

ਦਿੱਲੀ ਡਾਇਰੀ
- ਇੰਡੀਆ ਅਵੇਅਰਨੈੱਸ ਬਿਉਰੋ -
ਸਰਨਾ ਦੀ ਫੋਟੋ ਸੱਜਣ ਕੁਮਾਰ ਨਾਲ ਪ੍ਰਕਾਸ਼ਿਤ ਹੋਣ ਦਾ ਵਿਵਾਦ
ਦਿ.ਸਿ.ਗੁ.ਪ੍ਰ. ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਇਕ ਤੋਂ ਬਾਅਦ ਇਕ ਵਿਵਾਦਾਂ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ਇਸੇ ਕੜੀ ਵਿੱਚ, ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀ ਵਧਾਈ ਦੇਣ ਵਾਲੇ ਇਕ ਪੋਸਟਰ ਵਿੱਚ ਸ੍ਰੀ ਸਰਨਾ ਦੀ ਤਸਵੀਰ ਨਾਲ ਨਵੰਬਰ 84 ਕਤਲੇਆਮ ਦੇ ਮੁੱਖ ਆਰੋਪੀ ਸੱਜਣ ਕੁਮਾਰ ਦੀ ਤਸਵੀਰ ਪ੍ਰਕਾਸ਼ਿਤ ਹੋਣ ਨਾਲ ਸ੍ਰੀ ਸਰਨਾ ਨੂੰ 84 ਕਤਲੇਆਮ ਪੀੜ੍ਹਤਾਂ ਅਤੇ ਅਕਾਲੀ ਦਲ ਬਾਦਲ ਦੇ ਆਗੂਆਂ ਦੀ ਤਿੱਖੀ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ। ਗੌਰਤਲਬ ਹੈ ਕਿ ਇਹ ਪੋਸਟਰ ਭਾਵੇਂ ਪੱਛਮੀ ਦਿੱਲੀ ਦੀ ਇਕ ਕਲੋਨੀ ਦੇ ਸਥਾਨਕ ਆਗੂ ਵੱਲੋਂ ਛਪਵਾਇਆ ਗਿਆ ਦੱਸਿਆ ਜਾਂਦਾ ਹੈ, ਪਰ ਇਸ ਵਿੱਚ ਕਾਂਗਰਸ ਦੇ ਹੋਰਨਾਂ ਲੀਡਰਾਂ ਦੀਆਂ ਤਸਵੀਰਾਂ ਦੇ ਮੁਕਾਬਲੇ ਸੱਜਣ ਕੁਮਾਰ ਅਤੇ ਸਰਨਾ ਦੀ ਫੋਟੋਆਂ ਨੂੰ ਵਧੇਰੇ ਤਰਜ਼ੀਹ ਦੇ ਕੇ ਛਾਪਿਆ ਗਿਆ ਸੀ।
ਇਸ ਪੋਸਟਰ ਦੀ ਜਾਣਕਾਰੀ ਮਿਲਣ ’ਤੇ ਦਿੱਲੀ ਦੇ ਤਿਲਕ ਵਿਹਾਰ ਖੇਤਰ ਵਿੱਚ ਰਹਿਣ ਵਾਲੇ 84
ਕਤਲੇਆਮ ਪੀੜ੍ਹਤਾਂ ਦੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ
ਅਹੁਦੇਦਾਰਾਂ ਵੱਲੋਂ ਇਕ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਸਰਨਾ ਵੱਲੋਂ ਕਾਂਗਰਸ ਦੀ ਕਥਿਤ ਚਾਪਲੂਸੀ
ਕਰਨ ਦੀ ਨੀਤੀ ਦਾ ਡਟਵਾਂ ਵਿਰੋਧ ਕੀਤਾ। ਇਸਦੇ ਇਲਾਵਾ, ਅਗਲੇ ਦਿਨ 84 ਕਤਲੇਆਮ ਪੀੜ੍ਹਤਾਂ ਦੇ ਇਕ
ਸਮੂਹ ਵੱਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਨੇੜੇ ਪਰਮਜੀਤ ਸਿੰਘ ਸਰਨਾ ਦਾ ਪੁਤਲਾ ਸਾੜ ਕੇ, ਸਰਨਾ
ਦੀਆਂ ਕਥਿਤ ਪੰਥ-ਵਿਰੋਧੀ ਕਾਰਵਾਈਆਂ ਪ੍ਰਤੀ ਆਪਣਾ ਰੋਸ ਵੀ ਜਤਾਇਆ। 84 ਕਤਲੇਆਮ ਪੀੜ੍ਹਤਾਂ ਦਾ
ਕਹਿਣਾ ਸੀ ਕਿ ਸੱਜਣ ਕੁਮਾਰ ਵਰਗੇ ਕਤਲੇਆਮ ਆਰੋਪੀ ਨਾਲ ਆਪਣੀਆਂ ਤਸਵੀਰਾਂ ਲਗਾ ਕੇ ਸਰਨਾ ਨੇ
ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ।
ਦੂਜੇ ਪਾਸੇ, ਸ੍ਰੀ ਸਰਨਾ ਨੇ ਇਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਕੇ ਆਪਣੀ ਸਫਾਈ ਦਿੰਦਿਆਂ ਕਿਹਾ ਕਿ ਉਕਤ ਪੋਸਟਰ ਨੂੰ ਛਪਵਾਉਣ ਵਾਲੇ ਵਿਅਕਤੀ ਨੇ ਉਨ੍ਹਾਂ ਦੀ ਤਸਵੀਰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਸ੍ਰੀ ਸਰਨਾ ਨੇ ਦਾਅਵਾ ਕੀਤਾ ਕਿ ਉਕਤ ਵਿਅਕਤੀ ਅਸਲ ਵਿੱਚ ਬਾਦਲ ਦਲ ਨਾਲ ਹੀ ਸਬੰਧਿਤ ਹੈ। ਪਰ ਬਾਦਲ ਦਲ ਦੇ ਆਗੂ ਇਸ ਗੱਲ ਤੋਂ ਸਾਫ ਇਨਕਾਰ ਕਰ ਰਹੇ ਹਨ। ਬਾਦਲ ਦਲ ਦੇ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਕੁਝ ਮਹੀਨੇ ਪਹਿਲਾਂ ਪੰਜਾਬੀ ਬਾਗ ਖੇਤਰ ਦੇ ਨਿਗਮ ਪਾਰਸ਼ਦ ਮਨਜਿੰਦਰ ਸਿੰਘ ਸਿਰਸਾ ਦੀ ਤਸਵੀਰ ਵੀ ਬੀਜੇਪੀ ਦੇ ਇਕ ਗੈਰ-ਸਿੱਖ ਕਾਰਕੁੰਨ ਨੇ ਨਿਰੰਕਾਰੀ ਸਮਾਗਮ ਦੇ ਹੋਰਡਿੰਗ ਵਿੱਚ ਲਗਵਾ ਦਿੱਤੀ ਸੀ, ਜਿਸਨੂੰ ਲੈ ਕੇ ਸਰਨਾ ਨੇ ਕਾਫੀ ਸ਼ੋਰ ਮਚਾਇਆ ਸੀ। ਉਸ ਸਮੇਂ ਸ੍ਰੀ ਸਿਰਸਾ ਨੇ ਬਾਰ-ਬਾਰ ਕਿਹਾ ਸੀ ਕਿ ਇਸ ਹੋਰਡਿੰਗ ਵਿੱਚ ਉਨ੍ਹਾਂ ਦੀ ਤਸਵੀਰ ਲਗਾਉਣ ਵਾਲੇ ਵਿਅਕਤੀ ਨੇ ਇਸ ਬਾਬਤ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਸੀ ਪਰ ਸ੍ਰੀ ਸਰਨਾ ਬਾਦਲ ਦਲ ਦੇ ਆਗੂਆਂ, ਖਾਸਕਰ ਸਿਰਸਾ ’ਤੇ, ਨਿਰੰਕਾਰੀ ਮੁਖੀ ਨਾਲ ਮਿਲੇ ਹੋਣ ਦੇ ਆਰੋਪ ਲਗਾਉਂਦੇ ਰਹੇ। ਹੁਣ ਜਦ ਉਨ੍ਹਾਂ ਦੀਆਂ ਤਸਵੀਰਾਂ ਸੱਜਣ ਕੁਮਾਰ ਨਾਲ ਪ੍ਰਕਾਸ਼ਿਤ ਹੋ ਰਹੀਆਂ ਹਨ, ਤਾਂ ਸ੍ਰੀ ਸਰਨਾ ਇਸ ਬਾਰੇ ਦੋਹਰੇ ਮਾਪਦੰਡ ਅਪਣਾ ਕੇ ਪੋਸਟਰ ਛਾਪਣ ਵਾਲੇ ਨੂੰ ਬਲੀ ਦਾ ਬਕਰਾ ਬਣਾਉਣਾ ਚਾਹੁੰਦੇ ਹਨ।
ਸੱਚਾਈ ਜੋ ਵੀ ਹੋਵੇ, 84 ਕਤਲੇਆਮ ਦੇ ਆਰੋਪੀ ਸੱਜਣ ਕੁਮਾਰ ਨਾਲ ਸਰਨਾ ਦੀ ਫੋਟੋ ਲੱਗਣ ਨਾਲ ਆਮ ਸਿੱਖਾਂ ਨੂੰ ਹੈਰਤ ਜ਼ਰੂਰ ਹੋਈ ਅਤੇ ਸਰਨਾ ਦੇ ਸਿਆਸੀ ਵਿਰੋਧੀਆਂ ਨੂੰ ਉਨ੍ਹਾਂ ਨੂੰ ਘੇਰਨ ਦਾ ਮੌਕਾ ਵੀ ਮਿਲ ਗਿਆ।
ਨਗਰ ਕੀਰਤਨ ਵਿੱਚ ਸਿਆਸਤ
ਦਿੱਲੀ ਦੀ ਸਿੱਖ ਸਿਆਸਤ ਦੀਆਂ ਗਤੀਵਿਧੀਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਇਰਦ-ਗਿਰਦ ਤੱਕ ਸੀਮਤ ਹੋਣ ਕਾਰਨ, ਗੁਰਦੁਆਰਾ ਕਮੇਟੀ ਵੱਲੋਂ ਕੀਤੇ ਜਾਂਦੇ ਹਰ ਕਾਰਜ ਵਿੱਚ ਸਿਆਸਤ ਦੇ ਅੰਸ਼ ਮੱਲੋ-ਮੱਲੀ ਸ਼ਾਮਲ ਹੋ ਜਾਂਦੇ ਹਨ। ਗੁਰਦੁਆਰਾ ਕਮੇਟੀ ਵੱਲੋਂ ਆਯੋਜਿਤ ਕੀਤੇ ਜਾਂਦੇ ਨਗਰ ਕੀਰਤਨ ਵੀ ਹੁਣ ਸਿਆਸੀ ਕੁੜੱਤਣ ਦੀ ਮਾਰ ਤੋਂ ਬਚ ਨਹੀਂ ਸਕੇ। ਗੁਰੂ ਗ੍ਰੰਥ ਸਾਹਿਬ ਦੇ 300 ਸਾਲਾ ਗੁਰਤਾਗੱਦੀ ਦਿਵਸ ਮੌਕੇ ਆਯੋਜਿਤ ਕੀਤੇ ਗਏ ਵਿਸ਼ੇਸ਼ ਨਗਰ ਕੀਰਤਨ ਨੂੰ ਪੱਛਮੀ ਦਿੱਲੀ ਦੀ ਸੰਘਣੀ ਸਿੱਖ ਅਬਾਦੀ ਵਾਲੇ ਖੇਤਰਾਂ ਤੋਂ ਕੱਢਣ ਕਾਰਨ, ਇਸ ਨਗਰ ਕੀਰਤਨ ਦਾ ਸਥਾਨਕ ਪੱਧਰ ’ਤੇ ਭਰਪੂਰ ਸਵਾਗਤ ਕੀਤਾ ਗਿਆ। ਹਾਲਾਂਕਿ ਸਰਨਾ ਵੱਲੋਂ ਨਗਰ ਕੀਰਤਨ ਜਿਹੇ ਧਾਰਮਕ ਉਦਮ ਦਾ ਸਿਆਸੀ ਲਾਹਾ ਲੈਣ ਦੀ ਕਥਿਤ ਕੋਸ਼ਿਸ਼ ਤੋਂ ਖਿਝੇ ਬਾਦਲ ਦਲ ਦੇ ਕੁਝ ਕਾਰਕੁੰਨਾਂ ਨੇ ਸਰਨਾ ਸਮਰਥਕਾਂ ’ਤੇ ਹਿੰਸਕ ਹਮਲੇ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਵੀ ਕਰ ਦਿੱਤਾ ਸੀ। ਪਰ ਦੱਸਿਆ ਜਾਂਦਾ ਹੈ ਕਿ ਇਸ ਨਗਰ ਕੀਰਤਨ ਦੌਰਾਨ ਮਿਲੇ ‘ਸਿਰੋਪਿਆਂ’ ਅਤੇ ਸਰਨਾ ਪਾਰਟੀ ਦੇ ਆਗੂਆਂ ਵੱਲੋਂ ਥਾਂਥਾਂ ’ਤੇ ਸਜਾਈਆਂ ਗਈਆਂ ਭਾਸ਼ਣ ਸਟੇਜਾਂ ਦਾ ਭਰਪੂਰ ਲਾਹਾ ਲੈਣ ਕਾਰਨ ਸ੍ਰੀ ਸਰਨਾ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦਾ ਨਗਰ ਕੀਰਤਨ ਵੀ ਹਰ ਸਾਲ ਇਸੇ ਰੂਟ ’ਤੋਂ ਕੱਢਣ ਦਾ ਫੈਸਲਾ ਕਰ ਲਿਆ (ਪਹਿਲਾਂ ਇਹ ਨਗਰ ਕੀਰਤਨ ਗੁ: ਰਕਾਬ ਗੰਜ ਸਾਹਿਬ ਤੋਂ ਅਰੰਭ ਹੋ ਕੇ, ਕਨਾਟ ਪਲੇਸ ਜਾ ਕੇ, ਮੁੜ ਤੋਂ ਗੁ: ਰਕਾਬ ਗੰਜ ਆ ਜਾਂਦਾ ਸੀ। ਇਸ ਰੂਟ ਵਿੱਚ ਸਿਰਫ਼ ਵੱਡੇ-ਵੱਡੇ ਦਫਤਰ ਅਤੇ ਮਾਰਕੀਟਾਂ ਹੋਣ ਕਾਰਨ ਗੁ: ਕਮੇਟੀ ਦੇ ਅਹੁਦੇਦਾਰਾਂ ਨੂੰ ਕੋਈ ਤਵੱਜੋ ਨਹੀਂ ਮਿਲਦੀ ਸੀ।) ਇਸਲਈ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਮੌਕੇ ਆਯੋਜਿਤ ਨਗਰ ਕੀਰਤਨ ਨੂੰ ਮੁੜ ਤੋਂ ਪੱਛਮੀ ਦਿੱਲੀ ਵਿੱਚ ਲਿਆ ਕੇ ਇਸਦੀ ਸਮਾਪਤੀ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਵਾਲੇ ਇਕ ਕਾਲਜ ਵਿੱਚ ਕਰ ਦਿੱਤੀ ਗਈ।
ਸਰਨਾ ਦੀ ਇਸ ਤਿਕੜਮ ਤੋਂ ਖਿਝੇ ਹੋਏ ਬਾਦਲ ਦਲ ਆਗੂ ਨਗਰ ਕੀਰਤਨ ਦੌਰਾਨ ਸਰਨਾ ਦੀ ਬੰਦ ਗੱਡੀ (ਪਿਛਲੇ ਨਗਰ ਕੀਰਤਨ ਦੌਰਾਨ ਸ੍ਰੀ ਸਰਨਾ ਤੇ ਉਨ੍ਹਾਂ ਦੇ ਸਾਥੀ ਖੁੱਲੀ ਜੀਪਾਂ ਵਿੱਚ ਬੈਠੇ ਸਨ ਪਰ ਪਾਰਟੀ ਦੇ ਕੁਝ ਕਾਰਕੁੰਨਾਂ ਦੀ ਹੋਈ ਜਬਰਦਸਤ ਪਿਟਾਈ ਤੋਂ ਖੌਫਜਦਾ ਆਗੂਆਂ ਨੇ ਇਸ ਵਾਰ ਬੰਦ ਗੱਡੀਆਂ ਵਿੱਚ ਬੈਠਣਾ ਹੀ ਵਧੇਰੇ ਮੁਨਾਸਿਬ ਸਮਝਿਆ।) ਦੇ ਆਸ-ਪਾਸ ਹੀ ਮੰਡਰਾਂਦੇ ਰਹੇ। ਜੇਕਰ ਕਿਸੇ ਸਟੇਜ ਦੇ ਪ੍ਰਬੰਧਕਾਂ ਵੱਲੋਂ ਪਰਮਜੀਤ ਸਿੰਘ ਸਰਨਾ ਦਾ ਸਵਾਗਤ ਕਰਨ ਲਈ ਉਨ੍ਹਾਂ ਨੂੰ ਸੱਦਿਆ ਜਾਂਦਾ, ਤਾਂ ਬਾਦਲ ਦਲ ਦੇ ਆਗੂ ਅੱਗੇ ਨਿਕਲ ਜਾਂਦੇ ਅਤੇ ਦੂਜੀ ਸਟੇਜ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸੱਦਣਾ ਪੈ ਜਾਂਦਾ। ਇਕਾਧ ਥਾਂ ’ਤੇ ਤਾਂ ਅਜਿਹਾ ਵੀ ਹੋਇਆ ਕਿ ਬਾਦਲ ਦਲ ਦੇ ਆਗੂ, ਸਰਨਾ ਦਲ ਦੇ ਮੈਂਬਰਾਂ ਵੱਲੋਂ ਬਣਾਈ ਗਈ ਸਟੇਜ ’ਤੇ ਵੀ ਸ਼ਾਂਤਮਈ ਢੰਗ ਨਾਲ ਜਾ ਬਿਰਾਜਮਾਨ ਹੋਏ ਅਤੇ ਸਰਨਾ ਨੇ ਗੁੱਸੇ ਵਿੱਚ ਉਨ੍ਹਾਂ ਸਟੇਜਾਂ ’ਤੇ ਚੜ੍ਹਨ ਤੋਂ ਇਨਕਾਰ ਕਰ ਦਿੱਤਾ। ਰਸਤੇ ਵਿੱਚ ਤਾਂ ਸ੍ਰੀ ਸਰਨਾ ਨੇ ਕਿਸੇ ਤਰ੍ਹਾਂ ਇਸ ਸਭ ਕੁਝ ਨੂੰ ਬਰਦਾਸ਼ਤ ਕੀਤਾ ਪਰ ਨਗਰ ਕੀਰਤਨ ਦੀ ਸਮਾਪਤੀ ਹੋਣ ’ਤੇ ਉਨ੍ਹਾਂ ਬਾਦਲ ਦਲ ਦੇ ਆਗੂਆਂ ਨੂੰ ਕਰੜੀ ਭਾਸ਼ਾ ਵਿੱਚ ਖਰੀਆਂ-ਖਰੀਆਂ ਸੁਣਾਈਆਂ। ਬਾਦਲ ਦਲ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਸਰਨਾ ਨੇ ਉਨ੍ਹਾਂ ਦੇ ਨਾਮ ਲੈ-ਲੈ ਕੇ ਮਾੜੀ ਸ਼ਬਦਾਵਲੀ ਵਰਤਦਿਆਂ ਉਨ੍ਹਾਂ ਦੀ ਨਿਜੀ ਸ਼ਖ਼ਸੀਅਤਾਂ ’ਤੇ ਅਧਾਰਹੀਨ ਹਮਲੇ ਕੀਤੇ।
ਸਿਆਸੀ ਆਗੂਆਂ ਦੀ ਇਸ ਗੰਦੀ ਸਿਆਸਤ ਤੋਂ ਬੇਖ਼ਬਰ ਕਥਿਤ ‘ਸਾਧਂਸੰਗਤ’ ਸੜਕਾਂ ’ਤੇ ਖੜੀ ਹੋ ਕੇ, ਛੋਲੇ-ਭਟੂਰੇ ਤੇ ਮਿਸ਼ਠਾਨਾਂ ਦਾ ਆਨੰਦ ਮਾਣਨ ਉਪਰੰਤ ਘਰਾਂ ਨੂੰ ਰਵਾਨਾ ਹੋ ਗਈ।
ਗੁਰੂ ਹਰਿਕ੍ਰਿਸ਼ਨ ਹਸਪਤਾਲ ਦੇ ਨਿਰਮਾਣ ਸਬੰਧੀ ਸਰਨਾ ਦੀ ਨਵੀਂ ਤਿਕੜਮ
ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਅੰਤਮ ਸਸਕਾਰ ਨਾਲ ਸਬੰਧਿਤ ਇਤਿਹਾਸ ਗੁਰਦੁਆਰਾ ਬਾਲਾ ਸਾਹਿਬ ਵਿਖੇ ਬਣਾਏ ਜਾ ਰਹੇ ‘‘ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼’’ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕ ਪ੍ਰਾਈਵੇਟ ਸੰਸਥਾ ਨੂੰ ਸੌਂਪ ਦੇਣ ਅਤੇ ਇਲਾਕੇ ਦੇ ਇਕ ਬਾਦਲ ਦਲ ਆਗੂ ਵੱਲੋਂ ਇਸ ਸਬੰਧ ਵਿੱਚ ਕੋਰਟ ਵਿੱਚ ਪਟੀਸ਼ਨ ਦਾਖ਼ਲ ਕਰਨ ਕਾਰਨ ਹਸਪਤਾਲ ਦੀ ਉਸਾਰੀ ਦਾ ਮਾਮਲਾ ਵਿਚੇ ਲਟਕ ਗਿਆ ਸੀ। ਕਿਧਰੇ ਇਸ ਸਥਿਤੀ ਤੋਂ ਨਰਾਜ਼ ਹੋ ਕੇ ਪ੍ਰਾਈਵੇਟ ਕੰਪਨੀ ਇਸ ਪ੍ਰਾਜੈਕਟ ਤੋਂ ਆਪਣੇ ਹੱਥ ਪਿੱਛੇ ਨਾ ਖਿੱਚ ਲਏ, ਇਸਲਈ ਹਸਪਤਾਲ ਦੀ ਉਸਾਰੀ ਵਿੱਚ ਆ ਰਹੀਆਂ ਅੜਚਨਾਂ ਨੂੰ ਦੂਰ ਕਰਨਾ ਸ੍ਰੀ ਸਰਨਾ ਦੀ ਮੁੱਖ ਪਹਿਲ ਬਣ ਗਿਆ ਸੀ।
ਇਸਲਈ ਸ੍ਰੀ ਸਰਨਾ ਨੇ ਕਈ ਕਦਮ ਚੁੱਕੇ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ, ਪਹਿਲਾਂ ਤਾਂ ਸਰਨਾ ਨੇ ਹਸਪਤਾਲ ਬਾਰੇ ਮੁਕੱਦਮਾ ਦਰਜ ਕਰਨ ਵਾਲੇ ਆਗੂ ਦੀ ਭਰਪੂਰ ‘ਸੇਵਾ’ ਕਰਕੇ ਉਸ ਆਗੂ ਨੂੰ ਆਪਣੇ ਧਰਨੇ-ਪ੍ਰਦਰਸ਼ਨ ਨਾ ਕਰਨ ਲਈ ਮਨਾ ਲਿਆ। ਇਸਦੇ ਇਲਾਵਾ, ਇਸ ਆਗੂ ਨੂੰ ਕੇਸ ਦੀ ਪੈਰਵੀ ਵਿੱਚ ਢਿਲ-ਮੱਠ ਵਰਤ ਕੇ ਕੇਸ ਤੋਂ ਹੌਲੀ-ਹੌਲੀ ਪਿੱਛੇ ਹਟ ਜਾਣ ਲਈ ਵੀ ਮਨਾ ਲਿਆ ਗਿਆ ਹੈ। ਇੱਥੇ ਹੀ ਬੱਸ ਨਹੀਂ, ਇਸ ਮੁਕੱਦਮੇ ਦੀ ਸੁਣਵਾਈ ਨਾਲ ਸਬੰਧਿਤ ਇਕ ਜੱਜ ਨੂੰ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਮੌਕੇ ਗੁ: ਰਕਾਬ ਗੰਜ ਸਾਹਿਬ ਵਿਖੇ ਸਜਾਏ ਗਏ ਕੀਰਤਨ ਦਰਬਾਰ ਵਿੱਚ ਸਰਨਾ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਦਿੱਲੀ ਦੇ ਸਿੱਖ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਸਰਨਾ ਦੀਆਂ ਅਜਿਹੀ ਗੀਤੀਵਿਧੀਆਂ ਸਪਸ਼ਟ ਕਰਦੀਆਂ ਹਨ ਕਿ ਉਨ੍ਹਾਂ ਨੇ ‘ਹਰ ਹੀਲੇ’ ਮੁਕੱਦਮਾ ਜਿੱਤ ਕੇ, ਗੁਰਦੁਆਰੇ ਦੀ ਜ਼ਮੀਨ ’ਤੇ ਬਣਿਆ ਹਸਪਤਾਲ ਪ੍ਰਾਈਵੇਟ ਸੰਸਥਾ ਦੀ ਝੋਲੀ ਵਿੱਚ ਪਾ ਦੇਣ ਦਾ ਪੱਕਾ ਮਨ ਬਣਾ ਲਿਆ ਹੈ। ਪਰ ਜਦੋਂ ਚੋਰ ਤੇ ਕੁੱਤੀ ਦੋਵੇਂ ਰਲ ਜਾਣ, ਤਾਂ ਫਿਰ ਕੀਤਾ ਵੀ ਕੀ ਜਾ ਸਕਦਾ ਹੈ?
ਮਨਜਿੰਦਰ ਸਿੰਘ ਸਿਰਸਾ ਦੇ ਦਿੱਲੀ ਕਮੇਟੀ ਮੈਂਬਰ ਬਣਨ ਦੇ ਅਸਾਰ
ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਆਲੋਚਨਾ ਕਰਨ ਵਾਲੇ ਆਗੂ ਤਾਂ ਬਥੇਰੇ ਹਨ, ਪਰ ਸਰਨਾ ਲਈ ਸਿਆਸੀ ਚੁਣੌਤੀਆਂ ਖੜੀਆਂ ਕਰ ਸਕਣ ਦਾ ਦਮ ਤੇ ਜਜ਼ਬਾ ਕਿਸੇ ਇਕਾਧ ਆਗੂ ਵਿੱਚ ਹੀ ਹੈ। ਇਨ੍ਹਾਂ ਵਿਰਲੇ ਆਗੂਆਂ ਵਿੱਚੋਂ ਇਕ ਨਾਮ ਨੌਜੁਆਨ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਹੈ, ਜਿਸ ਨੇ ਆਪਣੇ ਥੋੜੇ ਸਮੇਂ ਦੇ ਸਿਆਸੀ ਕੈਰੀਅਰ ਵਿੱਚ ਹੀ ਕਾਫੀ ਮੱਲਾਂ ਮਾਰ ਲਈਆਂ ਹਨ। ਸਿੱਧੇ ਤੌਰ ’ਤੇ ਸਿੱਖ ਸਿਆਸਤ ਨਾਲ ਕੋਈ ਸਰੋਕਾਰ ਨਾ ਹੋਣ ਦੇ ਬਾਵਜੂਦ, ਸ਼੍ਰੋਮਣੀ ਅਕਾਲੀ ਦਲ ਦਾ ਆਗੂ ਹੋਣ ਨਾਤੇ ਸਿਰਸਾ ਵੱਲੋਂ ਗੁਰਦੁਆਰਾ ਕਮੇਟੀ ਦੀ ਸਿਆਸੀ ਗਤੀਵਿਧੀਆਂ ’ਤੇ ਪੂਰੀ ਨਜ਼ਰ ਰੱਖੀ ਜਾਂਦੀ ਹੈ ਅਤੇ ਉਹ ਗਾਹੇ-ਬ-ਗਾਹੇ ਸਰਨਾ ਲਈ ਦਿੱਕਤਾਂ ਖੜੀਆਂ ਕਰਦੇ ਰਹਿੰਦੇ ਹਨ। ਅਕਾਲੀ ਦਲ ਬਾਦਲ ਦੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ, ਸਿਰਸਾ ਦੀ ਇਸ ਸਫਲਤਾ ਕਾਰਨ ਬਾਦਲ ਪਰਵਾਰ ਵੱਲੋਂ ਸਿਰਸਾ ਨੂੰ ਗੁਰਦੁਆਰਾ ਕਮੇਟੀ ਦਾ ਮੈਂਬਰ ਬਣਾਉਣ ਦੀ ਵਿਉਂਤ ਸੋਚੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਇਸ ਮਕਸਦ ਲਈ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ: ਜਸਪਾਲ ਸਿੰਘ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਮਜ਼ਦ ਦਿ.ਸਿ.ਗੁ.ਪ੍ਰ.ਕਮੇਟੀ ਦੇ ਮੈਂਬਰ ਤਾਂ ਹਨ ਪਰ ਰਹਿੰਦੇ ਪੰਜਾਬ ਵਿੱਚ ਹਨ, ਨੂੰ ਆਪਣੀ ਸੀਟ ਤੋਂ ਅਸਤੀਫਾ ਦੇਣ ਲਈ ਕਿਹਾ ਜਾ ਸਕਦਾ ਹੈ। ਡਾ: ਜਸਪਾਲ ਸਿੰਘ ਦੇ ਅਸਤੀਫੇ ਦੀ ਸੂਰਤ ਵਿੱਚ ਇਸ ਸੀਟ ਲਈ ਸ਼੍ਰੋਮਣੀ ਕਮੇਟੀ ਨੂੰ ਮੁੜ ਤੋਂ ਨਾਮਜ਼ਦਗੀ ਕਰਨੀ ਪਏਗੀ ਅਤੇ ਇਸ ਨਾਮਜ਼ਦਗੀ ਰਾਹੀਂ ਸਿਰਸਾ ਨੂੰ ਵੀ ਦਿੱਲੀ ਕਮੇਟੀ ਮੈਂਬਰ ਬਣਾਇਆ ਜਾ ਸਕਦਾ ਹੈ। ਹਾਲਾਂਕਿ ਇਸ ਤਰ੍ਹਾਂ ਮੈਂਬਰ ਬਣਨ ਦੇ ਅਕਾਲੀ ਦਲ ਦੇ ਤਿੰਨ-ਚਾਰ ਹੋਰ ਆਗੂ ਵੀ ਇੱਛੁਕ ਹਨ ਪਰ ਸਿਰਸਾ ਦੀ ਚੁਸਤ-ਫੁਰਤ ਸਿਆਸੀ ਸਰਗਰਮੀਆਂ ਅਤੇ ਕਥਿਤ ਤੌਰ ’ਤੇ ਉਸਦੇ ਜੱਟ ਪਿਛੋਕੜ ਕਾਰਨ ਸੁਖਬੀਰ ਬਾਦਲ ਵੱਲੋਂ ਸਿਰਸਾ ਦੀ ਉਮੀਦਵਾਰੀ ਨੂੰ ਹੀ ਸਮਰਥਨ ਦਿੱਤੇ ਜਾਣ ਦੇ ਅਸਾਰ ਹਨ। ਅਜਿਹੀ ਹਾਲਤ ਵਿੱਚ ਪਰਮਜੀਤ ਸਿੰਘ ਸਰਨਾ ਦੀਆਂ ਸਿਆਸੀ ਚੁਣੌਤੀਆਂ ਵਿੱਚ ਹੋਰ ਵਾਧਾ ਹੋ ਜਾਵੇਗਾ।
ਧਰਮ ਪ੍ਰਚਾਰ ਕਮੇਟੀ ਵਿੱਚ ਸਰਨਾ ਦੇ ਚਾਪਲੂਸਾਂ ਦੀ ਸਥਿਤੀ
ਦਿੱਲੀ ਗੁਰਦੁਆਰਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਚਾਪਲੂਸੀ ਕਰਕੇ ਧਰਮ ਪ੍ਰਚਾਰ ਕਮੇਟੀ ਦੇ ਇਕ ਅਹਿਮ ਹਿੱਸੇ ਵਿੱਚ ਘੁਸਪੈਠ ਕਰਨ ਵਿੱਚ ਕਾਮਯਾਬ ਹੋ ਸਕਣ ਵਾਲੇ ਦੋ ਚਾਪਲੂਸਾਂ ਦੀ ਜੋੜੀ ਦੇ ਸਿਤਾਰੇ ਅੱਜਕਲ ਗਰਦਿਸ਼ ਵਿੱਚ ਦੱਸੇ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਇਨ੍ਹਾਂ ਚਾਪਲੂਸਾਂ ਦੇ ਤਕੜੇ ਵਿਰੋਧ ਦੇ ਬਾਵਜੂਦ ਪਰਮਜੀਤ ਸਿੰਘ ਸਰਨਾ ਨੇ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਸ੍ਰ: ਤਰਸੇਮ ਸਿੰਘ ਨੂੰ ਮੁੜ ਤੋਂ ਇਸੇ ਸਬ-ਕਮੇਟੀ ਦਾ ਚੇਅਰਮੈਨ ਥਾਪ ਦਿੱਤਾ ਹੈ। ਗੌਰਤਲਬ ਹੈ ਕਿ ਸਿਆਸੀ ਕਾਰਨਾਂ ਕਰਕੇ ਤਰਸੇਮ ਸਿੰਘ ਕਾਫੀ ਸਮਾਂ ਦਿੱਲੀ ਗੁਰਦੁਆਰਾ ਕਮੇਟੀ ਤੋਂ ਅਲੱਗ ਹੋ ਕੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਧਰਮ-ਪ੍ਰਚਾਰ ਕਮੇਟੀ ਨਾਲ ਜੁੜੇ ਰਹੇ - ਹਾਲਾਂਕਿ ਇਸ ਸਮੇਂ ਦਰਮਿਆਨ ਵੀ ਉਨ੍ਹਾਂ ਨੇ ਅਕਾਲੀ ਦਲ ਬਾਦਲ ਦੀ ਮੈਂਬਰਸ਼ਿਪ ਨਹੀਂ ਲਈ ਸੀ। ਭਾਵੇਂ ਸ੍ਰੀ ਸਰਨਾ ਨੇ ਇਸ ਚਾਪਲੂਸ ਜੋੜੀ ਦੇ ਮੋਹਰੇ ਨੂੰ ਧਰਮ ਪ੍ਰਚਾਰ ਕਮੇਟੀ ਤੋਂ ਬਾਹਰ ਤਾਂ ਨਹੀਂ ਕੱਢਿਆ ਪਰ ਤਰਸੇਮ ਸਿੰਘ ਦੇ ਚੇਅਰਮੈਨ ਬਣਨ ਨਾਲ ਧਰਮ ਪ੍ਰਚਾਰ ਕਮੇਟੀ ਰਾਹੀਂ ਦਿੱਲੀ ਗੁਰਦੁਆਰਾ ਕਮੇਟੀ ਦੇ ਸੰਸਾਧਨਾਂ ਦੀ ਖੁੱਲ ਕੇ ਦੁਰਵਰਤੋਂ ਕਰ ਰਹੇ ਅਤੇ ਬ੍ਰਾਹਮਣਵਾਦੀ ਤੱਤਾਂ ਨੂੰ ਸ਼ਹਿ ਦੇ ਰਹੇ ਇਨ੍ਹਾਂ ਝੋਲੀਚੁੱਕਾਂ ਦੀਆਂ ਕਾਰਵਾਈਆਂ ’ਤੇ ਕਾਫੀ ਰੋਕ ਲਗ ਗਈ ਹੈ। ਇਸਦੇ ਇਲਾਵਾ ਇਨ੍ਹਾਂ ਚਾਪਲੂਸਾਂ ਦਾ ਸਿਆਸੀ ਪ੍ਰਭਾਵ ਵੀ ਕਾਫੀ ਘੱਟ ਗਿਆ ਹੈ ਅਤੇ ਉਨ੍ਹਾਂ ਦੀ ਸਥਿਤੀ ਧੋਬੀ ਦੇ ਕੁੱਤੇ ਵਰਗੀ ਹੋ ਗਈ ਦੱਸੀ ਜਾਂਦੀ ਹੈ। ਪਰ ਇਹ ਵੀ ਸੱਚ ਹੈ ਕਿ ਮੱਕਾਰ ਮਾਨਸਿਕਤਾ ਵਾਲੀ ਇਹ ਜੋੜੀ ਸੌਖਿਆਂ ਹਾਰ ਨਹੀਂ ਮੰਨੇਗੀ ਅਤੇ ਕਿਸੇ ਨਾ ਕਿਸੇ ਨਵੀਂ ਤਿਕੜਮ ਨਾਲ ਗੁਰਦੁਆਰਾ ਕਮੇਟੀ ਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਜ਼ਰੂਰ ਕਰੇਗੀ। ਵੇਖਣਾ ਹੁਣ ਇਹ ਹੈ ਕਿ ਇਨ੍ਹਾਂ ਚਾਪਲੂਸਾਂ ਦੀਆਂ ਆਸਾਂ ਨੂੰ ਕਦੋਂ ਬੂਰ ਪੈਂਦਾ ਹੈ।