Subscription About Us Contact Us


ਆਉ, ‘ਗੁਰੂ’ ਪਦ ਬਾਰੇ ਸੰਵਾਦ ਰਚਾਈਏ (ਭਾਗ-1)

- ਸਰਬਜੀਤ ਸਿੰਘ -

ਇੰਡੀਆ ਅਵੇਅਰਨੈੱਸ ਦੇ ਪਿਛਲੇ ਕਈ ਅੰਕਾਂ ਤੋਂ ਅਸੀਂ ਪਾਠਕਾਂ ਨੂੰ ਜਾਣਕਾਰੀ ਦਿੰਦੇ ਆ ਰਹੇ ਹਾਂ ਕਿ ਕਿਸ ਤਰ੍ਹਾਂ ਕੁਝ ਸ਼ਰਾਰਤੀ ਤੱਤ ਅਤੇ ਉਨ੍ਹਾਂ ਦੇ ਪ੍ਰਭਾਵ ਵਿਚ ਆ ਕੇ ਗੁੰਮਰਾਹ ਹੋ ਚੁੱਕੇ ਕਥਿਤ ‘ਜਾਗ੍ਰਿਤ’ ਵਿਦਵਾਨ ਅੱਜਕਲ ਇਹ ਪ੍ਰਚਾਰ ਕਰ ਰਹੇ ਹਨ ਕਿ ਨਾਨਕ ਅਤੇ ਉਨ੍ਹਾਂ ਦੀ ਜੋਤਿ (ਵਿਚਾਰਧਾਰਾ) ਵਾਲੇ ਹੋਰ ਮਹਾਂਪੁਰਖਾਂ ਨੂੰ ‘ਗੁਰੂ’ ਨਹੀਂ ਕਹਿਣਾ ਚਾਹੀਦਾ ਕਿਉਂਕਿ ਅਜਿਹਾ ਕਰਨ ਨਾਲ ਗੁਰਮਤਿ ਦੇ ਸਿਧਾਂਤਾਂ ਦੀ ਉਲੰਘਣਾ ਹੁੰਦੀ ਹੈ। ਖ਼ਾਸਕਰ ਨਵੰਬਰ 2010 ਅੰਕ ਵਿਚ ਸ੍ਰ: ਜਸਬੀਰ ਸਿੰਘ ਕੈਲਗਰੀ ਦੇ ਵਿਸਥਾਰਤ ਲੇਖ ਅਤੇ ਸੰਪਾਦਕੀ ਸਪਸ਼ਟੀਕਰਨ ਰਾਹੀਂ ਇਨ੍ਹਾਂ ਧਿਰਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਨ੍ਹਾਂ ਦਾ ਦਾਅਵਾ ਤੱਥਾਂ ਦੇ ਉਲਟ ਅਤੇ ਅਧਾਰਹੀਨ ਹੈ। ਪਰ ਇਨ੍ਹਾਂ ਲਿਖਤਾਂ ਰਾਹੀਂ ਦਿੱਤੀਆਂ ਗਈਆਂ ਦਲੀਲਾਂ ਬਾਰੇ ਕੋਈ ਪ੍ਰਤੀਕਰਮ ਦੇਣ ਦੀ ਬਜਾਏ ਇਹ ਧਿਰ ਹਾਲਾਂ ਵੀ ਹਾਲਾਂ ਵੀ ਆਪਣੀ ਜ਼ਿੱਦ (ਕਿ ਨਾਨਕ ਨੂੰ ਗੁਰੂ ਨਹੀਂ ਕਹਿਣਾ ਚਾਹੀਦਾ) ’ਤੇ ਅੜੀ ਹੋਈ ਹੈ।

ਇਸੇ ਕੜੀ ਵਿਚ ‘ਤੱਤ ਗੁਰਮਤਿ ਪਰਿਵਾਰ’ ਦਾ ਇਕ ਲੇਖ ‘ਖ਼ਾਲਸਾ ਨਿਊਜ਼’ ਵੈਬਸਾਈਟ ’ਤੇ ਪ੍ਰਕਾਸ਼ਿਤ ਹੋਇਆ। ਲੇਖ ਵਿਚ ਤੱਤ ਗੁਰਮਤਿ ਪਰਵਾਰ ਨੇ, ਸੁਭਾਵਕ ਤੌਰ ’ਤੇ, ਆਪਣੇ ਦਾਅਵੇ ਨੂੰ ਜਾਇਜ਼ ਠਹਿਰਾਉਣ ਅਤੇ ਨਾਨਕ ਨੂੰ ਗੁਰੂ ਮੰਨਣ ਵਾਲੇ ਸਿੱਖਾਂ ਨੂੰ ਗਲਤ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ। ਵੈਸੇ ਇਸ ਲੇਖ ਵਿਚ ਉਪਯੋਗ ਕੀਤੇ ਗਏ ਕਾਫੀ ਸਾਰੇ ਨੁਕਤਿਆਂ ਦਾ ਜਵਾਬ ਸ੍ਰ: ਜਸਬੀਰ ਸਿੰਘ ਕੈਲਗਰੀ ਦੇ ਚੁੱਕੇ ਹਨ। ਪਰ ਜਿਵੇਂ ਦਸਮ ਗ੍ਰੰਥੀਏ ਟੋਲੇ ਦੀ ਇਹ ਨੀਤੀ ਹੁੰਦੀ ਹੈ ਕਿ ਉਹ ਪੇਸ਼ ਕੀਤੀਆਂ ਗਈਆਂ ਦਲੀਲਾਂ ਦਾ ਤੱਥ-ਭਰਪੂਰ ਖੰਡਨ ਕਰਨ ਦੀ ਬਜਾਏ ਬਾਰ-ਬਾਰ ਆਪਣੇ ਝੂਠੇ ਅਤੇ ਜਜ਼ਬਾਤੀ ਕਿਸਮ ਦੇ ਇਲਜ਼ਾਮ (ਕਿ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਗੁਰੂ ਮੰਨਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਕਰ ਰਹੇ ਹਨ, ਉਹ ਅੰਮ੍ਰਿਤ ਅਤੇ ਨਿੱਤਨੇਮ ਦੀਆਂ ਬਾਣੀਆਂ ’ਤੇ ਹਮਲਾ ਕਰ ਰਹੇ ਹਨ, ਗੁਰੂ ਗ੍ਰੰਥ ਸਾਹਿਬ ਸਾਨੂੰ ਸੰਤ ਬਣਾਉਂਦੇ ਹਨ ਜਦਕਿ ਦਸਮ ਗ੍ਰੰਥ ਸਿਪਾਹੀ ਬਣਾਉਂਦਾ ਹੈ.... ਆਦਿਕ) ਹੀ ਦੁਹਰਾਉਂਦੇ ਰਹਿੰਦੇ ਹਨ; ਉਸੇ ਤਰ੍ਹਾਂ ਤੱਤ ਗੁਰਮਤਿ ਪਰਵਾਰ ਨੇ ਵੀ ਸ੍ਰ: ਜਸਬੀਰ ਸਿੰਘ ਕੈਲਗਰੀ ਅਤੇ ਹੋਰਨਾਂ ਕਈ ਸਿੱਖਾਂ ਵੱਲੋਂ ਤੱਤ ਗੁਰਮਤਿ ਪਰਵਾਰ ਦੇ ਦਾਅਵਿਆਂ ਦਾ ਖੰਡਨ ਕਰਨ ਵਾਲੀਆਂ ਦਲੀਲਾਂ ਪ੍ਰਤੀ ਆਪਣੇ ਵਿਚਾਰ ਪੇਸ਼ ਕਰਨ ਦੀ ਬਜਾਏ, ਮੁੜ ਤੋਂ ਆਪਣੇ ਪਹਿਲੇ ਵਾਲੇ ਦਾਅਵੇ ਅਤੇ ਦਲੀਲਾਂ ਪੇਸ਼ ਕਰ ਦਿੱਤੀਆਂ ਹਨ। ਭਾਵੇਂ ਬਾਰ-ਬਾਰ ਇਨ੍ਹਾਂ ਹੀ ਦਲੀਲਾਂ ਦਾ ਜਵਾਬ ਦੇਣਾ ਆਪਣਾ ਸਮਾਂ ਖ਼ਰਾਬ ਕਰਨ ਤੁੱਲ ਹੈ ਪਰ ਕਿਉਂਕਿ ਇਹ ਮੁੱਦਾ ਅਜਿਹਾ ਹੈ ਜਿਹੜਾ ਸਮੁੱਚੀ ਸਿੱਖ ਕੌਮ ਨੂੰ ਗੁੰਮਰਾਹ ਕਰ ਸਕਦਾ ਹੈ (ਅਤੇ ਕਈ ਉੱਘੇ ਵਿਦਵਾਨ ਇਸਦੀ ਚਪੇਟ ਵਿਚ ਪਹਿਲਾਂ ਹੀ ਆ ਚੁੱਕੇ ਹਨ), ਇਸਲਈ ਇਨ੍ਹਾਂ ਸਾਰੇ ਨੁਕਤਿਆਂ ਦੀ ਸਿਲਸਿਲੇਵਾਰ ਪੜਚੋਲ ਕਰ ਪਾਠਕਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਜੋ ਪਾਠਕ ਖ਼ੁਦ ਠੀਕ ਤੇ ਗਲਤ ਦਾ ਫੈਸਲਾ ਕਰ ਸਕਣ।

ਲੇਖ ਦੀ ਅਰੰਭਤਾ ਵਿਚ ਤੱਤ ਗੁਰਮਤਿ ਪਰਵਾਰ ਨੇ ਪਿਛਲੇ ਦਿਨਾਂ ਵਿਚ ਨਾਨਕ ਨੂੰ ਗੁਰੂ ਮੰਨਣ ਵਾਲੇ ਕੁਝ ਸਿੱਖਾਂ ਵੱਲੋਂ ਦਿੱਤੀਆਂ ਗਈਆਂ ਦਲੀਲਾਂ ਨੂੰ ‘ਵਿਵਾਦ’ ਦਾ ਨਾਮ ਦੇ ਕੇ ਦਾਅਵਾ ਕੀਤਾ ਹੈ ਕਿ ‘‘ਸੰਵਾਦ ਵਿਚ ਨਿਮਰਤਾ, ਸਹਿਜ ਅਤੇ ਦਲੀਲ ਦਾ ਹੋਣਾ ਜ਼ਰੂਰੀ ਮੰਨਿਆ ਜਾਂਦਾ ਹੈ। ਦੂਜੀ ਤਰਫ਼ ਵਿਵਾਦ ਵਿਚ ਸੁਹਿਰਦਤਾ ਦੀ ਘਾਟ ਹੁੰਦੀ ਹੈ। ਵਿਵਾਦ ਵਿਚ ਕ੍ਰੋਧ, ਅਸਹਿਨਸ਼ੀਲਤਾ, ਦੂਸ਼ਨਬਾਜ਼ੀ, ਅਵਿਸ਼ਵਾਸ ਭਾਰੂ ਹੁੰਦਾ ਹੈ।’’ ਪਰ ਇਹ ਪੰਕਤੀਆਂ ਲਿਖਣ ਵਾਲੇ ਲੇਖਕ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਜਦ ਚਰਚਾ ਅਧੀਨ ਮੁੱਦੇ ’ਤੇ ਉਹ ਖ਼ੁਦ ਕੋਈ ਦਲੀਲ ਦਿੰਦੇ ਹਨ ਤਾਂ ਉਹ ਸੰਵਾਦ ਅਤੇ ਜਦ ਉਨ੍ਹਾਂ ਦੀ ਵਿਚਾਰਾਂ ਦੀ ਵਿਰੋਧੀ ਧਿਰ ਕੋਈ ਦਲੀਲ ਦਿੰਦੀ ਹੈ ਤਾਂ ਉਹ ਵਿਵਾਦ ਕਿਵੇਂ ਹੋ ਜਾਂਦਾ ਹੈ? ਕੀ ਨਾਨਕ ਨੂੰ ਗੁਰੂ ਮੰਨਣ ਵਾਲਿਆਂ ਸਮੂਹ ਪੰਥ-ਦਰਦੀਆਂ ਨੇ ਉਨ੍ਹਾਂ ਨਾਲ ਬਿਨਾਂ ‘‘ਨਿਮਰਤਾ, ਸਹਿਜ ਅਤੇ ਦਲੀਲ’’ ਦੇ ਹੀ ਆਪਣਾ ਪੱਖ ਪੇਸ਼ ਕੀਤਾ ਹੈ?

ਫਿਰ, ਨਿਰਮਤਾ ਅਤੇ ਸੁਹਿਰਦਤਾ ਕਿਸ ਨੂੰ ਕਿਹਾ ਜਾਏਗਾ? ਇਕ ਧਿਰ ਮੰਨੇ-ਪ੍ਰਮੰਨੇ ਸਿਧਾਂਤ ਨੂੰ ਗਲਤ ਸਾਬਿਤ ਕਰਨ ਲਈ ਕੁਝ ਚੋਣਵੀਆਂ ਦਲੀਲਾਂ ਦੇਣ ਲੱਗ ਪੈਂਦੀ ਹੈ। ਦੂਜੀ ਧਿਰ ਇਨ੍ਹਾਂ ਦਲੀਲਾਂ ਦੇ ਜਵਾਬ ਵਿਚ ਆਪਣੀਆਂ ਦਲੀਲਾਂ ਪੇਸ਼ ਕਰਦੀ ਹੈ। ਪਰ ਪਹਿਲੀ ਧਿਰ ਇਨ੍ਹਾਂ ਸਮੁੱਚੀਆਂ ਦਲੀਲਾਂ ਅਤੇ ਨੁਕਤਿਆਂ (ਜਿਵੇਂ ਸ੍ਰ: ਜਸਬੀਰ ਸਿੰਘ ਕੈਲਗਰੀ ਦੇ ਲੇਖ ਵਿਚ ਪੇਸ਼ ਦਲੀਲਾਂ) ਦਾ ਖੰਡਨ ਕੀਤੇ ਬਿਨ੍ਹਾਂ ਜਾਂ ਉਨ੍ਹਾਂ ਪ੍ਰਤੀ ਆਪਣਾ ਸਪਸ਼ਟੀਕਰਨ ਦਿੱਤੇ ਬਿਨਾਂ ਮੁੜ ਤੋਂ ਆਪਣੀਆਂ ਪੁਰਾਣੀਆਂ ਦਲੀਲਾਂ ਦੁਹਰਾਉਣ ਲੱਗ ਪੈਂਦੀ ਹੈ। ਕੀ ਇਹ ਮਸਲਾ ਹੱਲ ਕਰਨ ਪ੍ਰਤੀ ਸੁਹਿਰਦਤਾ ਵਾਲੀ ਪਹੁੰਚ ਮੰਨੀ ਜਾਏਗੀ? ਚਰਚਾ ਨੂੰ ਸੰਵਾਦ ਦਾ ਨਾਮ ਦਿੱਤਾ ਜਾਏ ਜਾਂ ਵਿਵਾਦ ਦਾ, ਮੁੱਖ ਮੰਤਵ ਤਾਂ ਮਸਲਾ ਹੱਲ ਕਰਨ ਦਾ ਹੋਣਾ ਚਾਹੀਦਾ ਹੈ - ਸ਼ਬਦਾਵਲੀ ਦਾ ਬਹਾਨਾ ਬਣਾ ਕੇ ਮਸਲੇ ਨੂੰ ਕੇਂਦਰ-ਬਿੰਦੂ ਤੋਂ ਦੂਰ ਲਿਜਾਉਣ ਦਾ ਨਹੀਂ।

ਅੱਗੇ ਲੇਖ ਵਿਚ ਆਪਣੇ ਪੱਖ (ਨਾਨਕ ਨੂੰ ਗੁਰੂ ਕਹਿਣਾ ਗਲਤ) ਨੂੰ ਜਾਇਜ਼ ਠਹਿਰਾਉਣ ਲਈ ਲੇਖ ਵਿਚ ਦਾਅਵਾ ਕੀਤਾ ਜਾਂਦਾ ਹੈ ‘‘ਕਾਫੀ ਸਮੇਂ ਤੋਂ ਨਾਨਕ ਫਲਸਫੇ ’ਤੇ ਛਾ ਚੁੱਕੀ ਬ੍ਰਾਹਮਣਵਾਦ ਦੀ ਧੁੰਧ ਨੂੰ ਸਾਫ ਕਰਨ ਵਿਚ ਜੁਟੇ ਕੁਝ ਪੰਥਦਰਦੀ ਵਿਦਵਾਨਾਂ ਨੇ ਦਸ ਨਾਨਕ ਸਰੂਪਾਂ ਦੇ ਨਾਵਾਂ ਨਾਲ ‘ਗੁਰੂ’ ਵਿਸ਼ੇਸ਼ਣ ਦੀ ਪ੍ਰਚਲਿਤ ਵਰਤੋਂ ਬਾਰੇ ਸ਼ੰਕਾ ਜ਼ਾਹਿਰ ਕਰਦੇ ਹੋਏ ਵੱਖ-ਵੱਖ ਤਰੀਕੇ ਇਹ ਵਿਚਾਰ ਸਾਹਮਣੇ ਲਿਆਉਂਦਾ ਕਿ ਇਹ ਗੁਰਮਤਿ ਅਨੁਸਾਰ ਜਾਇਜ਼ ਨਹੀਂ ਲਗਦਾ।’’ ਨਾਨਕ ਨੂੰ ਗੁਰੂ ਨਾ ਕਹਿਣ ਲਈ ਬਜ਼ਿੱਦ ਧਿਰ ਦੀ ਕਥਿਤ ‘ਸੁਹਿਰਦਤਾ’ ਅਤੇ ਦਲੀਲ-ਭਰਪੂਰ ਹੋਣ ਦੇ ਦਾਅਵੇ ਦਾ ਖੋਖਲਾਪਨ ਇਸੇ ਕਥਨ ਦੀ ਅਸਪਸ਼ਟਤਾ (ਡ਼ਪਚਕਅਕਤਤ) ਤੋਂ ਜ਼ਾਹਿਰ ਹੋ ਜਾਂਦਾ ਹੈ। ਇਹ ਵੀਰ ਕ੍ਰਿਪਾਲਤਾ ਕਰਕੇ ਪਾਠਕਾਂ ਨੂੰ ਇਹ ਦੱਸਣ ਦੀ ਖੇਚਲ ਕਰਨ ਕਿ 1) ਨਾਨਕ ਨੂੰ ਗੁਰੂ ਨਾ ਕਹਿਣ ਦਾ ਵਿਚਾਰ ਅੰਦਾਜ਼ਨ ਕਿਤਨੇ ਕੁ ਸਮੇਂ ਤੋਂ ਸਾਹਮਣੇ ਲਿਆਂਦਾ ਗਿਆ ਹੈ? 2) ਕੀ ਉਨ੍ਹਾਂ ਕਥਿਤ ਪੰਥਦਰਦੀ ਵਿਦਵਾਨਾਂ ਵਿਚੋਂ ਕੁਝ ਦੇ ਨਾਂਅ ਜਨਤੱਕ ਕਰਨ ਦੀ ਖੇਚਲ ਹੋ ਸਕਦੀ ਹੈ ਜਿਨ੍ਹਾਂ ਨੇ ਉਕਤ ਵਿਚਾਰ ਦੀ ਹਮਾਇਤ ਕੀਤੀ ਹੋਵੇ (ਸਾਡੀ ਜਾਣਕਾਰੀ ਮੁਤਾਬਿਤ ਤਾਂ ਇਹ ਵਿਚਾਰ ਇਸਾਈ ਮਿਸ਼ਨਰੀ ਡਬਲਿਊ.ਐਚ.ਮੈਕਲਾਊਡ ਵੱਲੋਂ ਅਰੰਭਿਆ ਗਿਆ ਸੀ, ਜਿਸਦਾ ਪ੍ਰਚਾਰ ਸੌਦਾ ਸੰਪਾਦਕ ਵੱਲੋਂ ਤੇਜ਼ ਕੀਤਾ ਗਿਆ ਅਤੇ ਮੌਜੂਦਾ ਸਮੇਂ ਪ੍ਰੋ: ਇੰਦਰ ਸਿੰਘ ਘੱਗਾ, ਸ੍ਰ: ਗੁਰਚਰਨ ਸਿੰਘ ਜੀਊਣਵਾਲਾ ਅਤੇ ਤੱਤ ਗੁਰਮਤਿ ਪਰਵਾਰ ਦੇ ਕੁਝ ਮੈਂਬਰ ਹੀ ਇਸ ਵਿਚਾਰ ਦਾ ਪ੍ਰਚਾਰ ਕਰ ਰਹੇ ਹਨ)। 3) ਕੀ ਇਨ੍ਹਾਂ ਵਿਦਵਾਨਾਂ ਦਾ ਇਹ ਵਿਚਾਰ ਹੈ ਕਿ ਨਾਨਕ ਲਈ ਗੁਰੂ ਵਿਸ਼ੇਸ਼ਣ ਉਪਯੋਗ ਕਰਨਾ ‘ਜਾਇਜ਼ ਨਹੀਂ ਲਗਦਾ’ ਜਾਂ ‘‘ਜਾਇਜ਼ ਨਹੀਂ ਹੈ’’ (ਇਹ ਵਾਕਈ ਉਨ੍ਹਾਂ ਦੀ ਸ਼ੰਕਾ ਹੈ ਜਾਂ ਸ਼ੰਕਾ ਦੇ ਰੂਪ ਵਿਚ ਪੇਸ਼ ਕੀਤਾ ਜਾ ਰਿਹਾ ਨਿਰਣਾ?)? 4) ਉਹ ਕਿਹੜੇ ‘ਵੱਖ-ਵੱਖ ਤਰੀਕੇ’ ਸਨ, ਜਿਨ੍ਹਾਂ ਰਾਹੀਂ ਇਨ੍ਹਾਂ ਵਿਦਵਾਨਾਂ ਨੇ ਆਪਣਾ ਇਹ ਵਿਚਾਰ ਸਾਹਮਣੇ ਲਿਆਉਂਦਾ ਸੀ?

ਅੱਗੇ ਨਾਨਕ ਨੂੰ ਗੁਰੂ ਨਾ ਕਹਿਣੇ ਦੇ ਦਾਅਵੇ ਨੂੰ ਗੁੰਮਨਾਮ ਪੰਥ-ਦਰਦੀ ਵਿਦਵਾਨਾਂ ਦੇ ਮੋਢੇ ਤੋਂ ਅਖਵਾਉਂਦੇ ਹੋਏ ‘ਪਰਵਾਰ’ ਨੇ ਜੋ 4 ਨੁਕਤੇ ਪੇਸ਼ ਕੀਤੇ ਹਨ, ਉਹ ਇਹ ਹਨ :

1) ਗੁਰੂ ਸਿਰਫ਼ ਇਕ ਹੀ ਹੈ, ਜੋ ਸਾਰਿਆਂ ਦਾ ਸਾਂਝਾ ਹੈ।
2) ਗੁਰੂ ਸਦਾ ਸਦਾ ਹੈ, ਜੰਮਦਾ ਮਰਦਾ ਨਹੀਂ।
3) ਗੁਰੂ ਸਦਵਾਉਣ ਵਾਲਾ ਅਗਿਆਨੀ ਅਤੇ ਅੰਧਾ ਹੁੰਦਾ ਹੈ।
4) ਸ਼ਰੀਰ (ਦੇਹਧਾਰੀ) ਗੁਰੂ ਨਹੀਂ ਹੁੰਦਾ।

ਆਉ ਇਨ੍ਹਾਂ ਨੁਕਤਿਆਂ ’ਤੇ ਵਿਚਾਰ ਕਰੀਏ।

ਚਰਚਾ ਅਧੀਨ ਲੇਖ ਵਿਚ ‘ਪਰਵਾਰ’ ਨੇ ਇਨ੍ਹਾਂ ਨੁਕਤਿਆਂ ਨੂੰ ਸਹੀ ਸਿੱਧ ਕਰਨ ਲਈ ਗੁਰਬਾਣੀ ਦੇ ਹਵਾਲੇ ਨਹੀਂ ਦਿੱਤੇ ਹਨ। ਇਸਲਈ ਅਸੀਂ ਖ਼ੁਦ ਗੁਰਬਾਣੀ ਦੇ ਹਵਾਲਿਆਂ ਨਾਲ ਪੜਚੋਲ ਕਰਦੇ ਹਾਂ ਕਿ ਇਹ ਨੁਕਤੇ ਕਿੰਨੇ ਕੁ ਠੋਸ ਹਨ ਅਤੇ ਇਨ੍ਹਾਂ ਦਾ ਅਸਲ ਭਾਵ ਕੀ ਹੈ।

ਪਹਿਲੇ ਨੁਕਤੇ ਵਿਚ ਦਾਅਵਾ ਕੀਤਾ ਗਿਆ ਹੈ ਕਿ ਗੁਰੂ ਸਿਰਫ਼ ਇਕ ਹੀ ਹੈ। ਇਸ ਨੁਕਤੇ ਰਾਹੀਂ ਅਸਿੱਧੇ ਤੌਰ ’ਤੇ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਗਿਆ ਹੈ ਕਿ ਗੁਰੂ ਸਿਰਫ਼ ਪਰਮਾਤਮਾ ਹੈ, ਜੋ ਸਾਰੇ ਇਨਸਾਨਾਂ ਦਾ ਸਾਂਝਾ ਇਸ਼ਟ ਹੈ, ਜਦਕਿ ਨਾਨਕ ਨਹੀਂ। ਇਸਲਈ ਨਾਨਕ ਗੁਰੂ ਨਹੀਂ ਹੋ ਸਕਦਾ। ਪਰ ਗੁਰਬਾਣੀ ਨੇ ਗੁਰੂਆਂ ਨੂੰ ਘੱਟੋ-ਘੱਟ ਦੋ ਸ਼੍ਰੇਣੀਆਂ ਵਿਚ ਵੰਡਿਆ ਹੈ : ਅੰਨ੍ਹਾ (ਅਗਿਆਨੀ) ਗੁਰੂ ਤੇ ਸਤਿਗੁਰੂ (ਸੱਚਾ, ਗਿਆਨਵਾਨ ਗੁਰੂ)। ਜਿਵੇਂ :

ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ ||
ਬਿਨੁ ਸਤਿਗੁਰ ਨਾਉ ਨ ਪਾਈਐ ਬਿਨੁ ਨਾਵੈ ਕਿਆ ਸੁਆਉ ||
ਆਇ ਗਇਆ ਪਛੁਤਾਵਣਾ ਜਿਉ ਸੁੰਞੈ ਘਰਿ ਕਾਉ ||3||
(58)

ਅੰਧੇ ਗੁਰੂ ਤੇ ਭਰਮੁ ਨ ਜਾਈ ||
ਮੂਲੁ ਛੋਡਿ ਲਾਗੇ ਦੂਜੈ ਭਾਈ ||
ਬਿਖੁ ਕਾ ਮਾਤਾ ਬਿਖੁ ਮਾਹਿ ਸਮਾਈ ||3||
(232)

ਇਨ੍ਹਾਂ ਮਿਸਾਲਾਂ ਤੋਂ ਜਿਥੇ ਇਹ ਸਪਸ਼ਟ ਹੁੰਦਾ ਹੈ ਕਿ ਗੁਰੂ ਸਿਰਫ਼ ਇਕ (ਕਿਸਮ ਦਾ) ਨਹੀਂ ਹੁੰਦਾ, ਉਥੇ ਇਹ ਵੀ ਸਪਸ਼ਟ ਹੁੰਦਾ ਹੈ ਕਿ ਗੁਰਬਾਣੀ ਵਿਚ ਗੁਰੂ ਵਿਸ਼ੇਸ਼ਣ ਸਿਰਫ਼ ਪਰਮਾਤਮਾ ਲਈ ਨਹੀਂ ਵਰਤਿਆ ਗਿਆ ਕਿਉਂਕਿ ਪਰਮਾਤਮਾ ਨੂੰ ਅੰਨ੍ਹਾ ਜਾਂ ਅਗਿਆਨੀ ਨਹੀਂ ਕਿਹਾ ਜਾ ਸਕਦਾ। ਜਿਵੇਂ ‘ਅੰਨ੍ਹਾ ਗੁਰੂ’ ਵਿਸ਼ੇਸ਼ਣ ਧਾਰਮਕ ਲਿਬਾਸ ਵਾਲੇ ਭ੍ਰਿਸ਼ਟ ਤੇ ਪਖੰਡੀ ਇਨਸਾਨਾਂ ਵਾਸਤੇ ਵਰਤਿਆ ਜਾਂਦਾ ਹੈ, ਉਸੇ ਤਰ੍ਹਾਂ ‘ਸੱਚਾ ਗੁਰੂ’ ਜਾਂ ‘ਸਤਿਗੁਰੂ’ ਵਿਸ਼ੇਸ਼ਣ ਵੀ ਰੱਬੀ ਗੁਣਾਂ ਨਾਲ ਸਦੀਵੀ ਤੌਰ ’ਤੇ ਇਕਮਿਕ ਹੋ ਚੁੱਕੇ ਮਹਾਂਪੁਰਖਾਂ ਲਈ ਵਰਤਿਆ ਜਾਂਦਾ ਹੈ। ਇਹ ਰੁਝਾਨ ਗੁਰਬਾਣੀ ਵਿਚ ਵੀ ਵੇਖਣ ਨੂੰ ਮਿਲਦਾ ਹੈ, ਜਿਸਦੀਆਂ ਮਿਸਾਲਾਂ ਅੱਗੇ ਪੇਸ਼ ਕੀਤੀਆਂ ਜਾ ਰਹੀਆਂ ਹਨ।

ਜਿਥੋਂ ਤੱਕ ਗੁਰੂ ਦਾ ‘‘ਸਾਰਿਆਂ ਦਾ ਸਾਂਝਾ’’ ਹੋਣ ਦੀ ਗੱਲ ਹੈ, ਇਹ ਗੱਲ ਸਿਧਾਂਤਕ ਤੌਰ ’ਤੇ ਤਾਂ ਠੀਕ ਹੈ, ਪਰ ਅਮਲੀ ਤੌਰ ’ਤੇ ਦੁਨੀਆ ਭਰ ਦੇ ਲੋਕਾਂ ਵੱਲੋਂ ਇਸ ਸਿਧਾਂਤ ਦੀ ਪਾਲਣਾ ਕੀਤੇ ਜਾਣਾ ਕੋਈ ਜਰੂਰੀ ਨਹੀਂ। ਇਸਦੇ ਕਈ ਕਾਰਨ ਹਨ। ਪਹਿਲਾ ਤਾਂ ਇਹ ਕਿ ਬਹੁਤ ਸਾਰੇ ਧਰਮਾਂ ਵਿਚ ‘ਗੁਰੂ’ ਦਾ ਕੋਈ ਸੰਕਲਪ ਹੀ ਨਹੀਂ। ਇਨ੍ਹਾਂ ਧਰਮਾਂ ਵਿਚ ਰੱਬ ਨੂੰ ਮੂਰਤੀ, ਤਸਵੀਰਾਂ ਜਾਂ ਹੋਰ ਪ੍ਰਤੀਕ ਚਿੰਨ੍ਹਾਂ ਰਾਹੀਂ ਪੂਜਿਆ ਜਾਂਦਾ ਹੈ। ਕੁਝ ਹੋਰ ਧਰਮਾਂ (ਜਿਵੇਂ ਯਹੂਦੀਆਂ, ਇਸਾਈਆਂ ਤੇ ਮੁਸਲਮਾਨਾਂ) ਵਿਚ ਰੱਬ ਨੂੰ ਤਾਂ ਨਿਰਾਕਾਰ ਮੰਨਿਆ ਗਿਆ ਹੈ ਪਰ ਰੱਬ ਦਾ ਸੰਦੇਸ਼ ਕਥਿਤ ਤੌਰ ’ਤੇ ਇਨਸਾਨੀਅਤ ਤੱਕ ਪਹੁੰਚਾਉਣ ਵਾਲਿਆਂ ਨੂੰ ਪੈਗੰਬਰ ਦਾ ਨਾਮ ਦਿੱਤਾ ਗਿਆ ਹੈ। ਇਨ੍ਹਾਂ ਧਰਮਾਂ ਦੇ ਕੁਝ ਮੌਲਿਕ ਸਿਧਾਂਤ ਆਪਸ ਵਿਚ ਸਾਂਝੇ ਹੋਣ ਦੇ ਬਾਵਜੂਦ ਇਹ ਧਰਮ ਆਪੋ-ਆਪਣੇ ਪੈਗੰਬਰਾਂ ਨੂੰ ਹੀ ਇਨਸਾਨੀਅਤ ਦਾ ਇਕ-ਮਾਤਰ ਰਾਹਨੁਮਾ ਮੰਨਦੇ ਹਨ।

ਇਸੇ ਤਰ੍ਹਾਂ, ਸਿੱਖਾਂ ਦਾ ਵੀ ਪੂਰਨ ਵਿਸ਼ਵਾਸ ਹੈ (ਜੋ ਬਹੁਤ ਠੋਸ ਤੱਥਾਂ ਅਤੇ ਦਲੀਲਾਂ ’ਤੇ ਅਧਾਰਿਤ ਹੈ) ਕਿ ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਵੱਲੋਂ ਅੱਗੋਂ ਜ਼ਿੰਮੇਵਾਰੀ ਪ੍ਰਾਪਤ ਗੁਰੂ ਸਾਹਿਬਾਨ ਨੇ ਇਨਸਾਨੀਅਤ ਨੂੰ ਜੋ ਸੱਚਾ ਗਿਆਨ ਬਖਸ਼ਿਆ, ਉਸਦਾ ਮੁਕਾਬਲਾ ਕੋਈ ਵੀ ਹੋਰ ਪੀਰ, ਪੈਗੰਬਰ, ਸੰਤ, ਬਾਬਾ ਆਦਿਕ ਨਹੀਂ ਕਰ ਸਕਦਾ। ਭਾਵੇਂ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਵਿਚ ਕੋਈ ਮੀਨ-ਮੇਖ ਨਹੀਂ ਕੱਢੀ ਜਾ ਸਕਦੀ ਅਤੇ ਉਨ੍ਹਾਂ ਦੇ ਉਪਦੇਸ਼ਾਂ ਹਰ ‘ਮਨੁੱਖ’ ਨੂੰ ਸੰਬੋਧਿਤ ਹਨ ਕਿਸੇ ਖ਼ਾਸ ਸੰਪਰਦਾਅ ਲਈ ਨਹੀਂ, ਪਰ ਫਿਰ ਵੀ ਬਹੁਤ ਘੱਟ ਗੈਰ-ਸਿੱਖ ਉਨ੍ਹਾਂ ਨੂੰ ਸਰਬ ਸਾਂਝਾ ਜਾਂ ਸਮੁੱਚੀ ਇਨਸਾਨੀਅਤ ਦਾ ਗੁਰੂ ਮੰਨਦੇ ਹਨ। ਸੱਚਾ ਗਿਆਨ (ਜਿਸਨੂੰ ਨਾਨਕ ਵਿਚਾਰਧਾਰਾ ਰਾਹੀਂ ਪ੍ਰਗਟ ਕੀਤਾ ਗਿਆ), ਭਾਵੇਂ ਉਹ ਧਾਰਮਕ ਹੋਵੇ ਜਾਂ ਦੁਨਿਆਵੀ ਸਾਰੀ ਦੁਨੀਆ ਦਾ ਸਾਂਝਾ ਹੁੰਦਾ ਹੈ। ਜਿਵੇਂ ਵਿਗਿਆਨ ਦੇ ਨੇਮ ਸਾਰੀ ਦੁਨੀਆ ਲਈ ਸਾਂਝੇ ਹਨ, ਭਾਵੇਂ ਉਨ੍ਹਾਂ ਦੀ ਖੋਜ ਕਿਸੇ ਵੀ ਦੇਸ਼ ਜਾਂ ਧਰਮ ਦੇ ਵਿਗਿਆਨੀ ਨੇ ਕੀਤੀ ਹੋਵੇ (ਨਿਊਟਨ, ਆਂਈਸਟਾਈਨ ਅਤੇ ਹੋਰ ਵਿਗਿਆਨੀਆਂ ਵੱਲੋਂ ਖੋਜ ਕੀਤੇ ਗਏ ਨੇਮ ਸਾਰੀ ਦੁਨੀਆ ਦੇ ਉਨ੍ਹਾਂ ਲੋਕਾਂ ਨੂੰ ਅਪਣਾਉਣੇ ਪੈਂਦੇ ਹਨ, ਜੋ ਵਿਗਿਆਨ ਅਤੇ ਤਕਨੀਕ ਦੇ ਖੇਤਰਾਂ ਵਿਚ ਸਫ਼ਲਤਾ ਪ੍ਰਾਪਤ ਕਰਨਾ ਚਾਹੁੰਦੇ ਹਨ)। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੀ ਜੋਤਿ (ਵਿਚਾਰਧਾਰਾ) ਵਾਲੇ ਹੋਰਨਾਂ ਗੁਰੂ ਸਾਹਿਬਾਨ ਵੱਲੋਂ ਪ੍ਰਗਟਾਇਆ ਗਿਆ ਗਿਆਨ ਵੀ ਸਾਰੀ ਦੁਨੀਆ ਦਾ ਸਾਂਝਾ ਅਤੇ ਮਾਰਗ-ਦਰਸ਼ਕ ਹੈ। ਜਿਹੜੇ ਲੋਕ ਰੱਬ ਦੇ ਅਸਲ ਸਰੂਪ, ਉਸਦੇ ਗੁਣਾਂ ਅਤੇ ਨੇਮਾਂ ਨੂੰ ਸਮਝਣਾ ਚਾਹੁੰਦੇ ਹਨ, ਉਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਹੀ ਬਿਹਤਰੀਨ ਰਹਿਨੁਮਾ ਹਨ, ਭਾਵੇਂ ਉਹ ਧਾਰਮਕ ਕੱਟੜਤਾ ਜਾਂ ਹਉਮੈ ਕਾਰਨ ਜ਼ਾਹਿਰੀ ਤੌਰ ’ਤੇ ਅਜਿਹਾ ਮੰਨਣ ਜਾਂ ਨਾ ਮੰਨਣ। ਭਾਵ, ਗੁਰੂ ਨਾਨਕ ਸਾਹਿਬ ਅਤੇ ਨਾਨਕ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ ਹੋਰ ਗੁਰੂ ਸਾਹਿਬਾਨ ਹੈਨ ਤਾਂ ਸਰਬ ਮਨੁੱਖਤਾ ਦੇ ਸਾਂਝੇ ਗੁਰੂ, ਪਰ ਜੇਕਰ ਕੋਈ ਗੈਰ-ਸਿੱਖ ਅਜਿਹਾ ਮੰਨਣ ਤੋਂ ਇਨਕਾਰ ਕਰੇ, ਤਾਂ ਉਸ ਨਾਲ ਤਕਰਾਰ ਨਹੀਂ ਕੀਤੀ ਜਾ ਸਕਦੀ।

ਗੁਰੂ ਨੂੰ ਸਰਬ ਸਾਂਝਾ ਮੰਨਣ ਦੀ ਗੱਲ ਤਾਂ ਬੜੀ ਦੂਰ ਦੀ ਹੈ, ਅੱਜਕਲ ਦੇ ਵਿਦਿਆ ਦੇ ਯੁਗ ਵਿਚ ਵੀ, ਜਦ ਇਹ ਗੱਲ ਸਰਬ-ਪ੍ਰਵਾਣਿਤ ਹੋ ਚੁੱਕੀ ਹੈ ਕਿ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਇਕ ਪਰਮਾਤਮਾ ਹੈ (ਜਿਸ ਨੂੰ ਚਰਚਾ ਅਧੀਨ ਨੁਕਤੇ ਰਾਹੀਂ ਤੱਤ ਗੁਰਮਤਿ ਪਰਵਾਰ ਨੇ ਇਕ-ਮਾਤਰ ਗੁਰੂ ਵਜੋਂ ਪੇਸ਼ ਕਰਨ ਦਾ ਜਤਨ ਕੀਤਾ ਹੈ), ਬਹੁਤ ਸਾਰੇ ਧਰਮਾਂ ਦੇ ਲੋਕ ਰੱਬ ਲਈ ਆਪੋ-ਆਪਣੇ ਧਰਮਾਂ ਵੱਲੋਂ ਪ੍ਰਚਾਰਿਆ ਗਿਆ ਲਫ਼ਜ਼ ਉਪਯੋਗ ਕਰਨਾ ਧਰਮ ਅਤੇ ਕਿਸੇ ਹੋਰ ਧਰਮ ਜਾਂ ਭਾਸ਼ਾ ਵਿਚ ਉਪਯੋਗ ਕੀਤਾ ਜਾਂਦਾ ਲਫ਼ਜ਼ ਉਪਯੋਗ ਕਰਨਾ ਪਾਪ ਸਮਝਦੇ ਹਨ। ਮਲੇਸ਼ੀਆ ਸਰਕਾਰ ਨੇ ਗੈਰ-ਮੁਸਲਮਾਨਾਂ ਵੱਲੋਂ ‘ਅਲਾਹ’ ਲਫ਼ਜ਼ ਉਚਾਰਨ ’ਤੇ ਹੀ ਪਾਬੰਦੀ ਲਗਾ ਦਿੱਤੀ ਹੈ ਕਿਉਂਕਿ ਮਲੇਸ਼ੀਆ ਸਰਕਾਰ ਨੂੰ ਲਗਦਾ ਹੈ ਕਿ ਗੈਰ-ਮੁਸਲਮਾਨਾਂ ਵੱਲੋਂ ਇਹ ਲਫ਼ਜ਼ ਉਚਾਰੇ ਜਾਣ ਨਾਲ ਇਸ ਲਫ਼ਜ਼ ਦੀ ਬੇਅਦਬੀ ਹੁੰਦੀ ਹੈ। ਜਦਕਿ ਜੇਕਰ ਰੱਬ ਸਾਰਿਆਂ ਦਾ ਸਾਂਝਾ ਹੈ, ਤਾਂ ਉਸ ਪ੍ਰਤੀ ਕਿਸੇ ਵੀ ਭਾਸ਼ਾ ਜਾਂ ਧਰਮ ਵਿਚ ਪ੍ਰਚਲਿਤ ਲਫ਼ਜ਼ ਦੇ ਉਪਯੋਗ ਪ੍ਰਤੀ ਨਾ ਤਾਂ ਉਸ ਧਰਮ ਵੱਲੋਂ ਕੋਈ ਰੋਕ ਹੋਣੀ ਚਾਹੀਦੀ ਹੈ ਅਤੇ ਨਾ ਹੀ ਦੂਜੇ ਧਰਮਾਂ ਦੇ ਲੋਕਾਂ ਨੂੰ ਉਹ ਲਫ਼ਜ਼ ਉਪਯੋਗ ਕਰਨ ਵਿਚ ਕੋਈ ਸੰਕੋਚ ਹੋਣਾ ਚਾਹੀਦਾ ਹੈ। ਗੁਰੂ ਸਾਹਿਬਾਨ ਨੇ ਵੀ ਆਪਣੀ ਖੁੱਲੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਿਆਂ ਰੱਬ ਲਈ ਹੋਰਨਾਂ ਧਰਮਾਂ ਵਿਚ ਉਪਯੋਗ ਕੀਤੇ ਜਾਂਦੇ ਲਫ਼ਜ਼ਾਂ ਜਿਵੇਂ ਹਰੀ, ਗੋਪਾਲ, ਅਲਾਹ ਆਦਿ ਦਾ ਗੁਰਬਾਣੀ ਵਿਚ ਬਾਰ-ਬਾਰ ਉਪਯੋਗ ਕੀਤਾ ਹੈ।

ਸੋ, ਸਪਸ਼ਟ ਹੈ ਕਿ ਗੁਰੂ ਨਾਨਕ ਸਾਹਿਬ ਵੱਲੋਂ ਸਥਾਪਿਤ ਕੀਤੇ ਗਏ ਸਿਧਾਂਤ, ਜਿਨ੍ਹਾਂ ਨੂੰ ਦੁਨੀਆ ਦਾ ਕੋਈ ਵੀ ਵਿਗਿਆਨੀ ਜਾਂ ਸੱਚਾ ਧਾਰਮਕ ਮਨੁੱਖ ਝੁਠਲਾ ਨਹੀਂ ਸਕਦਾ, ਨੂੰ ਦੁਨੀਆ ਭਰ ਦੇ ਲੋਕ ਸਾਂਝੇ ਰੂਪ ਵਿਚ ਅਪਣਾਉਣ ਲਈ ਨਾ ਤਾਂ ਚਾਹਵਾਨ ਹਨ ਅਤੇ ਨਾ ਹੀ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਜਾ ਸਕਦਾ ਹੈ। ਬਲਕਿ ਦੁਨੀਆ ਦੇ ਲੋਕਾਂ ਨੂੰ ਇਸ ਛੋਟੇ ਜਿਹੇ ਸਿਧਾਂਤ ਕਿ ਸਾਰੀ ਦੁਨੀਆ ਦਾ ਇਸ਼ਟ/ਰੱਬ/ਪਰਮਾਤਮਾ/ਸਿਰਜਣਹਾਰ ਇਕ ਹੀ ਹੈ, ਤੇ ਵੀ ਸਹਿਮਤ ਨਹੀਂ ਕੀਤਾ ਜਾ ਸਕਦਾ (ਹਿੰਦੂਆਂ ਨੇ ਆਪਣੇ 33 ਕਰੋੜ ਦੇਵੀ-ਦੇਵਤੇ ਸਥਾਪਿਤ ਕੀਤੇ ਹੋਏ ਹਨ ਅਤੇ ਉਨ੍ਹਾਂ ਨੂੰ ਹੀ ਸ੍ਰਿਸ਼ਟੀ ਦੇ ਵੱਖ-ਵੱਖ ਕਾਰਜਾਂ ਦੇ ਸੰਚਾਲਕ ਸਮਝਦੇ ਹਨ। ਅਫ਼ਰੀਕੀ ਕਬੀਲਿਆਂ ਦੇ ਲੋਕ ਅੱਜ ਵੀ ਕੁਦਰਤੀ ਸ਼ਕਤੀਆਂ ਨੂੰ ਹੀ ਰੱਬ ਮੰਨੀ ਬੈਠੇ ਹਨ।)। ਪਰ ਇਸ ਸਭ ਦਾ ਅਰਥ ਇਹ ਨਹੀਂ ਹੋ ਜਾਂਦਾ ਕਿ ‘ਗੁਰੂ’ ਵਿਸ਼ੇਸ਼ਣ ਨਾਨਕ ਵਿਚਾਰਧਾਰਾ ਪ੍ਰਗਟ ਕਰਨ ਵਾਲੇ 10 ਮਹਾਂਪੁਰਖਾਂ ਲਈ ਵਰਤਿਆ ਹੀ ਨਹੀਂ ਜਾ ਸਕਦਾ।

- - - - -

ਨਾਨਕ ਨੂੰ ਗੁਰੂ ਨਾ ਮੰਨਣ ਲਈ ‘ਪਰਵਾਰ’ ਨੇ ਦੂਜੀ ਦਲੀਲ ਇਹ ਦਿੱਤੀ ਹੈ ਕਿ ‘‘ਗੁਰੂ ਸਦਾ ਸਦਾ ਹੈ, ਜੰਮਦਾ ਮਰਦਾ ਨਹੀਂ।’’ ਇਸ ਦਲੀਲ ਰਾਹੀਂ ‘ਪਰਵਾਰ’ ਨੇ ਮੁੜ ਤੋਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿਰਫ਼ ਅਦਿੱਖ ਪਰਮਾਤਮਾ ਨੂੰ ਹੀ ਗੁਰੂ ਮੰਨਣਾ ਚਾਹੀਦਾ ਹੈ ਕਿਉਂਕਿ ਉਹ ਜੂਨਾਂ (ਕਿਸੇ ਜੀਅ-ਜੰਤੂ ਦੇ ਰੂਪ) ਵਿਚ ਨਾ ਆਉਣ ਕਾਰਨ ਜੰਮਦਾ-ਮਰਦਾ ਨਹੀਂ ਜਦਕਿ ਇਨਸਾਨ ਤਾਂ ਪੈਦਾ ਹੋ ਕੇ ਮਰ ਹੀ ਜਾਂਦਾ ਹੈ। ਇਸ ਤਰ੍ਹਾਂ, ਅਸਿੱਧੇ ਰੂਪ ਵਿਚ ਪਰਵਾਰ ਦੀ ‘ਸਲਾਹ’ ਹੈ (ਜਿਸਨੂੰ ਗੁੰਮਨਾਮ ਵਿਦਵਾਨਾਂ ਵੱਲੋਂ ਅਖਵਾਇਆ ਗਿਆ ਹੈ) ਕਿ ਕਿਉਂਕਿ ਨਾਨਕ ਦਾ ਪ੍ਰਗਟਾਵਾ ਇਨਸਾਨੀ ਸਰੀਰ ਦੇ ਰੂਪ ਵਿਚ ਹੋਇਆ ਸੀ, ਇਸਲਈ ਉਸਨੂੰ ਗੁਰੂ ਨਹੀਂ ਕਹਿਣਾ ਚਾਹੀਦਾ।

ਪਰ ਸਵਾਲ ਇਹ ਹੈ ਕਿ ਗੁਰਮਤਿ ਸਿਧਾਂਤਾਂ ਅਨੁਸਾਰ ਜੰਮਣਾ-ਮਰਨਾ ਹੈ ਕੀ? ਇਹ ਤਾਂ ਹਰ ਕੋਈ ਜਾਣਦਾ ਹੈ ਕਿ ਹਰ ਜੀਅ ਦਾ ਸਰੀਰ ਬਚਪਨ, ਜਵਾਨੀ, ਬੁਢੇਪੇ ਆਦਿਕ ਅਵਸਥਾਵਾਂ ਉਪਰੰਤ ਇਕ ਦਿਨ ਖ਼ਤਮ ਹੋ ਹੀ ਜਾਂਦਾ ਹੈ। ਪਰ ਗੁਰਬਾਣੀ ਵਿਚ ਜੀਉਣਾ ਦਾ ਅਰਥ ਉਹ ਸਮਾਂ ਹੈ ਜਦ ਮਨੁੱਖ ਪਰਮਾਤਮਾ ਦੇ ਨਾਮ/ਗੁਣਾਂ ਵਿਚ ਰਮਿਆ ਹੁੰਦਾ ਹੈ ਜਦਕਿ ਮਰਨਾ ਉਹ ਸਮਾਂ ਹੁੰਦਾ ਹੈ ਜਦ ਮਨੁੱਖ ਪਰਮਾਤਮਾ ਨੂੰ ਭੁੱਲ ਕੇ ਵਿਕਾਰਾਂ ਵਿਚ ਖਚਿਤ ਹੋਇਆ ਰਹਿੰਦਾ ਹੈ। ਮਿਸਾਲ ਵਜੋਂ :

ਅਬ ਮਨੁ ਉਲਟਿ ਸਨਾਤਨੁ ਹੂਆ।।
ਤਬ ਜਾਨਿਆ ਜਬ ਜੀਵਤ ਮੂਆ।।

ਅਰਥ : ਹੁਣ ਮੇਰਾ ਮਨ ਆਪਣੇ ਪਹਿਲੇ ਵਿਕਾਰਾਂ ਵਾਲੇ ਸੁਭਾਉ ਵਲੋਂ ਹਟ ਕੇ ਪ੍ਰਭੂ ਦਾ ਰੂਪ ਹੋ ਗਿਆ ਹੈ; (ਇਸ ਗੱਲ ਦੀ) ਤਦੋਂ ਸਮਝ ਆਈ ਹੈ ਜਦੋਂ ਮੈਂ ਜੀਉਂਦੇ-ਜੀ ਮਰ ਗਿਆ (ਮਨ ਮਾਇਆ ਵਿਚ ਵਿਚਰਦਾ ਹੋਇਆ ਭੀ ਮਾਇਆ ਦੇ ਮੋਹ ਤੋਂ ਉੱਚਾ ਹੋ ਗਿਆ ਹੈ)।

ਮਰਨੋ ਮਰਨੁ ਕਹੈ ਸਭੁ ਕੋਈ।।
ਸਹਜੇ ਮਰੈ ਅਮਰੁ ਹੋਇ ਸੋਈ।।
(327)

ਅਰਥ : ਦੁਨੀਆ ਵਿਚ ਹਰੇਕ ਜੀਵ ਮੌਤ, ਮੌਤ ਆਖ ਰਿਹਾ ਹੈ (ਭਾਵ, ਹਰੇਕ ਜੀਵ ਮੌਤ ਤੋਂ ਘਾਬਰ ਰਿਹਾ ਹੈ), ਪਰ ਜੋ ਮਨੁੱਖ ਅਡੋਲਤਾ ਵਿਚ ਰਹਿ ਕੇ ਦੁਨੀਆ ਦੀਆਂ ਖਾਹਸ਼ਾਂ ਤੋਂ ਬੇਪਰਵਾਹ ਹੋ ਜਾਂਦਾ ਹੈ, ਉਹ ਅਮਰ ਹੋ ਜਾਂਦਾ ਹੈ (ਭਾਵ, ਉਹ ਸਿਰਫ਼ ਸਰੀਰਕ ਤੌਰ ’ਤੇ ਹੀ ਮਰ ਸਕਦਾ ਹੈ - ਆਤਮਕ ਤੌਰ ’ਤੇ ਨਹੀਂ)।

ਸਲੋਕ ||
ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ ||
ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ ||1||

ਅਰਥ:- ਹੇ ਕਬੀਰ! ਮਰਦਾ ਮਰਦਾ (ਉਂਞ ਤਾਂ) ਸਾਰਾ ਸੰਸਾਰ ਮਰ ਰਿਹਾ ਹੈ, ਪਰ ਕਿਸੇ ਨੇ ਵੀ (ਸੱਚੇ) ਮਰਨ ਦੀ ਜਾਚ ਨਹੀਂ ਸਿੱਖੀ; ਜੋ ਮਨੁੱਖ ਇਸ ਤਰ੍ਹਾਂ ਦੀ ਸੱਚੀ ਮੌਤ ਮਰਦਾ ਹੈ, ਉਸ ਨੂੰ ਫਿਰ ਮਰਨਾ ਨਹੀਂ ਪੈਂਦਾ।

ਜਨਮ ਮਰਨ ਸਗਲਾ ਦੁਖੁ ਨਾਸੈ ||
ਗੁਰਮੁਖਿ ਜਾ ਕੈ ਮਨਿ ਤਨਿ ਬਾਸੈ ||
(677)

ਅਰਥ : ਗੁਰੂ ਦੀ ਰਾਹੀਂ ਉਹ ਪ੍ਰਭੂ ਜਿਸ ਮਨੁੱਖ ਦੇ ਮਨ ਵਿਚ ਹਿਰਦੇ ਵਿਚ ਆ ਵੱਸਦਾ ਹੈ, ਉਸ ਦਾ ਜਨਮ ਮਰਨ ਅਤੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ। (ਭਾਵ ਉਹ ਬਾਰ-ਬਾਰ ਵਿਕਾਰਾਂ ਵਿਚ ਪੈਣ ਦੇ ਗੇੜ ਤੋਂ ਮੁਕਤ ਹੋ ਕੇ ਸਹਿਜ ਅਵਸਥਾ ਹਾਸਲ ਕਰ ਲੈਂਦਾ ਹੈ)।

ਜਨਮ-ਮਰਨ ਦੇ ਸੰਕਲਪ ਨੂੰ ਇਕ ਹੋਰ ਮਿਸਾਲ ਨਾਲ ਵੀ ਸਮਝਿਆ ਜਾ ਸਕਦਾ ਹੈ। ਕਿਸੇ ਜੀਅ ਦੇ ਰੂਪ ਵਿਚ ਜਨਮ ਲੈਣ ਨੂੰ ਜੂਨ ਵਿਚ ਆਉਣਾ ਕਿਹਾ ਜਾਂਦਾ ਹੈ। ਪਰ ਗੁਰਬਾਣੀ ਵਿਚ ਸਪਸ਼ਟ ਦੱਸਿਆ ਗਿਆ ਹੈ ਕਿ ਕਿਸੇ ਵਿਕਾਰ ਵਿਚ ਪਿਆ ਮਨੁੱਖ ਹੀ ‘ਜੂਨ’ ਵਿਚ ਪਿਆ ਹੁੰਦਾ ਹੈ। ਜਿਵੇਂ :

ਜਬ ਇਹ ਜਾਨੈ ਮੈ ਕਿਛੁ ਕਰਤਾ।।
ਤਬ ਲਗੁ ਗਰਭ ਜੋਨਿ ਮਹਿ ਫਿਰਤਾ।।
(278)

ਅਰਥ : ਜਦ ਤੱਕ ਇਹ ਮਨੁੱਖ ਸਮਝਦਾ ਹੈ ਕਿ ਮੈਂ ਆਪਣੀ ਤਾਕਤ ਨਾਲ ਕੁਝ ਕਰ ਸਕਦਾ ਹਾਂ, ਤਦ ਤੱਕ ਇਸ ਦਾ ਹੰਕਾਰ ਇਸ ਨੂੰ ਵਿਕਾਰਾਂ ਰੂਪੀ ਗਰਭਾਂ ਤੇ ਜੂਨੀਆਂ ਵਿਚ ਫਿਰਾਉਂਦਾ ਰਹਿੰਦਾ ਹੈ। ਭਾਵ, ਵਿਕਾਰਾਂ ਵਿਚ ਖਚਿਤ ਹੋਣ ਨਾਲ ਮਨੁੱਖ ਜੀਉਂਦਿਆਂ ਜੀਅ ਆਵਾਗਵਣ ਵਿਚ ਪਿਆ ਰਹਿੰਦਾ ਹੈ।

ਹੁਣ ਗੱਲ ‘ਗੁਰੂ’ ਦੇ ਕਦੇ ਨਾ ਜੰਮਣ-ਮਰਨ ਦੀ। ਗੁਰਬਾਣੀ ਦਾ ਫੁਰਮਾਨ ਹੈ :

ਸਚੀ ਕਾਰੈ ਸਚੁ ਮਿਲੈ ਗੁਰਮਤਿ ਪਲੈ ਪਾਇ ||
ਸੋ ਨਰੁ ਜੰਮੈ ਨਾ ਮਰੈ ਨਾ ਆਵੈ ਨਾ ਜਾਇ ||
ਨਾਨਕ ਦਰਿ ਪਰਧਾਨੁ ਸੋ ਦਰਗਹਿ ਪੈਧਾ ਜਾਇ ||
(19)

ਅਰਥ : ਜਿਹੜਾ ਮਨੁੱਖ ਸਿਮਰਨ ਦੀ ਸਦਾ-ਟਿਕੀ ਰਹਿਣ ਵਾਲੀ ਕਾਰ ਵਿਚ ਲੱਗਾ ਰਹਿੰਦਾ ਹੈ ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, ਉਸ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੋ ਜਾਂਦੀ ਹੈ। ਉਹ ਮਨੁੱਖ ਮੁੜ-ਮੁੜ ਜੰਮਦਾ ਮਰਦਾ ਨਹੀਂ ਰਹਿੰਦਾ, ਉਹ ਜਨਮ ਮਰਨ ਦੇ ਗੇੜ ਤੋਂ ਬੱਚ ਜਾਂਦਾ ਹੈ । ਹੇ ਨਾਨਕ! ਉਹ ਮਨੁੱਖ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦਾ ਹੈ, ਉਹ ਪ੍ਰਭੂ ਦੀ ਹਜ਼ੂਰੀ ਵਿਚ ਸਰੋਪਾ ਲੈ ਕੇ ਜਾਂਦਾ ਹੈ।

ਭਾਵ, ਪਰਮਾਤਮਾ ਦੇ ਗੁਣਾਂ ਨਾਲ ਇਕ-ਮਿਕ ਹੋਇਆ ਪਿਆ ਮਨੁੱਖ ਅਸਲ ਵਿਕਾਰਾਂ ਤੋਂ ਸਦੀਵੀ ਮੁਕਤੀ ਪਾ ਲੈਣ ਕਾਰਨ ਬਾਰ-ਬਾਰ ਜੰਮਦਾ-ਮਰਦਾ ਨਹੀਂ। ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੀ ਵਿਚਾਰਧਾਰਾ ਵਾਲੇ 9 ਹੋਰ ਗੁਰੂ ਸਾਹਿਬਾਨ ਬਾਰੇ ਇਤਿਹਾਸ ਅਤੇ ਉਨ੍ਹਾਂ ਦੀਆਂ ਰਚਨਾਵਾਂ ਤੋਂ ਮਿਲਦੀ ਜਾਣਕਾਰੀ (ਹਾਲਾਂਕਿ ਇਤਿਹਾਸ ਅਤੇ ਗੁਰਬਾਣੀ ਵਿਚ ਮਿਲਾਵਟ ਕਰਨ ਲਈ ਬ੍ਰਾਹਮਣਵਾਦੀਆਂ ਨੇ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਜਤਨ ਅਰੰਭ ਕਰ ਦਿੱਤੇ ਸਨ) ਮੁਤਾਬਿਕ ਅਸੀਂ ਸਭ ਜਾਣਦੇ ਹਾਂ ਕਿ ਉਹ ਸਭ ਮਹਾਂਪੁਰਖ ਹਰ ਔਗੁਣ ਤੋਂ ਮੁਕਤ ਸਨ। ਇਸ ਤਰ੍ਹਾਂ ਕੀ ਉਹ ਜੂਨਾਂ ਜਾਂ ਜਨਮ-ਮਰਨ ਦੇ ਗੇੜ ਤੋਂ ਮੁਕਤ ਨਹੀਂ ਮੰਨੇ ਜਾਣਗੇ? ਜਾਂ ਲਿਖਾਰੀ ਵੀਰ ਜੀ ਦਾ ਇਹ ਵਿਚਾਰ ਹੈ ਕਿ ਗੁਰੂ ਸਾਹਿਬਾਨ ਵੀ ਸਾਡੇ ਵਾਂਗ ਵੱਖ-ਵੱਖ ਔਗੁਣਾਂ ਅਤੇ ਵਿਕਾਰਾਂ ਦੇ ਸ਼ਿਕਾਰ ਸਨ? ਕੀ ਵੀਰ ਜੀ ਇਸ ਬਾਬਤ ਆਪਣਾ ਵਿਚਾਰਧਾਰਾ ਸਪਸ਼ਟ ਕਰਨ ਦੀ ਖੇਚਲ ਕਰਨਗੇ?

- - - - -

ਤੱਤ ਗੁਰਮਤਿ ਪਰਵਾਰ ਨੇ ਤੀਜਾ ਨੁਕਤਾ ਇਹ ਚੁੱਕਿਆ ਹੈ ਕਿ (ਗੁਰਬਾਣੀ ਮੁਤਾਬਿਕ) ਖ਼ੁਦ ਨੂੰ ਗੁਰੂ ਸਦਵਾਉਣ ਵਾਲਾ ਅਗਿਆਨੀ ਅਤੇ ਅੰਨ੍ਹਾ ਹੁੰਦਾ ਹੈ। ਇਸਲਈ ਨਾਨਕ ਨੂੰ ਗੁਰੂ ਕਿਉਂ ਕਿਹਾ ਜਾਏ?

ਇਹ ਗੱਲ ਠੀਕ ਹੈ ਕਿ ਆਪਣੇ ਆਪ ਨੂੰ ਗੁਰੂ, ਬਲਕਿ ਸੰਤ, ਬਾਬਾ, ਬ੍ਰਹਗਿਆਨੀ, ਜਾਂ ਬਿਨਾਂ ਕਿਸੇ ਖ਼ਾਸ ਵਿਸ਼ੇਸ਼ਣ ਦੇ ਖ਼ੁਦ ਨੂੰ ਹੋਰਨਾਂ ਲੋਕਾਂ ਨਾਲੋਂ ਵੱਧ ‘ਮਹਾਨ’ ਦਰਸਾਉਣ ਵਾਲਾ ਵਿਅਕਤੀ ਚੰਗਿਆਈ ਦੇ ਨੇੜੇ-ਤੇੜੇ ਵੀ ਨਹੀਂ ਹੁੰਦਾ - ਭਾਵੇਂ ਸਮਾਜ ਵਿਚ ਉਸਦਾ ਅਕਸ ਜਿਹੋ ਜਿਹਾ ਮਰਜ਼ੀ ਪ੍ਰਭਾਵਸ਼ਾਲੀ ਹੋਵੇ। ਗੁਰਬਾਣੀ ਦਾ ਫੁਰਮਾਨ ਹੈ :

ਆਪਸ ਕਉ ਜੋ ਭਲਾ ਕਹਾਵੈ।।
ਤਿਸਹਿ ਭਲਾਈ ਨਿਕਟਿ ਨ ਆਵੈ।।
(278)

ਪਰ ਸਵਾਲ ਇਹ ਹੈ ਕਿ ਗੁਰਬਾਣੀ ਜਾਂ ਇਤਿਹਾਸਕ ਸ੍ਰੋਤਾਂ ਮੁਤਾਬਿਕ ਅਜਿਹੀ ਕੋਈ ਜਾਣਕਾਰੀ ਮਿਲਦੀ ਹੈ ਕਿ ਨਾਨਕ ਜੀ ਨੇ ਸਿੱਧੇ ਜਾਂ ਅਸਿੱਧੇ ਤਰੀਕੇ ਲੋਕਾਂ ਨੂੰ ਕਿਹਾ ਹੋਵੇ ਕਿ ਤੁਸੀਂ ਮੈਨੂੰ ‘ਗੁਰੂ’ ਵਿਸ਼ੇਸ਼ਣ ਨਾਲ ਹੀ ਸੰਬੋਧਿਤ ਕਰੋ? ਜਿਵੇਂ ਪਖੰਡੀ ਸਾਧ-ਬਾਬੇ ਆਪਣੇ ਡੇਰਿਆਂ ਅਤੇ ਪ੍ਰਚਾਰ-ਸਮੱਗਰੀ ਉੱਤੇ ‘‘ਡੇਰਾ ਸੰਤ ਬਾਬਾ ... ਸਿੰਘ ਜੀ’ ਜਾਂ ‘ਸ੍ਰੀਮਾਨੀ 108 ਸੰਪੂਰਨ ਬ੍ਰਹਗਿਆਨੀ ਸੰਤ ਬਾਬਾ ... ਸਿੰਘ ਜੀ’’ ਜਿਹੇ ਵਿਸ਼ੇਸ਼ਣ ਵਰਤ ਕੇ ਅਤੇ ਆਪਣੇ ਤਨਖ਼ਾਹਦਾਰ ਚੇਲਿਆਂ ਦੇ ਪ੍ਰਚਾਰ ਰਾਹੀਂ ਲੋਕਾਂ ਨੂੰ ਪ੍ਰਭਾਵਿਤ ਕਰਨ ਅਤੇ ਖ਼ੁਦ ਨੂੰ ਬਹੁਤ ਉੱਚੀ-ਪੱਧਰ ਦਾ ਧਾਰਮਕ ਅਵਤਾਰ ਦਰਸਾਉਣ ਦੀਆਂ ਕੋਸ਼ਿਸ਼ਾਂ ਕਰਦੇ ਹੋ, ਕੀ ਗੁਰੂ ਨਾਨਕ ਸਾਹਿਬ ਨੇ ਅਜਿਹਾ ਕੋਈ ਕਦਮ ਚੁੱਕਿਆ? ਨਹੀਂ, ਬਲਕਿ ਗੁਰੂ ਨਾਨਕ ਸਾਹਿਬ ਨੇ ਖ਼ੁਦ ਨੂੰ ਨਿਮਰਤਾ ਨਾਲ ‘ਨੀਚ’, ‘ਧਾਣਕ’, ‘ਸਾਇਰ’ (ਸ਼ਾਇਰ, ਕਵੀ) ਆਦਿਕ ਵਿਸ਼ੇਸ਼ਣਾਂ ਨਾਲ ਸੰਬੋਧਿਤ ਕੀਤਾ? ਕੀ ਕੋਈ ਸਿੱਖ ਨਾਨਕ ਜੀ ਨੂੰ ਅਜਿਹੇ ਵਿਸ਼ੇਸ਼ਣਾਂ ਨਾਲ ਸੰਬੋਧਿਤ ਕਰਨਾ ਚਾਹੇਗਾ?

ਗੱਲ ਸਿਰਫ਼ ਏਨੀ ਹੈ ਕਿ ਪਰਮਾਤਮਾ ਦੇ ਸੱਚੇ ਗੁਣਾਂ ਨੂੰ ਮਹਿਸੂਸ ਕਰਕੇ, ਉਸ ਬਾਬਤ ਸਪਸ਼ਟ ਵਿਚਾਰਧਾਰਾ ਮਨੁੱਖਤਾ ਸਾਹਮਣੇ ਪੇਸ਼ ਕਰਨ ਕਰਕੇ ਸਾਡੇ ਵਰਗੇ ਅਗਿਆਨੀ ਮਨੁੱਖ ਨਾਨਕ ਨੂੰ ਆਪਣਾ ਰਹਿਨੁਮਾ ਮੰਨਦੇ ਹੋਏ (ਧਾਰਮਕ) ਗੁਰੂ ਵਜੋਂ ਸੰਬੋਧਿਤ ਕਰਦੇ ਹਾਂ। ਇਹ ਵੀ ਗੌਰਤਲਬ ਹੈ ਕਿ ਹਿੰਦੀ ਭਾਸ਼ਾ ਬੋਲਣ ਵਾਲੇ ਖੇਤਰਾਂ ਜਿਵੇਂ ਹਰਿਆਣਾ, ਯੂ.ਪੀ., ਬਿਹਾਰ ਆਦਿਕ ਵਿਚ ਸਕੂਲਾਂ ਦੇ ਵਿਦਿਆਰਥੀ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਨੂੰ (ਵਿਸ਼ੇ ਦੇ) ‘ਗੁਰੂ’ ਵਜੋਂ ਸੰਬੋਧਿਤ ਕਰਦੇ ਹਨ। ਅੱਜ ਤੱਕ ਕਿਸੇ ਵਿਦਿਆਰਥੀ ਨੇ ਅਜਿਹਾ ਨਹੀਂ ਕਿ ਗਣਿਤ, ਸਾਇੰਸ ਆਦਿਕ ਵਿਸ਼ਿਆਂ ਦੇ ਸਿਧਾਂਤ ਤਾਂ ਸ੍ਰਿਸ਼ਟੀ ਦੀ ਸਿਰਜਨਾ ਦੇ ਸਮੇਂ ਤੋਂ ਹੀ (ਬਲਕਿ ਉਸ ਤੋਂ ਪਹਿਲਾਂ ਤੋਂ ਵੀ) ਕਾਇਮ ਸਨ, ਇਸਲਈ ਇਨ੍ਹਾਂ ਸਿਧਾਂਤਾਂ ਨੂੰ ਸਮਝਾਉਣ ਵਾਲੇ ਗਿਆਨਵਾਨ ਨੂੰ (ਵਿਸ਼ੇ ਦਾ) ‘ਗੁਰੂ’ ਕਿਉਂ ਕਿਹਾ ਜਾਏ? ਇਹ ਵੀ ਗੌਰਤਲਬ ਹੈ ਕਿ ਅਜਿਹੇ ਅਧਿਆਪਕ ਸਿਰਫ਼ ਵਿਸ਼ੇ ਨੂੰ ਸਮਝਾਉਂਦੇ ਹਨ (ਪ੍ਰਚਾਰਦੇ ਹਨ), ਤਾਂ ਵੀ ਉਨ੍ਹਾਂ ਨੂੰ ਗੁਰੂ ਵਜੋਂ ਸੰਬੋਧਿਤ ਕੀਤਾ ਜਾਂਦਾ ਹੈ ਪਰ ਗੁਰੂ ਨਾਨਕ ਸਾਹਿਬ ਨੇ ਸਾਨੂੰ ਰੱਬੀ ਗੁਣਾਂ ਬਾਰੇ ਸਮਝਾਇਆ ਮਾਤਰ ਨਹੀਂ ਸੀ ਬਲਕਿ ਖ਼ੁਦ ਉਨ੍ਹਾਂ ਦੀ ਖੋਜ ਕੀਤੀ ਅਤੇ ਪਹਿਲਾਂ ਆਪਣੇ ਅੰਦਰ ਧਾਰਿਆ। ਫਿਰ, ਉਨ੍ਹਾਂ ਨੂੰ ‘ਗੁਰੂ’ ਕਿਉਂ ਨਹੀਂ ਕਿਹਾ ਜਾਣਾ ਚਾਹੀਦਾ? ਜੇਕਰ ਗੁਰੂ ਨਾਨਕ ਸਾਹਿਬ ਨੇ ਨਿਮਰਤਾ ਦੇ ਗੁਣ ਕਾਰਨ ਖ਼ੁਦ ਨੂੰ ‘ਗੁਰੂ’ ਨਹੀਂ ਕਿਹਾ, ਤਾਂ ਇਸਦਾ ਅਰਥ ਇਹ ਨਹੀਂ ਕਿ ਅਸੀਂ ਅਗਿਆਨਤਾ, ਹਉਮੈ ਅਤੇ ਜ਼ਿੱਦ ਦੇ ਔਗੁਣਾਂ ਕਾਰਨ ਅਸੀਂ ਉਨ੍ਹਾਂ ਨੂੰ ‘ਗੁਰੂ’ ਮੰਨਣ ਤੋਂ ਇਨਕਾਰੀ ਹੋ ਜਾਈਏ? ਅਜਿਹਾ ਕਰਨਾ ਨਿਰਾ ‘ਜਿਸ ਥਾਲ ਵਿਚ ਖਾਣਾ, ਉਸੇ ਵਿਚ ਛੇਕ ਕਰਨ’ ਤੁੱਲ ਹੋਵੇਗਾ।

ਗੁਰੂ ਨਾਨਕ ਸਾਹਿਬ ਨੇ ਖ਼ੁਦ ਨੂੰ ਗੁਰੂ ਨਹੀਂ ਕਿਹਾ ਪਰ ਉਨ੍ਹਾਂ ਦੇ ਸਮੇਂ ਦੇ ਸਿੱਖ ਬਲਕਿ ਉਨ੍ਹਾਂ ਤੋਂ ਗਿਆਨ ਪ੍ਰਾਪਤ ਕਰਕੇ ਖ਼ੁਦ ਗੁਰੂ ਰੂਪ ਬਣਨ ਵਾਲੇ ਮਹਾਂਪੁਰਖ ਵੀ ਉਨ੍ਹਾਂ ਨੂੰ ‘ਗੁਰੂ’ ਹੀ ਕਹਿੰਦੇ ਸਨ। ਇਸ ਤੱਥ ਦੀ ਤਸਦੀਕ ਕਈ ਇਤਿਹਾਸਕ ਤੱਥਾਂ (ਜਿਵੇਂ ਭਾਈ ਗੁਰਦਾਸ, ਭਾਈ ਨੰਦ ਲਾਲ ਸਿੰਘ ਜੀ ਅਤੇ ਹੋਰ ਕਈ ਸਮਕਾਲੀ ਸਿੱਖਾਂ ਦੀਆਂ ਲਿਖਤਾਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਚਲਾਏ ਗਏ ਸਿੱਕਿਆਂ ’ਤੇ ਉਕਰੀ ਇਬਾਰਤ) ਤੋਂ ਹੁੰਦੀ ਹੈ ਪਰ ‘ਪਰਵਾਰ’ ਦਾ ਕਹਿਣਾ ਹੈ ਕਿ ਸਿੱਖ ਇਤਿਹਾਸ ਵਿਚ ਮਿਲਾਵਟ ਹੋਣ ਕਾਰਨ, ਗੁਰੂ ਪਦ ਬਾਰੇ ਚਰਚਾ ਵਿਚ ਇਤਿਹਾਸਕ ਤੱਥਾਂ ਨੂੰ ਅਧਾਰ ਨਹੀਂ ਬਣਾਇਆ ਜਾ ਸਕਦਾ। ਵੀਰ ਜੀ, ਇਤਿਹਾਸ ਵਿਚ ਮਿਲਾਵਟ ਤਾਂ ਹੈ ਪਰ ਇਸਦਾ ਅਰਥ ਇਹ ਨਹੀਂ ਹੈ ਕਿ ਅਸੀਂ ਸਾਰੇ ਇਤਿਹਾਸ ਦੇ ਪ੍ਰਮਾਣਿਕ ਹਵਾਲਿਆਂ ਨੂੰ ਵੀ ਰੱਦ ਕਰ ਦੇਈਏ। ਜੇਕਰ ਇਤਿਹਾਸਕ ਸਾਖੀਆਂ ਵਿਚਲੀ ਪ੍ਰਚਾਰੀ ਗਈ ਬ੍ਰਾਹਮਣਵਾਦੀ ਰੰਗਤ ਅਤੇ ਮਨਮਤੀ ਸਾਖੀਆਂ ਬਾਰੇ ਭ੍ਰਮ ਨੂੰ ਦੂਰ ਕਰਨ ਦੀ ਬਜਾਏ ਪੂਰਾ ਇਤਿਹਾਸ ਹੀ ਰੱਦ ਕਰ ਦਿੱਤਾ ਜਾਂਦਾ ਹੈ ਤਾਂ ਭਵਿੱਖ ਵਿਚ ਤੁਹਾਡੇ ਵਰਗੇ ਸਿਆਣੇ ਸੱਜਣ ਇਹ ਸਵਾਲ ਵੀ ਚੁੱਕ ਸਕਦੇ ਹਨ ਕਿ ਸਾਡੇ ਕੋਲ ਅਜਿਹਾ ਕਿਹੜਾ ਠੋਸ ਸਬੂਤ ਹੈ ਕਿ ਨਾਨਕ ਨਾਂ ਦੇ ਕਿਸੇ ਵਿਅਕਤੀ ਨੇ ਸੱਚ ਦੀ ਵਿਚਾਰਧਾਰਾ ਦਾ ਪ੍ਰਗਟਾਵਾ ਕੀਤਾ ਸੀ? (ਨੋਟ : ਤੁਹਾਡੇ ਹੀ ਵਰਗੇ ਇਕ ਸੰਪਾਦਕ ਵੱਲੋਂ ਇਹ ਸਵਾਲ ਪਹਿਲਾਂ ਹੀ ਚੁੱਕਿਆ ਜਾ ਚੁੱਕਾ ਹੈ ਕਿ ਸਿੱਖਾਂ ਕੋਲ ਅਜਿਹਾ ਕਿਹੜਾ ਸਬੂਤ ਹੈ ਕਿ ਨਾਨਕ ਪਾਤਸ਼ਾਹ ਨੇ ਆਪਣੇ ਹੱਥੀਂ ਗੁਰਗੱਦੀ ਕਿਸੇ ਹੋਰ ਵਿਅਕਤੀ ਨੂੰ ਦਿੱਤੀ ਸੀ - ਕਿਉਂਕਿ ਨਾਨਕ ਸਾਹਿਬ ਤਾਂ ਗੱਦੀ ਪਰੰਪਰਾ ਚਲਾ ਕੇ ਡੇਰਾਵਾਦ ਸਥਾਪਿਤ ਕਰਨਾ ਹੀ ਨਹੀਂ ਚਾਹੁੰਦੇ ਸਨ !!)

ਬਿਨਾਂ ਸ਼ੱਕ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਚੰਗਾ, ਮਹਾਨ ਜਾਂ ਗੁਰੂ ਆਦਿਕ ਨਹੀਂ ਅਖਵਾਇਆ। ਪਰ ਉਨ੍ਹਾਂ ਦੇ ਜੀਵਨ ਅਤੇ ਵਿਚਾਰਧਾਰਾ ਤੋਂ ਮਿਲਦੀ ਜਾਣਕਾਰੀ ਮੁਤਾਬਿਕ ਉਹ ਸੱਚੇ ਰੱਬੀ ਗੁਣਾਂ ਦੀ ਖੋਜ ਅਤੇ ਉਨ੍ਹਾਂ ਧਾਰਨ ਕਰਨ ਵਾਲੇ ਪਹਿਲੇ ਮਹਾਂਪੁਰਖ ਸਨ। ਕੀ ਤੁਸੀਂ ਇਸ ਤੱਥ ਨਾਲ ਸਹਿਮਤ ਹੋ? ਜੇਕਰ ਨਹੀਂ, ਤਾਂ ਫਿਰ ਤੁਹਾਡੇ ਨਾਲ ਚਰਚਾ ਦਾ ਕੋਈ ਲਾਭ ਨਹੀਂ ਕਿਉਂਕਿ ਇਸਦਾ ਅਰਥ ਇਹੀ ਹੈ ਕਿ ਤੁਸੀਂ ਵੀ ਨਾਨਕ ਸਾਹਿਬ ਨੂੰ ਸਾਡੇ-ਤੁਹਾਡੇ ਵਰਗਾ ਇਕ ਆਮ ਜਿਹੀ ਸੂਝਬੂਝ ਤੇ ਕਿਰਦਾਰ ਵਾਲਾ ਵਿਅਕਤੀ ਸਮਝਦੇ ਹੋ। ਜੇਕਰ ਹਾਂ, ਤਾਂ ਕ੍ਰਿਪਾਲਤਾ ਕਰਕੇ ਇਹ ਦੱਸਣ ਦੀ ਖੇਚਲ ਕਰੋ ਕਿ ਅਜਿਹੇ ਮਹਾਂਪੁਰਖ ਨੂੰ ਆਪਣਾ ‘ਗੁਰੂ’ ਮੰਨ ਕੇ ਉਨ੍ਹਾਂ ਦੀ ਵਿਚਾਰਧਾਰਾ ਤੋਂ ਸਿੱਖਿਆ ਲੈਣਾ ਕਿਵੇਂ ਗਲਤ ਹੈ?

ਆਪ ਜੀ ਵਰਗੇ ਸੂਝਵਾਨ ਸੱਜਣ ਗੁਰੂ ਨਾਨਕ ਸਾਹਿਬ ਨੂੰ ‘ਪਾਤਸ਼ਾਹ’ ਕਹਿ ਕੇ ਸੰਬੋਧਿਤ ਕਰਦੇ ਹਨ ਜਦਕਿ ਇਕ ਹੋਰ ਸੰਪਾਦਕ ਉਨ੍ਹਾਂ ਨੂੰ ਸਿਰਫ਼ ‘ਬਾਬਾ’ ਕਹਿਣ ਦੇ ਹੱਕ ਵਿਚ ਹੈ। ਪਰ ਪਰਮ ਕ੍ਰਿਪਾਲੂ ਜੀਓ, ਆਪ ਵੀ ਜਾਣਦੇ ਹੋ ਕਿ ਦੁਨੀਆ ਵਿਚ ਪਾਤਸ਼ਾਹਾਂ (ਬਾਦਸ਼ਾਹਾਂ) ਦੀ ਕੋਈ ਕਮੀ ਨਹੀਂ ਅਤੇ ਨਾਨਕ ਸਾਹਿਬ ਕੋਈ ਪਾਤਸ਼ਾਹ ਨਹੀਂ ਬਲਕਿ ਖੇਤੀਬਾੜੀ ਕਰਨ ਵਾਲੇ, ਆਰਥਕ ਪੱਖੋਂ ਆਮ ਸਤਰ ਦਾ ਜੀਵਨ ਬਤੀਤ ਕਰਨ ਵਾਲੇ ਮਹਾਂਪੁਰਖ ਸਨ। ਜਿਥੋਂ ਤੱਕ ਬਾਬਾ ਦੀ ਗੱਲ ਹੈ, ਭਾਰਤੀ ਸਮਾਜ ਵਿਚ ਤਾਂ ਲਗਭਗ ਹਰ ਬਜ਼ੁਰਗ ਵਿਅਕਤੀ ਨੂੰ ‘ਬਾਬਾ’ ਕਹਿ ਕੇ ਹੀ ਸੰਬੋਧਿਤ ਕੀਤਾ ਜਾਂਦਾ ਹੈ। ਕੀ ਗੁਰੂ ਨਾਨਕ ਸਾਹਿਬ ਵੀ ਸਾਡੇ ਸਮਾਜ ਦੇ ਆਮ ਬਜ਼ੁਰਗਾਂ ਵਾਂਗ ਹੀ ਸਨ, ਜੋ ਉਹ ਸਿਰਫ਼ ਇਸੇ ਵਿਸ਼ੇਸ਼ਣ ਦੇ ਲਾਇਕ ਹਨ?

ਵੀਰ ਜੀਓ, ਇਕ ਬੇਨਤੀ ਹੋਰ ਹੈ। ਸੱਚਾ ਖੋਜੀ ਸਿਰਫ਼ ਖੋਜ ਕਰਦਾ ਹੈ, ਆਪਣੀ ਵਡਿਆਈ ਖ਼ੁਦ ਨਹੀਂ ਕਰਦਾ। ਪਰ ਉਸ ਵੱਲੋਂ ਕੀਤੀ ਗਈ ਖੋਜ ਦੇ ਅਧਾਰ ’ਤੇ ਹੀ ਸਮਾਜ ਉਸ ਖੋਜੀ ਨੂੰ ਕੋਈ ਉਪਾਧੀ ਦਿੰਦੀ ਹੈ। ਮਿਸਾਲ ਵਜੋਂ, ਜਦ ਕੋਈ ਸਾਇੰਸ ਦਾ ਵਿਦਿਆਰਥੀ ਸਾਇੰਸ ਦੇ ਖੇਤਰ ਵਿਚ ਕੋਈ ਨਵੀਂ ਲਾਭਦਾਇਕ ਖੋਜ ਕਰ ਲੈਂਦਾ ਹੈ, ਤਾਂ ਉਸਨੂੰ ਪੀ.ਐਚ.ਡੀ. ਦੀ ਡਿਗਰੀ ਅਤੇ ‘ਸਾਇੰਟਿਸਟ’ ਦੀ ਉਪਾਧੀ ਨਾਲ ਨਿਵਾਜਿਆ ਜਾਂਦਾ ਹੈ - ਅਜਿਹਾ ਖੋਜੀ ਖ਼ੁਦ ਇਹ ਮੰਗ ਨਹੀਂ ਕਰਦਾ ਕਿ ਮੈਨੂੰ ਸਾਇੰਟਿਸਟ ਕਹਿ ਕੇ ਬੁਲਾਇਆ ਜਾਵੇ। ਪਰ ਉਸ ਖੋਜਾਰਥੀ ਦੀ ਖੋਜ ਪ੍ਰਤੀ ਸਤਿਕਾਰ ਪ੍ਰਗਟ ਕਰਨ ਲਈ ਸਮਾਜ ਉਸਨੂੰ ਵਿਸ਼ੇਸ਼ ਉਪਾਧੀ ਨਾਲ ਸਨਮਾਨਿਤ ਕਰਦਾ ਹੈ। ਇਸੇ ਤਰ੍ਹਾਂ, ਗੁਰੂ ਨਾਨਕ ਸਾਹਿਬ ਨੇ ਵੀ ਰੱਬੀ ਗੁਣਾਂ ਅਤੇ ਨੇਮਾਂ ਦੀ ਖੋਜ ਕਰਕੇ ਗੁਰਬਾਣੀ ਰੂਪ ਵਿਚ ਜਿਨ੍ਹਾਂ ਸਿਧਾਂਤਾਂ ਨੂੰ ਸਾਡੇ ਸਾਹਮਣੇ ਪੇਸ਼ ਕੀਤਾ, ਉਨ੍ਹਾਂ ਕਾਰਨ ਹੀ ਅਸੀਂ ਉਨ੍ਹਾਂ ਨੂੰ ‘ਗੁਰੂ’ ਕਹਿ ਕੇ ਪੁਕਾਰਦੇ ਹਾਂ, ਹਾਲਾਂਕਿ ਉਨ੍ਹਾਂ ਅਜਿਹਾ ਕਰਨ ਲਈ ਸਾਨੂੰ ਆਖਿਆ ਨਹੀਂ। ਜਿਵੇਂ ਸਾਇੰਸ ਪੜ੍ਹਾਉਣ ਵਾਲੇ ਅਧਿਆਪਕ ਨੂੰ ਸਾਇੰਟਿਸਟ ਨਹੀਂ ਕਿਹਾ ਜਾਂਦਾ (ਹਾਲਾਂਕਿ ਦੇਸੀ ਭਾਸ਼ਾ ਵਿਚ ਉਸਨੂੰ ‘ਗੁਰੂ’ ਕਹਿ ਕੇ ਜ਼ਰੂਰ ਸੰਬੋਧਿਤ ਕੀਤਾ ਜਾਂਦਾ ਹੈ), ਉਸੇ ਤਰ੍ਹਾਂ ਗੁਰਬਾਣੀ ਵਿਚੋਂ ਪੜ੍ਹ ਕੇ ਰੱਬੀ ਗੁਣਾਂ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਲੇਖਕ ਜਾਂ ਪ੍ਰਚਾਰਕ ਤਾਂ ਕਿਹਾ ਜਾਂਦਾ ਹੈ ਪਰ ਗੁਰੂ ਨਹੀਂ (ਕਿਉਂਕਿ ਉਸਨੇ ਸਿਧਾਂਤ ਦੀ ਖੋਜ ਨਹੀਂ ਕੀਤੀ ਅਤੇ ਬਹੁਤੇ ਹਾਲਾਤ ਵਿਚ ਖ਼ੁਦ ਵੀ ਸਾਰੇ ਸਿਧਾਂਤਾਂ/ਗੁਣਾਂ ਨੂੰ ਆਪਣੀ ਜ਼ਿੰਦਗੀ ਵਿਚ ਅਪਣਾਇਆ ਨਹੀਂ ਹੁੰਦਾ ਜਦਕਿ ਨਾਨਕ ਨੇ ਰੱਬੀ ਗੁਣਾਂ ਅਤੇ ਸਿਧਾਂਤਾਂ ਦੀ ਖੋਜ ਕਰਨ ਦੇ ਇਲਾਵਾ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਅਪਣਾਇਆ ਵੀ)।

- - - - -

‘ਪਰਵਾਰ’ ਨੇ ਚੌਥਾ ਨੁਕਤਾ ਇਹ ਪੇਸ਼ ਕੀਤਾ ਹੈ ਕਿ ਸ਼ਰੀਰ (ਦੇਹਧਾਰੀ) ਗੁਰੂ ਨਹੀਂ ਹੁੰਦਾ। ਇਸ ਨੁਕਤੇ ਦੇ ਹੱਕ ਵਿਚ ਪਰਵਾਰ ਵੱਲੋਂ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਜਿਵੇਂ ਗੁਰੂ ਨਾਨਕ ਸਾਹਿਬ ਦਾ ਗੁਰੂ ‘ਸ਼ਬਦ’ ਸੀ, ਉਸੇ ਤਰ੍ਹਾਂ ਸਿੱਖਾਂ ਨੂੰ ਵੀ ਸ਼ਬਦ ਨੂੰ ਹੀ ਅਪਣਾ ਗੁਰੂ ਮੰਨਣਾ ਚਾਹੀਦਾ ਹੈ। (ਨੋਟ : ਇਨ੍ਹਾਂ ਵੀਰਾਂ ਤੋਂ ਵੀ ਅਗਾਂਹ-ਵੱਧੂ ਵਿਚਾਰਧਾਰਾ ਵਾਲੇ ਇਕ ਸੰਪਾਦਕ ਜੀ ਦਾ ਕਹਿਣਾ ਹੈ ਕਿ ਉਹ ਸ਼ਬਦ ਤਾਂ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਹੀ ਨਹੀਂ ਕਿਉਂਕਿ ਪਰਮਾਤਮਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਪਹਿਲਾਂ ਵੀ ਹੋਂਦ ਵਿਚ ਸੀ)।

ਵੀਰ ਜੀਓ, ਆਪਜੀ ਦਾ ਨੁਕਤਾ ਬਿਲਕੁਲ ਦਰੁਸਤ ਹੈ ਕਿ ਸ਼ਰੀਰ ਗੁਰੂ ਨਹੀਂ ਹੁੰਦਾ। ਪਰ ਕ੍ਰਿਪਾਲਤਾ ਕਰਕੇ ਇਹ ਤਾਂ ਦੱਸੋ ਕਿ ਸਿੱਖਾਂ ਨੇ ਨਾਨਕ ਦੇ ਸ਼ਰੀਰ ਨੂੰ ਗੁਰੂ ਕਦੋਂ ਮੰਨਿਆ? ਕੀ ਸਿੱਖਾਂ ਨੇ ਗੁਰੂ ਨਾਨਕ ਸਾਹਿਬ ਦੇ ਸ਼ਰੀਰ ਦੀ ‘ਮਮੀ’ ਬਣਾ ਕੇ ਉਸਦੀ ਪੂਜਾ ਕਰਨੀ ਅਰੰਭ ਕਰ ਦਿੱਤੀ? ਜਾਂ ਕਦੇ ਇਹ ਐਲਾਨ ਕੀਤਾ ਕਿ ਨਾਨਕ ਦੀ ਵਿਚਾਰਧਾਰਾ ਨਹੀਂ, ਉਸਦਾ ਸ਼ਰੀਰ ਹੀ ਸਾਡਾ ਗੁਰੂ ਹੈ? ਇਹ ਠੀਕ ਹੈ ਕਿ ਕੁਝ ਭੁੱਲੜ (ਜਾਂ ਆਰ.ਐਸ.ਐਸ. ਆਦਿਕ ਸ਼ਕਤੀਆਂ ਵੱਲੋਂ ਗੁੰਮਰਾਹ ਕੀਤੇ ਜਾ ਰਹੇ) ਸਿੱਖ ਗੁਰੂ ਨਾਨਕ ਸਾਹਿਬ ਦੀਆਂ ਤਸਵੀਰਾਂ ਜਾਂ ਬੁਤਾਂ ਅੱਗੇ ਧੂਫ, ਹਾਰ ਆਦਿਕ ਨਾਲ ਉਨ੍ਹਾਂ ਦੀ ਪੂਜਾ ਕਰਨ ਦਾ ਅਗਿਆਨਤਾ ਪੂਰਨ ਕਰਮਕਾਂਡ ਕਰਦੇ ਹਨ ਪਰ ਲੋੜ ਤਾਂ ਉਨ੍ਹਾਂ ਭੁੱਲੜ ਵੀਰਾਂ ਨੂੰ ਸਮਝਾਉਣ ਦੀ ਹੈ - ਇਨ੍ਹਾਂ ਭੁੱਲੜ ਵੀਰਾਂ ਦੀ ਗਲਤੀ ਕਾਰਨ ਗੁਰੂ ਨਾਨਕ ਸਾਹਿਬ ਨੂੰ ਗੁਰੂ ਮੰਨਣ ਤੋਂ ਇਨਕਾਰੀ ਹੋਣ ਦੀ ਨਹੀਂ। ਗੌਰਤਲਬ ਹੈ ਕਿ ਅਜੋਕੇ ਸਮੇਂ ਵਿਚ ਕਈ ਸਿੱਖ ਅਤੇ ਗੁਰਦੁਆਰਾ ਪ੍ਰਬੰਧਕ ਗੁਰੂ ਗ੍ਰੰਥ ਸਾਹਿਬ ਨੂੰ ਵੀ (ਗਰਮੀਆਂ ਵਿਚ ਏ.ਸੀ., ਸਰਦੀਆਂ ਵਿਚ ਕੰਬਲ ਆਦਿਕ ਦੇ ਕੇ) ਮੂਰਤੀਆਂ ਵਾਂਗ ਪੂਜਣ ਲੱਗ ਪਏ ਹਨ। ਮੁੜ ਤੋਂ, ਲੋੜ ਇਨ੍ਹਾਂ ਧਿਰਾਂ ਨੂੰ ਸਮਝਾਉਣ ਦੀ ਹੈ ਜਾਂ (ਇਹ ਬਹਾਨਾ ਬਣਾ ਕੇ ਕਿ ਸਿੱਖ ਤਾਂ ਗੁਰੂ ਗ੍ਰੰਥ ਸਾਹਿਬ ਦੀ ਮੂਰਤੀ ਪੂਜਾ ਕਰਦੇ ਹਨ) ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਤੋਂ ਇਨਕਾਰੀ ਹੋਣ ਦੀ?

ਇਹ ਵੀ ਗੌਰਤਲਬ ਹੈ ਕਿ ‘ਪਰਵਾਰ’ ਦਾ ਬੜਾ ਸਪਸ਼ਟ ਵਿਚਾਰ ਹੈ ਕਿ ਗੁਰੂ ਗ੍ਰੰਥ ਸਾਹਿਬ ਨਾਮ ਦੇ ਗ੍ਰੰਥ ਵਿਚ ਦਰਜ ਵਿਚਾਰਧਾਰਾ ਹੀ ਗੁਰੂ ਹਨ, ਕਾਗਜ਼ ਜਾਂ ਸਿਆਹੀ ਨਹੀਂ। ਬਿਲਕੁਲ ਠੀਕ ਵੀਰ ਜੀਓ। ਪਰ ਜਿਵੇਂ ਇਹ ਵਿਚਾਰਧਾਰਾ ਮੌਜੂਦਾ ਸਮੇਂ ਵਿਚ ਕਾਗਜ਼ ਦੇ ਗ੍ਰੰਥ ਜਾਂ ਸੀ.ਡੀਆਂ ਆਦਿਕ ਦੇ ਰੂਪ ਵਿਚ ਪ੍ਰਗਟ ਹੋ ਰਹੀ ਹੈ (ਵਿਚਾਰਧਾਰਾ ਨੂੰ ਪ੍ਰਗਟ ਹੋਣ ਲਈ ਕੋਈ ਸਥੂਲ ਮਾਧਿਅਮ ਤਾਂ ਚਾਹੀਦਾ ਹੀ ਹੈ ਨਾ), ਉਸੇ ਤਰ੍ਹਾਂ ਪਹਿਲਾਂ-ਪਹਿਲ ਗੁਰੂ ਨਾਨਕ ਸਾਹਿਬ ਦੇ ਸਮੇਂ ਇਹ ਵਿਚਾਰਧਾਰਾ ਉਨ੍ਹਾਂ ਦੇ ਪਵਿੱਤਰ ਮੁੱਖ ਤੋਂ ਪ੍ਰਗਟ ਕੀਤੀ ਗਈ ਸੀ। ਜਿਵੇਂ ਕਾਗਜ਼ ’ਤੇ ਦਰਜ ਹੋਣ ਦੇ ਬਾਵਜੂਦ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਗੁਰੂ ਮੰਨਿਆ ਜਾਂਦਾ ਹੈ, ਉਸੇ ਤਰ੍ਹਾਂ ਸ਼ਰੀਰ ਵਿਚੋਂ ਪ੍ਰਗਟ ਹੋਣ ਦੇ ਬਾਵਜੂਦ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਗੁਰੂ ਕਿਉਂ ਨਹੀਂ ਮੰਨਿਆ ਜਾ ਸਕਦਾ? ਜੇਕਰ ਆਪਜੀ ਵਰਗੇ ਸੂਝਵਾਨਾਂ ਵਿਚ ਕਾਗਜ਼ ਅਤੇ ਵਿਚਾਰਧਾਰਾ ਵਿਚਲਾ ਅੰਤਰ ਸਮਝਣ ਦੀ ਸਮਰੱਥਾ ਹੈ ਤਾਂ ਸ਼ਰੀਰ ਅਤੇ ਵਿਚਾਰਧਾਰਾ ਵਿਚਲੇ ਅੰਤਰ ਨੂੰ ਸਮਝਣ ਦੀ ਕਿਉਂ ਨਹੀਂ?

ਅਸਲ ਵਿਚ ਇਹ ‘ਦੇਹਧਾਰੀ’ ਵਾਲਾ ਹੀ ਨੁਕਤਾ ਹੈ, ਜਿਸਦਾ ਖੌਫ਼ ਸਿਰਜ ਕੇ ਸਿੱਖਾਂ ਨੂੰ ਨਾਨਕ ਨੂੰ ਗੁਰੂ ਮੰਨਣ ਤੋਂ ਰੋਕਿਆ ਜਾ ਰਿਹਾ ਹੈ। ਭਾਵ, ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜੇਕਰ ਅਸੀਂ ਨਾਨਕ ਨੂੰ ਗੁਰੂ ਕਹਾਂਗੇ, ਤਾਂ ਹੋਰਨਾਂ ਡੇਰੇਦਾਰਾਂ ਦੇ ਚੇਲਿਆਂ ਵੱਲੋਂ ਆਪਣੇ ਸਾਧਾਂ ਨੂੰ ਗੁਰੂ ਕਹਿਣ ਤੋਂ ਕਿਵੇਂ ਰੋਕ ਪਾਵਾਂਗੇ? ਪਰ ਸਮਝਣ ਵਾਲਾ ਨੁਕਤਾ ਇਹ ਹੈ ਕਿ (ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਗਈ ਹੈ) ਗੁਰੂ ਸਿਰਫ਼ ਪਰਮਾਤਮਾ ਨੂੰ ਨਹੀਂ ਕਿਹਾ ਗਿਆ ਬਲਕਿ ਰੱਬੀ ਗੁਣਾਂ ਦੀ ਖੋਜ ਕਰਕੇ ਉਨ੍ਹਾਂ ਨੂੰ ਧਾਰਨ ਕਰਨ ਵਾਲੇ ਮਹਾਂਪੁਰਖ (ਜਿਵੇਂ ਗੁਰੂ ਨਾਨਕ) ਨੂੰ ਸੱਚਾ ਜਾਂ ਸਤਿਗੁਰੂ ਅਤੇ ਅਜਿਹੇ ਸੱਚੇ ਇਨਸਾਨਾਂ ਦੀ ਨਕਲ ਕਰਕੇ ਪਖੰਡ ਦੀ ਦੁਕਾਨ ਚਲਾਉਣ ਵਾਲਿਆਂ ਨੂੰ ਵੀ ਝੂਠਾ ਜਾਂ ਅੰਨ੍ਹਾ ਗੁਰੂ ਹੀ ਕਿਹਾ ਗਿਆ ਹੈ:

ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ ||
ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ ||
ਕੂੜੁ ਕੁਸਤੁ ਕਮਾਵਦੇ ਪਰ ਨਿੰਦਾ ਸਦਾ ਕਰੇਨਿ ||
ਓਇ ਆਪਿ ਡੁਬੇ ਪਰ ਨਿੰਦਕਾ ਸਗਲੇ ਕੁਲ ਡੋਬੇਨਿ ||
ਨਾਨਕ ਜਿਤੁ ਓਇ ਲਾਏ ਤਿਤੁ ਲਗੇ ਉਇ ਬਪੁੜੇ ਕਿਆ ਕਰੇਨਿ ||2||
(951)

ਇਸਲਈ ਵੀਰ ਜੀ, ਡੇਰੇਦਾਰਾਂ ਦੇ ਚੇਲਿਆਂ ਨੇ ਵੀ ਆਪਣੇ ਸਾਧਾਂ ਨੂੰ ਗੁਰੂ ਕਹਿਣਾ ਹੀ ਹੈ ਅਤੇ ਸਮਾਜ ਵਿਚ ਨਿੱਤ ਨਵੇਂ ਨਕਲੀ ਗੁਰੂਆਂ ਨੇ ਆਪਣੀਆਂ ਦੁਕਾਨਾਂ ਸਥਾਪਿਤ ਕਰਦੇ ਹੀ ਰਹਿਣਾ ਹੈ। ਇਹ ਰਵਾਇਤ ਸਭ ਤੋਂ ਪਹਿਲਾਂ ਖ਼ੁਦ ਗੁਰੂ ਨਾਨਕ ਸਾਹਿਬ ਦੇ (ਕ)ਪੁੱਤਰ ਸ੍ਰੀ ਚੰਦ ਨੇ ਹੀ ਸ਼ੁਰੂ ਕੀਤੀ ਸੀ, ਜਿਸਨੇ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਤੇ ਉੱਚੀ-ਸੁੱਚੀ ਵਿਚਾਰਧਾਰਾ ਅਪਣਾਉਣ ਦੀ ਬਜਾਏ ਬ੍ਰਾਹਮਣਵਾਦੀਆਂ ਦੀ ਚੁੱਕ ਵਿਚ ਆ ਕੇ ‘ਉਦਾਸੀ’ ਮਤ ਸਥਾਪਿਤ ਕਰ ਦਿੱਤਾ ਸੀ। ਇਸੇ ਤਰ੍ਹਾਂ, ਗੁਰੂ ਤੇਗ ਬਹਾਦਰ ਜੀ ਦੇ ਸਮੇਂ ਵੀ ਬਕਾਲੇ ਵਿਖੇ ਦਰਜਨਾਂ ਨਕਲੀ ਗੁਰੂਆਂ ਨੇ ਆਪਣੀਆਂ ਦੁਕਾਨਾਂ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਨ੍ਹਾਂ ਦਾ ਜਾਗਰੁਕ ਸਿੱਖ ਭਾਈ ਮੱਖਣ ਸ਼ਾਹ ਲੁਬਾਣਾ ਨੇ ਪਛਾਣ ਕੇ ਪਰਦਾਫਾਸ਼ ਕੀਤਾ ਅਤੇ ‘ਸਤਿਗੁਰੂ’ ਬਾਰੇ ਸਿੱਖਾਂ ਨੂੰ ਜਾਣਕਾਰੀ ਦਿੱਤੀ। ਸੋ, ਦਾਸ ਦੀ ਤੁੱਛ ਬੁੱਧੀ ਮੁਤਾਬਿਕ ਸਾਡੀ ਬਿਰਤੀ ਭਾਈ ਮੱਖਣ ਸ਼ਾਹ ਲੁਬਾਣਾ ਵਾਲੀ (ਸੱਚੇ ਗੁਰੂ ਨੂੰ ਪਛਾਣਨ ਤੇ ਅਪਣਾਉਣ ਵਾਲੀ) ਹੋਣੀ ਚਾਹੀਦੀ ਹੈ, ਨਾਕਿ ਖ਼ੁਦ ਨੂੰ ਗੁਰੂ ਤੋਂ ਵੱਧ ਸਿਆਣੇ ਸਮਝ ਕੇ (ਹੋ ਸਕਦਾ ਹੈ ਕਿ ਆਪਜੀ ਗੁਰੂ ਨਾਨਕ ਸਾਹਿਬ ਤੋਂ ਵੀ ਵੱਧ ਸਿਆਣੇ ਹੋਵੋ, ਪਰ ਦਾਸ ਦੀ ਆਪਣੇ ਬਾਰੇ ਅਜਿਹੀ ਕੋਈ ਰਾਏ ਨਹੀਂ ਤੇ ਉਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਅਪਣਾ ਕੇ ਜੇਕਰ ਆਪਣੀ ਜ਼ਿੰਦਗੀ ਵਿਚ ਸਾਰੇ ਔਗੁਣਾਂ ਤੋਂ ਮੁਕਤ ਹੋ ਸਕੇ, ਤਾਂ ਇਹੀ ਉਸਦੀ ਖੁਸ਼ਕਿਸਮਤੀ ਹੋਵੇਗੀ) ਆਪਣਾ ਅਲੱਗ ਧੜਾ ਤਿਆਰ ਕਰਨ ਦੀ।

- - - - -

ਨੋਟ: 1) ਸਮੇਂ ਅਤੇ ਥਾਂ ਦੀ ਘਾਟ ਕਾਰਨ ਇਸ ਭਾਗ ਵਿਚ ਦਾਸ ਇਤਨੇ ਕੁ ਹੀ ਵਿਚਾਰ ਪੇਸ਼ ਕਰ ਰਿਹਾ ਹੈ। ਛੇਤੀ ਹੀ ਆਪ ਜੀ ਵੱਲੋਂ ਚੁੱਕੇ ਗਏ ਹੋਰਨਾਂ ਨੁਕਤਿਆਂ ਦਾ ਵੀ ਸਿਲਸਿਲੇਵਾਰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ। ਆਪ ਜੀ ਨੂੰ ਵੀ ਬੇਨਤੀ ਹੈ ਕਿ ਦਾਸ ਦੇ ਵਿਚਾਰ ਦਾ ਪ੍ਰਗਟਾਵਾ ਪੂਰਾ ਹੋ ਜਾਣ ਜਾਂ ਉਸ ਤੋਂ ਪਹਿਲਾਂ, ਜੇਕਰ ਆਪ ਦਾਸ ਦੇ ਵਿਚਾਰਾਂ ਦਾ ਖੰਡਨ ਕਰਨਾ ਚਾਹੋ, ਤਾਂ ਇਸ ਲਿਖਤ ਅਤੇ ਸ੍ਰ: ਜਸਬੀਰ ਸਿੰਘ ਕੈਲਗਰੀ ਵੱਲੋਂ ਆਪਜੀ ਦੀਆਂ ਲਿਖਤਾਂ ਬਾਰੇ ਪ੍ਰਗਟਾਏ ਜਾ ਚੁੱਕੇ ਵਿਚਾਰਾਂ ਦੇ ਸਿਲਸਿਲੇਵਾਰ ਹੀ ਜਵਾਬ ਦੇਣ ਦੀ ਖੇਚਲ ਕਰਨੀ ਜੀ। ਮੁੜ ਤੋਂ ਉਹੀ 4 ਜਾਂ ਵੱਧ ਨੁਕਤੇ ਨਵੇਂ ਸਿਰਿਓਂ ਪੇਸ਼ ਕਰਨਾ ਸਮੇਂ ਦੀ ਬਰਬਾਦੀ ਅਤੇ ਆਪਜੀ ਦੀ ਸੁਹਿਰਦਤਾ ਪ੍ਰਤੀ ਸਵਾਲੀਆ ਨਿਸ਼ਾਨ ਖੜਾ ਕਰ ਦੇਵੇਗਾ।

2) ਇਹ ਲੇਖ ਲਿਖੇ ਜਾਣ ਸਮੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ (ਯੂਥ ਐਂਡ ਐਜੂਕੇਸ਼ਨ ਵਿੰਗ) ਦੇ ਸੀਨੀਅਰ ਆਗੂ ਭਾਈ ਹਰਨਾਮ ਸਿੰਘ ਖ਼ਾਲਸਾ ਵੱਲੋਂ ਗੁਰਬਾਣੀ ਦੇ ਢੁਕਵੇਂ ਫੁਰਮਾਨਾਂ ਬਾਰੇ ਅਤੇ ਹੋਰ ਜਾਣਕਾਰੀ ਦਾ ਸਹਿਯੋਗ ਦਿੱਤੇ ਜਾਣ ਕਾਰਨ ਦਾਸ ਉਨ੍ਹਾਂ ਦਾ ਹਾਰਦਿਕ ਧੰਨਵਾਦੀ ਹੈ।