Subscription About Us Contact Us


ਗੰਗੂਕਿਆਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਦੇ ਨਾਂ ’ਤੇ ਸਿੱਖ ਇਤਿਹਾਸ ਨੂੰ ਬ੍ਰਾਹਮਣਵਾਦੀ ਰੰਗਤ ਦੇਣ ਦਾ ਨਾਪਾਕ ਜਤਨ

ਅਸੀਂ ਚਾਹੁੰਦੇ ਹਾਂ ਕਿ ਚੱਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਜ਼ਰੂਰ ਬਣੇ
ਪਰ ਇਹ ਸਿੱਖ ਇਤਿਹਾਸ, ਸਿੱਧਾਂਤਾਂ ਅਤੇ ਸਿੱਖ ਸਭਿਆਚਾਰ ਦੇ ਅਨੁਸਾਰ ਹੋਣੀ ਚਾਹੀਦੀ ਹੈ।
ਜੇਕਰ ਸਮਾਂ ਰਹਿੰਦਿਆਂ ਯਾਦਗਾਰ ਵਿੱਚਲੀਆਂ ਖਾਮੀਆਂ ਨੂੰ ਨਾ ਸੁਧਾਰਿਆ ਗਿਆ ਤਾਂ ਇਹ ਸਾਡੀ ਇਤਿਹਾਸਕ ਗਲਤੀ ਹੋਵੇਗੀ।

- ਭਾਈ ਹਰਦੀਪ ਸਿੰਘ -
ਮੈਂਬਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਫੋਨ : 9888353957)
ਅਤੇ
‘ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ ਸੰਘਰਸ਼ ਕਮੇਟੀ'

ਚੱਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ ਬਨਾਉਣ ਦੀ ਪਹਿਲ ਕਦਮੀ ਲਈ ਮੁੱਖ ਮੰਤਰੀ ਪੰਜਾਬ ਦੇ ਧੰਨਵਾਦੀ ਹਾਂ। ਪਹਿਲਾਂ ਇਸ ਥਾਂ ਤੇ ‘ਗਮਾਡਾ’ ਵੱਲੋਂ ਗੋਲਫ ਕੋਰਸ ਬਨਾਉਣ ਦੀ ਤਜਵੀਜ਼ ਸੀ। ਸ੍ਰ: ਬਾਦਲ ਨੂੰ 2008 ਵਿੱਚ ਮੇਲਾ ਗਰਾਊਂਡ ਵਿੱਚ ਸੰਗਤ ਦਰਸ਼ਨ ਸਮੇਂ ਇਸ ਇਤਿਹਾਸਕ ਥਾਂ ਉੱਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ (ਥੀਮ ਪਾਰਕ) ਬਨਾਉਣ ਦੀ ਸਾਡੇ ਵੱਲੋਂ ਕੀਤੀ ਗਈ ਮੰਗ ਕਿਸੇ ਹੱਦ ਤੱਕ ਪੂਰੀ ਹੋਈ ਹੈ।
ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਮੁਗਲ ਹਕੂਮਤ ਨੂੰ ਸ਼ਿਕਸਤ ਦੇਕੇ ਪਹਿਲੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਗਈ ਸੀ ਅਤੇ ਸੰਨ 2010 ਖਾਲਸਾ ਰਾਜ ਸਥਾਪਨਾ ਦੀ ਤੀਸਰੀ ਸ਼ਤਾਬਦੀ ਦਾ ਵਰ੍ਹਾ ਹੈ। ਇਸ ਸੰਬੰਧੀ ਯਾਦਗਾਰ ਦੇ ਹੁਣ ਤੱਕ ਦਰਸਾਏ ਗਏ ਪ੍ਰਾਜੈਕਟ ਤੋਂ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਇਹ ਯਾਦਗਾਰ ਇਮਾਰਤ ਰੂਪੀ ਐਸਾ ਸ਼ਰੀਰ ਤਿਆਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਰੂਹ ਨਹੀਂ ਹੋਵੇਗੀ।

ਇਸ ਯਾਦਗਾਰ ਦਾ ਨਾਮ ‘ਚਪੜਚਿੜੀ ਜੰਗੀ ਯਾਦਗਾਰ’ ਤੇ ਇਸ ਵਿਚਲੇ ਟਾਵਰ ਦਾ ਨਾਮ ‘ਫਤਹਿ ਮੀਨਾਰ’ ਰੱਖਿਆ ਗਿਆ ਹੈ। ਪਰ ਯਾਦਗਾਰ ਦੇ ਨਾਮ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਖਾਲਸਾ ਰਾਜ ਦੋਵਾਂ ਦਾ ਕੋਈ ਜ਼ਿਕਰ ਹੀ ਨਹੀਂ। ਇਥੇ ਤਿਆਰ ਕੀਤੇ ਜਾ ਰਹੇ ਟਾਵਰ ਨੂੰ ਮੀਨਾਰ ਕਹਿਣਾ ਵੀ ਯੋਗ ਨਹੀਂ ਕਿਉਂਕਿ ਮੀਨਾਰ ਤਾਂ ਇਸਲਾਮਿਕ ਸਮਾਜ ਨਾਲ ਸਬੰਧਿਤ ਉਸ ਉੱਚੀ ਇਮਾਰਤ ਲਈ ਵਰਤਿਆ ਜਾਂਦਾ ਹੈ, ਜਿਥੋਂ ਮਜ਼੍ਹਬੀ ਕ੍ਰਿਆ ਵਜੋਂ ਅਵਾਜ਼ ਦਿੱਤੀ ਜਾਂਦੀ ਹੈ। ਅਜਿਹੀਆਂ ਸਿੱਖ ਇਮਾਰਤਾਂ ਲਈ ਬੁਰਜ ਲਫਜ਼ ਵਰਤਿਆ ਜਾਂਦਾ ਹੈ। ਇਸ ਲਈ ਯਾਦਗਾਰ ਦਾ ਨਾਮ ‘‘ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ’’ ਤੇ ਟਾਵਰ ਦਾ ਨਾਮ ‘‘ਖਾਲਸਾ ਰਾਜ ਬੁਰਜ’’ ਰੱਖਿਆ ਜਾਣਾ ਚਾਹੀਦਾ ਹੈ। ਨਾਮ ਤੋਂ ਹੀ ਇਸ ਯਾਦਗਾਰ ਦੀ ਪਛਾਨ ਸਿੱਖ ਵਿਰਸੇ ਨਾਲ ਜੁੜੀ ਹੋਣੀ ਚਾਹੀਦੀ ਹੈ, ਨਹੀਂ ਤਾਂ ਸਮਾਂ ਪਾ ਕੇ ਸਿੱਖ ਸੱਭਿਆਚਾਰ ਦੀਆਂ ਅਨੇਕਾਂ ਨਿਸ਼ਾਨੀਆਂ ਵਾਂਗ ਇਸ ਵਿੱਚ ਵੀ ਰਲੇਵਾਂ ਪਾ ਦਿੱਤਾ ਜਾਵੇਗਾ।

ਉਸਾਰੇ ਜਾਣ ਵਾਲੀ ਯਾਦਗਾਰ ਦੀ ਤਜਵੀਜ਼ਸ਼ੁਦਾ ਇਮਾਰਤ ਦਾ ਮਾਡਲ

ਇਕ ਹਿੰਦੂ ਮੰਦਰ ਦਾ ਗੁੰਬਦ

ਦਰਬਾਰ ਸਾਹਿਬ ਕੰਪਲੈਕਸ ਦੇ ਰਾਮਗੜ੍ਹੀਆ ਬੁਰਜ

ਇਸ ਯਾਦਗਾਰ ਦੇ ਉਦਘਾਟਨ ਸਮੇਂ ਰਲੇਵੇਂ ਦੀ ਸ਼ੁਰੂਆਤ ਕਰ ਵੀ ਕਰ ਦਿੱਤੀ ਗਈ ਜਦੋਂ ਸਟੇਜ ਤੋਂ ਬੀਜੇਪੀ ਦੇ ਮੰਤਰੀ ਸ੍ਰੀ ਮਨੋਰੰਜਨ ਕਾਲੀਆ ਨੇ ਹਜ਼ਾਰਾਂ ਸਿੱਖਾਂ ਦੇ ਇੱਕਠ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਵੀਰ ਬੈਰਾਗੀ (ਹਿੰਦੂ) ਐਲਾਨ ਦਿੱਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੁਖੀ ਸਹਿਤ ਕਿਸੇ ਸਿੱਖ ਲੀਡਰ ਨੇ ਕਾਲੀਆ ਜੀ ਨੂੰ ਟੋਕਣ ਦੀ ਕੋਸ਼ਿਸ਼ ਨਹੀਂ ਕੀਤੀ, ਜੋ ਹਰ ਸਿੱਖ ਲਈ ਸ਼ਰਮਸਾਰ ਹੋਣ ਦਾ ਕਾਰਣ ਬਣੀ। ਬਾਬਾ ਬੰਦਾ ਸਿੰਘ ਬਹਾਦਰ ਖੰਡੇ ਬਾਟੇ ਦੀ ਪਾਹੁਲ ਦੇ ਧਾਰਨੀ ਹੋਕੇ ਗੁਰੂ ਕੇ ਸਿੰਘ ਸਜੇ ਸੀ। ਬੰਦਾ ਸ਼ਬਦ ਹੀ ਗੁਰੂ ਨੂੰ ਸਮਰਪਿਤ ਹੋਣ ਅਤੇ ਗੁਰੂ ਕਾ ਬੰਦਾ ਹੋ ਜਾਣ ਕਰਕੇ ਵਰਤਿਆ ਜਾਂਦਾ ਹੈ। ਗੁਰੂ ਜੀ ਨੂੰ ਮਿਲਣ ਤੋਂ ਪਹਿਲਾਂ ਵਾਲੇ ਯੋਗੀ ਮਾਧੋ ਦਾਸ ਦੀ ਇਤਿਹਾਸ ਵਿੱਚ ਕੋਈ ਸਾਰਥਕਤਾ ਨਹੀਂ ਹੈ। ਗੁਰੂ ਕੇ ਸਿੱਖ ਵੱਲੋਂ ਕੀਤੇ ਬਾਮਿਸਾਲ ਕਾਰਨਾਮਿਆਂ ਤੇ ਖਾਲਸਾ ਰਾਜ ਸਥਾਪਤ ਕਰਨ ਕਰਕੇ ਹੀ ਉਨ੍ਹਾਂ ਦਾ ਵਿਸ਼ੇਸ਼ ਸਥਾਨ ਇਤਿਹਾਸ ਵਿੱਚ ਦਰਜ ਹੈ। ਗੁਰੂ ਕੇ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੂੰ ‘ਬੈਰਾਗੀ’ ਕਹਿਣਾ ਕੇਵਲ ਸ਼ਰਾਰਤ ਹੈ।

ਯਾਦਗਾਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬੁੱਤ ਨੂੰ ਲੋਹਟੋਪ (ਹੈਲਮੇਟ) ਪਾਏ ਦਿਖਾਇਆ ਜਾ ਰਿਹਾ ਹੈ। ਇਹ ਵੀ ਇੱਕ ਗੰਭੀਰ ਇਤਰਾਜ ਹੈ ਕਿਉਂਕਿ ਸਿੱਖ ਪਹਿਰਾਵੇ ਵਿੱਚ ਅਸੀਂ ਕੇਵਲ ਦਸਤਾਰ (ਪਗੜੀ) ਨੂੰ ਹੀ ਸਿਰ ਉੱਪਰ ਪ੍ਰਵਾਨ ਕਰਦੇ ਹਾਂ। ਅੱਜ ਵੀ ਸਿੱਖ ਫੌਜੀ ਵੀਰ ਸਰਹੱਦਾਂ ਉੱਪਰ ਬਿਨਾਂ ਹੈਲਮੇਟ ਗੋਲੀਆਂ ਦਾ ਮੁਕਾਬਲਾ ਕਰਦੇ ਹਨ।

ਹੈਲਮੇਟ ਦੇ ਖਿਲਾਫ ਅਸੀਂ ਸਿੱਖਾਂ ਨੇ ਸੁਪਰੀਮ ਕੋਰਟ ਤੱਕ ਕੇਸ ਲੜੇ ਹਨ। ਫ੍ਰਾਂਸ ਤੇ ਯੂਰਪ ਦੇ ਕਈਂ ਦੇਸ਼ਾਂ ਵਿੱਚ ਸਿੱਖ ਦਸਤਾਰ ਦਾ ਕੇਸ ਲੜਦਿਆਂ ਪਗੜੀ ਤੋਂ ਬਿਨਾਂ ਕਿਸੇ ਹੋਰ ਹੈਡਗੇਅਰ ਨੂੰ ਪਰਵਾਨ ਨਹੀਂ ਕਰ ਰਹੇ। ਗੁਰੂ ਸਾਹਿਬਾਨ ਅਤੇ ਕਿਸੇ ਵੀ ਹੋਰ ਸਿੱਖ ਜੰਗੀ ਯੋਧੇ ਦੇ ਸਿਰ ਉੱਤੇ ਲੋਹ ਟੋਪ ਪਾਉਣ ਦੀ ਮਿਸਾਲ ਨਹੀਂ ਮਿਲਦੀ। ਯਾਦਗਾਰ ਵਿਚਲੇ ਬੁੱਤ ਅਤੇ ਇੱਥੇ ਸਥਾਪਤ ਹੋਣ ਵਾਲੀਆਂ ਪੇਟਿੰਗਾਂ ਵਿੱਚ ਜੇਕਰ ਸਿੱਖਾਂ ਦੇ ਸਿਰ ਤੇ ਲੋਹਟੋਪ ਦਿਖਾਇਆ ਗਿਆ ਤਾਂ ਇਹ ਸਿੱਖ ਸਿਧਾਂਤ ਦਾ ਨੁਕਸਾਨ ਕਰਨ ਲਈ ਸਥਾਈ ਸਾਧਨ ਬਣ ਜਾਵੇਗਾ। ਜੇਕਰ ਬਾਬਾ ਬੰਦਾ ਸਿੰਘ ਬਹਾਦਰ ਲਈ ਲੋਹਟੋਪ ਅਸੀਂ ਪ੍ਰਵਾਨ ਕਰ ਲਿਆ ਤਾਂ ਇਸ ਦਾ ਮਾੜਾ ਅਸਰ ਦਸਤਾਰ ਦੇ ਹੱਕ ਲਈ ਕੀਤੀ ਜਾ ਰਹੀ ਜੱਦੋ ਜਹਿਦ ਉੱਪਰ ਪਵੇਗਾ। ਅਜਿਹਾ ਕਰਕੇ ਕਿਤੇ ਅਸੀਂ ਯੁਰੋਪ ਦੇ ਸਿੱਖਾਂ ਨੂੰ ਇਹ ਸੁਨੇਹਾ ਤਾਂ ਨਹੀਂ ਦੇ ਰਹੇ ਕਿ ਤੁਸੀਂ ਦਸਤਾਰ ਦਾ ਮੁੱਦਾ ਛੱਡ ਦਿਉ ਤੇ ਟੋਪੀਆਂ ਪਾ ਲਵੋ। ਕਿਉਂਕਿ ਜੇਕਰ ਬਾਬਾ ਬੰਦਾ ਸਿੰਘ ਬਹਾਦਰ ਦੇ ਸਿਰ ਉੱਪਰ ਲੋਹ ਟੋਪ ਪਾਇਆ ਜਾ ਸਕਦਾ ਹੈ ਤਾਂ ਸਿੱਖਾਂ ਨੂੰ ਦਸਤਾਰ ਛੱਡ ਦੇਣ ਦੇ ਸਵਾਲ ਦਾ ਸਾਡੇ ਪਾਸ ਕੀ ਜਵਾਬ ਹੋਵੇਗਾ?

ਇਥੇ ਤਿਆਰ ਕੀਤੀ ਜਾ ਰਹੀ ਮੀਨਾਰ ਦੀ ਦਿੱਖ ਕਿਸੇ ਹਿੰਦੂ ਮੰਦਰ ਜਾਂ ਮੁਗਲ ਮੀਨਾਰ ਦੀ ਤਰ੍ਹਾਂ ਹੇਠਾ ਤੋਂ ਚੌੜੀ ਤੇ ਉੱਪਰੋਂ ਸੌੜੀ ਹੈ। ਸਾਰੇ ਹੀ ਹਿੰਦੂ ਮੰਦਰ ਨੀਚੋਂ ਚੌੜੇ ਤੇ ਉੱਪਰੋ ਛੋਟੇ ਹੁੰਦੇ ਹਨ। ਜਦਕਿ ਕਿ ਸਿੱਖ ਇਮਾਰਤ ਅਜਿਹੀ ਨਹੀਂ ਹੁੰਦੀ। ਸਿੱਖ ਇਮਾਰਤਾਂ ਦੀ ਦਿੱਖ ਬਿਲਕੁਲ ਵੱਖਰੀ ਹੁੰਦੀ ਹੈ। ਜਿਵੇਂ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚਲੇ ਬੁੰਗਿਆਂ ਦੇ ਨੇੜੇ ਬੁਰਜ 150 ਫੁੱਟ ਤੋਂ ਵੀ ਉੱਚੇ ਪਰ ਹੇਠਾਂ ਤੋਂ ਉੱਪਰ ਤੱਕ ਸਿਧੇ ਦਿਖਦੇ ਹਨ। ਜੇਕਰ ਯਾਦਗਾਰ ਦੀ ਦਿੱਖ ਨੂੰ ਸਿੱਖ ਇਮਾਰਤਸਾਜੀ ਅਨੁਸਾਰ ਨਾ ਬਣਾਇਆ ਗਿਆ ਤਾਂ ਇਹ ਯਾਦਗਾਰ ਇੱਕ ਦਿਨ ‘ਬੈਰਾਗੀ ਦੀ ਫਤਹਿ ਮੀਨਾਰ’ ਬਣਕੇ ਰਹਿ ਜਾਵੇਗੀ।

ਇਹ ਸਥਾਨ ਸਾਡੇ ਸ਼੍ਰੋਮਣੀ ਕਮੇਟੀ ਹਲਕੇ ਵਿੱਚ ਪੈਂਦਾ ਹੈ ਤੇ ਆਪਣੀ ਜੁੰਮੇਵਾਰੀ ਸਮਝਦਿਆਂ ਇਸ ਸਬੰਧੀ ਆਪਣੇ ਵਿਚਾਰ ਪਹਿਲਾਂ ਤੋਂ ਹੀ ਸਰਕਾਰ ਨੂੰ ਲਿਖ ਕੇ ਅਤੇ ਅਖ਼ਬਾਰਾਂ ਰਾਹੀਂ ਪੇਸ਼ ਕਰ ਦਿੱਤੇ ਸੀ। ਇਹ ਸੁਝਾਅ ਉਸਾਰੂ ਸੋਚ ਅਤੇ ਪੰਥਕ ਹਿਤਾਂ ਵਿੱਚ ਦਿੱਤੇ ਗਏ ਹਨ ਜਿਨ੍ਹਾਂ ਦਾ ਰਾਜਸੀ ਨੇਤਾਵਾਂ ਨੂੰ ਬੁਰਾ ਬਿਲਕੁਲ ਨਹੀਂ ਮਨਾਉਣਾ ਚਾਹੀਦਾ। ਚਾਪਲੂਸੀ ਨਾਲੋਂ ਸਿਧਾਂਤਕ ਸੁਝਾਅ ਭਾਵੇਂ ਕੋਰੇ ਹੀ ਹੋਣ, ਮੰਨ ਲੈਣ ਨਾਲ ਕੌਮ ਦਾ ਅਤੇ ਸਾਡੇ ਸਭ ਦਾ ਭਲਾ ਹੈ। ਸ਼੍ਰੋਮਣੀ ਕਮੇਟੀ ਦੇ ਮੁਖੀ ਜਿਨ੍ਹਾਂ ਨੂੰ ਸਿੱਖ ਇਤਿਹਾਸਕ, ਸਿਧਾਂਤਕ ਤੇ ਸਿੱਖ ਸੱਭਿਆਚਾਰ ਦੇ ਪੱਖ ਤੋਂ ਸੇਧ ਦੇਣ ਲਈ ਸਰਕਾਰ ਨੇ ਯਾਦਗਾਰ ਕਮੇਟੀ ਦਾ ਮੈਂਬਰ ਵੀ ਲਿਆ ਹੋਇਆ ਸੀ, ਨੂੰ ਚਾਹੀਦਾ ਸੀ ਕਿ ਉਹ ਸਿੱਖ ਸਿਧਾਂਤਾਂ ਦੀ ਅਣਦੇਖੀ ਨਾ ਹੋਣ ਦਿੰਦੇ ਪਰ ਉਨ੍ਹਾਂ ਅਜਿਹਾ ਕੁਝ ਨਹੀਂ ਕੀਤਾ ਸਗੋਂ ਹੁਣ ਸਿੱਖ ਸੰਗਤਾਂ ਵੱਲੋਂ ਸਿੱਖ ਵਿਚਾਰਧਾਰਾ ਅਨੁਸਾਰ ਪ੍ਰਗਟਾਏ ਜਾ ਰਹੇ ਵਾਜਬ ਵਿਚਾਰਾਂ ਦਾ ਵਿਰੋਧ ਕਰਕੇ ਇਸ ਯਾਦਗਾਰ ਨੂੰ ਹਿੰਦੂਤਵੀ ਬਨਾਉਣ ਵਿੱਚ ਯੋਗਦਾਨ ਪਾ ਰਹੇ ਹਨ।

ਕੁਝ ਵੀਰ ਇਹ ਕਹਿੰਦੇ ਹਨ ਕਿ ਆਖਿਰ ਬਹੁਤ ਸਾਰੇ ਵਿਦਵਾਨਾਂ ਦੀ ਕਮੇਟੀ ਨੇ ਰਾਏ ਕਰਕੇ ਇਸ ਯਾਦਗਾਰ ਦਾ ਪ੍ਰਾਜੈਕਟ ਤਿਆਰ ਕੀਤਾ ਹੈ। ਇਨ੍ਹਾਂ ਵਿਦਵਾਨਾਂ ਨੂੰ ਸਾਧਾਰਨ ਸਿੱਖਾਂ ਦੀ ਗੁਰਮਤਿ ਅਨੁਸਾਰੀ ਵਿਚਾਰ ਵੀ ਸੁਣ ਲੈਣ ਅਤੇ ਯੋਗ ਦੁਰੁਸਤਗੀ ਕਰਨ ਵਿੱਚ ਸੰਕੋਚ ਨਹੀਂ ਹੋਣਾ ਚਾਹੀਦਾ। ਨਾਲੇ ਸਵਾਲ ਇਹ ਹੈ ਕਿ ਕਿਹੜਾ ਸਿੱਖ ਵਿਦਵਾਨ ਕਹਿ ਸਕਦਾ ਹੈ ਕਿ ਇਸ ਯਾਦਗਾਰ ਦੇ ਨਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ ਖਾਲਸਾ ਰਾਜ ਦਾ ਜਿਕਰ ਨਾ ਆਵੇ? ਕਿਹੜਾ ਸਿੱਖ ਵਿਦਵਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਿਰ ਤੇ ਟੋਪੀ ਪਾਉਣ ਲਈ ਯੋਗ ਦਲੀਲ ਦੇ ਸਕਦਾ ਹੈ? ਅਜਿਹੇ ਕਿਹੜੇ ਸਿੱਖ ਵਿਦਵਾਨ ਦੀ ਰਾਏ ਲਿੱਤੀ ਗਈ ਜਿਸ ਨੂੰ ਸਿੱਖ ਇਮਾਰਤਸਾਜੀ ਅਤੇ ਹਿੰਦੂ ਮੰਦਿਰ ਦੀ ਦਿੱਖ ਵਿੱਚਲੇ ਫਰਕ ਦਾ ਵੀ ਗਿਆਨ ਨਹੀਂ?

ਕੀ ਸਾਡੀ ਕੌਮ ਕੋਲ ਅਜਿਹੇ ਵਿਦਵਾਨ ਹੀ ਰਹਿ ਗਏ ਹਨ ਜਿਨ੍ਹਾਂ ਨੂੰ ਸਿੱਖੀ ਅਸੂਲਾਂ ਦੀ ਸੋਝੀ ਨਹੀਂ? ਗੁਰਮਤਿ ਸਿਧਾਂਤਾਂ ਦੀ ਚਾਹੁੰਦਿਆਂ ਜਾ ਨਾ ਚਾਹੁੰਦਿਆਂ ਅਣਦੇਖੀ ਕਰਨ ਵਾਲੇ ਵਿਦਵਾਨਾਂ ਦੀ ਬਦੌਲਤ ਹੀ ਸਾਡੀ ਪ੍ਰਮੁੱਖ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵੀ ਆਪਣੀਆਂ ਕਿਤਾਬਾਂ ਰਾਹੀਂ ਸਿੱਖ ਗੁਰੂ ਸਾਹਿਬਾਨ ਵਿਰੁੱਧ ਅਪਸ਼ਬਦ, ਸਿੱਖ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ ਅਤੇ ਸਿੱਖੀ ਸਿਧਾਂਤਾਂ ਨੂੰ ਤਹਿਸ ਨਹਿਸ ਕਰਨ ਦੀ ਸੇਵਾ ਲਗਾਤਾਰ ਨਿਭਾ ਰਹੀ ਹੈ। ਸ਼੍ਰੋਮਣੀ ਕਮੇਟੀ ਦੀਆਂ ਕਿਤਾਬਾਂ ਵਿੱਚ ਗੁਰੂ ਸਾਹਿਬਾਨ ਬਾਰੇ ਕਿਹੋ ਜਿਹਾ ਕੁਫਰ ਲਿਖਿਆ ਗਿਆ ਹੈ ਇਸਦੀਆਂ ਚੰਦ ਕੁ ਮਿਸਾਲਾਂ ਤੁਹਾਡੇ ਧਿਆਨ ਗੋਚਰੇ ਕਰਦੇ ਹਾਂ :

• ਗੁਰੂ ਹਰਿਗੋਬਿੰਦ ਸਾਹਿਬ ਨੇ ਬਾਦਸ਼ਾਹ ਜਹਾਂਗੀਰ ਦੀ ਨੌਕਰੀ ਕੀਤੀ। ਗੁਰੂ ਹਰਿਗੋਬਿੰਦ ਜੀ ਨੇ ਲਾਹੌਰ ਦੇ ਕਾਜ਼ੀ ਦੀ ਧੀ ਨੂੰ ਅਗਵਾ ਕਰ ਲਿਆ ਤੇ ਇਸ ਕਾਰਨ ਮੁਗਲਾਂ ਨਾਲ ਯੁਧ ਹੋਇਆ। (ਸਿੱਖ ਇਤਿਹਾਸ ਹਿੰਦੀ - ਪੰਨਾ 103)
• ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀਤਾ ਜਾਂਦਾ ਚਵਰ ਸ਼ਬਦ ਗੁਰੂ ਜੀ ਦੀ ਪਾਤਸ਼ਾਹੀ ਦੀ ਨਿਸ਼ਾਨੀ ਹੈ ਪਰ ਸ਼੍ਰੋਮਣੀ ਕਮੇਟੀ ਦੇ ਵਿਦਵਾਨ ਇਸ ਨੁੰ ਮਿੱਟੀ ਘੱਟੇ ਤੋਂ ਬਚਾਅ ਦੀ ਵਸਤੂ ਦੱਸਦੇ ਹਨ। (ਡੋਜ਼ੀਅਰ ਪੰਨਾ 197)

ਅਜਿਹੀਆਂ ਤੱਥਹੀਨ ਤੇ ਮਾੜੀਆਂ ਟਿੱਪਣੀਆਂ ਬਿਲਕੁਲ ਬੇਬੁਨਿਆਦ ਹਨ, ਪਰ ਅਖੌਤੀ ਮਹਾਨ ਵਿਦਵਾਨਾਂ ਦੀਆਂ ਅਜਿਹੀਆਂ ਸੈਕੜੇ ਹੀ ਹੋਰ ਸ਼ਰਮਨਾਕ ਮਿਸਾਲਾਂ ਸ਼੍ਰੋਮਣੀ ਕਮੇਟੀ ਦੇ ਸਾਹਿਤ ਵਿੱਚੋਂ ਪ੍ਰਾਪਤ ਹੋ ਸਕਦੀਆਂ ਹਨ।

ਇਨ੍ਹਾਂ ਤਰੁਟੀਆਂ ਬਾਰੇ ਆਵਾਜ਼ ਚੁੱਕਣ ਦਾ ਸਾਡਾ ਮਕਸਦ ਕੇਵਲ ਕੌਮ ਦੇ ਚੌਂਕੀਦਾਰ ਵੱਜੋਂ-ਜਾਗਤੇ ਰਹੋ ਦਾ ਹੌਕਾ ਦੇਣਾ ਹੈ ਤਾਂ ਜੋ ਸਾਡੇ ਕੌਮੀ ਘਰ ਵਿੱਚ ਨਿੱਤ ਰੋਜ਼ ਪੈ ਰਹੇ ਡਾਕਿਆਂ ਤੋਂ ਬਚਾਅ ਹੋ ਸਕੇ। ਸਾਨੂੰ ਪੰਥਕ ਮੁੱਦਿਆਂ ਉੱਪਰ ਗੁਰਮਤਿ ਸਿਧਾਂਤਾਂ ਦੀ ਰੋਸ਼ਨੀ ਵਿੱਚ ਵਿਚਾਰ ਕਰਕੇ ਸਹੀ ਫੈਸਲੇ ਲੈਣੇ ਚਾਹੀਦੇ ਹਨ, ਤਾਂ ਜੋ ਇਸ ਤਰ੍ਹਾਂ ਦੀ ਗਲਤੀਆਂ ਰਾਹੀਂ ਕੌਮੀ ਇਤਿਹਾਸ ਅਤੇ ਕੌਮੀ ਸੱਭਿਆਚਾਰ ਨੂੰ ਵਿਗਾੜਨ ਤੋਂ ਬਚਾਇਆ ਜਾ ਸਕੇ।
ਚੱਪੜਚਿੜੀ ਯਾਦਗਾਰ ਨੂੰ ਬੈਰਾਗੀ ਕੀ ਫ਼ਤਹਿ ਮੀਨਾਰ ਵੱਜੋਂ ਪੇਸ਼ ਕਰਨ ਦੀ ਕੋਸ਼ਿਸ਼ ਸਿੱਖਾਂ ਨੂੰ ਪ੍ਰਵਾਨ ਨਹੀਂ ਹੋਵੇਗੀ। ਬਾਬਾ ਬੰਦਾ ਸਿੰਘ ਬਹਾਦਰ ਬੈਰਾਗੀ ਹਿੰਦੂ ਨਹੀਂ ਬਲਕਿ ਗੁਰੂ ਕੇ ਸਿੱਖ ਸੀ।
ਅਸੀਂ ਸਿੱਖ ਸੰਗਤਾਂ ਦੀ ਭਾਵਨਾ ਮੁਤਾਬਕ ਇਹ ਚਾਹੁੰਦੇ ਹਾਂ ਕਿ :

• ਇਸ ਯਾਦਗਾਰ ਦਾ ਨਾਮ ‘‘ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ’’ ਹੋਵੇ ।
• ਬੁਰਜ ਦਾ ਨਾਮ ਫਤਹਿ ਮੀਨਾਰ ਨਹੀਂ ਸਗੋਂ ‘‘ਖਾਲਸਾ ਰਾਜ ਬੁਰਜ’’ ਹੋਵੇ ।
• ਬਾਬਾ ਬੰਦਾ ਸਿੰਘ ਬਹਾਦਰ ਦੇ ਸਿਰ ਤੋਂ ਹੈਲਮੇਟ (ਲੋਹ ਟੋਪ) ਹਟਾਇਆ ਜਾਵੇ ।
• ਇਮਾਰਤ ਦੀ ਦਿੱਖ ਮੰਦਰ ਵਾਂਗ ਨਹੀਂ ਸਗੋਂ ਸਿੱਖ ਇਮਾਰਤਸਾਜੀ ਅਨੁਸਾਰ ਹੋਵੇ।