

ਬਾਦਲ ਪਰਵਾਰ ਵੱਲੋਂ ਗੰਗੂਕਿਆਂ ਦੀ ਗੁਲਾਮੀ ਜਾਰੀ
- ਕਿਰਪਾਲ ਸਿੰਘ, ਬਠਿੰਡਾ -
![]() |
|
ਬਠਿੰਡਾ ਦੇ ਇਕ ਮੰਦਰ ਵਿੱਚ ਸ਼ਿਵਲਿੰਗ ’ਤੇ ਜਲ ਚੜ੍ਹਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ |
![]() |
|
ਬਠਿੰਡਾ ਦੇ ਮੰਦਰ ਵਿੱਚ ਵੈਸ਼ਨੋ ਦੇਵੀ ਦੀ ਉਸਤਤਿ ਵਿੱਚ ਭੇਟਾ ਗਾਉਂਦਿਆਂ
|
![]() |
|
ਮੰਦਰ ਦੇ ਪੁਜਾਰੀ ਕੋਲੋਂ ਮੱਥੇ ’ਤੇ ਤਿਲਕ ਲਗਵਾ ਕੇ ਹਿੰਦੂ ਸੰਸਕਾਰਾਂ ਪ੍ਰਤੀ ਆਪਣੀ ਸ਼ਰਧਾ ਪ੍ਰਗਟਾਉਂਦਿਆਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ |
ਸਿੱਖ ਲੀਡਰਾਂ, ਖਾਸਕਰ ਅਖੌਤੀ ਅਕਾਲੀ ਦਲਾਂ ਦੇ ਨਾਲ ਸਬੰਧਿਤ ਆਗੂਆਂ, ਵੱਲੋਂ ਸਿੱਖ ਧਰਮ ਦੀ ਸਿਆਸੀ, ਧਾਰਮਕ ਤੇ ਸਮਾਜਕ ਤਬਾਹੀ ਵਾਲੇ ਕਾਰਜ ਕਰਨ ਦੀ ਪਿਰਤ ਬਹੁਤ ਪੁਰਾਣੀ ਹੈ ਤੇ ਵੋਟਾਂ ਪ੍ਰਾਪਤੀ ਦੀ ਹਵਸ ਵਿੱਚ ਅਖੌਤੀ ਅਕਾਲੀਆਂ ਵੱਲੋਂ ਸਿੱਖਾਂ ਦੀ ਬੇਇਜ਼ਤੀ ਕਰਵਾਉਣ ਦਾ ਰੁਝਾਨ ਹੁਣ ਆਮ ਜਿਹਾ ਹੋ ਗਿਆ ਹੈ। ਇਸ ਤੱਥ ਦੀ ਮਿਸਾਲ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਦੀ ਬਠਿੰਡਾ ਫੇਰੀ ਦੌਰਾਨ ਸਾਹਮਣੇ ਆਈ। ਅਪ੍ਰੈਲ-ਮਈ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੀ ਗਈ ਇਸ ਫੇਰੀ ਦੌਰਾਨ ਸ੍ਰੀਮਤੀ (ਬੀਬੀ ਵਿਸ਼ੇਸ਼ਣ ਜੇਕਰ ਗੁਰਸਿੱਖੀ ਜਜ਼ਬੇ ਵਾਲੀਆਂ ਮਹਿਲਾਵਾਂ ਵਾਸਤੇ ਹੀ ਛੱਡ ਦਿੱਤਾ ਜਾਵੇ ਤਾਂ ਬਿਹਤਰ ਹੋਵੇਗਾ) ਹਰਸਿਮਰਤ ਕੌਰ ਬਾਦਲ ਨੇ ਇਥੋਂ ਦੇ ਵੈਸ਼ਨੂੰ ਦੇਵੀ ਮੰਦਰ ’ਚ ਜਾ ਕੇ ਮੱਥੇ ’ਤੇ ਤਿਲਕ ਲਗਵਾਏ, ਗਲੇ ਵਿੱਚ ਦੇਵੀ ਦੀ ਪੂਜਾ ਕਰਨ ਵਾਲੀ ਸੁਰਖ਼ ਲਾਲ ਚੁੰਨੀ ਪਵਾਈ ਅਤੇ ਫਿਰ ਹਿੰਦੂ ਔਰਤਾਂ ਦੀ ਭਜਨ-ਮੰਡਲੀ ਨਾਲ ਬੈਠ ਕੇ ਦੇਵੀ ਦੀ ਉਸਤਤਿ ਵਾਲੀਆਂ ਭੇਟਾਵਾਂ ਗਾਈਆਂ। ਇਹੀ ਨਹੀਂ, ਇਸ ਤੋਂ ਬਾਅਦ ਸ੍ਰੀਮਤੀ ਜੂਨੀਅਰ ਬਾਦਲ ਨੇ ਮਿਥਿਹਾਸਕ ਹਿੰਦੂ ਦੇਵਤਾ ‘ਸ਼ਿਵ’ ਦੀ ਅਰਾਧਨਾ ਲਈ ਇਸ ਦੇਵਤਾ ਦੇ ‘ਲਿੰਗ’ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ।
ਇਸ ਤੋਂ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਮੰਦਰਾਂ ਵਿੱਚ ਜਾ ਕੇ ਹਿੰਦੂ ਦੇਵਤਿਆਂ ਦੀ ਪੂਜਾ ਕਰਦੇ ਰਹੇ ਹਨ ਅਤੇ ਯੱਗ/ਹਵਨ ਆਦਿਕ ਹਿੰਦੂ ਕਰਮ-ਕਾਂਡ ਬੜੀ ਸ਼ਰਧਾ ਨਾਲ ਕਰਦੇ ਰਹੇ ਹਨ। ਜਦ ਅਜਿਹੇ ਗੁਰਮਤਿ-ਵਿਰੋਧੀ ਕਾਰਜ ਕਰਨ ਲਈ ਜਾਗਰੁਕ ਸਿੱਖਾਂ ਵੱਲੋਂ ਇਨ੍ਹਾਂ ਦੀ ਆਲੋਚਨਾ ਕੀਤੀ ਜਾਂਦੀ ਹੈ ਤਾਂ ਬਾਦਲ ਪਰਵਾਰ ਖ਼ੁਦ ਤਾਂ ਚੁੱਪੀ ਧਾਰ ਲੈਂਦਾ ਹੈ ਪਰ ਇਨ੍ਹਾਂ ਦੇ ਚੇਲੇ-ਚਪਾਟਿਆਂ ਵੱਲੋਂ ਦਲੀਲ ਦਿੱਤੀ ਜਾਂਦੀ ਹੈ ਕਿ ਇਹ ਲੋਕ ਸਿਰਫ਼ ਸਿੱਖਾਂ ਦੇ ਨਹੀਂ ਬਲਕਿ ਪੂਰੇ ਪੰਜਾਬ ਦੇ ਵਸਨੀਕਾਂ ਦੇ ਆਗੂ ਹਨ। ਇਸਲਈ ਗੈਰ-ਸਿੱਖਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨ ਲਈ ਇਨ੍ਹਾਂ ਨੂੰ ਮੰਦਰਾਂ ਵਿੱਚ ਜਾ ਕੇ ਹਿੰਦੂ ਰੀਤੀ-ਰਿਵਾਜਾਂ ਵਿੱਚ ਸ਼ਮੂਲੀਅਤ ਕਰਨੀ ਹੀ ਪੈਂਦੀ ਹੈ।
ਅਜਿਹੀ ਦਲੀਲ ਕਾਂਗਰਸ, ਜਨਤਾ ਦਲ ਜਾਂ ਇਸ ਕਿਸਮ ਦੀਆਂ ਹੋਰ ਕਥਿਤ ‘ਧਰਮ-ਨਿਰਪੱਖ’ ਸਿਆਸੀ ਪਾਰਟੀਆਂ ਦੇ ਆਗੂਆਂ ਲਈ ਤਾਂ ਢੁਕਵੀਆਂ ਹੋ ਸਕਦੀਆਂ ਹਨ ਪਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਲਈ ਨਹੀਂ। ਕਿਉਂਕਿ ਇਸ ਪਾਰਟੀ ਦਾ ਵਜੂਦ ਸਿਰਫ਼ ਅਤੇ ਸਿਰਫ਼ ‘ਸਿੱਖਾਂ ਦੀ ਪਾਰਟੀ’ ਹੋਣ ਦਾ ਭਰਮ ਬਣਾਈ ਰੱਖਣ ਕਾਰਨ ਹੀ ਕਾਇਮ ਹੈ। ਜਦ ਇਸ ਪਾਰਟੀ ਦੇ ਆਗੂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹਾਰ ਵੀ ਜਾਂਦੇ ਹਨ, ਤਾਂ ਵੀ ਉਨ੍ਹਾਂ ਕੋਲ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਰੂਪੀ ਇਕ ਮਿੰਨੀ-ਸੱਤਾ ਮੌਜੂਦ ਹੁੰਦੀ ਹੈ। ਇਸ ਕਮੇਟੀ ਦੇ ਅਰਬਾਂ ਰੁਪਏ ਦੇ ਬਜਟ ਅਤੇ ਸਿੱਖਾਂ ਵਿੱਚ ਕਾਇਮ ਧਾਰਮਕ ਰਸੂਖ ਕਾਰਨ ਬਾਦਲ ਤੇ ਉਸਦੇ ਵਰਗੇ ਹੋਰ ਆਗੂ ਸੱਤਾ ਵਿੱਚ ਨਾ ਹੋਣ ’ਤੇ ਵੀ ਆਪਣਾ ਖਰਚਾ-ਪਾਣੀ ਚਲਾਉਣ ਅਤੇ ਧਾਰਮਕ ਦਿੱਖ ਵਾਲੇ ਛੋਟੇ ਸਿੱਖ ਆਗੂਆਂ ਨੂੰ ਆਪਣੇ ਨਾਲ ਜੋੜੀ ਰੱਖਣ ਵਿੱਚ ਸਫਲ ਰਹਿੰਦੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਪੁਜਾਰੀ ਦੀ ਮਦਦ ਨਾਲ ਹੀ ਬਾਦਲਕਿਆਂ ਵੱਲੋਂ ਆਪਣੇ ਸਿਆਸੀ ਵਿਰੋਧੀ ਸਿੱਖਾਂ ਪ੍ਰਤੀ ਕਈ ਕਿਸਮ ਦੀਆਂ ਦਿੱਕਤਾਂ ਖੜੀਆਂ ਕਰ ਦਿੱਤੀਆਂ ਜਾਂਦੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਮੈਂਬਰਾਂ ਦੀਆਂ ਵੋਟਾਂ ਦੀ ਬਜਾਏ ਬਾਦਲ ਪਰਵਾਰ ਦੀ ਮਰਜ਼ੀ ਨਾਲ ਬਣਦਾ ਹੈ। ਇਸ ਤਰ੍ਹਾਂ, ਬਾਦਲ ਪਰਵਾਰ ਹਰ ਸਮੇਂ ਸਿੱਖਾਂ ’ਤੇ ਸਿੱਧੀ-ਅਸਿੱਧੀ ਹਕੂਮਤ ਚਲਾਉਂਦਾ ਰਹਿੰਦਾ ਹੈ।
ਅਜਿਹੇ ਵਿੱਚ ਬਾਦਲ ਪਾਰਟੀ
(ਜਿਸਨੂੰ ਆਮ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਵੀ ਕਿਹਾ ਜਾਂਦਾ ਹੈ) ਦੇ ਆਗੂਆਂ ਨੂੰ (ਜੇਕਰ ਦਿਲੋਂ
ਨਹੀਂ ਤਾਂ ਦਿਖਾਵੇ ਲਈ ਹੀ ਸਹੀ) ਸਿੱਖੀ-ਵਿਰੋਧ ਕਾਰਵਾਈਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਵੋਟਾਂ
ਵਾਸਤੇ ਮੰਦਰਾਂ ਵਿੱਚ ਜਾ ਕੇ ਬ੍ਰਾਹਮਣਵਾਦੀਆਂ ਦੀ ਖੁਸ਼ਾਮਦ ਕਰਨ ਤੋਂ ਪਹਿਲਾਂ ਬਾਦਲ ਪਰਵਾਰ ਨੂੰ ਇਹ
ਧਿਆਨ ਦੇਣਾ ਚਾਹੀਦਾ ਹੈ ਕਿ ਜੰਮੂ-ਕਸ਼ਮੀਰ ਦੇ ਮੁਸਲਿਮ ਮੰਤਰੀ ਜਾਂ ਦੱਖਣੀ/ਪੂਰਬੀ ਭਾਰਤ ਦੇ ਸੂਬਿਆਂ
ਦੇ ਇਸਾਈ ਮੰਤਰੀ ਵੀ ਹਿੰਦੂਆਂ ਤੋਂ ਵੋਟਾਂ ਤਾਂ ਮੰਗਦੇ ਹਨ ਪਰ ਵੋਟਾਂ ਖਾਤਰ ਮੰਦਰਾਂ ਵਿੱਚ ਜਾ ਕੇ
ਮੱਥੇ ’ਤੇ ਤਿਲਕ ਨਹੀਂ ਲਗਵਾਉਂਦੇ ਜਾਂ ਮਾਤਾ ਦੀਆਂ ਭੇਟਾਵਾਂ ਨਹੀਂ ਗਾਉਂਦੇ। ਫਿਰ, ਬਾਦਲ ਸਾਹਿਬ
ਤਾਂ ਬੀਜੇਪੀ ਨੂੰ ਦਿੱਤੇ ਗਏ ਸਮਰਥਨ ਦਾ ਕਾਰਨ ਹੀ ਇਹ ਦੱਸਦੇ ਹਨ ਕਿ ਬੀਜੇਪੀ ਰਾਹੀਂ ਉਨ੍ਹਾਂ ਨੂੰ
ਹਿੰਦੂ ਵੋਟਾਂ ਵੀ ਮਿਲ ਸਕਣ। ਜਦ ਹਿੰਦੂਆਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਇਸ ਕੱਟੜ ਫਿਰਕੂ
ਜੱਥੇਬੰਦੀ ਨਾਲ ਸਮਝੌਤਾ ਹੋ ਹੀ ਗਿਆ ਹੈ, ਤਾਂ ਫਿਰ ਮੰਦਰਾਂ ਵਿੱਚ ਮੱਥੇ ਟੇਕ ਕੇ ਆਪਣਾ ਦੀਨ-ਇਮਾਨ
ਗਵਾਉਣ ਅਤੇ ਸਿੱਖਾਂ ਦੀ ਬੇਇਜ਼ਤੀ ਕਰਵਾਉਣ ਦੀ ਕੀ ਲੋੜ ਹੈ? ਵੈਸੇ ਇਹ ਵੀ ਇਕ ਕੌੜਾ ਸੱਚ ਹੈ ਕਿ
ਬਾਦਲ ਪਰਵਾਰ ਅਜਿਹੇ ਜਿੰਨੇ ਮਰਜ਼ੀ ਕਰਮ-ਕਾਂਡ ਕਰੀ ਜਾਏ, ਪਰ ਕੱਟੜ ਹਿੰਦੂ ਵੋਟਰ ਕਦੇ ਵੀ ਸਿੱਖੀ
ਸਰੂਪ ਵਾਲੇ ਉਮੀਦਵਾਰ ਨੂੰ ਵੋਟ ਨਹੀਂ ਪਾਉਂਦਾ।
ਅਜਿਹੇ ਵਿੱਚ ਚੰਗਾ ਹੋਵੇਗਾ ਕਿ ਬਾਦਲ ਪਰਵਾਰ ਜਾਂ ਤਾਂ ਸਿੱਖਾਂ ਦਾ ਅਪਮਾਨ ਕਰਵਾਉਣ ਵਾਲੀਆਂ
ਕਾਰਵਾਈਆਂ ਬੰਦ ਕਰ ਦੇਵੇ ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਕਮੇਟੀ ’ਤੇ ਕਾਬਿਜ਼ ਆਪਣੇ ਏਜੰਟਾਂ ਕੋਲੋਂ
ਗੁਰਧਾਮਾਂ ਨੂੰ ਸਿੱਖਾਂ ਵਾਸਤੇ ਪੂਰਨ ਤੌਰ ’ਤੇ ਅਜ਼ਾਦ ਕਰ ਦੇਵੇ। ਕੀ ਬਾਦਲ ਪਰਵਾਰ ਅਜਿਹਾ ਕੁਝ ਕਰ
ਸਕੇਗਾ?