੰਦੂਆਂ ਨੇ ਸੁਤੰਤਰਤਾ ਤੋਂ ਬਾਅਦ ਚਾਰ ਦਹਾਕਿਆਂ ਤੱਕ ਵੀ ਹਿੰਦੂ ਰਾਸ਼ਟਰ ਦਾ ਨਾਅਰਾ ਨਹੀਂ ਲਗਾਇਆ ਕਿਉਂਕਿ ਇਸ ਕਾਲ ਵਿੱਚ ਭਾਰਤ ’ਤੇ ਬ੍ਰਾਹਮਣ ਰਾਜ ਹੀ ਕਾਇਮ ਸੀ ਅਤੇ ਦਲਿਤਾਂ ਤੇ ਪਿਛੜਿਆਂ ਵਿੱਚ ਆਤਮ-ਸਨਮਾਨ ਦੀ ਕੋਈ ਭਾਵਨਾ ਨਹੀਂ ਸੀ। ਉਨ੍ਹਾਂ ਆਪਣੇ ਅਧਿਕਾਰਾਂ ਦੀ ਸੰਗਠਿਤ ਹੋ ਕੇ ਕੋਈ ਮੰਗ ਨਹੀਂ ਕੀਤੀ ਸੀ ਅਤੇ ਨਾ ਹੀ ਸਿਆਸੀ ਪਿੱਠਭੂਮੀ ਤੋਂ ਇਕ ਮੰਚ ਬਣਾਉਣ ਦੀ ਤਰਫ ਵਧੇ ਸਨ। ਉਸ ਸਮੇਂ 15 ਫੀਸਦੀ (ਸਵਰਣ ਹਿੰਦੂ) ਅਤੇ 85 ਫੀਸਦੀ (ਦਲਿਤ, ਪਛੜੀਆਂ ਜਾਤਾਂ ਅਤੇ ਘੱਟ-ਗਿਣਤੀ ਕੌਮਾਂ) ਦਾ ਕੋਈ ਨਾਅਰਾ ਨਹੀਂ ਸੀ। ਪਰ ਜਿਵੇਂ ਹੀ 5ਵਾਂ ਦਹਾਕਾ ਅਰੰਭ ਹੋਇਆ (ਮਰਹੂਮ ਕਾਂਸ਼ੀਰਾਮ ਦੇ ਜਤਨਾਂ ਸਦਕਾ) ਦਲਿਤਾਂ ਤੇ ਪਿਛੜਿਆਂ ਵਿੱਚ ਜਾਗ੍ਰਿਤੀ ਆਈ। ਇਹ ਵਰਗ ਏਕਤਾ ਦੀ ਤਰਫ ਵਧੇ ਤਾਂ ਨਵਾਂ ਸਮੀਕਰਨ ਬਣਿਆ। ਸਿਆਸੀ ਪਿੱਠਭੂਮੀ ਤੋਂ ਵੀ ਉਹ ਇਕ ਮੰਚ ਦੀ ਤਰਫ ਵਧੇ ਅਤੇ ਉਨ੍ਹਾਂ ਵਿੱਚ ਆਪਣੇ ਅਧਿਕਾਰਾਂ ਪ੍ਰਤੀ ਜਾਗ੍ਰਿਤੀ ਪੈਦਾ ਹੋਈ। 85 ਫੀਸਦੀ ਸਮਾਜ ਸੰਗਠਿਤ ਹੋਣ ਲੱਗਾ ਅਤੇ ਉਸਨੇ ਬ੍ਰਾਹਮਣਵਾਦੀ ਸੱਤਾ ਦੇ ਪੈਰ ਉਖਾੜਨੇ ਅਰੰਭ ਕਰ ਦਿੱਤੇ। ਬਸ ਸਵਰਣ ਹਿੰਦੂਆਂ ਨੇ ਉਸੇ ਸਮੇਂ ਤੋਂ ‘ਜੈ ਸ੍ਰੀ ਰਾਮ’, ‘ਗਰਵ ਸੇ ਕਹੋ ਹਮ ਹਿੰਦੂ ਹੈਂ’, ‘ਹਿੰਦੂ, ਹਿੰਦੀ, ਹਿੰਦੁਸਤਾਨ’ ਅਤੇ ‘ਹਿੰਦੂ ਰਾਸ਼ਟਰ’ ਦੇ ਨਾਅਰੇ ਪ੍ਰਚਾਰਿਤ ਕਰਨੇ ਅਰੰਭ ਕਰ ਦਿੱਤੇ। ਹਿੰਦੂਆਂ ਨੇ ਦਲਿਤਾਂ ਅਤੇ ਪਛੜੇ ਵਰਗਾਂ ਨੂੰ ਵੀ ‘ਹਿੰਦੂ’ ਕਹਿਕੇ ਭਰਮਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਅਲਗ ਪਛਾਣ ਮਿਟਾਉਣ ਲਈ ਹਿੰਦੂ, ਮੁਸਲਿਮ, ਸਿੱਖ, ਇਸਾਈ ਦਾ ਨਾਮ ਤਾਂ ਲਿਆ ਪਰ ਦਲਿਤਾਂਪਛੜਿਆਂ ਨੂੰ ਅਲੱਗ ਤੋਂ ਮਾਨਤਾ ਨਾ ਦੇ ਕੇ ਉਨ੍ਹਾਂ ਨੂੰ ਹਿੰਦੂ ਸਮਾਜ ਵਿੱਚ ਹੀ ਸਮੇਟ ਲਿਆ। ਇਹ ਦਲਿਤਾਂ-ਪਛੜਿਆਂ ਦੀ ਸੁਤੰਤਰ ਹੋਂਦ ਨੂੰ ਮਨਜ਼ੂਰ ਨਾ ਕਰਨ ਦੀ ਸਾਜਿਸ਼ ਸੀ। ਇਹ ਦਲਿਤ ਪਛੜਿਆਂ ਨੂੰ ਹਿੰਦੂ ਨਾਮ ਦੇ ਕੇ ਆਪਣਾ ਗੁਲਾਮ ਬਣਾਈ ਰੱਖਣ ਦਾ ਜਾਲ ਰਚਦੇ ਰਹੇ ਅਤੇ ਖਾਸਕਰ ਇਨ੍ਹਾਂ ਦੇ ਮੁਹੱਲਿਆਂ ਵਿੱਚ ਜਾ-ਜਾ ਕੇ ‘‘ਗਰਵ ਸੇ ਕਹੋ ਹਮ ਹਿੰਦੂ ਹੈਂ’’ ਦਾ ਨਾਅਰਾ ਲਗਾਉਂਦੇ ਰਹੇ। ਇਹ ਸਵਰਣ ਹਿੰਦੂ ਏਨੇ ਕੁਟਿਲ ਦਿਮਾਗ ਦੇ ਹਨ ਕਿ ਉਨ੍ਹਾਂ ਨੇ ਹਿੰਦੂ-ਮੁਸਲਿਮ-ਸਿੱਖ-ਇਸਾਈ ਸਮਾਜ ਵਿੱਚ ਭਰਾ-ਭਰਾ ਹੋਣ ਦਾ ਨਾਅਰਾ ਲਗਾਇਆ ਪਰ ਅੰਦਰ ਹੀ ਅੰਦਰ ਉਨ੍ਹਾਂ ਦਾ ਸਿਧਾਂਤਕ ਘਾਣ ਵੀ ਕਰਦੇ ਰਹੇ ਅਤੇ ਮੌਕਾ ਮਿਲਣ ’ਤੇ ਫਿਰਕੂ ਦੰਗਿਆਂ ਦੌਰਾਨ ਉਨ੍ਹਾਂ ਦਾ ਸਮੂਹਕ ਕਤਲੇਆਮ ਵੀ ਕਰਦੇ ਰਹੇ। ਇੱਧਰ ਇਹੀ ਲੋਕ ਦਲਿਤਾਂ-ਪਛੜਿਆਂ ਨੂੰ ਅਲੱਗ ਕਰਕੇ ਉਨ੍ਹਾਂ ਨੂੰ ਅਲੱਗ ਤੋਂ ਮਾਰਦੇ ਰਹੇ। ਇਨ੍ਹਾਂ ਨੇ ਫੁੱਟ ਪਾਓ ਤੇ ਰਾਜ ਕਰੋ ਦੀ ਖੇਡ ਡਟ ਕੇ ਖੇਡੀ।

ਜਦ ਭਾਰਤ ਦਾ ਸੰਵਿਧਾਨ ਤਿਆਰ ਕੀਤਾ ਗਿਆ ਤਾਂ ਇਸ ਵਿੱਚ ਰਾਣੀ ਅਤੇ ਮਿਹਤਰਾਨੀ ਨੂੰ ਇਕੋ ਜਿਹੇ ਅਧਿਕਾਰ ਦੇ ਕੇ ਦੇਸ਼ ਦਾ ਰਾਜਾ ‘ਪੇਟ’ ਦੀ ਥਾਵੇਂ ‘ਪੇਟੀ’ ਵਿੱਚੋਂ ਨਿਕਲਣ ਲੱਗਾ। ਦਲਿਤਾਂ-ਪਛੜਿਆਂ ਨੂੰ ਰਾਖਵੇਂਕਰਨ ਦਾ ਲਾਭ ਮਿਲਣ ਨਾਲ ਉਨ੍ਹਾਂ ਨੂੰ ਸਵਰਣ ਹਿੰਦੂਆਂ ਦੇ ਬਰਾਬਰ ਆਉਣ ਦਾ ਮੌਕਾ ਮਿਲਣ ਲੱਗਾ। ਆਪਣੇ ਦਲਿਤ-ਪਛੜੇ ਵਿਰੋਧੀ ਕਾਰਨਾਮਿਆਂ ਕਾਰਨ ਹੀ ਬ੍ਰਾਹਮਣਵਾਦ ਦੀ ਅਸਿੱਧੇ ਰੂਪ ਵਿੱਚ ਪੋਸ਼ਕ ਪਾਰਟੀ ਕਾਂਗਰਸ ਦੀ ਸਿਆਸੀ ਤਾਕਤ ਬਹੁਤ ਘੱਟ ਹੋ ਗਈ। ਜਦੋਂ ਦਲਿਤਾਂ-ਪਛੜਿਆਂ ਦਾ ਸੰਗਠਨ ਬਣਨ ਲੱਗਾ ਤਾਂ ਆਰਿਯਾ ਹਿੰਦੂਆਂ ਨੇ ‘ਹਿੰਦੂ ਰਾਸ਼ਟਰ’ ਦਾ ਨਾਅਰਾ ਤੇਜ ਕਰ ਦਿੱਤਾ ਅਤੇ ਜੰਗੀ-ਸਤਰ ’ਤੇ ਹਿੰਦੂ ਰਾਸ਼ਟਰ ਬਣਾਉਣ ਦੀ ਮੁਹਿੰਮ ਅਰੰਭ ਦਿੱਤੀ।

ਹਿੰਦੂ ਰਾਸ਼ਟਰ ਦੇ ਨਾਅਰੇ ਨਾਲ ਹਿੰਦੂਆਂ ਨੇ ਦਲਿਤਾਂ-ਪਛੜਿਆਂ ਵਿੱਚ ਜਾ ਕੇ ਹਿੰਦੂ ਹੋਣ ਦਾ ਨਾਅਰਾ ਦਿੱਤਾ ਅਤੇ ਉਨ੍ਹਾਂ ਨਾਲ ਲੱਗ ਕੇ ਮੁਸਲਮਾਨਾਂ ਤੇ ਇਸਾਈਆਂ ’ਤੇ ਕਾਤਿਲਾਨਾ ਹਮਲੇ ਅਰੰਭ ਕਰ ਦਿੱਤੇ। ਦਿੱਲੀ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਵਾ ਦਿੱਤਾ। ਅਯੋਧਿਆ ਵਿੱਚ ਬਾਬਰੀ ਮਸਜਿਦ ਗਿਰਾ ਦਿੱਤੀ। ਕਾਨਪੁਰ, ਮੇਰਠ, ਭਾਗਲਪੁਰ, ਅਹਿਮਦਾਬਾਦ, ਮੁੰਬਈ - ਹਰ ਥਾਂ ਮੁਸਲਮਾਨਾਂ ਦਾ ਕਤਲੇਆਮ ਸ਼ੁਰੂ ਕਰ ਦਿੱਤਾ। ਪੋਪ ਦੇ ਭਾਰਤ ਆਉਣ ਦਾ ਵਿਰੋਧ ਕੀਤਾ ਅਤੇ ਉੜੀਸਾ ਵਿੱਚ ਇਸਾਈ ਪ੍ਰਚਾਰਕ ਨੂੰ ਉਸਦੇ ਬੱਚਿਆਂ ਸਮੇਤ ਜਿੰਦਾ ਸਾੜ ਦਿੱਤਾ। ਚਾਰੋਂ ਤਰਫ ‘ਜੈ ਸ੍ਰੀ ਰਾਮ’ ਦਾ ਨਾਅਰਾ ਗੂਜੰਣ ਲੱਗਾ। ਹਰ ਤਰਫ ਹਿੰਦੂ ਨੌਜੁਆਨਾਂ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਦੇਣੀ ਅਰੰਭ ਕਰ ਦਿੱਤੀ ਗਈ ਅਤੇ ਹਿੰਦੁਤਵ ਦੀ ਰੱਖਿਆ ਖਾਤਿਰ ਆਪਣੀ ਕੁਰਬਾਣੀ ਦੇਣ ਲਈ ਹਿੰਦੂ ਨੌਜੁਆਨਾਂ ਨੂੰ ਖੂਨ ਦੀਆਂ ਕਸਮਾਂ ਖਿਲਾਈ ਜਾਣ ਲੱਗੀਆਂ।

ਹਿੰਦੂ ਬ੍ਰਾਹਮਣਾਂ ਵਿੱਚ ਆਪਣੀ ਜਾਤੀਗਤ ‘ਪਵਿੱਤਰਤਾ’ ਅਤੇ ਹਿੰਦੂ ਖੱਤਰੀਆਂ ਵਿੱਚ ਆਪਣੀ ਕਥਿਤ ਬਹਾਦਰੀ ਦੀ ਆਕੜ ਤਾਂ ਪਹਿਲਾਂ ਤੋਂ ਹੀ ਵਿਦਮਾਨ ਸੀ। ਅੰਗਰੇਜ਼ਾਂ ਦੇ ਕਾਲ ਵਿੱਚ ਹਿੰਦੂ ਰਾਸ਼ਟਰ ਦਾ ਨਾਅਰਾ ਜਨਤੱਕ ਤੌਰ ’ਤੇ ਨਹੀਂ ਲਗਾਇਆ ਗਿਆ ਪਰ ਕੱਟੜ ਹਿੰਦੁਤਵ ਸਵਰਣਾਂ ਵਿੱਚ ਇਹ ਸੰਕਲਪ ਉਸ ਸਮੇਂ ਵੀ ਪੂਰੀ ਤਰ੍ਹਾਂ ਵਿਆਪਤ ਸੀ। ਦਿਆਨੰਦ ਸਰਸਵਤੀ ਨੇ ਖੁੱਲ ਕੇ ਵਰਨ-ਵਿਵਸਥਾ ਦੀ ਵਕਾਲਤ ਕੀਤੀ ਅਤੇ ਬ੍ਰਾਹਮਣਾਂ ਨੂੰ ਸਭ ਤੋਂ ਉੱਚਾ, ਖੱਤਰੀਆਂ ਨੂੰ ਉੱਚਾ, ਬਾਨੀਆਂ ਨੂੰ ਉੱਤਮ ਤੇ ਸ਼ੂਦਰਾਂ ਨੂੰ ‘ਅਧਮ’ (ਨੀਵੇਂ ਸਤਰ ਦਾ) ਐਲਾਨ ਦਿੱਤਾ। ਚੌਹਾਂ ਵਰਨਾਂ ਵਿੱਚ ਜਾਤ-ਭੇਦ ਆਪਣੇ ਸਿਖਰ ’ਤੇ ਸੀ, ਤਾਂ ਵੀ ਹਿੰਦੂ ਆਪਣੇ ‘ਹਿੰਦੂ ਰਾਸ਼ਟਰ’ ਦਾ ਢਿੰਢੋਰਾ ਨਹੀਂ ਪਿੱਟ ਰਿਹਾ ਸੀ।

ਅੰਗਰੇਜ਼ਾਂ ਦੇ ਕਾਲ ਵਿੱਚ ਹਿੰਦੁਤਵ ਦਾ ਜ਼ਹਿਰ ਪਨਪਿਆ। ਪੰਡਤ ਰਾਜਾ ਰਾਮ ਮੋਹਨ ਰਾਇ, ਬੰਕਿਮ ਚੰਦਰ ਚੈਟਰਜੀ ਜਦ ਦੇਸ਼ ਤੋਂ ਬਾਹਰ ਜਾਂਦੇ, ਤਾਂ ਆਪਣਾ ਰਸੋਈਆ ਅਤੇ ਖ਼ੁਦ ਨੂੰ ਪਵਿੱਤਰ ਬਣਾਈ ਰੱਖਣ ਲਈ ਗੰਗਾ ਜਲ ਕਲਸ਼ਾਂ ਵਿੱਚ ਭਰ ਕੇ ਨਾਲ ਲੈ ਜਾਂਦੇ ਸਨ। ‘ਕਾਇਸਥ’ ਜਿਨ੍ਹਾਂ ਨੂੰ ਸ਼ਾਸਤਰਾਂ ਵਿੱਚ ਮਹਾਨੀਚ ਕਿਹਾ ਗਿਆ ਹੈ, ਉਹ ਵੀ ਹਿੰਦੂ ਬਣਨ ਦੇ ਲੋਭ ਵਿੱਚ ਵਿਦੇਸ਼ ਜਾਂਦਿਆਂ ਸਮੇਂ ਹਿੰਦੂ ਪ੍ਰਤੀਕ ਦੇ ਰੂਪ ਵਿੱਚ ਭਾਰਤ ਦੀ ਮਿੱਟੀ ਨਾਲ ਲੈ ਜਾਂਦੇ ਸਨ। ਖੱਤਰੀ ਵੀ ਆਪਣੀ ਆਕੜ ’ਤੇ ਘੱਟ ਨਹੀਂ ਸੀ ਕਿਉਂਕਿ ਉਹ ਵੀ ਪਿਆਸਾ ਮਰਨਾ ਮਨਜ਼ੂਰ ਕਰ ਲੈਂਦਾ ਸੀ ਪਰ ਆਪਣੇ ਹੱਥੋਂ ਖੂਹ ਖੋਦਣਾ ਖੱਤਰੀਪਨ ਦੇ ਖਿਲਾਫ ਮੰਨਦਾ ਸੀ। ਉਹ ਖੇਤ ਵਿੱਚੋਂ ਫਸਲ ਨਾ ਮਿਲੇ, ਮਜਦੂਰ ਨਾ ਮਿਲੇ, ਖੇਤੀ ਬੰਜਰ ਪਈ ਰਹੇ ਅਤੇ ਭੁੱਖਿਆਂ ਮਰਨ ਦੀ ਨੌਬਤ ਆ ਜਾਏ ਪਰ ਹਲ ਦਾ ਮੁੱਠਾ ਫੜ ਕੇ ਖੇਤੀ ਕਰਨ ਨੂੰ ਆਪਣੀ ਸ਼ਾਨ ਦੇ ਖਿਲਾਫ ਸਮਝਦਾ ਸੀ। ਬ੍ਰਾਹਮਣ ਤੇ ਖੱਤਰੀ ਦੀ ਤਰ੍ਹਾਂ ਬਾਨੀਆ ਵੀ ਆਪਣੇ ਜਾਤ ਕਰਮ ’ਤੇ ਅਟੂਟ ਸੀ। ਇਸ ਤਰ੍ਹਾਂ ਤਿੰਨ ਵਰਣਾਂ ਵਿੱਚ ਵਰਣਗਤ ਜਾਤ-ਭੇਦ ਸਿਖਰ ’ਤੇ ਸੀ ਪਰ ਹਿੰਦੂ ਰਾਸ਼ਟਰ ਦੀ ਕਲਪਨਾ ਉਨ੍ਹਾਂ ਵਿੱਚ ਨਹੀਂ ਸੀ ਕਿਉਂਕਿ ਸ਼ੂਦਰ ਵਰਗ (ਦਲਿਤ-ਪਛੜੇ) ਨੂੰ ਤਿੰਨੋਂ ਦੀ ਉੱਚਤਾ ਨੂੰ ਮਨਜ਼ੂਰ ਕਰਕੇ ਉਨ੍ਹਾਂ ਦੇ ਸੇਵਕ ਬਣੇ ਰਹਿਣ ਵਿੱਚ ਕੋਈ ਇਤਰਾਜ਼ ਨਹੀਂ ਸੀ। ਉਹ ਉਨ੍ਹਾਂ ਦੇ ਪੂਰਨ ਦਾਸ/ਗੁਲਾਮ ਸਨ। ਅਛੂਤ ਵੀ ਆਪਣੇ ਆਪ ਨੂੰ ਅਛੂਤ ਅਖਵਾਉਣ ਵਿੱਚ ਅਪਮਾਨ ਦਾ ਅਹਿਸਾਸ ਨਹੀਂ ਕਰਦਾ ਸੀ ਪਰ ਜਦੋਂ ਜਾਗ੍ਰਿਤੀ ਆਈ, ਤਾਂ ਉਨ੍ਹਾਂ ਨੇ ਆਪਣੇ ਅਧਿਕਾਰਾਂ ਦੀ ਮੰਗ ਸ਼ੁਰੂ ਕੀਤਾ ਅਤੇ ਅਧਿਕਾਰ ਪ੍ਰਾਪਤ ਕਰਨ ਲਈ ਹਿੰਦੂਆਂ ਦੇ ਖਿਲਾਫ਼ ਆਪਣੇ ਅਲਗ ਸੰਗਠਨ ਬਣਾਉਣੇ ਅਰੰਭ ਕੀਤੇ, ਤਾਂ ਇਨ੍ਹਾਂ ਸਵਰਣਾਂ ਦੇ ਢਿੱਡ ਵਿੱਚ ਪੀੜ ਮਚਨ ਲੱਗ ਪਈ। ਉਨ੍ਹਾਂ ਵਿੱਚ ਡਰ ਪੈਦਾ ਹੋ ਗਿਆ ਕਿ ਜੇਕਰ ਇਹ ਦਲਿਤ-ਪਛੜਿਆ ਵਰਗ ਦੇ 60-65 ਫੀਸਦੀ ਲੋਕ ਹਿੰਦੂਆਂ ਤੋਂ ਅਲੱਗ ਹੋ ਗਏ ਅਤੇ ਉਨ੍ਹਾਂ ਮੁਸਲਮਾਨਾਂ, ਸਿੱਖਾਂ ਤੇ ਇਸਾਈਆਂ ਨਾਲ ਮਿਲ ਗਏ, ਜਿਨ੍ਹਾਂ ਦਾ ਅਸੀਂ ਸਰੀਰਕ ਤੇ ਬੌਧਿਕ ਘਾਣ ਕੀਤਾ ਹੈ, ਸਤਾਇਆ ਹੈ - ਤਾਂ ਸਾਡਾ ਵਜੂਦ ਹੀ ਖਤਰੇ ਵਿੱਚ ਪੈ ਜਾਏਗਾ। ਇਸਲਈ ਉਨ੍ਹਾਂ ਲਈ ਇਹ ਜਰੂਰੀ ਹੋ ਗਿਆ ਕਿ ਇਸ ਦਲਿਤ-ਪਛੜੇ ਵਰਗ ਨੂੰ ‘ਹਿੰਦੂ ਸਮਾਜ ਵਿੱਚ ਸ਼ਾਮਲ ਕੀਤਾ ਜਾਏ ਅਤੇ ਘੱਟ-ਗਿਣਤੀ ਕੌਮਾਂ ਵਿਰੁੱਧ ਲਾਮਬੰਦ ਕੀਤਾ ਜਾਏ। ਇਹ ਕਾਰਜ ‘ਹਿੰਦੂ ਰਾਸ਼ਟਰ’ ਦੀ ਅਵਾਜ਼ ਲਗਾਉਣ ’ਤੇ ਹੀ ਮੁਮਕਿਨ ਸੀ, ਇਸਲਈ ਇਨ੍ਹਾਂ ਨੇ ਹਿੰਦੂ ਰਾਸ਼ਟਰ ਦਾ ਨਾਅਰਾ ਲਗਾਇਆ।

ਹਿੰਦੂ ਲਫ਼ਜ਼ ਕਿਸੇ ਹਿੰਦੂ ਸ਼ਾਸਤਰ ਦੀ ਦੇਣ ਨਹੀਂ ਹੈ। ਇਹ ਨਾਮ ਕਰਮਕਾਂਡੀਆਂ, ਪਖੰਡੀਆਂ ਅਤੇ ਮੂਰਤੀ-ਪੂਜਕਾਂ ਲਈ ਮੁਸਲਮਾਨਾਂ ਨੇ ਦਿੱਤਾ। ਹਿੰਦੂ ਦਾ ਨਾਮ ਫਾਰਸੀ ਵਿੱਚ ਸਿੰਧੂ ਤੋਂ ਹਿੰਦੂ ਨਹੀਂ ਹੈ ਬਲਕਿ ਫਾਰਸੀ ਕੋਸ਼ ਮੁਤਾਬਿਕ ਹਿੰਦੂ ਦਾ ਅਰਥ ਚੋਰ/ਡਾਕੂ ਲੋਕਾਂ ਦੀ ਬਿਰਾਦਰੀ ਹੈ। ਪਰ ਕੋਈ ਖਰਾਬ ਲਫ਼ਜ਼ ਵੀ ਬਾਰ-ਬਾਰ ਵਰਤੋਂ ਕਰਨ ਕਰਕੇ ਉਹੀ ਲਫ਼ਜ਼ ਮਾਨਤਾ ਪ੍ਰਾਪਤ ਕਰ ਲੈਂਦਾ ਹੈ ਅਤੇ ਚੰਗਾ ਲੱਗਣ ਲਗਦਾ ਹੈ। ਕਦੀ-ਕਦੀ ਤਾਂ ਉਲਟੇ ਅਰਥਾਂ ਵਿੱਚ ਲਗਾਤਾਰ ਪ੍ਰਯੋਗ ਕਰਨ ’ਤੇ ਸੱਚ ਦੇ ਉਲਟ ਵੀ ਗੜੇ ਗਏ ਲਫਜ਼ ਵੀ ਚੰਗੇ ਲੱਗਣ ਲਗਦੇ ਹਨ। ਜਿਵੇਂ ਸੁਰ ਅਤੇ ਅਸੁਰ ਲਫ਼ਜ਼ਾਂ ਨੂੰ ਹੀ ਲੈਣ। ਸੱਚੇ ਅਰਥਾਂ ਵਿੱਚ ਸੁਰਾ ਪੀਣ ਵਾਲਾ ਸੁਰ ਅਤੇ ਸੁਰਾ ਨਾ ਪੀਣ ਵਾਲਾ ਅਸੁਰ ਹੁੰਦਾ ਸੀ। ਕਿਉਂਕਿ ਸ਼ਰਾਬ ਪੀਣ ਵਾਲਾ ਮਾੜਾ ਹੁੰਦਾ ਹੈ ਅਤੇ ਸ਼ਰਾਬ ਨਾ ਪੀਣ ਵਾਲਾ ਚੰਗਾ ਹੁੰਦਾ ਹੈ। ਇਸਲਈ ਸੁਰਾ ਪੀਣ ਵਾਲੇ ਹਿੰਦੂਆਂ ਨੇ ਸੁਰ ਦਾ ਅਰਥ ਦੇਵਤਾ ਕਰ ਲਿਆ ਅਤੇ ਸੁਰਾ ਨਾ ਪੀਣ ਵਾਲੇ ਅਸੁਰ ਦਾ ਅਰਥ ‘ਦੁਸ਼ਟ’ ਕਰ ਦਿੱਤਾ ਅਤੇ ਏਨਾ ਉਲਟ ਕਰ ਦਿੱਤਾ ਕਿ ਸੁਰ ਦਾ ਅਰਥ ਸ਼ਰਾਬ ਨਾ ਪੀਣ ਵਾਲਾ ਬਣਾ ਦਿੱਤਾ ਅਤੇ ਅਸੁਰ ਦਾ ਅਰਥ ‘ਸ਼ਰਾਬੀ’ ਕਰ ਦਿੱਤਾ। ਜਦ ਇਨ੍ਹਾਂ ਲਫ਼ਜ਼ਾਂ ਦਾ ਲਗਾਤਾਰ ਪ੍ਰਚਾਰ ਕੀਤਾ ਗਿਆ ਤਾਂ ਇਨ੍ਹਾਂ ਲਫ਼ਜ਼ਾਂ ਨੂੰ ਇਸੇ ਰੂਪ ਵਿੱਚ ਮਨਜ਼ੂਰ ਕਰ ਲਿਆ ਗਿਆ।

ਇੰਨ-ਬਿੰਨ ਇਹੀ ਕੁਝ ਲਫ਼ਜ਼ ‘ਹਿੰਦੂ’ ਨਾਲ ਹੋਇਆ ਹੈ। ਮੁਸਲਮਾਨਾਂ ਨੇ ਹਿੰਦੂ ਦਾ ਅਰਥ ‘ਕਾਫਿਰ’ ਕੀਤਾ ਸੀ। ਇਸੇ ਲਫ਼ਜ਼ ਨੂੰ ਹੀ ਚੰਗਾ ਕਹਿ ਕੇ ਪ੍ਰਚਾਰਿਆ ਗਿਆ ਤਾਂ ਹਿੰਦੂ ਦਾ ਅਰਥ ਬਦਲ ਗਿਆ ਅਤੇ ਉਹ ਇਕ ਚੰਗਾ ਲਫ਼ਜ਼ ਮੰਨਿਆ ਜਾਣ ਲੱਗਾ। ਜਦ ਮੁਸਲਮਾਨ ਸ਼ਾਸਕਾਂ ਨੇ ਆਪਣੇ ਸ਼ਾਸਨ ਵਿੱਚ ਕੁਝ ਗਿਣਤੀ ਦੇ ਹਿੰਦੂਆਂ ਨੂੰ ਚੰਗੇ-ਚੰਗੇ ਅਹੁਦਿਆਂ ’ਤੇ ਬਿਠਾ ਦਿੱਤਾ, ਤਾਂ ਹਿੰਦੂ ਲਫ਼ਜ਼ ਹੋਰ ਸਨਮਾਨਜਨਕ ਮੰਨਿਆ ਜਾਣ ਲੱਗ ਪਿਆ।

ਪਰ ਇਹ ਯਾਦ ਰੱਖਣ ਦੀ ਗੱਲ ਹੈ ਕਿ ਜਦ ਮੁਸਲਮਾਨ ਸ਼ਾਸਕਾਂ ਨੂੰ ਸਾਰੇ ਗੈਰ-ਇਸਲਾਮੀ ਭਾਰਤੀਆਂ ਨੂੰ ਇਕ ਸੰਗਠਿਤ ਨਾਮ ‘ਹਿੰਦੂ’ ਦੇਣਾ ਚਾਹਿਆ ਅਤੇ ਉਸ ਵਿੱਚ ਸਵਰਣ ਹਿੰਦੂਆਂ (ਬ੍ਰਾਹਮਣਾਂ ਆਦਿ) ਦੀ ਆਪਣੀ ਉੱਚਤਾ ਦਾ ਖਤਰਾ ਨਜ਼ਰ ਆਇਆ। ਉਨ੍ਹਾਂ ਅਜਿਹੀ ਏਕਤਾ ਨੂੰ ਨਕਾਰ ਦਿੱਤਾ ਕਿਉਂਕਿ ਇਸ ਨਾਲ ਬ੍ਰਾਹਮਣਾਂ ਦੀ ਉੱਚਤਾ ਖਤਰੇ ਵਿੱਚ ਪੈ ਸਕਦੀ ਸੀ। ਜਦ ਸਵਰਣ ਸਮਾਜ ਨੇ ਆਪਣੀ ਉੱਚਤਾ ਨੂੰ ਖਤਰਾ ਸਮਝਿਆ ਤਾਂ ਅਜਿਹੀ ਹਿੰਦੂ ਏਕਤਾ ਦੀ ਸੰਭਾਵਨਾ ਖ਼ਤਮ ਕਰਨ ਵਾਸਤੇ ਗੈਰ-ਮੁਸਲਿਮ ਸਮਾਜ ਨੂੰ ਵੱਖ-ਵੱਖ ਟੁਕੜਿਆਂ ਵਿੱਚ ਵੰਡਣ ਦਾ ਕੰਮ ਕੀਤਾ। ਸਵਰਣਾਂ ਦੇ ਇਲਾਵਾ ਜਿਹੜਾ ਬਹੁਸੰਖਿਅਕ ਸ਼ੂਦਰ ਸਮਾਜ ਸੀ, ਉਹ ਅਨੇਕਾਂ ਜਾਤਾਂ ਵਿੱਚ ਵੰਡ ਕੇ ਬਿਖੇਰਨ ਦਾ ਕੰਮ ਕੀਤਾ। ਸਵਰਣਾਂ ਦੇ ਇਲਾਵਾ, ਜੋ ਬਹੁਸੰਖਿਅਕ ਸ਼ੂਦਰ ਸਮਾਜ ਸੀ, ਉਹ ਅਨੇਕਾਂ ਜਾਤਾਂ ਵਿੱਚ ਵੰਡ ਕੇ ਬਿਖੇਰਨ ਦਾ ਕੰਮ ਕੀਤਾ। ਜਾਤਾਂ ਵਿੱਚ ਵੰਡ ਕੇ ਬਿਖੇਰਨ ਵਿੱਚ ਬ੍ਰਾਹਮਣ ਨੇ ਇਨ੍ਹਾਂ ਜਾਤਾਂ ਵਿੱਚ ਊਚ-ਨੀਚ ਦਾ ਜ਼ਹਿਰ ਤੱਕ ਘੋਲ ਦਿੱਤਾ। ਗੀਤਾ ਵਿੱਚ ਸ਼ੂਦਰਾਂ, ਬਲਕਿ ਬਾਨੀਆਂ ਤੱਕ ਨੂੰ ਵੀ ਪਾਪ ਯੋਨਿ ਤੋਂ ਪੈਦਾ ਹੋਇਆ ਕਿਹਾ ਗਿਆ (ਇਸੇ ਗ੍ਰੰਥ ਨੂੰ ਗਾਂਧੀ ਜ਼ਿੰਦਗੀ ਭਰ ਹੱਥ ਵਿੱਚ ਲਈ ਫਿਰਦਾ ਰਿਹਾ)। ਤੁਲਸੀ ਨੇ ਤਾਂ ਇੱਥੇ ਤੱਕ ਲਿਖ ਮਾਰਿਆ ਕਿ ਸ਼ੂਦਰ ਨੀਚ ਹੈ, ਉਸਨੂੰ ਡੰਡੇ ਨਾਲ ਮਾਰਨਾ ਚਾਹੀਦਾ ਹੈ ਪਰ ਬ੍ਰਾਹਮਣ ਜੇ ਕਤਈ ਗੁਣਹੀਨ ਅਤੇ ਕੁਕਰਮੀ ਵੀ ਹੋਵੇ, ਤਾਂ ਵੀ ਪੂਜਨੀਕ ਹੁੰਦਾ ਹੈ। 1931 ਵਿੱਚ ਭਾਰਤ ਦੀ ਜਨਗਣਨਾ ਹੋਈ ਤਾਂ ਸਵਰਣ ਹਿੰਦੂਆਂ ਨੇ ਖ਼ੁਦ ਨੂੰ ‘ਵੈਦਿਕ ਹਿੰਦੂ’ ਲਿਖਵਾਇਆ ਅਤੇ ਕਥਿਤ ਨੀਵੀਆਂ ਤੇ ਪਛੜੀਆਂ ਜਾਤਾਂ ਲਈ ਅਲਗ ਕਾਲਮ ਬਣਵਾਇਆ। ਬਾਲ ਗੰਗਾਧਰ ਤਿਲਕ ਨੇ ਤਾਂ ਸਪਸ਼ਟ ਕਿਹਾ ਕਿ ਜਿਨ੍ਹਾਂ ਦੀ ਵੇਦਾਂ ਵਿੱਚ ਭਾਗੀਦਾਰੀ ਹੈ, ਉਹੀ ਹਿੰਦੂ ਹਨ ਅਤੇ ਜਿਨ੍ਹਾਂ ਦੀ ਭਾਗੀਦਾਰੀ ਨਹੀਂ, ਉਹ ਹਿੰਦੂ ਨਹੀਂ ਹਨ। ਇਸ ਅਧਾਰ ’ਤੇ ਦਲਿਤ ਅਤੇ ਪਛੜੇ ਵਰਗ ਹਿੰਦੂ ਨਹੀਂ ਹਨ, ਇਹ ਖ਼ੁਦ ਸਿੱਧ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ਨੂੰ ਤਾਂ ਵੇਦਾਂ ਨੂੰ ਛੂਹਣ ਤੱਕ ਦਾ ਅਧਿਕਾਰ ਨਹੀਂ ਹੈ, ਵੇਦਾਂ ਵਿੱਚ ਹਿੱਸੇਦਾਰੀ ਤਾਂ ਦੂਰ ਦੀ ਗੱਲ ਹੈ। ਗਾਂਧੀ ਨੇ ਵੀ ਹਿੰਦੂ ਦੀ ਕੁਝ ਅਜਿਹੀ ਵੀ ਪਰਿਭਾਸ਼ਾ ਕੀਤੀ ਅਤੇ ਦਲਿਤਾਂ ਤੇ ਪਛੜਿਆਂ ਨੂੰ ਹਿੰਦੂ ਦੀ ਪਰਿਭਾਸ਼ਾ ਤੋਂ ਹੀ ਅਲਗ ਕਰ ਦਿੱਤਾ। ਗਾਂਧੀ ਨੇ ਕਿਹਾ ਕਿ ਜੋ ਵਿਅਕਤੀ ਵੇਦ, ਉਪਨਿਸ਼ਦ, ਧਰਮ ਸੂਤਰ, ਪੁਰਾਣਾਂ ਨੂੰ ਨਹੀਂ ਮੰਨਦਾ - ਉਹ ਹਿੰਦੂ ਨਹੀਂ ਹੈ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਦਲਿਤ, ਪਛੜੇ ਵਰਗ, ਬੌਧ, ਜੈਨ, ਸਿੱਖਾਂ ਵਿੱਚੋਂ ਕੋਈ ਹਿੰਦੂ ਨਹੀਂ ਹੈ ਕਿਉਂਕਿ ਇਹ ਸਭ ਪੁਰਾਣਾਂ ਅਤੇ ਸੂਤਰ ਗ੍ਰੰਥਾਂ ਨੂੰ ਨਹੀਂ ਮੰਨਦੇ। ਇਨ੍ਹਾਂ ਵਿੱਚ ਸਪਸ਼ਟ ਲਿਖਿਆ ਹੈ ਕਿ ਜੇਕਰ ਸ਼ੂਦਰ ਇਨ੍ਹਾਂ ਨੂੰ ਪੜ੍ਹ ਲਏ ਤਾਂ ਉਸਦੀ ਜੀਭ ਕਟ ਲਉ,

ਵੇਦ ਸੁਣ ਲਏ ਤਾਂ ਉਸਦੇ ਕੰਨਾਂ ਵਿੱਚ ਸ਼ੀਸ਼ਾ ਪਿਘਲਾ ਕੇ ਪਾ ਦਿਓ ਅਤੇ ਜੇਕਰ ਸਵਰਣਾਂ ਵਰਗੇ ਆਸਨ ’ਤੇ ਬੈਠ ਜਾਏ ਤਾਂ ਉਸਦੇ ਚਿੱਤੜ ਕੱਟਵਾ ਦਿਓ। ਇਨ੍ਹਾਂ ਵੇਦ-ਸ਼ਾਸਤਰਾਂ ਵਿੱਚ ਸ਼ੂਦਰਾਂ ਨੂੰ ਪਾਪੀ, ਅਧਮ, ਨੀਚ, ਅਛੂਤ, ਚੰਡਾਲ ਆਦਿ ਆਖ ਕੇ ਗਾਲ੍ਹਾਂ ਕਢੀਆਂ ਗਈਆਂ ਹਨ। ਸ਼ੂਦਰਾਂ ਲਈ ਵਿਵਸਥਾ ਕੀਤੀ ਗਈ ਹੈ ਕਿ ਇਨ੍ਹਾਂ ਨੂੰ ਖਾਣ ਲਈ ਜੂਠਨ, ਪਹਿਣਨ ਲਈ ਉਤਰਨ ਅਤੇ ਰਹਿਣ ਲਈ ਫੂਸ ਦੀ ਝੌਂਪੜੀ ਦੇਣੀ ਚਾਹੀਦੀ ਹੈ। ਜਦ ਇਨ੍ਹਾਂ ਵੇਦ-ਸ਼ਾਸਤਰਾਂ ਵਿੱਚ ਸ਼ੂਦਰਾਂ ਦੀ ਬਰਾਬਰ ਭਾਗੀਦਾਰੀ ਨਹੀਂ ਹੈ ਤਾਂ ਉਹ ਇਨ੍ਹਾਂ ਨੂੰ ਕਿਉਂ ਮੰਨਣ? ਇਸ ਤੋਂ ਸਿੱਧ ਹੋ ਜਾਂਦਾ ਹੈ ਕਿ ਸ਼ੂਦਰ ਹਿੰਦੂ ਨਹੀਂ ਹਨ।

ਇਸ ਤਰ੍ਹਾਂ ਹਿੰਦੂਆਂ ਨੇ ਦਲਿਤਾਂ-ਪਛੜਿਆਂ ਨੂੰ ਹਿੰਦੂ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਹੈ। ਰਾਸ਼ਟਰੀ ਸਵੰਯਸੇਵਕ ਸੰਘ ਨੇ ਜਦ ਇਹ ਕਿਹਾ ਕਿ ਹਿੁੰਦਸਤਾਨ ਸਿਰਫ਼ ਹਿੰਦੂਆਂ ਦਾ ਹੀ ਹੈ, ਤਾਂ ਉਸਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਮੁਸਲਮਾਨ, ਇਸਾਈ, ਦਲਿਤ ਅਤੇ ਪਛੜੇ ਵਰਗ ਹਿੰਦੂ ਨਹੀਂ ਹਨ। ਸੰਘ ਨੇ ਹਿੰਦੂ ਦੀ ਇਕ ਪਰਿਭਾਸ਼ਾ ਵੀ ਦਿੱਤੀ ਹੈ ਕਿ ਹਿੰਦੂ ਉਹ ਹੈ ਜਿਸਦੀ ਮਾਤ-ਭੂਮੀ ਭਾਰਤ ਹੈ ਅਤੇ ਉਸਦਾ ਧਰਮ ਕੋਈ ਪ੍ਰਚਾਰਿਤ ਭਾਰਤੀ ਧਰਮ ਹੈ। ਇਸਦਾ ਅਰਥ ਇਹ ਹੈ ਕਿ ਮੁਸਲਮਾਨ ਅਤੇ ਇਸਾਈ ਹਿੰਦੂ ਨਹੀਂ ਹਨ। ਉਨ੍ਹਾਂ ਦੀ ਇਸ ਪਰਿਭਾਸ਼ਾ ਵਿੱਚ ਬਾਕੀ, ਯਾਨਿ ਦਲਿਤ-ਪਛੜੇ ਵੀ ਹਿੰਦੂ ਨਹੀਂ ਹਨ ਕਿਉਂਕਿ ਪ੍ਰਚਲਿਤ ਭਾਰਤੀ ਧਰਮਾਂ ਵਿੱਚੋਂ ਉਨ੍ਹਾਂ ਦਾ ਕੋਈ ਧਰਮ ਨਹੀਂ ਹੈ।

ਉਪਰੋਕਤ ਚਰਚਾ ਦੇ ਅਧਾਰ ’ਤੇ ਹਿੰਦੂ ਦਾ ਅਰਥ ਮਾਤਰ ਉਨ੍ਹਾਂ ਲੋਕਾਂ ਤੋਂ ਹੈ, ਜੋ ਆਰਿਯਾ ਵੰਸ਼ੀ ਹਨ, ਯਾਨਿ ਹਿੰਦੂ ਲਫ਼ਜ਼ ਆਰਿਯਾ ਦਾ ਕੋਡ-ਵਰਡ ਹੈ ਅਤੇ ਹਿੰਦੂ ਏਕਤਾ ਦਾ ਅਰਥ ਬ੍ਰਾਹਮਣ-ਖੱਤਰੀ-ਬਾਨੀਆ ਏਕਤਾ ਤੋਂ ਹੈ। ਹਿੰਦੂ ਦੇ ‘ਹਿੰਦੂ ਰਾਸ਼ਟਰ’ ਦਾ ਅਰਥ ਬ੍ਰਾਹਮਣ, ਖੱਤਰੀ, ਬਾਨੀਆ ਦੀ ਏਕਤਾ ਤੋਂ ਹੈ। ਜਦ ਮੁਸਲਮਾਨ, ਇਸਾਈ, ਸਿੱਖ, ਦਲਿਤ ਅਤੇ ਪਛੜੇ ਵਰਗਾਂ ਨੇ ਅਜਿਹੇ ਰਾਸ਼ਟਰ ਨੂੰ ਨਾ-ਮਨਜ਼ੂਰ ਕਰ ਦਿੱਤਾ ਤਾਂ ਹਿੰਦੂਆਂ ਨੇ ਦਲਿਤਾਂ ਤੇ ਪਛੜਿਆਂ ਨੂੰ ਗੁੰਮਰਾਹ ਕਰਨ ਲਈ ਨਾਅਰਾ ਦਿੱਤਾ ਕਿ ‘‘ਜਾਤ-ਪਾਤ ਹੋਂ ਭਲੇ ਅਨੇਕ; ਹਿੰਦੂ-ਹਿੰਦੂ ਹੈਂ ਸਬ ਏਕ’’। ਇਸ ਨਾਅਰੇ ਵਿੱਚ ਕਿੰਨੀ ਬੇਸ਼ਰਮੀ ਅਤੇ ਬੇਹਯਾਈ ਝਲਕਦੀ ਹੈ ਕਿ ਉਹ ਹਿੰਦੂ ਰਾਸ਼ਟਰ ਤਾਂ ਬਣਾਉਣਾ ਚਾਹੁੰਦੇ ਹਨ ਪਰ ਹਿੰਦੂਆਂ ਦੀ ਇਕ ਜਾਤ ਮੰਨਣ ਨੂੰ ਤਿਆਰ ਨਹੀਂ ਹਨ ਯਾਨੀ ਹਿੰਦੂ ਨੂੰ ਇਕ ਮੰਨਣ ਲਈ ਤਿਆਰ ਨਹੀਂ ਹਨ। ਅਜੀਬ ਹਿਮਾਕਤ ਹੈ? ਮੁਸਲਮਾਨ ਇਕ ਹਨ, ਇਸਾਈ ਇਕ ਹਨ, ਤਾਂ ਹਿੰਦੂ ਨੂੰ ਇਕ ਕਿਉਂ ਨਹੀਂ ਕਰਨਾ ਚਾਹੁੰਦੇ? ਸੱਚਾਈ ਇਹ ਹੈ ਕਿ ਹਿੰਦੂ ਦਲਿਤ-ਪਛੜਿਆਂ ਨੂੰ ਮੂਰਖ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਦੀ ਅਸਲ ਮਨਸ਼ਾ ਇਹ ਹੈ ਕਿ ਰਾਸ਼ਟਰ ਤਾਂ ਬ੍ਰਾਹਮਣ, ਖੱਤਰੀ, ਬਾਨੀਆਂ ਦਾ ਕਾਇਮ ਹੋ ਜਾਏ ਅਤੇ ਗੈਰ-ਆਰਿਯਾ ਵੰਸ਼ੀ ਜਿਹੜੇ ਦਲਿਤ-ਪਛੜੇ ਹਨ, ਉਹ ਸਭ ਇਨ੍ਹਾਂ ਹਿੰਦੂਆਂ ਦੇ ਗੁਲਾਮ ਹੋ ਕੇ ਬਣੇ ਰਹਿਣ ਅਤੇ ‘ਹਿੰਦੂ ਰਾਸ਼ਟਰ’ ਨੂੰ ਮਨਜ਼ੂਰ ਕਰ ਲੈਣ - ਹਾਲਾਂਕਿ ਉਨ੍ਹਾਂ ਦੀ ਹਿੰਦੂ ਰਾਸ਼ਟਰ ਵਿੱਚ ਭਾਗੀਦਾਰੀ ਕੁਝ ਵੀ ਨਾ ਹੋਵੇ। ਪਰ ਸਿੱਖਾਂ, ਮੁਸਲਮਾਨਾਂ ਜਾਂ ਇਸਾਈਆਂ ਨੂੰ ਮਾਰਨ ਲਈ ਹਮਲਾ ਹਿੰਦੂਆਂ ਦੀ ਤਰਫੋਂ ਹੋਣ ਤਾਂ ਉਸ ਵਿੱਚ ਇਨ੍ਹਾਂ ਹਿੰਦੂਆਂ ਦਾ ਸਾਥ ਦੇਣ। ਭਲਾ ਕਿਹੜਾ ਦਲਿਤ/ਪਛੜਿਆ ਵਿਅਕਤੀ ਅਜਿਹਾ ਹਿੰਦੂ ਬਣਨਾ ਚਾਹੇਗਾ?

ਹਿੰਦੂਆਂ ਨੇ ਜਦ ਇਹ ਨਾਅਰਾ ਲਗਾਇਆ ਕਿ ਭਾਰਤ ਦੀ ਧਰਤੀ ’ਤੇ ਰਹਿਣ ਵਾਲੇ ਸਾਰੇ ਲੋਕ ਹਿੰਦੂ ਹਨ ਅਤੇ ਹਿੰਦੂ-ਹਿੰਦੂ ਸਭ ਇਕ ਹਨ ਤਾਂ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਗੈਰ-ਹਿੰਦੂ, ਹਿੰਦੂ ਹੋ ਸਕਦੇ ਹਨ। ਅਸਲ ਵਿੱਚ ਸਭ ਹਿੰਦੂ ਕਿਵੇਂ ਹੋ ਸਕਦੇ ਹਨ? ਆਰਿਯਾ ਫਲਸਫੇ ਮੁਤਾਬਿਕ, ਕੋਈ ਵਿਅਕਤੀ ਹਿੰਦੂ ਬਣਦਾ ਨਹੀਂ, ਉਹ ਤਾਂ ਸਿਰਫ਼

ਪੇਟ ’ਚੋਂ ਹੀ ਨਿਕਲਦਾ ਹੈ। ਉੱਤਰ ਪ੍ਰਦੇਸ਼ ਦੇ ਮੈਨਪੁਰੀ ਵਿੱਚ ਇਕ ਘਟਨਾ ਵਾਪਰੀ। ਇਥੋਂ ਦਾ ਇਕ ‘ਜਾਟਵ’ (ਕਥਿਤ ਨੀਵੀਂ ਜਾਤ ਦਾ ਵਿਅਕਤੀ) ਸੁਤੰਤਰਤਾ ਤੋਂ ਪਹਿਲਾਂ ਹੀ ਇਸਾਈ ਬਣ ਗਿਆ ਸੀ। ਉਹ 40 ਸਾਲਾਂ ਤੱਕ ਮਿਸ਼ਨ ਕੰਪਾਊਂਡ ਵਿੱਚ ਰਿਹਾ ਤੇ ਮਿਸ਼ਨ ਦਾ ਇੰਚਾਰਜ ਵੀ ਬਣਿਆ। ਉਸਨੇ ਕੁਝ ਲੋਕਾਂ ਨੂੰ ਇਸਾਈ ਬਣਨ ਲਈ ਪ੍ਰੇਰਿਤ ਕੀਤਾ ਤਾਂ ਹਿੰਦੂਆਂ ਨੇ ਗੁੱਸੇ ਵਿੱਚ ਆਕੇ ਉਸਦੀ ਪਿਟਾਈ ਕਰ ਦਿੱਤੀ ਅਤੇ ਉਸਨੂੰ ਕਿਹਾ ਗਿਆ ਕਿ ਤੂੰ ਹਿੰਦੂ ਹੋ ਜਾ, ਨਹੀਂ ਤਾਂ ਮਾਰ ਦਿੱਤਾ ਜਾਵੇਂਗਾ। ਉਸ ਵਿਅਕਤੀ ਨੇ ਹਿੰਦੂ ਹੋਣਾ ਮਨਜ਼ੂਰ ਕਰ ਲਿਆ। ਜਦ ਉਸਨੂੰ ਹਿੰਦੂ ਬਣਾਇਆ ਗਿਆ ਤਾਂ ਉਸਦਾ ਹਿੰਦੂ ਨਾਮ ‘ਫਲਾਣਾ ਜਾਟਵ’ ਰੱਖਿਆ ਗਿਆ। ਉਸਨੇ ਕਿਹਾ ਕਿ ਮੈਂ ਜਦ ਹਿੰਦੂ ਹੋ ਰਿਹਾ ਹਾਂ ਤਾਂ ਮੇਰਾ ਨਾਮ ਜਾਟਵ ਹੀ ਕਿਉਂ ਰੱਖਿਆ ਗਿਆ? ਮਿਸ਼ਰਾ, ਦੂਬੇ, ਤਿਵਾਰੀ ਕਿਉਂ ਨਹੀਂ ਰੱਖਿਆ ਗਿਆ? ਇੱਥੇ ਸਵਾਲ ਇਸ ਗੱਲ ਦਾ ਪੈਦਾ ਹੋਇਆ ਕਿ ਜਦ ਇਕ ਇਸਾਈ ਹਿੰਦੂ ਬਣਿਆ ਤਾਂ ਉਸਨੂੰ ਬ੍ਰਾਹਮਣ ਜਾਤ ਦਾ ਹਿੰਦੂ ਕਿਉਂ ਨਹੀਂ ਬਣਾਇਆ ਗਿਆ, ਉਸਨੂੰ ਜਾਟਵ ਹੀ ਕਿਉਂ ਬਣਾਇਆ ਗਿਆ? ਇਸਦਾ ਅਰਥ ਇਹ ਹੋਇਆ ਕਿ ਹਿੰਦੂ ਕੋਈ ਬਣ ਨਹੀਂ ਸਕਦਾ ਬਲਕਿ ਹਿੰਦੂ ਦੇ ਮਾਇਨੇ ਜਾਤੀ ਹੈ। ਹਿੰਦੂ ਦਾ ਜਨਮ ਪੇਟ ਤੋਂ ਹੀ ਹੁੰਦਾ ਹੈ। ਜੇਕਰ ਕੋਈ ਗੈਰ-ਹਿੰਦੂ, ਹਿੰਦੂ ਬਣਨਾ ਚਾਹੇ ਤਾਂ ਉਹ ਬ੍ਰਾਹਮਣ, ਖੱਤਰੀ, ਬਾਨੀਆ ਵਰਨ ਦਾ ਹਿੰਦੂ ਨਹੀਂ ਬਣ ਸਕਦਾ। ਇਸਤੋਂ ਇਹ ਸਿੱਧ ਹੁੰਦਾ ਹੈ ਕਿ ਕੋਈ ਨੀਚ ਜਾਤ ਦਾ ਵਿਅਕਤੀ ਉਪਰਲੇ ਤਿੰਨ ਵਰਨਾਂ, ਜਿਹੜੇ ਆਰਿਯਾ ਵੰਸ਼ ਦੇ ਵਰਨ ਹਨ, ਵਿੱਚ ਜਾਣਾ ਚਾਹੇ ਤਾਂ ਉਹ ਅਜਿਹਾ ਨਹੀਂ ਕਰ ਸਕਦਾ। ਯਾਨੀ ਅਸਲ ਵਿੱਚ ਹਿੰਦੂ ਸਿਰਫ਼ ਉਪਰਲੇ ਵਰਨਾਂ ਦੇ ਤਿੰਨ ਹਿੰਦੂ ਹੀ ਹਨ। ਹਿੰਦੂਵਾਦ ਦੀ ਖਾਸੀਅਤ ਇਹ ਹੈ ਕਿ ਕੋਈ ਦਲਿਤ/ਪਛੜੇ ਵਰਗ ਦਾ ਵਿਅਕਤੀ ਭਾਵੇਂ ਕਿੰਨੀ ਵੀ ਰਮਾਇਣ ਪੜ੍ਹ ਲਵੇ, ਕਿੰਨੇ ਵੀ ਭਾਗਵਤ ਦੇ ਅਖੰਡ ਪਾਠ ਕਰਵਾਏ, ਕਿੰਨੀ ਵੀ ਠਾਕੁਰ ਜੀ ਦੀ ਪੂਜਾ ਕਰੇ, ਕਿੰਨਾ ਵੀ ਮੋਟਾ ਜਨੇਊ ਪਾ ਲਵੇ ਅਤੇ ਕਿੰਨਾ ਵੀ ਚੌੜਾ ਤਿਲਕ ਲਗਾ ਲਵੇ - ਉਹ ਸਵਰਣ ਹਿੰਦੂ ਨਹੀਂ ਬਣ ਸਕਦਾ।

ਦਲਿਤ ਆਦਿਵਾਸੀ ਹਿੰਦੂ ਨਹੀਂ ਹੁੰਦੇ - ਇਹ ਗੱਲ ਆਰਿਯਾ ਸਮਾਜੀ ਪ੍ਰਮਾਣਿਤ ਕਰਦੇ ਹਨ। ਜਦ ਆਰਿਯਾ ਸਮਾਜੀ ਕਿਸੇ ਦਲਿਤ ਜਾਂ ਆਦਿਵਾਸੀ ਨੂੰ ਜਨੇਊ ਪਹਿਨਾ ਕੇ ਆਰਿਯਾ ਸਮਾਜੀ ਹਿੰਦੁ ਬਣਾਉਂਦੇ ਹਨ ਤਾਂ ਪਹਿਲਾਂ ਉਸਨੂੰ ਨਹਿਲਾ ਕੇ ਸ਼ੁੱਧ ਕਰਦੇ ਹਨ, ਫਿਰ ਜਨੇਊ ਦਿੰਦੇ ਹਨ। ਜਨੇਊ ਪਹਿਣਨ ਦਾ ਅਧਿਕਾਰ ‘ਦਵਿਜ’ ਨੂੰ ਹੈ। ਹਿੰਦੂਆਂ ਦੇ ਤਿੰਨ ਵਰਨ ਬ੍ਰਾਹਮਣ, ਖੱਤਰੀ ਤੇ ਬਾਨੀਆ ਦਵਿਜ ਕਹਿਲਾਉਂਦੇ ਹਨ। ਜੋ ਦਵਿਜ ਨਹੀਂ, ਉਹ ਹਿੰਦੂ ਨਹੀਂ। ਇਸਲਈ ਕਿਸੇ ਦਲਿਤ ਆਦਿਵਾਸੀ ਨੂੰ ਦਵਿਜ ਹਿੰਦੂ ਬਣਾਉਣ ਲਈ ਉਸਨੂੰ ‘ਯਗਿਉਪਵੀਤ’ ਦਿੰਦੇ ਹਨ। ਇਸਦਾ ਅਰਥ ਹੈ ਕਿ ਉਨ੍ਹਾਂ ਦੀ ਦ੍ਰਿਸ਼ਟੀ ਵਿੱਚ ਦਲਿਤ ਆਦਿਵਾਸੀ ਹਿੰਦੂ ਨਹੀਂ ਹਨ। ਇਨ੍ਹਾਂ ਨੂੰ ਹਿੰਦੂ ਬਣਾਉਣ ਵਾਸਤੇ ਦੂਜੇ ਗੈਰ-ਹਿੰਦੂਆਂ ਦੀ ਤਰ੍ਹਾਂ ‘ਸ਼ੁੱਧੀਕਰਨ’ ਕਰਕੇ ਹੀ ਹਿੰਦੂ ਬਣਾਇਆ ਜਾ ਸਕਦਾ ਹੈ। ਇਸੇਲਈ ਡਾ: ਅੰਬੇਡਕਰ ਅਛੂਤਾਂ ਨੂੰ ਹਿੰਦੂ ਨਹੀਂ ਮੰਨਦੇ ਸਨ। ਡਾ: ਅੰਬੇਡਕਰ ਨੇ 22 ਪ੍ਰਤਿਗਆਵਾਂ ਤੋਂ ਬਾਅਦ ਹੀ ਲੋਕਾਂ ਨੂੰ ਬੁੱਧ ਧਰਮ ਗ੍ਰਹਿਣ ਕਰਨ ਦੀ ਗੱਲ ਇਸੇਲਈ ਕਹੀ ਸੀ ਕਿਉਂਕਿ ਬ੍ਰਾਹਮਣ ਵਿਸ਼ਨੂੰ, ਮਹੇਸ਼, ਗਣੇਸ਼ ਦੀ ਪੂਜਾ ਨਾ ਕਰਨ ਅਤੇ ਰਾਮ/ਕ੍ਰਿਸ਼ਨ ਨੂੰ ਨਾ ਮੰਨਣ ’ਤੇ ਵੀ ਹਿੰਦੂ, ਤੁਹਾਨੂੰ ਹਿੰਦੂ ਹੀ ਕਹਿੰਦੇ ਰਹਿਣਗੇ। ਇਸਲਈ 22 ਪ੍ਰਤਿਗਆਵਾਂ ਗ੍ਰਹਿਣ ਕਰਨ ਤੋਂ ਬਾਅਦ ਦੂਜਾ ਧਰਮ ਗ੍ਰਹਿਣ ਕਰਨਾ ਵੀ ਜ਼ਰੂਰੀ ਹੈ।

ਦਲਿਤ ਆਦਿਵਾਸੀ ਹਿੰਦੂ ਨਹੀਂ ਹਨ। ਹਿੰਦੂ ਇਨ੍ਹਾਂ ਨੂੰ ਜਨੇਊ ਪੁਆ ਕੇ ਹਿੰਦੂ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਸਵਰਨ ਹਿੰਦੂਆਂ ਦੀ ਤਰ੍ਹਾਂ ਖਾਣ-ਪਾਨ, ਪੂਜਾ-ਪਾਠ, ਆਚਾਰ-ਵਿਹਾਰ ਅਤੇ ਸੰਸਕਾਰਾਂ ਦਾ ਅਧਿਕਾਰ ਨਹੀਂ ਦੇਣਾ ਚਾਹੁੰਦੇ। ਹਿੰਦੂ ਇਨ੍ਹਾਂ ਵਰਗਾਂ ਨੂੰ ਹਿੰਦੂ ਸਿਰਫ਼ ਇਸਲਈ ਕਹਿੰਦਾ ਹੈ ਤਾਂਕਿ ਉਹ ਇਨ੍ਹਾਂ ਨੂੰ ਆਪਣਾ ਗੁਲਾਮ ਬਣਾਈ ਰਖ ਸਕੇ। ਕੁਝ ਦਲਿਤ ਜਨੇਊ ਪਾ ਕੇ ਆਪਣੇ ਆਪ ਨੂੰ ਹਿੰਦੂ ਸਮਝ ਕੇ ਹਿੰਦੂ ਮੰਦਰਾਂ ਵਿੱਚ ਘੁਸ ਗੲ। ਜਦ ਸਵਰਣਾਂ ਨੂੰ ਪਤਾ ਚੱਲਿਆ ਕਿ ਇਹ ਨੀਵੀਆਂ ਜਾਤਾਂ ਦੇ ਲੋਕ ਹਨ, ਤਾਂ ਇਨ੍ਹਾਂ ਦੀ ਪਿਟਾਈ ਹੋਣ ਲੱਗੀ। ਜਿਹੜੇ ਵੀ ਮੰਦਰ ਵਿੱਚ ਇਹ ਨਕਲੀ ਜਨੇਊਧਾਰੀ ਜਾਣ, ਹਿੰਦੂ ਇਨ੍ਹਾ ਦੀ ਪਿਟਾਈ ਕਰ ਦਿਆ ਕਰਨ। ਬੇਚਾਰੇ ਦਲਿਤ ਜਨੇਊ ਸੁੱਟ ਕੇ ਫਿਰ ਤੋਂ ਜਿਉਂ ਦੇ ਤਿਉਂ ਹੋ ਗਏ।

ਜਗੰਨਾਥ ਪੁਰੀ ਦੇ ਮੰਦਰ ਤੋਂ ਰਥ ਯਾਤਰਾ ਕਢੀ ਜਾਂਦੀ ਹੈ। ਭਗਤੀ ਵਿੱਚ ਦਲਿਤ-ਪਛੜੇ ਰਥ ਖਿੱਚਦੇ ਹਨ। ਕੁਝ ਲੋਕ ਰਥ ਹੇਠਾਂ ਦਬਕੇ ਆਪਣੀ ਜਾਨ ਵੀ ਦੇ ਦਿੰਦੇ ਹਨ। ਪਰ ਇਨ੍ਹਾਂ ਦਲਿਤਾਂ/ਪਛੜਿਆਂ ਨੂੰ ਜਗੰਨਾਥ ਮੰਦਰ ਵਿੱਚ ਘੁਸਣ ਦਾ ਅਧਿਕਾਰ ਨਹੀਂ ਹੈ। ਨਾਥ ਦੁਆਰਾ ਮੰਦਰ ਵਿੱਚ ਸ਼ੂਦਰਾਂ ਨੇ ਪ੍ਰਵੇਸ਼ ਕਰਨ ਦੀ ਗੱਲ ਕਹੀ - ਸਵਾਮੀ ਅਗਨੀਵੇਸ਼ ਨੇ ਉਨ੍ਹਾਂ ਦੀ ਅਗਵਾਈ ਕੀਤੀ। ਮੰਦਰ ਦੇ ਨੇੜੇ ਪਹੁੰਚਦਿਆਂ ਹੀ ਲੱਠਬਾਜ਼ਾਂ ਨੇ ਸ਼ੂਦਰਾਂ ਨੂੰ ਤਾਂ ਮਾਰਿਆ ਹੀ, ਸਵਾਮੀ ਅਗਨੀਵੇਸ਼ ’ਤੇ ਵੀ ਲਾਠੀਆਂ ਦੀ ਬਰਸਾਤ ਕਰ ਦਿੱਤੀ। ਬੇਚਾਰੇ ਅਗਨੀਵੇਸ਼ ਨੱਸ ਖੜੇ ਹੋਏ। ਪੁਰੀ ਦੇ ਸ਼ੰਕਰਾਚਾਰਿਆ ਮੰਦਰ ਵਿੱਚ ਘੁਸਣ ਦੀ ਗੱਲ ਤਾਂ ਦੂਰ, 400 ਕਦਮ ਦੇ ਅੰਦਰ ਤੱਕ ਉਸ ਵਿੱਚ ਸ਼ੂਦਰ ਝਾਂਕ ਵੀ ਨਹੀਂ ਸਕਦੇ। ਜਦ ਦਲਿਤਾਂ ਤੇ ਆਦਿਵਾਸੀਆਂ ਨਾਲ ਅਜਿਹਾ ਬਰਤਾਵ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਹਿੰਦੂ ਕਿਵੇਂ ਮੰਨਿਆ ਜਾ ਸਕਦਾ ਹੈ। ਅਜਿਹੇ ਹਿੰਦੂ ਜਦ ਭਾਰਤ ਨੂੰ ‘ਹਿੰਦੂ ਰਾਸ਼ਟਰ’ ਕਹਿੰਦੇ ਹਨ ਤਾਂ ਸਵਾਲ ਉਠਦਾ ਹੈ ਕਿ ਕੀ ਅਜਿਹਾ ਰਾਸ਼ਟਰ ਦਲਿਤਾਂ, ਪਛੜਿਆਂ ਅਤੇ ਆਦਿਵਾਸੀਆਂ ਦਾ ਵੀ ਰਾਸ਼ਟਰ ਹੋਵੇਗਾ?

ਜਵਾਬ ਹੈ - ਨਹੀਂ। ਹਿੰਦੂ ਜਿਸ ਰਾਸ਼ਟਰ ਦੀ ਗੱਲ ਕਰਦੇ ਹਨ, ਉਸ ਹਿੰਦੂ ਰਾਸ਼ਟਰ ਦਾ ਅਰਥ ਹੈ ਆਰਿਯਾ ਵੰਸ਼ੀ ਹਿੰਦੂਆਂ ਦਾ ਰਾਸ਼ਟਰ, ਜਿਸ ਵਿੱਚ ਮੁਸਲਮਾਨ, ਸਿੱਖ, ਇਸਾਈ, ਦਲਿਤ ਅਤੇ ਪਛੜੇ ਵਰਗ ਸ਼ਾਮਲ ਨਹੀਂ ਹਨ। ਹਿੰਦੂ ਰਾਸ਼ਟਰ ਦਾ ਅਰਥ ਹੈ ਬ੍ਰਾਹਮਣ, ਖੱਤਰੀ, ਬਾਲੀਆਂ ਦਾ ਰਾਸ਼ਟਰ - ਯਾਨੀ 15 ਫੀਸਦੀ ਲੋਕਾਂ ਦਾ ਰਾਸ਼ਟਰ। ਸੋਚਣ ਵਾਲੀ ਗੱਲ ਹੈ ਕਿ 100 ਕਰੋੜ ਵਿੱਚੋਂ 85 ਕਰੋੜ ਲੋਕਾਂ ਦੀ ਜਿਸ ਵਿੱਚ ਕੋਈ ਭਾਗੀਦਾਰੀ ਨਹੀਂ, ਅਜਿਹਾ 15 ਕਰੋੜ ਦਾ ਰਾਸ਼ਟਰ ਕਿਵੇਂ ਰਾਸ਼ਟਰ ਹੋ ਸਕਦਾ ਹੈ?

ਇਸਲਈ ਭਾਰਤ ਹਿੰਦੂ ਰਾਸ਼ਟਰ ਨਹੀਂ ਹੋ ਸਕਦਾ। ਹਿੰਦੂਆਂ ਦੇ ਹਿੰਦੂ ਰਾਸ਼ਟਰ ਦਾ ਅਰਥ ਹੈ ਮੁਸਲਮਾਨਾਂ, ਸਿੱਖਾਂ ਤੇ ਇਸਾਈਆਂ ਦਾ ਖ਼ਾਤਮਾ ਅਤੇ ਦਲਿਤਾਂ/ਪਛੜੇ ਵਰਗਾਂ ਨੂੰ ਹਿੰਦੂਆਂ ਦਾ ਗੁਲਾਮ ਬਣਾਈ ਰਖਣਾ।